.

‘ਅੰਮ੍ਰਿਤ ਸੰਸਕਾਰ’

ਹਰਦੇਵ ਸਿੰਘ, ਜੰਮੂ

ਇਸ ਲੇਖ ਦਾ ਵਿਸ਼ਾ ਅੰਮ੍ਰਿਤ ਸੰਸਕਾਰ` ਬਾਰੇ ਇੱਕ ਵੱਖਰੀ ਵਿਚਾਰ ਕਰਨਾ ਹੈ ਤਾਂ ਕਿ ਇਸ ਬਾਬਤ ਨਾ ਵਿਚਾਰੇ ਹੋਏ ਕੁੱਝ ਅਹਿਮ ਨੁੱਕਤਿਆਂ ਬਾਰੇ ਪਾਠਕਾਂ ਨਾਲ ਵਿਚਾਰ ਸਾਂਝੇ ਹੋ ਸਕਣ। ਇਸ ਲੇਖ ਦਾ ਵਿਸ਼ਾ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਅੰਮ੍ਰਿਤ ਛਕਾਉਂਣ ਦੀ ਰਸਮ ਅਤੇ ਬਾਣੀਆਂ/ਰਵਨਾਵਾਂ ਬਾਰੇ ਚਰਚਾ ਕਰਨਾ ਨਹੀਂ। ਪ੍ਰਾਪਤ ਹੋ ਰਰੇ ਨਵੇਂ ਤੱਥ ਕੁੱਝ ਪਰਤਾਂ ਨੂੰ ਵਧੇਰੇ ਖੋਲਦੇ ਪ੍ਰਤੀਤ ਹੋ ਰਹੇ ਹਨ ਜਿਨਾਂ ਰਾਹੀਂ ਪੁਰਾਣੇ ਚਿੰਤਨ ਬਾਰੇ ਨਵੀਨ ਚਿੰਤਨ ਦੀ ਕਮਜੋਰੀ ਅਤੇ ਮਜ਼ਬੂਤੀ ਦਾ ਮੁਲਾਂਕਨ ਕੀਤਾ ਜਾ ਸਕਦਾ ਹੈ।

ਸਿੱਖ ਰਹਿਤ ਮਰਿਆਦਾ ਵਿੱਚ ਲਿਖੀ ਸਿੱਖ ਦੀ ਪਰਿਭਾਸ਼ਾ ਵਿੱਚ ਦਸ਼ਮੇਸ਼ ਜੀ ਦੇ ਅੰਮ੍ਰਿਤ` ਸ਼ਬਦ ਦੀ ਵਰਤੋਂ ਨੇ ਇੱਕ ਗੁੰਝਲ ਜਿਹੀ ਸਥਿਤੀ ਵਿਚੋਂ ਸਿੱਖਾਂ ਨੂੰ ਔਚਿੱਤਪੁਰਨ ਢੰਗ ਨਾਲ ਕੱਡਿਆ ਸੀ। ਐਸਾ ਨਹੀਂ ਸੀ ਕਿ ਸਿੰਘ ਸਭਾ ਲਹਿਰ ਦੇ ਵਿਦਵਾਨ ਇਸ ਪੱਖੋਂ ਬਾਣੀ ਵਿੱਚ ਨਾਮ ਅੰਮ੍ਰਿਤ ਅਤੇ ਖੰਡੇ ਦੇ ਅੰਮ੍ਰਿਤ ਵਿਚਲਾ ਅੰਤਰ ਨਹੀਂ ਸੀ ਜਾਣਦੇ। ਭਾਈ ਕਾਨ ਸਿੰਘ ਜੀ ਨਾਭਾ ਨੇ ਪਾਹੁਲ ਸ਼ਬਦ ਵਰਤੋਂ ਦੀ ਪੁਰਾਣੀ ਪਾਰਿਪਾਟੀ ਤੋਂ ਅਸਹਿਮਤੀ ਜਤਾਈ ਸੀ ਕਿਉਂਕਿ ਉਹ ਪਾਹੁਲ ਸ਼ਬਦ ਦੇ ਅਰਥ ਅਤੇ ਉਸ ਦੇ ਹੋਏ ਦੁਰਪਿਯੋਗ ਤੋਂ ਵੀ ਵਾਕਿਫ਼ ਸਨ।

