.

ਜਹਾ ਦਾਣੇ ਤਹਾਂ ਖਾਣੇ

ਇਹ ਆਮ ਹੀ ਪੜ੍ਹਣ ਸੁਣਨ ਵਿੱਚ ਆਉਂਦਾ ਹੈ ਕਿ ਜਿੱਥੇ ਮਨੁੱਖ ਦਾ ਦਾਣਾ ਪਾਣੀ ਹੁੰਦਾ ਹੈ, ਉੱਥੇ ਖਾਣਾ ਹੀ ਪੈਂਦਾ ਹੈ। ਇਸ ਤਰ੍ਹਾਂ ਦੀ ਧਾਰਨਾ ਦਾ ਪ੍ਰਗਟਾਵਾ ਅਖਾਣਾਂ ਅਤੇ ਲੋਕ ਕਥਾਵਾਂ ਵਿੱਚ ਆਮ ਹੀ ਮਿਲਦਾ ਹੈ। ਉਦਾਹਰਣ ਵਜੋਂ ਦਾਣੇ ਪਾਣੀ ਸਬੰਧੀ ਇਹ ਅਖਾਣ ਪ੍ਰਚਲਤ ਹਨ: ‘ਦਾਣੇ ਦਾਣੇ ਉਤੇ ਮੋਹਰ ਏ ਜਾਂ ਕੌਣ ਕਿਸੇ ਦੇ ਆਵੇ ਜਾਵੇ ਦਾਣਾ ਪਾਣੀ ਬੰਨ੍ਹ ਲਿਆਵੇ।’
ਕਈ ਸੱਜਣ ਗੁਰਬਾਣੀ ਦਾ ਨਿਮਨ ਲਿਖਤ ਫ਼ਰਮਾਨ ਵੀ ਇਸ ਕਥਨ ਦੀ ਪੁਸ਼ਟੀ ਵਜੋਂ ਵਰਤਦੇ ਹਨ: ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥ (ਪੰਨਾ ੬੫੩) ਪਰ ਗੁਰਬਾਣੀ ਦੇ ਉਪਰੋਕਤ ਫ਼ਰਮਾਨ ਦਾ ਭਾਵ ਸਾਧਾਰਨ ਦਾਣਾ ਪਾਣੀ ਤੋਂ ਨਹੀਂ ਹੈ। ਗੁਰਬਾਣੀ ਦੇ ਇਸ ਫ਼ਰਮਾਨ ਵਿੱਚ ਖਾਣ ਪੀਣ ਸਬੰਧੀ ਪ੍ਰਚਲਤ ਅਖਾਣਾਂ ਦਾ ਨਹੀਂ ਬਲਕਿ ਜੀਵਨ ਦੇ ਇੱਕ ਪਰਮ ਸੱਚ ਦਾ ਵਰਣਨ ਕੀਤਾ ਹੋਇਆ ਹੈ। ਇਸ ਵਿੱਚ ‘ਜਹਾ ਦਾਣਾ ਤਹਾਂ ਖਾਣਾ’ ਤੋਂ ਭਾਵ ‘ਆਪੇ ਬੀਜਿ ਆਪੇ ਹੀ ਖਾਹੁ’ ਅਥਵਾ ‘ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ’ ਤੋਂ ਹੈ। ਇਹ ਭਾਵ ਇਸ ਸਲੋਕ ਨਾਲ ਦਰਜ ਦੂਜੇ ਸਲੋਕ ਅਤੇ ਇਸ ਸਲੋਕ ਮਗਰੋਂ ਆਈ ਪਉੜੀ ਨੂੰ ਵਿਚਾਰਨ ਨਾਲ ਹੋਰ ਸਪਸ਼ਟ ਰੂਪ ਵਿੱਚ ਉਘੜਦਾ ਹੈ।
ਇਹ ਸਲੋਕ ਸੋਰਠਿ ਕੀ ਵਾਰ, ਜੋ ਗੁਰੂ ਰਾਮਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ, ਦੀ ਅਠਾਈਵੀਂ ਪਉੜੀ ਦੇ ਨਾਲ ਦਰਜ ਹੈ। ਇਹ ਸਲੋਕ ਗੁਰੂ ਅੰਗਦ ਸਾਹਿਬ ਦਾ ਉਚਾਰਣ ਕੀਤਾ ਹੋਇਆ ਹੈ। ਇਸ ਸਲੋਕ ਤੋਂ ਪਹਿਲਾ ਸਲੋਕ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਹੈ ਅਤੇ ਪਉੜੀ ਗੁਰੂ ਰਾਮਦਾਸ ਜੀ ਦੀ।
ਵਾਰ ਕਾਵਿ ਦਾ ਮੂਲ ਰੂਪ ਪਉੜੀਆਂ ਹੀ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀਆਂ ਵਾਰਾਂ ਵੀ ਮੂਲ ਰੂਪ ਵਿੱਚ ਪਉੜੀਆਂ ਵਿੱਚ ਹੀ ਸਨ ਪਰ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਅਤੇ ਸੰਪਾਦਨ ਸਮੇਂ ਗੁਰੂ ਅਰਜਨ ਸਾਹਿਬ ਨੇ ਹਰੇਕ ਪਉੜੀ ਦੇ ਨਾਲ ਘੱਟੋ ਘੱਟ ਦੋ ਸਲੋਕ ਦਰਜ ਕੀਤੇ ਹਨ। ਦੋ ਵਾਰਾਂ (ਬਸੰਤ ਕੀ ਵਾਰ ਅਤੇ ਸਤੇ ਬਲਵੰਡ ਕੀ ਵਾਰ) ਅਜਿਹੀਆਂ ਹਨ, ਜਿਨ੍ਹਾਂ ਵਿੱਚ ਕੇਵਲ ਪਉੜੀਆਂ ਹੀ ਹਨ। ਵਾਰ ਦੀ ਹਰੇਕ ਪਉੜੀ ਸੁਤੰਤਰ ਭਾਵ ਰੱਖਦੀ ਹੋਈ ਵੀ ਵਾਰ ਦੇ ਕੇਂਦਰੀ ਭਾਵ ਦੇ ਦੁਆਲੇ ਘੁੰਮਦੀ ਹੈ। ਗੁਰੂ ਅਰਜਨ ਸਾਹਿਬ ਨੇ ਹਰੇਕ ਪਉੜੀ ਨਾਲ ਸਲੋਕ ਦਰਜ ਕਰਨ ਸਮੇਂ, ਵਾਰ ਦੇ ਕੇਂਦਰੀ ਭਾਵ ਨੂੰ ਨਹੀਂ ਬਲਕਿ ਹਰੇਕ ਪਉੜੀ ਦੇ ਭਾਵ ਨੂੰ ਹੀ ਮੁੱਖ ਰੱਖ ਕੇ ਇਨ੍ਹਾਂ ਨਾਲ ਸਲੋਕ ਦਰਜ ਕਰਵਾਏ ਹਨ। ਜਿਵੇਂ ਮਹਲਾ ੫ ਦੀ ਗੂਜਰੀ ਕੀ ਵਾਰ ਦੀ ਅੰਤਲੀ ਪਉੜੀ ਅਤੇ ਇਸ ਨਾਲ ਦਰਜ ਨਿਮਨ ਲਿਖਤ ਦੋ ਸਲੋਕਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ: ਸਲੋਕ ਮਃ ੫॥ ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ॥ ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ॥ ੧॥ ਅਰਥ: ਹੇ ਵੱਡੇ ਭਾਗਾਂ ਵਾਲਿਓ! ਉਸ ਪ੍ਰਭੂ ਨੂੰ ਜਪੋ ਜੋ ਪਾਣੀ ਵਿਚ, ਧਰਤੀ ਉੱਤੇ (ਹਰ ਥਾਂ) ਮੌਜੂਦ ਹੈ; ਹੇ ਨਾਨਕ! ਜੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਜੀਵਨ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।
ਮਃ ੫॥ ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ॥ ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ॥ ੨॥ ਅਰਥ: ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕ੍ਰੋੜਾਂ ਵਿਘਨ ਆ ਘੇਰਦੇ ਹਨ; ਹੇ ਨਾਨਕ! (ਅਜਿਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰਞੇ ਘਰ ਵਿੱਚ ਕਾਂ ਲੌਂਦਾ ਹੈ।
ਪਉੜੀ॥ ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ॥ ਇਛ ਪੁੰਨੀ ਮਨਿ ਆਸ ਗਏ ਵਿਸੂਰਿਆ॥ ਪਾਇਆ ਨਾਮੁ ਨਿਧਾਨੁ ਜਿਸ ਨੋ ਭਾਲਦਾ॥ ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ॥ ਸੂਖ ਸਹਜ ਆਨੰਦ ਵੁਠੇ ਤਿਤੁ ਘਰਿ॥ ਆਵਣ ਜਾਣ ਰਹੇ ਜਨਮੁ ਨ ਤਹਾ ਮਰਿ॥ ਸਾਹਿਬੁ ਸੇਵਕੁ ਇਕੁ ਇਕੁ ਦ੍ਰਿਸਟਾਇਆ॥ ਗੁਰ ਪ੍ਰਸਾਦਿ ਨਾਨਕ ਸਚਿ ਸਮਾਇਆ॥ (ਪੰਨਾ ੫੨੪) ਅਰਥ: ਸਭ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਸਿਮਰ ਸਿਮਰ ਕੇ (ਮਨ ਦੇ) ਮਨੋਰਥ ਪੂਰੇ ਹੋ ਜਾਂਦੇ ਹਨ, ਮਨ ਵਿੱਚ (ਉਠਦੀਆਂ) ਆਸਾਂ ਤੇ ਇੱਛਾਂ ਪੂਰੀਆਂ ਹੋ ਜਾਂਦੀਆਂ ਹੋ ਜਾਂਦੀਆਂ ਹਨ, ਤੇ (ਦੁਨੀਆ ਵਾਲੇ) ਝੋਰੇ ਮਿਟ ਜਾਂਦੇ ਹਨ (ਕਿਉਂਕਿ ਸਿਮਰਨ ਦੀ ਬਰਕਤਿ ਨਾਲ ਮਾਇਆ ਦੀ ਭਾਲ ਮਿਟ ਜਾਂਦੀ ਹੈ, ਆਸਾ ਤ੍ਰਿਸ਼ਨਾ ਮੁੱਕ ਜਾਂਦੀ ਹੈ, ਇਸ ਦੇ ਥਾਂ) ਜਿਸ ਨਾਮ-ਖ਼ਜ਼ਾਨੇ ਦੀ ਭਾਲ ਵਿੱਚ ਲੱਗਦਾ ਹੈ ਉਹ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ, ਮਨੁੱਖ ਦੀ ਆਤਮਾ ਪ੍ਰਭੂ ਦੀ ਜੋਤਿ ਵਿੱਚ ਲੀਨ ਹੋ ਜਾਂਦੀ ਹੈ ਤੇ (ਮਾਇਆ ਦੀ ਖ਼ਾਤਰ) ਦੌੜ-ਭੱਜ ਭਟਕਣਾ ਰਹਿ ਜਾਂਦੀ ਹੈ।
