.

ਸੁਖ ਤੇ ਦੁਖ

“ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਮਾਇਆ ਤੇ ਨਾਮ- ਦਰਅਸਲ ‘ਮਾਇਆ ਤੇ ਨਾਮ’ ਮਨੁੱਖਾ ਜੀਵਨ ਦੇ ਹੀ, ਦੋ ਰਾਹ ਹਨ। ਭਾਵ ਕਰਤਾਰ ਤੇ ਕਰਤੇ ਦੀ ਰਚਨਾ ਦੇ ਸੰਤੁਲਨ ਨੂੰ ਕਾਇਮ ਰਖ ਕੇ ਮਨੁਖਾ ਜੀਵਨ ਨੂੰ ਚਲਾਉਣਾ। ਉਂਜ ਕਰਤੇ ਤੋਂ ਬਿਨਾ, ਉਸ ਦੀ ਰਚਨਾ ਭਾਵ ਮਾਇਆ ਦਾ ਆਪਣਾ ਕੋਈ ਵਜੂਦ ਨਹੀਂ। ਸੰਸਾਰਕ ‘ਦੁਖ ਤੇ ਸੁਖ’ ਦੋਵੇਂ ਕਰਤੇ ਦੀ ਇਸੇ ਮਾਇਆ ਦਾ ਹੀ ਅੰਗ ਹਨ, ਉਸ ਦੀ ਮਾਇਆ ਤੋਂ ਬਾਹਿਰ ਨਹੀਂ। ਜਿਹੜੇ ਸੁਭਾਅ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਦੇ ਹਨ, ਉਨ੍ਹਾਂ ਨੂੰ ਪ੍ਰਭੂ ਦੀ ਰਚਨਾ (ਮਾਇਆ) `ਚੋਂ ਹੀ ਪ੍ਰਭੂ ਦੀ ਪਹਿਚਾਣ, ਦੀਦਾਰੇ ਤੇ ਦਰਸ਼ਨ ਵੀ ਹੋ ਜਾਂਦੇ ਹਨ। ਫ਼ੁਰਮਾਨ ਹੈ “ਏਹੁ ਵਿਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ” (ਪੰ: ੯੨੨)। ਕਰਤੇ ਦੀ ਰਚਨਾ ਅਥਵਾ ਉਸ ਦੀ ਮਾਇਆ ਵਿੱਚੋਂ ਹੀ ਕਰਤੇ ਦੇ ਦਰਸ਼ਨ ਕਰਣਾ, ਜੀਵਨ ਦੀ ਉਹ ਪ੍ਰਾਪਤੀ ਤੇ ਸਫ਼ਲਤਾ ਹੈ ਜੋ ਸਾਰੇ ਸਦੀਵੀ ਸੁਖਾਂ ਦਾ ਮੂਲ ਹੈ। ਜਿਸ ਤੋਂ ਮਨੁੱਖ ਦੇ ਜੀਵਨ `ਚ ਮਾਨਸਿਕ ਟਿਕਾਅ ਤੇ ਸੰਤੋਖ ਆਉਂਦਾ ਹੈ। ਸੰਸਾਰ ਤੱਲ ਦੇ ਚਾਹੇ ਦੁਖ ਹੋਣ ਜਾਂ ਸੁਖ, ਅਜਿਹੇ ਸਫ਼ਲ ਜੀਵਨ ਵਾਲਿਆਂ ਨੂੰ ਸੰਸਾਰ ਦੇ ਇਨ੍ਹਾਂ ਦੋਨਾਂ ਰੰਗਾਂ `ਚ ਪ੍ਰਭੂ ਦੀ ਰਜ਼ਾ ਤੇ ਖੇਡ ਹੀ ਨਜ਼ਰ ਆਉਂਦੀ ਹੈ। ਉਹ ਕਿਸੇ ਵੀ ਕਾਰਨ ਪ੍ਰਭੂ ਦੀ ਕਰਣੀ ਤੇ ਕਿਉਂ ਕਿੰਤੂ ਨਹੀਂ ਕਰਦੇ ਅਤੇ ਪ੍ਰਭੂ ਨੂੰ ਉਲਾਹਣਾ ਨਹੀਂ ਦਿੰਦੇ।

ਦੂਜੇ ਪਾਸੇ ਮਨਮੁਖ ਸੁਭਾਅ ਵਾਲੇ ਭਾਵ ਪ੍ਰਭੂ ਨੂੰ ਨਾ ਪਹਿਚਾਨਣ ਤੇ ਆਪਣੇ ਮਨ ਪਿਛੇ ਚਲਣ ਵਾਲੇ, ਜੀਵਨ `ਚ ਜੀਵਨ ਦੇ ਸੱਚ ਤੌਂ ਵੀ ਟੁੱਟੇ ਰਹਿੰਦੇ ਹਨ। ਉਨ੍ਹਾਂ ਦੇ ਜੀਵਨ `ਚ ਕਰਤੇ ਦੀ ਸਿਫ਼ਤ ਸਲਾਹ ਵਾਲਾ ਗੁਣ ਨਹੀਂ ਹੰਦਾ। ਇਸੇ ਤੋਂ ਮਨਮੁਖਾਂ ਦੇ ਜੀਵਨ `ਤੇ ਵਿਕਾਰ ਭਾਰੂ ਰੰਿਹੰਦੇ ਹਨ। ਇਹ ਵਿਕਾਰ ਹੀ ਉਨ੍ਹਾਂ ਦੇ ਜੀਵਨ `ਚ ਗੁਨਾਹਾਂ ਨੂੰ ਜਨਮ ਦਿੰਦੇ ਹਨ। ਪ੍ਰਭੂ ਦੀ ਜਿਸ ਮਾਇਆ `ਚ ਵਿਚਰਦਿਆਂ ਗੁਰਮੁਖ ਦਾ ਜੀਵਨ ਸਫ਼ਲ ਹੁੰਦਾ ਹੈ। ਮਨਮੁਖ ਉਸੇ ਮਾਇਆ `ਚ ਡੁੱਬ ਕੇ ਅਪਣੇ ਜੀਵਨ ਨੂੰ ਬਿਰਥਾ ਕਰ ਲੈਂਦੇ ਹਨ।

ਦੇਖਣਾ ਤਾਂ ਇਹ ਹੈ ਕਿ ਮਾਇਆ ਤਾਂ ਉਹੀ ਹੁੰਦੀ ਹੈ, ਜਿਸ ਮਾਇਆ `ਚ ਵਿਚਰ ਕੇ ਗੁਰਮੁਖ ਉਭਰਦੇ ਤੇ ਜੀਵਨ ਨੂੰ ਸਫ਼ਲ ਕਰ ਲੈਂਦੇ ਹਨ। ਜਦਕਿ ਉਸੇ ਮਾਇਆ `ਚ ਮਨਮੁਖ ਡੁਬਦੇ ਤੇ ਦੁਰਲਭ ਮਨੁੱਖਾ ਜਨਮ ਬਿਰਥਾ ਕਰਕੇ ਜਾਂਦੇ ਹਨ। ਗੁਰਬਾਣੀ ਅਨੁਸਾਰ ਅਜਿਹੇ ਬਿਰਥਾ ਜਨਮ, ਸਰੀਰਕ ਮੌਤ ਬਾਅਦ ਫ਼ਿਰ ਤੋਂ ਜੂਨਾਂ-ਜਨਮਾਂ ਦੇ ਗੇੜ੍ਹਾਂ `ਚ ਪੈਂਦੇ ਹਨ। ਫ਼ਰਕ ਹੁੰਦਾ ਹੈ ਤਾਂ ਗੁਰਮੁਖ ਤੇ ਮਨਮੁਖ ਵਿਚਲੀ ਜੀਵਨ ਰਹਿਣੀ `ਚ। ਗੁਰਮੁਖ ਨਾਮ ਰੰਗ `ਚ ਰੰਗੇ ਰਹਿ ਕੇ ਪ੍ਰਭੂ ਦੀ ਮਾਇਆ ਦਾ ਲਾਭ ਲੈਂਦੇ ਤੇ ਉਸ ਤੋਂ ਜੀਵਨ ਦਾ ਅਨੰਦ ਮਾਣਦੇ ਹਨ। ਇਸੇ ਤੋਂ ਉਨ੍ਹਾਂ ਦੇ ਜੀਵਨ `ਚ ਇਲਾਹੀ ਗੁਣ ਉਭਰਦੇ ਹਨ।

ਦੂਜੇ ਪਾਸੇ, ਮਾਇਆ `ਚ ਡੁੱਬੇ ਰਹਿਣ ਕਾਰਨ, ਮਨਮੁਖਾਂ ਦੇ ਜੀਵਨ `ਤੇ ਵਿਕਾਰ ਭਾਰੂ ਰਹਿੰਦੇ ਹਨ। ਉਨ੍ਹਾਂ ਦੇ ਜੀਵਨ `ਚ ਸੰਸਾਰਕ ਦੁਖ ਤਾਂ ਭਾਰੂ ਹੁੰਦੇ ਹੀ ਹਨ। ਉਸ ਦੇ ਨਾਲ, ਮਨਮੁਖ ਹਉਮੈ, ਤ੍ਰਿਸ਼ਨਾ ਦੇ ਗ਼ੁਲਾਮ ਰਹਿਕੇ ਹਰ ਸਮੇਂ ਫ਼ਰਜ਼ੀ ਸੁਖਾਂ ਦੀ ਦੌੜ `ਚ ਹੀ ਜੀਵਨ ਬਤੀਤ ਕਰ ਦਿੰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਫ਼ਰਜ਼ੀ ਸੁਖਾਂ ਪ੍ਰਤੀ ਮ੍ਰਿਗ ਤਿਸ਼ਨਾ ਵਾਲੀ ਦੋੜ ਹੀ ਉਨ੍ਹਾਂ ਨੂੰ ਹਰ ਸਮੇਂ ਚਿੰਤਾ, ਭਟਕਣਾ, ਵਿਤਕਰਿਆਂ, ਹਸਦ, ਪਰਾਏ ਹੱਕ ਵਰਗੇ ਸਾਧਾਰਣ ਅਉਗੁਣਾਂ ਤੋਂ ਟਪਾ ਕੇ ਕਈ ਵਾਰ ਤਾਂ ਉਨ੍ਹਾਂ ਦੇ ਜੀਵਨ ਅੰਦਰ ਵੱਡੇ ਵੱਡੇ ਅਉਗੁਣਾਂ, ਗੁਣਾਹਾਂ ਤੇ ਜੁਰਮਾਂ ਦਾ ਕਾਰਨ ਵੀ ਬਣ ਜਾਂਦੀ ਹੈ। .

