.

“ਤਿਨਾੑ ਸਵਾਰੇ ਨਾਨਕਾ

ਜਿਨੑ ਕਉ ਨਦਰਿ ਕਰੇ”

(ਭਾਗ 4)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਤੋਂ ਪਹਿਲੇ ਤਿੰਨ ਭਾਗ ਨੰਬਰਵਾਰ ਜ਼ਰੂਰ ਪੜੋ ਜੀ)

ਇਸ ਤਰ੍ਹਾਂ ਹੱਥਲੇ ਵਿਸ਼ੇ ਨਾਲ ਸਬੰਧਤ ਹੁਣ ਤੱਕ ਹੋ ਚੁੱਕੀ ਵਿਚਾਰ ਸਬੰਧੀ ਵਿਸ਼ੇਸ਼ ਧਿਆਨ ਦੇਣ ਯੋਗ ਕੁੱਝ ਖਾਸ ਨੁੱਕਤੇ ਇਸ ਪ੍ਰਕਾਰ ਹਨ:-

1. ਪ੍ਰਭੂ ਵੱਲੋਂ ਅਰਬਾਂ-ਖਰਬਾਂ ਜੂਨਾਂ `ਚੋਂ ਹੀ ਮਨੁੱਖਾ ਜੂਨ ਵੀ, ਜੀਵ ਲਈ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਅਨੁਸਾਰ ਇੱਕ ਵਿਸ਼ੇਸ਼ ਵਾਰੀ, ਅਵਸਰ ਤੇ ਮੌਕਾ ਹੁੰਦਾ ਹੈ।

2. ਉਨ੍ਹਾਂ ਅਰਬਾਂ-ਖਰਬਾਂ ਜੂਨਾਂ ਚੋਂ ਮਨੁੱਖ ਜੂਨ ਹੀ ਇਕੋ ਇੱਕ ਜੂਨ ਹੈ ਜਦੋਂ ਸਾਧ ਸੰਗਤ `ਚ ਆ ਕੇ ਤੇ ਹਉਮੈ ਰਹਿਤ ਹੋ ਕੇ, ਜੀਵ ਆਪਣੇ ਜੀਵਨ ਨੂੰ ਸਫ਼ਲ ਕਰ ਸਕਦਾ ਹੈ ਤੇ ਵਾਪਿਸ ਪ੍ਰਭੂ `ਚ ਅਭੇਦ ਹੋ ਸਕਦਾ ਹੈ। ਦੂਜੇ ਪਾਸੇ ਮਨਮੁਖ ਵੀ ਮਨੁੱਖ ਹੀ ਹੁੰਦਾ ਹੈ ਜੋ ਇਸ ਦੁਰਲਭ ਮਨੁੱਖਾ ਜਨਮ ਨੂੰ ਵੀ ਫ਼ਿਰ ਤੋਂ ਬਿਰਥਾ ਕਰਕੇ ਜਾਂਦਾ ਤੇ ਭਿੰਨ ਭਿੰਨ ਜੂਨਾਂ ਭੋਗਦਾ ਹੈ।

3. ਮਨੁਖਾ ਜਨਮ ਸਫ਼ਲ ਹੋਵੇ ਜਾਂ ਅਸਫ਼ਲ ਪਰ ਇਸ ਸਾਰੇ ਲਈ ਇਸ ਨੂੰ ਪ੍ਰਭੂ ਵੱਲੋਂ ਮਨ ਵਾਲੀ ਦਾਤ ਪ੍ਰਾਪਤ ਹੁੰਦੀ ਹੈ ਜੋ ਮਨੁੱਖ ਤੋਂ ਇਲਾਵਾ ਦੂਜੀਆਂ ਅਨੰਤ ਜੂਨੀਆਂ ਸਮੇਂ ਇਸ ਕੋਲ ਨਹੀਂ ਹੁੰਦੀ।

4. ਮਨੁੱਖ ਦੇ ਇਸੇ ਦੋ ਰੁਖੀ ਜੀਵਨ ਲਈ ਕੇਵਲ ਮਨੁੱਖ ਨੂੰ ਹੀ ਅਨੇਕਾਂ ਢੰਗਾਂ ਨਾਲ ਵਰਤਣ ਲਈ ਦੋਵੇਂ ਸਰੀਰ ਤੇ ਦਿਮਾਗ਼ ਵੀ (both Multy purpose mind & body) ਵਿਸ਼ੇਸ਼ ਕਿਸਮ ਦੇ ਮਿਲਦੇ ਹਨ, ਜੋ ਬਾਕੀ ਅਨੰਤ ਜੂਨਾਂ ਸਮੇਂ ਇਸ ਕੋਲ ਅਜਿਹੇ ਦਿਮਾਗ਼ ਤੇ ਸਰੀਰ ਵੀ ਨਹੀਂ ਹੁੰਦੇ।

5. ਇਹੀ ਕਾਰਨ ਹਨ ਕਿ ਸੁਆਸਾਂ ਵਾਲੀ ਪੂੰਜੀ ਭਾਵੇਂ ਹਰੇਕ ਜੂਨ ਸਮੇਂ ਮਿਲਦੀ ਹੈ ਪਰ ਮਨੁੱਖ ਤੋਂ ਇਲਾਵਾ ਬਾਕੀ ਸਾਰੀਆਂ ਜੂਨਾਂ `ਚ ਇਹ ਕੇਵਲ ਸਰੀਰ ਨੂੰ ਚਲਾਉਣ ਤੇ ਜੂਨ ਨੂੰ ਭੋਗਣ ਲਈ ਹੀ ਹੁੰਦੀ ਹੈ ਜਦਕਿ ਮਨੁੱਖਾ ਜੂਨ ਸਮੇਂ ਇਸ ਕੋਲ ਸੁਆਸਾਂ ਦੀ ਪੂੰਜੀ, ਸਾਧਸੰਗਤ `ਚ ਆ ਕੇ ਗੁਰੂ ਆਦੇਸ਼ਾਂ ਰਾਹੀਂ ਹਉਮੈ ਰਹਿਤ ਹੋ ਕੇ ਮਨ ਦੀ ਵਰਤੋਂ ਰਾਹੀਂ ਪ੍ਰਭੂ ਮਿਲਾਪ ਦਾ ਸਾਧਨ ਹੁੰਦੀ ਹੈ। ਇਸੇ ਤੋਂ ਇਸ ਦੇ ਕਰਮਾਂ ਦਾ ਪਲ ਪਲ ਦਾ ਲੇਖਾ ਅਤੇ ਇਸਦੇ ਨਾਲ ਹੀ ਇਸਦੇ ਮਨਮਤੀਆ ਜਾਂ ਗੁਰਮਤੀਆ ਦੋ ਤਰ੍ਹਾਂ ਦੇ ਜੀਵਨ ਤਿਆਰ ਹੁੰਦੇ ਹਨ। ਇਸੇ ਤੋਂ ਮਨੁੱਖ ਨੂੰ ਮਨਮੁਖ ਅਥਵਾ ਗੁਰਮੁਖ, ਸਚਿਆਰਾ ਜਾਂ ਕੂੜਿਆਰ ਆਦਿ ਵੀ ਕਿਹਾ ਹੈ।

6. ਮਨੁੱਖਾ ਜੂਨ ਹੀ ਇਕੋ ਇੱਕ ਜੂਨ ਹੈ ਜਦੋਂ ਮਨੁੱਖ ਆਪਣੇ ਸੁਆਸ ਸੁਆਸ ਨੂੰ ਕਰਤੇ ਨਾਲ ਜੋੜ ਕੇ ਜੀਵਨਮੁਕਤ ਅਵਸਥਾ ਨੂੰ ਪ੍ਰਾਪਤ ਹੋ ਸਕਦਾ ਹੈ। ਇਸੇ ਤੋਂ ਇਹੀ ਇੱਕ ਜੂਨ ਤੇ ਜਨਮ ਹੈ ਜਦੋਂ ਇਸ ਰਾਹੀਂ ਕੀਤੇ ਜਾ ਰਹੇ ਕਰਮਾਂ ਅਨੁਸਾਰ ਇਸ ਦੇ ਸੁਆਸ ਸੁਆਸ, ਘੜੀ ਘੜੀ ਤੇ ਪਲ ਪਲ ਦਾ ਲੇਖਾ ਹੁੰਦਾ ਹੈ ਤੇ ਇਸੇ ਤੋਂ ਇਹ ਮਨਮੁਖ ਤੋਂ ਬਦਲ ਕੇ ਗੁਰਮੁਖ ਜੀਵਨ ਨੂੰ ਵੀ ਪ੍ਰਾਪਤ ਕਰ ਸਕਦਾ ਹੈ।

7. ਸੰਪੂਰਣ ਗੁਰਬਾਣੀ `ਚ ਹੀ ਮਨੁੱਖ ਨੂੰ ਮਨਮਤੀਆ ਜੀਵਨ ਤਿਆਗ ਕੇ ਗੁਰਮੁਖ ਜੀਵਨ ਨੂੰ ਪ੍ਰਾਪਤ ਕਰਣ ਵਾਲਾ ਰਾਹ ਦਿਖਾਇਆ ਗਿਆ ਹੈ ਤੇ ਨਾਲ ਨਾਲ ਸੰਪੂਰਣ ਗੁਰਬਾਣੀ `ਚ ਅਸਫ਼ਲ ਤੇ ਬਿਰਥਾ ਜਨਮ ਹੋਣ ਦੀ ਸੂਰਤ `ਚ ਉਸ ਦੇ ਨਤੀਜਿਆਂ ਦਾ ਵੀ ਖੁੱਲ ਕੇ ਵਰਨਣ ਕੀਤਾ ਗਿਆ ਹੈ।

