.

ਕੀ ਅਜ਼ੋਕੇ ਗੁਰਦੁਆਰੇ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਪ੍ਰਤੀਕ ਨੇਂ? ਜਾਂ…….

ਭਾਈ ਸਾਹਿਬ ਭਾਈ ਕ੍ਹਾਨ ਸਿਘ ਜੀ ਨਾਭਾ ਗੁਰਮਤਿ ਮਾਰਤੰਡ ਦੇ ਭਾਗ-੧ ਦੇ ਪੰਨਾਂ ੩੮੦ ਉਤੇ ਗੁਰਦੁਆਰੇ ਦੀ ਪਰਿਭਾਸ਼ਾ ਦੇਂਦੇ ਹੋਏ ਲਿਖਦੇ ਹਨ, ਜਿਸ ਥਾਂ ਸਤਿਗੁਰਾਂ ਦੇ ਦੱਸ ਸਰੂਪਾਂ ਵਿੱਚੋਂ ਕਿਸੇ ਦੇ ਚਰਨ ਪਏ ਅਤੇ ਇਤਿਹਾਸਕ ਘਟਨਾਂ ਹੋਈ ਹੋਵੇ, ਅਥਵਾ ਜਿਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਿੱਖ ਧਰਮ ਦੇ ਨਿਯਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਸ਼੍ਰਾਮ, ਲੰਗਰ, ਵਿਦਯਾ, ਕੀਰਤਨ ਆਦਿ ਦਾ ਗੁਰੂ ਮਰਿਆਦਾ ਅਨੁਸਾਰ ਪ੍ਰਬੰਧ ਹੈ, ਉਸ ਦੀ ਸੰਗਯਾ ਗੁਰਦੁਆਰਾ ਹੈ।

ਸਿੱਖ ਧਰਮ ਵਿੱਚ ਗੁਰਦੁਆਰੇ ਬੜ੍ਹੀ ਮਹਾਨਤਾ ਰੱਖਦੇ ਹਨ। ਇਹ ਗੁਰ ਉਪਦੇਸ਼ ਦੇ ਸੋਮੇਂ ਪੂਜਾ ਪਾਠ ਦੇ ਅਸਥਾਨ, ਧਾਰਮਿਕ ਸਿੱਖਿਆ ਤੇ ਧਾਰਮਿਕ ਜੀਵਨ ਦੇ ਕੇਂਦਰ, ਸਮਾਜ ਸੇਵਾ, ਸਾਂਝੀਆਂ ਪੰਥਕ ਵਿਚਾਰਾਂ ਅਤੇ ਸਮਾਜਿਕ ਸਿਖਲਾਈ ਦੇ ਕੇਂਦਰ ਹਨ।

ਗੁਰੂਦੁਆਰਿਆਂ ਵਿੱਚ ਸਿੱਖਾਂ ਤੋਂ ਇਲਾਵਾ ਹਰ ਧਰਮ ਸ੍ਰੇਣੀਂ ਦੇ ਲੋਕ ਇਕੱਠੇ ਹੋਕੇ ਸੰਗਤ ਦੇ ਰੂਪ ਵਿੱਚ ਬੈਠਦੇ ਅਤੇ ਗੁਰਸਿੱਖੀ ਦਾ ਚਾਨਣ ਪ੍ਰਾਪਤ ਕਰਦੇ ਹਨ।

ਗੁਰਦੁਆਰੇ ਜਿਥੇ ਭਗਤੀ ਦੀ ਸਿੱਖਿਆ ਦੇ ਪ੍ਰਤੀਕ ਹਨ ਉਥੇ ਸ਼ਕਤੀ ਦੇ ਵੀ ਮੁਜੱਸਮੇਂ ਹਨ। ਛੇਵੇਂ ਅਤੇ ਦਸਵੇਂ ਪਾਤਸ਼ਾਹ ਦੇ ਸਮੇਂ ਜ਼ਰਵਾਣਿਆਂ ਦਾ ਟਾਕਰਾ ਕਰਨ ਲਈ ਗੁਰਦੁਆਰਿਆਂ ਵਿੱਚ ਹੀ ਸੰਗਤਾਂ ਨੂੰ ਤਿਆਰ ਕੀਤਾ ਜਾਂਦਾ ਸੀ। ਕਿਸੇ ਗਰੀਬ ਉਤੇ ਹੁੰਦੇ ਅੱਤਿਆਚਾਰ ਦੇ ਖਿਲਾਫ਼ ਆਵਾਜ਼ ਵੀ ਇਥੋਂ ਹੀ ਬੁਲੰਦ ਹੁੰਦੀ ਸੀ। ਅਨਮੱਤ ਧਰਮ ਅਸਥਾਨਾਂ ਦੀ ਤਰ੍ਰਾਂ ਮਾਲਾ ਪਕੜ੍ਹ ਬੂਬਨੇਂ ਸਾਧ ਬਣ ਨਾਮ ਜਪਣ ਵਾਲੇ ਡਰਪੋਕ ਲੋਕ ਗੁਰਦੁਆਰੇ ਵਿੱਚ ਪੈਦਾ ਨਹੀਂ ਸਨ ਹੁੰਦੇ, ਸਗੋਂ ਇਥੇ ਉਹ ਸੰਤ ਸ਼ਿਪਾਹੀ ਜਨਮ ਲੈਂਦੇ ਸਨ ਜਿਹੜ੍ਹੇ ਜ਼ੁਲਮ ਤੇ ਜ਼ਾਲਮ ਦੀ ਇੱਟ ਨਾਲ ਇੱਟ ਖੜ੍ਹਕਾ ਦੇਂਦੇ ਸਨ। ਜਿਨ੍ਹਾਂ ਦਿਨਾਂ ਵਿੱਚ ਲੋਕ ਰਾਜਿਆਂ ਮਹਾਰਾਜਿਆਂ ਨੂੰ ਪ੍ਰਭੂ, ਪੈਗੰਬਰ, ਅਵਤਾਰ ਕਹਿ ਕੇ ਪੂਜ਼ਦੇ ਸਨ, ਅਤੇ ਉਹਨਾਂ ਦਾ ਹਰ ਚੰਗਾ ਮੰਦਾ ਕਰਮ ਖਿੜ੍ਹੇ ਮੱਥੇ ਕਬੂਲਦੇ ਸਨ, ਉਦੋਂ ਇਥੋਂ ਹੀ ਇਹ ਆਵਾਜ਼ ਨੇਂ ਜਨਮ ਲਿਆ ਸੀ-

