.

ਪਾਠਾਂ ਦੀਆਂ ਕਿਸਮਾਂ
ਗਿਆਨੀ ਸੰਤੋਖ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੀਆਂ ਵਾਹਵਾ ਸਾਰੀਆਂ ਕਿਸਮਾਂ ਇਸ ਸਮੇ ਸਿੱਖ ਸਮਾਜ ਵਿੱਚ ਪ੍ਰਚੱਲਤ ਹਨ। ਸੰਤਾਂ ਮਹਾਂਪੁਰਸ਼ਾਂ ਦੁਆਰਾ ਆਪਣੇ ਪ੍ਰੇਮੀਆਂ ਨੂੰ ਪ੍ਰੇਰ ਕੇ, ਉਹਨਾਂ ਦੁਆਰਾ ਆਪੋ ਆੳਣੇ ਡੇਰੇ ਦੁਆਰਾ ਬਣਈ ਗਈ ਮਰਯਾਦਾ ਅਨੁਸਾਰ ਪਾਠ ਕਰਵਾਏ ਜਾਂਦੇ ਹਨ। ਇਹਨਾਂ ਵਿਚੋਂ ਕੁੱਝ ਕੁ ਹਨ: ਸਹਿਜ (ਸਾਧਾਰਣ) ਪਾਠ, ਸਪਤਾਹਕ ਪਾਠ, ਅਖੰਡ ਪਾਠ, ਅਤੀ ਅਖੰਡਪਾਠ, ਸੰਪਟ ਅਖੰਡ ਪਾਠ ਸੱਤ ਦਿਨਾਂ ਵਾਲ਼ਾ, ਸੰਪਟ ਅਖੰਡ ਪਾਠ ਪੰਝੀ ਦਿਨਾਂ ਵਾਲ਼ਾ ਆਦਿ ਤੋਂ ਇਲਾਵਾ ਹੋਰ ਵੀ ਕੁੱਝ ਕਿਸਮਾਂ ਪਾਠਾਂ ਦੀਆਂ ਹੋਣਗੀਆਂ ਜਿਨ੍ਹਾਂ ਬਾਰੇ ਮੈਨੂੰ ਗਿਆਨ ਨਹੀ। ਭਾਵੇਂ ਕਿ ਪੰਥ ਪਰਵਾਣਤ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਾਰੀ ਹੋਈ ਸਿੱਖ ਰਹਿਤ ਮਰਰਯਾਦਾ ਅਨੁਸਾਰ, ਸੰਗਤ ਵਿੱਚ ਇੱਕ ਸਮੇ ਇਕੋ ਹੀ ਕਾਰਜ ਹੋਣਾ ਚਾਹੀਏ। ਜੇ ਪਾਠ ਹੁੰਦਾ ਹੈ ਤਾਂ ਕਥਾ ਕੀਰਤਨ ਨਾ ਹੋਵੇ; ਜੇ ਕਥਾ ਕੀਰਤਨ ਹੋ ਰਿਹਾ ਹੋਵੇ ਤਾਂ ਪਾਠ ਨਾ ਹੋਵੇ। ਇਹ ਨਾ ਹੋਵੇ ਕਿ ਸਜੇ ਦੀਵਾਨ ਵਿੱਚ ਕਥਾ, ਕੀਰਤਨ, ਵਿਖਿਆਨ ਆਦਿ ਵੀ ਹੋ ਰਹੇ ਹੋਣ ਅਤੇ ਨਾਲ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਚੱਲ ਰਿਹਾ ਹੋਵੇ। ਫਿਰ ਇਹ ਵੀ ਕਿ ਚੱਲ ਰਹੇ ਪਾਠ ਦੇ ਨਾਲ਼ ਨਾਲ਼ ਕਿਸੇ ਹੋਰ ਪੋਥੀ ਜਾਂ ਬਾਣੀ ਦਾ ਪਾਠ ਵੀ ਨਹੀ ਹੋਣਾ ਚਾਹੀਦਾ। ਪਰ ਬਚਪਨ ਤੋਂ ਵੇਖਦੇ ਆ ਰਹੇ ਹਾਂ ਕਿ ਜਿਥੇ ਕਿਤੇ ਕਿਸੇ ਸੰਤ ਜਾਂ ਸੰਪਰਦਾ ਦਾ ਪ੍ਰਭਾਵ ਹੋਵੇ ਓਥੇ ਅਜਿਹੀ ਮਰਯਾਦਾ ਨੂੰ ਨਹੀ ਮੰਨਿਆ ਜਾਂਦਾ; ਬਲਕਿ ਇਸ ਨੂੰ ‘ਅਕਾਲੀਆਂ ਦੀ ਮਰਯਾਦਾ’ ਆਖ ਕੇ ਛੁਟਿਆਇਆ ਵੀ ਜਾਂਦਾ ਹੈ। ਬਚਪਨ ਤੋਂ ਵੇਖਿਆ ਗਿਆ ਹੈ ਕਿ ਜਦੋਂ ਅਖੰਡ ਪਾਠ ਹੋ ਰਿਹਾ ਹੋਵੇ ਤਾਂ ਨਾਲ਼ ਪੰਜ ਗ੍ਰੰਥੀ ਪੋਥੀ ਦਾ ਪ੍ਰਕਾਸ਼ ਕਰਕੇ ਪੰਜਾਂ ਪਾਠੀਆਂ ਦੇ ਨਾਲ਼ ਪੰਜ ਗ੍ਰੰਥੀ ਪੋਥੀ ਤੋਂ ਜਪੁ ਜੀ ਸਾਹਿਬ ਪੜ੍ਹਨ ਵਾਲ਼ੇ ਵੀ ਰੱਖੇ ਜਾਂਦੇ ਹਨ; ਉਹਨਾਂ ਨੂੰ ਮੇਰੇ ਬਚਪਨ ਸਮੇ ਧੂਪੀਏ ਆਖਿਆ ਜਾਂਦਾ ਸੀ। ਖਾਸ ਕਰਕੇ ਮਾਲਵੇ ਦੇ ਇਲਾਕੇ ਵਿੱਚ ਇਹ ਰਿਵਾਜ਼ ਵਧ ਸੀ। ਮੈਨੂੰ ਅਜਿਹਾ ਵੇਖਣ ਅਤੇ ਹਿੱਸਾ ਲੈਣ ਦਾ ਅਵਸਰ, ਬਚਪਨ ਵਿੱਚ ਮੇਰੇ ਗਵਾਂਢੀ ਪਿੰਡ ਵੈਰੋ ਨੰਗਲ ਦੇ ਇਤਿਹਾਸਕ ਗੁਰਦੁਆਰਾ ਗੁਰੂਆਣਾ ਵਿੱਚ ਪਰਾਪਤ ਹੋਇਆ। ਓਦੋਂ ਪਾਠ ਸਮੇ ਹੋਰ ਸਮਗਰੀ ਦੇ ਨਾਲ਼ ਧੂਪ ਵੀ ਉਚੇਚਾ ਤਿਆਰ ਕੀਤਾ ਜਾਂਦਾ ਸੀ ਜੋ ਮਹਾਂਰਾਜ ਦੇ ਨੇੜੇ ਬਲ਼ ਰਹੀ ਅੱਗ ਵਿੱਚ ਸਮੇ ਸਮੇ ਪਾਇਆ ਜਾਂਦਾ ਸੀ ਤੇ ਇਹ ਕਾਰਜ ਧੂਪੀਏ ਦਾ ਹੁੰਦਾ ਸੀ ਜੋ ਕਿ ਨਾਲ਼ ਨਾਲ਼ ਮੂੰਹ ਵਿੱਚ ਪੋਥੀ ਤੋਂ ਜਪੁ ਜੀ ਸਾਹਿਬ ਦਾ ਪਾਠ ਵੀ ਕਰੀ ਜਾਂਦਾ ਹੁੰਦਾ ਸੀ। ਮੇਰੇ ਖਿਆਲ ਵਿੱਚ ਪਾਠੀ ਦੇ ਨਾਲ਼ ਇੱਕ ਪਹਿਰੇਦਾਰ ਲਾਇਆ ਜਾਂਦਾ ਸੀ ਜਿਸ ਦਾ ਕਾਰਜ ਹੋਰ ਸੇਵਾ ਦੇ ਨਾਲ਼ ਨਾਲ਼ ਲਗਾਤਾਰ ਧੂਪ ਧੁਖਾਉਣਾ ਵੀ ਹੁੰਦਾ ਸੀ ਤੇ ਏਸੇ ਕਰਕੇ ਹੀ ਉਸ ਦੀ ਸੰਗਿਆ ‘ਧੂਪੀਆ’ ਹੋਈ। ਫਿਰ ਇਸ ਸੋਚ ਅਧੀਨ ਕਿ ਉਹ ਵੇਹਲਾ ਨਾ ਬੈਠੇ, ਨਾਲ ਨਾਲ਼ ਮੂੰਹ ਵਿੱਚ ਜਪੁ ਜੀ ਸਾਹਿਬ ਦਾ ਪਾਠ ਵੀ ਕਰੀ ਜਾਵੇ। ਬਚਪਨ ਵਿੱਚ ਮੈਨੂੰ ਵੀ ਕਦੀ ਕਦੀ ਇਹ ਸੇਵਾ ਨਿਭਾਉੇਣ ਦਾ ਸ਼ੁਭ ਅਵਸਰ ਪਰਾਪਤ ਹੁੰਦਾ ਰਿਹਾ; ਖਾਸ ਕਰਕੇ ਮੁਕਤਸਰ ਦੇ ਇਲਾਕੇ ਵਿਚ। ਇਹ ਗੱਲ ਤਾਂ ਏਥੇ ਮੁੱਕ ਗਈ।
ਮਹਾਨ ਕੋਸ਼ (ਪੰਨਾ 40) ਅਨੁਸਾਰ ਉਹ ਪਾਠ, ਨਿਰੰਤਰ ਹੋਵੇ। 2. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਜੋ 13 ਪਹਿਰ ਵਿੱਚ ਕੀਤਾ ਜਾਂਦਾ ਹੈ। ਚਾਰ ਅਥਵਾ ਪੰਜ ਪਾਠੀ ਨੰਬਰ ਵਾਰ ਬਦਲਦੇ ਰਹਿੰਦੇ ਹਨ ਅਤੇ ਪਾਠ ਨਿਰੰਤਰ ਹੁੰਦਾ ਰਹਿੰਦਾ ਹੈ। ਪਾਠ ਦੀ ਇਹ ਰੀਤਿ ਪੰਥ ਵਿੱਚ ਬੁਢੇ ਦਲ ਨੇ ਚਲਾਈ ਹੈ। ਸਤਿਗੁਰਾਂ ਦੇ ਸਮੇ ਅਖੰਡਪਾਠ ਨਹੀ ਹੋਇਆ ਕਰਦਾ ਸੀ। ਬਹੁਤ ਲੋਕ ਪਾਠ ਦੇ ਨਾਲ਼ ਦਿਨ ਰਾਤ ਅਖੰਡ ਦੀਵਾ ਮਚਾਉਂਦੇ ਹਨ। ਜਲ ਦਾ ਘੜਾ ਅਤੇ ਨਾਰੀਏਲ ਆਦਿਕ ਰੱਖਦੇ ਹਨ ਪਰ ਇਹ ਮਰਯਾਦਾ ਆਰੰਭਕਾਂ ਤੋਂ ਨਹੀ ਚੱਲੀ।
ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਵਿੱਚ ਅਖੰਡ ਪਾਠ ਬਾਰੇ ਜੋ ਮਰਯਾਦਾ ਦੱਸੀ ਗਈ ਹੈ ਉਹ ਤਾਂ ਬਹੁਤ ਹੀ ਸਾਦੀ ਸੇ ਸਿਧੀ ਹੈ ਪਰ ਪ੍ਰੋਫ਼ੈਸ਼ਨਲ ਪਾਠੀ ਸਿੰਘਾਂ ਨੇ ਇਸ ਵਿੱਚ ਬਹੁਤ ਸਾਰੇ ਉਲ਼ਝੇਵੇਂ ਉਲ਼ਝਾ ਰੱਖੇ ਹਨ।
ਪਤਾ ਨਹੀ ਕਿਉਂ ਮੈ ਸ਼ੁਰੂ ਤੋਂ ਹੀ ਅਖੰਡਪਾਠ ਵਿੱਚ ਦੋ ਘੰਟੇ ਦੀ ਰੌਲ਼ ਲਾਉਣ ਤੋਂ ਆਨਾ ਕਾਨੀ ਕਰਦਾ ਆ ਰਿਹਾ ਹਾਂ। ਜੇ ਕਿਤੇ ਨਾ ਹੀ ਕੋਈ ਹੋਰ ਪਾਠੀ ਮਿਲ਼ੇ ਤਾਂ ਮਜਬੂਰੀ ਵਿੱਚ ਹੀ ਮੈ ਇਹ ਸੇਵਾ ਕਰਦਾ ਹਾਂ। ਹੋ ਸਕਦਾ ਹੈ ਕਿ ਕਿਤੇ ਬਚਪਨ ਵਿੱਚ ਬੈਠਿਆ ਮਹਾਰਾਜ ਦਾ ਭੈ ਹੋਵੇ ਜਾਂ ਕੁੱਝ ਹੋਰ। ਹਾਂ, ਇੱਕ ਗੱਲ ਹੈ ਕਿ ਬਚਪਨ ਤੋਂ ਹੀ ਅੰਤਰ ਆਤਮੇ ਹੀ ਮੇਰੇ ਅੰਦਰ ਇੱਕ ਕਿਸੇ ਕਿਸਮ ਦਾ ਡਰ ਜਿਹਾ ਬੈਠਾ ਹੋਇਆ ਹੈ ਕਿ ਜੇ ਮੈ ਪਾਠ ਦੀ ਰੌਲ਼ ਤੇ ਬੈਠ ਗਿਆ ਤਾਂ ਦੋ ਘੰਟੇ ਤੋਂ ਪਹਿਲਾਂ ਉਠ ਨਹੀ ਸਕਦਾ। ਪਤਾ ਨਹੀ ਕਿਉਂ ਪਰ ਆਪਣੀ ਮਰਜੀ ਦੇ ਵਿਰੁਧ ਕਿਸੇ ਥਾਂ ਜਾਂ ਕਾਰਜ ਨੂੰ ਆਪਣੀ ਮਰਜੀ ਅਨੁਸਾਰ ਨਾ ਕਰ ਸਕਣ ਬਾਰੇ ਮੇਰਾ ਮਨ ਨਹੀ ਮੰਨਦਾ। ਮੈਨੂੰ ਫੌਜ ਵਿੱਚ ਭਰਤੀ ਹੋਣ ਦਾ ਬੜਾ ਚਾ ਹੁੰਦਾ ਸੀ ਪਰ ਜਦੋਂ ਇਹ ਪਤਾ ਲੱਗਾ ਕਿ ਇੱਕ ਵਾਰ ਭਰਤੀ ਹੋ ਜਾਣ ਪਿੱਛੋਂ ਮੈ ਆਪਣੀ ਮਰਜੀ ਅਨੁਸਾਰ ਇਹ ਨੌਕਰੀ ਛੱਡ ਨਹੀ ਸਕਾਂਗਾ ਤਾਂ ਮੈ ਫੌਜ ਵਿੱਚ ਜਾਣੋ ਝਿਜਕ ਗਿਆ। ਸ਼ਾਇਦ ਏਸੇ ਕਰਕੇ ਹੀ ਮੈ ਅਖੰਡਪਾਠ ਵਿੱਚ ਦੋ ਘੰਟਿਆਂ ਦੀ ਰੌਲ਼ ਲਾਉਣ ਤੋਂ ਗੁਰੇਜ਼ ਕਰਦਾ ਹੋਵਾਂ!
ਮੇਰੇ ਅਖੰਡ ਪਾਠਾਂ ਵਿੱਚ ਹਿੱਸਾ ਲੈਣ ਤੋਂ ਗੁਰੇਜ਼ ਦਾ ਇੱਕ ਕਾਰਨ ਇਹ ਵੀ ਹੈ ਕਿ ਬਾਹਰਲੇ ਦੇਸਾਂ ਵਿੱਚ ਪ੍ਰੋਫ਼ੈਸ਼ਨਲ ਪਾਠੀ ਸਿੰਘਾਂ ਦੀ ਘਾਟ ਕਾਰਨ ਆਮ ਕਿਰਤੀ ਸਿੰਘਾਂ/ਸਿੰਘਣੀਆਂ ਪਾਸੋਂ ਇਹ ਸੇਵਾ ਲਈ ਜਾਦੀ ਹੈ ਜੋ ਕਿ ਚੱਲਦੀ ਰਿਵਾਇਤ ਦੇ ਅਨੁਸਰ ਜਿੰਨੀ ਰਫ਼ਤਾਰ ਨਾਲ ਪਾਠ ਹੋਣਾ ਚਾਹੀਦਾ ਹੈ ਓਨੀ ਚਾਲ਼ ਅਨੁਸਾਰ ਉਹ ਪੂਰਾ ਨਹੀ ਕਰ ਸਕਦੇ। ਫਿਰ ਉਹਨਾਂ ਵੱਲੋਂ ਰਹੀ ਲੇਟ ਕਢਣ ਲਈ ਰਾਤ ਸਮੇ ਆਪ ਬੈਠ ਕੇ ਬਹੁਤ ਤੇਜ ਪਾਠ ਕਰਨਾ ਪੈਂਦਾ ਹੈ। ਅਜਿਹਾ ਕਰਦਿਆਂ ਖ਼ੁਦ ਨੂੰ ਤਸੱਲੀ ਨਹੀ ਹੁੰਦੀ। ਪਾਠ ਬਹੁਤ ਹੀ ਤੇਜ ਰਫ਼ਤਾਰ ਨਾਲ਼ ਕਰਨਾ ਪੈਂਦਾ ਹੈ। ਯਾਦ ਤੇ ਸਮਝ ਵਿੱਚ ਵੀ ਕੁੱਝ ਨਹੀ ਰਹਿੰਦਾ ਕਿ ਕੀ ਪੜ੍ਹਿਆ ਗਿਆ ਹੈ। ਇਸ ਲਈ ਅਜਿਹੇ ਪਾਠਾਂ ਤੋਂ ਮੈ ਸੰਕੋਚ ਕਰਨ ਦਾ ਯਤਨ ਹੀ ਕਰਦਾ ਹਾਂ। ਪ੍ਰਬੰਧਕਾਂ ਨੂੰ ਬੇਨਤੀ ਵੀ ਕੀਤੀ ਹੋਈ ਹੈ ਕਿ ਜਿਥੇ ਨਾ ਹੀ ਸਰਦਾ ਹੋਵੇ ਓਥੇ ਹੀ ਮੇਰੀ ਸੇਵਾ ਲਾਉਣੀ। ਜੇਕਰ ਮੇਰੇ ਬਿਨਾ ਸਰਦਾ ਹੋਵੇ ਤਾਂ ਬਹੁਤ ਚੰਗੀ ਗੱਲ ਹੈ।
ਮੈਨੂੰ ਯਾਦ ਆ ਰਿਹਾ ਹੈ ਆਪਣੀ 2003 ਵਾਲੀ ਦੁਨੀਆ ਦੀ ਭੁਆਟਣੀ ਸਮੇ ਮੈ ਕੈਲੇਫੋਰਨੀਆ ਦੇ ਵੱਡੇ ਸ਼ਹਿਰ ਸਨ ਫ਼ਰਾਂਸਿਸਕੋ ਦੇ ਨੇੜਲੇ ਸ਼ਹਿਰ ਫ਼੍ਰੀਮੌਂਟ ਵਿੱਚ ਕੁੱਝ ਦਿਨ ਲਈ ਰੁਕਿਆ ਹੋਇਆ ਸਾਂ ਤਾਂ ਓਥੇ ਦੇ ਗ੍ਰੰਥੀ ਸਿੰਘ ਜੀ ਨੇ ਪਾਠੀਆਂ ਦੀ ਘਾਟ ਹੋਣ ਦੀ ਮਜਬੂਰੀ ਕਾਰਨ ਮੈਨੂੰ ਅੱਗੇ ਜਾਣੋ ਰੋਕ ਕੇ ਪਾਠ ਵਿੱਚ ਮੇਰੀ ਰੌਲ਼ ਲਾ ਦਿਤੀ। ਇਕੋ ਕਮਰੇ ਵਿੱਚ ਬਹੁਤ ਸਾਰੇ ਸਰੂਪ ਪ੍ਰਕਾਸ਼ਤ ਕਰਕੇ ਕਈ ਅਖੰਡ ਪਾਠ ਨਾਲ਼ੋ ਨਾਲ ਰੱਖੇ ਹੋਏ ਸਨ। ਗਿਣਤੀ ਤਾਂ ਹੁਣ ਯਾਦ ਨਹੀ ਰਹੀ। ਇੱਕ ਸਰੂਪ ਤੋਂ ਇੱਕ ਪਾਠੀ ਬੋਲ ਕੇ ਪਾਠ ਕਰਦਾ ਸੀ ਤੇ ਬਾਕੀ ਸਾਰੇ ਮੂੰਹ ਵਿੱਚ ਉਸ ਦੇ ਨਾਲ਼ ਨਾਲ਼ ਪਾਠ ਕਰਦੇ ਸਨ। ਮੇਰੀ ਰੌਲ਼ ਸਮੇ ਗੁਰਦੁਆਰਾ ਸਾਹਿਬ ਵਿਖੇ ਸੈਕਿਉਰਟੀ ਦੀ ਸੇਵਾ ਕਰਨ ਵਾਲਾ ਪਾਠੀ ਸਿੰਘ ਬਹੁਤ ਸੋਹਣਾ ਪਾਠ ਕਰਦਾ ਸੀ। ਉਸ ਦਾ ਪਾਠ ਸਰਲ ਵੀ ਸੀ ਤੇ ਵਾਹਵਾ ਸ਼ੁਧ ਵੀ। ਰੱਬ ਵੱਲੋਂ ਉਸ ਨੂੰ ਬਹੁਤ ਹੀ ਸੁੰਦਰ ਤੇ ਸੁਰੀਲੀ ਆਵਾਜ਼ ਵੀ ਬਖ਼ਸ਼ੀ ਹੋਈ ਸੀ। ਉਹ ਕਵੀਸ਼ਰਾਂ ਵਾਂਗ ਪਾਠ ਗਾ ਕੇ ਪਾਠ ਕਰਦਾ ਸੀ। ਕਦੀ ਤਾਂ ਏਨੀ ਲੰਮੀ ਹੇਕ ਲਾ ਕੇ ਇੱਕ ਪਦ ਤੇ ਏਨਾ ਸਮਾ ਰੁਕ ਜਾਂਦਾ ਸੀ ਕਿ ਬਾਕੀ ਪਾਠੀਆਂ ਨੂੰ ਉਸ ਦੇ ਨਾਲ਼ ਰੁਕਣਾ ਹੀ ਪੈਂਦਾ ਹੋਵੇਗਾ। ਸਾਰੇ ਪਾਠੀ ਸਿੰਘਾਂ ਤੋਂ ਸਾਰੇ ਪਾਠ ਇਕਸਾਰ ਹੀ ਕਰਨ ਦੀ ਆਸ ਕੀਤੀ ਜਾਂਦੀ ਸੀ ਕਿਉਂਕਿ ਪਾਠ ਵਾਂਗ ਹੀ ਸਾਰਿਆਂ ਦਾ ਭੋਗ ਇਕੋ ਸਮੇ ਹੀ ਪਾਉਣਾ ਹੁੰਦਾ ਸੀ। ਫਿਰ ਉਹ ਕਦੀ ਏਨੀ ਤੇਜੀ ਨਾਲ਼ ਪਾਠ ਕਰਦਾ ਸੀ ਕਿ ਉਸ ਦੇ ਨਾਲ਼ ਰਲਣਾ ਮੇਰੇ ਲਈ ਮੁਸ਼ਕਲ ਹੋ ਜਾਂਦਾ ਸੀ। ਮੈ ਜੋ 1954 ਤੋਂ ਅਖੰਡ ਪਾਠ ਕਰ ਸਕਣ ਦੀ ਸਮਰਥਾ ਰਖਦਾ ਹਾਂ ਉਸ ਦੇ ਨਾਲ਼ ਨਹੀ ਸੀ ਰਲ਼ ਸਕਦਾ ਤਾਂ ਬਾਕੀ ਕਿਰਤੀ ਸੱਜਣ ਜੋ ਕਿ ਉਪਜੀਵਕਾ ਹਿਤ ਹੋਰ ਕਾਰ ਵਿਹਾਰ ਕਰਦੇ ਸਨ, ਉਹ ਕਿਵੇਂ ਉਸ ਨਾਲ਼ ਰਲਦੇ ਹੋਣਗੇ! ਹੋ ਸਕਦਾ ਹੈ ਕਿ ਉਹ ਉਸ ਦੇ ਨਾਲ਼ ਨਾਲ਼ ਰਲ਼ੇ ਰਹਿਣ ਲਈ ਕੁੱਝ ਪਾਠ ਵਿਚੋਂ ਛੱਡ ਕੇ ਭੱਜ ਕੇ ਉਸ ਨਾਲ਼ ਰਲ਼ਦੇ ਹੋਣ! ਅਜਿਹੇ ਪਾਠਾਂ ਦਾ ਕੀ ਲਾਭ?
2010 ਦੀ ਹੀ ਗੱਲ ਹੈ ਕਿ ਮੈ ਆਪਣੀਆਂ ਪੁਸਤਕਾਂ ਦੀ ਪ੍ਰਮੋਸ਼ਨ ਵਾਸਤੇ ਇੱਕ ਮੁਲਕ ਵਿੱਚ ਗਿਆ। ਉਸ ਸ਼ਹਿਰ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਮੇਰੇ ਨਾਲ਼ ਖਾਸਾ ਠੰਡਾ ਵਿਹਾਰ ਕੀਤਾ। ਇਹ ਵੀ ਸ਼ੁਕਰ ਹੈ ਕਿ ਉਹਨਾਂ ਕਈ ਥਾਵਾਂ ਦੇ ਪ੍ਰਬੰਧਕਾਂ ਵਾਂਗ ਤੱਤਾ ਵਰਤਾ ਨਹੀ ਕੀਤਾ। ਇੱਕ ਪ੍ਰੇਮੀ ਨੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਰਖਵਾਇਆ। ਆਦਤ ਅਨੁਸਾਰ ਮੈ ਆਖ ਬੈਠਾ ਕਿ ਪਾਠੀ ਸਿੰਘਾਂ ਦੀ ਘਾਟ ਕਾਰਨ ਜੇਕਰ ਕਿਤੇ ਲੋੜ ਹੋਈ ਤਾਂ ਮੈ ਵੀ ਸੇਵਾ ਕਰ ਸਕਦਾ ਹਾਂ। ਮੈ ਤਾਂ ਏਨਾ ਆਖ ਕੇ ਭੁੱਲ ਗਿਆ ਪਰ ਉਹਨਾਂ ਨੇ ਮੈਨੂੰ ਬਿਨਾ ਦੱਸਿਆਂ ਪੁਛਿਆਂ ਮੇਰੀ ਵਾਰੀ ਦੋਵੇ ਰਾਤਾਂ ਦੋ ਤੋਂ ਚਾਰ, ਜਪੁ ਜੀ ਸਾਹਿਬ ਪੜ੍ਹਨ ਵਾਸਤੇ ਰੱਖ ਦਿਤੀ। ਮੈ ਸ਼ੂਗਰ ਦਾ ਮਰੀਜ ਦਿਲ ਵਿੱਚ ਮਾਯੂਸ ਤਾਂ ਅਜਿਹੇ ਵਰਤਾ ਤੋਂ ਹੋਇਆ ਪਰ ਨਾਂਹ ਕਰਨ ਦੀ ਹਿੰਮਤ ਨਾ ਕਰ ਸਕਿਆ। ਹਾਲਾਂ ਕਿ ਉਹਨਾਂ ਦੀ ਮਜਬੂਰੀ ਕੋਈ ਨਹੀ ਸੀ। ਉਹ ਕਿਸੇ ਵੀ ਬੀਬੀ ਜਾਂ ਗੁਰਸਿੱਖ ਤੋਂ ਜਪੁ ਜੀ ਸਾਹਿਬ ਪੜ੍ਹਨ ਦੀ ਸੇਵਾ ਲੈ ਸਕਦੇ ਸਨ।
ਇਸ ਪਾਠ ਦੀ ਵਿਲੱਖਣਤਾ ਮੈ ਜੋ ਵੇਖੀ ਉਹ ਪਹਿਲਾਂ ਕਿਤੇ ਵੇਖਣ ਸੁਣਨ ਵਿੱਚ ਨਹੀ ਸੀ ਆਈ। ਉਹਨਾਂ ਨੇ ਕੋਈ ਬਹੁਤ ਵੱਡ ਆਕਾਰੀ ਪੋਥੀ ਜਪੁ ਜੀ ਸਾਹਿਬ ਦੇ ਇੱਕ ਤੋਂ ਵਧ ਪਾਠਾਂ ਦੀ ਛਪੀ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਓਸੇ ਤਰ੍ਹਾਂ ਹੀ ਪ੍ਰਕਾਸ਼ਤ ਕੀਤੀ ਹੋਈ ਸੀ ਜਿਸ ਤੋਂ ਅਖੰਡ ਪਾਠ ਦੇ ਨਾਲ ਨਾਲ਼ ਇੱਕ ਸਿੰਘ ਜਾਂ ਸਿੰਘਣੀ ਜਪੁ ਜੀ ਸਾਹਿਬ ਦਾ ਪਾਠ ਮੂੰਹ ਵਿੱਚ ਕਰਦਾ ਸੀ ਤੇ ਦੋ ਦੋ ਘੰਟੇ ਦੀ ਰੌਲ਼ ਦੂਸਰੇ ਪਾਠੀ ਸਿੰਘ ਵਾਂਗ ਹੀ ਲਾਉਂਦਾ ਸੀ। ਵੇਖਣ ਵਾਲ਼ੇ ਨੂੰ ਇਉਂ ਲੱਗਦਾ ਸੀ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਪ੍ਰਕਾਸ਼ਤ ਹੋਣ। ਮੈ ਅਜਿਹੀ ਪੋਥੀ ਦੇ ਪਹਿਲੀ ਵਾਰ ਦਰਸ਼ਨ ਕੀਤੇ ਸਨ। ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਦੇ ਨੇੜੇ ਹੀ, ਗੁਰਦੁਆਰਾ ਸਾਹਿਬ ਦੇ ਫਰਸ਼ ਉਪਰ, ਇੱਕ ਧੂਪ ਧੁਖਾਉਣ ਵਾਲ਼ਾ ਕੁੰਡ ਬਣਾਇਆ ਹੋਇਆ ਸੀ ਤੇ ਪਾਠੀ ਦੇ ਨਾਲ਼ ਇੱਕ ਇਕ ਸਿੰਘ ਵਾਰੀ ਵਾਰੀ ਓਥੇ ਧੂਪ ਦੁਖਾਉਣ ਦੀ ਸੇਵਾ ਕਰਨ ਦੇ ਨਾਲ਼ ਨਾਲ਼, ਜਪੁ ਜੀ ਸਾਹਿਬ ਵਾਂਗ ਹੀ ਮੂੰਹ ਵਿੱਚ ਚੌਪਈ ਦਾ ਪਾਠ ਕਰਦਾ ਸੀ। ਅਜਿਹੀ ਕਿਸਮ ਦੇ ਅਖੰਡ ਪਾਠ ਦੇ ਦਰਸਨ ਮੈਨੂੰ ਪਹਿਲੀ ਵਾਰ ਹੀ ਹੋਏ। ਹੋ ਸਕਦਾ ਹੈ ਕਿ ਉਹਨਾਂ ਨੂੰ ਕਿਸੇ ਸੰਤ ਮਹਾਤਮਾ ਨੇ ਅਜਿਹੀ ਵਿਧੀ ਨਾਲ਼ ਅਖੰਡ ਪਾਠ ਕਰਨ ਲਈ ਹੁਕਮ ਕੀਤਾ ਹੋਵੇ! ਵੈਸੇ ਉਹ ਸਾਰਾ ਪਰਵਾਰ ਪੰਜ ਕਕਾਰ ਦਾ ਧਾਰਨੀ ਰਹਿਤਵਾਨ ਪਰਵਾਰ ਹੈ।
ਇਸ ਤੋਂ ਇਲਾਵਾ ਮੇਰੇ ਇੱਕ ਪੜ੍ਹੇ ਲਿਖੇ ਮਿੱਤਰ ਨੇ ਦੱਸਿਆ ਕਿ ਉਹਨਾਂ ਦੇ ‘ਪਾਤਿਸ਼ਾਹਾਂ’ ਦੀ ਮਰਯਾਦਾ ਅਨੁਸਾਰ ਉਹ ਜਿਥੇ ਅਖੰਡ ਪਾਠ ਕਰਦੇ ਹਨ ਓਥੇ ਤਿਆਰ ਬਰ ਤਿਆਰ ਉਹਨਾਂ ਦੀ ਮਰਯਾਦਾ ਦੇ ਧਾਰਨੀ ਪੰਝੀ ਸਿੰਘ ਹੋਣੇ ਜਰੂਰੀ ਹਨ। ਪੰਜ ਅਖੰਡ ਪਾਠੀ, ਪੰਜ ਜਪੁ ਜੀ ਸਾਹਿਬ ਪੜ੍ਹਨ ਵਾਲ਼ੇ, ਪੰਜ ਧੂਪੀਏ, ਪੰਜ ਲਾਂਗਰੀ ਅਤੇ ਪੰਜ ਪਹਿਰੇ ਦਾਰ। ਇਹ ਪਹਿਰੇਦਾਰ ਨੰਗੀਆਂ ਕ੍ਰਿਪਾਨਾਂ ਨਾਲ਼ ਸਾਰੇ ਕੁੱਝ ਦੀ ਨਿਗਰਾਨੀ ਕਰਦੇ ਹਨ। ਸਾਰੇ ਸਿੰਘਾਂ ਨੂੰ ਪਾਠ ਦੌਰਾਨ ਹਾਜਰ ਰਹਿਣਾ ਪੈਂਦਾ ਹੈ। ਜੇ ਕਿਸੇ ਨੇ ਹਾਜਤ ਰਫ਼ਾ ਕਰਨ ਲਈ ਵੀ ਖੇਤਾਂ ਵਿੱਚ ਜਾਣਾ ਹੋਵੇ ਤਾਂ ਉਹ ਨੰਗੀ ਕ੍ਰਿਪਾਨ ਦੇ ਪਹਿਰੇ ਹੇਠ ਹੀ ਜਾ ਸਕਦਾ ਹੈ। ਸੱਤ ਜਾਂ ਪੰਝੀ ਦਿਨਾਂ ਵਾਲ਼ੇ ਸੰਪਟ ਅਖੰਡ ਪਾਠ ਜਾਂ ਕਿਸੇ ਵੀ ਕਿਸਮ ਦੇ ਹੋਰ ਪਾਠ ਦੌਰਾਨ ਸਾਰਾ ਸਮਾ ਉਹਨਾਂ ਸਿੰਘਾਂ ਦਾ ਓਥੇ ਏਸੇ ਤਰ੍ਹਾਂ ਨੰਗੀ ਕ੍ਰਿਪਾਨ ਦੇ ਪਹਿਰੇ ਹੇਠ ਰਹਿਣਾ ਜਰੂਰੀ ਹੈ। ਸੱਤ ਦਿਨਾਂ ਦੇ ਸੰਪਟ ਪਾਠ ਵਿੱਚ ਹਰੇਕ ਸ਼ਬਦ ਦੇ ਬਾਅਦ ਸੰਪਟ ਵਾਲਾ ਸ਼ਬਦ ਪੜ੍ਹਿਆ ਜਾਂਦਾ ਹੈ ਤੇ ਪੰਝੀ ਦਿਨਾਂ ਵਾਲ਼ੇ ਵਿੱਚ ਹਰੇਕ ਤੁਕ ਦੇ ਬਾਅਦ ਸੰਪਟ ਵਾਲ਼ਾ ਸ਼ਬਦ ਪੜ੍ਹਿਆ ਜਾਂਦਾ ਹੈ।
ਕਰਨ ਵਾਲ਼ੇ ਇੱਕ ਕੁੱਝ ਕਰਦੇ ਹਨ ਤੇ ਕਰਵਾਉਣ ਵਾਲ਼ੇ ਕਰਵਾਉਂਦੇ ਹਨ। ਸਾਡੇ ਕੋਲ਼ੋਂ ਕੋਈ ਜਬਰਦਸਤੀ ਇਹ ਕੁੱਝ ਨਹੀ ਕਰਵਾਉਂਦਾ। ਅਜਿਹਾ ਖ਼ਰਚ ਤੇ ਖੇਚਲ਼ ਵਾਲਾ ਕਾਰਜ ਕਰਨ ਵਾਲ਼ਿਆਂ ਨੂੰ ਕੋਈ ਲਾਭ ਹੁੰਦਾ ਹੋਵੇਗਾ ਤਾਂ ਹੀ ਉਹ ਕਰਦੇ/ਕਰਵਾਉਂਦੇ ਨੇ! ਉਹਨਾਂ ਦੀ ਕੋਈ ਮੰਗ ਜਾਂ ਸੁੱਖਣਾ ਹੁੰਦੀ ਹੋਵੇਗੀ। ਜਿਸ ਡਾਕਟਰ ਕੋਲ਼ੋਂ ਸਾਡੀ ਮਰਜ ਦੂਰ ਨਾ ਹੋਵੇ ਅਸੀਂ ਉਸ ਕੋਲ਼ ਜਾਣਾ ਛੱਡ ਦਿੰਦੇ ਹਾਂ। ਉਸ ਡਾਕਟਰ ਕੋਲ਼ ਹੀ ਮੁੜ ਮੁੜ ਜਾਂਦੇ ਹਾਂ ਜਿਸ ਤੋਂ ਸਾਨੂੰ ਆਰਾਮ ਆਇਆ ਹੋਵੇ। ਏਸੇ ਤਰ੍ਹਾਂ ਅਜਿਹੀਆਂ ਧਾਰਮਿਕ ਰਸਮਾਂ ਬਾਰੇ ਸਮਝਿਆ ਜਾ ਸਕਦਾ ਹੈ ਕਿ ਜਿਸ ਕਾਰਜ ਤੋਂ ਸਾਡੀ ਮਾਨਸਿਕ ਤਸੱਲੀ ਹੁੰਦੀ ਹੈ ਓਹੀ ਕਾਰਜ ਅਸੀਂ ਦੂਸਰੀ ਵਾਰ ਕਰਦੇ ਹਾਂ।




.