8. ਸਪਸ਼ਟ ਹੈ ਗੁਰਬਾਣੀ ਕਿਸੇ ਬ੍ਰਾਹਮਣੀ ਸੁਰਗ-ਨਰਕ ਤੇ ਜੀਵ ਦੇ ਅਨਾਦੀ ਹੋਣ ਵਾਲੀ ਅਥਵਾ ਇਸ ਵਿਸ਼ੇ ਨਾਲ ਸਬੰਧਤ ਗਰੁੜ ਪੁਰਾਣ ਆਦਿ ਕਿਸੇ ਵੀ ਬ੍ਰਾਹਮਣੀ ਵਿਚਾਰਧਾਰਾ ਨੂੰ ਪ੍ਰਵਾਣ ਨਹੀਂ ਕਰਦੀ। ਗੁਰਮੱਤ ਅਨੁਸਾਰ ਅਸਲ `ਚ ਇਹੀ ਨਰਕ ਹੈ ਜੋ ਅਸੀਂ ਜਨਮ ਮਰਣ ਦੇ ਗੇੜ੍ਹ `ਚ ਪਏ ਹਾਂ।

9. ਗੁਰਮੱਤ ਅਨੁਸਾਰ ਵਿਰਲੀਆਂ ਰੂਹਾਂ ਤੇ ਹਸਤੀਆਂ ਨੂੰ ਛਡ ਕੇ ਸਾਡਾ ਅਜੋਕਾ ਮਨੁੱਖਾ ਜਨਮ ਹੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਜਨਮ ਮਰਣ ਤੇ ਜੂਨਾਂ ਵਾਲੇ ਨਰਕ `ਚ ਹੀ ਵਿਚਰ ਰਹੇ ਹਾਂ। ਉਹ ਵੀ ਇਸ ਲਈ ਕਿ ਅਸਾਂ ਆਪਣਾ ਪਿਛਲਾ ਮਨੁੱਖਾ ਜਨਮ ਬਿਰਥਾ ਕੀਤਾ ਸੀ। ਉਸ ਜਨਮ ਦੀ ਸੰਭਾਲ ਨਹੀਂ ਸੀ ਕੀਤੀ ਅਤੇ ਪ੍ਰਭੂ `ਚ ਅਭੇਦ ਨਹੀਂ ਸਾਂ ਹੋ ਸਕੇ।

10. ਸਾਨੂੰ ਇਹ ਮਨੁੱਖਾ ਜਨਮ ਇਸ ਲਈ ਪ੍ਰਾਪਤ ਹੋਇਆ ਕਿ ਪ੍ਰਭੂ ਨੇ ਆਪ ਬਖ਼ਸ਼ਿਸ਼ ਕਰਕੇ ਸਾਨੂੰ ਬੇਅੰਤ ਜੂਨਾਂ `ਚੋਂ ਕਢ ਕੇ ਫ਼ਿਰ ਤੋਂ ਮਨੁੱਖਾ ਜਨਮ ਵਾਲਾ ਅਵਸਰ ਤੇ ਵਾਰੀ ਬਖ਼ਸ਼ੀ ਹੈ। ਜਦਕਿ ਗੁਰਬਾਣੀ ਅਨੁਸਾਰ ਹੀ ਸਾਡਾ ਇਹ ਜਨਮ ਵੀ ਤਾਂ ਸਫ਼ਲ ਹੋਵੇਗਾ ਜੇਕਰ ਗੁਰੂ-ਗੁਰਬਾਣੀ ਦੀ ਕਮਾਈ ਨਾਲ ਇਸ ਦੀ ਸੰਭਾਲ ਕੀਤੀ ਜਾਵੇਗੀ ਨਹੀਂ ਤਾਂ ਇਹ ਜਨਮ ਵੀ ਬਿਰਥਾ ਜਾ ਸਕਦਾ ਹੈ।

11. ਉਪ੍ਰੰਤ ਸਾਡੇ ਪਿਛਲੇ ਹੀ ਨਹੀਂ ਬਲਕਿ ਹੁਣ ਤੱਕ ਕੀਤੇ ਕਰਮਾਂ ਅਨੁਸਾਰ ਸਾਡੇ ਬਿਤਾਏ ਜਾ ਰਹੇ ਔਖੇ ਜਾਂ ਸੌਖੇ ਜੀਵਨ, ਅਰੋਗ ਜਾਂ ਰੋਗੀ ਸਰੀਰ ਵੀ ਅਸਲ `ਚ ਸਾਡੇ ਇਸ ਜਨਮ-ਮਰਣ ਰੂਪੀ ਨਰਕ ਦੇ ਹੀ ਹਉ ਵਿਚਿ ਨਰਕਿ ਸੁਰਗਿ ਅਵਤਾਰੁ (ਪੰ: ੪੬੬) ਅਨੁਸਾਰ ਇਸੇ ਜਨਮ `ਚ ਨਰਕ ਤੇ ਸੁਰਗ ਦੇ ਹੀ ਵੱਖ ਵੱਖ ਪ੍ਰਗਟਾਵੇ ਹਨ। ਇਹ ਬ੍ਰਾਹਮਣੀ ਨਰਕ ਸੁਰਗ ਕਦਾਚਿਤ ਨਹੀਂ ਹਨ।

12. ਜੀਵ ਨੂੰ ਪ੍ਰਭੂ ਵੱਲੋਂ ਮਨੁੱਖਾ ਜਨਮ ਵਾਲਾ ਇਹ ਦੁਰਲਭ ਮੌਕਾ ਮਿਲਦਾ ਹੀ ਇਸ ਲਈ ਹੈ ਤਾ ਕਿ ਜੀਵ ਆਪਣੇ ਜੀਵਨ ਨੂੰ ਹਉਮੈ ਰਹਿਤ ਕਰ ਕੇ ਪ੍ਰਭੂ ਗੁਣਾਂ ਨਾਲ ਸ਼ਿੰਗਾਰੇ ਤੇ ਸੁਆਰੇ। ਜੀਊਂਦੇ ਜੀਅ, ਅਸਲੇ ਪ੍ਰਭੂ `ਚ ਅਭੇਦ ਹੋ ਜਾਵੇ। ਉਸੇ ਦਾ ਨਤੀਜਾ, ਇਸ ਦੇ ਲਈ ਇਹ ਲੋਕ ਤੇ ਫ਼ਿਰ ਪ੍ਰਲੋਕ ਵੀ ਸੁਹੇਲਾ ਹੋ ਜਾਵੇਗਾ। ਇਸ ਨੂੰ ਮੁੜ ਜੂਨਾਂ, ਜਨਮਾਂ ਤੇ ਗਰਭਾਂ ਦੀ ਮਾਰ ਨਹੀਂ ਸਹਿਣੀ ਪਵੇਗੀ। ਇਸ ਤਰ੍ਹਾਂ, ਇਸ ਦੇ ਮਨ `ਤੇ ਚੜ੍ਹੀ ਹੋਈ ਜਨਮਾਂ ਜਨਮਾਂਤ੍ਰਾਂ ਦੀ ਵਿਕਾਰਾਂ ਤੇ ਕਰਮਾਂ ਵਾਲੀ ਮੈਲ ਞੀ ਧੁਲ ਜਾਵੇਗੀ।

13. ਮਨੁੱਖਾ ਜਨਮ ਸਮੇਂ ਜੀਵ ਰਾਹੀਂ ਪ੍ਰਾਪਤ ਇਸੇ ਅਵਸਥਾ ਨੂੰ ਗੁਰਬਾਣੀ `ਚ ਜੀਵਨਮੁਕਤ, ਸਚਿਆਰ, ਵਡਭਾਗੀ, ਗੁਰਮੁਖ ਤੇ ਸਫ਼ਲ ਅਵਸਥਾ ਆਦਿ ਵਾਲੀ ਸ਼ਬਦਾਵਲੀ ਨਾਲ ਵੀ ਸਪਸ਼ਟ ਕੀਤਾ ਗਿਆ ਹੈ।

14. ਇਸ ਦੇ ਉਲਟ ਜੋ ਜੀਵ, ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਇਸ ਅਮੁਲੇ ਤੇ ਦੁਰਲਭ ਜਨਮ ਦੀ ਸੰਭਾਲ ਨਹੀਂ ਕਰਦੇ। ਹਊਮੇ ਅਧੀਨ, ਪ੍ਰਭੂ ਦਾ ਅੰਸ਼ ਹੁੰਦੇ ਹੋਏ ਵੀ ਪ੍ਰਭੂ ਤੋਂ ਆਪਣੀ ਅੱਡਰੀ ਹਸਤੀ ਕਾਇਮ ਕਰ ਲੈਂਦੇ ਹਨ। ਆਪਣੇ ਮਨ ਪਿਛੇ ਚਲਦੇ ਹਨ, ਉਨ੍ਹਾਂ ਦਾ ਇਹ ਮਨੁੱਖਾ ਜਨਮ ਵੀ ਬਿਰਥਾ ਹੋ ਜਾਂਦਾ ਹੈ। ਅਜਿਹੇ ਮਨੁੱਖ ਜਿਊਂਦੇ ਜੀਅ ਵੀ ਵਿਕਾਰਾਂ ਦੇ ਦਬਾਅ `ਚ ਰਹਿੰਦੇ ਹੋਏ ਭਟਕਣਾ, ਚਿੰਤਾਂਵਾਂ, ਮਾਨਸਿਕ ਉਖਾੜ ਆਦਿ ਦਾ ਸ਼ਿਕਾਰ ਰਹਿੰਦੇ ਹਨ। ਉਪ੍ਰੰਤ ਸਰੀਰ ਬਿਨਸਨ ਬਾਅਦ ਵੀ ਫ਼ਿਰ ਤੋਂ ਭਿੰਨ ਭਿੰਨ ਜੂਨਾਂ ਜਨਮਾਂ ਦੇ ਗੇੜ੍ਹ `ਚ ਹੀ ਪਾ ਦਿੱਤੇ ਜਾਂਦੇ ਹਨ।

