.

ਗੁਰਬਾਣੀ ਵਿੱਚ ਰੀਸ ਦਾ ਸੰਕਲਪ

ਰੀਸ ਦਾ ਅਰਥ ਹੈ “ਕਿਸੇ ਨੂੰ ਦੇਖਕੇ ਉਸ ਤੁੱਲ ਕਰਮ ਕਰਨ ਦੀ ਕ੍ਰਿਯਾ। ੨. ਤੁੱਲਤਾ; ਬਰਾਬਰੀ। ੩. ਬਰਾਬਰੀ ਦੀ ਅਭਿਲਾਖਾ।” (ਮਹਾਨ ਕੋਸ਼)
ਰੀਸ ਸ਼ਬਦ ਦੇ ਹੀ ਸਮਾਨਾਰਥਕ ਸ਼ਬਦ ਹਨ: ਪੈਰਵੀ, ਨਕਲ, ਰਸ਼ਕ ਅਤੇ ਅਨੁਕਰਣ।
ਕਿਸੇ ਸ੍ਰੇਸ਼ਟ ਮਨੁੱਖ ਦੀ ਸ਼ਖਸ਼ੀਅਤ ਤੋਂ ਪ੍ਰਭਾਵਤ ਹੋ ਕੇ ਉਸ ਵਰਗਾ ਬਣਨ ਦੀ ਕੋਸ਼ਸ਼ ਕਰਨਾ ਮਾੜੀ ਗੱਲ ਨਹੀਂ। ਪਰੰਤੂ ਰੀਸਲ (ਰੀਸ ਕਰਨ ਵਾਲਾ ਵਿਅਕਤੀ) ਕਿਸੇ ਵਿਸ਼ੇਸ਼ ਵਿਅਕਤੀ ਵਰਗਾ ਬਣਨ ਲਈ ਉਸ ਵਰਗੇ ਗੁਣ ਧਾਰਨ ਕਰਨ ਦੀ ਥਾਂ ਕੇਵਲ ਉਸ ਵਿਸ਼ੇਸ਼ ਵਿਅਕਤੀ ਵਰਗਾ ਲਿਬਾਸ ਪਹਿਣ ਕੇ ਜਾਂ ਉਸ ਵਰਗੀ ਬੋਲ-ਬਾਣੀ ਅਪਣਾ ਕੇ ਹੀ ਉਸ ਵਰਗਾ ਬਣਨ ਦੀ ਚੇਸ਼ਟਾ ਕਰਦਾ ਹੈ। ਇਸ ਕੁਚੇਸ਼ਟਾ ਕਾਰਨ ਹੀ ਰੀਸਲ ਵਲੋਂ ਉਠਾਏ ਹੋਏ ਕਦਮ ਦੀ ਨਿਖੇਧੀ ਕੀਤੀ ਜਾਂਦੀ ਹੈ। ਇਸ ਸਬੰਧੀ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ, “ਗੁਣ ਅਰ ਸਾਮਰਥ ਹੀਨ ਹੋਣ ਪਰ ਭੀ ਆਪਣੇ ਤਾਂਈਂ ਯੋਗਯ ਜਾਣਕੇ ਕਿਸੇ ਦੀ ਝੂਠੀ ਰੀਸ ਕਰਨੀ, ਮੂਰਖਤਾ ਦਾ ਕਰਮ ਹੈ। (ਗੁਰੁਮਤ ਮਾਰਤੰਡ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਭਾਵ ਨੂੰ ਇਉਂ ਦਰਸਾਇਆ ਗਿਆ ਹੈ: ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥ ਓਨਾੑ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥ (ਪੰਨਾ ੩੦੪) ਅਰਥ: ਕਈ ਹੋਰ ਕੂੜ ਦੇ ਵਪਾਰੀ ਸਤਿਗੁਰੂ ਦੀ ਰੀਸ ਕਰ ਕੇ ਕੱਚੀ-ਪਿੱਲੀ ਬਾਣੀ ਉਚਾਰਦੇ ਹਨ, ਪਰ ਉਹ (ਹਿਰਦੇ ਵਿਚ) ਕੂੜ ਹੋਣ ਕਰਕੇ ਝੜ ਪੈਂਦੇ ਹਨ (ਭਾਵ, ਸਤਿਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ, ਤੇ ਉਹਨਾਂ ਦਾ ਪਾਜ ਖੁੱਲ੍ਹ ਜਾਂਦਾ ਹੈ), ਉਹਨਾਂ ਦੇ ਹਿਰਦੇ ਵਿੱਚ ਕੁੱਝ ਹੋਰ ਹੁੰਦਾ ਹੈ ਤੇ ਮੂੰਹ ਵਿੱਚ ਹੋਰ, ਉਹ ਵਿਹੁ-ਮਾਇਆ ਨੂੰ ਇਕੱਤਰ ਕਰਨ ਲਈ ਝੁਰਦੇ ਹਨ ਤੇ ਖਪ ਖਪ ਮਰਦੇ ਹਨ।
