.

“ਤਿਨਾੑ ਸਵਾਰੇ ਨਾਨਕਾ

ਜਿਨੑ ਕਉ ਨਦਰਿ ਕਰੇ” (ਭਾਗ 2)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਦਾ ਪਹਿਲਾ ਭਾਗ ਜ਼ਰੂਰ ਪੜੋ ਜੀ)

ਇਸ ਤਰ੍ਹਾਂ ਗੁਰਮੱਤ ਪਾਠ G 0105 ਭਾਗ ਪਹਿਲਾ `ਚ ਦੇਖ ਚੁੱਕੇ ਹਾਂ ਕਿ ਮਨੁਖਾ ਜਨਮ ਹੀ ਇਕੋ ਇੱਕ ਜੂਨ ਤੇ ਜਨਮ ਹੈ ਜਦੋਂ ਪ੍ਰਭੂ ਦੇ ਸੱਚੇ ਨਿਆਂ `ਚ, ਇਸ ਦੇ ਜੀਵਨ ਵਿਚਲੇ ਸੁਆਸ ਸੁਆਸ ਤੇ ਘੜੀ ਘੜੀ ਦੀ ਕਰਣੀ ਦਾ ਲੇਖਾ ਜੋਖਾ ਵੀ ਨਾਲੋ ਨਾਲ ਹੁੰਦਾ ਹੈ। ਦੂਜਾ, ਇਹ ਮਨੁੱਖਾ ਜਨਮ ਹੀ ਇਕੋ ਇੱਕ ਅਜਿਹੀ ਜੂਨ ਹੈ ਜਦੋਂ ਜ਼ਿੰਦਗੀ ਭਰ ਇਸ ਦੇ ਇੱਕ ਇੱਕ ਸੁਆਸ ਨੂੰ ਕਰਤੇ ਦੇ ਸਿਮਰਨ-ਭਜਨ ਨਾਲ ਜੋੜ ਕੇ, ਜੀਵਨ ਦੀ ਸੰਭਾਲ ਕੀਤੀ ਜਾ ਸਕਦੀ ਹੈ ਤੇ ਕਰਣੀ ਵੀ ਹੈ। ਇਸ ਤਰ੍ਹਾਂ ਇਹੀ ਇੱਕ ਢੰਗ ਹੈ ਇਸ ਜਨਮ ਨੂੰ ਹਊਮੈ, ਵਿਕਾਰਾਂ ਤੇ ਅਉਗੁਣਾ ਆਦਿ ਤੋਂ ਬਚਾਉਣਾ ਤੇ ਜੀਊਂਦੇ ਜੀਅ, ਅਸਲੇ ਪ੍ਰਭੂ `ਚ ਅਭੇਦ ਹੋਣ ਦਾ। ਗੁਰਬਾਣੀ ਅਨੁਸਾਰ ਇਸੇ ਦਾ ਨਾਮ ਜੀਵਨਮੁਕਤ ਹੋਣਾ ਹੈ ਭਾਵ ਜੀਊਂਦੇ ਜੀਅ ਵਿਕਾਰਾਂ, ਅਉਗੁਣਾ ਤੋਂ ਮੁੱਕਤ ਹੋਣਾ। ਤਾਕਿ ਜੀਵ ਨੂੰ ਫ਼ਿਰ ਤੋਂ ਬਾਰ ਬਾਰ ਦੇ ਜੂਨਾਂ-ਜਨਮਾਂ ਦੇ ਗੇੜ੍ਹ `ਚ ਨਾ ਪੈਣਾ ਪਵੇ। ਮਨੁੱਖਾ ਜੀਵਨ ਦੇ ਇਹੀ ਦੋ ਜੁੜਵੇਂ ਕੱਦਮ ਹਨ ਜਿਨ੍ਹਾਂ `ਤੇ ਇਸ ਦੁਰਲਭ ਤੇ ਅਮੁਲੇ ਜਨਮ ਦੀ ਸੰਭਾਲ ਅਥਵਾ ਬਰਬਾਦੀ ਅਤੇ ਤਬਾਹੀ, ਭਾਵ ਦੋਵੇਂ ਪੱਖ ਖੜੇ ਹਨ।

“ਕਊਆ ਕਹਾ ਕਪੂਰ ਚਰਾਏ” - ਇਸ ਤਰ੍ਹਾਂ ਸੁਆਲ ਪੈਦਾ ਹੁੰਦਾ ਹੈ ਕਿ ਕਰਤੇ ਦੀ ਬੇਅੰਤ ਰਚਨਾ ਵਿਚਲੀਆਂ ਅਰਬਾਂ-ਖਰਬਾਂ ਜੂਨਾਂ ਚੋਂ ਕੇਵਲ ਇਕੋ ਇੱਕ ਮਨੁੱਖਾ ਜੂਨ ਹੀ ਕਿਉਂ ਅਜਿਹੀ ਜੂਨ ਹੈ ਜਿਸ `ਤੇ ਉਪਰਲੇ ਦੋ ਪੱਖ ਲਾਗੂ ਹੁੰਦੇ ਹਨ ਤੇ ਬਾਕੀ ਜੂਨਾਂ ਤੇ ਇਹ ਕਿਉਂ ਲਾਗੂ ਨਹੀਂ ਹੁੰਦੇ? ਇਸ ਦਾ ਵੀ ਕਾਰਨ ਹੈ। ਦਰਅਸਲ ਮਨੁੱਖਾ ਜੂਨ ਤੋਂ ਇਲਾਵਾ ਬਾਕੀ ਅਰਬਾਂ-ਖਰਬਾਂ ਜੂਨਾਂ ਬਲਕਿ ਕਈ ਵਾਰ ਤਾਂ ਮਨੁੱਖਾ ਜੂਨ ਵੀ, ਪਿਛਲਾ ਮਨੁੱਖਾ ਜਨਮ ਬਿਰਥਾ ਹੋਣ ਦੀ ਸੂਰਤ `ਚ, ਉਸ ਸਮੇਂ ਦੇ ਕਰਮਾਂ ਸੰਸਕਾਰਾਂ ਦਾ ਕੇਵਲ ਲੇਖਾ-ਜੋਖਾ ਤੇ ਸਜ਼ਾਵਾਂ ਮਾਤ੍ਰ ਕੋਠਰੀਆਂ (Cells) ਹੀ ਹੁੰਦੀਆਂ ਹਨ। ਉਨ੍ਹਾਂ ਜੂਨਾਂ `ਚ, ਜੀਵ ਨੂੰ ਪ੍ਰਭੂ ਨੇ ਜਿਸ ਤਰ੍ਹਾਂ ਦਾ ਵੀ ਜੀਵਨ ਦਿੱਤਾ ਹੁੰਦਾ ਹੈ ਉਥੇ ਜੀਵ ਆਪਣੀ ਮਰਜ਼ੀ ਨਾਲ ਉਸ `ਚ ਕੁੱਝ ਵੀ ਵਾਧਾ ਘਾਟਾ ਨਹੀਂ ਕਰ ਸਕਦਾ।

