.

ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ

ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਮਨੁੱਖ ਨੂੰ ਸ਼ੁਰੂ ਤੋਂ ਹੀ ਇਸ ਜੀਵਨ-ਜੁਗਤ ਨੂੰ ਅਪਣਾਉਣ ਦੀ ਪ੍ਰੇਰਨਾ ਕੀਤੀ ਗਈ ਹੈ। ਗੁਰਮਤਿ ਵਿੱਚ ਚਾਰ ਆਸ਼੍ਰਮ ਦੀ ਧਾਰਨਾ ਨੂੰ ਪਰਵਾਨ ਨਹੀਂ ਕੀਤਾ ਗਿਆ ਹੈ। ਵਰਨਾਸ਼੍ਰਮ ਵਿੱਚ ਮਨੁੱਖ ਦੀ ਸੌ ਸਾਲ ਉਮਰ ਮੰਨ ਕੇ ਇਸ ਨੂੰ ਪਹਿਲੇ ਪੱਚੀ ਸਾਲ ਬ੍ਰਹਮਚਾਰਜ ਧਾਰਨ ਕਰਨ, ਪੱਚੀ ਸਾਲ ਗ੍ਰਿਹਸਥਾਸ਼੍ਰਮ, ਪੱਚੀ ਸਾਲ ਵਾਨਪ੍ਰਸਤ ਅਤੇ ਅੰਤਲੇ ਪੱਚੀ ਸਾਲ ਸੰਨਿਆਸ ਧਾਰਨ ਲਈ ਕਿਹਾ ਗਿਆ ਹੈ। ਗੁਰਬਾਣੀ ਵਿੱਚ ਮਨੁੱਖ ਨੂੰ ਹੋਸ਼ ਸੰਭਾਲਣ `ਤੇ ਹੀ ਇਸ ਜੀਵਨ-ਜੁਗਤ ਨੂੰ ਧਾਰਨ ਕਰਨ ਦੀ ਭਰਪੂਰ ਪ੍ਰੇਰਨਾ ਹੈ। ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦਿਆਂ ਹੋਇਆਂ ਇਹ ਦ੍ਰਿੜ ਕਰਾਉਂਦੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਜੋ ਕੁੱਝ ਦੇਖਦੇ, ਕਰਦੇ, ਪੜ੍ਹਦੇ ਜਾਂ ਸੁਣਦੇ ਹਾਂ, ਉਹ ਸਾਡੀ ਸਖ਼ਸ਼ੀਅਤ ਅਥਵਾ ਸੁਭਾਅ ਦਾ ਅਤੁੱਟ ਹਿੱਸਾ ਬਣਦਾ ਜਾਂਦਾ ਹੈ: ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ॥ (ਪੰਨਾ ੪੬੧) ਅਰਥ: ਹੇ ਭਾਈ! ਜੋ ਕੁੱਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿੱਚ ਉੱਕਰਿਆ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਇਸ ਲਈ ਹੀ ਮਨੁੱਖ ਨੂੰ ਸੋਚ-ਸਮਝ ਨਾਲ ਹਰੇਕ ਕਦਮ ਉਠਾਉਣ ਦੀ ਤਾਕੀਦ ਹੈ: ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥ (ਪੰਨਾ ੪੭੪) ਅਰਥ: ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ (ਜਿਸ ਦਾ ਮਾੜਾ ਫਲ ਭੋਗਣਾ ਪਏ)।