(ਜੋ ਮਨੁੱਖ ਸਿਮਰਨ ਦੀ ਕਮਾਈ ਕਰਦਾ ਹੈ) ਉਸ (ਦੇ) ਹਿਰਦੇ-ਘਰ ਵਿੱਚ ਸੁਖ, ਅਡੋਲਤਾ, ਖ਼ੁਸ਼ੀ ਆ ਵੱਸਦੇ ਹਨ, ਉਸ ਦੇ ਜਨਮ-ਮਰਨ ਮੁੱਕ ਜਾਂਦੇ ਹਨ, ਉੱਥੇ ਜਨਮ ਤੇ ਮੌਤ ਰਹਿ ਨਹੀਂ ਜਾਂਦੇ, ਕਿਉਂਕਿ (ਇਸ ਅਵਸਥਾ ਵਿੱਚ ਅੱਪੜਿਆ ਹੋਇਆ) ਸੇਵਕ ਤੇ ਮਾਲਕ-ਪ੍ਰਭੂ ਇਕ-ਰੂਪ ਨਜ਼ਰੀ ਆਉਂਦੇ ਹਨ। ਹੇ ਨਾਨਕ! (ਐਸਾ ਸੇਵਕ) ਸਤਿਗੁਰੂ ਦੀ ਕਿਰਪਾ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।
ਪਰੰਤੂ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੀਆਂ ਉਚਾਰਣ ਕੀਤੀਆਂ ਹੋਈਆਂ ਵਾਰਾਂ ਦੀਆਂ ਪਉੜੀਆਂ ਨਾਲ ਸਬੰਧਤ ਸਲੋਕਾਂ ਸਬੰਧੀ ਇੱਕ ਹੋਰ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ। ਉਹ ਇਹ ਕਿ “ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਜਾਂ ਸਲੋਕ ਆਦਿਕ ਆਮ ਤੌਰ ਤੇ ਕਿਸੇ ਖ਼ਾਸ ਇਤਿਹਾਸਕ ਸਾਖੀ ਸੰਬੰਧੀ ਹਨ, ਪਰ ਉਹਨਾਂ ਦਾ ਮੁਖ-ਭਾਵ ਹਰੇਕ ਮਨੁੱਖ ਦੇ ਜੀਵਨ ਤੇ ਘਟ ਸਕਦਾ ਹੈ। ਇਸ ਗੱਲ ਦੀ ਲੋੜ ਨਹੀਂ ਹੈ ਕਿ ਜੇ ਉਹੋ ਜਿਹੀ ਇਤਿਹਾਸਕ ਘਟਨਾ ਵਰਤੋਂ ਵਿੱਚ ਆਵੇ, ਤਦੋਂ ਹੀ ਕੋਈ ਸ਼ਬਦ ਜਾਂ ਸਲੋਕ ਢੁਕ ਸਕੇਗਾ।” (ਗੁਰੂ ਗ੍ਰੰਥ ਸਾਹਿਬ ਦਰਪਣ-ਪ੍ਰੋਫੈਸਰ ਸਾਹਿਬ ਸਿੰਘ) ਨੋਟ: ਗੁਰੂ ਅੰਗਦ ਸਾਹਿਬ ਅਤੇ ਗੁਰੂ ਤੇਗਬਹਾਦਰ ਸਾਹਿਬ ਦੇ ਉਚਾਰਣ ਕੀਤੇ ਹੋਏ ਕੇਵਲ ਸਲੋਕ ਹੀ ਹਨ। ਗੁਰੂ ਅੰਗਦ ਸਾਹਿਬ ਜੀ ਦੇ ਸਲੋਕ ਭਿੰਨ ਭਿੰਨ ਵਾਰਾਂ ਦੀਆਂ ਪਉੜੀਆਂ ਨਾਲ ਦਰਜ ਹਨ ਜਦਕਿ ਗੁਰੂ ਤੇਗਬਹਾਦਰ ਜੀ ਦੇ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਦਰਜ ਹਨ।
ਇਸ ਵਿੱਚ ਤਾਂ ਕੋਈ ਸੰਦੇਹ ਨਹੀਂ ਕਿ ਵਾਰਾਂ ਮੂਲ ਰੂਪ ਵਿੱਚ ਪਉੜੀਆਂ ਹੀ ਸਨ। ਵਾਰਾਂ ਵਿਚਲੀਆਂ ਪਉੜੀਆਂ ਨਾਲ ਸਲੋਕ ਗੁਰੂ ਅਰਜਨ ਸਾਹਿਬ ਨੇ ਦਰਜ ਕਰਵਾਏ ਹਨ। ਪਰ ਜੈਤਸਰੀ ਕੀ ਵਾਰ ਤੋਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਇਨ੍ਹਾਂ ਦੀ ਰਚਨਾ ਇਕੋ ਸਮੇਂ ਹੀ ਹੋਈ ਹੈ। ਇਸ ਵਾਰ ਦਾ ਪਹਿਲਾ ਸਲੋਕ ਸਹਸਕ੍ਰਿਤੀ ਵਿਚ, ਦੂਜਾ ਸਲੋਕ ਲਹਿੰਦੀ ਵਿੱਚ ਅਤੇ ਪਉੜੀ ਪੂਰਬੀ ਪੰਜਾਬੀ ਵਿੱਚ ਹੈ। ਇਹ ਸਿਲਸਿਲਾ ਪੂਰੀ ਵਾਰ ਵਿੱਚ ਦੇਖਿਆ ਜਾ ਸਕਦਾ ਹੈ। ਉਦਾਹਰਣ ਵਜੋਂ ਇੱਕ ਪਉੜੀ ਅਤੇ ਇਸ ਦੇ ਨਾਲ ਦੋ ਦਰਜ ਦੋ ਸਲੋਕ ਲਿਖ ਰਹੇ ਹਾਂ:
ਸਲੋਕ॥ ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ॥ ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ॥ ੧॥ ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ॥ ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ॥ ੨॥ ਪਉੜੀ॥ ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ॥ ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ॥ ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ॥ ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ॥ ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ॥ (ਪੰਨਾ ੭੦੬) ਅਰਥ:-ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿੱਚ ਥਾਂ ਦੇਂਦਾ ਹੈ, ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ। ੧। ਹੇ ਨਾਨਕ! (ਆਖ-ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ? ੨। ਪਉੜੀ। (ਹੇ ਜੀਵ!) ਮਾਂ ਦੀ) ਰੱਤ ਤੇ (ਪਿਉ ਦੇ ਵੀਰਜ ਤੋਂ (ਮਾਂ ਦੇ) ਪੇਟ ਦੀ ਅੱਗ ਵਿੱਚ ਤੂੰ ਉੱਗਿਆ। ਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣ ਸੈਂ, (ਮਾਨੋ) ਇੱਕ ਹਨੇਰੇ ਘੋਰ ਨਰਕ ਵਿੱਚ ਪਿਆ ਹੋਇਆ ਸੈਂ। ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਸੜਦਾ-ਉਸ ਨੂੰ (ਹੁਣ ਭੀ) ਮਨੋਂ ਤਨੋਂ ਹਿਰਦੇ ਵਿੱਚ ਯਾਦ ਕਰ। ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ, ਉਸ ਨੂੰ ਰਤਾ ਭੀ ਨਾਹ ਭੁਲਾ। ਪ੍ਰਭੂ ਨੂੰ ਭੁਲਾਇਆਂ ਕਦੇ ਸੁਖ ਨਹੀਂ ਹੁੰਦਾ, (ਜੇ ਭੁਲਾਇਂਗਾ ਤਾਂ) ਮਨੁੱਖਾ ਜਨਮ (ਦੀ ਬਾਜ਼ੀ) ਹਾਰ ਕੇ ਜਾਵੇਂਗਾ।
ਇਸ ਲਈ ਵਾਰ ਵਿਚਲੇ ਕਿਸੇ ਵੀ ਸਲੋਕ ਨੂੰ ਸਮਝਣ ਲਈ ਉਸ ਦੇ ਨਾਲ ਹੀ ਦਰਜ ਦੂਜੇ ਜਾਂ ਦੂਜਿਆਂ ਸਲੋਕਾਂ ਅਤੇ ਪਉੜੀ ਦੇ ਸਮੁੱਚੇ ਭਾਵ ਨੂੰ ਸਾਹਮਣੇ ਰੱਖਣ ਦੀ ਜ਼ਰੂਰਤ ਹੈ। ਇਸ ਸੰਖੇਪ ਜਿਹੀ ਚਰਚਾ ਮਗਰੋਂ ‘ਜਹਾ ਦਾਣੇ ਤਹਾਂ ਖਾਣੇ’ ਦੇ ਭਾਵ ਨੂੰ ਸਮਝਣ ਦਾ ਜਤਨ ਕਰਦੇ ਹਾਂ। ਇਸ ਸਲੋਕ ਤੋਂ ਪਹਿਲਾਂ ਨਿਮਨ ਲਿਖਤ ਸਲੋਕ ਦਰਜ ਹੈ:
ਸਲੋਕ ਮਃ ੧॥ ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ॥ ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ॥ ੧॥ ਅਰਥ:-ਹੇ ਪੰਡਿਤ! ਐਸ ਵੇਲੇ (ਝੁਰਿਆਂ) ਕੁੱਝ ਨਹੀਂ ਬਣਦਾ; ਪ੍ਰਭੂ ਦੀ ਰਜ਼ਾ ਵਿੱਚ (ਆਪਣੇ ਹੀ ਪਿਛਲੇ ਕੀਤੇ ਅਨੁਸਾਰ) ਲਿਖਿਆ (ਲੇਖ) ਪਾਈਦਾ ਹੈ; ਜਦੋਂ ਪ੍ਰਭੂ ਦਾ ਹੁਕਮ ਹੋਇਆ ਤਦੋਂ ਇਹ ਫ਼ੈਸਲਾ ਹੋਇਆ ਤੇ (ਉਸ ਲੇਖ-ਅਨੁਸਾਰ) ਜੀਵ (ਕਰਮ) ਕਮਾਂਦੇ ਫਿਰਦੇ ਹਨ।