15. ਇਕੱਲੇ ਹਉਮੈ ਰੋਗ ਕਾਰਨ ਹੀ ਅਜਿਹੇ ਲੋਕ, ਮਨਮਤੀ ਜੀਵਨ ਦਾ ਸ਼ਿਕਾਰ ਹੋਏ ਹੁੰਦੇ ਹਨ। ਅਜਿਹੇ ਕੁਰਾਹੇ ਪਏ, ਜੀਊਂਦੇ ਜੀਅ ਵੀ ਵਿਕਾਰਾਂ ਦੀ ਜਕੜ `ਚ ਜੀਵਨ ਬਤੀਤ ਕਰਦੇ ਹਨ। ਇਸ ਤਰ੍ਹਾਂ ਅਜਿਹੇ ਲੋਕ ਜੇਕਰ ਜ਼ਾਹਿਰਾ ਤੌਰ `ਤੇ ਜੀਵਨ ਭਰ ਚੰਗੇ ਤੇ ਧਾਰਮਿਕ ਕਰਮ ਵੀ ਕਰਣ ਤਾਂ ਵੀ ਹਉਮੈ ਕਾਰਨ, ਆਪਣੇ ਲਈ ਕਰਮ ਜਾਲ ਹੀ ਸਹੇੜਦੇ ਹਨ। ਇਨ੍ਹਾਂ ਮਨਮਤੀਆਂ `ਚੋਂ ਬਹੁਤੇ ਤਾਂ ਗੁਣਾਹਾਂ ਤੇ ਜੁਰਮਾਂ ਵਾਲੇ ਜੀਵਨ ਵੀ ਬਤੀਤ ਕਰਦੇ ਹਨ। ਜਿਸ ਤੋਂ ਅਜਿਹੇ ਸਾਰੇ ਲੋਕ ਜਨਮ ਨੂੰ ਬਿਰਥਾ ਕਰਕੇ ਹੀ ਜਾਂਦੇ ਹਨ।

16. ਉਪ੍ਰੰਤ ਗੁਰਬਾਣੀ ਅਨੁਸਾਰ ਮਨਮਤੀਆਂ ਲਈ ਭਿੰਨ ਭਿੰਨ ਜੂਨਾਂ-ਜਨਮਾਂ ਵਾਲਾ ਇਹ ਸਿਲਸਿਲਾ ਉਦੋਂ ਤੱਕ ਕਾਇਮ ਰਹਿੰਦਾ ਹੈ, ਜਦੋਂ ਤੱਕ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਸਾਧਸੰਗਤ ਆ ਕੇ ਸਤਿਗੁਰੂ ਦੀ ਸਿਖਿਆਵਾਂ ਵਾਲੀ ਕਮਾਈ ਕਰਕੇ ਜੀਵਨ ਨੂੰ ਸਫ਼ਲ ਨਹੀਂ ਕਰ ਲੈਂਦੇ। ਜਦਕਿ ਅਜਿਹੀ ਸਫ਼ਲਤਾ ਲਈ ਇਕੋ ਇੱਕ ਮਨੁੱਖਾ ਜੂਨ ਹੀ ਹੁੰਦੀ ਹੈ ਅਤੇ ਹੋਰ ਕਿਸੇ ਵੀ ਜੂਨ ਸਮੇਂ ਅਜਿਹਾ ਸੰਭਵ ਨਹੀਂ ਹੁੰਦਾ।

17. ਗੁਰਬਾਣੀ ਅਨੁਸਾਰ, ਮਨੁੱਖਾ ਜੂਨ ਤੋਂ ਇਲਾਵਾ ਬਾਕੀ ਅਰਬਾਂ-ਖਰਬਾਂ ਜੂਨਾਂ, ਪਿਛਲੇ ਬਿਰਥਾ ਕੀਤੇ ਮਨੁੱਖਾ ਜਨਮ ਸਮੇਂ ਦੇ ਕਰਮਾਂ ਦਾ ਲੇਖਾ ਜੌਖਾ ਹੀ ਹੁੰਦੀਆਂ ਹਨ। ਇਸ ਤਰ੍ਹਾਂ ਉਨ੍ਹਾਂ ਜੂਨਾਂ ਸਮੇਂ, ਜੀਵ ਨੂੰ ਸਜ਼ਾਵਾਂ ਦੇ ਤੌਰ `ਤੇ ਜਿਸ-ਜਿਸ ਤਰ੍ਹਾਂ ਦਾ ਤੇ ਜਦੋਂ ਜਦੋਂ ਜਿਹੜਾ ਜੀਵਨ ਮਿਲਿਆ ਹੁੰਦਾ ਹੈ, ਜੀਵ ਨੂੰ ਉਹ ਜੂਨ ਉਸੇ ਤਰ੍ਹਾਂ ਹੀ ਭੁਗਤਾਉਣੀ ਪੈਂਦੀ ਹੈ। ਫ਼ਿਰ ਉਸਨੂੰ ਭਾਵੇਂ ਉਸਦੇ ਕੀਤੇ ਕਰਮਾ ਅਨੁਸਾਰ ਔਖੇ ਜਾਂ ਸੌਖੇ, ਚੰਗੇ ਜਾਂ ਮਾੜੇ, ਰੋਗੀ ਜਾਂ ਅਰੋਗ ਸਰੀਰ ਕਿਉਂ ਨਾ ਮਿਲਨ, ਪਰ ਆਪਣੀ ਮਰਜ਼ੀ ਨਾਲ ਜੀਵ ਉਨ੍ਹਾਂ `ਚ ਰਤਾ ਤਬਦੀਲੀ ਨਹੀਂ ਕਰ ਸਕਦਾ। ਜਦਕਿ ਗੁਰਬਾਣੀ ਅਨੁਸਾਰ ਹੀ, ਕਈ ਵਾਰ ਮਨੁੱਖਾ ਜੂਨ ਵੀ ਕਰਤੇ ਦੇ ਨਿਆਂ `ਚ ਕੀਤੇ ਕਰਮਾਂ ਦੀਆਂ ਸਜ਼ਾਵਾਂ ਭੋਗਣ ਲਈ ਹੀ ਮਿਲੀ ਹੁੰਦੀ ਹੈ।

18. ਮਨੁੱਖਾ ਜੂਨ ਤੋਂ ਇਲਾਵਾ ਸਾਰੀਆਂ ਜੂਨਾਂ, ਜੀਵ ਲਈ ਭਿੰਨ ਭਿੰਨ ਸਜ਼ਾਵਾਂ ਲਈ ਕੋਠਰੀਆਂ (Cells) ਹੀ ਹੁੰਦੀਆਂ ਹਨ। ਉਸ ਸਮੇਂ ਉਸ ਕੋਲ ਸਿਵਾਏ ਅਜ਼ਾਈਂ ਤੇ ਬਿਰਥਾ ਕੀਤੇ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ ਵੱਜੋਂ ਭੁਗਤ ਰਹੀਆਂ ਸਜ਼ਾਵਾਂ ਲਈ ਪਛਤਾਉਣ, ਇਕਲਿਆਂ ਤੜਫ਼ਣ, ਉਨ੍ਹਾਂ ਨੂੰ ਸਹਿਣ ਕਰਣ ਤੇ ਭੋਗਣ ਦੇ ਸਿਵਾ ਉੇਸ ਕੋਲ ਕੋਈ ਚਾਰਾ ਨਹੀਂ ਹੁੰਦਾ। ਉਨ੍ਹਾਂ ਜੂਨਾਂ `ਚ ਚੂੰਕਿ ਉਸ ਨੂੰ ਜ਼ਬਾਨ ਵੀ ਗੂੰਗੀ ਮਿਲਦੀ ਹੈ, ਇਸ ਲਈ ਉਦੋਂ ਉਹ ਕਿਸੇ ਦੀ ਹਮਦਰਦੀ ਤੇ ਮਦਦ ਲੈਣ ਜੋਗਾ ਵੀ ਨਹੀਂ ਹੁੰਦਾ।

ਅਗੈ ਜਾਤਿ ਜੋਰੁ ਹੈ ਅਗੈ ਜੀਉ ਨਵੇ” - ਇਸ ਤਰ੍ਹਾਂ ਬਾਣੀ ‘ਆਸਾ ਕੀ ਵਾਰ’ `ਚੋਂ ਹੀ ਪ੍ਰਕਰਣ ਅਨੁਸਾਰ ਵਿਸ਼ੇ ਨਾਲ ਸਬੰਧਤ ਅਸੀਂ ਇੱਕ ਹੋਰ ਸਲੋਕ ਲੈਂਦੇ ਹਾਂ। ਇਹ ਸਲੋਕ ਹੈ “ਮਃ ੧॥ ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ॥ ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥ ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ” (ਪੰ: ੪੬੯) ਮੂਲ ਰੂਪ `ਚ ਇਸ ਸਲੋਕ ਵਿਚਲੇ ਮੁੱਖ ਪੱਖ ਤਿੰਨ ਹਨ ਜੋ ਇਸ ਤਰ੍ਹਾਂ ਹਨ ੧.”ਕਰਤਾ ਕਰੇ ਸੁ ਹੋਇ”, ੨.”ਵਦੀ ਸੁ ਵਜਗਿ ਨਾਨਕਾ” ਤੇ ਤੀਜਾ “ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ’। ਫ਼ਿਰ ਵੀ ਹੱਥਲੇ ਵਿਸ਼ੇ ਨਾਲ ਖਾਸ ਤੌਰ `ਤੇ ਸਬੰਧਤ ਹੈ “ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ’। ਤਾਂ ਤੇ “ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ’ `ਚ ਦੇਖਣਾ ਹੈ ਕਿ ਇਥੇ ਗੁਰੂ ਪਾਤਸ਼ਾਹ, ਮਨੁੱਖ ਨੂੰ ਜੀਵਨ ਦੀ ਸੰਭਾਲ ਪੱਖੌ ਕੀ ਚੇਤਾਵਨੀ ਦੇ ਰਹੇ ਹਨ?