ਕਲਿ ਕਾਤੀ ਰਾਜੇ ਕਾਸਾਈ ਧਰਮ ਪੰਖ ਕਰਿ ਉਡਰਿਆ।

ਇਥੋਂ ਤੱਕ ਕਿ ਰਾਜੇ ਸ਼ੀਂਹ ਮੁਕੱਦਮ ਕੁਤੇ। ਕਹਿਣ ਤੋਂ ਵੀ ਗੁਰੇਜ਼ ਨਹੀ ਕੀਤਾ ਸੀ ਇਸ ਘਰ ਨੇਂ।

ਇਹੋ ਕਾਰਨ ਸੀ ਕਿ ਨਿਰਪੱਖ, ਨਿੱਡਰ, ਤੇ ਅਕਾਲ ਪੁਰਖ ਕੀ ਫੌਜ਼ ਗੁਰੂ ਕੇ ਲਾਲਾਂ ਦੀ ਸ਼ੌਹਰਤ, ਸ਼ੌਹਬਤ, ਥੋੜ੍ਹੇ ਜਿਹੇ ਸਮੇਂ ਵਿੱਚ ਹੀ ਅਸਮਾਨਾਂ ਨੂੰ ਛੂਹਨ ਲੱਗ ਗਈ ਉਧਰ ਦਿੱਲੀ ਸਰਕਾਰ ਦੇ ਕਿਲੇ ਦੀਆਂ ਦੀਵਾਰਾਂ ਵਿੱਚ ਤਰੇੜ੍ਹਾਂ ਆਉਣ ਲੱਗ ਗਈਆਂ ਜਿਸ ਕਾਰਨ ਸਿੱਖ ਕੌਮ ਨੂੰ ਨੇਸ਼ਤੋ-ਨਾਬੂਦ {ਖ਼ਤਮ} ਕਰਨ ਲਈ ਸਮੇਂ ਦੀ ਹਰ ਸਰਕਾਰ ਨੇਂ ਸ਼ਾਹੀ ਫ਼ੁਰਮਾਨ ਜਾਰੀ ਕਰਕੇ ਸਿਖਾਂ ਦੀ ਕਤਲੋ-ਗਾਰਤ ਆਰੰਭ ਕਰਵਾ ਦਿੱਤੀ। ਜਿਸ ਕਾਰਨ ਸਿੱਖ ਕੌਮ ਆਪਣੇਂ ਘਰ ਘਾਟ ਛੱਡ ਜੰਗਲਾਂ ਬੀਆਬਾਨਾਂ ਵਿੱਚ ਡੇਰੇ ਲਾਉਣ ਤੇ ਮਜ਼ਬੂਰ ਹੋ ਗਈ। ਪਰ ਫਿਰ ਵੀ ਚੜ੍ਹਦੀ ਕਲਾ ਵਿੱਚ ਹੀ ਰਹੀ। ਇੱਨਾਂ ਹਾਲਾਤਾਂ ਵਿੱਚ ਸਿੱਖ ਕੌਮ ਦਾ ਸਭ ਤੋਂ ਵੱਡਾ ਜੋ ਨੁਕਸਾਨ ਹੋਇਆ ਉਹ ਸੀ ਗੁਰੂਦੁਆਰਿਆਂ ਦਾ ਪ੍ਰਬੰਧ ਹੱਥੋਂ ਨਿਕਲ ਜਾਣਾਂ। ਸਿੱਖ ਪੰਜਾਬੋਂ ਦੂਰ ਹੋ ਗਏ ਗੁਰਦੁਆਰਿਆਂ ਦੀ ਸੇਵਾ ਉਦਾਸੀਆਂ ਤੇ ਬਿਪਰਵਾਦੀ ਸੋਚ ਦੇ ਮਾਲਕ ਲੋਕਾਂ ਦੇ ਹੱਥ ਆ ਗਈ। ਜਿਸ ਕਾਰਨ ਹੌਲੀ-ਹੌਲੀ ਗੁਰੂਦੁਆਰਿਆਂ ਵਿੱਚੋਂ ਗੁਰੁ ਨਾਨਕ ਸਾਹਿਬ ਦੀ ਸੋਚ ਖ਼ਤਮ ਹੁੰਦੀ ਗਈ ਤੇ ਬਿਪਰਵਾਦੀ ਸੋਚ ਭਾਰੂ ਹੋ ਗਈ ਇਸੇ ਸਮੇਂ ਦਾ ਫ਼ਾਇਦਾ ਬ੍ਰਾਹਮਣ ਭਾਉ ਨੇਂ ਸਭ ਤੋਂ ਵੱਧ ਲਿਆ ਉਸਨੇਂ ਗੁਰਦੁਆਰਿਆਂ ਨੂੰ ਸਨਾਤਨ ਮੰਦਰਾਂ ਦੀ ਸ਼ਕਲ ਦੇ ਦਿੱਤੀ ਤੇ ਕੁੱਝ ਐਸੀਆਂ ਕੁਰੀਤੀਆਂ ਜਿੰਨਾਂ ਨੂੰ ਅਸੀਂ ਰਹੁਰੀਤਾਂ ਕਹਿੰਦੇ ਹਾਂ, ਪੈਦਾ ਕਰ ਦਿੱਤੀਆਂ, ਜਿਹੜ੍ਹੀਆਂ ਅੱਜ਼ ਕੈਂਸਰ ਵਾਂਗੂੰ ਸਿੱਖ ਤੇ ਸਿੱਖੀ ਨੂੰ ਖਤਮ ਕਰ ਦੀਆਂ ਜਾ ਰਹੀਆ ਹਨ।