ਗੁਰਬਾਣੀ ਵਿੱਚ ਮਨੁੱਖ ਨੂੰ ਸਮੇਂ ਸਿਰ ਭਾਵ ਜਿਤਨੀ ਛੇਤੀ ਹੋ ਸਕੇ, ਜੀਵਨ ਦੇ ਅਦਰਸ਼ ਨੂੰ ਸਮਝ ਕੇ ਇਸ ਨੂੰ ਅਪਣਾਉਣ ਲਈ ਉਤਸ਼ਾਹਤ ਕੀਤਾ ਹੈ। ਇਸ ਦੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜਿਵੇਂ ਜਿਵੇਂ ਮਨੁੱਖ ਇਸ ਪਾਸੇ ਕਦਮ ਉਠਾਉਣ `ਚ ਦੇਰੀ ਕਰੇਗਾ ਤਿਉਂ ਤਿਉਂ ਇਸ ਨੂੰ ਇਸ ਰਸਤੇ ਉੱਤੇ ਚੱਲਣਾ ਮੁਸ਼ਕਲ ਹੋ ਜਾਵੇਗਾ। ਫਰੀਦ ਸਾਹਿਬ ਇਸ ਹਕੀਕਤ ਨੂੰ ਇਉਂ ਬਿਆਨ ਕਰਦੇ ਹਨ:
ਫਰੀਦਾ ਕਾਲੀਂ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥ ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥ ਅਰਥ: ਹੇ ਫਰੀਦ! ਕਾਲੇ ਕੇਸਾਂ ਦੇ ਹੁੰਦਿਆਂ ਜਿਨ੍ਹਾਂ ਨੇ ਪਤੀ-ਪ੍ਰਭੂ ਨਾਲ ਪਿਆਰ ਨਹੀਂ ਕੀਤਾ, ਉਨ੍ਹਾਂ ਵਿਚੋਂ ਕੋਈ ਵਿਰਲਾ ਹੀ ਧਉਲੇ ਆਇਆਂ (ਭਾਵ, ਬਿਰਧ ਉਮਰੇ) ਰੱਬ ਨੂੰ ਯਾਦ ਕਰ ਸਕਦਾ ਹੈ।
ਨੋਟ: ਫਰੀਦ ਸਾਹਿਬ ਦੇ ਇਸ ਸਲੋਕ ਤੋਂ ਅਗਲਾ ਸਲੋਕ ਗੁਰੂ ਅਮਰਦਾਸ ਜੀ ਦਾ ਹੈ। ਸਤਿਗੁਰੂ ਜੀ ਨੇ ਫਰੀਦ ਸਾਹਿਬ ਦੇ ਇਸ ਸਲੋਕ ਦੇ ਭਾਵ ਨੂੰ ਹੋਰ ਖੋਲਦਿਆਂ ਹੋਇਆਂ ਇਸ ਨਾਲ ਸਬੰਧਤ ਇੱਕ ਹੋਰ ਪੱਖ ਨੂੰ ਸਾਡੇ ਸਾਹਮਣੇ ਰੱਖਿਆ ਹੈ: ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ॥ ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ॥ ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥ (ਪੰਨਾ ੧੩੭੮) ਅਰਥ: (ਹੇ ਫਰੀਦ!) ਤੂੰ ਸਾਂਈਂ ਪ੍ਰਭੂ ਨਾਲ ਪਿਆਰ ਕਰ, (ਇਹ) ਪਿਆਰ (ਨਿੱਤ) ਨਵਾਂ ਰਹੇਗਾ (ਦੁਨੀਆ ਦੀ ‘ਪੋਟਲੀ’ ਵਾਲਾ ਪਿਆਰ ਤਾਂ ਸਰੀਰ- ‘ਸਾਖ’ ਪੱਕਣ ਤੇ ਟੁੱਟ ਜਾਇਗਾ)।
ਜਿਵੇਂ ਜਿਵੇਂ ਮਨੁੱਖ ਦੀ ਉਮਰ ਗੁਜ਼ਰਦੀ ਹੈ ਤਿਉਂ ਤਿਉਂ ਇਸ ਦੀਆਂ ਆਦਤਾਂ ਪਕੇਰੀਆਂ ਹੁੰਦੀਆਂ ਜਾਂਦੀਆਂ ਹਨ। ਇਸ ਲਈ ਹੀ ਹਜ਼ੂਰ ਮਨੁੱਖ ਨੂੰ ਜਿਤਨਾ ਛੇਤੀ ਹੋ ਸਕੇ ਗੁਰਮਤਿ ਦੀ ਜੀਵਨ-ਜੁਗਤ ਨੂੰ ਅਪਣਾਉਣ ਲਈ ਕਹਿੰਦੇ ਹਨ:
ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ॥ ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ॥ (ਪੰਨਾ ੭੮੯) ਅਰਥ:-ਹੇ ਨਾਨਕ! (ਤ੍ਰਿਸ਼ਨਾ-ਅੱਗ ਵਿਚ) ਸੜੇ ਹੋਏ ਇਸ ਸਰੀਰ ਨੇ ਪ੍ਰਭੂ ਦਾ ‘ਨਾਮ’ ਵਿਸਾਰ ਦਿੱਤਾ ਹੈ, ਸੋ, ਸਰੀਰ ਦੇ ਮੋਹ ਨੂੰ ਮੁਕਾ ਦੇਹ। (ਤ੍ਰਿਸ਼ਨਾ ਦੇ ਕਾਰਣ) ਗਿਰਾਵਟ ਵਿੱਚ ਆਏ ਇਸ ਹਿਰਦੇ-ਤਲਾਬ ਵਿੱਚ (ਪਾਪਾਂ ਦੀ) ਪਰਾਲੀ ਇਕੱਠੀ ਹੋ ਰਹੀ ਹੈ (ਇਸ ਨੂੰ ਕੱਢਣ ਲਈ) ਫਿਰ ਪੇਸ਼ ਨਹੀਂ ਜਾਇਗੀ।
ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ॥ ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ॥ (ਪੰਨਾ ੧੩੭੫)
ਅਰਥ: ਗੁਰਬਾਣੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਗੁਰਬਾਣੀ ਦੇ ਇਸ ਸੱਚ ਨੂੰ ਇਉਂ ਬਿਆਨ ਕਰਦੇ ਹਨ:
ਜੈਸੇ ਘਰਿ ਲਾਗੈ ਆਗਿ ਜਾਗਿ ਕੂਆ ਖੋਦੀਓ ਚਾਹੈ॥ ਕਾਰਜ ਨ ਸਿਧਿ ਹੋਇ ਰੋਇ ਪਛੁਤਾਈਐ। ਅਰਥ: ਜਿਵੇਂ ਸੁੱਤੇ ਪਿਆਂ ਘਰ ਵਿੱਚ ਅੱਗ ਲਗਣ `ਤੇ, ਕੋਈ ਜਾਗ ਕੇ ਖੂਹ ਪੁਟਣਾ ਚਾਹੇ ਤਾਂ ਕਾਰਜ ਸਫਲ ਨਹੀਂ ਹੁੰਦਾ, ਸਗੋਂ ਰੋ ਕੇ ਪਛੁਤਾਣਾ ਪੈਂਦਾ ਹੈ।
ਜੈਸੇ ਤਉ ਸੰਗ੍ਰਾਮ ਸਮੈ ਸੀਖਿਓ ਚਾਹੈ ਬੀਰ ਬਿਦਿਆ॥ ਅਨਿਥਾ ਉਦਮ ਜੈਤ ਪਦਵੀ ਨ ਪਾਈਐ।
ਅਰਥ: ਜਿਵੇਂ ਕੋਈ ਜੁਧ ਸਮੇਂ ਜੁਧ-ਵਿਦਿਆ ਸਿਖਣੀ ਚਾਹੇ ਤਾਂ ਇਹ ਉਦਮ ਫ਼ਜ਼ੂਲ ਹੈ, ਇਉਂ ਜਿਤ ਦੀ ਪਦਵੀ ਨਹੀਂ ਪਾਈ ਜਾ ਸਕਦੀ।
ਜੈਸੇ ਨਿਸਿ ਸੋਵਤ ਸੰਘਾਤੀ ਚਲਿ ਜਾਤਿ ਪਾਛੇ ਭੋਰ ਭਏ ਭਾਰ ਬਾਧ ਚਲੇ ਕਤ ਜਾਈਐ। ਅਰਥ: ਜਿਵੇਂ ਕਿਸੇ ਯਾਤਰਾ ਸਮੇਂ ਰਾਤ ਨੂੰ ਸੌਂ ਜਾਣ ਕਰਕੇ, ਨਾਲ ਦੇ ਯਾਤਰੂ-ਸਾਥੀ ਤੁਰ ਜਾਣ ਤਾਂ ਪਿੱਛੋਂ ਪ੍ਰਭਾਤ ਹੋਣ `ਤੇ ਭਾਰ ਬੰਨ੍ਹ ਕੇ ਉਹ ਅਨਜਾਣ ਕਿਥੇ ਚਲ ਕੇ ਜਾਵੇਗਾ?