ਹੁੰਦਾ ਇਹ ਹੈ ਕਿ ਆਮ ਤੌਰ `ਤੇ ਜਦੋਂ ਮਨੁੱਖ ਨੂੰ ਤਾਕਤ, ਧਨ, ਸਿਕਦਾਰੀ, ਵਾਹ! ਵਾਹ! ਆਦਿ ਪ੍ਰਾਪਤ ਹੋ ਜਾਂਦੀ ਹੈ ਜਾਂ ਮਨੁੱਖ ਕੋਲ ਜਾਤ-ਬਰਾਦਰੀ ਵਾਲੀ ਉੱਚਤਾ ਹੋਵੇ। ਬਹੁਤ ਵਾਰੀ ਇਹ ਪ੍ਰਾਪਤੀਆਂ ਹੀ ਮਨੁੱਖ ਦੇ ਹੰਕਾਰ ਤੇ ਉਸ ਦੇ ਜੀਵਨ ਦੀ ਤੱਬਾਹੀ ਦਾ ਕਾਰਨ ਬਣ ਜਾਂਦੀਆਂ ਹਨ। ਅਜਿਹੀ ਅਵਸਥਾ `ਚ ਮਨੁੱਖ, ਮਨੁੱਖਤਾ ਦੇ ਭਲੇ ਦੀ ਬਜਾਇ, ਦੂਜਿਆਂ ਨੂੰ ਆਪਣੇ ਤੋਂ ਨੀਵਾਂ ਤੇ ਘਟੀਆ ਮੰਨ ਕੇ ਉਨ੍ਹਾਂ ਨਾਲ ਨਫਰਤ, ਵਿਤਕਰਾ, ਧੱਕਾ, ਜੁਲਮ ਆਦਿ ਵੀ ਕਰਣਾ ਸ਼ੁਰੂ ਕਰ ਦਿੰਦਾ ਹੈ।

ਖਾਸ ਕਰ ਭਾਰਤ `ਚ ਪੁਰਖ ਵਰਗ ਵੱਲੌਂ ਇਸਤ੍ਰੀ ਵਰਗ ਨਾਲ ਧੱਕਾ, ਬੱਚੀਆਂ ਦੀ ਜਨਮ ਤੋਂ ਪਹਿਲਾਂ ਭਰੂਣ ਹਤਿਆ, ਚਾਰ ਵਰਣਾਂ ਵਾਲੀ ਕਾਣੀ-ਵੰਡ, ਉੱਚ ਵਰਗਾਂ ਵੱਲੋਂ ਅਖੌਤੀ ਸ਼ੂਦਰਾਂ ਨਾਲ ਧੱਕਾ, ਖੁਦ ਸਿੱਖ ਅਖਵਾਉਣ ਵਾਲਿਆਂ `ਚ ਮਜ਼ਹਬੀ, ਜੱਟ, ਭਾਪੇ ਦੇ ਨਾਂ `ਤੇ ਵਿਤਕਰੇ-ਲਿੰਗ ਤੇ ਜਾਤ ਅਭਿਮਾਨ ਦੇ ਵਿਕਰਾਲ ਰੂਪ। ਵਿਦੇਸ਼ਾਂ `ਚ ਕਾਲੇ-ਚਿੱਟੇ ਵਾਲਾ ਭੇਦ, ਉਪ੍ਰੰਤ ਇੱਕ ਦੇਸ਼ ਜਦੋਂ ਦੂਜੇ ਦੇਸ਼ ਨੂੰ ਆਪਣੇ ਅਧੀਨ ਕਰਣ ਲਈ ਲਖਾਂ ਦੇ ਖੂਨ `ਚ ਹੱਥ ਰੰਗਦਾ ਹੈ ਤਾਂ ਬਹੁਤਾ ਕਰਕੇ ਉਸ ਦਾ ਕਾਰਨ ਵੀ ਇਹੀ ਹੁੰਦਾ ਹੈ।

ਸਲੋਕ ਵਿਚਲੀ ਇਸ ਪੰਕਤੀਂ ਰਾਹੀਂ ਗੁਰਦੇਵ ਚੇਤਾ ਕਰਵਾਉਂਦੇ ਹਨ ਕਿ ਐ ਮਨੁੱਖ! ਹਉਮੈ ਅਧੀਨ ਕੀਤੇ ਸਾਰੇ ਕੰਮਾਂ ਦਾ ਨਤੀਜਾ ਕੇਵਲ ਤੂੰ ਆਪ ਭੋਗਣਾ ਹੈ। ਫਿਰ ਜਿਸ ਤਾਕਤ, ਧਨ, ਪਦਾਰਥਾਂ, ਜਾਤ, ਲਿੰਗ, ਰੰਗ ਦੇ ਅਭਿਮਾਨ ਤੇ ਹਉਮੈ ਦੇ ਬਲਬੂਤੇ ਤੂੰ ਜੋ ਕੁੱਝ ਕਰ ਰਿਹਾ ਹੈਂ, ਕਰਤੇ ਦੇ ਨਿਆਂ `ਚ ਜਦੋਂ ਤੈਨੂੰ ਭੁਗਤਣਾ ਹੋਵੇਗਾ ਤਾਂ ਉਸ ਸਮੇਂ ਵਾਤਾਵਰਣ ਵੀ ਬਦਲਿਆ ਹੋਵੇਗਾ। ਇਸ ਵਕਤ ਜਿਨ੍ਹਾਂ ਲਈ ਜਾਂ ਜਿਨ੍ਹਾਂ ਦੀ ਸ਼ਹਿ `ਤੇ ਤੂੰ ਇਹ ਸਭ ਕੁਕਰਮ ਕਰ ਰਿਹਾ ਹੈਂ, ਪ੍ਰਭੂ ਨਿਆਂ `ਚ ਸਜ਼ਾ ਭੁਗਤਣ ਸਮੇਂ, ਇਨ੍ਹਾਂ `ਚੋਂ ਇੱਕ ਵੀ ਤੇਰਾ ਸਾਥ ਨਹੀਂ ਦੇਵੇਗਾ। ਤਾਂ ਤੇ ਗੁਰਬਾਣੀ-ਗੁਰੂ ਦੇ ਗਿਆਨ ਤੋਂ, ਤੂੰ ਜੀਵਨ ਦੀ ਸਚਾਈ ਨੂੰ ਸਮਝ ਅਤੇ ਆਪਣੇ ਇਸ ਮਨੁੱਖਾ ਜਨਮ ਦੀ ਸੰਭਾਲ ਕਰ।

ਕਈ ਵਾਰ, ਦੇਖਦੇ ਵੀ ਹਾਂ, ਮਨੁੱਖ ਜਦੋਂ ਕਿਸੇ ਨਾਲ ਕੋਈ ਧੱਕਾ-ਜ਼ੁਲਮ ਕਰਦਾ ਹੈ। ਉਪ੍ਰੰਤ ਜਦੋਂ ਮਾਲਿਕ ਵੱਲੋਂ ਉਸ ਕਰਣੀ ਦਾ ਨਿਆਂ ਹੁੰਦਾ ਹੈ ਤਾਂ ਵਾਤਾਵਰਣ ਬਦਲਿਆ ਹੁੰਦਾ ਹੈ। ਕਈ ਵਾਰ ਤਾਂ ਜਿਨ੍ਹਾਂ `ਤੇ ਟੇਕ ਰੱਖ ਕੇ ਜਾਂ ਜਿਨ੍ਹਾਂ ਦੀ ਸ਼ਹਿ `ਤੇ ਮਨੁੱਖ ਦੂਜਿਆਂ ਨਾਲ ਧੱਕਾ ਕਰਦਾ ਹੈ, ਬਦਲ ਚੁੱਕੇ ਹਾਲਾਤ `ਚ ਉਹੀ ਲੋਕ ਉਸ ਦੇ ਦੁਸ਼ਮਨ ਸਾਬਤ ਹੁੰਦੇ ਹਨ। ਇਸ ਤੋਂ ਵੱਧ, ਜਦੋਂ ਇਸ ਸਰੀਰ ਦੇ ਬਿਨਸਨ ਬਾਅਦ, ਮੰਨ ਲਵੋ ਬਦਲੇ ਹੋਏ ਹਾਲਾਤ `ਚ ਜੇਕਰ ਉਹ ਮਨੁੱਖ ਪਿਆ ਹੀ ਕਿਸੇ ਕੁੱਤੇ, ਬਿੱਲੀ ਆਦਿ ਜਾਂ ਕਿਸੇ ਹੋਰ ਜੂਨ `ਚ ਹੋਵੇ, ਜਿੱਥੇ ਕਿ ਜੀਵ ਹੀ ਦੂਜੀਆਂ ਜੂਨਾਂ ਦੇ ਹੋਣ ਤਾਂ ਭੁਗਤਣ ਵੇਲੇ, ਉਸ ਦਾ ਕੀ ਹਾਲ ਹੋਵੇਗਾ?