ਸਿੱਖ ਜਦੋਂ ਮਿਸਲਾਂ ਦਾ ਰੂਪ ਧਾਰਨ ਕਰ ਗਏ ਤਾਂ ਉਦੋਂ ਵੀ ਬਸ ਆਪਸੀ ਲੜ੍ਹਾਈ ਝਗਝਿਆਂ ਵਿੱਚ ਹੀ ਫਸੇ ਰਹਿਣ ਕਾਰਨ ਉਹ ਗੁਰੂਘਰਾਂ ਪ੍ਰਤੀ ਨਾਂ ਬਹੁਤਾ ਸਮਾਂ ਹੀ ਕੱਢ ਸਕੇ ਤੇ ਨਾਂ ਹੀ ਗੁਰਦੁਆਰਿਆਂ ਦੀ ਸਹੀ ਦੇਖ ਭਾਲ ਹੀ ਕਰ ਸਕੇ। ਮਹਾਰਾਜਾ ਰਣਜੀਤ ਸਿੱਘ ਦਾ ਸਮਾਂ ਆਇਆ ਉਦੋਂ ਗੁਰਦੁਆਰਿਆਂ ਦੇ ਨਾਮ ਜਗੀਰਾਂ ਤਾਂ ਲੱਗ ਗਈਆਂ ਪਰ ਸਿੱਖ ਮਰਿਆਦਾ ਦਾ ਘਾਣ ਹੀ ਹੁੰਦਾ ਰਿਹਾ ਤੇ ਗੁਰਦੁਆਰੇ ਕੇਵਲ ਨਾਮ ਦੇ ਹੀ ਗੁਰਦੁਆਰੇ ਰਹਿ ਗਏ। ਹਰ ਛੋਟੇ ਵੱਡੇ ਗੁਰਦੁਆਰਿਆਂ ਨੂੰ ਮਹੰਤਾਂ ਪੁਜਾਰੀਆਂ ਨੇਂ ਆਪਣੇਂ ਢੰਗ ਤਰੀਕੇ ਨਾਲ ਵਰਤਿਆ, ਹਰ ਉਹ ਕੰਮ ਜੋ ਬਾਬੇ ਨਾਨਕ ਦੀ ਸੋਚ ਤੋਂ ਉਲਟ ਸੀ, ਬਾਬੇ ਨਾਨਕ ਦੇ ਘਰ ਹੋਣ ਲੱਗ ਗਏ। ਗੁਰਦੁਆਰਿਆਂ ਵਿੱਚ ਜੱਗ ਪੂਜਾ, ਮੂਰਤੀ ਪੂਜਾ, ਖੁੱਲਮ ਖੁੱਲਾ ਹੋਣ ਲੱਗ ਗਈ। ਫਿਰ ਸਮੇਂ ਨੇਂ ਕਰਵੱਟ ਲਈ ਕੁੱਝ ਤੜ੍ਹਪ ਰੱਖਣ ਵਾਲੇ ਗੁਰਸਿੱਖਾਂ ਨੇਂ ਸੱਚ ਦੀ ਆਵਾਜ਼ ਬੁਲੰਦ ਕੀਤੀ।

ਪੂਰੇ ਦੇਸ਼ ਵਿੱਚ ਜਾਗਰਿਤੀ ਲਹਿਰ ਨੇਂ ਜਨਮ ਲਿਆ, ਜਥੇਬੰਦੀਆਂ ਕਾਇਮ ਕੀਤੀਆਂ, ਮਗਰੋਂ ਖਾਲਸਾ ਦੀਵਾਨ, ਸਿੰਘ ਸਭਾਵਾਂ ਤੇ ਗੁਰਦੁਆਰਾ ਸੁਧਾਰ ਲਹਿਰ ਕਾਇਮ ਹੋਈ। ਹੌਲੀ-ਹੌਲੀ ਲੱਖਾਂ ਕੁਰਬਾਨੀਆਂ ਪਿਛੋਂ ਗੁਰਦੁਆਰਿਆਂ ਦਾ ਪ੍ਰਬੰਧ ਸ੍ਰੋਮਣੀਂ ਕਮੇਟੀ ਦੇ ਹੱਥ ਆ ਗਿਆ। ਸਾਰੀਆਂ ਅਨਮਤੀਂ ਰੀਤਾਂ ਖਤਮ ਹੋ ਗਈਆਂ ਪਰ ਕੁੱਝ ਅਨਮਤੀ ਰੀਤਾਂ ਨੂੰ ਧੱਕੇ ਦੇ ਨਾਲ ਹੀ ਗੁਰਮਤਿ ਦੇ ਕੱਪੜ੍ਹੇ ਪਹਿਨਾਂ ਦਿੱਤੇ ਗਏ। ਫਿਰ ਸਮਾਂ ਪੈਣ ਤੇ ਸਿੱਖ ਰਹਿਤ ਮਰਆਦਾ ਹੋਂਦ ਵਿੱਚ ਆਈ, ਜਿਸ ਵਿੱਚ ਸਿੱਖ ਦੀ ਸ਼ਖਸ਼ੀ ਤੇ ਪੰਥਕ ਰਹਿਣੀ ਬਾਰੇ ਦੱਸਿਆ ਗਿਆ। ਪਰ ਉਹ ਵੀ ਬੱਸ ਇੱਕ ਕਾਗਜ਼ ਦਾ ਪੁਲੰਦਾ ਹੀ ਬਣ ਰਹਿ ਗਈ। ਨਾਂ ਛਾਪਣ ਵਾਲਿਆਂ ਨੇਂ ਉਸਨੂੰ ਮੰਨਿਆਂ ਤੇ ਨਾਂਹੀ ਬਾਕੀ ਸਿੱਖ ਕੌਮ ਹੀ ਮੰਨ ਸਕੀ।

ਜਿਸ ਕਾਰਨ ਇੱਕ ਵਾਰ ਫਿਰ ਬ੍ਰਾਹਮਣ ਭਾਊ ਜੀ ਗੁਰੁ ਘਰਾਂ ਵਿੱਚ ਡੇਰੇ ਲਾਕੇ ਸਦੀਵੀ ਕਾਲ ਵਾਸਤੇ ਬੈਠ ਗਏ। ਬੱਸ ਫਰਕ ਇੰਨਾਂ ਹੈ ਕਿ ਪਹਿਲਾਂ ਬ੍ਰਾਹਮਣ ਬੋਦੀ ਵਾਲਾ ਸੀ, ਤੇ ਅੱਜ ਕੇਸਾਧਾਰੀ ਹੈ।

ਕੋਈ ਸਮਾਂ ਸੀ ਕਿ ਗੁਰਦੁਆਰੇ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਦੇ ਪ੍ਰਤੀਕ ਸਨ, ਪਰ ਅਜੋਕੇ ਹਾਲਾਤ ਮੁਤਾਬਿਕ ਤਾਂ ਇਹੋ ਹੀ ਕਹਿਣਾਂ ਬਣਦਾ ਹੈ ਕਿ ਅੱਜ ਗੁਰਦੁਆਰੇ ਗੁਰੂ ਨਾਨਕ ਸਾਹਿਬ ਦੀ ਨਹੀਂ ਸਗੋਂ ਬ੍ਰਾਹਮਣ ਭਾਊ ਦੀ ਸੋਚ ਦੇ ਪ੍ਰਤੀਕ ਹਨ।