ਤੈਸੇ ਮਾਇਆ ਧੰਧ ਅੰਧ ਅਵਿਧ ਬਿਹਾਇ ਜਾਇ॥ ਅੰਤਕਾਲ ਕੈਸੇ ਹਰਿਨਾਮ ਲਿਵ ਲਾਈਐ॥ ਅਰਥ: ਇਸੇ ਤਰ੍ਹਾਂ ਅਗਿਆਨੀ ਪ੍ਰਾਣੀ ਦੀ ਮਾਇਆ ਦੇ ਧੰਧਿਆਂ ਵਿੱਚ ਉਮਰਾ ਬੀਤ ਜਾਂਦੀ ਹੈ। ਮਾਇਆ-ਗ੍ਰਸੀ ਸੁਰਤਿ ਵਾਲਾ ਪ੍ਰਾਣੀ ਅੰਤ ਕਾਲ ਕਿਵੇਂ ਹਰਿ ਨਾਮ ਵਿੱਚ ਲਿਵ ਲਾ ਸਕਦਾ ਹੈ?
ਕਹਿੰਦੇ ਨੇ ਇੱਕ ਸ਼ਾਹੂਕਾਰ ਬੀਮਾਰ ਹੋ ਗਿਆ। ਸ਼ਾਹੂਕਾਰ ਨੇ ਆਪਣੀ ਬੀਮਾਰੀ ਦਾ ਇਲਾਜ ਤਾਂ ਬਹੁਤ ਕਰਾਇਆ ਪਰ ਬੀਮਾਰੀ ਠੀਕ ਹੋਣ ਦੀ ਬਜਾਏ ਹੋਰ ਭਿਆਨਕ ਰੂਪ ਧਾਰਨ ਕਰਨ ਲੱਗ ਪਈ। ਸਿੱਟੇ ਵਜੋਂ ਸ਼ਾਹੂਕਾਰ ਦੀ ਸਿਹਤ ਵਿਗੜਦੀ ਹੀ ਚਲੀ ਗਈ। ਆਖ਼ਰ ਸ਼ਾਹੂਕਾਰ ਦੇ ਜੀਵਨ ਵਿੱਚ ਵੀ ਉਹ ਘੜੀ ਆ ਗਈ ਜੋ ਹਰੇਕ ਮਨੁੱਖ ਦੇ ਜੀਵਨ ਵਿੱਚ ਆਉਂਦੀ ਹੈ। ਡਾਕਟਰ ਨੇ ਸ਼ਾਹੂਕਾਰ ਅਤੇ ਇਸ ਦੇ ਪਰਵਾਰ ਦੇ ਜੀਆਂ ਨੂੰ ਦੱਸ ਦਿੱਤਾ ਕਿ ਹੁਣ ਸ਼ਾਹੂਕਾਰ ਕੁੱਝ ਘੜੀਆਂ ਦਾ ਹੀ ਪ੍ਰਾਹੁਣਾ ਹੈ। ਸ਼ਾਹੂਕਾਰ ਲਈ ਇਹ ਸਮਾਂ ਤਾਂ ਅਤਿ ਦੁਖਦਾਈ ਸੀ ਹੀ, ਪਰਵਾਰ ਲਈ ਵੀ ਬੜਾ ਕਸ਼ਟ ਦਾਇਕ ਸਮਾਂ ਸੀ। ਸ਼ਾਹੂਕਾਰ ਦੇ ਤਿੰਨੇ ਪੁੱਤਰ ਅਤੇ ਪਤਨੀ ਉਸ ਦੇ ਪਾਸ ਬੈਠੇ ਹੋਏ ਰੱਬ ਅੱਗੇ ਜੋਦੜੀ ਕਰ ਰਹੇ ਸਨ। ਪਤਨੀ ਨੇ ਦੇਖਿਆ ਕਿ ਸੇਠ ਹੁਰਾਂ ਨੇ ਅੱਖਾਂ ਖੋਹਲੀਆਂ ਹਨ। ਪਤਨੀ ਨੂੰ ਇਹ ਦੇਖ ਕੇ ਬੜੀ ਖ਼ੁਸ਼ ਹੋਈ। ਉਸ ਨੇ ਸਮਝਿਆ ਉਨ੍ਹਾਂ ਦੀ ਬੇਨਤੀ ਰੱਬੀ ਦਰਗਾਹ ਵਿੱਚ ਪਰਵਾਨ ਹੋ ਗਈ ਹੈ। ਖ਼ੁਸ਼ੀ ਵਿੱਚ ਫੁਲੀ ਹੋਈ ਸੇਠਾਣੀ ਜਿਉਂ ਹੀ ਸੇਠ ਦੇ ਨੇੜੇ ਹੋਈ ਤਾਂ ਸੇਠ ਨੇ ਆਪਣੇ ਵੱਡੇ ਪੁੱਤਰ ਦਾ ਨਾਮ ਲਿਆ। ਘਰ ਵਾਲੀ ਸੇਠ ਦਾ ਧਿਆਨ ਵੱਡੇ ਪੁੱਤਰ ਵਲ ਜੋ ਸੱਜੇ ਪਾਸੇ ਬੈਠਾ ਹੋਇਆ ਸੀ ਦਿਵਾਇਆ। ਸੇਠ ਨੇ ਫਿਰ ਆਪਣੇ ਮਝਲੇ ਪੁੱਤਰ ਬਾਰੇ ਪੁੱਛਿਆ। ਸੇਠਾਣੀ ਨੇ ਖੱਬੇ ਪਾਸੇ ਬੈਠੇ ਹੋਏ ਮਝਲੇ ਪੁੱਤਰ ਵਲ ਉਸ ਦਾ ਧਿਆਨ ਦੁਆਦਿਆਂ ਕਿਹਾ ਇਹ ਵੀ ਤੁਹਾਡੇ ਪਾਸ ਹੀ ਬੈਠਾ ਹੋਇਆ ਹੈ। ਸੇਠ ਨੇ ਹੁਣ ਕੁੱਝ ਤਲਖ਼ੀ ਜਿਹੀ ਵਿੱਚ ਆਪਣੇ ਛੋਟੇ ਬੇਟੇ ਬਾਰੇ ਪੁੱਛਿਆ। ਸੇਠਾਣੀ ਨੇ ਜਿਉਂ ਹੀ ਉਸ ਬਾਰੇ ਵੀ ਦੱਸਿਆ ਕਿ ਉਹ ਤੁਹਾਡੇ ਸਿਰ੍ਹਾਣੇ ਬੈਠਾ ਹੈ। ਸੇਠ ਨੇ ਉਠਣ ਦੀ ਕੋਸ਼ਸ਼ ਕਰਦਿਆਂ ਬੜੇ ਗੁੱਸੇ ਵਿੱਚ ਕਿਹਾ ਕਿ ਤੁਸੀਂ ਸਾਰਿਆਂ ਨੇ ਇੱਥੇ ਡੇਰਾ ਲਾਇਆ ਹੋਇਆ ਹੈ, ਦੁਕਾਨ `ਤੇ ਕੌਣ ਹੈ? ਜਿਸ ਮਨੁੱਖ ਨੇ ਸਾਰੀ ਉਮਰ ਦੁਕਾਨ `ਤੇ ਬੈਠ ਕੇ ਹੀ ਬਿਤੀਤ ਕੀਤੀ ਹੋਵੇ, ਉਸ ਨੂੰ ਇਸ ਸਮੇਂ ਵੀ ਦੁਕਾਨ ਦਾ ਚੇਤੇ ਆਉਣਾ ਸੁਭਾਵਿਕ ਹੈ।
ਗੁਰਬਾਣੀ ਦੇ ਨਿਮਨ ਲਿਖਤ ਸ਼ਬਦ ਵਿੱਚ ਵੀ ਇਸ ਸਚਾਈ ਨੂੰ ਹੀ ਦਰਸਾਇਆ ਗਿਆ ਹੈ:
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ॥ ੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥ ਰਹਾਉ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬੇਸਵਾ ਜੋਨਿ ਵਲਿ ਵਲਿ ਅਉਤਰੈ॥ ੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਸੂਕਰ ਜੋਨਿ ਵਲਿ ਵਲਿ ਅਉਤਰੈ॥ ੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ॥ ੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ॥ ੫॥ (ਪੰਨਾ ੫੨੬)
ਅਰਥ:-ਹੇ ਭੇਣ! (ਮੇਰੇ ਲਈ ਅਰਦਾਸ ਕਰ) ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ (ਤਾਂ ਜੁ ਅੰਤ ਵੇਲੇ ਭੀ ਉਹ ਪਰਮਾਤਮਾ ਹੀ ਚੇਤੇ ਆਵੇ)। ਰਹਾਉ।
ਜੋ ਮਨੁੱਖ ਮਰਨ ਵੇਲੇ ਧਨ-ਪਦਾਰਥ ਚੇਤੇ ਕਰਦਾ ਹੈ ਤੇ ਇਸੇ ਸੋਚ ਵਿੱਚ ਹੀ ਮਰ ਜਾਂਦਾ ਹੈ, ਉਹ ਮੁੜ ਮੁੜ ਸੱਪ ਦੀ ਜੂਨੇ ਪੈਂਦਾ ਹੈ। ੧।
ਜੋ ਮਨੁੱਖ ਮਰਨ ਸਮੇਂ (ਆਪਣੀ) ਇਸਤਰੀ ਨੂੰ ਹੀ ਯਾਦ ਕਰਦਾ ਹੈ ਤੇ ਇਸੇ ਯਾਦ ਵਿੱਚ ਪ੍ਰਾਣ ਤਿਆਗ ਦੇਂਦਾ ਹੈ, ਉਹ ਮੁੜ ਮੁੜ ਵੇਸਵਾ ਦਾ ਜਨਮ ਲੈਂਦਾ ਹੈ। ੨।
ਜੋ ਮਨੁੱਖ ਅੰਤ ਵੇਲੇ (ਆਪਣੇ) ਪੁੱਤ੍ਰਾਂ ਨੂੰ ਹੀ ਯਾਦ ਕਰਦਾ ਹੈ ਤੇ ਪੁੱਤ੍ਰਾਂ ਨੂੰ ਯਾਦ ਕਰਦਾ ਕਰਦਾ ਹੀ ਮਰ ਜਾਂਦਾ ਹੈ, ਉਹ ਸੂਰ ਦੀ ਜੂਨੇ ਮੁੜ ਮੁੜ ਜੰਮਦਾ ਹੈ। ੩।
ਜੋ ਮਨੁੱਖ ਅਖ਼ੀਰ ਵੇਲੇ (ਆਪਣੇ) ਘਰ ਮਹਲ-ਮਾੜੀਆਂ ਦੇ ਹਾਹੁਕੇ ਲੈਂਦਾ ਹੈ ਤੇ ਇਨ੍ਹਾਂ ਹਾਹੁਕਿਆਂ ਵਿੱਚ ਸਰੀਰ ਛੱਡ ਜਾਂਦਾ ਹੈ, ਉਹ ਮੁੜ ਮੁੜ ਪ੍ਰੇਤ ਬਣਦਾ ਹੈ। ੪।
ਤ੍ਰਿਲੋਚਨ ਆਖਦਾ ਹੈ-ਜੋ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿੱਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ, ਉਹ ਮਨੁੱਖ (ਧਨ, ਇਸਤਰੀ, ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ) ਅਜ਼ਾਦ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਆ ਵੱਸਦਾ ਹੈ। ੫।