ਲਫ਼ਜ਼ ‘ਅਗੈ’ ਤੋਂ ਕਈ ਸੱਜਨ ਕੇਵਲ ਅਗਲੇ ਜਨਮ ਦਾ ਹੀ ਅਰਥ ਲੈ ਲੈਂਦੇ ਹਨ ਜੋ ਠੀਕ ਨਹੀਂ। ‘ਅਗੈ’ ਤੋਂ ਭਾਵ ਹੈ “ਹੁਣ ਤੋਂ ਬਾਅਦ, ਕਿਸੇ ਸਮੇਂ ਵੀ। ਫ਼ਿਰ ਭਾਵੇਂ ਇਸੇ ਜਨਮ `ਚ ਅਗਲੇ ਹੀ ਪਲ, ਜਾਂ ਕਿਸੇ ਦੂਜੇ ਜਨਮ ਤੇ ਦੂਜੀ ਜੂਨ ਸਮੇਂ” ਕਿਉਂਕਿ ਆਤਮਾ ਤਾਂ ਹੈ ਹੀ ਪ੍ਰਭੂ ਦਾ ਅੰਸ਼। ਇਹ ਤਾਂ ਸਦਾ ਅਮਰ ਹੈ ਤੇ ਕਦੇ ਨਾਸ਼ਵਾਣ ਨਹੀਂ। ਇਸ ਲਈ ਜਿਹੜੇ ਵਡਭਾਗੀ ਜੀਊੜੇ, ਜੀਊਂਦੇ ਜੀਅ ਕਰਤੇ `ਚ ਅਭੇਦ ਤੇ ਜੀਵਨਮੁਕਤ ਹੋ ਜਾਂਦੇ ਹਨ ਉਨ੍ਹਾਂ ਨੂੰ ਛੱਡ ਕੇ, ਜੀਵ ਨੂੰ ਮਨੁੱਖਾ ਜਨਮ ਸਮੇਂ ਕੀਤੇ ਆਪਣੇ ਕਰਮਾਂ ਦਾ ਹਿਸਾਬ, ਕਰਮਾਂ-ਸੰਸਕਾਰਾਂ ਅਨੁਸਾਰ ਇਸੇ ਜਨਮ `ਚ ਜਾਂ ਕਦੀ ਵੀ ਭੁਗਤਣਾ ਪੈਂਦਾ ਹੈ। ਇਨ੍ਹਾਂ ਕਰਮਾਂ ਤੇ ਸੰਸਕਾਰਾਂ ਦੇ ਸਮੂਹ ਲਈ ਤਾਂ ਮਨੁੱਖ ਦੇ ਮਨ ਵਾਲਾ ਵਜੂਦ ਹੁੰਦਾ ਹੈ ਤੇ ਭੁਗਤਣ ਲਈ ਵੱਖ ਵੱਖ ਜੂਨਾਂ `ਚ ਪ੍ਰਾਪਤ ਹੋਏ ਭਿੰਨ ਭਿੰਨ ਤੇ ਵੱਖ ਵੱਖ ਸਰੀਰ। ਵੱਡੀ ਗੱਲ ਇਹ ਹੈ ਕਿ ਭੁਗਤਣ ਵੇਲੇ ਵਾਤਾਵਰਣ ਬਿਲਕੁਲ ਬਦਲਿਆ ਹੁੰਦਾ ਹੈ। ਜਿਨ੍ਹਾਂ ਦੀ ਸ਼ਹਿ `ਤੇ ਮਨੁੱਖ ਨੇ ਆਪਣੀ ਕਰਣੀ-ਸੁਭਾਅ ਨੂੰ ਵਿਗਾੜਿਆ ਹੁੰਦਾ ਹੈ, ਨਿਆਂ ਵੇਲੇ ਉਨ੍ਹਾਂ `ਚੋਂ ਇੱਕ ਵੀ ਇਸ ਦਾ ਸਾਥ ਨਹੀਂ ਦਿੰਦਾ, ਕਈ ਵਾਰ ਤਾਂ ਉਹ ਸਾਥ ਦੇਣ ਲਈ ਵੀ ਅਸਮ੍ਰਥ ਹੁੰਦੇ ਹਨ। ਠੀਕ ਉਹੀ ਗੱਲ ਜੋ ਪ੍ਰਕਰਣ ਅਨੁਸਾਰ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ਭਾਵ ਪਉੜੀ ਨੰ: ੧੭ ਦੀ ਮਿਸਾਲ ਲੈਣ ਸਮੇਂ ਵੀ ਅਸੀਂ ਦੇਖ ਚੁੱਕੇ ਹਾਂ।

“… ਸੁਖ ਦੁਖ ਪੁਰਬਿ ਕਮਾਈ” - ਇਸੇ ਤਰ੍ਹਾਂ “ਚਕਵੀ ਨੈਨ ਨੀਂਦ ਨਹਿ ਚਾਹੈ” (ਪੰ: ੧੨੭੩) ਵਾਲੇ ਸ਼ਬਦ `ਚ ਵੀ ਪਹਿਲੇ ਪਾਤਸ਼ਾਹ ਚਕਵੀ, ਚਾਤ੍ਰਿਕ, ਮਛਲੀ (ਮੀਨ) ਆਦਿ ਦੀਆਂ ਮਿਸਾਲਾਂ ਦੇ ਕੇ ਫ਼ੁਰਮਾਅ ਰਹੇ ਹਨ ਕਿ ਅਜਿਹੇ ਜਨਮ ਉਨ੍ਹਾਂ ਨੂੰ ਇਸ ਲਈ ਮਿਲੇ ਕਿਉਂਕਿ “… ਸੁਖ ਦੁਖ ਪੁਰਬਿ ਕਮਾਈ” ਅਤੇ ਗੁਰਬਾਣੀ `ਚ ਅਜਿਹੇ ਪ੍ਰਮਾਣ ਹੋਰ ਵੀ ਬਹੁਤ ਹਨ ਜੋ ਸਾਬਤ ਕਰਦੇ ਹਨ ਕਿ ਕਰਤੇ ਦੀ ਰਚਨਾ `ਚ ਅਰਬਾਂ-ਖਰਬਾਂ ਜੂਨੀਆਂ ਕੇਵਲ ਮਨੁੱਖਾ ਜਨਮ ਨੂੰ ਬਿਰਥਾ ਤੇ ਅਸਫ਼ਲ ਕਰਣ ਦਾ ਹੀ ਨਤੀਜਾ ਤੇ ਲੇਖਾ-ਜੋਖਾ ਹੁੰਦੀਆਂ ਹਨ। ਜਿਵੇਂ ਕਿ ਬਿਆਨਿਆ ਵੀ ਜਾ ਚੁੱਕਾ ਹੈ ਕਿ ਸਾਡਾ ਅਜੋਕਾ ਮਨੁੱਖਾ ਜਨਮ ਵੀ ਉਸੇ ਗਿਣਤੀ `ਚ ਆਉਂਦਾ ਹੈ। ਜਦਕਿ ਸਫ਼ਲ, ਸਚਿਆਰੇ ਜੀਵਨ `ਤੇ ਇਹ ਗੱਲ ਲਾਗੂ ਹੀ ਨਹੀਂ ਹੁੰਦੀ, ਉਹ ਤਾਂ ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦੇ ਹਨ ਤੇ ਜਨਮ ਮਰਣ ਦੇ ਗੇੜ੍ਹ `ਚ ਆਉਂਦੇ ਹੀ ਨਹੀਂ। ਦਰਅਸਲ, ਕਰਤੇ ਦੀ ਬਖ਼ਸ਼ਿਸ਼ ਨਾਲ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੀ ਇਸ ਲਈ ਹੁੰਦਾ ਹੈ ਤਾਕਿ ਇਸ ਨੂੰ ਸਫ਼ਲ ਕੀਤਾ ਜਾਵੇ ਅਤੇ ਮੁੜ ਜਨਮ ਮਰਣ ਦੇ ਗੇੜ੍ਹ `ਚ ਨਾ ਆਉਣਾ ਪਵੇ।

“ਤਿਨਾੑ ਸਵਾਰੇ ਨਾਨਕਾ” - ਉਪ੍ਰੰਤ ਗੁਰਬਾਣੀ ਦੀ ਪੰਕਤੀ “ਤਿਨਾੑ ਸਵਾਰੇ ਨਾਨਕਾ” `ਚ ਦੇਖ ਲਵੋ ਇਹ ਲਫ਼ਜ਼ ‘ਤਿਨਾੑ’ ਆਪਣੇ ਆਪ `ਚ ਹੀ ਸਪਸ਼ਟ ਕਰ ਰਿਹਾ ਹੈ ਕਿ ਇਥੇ ਇਹ ਲਫ਼ਜ਼ ਕੰਡੀਸ਼ਨਲ ਹੈ ਤੇ ਕਿਸੇ ਸ਼ਰਤ ਨੂੰ ਪੇਸ਼ ਕਰ ਰਿਹਾ ਹੈ। ਇਸੇ ਤਰ੍ਹਾਂ ਇਸੇ ਬੰਦ ਦੀ ਬਾਕੀ ਪੰਕਤੀ `ਚ ਇਸ ਦਾ ਵੇਰਵਾ ਵੀ ‘ਜਿਨੑ’ ਲਫ਼ਜ਼ ਨਾਲ ਸਪਸ਼ਟ ਕਰ ਦਿੱਤਾ ਗਿਆ ਹੈ। ਮੁੱਖ ਵਿਸ਼ਾ ਇਥੇ ਵੀ ਗੁਰਮੁਖ ਤੇ ਮਨਮੁਖ ਵਿਚਲੇ ਜੀਵਨ ਨਾਲ ਹੀ ਸਬੰਧਤ ਹੈ। ਇਥੇ “ਤਿਨਾੑ” ਤੇ ‘ਜਿਨੑ’ ਲਖ਼ਜ਼ਾਂ ਨਾਲ ਇਹੀ ਫ਼ੁਰਮਾਇਆ ਤੇ ਸਾਬਤ ਕੀਤਾ ਹੈ ਕਿ ਮਨੁੱਖਾ ਜੀਵਨ ਦੋ ਪ੍ਰਕਾਰ ਦਾ ਹੁੰਦਾ ਹੈ ਸਫ਼ਲ ਅਤੇ ਅਸਫ਼ਲ ਜੀਵਨ। ਇਸ ਤਰ੍ਹਾਂ ਇਥੇ ਇਹੀ ਸਪਸ਼ਟ ਕੀਤਾ ਗਿਆ ਹੈ ਕਿ “ਤਿਨਾੑ ਸਵਾਰੇ” ਭਾਵ ਸਾਰਿਆਂ ਦੇ ਨਹੀਂ ਬਲਕਿ ਜੀਵਨ ਕੇਵਲ ਉਨ੍ਹਾਂ ਦੇ ਹੀ ਸਫ਼ਲ ਹੁੰਦੇ ਹਨ ਜਿਹੜੇ ਪ੍ਰਭੂ ਦੀ ਬਖ਼ਸ਼ਿਸ਼ ਦੇ ਪਾਤ੍ਰ ਬਣਦੇ ਹਨ।

