.

ਜਸਬੀਰ ਸਿੰਘ ਵੈਨਕੂਵਰ

ਅਕ੍ਰਿਤਘਣ ਬਨਾਮ ਕ੍ਰਿਤਗਯ


‘ਅਕ੍ਰਿਤਘਣ’ ਦਾ ਅਰਥ ਹੈ ਉਪਕਾਰ ਨੂੰ ਭੁਲਾ ਦੇਣ ਵਾਲਾ। ‘ਕ੍ਰਿਤਗਯ’ ਦਾ ਅਰਥ ਹੈ ਜੋ ਕਿਸੇ ਦੇ ਉਪਕਾਰ ਨੂੰ ਚੇਤੇ ਰੱਖਦਾ ਹੈ, ਭੁਲਾਉਂਦਾ ਨਹੀਂ। ‘ਅਕ੍ਰਿਤਘਣ’ ਨੂੰ ‘ਨਮਕ ਹਰਾਮ’ ਅਤੇ ‘ਕ੍ਰਿਤਗਯ’ ਨੂੰ ਨਮਕ ਹਲਾਲ ਵੀ ਕਿਹਾ ਜਾਂਦਾ ਹੈ। ਨਮਕ ਚੂੰਕਿ ਸਾਰੇ ਪਦਾਰਥਾਂ ਤੋਂ ਘੱਟ ਖਾਈ ਦਾ ਹੈ, ਇਸ ਲਈ ‘ਨਮਕ ਹਰਾਮ’ ਤੋਂ ਭਾਵ ਹੈ ਕਿ ਕਿਸੇ ਦਾ ਥੋੜਾ ਜਿਹਾ ਖਾ ਕੇ ਵੀ ਨਹੀਂ ਭੁਲਾਉਣਾ ਚਾਹੀਦਾ; ਅਰਥਾਤ ਕਿਸੇ ਦੇ ਉਪਕਾਰ ਨੂੰ ਕਦੀ ਵੀ ਨਹੀਂ ਭੁਲਾਉਣਾ ਚਾਹੀਦਾ।
‘ਅਕ੍ਰਿਤਘਣ’ ਨੂੰ ਹਰੇਕ ਸਮੇਂ ਹਰੇਕ ਸਮਾਜ ਵਿੱਚ ਚੰਗੀ ਨਿਗਾਹ ਨਾਲ ਨਹੀਂ ਦੇਖਿਆ ਗਿਆ, ਪਰ ‘ਕ੍ਰਿਤਗਯ’ ਨੂੰ ਹਰੇਕ ਸਮੇਂ ਸਾਲਾਹਿਆ ਗਿਆ ਹੈ। ਹਰੇਕ ਭਾਸ਼ਾ ਵਿੱਚ ‘ਅਕ੍ਰਿਤਘਣ’ ਅਤੇ ਕ੍ਰਿਤਗਯ ਬਾਰੇ ਪ੍ਰਚਲਤ ਅਖਾਣਾਂ ਤੋਂ ਸਹਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਰਾਤਨ ਸਮੇਂ ਤੋਂ ਹੀ ਮਨੁੱਖੀ ਸਮਾਜ ਵਿੱਚ ਇਨ੍ਹਾਂ ਦੋਹਾਂ ਬਾਰੇ ਮਨੁੱਖ ਦੀ ਇਹ ਧਾਰਨਾ ਇਸ ਰੂਪ ਵਿੱਚ ਪ੍ਰਚਲਤ ਰਹੀ ਹੈ। ਸਾਡੀ ਭਾਸ਼ਾ ਵਿੱਚ ‘ਅਕ੍ਰਿਤਘਣ’ ਬਾਰੇ ਨਿਮਨ ਲਿਖਤ ਅਖਾਣ ਪ੍ਰਚਲਤ ਹਨ: ਜਿਨ੍ਹਾਂ ਨੂੰ ਅਸਾਂ ਟੁੱਕਰ ਪਾਏ, ਉਨ੍ਹਾਂ ਹੀ ਸਾਨੂੰ ਲਿੱਤਰ ਚਾਏ। ਜਾਂ, ਕੰਮ ਰਹੇ ਤਾਂ ਕਾਜ਼ੀ, ਨਹੀਂ ਤਾਂ ਪਾਜੀ, ਆਦਿ ਅਤੇ ਨਮਕ ਹਲਾਲ ਬਾਰੇ: ਲੂਣ ਖਾ ਕੇ ਹਰਾਮ ਨਹੀਂ ਕਰਨਾ ਚਾਹੀਦਾ ਜਾਂ, ਜਿਦ੍ਹਾ ਲੂਣ ਖਾਈਏ ਉਹਦਾ ਜਸ ਗਾਈਏ; ਆਦਿ।
ਭਾਈ ਗੁਰਦਾਸ ਜੀ ਨੇ ‘ਅਕ੍ਰਿਤਘਣ’ ਬਾਰੇ ਕਿਹਾ ਹੈ ਕਿ ਧਰਤੀ ਨੂੰ ਨਾ ਤਾਂ ਅਸਮਾਨ ਛੂੰਹਦੇ ਪਹਾੜ ਭਾਰੇ ਲਗਦੇ ਹਨ, ਨਾ ਹੀ ਕੋਟ ਗੜ੍ਹ ਅਤੇ ਘਰ-ਬਾਰ ਭਾਰੇ ਲੱਗਦੇ ਹਨ, ਨਾ ਹੀ ਸਮੁੰਦਰ, ਨਦ ਅਤੇ ਨਾਲ਼ੇ ਭਾਰੇ ਲੱਗਦੇ ਹਨ, ਨਾ ਉਸ ਨੂੰ ਬ੍ਰਿੱਛ ਜੋ ਫਲਾਂ ਨਾਲ ਲੱਦੇ ਹੋਏ ਹਨ ਭਾਰੇ ਲੱਗਦੇ ਹਨ, ਨਾ ਹੀ ਉਸ ਨੂੰ ਅਣਗਿਣਤ ਵੱਡੇ ਛੋਟੇ ਜੀਵ ਜੰਤੂ ਭਾਰੇ ਲੱਗਦੇ ਹਨ, ਪਰ ਧਰਤੀ ਨੂੰ ‘ਅਕ੍ਰਿਤਘਣ’ ਭਾਰੇ ਲਗਦੇ ਹਨ ਕਿਉਂਕਿ ਇਹ ਮੰਦਿਆਂ ਤੋਂ ਵੀ ਮੰਦੇ ਹਨ:-ਨਾ ਤਿਸ ਭਾਰੇ ਪਰਬਤਾ ਅਸਮਾਨ ਖਹੰਦੇ। ਨਾ ਤਿਸ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ। ਨਾ ਤਿਸ ਭਾਰੇ ਸਾਇਰਾ ਨਦ ਵਾਹ ਵਹੰਦੇ। ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫਲੰਦੇ। ਨਾ ਤਿਸ ਭਾਰੇ ਜੀਅ ਜੰਤ ਅਨਗਣਤ ਫਿਰੰਦੇ। ਭਾਰੇ ਭੁਈ ਅਕਿਰਤਘਣ ਮੰਦੀ ਹੂੰ ਮੰਦੇ। (ਵਾਰ ੩੫, ਪਉੜੀ ੮)
