.

ਕੀ ਉਹ ਸਿੱਖ ਹਨ?
ਗੁਰਸ਼ਰਨ ਸਿੰਘ ਕਸੇਲ

ਅੱਜ ਸਿੱਖ ਧਰਮ ਨੂੰ ਕਈ ਪਾਸਿਆਂ ਤੋਂ ਵੰਡਿਆ ਜਾ ਰਿਹਾ ਹੈ ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਇੱਕ ਤਾਂ ਇਸਦੇ ਪੈਰੋਕਾਰਾਂ ਦੀ ਗਿਣਤੀ ਪਹਿਲਾਂ ਹੀ ਹੋਰ ਧਰਮਾਂ ਦੇ ਮੁਕਾਬਲੇ ਬਹੁਤ ਘੱਟ ਹੈ; ਦੂਜੇ ਇਸਦੇ ਆਪਣੇ ਅਖਵਾਉਣ ਵਾਲੇ ਹੀ ਇਸਨੂੰ ਛਾਂਗਣ ਦੇ ਬਹਾਨੇ ਲੱਭਦੇ ਰਹਿੰਦੇ ਹਨ। ਕੁੱਝ ਸਮੇਂ ਤੋਂ ਅਜਿਹੇ ਲੋਕ ਸਹਿਜਧਾਰੀ ਜਾਂ ਪਤੱਤ ਸਿੱਖ ਆਖਕੇ ਇਸ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਘੱਟਾ ਰਹੇ ਹਨ। ਇਸ ਗੱਲ ਨਾਲ ਤਾਂ ਹਰ ਸਿੱਖ ਸਹਿਮਤ ਹੋਵੇਗਾ ਕਿ ਸਰੀਰਕ ਤੌਰ ਤੇ ਸਿੱਖ ਦੀ ਪਹਿਚਾਣ ਕੇਸ ਤੇ ਪੱਗ ਨਾਲ ਹੈ। ਪਰ, ਕੀ ਸਿਰਫ ਕੇਸ ਰੱਖਣ ਜਾਂ ਬਾਹਰੀ ਪਹਿਰਾਵੇ ਵਾਲਾ ਹੀ ਗੁਰਮਤਿ ਦੇ ਅਨੁਸਾਰ ਸਿਰਫ ਸਿੱਖ ਹੈ? ਅੱਜ ਕੀ ਹੋ ਰਿਹਾ ਹੈ, ਬਹੁਗਿਣਤੀ ਅਜਿਹੇ ਲੋਕ ਹਨ ਜੋ ਵੇਖਣ ਨੂੰ ਕੇਸਾਧਾਰੀ ਅਤੇ ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਅਤੇ ਵੱਡੇ ਵੱਡੇ ਚੋਲੇ ਵੀ ਪਾਏ ਫਿਰਦੇ ਹਨ ਪਰ ਉਹਨਾਂ ਦਾ ਮਕਸਦ ਸਿਰਫ ਇਸ ਪਹਿਰਾਵੇ ਦੀ ਆੜ੍ਹ ਵਿੱਚ ਸਿੱਖਾਂ ਨੂੰ ਅੰਧਵਿਸ਼ਵਾਸਾਂ ਤੇ ਕਰਮਕਾਂਡਾਂ ਵਿੱਚ ਪਾਉਣਾ ਹੈ।
ਥੋੜਾ ਸਮਾਂ ਹੋਇਆ ਰੇਡੀਓ ਤੇ ਆਪਣੇ ਆਪਨੂੰ ਸਿੱਖ ਧਰਮ ਦਾ ਵਿਦਵਾਨ ਸਮਝਣ ਵਾਲਾ ਆਦਮੀ ਕਹਿ ਰਿਹਾ ਸੀ ਮੈਂ ਅੰਮ੍ਰਿਤਧਾਰੀ ਹਾਂ ਅਤੇ ਨਾਲ ਇਹ ਵੀ ਕਹਿ ਰਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖਾਂ ਨੂੰ ਵੇਦ ਪੜ੍ਹ ਕਿ ਸਿਖਿਆ ਲੈਣ ਦੀ ਸਲਾਹ ਦਿਤੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖਾਂ ਨੂੰ ਸ਼ਿਵ ਜੀ, ਬ੍ਰਹਮਾ ਅਤੇ ਪਾਰਬਤੀ ਹੋਰਾਂ ਨੂੰ ਜੀਵਣ ਦੇਣ ਅਤੇ ਲੈਣ ਵਾਲਾ ਆਦਿ ਆਖਿਆ ਗਿਆ ਹੈ। ਜਾਨੀਕਿ ਸ੍ਰੀਸ਼ਟੀ ਨੂੰ ਚਲਾਉਣ ਵਾਲਾ ਆਖਿਆ ਗਿਆ ਹੈ।
ਕਈ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਏਨੇ ਵਹਿਮੀ ਹੋ ਗਏ ਹਨ ਕਿ ਹੱਥ ਦੀ ਅਗੂਠੇ ਨਾਲ ਦੀ ਉਂਗਲ ਵਿੱਚ ਕਿਸੇ ਪੰਡਤ ਦੇ ਕਹਿਣ ਤੇ ਉਸ ਕੋਲੋ ਮੁਲ ਲੈਕੇ ਜਾਂ ਪੁੱਛ ਕੇ ਨੰਗ ਪਾਈ ਫਿਰਦੇ ਹਨ। ਕਈਆਂ ਨੇ ਤਾਂ ਲਾਲ ਰੰਗ ਦਾ ਗਾਨਾ ਵੀ ਗੁੱਟ ਤੇ ਬਨ੍ਹਿਆ ਹੁੰਦਾ ਹੈ।
ਤਿੱਥ ਵਾਰਾਂ ਦੇ ਅਜਿਹੇ ਲੋਕ ਆਮ ਹੀ ਪੁਜਾਰੀ ਹਨ। ਖਾਸ ਕਰਕੇ ਸੰਗਰਾਂਦ, ਮੱਸਿਆ ਅਤੇ ਪੁਨਿਆਂ ਵਰਗੇ ਦਿਨ ਨੂੰ ਹੋਰਨਾ ਦਿਨਾਂ ਨਾਲੋਂ ਪਵਿੱਤਰ ਸਮਝਦੇ ਹਨ। ਜਦ ਕਿ ਗੁਰਬਾਣੀ ਸਿੱਖਾਂ ਨੂੰ ਸਮਝਾਉਂਦੀ ਹੈ: ਥਿਤੀ ਵਾਰ ਸੇਵਹਿ ਮੁਗਧ ਗਵਾਰ॥ ਨਾਨਕ ਗੁਰਮੁਖਿ ਬੂਝੈ ਸੋਈ ਪਾਇ॥ ਇਕਤੁ ਨਾਮਿ ਸਦਾ ਰਹਿਆ ਸਮਾਇ॥ (ਮ: 3, ਪੰਨਾ 842)
ਅੱਜ ਅਜਿਹੇ ਸਿੱਖ ਰੁੱਖਾਂ, ਮੜੀਆਂ, ਕਬਰਾਂ, ਥੜ੍ਹਿਆਂ ਆਦਿ ਨੂੰ ਮੱਥੇ ਟੇਕਦੇ ਅਤੇ ਉਥੇ ਸਾਧਾਂ ਦੇ ਨਾਂਵਾਂ ਤੇ ਅਖੰਡ ਪਾਠ ਕਰਵਾਉਂਦੇ ਆਮ ਹੀ ਵੇਖੇ ਜਾਂਦੇ ਹਨ। ਅਖੰਡ ਪਾਠ ਜਾਂ ਸਧਾਰਨ ਪਾਠ ਅਰੰਭ ਕਰਨ ਤੋਂ ਪਹਿਲਾਂ ਇਹਨਾਂ ਨੂੰ ਹਿੰਦੂ ਧਰਮ ਦੇ ਮੰਨੇ ਜਾਂਦੇ ਦੇਵਤਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ “ਸ਼ਬਦ ਗੁਰੂ” ਦੇ ਲਾਗੇ ਪੂਜਣਾ ਬਹੁਤ ਜਰੂਰੀ ਸਮਝਦੇ ਹਨ। ਜਿੰਨਾਂ ਵਿੱਚੋਂ ਕੁੰਭ, ਨਾਰੀਅਲ, ਜੋਤ, ਮੌਲੀ ਦਾ ਧਾਗਾ ਅਤੇ ਚਿੱਟਾ ਕਪੜਾ ਜਾਂ ਲਾਲ ਰੰਗ ਵਾਲਾ ਆਮ ਹੀ ਇਹ ਚੀਜਾ ਵੇਖਣ ਨੂੰ ਮਿਲਦੀਆਂ ਹਨ। ਹਾਲਾਂਕਿ ਇਹਨਾਂ ਚੀਜ਼ਾਂ ਦੀ ਸਿੱਖ ਰਹਿਤ ਮਰਯਾਦਾ ਅਨੁਸਾਰ ਵੀ ਮਨਾਹੀ ਹੈ। ਸਿੱਖ ਰਹਿਤ ਮਰਯਾਦਾ ਦੇ ਅਖੰਡ ਪਾਠ ਅਰੰਭ ਕਰਨ ਦੇ ਸਰਲੇਖ ਹੇਠ ਲਿਖਿਆ ਹੈ: (ਇ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਾਰੀਅਲ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ। ਪਰ, ਅਜਿਹੇ ਬਣੇ ਸਿੱਖ ਨਾਂ ਰਹਿਤ ਮਰਯਾਦਾ ਨੂੰ ਮੰਨਦੇ ਹਨ ਤੇ ਨਾਂ ਹੀ ਗੁਰਬਾਣੀ ਦੇ ਸ਼ਬਦਾਂ ਨੂੰ ਜੋ ਆਖ ਰਹੇ ਹਨ: ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ ੧॥ (ਮ: 5, ਪੰਨਾ 747)
ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ “ਸ਼ਬਦ ਗੁਰੂ” ਉਂਝ ਆਖਣ ਵਾਲੇ ਮੰਤਰਾਂ ਵਾਂਗੂ ਗਿਣਤੀ ਮਿਣਤੀ ਦਾ ਇਸਦਾ ਪਾਠ ਕਰਦੇ ਤੇ ਬਦਲੇ ਵਿੱਚ ਫੱਲ ਮਿਲਣ ਦੀ ਆਸ ਰੱਖਦੇ ਹਨ। ਗੁਰੂ ਨਾਲ ਸੌਦੇ ਬਾਜੀ ਕਰਦੇ ਹਨ ਕਿ ਤੂੰ ਮੇਰਾ ਫਲਾਣਾ ਕੰਮ ਜਾਂ ਫਲਾਣੀ ਚੀਜ ਦੇ ਮੈਂ ਤੇਰੇ ਇਨੇ ਪਾਠ ਕਰਾਂਗਾ ਜਾਂ ਅਖੰਡ ਪਾਠ ਕਰਵਾਂਗਾ ਆਦਿ ਸੁੱਖਣਾ ਸੁੱਖਦੇ ਹਨ।
ਕਈ ਤਾਂ ਅਜਿਹੇ ਅੰਮ੍ਰਿਤਧਾਰੀ ਬਣੇ ਹਨ ਜਿਹੜੇ ਕਿਸੇ ਵਾਲਾਂ ਕੱਟਿਆਂ ਵਾਲੇ ਸਿੱਖ ਨਾਲ ਹੱਥ ਮਿਲਾਉਣ ਨਾਲ ਸਮਝਦੇ ਹਨ ਕਿ ਅਸੀਂ ਭਿੱਟੇ ਜਾਵਾਂਗੇ। ਕੀ ਅਜਿਹੇ ਲੋਕ ਬ੍ਰਹਮਣ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਨਹੀਂ ਹਨ? ਗੁਰਬਾਣੀ ਤਾਂ ਸਮਝਾਂਉਂਦੀ ਹੈ: ਸਲੋਕੁ ਮ; ੧॥ ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ॥ ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ॥ (ਪੰਨਾ 473)
