.

ਸਭੋ ਸੂਤਕੁ ਜੇਤਾ ਮੋਹੁ ਆਕਾਰੁ

ਸੰਸਾਰ ਇੱਕ ਤਰਾਂ ਨਾਲ ਪਰਮਾਤਮਾ ਦਾ ਪਰਛਾਵਾਂ ਹੈ ਜੋ ਇਤਨਾ ਸੱਚਾ ਜਾਪਦਾ ਹੈ ਕਿ ਮਨੁੱਖ ਸਾਰਾ ਜੀਵਨ ਇਸ ਪਰਛਾਵੇਂ ਨੂੰ ਪਕੜਨ ਦੀ ਨਿਸਫਲ ਕੋਸ਼ਿਸ਼ ਵਿੱਚ ਹੀ ਪਰਚਿਆ ਰਹਿੰਦਾ ਹੈ। ਨਿਰੰਕਾਰ ਨੇ ਆਪ ਹੀ ਆਪਣਾ ਪਰਛਾਵਾਂ ਬਣਾਇਆ ਤੇ ਆਪਣੇ ਹੁਕਮ ਵਿੱਚ ਰਖਿਆ ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ ਕਰੈ ਸੁ ਥੀਆ ॥ {ਪੰਨਾ 551} ਭਾਵ: ਪ੍ਰਭੂ ਆਪ ਹੀ ਆਕਾਰ ਤੋਂ ਰਹਿਤ ਹੈ ਤੇ ਆਪ ਹੀ ਆਕਾਰ ਵਾਲਾ ਹੈ, ਜੋ ਉਹ ਆਪ ਕਰਦਾ ਹੈ ਸੋਈ ਹੁੰਦਾ ਹੈ। ਜਿਵੇਂ ਪੜਦੇ ਤੇ ਚਲ ਰਹੀ ਫਿਲਮ ਵੀ ਕਿਸੇ ਅਸਲੀਅਤ ਦਾ ਪਰਛਾਵਾਂ (ਭਰਮ) ਹੀ ਹੁੰਦੀ ਹੈ ਤੇ ਉਸ ਪਰਛਾਵੇਂ ਨੂੰ ਪਕੜ ਕੇ ਰਖਿਆ ਨਹੀ ਜਾ ਸਕਦਾ ਤਿਵੇਂ ਇਹ ਜਗ ਰਚਨਾ ਵੀ ਉਸ ਕਰਤੇ ਦਾ ਪਰਛਾਵਾਂ (ਭਰਮ) ਹੀ ਹੈ ਜਿਸ ਨੂੰ ਪਕੜ ਕੇ ਰਖਿਆ ਨਹੀ ਜਾ ਸਕਦਾ। ਗੁਰਬਾਣੀ ਦਾ ਇੱਕ ਫੁਰਮਾਨ ਹੈ: ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥ (1427)। ਜਿਵੇਂ ਸੁਪਨੇਂ ਵੀ ਸੱਚ ਨਹੀ ਹੋਇਆ ਕਰਦੇ ਕੇਵਲ ਮਨ ਦਾ ਭਰਮ ਹੀ ਹੁੰਦੇ ਹਨ ਤਿਵੇਂ ਇਹ ਜਗਤ ਵੀ ਇੱਕ ਭਰਮ ਹੀ ਹੈ ਜਿਸ ਵਿੱਚ ਕੋਈ ਅਸਲੀਅਤ ਨਹੀ ਭਾਵੇਂ ਵੇਖਣ ਨੂੰ ਇਹ ਇੱਕ ਹਕੀਕਤ ਹੀ ਲਗਦਾ ਹੈ। ਸੁਪਨਾ ਵੀ ਚਲਦੇ ਵਕਤ ਸੱਚ ਹੀ ਜਾਪਦਾ ਹੈ। ਭਰਮ ਜਾਂ ਪਰਛਾਵੇਂ ਨੂੰ ਪਕੜਨ ਦੀ ਕੋਸ਼ਿਸ਼ ਇੱਕ ਨਿਸਫਲ ਕਰਮ ਹੈ। ਪਰਛਾਵੇਂ (ਆਕਾਰਾਂ) ਵਲੋਂ ਨਿਗ੍ਹਾ ਹਟਾ ਕੇ ਉਸਦੀ ਅਸਲੀਅਤ ਜਾਂ ਮੂਲ (ਪ੍ਰਭੂ) ਨੂੰ ਵੇਖਣਾ ਹੈ। ਆਕਾਰ ਵਲੋਂ ਨਿਗ੍ਹਾ ਹਟਾ ਕੇ ਨਿਰੰਕਾਰ ਨੂੰ ਜਾਨਣਾ ਹੈ, ਨਿਰੰਕਾਰੀ ਹੋਣਾ ਹੈ। ਗੁਰਬਾਣੀ ਫੁਰਮਾਨ ਹੈ:

ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ ॥ ਨਿਰਭਉ ਨਿਰੰਕਾਰ ਨਹੀ ਚੀਨਿਆ ਜਿਉ ਹਸਤੀ ਨਾਵਾਏ ॥੩॥ ਭਾਵ: ਮਨੁੱਖ ਨ੍ਹਾ ਧੋ ਕੇ ਚਿੱਟੇ ਕਪੜੇ ਪਹਿਨਦਾ ਹੈ, ਅਤਰ ਤੇ ਚੰਦਨ ਆਦਿਕ (ਸਰੀਰ ਤੇ ਕਪੜਿਆਂ ਨੂੰ) ਲਾਂਦਾ ਹੈ ਪਰ ਜੇ ਮਨੁੱਖ ਨਿਰਭਉ ਨਿਰੰਕਾਰ ਨਾਲ ਸਾਂਝ ਨਹੀ ਪਾਂਦਾ ਤਾਂ ਇਹ ਸਭ ਉਦਮ ਇਉਂ ਹੈ ਜਿਵੇਂ ਕੋਈ ਮਨੁੱਖ ਹਾਥੀ ਨੂੰ ਨਵ੍ਹਾਂਦਾ ਹੈ ਤੇ ਨ੍ਹਾਉਣ ਪਿਛੋਂ ਹਾਥੀ ਫਿਰ ਘੱਟਾ ਆਪਣੇ ਉਤੇ ਪਾ ਲੈਂਦਾ ਹੈ। ਇਥੇ ਨ੍ਹਾਉਣ ਧੋਣ, ਚਿੱਟੇ ਕਪੜੇ ਪਾਉਣ ਤੇ ਅਤਰ ਚੰਦਨ ਦੀ ਮਨਾਹੀ ਨਹੀ ਬਲਿਕੇ ਇਹਨਾਂ ਦੀ ਪਕੜ (ਮੋਹ) ਦੀ ਮਨਾਹੀ ਹੈ। ਨਿਰੰਕਾਰ ਨੂੰ ਜਾਣੇ ਬਿਨਾ ਆਕਾਰਾਂ ਦੀ ਪਕੜ ਉਤਨੀ ਹੀ ਫਜ਼ੂਲ ਹੈ ਜਿਤਨੀ ਹਾਥੀ ਨੂੰ ਨਵ੍ਹਾਉਣ ਦੀ। ਆਕਾਰਾਂ (ਪਰਛਾਵੇਂ) ਵਲੋਂ ਮੋਹ ਹਟਾ ਕੇ ਹੀ ਨਿਰੰਕਾਰ (ਮੂਲ) ਨਾਲ ਸਾਂਝ ਪੈ ਸਕਦੀ ਹੈ। ਗੁਰਬਾਣੀ ਵਿੱਚ ਇਹ “ਤ੍ਰੈ ਗੁਣ ਮਾਇਆ” ਵੀ ਉਸ ਪ੍ਰਭੂ ਦੇ ਪਰਛਾਵੇਂ ਦਾ ਨਾਮ ਹੈ: ਤ੍ਰੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥ ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥ (1260)। ਹੇ ਭਾਈ, ਇਹ ਤ੍ਰੈ ਗੁਣ ਮਾਇਆ ਦਾ ਮੋਹ (ਆਪਣਾ) ਖਿਲਾਰਾ (ਖਿਲਾਰ ਕੇ) ਸਾਰੇ ਜੀਵਾਂ ਉੱਤੇ ਆਪਣਾ ਪ੍ਰਭਾਵ ਪਾ ਰਿਹਾ ਹੈ। (ਇਹਨਾ ਤਿੰਨਾ ਗੁਣਾ ਤੋਂ ਉਤੇ) ਤੁਰੀਆ ਗੁਣ ਸਾਧ ਸੰਗਤਿ (ਗੁਰੂ ਦੀ ਸੰਗਤਿ) ਵਿਚੋਂ ਹਾਸਲ ਹੁੰਦਾ ਹੈ ਤੇ ਪ੍ਰਭੂ ਦੀ ਨਦਰੇ ਕਰਮ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਗੁਰੂ (ਗੁਰਬਾਣੀ) ਦੀ ਸੰਗਤਿ ਦੁਆਰਾ ਹੀ ਪਰਛਾਵੇਂ (ਅਕਾਰ) ਵਲੋਂ ਨਿਗ੍ਹਾ ਹਟ ਕੇ ਸੱਚੇ ਪ੍ਰਭੂ (ਮੂਲ) ਵਲ ਲਗ ਸਕਦੀ ਹੈ। ਜਦੋਂ ਤਕ ਕਿਸੇ ਵੀ ਆਕਾਰ ਦੀ ਪਕੜ (ਮੋਹ) ਮਨ ਵਿੱਚ ਰਹੇਗੀ ਤਦੋਂ ਤਕ ਇਹ ਮਨੁੱਖ ਪਰਛਾਵੇਂ ਨੂੰ ਹੀ ਪਕੜਨ ਵਿੱਚ ਰੁੱਝਾ ਰਹੇਗਾ ਤੇ (ਸੱਚੇ ਮੂਲ) ਪਰਮਾਤਮਾ ਨਾਲ ਸਾਂਝ ਤੋਂ ਵਾਂਝਾ ਰਹਿ ਜਾਵੇਗਾ। ਮਨੁੱਖ ਦਾ ਇਹ ਸੁਭਾਅ ਹੈ ਕਿ ਸਾਰੀ ਜ਼ਿੰਦਗੀ ਕਿਸੇ ਨ ਕਿਸੇ ਰੂਪ ਵਿੱਚ ਆਕਾਰ (ਪਰਛਾਵੇਂ) ਦੀ ਪਕੜ ਵਿੱਚ ਹੀ ਗੁਜ਼ਾਰ ਦਿੰਦਾ ਹੈ। ਇਹ ਚੰਦ, ਸੂਰਜ, ਪੱਥਰ, ਬਿਰਛ, ਪਾਣੀ, ਅੱਗ ਆਦਿਕ ਹੀ ਨਹੀ ਬਲਿਕੇ ਮੁਰਦਿਆਂ ਦੀਆਂ ਮੜ੍ਹੀਆਂ ਬਣਾ ਕੇ ਉਹਨਾ ਨੂੰ ਵੀ ਪੂਜੀ ਜਾਂਦਾ ਹੈ। ਗਲ ਕੀ, ਆਪਣੀ ਗਰਜ਼ ਲਈ ਇਹ ਕਿਸੇ ਵੀ ਆਕਾਰ ਅੱਗੇ ਝੁੱਕ ਜਾਂਦਾ ਹੈ। ਮਨੁੱਖ ਨੇ ਆਕਾਰੀ ਧਾਰਮਕ ਚਿੰਨਾਂ ਨੂੰ ਧਰਮ (ਸ਼ੁਭ ਅਮਲਾਂ) ਉਤੇ ਹਾਵੀ ਕਰ ਦਿੱਤਾ ਜਿਸਦੇ ਕਾਰਨ ਆਕਾਰਾਂ ਨੂੰ ਅਪਨਾਉਣ ਦਾ ਸੌਖਾ ਕੰਮ ਤਾਂ ਹਰ ਕੋਈ ਕਰ ਰਿਹਾ ਹੈ ਪਰ ਗੁਣਾਂ ਨੂੰ ੳਪਨਾਉਣ ਦਾ ਔਖਾ ਕੰਮ ਕਿਸੇ ਵਿਰਲੇ ਦਾ ਹੀ ਰਹਿ ਗਿਆ ਹੈ। ਇਸੇ ਅਗਿਆਨਤਾ ਦਾ ਲਾਭ ਲੈਂਦਿਆਂ ਹਜ਼ਾਰਾਂ ਭੇਖੀ ਸਾਧ, ਸੰਤ, ਪੀਰ ਤੇ ਬਾਬੇ ਖੁੰਬਾਂ ਵਾਂਗ ਉੱਗ ਖਲੋਤੇ ਜੋ ਮਨੁੱਖ ਨੂੰ ਇੱਕ ਚਿੱਚੜ ਵਾਂਗ ਚੁੰਬੜੇ ਇਸ ਦੀ ਮਿਹਨਤ ਨਾਲ ਕੀਤੀ ਕਮਾਈ ਨੂੰ ਚੂਸ ਰਹੇ ਹਨ। ਮਨੁੱਖ ਨੇ ਧਰਮ ਨੂੰ ਵੀ ਆਕਾਰਾਂ (ਪਰਛਾਵੇਂ) ਤੇ ਨਿਰਭਰ ਕਰਕੇ ਇਤਨਾ ਸੁਖੱਲਾ ਕਰ ਦਿੱਤਾ ਕਿ ਅੱਜ ਹਰ ਕੋਈ ਬਾਹਰਲੇ ਦਿਖਾਵੇ ਨਾਲ ਹੀ ਧਰਮੀ ਹੋਣ ਦਾ ਦਾਹਵਾ ਕਰੀ ਜਾਂਦਾ ਹੈ। ਗੁਰਬਾਣੀ ਦਾ ਸਮੁੱਚਾ ਉਪਦੇਸ਼ (ਗਿਆਨ) ਸਿੱਖ ਨੂੰ ਆਕਾਰਾਂ (ਪਰਛਾਵੇਂ) ਵਲੋਂ ਹਟਾ ਕੇ ਅਸਲੀਅਤ (ਪ੍ਰਭੂ) ਨਾਲ ਜੋੜਨ ਲਈ ਹੈ ਪਰ ਅੱਜ ਸਿੱਖ ਗੁਰ ਗਿਆਨ ਨਾਲੋਂ ਬਾਬਿਆਂ ਦੇ ਫੋਕੇ ਬਚਨਾਂ ਤੇ ਬਹੁਤਾ ਵਿਸ਼ਵਾਸ ਕਰਦਾ ਹੈ। ਗੁਰੂ ਦੇ ਪਵਿੱਤ੍ਰ ਬਚਨਾਂ ਨੂੰ ਭੁਲਾ ਕੇ ਬਾਬਿਆਂ ਦੇ ਗੰਦੇ ਪੈਰਾਂ ਨੂੰ ਧੋ ਕੇ ਪੀਣਾ ਇਸ ਨੂੰ ਬਹੁਤਾ ਚੰਗਾ ਲਗਦਾ ਹੈ ਪਰ ਗੁਰੂ ਦੀ ਚਿਤਾਵਨੀ ਹੈ:

ਅੰਧੇ ਗੁਰੂ ਤੇ ਭਰਮੁ ਨ ਜਾਈ ॥ ਮੂਲੁ ਛੋਡਿ ਲਾਗੇ ਦੂਜੈ ਭਾਈ ॥ ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥ (232) ਭਾਵ: ਜੋ (ਧਰਮ ਆਗੂ) ਆਪ ਹੀ ਮੋਹ ਮਾਇਆ ਵਿੱਚ ਅੰਨ੍ਹਾ ਹੋਇਆ ਹੈ ਉਸ ਪਾਸੋਂ ਮਨ ਦੀ ਭਟਕਣਾ ਦੂਰ ਨਹੀ ਹੋ ਸਕਦੀ ਤੇ ਮਨੁੱਖ ਮੂਲ (ਪ੍ਰਭੂ) ਨੂੰ ਛੱਡ ਕੇ ਮੋਹ ਮਾਇਆ (ਪਰਛਾਵੇਂ) ਵਿੱਚ ਉਲਝ ਜਾਂਦਾ ਹੈ। ਜ਼ਹਿਰ ਵਿੱਚ ਮਸਤ ਹੋਇਆ ਮਨੁੱਖ ਜ਼ਹਿਰ ਵਿੱਚ ਹੀ ਮਗਨ ਰਹਿੰਦਾ ਹੈ, ਭਾਵ ਸਾਰਾ ਜੀਵਨ ਪਰਛਾਵੇਂ ਨੂੰ ਫੜਨ ਵਿੱਚ ਹੀ ਉਲਝਿਆ ਰਹਿੰਦਾ ਹੈ। ਇਹ ਵੀ ਇੱਕ ਹਕੀਕਤ ਹੈ ਕਿ ਨਜ਼ਰ ਆਉਂਦੀ (ਆਕਾਰ ਵਾਲੀ) ਵਸਤੂ ਨਾਲ ਮਨੁੱਖ ਦਾ ਮੋਹ ਜਲਦੀ ਤੇ ਸੁਖੱਲਾ ਹੀ ਪੈ ਜਾਂਦਾ ਹੈ ਪਰ ਜੋ ਨਜ਼ਰ ਨਹੀ ਆਉਂਦੀ ਉਸ ਨਾਲ ਸਾਂਝ ਮੁਸ਼ਕਿਲ ਬਣਦੀ ਹੈ ਇਸ ਲਈ ਮਨੁੱਖ ਸਦਾ ਸੌਖਾ ਰਾਹ ਚੁਨਣ ਦੀ ਕੋਸ਼ਿਸ਼ ਵਿੱਚ ਕੁਰਾਹੇ ਪੈ ਜਾਂਦਾ ਹੈ। ਫਿਲਮੀ ਪਰਦੇ ਤੇ ਪਰਛਾਵੇਂ ਵਲੋਂ ਮੂੰਹ ਮੋੜ ਕੇ ਵੇਖੇਗਾ ਤਾਂ ਪਿਛੇ ਪਰਛਾਵੇਂ ਦਾ ਕਾਰਨ ਪਰੋਜੈਕਟਰ ਦਿਸ ਪਵੇਗਾ ਇਸੇ ਤਰਾਂ ਆਕਾਰੀ ਸੰਸਾਰ (ਪਰਛਾਵੇਂ) ਵਲੋਂ ਮੂੰਹ ਮੋੜੇਗਾ ਤਾਂ ਪਰਛਾਵੇਂ ਦੇ ਮੂਲ (ਪ੍ਰਭੂ) ਨਾਲ ਸਾਂਝ ਪੈ ਜਾਵੇਗੀ। ਜਦ ਤਕ ਮੂੰਹ ਪਰਛਾਵੇਂ ਵਲ ਹੈ ਤਦ ਤਕ ਪਰਛਾਵੇਂ ਦੀ ਅਸਲੀਅਤ (ਮੂਲ) ਨਹੀ ਦਿਸ ਸਕਦੀ। ਕਿਸੇ ਵੀ ਆਕਾਰ ਦੀ ਪਕੜ (ਮੋਹ) ਨਿਰੰਕਾਰ ਨਾਲ ਸਾਂਝ ਨਹੀ ਪੈਣ ਦੇਵੇਗੀ। ਨਦਰੀ ਆਵੈ ਤਿਸੁ ਸਿਉ ਮੋਹੁ ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥ ਕਰਿ ਕਿਰਪਾ ਮੋਹਿ ਮਾਰਗਿ ਪਾਵਹੁ ॥ ਸਾਧਸੰਗਤਿ ਕੈ ਅੰਚਲਿ ਲਾਵਹੁ ॥ (801)। ਭਾਵ: ਹੇ ਪ੍ਰਭੂ, ਜੋ ਅੱਖਾਂ ਨਾਲ ਦਿਸ ਰਿਹਾ ਹੈ, ਮੇਰਾ ਉਸ ਨਾਲ ਸਦਾ ਮੋਹ ਬਣਿਆ ਰਹਿੰਦਾ ਹੈ (ਪਰ ਤੂੰ ਇਹਨਾ ਅੱਖਾਂ ਨਾਲ ਦਿਸਦਾ ਨਹੀ) ਤੈਨੂੰ ਮੈਂ ਕਿਸ ਤਰਾਂ ਮਿਲਾਂ? ਕਿਰਪਾ ਕਰ ਕੇ ਮੈਨੂੰ (ਜੀਵਨ ਦੇ) ਸਹੀ ਰਸਤੇ ਉਤੇ ਤੋਰ, ਮੈਨੂੰ ਸਾਧ ਸੰਗਤਿ (ਗੁਰੂ ਦੀ ਸੰਗਤਿ) ਦੇ ਲੜ ਨਾਲ ਲਾ ਦੇ। ਇਸ ਆਕਾਰ ਦੀ ਪਕੜ (ਮੋਹ) ਹੀ ਅੱਖਾਂ ਦੀ ਮੈਲ ਹੈ ਜੋ ਅਸਲੀਅਤ ਨੂੰ ਪਛਾਨਣ ਨਹੀ ਦਿੰਦੀ ਤੇ ਮਨੁੱਖ ਸਦਾ ਪਰਛਾਵੇਂ ਨੂੰ ਪਕੜਨ ਵਿੱਚ ਹੀ ਪਰਚਿਆ ਰਹਿੰਦਾ ਹੈ। ਪਰ ਗੁਰ ਉਪਦੇਸ਼ ਹੈ ਕਿ: ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥ ਮਰਿ ਮਰਿ ਜੰਮੈ ਵਾਰੋ ਵਾਰ ॥ (229)। ਭਾਵ: ਜਿਤਨਾ ਵੀ ਜਗਤ ਦਾ (ਦਿਸਣ ਵਾਲੇ ਆਕਾਰ ਦਾ) ਮੋਹ ਹੈ ਇਹ ਸਾਰਾ ਅਪਵਿਤ੍ਰਤਾ (ਦਾ ਮੂਲ) ਹੈ ਜਿਸ ਵਿੱਚ ਮਨੁੱਖ (ਆਤਮਕ ਮੌਤੇ) ਜੰਮਦਾ ਮਰਦਾ ਰਹਿੰਦਾ ਹੈ। ਮੋਹ ਦੀ ਮੈਲ (ਆਕਾਰ ਦੀ ਪਕੜ) ਉਸ ਪਵਿੱਤ੍ਰ ਸੋਮੇ (ਪ੍ਰਭੂ) ਨਾਲ ਸਾਂਝ ਨਹੀ ਪੈਣ ਦਿੰਦੀ, ਮੂਲ ਨੂੰ ਪਛਾਨਣ ਨਹੀ ਦਿੰਦੀ। ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥ ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥ {ਪੰਨਾ 1100} ਭਾਵ: (ਮੁਕਦੀ ਗਲ) ਜਗਤ ਵਿੱਚ ਜੋ ਕੁੱਝ ਦਿਸ ਰਿਹਾ ਹੈ ਉਹ ਸਭ ਕੁਛ ਨਾਸਵੰਤ ਹੈ। ਸਦਾ ਕਾਇਮ ਰਹਿਣ ਵਾਲਾ ਕੇਵਲ ਪਰਮਾਤਮਾ ਹੀ ਹੈ ਇਸ ਲਈ ਉਸ ਨਾਲ ਸਾਂਝ ਪਾਉਣ ਵਾਲਾ (ਉਸ ਦਾ ਭਗਤ) ਵੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਜਿਵੇਂ ਪਰਛਾਵਾਂ ਰੌਸ਼ਨੀ ਦੀ ਗੈਰਹਾਜ਼ਰੀ ਹੈ ਤਿਵੇਂ ਆਕਾਰ ਦੀ ਪਕੜ ਵੀ ਗਿਆਨ (ਰੂਪ ਰੌਸ਼ਨੀ) ਦੀ ਗੈਰਹਾਜ਼ਰੀ ਹੀ ਹੈ। ਗੁਰ ਗਿਆਨ ਦੀ ਰੌਸ਼ਨੀ ਦੇ ਹੁੰਦਿਆਂ ਮਨੁੱਖ ਪਰਛਾਵੇਂ (ਆਕਾਰੀ ਮੋਹ) ਨਾਲ ਨਹੀ ਉਲਝ ਸਕਦਾ। ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥ ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥ ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥੨॥ {ਪੰਨਾ 84} ਭਾਵ: ਬੇਸ਼ਕ ਨਿਰਨਾ ਕਰ ਕੇ ਵੇਖ ਲਉ ਜੋ ਕੁੱਝ (ਇਹਨਾ ਅੱਖੀਆਂ ਨਾਲ) ਦਿਸਦਾ ਹੈ (ਜੀਵ ਦੇ) ਨਾਲ ਨਹੀ ਜਾ ਸਕਦਾ ਇਸ ਕਰਕੇ ਸਤਿਗੁਰੂ ਨੇ ਨਿਸਚਾ ਕਰਾਇਆ ਹੈ ਕਿ (ਸੱਚਾ ਪ੍ਰਭੂ ਹੀ ਨਿਭਣ-ਜੋਗ ਹੈ ਤਾਂ ਤੇ) ਪ੍ਰਭੂ ਵਿੱਚ ਹੀ ਬਿਰਤੀ ਜੋੜੀ ਰੱਖੋ। ਹੇ ਨਾਨਕ, ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੇ ਸ਼ਬਦ ਦੀ ਰਾਹੀਂ ਸੱਚਾ ਹਰੀ ਹਿਰਦੇ ਵਿੱਚ ਵਸ ਜਾਂਦਾ ਹੈ। ਇਸ ਨਾਲੋਂ ਵਧੇਰੇ ਸਪਸ਼ਟ ਕਿਵੇਂ ਹੋ ਸਕਦਾ ਹੈ ਕਿ ਅੱਖਾਂ ਨਾਲ ਦਿਸਣ ਵਾਲਾ ਆਕਾਰ ਜੀਵ ਦੇ ਨਾਲ ਨਹੀ ਜਾ ਸਕਦਾ ਤੇ ਨਾਂ ਹੀ ਅਗੇ ਸਹਾਈ ਹੋ ਸਕਦਾ ਹੈ। ਇਸ ਲਈ ਸਤਿਗੁਰੂ ਮਨੁੱਖ ਦੇ ਹਿਰਦੇ ਵਿੱਚ ਇਹੀ ਵਿਸ਼ਵਾਸ ਪੱਕਾ ਕਰਦਾ ਹੈ ਕਿ ਪਰਛਾਵੇਂ (ਆਕਾਰੀ ਮੋਹ) ਨੂੰ ਛੱਡ ਕੇ ਗੁਰੂ ਦੇ ਸ਼ਬਦ ਦੁਆਰਾ ਸਚੁ (ਅਸਲੀਅਤ, ਪ੍ਰਭੂ) ਨਾਲ ਨਾਤਾ ਜੋੜ। ਆਕਾਰ ਦੀ ਪਕੜ ਛੱਡ ਕੇ ਨਿਰੰਕਾਰ ਨਾਲ ਸਾਂਜ ਪਾ ਕਿਉਂਕਿ ਇਸ ਪਰਛਾਵੇਂ (ਆਕਾਰ) ਦਾ ਮੂਲ ਆਪ ਨਿਰੰਕਾਰ ਹੈ। ਨਿਰੰਕਾਰਿ ਆਕਾਰੁ ਉਪਾਇਆ ॥ ਮਾਇਆ ਮੋਹੁ ਹੁਕਮਿ ਬਣਾਇਆ ॥ (1066)। ਭਾਵ: ਨਿਰਆਕਾਰ ਪਰਮਾਤਮਾ ਨੇ ਹੀ ਇਹ ਆਕਾਰ ਵਾਲਾ ਜਗਤ ਪੈਦਾ ਕੀਤਾ। ਮਾਇਆ ਦਾ ਮੋਹ ਵੀ ਉਸ ਨੇ ਆਪਣੇ ਹੁਕਮ ਨਾਲ ਹੀ ਬਣਾ ਦਿੱਤਾ। ਇਹ ਮੋਹ ਮਾਇਆ ਹੀ ਅਗਿਆਨਤਾ ਦਾ ਕਾਰਨ ਹੈ: ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥ ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥ (509)। ਭਾਵ: ਪ੍ਰਭੂ ਦੀ ਰਚੀ ਹੋਈ ਮਾਇਆ ਦਾ ਮੋਹ ਹੀ ਅਗਿਆਨਤਾ ਰੂਪੀ ਬੜਾ ਔਖਾ ਸਮੁੰਦਰ ਹੈ ਤੇ ਜੇ ਵਿਕਾਰਾਂ (ਰੂਪੀ ਪੱਥਰਾਂ) ਨਾਲ ਲੱਦੇ ਹੋਵੀਏ ਤਾਂ (ਇਸ ਸਮੁੰਦਰ ਵਿਚੋਂ) ਤਰ ਕੇ ਕਿਵੇਂ ਪਾਰ ਲੰਘ ਸਕੀਦਾ ਹੈ? ਭਾਵ ਇਹੀ ਕਿ ਜੇ ਮਨੁੱਖ ਇਸ ਮੋਹ ਮਾਇਆ ਦੇ ਪਰਛਾਵੇਂ ਵਿੱਚ ਬੁਰੀ ਤਰਾਂ ਉਲਝ ਜਾਵੇ ਤਾਂ ਇਸ ਵਿਚੋਂ ਨਿਕਲਿਆ ਕਿਵੇਂ ਜਾ ਸਕਦਾ ਹੈ? ਇਸ ਮੋਹ ਮਾਇਆ (ਪਰਛਾਵੇਂ) ਦੇ ਮੂਲ (ਅਸਲੀਅਤ, ਪ੍ਰਭੂ) ਨੂੰ ਪਛਾਨਣ ਲਈ ਹੀ ਗੁਰੂ ਦੇ ਗਿਆਨ ਦੀ ਲੋੜ ਹੈ ਪਰ ਮੁਸ਼ਕਿਲ ਇਹ ਹੈ ਕਿ ਗਿਆਨ ਦਾ ਕੋਈ ਆਕਾਰ ਨਹੀ ਤੇ ਆਕਾਰ ਬਿਨਾ ਇਸ ਦੀ ਪ੍ਰਾਪਤੀ ਮੁਸ਼ਕਿਲ ਲਗਦੀ ਹੈ। ਮਨ ਵਿੱਚ ਕੋਈ ਕਸ਼ਿਸ਼ ਵੀ ਪੈਦਾ ਨਹੀ ਹੁੰਦੀ। ਮਨੁੱਖ ਨੂੰ ਜੀਵਨ ਦੇ ਦੁੱਖ ਸਹਾਰਨੇ ਤਾਂ ਸੌਖੇ ਲਗਦੇ ਹਨ ਪਰ ਗੁਰ ਗਿਆਨ ਲੈਣਾ ਬੜਾ ਔਖਾ ਲਗਦਾ ਹੈ, ਇਸ ਲਈ ਇਹ ਕੰਮ ਉਹ ਦੂਸਰਿਆਂ ਤੇ ਛੱਡ ਦਿੰਦਾ ਹੈ ਤੇ ਦੂਸਰੇ ਇਸ ਨੂੰ ਭਰਮਾਂ ਵਿੱਚ ਪਾ ਕੇ ਖੂਬ ਲੁਟਦੇ ਹਨ। ਆਤਮਕ ਗੁਰ ਗਿਆਨ ਤੋਂ ਬਿਨਾ ਭਰਮਾ ਵਿੱਚ ਪੈ ਕੇ ਦੁਨਿਆਵੀ ਗਿਆਨ ਰੱਖਣ ਵਾਲੇ ਜੱਜ, ਡੌਕਟਰ, ਮਨਿਸਟਰ, ਇੰਜਨੀਅਰ, ਕਲਾਕਾਰ ਤੇ ਹੋਰ ਪੜ੍ਹੇ ਲਿਖੇ ਲੋਕ ਵੀ ਅਨਪੜ, ਅਗਿਆਨੀ ਤੇ ਵਿਹਲੜ ਅਖੌਤੀ ਬਾਬਿਆਂ, ਪੀਰਾਂ ਤੇ ਸਾਧੂ ਸੰਤਾਂ ਦੀਆਂ ਚੌਂਕੀਆਂ ਭਰਦੇ ਵੇਖੇ ਜਾ ਸਕਦੇ ਹਨ। ਇਸ ਲਈ ਇਹਨਾ ਭਰਮਾਂ ਤੋਂ ਬਚਣ ਲਈ ਗੁਰੂ ਦੇ ਗਿਆਨ ਦਾ ਦੀਵਾ ਆਪਣੇ ਅੰਦਰ ਬਾਲਣਾ ਜ਼ਰੂਰੀ ਹੈ। ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥ ਭਰਮ ਗਏ ਪੂਰਨ ਭਈ ਸੇਵ ॥੧॥ (200)। ਭਾਵ: ਹੇ ਗੁਰਦੇਵ, ਜਿਸ ਮਨੁੱਖ ਦੀਆਂ ਆਤਮਕ ਅੱਖਾਂ (ਮਨ) ਨੂੰ ਤੂੰ ਗਿਆਨ ਦਾ ਚਾਨਣ ਬਖਸ਼ਿਆ ਉਸ ਦੇ ਸਾਰੇ ਵਹਿਮ (ਮੋਹ ਮਾਇਆ ਦੀ ਭਟਕਣਾ) ਦੂਰ ਹੋ ਗਏ ਤੇ ਉਸ ਦੀ (ਸ਼ਬਦ ਵੀਚਾਰ ਦੀ) ਸੇਵਾ ਸਫਲ ਹੋ ਗਈ। ਭਾਵ ਉਸ ਨੇ ਪਰਛਾਵੇਂ ਨੂੰ ਛੱਡ ਕੇ ਮੂਲ ਨਾਲ ਸਾਂਝ ਪਾ ਲਈ। ਗੁਰੂ ਸਿੱਖ ਨੂੰ ਨਿਰੰਕਾਰ ਨਾਲ ਸਾਂਝ ਪਾਉਣ ਦਾ ਸੌਖਾ ਰਾਹ ਸਮਝਾਂਦਾ ਹੈ: ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥ ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ (515) ਭਾਵ: ਜੋ ਪ੍ਰਭੂ ਆਕਾਰ ਰਹਿਤ ਹੈ, ਜਿਸਦੇ ਬਰਾਬਰ ਦਾ ਹੋਰ ਕੋਈ ਨਹੀ, ਜੋ ਅਪਹੁੰਚ ਹੈ ਤੇ ਜਿਸਦੀ ਥਾਹ ਨਹੀ ਪਾਈ ਜਾ ਸਕਦੀ, ਉਸਦੀ ਸਿਫਤਿ ਸਾਲਾਹ (ਗੁਰੂ ਦੀ ਬਾਣੀ) ਓਸੇ ਦਾ ਹੀ ਰੂਪ ਹੈ। ਇਸ ਲਈ ਜੋ ਗੁਰੂ ਦੀ ਬਾਣੀ ਨਾਲ ਜੁੜੇਗਾ, ਉਹ ਆਕਾਰਾਂ (ਪਰਛਾਵੇਂ) ਨੂੰ ਛੱਡ ਕੇ ਨਿਰੰਕਾਰ (ਮੂਲ) ਨਾਲ ਜੁੜ ਜਾਵੇਗਾ, ਨਿਰੰਕਾਰੀ ਹੋ ਜਾਵੇਗਾ। ਪਰ ਅਫਸੋਸ ਕਿ ਇਸ ਪੰਥ ਦਾ ਪਾਂਧੀ ਕੋਈ ਵਿਰਲਾ ਹੀ ਹੈ। ਸਬਦੁ ਬੀਚਾਰਿ ਭਏ ਨਿਰੰਕਾਰੀ ॥ ਗੁਰਮਤਿ ਜਾਗੇ ਦੁਰਮਤਿ ਪਰਹਾਰੀ ॥904 ਭਾਵ: ਗੁਰੂ ਦੇ ਸ਼ਬਦ ਨੂੰ ਮਨ ਵਿੱਚ ਬਿਠਾ ਕੇ ਪਰਮਾਤਮਾ ਦੇ ਹੀ ਸੇਵਕ ਹੋ ਜਾਈਦਾ ਹੈ। ਮਨ ਵਿੱਚ ਗੁਰੂ ਦੀ ਸਿਖਿਆ ਪਰਬਲ ਹੋ ਜਾਂਦੀ ਹੈ ਤੇ ਭੈੜੀ ਮਤ ਦੂਰ ਹੋ ਜਾਂਦੀ ਹੈ। ਭਾਵ ਇਹੀ ਹੈ ਕਿ ਗੁਰੂ ਦੀ ਸਿਖਿਆ ਤੇ ਚਲਕੇ ਨਿਰੰਕਾਰੀ (ਆਕਾਰ-ਰਹਿਤ) ਹੋਇਆ ਜਾ ਸਕਦਾ ਹੈ। ਪਰਛਾਵੇਂ (ਆਕਾਰੀ ਪਕੜ) ਵਲੋਂ ਹਟ ਕੇ ਮਨ ਮੂਲ (ਪ੍ਰਭੂ) ਨਾਲ ਸਾਂਝ ਪਾ ਲੈਂਦਾ ਹੈ। ਮਨ ਵਿੱਚ ਪਈ ਹੋਈ ਮੋਹ ਮਾਇਆ ਤੇ ਵਹਿਮਾਂ ਦੀ ਡੂੰਗੀ ਲੀਹ ਵਿਚੋਂ ਕੇਵਲ ਗੁਰੂ ਦਾ ਸ਼ਬਦ, ਸਿਖਿਆ ਜਾਂ ਉਪਦੇਸ਼ ਹੀ ਕੱਢ ਸਕਦਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.