ਜਦੋਂ ਇਹੀ ਨਹੀਂ ਤਾਂ ਉਨ੍ਹਾਂ ਜੂਨਾਂ ਸਮੇਂ ਲੇਖਾ ਜੋਖਾ ਕਾਹਦਾ ਤੇ ਉਨ੍ਹਾਂ ਰਾਹੀਂ ਸੁਆਸ ਸੁਆਸ ਦਾ ਸਿਮਰਨ ਕਿੱਥੇ ਤੇ ਕਿਉਂ? ਦੁਖਣਾ ਹੈ ਕਿ ਇਹ ਸੁਆਸਾਂ ਵਾਲਾ ਨਿਯਮ ਹਰੇਕ ਜੀਵ ਸ਼੍ਰੇਣੀ `ਚ ਹੈ ਪਰ ਉਥੇ ਕੇਵਲ ਉਨ੍ਹਾਂ ਦੀ ਜ਼ਿੰਦਗੀ ਨੂੰ ਚਲਾਉਣ ਲਈ। ਬੇਸ਼ੱਕ ਉਸ ਬਾਰੇ ਤੇ ਇਨ੍ਹਾਂ ਭਿੰਨ ਭਿੰਨ ਵਿਸ਼ਿਆਂ `ਤੇ ਗੁਰਬਾਣੀ `ਚ ਬਥੇਰੇ ਸਬੂਤ ਤੇ ਪ੍ਰਮਾਣ ਹਨ ਪਰ ਹੱਥਲੇ ਵਿਸ਼ੇ ਨੂੰ ਸਮਝਣ ਲਈ ਅਸੀਂ ਇਥੇ ਆਸਾ ਰਾਗ ਵਿਚਲਾ ਕਬੀਰ ਸਾਹਿਬ ਦਾ ਇੱਕ ਸ਼ਬਦ ਲੈਂਦੇ ਹਾਂ ਜੋ ਇਸ ਪ੍ਰਕਾਰ ਹੈ।

“ਆਸਾ॥ ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ॥ ਕਹਾ ਸਾਕਤ ਪਹਿ ਹਰਿ ਗੁਨ ਗਾਏ॥ ੧ ॥ ਰਾਮ ਰਾਮ ਰਾਮ ਰਮੇ ਰਮਿ ਰਹੀਐ॥ ਸਾਕਤ ਸਿਉ ਭੂਲਿ ਨਹੀ ਕਹੀਐ॥ ੧ ॥ ਰਹਾਉ॥ ਕਊਆ ਕਹਾ ਕਪੂਰ ਚਰਾਏ॥ ਕਹ ਬਿਸੀਅਰ ਕਉ ਦੂਧੁ ਪੀਆਏ॥ ੨ ॥ ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ॥ ੩ ॥ ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ॥ ੪ ॥ ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ॥ ਕਹਤ ਕਬੀਰ ਉਆ ਕੋ ਸਹਜੁ ਨ ਜਾਈ”॥ ੫ ॥ ੭ ॥ ੨੦ (ਪੰ: ੪੮੧)

ਇਸ ਸ਼ਬਦ `ਚ ਕਬੀਰ ਸਾਹਿਬ ਰਹਾਉ ਵਾਲੇ ਬੰਦ `ਚ ਫ਼ੁਰਮਾਉਂਦੇ ਹਨ, ਐ ਇਨਸਾਨ! ਤੈਨੂੰ ਅਕਾਲਪੁਰਖ ਨੇ ਮਨੁੱਖ ਦਾ ਜਨਮ ਬਖ਼ਸ਼ਿਆ ਹੋਇਆ ਹੈ। ਇਸ ਲਈ, ਇਸ ਜਨਮ `ਚ ਤੂੰ ਆਪਣੇ ਜੀਵਨ ਦੀ ਸਫ਼ਲਤਾ ਤੇ ਸੰਭਾਲ ਲਈ ਅਕਾਲਪੁਰਖ ਦੀ ਸਿਫ਼ਤ ਸਲਾਹ ਕਰ ਤੇ ਇਸ ਤਰ੍ਹਾਂ ਤੂੰ ਆਪਣੇ ਕਰਤੇ `ਚ ਅਭੇਦ ਹੋ ਜਾ, ਤਾ ਕਿ ਤੂੰ ਨਿਤ ਦੇ ਜਨਮ ਮਰਣ ਵਾਲੇ ਚਕਰ ਤੋਂ ਆਜ਼ਾਦ ਹੋ ਜਾਵੇਂ।

ਇਸ ਦੇ ਨਾਲ, ਕਬੀਰ ਸਾਹਿਬ ਇਸ ਸ਼ਬਦ `ਚ ਇਹ ਵੀ ਦ੍ਰਿੜ ਕਰਵਾਉਂਦੇ ਹਨ, ਐ ਭਾਈ! ਚੇਤੇ ਰਖ! ਮਨੁੱਖਾ ਜੂਨ `ਚ ਵੀ ਕੁੱਝ ਅਜਿਹੇ ਹੁੰਦੇ ਹਨ ਜੋ ਮਨੁੱਖਾ ਜੂਨ `ਚ ਹੁੰਦੇ ਹੋਏ ਵੀ ਕੇਵਲ ਬਾਕੀ ਜੂਨਾਂ ਵਾਂਗ, ਕੇਵਲ ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ ਦੀ ਸਜ਼ਾ ਹੀ ਭੋਗ ਰਹੇ ਹੁੰਦੇ ਹਨ। ਇਸ ਲਈ “ਸਾਕਤ ਸਿਉ ਭੂਲਿ ਨਹੀ ਕਹੀਐ”। ਤਾਂ ਤੇ ਅਜਿਹੇ ਮਹਿਸੂਸ ਹੋਣ ਵਾਲੇ ਲੋਕਾਂ ਨਾਲ ਵੀ ਮਗ਼ਜ਼ ਪੱਚੀ ਕਰਣ ਦਾ ਲਾਭ ਨਹੀਂ ਹੁੰਦਾ। ਕਿਉਂਕਿ ਅਜਿਹੇ ਸਾਕਤ ਵੀ ਕੁਤਿਆਂ (ਕਊਏ, ਸਪ, ਨੀਮ) ਆਦਿ ਵਰਗੀਆਂ ਜੂਨਾਂ ਵਾਂਗ, ਕੇਵਲ ਜੂਨ ਨੂੰ ਹੀ ਭੋਗ ਰਹੇ ਹੁੰਦੇ ਹਨ। ਜਦਕਿ ਉਥੇ ਤਾਂ “ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ” ਵਾਲੀ ਗੱਲ ਹੀ ਹੁੰਦੀ ਹੈ। ਠੀਕ ਉਸੇ ਤਰ੍ਹਾਂ, ਜਿਵੇਂ ਬਾਣੀ ‘ਆਸਾ ਕੀ ਵਾਰ’ `ਚ ਗੁਰਦੇਵ ਅਜਿਹੇ ਲੋਕਾਂ ਲਈ ਫ਼ੁਰਮਾਉਂਦੇ ਹਨ “ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ॥ ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭੀ ਕਾਈ ਕਾਰ” (ਪੰ: ੪੬੬)।

ਜਦਕਿ ਇਥੇ ਕਬੀਰ ਸਾਹਿਬ, ਮਨੁੱਖਾ ਜੂਨ ਸਮੇਂ ਵੀ, ਦੂਜੀਆਂ ਜੂਨਾਂ ਵਾਂਗ, ਕੇਵਲ ਆਪਣੇ ਪਿਛਲੇ ਕਰਮਾਂ ਦੀ ਸਜ਼ਾ ਭੁਗਤ ਰਹੇ ਅਜਿਹੇ ਸਾਕਤਾਂ ਲਈ ਵੀ ਕਹਿੰਦੇ ਹਨ, ਚੂੰਕਿ ਉਹ ਵੀ ਇਸ ਸਮੇਂ ਮਨੁੱਖਾ ਜੂਨ `ਚ ਹਨ। ਇਸ ਲਈ ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ” ਭਾਵ ਮਨੁੱਖਾ ਜੂਨ ਨੂੰ ਭੁਗਤਾਅ ਰਹੇ ਅਜਿਹੇ ਸਾਕਤ ਵੀ, ਜੇਕਰ ਗੁਰਮੁਖਾਂ ਵਾਂਗ ਸਤਿਸੰਗ `ਚ ਆ ਜਾਣ, ਤਾਂ ਸਮਝਣਾ ਹੈ ਕਿ ਚੰਗੇ-ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਤਾਂ ਸਾਧ-ਸੰਗਤ `ਚ ਬੈਠਿਆਂ ਹੀ ਆਉਣੀ ਹੈ। ਠੀਕ ਉਸੇ ਤਰ੍ਹਾਂ, ਜਿਵੇਂ ਪਾਰਸ ਨੂੰ ਛੋਹ ਕੇ ਲੋਹਾ ਵੀ ਸੋਨਾ ਹੋ ਜਾਂਦਾ ਹੈ; ਉਸੇ ਤਰ੍ਹਾਂ ਅਜਿਹੇ ਸਾਕਤ ਵੀ ਜੇਕਰ ਜੀਵਨ ਦੀ ਸੰਭਾਲ ਕਰਣਾ ਚਾਹੁਣ ਤਾਂ ਉਹ ਵੀ ਸਾਧਸੰਗਤ `ਚ ਆ ਕੇ ਆਪਣੇ ਜੀਵਨ ਦੀ ਸੰਭਾਲ ਕਰ ਸਕਦੇ ਹਨ।

“ਜੋ ਧੁਰਿ ਲਿਖਿਆ ਸੁ ਕਰਮ ਕਮਾਇਆ” - ਜਦਕਿ ਬਾਕੀ ਜੂਨਾਂ ਲਈ ਕਬੀਰ ਸਾਹਿਬ ਦੂਜੀ ਗੱਲ ਨੂੰ ਹੀ ਸਪਸ਼ਟ ਕਰ ਰਹੇ ਹਨ। ਉਨ੍ਹਾ ਜੂਨਾਂ ਬਾਰੇ ਬਿਲਕੁਲ ਸਾਫ਼ ਕਰਦੇ ਹਨ, ਕਿਉਂਕਿ ਮਨੁੱਖ ਤੋਂ ਇਲਾਵਾ ਬਾਕੀ ਸਾਰੀਆਂ ਜੂਨਾਂ ਕੇਵਲ ਸਜ਼ਾਵਾਂ ਮਾਤ੍ਰ ਹੀ ਹੁੰਦੀਆਂ ਹਨ ਜਿੱਥੇ ਜੀਵ, ਪ੍ਰਭੂ ਦੇ ਨਿਆਂ `ਚ ਮਿਲੀ ਹੋਈ ਜੂਨ ਸਮੇਂ ਆਪਣੀ ਮਰਜ਼ੀ ਨਾਲ ਟਸ ਤੋਂ ਮਸ ਤੇ ਇਧਰ ਤੋਂ ਉਧਰ ਵੀ ਨਹੀਂ ਹੋ ਸਕਦਾ। ਉਸ ਨੂੰ ਉਸ ਪ੍ਰਾਪਤ ਜੂਨ ਅਨੁਸਾਰ ਜੋ ਵੀ ਜੀਵਨ ਮਿਲਿਆ ਹੋਇਆ ਹੈ, ਉਹ ਆਪਣੀ ਉਸ ਜੂਨ ਨੂੰ, “ਜੋ ਧੁਰਿ ਲਿਖਿਆ ਸੁ ਕਰਮ ਕਮਾਇਆ” ਭਾਵ ੳੇੁਸੇ ਤਰ੍ਹਾਂ ਹੀ ਭੁਗਤਾਉਣ ਲਈ ਮਜਬੂਰ ਹੁੰਦਾ ਹੈ। ਵਿਸ਼ੇ ਨਾਲ ਸਬੰਧਤ ਕੁੱਝ ਵੇਰਵਾ ਦਿੰਦੇ ਹੋਏ ਤੇ ਉਸ ਦੀ ਪ੍ਰੌੜਤਾ `ਚ ਕਬੀਰ ਸਾਹਿਬ ਇਸ ਸ਼ਬਦ `ਚ ਸਾਕਤ ਦੇ ਨਾਲ ਨਾਲ ਕੁਤੇ, ਕਉਏ, ਸੱਪ ਤੇ ਨਿੰਮ ਦੀਆਂ ਮਿਸਾਲਾਂ ਵੀ ਦਿੰਦੇ ਹਨ।

ਫ਼ੁਰਮਾਉਂਦੇ ਹਨ, ਮੰਨ ਲਉ, ਜੇ ਕੋਈ ਜੀਵ ਜਦੋਂ ਕਿਸੇ ਕੁੱਤੇ ਦੀ ਜੂਨ `ਚ ਪਿਆ ਹੋਇਆ ਹੈ। ਸਪਸ਼ਟ ਹੈ ਕਿ ਉਸ ਦੀ ਅਜਿਹੀ ਜੂਨ ਸਮੇਂ, ਉਸ ਨੂੰ ਜੇ ਕੋਈ ਮਨੁੱਖ ਸਿਮ੍ਰਤੀਆਂ ਭਾਵ ਉਸ ਨੂੰ ਧਰਮ ਉਪਦੇਸ਼ ਵੀ ਦੇਣਾ ਚਾਹੇ ਤਾਂ ਉਸ ਕੁਤੇ ਨੂੰ ਇਸ ਦਾ ਕੋਈ ਲਾਭ ਨਹੀਂ। ਇਸੇ ਤਰ੍ਹਾਂ ਜੇ ਕੋਈ ਮਨੁੱਖ, ਕਿਸੇ ਕਊਏ ਅੱਗੇ ਕਪੂਰ ਭਾਵ ਖੁਸ਼ਬੂਆਂ ਦਾ ਢੇਰ ਲਗਾ ਦੇਵੋ ਪਰ ਉਸ ਕਊਏ ਵਾਲੀ ਜੂਨ `ਚ ਪਏ ਜੀਵ ਨੂੰ ਤਾਂ ਫ਼ਿਰ ਵੀ ਵਿਸ਼ਟਾ `ਤੇ ਹੀ ਜਾ ਕੇ ਬੈਠਣਾ ਪਵੇਗਾ। ਇਸੇ ਤਰ੍ਹਾਂ ਸੱਪ ਦੀ ਮਿਸਾਲ ਦਿੰਦੇ ਹਨ। ਕਹਿੰਦੇ ਹਨ ਸਪ ਦੀ ਜੂਨ `ਚ ਪਏ ਹੋਏ ਕਿਸੇ ਜੀਵ ਨੂੰ, ਬੇਸ਼ੱਕ ਦੁਧ ਪਿਆ ਦੇਵੋ। ਤਾਂ ਵੀ ਉਸ ਜੂਨ `ਚ ਪਿਆ ਜੀਵ, ਉਸ ਜੂਨ ਦੀ ਕਰਣੀ ਅਨੁਸਾਰ ਕਟਣੋਂ ਨਹੀਂ ਰਵੇਗਾ। ਉਹ ਤੁਹਾਡੇ ਦੁਧ ਪਿਲਾਉਣ ਬਾਅਦ ਵੀ ਤੁਹਾਡਾ ਕਦੇ ਹਮਦਰਦ ਤੇ ਮਿਤ੍ਰ ਨਹੀਂ ਬਣ ਸਕਦਾ।