ਉਨ੍ਹਾਂ ਤੋਂ ਇਲਾਵਾ ਉਸ ਵਿਦਵਾਨ ਦੇ ਵਿਚਾਰ ਵੀ ਵਿਚਾਰ ਲਈਏ ਜਿਨ੍ਹਾਂ ਵੱਲੋਂ ਕੀਤੇ ਬਾਣੀ ਅਰਥਾਂ ਨੇ ਨਵੀਨ ਸਿੱਖ ਚਿੰਤਨ ਨਾਮ ਰੂਪੀ ਅੰਮ੍ਰਿਤ ਨੂੰ ਵਧੇਰੇ ਸਮਝਣ ਦੀ ਕੁਵੱਤ ਪ੍ਰਧਾਨ ਕੀਤੀ। ਇਹ ਸਨ ਪ੍ਰੋ. ਸ਼ਾਹਿਬ ਸਿੰਘ ਜੀ! ਸਿੰਘ ਸਭਾ ਲਹਿਰ ਨਾਲ ਜੁੜੇ ਇੱਕ ਵਿਲੱਖਣ ਵਿਦਵਾਨ!

ਪ੍ਰੋ. ਸ਼ਾਹਿਬ ਸਿੰਘ ਜੀ, ਜਿਨ੍ਹਾਂ ਨੇ ਬਾਣੀ ਦੇ ਸ਼ਬਦਾਰਥਾਂ ਰਾਹੀਂ ਆਪਣੇ ਟੀਕੇ ਵਿੱਚ ਨਾਮ ਅੰਮ੍ਰਿਤ ਬਾਰੇ ਢੱਕਵੇਂ ਅਰਥ ਕੀਤੇ ਸੀ, ਨੇ ਅੰਮ੍ਰਿਤ ਸੰਸਕਾਰ (ਖੰਡੇ ਦਾ ਅੰਮ੍ਰਿਤ) ਦੇ ਮੂਲ ਭਾਵ ਬਾਰੇ ਲਿਖਦੇ ਹੋਏ ਕਿਹਾ;

“ਅੰਮ੍ਰਿਤ ਸੰਸਕਾਰ ਇੱਕ ਨਵੇਂ ਸੰਜਮੀ ਜੀਵਨ ਲਈ ਪ੍ਰਣ ਹੈ ਜੋ ਮਨ ਨੂੰ ਅਦਬ ਤੇ ਭਉ ਵਿੱਚ ਲਿਆਉਣ ਲਈ ਸਹਾਈ ਹੁੰਦਾ ਹੈ ਤਾਂ ਜੋ ਸੰਜਮ ਵਿੱਚ ਰਹਿਣ ਲਈ ਜਿਹੜਾ ਇਹ ਪ੍ਰਣ ਲਿਆ ਜਾ ਰਿਹਾ ਹੈ ਇਸਦੇ ਨਿਭਾਣ ਲਈ ਮਨ ਉੱਤੇ ਡੁੰਘਾ ਅਸਰ ਪੈ ਸਕੇ” (ਪ੍ਰੋ. ਸ਼ਾਹਿਬ ਸਿੰਘ, ਬੁਰਾਈ ਦਾ ਟਾਕਰਾ, ਲੇਖ ਅੰਮ੍ਰਿਤ, ਪੰਨਾ 92)

ਖੰਡੇ ਦੇ ਅੰਮ੍ਰਿਤ ਬਾਰੇ ਇਹ ਇੱਕ ਬੜੀ ਸਪਸ਼ਟ ਅਤੇ ਢੁੱਕਵੀਂ ਵਿਆਖਿਆ ਸੀ ਜਿਸ ਨੂੰ ਸਮਝਣਾ ਅਤੇ ਸਵੀਕਾਰ ਕਰਨਾ ਕੋਈ ਔਖਾ ਕੰਮ ਨਾ ਤਾਂ ਸੀ ਅਤੇ ਨਾ ਹੀ ਹੈ। ਉਨ੍ਹਾਂ ਅੰਮ੍ਰਿਤ ਦੇ ਇਸ ਭਾਵ ਅਨੁਸਾਰ ਹੀ ਅੰਮ੍ਰਿਤ ਛੱਕਿਆ ਹੋਣਾ ਹੈ।