ਸਿੱਖ ਰਹਿਤ ਮਰਿਆਦਾ ਜੋ S.G.P.C ਵਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਹੈ, ਉਸ ਅੰਦਰ ਗੁਰਦੁਆਰਾ ਚੈਪਟਰ ਵਿੱਚ ਸ਼ਪੱਸ਼ਟ ਇਹ ਗੱਲਾਂ ਲਿਖੀਆਂ ਗਈਆਂ ਹਨ। ਕਿ ਧੂਪ ਜਾਂ ਦੀਵੇ ਮਚਾਕੇ ਆਰਤੀ ਕਰਨੀਂ, ਭੋਗ ਲਾਉਣਾਂ, ਜੋਤਾਂ ਜਗਾਉਣੀਆਂ, ਟੱਲ ਖੜ੍ਹਕਾਉਣੇਂ, ਆਦਿ ਕਰਮ ਗੁਰਮਤਿ ਅਨੁਸਾਰ ਨਹੀਂ ਹਨ। ਸਿੱਖ ਮਰਿਆਦਾ ਦੀ ਇਹ ਸਿਖਿਆ ਜੇ ਖੁਦ ਛਾਪਣ ਵਾਲੇ ਹੀ ਨਹੀਂ ਮੰਨਦੇ ਤਾਂ ਬਾਕੀਆਂ ਦੀ ਤਾਂ ਖੈਰ ਸਲਾਹ ਹੈ। ਧੂਪ ਦੀਵੇ ਮਚਾਕੇ ਆਰਤੀ ਉਤਾਰਨ ਦਾ ਵਿਰੋਧ ਕਰਨ ਵਾਲੇ ਬਾਬੇ ਨਾਨਕ ਦਾ ਸਿੱਖ ਅੱਜ ਬਾਬੇ ਦੇ ਖਿਲਾਫ ਉਠ ਖਲੋਤਾ ਹੈ। ਨਿਹੰਗ ਜਥੇਬੰਦੀਆਂ ਵਲੋਂ ਜਾਂ ਹਜ਼ੂਰ ਸਾਹਿਬ ਦੇ ਬ੍ਰਾਹਮਣਾਂ ਵਲੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਖਿਲਾਫ਼ ਪੰਡਤਾਂ ਵਾਂਗੂੰ ਆਰਤੀ ਫੇਰੀ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦਾ ਆਗਮਨ ਮਨੁੱਖ ਨੂੰ ਬ੍ਰਹਮ ਗਿਆਨ ਤੋਂ ਜਾਣੂੰ ਕਰਾਕੇ ਪਰਮਾਤਮਾਂ ਨਾਲ ਜੋੜ੍ਹਨ ਵਾਸਤੇ ਹੋਇਆ ਸੀ। ਮਨੁੱਖ ਨੂੰ ਕਰਮਕਾਂਡੀ ਮਰਆਦਾ ਵਿੱਚ ਫਸਾਕੇ ਆਪਣੀਂ ਲੁੱਟ ਦਾ ਸਾਧਨ ਬਣਾਉਣ ਵਾਲੇ ਪਾਖੰਡੀ ਅਤੇ ਲੁਟੇਰੇ ਧਾਰਮਿਕ ਆਗੂਆਂ ਦੀ ਲੁੱਟ ਤੋਂ ਬਚਾਉਣ ਲਈ ਤੇ ਗੁਰਮਤਿ ਨਾਲ ਜੋੜ੍ਹਨ ਲਈ ਹੀ ਸਤਿਗੁਰਾਂ ਨੇਂ ਹਜ਼ਾਰਾਂ ਮੀਲ ਬਿਖੜੇ ਪੈਂਡੇ ਕਰਨ ਦੀ ਮਹਾਨ ਖੇਚਲ ਕੀਤੀ ਸੀ।

ਪਰ ਅਸੀਂ ਨਾਨਕ ਨਾਮ ਲੇਵਾ ਅਖਵਾਉਣ ਵਾਲੇ ਲੋਕਾਂ ਨੇਂ ਐਸੀ ਵਿਸ਼ਵ ਵਿਆਪੀ ਮਹਾਨ ਸ਼ਖਸ਼ੀਅਤ ਨੂੰ ਵੀ ਕਰਮਕਾਂਡੀ ਬਣਾਂ ਉਨਾਂ ਦੀ ਸਾਰੀ ਮਿਹਨਤ ਨੂੰ ਖੂਹ ਵਿੱਚ ਸੁੱਟ ਦਿੱਤਾ। ਇਥੇ ਮੈਨੂੰ ਇੱਕ ਅਖੌਤੀ ਸਾਧ ਦੀ ਗੱਲ ਚੇਤੇ ਆ ਗਈ, ਸਾਧ ਕਥਾ ਕਰ ਰਿਹਾ ਸੀ, ਤੇ ਕਹਿਣ ਲੱਗਾ ਸਾਧਸੰਗਤ ਜੀ ਕੌਣ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਪ੍ਰਸ਼ਾਦ ਨਹੀਂ ਛਕਦੇ? ਕਹਿੰਦਾ ਇੱਕ ਵਾਰ ਅਸੀਂ ਅਜ਼ਮਾ ਕਿ ਦੇਖਿਆ ਕੜਾਹ ਪ੍ਰਸ਼ਾਦ ਜਿੰਨਾਂ ਅਸੀਂ ਅਰਦਾਸ ਕਰਨ ਵੇਲੇ ਰੱਖਿਆ ਸੀ, ਤੇ ਜਦੋਂ ਅਸੀਂ ਤੋਲ ਕੇ ਦੇਖਿਆ ਤਾਂ ਇੱਕ ਛਟਾਂਕ ਘੱਟ ਸੀ, ਆਖੌ ਜੀ ਸਤਿਨਾਮ ਸ਼੍ਰੀ ਵਾਹਿਗੁਰੂ……ਮੈਂ ਇਹ ਸਾਰਾ ਕੂੜ੍ਹ ਪ੍ਰਚਾਰ ਸੁਣਕੇ ਹੱਸ ਰਿਹਾ ਸੀ ਤੇ ਨਾਲ ਹੀ ਇਹ ਸ਼ਬਦ ਅਚਾਨਕ ਮੂਹੋਂ ਨਿਕਲ ਤੁਰੇ