ਭਾਈ ਸਾਹਿਬ ਫਿਰ ਲਿਖਦੇ ਹਨ ਕਿ ਆਮ ਤੌਰ `ਤੇ ਕੁੱਤੇ ਦਾ ਮਾਸ, ਮੁਰਦੇ ਦੀ ਖੋਪਰੀ, ਸ਼ਰਾਬ ਆਦਿ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਇਨ੍ਹਾਂ ਬਾਰੇ ‘ਨਜ਼ਰ’ ਲਗਣ ਦੀ ਧਾਰਨਾ ਵਿੱਚ ਵਿਸ਼ਵਾਸ਼ ਕਰਨ ਵਾਲੇ ਮੰਨਦੇ ਹਨ ਕਿ ਇਨ੍ਹਾਂ ਵਸਤਾਂ ਨੂੰ ਕਿਸੇ ਦੀ ਨਜ਼ਰ ਨਹੀਂ ਲਗਦੀ। ਪਰ ‘ਅਕ੍ਰਿਤਘਣ’ ਇਤਨਾ ਮਾੜਾ ਹੈ ਕਿ ਇਨ੍ਹਾਂ ਵਸਤਾਂ ਨੂੰ ਵੀ ‘ਅਕ੍ਰਿਤਘਣ’ ਦੀ ਨਜ਼ਰ ਲੱਗ ਜਾਂਦੀ ਹੈ:- ਮਦ ਵਿਚਿ ਰਿਧਾ ਪਾਇਕੈ ਕੁਤੈ ਦਾ ਮਾਸੁ। ਧਰਿਆ ਮਾਣਸ ਖੋਪਰੀ ਤਿਸੁ ਮੰਦੀ ਵਾਸੁ। ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ। ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸਾ। ਆਖਿ ਸੁਣਾਏ ਪੁਛਿਆ ਲਾਹੇ ਵਿਸਵਾਸੁ। ਨਦਰੀ ਪਵੈ ਅਕਿਰਤਘਣ ਮਤੁ ਹੋਇ ਵਿਣਾਸੁ। (ਵਾਰ ੩੫, ਪਉੜੀ ੯)
ਲਗਭਗ ਹਰੇਕ ਮਨੁੱਖ ਕੋਸ਼ਸ਼ ਕਰਦਾ ਹੈ ਕਿ ਉਸ ਦੀ ਗਿਣਤੀ ‘ਅਕ੍ਰਿਤਘਣਾਂ’ ਵਿੱਚ ਨਾ ਹੋਵੇ, ਇਸ ਲਈ ਉਹ ਹਰ ਸੰਭਵ ਕੋਸ਼ਸ਼ ਕਰਦਾ ਹੈ ਕਿ ਉਹ ‘ਕ੍ਰਿਤਗਯ’ ਬਣੇ। ਇਸ ਦੌੜ ਵਿੱਚ ਸ਼ਾਮਲ ਹੋਇਆ ਪ੍ਰਾਣੀ ਆਪਣੇ ਉੱਤੇ ਇਹਸਾਨ ਕਰਨ ਵਾਲਿਆਂ ਦੀ ਹਰੇਕ ਜਾਇਜ਼ ਨਜਾਇਜ਼ ਗੱਲ ਮੰਣਨ ਲਈ ਰਾਜ਼ੀ ਹੋ ਜਾਂਦਾ ਹੈ। ਚੂੰਕਿ ਇਹ ਆਮ ਹੀ ਦੇਖਣ ਸੁਣਨ ਵਿੱਚ ਆਉਂਦਾ ਹੈ ਕਿ ਜਦੋਂ ਕੋਈ ਪ੍ਰਾਣੀ ਆਪਣੀ ਮਦਦ ਕਰਨ ਵਾਲੇ ਦੀ ਕਿਸੇ ਗ਼ਲਤ ਕੰਮ ਵਿੱਚ ਹਾਮੀ ਨਹੀਂ ਭਰਦਾ ਜਾਂ ਉਸ ਦਾ ਸਾਥ ਨਹੀਂ ਦੇਂਦਾ ਤਾਂ ਉਸ ਨੂੰ ‘ਅਕ੍ਰਿਤਘਣ’ ਆਖ ਕੇ ਕੋਸਿਆ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਉਸ ਮਨੁੱਖ ਨੂੰ ‘ਅਕ੍ਰਿਤਘਣ’ ਆਖਿਆ ਹੈ ਜਿਹੜਾ ਉਸ ਦਾਤਾਰ ਦਾ ਸ਼ੁਕਰਾਨਾ ਨਹੀਂ ਕਰਦਾ, ਜਿਸ ਨੇ ਇਸ ਨੂੰ ਸਭ ਕੁਛ ਬਖ਼ਸ਼ਸ਼ ਕੀਤਾ ਹੈ। ਗੁਰਬਾਣੀ ਦੇ ਨਿਮਨ ਲਿਖਤ ਸ਼ਬਦ ਵਿਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ॥ ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ॥ ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ॥ ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ॥ ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ॥ ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ॥ ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ॥ ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ॥ (ਪੰਨਾ ੨੬੧)