ਇਸ ਦੇ ਨਾਲ ਗੁਰਬਾਣੀ `ਚ ਹੀ ਇਹ ਵੀ ਬੇਅੰਤ ਵਾਰ ਸਪਸ਼ਟ ਕੀਤਾ ਹੈ ਕਿ ਜੀਵਨ ਨੂੰ ਸਫ਼ਲ ਕਰਣ ਦਾ ਇੱਕੋ ਹੀ ਢੰਗ ਹੈ ਤੇ ਉਹ ਹੈ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” (ਬਾਣੀ ਜਪੁ) ਤੇ ਉਸੇ ਦਾ ਨਤੀਜਾ ਹੁੰਦਾ ਹੈ “ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ” (ਬਾਣੀ ਜਪੁ) ਅਤੇ ਉਸੇ ਦੇ ਲਈ ਇਥੇ ਸ਼ਬਦਾਵਲੀ ਆਈ ਹੈ “ਜਿਨੑ ਕਉ ਨਦਰਿ ਕਰੇ”। ਇਸ ਲਈ ਚਲਦੇ ਪ੍ਰਕਰਣ ਨੂੰ ਹੋਰ ਪੂਰੀ ਤਰ੍ਹਾਂ ਸਮਝਣ ਲਈ ਬਾਣੀ “ਆਸਾ ਕੀ ਵਾਰ” ਵਿਚਲੀ ਸਬੰਧਤ ਪਉੜੀ ਨੰ: ੨੪ ਦਾ ਸਲੋਕ ਇਸ ਪ੍ਰਕਾਰ ਹੈ:-

ਸਲੋਕੁ ਮਃ ੧॥” ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥ ਇਕਨੀੑ ਦੁਧੁ ਸਮਾਈਐ ਇਕਿ ਚੁਲੈੑ ਰਹਨਿੑ ਚੜੇ॥ ਇਕਿ ਨਿਹਾਲੀ ਪੈ ਸਵਨਿੑ ਇਕਿ ਉਪਰਿ ਰਹਨਿ ਖੜੇ॥ ਤਿਨਾੑ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ” (ਪੰ: ੪੭੫) ਜਿਸ ਦੇ ਅਰਥ ਭਾਵ ਹਨ: ਅਕਾਲਪੁਰਖ ਆਪ ਮਨੁੱਖਾਂ ਦੇ ਸਰੀਰ ਘੜਦਾ ਤੇ ਇਨ੍ਹਾਂ ਸਰੀਰ ਰੂਪ ਭਾਂਡਿਆਂ ਨੂੰ ਪੂਰਨਤਾ ਵੀ ਦਿੰਦਾ ਹੈ (ਇਨ੍ਹਾਂ `ਚ ਜੀਵਨ ਦੇ ਦੁਖ-ਸੁਖ, ਵਾਧੇ-ਘਾਟੇ ਵੀ ਪ੍ਰਭੂ ਆਪ ਪਾ ਕੇ ਭੇਜਦਾ ਹੈ ਤੇ ਇਨ੍ਹਾਂ ਦਾ ਅੰਤ ਵੀ ਆਪ ਕਰਦਾ ਹੈ)। ਇਨ੍ਹਾਂ `ਚੋਂ ਹੀ, ਇੱਕ ਭਾਂਡੇ ਉਹ ਹੁੰਦੇ ਹਨ ਜਿਨ੍ਹਾਂ ਭਾਂਡਿਆਂ ਅੰਦਰ ਦੁੱਧ ਪੈਂਦਾ ਹੈ ਤੇ ਦੂਜੇ ਹੁੰਦੇ ਹਨ ਜੋ ਚੁਲ੍ਹੇ `ਤੇ ਹੀ ਚੜ੍ਹੇ ਰਹਿੰਦੇ ਹਨ। ਭਾਵ ਕੁੱਝ ਲੋਕ ਜ਼ੀਵਨ ਭਰ ਸੁਖ ਭੋਗਦੇ ਹਨ ਤੇ ਦੂਜੇ ਜਿਨ੍ਹਾਂ ਦਾ ਜੀਵਨ ਨਿਰਵਾਹ ਵੀ ਬੜਾ ਔਖਾ ਚਲਦਾ ਹੈ।

ਕੁਝ ਤੁਲਾਈਆਂ `ਤੇ ਸੌਂਦੇ (ਤੁਲਾਈਆਂ ਦਾ ਨਿਘ ਮਾਣਦੇ ਹਨ) ਦੂਜੇ ਹੁੰਦੇ ਹਨ ਜੋ ਤੁਲਾਈਆਂ `ਤੇ ਸੌਣ ਵਾਲਿਆਂ ਦੀ ਰਾਖੀ ਲਈ (ਸਰਦੀ, ਗਰਮੀ, ਰਾਤਾਂ, ਬਰਸਾਤ) ਉਨ੍ਹਾਂ `ਤੇ ਪਹਿਰੇਦਾਰੀ ਕਰਦੇ ਹਨ। ਗੁਰਦੇਵ ਫ਼ੁਰਮਾਉਂਦੇ ਹਨ (ਜੀਵਨ ਔਖਾ ਜਾਂ ਸੌਖਾ ਹੋਣਾ; ਉਨ੍ਹਾਂ ਦੇ ਸਰੀਰਾਂ ਦਾ ਰੋਗੀ ਹੋਣਾ ਜਾ ਅਰੋਗ ਹੋਣਾ, ਕਿਸੇ ਦੇ ਜਨਮ ਦੀ ਸਫ਼ਲਤਾ-ਅਸਫ਼ਲਤਾ ਦਾ ਮਾਪਦੰਡ ਨਹੀਂ)। ਪ੍ਰਭੂ ਦਰ `ਤੇ ਸਫ਼ਲ ਜੀਵਨ ਉਹੀ ਹੁੰਦੇ ਹਨ ਜਿਨ੍ਹਾਂ ਨੇ ਮਨੁੱਖਾ ਜਨਮ ਦੀ ਸੰਭਾਲ ਕੀਤੀ ਤੇ ਪ੍ਰਭੂ ਨੇ ਵੀ ਜਿਨ੍ਹਾਂ `ਤੇ ਮਿਹਰ ਦੀ ਨਜ਼ਰ ਕਰਕੇ, ਉਨ੍ਹਾਂ ਨੂੰ ਆਪਣੇ ਨਾਲ ਇੱਕ ਮਿਕ ਕਰ ਲਿਆ ਹੁੰਦਾ ਹੈ। ੧।

ਇਸ ਤਰ੍ਹਾਂ ਇਥੇ ਸਪਸ਼ਟ ਹੈ ਕਿ ਮਨੁੱਖ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ, ਕਰਤਾਰ ਦੇ ਨਿਆਂ `ਚ, ਜੀਵਾਂ ਨੂੰ ਔਖਾ ਜਾਂ ਸੌਖਾ ਜਨਮ ਮਿਲਦਾ ਹੈ ਜਦਕਿ ਜੀਵਨ ਦੀ ਰਹਿਣੀ ਤੇ ਸੰਭਾਲ ਆਪਣੇ ਆਪ `ਚ ਵੱਖਰੇ ਵਿਸ਼ੇ ਹਨ। ਇਥੇ ਗੁਰਦੇਵ ਮਿਸਾਲ ਦੇ ਕੇ ਸਪਸ਼ਟ ਕਰਦੇ ਹਨ ਕਿ ਇੱਕ ਉਹ ਲੋਕ ਹਨ ਜੋ ਆਰਾਮਦੇਹ ਬਿਸਤਰਿਆਂ `ਤੇ ਸੌਂਦੇ ਹਨ ਤੇ ਉਨ੍ਹਾਂ ਨੂੰ ਸਰਦੀਆਂ `ਚ ਵੀ ਪਾਲੇ ਨਹੀਂ ਠਰਣਾ ਪੈਂਦਾ। ਦੂਜੇ, ਉਹ ਹੁੰਦੇ ਹਨ ਜਿਨ੍ਹਾਂ ਦਾ ਜੀਵਨ ਸਰਦੀ, ਗਰਮੀ, ਬਰਸਾਤ, ਰਾਤਾਂ, ਕੜਾਕੇ ਦੀਆਂ ਧੁਪਾਂ, ਉਨ੍ਹਾਂ ਪਹਿਲੀ ਸ਼੍ਰੇਣੀ ਵਾਲਿਆਂ ਦੀ ਰਾਖੀ ਤੇ ਪਹਿਰੇਦਾਰੀ `ਤੇ ਖੜੇ ਰਹਿ ਕੇ ਹੀ ਬਤੀਤ ਹੁੰਦਾ ਹੈ।

ਇਥੇ ਖਾਸ ਧਿਆਨ ਦੇਣਾ ਹੈ ਕਿ ਇਕੋ ਇੱਕ ਮਨੁੱਖਾ ਜੂਨ ਹੀ ਅਜਿਹੀ ਜੂਨ ਹੈ ਜਿੱਥੇ ਔਖੇ ਜਾਂ ਸੌਖੇ ਜੀਵਨ ਤੋਂ ਇਲਾਵਾ, ਜੀਵਨ ਨੂੰ ਸੁਆਰਣ ਤੇ ਵਿਗਾੜਣ ਦੀ ਗੱਲ ਵੀ ਲਾਗੂ ਹੁੰਦੀ ਹੈ। ਇਸੇ ਲਈ ਇਥੇ “ਤਿਨਾੑ ਸਵਾਰੇ ਨਾਨਕਾ, ਜਿਨੑ ਕਉ ਨਦਰਿ ਕਰੇ” ਅਨੁਸਾਰ ਕੰਡੀਸ਼ਨਲ ਲਫ਼ਜ਼ “ਤਿਨਾੑ” ਤੇ “ਜਿਨੑ” ਕੁੱਝ ਲੋਕਾਂ ਲਈ ਆਏ ਹਨ ਸਾਰਿਆਂ ਲਈ ਨਹੀਂ। ਇਥੇ ਇਹ ਵੀ ਸੰਭਵ ਹੈ ਐਸ਼ੋ ਇਸ਼ਰਤ ਵਾਲੀ ਸੌਖੀ ਜ਼ਿੰਦਗੀ ਬਤੀਤ ਕਰ ਰਿਹਾ ਮਨੁੱਖ ਤਾਂ ਵਿਕਾਰਾਂ `ਚ ਡੁੱਬਾ ਹੋਵੇ। ਜਨਮ ਨੂੰ ਰੰਗ-ਤਮਾਸ਼ਿਆਂ, ਵਿੱਭਚਾਰ, ਮਹਿਫ਼ਲਾਂ, ਠੱਗੀਆਂ, ਧੋਖੇ, ਜਾਅਲਸਾਜੀਆਂ, ਕਤਲ-ਡਾਕੇ, ਜੁਰਮਾਂ `ਚ ਬਤੀਤ ਕਰ ਰਿਹਾ ਹੋਵੇ। ਜਦਕਿ ਦੂਜਾ ਜੋ ਮਾਇਕ ਪਖੋਂ ਔਖੀ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ, ਪਰ ਜੀਵਨ ਦੀ ਸੰਭਾਲ ਪਖੋਂ, ਬਹੁਤ ਉੱਚਾ ਹੋਵੇ। ਕਿਉਂਕਿ ਪ੍ਰਭੂ ਦੀ ਦਰਗਾਹ ਤੇ ਉਸ ਦੇ ਨਿਆਂ `ਚ ਮਨਜ਼ੂਰ ਹੋਣ ਲਈ ਤਾਂ ਜੀਵਨ ਦਾ ਮਿਆਰ ਹੈ “ਅਗੈ ਕਰਣੀ ਕੀਰਤਿ ਵਾਚੀਐ” ਹੀ ਹੈ ਨਾ ਕਿ ਮਾਇਕ ਪ੍ਰਾਪਤੀਆਂ, ਸੰਸਾਰਕ ਸਹੂਲਤਾਂ ਤੇ ਐਸ਼ੋ ਇਸ਼ਰਤ।