ਉਪ੍ਰੰਤ ਬਿਰਖ ਭਾਵ ਪੌਦਾ ਜੇ ਨੀਮ ਦਾ ਹੈ। ਇਸ ਤਰ੍ਹਾਂ ਉਸ ਸਮੇਂ ਕਿਸੇ ਜੀਵ ਨੂੰ ਪ੍ਰਭੂ ਵੱਲੋਂ ਉਸ ਦੇ ਮਨੁੱਖਾ ਜੂਨ ਸਮੇਂ ਕੀਤੇ ਕਰਮਾ ਅਨੁਸਾਰ ਜੇਕਰ ਨੀਮ ਵਾਲੀ ਜੂਨ ਮਿਲੀ ਹੋਈ ਹੈ। ਇਸ ਤੋਂ ਬਾਅਦ, ਤੁਸੀਂ ਜੇਕਰ ਉਸ ਨੀਮ ਦੀਆਂ ਜੜ੍ਹਾਂ ਨੂੰ ਬੇਸ਼ਕ ਅੰਮ੍ਰਿਤ ਭਾਵ ਮਿਠੇ ਰਸਾਂ ਨਾਲ ਵੀ ਸੀਂਚ ਦੇਵੋ। ਫ਼ਿਰ ਵੀ ਉਸ ਨੂੰ ਆਪਣੀ ਉਹ ਜੂਨ ਕੁੜਿਤਣ ਤੇ ਕੜਵਾਹਟ `ਚ ਹੀ ਕੱਟਣੀ ਪੈਣੀ ਹੈ। ਅਜਿਹੀ ਜੂਨ ਸਮੇਂ ਉਹ ਮਿਠਾਸ ਵਾਲੇ ਰਸ ਦਾ ਸੁਆਦ, ਜੇ ਚਾਹੇ ਤਾਂ ਵੀ ਨਹੀਂ ਵੀ ਨਹੀਂ ਮਾਨ ਸਕਦਾ। ਕਿਉਂਕਿ ਅਜਿਹੀ ਜੂਨ ਸਮੇਂ ਉਸ ਨੂੰ ਕਰਤੇ ਨੇ ਅਜਿਹੀ ਸਮ੍ਰਥਾ ਬਖ਼ਸ਼ੀ ਹੀ ਨਹੀਂ।

ਇਸ ਤਰ੍ਹਾਂ ਸਿਵਾਏ ਮਨੁੱਖ ਜੂਨ ਦੇ ਬਾਕੀ ਅਰਬਾਂ-ਖਰਬਾਂ ਜੂਨਾਂ ਕੇਵਲ “ਜੋ ਧੁਰਿ ਲਿਖਿਆ ਸੁ ਕਰਮ ਕਮਾਇਆ” ਅਨੁਸਾਰ ਜੀਵ ਉਸ ਪ੍ਰਾਪਤ ਜੂਨ ਦੇ ਸੁਭਾਅ ਤੇ ਰਹਿਣੀ ਆਦਿ `ਚ, ਆਪਣੀ ਮਰਜ਼ੀ ਨਾਲ ਵਾਧਾ-ਘਾਟਾ ਨਹੀਂ ਕਰ ਸਕਦਾ। ਇਸ ਲਈ ਇਹ ਸਮ੍ਰਥਾ ਕੇਵਲ ਮਨੁੱਖਾ ਜੂਨ `ਚ ਹੀ ਹੈ ਕਿ ਮਨੁੱਖ, ਜੇਕਰ ਇਸ ਜਨਮ ਸਮੇਂ ਗੁਰੂ ਗਿਆਨ ਦੀ ਕਮਾਈ ਕਰੇ ਤਾਂ ਉਸ ਦਾ ਨਤੀਜਾ ਹੋਵੇਗਾ “ਸੰਤਸੰਗਿ ਹਰਿ ਸਿਮਰਣਾ, ਮਲੁ ਜਨਮ ਜਨਮ ਕੀ ਕਾਟਿ” (ਪੰ: ੪੮)। ਇਸ ਤਰ੍ਹਾਂ ਮਨੁੱਖ ਕੇਵਲ ਇਸ ਜਨਮ ਦੇ ਨਹੀਂ ਬਲਕਿ ਪਿਛਲੇ ਜਨਮਾਂ ਜਨਮਾਂਤ੍ਰਾ ਦੀ ਕਾਲਖ਼ ਧੋਣ `ਚ ਸਫ਼ਲ ਹੋ ਸਕਦਾ ਹੈ। ਜੀਊਂਦੇ ਜੀਅ ਵੀ ਹਉਮੈ ਵਿਕਾਰ ਰਹਿਤ ਹੋ ਕੇ ਅਨੰਦਮਈ, ਟਿਕਾਅ ਵਾਲਾ ਤੇ ਸੰਤੋਖੀ ਜੀਵਨ ਬਤੀਤ ਕਰੇਗਾ। ਉਪ੍ਰੰਤ ਸਰੀਰਕ ਮੌਤ ਬਾਅਦ ਵੀ ਅਜਿਹੇ ਗੁਰਮੁਖ “ਕਹੁ ਕਬੀਰ ਜਿਸੁ ਸਤਿਗੁਰੁ ਭੇਟੈ, ਪੁਨਰਪਿ ਜਨਮਿ ਨ ਆਵੈ” (ਪੰ: ੪੭੬) ਮੁੜ ਜਨਮਾ ਜੂਨਾ `ਚ ਨਹੀਂ ਆਉਂਦੇ।

ਜਦਕਿ ਮਨੁੱਖਾ ਜਨਮ ਬਾਰੇ ਹੀ ਗੁਰਬਾਣੀ `ਚ ਬੇਅੰਤ ਵਾਰੀ ਇਹ ਵੀ ਸਪਸ਼ਟ ਕੀਤਾ ਹੋਇਆ ਦਾ ਹੈ ਕਿ ਮਨੁੱਖਾ ਜਨਮ ਪਾ ਕੇ ਵੀ ਬਹੁਤੇ ਸੰਸਾਰਕ ਮੋਹ ਮਾਇਆ `ਚ ਡੁੱਬੇ ਰਹਿ ਕੇ ਆਪਣਾ ਇਹ ਦੁਰਲਭ ਮਨੁੱਖਾ ਜਨਮ ਵੀ ਬਿਰਥਾ ਕਰਕੇ ਹੀ ਜਾਂਦੇ ਹਨ। ਉਨ੍ਹਾਂ ਦੀ ਹਾਲਤ “ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ” (ਪੰ: ੪੬੮) ਵਾਲੀ ਹੀ ਹੁੰਦੀ ਹੈ। ਉਸੇ ਦਾ ਨਤੀਜਾ, ਉਹ ਵੀ ਫ਼ਿਰ ਤੋਂ ਭਿੰਨ ਭਿੰਨ ਜਨਮਾਂ-ਜੂਨਾਂ ਤੇ ਗਰਭਾਂ ਦੇ ਦੁਖਾਂ ਨੂੰ ਸਹਾਰਣ ਲਈ ਮਜਬੂਰ ਹੁੰਦੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਉਪਰਲੇ ਸ਼ਬਦ `ਚ ਕਬੀਰ ਸਾਹਿਬ ਕੁਤੇ, ਸਪ, ਕਉਏ, ਨੀਮ ਆਦਿ ਦੀ ਗੱਲ ਕਰ ਰਹੇ ਹਨ। ਇਸ ਤਰ੍ਹਾਂ “ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ॥ ਪੂਰੇ ਗੁਰ ਕੈ ਸਬਦਿ ਪਛਾਤਾ” (ਪੰ: ੧੨੭) ਭਾਵ ਉਹ ਵਿਰਲੇ ਹੀ ਹੁੰਦੇ ਹਨ ਜੋ ਇਸ ਮਨੱਖਾ ਜਨਮ ਵਾਲਾ ਲਾਹਾ ਲੈ ਕੇ, ਇਸ ਸੰਸਾਰ ਤੋਂ ਵਾਪਿਸ ਜਾਂਦੇ ਹਨ।