ਇਸ ਭਾਵ ਨੂੰ ਇਉਂ ਵੀ ਦਰਸਾਇਆ ਹੈ: ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ॥ ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ॥ ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ॥ ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ॥ (ਪੰਨਾ ੮੫) ਅਰਥ: ਅਸੀ ਗੱਲਾਂ ਵਿੱਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ, ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ। (ਫਿਰ ਭੀ) ਅਸੀ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਖਸਮ ਦੇ ਪਿਆਰ ਵਿੱਚ ਭਿੱਜੀਆਂ ਹੋਈਆਂ ਹਨ ਤੇ ਆਨੰਦ ਵਿੱਚ ਰਲੀਆਂ ਮਾਣਦੀਆਂ ਹਨ, ਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ। ਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤਿ ਵਿੱਚ ਰਹੀਏ।
ਰੀਸਲ ਮਹਾਨ ਸ਼ਖਸ਼ੀਅਤ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਵਰਗਾ ਬਣਨ ਦੀ ਥਾਂ ਉਨ੍ਹਾਂ ਨਾਲ ਈਰਖਾ ਕਰਦਾ ਹੈ। ਇਸ ਈਰਖਾ ਵਸ ਹੀ ਆਪਣੇ ਤੋਂ ਮਹਾਨ ਸ਼ਖਸ਼ੀਅਤਾਂ ਦੀ ਰੀਸ ਕਰਦਾ ਹੈ। ਗੁਰਬਾਣੀ ਵਿੱਚ ਇਸ ਲਈ ਹੀ ਉਸ ਨੂੰ ਮੂਰਖ ਆਖਿਆ ਹੈ: ਧੁਰਿ ਭਗਤ ਜਨਾ ਕਉ ਬਖਸਿਆ ਹਰਿ ਅੰਮ੍ਰਿਤ ਭਗਤਿ ਭੰਡਾਰਾ॥ ਮੂਰਖੁ ਹੋਵੈ ਸੁ ਉਨ ਕੀ ਰੀਸ ਕਰੇ ਤਿਸੁ ਹਲਤਿ ਪਲਤਿ ਮੁਹੁ ਕਾਰਾ॥ (ਪੰਨਾ ੭੩੩) ਅਰਥ:- ਹੇ ਭਾਈ! ਧੁਰ ਦਰਗਾਹ ਤੋਂ ਪਰਮਾਤਮਾ ਨੇ ਆਪਣੇ ਭਗਤਾਂ ਨੂੰ ਆਪਣੀ ਆਤਮਕ ਜੀਵਨ ਦੇਣ ਵਾਲੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੋਇਆ ਹੈ। ਜੇਹੜਾ ਮਨੁੱਖ ਮੂਰਖ ਹੁੰਦਾ ਹੈ ਉਹੀ ਉਹਨਾਂ ਦੀ ਬਰਾਬਰੀ ਕਰਦਾ ਹੈ (ਇਸ ਈਰਖਾ ਦੇ ਕਾਰਨ, ਸਗੋਂ) ਉਸ ਦਾ ਮੂੰਹ ਇਸ ਲੋਕ ਤੇ ਪਰਲੋਕ ਵਿਚ ਕਾਲਾ ਹੁੰਦਾ ਹੈ (ਉਹ ਲੋਕ ਪਰਲੋਕ ਵਿਚ ਬਦਨਾਮੀ ਖੱਟਦਾ ਹੈ) ।