ਕਈ ਤਾਂ ਜਦ ਬੱਚੇ ਦਾ ਜਨਮ ਦਿਨ ਮਨਾਉਂਦੇ ਹਨ ਤਾਂ ਕੇਕ ਵਾਲੀਆਂ ਮੋਮਬੱਤੀਆਂ ਵਿੱਚੋਂ ਬੱਚੇ ਦੇ ਫੂਕ ਮਾਰਨ ਤੋਂ ਪਹਿਲਾਂ ਇੱਕ ਜਗਦੀ ਮੋਮਬੱਤੀ ਚੁੱਕ ਕੇ ਪਾਸੇ ਕਰ ਲੈਂਦੇ ਹਨ।
ਕੁਝ ਚਿਰ ਹੋਇਆ ਪੰਜਾਬ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਜਾਣ ਕਰਕੇ ਜਾਣਾ ਪਿਆ ਸੀ। ਮੇਰੇ ਜਾਣ ਤੋਂ ਪਹਿਲਾਂ ਮ੍ਰਿਤਕ ਦਾ ਸਸਕਾਰ ਤਾਂ ਹੋ ਗਿਆ ਸੀ ਅਗਲੇ ਦਿਨ ਫੁੱਲ (ਅਸਥੀਆਂ) ਚੁਣਨੇ ਸਨ। ਉਥੇ ਅਸਥੀਆਂ ਚੁੱਗਣ ਦੀ ਗੱਲ ਹੋਈ ਤਾਂ ਇੱਕ ਪੜ੍ਹੇ ਲਿਖੇ ਸਜਣ ਕਹਿੰਦੇ ਅਸੀਂ ਕੱਲ੍ਹ ਹੀ ਇੱਕ “ਫੁੱਲ” ਚੁੱਕ ਕੇ ਪਾਸੇ ਕਰ ਆਏ ਸਾਂ ਕਿਉਂਕਿ ਵਿੱਚ ਐਤਵਾਰ ਆ ਜਾਣਾ ਸੀ। ਇਹ ਗੱਲ ਸੁਣਕੇ ਮੈਂ ਹੈਰਾਨ ਹੋਇਆ ਅਤੇ ਹੋਰ ਕਰਮਕਾਂਢ ਵੇਖਣ ਦੀ ਆਸ ਵੀ ਹੋਈ। ਸੋ, ਅਗਲੇ ਦਿਨ ਵਾਕਿਆ ਹੀ ਮੇਰੇ ਆਸ ਤੋਂ ਵੱਧ ਕਰਮਕਾਂਡਾਂ ਤੇ ਵਹਿਮ ਭਰਮ ਵੇਖਣ ਨੂੰ ਮਿਲੇ।
ਘਰੋਂ ਤੁਰਦਿਆਂ ਹੀ ਇੱਕ ਪ੍ਰੋਫੈਸਰ ਸਾਹਿਬ ਦੱਸ ਰਹੇ ਸਨ ਕਿ ਬਾਬੇ ਦੀਪ ਸਿੰਘ ਜੀ ਸ਼ਹੀਦ (ਅੰਮ੍ਰਿਤਸਰ) ਜਿਥੇ ਸਸਕਾਰ ਕੀਤਾ ਸੀ, ਉਥੇ ਲਾਗੇ ਹੀ ਦੁਕਾਨ ਹੈ ਜਿਥੋਂ ਕਿਲੀਆਂ, ਚਿੱਟਾ ਕਪੜਾ, ਧਾਗਾ, ਦੇਵੇ ਅਤੇ ਕੁੱਝ ਹੋਰ ਵੀ ਚੀਜਾਂ ਸਨ ਉਹ ਮਿਲ ਜਾਣਗੀਆਂ। ਮੇਰੇ ਕੋਲੋਂ ਰਿਹਾ ਨਾ ਗਿਆ ਮੈਂ ਕਿਹਾ, ਡਾਕਟਰ ਸਾਹਿਬ, ਕਦੀ ਦਰਬਾਰ ਸਾਹਿਬ ਗਏ ਜੇ, ਉਹ ਬੜੇ ਮਾਨ ਨਾਲ ਕਹਿੰਦੇ, “ਹਾਂ ਕਈ ਵਾਰ ਗਏ ਹਾਂ”। ਮੈਂ ਕਿਹਾ, ਉਥੇ ਦਰਬਾਰ ਸਾਹਿਬ ਦੇ ਬਾਹਰ ਹੀ ਸ਼ਰੋਮਣੀ ਕਮੇਟੀ ਦੀ ਦੁਕਾਨ ਹੈ, ਉਥੋਂ ਪੰਥਕ ਰਹਿਤ ਮਰਯਾਦਾ ਲੈਕੇ ਪੜ੍ਹਕੇ ਵੇਖਣਾ ਇਹ ਜਿਹੜੀਆਂ ਚੀਜਾਂ ਤੁਸੀਂ ਦੱਸ ਰਹੇ ਹੋ ਇਹਨਾਂ ਦੀ ਸਿੱਖ ਧਰਮ ਵਿੱਚ ਕਿਤੇ ਥਾਂ ਹੈ। ਉਹ ਅੱਗੋਂ ਚੁੱਪ ਕਰ ਗਏ ਪਰ ਜਾਕੇ ਸਾਰਾ ਸਮਾਨ ਖਰੀਦ ਲਿਆਏ।
ਸਾਡੇ ਨਾਲ ਫੁੱਲ ਚੁਗਣ ਵਾਲੇ ਕਾਫੀ ਜਾਣੇ ਸਨ ਜਿਨਾਂ ਵਿੱਚ ਪੀ ਐਚ ਡੀ, ਐਮ. ਏ. ਅਤੇ ਕਈ ਧਾਰਮਿਕ ਵਿਅਕਤੀ ਅਖਵਾਉਣ ਵਾਲੇ ਵੀ ਸਨ ਅਤੇ ਗਾਤਰਿਆਂ ਵਾਲੇ ਵੀ।
ਉਥੇ ਸਸਕਾਰ ਵਾਲੀ ਜਗ੍ਹਾ ਤੇ ਇੱਕ ਮੋਨਾ ਜਿਹਾ ਆਦਮੀ ਬੈਠਾ ਸੀ, ਜਿਹੜਾ ਫੁੱਲ ਚੁਣਨ ਦੀ ਸਾਰੀ ਕਾਰਵਾਈ ਦੱਸ ਰਿਹਾ ਸੀ। ਜਿਨੇ ਵੀ ਲੋਕ ਸਨ ਕੋਈ ਵੀ ਇਹ ਨਹੀਂ ਸੀ ਕਹਿ ਰਿਹਾ ਕਿ ਇਹ ਗੁਰਮਤਿ ਵਿਰੋਧੀ ਕਰਮ ਨਾ ਕਰੋ; ਸਗੋਂ ਸਾਰੇ ਹੀ ਉਸ ਕਰਮਕਾਂਡ ਨੂੰ ਸਹੀ ਸਮਝ ਰਹੇ ਸਨ। ਪਰ, ਮੈਂ ਘਰ ਵਾਲਿਆਂ ਨੂੰ ਆਖਿਆ ਸੀ ਇਹ ਜੋ ਕਰ ਰਹੇ ਹੋ ਸਿੱਖ ਧਰਮ ਅਨੁਸਾਰ ਨਹੀਂ ਹੈ। ਮਿਰਤਕ ਪ੍ਰਾਣੀ ਲਈ ਦੀਵੇ ਆਦਿ ਜਗਾਉਣ ਬਾਰੇ ਗੁਰਬਾਣੀ ਆਖਦੀ ਹੈ:
ਦੀਵਾ ਮੇਰਾ ਏਕੁ ਨਾਮੁ, ਦੁਖੁ ਵਿਚਿ ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥ ੧॥ ਲੋਕਾ ਮਤ ਕੋ ਫਕੜਿ ਪਾਇ॥ ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ॥ ੧॥ ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥ ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥ (ਮ: ੧, ਪੰਨਾ ੩੫੮)
ਤਕਰੀਬਨ ਸਾਰੇ ਹੀ ਸਿੱਖ ਫੁੱਲ ਲੈਕੇ ਸ੍ਰੀ ਗੋਇਦਵਾਲ ਜਾਂਦੇ ਹਨ ਅਤੇ ਉਥੇ ਭਾਂਡੇ ਮੁਲ ਲੈਕੇ ਦਾਨ ਕਰਦੇ ਹਨ। ਅਜੇ ਪੰਥਕ ਰਹਿਤ ਮਰਯਾਦਾ ਵਿੱਚ ਲਿਖਿਆ ਹੈ: ਖ) ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁਢਾ, ਮਰਨਾ ਆਦਿ ਕਰਨਾ ਮਨਮਤ ਹੈ। ਅੰਗੀਠੇ ਵਿਚੋ ਫੁੱਲ ਚੁਗ ਕੇ ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਣੇ ਮਨਮਤ ਹੈ।
ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚ ਪਾਉਣ ਵਾਲੇ ਅੱਜ ਸਾਡੇ ਹੀ ਪ੍ਰਚਾਰਕ ਸੱਭ ਤੋਂ ਅੱਗੇ ਹਨ। ਪਹਿਲਾਂ ਤਾਂ ਇਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਅੱਗੇ ਉਗਲ ਨਾਲ ਤੁਪਕਾ ਤੁਪਕਾ ਪਾਣੀ ਛਿੜਕੇ ਗੁਰੂ ਜੀ ਦੇ ਸਿਧਾਂਤ ਦਾ ਮਖੌਲ ਤਾਂ ਉਡਾਉਂਦੇ ਤਾਂ ਹੈਨ ਹੀ ਹੁਣ ਕੜਾਹ ਪ੍ਰਸਦਿ ਅੱਗੇ ਵੀ ਇਹ ਕਰਮਕਾਂਡ ਕਰਦੇ ਵੇਖੇ ਗਏ ਹਨ। ਅਜਿਹੇ ਖੰਡੇ ਬਾਟੇ ਦੀ ਪਾਹੁਲ ਧਾਰਨ ਅਤੇ ਆਪਣੇ ਆਪਨੂੰ ਗੁਰੂ ਦੇ ਸਿੱਖ ਸਮਝਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੂਰਜ ਨੂੰ ਪਾਣੀ ਦੇਣ ਦੀ ਬਜਾਏ ਲਹਿੰਦੇ ਵੱਲ ਆਪਣੇ ਖੇਤਾਂ ਨੂੰ ਪਾਣੀ ਦੇਣ ਦੀ ਸਾਖੀ ਆਮ ਹੀ ਸੁਣਾਉਂਦੇ ਸੁਣਦੇ ਹਨ ਪਰ ਖੁਦ ਉਹ ਹੀ ਕਰਮਕਾਂਡ ਅਤੇ ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚ ਪਾਕੇ ਆਪਣਾ ਹਲਵਾ ਪੂੜੀ ਚਲਦਾ ਰੱਖਣਾ ਚਾਹੁੰਦੇ ਹਨ। ਕੀ “ਸ਼ਬਦ ਗੁਰੂ” ਅਜਿਹੇ ਖੋਖਲੇ ਸਤਿਕਾਰ ਦੀ ਆਗਿਆ ਦੇਂਦਾ ਹੈ? ਅਜਿਹੇ ਕੇਸਾਧਾਰੀਆਂ ਜਾਂ ਪਾਹੁਲਧਾਰੀਆਂ ਨੂੰ ਸਿੱਖੀ ਦੇ ਕਿਸ ਵਰਗ ਦੇ ਨਾਂਅ ਨਾਲ ਬੁਲਾਵੋਗੇ?