ਇਥੋਂ ਤੱਕ ਕਿ ਮਨਮੁਖ, ਆਪਣੇ ਜੀਵਨ ਅੰਦਰਲੇ ਉਖਾੜ ਕਾਰਨ, ਹਰ ਸਮੇਂ ਖਜਲ ਖੁਆਰੀ ਦਾ ਜੀਵਨ ਜੀਅ ਰਹੇ ਹੁੰਦੇ ਹਨ। ਉਹ ਇਹ ਵੀ ਨਹੀਂ ਸਮਝ ਪਾਂਦੇ ਕਿ ਇਸ ਉਲਝਣ ਤੇ ਜੀਵਨ ਦੀ ਖਜਲ ਖੁਆਰੀ ਚੋਂ ਨਿਕਲਣ ਕਿਵੇਂ? ਇਥੋਂ ਤੱਕ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਲਗਦਾ ਕਿ ਕਦੋਂ ਉਨ੍ਹਾਂ ਦਾ ਚੰਗਾ ਭਲਾ ਜੀਵਨ, ਵਿਕਾਰਾਂ ਦੀ ਅੱਗ `ਚ ਤਬਾਹ ਹੋ ਜਾਂਦਾ ਹੈ। ਸਚਾਈ ਵੀ ਇਹ ਹੈ ਕਿ ਸੰਸਾਰ ਤੱਲ ਦੇ ਜਿਤਨੇ ਵੀ ਵੱਡੇ ਤੋਂ ਵੱਡੇ ਗੁਣਾਹ ਤੇ ਜੁਰਮ ਹੁੰਦੇ ਹਨ, ਇਸ ਤੋਂ ਬਾਅਦ ਸਾਧਾਰਨ ਮਨੁੱਖ ਦੇ ਜੀਵਨ ਅੰਦਰ ਵੀ ਜਿਤਨੀ ਭਟਕਣਾ, ਪ੍ਰੇਸ਼ਾਨੀਆਂ, ਚਿੰਤਾਂਵਾ ਤੇ ਮਾਨਸਿਕ ਤਨਾਵ ਆਦਿ ਹੁੰਦੇ ਹਨ, ਤਹਿ `ਚ ਜਾਵੋ ਤਾਂ ਸਪਸ਼ਟ ਹੁੰਦੇ ਦੇਰ ਨਹੀਂ ਲਗਦੀ ਕਿ ਸਭ ਦਾ ਮੂਲ਼, ਮਨੁੱਖ ਅੰਦਰ ਕਰਤੇ ਪ੍ਰਭੂ ਨੂੰ ਵਿਸਾਰ ਕੇ ਸੰਸਾਰਕ ਸੁਖਾਂ ਦੀ ਦੌੜ ਹੀ ਹੁੰਦੀ ਹੈ। ਫ਼ਿਰ ਭਾਵੇਂ ਕਿਸੇ ਅੰਦਰ ਇਹ ਦੌੜ ਥੋੜੀ ਹੋਵੇ ਜਾਂ ਬਹੁਤੀ, ਪਰ ਇਸ ਦਾ ਮੂਲ ਪ੍ਰਭੂ ਨੂੰ ਵਿਸਾਰਨਾ ਹੀ ਹੁੰਦਾ ਹੈ।

ਮਨੁੱਖ ਦੇ ਜੀਵਨ ਅੰਦਰ ਜਦੋਂ ਸਾਧਸੰਗਤ ਤੇ ਗੁਰੂ ਗਿਆਨ ਦੀ ਘਾਟ ਹੁੰਦੀ ਹੈ। ਮਨੁੱਖ ਦੀ ਰਹਿਣੀ ਤੇ ਕਰਣੀ `ਚ ਹਉਮੈ, ਤ੍ਰਿਸ਼ਨਾ ਆਦਿ ਭਾਰੂ ਹੋ ਜਾਂਦੀ ਹੈ। ਉਪ੍ਰੰਤ ਇਸ ਹਉਮੈ, ਤ੍ਰਿਸ਼ਨਾ ਦਾ ਅਗਲਾ ਵਿਗਾੜ ਹੀ ਹੁੰਦਾ ਹੈ ਜੋ ਮਨੁੱਖ ਦੀ ਦੌੜ ਆਪ ਮਿਥੇ ਸੁਖਾਂ ਪਿਛੇ ਸ਼ੁਰੂ ਹੋ ਜਾਂਦੀ ਹੈ। ਇਸੇ ਤੋਂ ਇਸ ਦੇ ਜੀਵਨ `ਚ ਇੱਕ-ਇੱਕ ਕਰਕੇ ਬਾਕੀ ਵਿਕਾਰ ਆਪਣਾ ਅਸਰ ਪਾਉਂਦੇ ਜਾਂਦੇ ਹਨ।

ਇਹ ਵਖਰੀ ਗੱਲ ਹੈ ਕਿ ਫ਼ਿਰ ਕਿਸੇ ਮਨੁੱਖ ਦੇ ਜੀਵਨ `ਚ ਇਨ੍ਹਾਂ ਵਿਕਾਰਾਂ ਦੀ ਸੀਮਾਂ ਕਿੱਥੇ ਰੁਕੇ ਤੇ ਕਿਸੇ ਦੇ ਜੀਵਨ ਨੂੰ ਕਿਥੇ ਤੱਕ ਖਿੱਚ ਕੇ ਲੈ ਜਾਵੇ, ਇਸ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਹ ਵਖਰੀ ਗੱਲ ਹੈ ਕਿ ਗੁਰਬਾਣੀ ਆਦੇਸ਼ਾਂ ਦੀ ਕਮਾਈ ਤੇ ਸਾਧਸੰਗਤ ਕਾਰਨ ਕਿਸੇ ਦਾ ਜੀਵਨ ਅਜਿਹੇ ਅਉਗੁਣਾਂ ਤੋਂ ਵਾਪਿਸ ਮੁੜ ਆਵੇ ਅਤੇ ਉਹੀ ਮਨੁੱਖ, ਮਨਮੁਖ ਤੋਂ ਗੁਰਮੁਖ ਜੀਵਨ ਨੂੰ ਪ੍ਰਾਪਤ ਕਰ ਲਵੇ ਨਹੀਂ ਤਾਂ “ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ” ਅਨੁਸਾਰ ਤ੍ਰਿਸ਼ਨਾ ਵਾਲੀ ਇਸ ਪਕੜ `ਚੋਂ ਨਿਕਲਣਾ ਆਸਾਨ ਨਹੀਂ।

“ਗੁਣ ਨਿਧਿ ਨਹੀ ਗਾਇਆ” -ਦਰਅਸਲ ਸਾਡੇ ਹੱਥਲੇ ਗੁਰਮੱਤ ਪਾਠ ਦਾ ਆਧਾਰ ਵੀ ਮਾਝ ਕੀ ਵਾਰ ਦੀ ਪਉੜੀ ਨੰਬਰ ਨੌ (੯) ਹੈ। ਕਿਉਂਕਿ ਇਸ ਪਉੜੀ `ਚ ਗੁਰਦੇਵ ਨੇ ਮੁਖ ਤੌਰ `ਤੇ ਇਸੇ “ਮਾਇਆ ਤੇ ਨਾਮ” ਅਥਵਾ “ਦੁਖ ਤੇ ਸੁਖ” ਵਾਲੇ ਵਿਸ਼ੇ ਨੂੰ ਨਿਭਾਇਆ ਹੈ। ਫ਼ਿਰ ਵੀ, ਪਉੜੀ ਵੱਲ ਵਧਣ ਤੋਂ ਪਹਿਲਾਂ, ਵਿਸ਼ੇ ਨਾਲ ਸਬੰਧਤ ਕੁੱਝ ਹੋਰ ਗੁਰਬਾਣੀ ਫ਼ੁਰਮਾਨ ਲੈਣੇ ਚਾਹਾਂਗੇ। ਫ਼ੁਰਮਾਨ ਹੈ “ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ॥ ੧ ॥ ਰਹਾਉ॥ ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ॥ ਪਰੈ ਪਰੈ ਹੀ ਕਉ ਲੁਝੀ ਹੇ॥ ੧ ॥ ਸੁੰਦਰ ਨਾਰੀ ਅਨਿਕ ਪਰਕਾਰੀ ਪਰ ਗ੍ਰਿਹ ਬਿਕਾਰੀ॥ ਬੁਰਾ ਭਲਾ ਨਹੀ ਸੁਝੀ ਹੇ॥ ੨ ॥ ਅਨਿਕ ਬੰਧਨ ਮਾਇਆ ਭਰਮਤੁ ਭਰਮਾਇਆ, ਗੁਣ ਨਿਧਿ ਨਹੀ ਗਾਇਆ॥ ਮਨ ਬਿਖੈ ਹੀ ਮਹਿ ਲੁਝੀ ਹੇ. .” (ਪੰ: ੨੧੩)। ਗੁਰਬਾਣੀ ਦੇ ਇਸ ਫ਼ੁਰਮਾਨ ਤੋਂ ਵੀ ਸਪਸ਼ਟ ਹੈ ਮਨੁੱਖ ਦੀ ਇਹ ਫ਼ਰਜ਼ੀ ਸੁਖਾਂ ਵਾਲੀ ਦੌੜ ਹੀ ਹੁੰਦੀ ਹੈ ਜੋ ਮਨੁੱਖ ਨੂੰ ਮਾਇਕ ਬੰਧਨਾਂ `ਚ ਡੁਬੋ ਕੇ ਹਰ ਤਰ੍ਹਾਂ ਦੇ ਗੁਣਾਹਾਂ, ਜ਼ੁਰਮਾਂ, ਵਿਭਚਾਰ ਆਦਿ ਦਾ ਗ਼ੁਲਾਮ ਬਣਾ ਦਿੰਦੀ ਹੈ। ਗੁਣਾਂ ਦੇ ਖਜ਼ਾਨੇ ਪ੍ਰਭੂ ਨਾਲ ਨਾ ਜੁੜਨ ਕਾਰਨ, ਮਨੁੱਖ ਬੇਅੰਤ ਮਾਇਕ ਬੰਧਨਾ `ਚ ਫ਼ਸ ਕੇ ਗੁਨਾਹਾਂ ਦਾ ਆਦੀ ਹੁੰਦਾ ਜਾਂਦਾ ਹੈ।

ਇਸ ਬਾਰੇ ਤਾਂ ਗੁਰਦੇਵ ਇਥੋਂ ਤੱਕ ਵੀ ਫ਼ੁਰਮਾਉਂਦੇ ਹਨ “ਤ੍ਰਿਸਨਾ ਦਾਧੀ ਜਲਿ ਮੁਈ, ਜਲਿ ਜਲਿ ਕਰੇ ਪੁਕਾਰ॥ ਸਤਿਗੁਰ ਸੀਤਲ ਜੇ ਮਿਲੈ, ਫਿਰਿ ਜਲੈ ਨ ਦੂਜੀ ਵਾਰ॥ ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ, ਜਿਚਰੁ ਸਬਦਿ ਨ ਕਰੇ ਵਿਚਾਰੁ” (ਪੰ: ੫੮੮) ਭਾਵ ਜੀਵਨ ਦੀ ਇਸ ਗੁਣਾਹਾਂ ਵਾਲੀ ਜ਼ਿੰਦਗੀ `ਚੋਂ ਬੱਚ ਨਿਕਲਣ ਤੇ ਜੀਵਨ ਦੀ ਸੰਭਾਲ ਦਾ ਕੇਵਲ ਇਕੋ ਹੀ ਰਾਹ ਹੈ ਤੇ ਉਹ ਰਾਹ ਹੈ ਸਾਧਸ਼ੰਗਤ `ਚ ਆਉਣਾ ਤੇ ਜੀਵਨ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਗੁਣਵਾਣ ਬਨਾਉਣਾ।

“ਸੁਖੈ ਕਉ ਦੁਖੁ ਅਗਲਾ” - ਮਨੁੱਖ ਦੇ ਜੀਵਨ `ਚ ਸੰਸਾਰਕ ਸੁਖਾਂ ਲਈ ਲਗੀ ਹੋਈ ਦੌੜ ਬਾਰੇ ਗੁਰਦੇਵ ਇਥੋਂ ਤੱਕ ਫ਼ੁਰਮਾਉਂਦੇ ਹਨ “ਸੁਖ ਕਉ ਮਾਗੈ ਸਭੁ ਕੋ, ਦੁਖੁ ਨ ਮਾਗੈ ਕੋਇ॥ ਸੁਖੈ ਕਉ ਦੁਖੁ ਅਗਲਾ, ਮਨਮੁਖਿ ਬੂਝ ਨ ਹੋਇ॥ ਸੁਖ ਦੁਖ ਸਮ ਕਰਿ ਜਾਣੀਅਹਿ, ਸਬਦਿ ਭੇਦਿ ਸੁਖੁ ਹੋਇ” (ਪੰ: ੫੭) ਭਾਵ ਮਨੁੱਖ ਜਦ ਤੱਕ ਮਨਮੁਖਤਾ `ਚ ਜੀਵਨ ਬਤੀਤ ਕਰ ਰਿਹਾ ਹੁੰਦਾ ਹੈ। ਉਸ ਦੀਆਂ ਮੰਗਾਂ ਦੀ ਸਾਰੀ ਦੌੜ ਹੀ ਸੰਸਾਰਕ ਤੇ ਫ਼ਰਜ਼ੀ ਸੁਖਾਂ ਲਈ ਹੁੰਦੀ ਹੈ। ਗੁਰਦੇਵ ਸਪਸ਼ਟ ਕਰਦੇ ਹਨ ਕਿ ਦੁਖ, ਸੁਖਾਂ ਨਾਲੋਂ ਕੁੱਝ ਵਖਰੀ ਚੀਜ਼ ਨਹੀਂ, ਬਲਕਿ ਸੁਖਾਂ ਦਾ ਹੀ ਦੂਜਾ ਰੂਪ ਦੁਖ ਹੁੰਦੇ ਹੈ। .