ਮਃ ੨॥ ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ॥ ੨॥ ਪਉੜੀ॥ ਸਭੇ ਗਲਾ ਆਪਿ ਥਾਟਿ ਬਹਾਲੀਓਨੁ॥ ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ॥ ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ॥ ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ॥ ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ॥ ੨੮॥
ਅਰਥ:-ਪ੍ਰਭੂ ਨੇ ਆਪ ਹੀ ਸਾਰੀਆਂ (ਜਗਤ-) ਵਿਓਂਤਾਂ ਬਣਾ ਕੇ ਕਾਇਮ ਕੀਤੀਆਂ ਹਨ; ਆਪ ਹੀ ਸੰਸਾਰ ਦੀ ਰਚਨਾ ਰਚ ਕੇ ਆਪ ਹੀ ਨਾਸ ਕਰਦਾ ਹੈ; ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ। ਹੇ ਨਾਨਕ! ਭਗਤਾਂ ਨੂੰ ਸਦਾ ਪ੍ਰਸੰਨਤਾ ਰਹਿੰਦੀ ਹੈ, (ਕਿਉਂਕਿ) ਉਹਨਾਂ ਦਾ ਮਾਇਆ ਦਾ ਪਿਆਰ ਉਸ ਪ੍ਰਭੂ ਨੇ ਆਪ ਸਾੜ ਦਿੱਤਾ ਹੈ।
ਇਸ ਪਉੜੀ ਵਿੱਚ ਹਜ਼ੂਰ ਅਕਾਲ ਪੁਰਖ ਦੀ ਅਗੰਮੀ ਖੇਡ ਦਾ ਵਰਣਨ ਕਰਦਿਆਂ ਹੋਇਆਂ ਫ਼ਰਮਾਉਂਦੇ ਹਨ ਕਿ ਉਸ ਮਾਲਕ ਨੇ ਆਪ ਹੀ ਇਹ ਬਹੁ-ਰੰਗੀ ਅਤੇ ਬਹੁ-ਭਾਂਤੀ ਖੇਡ ਰਚੀ ਹੋਈ ਹੈ। ਜਿਹੜੇ ਪ੍ਰਾਣੀ ਪ੍ਰਭੂ ਦੇ ਹੁਕਮ ਨੂੰ ਸਮਝ ਕੇ ਹੁਕਮੀ ਬੰਦਾ ਬਣ ਕੇ ਜੀਵਨ ਗੁਜ਼ਾਰਦੇ ਹਨ, ਉਨ੍ਹਾਂ ਦੇ ਜੀਵਨ ਵਿੱਚ ਸਹਿਜ, ਅਨੰਦ ਅਥਵਾ ਖੇੜਾ ਹੈ। ਪਰ ਜਿਹੜੇ ਹੁਕਮ ਨੂੰ ਨਹੀਂ ਪਛਾਣਦੇ ਉਨ੍ਹਾਂ ਦੇ ਜੀਵਨ ਵਿੱਚ ਸਹਿਮ ਅਤੇ ਭਟਕਣਾ ਹੈ। ਅਕਾਲ ਪੁਰਖ ਨੇ ਇਹ ਸੁਤੰਤਰਤਾ ਮਨੁੱਖ ਨੂੰ ਪ੍ਰਦਾਨ ਕੀਤੀ ਹੋਈ ਹੈ ਕਿ ਉਹ ਲਿਵ ਜਾਂ ਧਾਤ ਵਾਲੇ ਰਸਤੇ ਦੀ ਚੋਣ ਕਰਕੇ ਕਿਸੇ ਇੱਕ `ਤੇ ਚਲ ਕੇ ਆਪਣਾ ਜੀਵਨ-ਸਫ਼ਰ ਤਹਿ ਕਰ ਸਕੇ। ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇਨ੍ਹਾਂ ਦੋਹਾਂ ਰਸਤਿਆਂ ਦਾ ਵਰਣਨ ਹੀ ਨਹੀਂ ਕੀਤਾ ਹੋਇਆ ਸਗੋਂ ਇਹ ਵੀ ਦਰਸਾਇਆ ਹੈ ਕਿ ਲਿਵ ਵਾਲੇ ਰਸਤੇ ਵਿੱਚ ਖੇੜਾ ਹੈ ਅਤੇ ਧਾਤ ਵਾਲੇ ਰਸਤੇ ਵਿੱਚ ਸਹਿਮ ਅਤੇ ਭਟਕਣਾ ਹੈ।
ਪਉੜੀ ਵਿੱਚ ਗੁਰਦੇਵ ਨੇ ਲਿਵ ਵਾਲੇ ਮਾਰਗ `ਤੇ ਚਲਣ ਵਾਲਿਆਂ ਸਬੰਧੀ ਕਿਹਾ ਹੈ ਕਿ ਉਨ੍ਹਾਂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਆਤਮਕ ਵਿਘਣ ਨਹੀਂ ਆਉਂਦਾ। ਉਹ ਸਦਾ ਹੀ ਆਤਮਕ ਅਨੰਦ ਮਾਣਦੇ ਹਨ। ਸਲੋਕਾਂ ਵਿਚੋਂ ਹਜ਼ੂਰ ਨੇ ਪਹਿਲੇ ਸਲੋਕ ਵਿੱਚ ਐਸੇ ਮਨੁੱਖ ਦਾ ਵਰਣਨ ਕੀਤਾ ਹੈ ਜਿਹੜਾ ਧਾਤ ਵਾਲੇ ਰਸਤੇ ਦਾ ਰਾਹੀ ਹੈ। ਇਸ ਮਾਰਗ `ਤੇ ਚਲਣ ਵਾਲੇ ਦੇ ਜੀਵਨ ਵਿੱਚ ਸੁਭਾਵਿਕ ਸਹਿਮ, ਭਟਕਣਾ ਅਤੇ ਝੁਰੇਵਾਂ ਹੈ। ਆਮ ਤੌਰ `ਤੇ ਮਨੁੱਖ ਕਰਮ ਕਰਨ ਲਗਿਆਂ ਉਸ ਦੇ ਨਤੀਜੇ ਬਾਰੇ ਗੰਭੀਰਤਾ ਨਾਲ ਨਹੀਂ ਸੋਚਦਾ। ਪਰ ਜਦੋਂ ਉਸ ਕਰਮ ਦਾ ਪ੍ਰਤੀਕਰਮ ਹੁੰਦਾ ਹੈ ਤਦੋਂ ਪਛੁਤਾਉਂਦਾ ਹੈ। ਸਤਿਗੁਰੂ ਇਸ ਸਲੋਕ ਵਿੱਚ ਕਰਤੇ ਦੀ ਕੁਦਰਤ ਦੇ ਇਸ ਨਿਯਮ ਦਾ ਵਰਣਨ ਕਰਦਿਆਂ ਹੋਇਆਂ ਫ਼ਰਮਾਉਂਦੇ ਹਨ ਕਿ ਕਰਮ ਕਰਨ ਤੋਂ ਬਾਅਦ ਵਿੱਚ ਪਛੁਤਉਣ ਦਾ ਕੋਈ ਲਾਭ ਨਹੀਂ ਹੈ। ਚੂੰਕਿ ‘ਅਬ ਪਛੁਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ।’ ਜੋ ਬੀਜ ਬੋਇਆ ਹੈ, ਉੱਗਣ `ਤੇ ਉਸ ਨੂੰ ਖ਼ੁਦ ਹੀ ਵੱਢਣਾ ਤੇ ਖਾਣਾ ਪੈਂਦਾ ਹੈ:
(ੳ) ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ॥ (ਪੰਨਾ ੭੮) ਅਰਥ: (ਹੇ ਵਣਜਾਰੇ ਮਿਤ੍ਰ!) ਮਨੁੱਖਾ ਜੀਵਨ ਵਿੱਚ (ਮਨੁੱਖ ਦਾ) ਸਰੀਰ ਕਰਮ ਕਮਾਣ ਲਈ ਧਰਤੀ (ਸਮਾਨ) ਹੈ, (ਜਿਸ ਵਿਚ) ਜਿਹੋ ਜਿਹਾ (ਕੋਈ) ਬੀਜਦਾ ਹੈ ਉਹੀ ਖਾਂਦਾ ਹੈ।
(ਅ) ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (ਪੰਨਾ ੧੩੪) ਅਰਥ: ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁੱਝ ਮਨੁੱਖ ਇਸ ਵਿੱਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ)।
ਮਨੁੱਖ ਵਲੋਂ ਜ਼ਹਿਰ ਦੀ ਖੇਤੀ ਬੀਜ ਕੇ ਅੰਮ੍ਰਿਤ ਦੇ ਫਲ ਦੀ ਆਸ ਰੱਖਣ ਵਿਅਰਥ ਹੈ:
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ॥ (ਪੰਨਾ ੧੩੭੯) ਅਰਥ: ਹੇ ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੋ ਜੱਟ ਕਿਕਰੀਆਂ ਬੀਜਦਾ ਹੈ ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ, (ਸਾਰੀ ਉਮਰ) ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੁੰਦਾ ਹੈ।
ਮਨੁੱਖ ਦੇ ਜੀਵਨ ਵਿੱਚ ਕਰਮ ਦੀ ਇਸ ਅਹਿਮੀਅਤ ਕਾਰਨ ਹੀ ਸਤਿਗੁਰੂ ਜੀ ਨੇ ਮਨੁੱਖ ਨੂੰ ਇਸ ਪੱਖੋਂ ਸੁਚੇਤ ਕਰਦਿਆਂ ਹੋਇਆਂ ਕਿਹਾ ਹੈ: ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥ ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥ (੪੭੪) ਅਰਥ: ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ (ਜਿਸ ਦਾ ਮਾੜਾ ਫਲ ਭੋਗਣਾ ਪਏ)। ਮਾੜਾ ਕੰਮ ਭੁੱਲ ਕੇ ਭੀ ਨਾ ਕਰੀਏ, ਡੂੰਘੀ (ਵਿਚਾਰ ਵਾਲੀ) ਨਜ਼ਰ ਮਾਰ ਕੇ ਤੱਕ ਲਈਏ (ਕਿ ਇਸ ਮਾੜੇ ਕੰਮ ਦਾ ਸਿੱਟਾ ਕੀਹ ਨਿਕਲੇਗਾ)।