ਇਹ ਉਸ ਵਿਦਵਾਨ ਜੀ ਦੇ ਸ਼ਬਦ ਹਨ ਜਿਨ੍ਹਾਂ ਨੇ ਗੁਰੂ ਬਾਣੀ ਵਿੱਚ ਦਰਸਾਏ ‘ਨਾਮ ਅੰਮ੍ਰਿਤ` ਦੀ ਵਿਆਖਿਆ ਬੜੇ ਸੁੰਦਰ ਅਤੇ ਸਪਸ਼ਟ ਢੰਗ ਨਾਲ ਕੀਤੀ ਸੀ। ਐਸੇ ਵਿਦਵਾਨ ਜੀ ਨੇ ਸਿੱਖ ਰਹਿਤ ਮਰਿਆਦਾ ਵਿੱਚ ‘ਅੰਮ੍ਰਿਤ ਸੰਸਕਾਰ` ਪ੍ਰਤੀ ਵਰਤੇ ਸਿਰਲੇਖ ਅਤੇ ਖੰਡੇ ਦੇ ਅੰਮ੍ਰਿਤ ਬਾਰੇ ਕੋਈ ਇਤਰਾਜ਼ ਨਹੀ ਕੀਤਾ। ਕਿਉਂ? ਉੱਤਰ ਬੜਾ ਸਰਲ ਹੈ! ਨਿਰਸੰਦੇਹ ਇਹ ਲਈ ਕਿ ਉਹ ਵਿਦਵਾਨ ਜੀ ‘ਖੰਡੇ ਦੇ ਅੰਮ੍ਰਿਤ` ਨੂੰ ਬਾਣੀ ਵਿੱਚ ਆਏ ‘ਨਾਮ ਅੰਮ੍ਰਿਤ` ਨਾਲੋਂ ਬੜੇ ਸਹਿਜੇ ਹੀ ਵੱਖਰਾ ਸਮਝਦੇ ਸੀ। ਇਸੇ ਸਮਝ ਕਾਰਨ ਉਨ੍ਹਾਂ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਅੰਮ੍ਰਿਤ ਸੰਸਕਾਰ ਨੂੰ ਇੱਕ ਸੰਜਮੀ ਜੀਵਨ ਲਈ ਪ੍ਰਣ ਅਤੇ ਅਦਬ ਦਾ ਵਸੀਲਾ ਦਰਸਾਇਆ। ਲੇਕਿਨ ਉਸ ਵਿਦਵਾਨ ਦੇ ਕੀਤੇ ਕੰਮ ਦੀ ਮਾਰਫ਼ਤ ‘ਨਾਮ ਅੰਮ੍ਰਿਤ` ਨੂੰ ਸਮਝਣ ਵਾਲੇ ਵਿਦਵਾਨ ਸੱਜਣ ‘ਖੰਡੇ ਦੇ ਅੰਮ੍ਰਿਤ` ਦੇ ਮੂਲ ਭਾਵ ਨੂੰ ਨਹੀਂ ਸਮਝ ਸਕੇ।

ਸਿੱਟੇ ਵਜੋਂ ਖੰਡੇ ਦੇ ਅੰਮ੍ਰਿਤ ਦੇ ਉਪਰੋਕਤ ਲਿਖੇ ਵਾਸਤਵਕ ਭਾਵ ਤੋਂ ਅਣਜਾਣ ਵਿਚਾਰਕ ਇਸ ਅੰਤਰ ਦੀ ਪਛਾਂਣ ਨਹੀਂ ਕਰ ਸਕੇ, ਅਤੇ ਅਣਜਾਣੇ ਹੀ ਇਸ ਬਾਰੇ ਲੋਕਾਂ ਦੀ ਗਲਤ ਸੋਚ ਦਾ ਢੁੱਕਵਾਂ ਵਿਰੋਧ ਕਰਦੇ, ਖੰਡੇ ਦੇ ਅੰਮ੍ਰਿਤ ਸ਼ਬਦ ਜੋੜ ਦਾ ਗ਼ੈਰ ਵਾਜਬ ਵਿਰੋਧ ਕਰ ਬੈਠੇ। ਸੁਭਾਵਕ ਜਿਹੀ ਗਲ ਹੈ ਕਿ ਆਮ ਬੰਦੇ ਤੋਂ ਲੇ ਕੇ ਵਿਦਵਾਨਾਂ ਤਕ ਨੇ ਦਸ਼ਮੇਸ਼ ਪਿਤਾ ਵਲੋਂ ਬਖ਼ਸ਼ੇ ਅੰਮ੍ਰਿਤ ਨੂੰ ਮਾਹਨ ਅਤੇ ਅਦੁੱਤੀ ਦਾਤ ਵਜੋਂ ਵੀ ਸਮਝਿਆ-ਬਿਆਨਿਆ ਹੈ। ਤੇ ਫ਼ਿਰ ਕਿਸੇ ਪਏ ਭੁੱਲੇਖੇ ਨੂੰ ਸਮਝਾਉਂਣ ਰਾਹੀਂ ਵੀ ਦੂਰ ਕੀਤਾ ਜਾਂਦਾ ਹੈ ਨਾ ਕਿ ਮਹਜ਼ ਸ਼ਬਦਾਂ ਦੇ ਵਿਰੋਧ ਰਾਹੀਂ। ਤਰਕ ਇਹ ਵੀ ਹੈ ਕਿ ਅੰਮ੍ਰਿਤ ਸ਼ਬਦ ਭੁੱਲੇਖਾ ਖੜਾ ਕਰਦਾ ਹੈ।