ਦਰਅਸਲ ਮਨੁੱਖ ਦੇ ਜੀਵਨ `ਚ ਸਾਰੇ ਦੁਖਾਂ, ਭਟਕਣਾ, ਚਿੰਤਾਵਾਂ, ਮਾਨਸਿਕ ਤਨਾਵ ਤੇ ਉਖਾੜਾਂ ਦਾ ਮੂਲ, ਮਨੁੱਖ ਅੰਦਰ ਮਿਥਿਆ ਸੁਖਾਂ ਦੀ ਲਾਲਸਾ ਤੇ ਫ਼ਰਜ਼ੀ ਸੁਖਾਂ ਵਾਲੀ ਮ੍ਰਿਗ ਤ੍ਰਿਸ਼ਨਾ ਹੀ ਹੁੰਦੀ ਹੈ। ਜਿਸ ਦਾ ਇਕੋ ਇੱਕ ਹੱਲ ਹੈ ਗੁਰੂ-ਸ਼ਬਦ ਦੀ ਕਮਾਈ ਰਾਹੀਂ ਆਤਮਕ ਅਵਸਥਾ ਨੂੰ ਇਤਨਾ ਮਜ਼ਬੂਤ ਕਰਣਾ, ਜਿਥੇ ਪੁੱਜ ਕੇ ਸੰਸਾਰਕ ‘ਸੁਖ ਤੇ ਦੁਖ’ ਮਨੁੱਖੀ ਮਨ `ਤੇ ਆਪਣਾ ਚੰਗਾਂ ਜਾਂ ਮਾੜਾ ਪ੍ਰਭਾਵ ਨਾ ਪਾ ਸਕਣ। ਕਿਉਂਕਿ ਪ੍ਰਭੂ ਦੀ ਰਜ਼ਾ `ਚ ਚਲਿਆਂ ਹੀ ਮਨ ਟਿਕਾਅ `ਚ ਆਉਂਦਾ ਹੈ।

“ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ” - ਇਥੋਂ ਤੱਕ ਕਿ ਮਨੁੱਖ ਦੇ ਜੀਵਨ `ਚ ਪੈਦਾ ਹੋਣ ਵਾਲੇ ਵੱਡੇ ਤੋਂ ਵੱਡੇ ਵਿਗਾੜ, ਅਉਗੁਣ, ਜੁਰਮ ਤੇ ਵਿਭਚਾਰੀ ਰਹਿਣੀ ਤੱਕ ਦਾ ਮੂਲ ਵੀ ਮਨੁੱਖ ਦੀ ਆਪ ਮਿਥੇ ਤੇ ਖ਼ਿਆਲੀ ਸੁਖਾਂ ਲਈ ਮ੍ਰਿਗ ਤ੍ਰਿਸ਼ਨਾ ਵਾਲੀ ਦੌੜ ਹੀ ਹੁੰਦੀ ਹੈ। ਮਨੁੱਖ ਦੀ ਇਸੇ ਦੌੜ ਨੂੰ ਨੌਵੇਂ ਪਾਤਸ਼ਾਹ ਇਸ ਤਰ੍ਹਾਂ ਬਿਆਣ ਕਰਦੇ ਹਨ “ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ, ਸੇਵ ਕਰਤ ਜਨ ਜਨ ਕੀ॥ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ, ਨਹ ਸੁਧ ਰਾਮ ਭਜਨ ਕੀ” (ਪੰ: ੪੧੧) ਭਾਵ ਐ ਮਨੁੱਖ! ਮਨੁੱਖਾ ਜਨਮ ਦਾ ਮਕਸਦ ਸੀ ਪ੍ਰਭੂ ਨਾਲ ਇੱਕ ਮਿਕ ਹੋ ਕੇ ਜੀਵਨ ਜੀਊਣਾ। ਪ੍ਰਭੂ ਜਸ ਨਾਲ ਜੀਵਨ ਨੂੰ ਗੁਣਵਾਣ ਤੇ ਅਨੰਦਮਈ ਬਨਾਉਣਾ। ਪ੍ਰਭੂ ਦੀ ਰਜ਼ਾ `ਚ ਰਹਿਕੇ ਤੇ ਪ੍ਰਭੂ ਦੇ ਦ੍ਰਿੜ ਵਿਸ਼ਵਾਸ ਜੀਵਨ ਨੂੰ ਬਤੀਤ ਕਰਣਾ। ਜਦਕਿ ਅੱ ਮਨੁੱਖ! ਜੀਵਨ ਦੇ ਉਸ ਅਸਲ ਮਕਸਦ ਵੱਲ ਤਾਂ ਤੂੰ ਟੁਰਿਆ ਹੀ ਨਹੀਂ। ਉਸ ਦੇ ਉਲਟ ਤੂੰ ਆਪਣੇ ਫ਼ਰਜ਼ੀ ਸੁਖਾਂ ਨੂੰ ਹੀ ਮਿਥ ਕੇ ਤੇ ਪ੍ਰਭੂ ਦਾ ਲੜ ਛਡ ਕੇ, ਕੁਤਿਆਂ ਦੀ ਨਿਆਈ ਦਰ ਦਰ ਦੇ ਧੱਕੇ ਖਾਂਦਾ ਤੇ ਪ੍ਰੇਸ਼ਾਨ ਹੁੰਦਾ ਹੈਂ। ਇਸ ਲਈ ਜੀਵਨ `ਚ ਆਪਣੀ ਅਗਿਆਨਤਾ ਕਾਰਨ ਹੀ ਤੂੰ ਬੇਅੰਤ ਦੁਖਾਂ ਨੂੰ ਸੱਦਾ ਦੇ ਰਿਹਾ ਹੁੰਦਾ ਹੈਂ। ਬੱਸ ਇਸੇ ਤੋਂ ਤੇਰੇ ਜੀਵਨ ਦੀ ਤਬਾਹੀ ਦੀ ਬੁਨਿਆਦ ਬਝਦੀ ਹੈ।

“ਜਤਨ ਬਹੁਤ ਸੁਖ ਕੇ ਕੀਏ” -ਨੌਵੇਂ ਪਾਤਸ਼ਾਹ ਮਨੁੱਖ ਨੂੰ ਇਸ ਵਿਸ਼ੇ ਸਬੰਧੀ ਇਸ ਤਰ੍ਹਾਂ ਵੀ ਸਮਝਾਉਂਦੇ ਹਨ। ਕਹਿੰਦੇ ਹਨ “ਐ ਮਨੁੱਖ! ਆਪਣੇ ਫ਼ਰਜ਼ੀ ਸੁਖਾਂ ਲਈ ਤਾਂ ਤੂੰ ਬਹੁਤੇਰੇ ਯਤਣ ਕਰਦਾ ਹੈ ਪਰ ਤੂੰ ਇਹ ਸੋਚ ਕਿ ਜਿਨਾਂ ਦੁਖਾਂ ਦੀ ਤੂੰ ਆਪਣੇ ਲਈ ਕਦੇ ਮੰਗ ਹੀ ਨਹੀਂ ਕੀਤੀ; ਜਿਹੜੇ ਦੁਖ ਤੂੰ ਕਦੇ ਪ੍ਰਭੂ ਤੋਂ ਮੰਗੇ ਹੀ ਨਹੀਂ ਤਾਂ ਫ਼ਿਰ ਉਹ ਦੁਖ ਤੇਰੇ ਜੀਵਨ ਅੰਦਰ ਕਿਉਂ ਆਉਂਦੇ ਹਨ? ਭਾਵ ਜੋ ਵਸਤ ਤੂੰ ਕਦੇ ਮੰਗੀ ਨਹੀਂ, ਫ਼ਿਰ ਵੀ ਤੈਨੂੰ ਮਿਲਦੀ ਹੈ ਤਾਂ ਕਿਉਂ?

ਉਪ੍ਰੰਤ ਇਸ ਦਾ ਉੱਤਰ ਵੀ ਗੁਰਦੇਵ ਆਪ ਦਿੰਦੇ ਹਨ ਕਿ? ਐ ਭਾਈ! ਤੇਰੇ ਜੀਵਨ ਅੰਦਰ ਉਹ ਦੁਖ ਇਸ ਲਈ ਆਉਂਦੇ ਹਨ ਕਿਉਂਕਿ ਹਰੇਕ ਜੀਵਨ `ਚ ‘ਦੁਖ ਤੇ ਸੁਖ’, ਦੋਵੇਂ ਪ੍ਰਭੂ ਦੀ ਰਜ਼ਾ `ਚ ਹੁੰਦੇ ਹਨ ਤੇ ਜੀਵਨ ਦੀ ਇਕੋ ਨਦੀ ਦੇ ਦੋ ਕਿਨਾਰੇ ਹਨ। ਇਸ ਪ੍ਰਤੀ ਗੁਰਦੇਵ ਦਾ ਫ਼ੁਰਮਾਨ ਹੈ “ਜਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ, ਹਰਿ ਭਾਵੈ ਸੋ ਹੋਇ” (ਪੰ: ੧੪੨੯) ਭਾਵ ਹਰੇਕ ਜੀਵਨ `ਚ ਇਹ ਦੋਵੇਂ ਰੰਗ ਪ੍ਰਭੂ ਦੀ ਰਜ਼ਾ ਦਾ ਆਉਣੇ ਹੁੰਦੇ ਹਨ। ਇਸ ਤਰ੍ਹਾਂ ਕਿਸੇ ਵੀ ਜੀਵ ਸ਼੍ਰੇਣੀ `ਚ ਕੋਈ ਜੀਵਨ ਵੀ ਅਜਿਹਾ ਨਹੀਂ ਮਿਲੇਗਾ, ਜਿਥੇ ਨਿਰੋਲ ਸੁਖ ਹੀ ਹੋਣ ਤੇ ਦੁਖ ਹੋਣ ਹੀ ਨਹੀਂ।