“ਊਠਤ ਬੈਠਤ ਠੇਗਾ ਪਰਿਹੈ” - ਇਸੇ ਤਰ੍ਹਾਂ ਮਨੁੱਖਾ ਜਨਮ ਨੂੰ ਬਿਰਥਾ ਕਰ ਦੇਣ ਤੋਂ ਬਾਅਦ ਦੂਜੀਆਂ ਜੂਨਾਂ `ਚ ਵਿਚਰਣ ਸਮੇਂ, ਜੀਵ ਨੂੰ ਕੈਸੇ ਕੈਸੇ ਹਾਲਾਤ `ਚੋਂ ਨਿਕਲਣਾ ਪੈਂਦਾ ਹੈ, ਕਬੀਰ ਸਾਹਿਬ ਰਾਗ ਗੂਜਰੀ ਵਿਚਲੇ ਇੱਕ ਸ਼ਬਦ `ਚ ਉੇਸ ਦਾ ਪ੍ਰਗਟਾਵਾ ਵੀ ਕਰਦੇ ਹਨ। ਕਬੀਰ ਸਾਹਿਬ ਦਾ ਇਹ ਸ਼ਬਦ ਹੈ, “ਚਾਰਿ ਪਾਵ ਦੁਇ ਸਿੰਗ, ਗੁੰਗ ਮੁਖ, ਤਬ ਕੈਸੇ ਗੁਨ ਗਈਹੈ॥ ਊਠਤ ਬੈਠਤ ਠੇਗਾ ਪਰਿਹੈ, ਤਬ ਕਤ ਮੂਡ ਲੁਕਈਹੈ॥ ੧ ॥ ਹਰਿ ਬਿਨੁ ਬੈਲ ਬਿਰਾਨੇ ਹੁਈ ਹੈ॥ ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ॥ ੧ ॥ ਰਹਾਉ॥ ਸਾਰੋ ਦਿਨੁ ਡੋਲਤ ਬਨ ਮਹੀਆ, ਅਜਹੁ ਨ ਪੇਟ ਅਘਈਹੈ॥ ਜਨ ਭਗਤਨ ਕੋ ਕਹੋ ਨ ਮਾਨੋ, ਕੀਓ ਅਪਨੋ ਪਈਹੈ॥ ੨ ॥ ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ, ਅਨਿਕ ਜੋਨਿ ਭਰਮਈਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ, ਇਹੁ ਅਉਸਰੁ ਕਤ ਪਈਹੈ॥ ੩ ॥ ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ॥ ਕਹਤ ਕਬੀਰ ਰਾਮ ਨਾਮ ਬਿਨੁ, ਮੂੰਡ ਧੁਨੇ ਪਛੁਤਈ ਹੈ॥ ੪ ॥ ੧ ॥” (ਪੰ: ੫੨੪)

ਕਬੀਰ ਸਾਹਿਬ ਇਸ ਸ਼ਬਦ `ਚ, ਇੱਕ ਤੇਲੀ ਦੇ ਬਲਦ ਦੀ ਮਿਸਾਲ ਵਰਤ ਕੇ ਵਿਸ਼ੇ ਨੂੰ ਸਪਸ਼ਟ ਕਰਦੇ ਹਨ। ਦਸਦੇ ਹਨ ਕਿ ਆਪਣਾ ਮਨੁੱਖਾ ਜਨਮ ਬਿਰਥਾ ਕਰਣ ਬਾਅਦ ਮਨੁੱਖ ਨੂੰ ਕਿਵੇਂ ਭਿੰਨ ਭਿੰਨ ਜੂਨਾਂ `ਚੋਂ ਲੰਘਣਾ ਪੈਂਦਾ ਹੈ। ਤਾਂ ਤੇ ਸਬੰਧਤ ਸ਼ਬਦ ਦੇ ਅਰਥ ਭਾਵ ਇਸ ਤਰ੍ਹਾਂ ਹਨ:-

ਅਰਥ ਲੋੜੀਂਦੀ ਵਿਚਾਰ ਸਹਿਤ- “ਹੇ ਭਾਈ! ਕਿਸੇ ਪਸ਼ੂ-ਜੂਨ ਜਿਵੇਂ ਕਿਸੇ ਬੈਲ ਸੀ ਜੂਨ ਚ ਪੈ ਕੇ ਜਦੋਂ ਤੇਰੇ ਚਾਰ ਪੈਰ ਤੇ ਦੋ ਸਿੰਙ ਹੋਣਗੇ ਅਤੇ ਇਸ ਦੇ ਨਾਲ, ਅਜਿਹੀਆਂ ਜੂਨਾਂ ਸਮੇਂ ਮੂੰਹੋਂ ਵੀ ਤੂੰ ਗੂੰਗਾ ਹੋਵੇਂਗਾ, ਤਦੋਂ ਕਿਸ ਤਰ੍ਹਾਂ ਤੂੰ ਪ੍ਰਭੂ ਦੇ ਗੁਣ ਗਾ ਸਕੇਂਗਾ? ਭਾਵ ਉਸ ਸਮੇਂ ਤੇਰੇ ਲਈ ਅਜਿਹਾ ਸੰਭਵ ਹੀ ਨਹੀਂ ਹੋਵੇਗਾ ਜਿਹਾ ਕਿ ਅੱਜ ਮਨੁੱਖਾ ਜੂਨ ਸਮੇਂ ਤੇਰੇ ਲਈ ਸੰਭਵ ਹੈ। ਬਲਕਿ ਉਸ ਸਮੇਂ ਤਾਂ ਉਠਦਿਆਂ ਬੈਠਦਿਆਂ ਜਦੋਂ (ਤੇਰੇ ਸਿਰ ਉੱਤੇ) ਸੋਟਾ ਪਏਗਾ, ਤੱਦ ਤੂੰ ਕਿੱਥੇ ਸਿਰ ਲੁਕਾਏਂਗਾ? ਜਦਕਿ ਅੱਜ ਜਦੋਂ ਤੇਰੇ ਲਈ ਇਹ ਸਭ ਆਸਾਨ ਤੇ ਸੰਭਵ ਹੈ, ਫ਼ਿਰ ਵੀ ਤੈਨੂੰ ਸਾਧ ਸੰਗਤ `ਚ ਜਾ ਕੇ ਗੁਰੂ-ਗਿਆਨ ਹਾਸਲ ਕਰਣਾ, ਬੜਾ ਅਉਖਾ ਲੱਗ ਰਿਹਾ ਹੈ। ੧।

ਹੇ ਭਾਈ! ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ, ਬਲਦ (ਆਦਿਕ ਪਸ਼ੂ ਦੂਜੀਆਂ ਜੂਨਾ ਸਮੇਂ ਤੂੰ) ਪਰ-ਅਧੀਨ ਹੋਏਂਗਾ। ਅਜਿਹੇ ਹਾਲਾਤ `ਚ ਜੇਕਰ ਤੂੰ ਕਿਸੇ ਬੈਲ ਦੀ ਜੂਨ `ਚ ਹੋਵੇਂਗਾ ਤਾਂ ਉਸ ਸਮੇਂ ਤੇਰਾ ਨੱਕ (ਨੱਥ ਨਾਲ) ਵਿੰਨ੍ਹਿਆ ਜਾਏਗਾ, ਕੰਨ (ਜੂਲੇ ਨਾਲ) ਫਿੱਸੇ ਹੋਏ ਹੋਣਗੇ ਤੇ ਤੈਨੂੰ ਖਾਣ ਨੂੰ ਵੀ ਅਜੋਕੇ ਮਨੁੱਖਾ ਜਨਮ ਵਿਚਲੇ ਮਨ ਮਰਜ਼ੀ ਦੇ ਪਕਵਾਨ ਨਹੀਂ ਮਿਲਣਗੇ ਬਲਕਿ ਕੋਧਰੇ ਦਾ ਭੋਹ ਹੀ ਮਿਲੇਗਾ। ੧। ਰਹਾਉ।