ਦੂਜੇ ਸਲੋਕ ਵਿੱਚ ਪਹਿਲੇ ਸਲੋਕ ਦੇ ਭਾਵ ਦੇ ਦੂਜੇ ਪੱਖ ਨੂੰ ਦਰਸਾਇਆ ਹੈ ਕਿ ਮਨੁੱਖ ਜੋ ਬੀਜਦਾ ਹੈ, ਉਹ ਉਸ ਨੂੰ ਵਢਣਾ ਹੀ ਪੈਂਦਾ ਹੈ। ਕਰਮ ਕਰਨ ਵਿੱਚ ਮਨੁੱਖ ਸੁਤੰਤਰ ਹੈ ਪਰ ਕਰਮ ਦੇ ਪ੍ਰਤਿਕਰਮ ਵਿੱਚ ਸੁਤੰਤਰ ਨਹੀਂ ਹੈ। ਭਾਵ ਕਰਮ ਦੇ ਪ੍ਰਤਿਕਰਮ ਤੋਂ ਆਪਣੇ ਆਪ ਨੂੰ ਬਚਾ ਸਕਣਾ ਮਨੁੱਖ ਦੇ ਵੱਸ ਵਿੱਚ ਨਹੀਂ ਹੈ। ਸਤਿਗੁਰੂ ਜੀ ਨੇ ਇਸ ਸਲੋਕ ਵਿੱਚ ਪ੍ਰਭੂ ਦੇ ਇਸੇ ਹੀ ਅਟੱਲ ਨਿਯਮ ਵਲ ਧਿਆਨ ਦੁਵਾਇਆ ਹੈ ਕਿ ਜੋ ਜੋ ਕਰਮ ਅਸੀਂ ਕਰਦੇ ਹਾਂ ਉਨ੍ਹਾਂ ਦੇ ਪ੍ਰਤਿਕਰਮ ਤੋਂ ਭੱਜ ਨਹੀਂ ਸਕਦੇ। ਆਪਣੀ ਬੋਈ ਹੋਈ ਫ਼ਸਲ ਵਢਣੀ ਹੀ ਪਵੇਗੀ।
ਗੁਰਮਤਿ ਦੇ ਇਸ ਸਿਧਾਂਤ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਵੀ ਕਈ ਥਾਂਈਂ ਦ੍ਰਿੜ ਕਰਵਾਇਆ ਗਿਆ ਹੈ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
(ੳ) ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ॥ ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ॥ ੧॥ ਰਹਾਉ॥ (ਪੰਨਾ ੧੧੭੧) ਅਰਥ: ਹੇ ਮੇਰੇ ਮਾਲਕ-ਪ੍ਰਭੂ! ਮੈਂ ਆਪ ਹੀ (ਮਾਇਆ ਦੇ ਮੋਹ ਦੀ) ਭਟਕਣਾ ਵਿੱਚ ਪੈ ਕੇ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਹੋਈ ਹਾਂ। (ਮਾਇਆ ਦੇ ਮੋਹ ਵਿੱਚ ਫਸ ਕੇ ਜਿਤਨੇ ਭੀ ਕਰਮ ਮੈਂ ਜਨਮਾਂ ਜਨਮਾਂਤਰਾਂ ਤੋਂ ਕਰਦੀ ਆ ਰਹੀ ਹਾਂ, ਉਹਨਾਂ ਦੇ ਜੋ) ਸੰਸਕਾਰ ਮੇਰੇ ਮਨ ਵਿੱਚ ਉੱਕਰੇ ਪਏ ਹਨ, ਮੈਂ ਉਹਨਾਂ ਨੂੰ ਹੀ ਗਾਂਦੀ ਚਲੀ ਜਾ ਰਹੀ ਹਾਂ (ਉਹਨਾਂ ਦੀ ਹੀ ਪ੍ਰੇਰਨਾ ਹੇਠ ਮੁੜ ਮੁੜ ਉਹੋ ਜਿਹੇ ਕਰਮ ਕਰਦੀ ਜਾ ਰਹੀ ਹਾਂ) ਮੈਂ (ਮਨ ਦੀ) ਕੋਈ ਘਾੜਤ (ਘੜਨੀ) ਨਹੀਂ ਜਾਣਦੀ ਹਾਂ (ਮੈਂ ਕੋਈ ਐਸੇ ਕੰਮ ਕਰਨੇ ਨਹੀਂ ਜਾਣਦੀ ਜਿਨ੍ਹਾਂ ਨਾਲ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸੰਸਕਾਰ ਮੁੱਕ ਜਾਣ)। ੧। ਰਹਾਉ।
(ਅ) ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ॥ ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ॥ ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ॥ (ਪੰਨਾ ੧੪੭) (ਮਨੁੱਖ ਦੀ) ਮਤਿ (ਮਾਨੋ, ਇਕ) ਪੰਛੀ ਹੈ, ਉਸ ਦੇ ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਉ ਉਸ ਦੇ ਨਾਲ (ਸਾਥੀ) ਹੈ, (ਇਸ ਸੁਭਾਉ ਦੇ ਸੰਗ ਕਰ ਕੇ ‘ਮਤਿ’ ) ਕਦੇ ਚੰਗੀ ਹੈ ਕਦੇ ਨੀਵੀਂ; ਕਦੇ (ਇਹ ਮਤਿ-ਰੂਪ ਪੰਛੀ) ਚੰਦਨ (ਦੇ ਬੂਟੇ) ਤੇ (ਬੈਠਦਾ ਹੈ) ਕਦੇ ਅੱਕ ਦੀ ਡਾਲੀ ਉੱਤੇ, ਕਦੇ (ਇਸ ਦੇ ਅੰਦਰ) ਉੱਚੀ (ਪ੍ਰਭੂ ਚਰਨਾਂ ਦੀ) ਪ੍ਰੀਤ ਹੈ। (ਪਰ ਕਿਸੇ ਦੇ ਵੱਸ ਦੀ ਗੱਲ ਨਹੀਂ) ਮਾਲਕ ਦੀ (ਧੁਰੋਂ) ਰੀਤ ਤੁਰੀ ਆਉਂਦੀ ਹੈ, ਕਿ ਉਹ (ਸਭ ਜੀਵਾਂ ਨੂੰ ਆਪਣੇ) ਹੁਕਮ ਵਿੱਚ ਤੋਰ ਰਿਹਾ ਹੈ (ਭਾਵ, ਉਸ ਦੇ ਹੁਕਮ ਅਨੁਸਾਰ ਹੀ ਕੋਈ ਚੰਗੀ ਤੇ ਕੋਈ ਮੰਦੀ ਮਤਿ ਵਾਲਾ ਹੈ)।