ਪਰ ਇਸ ਤਰ੍ਹਾਂ ਕੇਵਲ ਰੀਸ ਕਰਨ ਨਾਲ ਕਿਸੇ ਨੂੰ ਸਫਲਤਾ ਨਸੀਬ ਨਹੀਂ ਹੁੰਦੀ: ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ॥ ਗੁਰ ਪਰਸਾਦਿ ਸਦਾ ਮਨਿ ਵਸਿਆ ਸਭਿ ਕਾਜ ਸਵਾਰਣਹਾਰਾ॥ ਓਨਾ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ॥ (ਪੰਨਾ ੬੩੮) ਅਰਥ: ਹੇ ਪ੍ਰਭੂ! ਜਿਨ੍ਹਾਂ ਨੂੰ ਤੇਰਾ ਹਰਿ-ਨਾਮ ਪਿਆਰਾ ਲੱਗਦਾ ਹੈ ਤੂੰ ਉਹਨਾਂ ਦੇ ਕੰਮ ਕਰ ਦੇਂਦਾ ਹੈ, ਉਹਨਾਂ ਨੂੰ ਕੋਈ ਚਿੰਤਾ-ਫ਼ਿਕਰ ਹੀ ਨਹੀਂ ਹੁੰਦਾ। ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਸਦਾ ਵੱਸਿਆ ਰਹਿੰਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ। ਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਆਪ ਬਣਦਾ ਹੈ, ਉਹਨਾਂ ਦੀ ਬਰਾਬਰੀ ਜੇਹੜਾ ਭੀ ਮਨੁੱਖ ਕਰਦਾ ਹੈ ਉਹ ਖ਼ੁਆਰ ਹੁੰਦਾ ਹੈ।
ਰੀਸ ਕਰਨ ਵਾਲਾ ਸ੍ਰੇਸ਼ਟ ਵਿਅਕਤੀ ਵਾਲੇ ਗੁਣ ਤਾਂ ਧਾਰਨ ਕਰ ਹੀ ਨਹੀਂ ਰਿਹਾ; ਇਸ ਲਈ ਬਿਨਾਂ ਗੁਣਾਂ ਅਥਵਾ ਯੋਗਤਾ ਦੇ ਉਨ੍ਹਾਂ ਵਰਗਾ ਕਿਵੇਂ ਬਣ ਸਕਦਾ ਹੈ:-ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ॥ ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ॥ (ਪੰਨਾ ੩੨੨) ਅਰਥ: (ਜੋ ਮਨੁੱਖ) ਜਾਣਦੇ ਤਾਂ ਹਨ ਖੂੰਡੀ ਦੀ ਖੇਡ ਖੇਡਣੀ, (ਪਰ) ਸੋਹਣੇ ਘੋੜੇ ਤੇ ਚੜ੍ਹ ਕੇ ਬੰਦੂਕਾਂ ਦੇ ਹੱਥੇ (ਹੱਥ ਵਿਚ) ਫੜਦੇ ਹਨ (ਉਹ ਹਾਸੋ-ਹੀਣੇ ਹੁੰਦੇ ਹਨ, ਉਹ, ਮਾਨੋ, ਇਹੋ ਜਿਹੇ ਹਨ ਕਿ) ਕੁੱਕੜ ਦੀ ਉਡਾਰੀ ਉੱਡਣੀ ਜਾਣਦੇ ਹੋਣ ਤੇ ਹੰਸਾਂ ਨਾਲ (ਉੱਡਣ ਲਈ ਆਪਣੇ) ਮਨ ਨੂੰ ਉਤਸ਼ਾਹ ਦੇਂਦੇ ਹੋਣ। (ਤਿਵੇਂ ਉਹਨਾਂ ਮਨਮੁਖਾਂ ਦਾ ਹਾਲ ਸਮਝੋ ਜੋ ਗੁਰਮੁਖਾਂ ਦੀ ਰੀਸ ਕਰਦੇ ਹਨ)।
ਭਾਈ ਗੁਰਦਾਸ ਜੀ ਇਸ ਸਬੰਧ ਵਿੱਚ ਲਿਖਦੇ ਹਨ:
ਹੰਸਾ ਨਾਲਿ ਟਟੀਹਰੀ ਕਿਉ ਪਹੁਚੈ ਦਉੜੀ। (ਵਾਰ ੩੪, ਪਉੜੀ ੬) ਅਰਥ:-ਹੰਸਾਂ ਦੇ ਨਾਲ ਟਟੀਹਰੀ (ਨਿਕੀ ਗੁਟਾਰ) ਕਿਕੁੱਰ ਦੌੜਕੇ ਪਹੁੰਚ ਸਕਦੀ ਹੈ, ਭਾਵ ਨਹੀਂ ਪਹੁੰਚ ਸਕਦੀ। (ਭਾਈ ਗੁਰਦਾਸ ਜੀ)
ਰੀਸਲ ਦਾ ਅੰਤ ਜੋ ਹਸ਼ਰ ਹੁੰਦਾ ਹੈ, ਇਸ ਬਾਰੇ ਗੁਰਬਾਣੀ ਦਾ ਫ਼ਰਮਾਨ ਹੈ:
ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ॥ ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ॥ (ਪੰਨਾ ੫੮੫) ਅਰਥ:-ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਅ ਕੁੱਦਿਆ; ਪਰ ਬਗਲੇ ਵਿਚਾਰੇ ਸਿਰ-ਪਰਨੇ ਹੋ ਕੇ ਡੁੱਬ ਕੇ ਮਰ ਗਏ।
ਭਾਈ ਗੁਰਦਾਸ ਜੀ ਨੇ ਇਸ ਸਬੰਧ ਵਿੱਚ ਇੱਕ ਪ੍ਰਚਲਤ ਕਹਾਣੀ ਦਾ ਵਰਣਨ ਕਰਦਿਆਂ ਹੋਇਆ ਲਿਖਿਆ ਹੈ: ਮਹਾ ਦੇਵ ਦੀ ਸੇਵ ਕਰਿ ਵਰੁ ਪਾਇਆ ਸਾਹੈ ਦੇ ਪੁਤੈ। ਦਰਬੁ ਸਰੂਪ ਸਰੇਵੜੇ ਆਇ ਵੜੇ ਘਰਿ ਅੰਦਰਿ ਉਤੈ। ਜਿਉ ਹਥਿਆਰੀ ਮਾਰੀਅਨਿ ਤਿਉ ਤਿਉ ਦਰਬ ਹੋਇ ਧੜ ਧੁਤੈ। ਬੁਤੀ ਕਰਦੇ ਡਿਠਿਓਨੁ ਨਾਈ ਚੈਨੁ ਨ ਬੈਠੇ ਸੁਤੈ। ਮਾਰੇ ਆਣਿ ਸਰੇਵੜੇ ਸੁਣਿ ਦੀਬਾਣਿ ਮਸਾਣਿ ਅਛੁਤੈ। ਮਥੈ ਵਾਲਿ ਪਛਾੜਿਆ ਵਾਲ ਛਡਾਇਨਿ ਕਿਸਦੈ ਬੁਤੈ। ਮੂਰਖੁ ਬੀਜੈ ਬੀਉ ਕੁਰੁਤੈ। (ਵਾਰ ੩੨, ਪਉੜੀ ੧੭) ਅਰਥ: ਸ਼ਿਵ ਦੀ ਤਪੱਸਿਆ ਕਰਕੇ ਇੱਕ ਧਨੀ ਦੇ ਪੁੱਤ੍ਰ ਨੇ ਵਰ ਲੀਤਾ ਸੀ ਕਿ ਮੇਰੇ ਘਰ ਬਹੁਤ ਧਨ ਹੋ ਜਾਵੇ। ਧਨ ਦਾ ਰੂਪ ਬਣਕੇ ਸਰੇਵੜੇ ਉਸ ਦੇ ਘਰ ਆਏ। ਸ਼ਿਵ ਦੇ ਕਹੇ ਅਨੁਸਾਰ ਜਿਉਂ ਜਿਉਂ ਸਰੇਵੜੇ ਤਲਵਾਰਾਂ ਨਾਲ ਕੱਟੀ ਦੇ ਸਨ, ਧਨ ਦੇ ਢੇਰ ਲੱਗਦੇ ਜਾਂਦੇ ਸੀ। ਇੱਕ ਨਾਈ ਨੂੰ ਜਿਹੜਾ ਬੁੱਤੀ ਕਰਨ ਲਈ ਉੱਥੇ ਆਇਆ ਹੋਇਆ ਸੀ, ਇਹ ਦੇਖਦਿਆਂ ਹੀ ਉਸ ਨੂੰ ਧੁੜਕਣੀ ਲੱਗ ਗਈ ਕਿ ਘਰ ਚਲਕੇ ਮੈਂ ਭੀ ਇਹ ਕੰਮ ਛੇਤੀ ਕਰਾਂ। ਘਰ ਆ ਕੇ ਸਰੇਵੜੇ ਬੁਲਾ ਕੇ ਕਤਲ ਕਰਵਾ ਦਿੱਤੇ। ਰਾਜਾ ਦੇ ਦੀਵਾਨ ਵਿੱਚ ਖ਼ਬਰ ਹੋਈ ਕਿ ਨਿਰਦੋਖ ਮਾਰੇ ਗਏ ਹਨ। ਸਿਰਾਂ ਦੇ ਵਾਲਾਂ ਥੋਂ ਫੜੀਂਦਾ ਨਾਈ ਧਰਤੀ ਪੁਰ ਘਸੀਟਿਆ ਗਿਆ। ਹੁਣ ਕਿਸੇ ਪਾਸੋਂ ਵਾਲ ਛਡਾਏ। ਮੂਰਖ ਲੋਕ ਕੁ-ਰੁਤਾ ਬੀਜ ਬੀਜਦੇ ਹਨ, ਭਾਵ ਦੇਖਾ ਦੇਖੀ ਭੈੜਾ ਕੰਮ ਕਰ ਬੈਠਦੇ ਹਨ, ਜਦ ਫਲ ਦਾ ਵੇਲਾ ਹੁੰਦਾ ਹੈ ਤਾਂ ਫਲ ਦੀ ਥਾਂ ਸੁਆਹ ਵੀ ਨਹੀਂ ਹੁੰਦੀ।
ਨੋਟ: ਇੱਥੇ ਇਹ ਲੋਕ ਪ੍ਰਸਿੱਧ ਕਹਾਣੀ ਕੇਵਲ ਦ੍ਰਿਸ਼ਟਾਂਤ ਅਲੰਕਾਰ ਦੇ ਢੰਗ ਨਾਲ ਵਰਣਨ ਕੀਤੀ ਗਈ ਹੈ, ਅਰ ਇਸੇ ਪਉੜੀ ਦਾ ਤਾਤਪਰਜ ਇਸ ਦੇ ਭਾਵ ਨੂੰ ਖੋਲ੍ਹਦਾ ਹੈ ਕਿ ਨਾੑਈ ਵਾਂਗੂ ਕੋਈ ਇਹ ਨਾ ਸਮਝ ਲਵੇ ਜੋ ਸ਼ਿਵ ਦੇ ਵਰ ਨਾਲ ਸਰੇਵੜੇ ਮਾਰਿਆਂ ਧਨ ਲੱਭ ਸਕਦਾ ਹੈ। ਸ਼ਿਵ ਉਪਾਸ਼ਕਾਂ ਨੇ ਇੱਕ ਸੱਚ ਨੂੰ ਬਿਆਨ ਕਰਨ ਲਈ ਆਪਣੇ ਇਸ਼ਟ ਦੀ ਇੱਕ ਕਥਾ ਰਚੀ ਹੈ ਕਿ ਮੂਰਖਾਂ ਨੂੰ ਸਮਝ ਆ ਜਾਵੇ। ਭਾਈ ਸਾਹਿਬ ਜੀ ਨੇ ਦ੍ਰਿ੍ਰਸ਼ਟਾਂਤ ਦੇ ਦਿੱਤਾ ਹੈ। ਇਸ ਦੇ ਪ੍ਰਮਾਣੀਕ ਹੋਣ ਦਾ ਇੱਥੇ ਕੋਈ ਮਤਲਬ ਨਹੀਂ ਹੈ।
