.

“ਨਾਨਕ ਚੁਲੀਆ ਸੁਚੀਆ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਹੱਥਲੇ ਗੁਰਮੱਤ ਪਾਠ “ਨਾਨਕ ਚੁਲੀਆ ਸੁਚੀਆ, ਜੇ ਭਰਿ ਜਾਣੈ ਕੋਇ” (ਪੰ: ੧੨੪੦) ਵਾਲੇ ਵਿਸ਼ੇ ਵੱਲ ਵਧਣ ਤੋਂ ਪਹਿਲਾਂ, ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਗੁਰੂ ਦਰ `ਤੇ ਸਰੀਰ ਤੇ ਸਰੀਰ ਦੇ ਕਿਸੇ ਵੀ ਅੰਗ ਦੀ ਸਫ਼ਾਈ ਜਾਂ ਉਸ ਨੂੰ ਸਾਫ਼ ਜਾਂ ਕਿਸੇ ਢੰਗ ਨਾਲ ਕਿਟਾਣੂ ਰਹਿਤ ਕਰਣਾ, ਗੁਰਮੱਤ ਅਨੁਸਾਰ ਇਸ ਸਾਰੇ ਦਾ ਬ੍ਰਾਹਮਣੀ ਸੁੱਚ-ਜੂਠ, ਭਿੱਟ-ਪ੍ਰਛਾਂਵੇ ਵਾਲੀ ਵਿਚਾਰਧਾਰਾ ਨਾਲ ਕੋਈ ਸੰਬੰਧ ਨਹੀਂ। ਇਸ ਲਈ, ਇਸ ਸਬੰਧ `ਚ ਫ਼ਿਰ ਚਾਹੇ ਸਾਡੀਆਂ ਅਖਾਂ, ਮ੍ਹੂੰਹ, ਕੰਨ, ਨਾਸਿਕਾਵਾਂ, ਦੰਦਾ ਦੀ ਸਫ਼ਾਈ, ਮੂੰਹ ਰਾਹੀਂ ਚੁਲੀਆਂ ਜਾਂ ਪ੍ਰਭਾਤੇ ਜਾਂ ਕਿਸੇ ਵੀ ਸਮੇਂ ਦਾ ਲੋੜ ਅਨੁਸਾਰ ਇਸ਼ਨਾਨ; ਇਨ੍ਹਾਂ ਸਾਰੇ ਕੰਮਾ ਦੀ ਸੀਮਾ ਕੇਵਲ ਸਰੀਰਕ ਸਫ਼ਾਈ, ਸੁਅਛਤਾ, ਨਿਖਾਰ, ਚੁਸਤੀ ਤੇ ਅਰੋਗਤਾ ਨਾਲ ਹੈ, ਕਿਸੇ ਧਾਰਮਿਕ ਮਹਾਤਮ ਆਦਿ ਨਾਲ ਨਹੀਂ।

ਦੂਜੇ ਲਫ਼ਜ਼ਾਂ `ਚ ਇਹ ਸਭ ਉਸ ਸੀਮਾ ਤੱਕ ਹੀ ਹੈ, ਜਿੱਥੇ ਮੈਡੀਕਲ ਸਾਇਂਸ ਅਥਵਾ ਡਾਕਟਰੀ ਵਿਗਿਆਨ, ਸਦੀਆਂ ਬਾਅਦ ਅੱਜ ਪੁੱਜਾ ਹੈ। ਉਸੇ ਦਾ ਨਤੀਜਾ, ਅੱਜ ਬਜ਼ਾਰ `ਚ ਅਨੇਕਾਂ ਐਂਟੀਸੈਪਟਿਕ ਸਾਬਨ, ਲੋਸ਼ਨ, ਟੁਥ ਪੇਸਟ, ਟੁਥ ਮੰਜਣ ਆਦਿ ਆ ਗਏ ਹਨ। ਜਦਕਿ ਗੁਰਮੱਤ ਸਦੀਆਂ ਪਹਿਲਾਂ ਉਥੇ ਪਹੁੰਚੀ ਹੋਈ ਹੈ ਤੇ ਇਸ ਦੇ ਲਈ ਗੁਰਬਾਣੀ `ਚ ਅਨੇਕਾਂ ਹਿਦਾਇਤਾਂ ਵੀ ਹਨ, ਜਿਵੇਂ ਪ੍ਰਭਾਤੇ ਦਾ ਇਸ਼ਨਾਨ।