ਗੁਰਬਾਣੀ ਵਿੱਚ ਉਪਰੋਕਤ ਕਾਰਨ ਤੋਂ ਇਲਾਵਾ ਸਰੀਰਕ ਪੱਖ ਨੂੰ ਸਾਹਮਣੇ ਰੱਖਦਿਆਂ ਹੋਇਆਂ ਮਨੁੱਖ ਨੂੰ ਹੋਸ਼ ਸੰਭਾਲਦਿਆਂ ਹੀ ਇਸ ਰਸਤੇ ਦਾ ਰਾਹੀ ਬਣਨ ਲਈ ਪ੍ਰੇਰਿਆ ਹੈ:
ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ॥ ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ॥ (ਪੰਨਾ ੩੮੯) ਅਰਥ: ਪੈਰ, ਸਿਰ, ਹੱਥ ਕੰਬਣ ਲੱਗ ਜਾਂਦੇ ਹਨ, ਅੱਖਾਂ ਵਿਚੋਂ ਆਪ-ਮੁਹਾਰੇ ਪਾਣੀ ਵਗੀ ਜਾਂਦਾ ਹੈ, ਜੀਭ ਵਿਚੋਂ ਕੋਈ ਸਾਫ਼ ਲਫ਼ਜ਼ ਨਹੀਂ ਨਿਕਲਦਾ। ਹੇ ਮੂਰਖ! (ਕੀ) ਉਸ ਵੇਲੇ ਤੂੰ ਧਰਮ ਕਮਾਣ ਦੀ ਆਸ ਕਰਦਾ ਹੈਂ? ।
ਗੁਰਬਾਣੀ ਮਨੁੱਖ ਨੂੰ ਨਿਰਾਸਤਾ ਦੇ ਖਾਰੇ ਸਮੁੰਦਰ ਵਿੱਚ ਸੁੱਟ ਕੇ ਇਸ ਦੇ ਬਚਾਓ ਦੇ ਰਸਤੇ ਬੰਦ ਨਹੀਂ ਕਰਦੀ ਹੈ। ਸਵਾਸਾਂ ਦੀ ਅਮੋਲਕ ਪੂੰਜੀ ਨੂੰ ਅੰਨ੍ਹੇ ਵਾਹ ਬਿਨਾਂ ਵਿਚਾਰਿਆਂ ਲੁਟਾ ਕੇ ਹੋਸ਼ ਵਿੱਚ ਆਉਣ ਵਾਲੇ ਨੂੰ ਆਸ ਦੀ ਕਿਰਨ ਦਿਖਾ ਕੇ ਇਸ ਵਿਚੋਂ ਬਾਹਰ ਨਿਕਲਣ ਦੀ ਸੰਭਾਵਨਾ ਨੂੰ ਉਜਾਗਰ ਕਰਦੀ ਹੈ।
ਜੇ ਕੋ ਡੂਬੈ ਫਿਰਿ ਹੋਵੈ ਸਾਰ॥ ਨਾਨਕ ਸਾਚਾ ਸਰਬ ਦਾਤਾਰ॥ (ਪੰਨਾ ੬੬੨) ਅਰਥ: ਹੇ ਨਾਨਕ! (ਨਿਰਾਸਤਾ ਦੀ ਕੋਈ ਲੋੜ ਨਹੀਂ) ਜੇ ਕੋਈ ਮਨੁੱਖ (ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿਚ) ਡੁੱਬਦਾ ਭੀ ਹੈ (ਉਹ ਪ੍ਰਭੂ ਇਤਨਾ ਦਿਆਲ ਹੈ ਕਿ) ਫਿਰ ਭੀ ਉਸ ਦੀ ਸੰਭਾਲ ਹੁੰਦੀ ਹੈ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਕਿਸੇ ਨੂੰ ਵਿਰਵਾ ਨਹੀਂ ਰੱਖਦਾ)।
ਭਾਈ ਗੁਰਦਾਸ ਜੀ ਗੁਰਮਤਿ ਦੇ ਇਸ ਪੱਖ ਨੂੰ ਆਪਣੇ ਇੱਕ ਕਬਿੱਤ ਵਿੱਚ ਇਉਂ ਬਿਆਨ ਕਰਦੇ ਹਨ:-