(ਇਸ ਤਰ੍ਹਾਂ ਮਾਲਕ ਦੇ ਡੰਡੇ ਹੇਠ) ਜੰਗਲ (ਦੀ ਜੂਹ) `ਚ ਚਲਦੇ ਸਾਰਾ ਦਿਨ ਭਟਕਦਿਆਂ ਤੇਰਾ ਪੇਟ ਵੀ ਨਹੀਂ ਭਰੇਗਾ ਭਾਵ ਅਜਿਹੇ ਹਾਲਾਤ `ਚ ਤੇਰੇ ਪੇਟ ਦੀ ਭੁਖ ਵੀ ਪੂਰੀ ਨਹੀਂ ਹੋਵੇਗੀ ਪਰ ਤੂੰ ਕਵੇਂਗਾ ਕਿਸ ਨੂੰ ਕਿਸ ਤਰ੍ਹਾਂ? ਐਸ ਵੇਲੇ ਤਾਂ ਤੂੰ ਭਗਤ ਜਨਾਂ ਦਾ ਬਚਨ ਨਹੀਂ ਮੰਨਦਾ, ਪਰ ਚੇਤੇ ਰਖ! ਇਸ ਮਨੁੱਖਾ ਜਨਮ ਦੇ ਵਿਹਾਜਣ ਬਾਅਦ ਤੈਨੂੰ ਆਪਣਾ ਇਸ ਸਮੇਂ ਦਾ ਕੀਤਾ ਹੀ ਭੋਗਣਾ ਪੈਣਾ ਹੈ। ੨।

ਅੱਜ ਮਨੁੱਖਾ ਜੂਨ `ਚ ਹੁੰਦੇ ਹੋਏ ਵੀ ਤੂੰ ਭੈੜੇ ਹਾਲ ਭਾਵ ਮਇਕ ਖਿਚਾਂ `ਚ ਡੁੱਬੇ ਰਹਿਕੇ ਭਟਕਣਾਂ, ਪ੍ਰੇਸ਼ਾਣੀਆਂ, ਚਿੰਤਾਂਵਾਂ ਤੇ ਖਜਲ ਖ੍ਰਾਬੀਆਂ `ਚ ਕੁਰਾਹੇ ਪਿਆ ਹੀ ਜੀਵਨ ਬਤੀਤ ਕਰ ਰਿਹਾਂ ਹੈਂ। ਇਸੇ ਲਾਪਰਵਾਹੀ ਦਾ ਨਤੀਜਾ ਹੋਵੇਗਾ ਕਿ ਸਰੀਰ ਤਿਆਗਣ ਬਾਅਦ ਵੀ ਤੈਨੂੰ ਭਿੰਨ ਭਿੰਨ ਜੂਨਾਂ `ਚ ਹੀ ਭਟਕਣਾ ਪਵੇਗਾ। ਅੱਜ ਤੇਰੇ ਪਾਸ ਸਮਾਂ ਹੈ, ਜਿਸ ਦੀ ਤੂੰ ਆਸਾਨੀ ਨਾਲ ਸੰਭਾਲ ਕਰ ਸਕਦਾ ਹੈਂ। ਪਰ ਇਸ ਸਮੇਂ ਤਾਂ ਤੂੰ ਪ੍ਰਭੂ ਨੂੰ ਹੀ ਵਿਸਾਰਿਆ ਹੋਇਆ ਹੈ। ਇਸ ਤਰ੍ਹਾਂ ਤੂੰ ਆਪਣੇ ਹੀਰੇ, ਰਤਨਾ, ਲਾਲਾਂ ਵਰਗੇ ਅਮੁਲੇ ਮਨੁੱਖਾ ਜਨਮ ਨੂੰਹੀ ਗੁਆ ਰਿਹਾ ਹੈਂ। ਜਦਕਿ ਇਸ ਤੋਂ ਬਾਅਦ ਫ਼ਿਰ ਤੈਨੂੰ ਇਹ ਮਨੁੱਖਾ ਜਨਮ ਕਦੋਂ ਮਿਲੇਗਾ, ਕੋਈ ਨਹੀਂ ਕਹਿ ਸਕਦਾ। ੩।

ਸੱਚ ਇਹ ਹੈ ਕਿ ਇਸ ਵੱਕਤ ਵੀ ਤੇਰੀ ਜ਼ਿੰਦਗੀ-ਰੂਪੀ ਰਾਤ ਤੇਲੀ ਦੇ ਬਲਦ ਤੇ ਬਾਂਦਰ ਆਦਿ ਜੂਨੀਆਂ `ਚ ਭਟਕਦਿਆਂ ਤੇ ਵਿਕਾਰਾਂ ਆਦਿ `ਚ ਡੁੱਬੇ ਰਹਿਕੇ ਹੀ ਬਤੀਤ ਹੋ ਰਹੀ ਹੈ। ਇਸ ਤਰ੍ਹਾਂ ਸ਼ਬਦ ਦੀ ਸਮਾਪਤੀ `ਤੇ ਕਬੀਰ ਸਾਹਿਬ ਚੇਤਾਵਣੀ ਦਿੰਦੇ ਹਨ, ਐ ਭਾਈ! ਇਸ ਜਨਮ `ਚ ਪ੍ਰਭੂ ਦਾ ਨਾਮ ਭੁਲਾਉਣ ਦਾ ਨਤੀਜਾ ਆਖ਼ਿਰ ਤੈਨੂੰ ਸਿਰ ਮਾਰ ਮਾਰ ਕੇ ਹੀ ਪਛਤਾਉਣਾ ਪਵੇਗਾ, ਭਾਵ ਅਜੇ ਵੀ ਤੇਰੇ ਪਾਸ ਸਮਾਂ ਹੈਕਿ ਤੂੰ ਪ੍ਰਭੂ ਦੇ ਗੁਣਗਾਣ ਕਰ ਤੇ ਆਪਣੇ ਜੀਵਨ ਦੀ ਸੰਭਾਲ ਕਰ। ੪। ੧।

ਸ਼ਬਦ ਦਾ ਭਾਵ ਇਹ ਹੈ ਕਿ ਮਨੁੱਖਾ ਜਨਮ ਹੀ ਸਿਮਰਨ ਅਥਵਾ ਕਰਤੇ ਨਾਲ ਇੱਕ ਮਿਕ ਹੋਣ ਦਾ ਸਮਾ ਹੈ, ਇਸ ਤੋਂ ਖੁੰਝਿਆਂ ਮੁੜ ਜਨਮ-ਮਰਨ ਦੇ ਗੇੜ ਤੇ ਭਿੰਨ ਭਿੰਨ ਜੂਨਾਂ `ਚ ਪੈਣਾ ਪੈਂਦਾ ਹੈ।

ਸਪਸ਼ਟ ਹੈ ਕਿ ਮਨੁੱਖਾ ਜਨਮ ਨੂੰ ਬਿਰਥਾ ਕਰਣ ਤੋਂ ਬਾਅਦ ਜੀਵ ਮੁੜ ਜਨਮਾਂ ਦੇ ਗੇੜ੍ਹ `ਚ ਹੀ ਪੈਂਦਾ ਹੈ। ਅਜਿਹੀ ਹਾਲਤ `ਚ ਇਸ ਨੂੰ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ ਅਨੁਸਾਰ, ਫ਼ਿਰ ਤੋਂ ਭਿੰਨ ਭਿੰਨ ਜੂਨਾਂ `ਚੋਂ ਹੀ ਲੰਙਣਾ ਪੈਂਦਾ ਹੈ। ਜਦਕਿ ਮਨੁੱਖਾ ਜਨਮ ਤੋਂ ਸਿਵਾ, ਦੂਜੀਆਂ ਅਨੰਤ ਜੂਨੀਆਂ ਸਮੇਂ ਉਸ ਨੂੰ ਜ਼ਬਾਨ ਵੀ ਗੁੰਗੀ ਹੀ ਮਿਲਦੀ ਹੈ। ਇਸੇ ਕਾਰਨ ੳੇੁਸ ਸਮੇਂ ਇਹ ਕਿਸੇ ਦੀ ਮਦਦ ਤੇ ਹਮਦਰਦੀ ਲੈਣ ਦੇ ਯੋਗ ਵੀ ਨਹੀਂ ਹੁੰਦਾ। ਉਸ ਸਮੇਂ, ਅੰਤਰ ਆਤਮੇ ਸਿਵਾਏ ਪਛਤਾਉਣ ਤੇ ਤੜਫ਼ਣ ਤੋਂ ਇਲਾਵਾ ਇਸ ਕੋਲ ਦੂਜਾ ਕੋਈ ਚਾਰਾ ਤੇ ਰਾਹ ਵੀ ਨਹੀਂ ਹੁੰਦਾ। ਅਜਿਹੇ ਹਾਲਾਤ `ਚ ਉਸ ਲਈ ਮਜਬੂਰਨ ਉਨ੍ਹਾਂ ਸਜ਼ਾਵਾਂ ਨੂੰ ਆਪਣੇ ਆਪ `ਤੇ ਇਕਲਿਆਂ ਹੀ ਸਹਿਨ ਕਰਣਾ ਪੈਂਦਾ ਹੈ।