“ਸੁਖੁ ਦੁਖੁ ਦੁਇ ਦਰਿ ਕਪੜੇ” -ਸਪਸ਼ਟ ਹੈ, ਇਹ ਕੇਵਲ ਗੁਰਬਾਣੀ ਆਦੇਸ਼ ਹੀ ਹਨ ਜਿਨ੍ਹਾਂ `ਤੇ ਅਮਲ ਕਰਕੇ ਮਨੁੱਖ ਨੂੰ ‘ਸੁਖ ਤੇ ਦੁਖ’ ਸਬੰਧੀ ਜੀਵਨ ਦੇ ਸੱਚ ਦੀ ਸਮਝ ਆ ਸਕਦੀ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ “ਨਾਨਕ ਬੋਲਣੁ ਝਖਣਾ, ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ” (ਪੰ: ੧੪੯) ਭਾਵ ਦੁਖ ਤੇ ਸੁਖ ਹਰੇਕ ਜੀਵਨ ਅਤੇ ਹਰੇਕ ਜੀਵ ਦੇ ਸਰੀਰ ਦੇ ਦੋ ਰੰਗ ਹਨ ਜੋ ਹਰੇਕ ਨੇ ਹੰਢਾਣੇ ਹੀ ਹਨ।

ਇਸ ਲਈ ਜਿਥੋਂ ਤੱਕ ਸੰਸਾਰਕ ਸੁਖਾਂ ਦੁਖਾਂ ਦਾ ਸੁਆਲ ਹੈ ਗੁਰਬਾਣੀ ਦਾ ਫ਼ੈਸਲਾ ਹੈ “ਸੁਖੁ ਨਾਹੀ ਬਹੁਤੈ ਧਨਿ ਖਾਟੇ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ॥ ਸੁਖੁ ਨਾਹੀ ਬਹੁ ਦੇਸ ਕਮਾਏ” (ਪੰ: ੧੧੪੭) ਕਿਉਂਕਿ ਅਸਲ `ਚ ਮਾਨਸਕ ਟਿਕਾਅ, ਸੰਤੋਖ ਤੇ ਸਦੀਵੀ ਸੁਖ ਦਾ ਸੋਮਾ ਹੈ ਹੀ “ਸਰਬ ਸੁਖਾ ਹਰਿ ਹਰਿ ਗੁਣ ਗਾਏ॥ ੧ ॥ ਸੂਖ ਸਹਜ ਆਨੰਦ ਲਹਹੁ॥ ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ” (ਉਹੀ ਪੰ: ੧੧੪੭)।

ਬਲਕਿ ਮਨੁੱਖਾ ਜੀਵਨ ਦੀ ਇਸ ਸਚਾਈ ਨੂੰ ਗੁਰਦੇਵ ਨੇ ਇਸ ਤਰ੍ਹਾਂ ਵੀ ਬਿਆਣਦੇ ਹਨ, ਜਿਵੇਂ “ਤਿਸ ਕਾ ਹੁਕਮੁ ਬੂਝਿ ਸੁਖੁ ਹੋਇ” (ਪੰ: ੨੮੧)। ਇਹ ਵੀ ਸਪਸ਼ਟ ਕੀਤਾ ਹੈ ਕਿ ਜੋ ਪ੍ਰਭੂ ਦੇ ਪਿਆਰੇ ਹੁੰਦੇ ਹਨ ਉਨ੍ਹਾਂ ਦੀ ਜੀਵਨ ਰਹਿਣੀ ਹੀ “ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ॥ ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ” (ਪੰ: ੪੭੩) ਭਾਵ ਪ੍ਰਭੂ ਦੀ ਰਜ਼ਾ `ਚ ਜੀਵਨ ਜੀਊਣ ਵਾਲੀ ਹੁੰਦੀ ਹੈ। ਜੀਵਨ ਦੀ ਇਸ ਪ੍ਰਾਪਤੀ ਲਈ ਗੁਰਦੇਵ ਸੇਧ ਤੇ ਫ਼ੈਸਲਾ ਦਿੰਦੇ ਹਨ “ਤਿਸ ਕਾ ਨਾਮੁ ਰਖੁ ਕੰਠਿ ਪਰੋਇ॥ ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ” ਤਾਂ ਤੇ ਇਸ ਦੇ ਲਈ ਕੇਵਲ ਇਹੀ ਰਸਤਾ ਹੈ ਜਿਸ ਤੋਂ “ਨਾਨਕ ਬਿਘਨੁ ਨ ਲਾਗੈ ਕੋਇ” (ਪੰ: ੨੮੧) ਭਾਵ ਜੀਵਨ `ਚ ਟਿਕਾਅ ਆ ਜਾਵੇਗਾ ਤੇ ਇਹ ਸੰਸਾਰਕ ‘ਦੁਖ ਤੇ ਸੁਖ’ ਆਪਣਾ ਚੰਗਾ ਭਾਵੇਂ ਮਾੜਾ ਅਸਰ ਨਹੀਂ ਪਾ ਸਕਣ ਗੇ।

“ਦੂਖ ਸੂਖ ਪ੍ਰਭ ਦੇਵਨਹਾਰੁ” -ਗੁਰਦੇਵ ਤਾਂ ਸੰਸਾਰਕ ਦੁਖਾਂ ਸੁਖਾਂ ਬਾਰੇ ਇਥੋ ਤੱਕ ਸਪਸ਼ਟ ਕਰਦੇ ਹਨ ਤੇ ਨਾਲ ਨਾਲ ਜਗਿਆਸੂ ਨੂੰ ਸਮਝਾੳੇੁਂਦੇ ਹਨ “ਦੂਖ ਸੂਖ ਪ੍ਰਭ ਦੇਵਨਹਾਰੁ॥ ਅਵਰ ਤਿਆਗਿ ਤੂ ਤਿਸਹਿ ਚਿਤਾਰੁ॥ ਜੋ ਕਛੁ ਕਰੈ ਸੋਈ ਸੁਖੁ ਮਾਨੁ॥ ਭੂਲਾ ਕਾਹੇ ਫਿਰਹਿ ਅਜਾਨ” (ਪੰ: ੨੮੩)। ਗੁਰਦੇਵ ਇਹ ਵੀ ਦ੍ਰਿੜ ਕਰਵਾਉਂਦੇ ਹਨ “ਡਿਠਾ ਸਭੁ ਸੰਸਾਰੁ, ਸੁਖੁ ਨ ਨਾਮ ਬਿਨੁ” (ਪੰ: ੨੩੩) ਫ਼ੁਰਮਾਉਂਦੇ ਹਨ “ਐ ਇਨਸਾਨ ਜਦੋਂ ਤੱਕ ਤੂੰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਆਪਣੇ ਮਨ ਨੂੰ ਆਤਮਕ ਪੱਖੋਂ ਬਲਵਾਨ ਨਹੀਂ ਬਨਾਉਂਦਾ, ਚੇਤੇ ਰਖ ਉਨੀਂ ਦੇਰ ਤੈਨੂੰ ਅਸਲ ਤੇ ਸਦੀਵੀ ਸੁਖ ਦੀ ਪਹਿਚਾਣ ਵੀ ਨਹੀਂ ਆ ਸਕੇਗੀ। ਜੀਵਨ ਦੇ ਇਸੇ ਸੱਚ ਨੂੰ ਗੁਰਦੇਵ ਇਸ ਤਰ੍ਹਾਂ ਵੀ ਬਿਆਣ ਕਰਦੇ ਹਨ ਜਿਵੇਂ “ਭਾਣਾ ਮੰਨੇ ਸਦਾ ਸੁਖੁ ਹੋਇ॥ ਨਾਨਕ ਸਚਿ ਸਮਾਵੈ ਸੋਇ” (ਪੰ: ੩੬੪)। ਸਪਸ਼ਟ ਹੈ ਜਦੋਂ ਤੱਕ ਮਨੁੱਖ ਆਪਣੇ ਜੀਵਨ ਨੂੰ ਪ੍ਰਭੂ ਦੀ ਰਜ਼ਾ `ਚ ਚਲਣ ਲਈ ਤਿਆਰ ਨਹੀਂ ਕਰਦਾ ਉਦੌ ਤੱਕ ਸੰਸਾਰਕ ਦੁਖ ਹੋਣ ਜਾਂ ਸੁਖ, ਮਨੁੱਖ ਦੇ ਜੀਵਨ ਲਈ ਦੋਵੇਂ ਪ੍ਰੇਸ਼ਾਂਨੀਆਂ ਤੇ ਉਖਾੜ ਦਾ ਕਾਰਨ ਹੀ ਬਣਦੇ ਹਨ।

“ਦੂਖਾ ਤੇ ਸੁਖ ਊਪਜਹਿ, ਸੂਖੀ ਹੋਵਹਿ ਦੂਖ” - ਗੁਰਬਾਣੀ `ਚ ਤਾਂ ਗੁਰਦੇਵ ਨੇ ‘ਸੁਖ ਤੇ ਦੁਖ’ ਵਾਲੇ ਵਿਸ਼ੇ ਪ੍ਰਤੀ ਇਹ ਵੀ ਫ਼ੁਰਮਾਇਆ ਹੈ ਕਿ ਮਨੁੱਖ ਅਗਿਆਨਤਾ ਵੱਸ ਦੁਖਾਂ ਤੋਂ ਡਰਿਆ. ਆਪਣੇ ਖ਼ਿਆਲੀ ਸੁਖਾਂ ਪਿਛੇ ਮ੍ਰਿਗ ਤ੍ਰਿਸ਼ਣਾ ਵਾਲੀ ਦੌੜ ਲਗਾਈ ਰਖਦਾ ਹੈ। ਇਸ ਤਰ੍ਹਾਂ ਮਨੁੱਖ, ਜੀਵਨ ਭਰ ਆਪ ਮਿਥੇ ਸੁਖਾਂ ਪਿਛੇ ਹੀ ਦੌੜਦਾ ਰਹਿੰਦਾ ਹੈ। ਇਸ ਤਰ੍ਹਾਂ ਇਹ ਖ਼ਿਆਂਲੀ ਸੁਖਾਂ ਵਾਲੀ ਮਨਮਤੀ ਦੌੜ ਹੀ ਮਨੁੱਖ ਨੂੰ ਇੱਕ ਤੋਂ ਬਾਅਦ ਇੱਕ ਕਰਕੇ ਗੁਣਾਹਾਂ ਵੱਲ ਅੱਗੇ ਤੋਂ ਅੱਗੇ ਧੱਕਦੀ ਜਾਂਦੀ ਹੈ। ਕਿਉਂਕਿ ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਦਾ ਸੰਭਾਲ ਵਾਲਾ ਇਹ ਰਸਤਾ ਹੈ ਹੀ ਨਹੀਂ। .