ਜਦਕਿ ਗੁਰਬਾਣੀ ਰਾਹੀਂ ਇਸ ਚੇਤਾਵਨੀ ਦੇ ਨਾਲ ਕਿਸੇ ਪ੍ਰਕਾਰ ਦੇ ਬ੍ਰਾਹਮਣੀ ਵਹਿਮਾਂ-ਭਰਮਾਂ ਸੁੱਚਾਂ-ਭਿਟਾਂ ਜਾਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਾਨ `ਤੇ ਇਸ਼ਨਾਨਾਂ ਦੇ ਨਾਲ ਕਾਲਪਨਿਕ ਤੇ ਮਿਥੇ ਹੋਏ ਧਾਰਮਿਕ ਮਹਾਤਮ ਆਦਿ ਦਾ ਉੱਕਾ ਸਬੰਧ ਨਹੀਂ। ਇਹ ਠੀਕ ਇਸੇ ਤਰ੍ਰਾਂ ਹੈ ਜਿਵੇਂ “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ” ਭਾਵ, ਹੇ ਭਾਈ! ਬੇਸ਼ੱਕ ਤੂੰ ਲਖਾਂ ਇਸ਼ਨਾਨ ਤੇ ਲਖਾਂ ਸੁੱਚਮਾਂ ਕਰ ਲੈ ਪਰ ਇਸ ਨਾਲ ਤੇਰਾ ਮਨ ਸੁੱਚਾ ਨਹੀਂ ਹੋ ਸਕਦਾ। ਹੋਰ “ਸੋਚ ਕਰੈ ਦਿਨਸੁ ਅਰੁ ਰਾਤਿ॥ ਮਨ ਕੀ ਮੈਲੁ ਨ ਤਨ ਤੇ ਜਾਤਿ” (ਪੰ: ੨੬੫) ਅਤੇ ਇਸ ਵਿਸ਼ੇ `ਚ ਬੇਅੰਤ ਫ਼ੁਰਮਾਨ।

ਸਪਸ਼ਟ ਹੈ ਕਿ ਗੁਰਮੱਤ `ਚ ਉਪ੍ਰੋਕਤ ਇਨ੍ਹਾਂ ਸਾਰੇ ਸਰੀਰਕ ਕਰਮਾਂ ਨੂੰ ਕਿਸੇ ਧਾਰਮਿਕ ਵਹਿਮਾਂ-ਭਰਮਾਂ, ਸੁੱਚਾਂ-ਜੂਠਾਂ, ਭਿੱਟਾਂ-ਪ੍ਰਛਾਵਿਆਂ ਦੇ ਅਰਥਾਂ ਤੇ ਵਿਸ਼ਵਾਸਾਂ `ਚ ਨਹੀਂ ਲੈਂਦੀ। ਬਲਕਿ ਗੁਰਮੱਤ ਤਾਂ ਇਨ੍ਹਾਂ ਸੁੱਚਾਂ-ਜੂਠਾਂ, ਭਿਟਾਂ-ਪ੍ਰਛਾਵਿਆਂ `ਚ ਉੱਕਾ ਵਿਸ਼ਵਾਸ ਹੀ ਨਹੀਂ ਰਖਦੀ। ਇਸ ਸਾਰੇ ਦੇ ਉਲਟ ਗੁਰਮੱਤ ਦਾ ਸਿਧਾ ਵਿਸ਼ਵਾਸ ਤੇ ਇਸ ਬਾਰੇ ਗੁਰਬਾਣੀ `ਚ ਸੇਧ ਕੇਵਲ ਤੇ ਕੇਵਲ ਨਾਮ ਬਾਣੀ ਦੀ ਕਮਾਈ ਨਾਲ ਮਨੁੱਖਾ ਮਨ `ਚੋਂ ਵਿਕਾਰਾਂ ਅਉਗੁਣਾ ਆਦਿ ਦੀ ਮੈਲ ਨੂੰ ਧੋਣਾ ਤੇ ਮਨ ਨੂੰ ਉਨ੍ਹਾਂ ਤੋਂ ਸੁਅਛ ਕਰਣਾ ਹੈ।