ਪਾਹੁਲ (ਚਰਨਾਮ੍ਰਿਤ/ਚਰਨਾ ਦਾ ਅੰਮ੍ਰਿਤ) ਸ਼ਬਦ ਵਰਤੋਂ ਨੇ ਵੀ ਸਿੱਖੀ ਅੰਦਰ ਵਧੇਰੇ ਭੰਬਲਭੁਸੇ ਖੜੇ ਕੀਤੇ ਸੀ। ਭਾਈ ਗੁਰਦਾਸ ਵਲੋਂ ਵਰਤੇ “ਚਰਨ ਧੋਇ ਰਹਰਾਸਿ ਕਰਿ ਚਰਨਾਮ੍ਰਿਤ ਸਿਖਾਂ ਪੀਲਾਇਆ” (ਵਾਰ ੧, ਪਉੜੀ ੨੩) ਨੂੰ ਪਾਹੁਲ ਨਾਲ ਜੋੜ ਕੇ ਵੇਖਿਆ ਗਿਆ ਸੀ ਅਤੇ ਕਈਂ ਇਸ ਨਾਲ ਸਹਿਮਤ ਨਹੀਂ ਹਨ। ਚਰਨਾ ਦੇ ਅੰਮ੍ਰਿਤ ਬਾਰੇ ਹੋਰ ਸਮਝਾਂ ਵੀ ਪ੍ਰਚਲਤ ਰਹੀਆਂ ਸਨ।

ਕਿੱਧਰੇ ਇਹ ਵੀ ਪ੍ਰਚਲਤ ਕਥਾ ਰਹੀ ਕਿ ਥਾਪੇ ਹੋਏ ਮਸੰਦ ਸਿੱਖਾਂ ਨੂੰ ਆਪਣੇ ਚਰਨਾ ਦਾ ਅੰਮ੍ਰਿਤ ਪਿਲਾਉਂਦੇ ਸਿੱਖੀ ਵਿੱਚ ਸ਼ਾਮਲ ਕਰਦੇ ਸੀ ਅਤੇ ਉਨ੍ਹਾਂ ਨੂੰ ਇਹ ਅਧਿਕਾਰ ਗੁਰੂ ਵਲੋਂ ਪ੍ਰਾਪਤ ਸੀ। ਕਥਿਤ ਪ੍ਰਸੰਗ ਅਨੁਸਾਰ ਮਸੰਦਾ ਦੇ ਵਿਗੜ ਜਾਂਣ ਤੇ ਛੇਵੇਂ ਗੁਰੂ ਪਾਤਿਸ਼ਾਹ ਜੀ ਨੇ ਮਸੰਦਾ ਕੋਲੋਂ ਇਹ ਅਧਿਕਾਰ ਵਾਪਸ ਲੇ ਲਿਆ ਸੀ। ਪਰ ਸਿੱਖੀ ਦੇ ਵੱਡੇ ਵਿਸਤਾਰ ਖ਼ੇਤਰ ਨੂੰ ਧਿਆਨ ਵਿੱਚ ਰੱਖਦੇ ਗੁਰੂ ਸਹਿਬ ਜੀ ਨੇ ਪਾਹੁਲ ਦੇਂਣ ਦਾ ਅਧਿਕਾਰ ਸਥਾਨਕ ਤੋਰ ਤੇ ਪੰਜਾ ਸਿੰਘਾ ਨੂੰ ਦੇ ਦਿੱਤਾ ਸੀ ਜੋ ਕਿ ਆਪਣੇ ਪੈਰਾਂ ਦੇ ਪਾਣੀ (ਪਾਹੁਲ) ਰਾਹੀਂ ਸਿੱਖਾਂ ਨੂੰ ਸਿੱਖੀ ਅੰਦਰ ਪ੍ਰਵੇਸ਼ ਦਵਾਉਂਦੇ ਸੀ।

ਇਸ ਕਥਿਤ ਪ੍ਰਸੰਗ ਬਾਰੇ ‘ਪ੍ਰੇਮ ਸੁਮਾਰਗ` ਲਿਖਤ ਵਿੱਚ ਭਾਈ ਰਣਧੀਰ ਸਿੰਘ ਇੰਝ ਲਿਖਦੇ ਹਨ:

ਵਾਸੀ ਵਿੱਚ ਜਿਥੈ ਹੋਵੇ ਧਰਮਸਾਲ। ਸਿਖ ਮਿਲ ਬੈਠਨ ਰਸ-ਮੁਹੱਬਤ ਨਾਲਿ।।

ਸ਼ਬਦ, ਸਾਖੀ, ਗ੍ਰੰਥ ਪੋਥੀ ਪੜੀਐ। ਕੀਰਤਨ ਕਥਾ, ਗੁਰੂ ਚਰਚਾ ਕਰੀਐ।।

ਜਿਸ ਨੂੰ ਸਿਖ ਹੋਵਨ ਦੀ ਹੋਵੇ ਅਤਿ ਚਾਹ। ਸੋ ਉਥੇ ਚਲਿ ਜਾਵੈ ਖਾਹਮ ਖਾਹ।।

ਹਛਾ ਸੁੱਚਾ ਕਟੋਰਾ ਕਰਿ ਵਿੱਚ ਪਾਣੀ ਪਾਣਾ।

ਪੰਜਾਂ ਸਿੱਖਾਂ ਦੇ ਅੰਗੂਠੇ ਸੱਜੇ ਉਪਰਿ ਪਾਣੀ ਵਗਾਣਾ।।

ਤਿਸ ਪਾਣੀ ਉਪਰਿ ਜਪੁ ਪੰਜ ਪਉੜੀਆਂ ਪੜਨਾ।

ਫੇਰ ਪੰਜ ਪਉੜੀਆਂ ਅਨੰਦ ਉਚਰਨਾ।।

ਸੋ ਪਾਣੀ ਸਿੱਖ ਨੂੰ ਚਰਨਾਮ੍ਰਿਤ ਕਰ ਦੇਣਾ।। (੧੧੦-੧੧-੧੨)

ਇਹ ਪ੍ਰਸੰਗ ਬਿਨਾਂ ਸਵੀਕਾਰ ਕੀਤੇ ਫ਼ਿਲਹਾਲ ਕੇਵਲ ਇਤਨਾ ਹੀ ਵਿਚਾਰ ਲਈਏ ਕਿ ਐਸੀਆਂ ਕਥਾਵਾਂ ਪੁਰਾਤਨ ਸਮੇਂ ਵਿੱਚ ਪ੍ਰਚਲਤ ਸਨ ਅਤੇ ਸ਼ਾਯਦ ਕੁੱਛ ਹੱਦ ਤਕ ਕਿਸੇ ਪਾਸੇ ਵਿਵਹਾਰ ਵਿੱਚ ਵੀ ਸਨ ਪਾਵੇਂ ਮਨਮਤਿ ਦੇ ਰੂਪ ਵਿੱਚ ਹੀ ਹੋਂਣ। ਫ਼ਿਰ ਜੇ ਕਰ ਇਹ ਮਨਮਤੀ ਕਥਾ ਹੀ ਸੀ ਤਾਂ ਪਾਹੁਲ (ਚਰਨਾ ਦਾ ਅੰਮ੍ਰਿਤ) ਕਿਵੇਂ ਗੁਰਮਤਿ ਸੀ?

ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਪਾਹੁਲ (ਚਰਨਾਮ੍ਰਿਤ) ਦਾ ਚਲਨ ਤੋਂ ਲੋਗ ਜਾਣੁ ਸਨ ਅਤੇ ਇਸੇ ਲਈ 1699 ਵਿੱਚ ਦਸ਼ਮੇਸ਼ ਜੀ ਵੱਲੋਂ ਛੱਕਾਏ ਗਏ ਅੰਮ੍ਰਿਤ (ਨਾ ਕਿ ਚਰਨਾਮ੍ਰਿਤ) ਨੂੰ, ਆਮ ਰੂਪ ਵਿੱਚ ਸਮਝੇ ਜਾਂਦੇ ਪਾਹੁਲ (ਚਰਨਾਮ੍ਰਿਤ) ਨਾਲੋਂ ਵੱਖਰਾ ਸਮਝਣ ਲਈ, ਖੰਡੇ ਦੀ ਪਾਹੁਲ ਸ਼ਬਦ ਵਰਤੋਂ ਵੀ ਸੁਭਾਵਕ ਤੋਰ ਤੇ ਹੋ ਗਈ। ਇਸ ਲਈ ਅੰਮ੍ਰਿਤ ਅਤੇ ਪਾਹੁਲ ਸ਼ਬਦ ਵਰਤੋਂ ਸਮਕਾਲੀ ਹੋ ਪ੍ਰਚਲਤ ਰਹੇ। ਦਸ਼ਮੇਸ਼ ਜੀ ਨੇ ਚਰਨਾਮ੍ਰਿਤ ਰਿਵਾਜ (ਚਾਹੇ ਉਹ ਸਿੱਖੀ ਤੋਂ ਬਾਹਰ ਹੀ ਕਿੱਧਰੇ ਪ੍ਰਚਲਤ ਰਿਹਾ ਹੋਵੇ) ਨੂੰ ਨਵੇਕਲੇ ਢੰਗ ਨਾਲ ਖੰਡੇ ਦੇ ਅੰਮ੍ਰਿਤ ਵਿੱਚ ਬਦਲਿਆ ਸੀ। ਹੁਣ ਇਹ ਪਾਹੁਲ (ਚਰਨਾ ਦਾ ਅੰਮ੍ਰਿਤ) ਨਹੀਂ ਸੀ!