ਇਤਨਾ ਹੀ ਨਹੀਂ ਗੁਰਦੇਵ ਤਾਂ ਇਸ ਦੇ ਨਾਲ, ਜੀਵਨ ਦੀ ਇਸ ਪ੍ਰਾਪਤੀ ਲਈ ਰਾਹ ਵੀ ਪ੍ਰਦਰਸ਼ਤ ਕਰਦੇ ਅਤੇ ਸੰਸਾਰਕ ਸੁਖਾਂ-ਦੁਖਾਂ ਵਾਲੇ ਭੇਤ ਨੂੰ ਵੀ ਖੋਲਦੇ ਹਨ। ਫ਼ੁਰਮਾਉਂਦੇ ਹਨ “ਦੂਖਾ ਤੇ ਸੁਖ ਊਪਜਹਿ, ਸੂਖੀ ਹੋਵਹਿ ਦੂਖ॥ ਜਿਤੁ ਮੁਖਿ ਤੂ ਸਾਲਾਹੀਅਹਿ, ਤਿਤੁ ਮੁਖਿ ਕੈਸੀ ਭੂਖ” (ਪੰ: ੧੩੨੮) ਸੇਧ ਦਿੰਦੇ ਹਨ ਕਿ ਐ ਭਾਈ! ਚੇਤੇ ਰਖ! “ਜਬ ਲਗੁ ਹੁਕਮੁ ਨ ਬੂਝਤਾ, ਤਬ ਹੀ ਲਉ ਦੁਖੀਆ॥ ਗੁਰ ਮਿਲਿ ਹੁਕਮੁ ਪਛਾਣਿਆ, ਤਬ ਹੀ ਤੇ ਸੁਖੀਆ” (ਪੰ: ੪੦੦) ਸਪਸ਼ਟ ਹੈ ਜਦੋਂ ਤੱਕ ਮਨੁੱਖ ਗੁਰੂ-ਗੁਰਬਾਣੀ ਦੀ ਅਗਿਆ `ਚ ਚੱਲ ਕੇ, ਪ੍ਰਭੂ ਦੀ ਰਜ਼ਾ `ਚ ਜੀਵਨ ਜੀਊਣ ਲਈ ਦ੍ਰਿੜ ਨਹੀਂ ਹੁੰਦਾ ਉਦੋ ਤੱਕ ਇਸ ਅੰਦਰੋਂ ਸੰਸਾਰਕ ‘ਦੁਖਾਂ ਤੇ ਸੁਖਾਂ’ ਵਾਲੇ ਭਰਮ ਦਾ ਨਾਸ ਨਹੀਂ ਹੋ ਸਕਦਾ।

ਕਿਉਂਕਿ ਜਿਨ੍ਹਾਂ ਖ਼ਿਆਲੀ ਪ੍ਰਾਪਤੀਆਂ ਨੂੰ ਸੁਖ ਮੰਨ ਕੇ, ਮਨੁੱਖ ਉਨ੍ਹਾਂ ਪਿਛੇ ਦੋੜ ਰਿਹਾ ਹੁੰਦਾ ਹੈ ਉਦੋ ਤੱਕ ਇਸ ਨੂੰ ਸਮਝ ਹੀ ਨਹੀਂ ਆ ਸਕਦੀ ਕਿ ਇਸ ਦੇ ਜੀਵਨ ਦੇ ਸਾਰੇ ਦੁਖਾਂ ਦਾ ਮੂਲ ਹੀ ਇਸ ਦੀ ਪ੍ਰਭੂ ਦੀ ਕਰਣੀ `ਤੇ ਬੇਵਿਸ਼ਵਾਸੀ ਤੇ ਪ੍ਰਭੂ ਨੂੰ ਵਿਸਾਰ ਕੇ ਇਸ ਅੰਦਰ ਖ਼ੁਦੀ ਵਾਲਾ ਭਰਮ ਹੀ ਹੁੰਦਾ ਹੈ। ਫ਼ੁਰਮਾਨ ਹੈ “ਦੁਖੁ ਤਦੇ, ਜਾ ਵਿਸਰਿ ਜਾਵੈ॥ ਭੁਖ ਵਿਆਪੈ, ਬਹੁ ਬਿਧਿ ਧਾਵੈ॥ ਸਿਮਰਤ ਨਾਮੁ ਸਦਾ ਸੁਹੇਲਾ, ਜਿਸੁ ਦੇਵੈ ਦੀਨ ਦਇਆਲਾ ਜੀਉ” (ਪੰ: ੯੮)। ਮਨੁੱਖ ਅੰਦਰ ਉਸੇ ਖ਼ਿਆਲੀ ਸੁਖਾਂ ਤੋਂ ਪੈਦਾ ਹੋਈ ਤ੍ਰਿਸ਼ਨਾ ਵਾਲੀ ਭੁਖ ਦੇ ਭਾਂਬੜ ਹੀ ਹੁੰਦੇ ਹਨ ਜੋ ਇਸ ਦੇ ਜੀਵਨ ਅੰਦਰ ਸੰਤੋਖ ਨੂੰ ਜਨਮ ਹੀ ਨਹੀਂ ਲੈਣ ਦਿੰਦੇ। ਜਦਕਿ ਇਸ ਦਾ ਇਕੋ ਇੱਕ ਹੱਲ ਸੀ ਤੇ ਉਹ ਹੱਲ ਸੀ “ਸਿਮਰਤ ਨਾਮੁ ਸਦਾ ਸੁਹੇਲਾ” ਜਿਸ ਨੂੰ ਇਹ ਅਪਨਾਉਣ ਨੂੰ ਹੀ ਤਿਆਰ ਨਹੀਂ ਹੋ ਰਿਹਾ। ਜਦਕਿ ਉਸ ਦੇ ਲਈ ਵੀ ਜ਼ਰੂਰੀ ਸੀ ਖੁਦੀ ਨੂੰ ਤਿਆਗ ਕੇ ਆਪਣੇ ਆਪ ਦਾ ਪ੍ਰਭੂ ਚਰਨਾਂ `ਚ ਪੂਰਣ ਸਮਰਪਣ।

ਇਸ ਸਾਰੇ ਦਾ ਇਹ ਮਤਲਬ ਵੀ ਨਹੀਂ ਕਿ ਮਨੁੱਖ ਨੇ ਜੀਵਨ `ਚ ਅੱਗੇ ਵਧਣ ਲਈ ਯਤਣ ਨਹੀਂ ਕਰਣੇ। ਬਲਕਿ ਉਸ ਵਿਸ਼ੇ `ਤੇ ਤਾਂ ਗੁਰਬਾਣੀ ਦੀ ਸੇਧ ਹੈ “ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ” (ਪੰ: ੧੦੯੬)। ਸਪਸ਼ਟ ਹੈ ਕਿ ਸ਼ਬਦ ਦੀ ਕਮਾਈ ਦੇ ਦਾਇਰੇ `ਚ ਰਹਿ ਕੇ ਮਨੁੱਖ ਨੇ ਆਪਣੇ ਜੀਵਨ `ਚ ਅੱਗੇ ਤੋਂ ਅੱਗੇ ਵਧਣ ਦੇ ਯਤਣ ਤਾਂ ਕਰਣੇ ਹਨ। ਜਦਕਿ ਫ਼ਰਜ਼ੀ ਸੁਖਾਂ ਲਈ ਮ੍ਰਿਗ ਤ੍ਰਿਸ਼ਨਾ ਦਾ ਗ਼ੁਲਾਮ ਹੋ ਕੇ ਨਹੀਂ। ਆਪਣੇ ਜੀਵਨ ਅੰਦਰੋਂ ਖ਼ੁਦੀ ਨੂੰ ਤਿਆਗਣਾ ਹੈ ਤੇ ਕਰਤੇ ਪ੍ਰਤੀ ਉਲਾਹਮਿਞਣਆ ਵਾਲਾ ਸੁਭਾਅ ਨਹੀਂ ਬਨਾਉਣਾ। ਸਦਾ ਕਰਤੇ ਦੀ ਰਜ਼ਾ `ਚ ਵਿਚਰਦੇ ਹੋਏ ਜੀਵਨ ਬਤੀਤ ਕਰਣ ਹੈ ਤੇ ਜੀਵਨ `ਚ ਅੱਗੇ ਤੋਂ ਅੱਗੇ ਵੀ ਵਧਣਾ ਹੈ।

ਇਸ ਲਈ ਚਲਦੇ ਪ੍ਰਕਰਣ ਅਨੁਸਾਰ ਬੇਸ਼ਕ ਗੁਰਦੇਵ ਨੇ ਗੁਰਬਾਣੀ `ਚ ‘ਸੁਖ ਤੇ ਦੁਖ’ ਵਾਲੇ ਵਿਸ਼ੇ ਨੂੰ ਬੜਾ ਖੁੱਲ ਕੇ ਤੇ ਵੱਡੇ ਵਿਸਤਾਰ ਨਾਲ ਲਿਆ ਹੈ। ਫ਼ਿਰ ਵੀ ਜਿਵੇਂ ਕਿ ਵਰਨਣ ਕੀਤਾ ਜਾ ਚੁੱਕਾ ਹੈ, ਸਬੰਧਤ ਵਿਸ਼ੇ ਨੂੰ ਨਿਰੋਲ ਗੁਰਬਾਣੀ ਆਧਾਰ `ਤੇ ਸਪਸ਼ਟ ਕਰਣ ਲਈ ਸਾਡੇ ਹੱਥਲੇ ਗੁਰਮੱਤ ਪਾਠ ਦਾ ਆਧਾਰ ਕੇਵਲ ਮਾਝ ਵੀ ਵਾਰ ਪਉੜੀ ਨੰਬਰ ਨੌ (੯) ਹੀ ਹੈ। ਇਸ ਪਉੜੀ `ਚ ਪਉੜੀ ਤੋਂ ਪਹਿਲਾਂ ਚਾਰ ਸਲੋਕ ਵੀ ਆਏ ਹਨ ਤਾਂ ਤੇ ਪਹਿਲਾਂ ਪਉੜੀ ਦੇ ਸਲੋਕਾਂ ਸਮੇਤ ਦਰਸ਼ਨ ਕਰਦੇ ਹਾਂ:. ਸਲੋਕੁ ਮਃ ੧॥ ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ॥ ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ॥ ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ॥ ੧ 

ਮਃ ੧॥ ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ॥ ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ॥ ੨ 

ਮਃ ੧॥ ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ॥ ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ॥ ੩ 

ਮਃ ੧॥ ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ॥ ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ॥ ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ॥ ੪ 

ਪਵੜੀ॥ ਬਦਫੈਲੀ ਗੈਬਾਨਾ ਖਸਮੁ ਨ ਜਾਣਈ॥ ਸੋ ਕਹੀਐ ਦੇਵਾਨਾ ਆਪੁ ਨ ਪਛਾਣਈ॥ ਕਲਹਿ ਬੁਰੀ ਸੰਸਾਰਿ ਵਾਦੇ ਖਪੀਐ॥ ਵਿਣੁ ਨਾਵੈ ਵੇਕਾਰਿ ਭਰਮੇ ਪਚੀਐ॥ ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ॥ ਕੁਫਰ ਗੋਅ ਕੁਫਰਾਣੈ ਪਇਆ ਦਝਸੀ॥ ਸਭ ਦੁਨੀਆ ਸੁਬਹਾਨੁ ਸਚਿ ਸਮਾਈਐ॥ ਸਿਝੈ ਦਰਿ ਦੀਵਾਨਿ ਆਪੁ ਗਵਾਈਐ॥ ੯ 