ਇਥੇ ਇਹ ਵੀ ਧਿਆਨ ਦੇਣਾ ਹੈ ਕਿ ਇਸ ਸਲੋਕ `ਚ ਗੁਰਦੇਵ ਨੇ ਔਖੇ ਜਾਂ ਸੌਖੇ ਜੀਵਨ ਲਈ ਵੀ ਕੇਵਲ ਮਨੁੱਖਾ ਜੀਵਨ ਦਾ ਵਿਸ਼ਾ ਹੀ ਲਿਆ ਹੈ ਬਾਕੀ ਜੂਨੀਆਂ ਦਾ ਨਹੀਂ। ਕਿਉਂਕਿ ਇਹ ਕੇਵਲ ਮਨੁੱਖਾ ਜੂਨ ਹੀ ਹੈ ਜਿਸ `ਤੇ “ਤਿਨਾੑ ਸਵਾਰੇ ਨਾਨਕਾ, ਜਿਨੑ ਕਉ ਨਦਰਿ ਕਰੇ” ਵਾਲਾ ਸਿਧਾਂਤ ਲਾਗੂ ਹੁੰਦਾ ਹੈ। ਮਨੁੱਖ ਹੀ ਹਨ ਜਿਨ੍ਹਾਂ `ਚੋਂ ਕੋਈ ਤਾਂ ਕਰਤੇ ਦੇ ਦਰ `ਤੇ ਪ੍ਰਵਾਣ ਹੋ ਜਾਂਦੇ ਹਨ ਤੇ ਦੂਜੇ ਫ਼ਿਰ ਤੋਂ ਜਨਮ ਮਰਣ ਦੇ ਗੇੜ `ਚ ਧੱਕ ਦਿੱਤੇ ਜਾਂਦੇ ਹਨ। ਜਦ ਕਿ ਬਾਕੀ ਜੂਨੀਆਂ ਲਈ ਪ੍ਰਭੂ ਦਰ `ਤੇ ਪ੍ਰਵਾਣਗੀ ਤੇ ਉਸ ਦੇ ਦਰ ਤੋਂ ਧੱਕਣ ਵਾਲਾ ਵਿਸ਼ਾ ਹੀ ਲਾਗੂ ਨਹੀਂ ਹੁੰਦਾ। ਉਹ ਜੂਨੀਆਂ ਤਾਂ ਹੁੰਦੀਆਂ ਹੀ, ਪਿਛਲੇ ਮਨੁਖਾ ਜਨਮ ਸਮੇਂ ਕੀਤੇ ਕਰਮਾਂ ਦਾ ਲੇਖਾ ਜੋਖਾ ਹਨ। ਉਂਝ ਔਖੇ ਤੇ ਸੌਖੇ ਜੀਵਨ, ਅਥਵਾ ਰੋਗੀ ਤੇ ਅਰੋਗ ਸਰੀਰ ਵਾਲਾ ਸਿਧਾਂਤ ਮਨੁੱਖ ਸਮੇਤ ਹਰੇਕ ਜੂਨ `ਤੇ ਇਕੋ ਜਿਹਾ ਲਾਗੂ ਹੁੰਦਾ ਹੈ।

“ਜਿਨੑ ਕਉ ਨਦਰਿ ਕਰੇ” - ਇਸੇ ਲਈ ਇਸ ਸਲੋਕ ਰਾਹੀਂ ਗੁਰਦੇਵ ਜੋ ਗੱਲ ਸਮਝਾ ਰਹੇ ਹਨ, ਉਹ ਹੈ ਕਿ ਜੀਵਨ `ਚ ਮਨੁੱਖ ਰਾਹੀੇਂ ਸੁਖ ਭੋਗਣੇ ਜਾਂ ਉਸ ਦੀ ਔਖੀ ਜ਼ਿੰਦਗੀ, ਇਸ ਗੱਲ ਦੀ ਗਾਰੰਟੀ ਨਹੀਂ ਕਿ ਸੁਖ ਭੋਗਣ ਵਾਲੇ, ਪ੍ਰਭੂ ਦੇ ਵੱਧ ਨੇੜੇ ਹਨ ਜਾਂ ਔਖਾ ਜੀਵਨ ਬਤੀਤ ਕਰਣ ਵਾਲੇ ਪ੍ਰਭੂ ਤੋਂ ਦੂਰ ਹਨ। ਇਨ੍ਹਾਂ ਦੋਨਾਂ `ਚੋਂ ਪ੍ਰਭੂ ਤੋਂ ਦੂਰ ਕੌਣ ਹੈ ਤੇ ਨੇੜੇ ਕੋਣ? ਸੰਸਾਰ ਪੱਧਰ ਤੇ ਦੁਖੀ ਤੇ ਸੁਖੀ ਜੀਵਨ ਪ੍ਰਭੂ ਦਰ `ਤੇ ਪ੍ਰਵਾਣ ਹੋਣ ਵਾਲਾ ਮਾਪਦੰਡ ਨਹੀਂ। ਅਕਾਲਪੁਰਖੁ ਦੇ ਦਰ `ਤੇ ਤਾਂ ਕੇਵਲ ਉਹ ਪ੍ਰਵਾਨ ਹੁੰਦੇ ਹਨ, ਜੋ ਮਨੁੱਖਾ ਜਨਮ ਦੀ ਪਛਾਣ ਕਰਕੇ ਇਸ ਦੀ ਸੰਭਾਲ ਕਰਦੇ ਤੇ ਇਸ ਨੂੰ ਸਫ਼ਲ ਬਣਾੳੇੁਂਦੇ ਹਨ। ਅਮੀਰੀ-ਗ਼ਰੀਬੀ ਤੇ ਔਖੇ ਜਾਂ ਸੌਖੇ ਜੀਵਨ ਵਾਲਾ ਮਾਪ ਦੰਡ ਪ੍ਰਭੂ ਦਰ `ਤੇ ਪ੍ਰਵਾਣ ਹੋਣ ਜਾਂ ਉਸ ਦੀ ਬਖਸ਼ਿਸ਼ ਹਾਸਿਲ ਕਰਣ `ਤੇ ਲਾਗੂ ਨਹੀਂ ਹੁੰਦਾ।

“ਇਕਨੀੑ ਦੁਧੁ ਸਮਾਈਐ, ਇਕਿ ਚੁਲੈੑ ਰਹਨਿੑ ਚੜੇ” -–ਇਸ ਲਈ ਪ੍ਰਕਰਣ ਅਨੁਸਾਰ ਇਹ ਵੀ ਸਮਝਣਾ ਹੈ ਕਿ ਅਮੀਰੀ-ਗ਼ਰੀਬੀ ਤੇ ਔਖੇ-ਸੌਖੇ ਜੀਵਨ ਵਾਲਾ ਸਿਧਾਂਤ ਹਰੇਕ ਜੂਨੀ `ਤੇ ਲਾਗੂ ਹੁੰਦਾ ਹੈ ਜਦਕਿ ਜੀਵਨ ਦੀ ਸਫ਼ਲਤਾ-ਅਸਫ਼ਲਤਾ ਵਾਲਾ ਵਿਸ਼ਾ ਕੇਵਲ ਮਨੁੱਖ ਜੂਨ `ਤੇ ਹੀ ਲਾਗੂ ਹੁੰਦਾ ਹੈ। ਅਨੇਕਾਂ ਲੋਕ ਐਸ਼ੋ ਆਰਾਮ ਵਾਲਾ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਕੋਲ ਮਾਇਕ ਸਾਧਨਾਂ ਦੀ ਵੀ ਥੁੜ ਨਹੀਂ ਹੁੰਦੀ। ਦੂਜੇ, ਜਿਨ੍ਹਾਂ ਨੂੰ ਕਈ ਕਾਰਨਾਂ ਕਰਕੇ ਮਾਇਕ ਪੱਖੋਂ ਜ਼ਿੰਦਗੀ ਕੱਟਣੀ ਤੇ ਨਿਭਾਉਣੀ ਔਖੀ ਹੁੰਦੀ ਹੈ। ਭਾਵੇਂ ਕਿ ਇਹ ਵਿਸ਼ਾ ਸਲੋਕ ਨਾਲ ਸਬੰਧਤ ਨਹੀਂ ਫ਼ਿਰ ਵੀ ਇਥੇ ਅਸਾਂ ਇਹ ਵੀ ਸਮਝਣਾ ਹੈ ਕਿ ਔਖਾ ਤੇ ਸੌਖਾ ਜੀਵਨ ਕੇਵਲ ਮਨੁੱਖ ਸ਼੍ਰੇਣੀ `ਚ ਹੀ ਨਹੀਂ; ਬਲਕਿ ਇਹ ਦੋਵੇਂ ਜੀਵਨ ਸਮਸਤ ਜੂਨੀਆਂ `ਚ ਵੇਖੇ ਜਾ ਸਕਦੇ ਹਨ। ਫ਼ਰਕ ਹੈ ਤਾਂ ਮਨੁੱਖਾ ਜੀਵਨ ਦੇ ਸਫ਼ਲ ਜਾਂ ਅਸਫ਼ਲ ਹੋਣ ਦਾ ਜੋ ਦੂਜੀਆਂ ਜੂਨਾਂ `ਤੇ ਲਾਗੂ ਨਹੀਂ ਹੁੰਦਾ।