ਅਰਥ: ਮਨੁੱਖ ਨਾ-ਸ਼ੁਕਰਾ ਹੈ, ਗੁਨਹਗਾਰ ਹੈ, ਹੋਛੀ ਮਤ ਵਾਲਾ ਹੈ ਪਰਮਾਤਮਾ ਨਾਲੋਂ ਓਪਰਾ ਹੀ ਰਹਿੰਦਾ ਹੈ, ਜਿਸ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤੇ ਹਨ, ਉਸ ਅਸਲੇ ਨੂੰ ਪਛਾਣਦਾ ਹੀ ਨਹੀਂ। ਮਾਇਆ ਖੱਟਣ ਦੀ ਖ਼ਾਤਰ ਦਸੀਂ ਪਾਸੀਂ ਭਾਲ ਕਰਨ ਤੁਰਿਆ ਫਿਰਦਾ ਹੈ, ਪਰ ਜੇਹੜਾ ਪ੍ਰਭੂ ਦਾਤਾਰ ਸਭ ਕੁੱਝ ਦੇਣ ਜੋਗਾ ਹੈ, ਉਸ ਨੂੰ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਆਪਣੇ ਮਨ ਵਿੱਚ ਨਹੀਂ ਵਸਾਂਦਾ। ਲਾਲਚ, ਝੂਠ, ਵਿਕਾਰ ਤੇ ਮਾਇਆ ਦਾ ਮੋਹ—ਬੱਸ! ਇਹੀ ਧਨ ਮਨੁੱਖ ਆਪਣੇ ਮਨ ਵਿੱਚ ਸਾਂਭੀ ਬੈਠਾ ਹੈ। ਜੋ ਵਿਸ਼ਈ ਹਨ, ਚੋਰ ਹਨ, ਮਹਾ ਨਿੰਦਕ ਹਨ, ਉਹਨਾਂ ਦੇ ਸਾਥ ਵਿੱਚ ਇਸ ਦੀ ਉਮਰ ਬੀਤਦੀ ਹੈ। (ਪਰ, ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਆਪ ਹੀ ਖੋਟਿਆਂ ਨੂੰ ਖਰਿਆਂ ਦੀ ਸੰਗਤਿ ਵਿੱਚ ਰੱਖ ਕੇ ਬਖ਼ਸ਼ ਲੈਂਦਾ ਹੈਂ। ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ (ਵਿਚਾਰਾਂ ਵਿਚ) ਪੱਥਰ-ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ-ਅੰਮ੍ਰਿਤ ਦੀ ਦਾਤਿ ਦੇ ਕੇ (ਵਿਕਾਰਾਂ ਦੀਆਂ ਲਹਿਰਾਂ ਵਿੱਚ ਡੁਬਣੋਂ) ਬਚਾ ਲੈਂਦਾ ਹੈ।
ਭਾਈ ਗੁਰਦਾਸ ਜੀ ਗੁਰਬਾਣੀ ਦੀ ਜੀਵਨ-ਜੁਗਤ ਨੂੰ ਇਸ ਤਰ੍ਹਾਂ ਦਰਸਾਉਂਦੇ ਹਨ:-ਖਾਧੇ ਲੂਣ ਗੁਲਾਮ ਹੋਇ ਪੀਹਿ ਪਾਣੀ ਢੋਵੈ। ਲੂਣ ਖਾਇ ਕਰਿ ਚਾਕਰੀ ਰਣਿ ਟੁਕ ਟੁਕ ਹੋਵੈ। ਲੂਣ ਖਾਇ ਧੀ ਪੁਤੁ ਹੋਇ ਸਭ ਲਜਾ ਧੋਵੈ। ਲੂਣੁ ਵਣੋਟਾ ਖਾਇਕੈ ਹਥ ਜੋੜਿ ਖਵੋਵੈ। ਵਾਟ ਵਟਾਊ ਲੂਣੁ ਖਾਇ ਗੁਣੁ ਕੰਠਿ ਪਰੋਵੈ। ਲੂਣ ਹਰਾਮੀ ਗੁਨਹਗਾਰ ਮਰਿ ਜਨਮੁ ਵਿਗੋਵੈ। (ਵਾਰ ੩੫, ਪਉੜੀ ੧੧)
ਅਰਥ: ਨੌਕਰ ਲੂਣ ਖਾਣ ਨਾਲ ਗੁਲਾਮ ਮੁੱਲ ਲੀਤੇ ਵਾਂਗੂੰ ਚੱਕੀ ਪੀਂਹਦਾ, ਪਾਣੀ ਦੀਆਂ ਗਾਗਰਾਂ ਢੋਂਦਾ ਹੈ। ਚਾਕਰ ਲੂਣ ਖਾ ਕੇ ਚਾਕਰੀ ਕਰਦਾ, ਰਣ ਵਿਖੇ ਟੁਕੜੇ ਟੁਕੜੇ ਹੋ ਕੇ ਮਰਦਾ ਹੈ। ਧੀਆਂ ਅਤੇ ਪੁੱਤਰ ਮਾਪਿਆਂ ਦਾ ਲੂਣ ਖਾ ਕੇ ਕੁਟੰਬ ਦੀ ਲੱਜਾ ਧੋਂਦੇ ਹਨ। ਸ਼ਾਹ ਦਾ ਗੁਮਾਸ਼ਤਾ ਲੂਣ ਖਾ ਕੇ ਮਾਲਕ ਦੇ ਅੱਗੇ ਹੱਥ ਜੋੜ ਕੇ ਖੜੋਂਦਾ ਹੈ। ਰਸਤੇ ਜਾਂਦਾ ਮੁਸਾਫਰ ਲੂਣ ਖਾ ਕੇ ਗੁਣਾਂ ਦਾ ਕੰਠ ਵਿਖੇ ਹਾਰ ਪਰੋਂਦਾ, ਭਾਵ ਜਿੱਥੇ ਜਾਵੇ ਉੱਥੇ ਉਸਤਤ ਕਰਦਾ ਹੈ। ਲੂਣ ਖਾ ਕੇ ਜੋ ਹਰਾਮ ਕਰੇ, ਉਹ ਪਾਪੀ ਮਰਦਾ ਜੰਮਦਾ ਖਰਾਬ ਹੁੰਦਾ ਹੈ। ਭਾਵ ਜੋ ਅਕਾਲ ਪੁਰਖ ਦਾ ਲੂਣ ਖਾ ਕੇ ਹਰਾਮ ਕਰਦਾ ਹੈ, ਉਸ ਦੀ ਰਜ਼ਾ ਵਾਲਾ ਜੀਵਨ ਬਿਤੀਤ ਨਹੀਂ ਕਰਦਾ, ਉਹ ਮਰਨ ਜੰਮਣ ਦੇ ਦੁਖਾਂ ਵਿੱਚ ਆਪਣਾ ਜਨਮ ਨਸ਼ਟ ਕਰਦਾ ਹੈ।