ਇਸ ਤਰ੍ਹਾਂ ਇਸ ਪਉੜੀ `ਚ ਪਹਿਲੇ ਪਾਤਸ਼ਾਹ ਸਪਸ਼ਟ ਕਰਦੇ ਹਨ, ਸੰਸਾਰ `ਚ ਜੀਵਨ ਬਤੀਤ ਕਰਦੇ ਹੋਏ ਮਨੁੱਖ ਨੂੰ ਵੱਡੇ ਤੋਂ ਵੱਡੇ ਸੁਖ ਤੇ ਕਈ ਵਾਰ ਅਜਰ ਤੇ ਅਸਿਹ ਦੁਖ ਵੀ ਆ ਸਕਦੇ ਹਨ। ਇਸ ਸਾਰੇ ਦੇ ਬਾਵਜੂਦ “ਰਾਹ ਦੋਵੈ, ਇਕੁ ਜਾਣੈ, ਸੋਈ ਸਿਝਸੀ” ਅਨੁਸਾਰ ਜੇ ਕਰ ਮਨੁੱਖ ਨੇ ਗੁਰੂ ਦੀ ਸ਼ਰਣ `ਚ ਪੈ ਕੇ ਜੀਵਨ ਦੇ ਸੱਚ ਨੂੰ ਪਹਿਚਾਣ ਲਿਆ ਹੈ ਤਾਂ ਉਸ ਦੀ ਆਤਮਕ ਅਵਸਥਾ ਹੀ ਬਹੁਤ ਬਲਵਾਨ ਤੇ ਉੱਚੀ ਹੋ ਜਾਂਦੀ ਹੈ।

ਉਸ ਨੂੰ ਸਮਝ ਆ ਜਾਂਦੀ ਹੈ ਕਿ ਸੰਸਾਰ ਤੱਲ ਦੇ ਵੱਡੇ ਤੋਂ ਵੱਡੇ ਸੁਖ ਹੋਣ ਜਾਂ ਅਜਰ ਤੇ ਅਸਹਿ ਦੁਖ, ਮਨੁੱਖ ਦੇ ਜੀਵਨ `ਚ ਇਹ ਸਾਰੇ ਇਕੋ ਕਰਤੇ ਦੀ ਰਜ਼ਾ `ਚ ਹੀ ਆਉਂਦੇ ਹਨ। ਗੁਰਦੇਵ ਸਪਸ਼ਟ ਕਰਦੇ ਹਨ ਕਿ “ਸੋਈ ਸਿਝਸੀ” ਭਾਵ ਅਜਿਹੇ ਪ੍ਰਭੂ ਵਿਸ਼ਵਾਸ ਵਾਲੇ ਮਨੁੱਖ ਨਿਸ਼ਚੇ ਹੀ ਹਰ ਹਾਲ `ਚ ਜੀਵਨ ਨੂੰ ਸਫ਼ਲਾ ਕਰ ਲੈਂਦੇ ਹਨ। ਉਨ੍ਹਾਂ ਦਾ ਜੀਵਨ ਅਨੰਦ ਮਈ, ਟਿਕਾਅ ਵਾਲਾ, ਸੰਤੋਖੀ ਤੇ ਇਲਾਹੀ ਗੁਣਾਂ ਨਾਲ ਭਰਪੂਰ ਹੁੰਦਾ ਜਾਂਦਾ ਹੈ ਤੇ ਉਨ੍ਹਾਂ ਨੂੰ ਸੰਸਾਰ ਵੀ ਸੁਹਾਵਣਾ ਲਗਦਾ ਹੈ।

ਇਸ ਦੇ ਉਲਟ, ਜਿਹੜੇ ਮਨੁੱਖ ਜੀਵਨ ਦੇ ਇਸ ਸੱਚ ਨੂੰ ਨਹੀਂ ਪਹਿਚਾਣਦੇ, “ਕੁਫਰ ਗੋਅ ਕੁਫਰਾਣੈ ਪਇਆ ਦਝਸੀ” ਉਨ੍ਹਾਂ ਦਾ ਜੀਵਨ ਗੁਣਾਹਾਂ ਤੇ ਦੁਖਾਂ ਨਾਲ ਭਰਿਆ ਰਹਿੰਦਾ ਹੈ। ਉਸ ਦਾ ਮੂਲ ਕਾਰਨ ਵੀ “ਬਦਫੈਲੀ ਗੈਬਾਨਾ, ਖਸਮੁ ਨ ਜਾਣਈ॥ ਸੋ ਕਹੀਐ ਦੇਵਾਨਾ, ਆਪੁ ਨ ਪਛਾਣਈ”। ਇਸ ਤਰ੍ਹਾਂ ਉਨ੍ਹਾਂ ਦਾ ਮਨਮੁਖਤਾ ਵਾਲਾ ਜੀਵਨ ਹੀ ਉਨ੍ਹਾਂ ਨੂੰ ਵੱਡੇ ਤੋਂ ਵੱਡੇ ਗੁਣਾਹਾਂ ਦਾ ਆਦੀ ਤੱਕ ਬਣਾ ਦਿੰਦਾ ਹੈ।

ਇਸ ਤਰ੍ਹਾਂ ਪਉੜੀ ਨਾਲ ਸਬੰਧਤ ਸਲੋਕਾਂ `ਚ ਵੀ ਗੁਰਦੇਵ ਨੇ ਸੰਸਾਰਕ ‘ਸੁਖਾਂ ਤੇ ਦੁਖਾਂ’ ਨੂੰ ਉਨ੍ਹਾਂ ਦੀ ਅਸੀਮਤਾ ਤੱਕ ਪਹੁੰਚਾ ਕੇ, ਬਲਕਿ ਉਨ੍ਹਾਂ “ਸੁਖਾਂ ਤੇ ਦੁਖਾਂ” ਨੂੰ ਆਪਣੇ ਆਪ `ਤੇ ਘਟਾ ਕੇ ਮਨੁੱਖ ਨੂੰ ਜੀਵਨ ਦੇ ਨੂੰ, ਜੀਵਨਦੇ ਸੱਚ ਨਾਲ ਜੋੜਿਆ ਹੈ। ਕਿਉਂਕਿ ਉਥੇ ਵੀ ਗੁਰਦੇਵ ਨੇ ਹਰੇਕ ਸਲੋਕ ਦੀ ਸਮਾਪਤੀ `ਤੇ ਪ੍ਰਭੂ ਦਰ ਤੋਂ ਇਹੀ ਮੰਗ ਮੰਗਣ ਦੀ ਜਾਚ ਸਿਖਾਈ ਤੇ ਫ਼ੁਰਮਾਇਆ ਹੈ “ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ”। ਜਿਸ ਦੇ ਅਰਥ ਹਨ ਹੇ ਪ੍ਰਭੂ! ਚਾਹੇ ਤੂੰ ਮੈਨੂੰ ਜੀਵਨ `ਚ ਅਸੀਮਤ ਸੁਖ ਦੇ ਜਾਂ ਅਸੀਮਤ ਦੁਖ, ਪਰ ਮੇਰੇ `ਤੇ ਇਹ ਬਖ਼ਸ਼ਿਸ਼ ਜ਼ਰੂਰ ਕਰੀਂ ਕਿ ਮੇਰੇ ਕੋਲੋਂ ਤੂੰ ਆਪਣੀ ਸਿਫ਼ਤ ਸਲਾਹ ਵਾਲੀ ਦਾਤ ਨਾ ਖੋਵੀਂ।

ਤਾਂ ਤੇ ਪਉੜੀ ਅਤੇ ਨਾਲ ਜੋੜੇ ਚਾਰ ਸਲੋਕਾਂ ਦੇ ਨੰਬਰ ਵਾਰ ਅਰਥ ਕਰਣ ਵੇਲੇ ਅਸਾਂ ਪਉੜੀ ਸਬੰਧੀ ਉਪਰ ਬਿਆਣੇ ਗੁਰਬਾਣੀ ਅਨੁਸਾਰ ‘ਸੁਖ ਤੇ ਦੁਖ’ ਵਾਲੇ ਵਿਸ਼ੇ ਨੂੰ ਵੀ ਧਿਆਨ ਗੋਚਰੇ ਰਖਣਾ। ਹੈ ਤਾ ਕਿ ਪਉੜੀ ਦੇ ਅਰਥ, ਠੀਕ ਤਰ੍ਹਾਂ ਸਮਝ `ਚ ਆ ਸਕਣ। ਇਸ ਲਈ ਸਲੋਕਾਂ ਤੇ ਪਉੜੀ ਦੇ ਨੰਬਰਵਾਰ ਅਰਥ ਇਸ ਪ੍ਰਕਾਰ ਹਨ:-

ਸਲੋਕੁ ਮ: ੧॥ ਨਦੀਆ ਹੋਵਹਿ ਧੇਣਵਾ, ਸੁੰਮ ਹੋਵਹਿ ਦੁਧੁ ਘੀਉ॥ ਸਗਲੀ ਧਰਤੀ ਸਕਰ ਹੋਵੈ, ਖੁਸੀ ਕਰੇ ਨਿਤ ਜੀਉ॥ ਪਰਬਤੁ ਸੁਇਨਾ ਰੁਪਾ ਹੋਵੈ, ਹੀਰੇ ਲਾਲ ਜੜਾਉ॥ ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ॥ ੧॥ ਅਰਥ ਹਨ: —ਜੇ ਸਾਰੀਆਂ ਨਦੀਆਂ (ਪਾਣੀ ਦੀ ਬਜਾਏ) ਗਾਈਆਂ ਭਾਵ ਦੁਧ ਦੇਣ ਵਾਲੇ ਜਾਨਵਰਾਂ ਦੀਆਂ ਹੋ ਜਾਣ। ਉਸੇ ਦਾ ਨਤੀਜਾ, ਚਸ਼ਮੇ ਵੀ ਪਾਣੀ ਦੇ ਨਾ ਰਹਿ ਕੇ (ਮੇਰੇ ਲਈ) ਦੁੱਧ ਤੇ ਘਿਉ ਦੇ ਚਸ਼ਮੇ ਬਣ ਜਾਣ। ਸਾਰੀ ਧਰਤੀ ਸ਼ਕਰ ਭਾਵ ਮੇਰੇ ਲਈ ਸੁਖਾਂ-ਸਹੂਲਤਾਂ ਦੀ ਖਾਣ ਬਣ ਜਾਏ। ਇਸ ਤਰ੍ਹਾਂ ਹੇ ਪ੍ਰਭੂ! ਤੇਰੀ ਰਚਨਾ `ਚ ਅਜਿਹੀਆਂ ਤਬਦੀਲੀਆਂ ਨੂੰ ਦੇਖ ਦੇਖ ਕੇ ਬੇਸ਼ਕ ਮੇਰਾ ਇਹ ਜੀਵਨ ਖੁਸ਼ੀਆਂ ਨਾਲ ਭਰ ਜਾਵੇ।

ਫ਼ਿਰ ਇਤਨਾ ਵੀ ਨਹੀਂ, ਸਾਰੇ ਪਰਬਤ ਜਿਹੜੇ ਅਸਲ `ਚ ਮਿੱਟੀ, ਚਟਾਣਾਂ ਆਦਿ ਦੇ ਹੁੰਦੇ ਹਨ, ਉਹ ਵੀ ਮੇਰੇ ਲਈ ਹੀਰੇ ਤੇ ਲਾਲਾਂ ਨਾਲ ਜੜੇ ਹੋਏ ਸੋਨੇ ਤੇ ਚਾਂਦੀ ਦੇ ਪਹਾੜ ਬਣ ਜਾਣ। ਤਾਂ ਵੀ ਹੇ ਪ੍ਰਭੂ ! ਮੈਂ ਇਨ੍ਹਾਂ ਕੀਮਤੀ ਪਦਾਰਥਾਂ `ਚ ਵੀ ਨਾ ਫਸਾਂ ਤੇ ਕੇਵਲ ਤੇਰੀ ਸਿਫ਼ਤਿ-ਸਲਾਹ ਹੀ ਕਰਦਾ ਰਹਾਂ। ਇਹ ਨਾ ਹੋਵੇ ਕਿ ਇਨ੍ਹਾਂ ਸਹੂਲਤਾਂ ਤੇ ਪ੍ਰਾਪਤੀਆਂ ਕਾਰਨ, ਕਿਧਰੇ ਤੇਰੀਆਂ ਵਡਿਆਈਆਂ ਕਰਣ ਵਾਲਾ ਮੇਰਾ ਚਾਉ ਨਾ ਮੁੱਕ ਜਾਏ। ੧।