ਧੰਨ ਗੁਰੂ ਕੇ ਸਿੱਖ ਅਕਲ ਦੇ ਪੱਕੇ ਵੈਰੀ।

ਧੰਨ ਗੁਰੂ ਸਮਰੱਥ ਜਿਨ ਵੱਸ ਕੀਤੇ ਜ਼ਹਿਰੀ।

ਭੋਲੇ ਲੋਕ ਧੰਨ ਬਾਬਾ ਜੀ ਧੰਨ ਬਾਬਾ ਜੀ ਕਹਿ ਰਹੇ ਸੀ ਤੇ ਮੈਂ ਅੰਦਰੋਂ ਅੰਦਰੀਂ ਰੋ ਰਿਹਾ ਸੀ ਕਿ ਮੂਰਖ ਲੋਕ ਇਹ ਨਹੀਂ ਸਮਝਦੇ ਕਿ ਜਦੋਂ ਪ੍ਰਸ਼ਾਦ ਅਰਦਾਸ ਵਾਸਤੇ ਰੱਖਿਆ ਗਿਆ ਸੀ ਤਾਂ ਉਦੋਂ ਬੇਸ਼ਕ ਜਿਨਾਂ ਮਰਜੀ ਹੋਵੇ ਪਰ ਬਾਅਦ ਵਿੱਚ ਜ਼ਰੂਰ ਘਟੇਗਾ ਕਿਉਂਕਿ ਪ੍ਰਸ਼ਾਦ ਵਿਚਲਾ ਪਾਣੀਂ ਭਾਫ ਬਣਕੇ ਉਡ ਗਿਆ ਤੇ ਜਿਨਾਂ ਪਾਣੀਂ ਉਡਿਆ ਉਨਾਂ ਹੀ ਭਾਰ ਵੀ ਘੱਟ ਹੋ ਗਿਆ ਪਰ ਅਸੀਂ ਮੂਰਖ ਇਹ ਸਮਝ ਗਏ ਕਿ ਗੁਰੂ ਮਹਾਰਾਜ ਹੀ ਪ੍ਰਸ਼ਾਦ ਖਾ ਗਏ ਹਨ। ਇਹੋ ਹੀ ਕਾਰਨ ਹੈ ਕਿ ਅੱਜ ਸਾਰਾ ਹੀ ਸਾਧ ਲਾਣਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਾਉਂਦਾ ਹੈ।

ਦੂਜੀ ਗੱਲ ਇਤਿਹਾਸਕ ਜਾਂ ਆਮ ਸਾਰੇ ਗੁਰੂਦੁਆਰਿਆਂ ਵਿੱਚ ਸ਼ਰੇਆਮ ਜੋਤਾਂ ਜਗਾਈਆਂ ਜਾਂਦੀਆਂ ਹਨ ਪਰ ਜੇਕਰ ਰੋਕਣ ਦਾ ਜਤਨ ਕੀਤਾ ਜਾਵੇ ਤਾਂ ਸਿੱਖੀ ਦਾ ਪ੍ਰਚਾਰ ਕਰਨ ਦਾ ਰੌਲਾ ਪਾਉਣ ਵਾਲੇ ਲੋਕ ਹੀ ਡਾਂਗਾਂ ਚੁੱਕ ਲੜ੍ਹਨ ਲੱਗ ਪੈਂਦੇ ਹਨ। ਸਿੱਖ ਰਹਿਤ ਮਰਆਦਾ ਮੁਤਾਬਿਕ ਸਿੱਖ ਦਾ ਗੁਰਦੁਆਰੇ ਅੰਦਰ ਜਾਕੇ ਪਹਿਲਾ ਕਰਮ ਇਹ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੇ। ਪਰ ਵੇਖਣ ਵਿੱਚ ਇਹ ਨਹੀਂ ਆਉਂਦਾ। ਅਜੋਕਾ ਸਿੱਖ ਗੁਰਦੁਆਰੇ ਪ੍ਰਵੇਸ਼ ਕਰਨ ਵੇਲੇ ਪਹਿਲਾਂ ਪੈਰ ਧੋਣ ਵਾਲੇ ਚੁਬੱਚੇ (ਚਰਨ ਗੰਗਾ) ਵਿੱਚੋਂ ਪੈਰਾਂ ਦਾ ਗੰਦਾ ਪਾਣੀਂ ਪੀਂਦਾ ਹੈ ਤੇ ਆਪਣੇਂ ਸਿਰ ਵਿੱਚ ਪਾਉਂਦਾ ਹੈ ਕਈ ਅਗਿਆਨੀਂ ਲੋਕ ਇਸ ਗੰਦੇ ਪਾਣੀਂ ਨੂੰ ਅੰਮ੍ਰਿਤ ਦਾ ਦਰਜਾ ਦਿੰਦੇ ਹਨ। ਜਿੰਨਾਂ ਕੇਸਾਂ ਨੂੰ ਅਸੀਂ ਗੁਰੂ ਦੀ ਮੋਹਰ ਕਹਿੰਦੇ ਹਾਂ ਉਨ੍ਹਾਂ ਵਿੱਚ ਇਹ ਗੰਦਾ ਪਾਣੀਂ ਪਾਉਣਾਂ ਕੀ ਗੁਰਮਤਿ ਹੈ?

ਫ਼ਿਰ ਦੂਜਾ ਕਰਮ ਹੈ ਨਿਸ਼ਾਨ (ਸਾਹਿਬ) ਨੂੰ ਮੱਥਾ ਟੇਕਣਾਂ ਤੇ ਪ੍ਰਕਰਮਾਂ ਕਰਨੀਂ ਹੁੰਦਾ ਹੈ। ਨਿਸ਼ਾਨ (ਸਾਹਿਬ) ਦੇ ਥੜ੍ਹੇ ਨੂੰ ਮੱਥਾ ਟੇਕਣਾਂ ਵੀ ਇੱਕ ਮੂਰਤੀ ਪੂਜਾ ਹੈ ਜੋ ਅਸੀਂ ਕਰ ਤੇ ਕਰਵਾ ਰਹੇ ਹਾਂ। ਉਸ ਤੋਂ ਬਾਅਦ ਦਹਿਲੀਜ਼ ਤੇ ਨੱਕ ਰਗੜ੍ਹਨਾਂ, ਫ਼ਿਰ ਜੋਤਾਂ ਨੂੰ ਮੱਥਾ ਟੇਕਣਾਂ, ਆਦਿ ਆਦਿ … … … ਬੜ੍ਹੀ ਦੇਰ ਬਾਅਦ ਜਾਕੇ ਕਿਤੇ ਗੁਰੂ ਮਹਾਰਾਜ ਦੀ ਵਾਰੀ ਆਉਂਦੀ ਹੈ। ਸਿੱਖ ਰਹਿਤ ਮਰਿਆਦਾ ਅੰਦਰ ਇਹ ਅੰਕਿਤ ਹੈ ਕਿ ਗੁਰਦੁਆਰੇ ਅੰਦਰ ਮੂਰਤੀ ਪੂਜਾ ਜਾਂ ਕਿਸੇ ਵੀ ਪ੍ਰਕਾਰ ਦਾ ਗੁਰਮਤਿ ਵਿਰੋਧੀ ਰੀਤੀ ਜਾਂ ਸੰਸਕਾਰ ਨਾਂ ਹੋਵੇ ਤੇ ਨਾਂ ਹੀ ਕੋਈ ਅਨਮਤਿ ਦਾ ਤਿਉਹਾਰ ਹੀ ਮਨਾਇਆ ਜਾਵੇ। ਮੈ ਪੁਛਦਾ ਹਾਂ ਕਿ ਕਿਹੜ੍ਹਾ ਉਹ ਕੰਮ ਹੈ ਜੋ ਗੁਰਮਤਿ ਅਨੁਸਾਰ ਗੁਰਦੁਆਰਿਆਂ ਵਿੱਚ ਹੁੰਦਾ ਹੈ। ਅੱਜ ਕੇਵਲ ਰੂਪ ਬਦਲਿਆ ਹੈ ਕੰਮ ਸਾਰੇ ਮੰਦਰਾਂ ਵਾਲੇ ਹੀ ਹਨ। ਅੱਜ ਦੀ ਇਹ ਕੜ੍ਹਵੀ ਸਚਾਈ ਹੈ ਕਿ ਜਿੰਨੀ ਸ਼ਾਨੋਂ-ਸ਼ੌਕਤ ਨਾਲ ਸੰਗਰਾਂਦ, ਮੱਸਿਆ, ਪੂਰਨਮਾਸੀ ਇਹ ਅਨਮਤੀ ਤਿਉਹਾਰ ਮਨਾਏਂ ਜਾਂਦੇ ਹਨ। ਉਨੇਂ ਚਾਅ ਨਾਲ ਗੁਰਪੁਰਬ ਨਹੀਂ ਮਨਾਏ ਜਾਂਦੇ। ਮੇਰਾ ਖੁਦ ਦਾ ਇਹ ਤਜ਼ਰਬਾ ਹੈ ਕਿ ਲੋਕ ਆਮ ਹੀ ਇਹ ਪੁਛਣਗੇ ਕਿ ਬਾਬਾ ਜੀ ਸੰਗਰਾਂਦ ਕਿੱਦਣ ਹੈ। ਪਰ ਕੋਈ ਵੀ ਇਹ ਨਹੀ ਪੁਛਦਾ ਕਿ ਇਸ ਮਹੀਨੇਂ ਕਿਹੜ੍ਹਾ ਗੁਰਪੁਰਬ ਹੈ। ਪ੍ਰਬੰਧਕ ਕਮੇਟੀਆਂ ਨੂੰ ਵੀ ਗੁਰਪੁਰਬ ਜਾਂ ਸਿੱਖਾਂ ਦੇ ਜਨਮ ਜਾਂ ਸ਼ਹੀਦੀ ਦਿਹਾੜ੍ਹੇ ਚੇਤੇ ਹੀ ਨਹੀ ਆਉਂਦੇ।

ਗੱਲ ਕੇਵਲ ਕਮੇਟੀਆਂ ਦੀ ਹੀ ਨਹੀ ਹੈ ਸਾਡੇ ਗ੍ਰੰਥੀ ਵੀਰ ਵੀ ਮੰਦਰਾਂ ਦੇ ਪੰਡਤਾਂ ਵਾਗੂੰ ਹੀ ਬਣ ਗਏ ਹਨ ਗੁਰਦੁਆਰਿਆਂ ਅੰਦਰ ਗ੍ਰੰਥੀ (ਕੁਝ ਨੂੰ ਛੱਡ ਕੇ) ਜੋ ਗੁਰਮਤਿ ਤੋਂ ਅਣਜਾਣ ਹਨ ਉਹ ਬਹੁਤ ਸਾਰੇ ਕਰਮ ਗੁਰਮਤਿ ਤੋਂ ਉਲਟ ਹੀ ਕਰਦੇ ਹਨ।

ਦੂਜੀ ਗੱਲ ਸ਼੍ਰੋਮਣੀਂ ਕਮੇਟੀ ਦੇ ਅੰਡਰ ਕਈ ਐਸੇ ਗੁਰੂਦੁਆਰੇ ਹਨ ਜਿਥੇ ਮੜੀਆਂ ਦੀ ਪੂਜਾ, ਥੜ੍ਹਿਆਂ ਦੀ ਪੂਜਾ, ਭੋਰਿਆਂ ਦੀ ਪੂਜਾ, ਦਰੱਖਤਾਂ ਦੀ ਪੂਜਾ, ਜਲ ਦੀ ਪੂਜਾ ਕਰਵਾਈ ਜਾਂਦੀ ਹੈ। ਆਦਿ ਆਦਿ…

ਸਿੱਖ ਰਹਿਤ ਮਰਿਆਦਾ ਦੇ ਇਹਨਾਂ ਸ਼ਬਦਾਂ ਵੱਲ ਥੋੜ੍ਹਾ ਧਿਆਨ ਮਾਰਨ ਦੀ ਜ਼ਰੂਰਤ ਹੈ…ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ, ਕੀਰਤਨ ਗੁਰਬਾਣੀਂ ਨੂੰ ਰਾਗਾਂ ਵਿੱਚ ਉਚਾਰਨ ਨੂੰ ਕਹਿੰਦੇ ਹਨ। ਸ਼ਬਦਾਂ ਨੂੰ ਧਾਰਨਾਂ ਜਾਂ ਰਾਗਾਂ ਨਾਲ ਪੜ੍ਹਦਿਆਂ ਬਾਹਰ ਦੀਆਂ ਵਾਧੂ ਤੇ ਮਨਘੜ੍ਹਤ ਤੁੱਕਾਂ ਲਾਕੇ ਪੜ੍ਹਨਾਂ ਆਯੋਗ ਹੈ। ਸ਼ਬਦ ਦੀ ਤੁੱਕ ਹੀ ਧਾਰਨਾਂ ਬਣਾਈ ਜਾਵੇ। ਰਹਿਤ ਮਰਆਦਾ ਦੇ ਇਹਨਾਂ ਸ਼ਬਦਾਂ ਵਿੱਚੋਂ ਇੱਕ ਸ਼ਬਦ ਨੂੰ ਵੀ ਅਸੀਂ ਲਾਗੂ ਨਹੀਂ ਕਰ ਸਕੇ।

ਗੁਰੂ ਘਰਾਂ ਅੰਦਰ ਕਈ ਵਾਰ ਲੱਚਰ ਗਾਇਕੀ ਕਰਨ ਵਾਲੇ ਕਲਾਕਾਰ ਜੋ ਖੁਦ ਪਤਿਤ ਹੁੰਦੇ ਹਨ, ਕੀਰਤਨ ਦਰਬਾਰਾਂ ਅੰਦਰ ਕੀਰਤਨ ਕਰਦੇ ਸੁਣੇਂ ਜਾਂਦੇ ਹਨ ਫਿਰ ਉਹਨਾਂ ਨੂੰ ਸਿਰੋਪਾ ਵੀ ਦਿੱਤਾ ਜਾਂਦਾ ਹੈ। ਕੀ ਇਹ ਗੁਰਮਤਿ ਹੈ?