ਪਰ ਸਮਾਂ ਬੀਤਣ ਤੇ ਵੀ ਪਾਹੁਲ ਦੀ ਪੁਰਾਣੀ ਪਾਰਿਪਾਟੀ ਦੀ ਦੁਰਵਰਤੋਂ ਜਾਰੀ ਰਹੀ। ਜਿਸ ਨੂੰ ਸਪਸ਼ਟ ਕਰਨ ਦੀ ਸਮੱਸਿਆ ਸਿੰਘ ਸਭਾ ਲਹਿਰ ਦੇ ਵਿਚਾਰਕਾਂ ਨੂੰ ਵੀ ਝੱਲਣੀ ਪਈ ਸੀ। ਉਸ ਸਮੇਂ ਇਹ ਵੀ ਚਲਨ ਦੇਖਣ ਨੂੰ ਸੀ ਕਿ ਇਸਤਰੀਆਂ ਵਾਸਤੇ ਅੰਮ੍ਰਿਤ ਛੱਕਣ ਬਾਰੇ ਵੱਖਰੇ ਢੰਗ ਦੇ ਦਾਵੇ ਵੀ ਪ੍ਰਚਲਤ ਸਨ ਜਿਨ੍ਹਾਂ ਵਿਚੋਂ ਦੋ ਮੁੱਖ ਢੰਗ/ਵਿਚਾਰ ਇਹ ਸਨ:

(1) ਸਿਖਣੀ ਨੂੰ ਚਰਨਾ ਦੀ ਪਾਹੁਲ ਦਿਵਾਵੇ (ਖਾਲਸਾ ਧਰਮ ਸ਼ਾਸਤ੍ਰ, ਪੰਨਾ ੧੬੯)

(2) ਮਾਈ ਦੇ ਜਾਮੇ ਲਈ ਪਤਾਸਿਆਂ ਦੀ ਥਾਂ ਮਿਸਰੀ ਪਾਉਣੀ, ਖੰਡਾ ਹੋਵੇ ਤਾਂ ਡੰਡੀ ਨਾਲ ਕ੍ਰਿਪਾਨ ਹੋਵੇ ਤਾਂ ਪਿੱਠ ਨਾਲ ਫੇਰ ਕੇ ਅੰਮ੍ਰਿਤ ਤਿਆਰ ਕਰਨਾ (ਖਾਲਸਾ ਸੁਧਾਰ ਤਰੂ, ਪੰਨਾ ੪੫)

ਇਨ੍ਹਾਂ ਦੇ ਨਾਲ ਇਹ ਵਿਚਾਰ ਵੀ ਸੀ ਕਿ ਇਸਤਰੀਆਂ ਨੂੰ ਪਾਹੁਲ ਦਾ ਅਧਿਕਾਰ ਹੀ ਨਹੀਂ ਹੈ।

ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮਸੰਦਾ ਵਲੋਂ ਪਾਹੁਲ ਦੀ ਪੁਰਾਣੀ ਪਾਰਿਪਾਟੀ ਦੀ ਦੁਰਵਰਤੋਂ ਬਾਦ ਵਿੱਚ ਵੀ ਇਸਤਰੀਆਂ ਦੇ ਵਾਸਤੇ ਕਿੱਧਰੇ ਨਾ ਕਿੱਧਰੇ ਜਾਰੀ ਸੀ ਜਿਸਦੇ ਚਲਦੇ ਇਸਤਰੀਆਂ ਲਈ ਪੰਜਾਂ ਦੇ ਚਰਨਾ ਦਾ “ਅੰਮ੍ਰਿਤ” ਦੇਂਣ ਦੀ ਮਨਮਤਿ ਸੀ। ਅਤੇ ਨਾਲ ਹੀ ਕਿਸੇ ਪਾਸੇ ਇਸਤਰੀਆਂ ਨੂੰ ਅੰਮ੍ਰਿਤ ਛਕਾਉਂਣ ਦਾ ਢੰਗ ਮਰਦਾਂ ਨਾਲੋਂ ਵੱਖਰਾ ਵੀ ਪ੍ਰਚਲਤ ਸੀ। ਇੱਕ ਗਲ ਹੋਰ ਧਿਆਨ ਦੇਂਣ ਵਾਲੀ ਹੈ ਕਿ ਉਪਰੋਕਤ ਹਵਾਲਿਆਂ ਵਿੱਚ ਵੀ ਪਾਹੁਲ ਅਤੇ ਅੰਮ੍ਰਿਤ ਦੋਹੇਂ ਸ਼ਬਦ ਪ੍ਰਚਲਤ ਸਨ ਅਤੇ ਇਸਤਰੀਆਂ ਲਈ ਪੈਰਾ ਰਾਹੀਂ ਪਾਹੁਲ (ਚਰਨਾਮ੍ਰਿਤ) ਦੇਂਣ ਦੀ ਪੁਰਾਣੀ ਪਰਿਪਾਟੀ ਦਾ ਵਿਚਾਰ ਪ੍ਰਚਲਨ ਵਿੱਚ ਸੀ।