ਮ: ੧॥ ਭਾਰ ਅਠਾਰਹ ਮੇਵਾ ਹੋਵੈ, ਗਰੁੜਾ ਹੋਇ ਸੁਆਉ॥ ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ, ਨਿਹਚਲੁ ਹੋਵੈ ਥਾਉ॥ ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ॥ ੨॥ ਅਰਥ ਹਨ-ਜੇ ਸਾਰੀ ਬਨਸਪਤੀ ਮੇਰੇ ਲਈ ਰਸੀਲਾ ਤੇ ਹਦੋਂ ਵਧ ਸੁਆਦਲਾ ਮੇਵਾ ਬਣ ਜਾਏ। ਅਜਿਹਾ ਰਸੀਲਾ ਕਿ ਆਪਣੇ ਆਪ ਮ੍ਹੂੰਹ `ਚ ਘੁਲਣ ਵਾਲਾ (ਗਰੁੜਾ) ਹੋਵੇ ਭਾਵ ਜਿਸ ਨੂੰ ਚਬਾਉਣ ਦੀ ਵੀ ਮੇਹਣਤ ਨਾ ਕਰਣੀ ਪਵੇ।

ਇਸੇ ਤਰ੍ਹਾਂ ਜੇ ਮੇਰੀ ਜੀਵਨ ਪਦਵੀ ਵੀ ਅਟੱਲ ਹੋ ਜਾਏ ਭਾਵ ਮੇਰਾ ਸਰੀਰ ਵੀ ਕਦੇ ਨਾ ਬਿਨਸਨ ਵਾਲਾ ਸਦੀਵੀ ਬਣ ਜਾਵੇ ਅਤੇ ਮੈਂ ਕਦੇ ਨਾ ਮਰਾਂ। ਚੰਦ ਤੇ ਸੂਰਜ ਦੋਵੇਂ ਸਦਾ ਲਈ ਮੇਰੀ ਰਿਹਾਇਸ਼ ਦੀ ਸੇਵਾ ਕਰਣ ਵਾਲੇ ਹੋ ਜਾਣ।

ਤਾਂ ਵੀ ਹੇ ਪ੍ਰਭੂ! ਇਹ ਬਖ਼ਸ਼ਿਸ਼ ਕਰੀਂ ਕਿ ਮੈਂ ਜੀਵਨ ਦੀਆਂ ਇਨ੍ਹਾਂ ਪ੍ਰਾਪਤੀਆਂ `ਚ ਹੀ ਨਾ ਉਲਝ ਜਾਂਵਾਂ ਤੇ ਤੇਰੀ ਸਿਫ਼ਤਿ-ਸਲਾਹ ਹੀ ਕਰਦਾ ਰਹਾਂ। ਇਨ੍ਹਾਂ ਪ੍ਰਾਪਤੀਆਂ ਕਾਰਨ, ਕਿਧਰੇ ਤੇਰੀਆਂ ਸਿਫ਼ਤਾਂ ਵਡਿਆਈਆਂ ਕਰਣ ਵਾਲਾ ਮੇਰਾ ਚਾਉ ਤੇ ਸੁਭਾਉ ਨਾ ਮੁੱਕ ਜਾਵੇ। ੨।

ਮ: ੧॥ ਜੇ ਦੇਹੈ ਦੁਖੁ ਲਾਈਐ, ਪਾਪ ਗਰਹ ਦੁਇ ਰਾਹੁ॥ ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ॥ ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ॥ ੩॥ ਇਸ ਤਰ੍ਹਾਂ ਪਹਿਲੇ ਦੋ ਸਲੋਕਾਂ `ਚ ਸੰਸਾਰਕ ਸੁਖਾਂ ਦੀ ਅੰਤਹਾ ਵਾਲਾ ਜ਼ਿਕਰ ਕਰਣ ਤੋਂ ਬਾਅਦ ਤੀਸਰੇ ਸਲੋਕ `ਚ ਗੁਰਦੇਵ ਸੰਸਾਰਕ ਦੁਖਾਂ ਦੀ ਅੰਤਹਾ ਵਾਲਾ ਜ਼ਿਕਰ ਕਰਦੇ ਹਨ। ਫ਼ੁਰਮਾਂਉਦੇ ਹਨ ਹੇ ਪ੍ਰਭੂ! ਜੇ ਕਰ ਤੂੰ ਆਪਣੀ ਰਜ਼ਾ ਮੈਨੂੰ ਭਿਅੰਕਰ ਤੇ ਅਸਹਿ ਦੁਖ ਵੀ ਦੇਵੇਂ। ਜੇਕਰ ਮੇਰੇ ਪ੍ਰਤੀ ਤੇਰਾ ਪਿਆਰ ਭਿਅੰਕਰ ਤੇ ਅਸਹਿ ਦੁਖਾਂ ਦੇ ਰੂਪ `ਚ ਪ੍ਰਗਟ ਹੋ ਜਾਵੇ ਤਾਂ ਵੀ ਮੈਨੂੰ ਬਲ ਬਖ਼ਸ਼ੀ ਕਿ ਅਜਿਹੇ ਦੁਖਾਂ ਤੋਂ ਘਬਰਾ ਕੇ ਕਿਧਰੇ ਮੈਂ ਤੈਨੂੰ ਨਾ ਵਿਸਾਰ ਦੇਵਾਂ।

ਉਪ੍ਰੰਤ ਸਲੋਕ ਦੇ ਅਰਥ ਹਨ-ਜੇ (ਮੇਰੇ) ਸਰੀਰ ਨੂੰ ਵੀ ਦੁੱਖ ਲੱਗ ਜਾਣ, ਇਸ ਦੇ ਨਾਲ (ਬ੍ਰਾਹਮਣੀ ਵਿਸ਼ਵਾਸਾਂ `ਚ ਸਦਾ ਤੋਂ ਪ੍ਰਚਾਰੇ ਜਾ ਰਹੇ ਵੱਡੇ ਦੁਖ ਦੇਣ ਵਾਲੇ) ਰਾਹੂ ਤੇ ਕੇਤੂ, ਦੋਵੇਂ ਤਾਰੇ ਜੇ ਉਹ ਵੀ ਮੈਨੂੰ ਗ੍ਰਸ ਲੈਣ।

ਇਸ ਤਰ੍ਹਾਂ ਮੇਰੇ ਸਿਰ `ਤੇ ਜਿਸ ਰਾਜੇ ਦਾ ਰਾਜ ਹੋਵੇ, ਉਹ ਵੀ ਲੋਕਾਈ ਦਾ ਖੂਨ ਪੀਣ ਵਾਲਾ ਭਾਵ ਅਤਿ ਦਾ ਜ਼ਾਲਮ ਹੋਵੇ। ਇਸ ਤਰ੍ਹਾਂ ਹੇ ਪ੍ਰਭੂ! ਜੇ ਕਰ ਮੇਰੇ ਨਾਲ ਤੇਰਾ ਪਿਆਰ, ਇਨ੍ਹਾਂ ਭਿਅੰਕਰ ਦੁਖਾਂ ਦੇ ਰੂਪ `ਚ ਪ੍ਰਗਟ ਹੋਵੇ। ਤਾਂ ਵੀ ਮੈਨੂੰ ਬਲ ਬਖ਼ਸ਼ੀਂ ਕਿ ਮੈਂ ਕਿਧਰੇ ਅਜਿਹੇ ਦੁਖਾਂ ਤੋਂ ਘਬਰਾ ਕੇ ਤੈਨੂੰ ਨਾ ਵਿਸਾਰ ਦੇਵਾਂ ਅਤੇ ਫ਼ਿਰ ਵੀ ਤੇਰੀ ਸਿਫ਼ਤਿ-ਸਾਲਾਹ ਹੀ ਕਰਦਾ ਰਹਾਂ। ਅਜਿਹੀ ਹਾਲਤ `ਚ ਵੀ ਤੇਰੀ ਵਡਿਆਈਆਂ ਕਰਣ ਤੇ ਜਸ ਗਾਉਣ ਵਾਲਾ ਦਾ ਮੇਰਾ ਚਾਉ ਨਾ ਮੁੱਕ ਜਾਵੇ। ੩।

ਮ: ੧॥ ਅਗੀ ਪਾਲਾ ਕਪੜੁ ਹੋਵੈ, ਖਾਣਾ ਹੋਵੈ ਵਾਉ॥ ਸੁਰਗੈ ਦੀਆ ਮੋਹਣੀਆ ਇਸਤ੍ਰੀਆ ਹੋਵਨਿ, ਨਾਨਕ ਸਭੋ ਜਾਉ॥ ਭੀ ਤੂੰ ਹੈ ਸਾਲਾਹਣਾ, ਆਖਣ ਲਹੈ ਨ ਚਾਉ॥ ੪॥ ਦੇਖਣਾ ਹੈ ਕਿ ਸੰਸਾਰਕ ਸੁਖਾਂ-ਦੁਖਾਂ ਵਾਲੇ ਵਿਸ਼ੇ ਨੂੰ ਇਸ ਲੜੀ ਦੇ ਚੌਥੇ ਸਲੋਕ `ਚ ਗੁਰਦੇਵ ਨੇ ਕਿਸ ਤਰ੍ਹਾਂ ਲਿਆ ਹੈ। ਵਿਚਾਰਣ ਦਾ ਵਿਸ਼ਾ ਹੈ ਕਿ ਮਨੁੱਖਾ ਸਰੀਰ ਨਾ ਤਾਂ ਅਤਿ ਦਾ ਪਾਲਾ (ਠੰਢ) ਸਹਿ ਸਕਦਾ ਹੈ ਤੇ ਨਾ ਅਤਿ ਦੀ ਗਰਮੀ। ਫ਼ਿਰ ਮਨੁੱਖਾ ਸਰੀਰ ਬਿਨਾ ਅੰਨ ਦੇ ਵੀ ਬਹੁਤੇ ਦਿਨ ਜ਼ਿੰਦਾ ਨਹੀਂ ਰਹਿ ਸਕਦਾ। ਜਦਕਿ ਸਲੋਕ `ਚ ਤਾਂ ਗੁਰਦੇਵ ਸਰੀਰਕ ਦੁਖਾਂ ਨੂੰ ਇਸ ਤਰੀਕੇ ਨਾਲ ਵੀ ਪ੍ਰਗਟ ਕਰ ਰਹੇ ਹਨ।