ਸਬੰਧਤ ਸ਼ਬਦ `ਚ ਕਬੀਰ ਸਾਹਿਬ ਸਪਸ਼ਟ ਕਰਦੇ ਹਨ ਕਿ ਉਸ ਸਾਰੇ ਦਾ ਕਾਰਨ ਇਕੋ ਹੁੰਦਾ ਹੈ। ਕਾਰਨ ਹੁੰਦਾ ਹੈ ਕਿ ਕਰਤੇ ਨੇ ਜਦੋਂ ਬਖ਼ਸ਼ਿਸ਼ ਕਰਕੇ ਜੀਵ ਨੂੰ ਮਨੁੱਖਾ ਜਨਮ (ਜੂਨ) ਬਖ਼ਸ਼ਿਆ ਹੁੰਦਾ ਹੈ ਤਾਂ ਉਸ ਸਮੇਂ ਇਸ ਨੇ ਉਸ ਜਨਮ ਦੀ ਅਮੁਲਤਾ ਤੇ ਦੁਰਲਭਤਾ ਦੀ ਪਛਾਣ ਨਹੀਂ ਕੀਤੀ ਹੁੰਦੀ, ਉਸ ਨੂੰ ਸੰਭਾਲਿਆ ਨਹੀਂ ਹੁੰਦਾ ਤੇ ਬਿਰਥਾ ਕੀਤਾ ਹੁੰਦਾ ਹੈ। ਬਲਕਿ ਕਈ ਵਾਰ ਤਾਂ ਕੁਰਾਹੇ ਪਿਆ ਮਨੁੱਖ ਉਸ ਸਮੇਂ ਭਾਰੀ ਕੁਕਰਮਾਂ, ਜੁਰਮਾਂ, ਵਿਕਾਰਾਂ ਤੱਕ ਦਾ ਵੀ ਪੁੱਜ ਜਾਂਦਾ ਹੈ।

ਇਸ ਤਰ੍ਹਾਂ ਭਿੰਨ ਭਿੰਨ ਜੂਨੀਆਂ ਸਮੇਂ ਜੀਵ ਲਈ ਅਜਿਹੇ ਮਾੜੇ ਹਾਲਾਤ ਕੇਵਲ ਇਸੇ ਕਰਕੇ ਬਣਦੇ ਹਨ ਕਿ ਜਦੋਂ ਇਸ ਨੂੰ ਮਨੁੱਖਾ ਜਨਮ ਮਿਲਿਆ ਹੁੰਦਾ ਹੈ ਤਾਂ ਉਸ ਸਮੇਂ “ਜਨ ਭਗਤਨ ਕੋ ਕਹੋ ਨ ਮਾਨੋ, ਕੀਓ ਅਪਨੋ ਪਈ ਹੈ”। ਇਸ ਤਰ੍ਹਾਂ ਉਸ ਸਮੇਂ ਇਹ ਜੀਵ ਆਪਹੁਦਰਾ ਤੇ ਮਨਮਤੀਆ ਬਣ ਕੇ, ਪ੍ਰਭੂ ਪਿਆਰਿਆਂ ਦੀ ਗੱਲ ਮੰਨ-ਸੁਣ ਕੇ ਸੰਭਲਣ ਤੇ ਜਨਮ ਨੂੰ ਸੁਆਰਣ ਲਈ ਤਿਆਰ ਨਹੀਂ ਹੁੰਦਾ। ਉਸੇ ਦਾ ਨਤੀਜਾ ਹੁੰਦਾ ਹੈ ਕਿ ਪ੍ਰਭੂ ਦੇ ਸੱਚੇ ਨਿਆਂ `ਚ, ਭਿੰਨ ਭਿੰਨ ਦੂਜੀਆਂ ਜੂਨਾਂ ਸਮੇਂ, ਜਦੋਂ ਇਸ ਨੂੰ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ ਦਾ ਲੇਖਾ ਜੋਖਾ ਭੋਗਣਾ ਪੈਂਦਾ ਹੈ ਤਾਂ ਬੀਤੇ ਸਮੇਂ ਨੂੰ ਯਾਦ ਕਰ ਕਰ ਕੇ ਤੜਫ਼ਦਾ ਤੇ ਪਛਤਾਉਂਦਾ ਹੈ। ਪਰ ਉਸ ਸਮੇਂ ਇਸ ਨੂੰ ਉਹ ਸਭ ਸਹਿਨਾ ਹੀ ਪੈਂਦਾ ਹੈ।

ਉਸ ਸਮੇਂ ਇਸ ਦੇ ਅਜਿਹੇ ਮਾੜੇ ਹਾਲਾਤ, ਜੋ ਕਿ ਮਨੁੱਖਾ ਜਨਮ ਸਮੇਂ ਇਸ ਦੀਆਂ ਆਪਣੀਆਂ ਕਰਣੀਆਂ ਦਾ “ਕੀਓ ਅਪਨੋ ਪਈ ਹੈ” ਹੀ ਨਤੀਜਾ ਹੁੰਦੇ ਹਨ ਅਤੇ ਇਸ ਨੂੰ ਭੁਗਤਣੇ ਵੀ ਪੈਂਦੇ ਹਨ। ਜਦਕਿ ਉਸ ਸਮੇਂ ਇਸ ਦੇ ਲਈ ਅਜਿਹੇ ਹਾਲਾਤ ਅਚਾਨਕ ਤੇ ਬਿਨਾ ਕਾਰਨ ਨਹੀਂ ਬਣਦੇ। ਇਸਦੇ ਅਜਿਹੇ ਹਾਲਾਤ, ਇਸ ਦੇ ਉਨ੍ਹਾਂ ਆਪਣੇ ਕੀਤੇ ਕਰਮਾਂ “ਕੀਓ ਅਪਨੋ ਪਈ ਹੈ” ਦਾ ਹੀ ਨਤੀਜਾ ਹੁੰਦੇ ਹਨ ਤੇ ਇਨ੍ਹਾਂ ਨੂੰ ਭੁਗਤਣ ਤੋਂ ਸਿਵਾ, ਉਸ ਵੇਲੇ ਇਸ ਕੋਲ “ਕਹਤ ਕਬੀਰ ਰਾਮ ਨਾਮ ਬਿਨੁ, ਮੂੰਡ ਧੁਨੇ ਪਛੁਤਈ ਹੈ” ਹੋਰ ਚਾਰਾ ਵੀ ਨਹੀਂ ਹੁੰਦਾ। ਸਪਸ਼ਟ ਹੈ ਉਸ ਸਮੇਂ ਸਿਵਾਏ ਪਛਤਾਉਣ ਦੇ ਅਤੇ ਇਨ੍ਹਾਂ ਸਜ਼ਾਵਾਂ ਨੂੰ ਭੋਗਣ ਦੇ ਜੀਵ ਕਰ ਵੀ ਕੁੱਝ ਨਹੀਂ ਸਕਦਾ।

“ਅਗੈ ਕਰਣੀ ਕੀਰਤਿ ਵਾਚੀਐ” - ਉਂਝ ਤਾਂ ਸਮੂਚੀ ਗੁਰਬਾਣੀ `ਚ ਫ਼ਿਰ ਵੀ ਇਸੇ ਵਿਸ਼ੇ ਨੂੰ ਗੁਰਦੇਵ ਨੇ ਬਾਣੀ ‘ਆਸਾ ਕੀ ਵਾਰ’ `ਚ ਵੀ ਕਈ ਵਾਰ ਸਪਸ਼ਟ ਕੀਤਾ ਹੈ। ਜਿਵੇਂ ਪਉੜੀ ਨੰ: ਤਿੰਨ `ਚ ਗੁਰਦੇਵ ਫ਼ੁਰਮਾਉਂਦੇ ਹਨ, ਇਸ ਜੀਵ ਨੇ ਆਪਣੇ ਮਨੁੱਖਾ ਜਨਮ ਸਮੇਂ ਤਾਂ “ਆਪੀਨੈੑ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ॥ ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਅ॥ ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥ ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ ਜਨਮੁ ਗਵਾਇਆ॥ ੩ (ਪੰ੪੬੪) ਇਸਨੇ, ਉਸ ਜਨਮ ਦੀ ਅਮੁਲਤਾ ਨੂੰ ਪਛਾਨਣ ਦੀ ਲੋੜ ਵੀ ਨਹੀਂ ਸੀ ਸਮਝੀ। ਉਸ ਸਮੇਂ ਤਾਂ ਇਸ ਨੇ ਕੇਵਲ ਦੁਨੀਆਦਾਰ ਬਣ ਕੇ, ਸੰਸਾਰਕ ਪ੍ਰਾਪਤੀਆਂ ਤੇ ਮਾਇਕ ਖਿੱਚਾਂ `ਚ ਖਚਤ ਰਹਿਕੇ ਹੀ ਉਸ ਅਮੁਲੇ ਜਨਮ ਨੂੰ ਬਿਰਥਾ ਕਰ ਦਿੱਤਾ।

ਉਸੇ ਦਾ ਨਤੀਜਾ, ਉਹ ਸਰੀਰ, ਜਿਸ ਦੇ ਭਰਮ ਤੇ ਜਿਸ ਸਰੀਰ ਪਿਛੇ ਹਰ ਸਮੇਂ ਲਗਿਆ ਮਨੁੱਖ, ਆਪਣੇ ਅੰਦਰ ਵੱਸ ਰਹੇ ਪ੍ਰਭੂ ਨੂੰ ਵੀ ਵਿਸਾਰੀ ਰਖਦਾ ਹੈ। ਫ਼ਿਰ ਜਦੋਂ ਉਹੀ ਸਰੀਰ ਮਿਟੀ ਦਾ ਢੇਰ ਹੋ ਜਾਂਦਾ ਹੈ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਤਾਂ “ਅਗੈ ਕਰਣੀ ਕੀਰਤਿ ਵਾਚੀਐ, ਬਹਿ ਲੇਖਾ ਕਰਿ ਸਮਝਾਇਆ”। ਇਸ ਤਰ੍ਹਾਂ ਪ੍ਰਭੂ ਦੇ ਨਿਆਂ `ਚ ਜਦੋਂ ਇਸ ਦੇ ਹਥ ਪਲੇ ਕੁੱਝ ਨਹੀਂ ਹੁੰਦਾ। ਉਦੋਂ ਉਸ ਲਈ ਆਪਣੇ ਮਨੁੱਖਾ ਜਨਮ ਦੇ ਸਮੇਂ ਦੀਆਂ ਕਰਣੀਆਂ ਦਾ ਕੇਵਲ ਲੇਖਾ ਜੋਖਾ ਹੀ ਹੁੰਦਾ ਹੈ।

ਤਾਂ ਸਰੀਰ ਤਿਆਗਣ ਬਾਅਦ, “ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ ਜਨਮੁ ਗਵਾਇਆ” ਜਦੋਂ ਇਸ ਦੇ ਹੱਥ ਪੱਲੇ ਹੁੰਦਾ ਹੀ ਕੁੱਝ ਨਹੀਂ ਤਾਂ ਉਸ ਸਮੇਂ ਉਸੇ ਬਿਰਥਾ ਕੀਤੇ ਜਸਾ ਚੁੱਕੇ ਮਨੁੱਖਾ ਜਨਮ ਦੇ ਨਤੀਜੇ ਵਜੋਂ ਹੀ ਇਸ ਨੂੰ ਜੁਤੀਆਂ ਪੈਂਦਿਆਂ ਵਾਰ ਨਹੀਂ ਆੳੇੁਂਦੀ। ਇਸ ਤਰ੍ਹਾਂ ਅਸਲ ਸਮਾਂ ਬੀਤ ਜਾਣ ਬਾਅਦ ਤਾਂ, ਉਸ ਸਮੇਂ ਇਸ ਜੀਵ ਦੀ ਚੀਖ ਪੁਕਾਰ ਨੂੰ ਸੁਨਣ ਵਾਲਾ ਵੀ ਕੋਈ ਨਹੀਂ ਹੁੰਦਾ।

ਇਸ ਤਰ੍ਹਾਂ, ਖਾਸ ਤੌਰ `ਤੇ ਦੇਖਣਾ ਇਹ ਹੈ ਕਿ ਉਸ ਸਮੇਂ “ਥਾਉ ਨ ਹੋਵੀ ਪਉਦੀਈ” ਅਨੁਸਾਰ ਇਹ ਜੁਤੀਆਂ ਕੀ ਹੁੰਦੀਆਂ ਹਨ? ਇਹ ਜੁਤੀਆਂ ਉਹੀ ਹੁੰਦੀਆਂ ਹਨ, ਜਿਸ ਦੇ ਲਈ ਉਪਰਲੇ ਸ਼ਬਦ `ਚ ਕਬੀਰ ਜੀ ਨੇ “ਜਨ ਭਗਤਨ ਕੋ ਕਹੋ ਨ ਮਾਨੋ, ਕੀਓ ਅਪਨੋ ਪਈ ਹੈ” ਅਤੇ ਕਹਤ ਕਬੀਰ ਰਾਮ ਨਾਮ ਬਿਨੁ, ਮੂੰਡ ਧੁਨੇ ਪਛੁਤਈ ਹੈ” ਵਾਲੀ ਸ਼ਬਦਾਵਲੀ ਵਰਤੀ ਹੈ। ਇਸ ਤਰ੍ਹਾਂ ਇਹ ਜੁਤੀਆਂ ਹਨ ਮਨੁੱਖਾ ਜਨਮ ਸਮੇਂ ਕੀਤੇ ਹੋਏ ਕਰਮਾਂ ਅਨੁਸਾਰ ਫ਼ਿਰ ਤੋਂ ਕਊਏ, ਸਪ, ਕੁਤੇ, ਨਿੰਮ ਬਲਦ ਆਦਿ ਵਾਲੇ ਭਿੰਨ ਭਿੰਨ ਜੂਨਾਂ-ਜਨਮਾਂ ਤੇ ਗਰਭਾਂ ਦੇ ਰੂਪ `ਚ, ਸਜ਼ਾਵਾਂ ਤੇ ਕੋਠਰੀਆਂ (Cells) ਰੂਪ ਭਿੰਨ ਭਿੰਨ ਸਰੀਰ। # G0105-IIs011.02.011# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 173

“ਤਿਨਾੑ ਸਵਾਰੇ ਨਾਨਕਾ

ਜਿਨੑ ਕਉ ਨਦਰਿ ਕਰੇ” (ਭਾਗ ੨)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.