ਇਹੁ ਜਗਤੁ ਭਰਮਿ ਭੁਲਾਇਆ” - ਚੂੰਕਿ ਭਾਰਤ `ਚ ਹਜ਼ਾਰਾਂ ਸਾਲਾਂ ਤੋਂ ਪ੍ਰਚਲਤ ਅਜਿਹੇ ਬ੍ਰਾਹਮਣੀ ਵਿਸ਼ਵਾਸਾਂ ਦਾ ਹੀ ਪ੍ਰਭਾਵ ਹੈ ਪਰ ਗੁਰਮੱਤ ਇਨ੍ਹਾਂ ਨੂੰ ਉੱਕਾ ਪ੍ਰਵਾਨ ਨਹੀਂ ਕਰਦੀ। ਇਸ ਲਈ ਦੋਹਰਾ ਦੇਣਾ ਚਾਹੁੰਦੇ ਹਾਂ ਕਿ ਗੁਰਮੱਤ ਅਨੁਸਾਰ ਕਿਸੇ ਵੀ ਸਥਾਨ ਅਥਵਾ ਸਮੇਂ ਨੂੰ ਖਾਸ ਮਿੱਥੇ ਕੇ ਕੀਤੇ ਗਏ ਉਚੇਚੇ ਇਸ਼ਨਾਨਾਂ ਦਾ ਕੁੱਝ ਵੀ ਮਹਤਵ ਨਹੀਂ। ਇਸੇ ਤਰ੍ਹਾਂ ਬ੍ਰਾਹਮਣੀ ਸੁੱਚਾਂ-ਜੂਠਾਂ, ਭਿੱਟ-ਪ੍ਰਛਾਵਿਆਂ ਵਾਲੇ ਪ੍ਰਚਲਤ ਵਿਸ਼ਵਾਸਾਂ ਨੂੰ ਵੀ ਧਾਰਮਿਕ ਪੱਖੋਂ ਗੁਰਮੱਤ ਪੂਰੀ ਤਰ੍ਹਾਂ ਨਕਾਰਦੀ ਹੈ। ਵੈਸੇ ਵੀ ਬ੍ਰਾਹਮਣੀ ਸੁੱਚਾਂ-ਭਿੱਟਾ ਵਾਲਾ ਇਹ ਵਿਸ਼ਾ ਗੁਰਮੱਤ ਪਾਠ ਨੰ: ੧੧੯ “ਸੁੱਚ-ਭਿੱਟ ਅਤੇ ਗੁਰਮੱਤ” `ਚ ਕਾਫ਼ੀ ਹਦ ਤੱਕ ਲੈ ਚੁੱਕੇ ਹਾਂ। ਜਦਕਿ ਹੱਥਲੇ ਗੁਰਮੱਤ ਪਾਠ ਦਾ ਤਾਲੁਕ ਕੇਵਲ ਚੂਲੀਆਂ ਭਾਵ ਮੂੰਹ ਨਾਲ ਕੀਤੀਆਂ ਜਾਣ ਵਾਲੀਆਂ ਪਾਣੀ ਦੀਆਂ ਚੁਲੀਆਂ ਤੇ ਉਨ੍ਹਾਂ ਪ੍ਰਤੀ ਪ੍ਰਚਲਤ ਬ੍ਰਾਹਮਣੀ ਸੁੱਚ-ਜੂਠ ਦੇ ਵਹਿਮਾਂ-ਭਰਮਾਂ ਨਾਲ ਹੀ ਹੈ। ਕਿਉਂਕਿ ਗੁਰਮੱਤ ਅਨੁਸਾਰ ਮੂੰਹ ਨਾਲ ਕੀਤੀਆਂ ਜਾਣ ਵਾਲੀਆਂ ਪਾਣੀ ਦੀਆਂ ਚੁਲੀਆਂ ਦੀ ਸੀਮਾਂ ਵੀ ਕੇਵਲ ਮ੍ਹੂੰਹ ਤੇ ਦੰਦਾਂ, ਮਸੂੜਿਆਂ ਵਿਚਲੀ ਸਫ਼ਾਈ ਤੱਕ ਹੀ ਸੀਮਤ ਹੈ। ਉਹ ਸਫ਼ਾਈ ਜਿਹੜੀ ਚੰਗੀ ਸੇਹਤ ਦੇ ਪੱਖੋਂ ਜ਼ਰੂਰੀ ਵੀ ਹੈ ਪਰ ਇਸ ਤੋਂ ਵਧ ਨਹੀਂ। ਇਹ ਸਭ ਉਸੇ ਤਰ੍ਹਾਂ ਹੈ ਜਿਵੇਂ ਲੋੜ ਅਨੁਸਾਰ ਦਾਤਨ, ਟੁਥ ਪੇਸਟ, ਟੁਥ ਮੰਜਣ ਤੇ ਮਾਉਥ ਵਾਸ਼ ਆਦਿ ਦੀ ਵੀ ਵਰਤੋਂ।

