.

ਜਉ ਕਿਰਪਾ ਗੋਬਿੰਦ ਭਈ

ਜਦ ਕਦੀ ਕੋਈ ਪ੍ਰਾਣੀ ਕਿਸੇ ਤਰ੍ਹਾਂ ਦੀ ਪ੍ਰਾਪਤੀ `ਤੇ ਇਹ ਕਹਿੰਦਾ ਹੈ ਕਿ ਉਸ ਉੱਤੇ ਪ੍ਰਭੂ ਦੀ ਬੜੀ ਕ੍ਰਿਪਾ ਹੋਈ ਹੈ ਤਾਂ ਗੱਲ ਸਮਝ ਵਿੱਚ ਆਉਂਦੀ ਹੈ। ਪਰ ਜਿਸ ਨੇ ਹੇਰਾ-ਫੇਰੀ ਜਾਂ ਬੇਈਮਾਨੀ ਆਦਿ ਕਰਕੇ ਕਿਸੇ ਤਰ੍ਹਾਂ ਦੀ ਕਾਮਯਾਬੀ ਹਾਸਲ ਕੀਤੀ ਹੁੰਦੀ ਹੈ, ਉਸ ਦੇ ਮੂਹੋਂ ਇਹ ਸੁਣਨ ਨੂੰ ਮਿਲੇ ਕਿ ਪ੍ਰਭੂ ਦੀ ਬੜੀ ਕਿਰਪਾ ਹੋਈ ਹੈ, ਤਾਂ ਬੜੀ ਹੈਰਾਨਗੀ ਹੁੰਦੀ ਹੈ। ਆਮ ਮਨੁੱਖ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਕੀ ਸੱਚ-ਮੁੱਚ ਹੀ ਹੇਰਾ-ਫੇਰੀ ਜਾਂ ਬੇਈਮਾਨੀ ਆਦਿ ਕਰਕੇ ਕੁੱਝ ਹਾਸਲ ਕਰਨ ਵਾਲਿਆਂ ਉੱਤੇ ਅਕਾਲ ਪੁਰਖ ਦੀ ਕਿਰਪਾ ਹੋਈ ਹੈ? ਕੀ ਪਰਮਾਤਮਾ ਦੀ ਕਿਰਪਾ ਦਾ ਇਹ ਰੂਪ ਹੈ?
ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜਾਂ ਪ੍ਰਭੂ ਦੀ ਕਿਰਪਾ ਸਬੰਧੀ ਚਰਚਾ ਕਰਦਿਆਂ ਇਹ ਸਪਸ਼ਟ ਕੀਤਾ ਹੈ ਕਿ ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਹਰੇਕ ਵਿਅਕਤੀ ਹੀ ਹੈ। ਪਰ ਜੇਕਰ ਕੋਈ ਇਸ ਤੋਂ ਰਹਿਤ ਹੈ ਤਾਂ ਕੇਵਲ ਆਪਣੇ ਹੀ ਕਾਰਨਾਂ ਕਰ ਕੇ। ਸਭ ਤੋਂ ਸ੍ਰੇਸ਼ਟ ਇਹ ਕਿ ਮਨੁੱਖਾ ਜਨਮ ਹੀ ਪ੍ਰਭੂ ਦੀ ਬਖ਼ਸ਼ਸ਼ ਦਾ ਜ਼ਾਹਰਾ ਰੂਪ ਹੈ ਅਤੇ ਹਰ ਇੱਕ ਪ੍ਰਾਣੀ ਪਰਮਾਤਮਾ ਦੀਆਂ ਹੋਰ ਬਖ਼ਸ਼ਸ਼ਾਂ ਦਾ ਪਾਤਰ ਬਣ ਸਕਦਾ ਹੈ।
ਗੁਰਬਾਣੀ ਦੇ ਨਿਮਨ ਲਿਖਤ ਸ਼ਬਦ ਵਿਚੋਂ ਪ੍ਰਭੂ ਕਿਰਪਾ ਨਾਲ ਮਨੁੱਖ ਨੂੰ ਜੋ ਮਿਲਦਾ ਹੈ, ਉਸ ਦਾ ਸਰੂਪ ਉਘੜਦਾ ਹੈ:
ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ॥ ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ॥ ੧॥ ਜਉ ਕਿਰਪਾ ਗੋਬਿੰਦ ਭਈ॥ ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ॥ ੧॥ ਰਹਾਉ॥ ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ॥ ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ॥ ੨॥ ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ॥ ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ॥ ੩॥ ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ॥ ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ॥ ੪॥ (ਪੰਨਾ ੪੦੨)