(ੲ) ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ॥ ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ॥ (ਪੰਨਾ ੩੩੪) ਅਰਥ: ਹੇ ਭਾਈ!) ਜੇ ਵਿਚਾਰ ਕੇ ਵੇਖੋ, ਤਾਂ ਇਸ ਜੀਵ-ਇਸਤ੍ਰੀ ਨੂੰ ਕੀਹ ਦੋਸ਼? ਇਹ ਨਮਾਣੀ ਕੀਹ ਕਰ ਸਕਦੀ ਹੈ? (ਇੱਥੇ ਤਾਂ) ਸਾਰੀ ਲੁਕਾਈ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਬੱਝੀ ਹੋਈ ਭਟਕ ਰਹੀ ਹੈ।
ਦਾਣਾ ਪਾਣੀ ਸਬੰਧੀ ਅਖਾਣਾਂ ਵਿਚ, ਭਾਗਾਂ ਦੀ ਧਾਰਨਾ ਦੀ ਪ੍ਰਪੱਕਤਾ ਨਾਲ ਮਨੁੱਖ ਨੂੰ ਅੰਤਰ-ਆਤਮੇ ਰਾਹਤ ਪ੍ਰਦਾਨ ਕਰਨ ਦੇ ਮਨੋਰਥ ਦੇ ਨਾਲ ਨਾਲ ਮਨੁੱਖ ਨੂੰ ਖ਼ੁਸ਼ੀ ਖ਼ੁਸ਼ੀ ਘਰ ਆਏ ਮਹਿਮਾਨ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਲਈ ਉਤਸ਼ਾਹਤ ਕਰਨ ਦਾ ਭਾਵਨਾ ਹੈ। ਪਰੰਤੂ ਗੁਰਬਾਣੀ ਦੇ ਇਸ (ਜਹਾ ਦਾਣੇ ਤਹਾਂ ਖਾਣੇ) ਫ਼ਰਮਾਨ ਵਿੱਚ ਨਿਮਨ ਲਿਖਤ ਫ਼ਰਮਾਨ ਦਾ ਭਾਵ ਦ੍ਰਿੜ ਕਰਵਾ ਕੇ ਮਨੁੱਖ ਨੂੰ ਸੁਚੇਤ ਹੋ ਕੇ ਕਰਮ ਕਰਨ ਦੀ ਪ੍ਰੇਰਨਾ ਹੈ: ‘ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ॥’ (ਪੰਨਾ ੪੬੧) ਅਰਥ: ਹੇ ਭਾਈ! ਜੋ ਕੁੱਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿੱਚ ਉੱਕਰਿਆ ਗਿਆ ਹੈ।
ਸੋ, ‘ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ’ ਦਾ ਭਾਵ ਸਾਧਾਰਨ ਖਾਣ ਪਾਣ ਤੋਂ ਨਹੀਂ ਹੈ ਕਿ ਜਿੱਥੇ ਦਾਣਾ ਪਾਣੀ ਹੁੰਦਾ ਹੈ, ਉੱਥੇ ਉੱਥੇ ਮਨੁੱਖ ਨੂੰ ਖਾਣਾ ਪੈਂਦਾ ਹੈ ਅਥਵਾ ਮਨੁੱਖ ਨੂੰ ਖਾਣ ਲਈ ਜਾਣਾ ਪੈਂਦਾ ਹੈ। ਇਸ ਵਿੱਚ ਹਜ਼ੂਰ ਅਕਾਲ ਪੁਰਖ ਦੀ ਹੁਕਮੀ ਖੇਡ ਦਾ ਵਰਣਨ ਕਰਦਿਆਂ ਹੋਇਆਂ ਕਰਤੇ ਦੀ ਕੁਦਰਤ ਦੇ ਅਟੱਲ ਨਿਯਮ ਦਾ ਵਰਣਨ ਕਰ ਰਹੇ ਹਨ ਕਿ ਮਨੁੱਖ ਜੋ ਕਰਮ ਕਰਦਾ ਹੈ ਉਸ ਦੇ ਪ੍ਰਤਿਕਰਮ ਦਾ ਉਹ ਖ਼ੁਦ ਹੀ ਜ਼ੁੰਮੇਵਾਰ ਹੈ। ਆਪਣੀ ਕਰਮਾਂ ਦੀ ਬੀਜੀ ਹੋਈ ਖੇਤੀ ਵਿੱਚ ਉੱਗੀ ਹੋਈ ਫ਼ਸਲ ਮਨੁੱਖ ਨੂੰ ਖ਼ੁਦ ਹੀ ਵੱਢ ਕੇ ਖਾਣੀ ਪੈਂਦੀ ਹੈ। ਇਸ ਨੂੰ ਮਨੁੱਖ ਨਾ ਤਾਂ ਕਿਸੇ ਦੂਜੇ ਨੂੰ ਦੇ ਸਕਦਾ, ਨਾ ਹੀ ਕੋਈ ਇਸ ਤੋਂ ਖੋਹ ਸਕਦਾ ਹੈ।
ਜਸਬੀਰ ਸਿੰਘ ਵੈਨਕੂਵਰ




.