ਦੂਜੀਆਂ ਜੂਨੀਆਂ `ਚ ਵੀ ਦੇਖਦੇ ਹਾਂ ਜਿਵੇਂ ਇੱਕ ਘੋੜਾ ਬਾਦਸ਼ਾਹ ਦੇ ਤਬੇਲੇ ਦੇ ਸੁਖ ਭੋਗਦਾ ਹੈ। ਦੂਜਾ ਘੋੜਾ ਜਾਂ ਘੋੜੀ ਸੁਆਰੀਆਂ ਢੋਂਦੀ ਤੇ ਸਾਰਾ ਦਿਨ ਚਾਬੁਕਾਂ ਖਾਂਦੀ ਹੈ, ਫ਼ਿਰ ਵੀ ਕਈ ਵਾਰ ਉਸਨੂੰ ਭਰ ਪੇਟ ਭੋਜਨ ਵੀ ਨਸੀਬ ਨਹੀਂ ਹੁੰਦਾ। ਇੱਕ ਕੁੱਤਾ ਕਾਰਾਂ-ਜਹਾਜ਼ਾਂ `ਚ ਸੈਰਾਂ ਕਰਦਾ ਹੈ; ਦੂਜੇ ਨੂੰ ਦੁਰੇ-ਦੁਰੇ ਹੁੰਦੀ ਹੈ। ਅਜਿਹੇ ਕੁੱਤੇ ਵੀ ਹਨ ਜਿਹੜੇ ਸੜਕਾਂ ਕੰਢੇ ਚਿੱਚੜਾਂ ਤੇ ਖੁਜਲੀ ਮਾਰੇ ਤੜਫ਼ ਰਹੇ ਹੁੰਦੇ ਹਨ, ਥੋੜ੍ਹਾ ਅਗੇ ਪਿੱਛੇ ਹੋ ਕੇ ਆਪਣੇ ਖਾਣ ਲਈ ਟੁੱਕੜ ਜਾਂ ਪੀਣ ਲਈ ਪਾਣੀ ਦਾ ਘੁੱਟ ਵੀ ਲੈਣ ਜੋਗੇ ਨਹੀਂ ਹੁੰਦੇ। ਜੀਵਨ ਤਾਂ ਬਿਰਖ ਦਾ ਵੀ ਹੈ; ਇੱਕ ਬਿਰਖ ਹੈ ਜਿਸ ਨੂੰ ਧੁੱਪ-ਹਵਾ-ਖਾਦ ਸਭ ਸਮੇਂ ਸਿਰ ਮਿਲ ਰਿਹੀ ਹੁੰਦੀ ਹੈ ਦੂਜੇ ਬਿਰਖ ਦਾ ਵੀ ਬੀਜ ਉਹੀ ਹੈ ਪਰ ਇਸੇ ਕਾਰਨ ਮੁਰਝਾਇਆ ਪਿਆ ਤੇ ਸੜ ਰਿਹਾ ਹੈ ਕਿਉਂਕਿ ਉਸ ਨੂੰ ਲੋੜ ਅਨੁਸਾਰ ਕੁੱਝ ਨਹੀਂ ਮਿਲਦਾ ਜਾਂ ਬਹੁਤ ਘੱਟ ਮਿਲਦਾ ਹੈ। ਇਸ ਤਰ੍ਹਾਂ ਸੌਖਾ-ਔਖਾ ਜਾਂ ਸੁਰਗ-ਨਰਕ ਵਾਲਾ ਜੀਵਨ ਹਰੇਕ ਜੂਨ `ਚ ਦੇਖਿਆ ਜਾ ਸਕਦਾ ਹੈ। ਜਦਕਿ ਗੁਰਮੱਤ ਅਨੁਸਾਰ ਇਹੀ ਹੈ ਜੀਵ ਦਾ ਸੁਰਗ ਤੇ ਨਰਕ ਦਾ ਵਾਸੀ ਹੋਣਾ, ਨਾ ਕਿ ਬ੍ਰਹਮਣੀ ਸੁਰਗ-ਨਰਕ। ਬਲਕਿ ਗੁਰਬਾਣੀ ਅਨੁਸਾਰ ਇਸ ਤੋਂ ਬਾਅਦ ਵੀ ਅਸਲ ਨਰਕ ਹੈ, ਜੀਵ ਦਾ ਜਨਮ ਮਰਣ ਦੇ ਗੇੜ੍ਹ `ਚ ਫ਼ਸੇ ਹੋਣਾ। ਬਹੁਤ ਵਾਰੀ ਮਨੁੱਖਾ ਜਨਮ ਪ੍ਰਾਪਤ ਹੋਣ ਬਾਅਦ ਵੀ ਜਨਮ ਨੂੰ ਸਫ਼ਲ ਨਾ ਕਰਣਾ, ਜੀਵਨ ਪਦਵੀ ਨੂੰ ਪ੍ਰਾਪਤ ਨਾ ਹੋਣਾ ਅਤੇ ਪ੍ਰਭੂ `ਚ ਅਭੇਦ ਨਾ ਹੋਣਾ ਇਹੀ ਹੈ ਉਸਦਾ ਨਰਕ ਦਾ ਵਾਸੀ ਹੋਣਾ। ਭਾਵ ਮਨੁੱਖਾ ਜਨਮ ਮਿਲਣ ਤੋਂ ਬਾਅਦ ਵੀ “ਤਿਨਾੑ ਸਵਾਰੇ ਨਾਨਕਾ” `ਚੋਂ “ਤਿਨਾੑ” ਵਾਲੀ ਅਵਸਥਾ ਦਾ ਹੱਕਦਾਰ ਨਾ ਬਨਣਾ।

ਇਸ ਤਰ੍ਹਾਂ ਮਨੁੱਖਾ ਜਨਮ ਦੀ ਸਫ਼ਲਤਾ ਦਾ ਆਧਾਰ ਹੀ ਹਉਮੈ ਰਹਿਤ ਹੋ ਕੇ ਸੁਆਸ ਸੁਆਸ ਜੀਵਨ ਦੀ ਸੰਭਾਲ ਕਰਣਾ ਹੈ। ਕਿਉਂਕਿ ਇਹੀ ਜਨਮ ਤੇ ਜੂਨ ਹੋ ਜਦੋਂ ਇਸ ਦੇ ਘੜੀ ਘੜੀ ਤੇ ਪਲ ਪਲ ਦਾ ਲੇਖਾ ਹੁੰਦਾ ਹੈ ਤੇ ਉਸੇ `ਤੇ ਇਸ ਦੇ ਜੀਵਨ ਦੀ ਸਫ਼ਲਤਾ ਅਥਵਾ ਅਸਫ਼ਲਤਾ ਦਾ, ਅਭਾਗੇ ਰਹਿ ਜਾਣ ਜਾਂ ਵਡਭਾਗੀ ਹੋ ਜਾਣ ਦਾ, ਸਚਿਆਰਾ ਹੋ ਜਾਣ ਦਾ ਜਾਂ ਜੀਵਨ ਬਿਰਥਾ ਕਰਣ ਦਾ ਦਾਰੋਮਦਾਰ ਹੈ। ਇਸ ਲਈ ਪ੍ਰਭੂ ਦੀਆਂ ਅਰਬਾਂ-ਖਰਬਾਂ ਜੂਨਾਂ ਵਿੱਚੋਂ ਇਕੋ ਇੱਕ ਮਨੁੱਖਾ ਜੂਨ ਹੀ ਹੈ ਜਿਸ `ਤੇ “ਤਿਨਾੑ ਸਵਾਰੇ ਨਾਨਕਾ, ਜਿਨੑ ਕਉ ਨਦਰਿ ਕਰੇ” ਵਾਲਾ ਵਿਸ਼ਾ ਲਾਗੂ ਹੁੰਦਾ ਹੈ। ਇਹੀ ਉਹ ਜੂਨ ਤੇ ਜਨਮ ਹੈ ਜਿਸ ਦੇ ਲਈ ਗੁਰਦੇਵ ਨੇ ਫ਼ੁਰਮਾਇਆ ਹੈ “ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ” (ਪੰ: ੪੬੮) ਅਥਵਾ “ਅਬ ਕਲੂ ਆਇਓ ਰੇ॥ ਇਕੁ ਨਾਮੁ ਬੋਵਹੁ ਬੋਵਹੁ॥ ਅਨ ਰੂਤਿ ਨਾਹੀ ਨਾਹੀ॥ ਮਤੁ ਭਰਮਿ ਭੂਲਹੁ ਭੂਲਹੁ” (ਪੰ: ੧੧੮੫) ਅਥਵਾ “ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ॥ ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ॥ ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹੀ ਭਾਏ” (ਪੰ: ੪੫੦) ਅਤੇ ਇਸ ਪ੍ਰਥਾਏ ਬੇਅੰਤ ਗੁਰਬਾਣੀ ਫ਼ੁਰਮਾਣ। #G0105-IVs011.02.011# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G0105-IV

“ਤਿਨਾੑ ਸਵਾਰੇ ਨਾਨਕਾ

ਜਿਨੑ ਕਉ ਨਦਰਿ ਕਰੇ” (ਭਾਗ ੪)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.