ਸ਼ਬਦ ਦੀਆਂ ਰਹਾਉ ਦੀ ਪੰਗਤੀਆਂ ਵਿੱਚ ਹਜ਼ੂਰ ਫ਼ਰਮਾਂਦੇ ਹਨ:
ਜਉ ਕਿਰਪਾ ਗੋਬਿੰਦ ਭਈ॥ ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ॥ ੧॥ ਰਹਾਉ॥
ਭਾਵ ਜਦੋਂ ਮਾਲਕ ਦੀ ਕਿਸੇ ਮਨੁੱਖ ਉੱਤੇ ਕਿਰਪਾ ਹੁੰਦੀ ਹੈ ਤਾਂ ਉਸ ਨੂੰ ਸਤਿਗੁਰੂ ਮਿਲਦਾ ਹੈ ਅਰਥਾਤ ਉਹ ਪ੍ਰਾਣੀ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸਾਉਣ ਦੀ ਬਦੌਲਤ, ਉਸ ਮਨੁੱਖ ਨੂੰ ਆਤਮਕ ਅਨੰਦ ਦੀ ਦੌਲਤ, ਪ੍ਰਭੂ ਦਾ ਨਾਮ ਮਿਲ ਪਿਆ। ਪ੍ਰਭੂ ਦਾ ਨਾਮ ਅਥਵਾ ਆਤਮਕ ਅਨੰਦ ਦੀ ਦੌਲਤ ਦਾ ਸ਼ਬਦ ਦੇ ਤਿੰਨਾਂ ਬੰਦਾਂ ਵਿੱਚ ਵਿਸਤਾਰ ਕਰਦਿਆਂ ਸ਼ਬਦ ਦੀਆਂ ਪ੍ਰਾਰੰਭਕ ਪੰਗਤੀਆਂ ਵਿੱਚ ਫ਼ਰਮਾਂਦੇ ਹਨ:
ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ॥ ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ॥ ੧॥ ਅਰਥ: (ਹੇ ਭਾਈ! ਜਦੋਂ ਗੁਰੂ ਨਾਲ ਮਿਲਾਪ ਹੋਇਆ ਤਾਂ ਮੇਰੀ ਹਰੇਕ) ਪੁੱਠੀ ਗੱਲ ਸੋਹਣੀ, ਸਿੱਧੀ ਹੋ ਗਈ (ਮੇਰੇ ਪਹਿਲੇ) ਚੰਦਰੇ ਵੈਰੀ (ਹੁਣ) ਸੱਜਣ-ਮਿੱਤਰ ਬਣ ਗਏ, (ਮੇਰੇ ਮਨ ਦੇ) ਘੁੱਪ ਹਨੇਰੇ ਵਿੱਚ (ਗੁਰੂ ਦਾ ਬਖ਼ਸ਼ਿਆ ਗਿਆਨ-) ਰਤਨ ਚਮਕ ਪਿਆ (ਵਿਕਾਰਾਂ ਨਾਲ) ਮੈਲੀ ਹੋ ਚੁਕੀ ਮੇਰੀ ਅਕਲ ਸਾਫ਼-ਸੁਥਰੀ ਹੋ ਗਈ। ੧।
‘ਅਪੁਸਟ ਬਾਤ ਤੇ ਭਈ ਸੀਧਰੀ’ ਤੋਂ ਭਾਵ ਹੈ ਗੁਰੂ ਕਿਰਪਾ ਦਾ ਪਾਤਰ ਬਣਨ ਤੋਂ ਪਹਿਲਾਂ ਜੀਵਨ ਨੂੰ ਦੇਖਣ ਪਰਖਣ ਦਾ ਜੋ ਮਾਪਦੰਡ ਸੀ, ਉਹ ਖ਼ਤਮ ਹੋ ਗਿਆ ਹੈ। ਇਹ ਪਹਿਲਾ ਮਾਪਦੰਡ ਦਾ ਰੂਪ ਗੁਰਬਾਣੀ ਵਿੱਚ ਇਉਂ ਦਰਸਾਇਆ ਹੈ:
ਕਉਡੀ ਬਦਲੈ ਤਿਆਗੈ ਰਤਨੁ॥ ਛੋਡਿ ਜਾਇ ਤਾਹੂ ਕਾ ਜਤਨੁ॥ ਸੋ ਸੰਚੈ ਜੋ ਹੋਛੀ ਬਾਤ॥ ਮਾਇਆ ਮੋਹਿਆ ਟੇਢਉ ਜਾਤ॥ ੧॥ . . ਅੰਮ੍ਰਿਤੁ ਕਉਰਾ ਬਿਖਿਆ ਮੀਠੀ॥ ਸਾਕਤ ਕੀ ਬਿਧਿ ਨੈਨਹੁ ਡੀਠੀ॥ ਕੂੜਿ ਕਪਟਿ ਅਹੰਕਾਰਿ ਰੀਝਾਨਾ॥ ਨਾਮੁ ਸੁਨਤ ਜਨੁ ਬਿਛੂਅ ਡਸਾਨਾ॥ ੨॥ ਮਾਇਆ ਕਾਰਣਿ ਸਦ ਹੀ ਝੂਰੈ॥ ਮਨਿ ਮੁਖਿ ਕਬਹਿ ਨ ਉਸਤਤਿ ਕਰੈ॥ ਨਿਰਭਉ ਨਿਰੰਕਾਰ ਦਾਤਾਰੁ॥ ਤਿਸੁ ਸਿਉ ਪ੍ਰੀਤਿ ਨ ਕਰੈ ਗਵਾਰੁ॥ ੩॥ (ਪੰਨਾ ੮੯੨) ਅਰਥ: (ਪਰਮਾਤਮਾ ਦਾ ਨਾਮ ਅਮੋਲਕ ਰਤਨ ਹੈ, ਇਸ ਦੇ ਟਾਕਰੇ ਤੇ ਮਾਇਆ ਕੌਡੀ ਦੇ ਤੁੱਲ ਹੈ; ਪਰ ਸਾਕਤ ਮਨੁੱਖ) ਕੌਡੀ ਦੀ ਖ਼ਾਤਰ (ਕੀਮਤੀ) ਰਤਨ ਨੂੰ ਛੱਡ ਦੇਂਦਾ ਹੈ, ਉਸੇ ਦੀ ਪ੍ਰਾਪਤੀ ਦਾ ਜਤਨ ਕਰਦਾ ਹੈ ਜੋ ਸਾਥ ਛੱਡ ਜਾਂਦੀ ਹੈ, ਉਸੇ (ਮਾਇਆ) ਨੂੰ ਹੀ ਇਕੱਠੀ ਕਰਦਾ ਰਹਿੰਦਾ ਹੈ ਜਿਸ ਦੀ ਪੁੱਛ-ਪ੍ਰਤੀਤ ਥੋੜ੍ਹੀ ਕੁ ਹੀ ਹੈ; ਮਾਇਆ ਦੇ ਮੋਹ ਵਿੱਚ ਫਸਿਆ ਹੋਇਆ (ਸਾਕਤ) ਆਕੜ ਆਕੜ ਕੇ ਤੁਰਦਾ ਹੈ। ੧।
(ਹੇ ਭਾਈ!) ਰੱਬ ਨਾਲੋਂ ਟੁੱਟੇ ਮਨੁੱਖ ਦੀ (ਭੈੜੀ) ਹਾਲਤ (ਅਸਾਂ) ਅੱਖੀਂ ਵੇਖੀ ਹੈ, ਇਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਕੌੜਾ ਲੱਗਦਾ ਹੈ। (ਸਾਕਤ ਸਦਾ) ਨਾਸਵੰਤ ਪਦਾਰਥ ਵਿਚ, ਠੱਗੀ (ਕਰਨ) ਵਿੱਚ ਅਤੇ ਅਹੰਕਾਰ ਵਿੱਚ ਖ਼ੁਸ਼ ਰਹਿੰਦਾ ਹੈ। ਪਰਮਾਤਮਾ ਦਾ ਨਾਮ ਸੁਣਦਿਆਂ ਤਾਂ ਇਉਂ ਹੁੰਦਾ ਹੈ ਜਿਵੇਂ ਇਸ ਨੂੰ ਠੂੰਹਾਂ ਡੰਗ ਮਾਰ ਜਾਂਦਾ ਹੈ। ੨।
(ਹੇ ਭਾਈ! ਸ਼ਾਕਤ ਮਨੁੱਖ) ਸਦਾ ਹੀ ਮਾਇਆ ਦੀ ਖ਼ਾਤਰ ਚਿੰਤਾ-ਫ਼ਿਕਰ ਕਰਦਾ ਰਹਿੰਦਾ ਹੈ, ਇਹ ਕਦੇ ਭੀ ਆਪਣੇ ਮਨ ਵਿੱਚ ਆਪਣੇ ਮੂੰਹ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕਰਦਾ। ਜਿਹੜਾ ਪਰਮਾਤਮਾ ਸਭ ਦਾਤਾਂ ਦੇਣ ਵਾਲਾ ਹੈ, ਜਿਸ ਨੂੰ ਕਿਸੇ ਦਾ ਡਰ-ਭਉ ਨਹੀਂ ਹੈ, ਜੋ ਸਰੀਰਾਂ ਦੀ ਕੈਦ ਤੋਂ ਪਰੇ ਹੈ, ਉਸ ਨਾਲ ਇਸ ਮੂਰਖ ਸਾਕਤ ਕਦੇ ਪਿਆਰ ਨਹੀਂ ਪਾਂਦਾ। ੩।
'ਦੂਤ ਦੁਸਟ ਸਜਨਈ’ ਤੋਂ ਭਾਵ ਹੈ ਕਿ ਕਾਮ ਕ੍ਰੋਧ ਹੰਕਾਰ ਆਦਿ ਵਿਕਾਰ ਜਿਹੜੇ ਆਤਮਕ ਮੌਤ ਦਾ ਕਾਰਨ ਸਨ, ਹੁਣ ਇਨ੍ਹਾਂ ਤੋਂ ਸਾਰਥਕ ਕੰਮ ਲਿਆ ਜਾ ਰਿਹਾ ਹੈ। ਇਸ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਵੀ ਕਿਹਾ ਹੈ:
ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ॥ ਜਿਉ ਗੋਡਹੁ ਤਿਉ ਤੁਮੑ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ॥ (ਪੰਨਾ ੧੧੭੧) ਅਰਥ: (ਕਿਸਾਨ ਉੱਗੀ ਖੇਤੀ ਨੂੰ ਰੰਬੇ ਨਾਲ ਗੋਡੀ ਦੇਂਦਾ ਹੈ। ਫ਼ਸਲ ਦੇ ਹਰੇਕ ਬੂਟੇ ਨੂੰ ਪਿਆਰ ਨਾਲ ਸਾਂਭ ਕੇ ਬਚਾਈ ਜਾਂਦਾ ਹੈ, ਤੇ ਫ਼ਾਲਤੂ ਘਾਹ ਬੂਟ ਨਦੀਣ ਨੂੰ, ਮਾਨੋ, ਗੁੱਸੇ ਨਾਲ ਪੁੱਟ ਪੁੱਟ ਕੇ ਬਾਹਰ ਸੁੱਟਦਾ ਜਾਂਦਾ ਹੈ, ਤੂੰ ਭੀ) ਹੇ ਭਾਈ! ਆਪਣੇ ਸਰੀਰ-ਧਰਤੀ ਨੂੰ ਗੋਡ, ਪਿਆਰ ਅਤੇ ਗੁੱਸਾ ਇਹ ਦੋ ਰੰਬੇ ਬਣਾ (ਦੈਵੀ ਗੁਣਾਂ ਨੂੰ ਪਿਆਰ ਨਾਲ ਬਚਾਈ ਰੱਖ, ਵਿਕਾਰਾਂ ਨੂੰ ਗੁੱਸੇ ਨਾਲ ਜੜ੍ਹੋਂ ਪੁੱਟਦਾ ਜਾਹ)। ਜਿਉਂ ਜਿਉਂ ਤੂੰ ਇਸ ਤਰ੍ਹਾਂ ਗੋਡੀ ਕਰੇਂਗਾ, ਤਿਉਂ ਤਿਉਂ ਆਤਮਕ ਸੁਖ ਮਾਣੇਂਗਾ। ਤੇਰੀ ਕੀਤੀ ਇਹ ਮੇਹਨਤ ਵਿਅਰਥ ਨਹੀਂ ਜਾਇਗੀ।
‘ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ’ ਦਾ ਭਾਵ ਹੈ ਕਿ ਮਨ, ਜਿਸ ਨੂੰ ਜਨਮ ਜਨਮ ਦੀ ਵਿਕਾਰਾਂ ਦੀ ਮੈਲ ਲੱਗੀ ਹੋਈ ਸੀ, ਗੁਰੂ ਦੇ ਸ਼ਬਦ ਨੂੰ ਧਾਰਨ ਕਰਨ ਦੀ ਬਦੌਲਤ ਇਸ ਮੈਲ ਤੋਂ ਰਹਿਤ ਹੋ ਗਿਆ ਹੈ। ਹੁਣ ਚੰਗੇ ਮਾੜੇ ਦੀ ਪਛਾਣ ਕਰਨੀ ਆ ਗਈ ਹੈ। ਜਦੋਂ ਬੁੱਧੀ ਮਲੀਣ ਸੀ ਤਦੋਂ ਹਾਲਤ ਕੁੱਝ ਇਸ ਤਰ੍ਹਾਂ ਸੀ: ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ ੩॥ (ਪੰਨਾ ੨੨੯) ਅਰਥ: (ਹੇ ਭਾਈ!) ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏਂ ਕਿ ਮਾਇਆ-ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ-ਘਰ ਵਿੱਚ ਵੱਸਦਾ ਹੈ ਤੇ ਉਹੀ ਨਿਰੰਜਨ ਮੇਰਾ ਭੀ ਪਾਲਣ-ਹਾਰ ਮਾਲਕ ਹੈ, ਤਾਂ ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿਚੋਂ ਤੇਰੀ ਖ਼ਲਾਸੀ ਹੋ ਜਾਇਗੀ। ੧।
ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਕਰ ਦਿੱਤਾ ਹੈ ਤੇ ਅਕਲ-ਹੀਣ ਕਰ ਦਿੱਤਾ ਹੈ, ਉਹਨਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ। ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਭੀ ਸਾਥ ਨਹੀਂ ਨਿਭ ਸਕਦਾ। ੨।
ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿੱਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ, ਪਰ (ਜੇਹੜਾ ਨਾਮ-ਧਨ) ਅਸਲ ਧਨ (ਹੈ ਉਸ) ਦੀ ਕਦਰ ਹੀ ਨਹੀਂ ਸਮਝਦਾ। ਮਾਇਆ ਵਿੱਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ—ਇਹ ਅਸਚਰਜ ਚਾਲ ਹੈ ਦੁਨੀਆ ਦੀ ਸਮੇ ਦੀ। ੩।
‘ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ’ ਦਾ ਭਾਵ ਹੈ ਕਿ ਕਿਰਪਾ ਦਾ ਪਾਤਰ ਬਣਨ ਤੋਂ ਪਹਿਲਾਂ ਚੰਗੇ ਪਾਸੇ ਕਦਮ ਪੁੱਟਣ ਤੋਂ ਸੰਕੋਚ ਕਰਦਾ ਸੀ, ਚੰਗੇ ਗੁਣ ਧਾਰਨ ਕਰਨ ਲਈ ਕੋਈ ਉਤਸ਼ਾਹ ਨਹੀਂ ਸੀ। ਹਾਂ, ਬੁਰੇ ਕੰਮ ਕਰਨ ਤੋਂ ਕਦੀ ਨਾ ਤਾਂ ਕੋਈ ਸੰਕੋਚ ਸੀ ਅਤੇ ਨਾ ਹੀ ਆਲਸ। ਜਦ ਕਿਰਪਾ ਹੋ ਗਈ ਤਾਂ ਹੁਣ ਬੁਰੇ ਕੰਮ ਵਲੋਂ ਮਨ ਆਲਸੀ ਹੋ ਗਿਆ ਹੈ ਅਤੇ ਚੰਗੇ ਕੰਮਾਂ ਲਈ ਹਮੇਸ਼ਾਂ ਤਤਪਰ ਰਹਿਣ ਲੱਗ ਪਿਆ ਹੈ।
‘ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ’ ਦਾ ਅਰਥ ਹੈ ਕਿ ਪਹਿਲਾਂ ਸ਼ੁਭ ਗੁਣਾਂ ਤੋਂ ਬਿਲਕੁਲ ਹੀ ਸਖਣਾ ਸੀ ਪਰ ਹੁਣ ਸ਼ੁਭ ਗੁਣਾਂ ਦੀ ਪੂੰਜੀ ਨਾਲ ਮਾਲੋ ਮਾਲ ਹੋ ਗਿਆ ਹਾਂ। ਇਸ ਕਰਕੇ ਕਿਸੇ ਦੀ ਕੋਈ ਮੁਥਾਜ਼ੀ ਨਹੀਂ ਰਹੀ। ਮਨੁੱਖਤਾ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਨ ਲਈ ਹਮੇਸ਼ਾਂ ਹੀ ਤੱਤਪਰ ਰਹਿੰਦਾ ਹੈ।
‘ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ’ ਦਾ ਭਾਵ ਹੈ ਕਿ ਕਿਰਪਾ ਦਾ ਪਾਤਰ ਬਣਨ ਤੋਂ ਪਹਿਲਾਂ ਤ੍ਰਿਸ਼ਨਾਲੂ ਬ੍ਰਿਤੀ ਹੋਣ ਕਾਰਨ ਧਿਰ ਧਿਰ ਦੀ ਮੁਥਾਜ਼ਗੀ ਕਰਨ ਲਈ ਮਜਬੂਰ ਸੀ। ਪਰੰਤੂ ਕਿਰਪਾ ਦੇ ਪਾਤਰ ਬਣਨ ਦੀ ਬਦੌਲਤ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ। ਮਨ ਹੁਣ ਸ਼ਾਂਤ ਹੋ ਗਿਆ ਹੈ। ਆਪਣੀਆਂ ਲੋੜਾਂ ਦੀ ਪੂਰਤੀ ਲਈ ਉੱਦਮ ਤਾਂ ਕਰਦਾ ਹੈ ਪਰ ਦੌੜ-ਭਜ ਵਿੱਚ ਭਟਕਣਾ ਅਥਵਾ ਅਸ਼ਾਂਤੀ ਨਹੀਂ ਹੈ।
