.

ਆਦਿ ਸਚੁ ਜੁਗਾਦਿ ਸਚੁ

ਜਗਤ-ਗੁਰ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖੀ ਭਾਈਚਾਰੇ ਦੇ ਵਿਅਕਤੀਗਤ, ਸਮਾਜਿਕ, ਧਾਰਮਿਕ ਤੇ ਰਾਜਨੀਤਕ ਜੀਵਨ ਨੂੰ ਸੁਧਾਰਨ ਤੇ ਸਵਾਰਨ ਲਈ ਬੜਾ ਮਨੋਵਿਗਿਆਨਕ ਤੇ ਸਕਾਰਤਮਿਕ ਪਹੁੰਚ ਦਾ ਢੰਗ ਅਪਨਾਇਆ, ਤਾਂ ਜੋ ਧਾਰਮਿਕ ਜਗਤ ਦੀ ਪ੍ਰਚਲਿਤ ਸ਼ਬਦਾਵਲੀ ਤੇ ਪ੍ਰਾਲੌਕਿਕ ਮਨੌਤਾਂ ਦਾ ਲੋੜੀਂਦਾ ਲਾਭ ਲੈਂਦਿਆਂ, ਲੋਕਾਂ ਨੂੰ ਕੁਦਰਤ ਦੇ ਸੱਚ ਤੋਂ ਜਾਣੂ ਕਰਾ ਕੇ ਸਚਿਆਰ (ਸੱਚੇ-ਸੁੱਚੇ ਆਚਾਰ ਵਾਲਾ) ਬਣਾਇਆ ਜਾ ਸਕੇ ਅਤੇ ਐਸਾ ਪ੍ਰਚਾਰ ਕਰਦਿਆਂ ਸੰਪਰਦਾਇਕ ਟਕਰਾਓ ਦੀ ਘੱਟ ਤੋਂ ਘੱਟ ਸਥਿਤੀ ਬਣੇ। ਜਿਵੇਂ ਪੰਜਾਬੀ ਦਾ ਇੱਕ ਮੁਹਾਵਰਾ ਹੈ ‘ਸੱਪ ਵੀ ਮਰ ਜਾਏ ਤੇ ਸੋਟਾ ਵੀ ਬਚ ਜਾਏ`। ਕਿਉਂਕਿ, ਉਨ੍ਹਾਂ ਦਾ ਮੁਖ ਮਨੋਰਥ ਇੱਕ- ਓਅੰਕਾਰੀ ਨਿਰੰਕਾਰ ਨੂੰ ਸ੍ਰਿਸ਼ਟੀ ਦਾ ਮੂਲ ਦਰਸਾਉਣਾ ਅਤੇ ਇਸ ਮੂਲਿਕ ਸਾਂਝ `ਤੇ ਅਧਾਰਿਤ ਮਾਨਵ ਏਕਤਾ ਤੇ ਸਮਾਨਤਾ ਦਾ ਕੁਦਰਤੀ ਭੇਦ ਸਮਝਾਉਣਾ ਸੀ, ਤਾਂ ਕਿ ਸੰਪਰਦਾਇਕ ਤੇ ਭੂਗੋਲਿਕ ਭਿੰਨਤਾ ਦੇ ਬਾਵਜੂਦ ਵੀ ਸਮਾਜ ਅੰਦਰ ਭਾਈਚਾਰਕ ਏਕਤਾ ਬਣੀ ਰਹਿ ਸਕੇ।

ਇਹੀ ਕਾਰਣ ਹੈ ਕਿ ਸਤਿਗੁਰੂ ਜੀ ਨੇ ਮਾਨਵ-ਏਕਤਾ ਲਈ ਰੱਬੀ ਏਕੇ ਦੀ ਇਕਾਈ ਭਰੇ ਸੱਚ ਨੂੰ ਅਧਾਰ ਬਣਾਉਂਦਿਆਂ, ਮਨੁੱਖ ਦੇ ਵਿਅਕਤੀਗਤ ਜੀਵਨ ਨੂੰ ਰੱਬੀ-ਹੁਕਮ ਵਿੱਚ ਤੋਰ ਕੇ ਸਵਾਰਨ ਤੇ ਰੱਬੀ-ਗੁਣਾਂ ਨਾਲ ਸ਼ਿੰਗਾਰਨ ਲਈ ‘ਜਪੁ` ਅਥਵਾ ‘ਸਿਮਰਨ` ਦੀ ਆਦਿ-ਜੁਗਾਦੀ ਜੁਗਤਿ ਨੂੰ ਅਪਨਾਇਆ। ਪਰ, ਇਸ ਨੂੰ ਸੁਧਾਰਦਿਆਂ ਜ਼ਬਾਨ ਦੇ ਜਾਪ ਤੋਂ ਚੁੱਕ ਕੇ ਗੁਰਬਾਣੀ ਨੂੰ ਸ਼ਰਧਾ ਸਹਿਤ ਵਿਚਾਰਪੂਰਵਕ ਪੜ੍ਹਦਿਆਂ, ਸੁਣਦਿਆਂ, ਸਹਜ ਸੇਤੀ ਗਉਂਦਿਆ, ਸਮਝਦਿਆਂ, ਸਮਝਾਉਂਦਿਆਂ; ਪ੍ਰਾਪਤ ਹੋਏ ਨਿਰਮਲ-ਭਉ, ਭਾਉ, (ਪਿਆਰ) ਅਤੇ ਸੂਝ ਮੁਤਾਬਿਕ ਹਿਰਦੇ ਵਿੱਚ ਵਸਾਂਦਿਆਂ, ਧਿਆਂਦਿਆਂ ‘ਹੁਕਮਿ ਰਜ਼ਾਈ` ਚੱਲਣ ਦੇ ਸਿਖਰ ਤੱਕ ਪਹੁੰਚਾਇਆ; ਤਾਂ ਕਿ ਪੜ੍ਹਿਆ ਅਨਪੜ੍ਹਿਆ ਹਰੇਕ ਮਨੁੱਖ ਰੱਬ-ਰੂਪ ‘ਸਚਿਆਰ` ਹੋਣ ਦੀ ਪਰਮ-ਪਦਵੀ ਪ੍ਰਾਪਤ ਕਰ ਸਕੇ। ਉਸ ਨੂੰ ਦ੍ਰਿੜ ਹੋ ਜਾਵੇ ਕਿ ਮੇਰੇ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਅਤੇ ਤ੍ਰਿਲੋਕੀ ਦੇ ਬਾਕੀ ਜੀਵ ਵੀ ਮੇਰੇ ਵਾਂਗ ਉਸੇ ਵਿੱਚ ਹੀ ਸਮਾ ਰਹੇ ਹਨ: “ਨਾਨਕ, ਸੋਹੰ (ਉਹ ਮੈਂ ਹਾਂ) ਹੰਸਾ (ਮੈਂ ਉਹ ਹਾਂ) ਜਪੁ ਜਾਪਹੁ; ਤ੍ਰਿਭਵਣ ਤਿਸੈ ਸਮਾਹਿ।। “ {ਅੰ: ੧੦੯੩} ਕਿਉਂਕਿ, ਮਕਸਦ ਇੱਕੋ ਸੀ “ਜੋ ਪ੍ਰਾਣੀ, ਗੋਵਿੰਦੁ ਧਿਆਵੈ।। ਪੜਿਆ ਅਣਪੜਿਆ, ਪਰਮ ਗਤਿ ਪਾਵੈ।। “ {ਅੰ: ੧੯੮}

ਆਦਿ ਮੰਗਲਾਚਰਣ ਦੇ ਰੂਪ ਵਿੱਚ ਰੱਬ ਜੀ ਦੇ ਗੁਣਾਤਮਿਕ ਦਰਸ਼ਨ ਕਰਵਾਉਂਦਾ ਅਤੇ ਅਵਤਾਰਵਾਦ ਤੇ ਬਹੁਦੇਵਵਾਦ ਦੀ ਜੜ੍ਹਾਂ ਕੱਟਦਾ ਹੋਇਆ ‘ੴ ਤੋਂ ਗੁਰਪ੍ਰਸਾਦਿ` ਤੱਕ ਦਾ ਅਰੰਭਿਕ ਤੇ ਮੰਗਲਮਈ ਸ਼੍ਰੀ ਮੁਖਵਾਕ, ਉਨ੍ਹਾਂ ਦੀ ਅਧਿਆਤਮਿਕ ਬੁਲੰਦੀ, ਦੂਰਦ੍ਰਿਸ਼ਟੀ, ਰਹਸਮਈ ਤੇ ਨੀਤੀਗਤ ਪ੍ਰਚਾਰ-ਜੁਗਤਿ ਅਤੇ ਗੁਰੂ ਬਿਰਦ ਦਾ ਪ੍ਰਤੱਖ ਪ੍ਰਮਾਣ ਹੈ; ਜਿਸ ਵਿੱਚ ਕੁੱਝ ਵਿਸ਼ੇਸ਼ ਰੱਬੀ ਗੁਣਾਂ ਨੂੰ ਅਜਿਹੇ ਸੂਤਰਬੱਧ ਢੰਗ ਨਾਲ ਏਕੇ ਦੇ ਅਬਿਨਾਸ਼ੀ ਸੂਤਰ ਵਿੱਚ ਪਰੋਇਆ ਹੈ ਕਿ ਰੱਬੀ-ਦੀਦਾਰ ਦੇ ਅਭਿਲਾਖੀਆਂ ਦੀ ਦਿਸ਼੍ਰਟੀ ਅਥਵਾ ਧਿਆਨ ਵਿੱਚ ਕੋਈ ਐਸੀ ਵਿਅਕਤੀਗਤ ਹਸਤੀ ਖੜੀ ਨਾ ਹੋ ਸਕੇ, ਜਿਹੜੀ ਰੱਬੀ-ਏਕਤਾ ਤੇ ਵਿਆਪਕਤਾ ਨੂੰ ਭੰਗ ਕਰਕੇ ਉਨ੍ਹਾਂ ਦੇ ਮਨਾਂ ਅੰਦਰ ਸੰਪਰਦਾਇਕ-ਦ੍ਵੈਸ਼ ਪੈਦਾ ਕਰਨ ਦਾ ਕਾਰਨ ਬਣੇ।

