.

ਕੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸੰਤ ਸਨ ?

ਇਸ ਲੇਖ ਦਾ ਵਿਸ਼ਾ ਪੰਜਾਬ ਵਿੱਚ ਖਾੜਕੂ ਲਹਿਰ ਦੌਰਾਨ ਉੱਭਰੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਨਿਭਾਏ ਰੋਲ ਦਾ ਨਹੀਂ ਹੈ ਨਾਂ ਹੀ ਅਕਾਲ ਤਖਤ ਜਾਂ ਗੁਰਦਵਾਰਿਆਂ ਦੀ ਅਜਿਹੇ ਕਾਜ ਲਈ ਵਰਤੋਂ ਜਾਂ ਉਸ ਲਹਿਰ ਦੌਰਾਨ ਹੋਏ ਲਾਭ/ਨੁਕਸਾਨ ਦੀ ਪੜ੍ਹਚੋਲ ਕਰਨਾ ਹੈ ਬਲਕਿ ਗੁਰਮਤਿ ਦੇ ਦ੍ਰਿਸ਼ਟੀਕੋਣ ਅਨੁਸਾਰ ਜਾਣੇ ਅਣਜਾਣੇ ਸਮੁੱਚੇ ਸਿੱਖ ਪੰਥ ਵਲੋਂ ਉਹਨਾਂ ਦੀ ਸ਼ਖਸ਼ੀਅਤ ਨੂੰ ਬਿਆਨਣ ਲਈ ਵਰਤੇ ਜਾਂਦੇ ਸੰਤ ਪਦ ਦੀ ਸਮੀਖਿਆ ਹੈ।
ਗੁਰਮਤਿ ਦੇ ਦ੍ਰਿਸ਼ਟੀਕੋਣ ਨਾਲ ਸੰਤ ਪਦ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਤਰ੍ਹਾਂ ਵਰਤਿਆ ਗਿਆ ਮੰਨਿਆਂ ਜਾਂਦਾ ਹੈ । ਇੱਕ ਬਚਨ ਦੇ ਤੌਰ ਤੇ ਗੁਰੂ ਜਾਂ ਅਕਾਲਪੁਰਖ ਪਰਥਾਏ, ਬਹੁਬਚਨ ਦੇ ਤੌਰ ਤੇ ਗੁਰਮੁਖਾਂ ਲਈ। ਕਈ ਹੋਰ ਮਜ਼ਹਬਾਂ ਵਿੱਚ ਸੰਤ ਦੀ ਪਦਵੀ ਧਾਰਮਿਕ ਆਗੂ ਵਜੋਂ ਮੰਨੀ ਗਈ ਹੈ। ਪਰ ਸਿੱਖੀ ਵਿੱਚ ਸੰਤ ਸ਼ਬਦ ਗੁਰਮਤਿ ਅਨੁਕੂਲ ਨਹੀਂ ਹੈ । ਗੁਰਮਤਿ ਫਿਲਾਸਫੀ ਅਨੁਸਾਰ ਸੰਤ-ਗਿਰੀ ਜਾਂ ਇਸ ਵਰਗੀ ਕੋਈ ਹੋਰ ਸਥਾਈ ਪ੍ਰਣਾਲੀ ਸਿੱਖੀ ਵਿਰੋਧੀ ਹੈ ।