ਇਹੀ ਕਾਰਣ ਸੀ ਕਿ ਸਿੰਘ ਸਭਾ ਲਹਿਰ ਦੇ ਆਗੂ/ਲੇਖਕ ਭਾਈ ਕਾਨ ਸਿੰਘ ਜੀ ਨਾਭਾ ਨੇ ਪਾਹੁਲ ਸ਼ਬਦ ਦੀ ਵਰਤੋਂ ਨੂੰ ਤਰਜੀਹ ਨਹੀਂ ਦਿੱਤੀ ਅਤੇ ਪ੍ਰੋ. ਸ਼ਾਹਿਬ ਸਿੰਘ ਜੀ ਨੇ ਅੰਮ੍ਰਿਤ ਸੰਸਕਾਰ ਦੇ ਮੂਲ ਭਾਵ ਦੀ ਉਪਰੋਕਤ ਵਿਆਖਿਆ ਕਰਦੇ, ਉਸ ਨੂੰ ਨਾਮ ਅੰਮ੍ਰਿਤ ਸਮਝਣ ਦੀ ਭੂੱਲ ਨਹੀਂ ਕੀਤੀ।

ਨਤੀਜਤਨ ਸਿੱਖ ਰਹਿਤ ਮਰਿਆਦਾ ਵਿੱਚ ਅੰਮ੍ਰਿਤ ਸੰਸਕਾਰ ਸਿਰਲੇਖ ਲਈ ਪਾਹੁਲ ਅਤੇ ਅੰਮ੍ਰਿਤ ਵਰਗੇ ਸਮਕਾਲੀ ਪ੍ਰਚਲਤ ਸ਼ਬਦਾਂ ਵਿਚੋਂ ਕੇਵਲ ‘ਖੰਡੇ ਦੇ ਅੰਮ੍ਰਿਤ` ਭਾਵ ਨਾਲ ਅੰਮ੍ਰਿਤ ਦੀ ਚੋਂਣ ਕੀਤੀ ਗਈ ਅਤੇ ਅੰਮ੍ਰਿਤ ਸੰਸਕਾਰ ਦੀ ਮੱਧ ਵਿੱਚ ਇਹ ਤਾਕੀਦ ਵੀ ਕਿ ਅੰਮ੍ਰਿਤ ਛਕਾਉਂਣ ਦੀ ਵਿੱਧੀ ਵਿੱਚ ਇਸਤਰੀ-ਪੁਰਸ਼ਾਂ ਨਾਲ ਸ਼ਾਮਲ ਹੋ ਸਕਦੀ ਹੈ। ਰਹਿਤ ਮਰਿਆਦਾ ਵਿੱਚ ਦਸ਼ਮੇਸ਼ ਜੀ ਦੇ ਅੰਮ੍ਰਿਤ ਨੂੰ ਨਾਮ ਅੰਮ੍ਰਿਤ ਨਹੀਂ ਕਹਿਆ ਗਿਆ। ਦਸ ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ (ਨਾਮ ਅੰਮ੍ਰਿਤ) ਵਿੱਚ ਨਿਸ਼ਚਾ ਰੱਖਣ ਦੀ ਗਲ ਵੀ ਰਹਿਤ ਮਰਿਆਦਾ ਉਚੇਚੇ ਤੌਰ ਤੇ ਹੋਈ।