ਪ੍ਰਚਲਤ ਧਾਰਨਾ ਵਿੱਚ ਉਨ੍ਹਾਂ ਪ੍ਰਾਣੀਆਂ ਨੂੰ ਵੀ ‘ਅਕ੍ਰਿਤਘਣ’ ਆਖਿਆ ਜਾਂਦਾ ਹੈ ਜਿਹੜੇ ਕਿਸੇ ਅਜਿਹੇ ਵਿਅਕਤੀ ਜਾਂ ਸੰਸਥਾ ਦੇ ਕਾਲੇ ਕਾਰਨਾਮਿਆਂ ਨੂੰ ਜੱਗ-ਜ਼ਾਹਰ ਕਰ ਦੇਂਦੇ ਹਨ, ਜਿਹੜੇ ਮਨੁੱਖਤਾ ਲਈ ਬਹੁਤ ਹੀ ਘਾਤਕ ਹੁੰਦੇ ਹਨ। ਕਿਸੇ ਵਿਅਕਤੀ ਪਾਸ ਨੌਕਰੀ ਕਰਨ ਵਾਲਾ ਪ੍ਰਾਣੀ ਜੇਕਰ ਆਪਣੇ ਮਾਲਕ ਦੇ ਕਿਸੇ ਘਿਣਾਉਣੇ ਕਾਰਨਾਮੇ ਦੀ ਗੱਲ ਜੱਗ-ਜ਼ਾਹਰ ਕਰ ਦੇਂਦਾ ਹੈ ਤਾਂ ਇਸ ਨੂੰ ‘ਅਕ੍ਰਿਤਘਣਤਾ’ ਨਹੀਂ ਕਿਹਾ ਜਾ ਸਕਦਾ। ਜੇਕਰ ਕੋਈ ਆਪਣੇ ਕਰਮਚਾਰੀ ਉੱਤੇ ਅਜਿਹਾ ਦੋਸ਼ ਲਾਉਂਦਾ ਹੈ ਤਾਂ ਉਸ ਦਾ ਇਹ ਦੋਸ਼ ਅਰਥਹੀਨ ਹੈ। ਗੁਰਮਤਿ ਦੀ ਰਹਿਣੀ ਵਿੱਚ ਮਨੁੱਖ ਨੂੰ ਕਿਸੇ ਦੁਨਿਆਵੀ ਮਾਲਕ ਦੀ ਬੇਈਮਾਨੀ ਦਾ ਸਾਥ ਦੇ ਕੇ ਨਿਮਕ ਹਲਾਲੀ ਦਾ ਸਬੂਤ ਦੇਣ ਦੀ ਬਜਾਏ, ਉਸ ਅਕਾਲ ਪੁਰਖ ਦੀ ਨਿਮਕ ਹਲਾਲ ਬਣਨ ਲਈ ਉਤਸ਼ਾਹਤ ਕੀਤਾ ਹੈ। ਇਸ ਲਈ ਗੁਰਮਤਿ ਦੀ ਰਹਿਣੀ ਵਿੱਚ ਮਨੁੱਖ ਨੂੰ ਆਪਣੇ ਕਿਸੇ ਕਥਿੱਤ ਦਾਤੇ ਵਲੋਂ ਮਨੁੱਖਤਾ ਦੇ ਘਾਣ ਕਰਨ ਵਾਲੇ ਕਿਸੇ ਵੀ ਅਜਿਹੇ ਕਾਰਨਾਮੇ ਨੂੰ ਛੁਪਾ ਕੇ ਅਖੌਤੀ ਨਿਮਕ ਹਲਾਲ ਦਾ ਸਬੂਤ ਦੇਣ ਦੀ ਥਾਂ ਉਸ ਨੂੰ ਜ਼ਾਹਰ ਕਰ ਕੇ ਅਕਾਲ ਪੁਰਖ ਦੇ ਨਮਕ ਹਲਾਲ ਬਣ ਕੇ ਇਨਸਾਨੀਅਤ ਦਾ ਸਬੂਤ ਦੇਣ ਦੀ ਲੋੜ ਹੈ।
ਕਿਸੇ ਅਜਿਹੇ ਕਾਰਨਾਮੇ ਨੂੰ ਦੇਖ ਕੇ ਖ਼ਾਮੌਸ਼ ਹੋਣਾ ਜਾਂ ਅਜਿਹੇ ਕਿਸੇ ਕੰਮ ਵਿੱਚ ਉਸ ਮਨੁੱਖ ਦੀ ਵਫ਼ਾਦਾਰੀ ਨਿਭਾਉਣ ਲਈ ਸ਼ਾਮਲ ਹੋਣ ਨੂੰ ਗੁਰਮਤਿ ‘ਨਮਕ ਹਲਾਲ’ ਨਹੀਂ ਮੰਨਦੀ, ਜਿਸ ਦੁਆਰਾ ਕੋਈ ਮਨੁੱਖ ਜਾਂ ਸੰਸਥਾਂ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਕਰ ਰਿਹਾ ਹੈ, ਨਿਰਦੋਸ਼ ਲੋਕਾਂ ਨੂੰ ਜਾਨੋਂ ਮਾਰ ਮੁਕਾਉਣ ਦੀ ਵਿਓਂਤ ਬਣਾ ਰਿਹਾ ਹੈ, ਕਿਸੇ ਅਬਲਾ ਦੀ ਪੱਤ ਲੁੱਟਣ ਦੀ ਸਕੀਮ ਬਣਾ ਰਿਹਾ ਹੈ ਜਾਂ ਕੋਈ ਹੋਰ ਅਜਿਹਾ ਕੰਮ ਕਰ ਰਿਹਾ ਹੈ, ਜੋ ਮਨੁੱਖਤਾ ਲਈ ਮਾਰੂ ਹੈ। ਗੁਰਮਤਿ ਦੀ ਜੀਵਨ-ਜੁਗਤ ਵਿੱਚ ਐਸੇ ਪ੍ਰਾਣੀ ਦੀ ਗਿਣਤੀ ‘ਕ੍ਰਿਤਗਯ’ ਵਿੱਚ ਨਹੀਂ ਸਗੋਂ ‘ਅਕ੍ਰਿਤਘਣਾਂ’ ਵਿੱਚ ਹੈ। ਗੁਰਮਤਿ ਦੀ ਜੀਵਨ-ਜੁਗਤ ਮਨੁੱਖ ਨੂੰ ਅਜਿਹੀ ਪਰਿਸੱਿਥਤੀ ਵਿਚ, ਉਸ ਮਨੁੱਖ ਜਾਂ ਉਸ ਸੰਸਥਾ ਦੇ ਘਿਣਾਉਣੇ ਕਾਰਨਾਮੇ ਨੂੰ ਜੱਗ ਜ਼ਾਹਰ ਕਰਕੇ ਮਨੁੱਖਤਾ ਦੀ ਸੇਵਾ ਕਰਕੇ ਅਕਾਲ ਪੁਰਖ ਦਾ ਨਿਮਕ ਹਲਾਲ ਬਣਨ ਲਈ ਪ੍ਰੇਰਦੀ ਹੈ:
(ੳ) ਵਜਹੁ ਸਾਹਿਬ ਕਾ ਸੇਵ ਬਿਰਾਨੀ॥ ਐਸੇ ਗੁਨਹ ਅਛਾਦਿਓ ਪ੍ਰਾਨੀ॥ (ਪੰਨਾ ੩੭੬) ਅਰਥ: (ਹੇ ਭਾਈ!) ਮਨੁੱਖ ਵਿਕਾਰਾਂ ਹੇਠ ਇਉਂ ਦਬਿਆ ਰਹਿੰਦਾ ਹੈ ਕਿ ਖਾਂਦਾ ਤਾਂ ਹੈ ਮਾਲਕ-ਪ੍ਰਭੂ ਦਾ ਦਿੱਤਾ ਹੋਇਆ, ਪਰ ਸੇਵਾ ਕਰਦਾ ਹੈ ਬਿਗਾਨੀ (ਮਾਲਕ-ਪ੍ਰਭੂ ਨੂੰ ਯਾਦ ਕਰਨ ਦੇ ਥਾਂ ਸਦਾ ਮਾਇਆ ਦੀਆਂ ਸੋਚਾਂ ਸੋਚਦਾ ਹੈ)।
(ਅ) ਮੂੜੇ ਤੈ ਮਨ ਤੇ ਰਾਮੁ ਬਿਸਾਰਿਓ॥ ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ॥ ੧॥ ਰਹਾਉ॥ (ਪੰਨਾ ੧੦੦੧) ਅਰਥ: ਹੇ ਮੂਰਖ! ਤੂੰ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ। ਪਰਮਾਤਮਾ ਦਾ ਸਭ ਕੁੱਝ ਦਿੱਤਾ ਖਾ ਕੇ ਬੜੀ ਬੇ-ਸ਼ਰਮੀ ਨਾਲ ਤੂੰ ਹਰਾਮਖੋਰੀ ਕਰ ਰਿਹਾ ਹੈਂ। ੧। ਰਹਾਉ।
ਇਹ ਆਮ ਹੀ ਦੇਖਣ ਸੁਣਨ ਵਿੱਚ ਆਉਂਦਾ ਹੈ ਕਿ ਕਈ ਰਾਜਨੀਤਕ ਨੇਤਾ ਜਾਂ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਕਿਸੇ ਨੂੰ ਨੌਕਰੀ ਆਦਿ ਦਿਵਾਉਂਦੇ ਹਨ ਜਾਂ ਕਿਸੇ ਬੇਈਮਾਨ ਅਤੇ ਭ੍ਰਿਸ਼ਟ ਅਫ਼ਸਰ ਦੀ ਮਦਦ ਕਰਦੇ ਹਨ ਤਾਂ ਇਸ ਦੇ ਬਦਲੇ ਉਨ੍ਹਾਂ ਪਾਸੋਂ ਕਈ ਗ਼ੈਰ-ਕਾਨੂੰਨੀ ਕੰਮ ਕਰਾਉਂਦੇ ਹਨ। ਅਜਿਹੇ ਲੋਕ ਬੜੀ ਖ਼ੁਸ਼ੀ ਨਾਲ ਗ਼ੈਰ-ਕਾਨੂੰਨੀ ਕੰਮ ਕਰਦੇ ਹਨ। ਜੇਕਰ ਕੋਈ ਗ਼ੈਰ-ਕਾਨੂੰਨੀ ਕੰਮ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਮਦਦ ਕਰਨ ਵਾਲਾ ਵਿਅਕਤੀ ਉਸ ਨੂੰ ‘ਅਕ੍ਰਿਤਘਣ’ ਕਹਿੰਦਾ ਹੈ। ਇੱਥੋਂ ਤੀਕ ਕਿ ਧਾਰਮਕ ਖੇਤਰ ਵਿੱਚ ਵੀ ਅਜਿਹਾ ਵਰਤਾਰਾ ਦੇਖਣ ਨੂੰ ਮਿਲਦਾ ਹੈ। ਧਾਰਮਕ ਅਦਾਰਿਆਂ ਵਿਖੇ ਆਮ ਤੌਰ `ਤੇ ਸੇਵਾਦਾਰ ਤੋਂ ਲੈ ਕੇ ਜਥੇਦਾਰ ਤੀਕ ਨਿਯੁਕਤੀ ਕਰਾਉਣ ਵਾਲੇ, ਅਜਿਹੀਆਂ ਨਿਯੁਕਤੀਆਂ ਦੇ ਬਦਲੇ ਵਿੱਚ ਇਨ੍ਹਾਂ ਤੋਂ ਆਪਣੀ ਹਰੇਕ ਜਾਇਜ਼ ਨਜਾਇਜ਼ ਗੱਲ ਵਿੱਚ ਹਿਮਾਇਤ ਦੀ ਆਸ ਰੱਖਦੇ ਹਨ। ਜੇਕਰ ਕੋਈ ਜ਼ਮੀਰ ਦੀ ਆਵਾਜ਼ ਸੁਣ ਕੇ ਕਿਸੇ ਗ਼ਲਤ ਗੱਲ ਮੰਨਣ ਜਾਂ ਗ਼ਲਤ ਕੰਮ ਕਰਨ ਤੋਂ ਇਨਕਾਰ ਕਰ ਦੇਂਦਾ ਹੈ ਤਾਂ ਉਸ ਨੂੰ ਇਹਸਾਨਫ਼ਰਮੋਸ਼ ਦਾ ਪ੍ਰਮਾਣ ਪੱਤਰ ਦੇਣ ਵਿੱਚ ਦੇਰੀ ਨਹੀਂ ਲਾਉਂਦੇ।