‘ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ’ ਦਾ ਅਰਥ ਹੈ ਕਿ ਕਿਰਪਾ ਤੋਂ ਪਹਿਲਾਂ ਮਨੁੱਖ ਇਤਨਾ ਹੰਕਾਰੀ ਸੀ ਕਿ ਇਹ ਕਿਸੇ ਦੀ ਸੱਚੀ ਗੱਲ ਵੀ ਸੁਣਨ ਲਈ ਤਿਆਰ ਨਹੀਂ ਸੀ। ਪਰ ਬਖ਼ਸ਼ਸ਼ ਮਗਰੋਂ ਇਸ ਗੱਲ ਦੀ ਪ੍ਰਵਾਹ ਨਹੀਂ ਕਰਦਾ ਕਿ ਕੋਈ ਉਸ ਬਾਰੇ ਕੀ ਰਾਏ ਰੱਖਦਾ ਹੈ। ਉਹ ਗੁਰੂ ਦੇ ਇਸ ਉਪਦੇਸ਼ ਨੂੰ ਹਮੇਸ਼ਾਂ ਦ੍ਰਿੜ ਕਰੀ ਰੱਖਦਾ ਹੈ:
ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ॥ ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ॥ ੧॥ (ਪੰਨਾ ੯੯੯) ਅਰਥ: (ਹੇ ਭਾਈ! ਤੇਰਾ ਉਹ) ਨਾਮ (ਤੇਰੇ ਅੰਦਰ) ਕਿੱਥੇ ਟਿਕਿਆ ਹੋਇਆ ਹੈ (ਜਿਸ ਨੂੰ ਲੈ ਲੈ ਕੇ ਕੋਈ ਤੈਨੂੰ ਗਾਲ੍ਹ ਕੱਢਦਾ ਹੈ?) ਉਹ ਅਹੰਕਾਰ ਕੀਹ ਚੀਜ਼ ਹੈ (ਜਿਸ ਨਾਲ ਤੂੰ ਆਫਰਿਆ ਫਿਰਦਾ ਹੈਂ)? ਹੇ ਭਾਈ! ਸੁਣ, ਤੈਨੂੰ ਉਹ ਕਿਹੜੇ ਫੱਟ ਲੱਗੇ ਹਨ ਕਿਸੇ ਦੇ ਮੂੰਹੋਂ ਗੱਲਾਂ ਸੁਣ ਕੇ, ਜਿਸ ਕਰਕੇ ਤੂੰ ਕ੍ਰੋਧਵਾਨ ਹੋ ਜਾਂਦਾ ਹੈਂ? ।
ਇਸ ਸ਼ਬਦ ਦੀਆਂ ਅੰਤਲੀਆਂ ਪੰਗਤੀਆਂ ਵਿੱਚ ਹਜ਼ੂਰ ਫ਼ਰਮਾਂਦੇ ਹਨ:
ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ॥ ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ॥ ੪॥ (ਪੰਨਾ ੪੦੨) ਅਰਥ: ( (ਹੇ ਭਾਈ! ਗੋਬਿੰਦ ਦੀ ਅਪਾਰ ਕਿਰਪਾ ਨਾਲ ਮੈਨੂੰ ਸਤਿਗੁਰੂ ਮਿਲਿਆ, ਉਸ ਗੋਬਿੰਦ ਦੇ) ਕੇਹੜੇ ਕੇਹੜੇ ਗੁਣ (ਉਪਕਾਰ) ਮੇਰੀ ਇੱਕ ਜੀਭ ਬਿਆਨ ਕਰੇ? ਉਹ ਅਪਹੁੰਚ ਹੈ ਅਪਹੁੰਚ ਹੈ ਅਪਹੁੰਚ ਹੈ (ਉਸ ਦੇ ਸਾਰੇ ਗੁਣ, ਉਪਕਾਰ ਦੱਸੇ ਨਹੀਂ ਜਾ ਸਕਦੇ)। ਹੇ ਨਾਨਕ! (ਸਿਰਫ਼ ਇਹੀ ਆਖਦਾ ਰਹੁ—) ਹੇ ਹਰੀ! ਮੈਂ ਦਾਸ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾਈ ਰੱਖ। ੪।
ਇਸ ਸ਼ਬਦ ਵਿੱਚ ਕਿਰਪਾ ਦੇ ਭਾਵ ਨੂੰ ਸਪਸ਼ਟ ਰੂਪ ਵਿੱਚ ਦਰਸਾਇਆ ਗਿਆ ਹੈ। ਕਿਸੇ ਤਰ੍ਹਾਂ ਦਾ ਇਸ ਸਬੰਧੀ ਭਰਮ-ਭੁਲੇਖਾ ਨਹੀਂ ਰਹਿੰਦਾ। ਸਾਡੇ ਇਤਿਹਾਸ ਵਿੱਚ ਇਸ ਤਰ੍ਹਾਂ ਦੀਆਂ ਕਈ ਸਾਖੀਆਂ ਮਿਲਦੀਆਂ ਹਨ ਜਿਨ੍ਹਾਂ ਵਿੱਚ ਪ੍ਰਭੂ ਕਿਰਪਾ ਦੇ ਪਾਤਰ ਬਣੇ ਹੋਏ ਗੁਰਸਿੱਖਾਂ ਦੇ ਜੀਵਨ ਵਿੱਚ ਆਈ ਹੋਈ ਤਬਦੀਲੀ ਦਾ ਭਰਪੂਰ ਵਰਣਨ ਹੈ। ਉਦਾਹਰਣ ਵਜੋਂ ਕੇਵਲ ਇੱਕ ਘਟਣਾ ਦਾ ਹੀ ਵਰਣਨ ਕਰ ਰਹੇ ਹਾਂ। ਗੁਰੂ ਅਮਰਦਾਸ ਜੀ ਦੇ ਸਮੇਂ ਇੱਕ ਭਾਈ ਮਿਹਰਾ ਨਾਮੇ ਗੁਰਸਿੱਖ ਹੋਏ ਹਨ। ਭਾਈ ਨੌਧਾ ਜੀ ਦੀ ਸੰਗਤ ਅਤੇ ਪ੍ਰੇਰਨਾ ਨਾਲ ਇਨ੍ਹਾਂ ਨੇ ਗੁਰਸਿੱਖ ਦੀ ਜੀਵਨ-ਜੁਗਤ ਨੂੰ ਅਪਣਾਇਆ ਸੀ। ਗੁਰਸਿੱਖ ਬਣਨ ਤੋਂ ਪਹਿਲਾਂ ਆਪ ਨੇ ਦੂਜੇ ਪਿੰਡ ਵਿਚੋਂ ਮੱਝ ਚੁਰਾ ਕੇ ਲਿਆਂਦੀ ਸੀ। ਜਿਉਂ ਹੀ ਆਪ ਨੇ ਗੁਰਸਿੱਖੀ ਧਾਰਨ ਕੀਤੀ ਤਾਂ ਆਪ ਜੀ ਨੇ ਜਿਨ੍ਹਾਂ ਦੇ ਘਰੋਂ ਮੱਝ ਚੋਰੀ ਕੀਤੀ ਸੀ, ਉਨ੍ਹਾਂ ਨੂੰ ਕੇਵਲ ਮੱਝ ਹੀ ਵਾਪਸ ਨਹੀਂ ਕੀਤੀ ਸਗੋਂ ਜਿਤਨਾ ਮੱਝ ਦਾ ਦੁੱਧ ਵਰਤਿਆ ਸੀ, ਉਸ ਦਾ ਹਿਸਾਬ-ਕਿਤਾਬ ਕਰਕੇ ਉਤਨੇ ਰੁਪਏ ਵੀ ਮੱਝ ਦੇ ਮਾਲਕ ਦੇ ਹਵਾਲੇ ਕਰ ਦਿੱਤੇ। ਇਤਨਾ ਹੀ ਨਹੀਂ ਘਰ ਵਾਲੇ ਤੋਂ ਬੜੀ ਅਧੀਨਗੀ ਨਾਲ ਮੁਆਫ਼ੀ ਵੀ ਮੰਗੀ। ਭਾਈ ਮਿਹਰਾ ਜੀ ਨੇ ਮੱਝ ਦੇ ਮਾਲਕ ਨੂੰ ਦੱਸਿਆ ਕਿ ਗੁਰੂ ਦੀ ਕਿਰਪਾ ਸਦਕਾ ਹੀ ਉਸ ਨੂੰ ਇਸ ਗੱਲ ਦੀ ਸਮਝ ਆਈ ਹੈ ਕਿ ਕਿਸੇ ਦਾ ਹੱਕ ਮਾਰਨਾ ਜਾਂ ਚੋਰ ਆਦਿ ਕਰਨਾ ਪਾਪ ਹੈ।
ਸੋ, ਗੱਲ ਕੀ, ਗੁਰਬਾਣੀ ਦੇ ਉਪਰੋਕਤ ਫ਼ਰਮਾਨਾਂ ਦੀ ਰੋਸ਼ਨੀ ਵਿੱਚ ਅਸੀਂ ਇਹ ਆਖ ਸਕਦੇ ਹਾਂ ਕਿ ਗੁਰੂ ਦੀ ਕਿਰਪਾ ਉਸ ਵਿਅਕਤੀ ਉੱਤੇ ਹੋਈ ਹੈ ਜਿਸ ਨੇ ਕਿਸੇ ਨਾਲ ਹੇਰਾ-ਫੇਰੀ ਕਰਨੀ ਛੱਡ ਦਿੱਤੀ ਹੈ, ਵੱਢੀ ਆਦਿਕ ਲੈਣ ਦੀ ਭੈੜੀ ਵਾਦੀ ਤੋਂ ਛੁਟਕਾਰਾ ਪਾ ਲਿਆ ਹੈ, ਦੂਜਿਆਂ ਦਾ ਹੱਕ ਮਾਰਨਾ ਛੱਡ ਦਿੱਤਾ ਹੈ, ਮਜ਼ਦੂਰ ਤੋਂ ਕੰਮ ਕਰਾ ਕੇ ਉਸ ਨੂੰ ਪੂਰੀ ਮਜ਼ਦੂਰੀ ਨਾ ਦੇਣ ਦੇ ਕੁਕਰਮ ਤੋਂ ਤੋਬਾ ਕਰ ਲਈ ਹੈ, ਕਿਸੇ ਤੋਂ ਪੂਰੀ ਮਜ਼ਦੂਰੀ ਲੈ ਕੇ ਚੰਗੀ ਤਰ੍ਹਾਂ ਕੰਮ ਕਰਨ ਦਾ ਪ੍ਰਣ ਕਰ ਲਿਆ ਹੈ, ਪੱਖ ਪਾਤ ਦੀ ਬ੍ਰਿਤੀ ਤੋਂ ਆਪਣੇ ਆਪ ਨੂੰ ਉਪਰ ਉਠਾ ਲਿਆ ਹੈ, ਦੂਜਿਆਂ ਦੇ ਗੁਣਾਂ ਨੂੰ ਵੀ ਅਉਗੁਣ ਆਖ ਕੇ ਭੰਡਣ ਤੋਂ ਆਪਣੇ ਆਪ ਨੂੰ ਰੋਕ ਲਿਆ ਹੈ; ਪਾਖੰਡ, ਈਰਖਾ, ਨਿੰਦਾ ਚੁਗਲੀ ਆਦਿ ਬੁਰਿਆਈਆਂ ਦਾ ਤਿਆਗ ਕਰ ਦਿੱਤਾ ਹੈ ਤਾਂ ਨਿਰਸੰਦੇਹ ਐਸੇ ਮਨੁੱਖ ਉੱਤੇ ਅਕਾਲ ਪੁਰਖ ਦੀ ਕਿਰਪਾ ਹੋਈ ਹੈ। ਪਰੰਤੂ ਜੇਕਰ ਸਾਡੇ ਸੁਭਾਵ ਅਥਵਾ ਆਚਰਣ ਵਿੱਚ ਇਸ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਆਈ ਤਾਂ ਸਾਡੀ ਕਿਸੇ ਤਰ੍ਹਾਂ ਦੀ ਪ੍ਰਾਪਤੀ ਪ੍ਰਭੂ ਦੀ ਕਿਰਪਾ ਦਾ ਲਖਾਇਕ ਨਹੀਂ ਹੈ। ਅਕਾਲ ਪੁਰਖ ਦੀ ਕਿਰਪਾ ਨਾਲ ਤਾਂ ਇਹ ਚਮਤਕਾਰ ਵਾਪਰਦਾ ਹੈ:
ਨਿੰਦਕੁ ਗੁਰ ਕਿਰਪਾ ਤੇ ਹਾਟਿਓ॥ ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ॥ ੧॥ ਰਹਾਉ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ॥ ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ॥ ੧॥ ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ॥ ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ॥ ੨॥ (ਪੰਨਾ ੭੧੪)
ਅਰਥ:-ਹੇ ਭਾਈ! ਜਦੋਂ ਗੁਰੁ ਕਿਰਪਾ ਕਰਦਾ ਹੈ ਤਾਂ ਨਿੰਦਾ ਦੇ ਸੁਭਾਵ ਵਾਲਾ ਮਨੁੱਖ (ਨਿੰਦਾ ਕਰਨ ਤੋਂ) ਹਟ ਜਾਂਦਾ ਹੈ। (ਜਿਸ ਨਿੰਦਕ ਉਤੇ) ਪ੍ਰਭੂ ਪਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ, ਕਲਿਆਣ-ਸਰੂਪ ਹਰਿ ਦੇ ਨਾਮ-ਤੀਰ ਨਾਲ (ਗੁਰੂ ਉਸ ਦਾ) ਸਿਰ ਕੱਟ ਦੇਂਦਾ ਹੈ (ਉਸ ਦੀ ਹਉਮੈ ਨਾਸ ਕਰ ਦੇਂਦਾ ਹੈ)। ੧। ਰਹਾਉ।
(ਹੇ ਭਾਈ! ਜਿਸ ਮਨੁੱਖ ਉਤੇ ਗੁਰੂ ਪ੍ਰਭੂ ਦਇਆਵਾਨ ਹੁੰਦੇ ਹਨ) ਉਸ ਮਨੁੱਖ ਨੂੰ ਆਤਮਕ ਮੌਤ, ਮਾਇਆ ਦਾ ਜਾਲ, ਮੌਤ ਦਾ ਡਰ (ਕੋਈ ਭੀ) ਤੱਕ ਨਹੀਂ ਸਕਦਾ, (ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਸਿਮਰਨ ਵਾਲਾ ਰਸਤਾ ਮੱਲ ਲੈਂਦਾ ਹੈ। ਉਹ ਮਨੁੱਖ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ-ਧਨ ਖੱਟ ਲੈਂਦਾ ਹੈ। ਆਪ ਵਰਤਿਆਂ, ਹੋਰਨਾਂ ਨੂੰ ਵੰਡਦਿਆਂ ਇਹ ਧਨ ਰਤਾ ਭੀ ਨਹੀਂ ਮੁੱਕਦਾ। ੧।
ਹੇ ਭਾਈ! (ਜਿਸ ਨਿੰਦਾ-ਸੁਭਾਵ ਕਰਕੇ, ਜਿਸ ਆਪਾ-ਭਾਵ ਕਰਕੇ, ਨਿੰਦਕ ਸਦਾ) ਦੁਖੀ ਰਹਿੰਦਾ ਸੀ, (ਪ੍ਰਭੂ ਦੇ ਦਇਆਲ ਹੋਇਆਂ, ਗੁਰੂ ਦੀ ਕਿਰਪਾ ਨਾਲ) ਇੱਕ ਛਿਨ ਵਿੱਚ ਹੀ ਉਸ ਸੁਭਾਵ ਦਾ ਨਾਮ-ਨਿਸ਼ਾਨ ਹੀ ਮਿਟ ਜਾਂਦਾ ਹੈ। (ਇਸ ਅਸਚਰਜ ਤਬਦੀਲੀ ਨੂੰ) ਸਾਰਾ ਜਗਤ ਹੈਰਾਨ ਹੋ ਹੋ ਕੇ ਵੇਖਦਾ ਹੈ। ਦਾਸ ਨਾਨਕ ਇਹ ਅਗੰਮੀ ਖੇਡ ਬਿਆਨ ਕਰਦਾ ਹੈ। ੨।
ਜਸਬੀਰ ਸਿੰਘ ਵੈਨਕੂਵਰ
.