ਇਸ ਸੰਧਰਭ ਵਿੱਚ ਇੱਕ ਜਾਣਕਾਰੀ ਹੋਰ ਵਿਚਾਰਣ ਯੇਗ ਹੈ ਕਿ ਭਾਈ ਦਯਾ ਸਿੰਘ ਜੀ ਦੇ ਕਹੇ ਜਾਂਦੇ ਰਹਿਤਨਾਮੇ ਵਿੱਚ ਅੰਮ੍ਰਿਤ ਸ਼ਬਦ ਖੁੱਲ ਕੇ ਇਸਤੇਮਾਲ ਕੀਤਾ ਗਿਆ ਹੈ ਜਿਵੇਂ ਕਿ ‘ਅੰਮ੍ਰਿਤ ਪਾਨ`, `ਅੰਮ੍ਰਿਤ ਛੱਕਨੇ`, ‘ਅੰਮ੍ਰਿਤ ਬੀਚ`, ‘ਅੰਮ੍ਰਿਤ ਛਕਾਨੇ ਵਾਲਾ`, ਖੰਡੇ ਕਾ ਅੰਮ੍ਰਿਤ ਛੱਕ` ਅਦਿ। ਇਸ ਨਾਲ ਇੱਕ ਥਾਂ ਪਾਹੁਲ ਸ਼ਬਦ ਵੀ ਵਰਤਿਆ ਗਿਆ ਹੈ ਜਿਵੇ ਕਿ ‘ਖੰਡੇ ਕੀ ਪਾਹੁਲ`। ਵਧੇਰੇ ਦਿਲਚਸਪ ਗਲ ਇਹ ਹੈ ਕਿ ਇਸ ਵਿੱਚ ਰਹਿਤ ਦ੍ਰਿੜਾਉਂਦੇ ਇੱਕ ਨਿਰਦੇਸ਼ ਇੰਝ ਵੀ ਲਿਖਿਆ ਹੈ:

“…. . ਨਾਮ-ਰੂਪੀ ਅੰਮ੍ਰਿਤ ਪੀਵੈ, ਸੀਲ ਜੁਗਤਿ ਕੀ ਕੱਛ ਪਹਿਰੈ …. “

ਇਹ ਰਹਿਤਨਾਮਾ ਪੁਰਾਣਾ ਹੈ ਅਤੇ ਕੇਵਲ ਇੱਕ ਪੁਰਾਤਨ ਰੈਫ਼ਰੇਂਸ ਹੈ। ਪਰ ਇਸ ਵਿੱਚ ਅੰਮ੍ਰਿਤ ਸ਼ਬਦ ਦੀ ਵਰਤੋਂ ਬਾਰੇ ਤੱਥ ਪ੍ਰਗਟ ਹੁੰਦਾ ਹੈ ਕਿ ਅੰਮ੍ਰਿਤ ਸ਼ਬਦ ‘ਖੰਡੇ ਦੇ ਅੰਮ੍ਰਿਤ` ਸ਼ਬਦ ਲਈ ਪ੍ਰਚਲਤ ਸੀ ਅਤੇ ਨਾਲ ਹੀ ਇਸ ਨੂੰ ਨਾਮ ਰੂਪੀ ਅੰਮ੍ਰਿਤ ਪੀਣ` ਨਾਲੋਂ ਵੱਖਰੀ ਕ੍ਰਿਆ ਵੀ ਸਮਝਿਆ ਜਾਂਦਾ ਸੀ।

ਆਸ ਹੈ ਕਿ ਇਨ੍ਹਾਂ ਵਿਚਾਰਾਂ ਰਾਹੀਂ ਪਾਠਕ ਉਨ੍ਹਾਂ ਪਰਿਪੇਖਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਗੇ ਜੋ ਕਿ ਰਹਿਤ ਮਰਿਆਦਾ ਬਣਨ ਵੇਲੇ ਪੰਥਕ ਵਿਦਵਾਨਾ ਦੇ ਸ੍ਹਾਮਣੇ ਅਤੇ ਉਨਾਂ ਦੇ ਜ਼ਹਿਨ ਵਿੱਚ ਸਨ। ਉਨ੍ਹਾਂ ਦੀ ਵਿੱਦਵਤਾ, ਉਨ੍ਹਾਂ ਦੇ ਕੀਤੇ ਕੰਮ, ਅਤੇ ਉਨ੍ਹਾਂ ਦੀ ਪੰਥ ਪ੍ਰਤੀ ਨਿਸ਼ਠਾ ਦੇ ਮੁਲਾਂਕਣ ਬਾਰੇ ਕਿਸੇ ਵਪਰੀਤ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਇਹ ਵਿਚਾਰਾਂ ਜ਼ਰੂਰੀ ਹਨ।

ਹਰਦੇਵ ਸਿੰਘ, ਜੰਮੂ

30.10.2011




.