ਬਾਕੀ ਦੀ ਕਸਰ ਸਾਡੇ ਰਾਗੀ ਸਿਘਾਂ ਨੇ ਪੂਰੀ ਕਰ ਦਿੱਤੀ ਹੈ ਜੋ ਅਸ਼ਲੀਲ਼ ਗੀਤਾਂ ਦੀਆਂ ਤਰਜ਼ਾਂ ਤੇ ਗੁਰਬਾਣੀਂ ਦੇ ਸ਼ਬਦ ਗਾਕੇ ਗੁਰਬਾਣੀਂ ਕੀਰਤਨ ਦੀ ਤਰਜ਼ ਹੀ ਵਿਗਾੜ੍ਹਦੇ ਜਾ ਰਹੇ ਹਨ। ਸੰਗਤ ਦਾ ਧਿਆਨ ਸਿੱਧਾ ਉਸ ਗਾਣੇਂ ਵੱਲ ਨੂੰ ਜਾਂਦਾ ਹੈ ਜਿਸ ਦੀ ਤਰਜ ਤੇ ਸ਼ਬਦ ਗਾਇਆ ਜਾ ਰਿਹਾ ਹੈ, ਇਹ ਕੋਈ ਬਹੁਤ ਵਧੀਆ ਗੱਲ ਨਹੀ ਹੈ ਸਗੋਂ ਸਿੱਖਾਂ ਵਾਸਤੇ ਖਤਰੇ ਦੀ ਘੰਟੀ ਹੈ, ਐਨੇਂ ਗੰਦੇ ਗਾਣਿਆਂ ਤੇ ਸ਼ਬਦ ਬੋਲਿਆ ਜਾਂਦਾ ਹੈ ਕਿ ਕਹਿਣ ਲੱਗਿਆਂ ਵੀ ਸ਼ਰਮ ਆਉਂਦੀ ਹੈ। ਸੋ ਸਾਨੂੰ ਖੁਦ ਨੂੰ ਐਨੇਂ ਸੁਚੇਤ ਹੋਣ ਦੀ ਲੋੜ੍ਹ ਹੈ ਕਿ ਜਿਥੇ ਵੀ ਕੋਈ ਗੁਰਮਤਿ ਵਿਰੋਧੀ ਕਰਮ ਹੋਵੇ ਉਥੇ ਡੱਟ ਕੇ ਉਸ ਦਾ ਵਿਰੋਧ ਕਰ ਸਕੀਏ। ਸਾਡੇ ਰਾਗੀ ਸਿੰਘਾਂ ਦੀ ਦੂਜੀ ਕੋਸ਼ਿਸ਼ ਇਹ ਹੋਵੇ ਕਿ ਕੀਰਤਨ ਕੇਵਲ ਗੁਰਬਾਣੀਂ ਸ਼ਬਦਾਂ ਦਾ ਹੀ ਕੀਤਾ ਜਾਵੇ, ਜਾਂ ਫਿਰ ਭਾਈ ਗੁਰਦਾਸ ਜੀ, ਤੇ ਭਾਈ ਨੰਦ ਲਾਲ ਜੀ ਦੀ ਰਚਨਾਂ ਦਾ ਹੀ ਕਰਨ, ਪਰ ਵੇਖਣ ਵਿੱਚ ਆ ਰਿਹਾ ਹੈ ਕਿ ਜਿਆਦਾਤਰ ਦਸਮ ਗ੍ਰੰਥ ਦੀਆਂ ਉਨ੍ਹਾਂ ਕਵਿਤਾਵਾਂ ਦਾ ਕੀਰਤਨ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਕੀਤਾ ਜਾ ਰਿਹਾ ਹੈ ਜਿਨ੍ਹਾ ਬਾਰੇ ਸਾਨੂੰ ਕੁੱਝ ਵੀ ਗਿਆਨ ਨਹੀਂ ਹੈ। ਫਿਰ ਰਹਿਤ ਮਰਆਦਾ ਦੇ ਇਹ ਸ਼ਬਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਹੋਰ ਕਿਸੇ ਵੀ ਪੁਸਤਕ ਨੂੰ ਅਸਥਾਪਨ ਨਹੀਂ ਕਰਨਾਂ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾਂ ਆਰੰਭ ਕਰ ਦਿੱਤਾ।

ਮੈ ਆਪਣੀਂ ਵਿਚਾਰ ਨੂੰ ਸੰਕੋਚਦਿਆਂ ਹੋਇਆਂ ਬੱਸ ਇਹ ਹੀ ਕਹਾਂਗਾ ਕਿ ਅੱਜ ਕਿਸੇ ਵੀ ਪੱਖ ਤੋਂ ਸਾਡੇ ਗੁਰਦੁਆਰੇ ਬ੍ਰਾਹਮਣੀਂ ਸੋਚ ਤੋਂ ਨਹੀਂ ਬੱਚ ਸਕੇ, ਅੱਜ ਸਾਡੇ ਗੁਰੂ ਘਰ ਸਿੱਖੀ ਦੇ ਪ੍ਰਚਾਰ ਕੇਂਦਰ ਨਹੀ ਰਹੇ, ਇਹ ਕੁੱਝ ਹੋਰ ਹੀ ਰੂਪ ਧਾਰਨ ਕਰਦੇ ਜਾ ਰਹੇ ਹਨ। ਸਚਾਈ ਇਹ ਹੈ ਕਿ ਅੱਜ ਗੁਰੂ ਨਾਨਕ ਦੇ ਘਰ ਵਿੱਚ ਹੀ ਗੁਰੂ ਨਾਨਕ ਦੀ ਗੱਲ ਨਹੀਂ ਕੀਤੀ ਜਾ ਸਕਦੀ, ਇਸ ਤੋਂ ਵੱਧ ਹੋਰ ਸਾਡੀ ਬਦਕਿਸਮਤੀ ਕੀ ਹੋ ਸਕਦੀ ਹੈ। ਗੁਰੂ ਦੀ ਸੋਚ ਦਾ ਜਿਥੇ ਪ੍ਰਚਾਰ ਹੋਣਾਂ ਸੀ ਅੱਜ ਉਹ ਗੁਰੂਘਰ ਹੀ ਗੁਰੂ ਦੀ ਸੋਚ ਦੇ ਵੈਰੀ ਬਣ ਚੁੱਕੇ ਹਨ।