ਭਾਈ ਗੁਰਦਾਸ ਜੀ ਨੇ ਰੀਸ ਦਾ ਇੱਕ ਪੱਖ ਇਹ ਵੀ ਦਰਸਾਇਆ ਹੈ:-
ਪੈ ਖਾਜੂਰੀ ਜੀਵੀਐ ਚੜਿ ਖਾਜੂਰੀ ਝੜਉ ਨ ਕੋਈ। ਉਝੜਿ ਪਇਆ ਨ ਮਾਰੀਐ ਉਝੜ ਰਾਹੁ ਨ ਚੰਗਾ ਹੋਈ। ਜੇ ਸਪ ਖਾਧਾ ਉਬਰੇ ਸਪੁ ਨ ਫੜੀਐ ਅੰਤਿ ਵਿਗੋਈ। ਵਹਣਿ ਵਹੰਦਾ ਨਿਕਲੈ ਵਿਣੁ ਤੁਲਹੇ ਡੁਬਿ ਮਰੈ ਭਲੋਈ। ਪਤਿਤ ਉਧਾਰਣੁ ਆਖੀਐ ਵਿਰਤੀ ਹਾਣੁ ਜਾਣੁ ਜਾਣੁ ਜਾਣੋਈ। ਭਾਉ ਭਗਤਿ ਗੁਰਮਤਿ ਹੈ ਦੁਰਮਤਿ ਦਰਗਹ ਲੈ ਨ ਢੋਈ। ਅੰਤਿ ਕਮਾਣਾ ਹੋਇ ਸਥੋਈ। (ਵਾਰ ੩੧, ਪਉੜੀ ੧੦) ਅਰਥ:-ਜੇਕਰ ਖਜੂਰ ਤੋਂ ਡਿੱਗਕੇ ਜੀਊਂਦੇ ਭੀ ਰਹਿ ਜਾਈਏ ਤਾਂ ਖਜੂਰ ਪੁਰ ਚੜ੍ਹਕੇ ਕੋਈ ਜਾਣਕੇ ਨਾ ਡਿੱਗੇ। ਜੇਕਰ ਉਜਾੜ ਵਿਚੋਂ ਬਚਕੇ ਆ ਜਾਈਏ ਤਾਂ ਭੀ ਉਜਾੜ ਦਾ ਰਸਤਾ ਚੰਗਾ ਨਹੀਂ ਹੋ ਜਾਂਦਾ ਜੋ ਫੇਰ ਟੱਪਦੇ ਜਾਈਏ। ਜੇਕਰ ਸੱਪ ਦੇ ਡੰਗੋਂ ਬਚ ਵੀ ਰਹੀਏ ਤਾਂ ਵੀ ਉਸ ਨੂੰ ਹੱਥ ਪਾਉਣਾ ਚੰਗਾ ਨਹੀਂ। ਜੇ ਵਹਿਣ ਵਹਿੰਦੇ ਵਿਚੋਂ ਕੋਈ ਨਿਕਲ ਵੀ ਆਵੇ ਤਾਂ ਵੀ ਤੁਲਹੇ/ਬੇੜੀ ਬਿਨਾਂ ਫੇਰ ਉਸ ਵਿੱਚ ਜਾਣ ਨਾਲੋਂ ਮਰਨਾ ਹੀ ਚੰਗਾ ਹੈ, ਭਾਵ ਤੁਲਹੇ/ਬੇੜੀ `ਤੇ ਸਵਾਰ ਹੋ ਕੇ ਪਾਰ ਲੰਘਣ ਦਾ ਯਤਨ ਕਰੋ; ਚੂੰਕਿ ਇਹ ਨੇਮ ਨਹੀਂ ਹੈ ਕਿ ਇਸ ਵਾਰ ਤੁਸੀਂ ਜ਼ਰੂਰ ਹੀ ਪਾਰ ਲੰਘ ਸਕੋਗੇ। ਪਤਿਤ ਉਧਾਰਣ ਅਕਾਲ ਪੁਰਖ ਹੈ ਇਸ ਪ੍ਰਸੰਗ ਨੂੰ ਜਾਣਨਹਾਰੇ ਜਾਣਦੇ ਹਨ। ਪ੍ਰੇਮਾ ਭਗਤੀ ਕਰਨੀ ਗੁਰੂ ਦੀ ਸਿਖਿਆ ਹੈ, ਦੁਰਮਤ ਕਰਕੇ ਦਰਗਾਹ ਵਿਖੇ ਆਸਰਾ ਨਹੀਂ ਮਿਲਦਾ। ਕਰਮ ਹੀ ਅੰਤ ਨੂੰ ਸਾਥ ਚਲਦਾ ਹੈ। ਗੱਲ ਕੀ, ਖੋਟੇ ਪਾਸਿਆਂ ਨੂੰ ਛੱਡ ਕੇ ਗੁਰਮਤ ਲੈ ਕੇ ਦੁਰਮਤ ਦੂਰ ਕਰੋ, ਪਾਪੀਆਂ ਦੇ ਤਾਰਕ ਈਸ਼ਵਰ ਪੁਰ ਭਰੋਸਾ ਰੱਖ ਕੇ ਸ਼ੁਭ ਕਰਮਾਂ ਪੁਰ ਲੱਕ ਬੰਨ੍ਹੀ ਰੱਖੋ।
ਕਿਸੇ ਮਹਾਨ ਵਿਅਕਤੀ ਨੂੰ ਦੇਖ ਕੇ, ਉਸ ਤੋਂ ਪ੍ਰੇਰਨਾ ਲੈ ਕੇ ਕਿਸੇ ਚੰਗੇ ਕੰਮ ਨੂੰ ਕਰਨ ਲਈ ਉਤਸ਼ਾਹਤ ਹੋਣ ਵਾਲਿਆਂ ਲਈ ਗੁਰਬਾਣੀ ਵਿੱਚ `ਚਾਉ’ ਸ਼ਬਦ ਵਰਤਿਆ ਗਿਆ ਹੈ। ਇਹ `ਚਾਉ’ ਈਰਖਾ ਨੂੰ ਜਨਮ ਨਹੀਂ ਦੇਂਦਾ; ਇਹ ਤਾਂ ਸਗੋਂ ਮਨ ਵਿੱਚ ਉਤਸ਼ਾਹ ਪੈਦਾ ਕਰਦਾ ਹੈ। ਇਹ ਉਤਸ਼ਾਹ ਉਸ ਨੂੰ ਉਸ ਵਿਸ਼ੇਸ਼ ਵਿਅਕਤੀ ਵਰਗੇ ਗੁਣ ਪੈਦਾ ਕਰਨਾ ਲਈ ਹੱਲਾ-ਸ਼ੇਰੀ ਦੇਂਦਾ ਹੈ। ਇਸ ਲਈ ਉਹ ਕੇਵਲ ਰੀਸ ਹੀ ਨਹੀਂ ਕਰਦਾ ਬਲਕਿ ਆਪਣੇ ਅੰਦਰ ਉਹੋ ਜਿਹੀ ਯੋਗਤਾ ਪੈਦਾ ਕਰਦਾ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿਚੋਂ ਇਸ ਭਾਵ ਨੂੰ ਦੇਖਿਅ ਜਾ ਸਕਦਾ ਹੈ:-
(ੳ) ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ॥ ਯਾਰ ਵੇ ਹਿਕ ਡੂੰ ਹਿਕ ਚਾੜੈ ਹਉ ਕਿਸੁ ਚਿਤੇਹੀਆ॥ ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ॥ ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ॥ (ਪੰਨਾ ੭੦੩) ਅਰਥ:-ਹੇਹਹੇ ਹੇ ਸਤਸੰਗੀ ਸੱਜਣ! ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ (ਇਸਤ੍ਰੀਆਂ) ਹਨ, ਮੈਂ (ਇਹਨਾਂ ਵਿਚੋਂ) ਕਿਸੇ ਵਰਗੀ ਭੀ ਨਹੀਂ। ਇਹ ਇੱਕ ਤੋਂ ਇੱਕ ਸੋਹਣੀਆਂ (ਸੋਹਣੇ ਆਤਮਕ ਜੀਵਨ ਵਾਲੀਆਂ) ਹਨ, ਮੈਂ ਕਿਸ ਗਿਣਤੀ ਵਿੱਚ ਹਾਂ? ਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ, ਇੱਕ ਦੂਜੇ ਤੋਂ ਸੋਹਣੇ ਜੀਵਨ ਵਾਲੇ ਹਨ, ਸਦਾ ਪ੍ਰਭੂ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੇ ਹਨ। ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿੱਚ (ਭੀ) ਚਾਉ ਪੈਦਾ ਹੁੰਦਾ ਹੈ ਕਿ ਮੈਂ ਭੀ ਕਦੇ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਮਿਲ ਸਕਾਂ।
(ਅ) ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ॥ (ਪੰਨਾ ੪੮੮) ਅਰਥ: (ਕਿਸੇ ਦਰੀਆ ਤੋਂ) ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ (ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ।