ਇਹੀ ਕਾਰਣ ਹੈ ਕਿ ਉਪਰੋਕਤ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ‘ਜਪੁ` ਸਿਰਲੇਖ ਹੇਠ ਵਿਸ਼ੇਸ਼ ਬਾਣੀ ਰਚ ਕੇ ‘ਜਪੁ` ਪ੍ਰਤੀ ਆਪਣਾ ਦ੍ਰਿਸ਼ਟੀਕੋਨ ਪ੍ਰਗਟਾਉਣਾ ਚਾਹਿਆ ਤਾਂ ਸਭ ਤੋਂ ਪਹਿਲਾਂ ਉਪਕ੍ਰਮ (ਭੂਮਿਕਾ) ਰੂਪ ਸ਼ਲੋਕ ਰਾਹੀਂ ਇਹ ਦੱਸਿਆ ਕਿ ਮੇਰਾ ਉਹ ਇਸ਼ਟ, ਜਿਸ ਦੇ ‘ੴ ਤੋਂ ਗੁਰਪ੍ਰਸਾਦਿ` ਤੱਕ ਦੇ ਵਾਰਤਕ ਸਰੂਪ ਮੰਗਲਾਚਰਨ ਰਾਹੀਂ ਗੁਣਾਤਮਿਕ ਦਰਸ਼ਨ ਕਰਵਾਉਣ ਦਾ ਯਤਨ ਕੀਤਾ ਗਿਆ ਹੈ, ਜਿਸ ਦੇ ਗੁਣਾਂ ਨੂੰ ਮੈਂ ਜਪਦਾ, ਸਿਮਰਦਾ, ਅਰਾਧਦਾ, ਧਿਆਉਂਦਾ, ਗੌਂਦਾ ਤੇ ਸੁਣਦਾ ਹਾਂ, ਜਿਸ ਨੂੰ ਮੈਂ ‘ਧੁਰ ਕੀ ਬਾਣੀ` ਦੁਆਰਾ ਸਮੂਹ ਸਾਧਕਾਂ ਦੇ ਧਿਆਨ ਦਾ ਕੇਂਦਰ ਬਨਾਉਣਾ ਚਹੁੰਦਾ ਹਾਂ, ਤਾਂ ਜੋ ਸਾਰੇ ਲੋਕ ਰੱਬੀ ਏਕੇ ਦੀ ਇਕਾਈ ਤੇ ਕੇਂਦਰਿਤ ਹੁੰਦੇ ਹੋਏ ਆਪਣੇ ਅੰਦਰ ਰੱਬੀ-ਗੁਣਾਂ ਦਾ ਸੰਚਾਰ ਕਰਕੇ ਸੱਚਿਆਰ ਹੋ ਸਕਣ; ਕੋਈ ਕਲਪਣਾ ਮਾਤ੍ਰ ਨਹੀਂ, ਸਗੋਂ ਇੱਕ ਸਦੀਵੀ ਸੱਚ ਹੈ ਜੋ ਸਦਾ ਥਿਰ ਕਾਇਮ ਰਹਿਣ ਵਾਲੀ ਸਰਬਕਲਾ ਸਮਰਥ ਤੇ ਚੇਤੰਨ ਹੋਂਦ ਰੱਖਦਾ ਹੈ।

ਕਿਉਂਕਿ, ਗੁਰੂ ਹੋਣ ਨਾਤੇ ਉਹ ਚੰਗੀ ਤਰ੍ਹਾਂ ਸਮਝਦੇ ਸਨ ਕਿ ਸਾਧਕ ਦਾ ਮਨ ਪ੍ਰਭੂ ਸਿਮਰਨ ਵਿੱਚ ਤਦੋਂ ਹੀ ਪਤੀਜਦਾ ਹੈ ਅਤੇ ਰੱਬੀ-ਗੁਣ ਹਿਰਦੇ ਵਿੱਚ ਤਦੋਂ ਹੀ ਵੱਸਦੇ ਹਨ, ਜਦੋਂ ਉਸ ਨੂੰ ਰੱਬੀ ਹੋਂਦ ਦਾ ਵਿਸ਼ਵਾਸ਼ ਦ੍ਰਿੜ ਹੋ ਜਾਏ। ਪਾਵਨ ਸਲੋਕ ਹੈ:

ਆਦਿ ਸਚੁ, ਜੁਗਾਦਿ ਸਚੁ।। ਹੈ ਭੀ ਸਚੁ; ਨਾਨਕ, ਹੋਸੀ ਭੀ ਸਚੁ।। ੧।।

ਹੇ ਨਾਨਕ! (ਆਖ, ਜਿਸ ਨੂੰ ਮੈਂ ਜਪਦਾ ਤੇ ਜਪੌਂਦਾ ਹਾਂ, ਉਹ) ਮੁੱਢ ਤੋਂ ਹੋਂਦ ਵਾਲਾ ਹੈ; ਜੁਗਾਂ ਦੇ ਮੁੱਢ ਤੋਂ ਮੌਜੂਦ ਹੈ। ਇਸ ਵੇਲੇ ਵੀ ਮੌਜੂਦ ਹੈ ਤੇ ਅਗਾਂਹ ਨੂੰ ਵੀ ਹੋਂਦ ਵਾਲਾ ਰਹੇਗਾ।