ਸਲੋਕ ਦੇ ਅਰਥ ਹਨ- ਜੇ ਅਗਨੀ ਤੇ ਦੂਜੇ ਪਾਸੇ ਅਤਿ ਦਰਜੇ ਦੀ ਠੰਢ ਹੀ ਮੇਰੇ ਪਹਿਨਣ ਲਈ, ਮੇਰੇ ਸਰੀਰ ਦੇ ਕੱਪੜੇ ਹੋਣ। ਇਸੇ ਤਰ੍ਹਾਂ ਅੰਨ ਨਹੀਂ ਬਲਕਿ ਹਵਾ ਮੇਰੇ ਸਰੀਰ ਲਈ ਭੋਜਨ ਹੋਵੇ। ਇਸ ਤਰ੍ਹਾਂ ਤੇਰੀ ਰਜ਼ਾ `ਚ ਮਿਲੀਆਂ ਅਜਿਹੀਆਂ ਕਠਿਨਾਈਆਂ ਵੀ ਮੈਨੂੰ ਮਿਠੀਆਂ ਲਗਣ। ਇਹ ਇਸ ਤਰ੍ਹਾਂ ਮਿਠੀਆਂ ਜਗਣ ਜਿਵੇਂ ਸੁਰਗ ਦੀਆਂ ਮਿਥੀਆਂ ਹੋਈਆਂ ਪਰੀਆਂ ਲਈ ਲੋਕਾਈ ਸਹਿਕਦੀ ਹੈ। ਹੇ ਪ੍ਰਭੂ! ਜਦਕਿ ਤੇਰੀ ਸਿਫ਼ਤਿ-ਸਾਲਾਹ ਸਾਹਮਣੇ ਤਾਂ “ਨਾਨਕ ਸਭੋ ਜਾਉ” ਭਾਵ ਇਨ੍ਹਾਂ `ਚੌ ਵੀ ਕੁੱਝ ਰਹਿਣ ਵਾਲਾ ਨਹੀਂ ਸਭਕੁਝ ਨਾਸ਼ਮਾਨ ਤੇ ਬਿਨਸਨਹਾਰ ਹੈ।

ਤਾਂ ਤੇ ਗੁਰੂ ਨਾਨਕ ਪਾਤਸ਼ਾਹ, ਪ੍ਰਭੂ ਚਰਨਾਂ `ਚ ਸਾਡੇ ਵੱਲੋਂ ਹੋ ਕੇ ਅਰਦਾਸ ਕਰਦੇ ਹਨ ਕਿ ਹੇ ਪ੍ਰਭੂ! ਤੂੰ ਮੇਰੇ `ਤੇ ਇਹ ਬਖ਼ਸ਼ਿਸ਼ ਕਰ ਕਿ ਜੀਵਨ ਦੇ ਕਿਸੇ ਵੀ ਚੰਗੇ ਜਾਂ ਮਾੜੇ ਹਾਲਾਤ `ਚ ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ। ਤੇਰੀਆਂ ਵਡਿਆਈਆਂ ਕਰਣ ਵਾਲਾ ਮੇਰਾ ਸੁਭਾਅ ਕਦੇ ਨਾ ਮੁੱਕੇ। ੪।

ਪਵੜੀ॥ ਬਦਫੈਲੀ ਗੈਬਾਨਾ, ਖਸਮੁ ਨ ਜਾਣਈ॥ ਸੋ ਕਹੀਐ ਦੇਵਾਨਾ, ਆਪੁ ਨ ਪਛਾਣਈ॥ ਕਲਹਿ ਬੁਰੀ ਸੰਸਾਰਿ, ਵਾਦੇ ਖਪੀਐ॥ ਵਿਣੁ ਨਾਵੈ ਵੇਕਾਰਿ, ਭਰਮੇ ਪਚੀਐ॥ ਰਾਹ ਦੋਵੈ, ਇਕੁ ਜਾਣੈ, ਸੋਈ ਸਿਝਸੀ॥ ਕੁਫਰਗੋਅ ਕੁਫਰਾਣੈ, ਪਇਆ ਦਝਸੀ॥ ਸਭ ਦੁਨੀਆ ਸੁਬਹਾਨੁ, ਸਚਿ ਸਮਾਈਐ॥ ਸਿਝੈ ਦਰਿ ਦੀਵਾਨਿ, ਆਪੁ ਗਵਾਈਐ॥ ੯॥ ਅੰਤ ਪਉੜੀ `ਚ ਵੀ ਦੇਖਣਾ ਹੈ ਕਿ ਗੁਰਦੇਵ ਦੋ ਤਰ੍ਹਾਂ ਦੇ ਜੀਵਨ ਤੇ ਹਰੇਕ ਜੀਵਨ `ਚ “ਦੁਖ ਤੇ ਸੁਖ” ਭਾਵ ਸੰਸਾਰ ਦੇ ਦੋ ਰੰਗਾਂ ਦੀ ਗੱਲ ਹੀ ਕੀਤੀ ਹੈ। ਇੱਕ ਉਹ ਲੋਕ ਹਨ, ਜੋ ਜੀਵਨ ਭਰ, ਮ੍ਰਿਗ ਤ੍ਰਿਸ਼ਨਾ ਦੀ ਨਿਆਈ ਫ਼ਰਜ਼ੀ ਸੁਖਾਂ ਪਿਛੇ ਦੋੜਦੇ ਹਨ। ਇਸੇ ਤੋਂ ਉਨ੍ਹਾਂ ਦਾ ਜੀਵਨ ਵਿਕਾਰਾਂ `ਚ ਡੁੱਬਾ ਰਹਿਕੇ ਗੁਣਾਹਾਂ ਨਾਲ ਭਰਿਆ ਰਹਿੰਦਾ ਹੈ। ਇਸ ਨਾਲ ਦੂਜੇ ਉਹ ਲੋਕ ਵੀ ਹੁੰਦੇ ਹਨ ਜੋ ਗੁਰੂਗਿਆਨ ਦੇ ਮਾਰਗ `ਤੇ ਚੱਲ ਕੇ ਸੰਸਾਰ ਦੇ ਦੋਨਾਂ ਰੰਗਾਂ ‘ਦੁਖਾਂ ਤੇ ਸੁਖਾਂ’ `ਚੋਂ ਕੇਵਲ ਇਕੋ ਪ੍ਰਭੂ ਦੀ ਰਜ਼ਾ ਦੇ ਦਰਸ਼ਨ ਹੀ ਕਰਦੇ ਤੇ ਸੰਤੋਖੀ ਜੀਵਨ ਬਤੀਤ ਕਰਦੇ ਹਨ। ਦੂਜੇ ਲਫ਼ਜ਼ਾਂ `ਚ ਪ੍ਰਭੂ ਦੀ ਚੰਗੀ ਜਾਂ ਮਾੜੀ ਭਾਵ ਹਰੇਕ ਕਰਣੀ ਚੋਂ ਪ੍ਰਭੂ ਦੇ ਦਰਸ਼ਨ ਹੀ ਕਰਦੇ ਤੇ ਨਾਮ ਰੰਗ `ਚ ਰੰਗੇ ਰਹਿੰਦੇ ਹਨ।

ਨਤੀਜਾ ਹੁੰਦਾ ਹੈ ਕਿ ਇਹੀ ਸੰਸਾਰ ਜਿਸ `ਚ ਪਹਿਲੇ ਸੁਭਾਅ ਵਾਲੇ ਜੀਵਨ ਭਰ ਖਜਲ ਖ਼ਰਾਬ ਹੁੰਦੇ ਹਨ ਜਦਕਿ ਜੀਵਨ ਦੇ ਸੱਚ ਨੂੰ ਪਹਿਚਾਨਣ ਵਾਲਿਆਂ ਲਈ ਇਹੀ ਸੰਸਾਰ ਬੜਾ ਸੁੰਦਰ ਤੇ ਸੁਹਾਵਣਾ ਹੁੰਦਾ ਹੈ। ਉਹ ਪ੍ਰਭੂ ਨਾਲ ਇੱਕ ਮਿਕ ਹੋ ਕੇ ਜੀਵਨ ਬਤੀਤ ਕਰਦੇ ਹਨ।

ਤਾਂ ਤੇ ਪਉੜੀ ਦੇ ਅਰਥ ਹਨ-ਜੋ ਮਨੁੱਖ) ਲੁਕ ਕੇ ਪਾਪ ਕਮਾਂਦਾ ਹੈ ਤੇ ਮਾਲਕ ਨੂੰ ਨਹੀਂ ਪਹਿਚਾਣਦਾ। ਉਸ ਨੂੰ ਪਾਗਲ ਹੀ ਕਹਣਾ ਚਾਹੀਦਾ ਹੈ ਕਿਉਂਕਿ ਇਸੇ ਕਾਰਨ ਅਜਿਹਾ ਮਨੁੱਖ ਆਪਣੇ ਜੀਵਨ ਦੀ ਅਸਲੀਅਤ ਨੂੰ ਵੀ ਨਹੀਂ ਪਛਾਣ ਸਕਦਾ। ਸੰਸਾਰ `ਚ ਵਿਕਾਰਾਂ ਤੋਂ ਪੈਦਾ ਹੋਣ ਵਾਲੀ ਕਲਹਿ ਕਲੇਸ਼ ਅਜਿਹੀ ਸੜਾਂਦ ਹੁੰਦੀ ਹੈ ਕਿ ਲੋਕਾਈ ਪ੍ਰਭੂ ਦੀ ਸਿਫ਼ਤ ਸਲਾਹ ਨਾਲੋਂ ਟੁੱਟ ਕੇ ਮੰਦ ਕਰਮਾ `ਚ ਹੀ ਉਲਝੀ ਤੇ ਖਪਦੀ ਰਹਿੰਦੀ ਹੈ।

ਇਸ ਤਰ੍ਹਾਂ ਜਿਹੜੇ ਮਨੁੱਖ, ਸੰਸਾਰ ਦੇ ਦੋਨਾਂ ਰਸਤਿਆਂ ਭਾਵ ਮਾਇਆ ਤੇ ਨਾਮ, ਚੋਂ ਇਕੋ ਪ੍ਰਭੂ ਦੀ ਨੂੰ ਹੀ ਪਛਾਣਦੇ ਹਨ ਉਹ ਆਪਣੇ ਜੀਵਨ ਨੂੰ ਸਫ਼ਲ ਕਰਦੇ ਹਨ। ਨਹੀਂ ਤਾਂ ਜੀਵਨ ਦੇ ਪੁਠੇ ਰਾਹ `ਤੇ ਚਲਣ ਵਾਲੇ ਮਾਇਆ `ਚ ਗ਼ਲਤਾਨ ਰਹਿ ਕੇ ਜੀਵਨ ਭਰ ਤ੍ਰਿਸ਼ਨਾ ਭਟਕਣਾ ਦੀ ਅੱਗ `ਚ ਹੀ ਸੜਦੇ ਹਨ।

ਇਸ ਤਰ੍ਹਾਂ ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ `ਚ ਜੁੜੇ ਰਹਿ ਕੇ ਜੀਵਨ ਬਤੀਤ ਕਰਦੇ ਹਨ ਉਨ੍ਹਾਂ ਲਈ ਭਾਵ ਸੰਸਾਰ ਦੇ ਦੁਖ ਹੋਣ ਜਾਂ ਸੁਖ, ਉਨ੍ਹਾਂ ਨੂੰ ਸਾਰਾ ਸੰਸਾਰ ਹੀ ਸੋਹਣਾ ਲਗਦਾ ਹੈ। ਉਹ ਸੰਸਾਰ `ਚ ਜੀਵਨ ਬਿਤਾਉਂਦੇ ਹੋਏ ਵੀ ਸਫ਼ਲ ਜੀਵਨ ਹੁੰਦੇ ਹਨ, ਉਹ ਖ਼ੁਦੀ ਨੂੰ ਮਿਟਾ ਕੇ ਪ੍ਰਭੂ ਦਰ `ਤੇ ਪ੍ਰਭੂ ਦੀ ਦਰਗਾਹ `ਚੋਂ ਵੀ ਸੁਰਖ਼ਰੂ ਹੋ ਜਾਂਦੇ ਹਨ। ੯। #0G104s011.03s11#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No G0104

ਸੁਖ ਤੇ ਦੁਖ

“ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.