ਦੂਸਰੇ ਪਾਸੇ ਬਹੁਗਿਣਤੀ ਕੇਸ ਕੱਟੇ ਜਾਂ ਦਾਹੜੀ ਕੱਟੀ ਜਾਂ ਕਲੀਨ ਸ਼ੇਵ ਸਿੱਖ ਵੀ ਹਨ ਜੋ ਸਿਰਫ ਤੇ ਆਪਣਾ ‘ਗੁਰੂ’ ਸ੍ਰੀ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਮੰਨਣੇ ਹਨ। ਆਪਣੇ ਸਾਰੇ ਖੁਸ਼ੀ-ਗਮੀ ਦੇ ਕਾਰਜ ਗੁਰਬਾਣੀ ਅਤੇ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਅਨੁਸਾਰ ਕਰਦੇ ਹਨ। ਪਰ ਜਿਹਨਾਂ ਨੂੰ ਅਜਿਹੇ ਲੋਕ ਆਪਣੇ ਪਤੱਤ ਜਾਂ ਕੋਈ ਹੋਰ ਨਾਂਅ ਲੈਕੇ ਸਿੱਖ ਹੀ ਨਹੀਂ ਸਮਝਦੇ। ਹਾਂ, ਜਾਂ ਉਹਨਾਂ ਨੂੰ ਸਿਰਫ ਉਨਾਂ ਚਿਰ ਹੀ ਸਿੱਖ ਸਮਝਿਆ ਜਾਂਦਾ ਹੈ ਜਦੋਂ ਕਿਸੇ ਗੁਰਦੁਆਰੇ ਵਾਸਤੇ ਉਗਰਾਹੀ ਲੈਣੀ ਹੋਵੇ ਜਾਂ ਨਗਰ ਕੀਰਤਨ ਵਾਸਤੇ ਇੱਕਠ ਕਰਨਾ ਹੋਵੇ; ਵਰਨਾ ਉਹ ਅਜਿਹੇ ਲੋਕਾਂ ਅਨੁਸਾਰ ਸਿੱਖ ਨਹੀਂ ਹਨ।
ਇੱਕ ਕੇਸਾਧਾਰੀ ਭੇਖੀ ਸਿੱਖ ਜੋ ਧਰਮ ਦੀ ਅਤੇ ਸਿੱਖ ਕੌਮ ਦੀ ਬਦਨਾਮੀ ਕਰਵਾਉਣ ਵਾਲੇ ਨਾਲੋਂ, ਕੇਸ ਕੱਟਿਆਂ ਵਾਲਾ ਵਿਅਕਤੀ ਕਿਵੇਂ ਮਾੜਾ ਹੈ ਜਾਂ ਸਿੱਖ ਨਹੀਂ ਹੈ?
ਕਈ ਵਾਰ ਕੁੱਝ ਸਿੱਖੀ ਸਰੂਪ ਵਾਲੇ ਅਤੇ ਖੰਡੇ ਬਾਟੇ ਦੀ ਪਾਹਲਧਾਰੀ ਵਾਲੇ ਸਿੱਖਾਂ ਨੂੰ ਉਪਰ ਲਿਖੇ ਕਰਮ ਕਰਦੇ ਵੇਖਕੇ ਇਹ ਸੋਚਣ ਤੇ ਮਜਬੂਰ ਹੋ ਜਾਈਦਾ ਹੈ ਕਿ ਕੀ ਇਹ ਲੋਕ ਸਿੱਖ ਹਨ?




.