ਸ਼ਲੋਕ ਦਾ ਗਹਿਰਾ ਭਾਵਾਰਥ ਇਹ ਹੈ ਕਿ ‘ੴ ਤੋਂ ਗੁਰਪ੍ਰਸਾਦਿ` ਤੱਕ ਦੇ ਮੰਗਲਾਚਰਨ ਰਾਹੀਂ ਜਿਸ ਨਿਰੰਕਾਰੀ ਪ੍ਰਭੂ ਦਾ ਦੀਦਾਰ ਕਰਵਾਇਆ ਗਿਆ ਹੈ, ਜਿਸ ਨੂੰ ਸਾਧਕਾਂ ਨੇ ਗੁਰਸ਼ਬਦ ਦੀ ਰੌਸ਼ਨੀ ਰਾਹੀਂ ਹਿਰਦੇ ਵਿੱਚ ਧਿਆਉਣਾ ਤੇ ਵਸਾਉਣਾ ਹੈ; ਉਹ ਆਪਣੇ ਆਪ ਵਿੱਚ ਤਦੋਂ ਵੀ ਹੁਣ ਵਾਂਗ ਮਜੂਦ ਸੀ, ਜਦੋਂ ਅਜੇ ਸ੍ਰਿਸ਼ਟੀ ਰਚਨਾ ਦਾ ਕੋਈ ਵਜੂਦ ਨਹੀਂ ਸੀ ਅਤੇ ਤਦੋਂ ਵੀ, ਜਦੋਂ ਸ੍ਰਿਸ਼ਟੀ ਰਚਨਾ ਦਾ ਮੁਢ ਬੱਝਣ ਉਪਰੰਤ ਮਨੁਖ ਨੇ ਸਤਿਜੁਗ, ਤ੍ਰੇਤਾ, ਦੁਆਪਰ ਤੇ ਕਲਿਯੁਗ ਆਦਿਕ ਜੁਗਾਂ ਦੇ ਰੂਪ ਵਿੱਚ ਸਮੇਂ ਦੀ ਵੰਡ ਕੀਤੀ। ਕਿਉਂਕਿ, ਕੁੱਝ ਲੋਕ ਐਸੇ ਖ਼ਿਆਲ ਵੀ ਬਣਾਈ ਬੈਠੇ ਸਨ ਕਿ ਰੱਬੀ-ਹੋਂਦ ਦਾ ਅਧਾਰ ਸ੍ਰਿਸ਼ਟੀ ਰਚਨਾ ਕਰਕੇ ਹੈ। ਇਸ ਲਈ ਇਉਂ ਜਾਪਦਾ ਹੈ ਕਿ ਗੁਰਦੇਵ ਜੀ ਨੇ ਅਰੰਭਕ ਸਲੋਕ ਰਾਹੀਂ ਇਹ ਪੱਖ ਵੀ ਸਪਸ਼ਟ ਕਰਨਾ ਚਾਹਿਆ ਹੈ ਕਿ ਰੱਬੀ ਹੋਂਦ ਸ੍ਰਿਸਟੀ ਰਚਨਾ ਤੇ ਅਧਾਰਿਤ ਨਹੀਂ, ਸਗੋਂ ਉਸ ਵੇਲੇ ਤੋਂ ਹੈ ਜਦੋਂ ਅਜੇ ਨਾ ਧਰਤੀ ਸੀ ਤੇ ਨਾ ਅਕਾਸ਼, ਨਾ ਸੂਰਜ ਤੇ ਚੰਦਰਮਾ, ਨਾ ਹੀ ਜੀਅ ਜੰਤਾਂ ਦੇ ਰੂਪ ਵਿੱਚ ਕਿਸੇ ਬ੍ਰਹਮਾ, ਵਿਸ਼ਨੂ, ਮਹੇਸ਼, ਰਾਮ, ਕ੍ਰਿਸ਼ਨ ਤੇ ਗੋਰਖ ਆਦਿ ਦਾ ਜ਼ਿਕਰ ਅਤੇ ਨਾ ਹੀ ਕੋਈ ਵੇਦ ਆਦਿਕ ਧਰਮ ਗ੍ਰੰਥ ਤੇ ਕਾਜੀ ਮੁਲਾਂ ਸੀ। ਸਤਿਗੁਰੂ ਜੀ ਨੇ ਹੇਠ ਗੁਰਸ਼ਬਦ ਵਿੱਚ ਇਹ ਪੱਖ ਬੜੇ ਵਿਸਥਾਰ ਸਹਿਤ ਵਰਨਣ ਕੀਤਾ ਹੈ:

ਅਰਬਦ ਨਰਬਦ ਧੁੰਧੂਕਾਰਾ।। ਧਰਣਿ ਨ ਗਗਨਾ ਹੁਕਮੁ ਅਪਾਰਾ।।

ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ; ਸੁੰਨ ਸਮਾਧਿ ਲਗਾਇਦਾ।। ੧।।

ਬ੍ਰਹਮਾ ਬਿਸਨੁ ਮਹੇਸੁ ਨ ਕੋਈ।। ਅਵਰੁ ਨ ਦੀਸੈ ਏਕੋ ਸੋਈ।।

ਨਾਰਿ ਪੁਰਖੁ ਨਹੀ ਜਾਤਿ ਨ ਜਨਮਾ; ਨਾ ਕੋ ਦੁਖੁ ਸੁਖੁ ਪਾਇਦਾ।। ੪।।

ਨਾ ਸੁਚਿ ਸੰਜਮੁ ਤੁਲਸੀ ਮਾਲਾ।। ਗੋਪੀ ਕਾਨੁ ਨ ਗਊ ਗਆਲਾ।।

ਤੰਤੁ ਮੰਤੁ ਪਾਖੰਡੁ ਨ ਕੋਈ; ਨਾ ਕੋ ਵੰਸੁ ਵਜਾਇਦਾ।। ੭।।

ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ।। ਨਾ ਤਦਿ ਗੋਰਖੁ ਨਾ ਮਾਛਿੰਦੋ।।

ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ; ਨਾ ਕੋ ਗਣਤ ਗਣਾਇਦਾ।। ੯।।

ਬੇਦ ਕਤੇਬ ਨ ਸਿੰਮ੍ਰਿਤਿ ਸਾਸਤ।। ਪਾਠ ਪੁਰਾਣ ਉਦੈ ਨਹੀ ਆਸਤ।।

ਕਹਤਾ ਬਕਤਾ ਆਪਿ ਅਗੋਚਰੁ; ਆਪੇ ਅਲਖੁ ਲਖਾਇਦਾ।। ੧੩।। {ਅੰਗ ੧੦੩੬}

{ਅਰਥ:- (ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜੇਹੀ ਹਾਲਤ ਸੀ ਜਿਸ ਦੀ ਬਾਬਤ ਕੁੱਝ ਭੀ ਦੱਸਿਆ ਨਹੀਂ ਜਾ ਸਕਦਾ। ਤਦੋਂ ਨਾਹ ਧਰਤੀ ਸੀ ਨਾਹ ਆਕਾਸ਼ ਸੀ ਅਤੇ ਨਾਹ ਹੀ ਕਿਤੇ ਬੇਅੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ। ਤਦੋਂ ਨਾਹ ਦਿਨ ਸੀ ਨਾਹ ਰਾਤ ਸੀ, ਨਾਹ ਚੰਦ ਸੀ ਨਾਹ ਸੂਰਜ ਸੀ। ਤਦੋਂ ਪਰਮਾਤਮਾ ਆਪਣੇ ਆਪ ਵਿੱਚ ਹੀ (ਮਾਨੋ ਐਸੀ) ਸਮਾਧੀ ਲਾਈ ਬੈਠਾ ਸੀ ਜਿਸ ਵਿੱਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ। ੧।