ਜੋ ਲੋਕ ਸੰਤ ਨੂੰ ਧਾਰਮਿਕ ਆਗੂ ਵਜੋਂ ਪ੍ਰਭਾਸ਼ਿਤ ਕਰਦੇ ਹਨ ਉਹਨਾਂ ਮਜ਼ਹਬਾਂ ਵਿੱਚ ਜਾਤ-ਪਾਤ ਅਨੁਸਾਰ ਧਾਰਮਿਕ ਕੰਮਾ ਦੀ ਵਾਗ ਡੋਰ ਕੇਵਲ ਉੱਚ ਵਰਗ ਕੋਲ ਹੀ ਹੈ। ਬ੍ਰਾਹਮਣ ਕੇਵਲ ਧਾਰਮਿਕ ਰਸਮਾਂ ਲਈ ਹਨ, ਖੱਤਰੀ ਰੱਖਿਆ ਲਈ, ਵੈਸ਼ ਵਪਾਰ ਲਈ ਤੇ ਸ਼ੂਦਰ ਕੇਵਲ ਬਾਕੀਆਂ ਦੀ ਸੇਵਾ ਲਈ । ਪਰ ਗੁਰਮਿਤ ਵਿੱਚ ਨਾ ਹੀ ਜਾਤ-ਪਾਤ ਕਰਕੇ ਨਾ ਹੀ ਊਚ-ਨੀਚ ਕਰਕੇ ਕੋਈ ਵਰਗੀਕਰਣ ਕੀਤਾ ਗਿਆ ਹੈ । ਸਾਰੇ ਹੀ ਕਿਰਦਾਰ ਇੱਕ ਹੀ ਮਨੁੱਖ ਵਿੱਚ ਦਰਸਾਏ ਗਏ ਹਨ । ਸੋ ਬ੍ਰਾਹਮਣ, ਖਤਰੀ, ਵੈਸ਼ ਤੇ ਸ਼ੂਦਰ ਦੁਆਰਾ ਕੀਤੇ ਜਾ ਰਹੇ ਵੱਖ ਵੱਖ ਤਰਾਂ ਦੇ ਸਾਰੇ ਹੀ ਕੰਮ ਕੇਵਲ ਇੱਕ ਹੀ ਮਨੁੱਖ ਆਪ ਕਰਦਾ ਹੈ ਜਿਸ ਨੂੰ ਕਿ ਸਿੱਖ ਕਿਹਾ ਜਾਂਦਾ ਹੈ । ਸੋ ਸਿੱਖ ਵਿੱਚ ਇਹ ਚਾਰੇ ਵਰਗ ਸਮੋਏ ਹੋਏ ਹਨ । ਜੇਕਰ ਕਿਸੇ ਸਿੱਖ ਵਿੱਚੋਂ ਕਿਸੇ ਵਰਗ ਨੂੰ ਵਿਸ਼ੇਸ਼ਤਾ ਜਾਂ ਚਲਾਕੀ ਨਾਲ ਬਾਹਰ ਕੀਤਾ ਜਾਵੇ ਤਾਂ ਉਹ ਸਿੱਖ ਹੀ ਨਹੀਂ ਰਹਿੰਦਾ । ਸਿੱਖਾਂ ਵਿੱਚ ਧਰਮ ਕਰਮ ਜਾਂ ਬ੍ਰਹਮ ਵਿਚਾਰ ਕਰਨ ਵਾਲਿਆਂ ਨੂੰ ਕਿਸੇ ਵੱਖਰੇ ਵਰਗ ਵਜੋਂ ਮਾਨਤਾ ਨਹੀਂ ਦਿੱਤੀ ਜਾ ਸਕਦੀ । ਸੋ ਸਿੱਖ ਕਿਰਤ ਵਿਰਤ ਤੇ ਲੋੜਵੰਦ ਦੀ ਸੇਵਾ ਕਰਦਾ ਹੋਇਆ ਬ੍ਰਹਮ ਵਿਚਾਰ ਵੀ ਖੁਦ ਕਰਦਾ ਹੈ । ਸਿੱਖਾਂ ਵਿੱਚ ਕੁਝ ਵਰਗਾਂ ਨੂੰ ਕੇਵਲ ਆਪਣੀ ਸੇਵਾ ਤੇ ਇਹ ਕਹਿਕੇ ਲਾਉਣਾ ਕਿ ਇਹ ਵਰਗ ਸਿਰਫ ਸੇਵਾ ਲਈ ਹੈ ,ਵੀ ਗੁਰਮਤਿ ਵਿਰੋਧੀ ਹੈ । ਇਹੀ ਸੰਕਲਪ ਸਿੱਖ ਵਿੱਚ ਸਭ ਜਾਤ-ਪਾਤ, ਛੂਆ-ਛਾਤ, ਊਚ-ਨੀਚ ਤੇ ਹਰ ਪ੍ਰਕਾਰ ਦੇ ਵਰਗੀਕਰਣ ਦੇ ਵਖਰੇਵੇਂ ਖਤਮ ਕਰਕੇ ਸਭ ਮਨੁੱਖਾ ਜਾਤੀ ਨੂੰ ਹੀ ਇੱਕ ਸਮਾਨ ਪੇਸ਼ ਕਰਦਾ ਹੋਇਆ ਕਰਤੇ ਨਾਲ ਇੱਕ ਮਿਕਤਾ ਹਾਸਲ ਕਰਾਂਦਾ ਹੈ ।
ਸਾਡਾ ਵਾਹ-ਵਾਸਤਾ ਜਾਤੀ ਪਾਤੀ ਸਿਸਟਮ ਨੂੰ ਮੰਨਣ ਵਾਲੇ ਲੋਕਾਂ ਨਾਲ ਹੀ ਹੋਣ ਕਰਕੇ ਅਸੀਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਸ ਵਰਗੀ ਕਰਣ ਨੂੰ ਜਾਣੇ-ਅਣਜਾਣੇ ਅਪਣਾਈ ਬੈਠੇ ਹਾਂ । ਏਸੇ ਕਾਰਣ ਧਰਮ ਦੇ ਨਾਂ ਤੇ ਵੀ ਵਰਗੀ ਕਰਣ ਕਰਦੇ ਹੋਏ ਰੱਬ ਦੀ ਵਿਚਾਰ ਕਰਨ ਵਾਲਿਆਂ ਨੂੰ ਕੋਈ ਉੱਚੀ ਤੇ ਵੱਖਰੀ ਜਾਤੀ ਮੰਨ ਬੈਠਦੇ ਹਾਂ। ਇੱਥੋਂ ਹੀ ਸਾਡੇ ਅੰਦਰ ਪੁਜਾਰੀ-ਵਾਦ ਦਾ ਬਾਨਣੂ ਬੱਝਦਾ ਹੈ । ਅਸੀਂ ਗੁਰਮਤਿ ਨੂੰ ਭੁੱਲਕੇ ਹਰ ਧਾਰਮਿਕ ਦਿੱਖ ਵਾਲੇ ਮਨੁੱਖ ਨੂੰ ਕਿਸੇ ਵਿਸ਼ੇਸ਼ ਨਾਮ ਨਾਲ ਪ੍ਰਚਾਰਨ ਲੱਗਦੇ ਹਾਂ । ਸੰਤ ਜਾਂ ਇਸ ਵਰਗੇ ਸ਼ਬਦ ਇੱਥੋਂ ਹੀ ਸਾਡੇ ਅੰਦਰ ਪਰਵੇਸ਼ ਕਰ ਜਾਂਦੇ ਹਨ । ਧਿਆਨ ਨਾਲ ਦੇਖਿਆ ਜਾਵੇ ਤਾਂ ਸਿੱਖ ਦੀ ਪਦਵੀ ਇਕੱਲੇ ਸੰਤ ਨਾਲੋਂ ਚਾਰ ਗੁਣਾ ਵੱਡੀ ਹੁੰਦੀ ਹੈ ਕਿਉਂਕਿ ਸਿੱਖ ਵਿੱਚ ਚਾਰੇ ਵਰਗ/ਵਰਣ ਸਮਾਏ ਹੋਏ ਹਨ ਜਦ ਕਿ ਸੰਤ ਕੇਵਲ ਸੰਤ ਹੈ ਜੋ ਕਿ ਗੁਰਮਤਿ ਅਨੁਸਾਰ ਅਧੂਰਾ ਹੈ ।