ਭਾਈ ਗੁਰਦਾਸ ਜੀ ਦਾ ਇਹ ਕਥਨ ਸਾਨੂੰ ਸੋਚਣ ਤੇ ਮਜ਼ਬੂਰ ਕਰ ਦਿੰਦਾ ਹੈ, , , , , ਬਾਹਰ ਕੀ ਅਗਨਿ ਬੂਝਤ ਜਲ ਸਰਿਤਾ ਕੈ, ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ। ਬਾਹਰਿ ਸੈ ਭਾਗਿ ਓਟ ਲੀਜੀਅਤ ਕੋਟ ਗੜ੍ਹ, ਗੜ੍ਹ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ। ਚੋਰਨ ਕੇ ਤ੍ਰਾਸ ਜਾਏ ਸ਼ਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ। ਮਾਇਆ ਡਰ ਡਰਪਤ ਹਾਰਿ ਗੁਰਦੁਆਰੈ ਜਾਵੈ, ਤਹਾਂ ਜੋ ਮਾਇਆ ਬਿਆਪੈ ਕਹਾਂ ਠਹਰਾਈਐ।

ਅਰਥ=ਬਾਹਰ ਲੱਗੀ ਅੱਗ ਨੂੰ ਜਿਵੇਂ ਪਾਣੀ ਪਾਕੇ ਬੁਝਾ ਲਈਦਾ ਹੈ, ਪਰ ਜੇਕਰ ਬੇੜ੍ਹੀ ਵਿੱਚ ਹੀ ਅੱਗ ਲੱਗ ਜਾਵੇ ਤਾਂ ਫਿਰ ਕੀ ਕਰੀਏ। ਬਾਹਰੋਂ ਲੁਟੇਰਿਆਂ ਤੋਂ ਬਚਣ ਲਈ ਮਨੁਖ ਕਿਸੇ ਕਿਲ੍ਹੇ ਵਿੱਚ ਚਲਾ ਜਾਵੇ ਜਦੋਂ ਕਿਲ੍ਹੇ ਵਿੱਚ ਹੀ ਲੁਟਣ ਵਾਲਾ ਬੈਠਾ ਹੋਵੇ ਤਾਂ ਫਿਰ ਕੀ ਕੀਤਾ ਜਾ ਸਕਦਾ ਹੈ। ਬਾਹਰੋਂ ਚੋਰਾਂ ਦਾ ਸਤਾਇਆ ਗਰੀਬ ਜਦੋਂ ਰਾਜੇ ਦੀ ਸ਼ਰਨ ਇਹ ਆਸ ਲੈਕੇ ਜਾਂਦਾ ਹੈ ਕਿ ਰਾਜਾ ਮੇਰੀ ਰਾਖੀ ਕਰੇਗਾ, ਪਰ ਜਦੋਂ ਰਾਜਾ ਹੀ ਚੋਰ ਬਣ ਜਾਵੇ ਤਾਂ ਕੀ ਕਰੀਏ। ਐਨ ਇਸੇ ਤਰਾਂ ਮਾਇਆ ਦੇ ਡਰ ਤੋਂ ਬਚਣ ਲਈ ਮਨੁੱਖ ਸੱਚ ਗਿਆਨ ਲੈਣ ਲਈ ਗੁਰਦੁਆਰੇ ਜਾਂਦਾ ਹੈ ਪਰ ਜਦੋਂ ਉਥੇ ਜਾਕੇ ਵੀ ਮਾਇਆ ਹੀ ਦਬੋਚ ਲਵੇ ਫਿਰ ਹੋਰ ਕਿਸਤੋਂ ਆਸ ਲਾਈ ਜਾ ਸਕਦੀ ਹੈ।

ਅਸਲ ਵਿੱਚ ਗੁਰਦੁਆਰੇ ਅੱਜ ਸਿੱਖ ਕੌਮ ਦੀ ਅਗਵਾਈ ਕਰਨ ਵਿੱਚ ਫ਼ੇਲ ਹੋ ਗਏ ਹਨ ਜਿਸ ਕਾਰਨ ਪਾਖੰਡੀਆਂ ਦੀਆਂ ਦੁਕਾਨਾਂ ਉਤੇ ਭੀੜ੍ਹ ਹੈ, ਪਰ ਗੁਰੂ ਧਾਮ ਖਾਲੀ ਹੋ ਰਹੇ ਹਨ। ਇਸ ਦਾ ਕੀ ਕਾਰਨ ਹੈ? ਇਸ ਸੁਵਾਲ ਦਾ ਜਵਾਬ ਲੱਭਣਾਂ ਅੱਜ ਸਮੇਂ ਦੀ ਮੰਗ ਹੈ। ਸਾਡੇ ਕੋਲ ਆਪਾਰ ਖ਼ਜ਼ਾਨਾਂ ਹੋਣ ਦੇ ਬਾਵਜੂਦ ਵੀ ਅਸੀਂ ਮੰਗਤੇ ਹਾਂ, ਤੇ ਜਿਹੜ੍ਹੇ ਭਿਖਾਰੀ ਸਨ ਉਹ ਬਾਦਸ਼ਾਹਤ ਮਾਨ੍ਹ ਰਹੇ ਹਨ। ਗੁਰਦੁਆਰਿਆਂ ਨੂੰ ਅਸੀਂ ਸੰਗਮਰਮਰ ਤੇ ਸੋਨੇਂ ਚਾਂਦੀ ਨਾਲ ਸ਼ਿੰਗਾਰ ਦਿੱਤਾ ਹੈ, ਪਰ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਪਾਟੇ ਕੱਪੜ੍ਹੇ ਪਾ ਗੁਰੂ ਘਰ ਤੋਂ ਬਾਹਰ ਧਕੇਲ ਦਿੱਤਾ ਹੈ।

ਇਹੋ ਹੀ ਕਾਰਨ ਹੈ ਅੱਜ ਗੁਰਦੁਆਰਿਆਂ ਨੇਂ ਆਮਦਨ ਪੱਖੋਂ ਤਾਂ ਬਹੁਤ ਤਰੱਕੀ ਕਰ ਲਈ ਹੈ ਪਰ ਸਿਧਾਂਤਕ ਪੱਖੋਂ ਬਹੁਤ ਗਿਰਾਵਟ ਆ ਗਈ ਹੈ। ਆਉ ਹਮਲਾ ਮਾਰੀਏ ਤਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਮੂੰਹ ਦਿਖਾਉਣ ਜੋਗੇ ਹੋ ਸਕੀਏ।

ਲੇਖ਼ਕ, ਕਥਾਵਾਚਕ=

ਭਾਈ ਲਖ਼ਵਿੰਦਰ ਸਿੰਘ ਗੰਭੀਰ

ਮੋਬਾਈਲ ਨੰ: ੦੯੮੭੨੧੧੮੮੪੮
.