ਤਦੋਂ ਨਾਹ ਕੋਈ ਬ੍ਰਹਮਾ ਸੀ ਨਾਹ ਵਿਸ਼ਨੂੰ ਸੀ ਤੇ ਨਾਹ ਹੀ ਸ਼ਿਵ ਸੀ। ਤਦੋਂ ਇੱਕ ਪਰਮਾਤਮਾ ਹੀ ਪਰਮਾਤਮਾ ਸੀ, ਹੋਰ ਕੋਈ ਵਿਅਕਤੀ ਨਹੀਂ ਸੀ ਦਿੱਸਦਾ। ਤਦੋਂ ਨਾਹ ਕੋਈ ਇਸਤ੍ਰੀ ਸੀ ਨਾਹ ਕੋਈ ਮਰਦ ਸੀ ਤਦੋਂ ਨਾਹ ਕੋਈ ਜਾਤਿ ਸੀ ਨਾਹ ਕਿਸੇ ਜਾਤਿ ਵਿੱਚ ਕੋਈ ਜਨਮ ਹੀ ਲੈਂਦਾ ਸੀ। ਨਾਹ ਕੋਈ ਦੁੱਖ ਭੋਗਣ ਵਾਲਾ ਜੀਵ ਹੀ ਸੀ। ੪।

ਤਦੋਂ ਨਾਹ ਕਿਤੇ ਸੁੱਚ ਰੱਖੀ ਜਾ ਰਹੀ ਸੀ, ਨਾਹ ਕਿਤੇ ਕੋਈ ਸੰਜਮ ਕੀਤਾ ਜਾ ਰਿਹਾ ਸੀ, ਨਾਹ ਹੀ ਕਿਤੇ ਤੁਲਸੀ ਦੀ ਮਾਲਾ ਸੀ। ਤਦੋਂ ਨਾਹ ਕਿਤੇ ਕੋਈ ਗੋਪੀ ਸੀ ਨਾਹ ਕੋਈ ਕਾਨ੍ਹ (ਕ੍ਰਿਸ਼ਨ) ਸੀ, ਨਾਹ ਕੋਈ ਗਊ ਸੀ ਨਾਹ ਗਊਆਂ ਦਾ ਰਾਖਾ ਸੀ। ਤਦੋਂ ਨਾਹ ਕੋਈ ਤੰਤ੍ਰ ਮੰਤ੍ਰ ਆਦਿਕ ਪਖੰਡ ਸੀ ਤੇ ਨਾਹ ਕੋਈ ਬੰਸਰੀ ਵਜਾ ਰਿਹਾ ਸੀ। ੭।

ਤਦੋਂ ਨਾਹ ਕਿਤੇ ਨਿੰਦਿਆ ਸੀ ਨਾਹ ਖ਼ੁਸ਼ਾਮਦ ਸੀ, ਨਾਹ ਕੋਈ ਜੀਵਾਤਮਾ ਸੀ ਨਾਹ ਕੋਈ ਜਿੰਦ ਸੀ। ਤਦੋਂ ਨਾਹ ਗੋਰਖ ਸੀ ਨਾਹ ਮਾਛਿੰਦ੍ਰ ਨਾਥ ਸੀ। ਤਦੋਂ ਨਾਹ ਕਿਤੇ (ਧਾਰਮਿਕ ਪੁਸਤਕਾਂ ਦੀ) ਗਿਆਨ-ਚਰਚਾ ਸੀ ਨਾਹ ਕਿਤੇ ਸਮਾਧੀ-ਇਸਥਿਤ ਧਿਆਨ ਸੀ, ਤਦੋਂ ਨਾਹ ਕਿਤੇ ਕੁਲਾਂ ਦੀ ਉਤਪੱਤੀ ਸੀ ਤੇ ਨਾਹ ਹੀ ਕੋਈ (ਚੰਗੀ ਕੁਲ ਵਿੱਚ ਜੰਮਣ ਦਾ) ਮਾਣ ਕਰਦਾ ਸੀ। ੯।

ਦੋਂ ਨਾਹ ਕਿਤੇ ਸ਼ਾਸਤ੍ਰ ਸਿੰਮ੍ਰਿਤੀਆਂ ਤੇ ਵੇਦ ਸਨ, ਨਾਹ ਕਿਤੇ ਕੁਰਾਨ ਅੰਜੀਲ ਆਦਿਕ ਸ਼ਾਮੀ ਕਿਤਾਬਾਂ ਸਨ। ਤਦੋਂ ਕਿਤੇ ਪੁਰਾਣਾਂ ਦੇ ਪਾਠ ਭੀ ਨਹੀਂ ਸਨ। ਤਦੋਂ ਨਾਹ ਕਿਤੇ ਸੂਰਜ ਦਾ ਚੜ੍ਹਨਾ ਸੀ ਨਾਹ ਡੁੱਬਣਾ ਸੀ। ਤਦੋਂ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲਾ ਪਰਮਾਤਮਾ ਆਪ ਹੀ ਬੋਲਣ ਚਾਲਣ ਵਾਲਾ ਸੀ, ਆਪ ਹੀ ਅਦ੍ਰਿਸ਼ਟ ਸੀ ਤੇ ਆਪ ਹੀ ਆਪਣੇ ਆਪ ਨੂੰ ਪਰਗਟ ਕਰਨ ਵਾਲਾ ਸੀ। ੧੩।}

ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਆਪਣੇ ਚੌਥੇ ਸਰੂਪ ਵਿੱਚ, ‘ਜਪੁ` ਦੇ ਇਸ ਰਹੱਸਮਈ ਆਰੰਭਕ ਸਲੋਕ ਦਾ ਭਾਵਾਰਥ ਟੀਕਾ ਕਰਦਿਆਂ, ਜਿਥੇ ਇਹ ਸਪਸ਼ਟ ਕਰ ਦਿੱਤਾ ਹੈ ਕਿ ‘ਆਦਿ ਸਚੁ, ਜੁਗਾਦਿ ਸਚੁ……` ਸਲੋਕ ਲਿਖਣ ਪਿੱਛੇ ਉਨ੍ਹਾਂ ਦਾ ਮਨੋਰਥ ਕੀ ਸੀ। ਉਥੇ, ਇਹ ਵੀ ਨਿਰਣੈ ਦੇ ਦਿੱਤਾ ਹੈ ਕਿ ਰੱਬੀ-ਗੁਣ ਮਨੁੱਖੀ ਹਿਰਦੇ ਵਿੱਚ ਤਦੋਂ ਹੀ ਵਸਦੇ ਹਨ, ਜਦੋਂ ਉਸ ਨੂੰ ਰੱਬੀ ਹੋਂਦ ਦਾ ਦ੍ਰਿੜ ਵਿਸ਼ਵਾਸ਼ ਹੋਣ `ਤੇ ਉਹਦੀ ਸੁਰਤ ਪ੍ਰਭੂ-ਭਗਤੀ ਵਿੱਚ ਲੀਨ ਹੁੰਦੀ ਹੈ। ਅਜਿਹੇ ਭਾਵ ਰੱਖਦੇ ਗੁਰਵਾਕ ਤਰਤੀਬਵਾਰ ਇਸ ਪ੍ਰਕਾਰ ਹਨ:

ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ; ਤਿਨ ਕਾਟੇ ਪਾਪ ਕਟੋਨਾ।।

ਤੁਮ ਜੈਸੇ ਹਰਿ ਪੁਰਖ ਜਾਨੇ, ਮਤਿ ਗੁਰਮਤਿ; ਮੁਖਿ ਵਡ ਵਡ ਭਾਗ ਵਡੋਨਾ।।

ਸਭਿ ਧਿਆਵਹੁ ਆਦਿ ਸਤੇ, ਜੁਗਾਦਿ ਸਤੇ, ਪਰਤਖਿ ਸਤੇ, ਸਦਾ ਸਦਾ ਸਤੇ; ਜਨੁ ਨਾਨਕੁ ਦਾਸੁ ਦਸੋਨਾ।। {ਅੰ: ੧੩੧੫}

ਅਰਥ:- ਹੇ ਸੁਆਮੀ! ਜਿਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹਨ ਸੁਣਦੇ ਹਨ, ਉਹ (ਆਪਣੇ) ਕ੍ਰੋੜਾਂ ਪਾਪ ਨਾਸ ਕਰ ਲੈਂਦੇ ਹਨ। ਹੇ ਸਰਬ-ਵਿਆਪਕ ਹਰੀ! ਉਹ ਮਨੁੱਖ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਹਨ (ਸਭ ਮਨੁੱਖਾਂ ਵਿਚ) ਮੁਖੀ ਮੰਨੇ ਜਾਂਦੇ ਹਨ, ਸਤਿਗੁਰੂ ਦੀ ਮਤਿ ਉਤੇ ਕੇ ਉਹ ਮਨੁੱਖ ਤੇਰੇ ਵਰਗੇ ਹੀ ਜਾਣੇ ਜਾਂਦੇ ਹਨ।

ਹੇ ਭਾਈ! ਜੋ ਪਰਮਾਤਮਾ ਆਦਿ ਤੋਂ ਜੁਗਾਂ ਦੇ ਆਦਿ ਤੋਂ ਹੋਂਦ ਵਾਲਾ ਹੈ; ਜੋ (ਹੁਣ ਭੀ) ਪਰਤੱਖ ਕਾਇਮ ਹੈ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੁਸੀ ਸਾਰੇ ਉਸ ਦਾ ਸਿਮਰਨ ਕਰਦੇ ਰਹੋ। ਦਾਸ ਨਾਨਕ ਉਸ (ਹਰੀ ਦੇ) ਦਾਸਾਂ ਦਾ ਦਾਸ ਹੈ। ੫।

ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ; ਸੇਵਾ ਸੁਰਤਿ ਬੀਚਾਰੀ।।

ਅਨਦਿਨੁ ਰਾਮ ਨਾਮੁ ਜਪਿ ਹਿਰਦੈ; ਸਰਬ ਕਲਾ ਗੁਣਕਾਰੀ।। {ਅੰ: ੧੧੯੮}

ਅਰਥ:- ਹੇ ਭਾਈ! (ਜਿਸ ਮਨੁੱਖ ਦੇ) ਹਿਰਦੇ ਵਿੱਚ ਪਰਮਾਤਮਾ ਵਾਸਤੇ ਸਰਧਾ ਬਣ ਜਾਂਦੀ ਹੈ, ਉਸ ਦੀ ਸੁਰਤਿ ਸੇਵਾ-ਭਗਤੀ ਵਿੱਚ ਜੁੜੀ ਰਹਿੰਦੀ ਹੈ। ਇਸ ਪ੍ਰਕਾਰ ਸਾਰੀਆਂ ਤਾਕਤਾਂ ਅਤੇ ਗੁਣਾਂ ਦੇ ਮਾਲਕ ਰਮਤ-ਰਾਮ ਦਾ ਨਾਮ ਹਰ ਵੇਲੇ ਜਪ ਕੇ ਹਿਰਦੇ ਵਿੱਚ ਉਸ ਦੇ ਗੁਣ ਆ ਵੱਸਦੇ ਹਨ।