ਸਾਰੇ ਜਾਣਦੇ ਹਨ ਕਿ ਬਾਬਾ ਜਰਨੈਲ ਸਿੰਘ ਭਿਡਰਾਂ ਵਾਲੇ ਦਮਦਮੀ ਟਕਸਾਲ (ਜੱਥਾ ਭਿੰਡਰਾਂ) ਨਾਲ ਸਬੰਧਤ ਸਨ ਅਤੇ ਇਸਦੇ ਮੁਖੀ ਵੀ ਸਨ। ਉਹਨਾਂ ਦਾ ਪਾਲਣ-ਪੋਸ਼ਣ ਅਤੇ ਸਾਰੀ ਪੜ੍ਹਾਈ ਇਸੇ ਸੰਪਰਦਾ ਅਤੇ ਸੰਪਰਦਾਇਕ ਰਹਿਤ-ਮਰਿਆਦਾ ਅਨੁਸਾਰ ਹੋਈ ਸੀ । ਇਸ ਸੰਪਰਦਾ ਦੇ ਪਹਿਲੇ ਮੁਖੀਆਂ ਨੂੰ ਬਾਬਾ ਅਤੇ ਗਿਆਨੀ ਵੀ ਕਿਹਾ ਜਾਂਦਾ ਸੀ । ਗੁਰਮਤਿ ਅਨੁਸਾਰ ਕਿਸੇ ਜੱਥੇ ਦੇ ਆਗੂ ਨੂੰ ਜੱਥੇਦਾਰ ਤਾਂ ਕਿਹਾ ਜਾ ਸਕਦਾ ਹੈ ਪਰ ਸੰਤ ਨਹੀਂ । ਉਹ ਆਪਣੇ ਜੱਥੇ ਦੇ ਅਨੇਕਾਂ ਸਿੰਘਾਂ ਸਮੇਤ ਸਰਕਾਰੀ ਫੌਜਾਂ ਨਾਲ ਲੜਦੇ ਸ਼ਹੀਦ ਹੋ ਗਏ ਸਨ । ਇਸ ਤਰਾਂ ਉਹਨਾਂ ਦਾ ਰੁਤਬਾ ਹੋਰ ਵੀ ਵੱਡਾ ਹੋ ਜਾਂਦਾ ਹੈ ਕਿਓਂਕਿ ਸ਼ਹੀਦ ਕਿਸੇ ਇੱਕ ਗਰੁੱਪ ਦੇ ਨਾ ਹੋਕੇ ਸਮੁੱਚੀ ਕੌਮ ਦੇ ਹੁੰਦੇ ਹਨ । ਕੋਈ ਵੀ ਸੰਪਰਦਾ, ਡੇਰਾ ਜਾਂ ਉਹਨਾਂ ਦਾ ਪੈਰੋਕਾਰ ਉਹਨਾ ਨੂੰ ਸੰਤ ਕਹਿਣ ਲਈ ਆਜਾਦ ਹੈ ਪਰ ਗੁਰਮਤਿ ਅਨੁਸਾਰ ਸੰਤ ਕਹਿਣ ਨਾਲ ਉਹਨਾ ਦਾ ਕੱਦ ਵੱਡਾ ਨਹੀਂ ਸਗੋਂ ਛੋਟਾ ਹੋ ਜਾਂਦਾ ਹੈ । ਉਹਨਾਂ ਦੇ ਸਤਿਕਾਰ ਲਈ ਉਹ ਸ਼ਬਦ ਜੋ ਗੁਰਮਤਿ ਅਨੁਸਾਰ ਮਰਜੀਵੜੇ ਜਰਨੈਲਾਂ ਦੇ ਹੁੰਦੇ ਹਨ ਵਰਤੇ ਜਾ ਸਕਦੇ ਹਨ । ਬਾਬਾ ਸ਼ਬਦ ਸਿੱਖ ਇਤਿਹਾਸ ਵਿੱਚ ਸਤਿਕਾਰ ਦਾ ਲਖਾਇਕ ਹੈ ਜਿਵੇਂ ਕਿ ਬਾਬਾ ਦੀਪ ਸਿੰਘ ਜੀ, ਬਾਬਾ ਬੁੱਢਾ ਜੀ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬ ਜਾਦਿਆਂ ਨੂੰ ਵੀ ਇਤਿਹਾਸ ਅੰਦਰ ਬਾਬਾ ਸ਼ਬਦ ਕਹਿਕੇ ਸੰਬੋਧਤ ਕੀਤਾ ਮਿਲਦਾ ਹੈ । ਗੁਰੂ ਕਾਲ ਵੇਲੇ ਅਤੇ ਪਿੱਛੋਂ ਦੇ ਸ਼ਹੀਦਾਂ ਜਿਵੇਂ ਕਿ ਖੋਪਰੀਆਂ ਲੁਹਾਉਣ ਵਾਲੇ, ਆਰਿਆਂ ਨਾਲ ਤਨ ਚਰਾਉਣ ਵਾਲੇ, ਬੰਦ-ਬੰਦ ਕਟਵਾਉਣ ਵਾਲੇ ਅਤੇ ਚਰਖੜੀਆਂ ਤੇ ਚੜਨ ਵਾਲਿਆਂ ਨੂੰ ਵੀ ਭਾਈ ਸ਼ਬਦ ਨਾਲ ਸੰਬੋਧਤ ਕੀਤਾ ਜਾਂਦਾ ਸੀ। ਜੱਥੇਦਾਰ ਸ਼ਬਦ ਵੀ ਇਤਿਹਾਸ ਵਿੱਚ ਸਤਿਕਾਰ ਨਾਲ ਵਰਤਿਆ ਜਾਂਦਾ ਸੀ ।ਜਿਵੇਂ ਕਿਸੇ ਜੱਥੇ ਦੇ ਆਗੂ ਨੂੰ ਜੱਥੇਦਾਰ ਕਿਹਾ ਜਾਂਦਾ ਹੈ ਉਸੇ ਤਰਾਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਜੱਥੇਦਾਰ ਕਹਿਣਾ ਜਿਆਦਾ ਠੀਕ ਜਾਪਦਾ ਹੈ। ਕਿਸੇ ਵੇਲੇ ਉਹ ਆਪਣੇ ਹੀ ਜੱਥੇ ਦੇ ਜੱਥੇਦਾਰ ਸਨ ਪਰ ਉਹ ਅਕਾਲ ਤਖਤ ਤੇ ਆਕੇ ਆਪਣੇ ਹੀ ਜੱਥੇ ਲਈ ਨਹੀਂ ਸਗੋਂ ਪੂਰੀ ਸਿੱਖ ਕੌਮ ਦੇ ਜੱਥੇਦਾਰ ਵਾਂਗ ਅੱਗੇ ਹੋਕੇ ਲੜੇ । ਪਰ ਸਾਡੀ ਰਾਜਨੀਤੀ ਇਹ ਪਸੰਦ ਨਹੀਂ ਕਰੇਗੀ ਕਿਓਂਕਿ ਉਹ ਕਿਸੇ ਜੱਥੇ ਨੂੰ ਸਾਂਭਣ ਵਾਲੇ ਨੂੰ ਨਹੀਂ ਸਗੋਂ ਇਮਾਰਤਾਂ ਦੇ ਪ੍ਰਬੰਧ ਕਰਨ ਵਾਲਿਆਂ ਨੂੰ ਜੱਥੇਦਾਰ ਮੰਨਦੀ ਹੈ ਉਹ ਵੀ ਆਪਦੀ ਮਰਜੀ ਦੇ ਨਿਯੁਕਤ ਕੀਤੇ ਹੋਏ । ਵੈਸੇ ਵੀ ਜੱਥੇਦਾਰ ਕੌਮ ਨੇ ਮੰਨਣਾਂ ਹੁੰਦਾ ਹੈ ਨਾਂ ਕਿ ਰਾਜਨੀਤਕ ਆਗੂਆਂ ਨੇ ਥੋਪਣਾਂ । ਜੇ ਕੌਮ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਨੂੰ ਜੱਥੇਦਾਰ ਕਿਹਾ ਜਾਣ ਲਗ ਗਿਆ ਫਿਰ ਰਾਜਨੀਤਕਾਂ ਦਾ ਕੀ ਬਣੇਗਾ। ਰਾਜਨੀਤੀ ਤਾਂ ਗੁਰਮਤਿ ਫਿਲਾਸਫੀ ਨੂੰ ਛੱਡਕੇ ਪੰਜ ਪੰਜ ਜੱਥੇਦਾਰ ਬਿਨਾਂ ਜੱਥਿਆਂ ਦੇ ਬਣਾ ਕੇ ਰੱਖਦੀ ਹੈ । ਕਿੱਥੇ ਸਿੱਖੀ ਲਈ ਜਾਨਾਂ ਵਾਰਨ ਵਾਲੇ ਅਤੇ ਕਿੱਥੇ ਕੇਵਲ ਪਰਬੰਧਕ ਉਹ ਵੀ ਰਾਜਨੀਤਕਾਂ ਦੇ ਇਸ਼ਾਰੇ ਤੇ ਚੱਲਣ ਵਾਲੇ । ਇਹ ਸਾਡੀ ਤ੍ਰਾਸਦੀ ਹੀ ਹੈ ਕਿ ਕੌਮ ਦੀ ਸੇਵਾ ਕਰਨ ਵਾਲੇ ਨਾਲੋਂ ਲਫਾਫੇ ਵਿੱਚੋਂ ਨਿਕਲੇ ਨਾਮ ਨੂੰ ਹੀ ਜੱਥੇਦਾਰ ਸਮਝਦੇ ਹਾਂ ।
ਜੱਗ ਜਣਦਾ ਹੈ ਕਿ ਨਾਮਧਾਰੀ (ਕੂਕੇ) ਦੇਹਧਾਰੀ ਪ੍ਰਥਾ ਵਿੱਚ ਵਿਸ਼ਵਾਸ ਰੱਖਦੇ ਹਨ। ਪਰ ਅਜਾਦੀ ਦੇ ਘੋਲ ਵੇਲੇ 40 ਨਾਮਧਾਰੀਆਂ ਨੇ ਤੋਪਾਂ ਅੱਗੇ ਖੜਕੇ ਸ਼ਹੀਦੀਆਂ ਦਿਤੀਆਂ। ਕੋਈ ਵੀ ਸ਼ਹੀਦੀ ਤੋਂ ਪਿੱਛੇ ਨਹੀਂ ਹਟਿਆ । ਦੱਸਿਆ ਜਾਂਦਾ ਹੈ ਕਿ ਇੱਕ ਆਦਮੀ ਜੋ ਕੱਦ ਵਿੱਚ ਛੋਟਾ ਸੀ ਅਤੇ ਤੋਪ ਦੀ ਮਾਰ ਤੋਂ ਥੱਲੇ ਰਹਿ ਸਕਦਾ ਸੀ ਨੂੰ ਚਲੇ ਜਾਣ ਦਾ ਹੁਕਮ ਦਿੱਤਾ ਗਿਆ । ਪਰ ਉਹ ਕੁਝ ਇੱਟਾਂ ਲਿਆਕੇ ਉਸ ਉੱਤੇ ਖੜ ਗਿਆ ਤਾਂ ਕਿ ਤੋਪ ਦੀ ਰੇਂਜ ਵਿੱਚ ਆਕੇ ਆਪਣੇ ਸਾਥੀਆਂ ਵਾਂਗ ਸ਼ਹੀਦ ਹੋ ਸਕੇ । ਭਾਵੇਂ ਕਿ ਸਿੱਖ ਨਾਂ ਤਾਂ ਉਹਨਾਂ ਦੀ ਮਰਿਆਦਾ ਮੰਨਦੇ ਹਨ, ਨਾਂ ਹੀ ਦੇਹਧਾਰੀ ਪ੍ਰਥਾ ਵਿੱਚ ਵਿਸ਼ਵਾਸ ਰੱਖਦੇ ਹਨ, ਫਿਰ ਵੀ ਸ਼ਹੀਦਾਂ ਦਾ ਸਤਿਕਾਰ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹਟਦੇ ਕਿਓਂਕਿ ਇਹ ਨਾਮਧਾਰੀ, ਅਜਾਦੀ ਦੀ ਲੜਾਈ ਦੌਰਾਨ ਹੀ ਹਕੂਮਤ ਵਲੋਂ ਬਾਗੀ ਕਹਿ ਕੇ ਤੋਪਾਂ ਨਾਲ ਉਡਾਏ ਗਏ ਸਨ । ਉਸੇ ਤਰਾਂ ਜਰਨੈਲ ਸਿੰਘ ਭਿੰਡਰਾਂਵਾਲੇ ਭਾਵੇਂ ਦਮਦਮੀ ਟਕਸਾਲ (ਜੱਥਾਂ ਭਿੰਡਰਾਂ) ਨਾਲ ਸਬੰਧਤ ਸਨ ਪਰ ਉਹਨਾਂ ਨੇ ਆਪਣੇ ਜੱਥੇ ਲਈ ਨਹੀਂ ਸਗੋਂ ਸਮੁੱਚੇ ਸਿੱਖ ਪੰਥ ਲਈ ਸ਼ਹਾਦਤ ਦਿੱਤੀ ਇਸ ਲਈ ਉਹ ਕਿਸੇ ਇੱਕ ਜੱਥੇ ਦੇ ਨਹੀਂ ਸਗੋਂ ਪੂਰੇ ਸਿੱਖ ਪੰਥ ਦੇ ਸ਼ਹੀਦ ਹਨ । ਇਸ ਲਈ ਭਾਵੇਂ ਅੱਜ ਦੇ ਸਮੇਂ ਵਿੱਚ ਗੁਰਮਤਿ ਫਿਲਾਸਫੀ ਨੂੰ ਸਮਝਣ ਵਾਲੇ ਸਿੱਖ ਦਮਦਮੀ ਟਕਸਾਲ ਜਾਂ ਇਸਦੀ ਮਰਿਆਦਾ ਨਾਲ ਸਹਿਮਤ ਨਾਂ ਵੀ ਹੋਣ ਤਾਂ ਵੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪੰਥ ਦੇ ਸ਼ਹੀਦ ਮੰਨਕੇ ਸਤਿਕਾਰ ਕਰਦੇ ਹਨ।
ਸਿੱਖ ਫਿਲਾਸਫੀ ਤੋਂ ਅਣਜਾਣ ਬਹੁਤ ਸਾਰੇ ਲੋਕ ਸਾਧ-ਪ੍ਰਥਾ ਦੇ ਅਸਰ ਹੇਠ ਇਹ ਹੀ ਸਮਝਦੇ ਹਨ ਕਿ ਸ਼ਾਇਦ ਸੰਤ ਕਹਿਣ ਨਾਲ ਸਤਿਕਾਰ ਜਿਆਦਾ ਬਣਦਾ ਹੈ ਇਸੇ ਲਈ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸੰਤ ਸ਼ਬਦ ਲਾਕੇ ਹੀ ਖੁਸ਼ ਹੋ ਜਾਂਦੇ ਹਨ । ਸੰਤ ਸ਼ਬਦ ਦੀ ਅਜਿਹੀ ਪ੍ਰਤਿਸ਼ਠਾ ਦੇਖਕੇ ਹੀ, ਅੱਜ ਕਲ ਲੱਖਾਂ ਲੋਕ ਆਪਦੇ ਨਾਮ ਨਾਲ ਸੰਤ ਲਗਾਕੇ ਭੋਲੇ ਸ਼ਰਧਾਲੂਆਂ ਦੀ ਮਾਨਸਿਕ ਅਤੇ ਆਰਥਿਕ ਲੁੱਟ ਕਰ ਰਹੇ ਹਨ । ਵੈਸੇ ਵੀ ਅੱਜ ਦੇ ਸਮੇਂ ਸਿੱਖ ਮਤ ਉੱਪਰ ਸਾਧ ਮਤ ਦੇ ਹਾਵੀ ਹੋਣ ਕਾਰਣ ਆਮ ਸ਼ਰਧਾਲੂ ਦੀ ਮਾਨਸਿਕਤਾ ਹੀ ਅਜਿਹੀ ਬਣਾ ਦਿੱਤੀ ਗਈ ਹੈ ਕਿ ਉਸਨੂੰ ਭਾਈ,ਬਾਬਾ ਜਾਂ ਜੱਥੇਦਾਰ ਸ਼ਬਦ ਵਿੱਚ ਉਹ ਸਤਿਕਾਰ ਨਹੀਂ ਜਾਪਦਾ ਜੋ ਸੰਤ ਕਹਿਣ ਨਾਲ ਜਾਪਦਾ ਹੈ । ਸ਼ਰਧਾਲੂ ਇਹ ਸਮਝਣ ਤੋਂ ਅਸਮਰੱਥ ਹਨ ਕਿ ਬਿਪਰੀ ਸੋਚ ਦਾ ਗੁਰਮਤਿ ਵਿੱਚ ਕਿਸੇ ਵੀ ਰੂਪ ਜਾਂ ਹਾਲਾਤਾਂ ਵਿੱਚ ਸੰਤ ਪਦ ਜਿੰਦਾ ਰੱਖਣਾਂ ਉਸ ਨੂੰ ਭਵਿੱਖ ਵਿੱਚ ਬਹਾਨਾ ਦੇਕੇ ਗੁਰੂ ਨਾਨਕ ਸਾਹਿਬ ਦੇ ਨਿਆਰੇ ਪੰਥ ਵਿੱਚ ਦਾਖਲ ਕਰਵਾਕੇ ਬਿਪਰਵਾਦੀ ਸੋਚ ਨੂੰ ਵਿਕਸਤ ਕਰਨ ਵਿੱਚ ਸਹਾਈ ਹੋਵੇਗਾ। ਸੰਤ-ਸਿਪਾਹੀ ਹੋਣਾ ਸਿੱਖ ਦੇ ਕਿਰਦਾਰ ਦਾ ਇੱਕ ਹਿੱਸਾ ਹੈ ਪੂਰਾ ਕਿਰਦਾਰ ਨਹੀਂ । ਗੁਰੂ ਨਾਨਕ ਸਾਹਿਬ ਜੀ ਦੀਆਂ ਸਿਖਿਆਵਾਂ ਤੇ ਸ਼ੁਹਿਰਦਤਾ ਨਾਲ ਪਹਿਰਾ ਦੇਣ ਵਾਲਾ ਸਿੱਖ ਕਿਸੇ ਵਖਰੇ ਵਿਸ਼ੇਸ਼ਣਾ ਦਾ ਮੁਹਤਾਜ ਨਹੀਂ ਹੁੰਦਾ । ਕਿਰਤ ਕਰਨ,ਨਾਮ ਜਪਣ ਤੇ ਵੰਡ ਸ਼ਕਣ ਵਰਗੇ ਅਸੂਲਾਂ ਨਾਲ ਪ੍ਰਣਾਇਆ, ਨਿਮਰਤਾ, ਸਹਿਣਸ਼ੀਲਤਾ ਅਤੇ ਮਿੱਠਾ ਬੋਲਣ ਵਰਗੇ ਗੁਣਾਂ ਨਾਲ ਭਰਪੂਰ,”” ਆਪੁ ਗਵਾਇ ਨ ਆਪੁ ਗਣਾਵੈ”” (ਭਾਈ ਗੁਰਦਾਸ), ਵਰਗੇ ਬਚਨਾਂ ਤੇ ਚੱਲਣ ਵਾਲੇ ਸਿੱਖ ਲਈ, ਸਿੱਖ ਹੋਣਾ ਹੀ ਏਡਾ ਵੱਡਾ ਵਿਸ਼ੇਸ਼ਣ ਹੈ ਕਿ ਵੱਖਰੇ ਦੁਨਿਆਵੀ ਵਿਸ਼ੇਸ਼ਣ ਪਾਸਕੂ ਵੀ ਨਹੀਂ ਰਹਿੰਦੇ।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
.