ਜੈਸੇ ਨਾਉ ਬੂਡਤ ਸੈ ਜੋਈ ਨਿਕਸੈ ਸੋਈ ਭਲੋ ਬੂਡਿ ਗਏ ਪਾਛੇ ਪਛਤਾਇਓ ਰਹਿ ਜਾਤ ਹੈ। ਅਰਥ: ਜਿਵੇਂ ਡੁਬ ਰਹੀ ਬੇੜੀ ਵਿਚੋਂ ਜੋ ਬਚ ਜਾਵੇ, ਉਹ ਭਲਾ ਹੈ, ਨਹੀਂ ਤਾਂ ਡੁਬ ਜਾਣ ਪਿੱਛੋਂ ਪਛੁਤਾਵਾ ਹੀ ਰਹਿ ਜਾਂਦਾ ਹੈ।
ਜੈਸੇ ਘਰ ਲਾਗੇ ਆਗਿ ਜੋਈ ਭਚੈ ਸੋਈ ਭਲੋ ਜਰਿ ਬੁਝੇ ਪਾਛੇ ਕਛੁ ਬਸੁ ਨ ਬਸਾਤ ਹੈ। ਅਰਥ: ਜਿਵੇਂ ਘਰ ਨੂੰ ਅੱਗ ਲਗ ਜਾਵੇ ਤਾਂ ਉਸ ਵਿਚੋਂ ਜੋ ਬਚ ਸਕੇ, ਉਹੀ ਚੰਗਾ ਹੈ, ਨਹੀਂ ਤਾਂ ਸੜ ਕੇ ਬੁਝਣ ਪਿੱਛੋਂ ਕੋਈ ਚਾਰਾ ਨਹੀਂ ਚਲ ਸਕਦਾ।
ਜੈਸੇ ਚੋਰ ਲਾਗੇ ਜਾਗੇ ਜੋਈ ਰਹੈ ਸੋਈ ਭਲੋ ਸੋਇ ਗਏ ਰੀਤੋ ਘਰ ਦੇਖੈ ਉਠਿ ਪ੍ਰਾਤ ਹੈ। ਅਰਥ: ਜਿਵੇਂ ਚੋਰ ਦੇ ਚੋਰੀ ਕਰਦਿਆਂ ਜਾਗ ਪਈਏ ਤਾਂ ਜੋ ਕੁੱਝ ਵੀ ਬਾਕੀ ਰਹਿ ਜਾਏ, ਉਹੋ ਭਲਾ ਹੈ, ਨਹੀਂ ਤਾਂ ਸੁੱਤੇ ਰਹਿਆਂ ਸਵੇਰੇ ਜਾਗ ਕੇ ਖ਼ਾਲੀ ਘਰ ਹੀ ਵੇਖੀਦਾ ਹੈ।
ਤੈਸੇ ਅੰਤ ਕਾਲ ਗੁਰ ਚਰਨ ਸਰਨਿ ਆਵੈ ਪਾਵੈ ਮੋਖ ਪਦਵੀ ਨਾਤਰ ਬਿਲਲਾਤ ਹੈ॥ ਅਰਥ: ਇਸੇ ਤਰ੍ਹਾਂ ਜੇ ਕੋਈ ਭੁੱਲਾ ਪ੍ਰਾਣੀ ਅੰਤ ਸਮੇਂ ਵੀ ਗੁਰੂ ਚਰਨਾਂ ਦੀ ਸ਼ਰਨ ਆ ਜਾਂਦਾ ਹੈ ਤਾਂ ਉਹ ਸੰਸਾਰ ਤੋਂ ਤਰ ਜਾਣ ਵਾਲੀ ਪਦਵੀ ਪ੍ਰਾਪਤ ਕਰ ਲੈਂਦਾ ਹੈ, ਨਹੀਂ ਤਾਂ ਉਹ ਰੋਂਦਾ ਕੁਰਲਾਂਦਾ ਹੀ ਜਾਂਦਾ ਹੈ।
ਸੋ, ਗੱਲ ਕੀ, ਜਿਤਨੀ ਛੇਤੀ ਅਸੀਂ ਇਸ ਅਸਲੀਅਤ ਨੂੰ ਸਮਝ ਕੇ ਇਸ ਨੂੰ ਅਮਲੀ ਰੂਪ ਵਿੱਚ ਅਪਣਾਉਣ ਦੀ ਕੋਸ਼ਸ਼ ਕਰਾਂਗੇ, ਉਤਨਾ ਹੀ ਸਾਡੇ ਲਈ ਇਸ ਮਾਰਗ ਉੱਤੇ ਚਲਣਾ ਆਸਾਨ ਹੋ ਹੋਵੇਗਾ।
ਜਸਬੀਰ ਸਿੰਘ ਵੈਨਕੂਵਰ
.