ਦਰਅਸਲ ਭਾਰਤ `ਚ ਪਿਛਲੇ ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣ ਮੱਤ ਦਾ ਹੀ ਬੋਲ ਬਾਲਾ ਹੈ। ਫ਼ਿਰ ਇਸੇ ਬ੍ਰਾਹਮਣੀ ਵਾਤਾਵਰਣ `ਚ ਹੀ ਗੁਰਮੱਤ ਅਥਵਾ ਸਿੱਖ ਵਿਚਾਰਧਾਰਾ ਦਾ ਜਨਮ ਹੋਇਆ ਹੈ। ਇਹੀ ਕਾਰਨ ਹੈ ਕਿ ਜਦੋਂ ਕਦੇ ਵੀ ਕਿਸੇ ਕਾਰਨ ਗੁਰਮੱਤ ਪ੍ਰਚਾਰ ਵਿਵਸਥਾ ਕਮਜ਼ੋਰ ਪੈਂਦੀ ਹੈ ਅਥਵਾ ਅਣ-ਅਧਿਕਾਰੀ ਹੱਥਾਂ `ਚ ਜਾਂਦੀ ਹੈ, ਬ੍ਰਾਹਮਣੀ ਕੁਪ੍ਰਭਾਵ ਪ੍ਰਭਾਵੀ ਹੋ ਜਾਂਦੇ ਹਨ। ਅਸਲ `ਚ ਇਸ ਪੱਖੋਂ ਸਿੱਖ ਧਰਮ ਦੀ ਅਜੋਕੀ ਦੁਰਗਤੀ ਲਈ ਇਹੀ ਕਾਰਨ ਅੱਜ ਵੀ ਹਨ। ਚੋਣਾਂ ਦੇ ਬਦਨਾਮ ਰਸਤੇ ਗੁਰਦੁਆਰਿਆਂ ਤੇ ਛਾਏ ਹੋਏ ਬਹੁਤੇ ਪ੍ਰਬੰਧਕ ਤੇ ਉਨ੍ਹਾਂ ਅਧੀਨ ਬਹੁਤੇ ਚਾਪਲੂਸ ਪ੍ਰਚਾਰਕ ਇਸ ਦੇ ਲਈ ਜ਼ਿਮੇਵਾਰ ਹਨ। ਇਤਨਾ ਹੀ ਨਹੀਂ, ਫ਼ਿਰ ਚਾਹੇ ਅਜਿਹੇ ਪ੍ਰਬੰਧਕ ਤੇ ਪ੍ਰਚਾਰਕ, ਸੰਸਾਰ ਤੱਲ `ਤੇ ਪੜ੍ਹੇ ਲਿਖੇ ਹੋਣ ਭਾਵੇਂ ਅਣਪੜ੍ਹ ਇਸ ਦਾ ਫ਼ਰਕ ਨਹੀਂ ਪੈਂਦਾ। ਕਿਉਂਕਿ ਗੁਰਮੱਤ ਗਿਆਨ ਤੋਂ ਕੋਰੇ ਅਜਿਹੇ ਪ੍ਰਬੰਧਕ ਤੇ ਪ੍ਰਚਾਰਕ ਹੀ ਅੱਜ ਕੌਮ ਨੂੰ ਡੁਬੋਉਣ ਤੇ ਬ੍ਰਾਹਮਣੀ ਜਕੜ `ਚ ਫ਼ਸਾਉਣ ਵਾਲੇ ਸਾਬਤ ਹੋ ਰਹੇ ਹਨ।

ਸੁਆਲ ਹੈ ਕਿ ਮ੍ਹੂੰਹ `ਚ ਕੁੱਝ ਪਾਣੀ ਭਰ ਕੇ ਫ਼ਿਰ ਉਸ ਨੂੰ ਬਾਹਰ ਉਂਡੇਲ ਦੇਣਾ ਤੇ ਮੰਨ ਲੈਣਾ ਕਿ ਮੂੰਹ ਬਲਕਿ ਸਰੀਰ ਵੀ ਜਿਹੜਾ ਕਿ ਪਹਿਲਾਂ ਕੁੱਝ ਖਾਣ ਕਰਕੇ ਜੂਠਾ ਸੀ, ਹੁਣ ਸੁੱਚਾ ਹੋ ਗਿਆ ਹੈ। ਗੁਰਮੱਤ ਅਜਿਹੀ ਕਿਸੇ ਵੀ ਸੁੱਚ-ਜੂਠ ਵਾਲੀ ਵਿਚਾਰਧਾਰਾ ਨੂੰ ਪ੍ਰਵਾਣ ਨਹੀਂ ਕਰਦੀ। ਗੁਰਮੱਤ ਨੇ ਤਾਂ ਇਸ ਬਾਰੇ ਇਥੋਂ ਤੱਕ ਸਪਸ਼ਟ ਕੀਤਾ ਹੋਇਆ ਹੈ “ਮਨਿ ਮੈਲੈ ਸਭੁ ਕਿਛੁ ਮੈਲਾ, ਤਨਿ ਧੋਤੈ ਮਨੁ ਹਛਾ ਨ ਹੋਇ॥ ਇਹੁ ਜਗਤੁ ਭਰਮਿ ਭੁਲਾਇਆ, ਵਿਰਲਾ ਬੂਝੈ ਕੋਇ” (ਪੰ: ੫੫੮)। ਇਸੇ ਲਈ ਜਿੱਥੋਂ ਤੱਕ ਮੂੰਹ ਨਾਲ ਪਾਣੀ ਦੀਆਂ ਚੁਲੀਆਂ ਦਾ ਸੁਆਲ ਹੈ, ਭੋਜਣ ਆਦਿ ਛਕਣ ਤੋਂ ਬਾਅਦ ਜਾਂ ਕਿਸੇ ਬਦਬੂ ਵਾਲੀ ਜਗ੍ਹਾ ਤੌਂ ਆਉਣ ਬਾਅਦ, ਨਹੀਂ ਤਾਂ ਸਵੇਰੇ ਪਹਿਲਾਂ ਦਾਤੁਨ ਮੰਜਨ, ਟੁਥ ਪੇਸ਼ਟ ਆਦਿ ਵਾਲੀਆਂ ਗੱਲਾਂ, ਇਨ੍ਹਾਂ ਸਾਰਿਆਂ ਦਾ ਸੰਬਧ ਸਰੀਰਕ ਅਰੋਗਤਾ ਅਤੇ ਕਿਟਾਣੁਆਂ ਦੇ ਵਿਰੋਧੀ ਹਮਲਿਆਂ ਤੋਂ ਸਰੀਰ, ਦੰਦਾਂ, ਮਸੂੜਿਆਂ ਤੇ ਮੂੰਹ ਆਦਿ ਨੂੰ ਬਚਾਉਣਾ ਹੀ ਹੁੰਦਾ ਹੈ, ਇਸ ਤੋਂ ਵਧ ਨਹੀਂ।

ਗੁਰੂਦਰ `ਤੇ ਇਹ ਸਭ ਸਰੀਰਕ ਅਰੋਗਤਾ, ਸੁਅਛਤਾ, ਨਿਖਾਰ ਤੇ ਚੁਸਤੀ ਲਈ ਹੈ। ਉਹ ਵੀ ਇਸ ਲਈ ਕਿ ਗੁਰੂ ਕੇ ਸਿੱਖ ਦੀ ਸੁਰਤ ਬਾਣੀ ਅਭਿਆਸ `ਚ ਟਿੱਕ ਸਕੇ। ਗੁਰੂ ਦਰ `ਤੇ ਇਹ ਸਭ ਕਿਸੇ ਸੁੱਚ-ਜੂਠ ਦੇ ਵਹਿਮ ਜਾਂ ਮਹਾਤਮ ਆਦਿ ਦੇ ਭਰਮ `ਚ ਨਹੀਂ। ਇਹੀ ਕਾਰਨ ਹੈ ਕਿ ਗੁਰੂ ਕਾ ਸਿੱਖ ਜੇਕਰ ਸਰੀਰਕ ਤੌਰ `ਤੇ ਅਰੋਗ ਜਾਂ ਕਿਸੇ ਅਜਿਹੇ ਹਾਲਾਤ `ਚ ਹੈ ਜਦੋਂ ਉਸ ਦੇ ਲਈ ਇਸ਼ਨਾਨ ਸੰਭਵ ਨਹੀਂ ਤਾਂ ਵੀ ਕੇਵਲ ਪੰਜ ਇਸ਼ਨਾਨਾ ਕਰਕੇ ਬਾਣੀ ਅਭਿਆਸ, ਨਿਤਨੇਮ ਅਤੇ ਗੁਰਮੱਤ ਨਾਲ ਸਬੰਧਤ ਕਾਰਜਾਂ `ਚ ਪੂਰੀ ਤਰ੍ਹਾਂ ਹਿੱਸਾ ਲੈ ਸਕਦਾ ਹੈ।