ਜੇਤਾ ਕੀਤਾ, ਤੇਤਾ ਨਾਉ` {ਜਪੁ} ਅਤੇ ‘ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ` {ਅੰ: ੧੧੬੮} ਵਰਗੇ ਵਿਸਮਾਦੀ ਗੀਤ ਗਾਉਣ ਵਾਲੇ ਸਮਦ੍ਰਿਸ਼ਟ ਸਤਿਗੁਰੂ ਚਹੁੰਦੇ ਸਨ ਕਿ ਰੱਬ ਜੀ ਦੇ ਪ੍ਰਚਲਿਤ ਕਿਰਤਮ ਨਾਵਾਂ (ਰਾਮ, ਹਰੀ, ਗੋਬਿੰਦ ਅੱਲ੍ਹਾ ਤੇ ਖ਼ੁਦਾ ਆਦਿ) ਵਿਚੋਂ ਕੋਈ ਵੀ ਨਾਮ ਲੈ ਕੇ ਉਸ ਨੂੰ ਯਾਦ ਕੀਤਾ ਜਾਵੇ, ਸਿਫ਼ਤ-ਸਾਲਾਹ ਕੀਤੀ ਜਾਵੇ; ਮੁਬਾਰਿਕ! ਕੋਈ ਹਰਜ਼ ਨਹੀਂ। ਪਰ, ਸਾਡੇ ਧਿਆਨ ਵਿੱਚ ਉਹਦੀ ਇੱਕੋ ‘ਅਕਾਲ-ਮੂਰਤਿ` ਹਸਤੀ ਹੋਵੇ, ਜਿਹੜੀ ‘ਆਦਿ ਸਚੁ`, ‘ਜੁਗਾਦਿ ਸਚੁ`, ‘ਹੈ ਭੀ ਸਚੁ` ਅਤੇ ‘ਹੋਸੀ ਭੀ ਸਚੁ` ਹੈ। ਅਸਲ ਵਿੱਚ ਇਹੀ ਕਾਰਣ ਹੈ ਕਿ ਉਨ੍ਹਾਂ ਨੇ ‘ਜਪੁ` ਦੇ ਆਦਿ-ਮੰਗਲਾਚਰਨ ਅਤੇ ਅਰੰਭਕ ਸਲੋਕ ਵਿੱਚ ਕੋਈ ਇੱਕ ਪ੍ਰਚਲਿਤ ਰੱਬੀ ਨਾਮ ਨਹੀਂ ਵਰਤਿਆ। ਸਤਿਗੁਰਾਂ ਦਾ ਨਿਰਣੈ-ਜਨਕ ਬਚਨ ਵੀ ਹੈ ਕਿ ਸਾਧੂ ਸੰਤਾਂ ਦੇ ਧਿਆਨ ਲਗਾਉਣ ਲਈ ਸਭ ਤੋਂ ਚੰਗੀ ਥਾਂ (ਨੀਕੀ ਠਾਹਰ) ‘ਅਕਾਲਿ ਮੂਰਤਿ` ਹੈ:

ਅਕਾਲ ਮੂਰਤਿ ਹੈ; ਸਾਧ ਸੰਤਨ ਕੀ ਠਾਹਰ ਨੀਕੀ, ਧਿਆਨ ਕਉ।। {ਅੰ: ੧੨੦੮}

ਭਗਤ ਕਬੀਰ ਤਾਂ ਸਪਸ਼ਟ ਆਖਦੇ ਹਨ ਕਿ ਰਾਮ ਰਾਮ ਜਪੋ, ਸਦਾ ਜਪੋ, ਪਰ ਜਪਣ ਵੇਲੇ ਬਿਬੇਕ ਤੋਂ ਕੰਮ ਲਵੋ। ਇਹ ਗੱਲ ਚੇਤੇ ਰੱਖੋ ਕਿ ਇੱਕ ਰਾਮ ਤਾਂ ਅਨੇਕਾਂ ਜੀਵਾਂ ਵਿੱਚ ਵਿਆਪਕ ਹੈ (ਜਿਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਧਰਮ ਹੈ), ਪਰ ਇੱਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇੱਕ ਸਰੀਰ ਵਿੱਚ ਹੀ ਆਇਆ (ਅਵਤਾਰ ਬਣਿਆ; ਉਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ); ਕਿਉਂਕਿ, ਉਹ ‘ਕਾਲ-ਮੂਰਤਿ` ਹੈ ‘ਅਕਾਲ ਮੂਰਤਿ` ਨਹੀਂ।

ਕਬੀਰ, ਰਾਮੈ ਰਾਮ ਕਹੁ; ਕਹਿਬੇ ਮਾਹਿ ਬਿਬੇਕ ॥

ਏਕੁ ਅਨੇਕਹਿ ਮਿਲਿ ਗਇਆ; ਏਕ ਸਮਾਨਾ ਏਕ ॥ { 1374}

ਗੁਰੂ ਨਾਨਕ ਦ੍ਰਿਸ਼ਟੀ ਵਿੱਚ ਇਹੀ ਹੈ ‘ਜਪ`, ਇਹੀ ਹੈ ‘ਸਿਮਰਨ` ਅਤੇ ਇਹੀ ਹੈ ਗੁਰਸ਼ਬਦੀ ਘਾਲ ਤੇ ਨਾਮੁ-ਅਭਿਆਸ; ਕਿਸੇ ਵੇਲੇ ਭੁੱਲੀਏ ਨਾ ਕਿ ਅਸੀਂ ਆਪਣੇ ਆਪ ਵਿੱਚ ਕੁੱਝ ਵੀ ਨਹੀਂ। ਸਦਾ ਚੇਤੇ ਰਖੀਏ ਕਿ ਸਾਡੀ ਹੋਂਦ ਦਾ ਅਧਾਰ ਇੱਕ ਓਅੰਕਾਰ ਸ੍ਰਿਸ਼ਟੀ ਦੇ ਮੂਲ ਅਕਾਲ ਪੁਰਖ ਤੋਂ ਬਗੈਰ ਦੂਜਾ ਹੋਰ ਕੋਈ ਨਹੀਂ। ਇੱਕ ਓਹੀ ਹੈ, ਜੋ ਸ੍ਰਿਸ਼ਟੀ ਕਰਤਾ, ਸਰਬ ਵਿਆਪਕ ਤੇ ਸਦਾ ਥਿਰ ਕਾਇਮ ਰਹਿਣ ਵਾਲੀ ਹਸਤੀ ਵਾਲਾ ਹੈ। ਉਸ ਵਰਗਾ ਨਾ ਕੋਈ ਹੋਇਆ ਹੈ ਅਤੇ ਨਾ ਕੋਈ ਹੋਏਗਾ। ਸਾਡੇ ਹਿਰਦੇ ਅੰਦਰ ਇੱਹ ਅਨਹਦ ਧੁਨਿ ਚਲਦੀ ਰਹੇ “ਹੈ ਤੂਹੈ ਤੂ ਹੋਵਨਹਾਰ” {ਅੰ: ੭੨੪} ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਪੰਜਵੇਂ ਸਰੂਪ ਗੁਰੂ ਅਰਜਨ ਸਾਹਿਬ ਜੀ ਨੇ ਪਾਂਧੇ ਪੰਡਤਾਂ ਨੂੰ ਘੱਘੇ ਅੱਖਰ ਉਪਦੇਸ਼ ਦਿੰਦਿਆਂ ਕਹੇ ਹੋਏ ਹੇਠ ਲਿਖੇ ਬਚਨ ਨਾਮ-ਸਿਮਰਨ ਦੀ ਗੁਰਸ਼ਬਦੀ ਘਾਲ ਨੂੰ ਇਉਂ ਪ੍ਰਗਟ ਕਰਦੇ ਹਨ:

ਘਘੈ ਘਾਲ ਸੇਵਕੁ ਜੇ ਘਾਲੈ, ਸਬਦਿ ਗੁਰੂ ਕੈ ਲਾਗਿ ਰਹੈ।।

ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ।। {ਅੰ: ੪੩੨}

ਘਘਾ, ਘਾਲਹੁ ਮਨਹਿ ਏਹ; ਬਿਨੁ ਹਰਿ ਦੂਸਰ ਨਾਹਿ।।

ਨਹ ਹੋਆ, ਨਹ ਹੋਵਨਾ; ਜਤ ਕਤ ਓਹੀ ਸਮਾਹਿ।। {ਅੰ: ੨੫੪}

ਭਗਤ ਕਬੀਰ ਸਾਹਿਬ ਜੀ ਦਾ ਕਥਨ ਹੈ ਕਿ ਜੀਵ ਮਨੁੱਖਾ-ਜਨਮ ਹਾਸਲ ਕਰਕੇ ਅਗਿਆਨਤਾ ਵਸ ਹਉਮੈ ਵਿੱਚ ਆਪਣੀ ਇੱਕ ਵਖਰੀ ਹਸਤੀ ਮੰਨ ਬੈਠਦਾ ਹੈ ਤੇ ਸ੍ਰਿਸ਼ਟੀ ਦੇ ਮੂਲ ਉਸ ਪਰਮਾਤਮਾ ਨੂੰ ਨਹੀਂ ਜਾਣਦਾ, ਜੋ ਅਸਲ ਵਿੱਚ ਹੋਂਦ ਵਾਲਾ ਹੈ ਤੇ ਜਿਸ ਕਰਕੇ ਸਾਡੇ ਸਾਰੇ ਜੀਵਾਂ ਨੂੰ ਆਪਣੀ ਕੁੱਝ ਹੋਂਦ ਮਹਿਸੂਸ ਹੁੰਦੀ ਹੈ। ਪਰ, ਗੁਰੂ ਦੀ ਬਖਸ਼ਿਸ਼ ਸਦਕਾ ਜਦੋਂ ਕਿਸੇ ਨੂੰ ਪ੍ਰਭੂ ਹਸਤੀ ਦਾ ਨਿਸ਼ਚਾ ਦ੍ਰਿੜ ਹੋ ਜਾਂਦਾ ਹੈ, ਤਦੋਂ ਇਸ ਦਾ ਮਨ ਪ੍ਰਭੂ ਪਰਮਾਤਮਾ ਵਿੱਚ ਪਤੀਜ ਜਾਂਦਾ ਹੈ। ਪਰਮਾਤਮਾ ਹੈ ਤਾਂ ਜ਼ਰੂਰ, ਇਸ ਵਿੱਚ ਕੋਈ ਸ਼ੱਕ ਨਹੀਂ; ਪਰ ਇਸ ਵਿਸ਼ਵਾਸ ਦਾ ਲਾਭ ਤਦੋਂ ਹੀ ਹੁੰਦਾ ਹੈ, ਜਦੋਂ ਕੋਈ ਜੀਵ ਇਸ ਗੱਲ ਨੂੰ ਸਮਝ ਲਏ। ਜਦੋਂ ਇਸ ਹਕੀਕਤ ਨੂੰ ਸਮਝ ਲੈਂਦਾ ਹੈ, ਤਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ, ਇਹ ਵੱਖਰੀ ਹਸਤੀ ਵਾਲਾ ਨਹੀਂ ਰਹਿ ਜਾਂਦਾ:

ਹਾਹਾ, ਹੋਤ; ਹੋਇ ਨਹੀ ਜਾਨਾ।। ਜਬ ਹੀ ਹੋਇ, ਤਬਹਿ ਮਨੁ ਮਾਨਾ।।

ਹੈ ਤਉ ਸਹੀ, ਲਖੈ ਜਉ ਕੋਈ।। ਤਬ ਓਹੀ ਉਹੁ, ਏਹੁ ਨ ਹੋਈ।। {ਅੰ: ੩੪੨}

“ਤਬ ਓਹੀ ਉਹੁ, ਏਹੁ ਨ ਹੋਈ” ਦੇ ਸੱਚ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਵਿੱਚ ਇਉਂ ਵੀ ਕਹਿਆ ਜਾ ਸਕਦਾ ਹੈ:

ਹਉ ਨਾਹੀ, ਤੂ ਹੋਵਹਿ; ਤੁਧ ਹੀ ਸਾਜਿਆ।।

ਆਪੇ ਥਾਪਿ ਉਥਾਪਿ, ਸਬਦਿ ਨਿਵਾਜਿਆ।। {ਅੰ: ੭੫੩}

ਜਗਤਾਰ ਸਿੰਘ ਜਾਚਕ, ਨਿਊਯਾਰਕ
.