ਦੂਜਿਆਂ ਨੂੰ ਕੋਈ ਕੰਮ ਕਰਦਿਆਂ ਦੇਖ ਕੇ ਬਿਨਾਂ ਵਿਚਾਰਿਆਂ ਕਿ ਉਹ ਕੰਮ ਕਰਨਾ ਯੋਗ ਹੈ ਜਾਂ ਨਹੀਂ, ਕਰਨ ਵਾਲੇ ਲਈ ਗੁਰਬਾਣੀ ਵਿੱਚ ‘ਦੇਖਾ ਦੇਖੀ’ ਸ਼ਬਦ ਆਇਆ ਹੈ। ਰੀਸ ਅਤੇ ਦੇਖਾ ਦੇਖੀ ਵਿੱਚ ਅੰਤਰ ਇਹ ਹੈ ਕਿ ਰੀਸ ਕਰਨ ਵਾਲੇ ਦੇ ਮਨ ਵਿੱਚ ਇੱਕ ਤਾਂ ਈਰਖਾ ਵਾਲਾ ਭਾਵ ਹੁੰਦਾ ਹੈ ਅਤੇ ਦੂਜਾ ਉਹ ਉਸ ਵਿਅਕਤੀ ਵਰਗਾ ਬਣਨਾ ਤਾਂ ਚਾਹੁੰਦਾ ਹੈ ਪਰ ਉਸ ਵਰਗਾ ਮਹਾਨ ਬਣ ਕੇ ਨਹੀਂ ਬਲਕਿ ਕੇਵਲ ਉਸ ਦੀ ਨਕਲ ਕਰਕੇ। ਜਦ ਕਿ ‘ਦੇਖਾ ਦੇਖੀ’ ਵਿੱਚ ਅਗਿਆਨਤਾ ਤਾਂ ਹੁੰਦੀ ਹੈ ਪਰੰਤੂ ਈਰਖਾ ਆਦਿ ਵਾਲਾ ਭਾਵ ਨਹੀਂ ਹੁੰਦਾ। ਇਸ ਦੇ ਸਮਾਨਾਰਥ ਸ਼ਬਦ ਹਨ: ਭੇਡਚਾਲ; ਅਨੁਸਰਣ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
(ੳ) ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ॥ ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ॥ (ਪੰਨਾ ੧੩੭੧) ਅਰਥ: ਹੇ ਕਬੀਰ! ਜੋ ਲੋਕ ਠਾਕੁਰ (ਦੀ ਮੂਰਤੀ) ਮੁੱਲ ਲੈ ਕੇ (ਉਸ ਦੀ) ਪੂਜਾ ਕਰਦੇ ਹਨ, ਅਤੇ ਮਨ ਦੇ ਹਠ ਨਾਲ ਤੀਰਥਾਂ ਤੇ ਜਾਂਦੇ ਹਨ, (ਅਸਲ ਵਿੱਚ ਉਹ ਲੋਕ) ਇੱਕ ਦੂਜੇ ਨੂੰ (ਇਹ ਕੰਮ ਕਰਦਿਆਂ) ਵੇਖ ਕੇ ਸਾਂਗ ਬਣਾਈ ਜਾਂਦੇ ਹਨ (ਇਸ ਵਿੱਚ ਅਸਲੀਅਤ ਕੋਈ ਨਹੀਂ ਹੁੰਦੀ, ਸਭ ਕੁੱਝ ਲੋਕਾਂ ਵਿੱਚ ਚੰਗਾ ਅਖਵਾਣ ਲਈ ਹੀ ਕੀਤਾ ਜਾਂਦਾ ਹੈ, ਹਿਰਦੇ ਵਿੱਚ ਪਰਮਾਤਮਾ ਦੇ ਪਿਆਰ ਦਾ ਕੋਈ ਹੁਲਾਰਾ ਨਹੀਂ ਹੁੰਦਾ, ਸਹੀ ਰਾਹ ਤੋਂ ਖੁੰਝੇ ਹੋਏ ਇਹ ਲੋਕ ਭਟਕਦੇ ਹਨ।
(ਅ) ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥ ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ॥ (ਪੰਨਾ ੨੮) ਅਰਥ: ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁੱਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ। (ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵ੍ਰਿਤ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ, ਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾਂ ਵਿੱਚ ਲੀਨ ਹੋ ਕੇ ਨਿੱਤ ਹਰੀ ਦੇ ਗੁਣ ਗਾਂਦੇ ਹਨ ਤੇ ਪੜ੍ਹਦੇ ਹਨ।