ਗੁਰਮਤਿ ਦੀ ਰਹਿਣੀ ਵਿੱਚ ਕੇਵਲ ਉਨ੍ਹਾਂ ਪ੍ਰਾਣੀਆਂ ਨਾਲ ਹੀ ਭਲਿਆਈ ਕਰਨ ਦੀ ਤਾਕੀਦ ਨਹੀਂ ਕੀਤੀ ਗਈ ਜਿਨ੍ਹਾਂ ਦਾ ਅਸੀਂ ਨਮਕ ਖਾਧਾ ਹੋਇਆ ਹੈ ਬਲਕਿ ਹਰੇਕ ਮਨੁੱਖ ਨਾਲ ਹੀ ਭਲਿਆਈ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਗੁਰਬਾਣੀ ਦਾ ਨਿਮਨ ਲਿਖਤ ਫ਼ਰਮਾਨ ਪ੍ਰਭੂ ਦੇ ਬਿਰਧ ਨੂੰ ਦ੍ਰਿੜ ਕਰਵਾ ਕੇ ਮਨੁੱਖ ਨੂੰ ਪ੍ਰਭੂ ਦੇ ਇਸ ਗੁਣ ਨੂੰ ਅਪਣਾਉਣ ਲਈ ਉਤਸ਼ਾਹਤ ਕਰਦਾ ਹੈ:-ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥ (ਪੰਨਾ ੪੭) ਅਰਥ: ਹੇ ਨਾਨਕ! (ਅਰਦਾਸ ਕਰ ਤੇ ਆਖ—) ਹੇ ਪ੍ਰਭੂ! ਤੂੰ ਉਹਨਾਂ ਨੂੰ ਭੀ ਪਾਲਦਾ ਹੈਂ, ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦੇਂਦੇ ਹਨ, ਤੂੰ ਸਦਾ ਹੀ (ਜੀਵਾਂ ਦੀਆਂ ਭੁੱਲਾਂ) ਬਖ਼ਸ਼ਣ ਵਾਲਾ ਹੈਂ।
ਇਸ ਲਈ ਹੀ ਗੁਰਮਤਿ ਦੀ ਜੀਵਨ-ਜੁਗਤ ਵਿੱਚ ਕਿਸੇ ਨਾਲ ਵੀ ਧੋਖਾ, ਬੇਈਮਾਨੀ, ਹੇਰਾ-ਫੇਰੀ ਕਰਨ ਦੀ ਇਜ਼ਾਜਤ ਨਹੀਂ ਹੈ। ਗੁਰਮਤਿ ਵਿੱਚ ਦੇਸ਼, ਜ਼ਾਤ ਅਤੇ ਲਿੰਗ ਭੇਦ ਦੇ ਬਗ਼ੈਰ ਹਰੇਕ ਲੋੜਵੰਦ ਦੀ ਮਦਦ ਕਰਨ ਦੀ ਤਾਕੀਦ ਹੈ। ਭਾਵੇਂ ਆਮ ਤੌਰ `ਤੇ ਮਨੁੱਖ ਜਿਸ ਨਾਲ ਭਲਿਆਈ ਕਰਕੇ ਇਹ ਆਸ ਰੱਖਦਾ ਹੈ ਕਿ ਉਹ ਮਨੁੱਖ ਉਸ ਦਾ ਇਹਸਾਨਮੰਦ ਰਹੇ। ਕਿਸੇ ਤਰ੍ਹਾਂ ਦੀ ਜ਼ਰੂਰਤ ਪੈਣ `ਤੇ ਉਹ ਵਿਅਕਤੀ ਇਸ ਦੀ ਸਹਾਇਤਾ ਦੀ ਆਸ ਕਰਦਾ ਹੈ। ਇਸ ਤਰ੍ਹਾਂ ਆਸ ਕਰਨਾ ਸੁਭਾਵਕ ਹੈ, ਇਸ ਵਿੱਚ ਕੁੱਝ ਗ਼ਲਤ ਵੀ ਨਹੀਂ ਹੈ। ਪਰ ਜਦ ਕੋਈ ਗ਼ਲਤ ਕੰਮ ਕਰਕੇ, ਉਸ ਮਨੁੱਖ ਤੋਂ ਸਹਾਇਤਾ ਦੀ ਆਸ ਕਰੇ ਜਾਂ ਉਹ ਪ੍ਰਾਣੀ ਵੀ ਇਹ ਸੋਚ ਕੇ ਕਿ ਇਸ ਨੇ ਮੇਰੀ ਸਹਾਇਤਾ ਕੀਤੀ ਸੀ, ਹੁਣ ਮੈਨੂੰ ਇਸ ਦੀ ਹਰ ਹੀਲੇ ਸਹਾਇਤਾ ਕਰਨੀ ਹੀ ਪੈਣੀ ਹੈ, ਇਹ ਧਾਰਨਾ ਨਿਮਕ ਹਲਾਲ ਦੀ ਨਹੀਂ ਹੈ। ਅਜਿਹੀ ਪਰਿਸਥਿੱਤੀ ਵਿੱਚ ਉਸ ਮਨੁੱਖ ਦੀ ਸਹਾਇਤਾ ਤੋਂ ਇਨਕਾਰ ਕਰਨ ਵਾਲਾ ਵਿਅਕਤੀ ‘ਅਕ੍ਰਿਤਘਣ’ ਨਹੀਂ ਸਗੋਂ ਨਮਕ ਹਲਾਲ ਹੈ। ਅਜਿਹੇ ਪ੍ਰਾਣੀਆਂ ਦਾ ‘ਕ੍ਰਿਤਗਯ’ ਬਣਨ ਦੀ ਬਜਾਏ ਪ੍ਰਭੂ ਦਾ ‘ਕ੍ਰਿਤਗਯ’ ਬਣਨ ਦੀ ਤਾਕੀਦ ਕੀਤੀ ਹੋਈ ਹੈ। ਦੂਜੇ ਪਾਸੇ ਅਪਰਾਧ ਨੂੰ ਜੱਗ-ਜ਼ਾਹਰ ਕਰਨ ਵਾਲਾ ਵਿਅਕਤੀ ‘ਅਕ੍ਰਿਤਘਣਤਾ’ ਦਾ ਸਬੂਤ ਨਹੀ ਬਲਕਿ ਇਨਸਾਨੀਅਤ ਦਾ ਪ੍ਰਮਾਣ ਹੀ ਪੇਸ਼ ਕਰ ਰਿਹਾ ਹੁੰਦਾ ਹੈ।
ਕਈ ਸੱਜਣ ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਨੂੰ ‘ਕ੍ਰਿਤਗਯ’ ਦੇ ਪ੍ਰਚਲਤ ਭਾਵਾਰਥ ਵਿੱਚ ਲੈਂਦੇ ਹਨ: ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ॥ ਪੰਨਾ ੪੭੪) ਅਰਥ: ਹੇ ਨਾਨਕ! ਜਿਸ ਮਾਲਕ ਦਾ ਦਿੱਤਾ ਖਾਈਏ, ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ।
ਪਰੰਤੂ ਗੁਰਦੇਵ ਦੇ ਇਸ ਫ਼ਰਮਾਨ ਵਿੱਚ ਆਮ ਮਨੁੱਖ ਦੀ ਗੱਲ ਨਹੀਂ ਹੋ ਰਹੀ। ਇਸ ਵਿੱਚ ਤਾਂ ਉਸ ਅਕਾਲ ਪੁਰਖ ਬਾਰੇ ਕਿਹਾ ਗਿਆ ਹੈ ਜੋ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਜਿਹੜਾ ਮਨੁੱਖ ਪ੍ਰਭੂ ਨੂੰ ਦਾਤਾਰ ਸਮਝ ਕੇ ਉਸ ਨੂੰ ਸਾਲਾਹੁੰਦਾ ਹੈ ਉਹ ਕਦੀ ਵੀ ਕਿਸੇ ਵੀ ਮਨੁੱਖ ਨਾਲ, ਕਿਸੇ ਵੀ ਪਰਿਸਥਿੱਤੀ ਵਿੱਚ ਹੇਰਾ-ਫੇਰੀ ਜਾਂ ਬੇਈਮਾਨੀ ਨਹੀਂ ਕਰੇਗਾ। ਉਹ ਤਾਂ ਸਦਾ ਹੀ ਲੋੜਵੰਦਾਂ ਦੀ ਸੇਵਾ ਲਈ ਤਤਪਰ ਰਹੇਗਾ। ਆਪਣੀ ਵਿੱਤ ਅਨੁਸਾਰ ਆਪਣੇ ਬਿਗਾਨੇ ਦੀ ਭਾਵਨਾ ਤੋਂ ਉਪਰ ਉੱਠ ਕੇ ਯੋਗਦਾਨ ਪਾਵੇਗਾ।
ਗੁਰਮਤਿ ਮਨੁੱਖ ਨੂੰ ਕਿਸੇ ਮਨੁੱਖ ਦਾ ਲੂਣ ਖਾ ਕੇ ਇਹਸਾਨ ਫ਼ਰਮੋਸ਼ ਨਾ ਹੋਣ ਦੀ ਥਾਂ ਕਰਤਾਰ ਪ੍ਰਤੀ ਇਹਸਾਨ ਫ਼ਰਾਮੋਸ਼ ਨਾ ਹੋਣ ਦੀ ਪ੍ਰੇਰਨਾ ਦੇਂਦੀ ਹੈ। ਚੂੰਕਿ ਇਸ ਧਾਰਨਾ ਨੇ ਮਨੁੱਖ ਨੂੰ ਮਨੁੱਖਤਾ ਦੇ ਦੁਸ਼ਮਨਾਂ ਦੀ ਮਦਦ ਕਰਨ ਲਈ ਉਤਸ਼ਾਹਤ ਕੀਤਾ ਹੈ। ਮਨੁੱਖ ਨੇ ਇਹ ਸੋਚ ਕੇ ਕਿ ਇਸ ਵਿਅਕਤੀ ਨੇ ਮੇਰੀ ਸਹਾਇਤਾ ਕੀਤੀ ਹੈ, ਮੈਨੂੰ ਵੀ ਹਰ ਹੀਲੇ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਧਾਰਨਾ ਨੇ ਅਨਿਆਂ ਕਰਨ ਵਾਲਿਆਂ ਅਤੇ ਮਨੁੱਖਤਾ ਦਾ ਘਾਣ ਕਰਨ ਵਾਲਿਆਂ ਦੀ ਮਦਦ ਕਰਨ ਲਈ ਮਨੁੱਖ ਨੂੰ ਮਜ਼ਬੂਰ ਕਰ ਦਿੱਤਾ। ਪਰੰਤੂ ਗੁਰਮਤਿ ਦੀ ਜੀਵਨ-ਜੁਗਤ ਨੇ ਮਨੁੱਖ ਨੂੰ ਇਸ ਧਾਰਨਾ ਤੋਂ ਉਪਰ ਉਠਾ ਕੇ, ਪ੍ਰਭੂ ਦਾ ਨਮਕ ਹਲਾਲ ਬਣਨ ਦੀ ਪ੍ਰੇਰਨਾ ਕੀਤੀ ਹੈ, ਜਿਸ ਵਿੱਚ ਹਰੇਕ ਪ੍ਰਾਣੀ ਪ੍ਰਤੀ ਸਦ ਭਾਵ ਹੈ, ਸੱਚੀ ਹਮਦਰਦੀ ਹੈ, ਪਿਆਰ ਦਾ ਜਜ਼ਬਾ ਹੈ, ਦੂਜੇ ਦੇ ਕੰਮ ਆਉਣ ਦੀ ਪ੍ਰਬਲ ਭਾਵਨਾ ਹੈ, ਜਿਸ ਵਿੱਚ ਕਿਸੇ ਤਰ੍ਹਾਂ ਵੀ ਅਨਿਆਂ ਜਾਂ ਜ਼ੁਲਮ ਵਿੱਚ ਹਿੱਸੇਦਾਰੀ ਦਾ ਅੰਸ਼ ਨਹੀਂ ਹੈ।
ਗੁਰਮਤਿ ਦੀਆਂ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ਼ ਰੱਖਣ ਵਾਲਿਆਂ ਨੂੰ ਪਾਖੰਡੀਆਂ, ਮਨੁੱਖਤਾ ਨੂੰ ਕਲੰਕਤ ਕਰਨ ਵਾਲੀਆਂ ਤਾਕਤਾਂ, ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰਨ ਵਾਲਿਆਂ, ਰਿਸ਼ਵਤਖ਼ੋਰਾਂ ਅਤੇ ਹੋਰ ਅਜਿਹੇ ਘਿਣਾਉਣੇ ਕਾਰਨਾਮੇ ਕਰਨ ਵਾਲਿਆਂ ਦਾ ਸਾਥ ਦੇ ਕੇ ਉਨ੍ਹਾਂ ਦਾ ‘ਕ੍ਰਿਤਗਯ’ ਹੋਣ ਦੀ ਥਾਂ ਅਕਾਲ ਪੁਰਖ ਦਾ ‘ਕ੍ਰਿਤਗਯ’ ਹੋ ਕੇ ਸੱਚੀ-ਸੁੱਚੀ ਇਨਸਾਨੀਅਤ ਦਾ ਨਮੂਨਾ ਪੇਸ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਨਾਲ ਹੀ ਨਵੇਂ ਨਰੋਏ ਸਮਾਜ ਦੀ ਸਿਰਜਣਾ ਸੰਭਵ ਹੋ ਸਕੇਗੀ। ਧਿਆਨ ਰਹੇ ਕੋਈ ਵੀ ਇਕੱਲਾ ਵਿਅਕਤੀ ਮਨੁੱਖਤਾ ਦਾ ਘਾਣ ਨਹੀਂ ਕਰ ਸਕਦਾ; ਇਨਸਾਨੀਅਤ ਦੇ ਦੁਸ਼ਮਨਾਂ ਨੂੰ ਇਨਸਾਨੀਅਤ ਦਾ ਘਾਣ ਕਰਨ ਲਈ ਦੂਜਿਆਂ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਜੇਕਰ ਮਨੁੱਖ ਇਸ ਪੱਖੋਂ ਸੁਚੇਤ ਹੋ ਜਾਵੇ ਤਾਂ ਕੋਈ ਵੀ ਵਿਅਕਤੀ ਅਜਿਹਾ ਕਦਮ ਉਠਾਉਣ ਤੋਂ ਪਹਿਲਾਂ ਇੱਕ ਵਾਰ ਨਹੀਂ, ਹਜ਼ਾਰ ਵਾਰ ਸੋਚੇਗਾ।
ਗੁਰਬਾਣੀ ਵਿੱਚ ‘ਅਕ੍ਰਿਤਘਣਤਾ’ ਤੋਂ ਛੁਟਕਾਰਾ ਪਾ ਕੇ ‘ਨਮਕ ਹਲਾਲ’ ਬਣਨ ਦੀ ਜੁਗਤੀ ਇਉਂ ਦ੍ਰਿੜ ਕਰਵਾਈ ਹੋਈ ਹੈ: … ਹਮ ਅਵਗਨ ਕਰਹ ਅਸੰਖ ਨੀਤਿ ਤੁਮੑ ਨਿਰਗੁਨ ਦਾਤਾਰੇ॥ ਦਾਸੀ ਸੰਗਤਿ ਪ੍ਰਭੂ ਤਿਆਗਿ ਏ ਕਰਮ ਹਮਾਰੇ॥ ੨॥ ਤੁਮੑ ਦੇਵਹੁ ਸਭੁ ਕਿਛੁ ਦਇਆ ਧਾਰਿ ਹਮ ਅਕਿਰਤਘਨਾਰੇ॥ ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ॥ ੩॥ ਤੁਝ ਤੇ ਬਾਹਰਿ ਕਿਛੁ ਨਹੀ ਭਵ ਕਾਟਨਹਾਰੇ॥ ਕਹੁ ਨਾਨਕ ਸਰਣਿ ਦਇਆਲ ਗੁਰ ਲੇਹੁ ਮੁਗਧ ਉਧਾਰੇ॥ ੪॥ (ਪੰਨਾ ੮੦੯) ਅਰਥ: ਹੇ ਪ੍ਰਭੂ! ਅਸੀਂ ਸਦਾ ਹੀ ਅਣਗਿਣਤ ਔਗੁਣ ਕਰਦੇ ਰਹਿੰਦੇ ਹਾਂ, ਤੂੰ (ਫਿਰ ਭੀ) ਸਾਨੂੰ ਗੁਣ-ਹੀਨਾਂ ਨੂੰ ਅਨੇਕਾਂ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਸਾਡੇ ਨਿੱਤ ਦੇ ਕਰਮ ਤਾਂ ਇਹ ਹਨ ਕਿ ਅਸੀ ਤੈਨੂੰ ਭੁਲਾ ਕੇ ਤੇਰੀ ਟਹਿਲਣ (ਮਾਇਆ) ਦੀ ਸੰਗਤਿ ਵਿਚ ਟਿਕੇ ਰਹਿੰਦੇ ਹਾਂ।੨।ਹੇ ਪ੍ਰਭੂ! ਅਸੀ (ਜੀਵ) ਨਾ-ਸ਼ੁਕਰੇ ਹਾਂ; ਤੂੰ (ਫਿਰ ਭੀ) ਮੇਹਰ ਕਰ ਕੇ ਸਾਨੂੰ ਹਰੇਕ ਚੀਜ਼ ਦੇਂਦਾ ਹੈਂ। ਹੇ ਖਸਮ-ਪ੍ਰਭੂ! ਅਸੀ ਤੈਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦੇ, ਸਦਾ ਤੇਰੀਆਂ ਦਿੱਤੀਆਂ ਦਾਤਾਂ ਨੂੰ ਹੀ ਚੰਬੜੇ ਰਹਿੰਦੇ ਹਾਂ।੩।ਹੇ (ਜੀਵਾਂ ਦੇ) ਜਨਮ ਦੇ ਗੇੜ ਕੱਟਣ ਵਾਲੇ! (ਜਗਤ ਵਿਚ) ਕੋਈ ਭੀ ਚੀਜ਼ ਤੈਥੋਂ ਆਕੀ ਨਹੀਂ ਹੋ ਸਕਦੀ (ਸਾਨੂੰ ਭੀ ਸਹੀ ਜੀਵਨ-ਰਾਹ ਉਤੇ ਪਾਈ ਰੱਖ) । ਹੇ ਨਾਨਕ! ਆਖ-ਹੇ ਦਇਆ ਦੇ ਸੋਮੇ ਗੁਰੂ! ਅਸੀ ਤੇਰੀ ਸਰਨ ਆਏ ਹਾਂ, ਸਾਨੂੰ ਮੂਰਖਾਂ ਨੂੰ (ਔਗੁਣਾਂ ਭੁੱਲਾਂ ਤੋਂ) ਬਚਾਈ ਰੱਖ।੪।
ਮਨਮੁਖ ਵਡਾ ਅਕ੍ਰਿਤਘਣੁ ਦੂਜੈ ਭਾਇ ਸੁਆਇ ਲੁਭਾਈ॥ ਸਿਰਜਨਹਾਰ ਨ ਚਿਤਿ ਵਸਾਈ॥ (ਵਾਰ ੩੭, ਪਉੜੀ ੨੩) ਅਰਥ: ਮਨਮੁਖ ਵੱਡਾ ਅਕ੍ਰਿਤਘਣ ਹੈ ਕਿਉਂ ਜੋ ਦੂਜੇ ਭਾਉ ਦੇ ਸੁਆਦ ਵਿਖੇ ਲੁਭਾਇਮਾਨ ਹੋ ਰਿਹਾ ਹੈ। ਸਿਰਜਣਹਾਰ ਨਿਰੰਕਾਰ ਨੂੰ ਚਿੱਤ ਵਿਖੇ ਨਹੀਂ ਸਿਮਰਣ ਕਰਦਾ।




.