ਇਸ ਤਰ੍ਹਾਂ ਦੇ ਪ੍ਰਾਣੀਆਂ ਬਾਰੇ ਸਾਡੀ ਬੋਲੀ ਵਿੱਚ ਇਹ ਅਖਾਣ ਵੀ ਪ੍ਰਚਲਤ ਹਨ: ਦੇਖਾ ਦੇਖੀ ਸਾਧਿਆ ਜੋਗ, ਛਿੱਜੀ ਕਾਇਆ ਵਧਿਆ ਰੋਗ; ਜਾਂ: ਕਾਂ ਮੋਰਾਂ ਦੀ ਚਾਲ ਸਿਖਦਾ ਆਪਣੀ ਵੀ ਭੁਲਾ ਬੈਠਾ।
ਭਾਈ ਗੁਰਦਾਸ ਜੀ ਨੇ ਇਸ ਸਬੰਧੀ ਵਿੱਚ ਪ੍ਰਚਲਤ ਕਹਾਣੀ ਦਾ ਵਰਣਨ ਇਉਂ ਕੀਤਾ ਹੈ:-
ਠੰਢੇ ਖੁਹਹੁ ਨਾਇਕੈ ਪਗ ਵਿਸਾਰਿ ਆਇਆ ਸਿਰਿ ਨੰਗੈ। ਘਰ ਵਿਚਿ ਰੰਨਾ ਕਮਲੀਆ ਧੁਸੀ ਲੀਤੀ ਦੇਖਿ ਕੁਢੰਗੈ। ਰੰਨਾ ਦੇਖਿ ਪਿਟੰਦੀਆ ਢਾਹਾ ਮਾਰੈ ਹੋਇ ਨਿਸੰਗੈ। ਲੋਕ ਸਿਆਪੇ ਆਇਆ ਰੰਨਾ ਪੁਰਸ ਜੁੜੇ ਲੈ ਪੰਗੈ। ਨਾਇਣ ਪੁਛਦੀ ਪਿਟਦੀਆ ਕਿਸ ਦੈ ਨਾਇ ਅਲ੍ਹਾਣੀ ਅੰਗੈ। ਸਹੁਰੈ ਪੁਛਹੁ ਜਾਇਕੈ ਕਉਣ ਮੁਆ ਨੂੰਹ ਉਤਰੁ ਮੰਗੈ। ਕਾਵਾਂ ਰੌਲਾ ਮੂਰਖੁ ਸੰਗੈ। (ਵਾਰ ੩੨, ਪਉੜੀ ੧੯)
ਉਪਰੋਕਤ ਸੰਖੇਪ ਜਿਹੀ ਵਿਚਾਰ ਮਗਰੋਂ ਅਸੀਂ ਇਹ ਆਖ ਸਕਦੇ ਹਾਂ ਕਿ ਗੁਰਮਤਿ ਦੀ ਜੀਵਨ-ਜੁਗਤ ਅਨੁਸਾਰ ਕਿਸੇ ਸ਼ਰੇਸਟ ਮਨੁੱਖ ਦੇ ਗੁਣਾਂ ਆਦਿ ਨੂੰ ਅਪਣਾਉਣ ਦੀ ਥਾਂ ਕੇਵਲ ਉਨ੍ਹਾਂ ਵਰਗਾ ਬਣਨ ਦੀ ਕੋਸ਼ਸ਼ ਕਰਨਾ ਰੀਸ ਹੈ। ਮਨੁੱਖ ਨੂੰ ਰੀਸ ਕਰਨ ਦੀ ਥਾਂ ਉਸ ਵਰਗਾ ਬਣਨ ਦੀ ਕੋਸ਼ਸ਼ ਕਰਨੀ ਚਾਹੀਦੀ ਹੈ ਚੂੰਕਿ ਕੇਵਲ ਰੀਸ ਮਨੁੱਖ ਨੂੰ ਖ਼ੁਆਰ ਕਰਦੀ ਹੈ। ਇਸ ਲਈ ਇਸ ਨੂੰ ਤਿਆਗਨ ਦੀ ਤਾਕੀਦ ਕੀਤੀ ਹੈ। ਆਪਣੇ ਤੋਂ ਸ੍ਰੇਸ਼ਟ ਮਨੁੱਖ ਨੂੰ ਦੇਖ ਕੇ ਉਸ ਦੇ ਪਦ-ਚਿਨ੍ਹਾਂ `ਤੇ ਚਲਣ ਦੀ ਕੋਸ਼ਸ਼ ਕਰਨ ਦੀ ਰੁਚੀ ਨੂੰ ਸਲਾਹਿਆ ਗਿਆ ਹੈ। ਪਰੰਤੂ ਦੂਜਿਆਂ ਨੂੰ ਕੋਈ ਕਰਮ ਕਰਦਿਆਂ ਦੇਖ ਕੇ ਬਿਨਾਂ ਵਿਚਾਰਿਆਂ ਹੀ ਦੇਖਾ ਦੇਖੀ ਉਸ ਕਰਮ ਨੂੰ ਕਰਨ ਦੀ ਰੁਚੀ ਤੋਂ ਮਨੁੱਖ ਨੂੰ ਵਰਜਦਿਆਂ ਹੋਇਆਂ ਇਹ ਤਾਕੀਦ ਕੀਤੀ ਹੈ ਕਿ: ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ (ਪੰਨਾ ੧੪੧੦) ਅਰਥ: ਹੇ ਸੁੰਦਰ ਨੇਤ੍ਰਾਂ ਵਾਲੀਏ ਭੋਲੀਏ ਜੁਆਨ ਕੁੜੀਏ! (ਹੇ ਜਗਤ-ਰਚਨਾ ਵਿਚੋਂ ਸੋਹਣੀ ਜੀਵ-ਇਸਤ੍ਰੀਏ!) ਮੇਰੀ ਇੱਕ ਬਹੁਤ ਡੂੰਘੀ ਭੇਤ ਦੀ ਗੱਲ ਸੁਣ। (ਜਦੋਂ ਕੋਈ ਚੀਜ਼ ਖ਼ਰੀਦਣ ਲੱਗੀਏ, ਤਾਂ) ਪਹਿਲਾਂ (ਉਸ) ਚੀਜ਼ ਨੂੰ ਪਰਖ ਕੇ ਤਦੋਂ ਉਸ ਦਾ ਵਪਾਰ ਕਰਨਾ ਚਾਹੀਦਾ ਹੈ (ਤਦੋਂ ਉਹ ਖ਼ਰੀਦਣੀ ਚਾਹੀਦੀ ਹੈ)।
ਜਸਬੀਰ ਸਿੰਘ ਵੈਨਕੂਵਰ




.