“ਮਨਿ ਜੂਠੈ ਚੁਲੀ ਭਰੇਨਿ” - ਬਾਣੀ ਆਸਾ ਕੀ ਵਾਰ ਪਉੜੀ ਨੰ: ੧੬ `ਚ ਤਾਂ ਗੁਰਦੇਵ ਨੇ ਇਨ੍ਹਾਂ ਬ੍ਰਾਹਮਣੀ ਚੁਲੀਆਂ ਦਾ ਪੂਰਾ ਨਕਸ਼ਾ ਖਿੱਚ ਕੇ ਉਸ ਪਿਛੇ ਦਿੰਤੇ ਜਾਂਦੇ ਸੁੱਚ-ਜੂਠ ਵਾਲੇ ਵਿਸ਼ਵਾਸਾਂ ਨੂੰ ਪੂਰੀ ਤਰ੍ਹਾਂ ਕੱਟਿਆ ਹੈ। ਸਬੰਧਤ ਸਲੋਕ ਇਸ ਤਰ੍ਹਾਂ ਹੈ “ਮਃ ੧॥ ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾੑ ਭਿ ਆਵਹਿ ਓਈ ਸਾਦ॥ ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥ ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥ ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ॥ ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥ ਮਤੁ ਭਿਟੈ ਵੇ ਮਤੁ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥ ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ॥ ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾ ਸਚੁ ਪਾਈਐ॥ ੨ ॥” (ਪੰ: ੪੭੧) ਇਸ ਸਲੋਕ ਦੇ ਅਰਥਾਂ ਨੂੰ `ਚੁਲੀਆਂ’ ਵਾਲੇ ਪੱਖੋਂ ਗੁਰਬਾਣੀ ਦੇ ਸੱਚ ਤੱਕ ਪਹੁੰਚਣ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਲਈ ਸਲੋਕ ਦੇ ਅਰਥ ਹਨ:-

“ਕਾਜ਼ੀ ਹੈਣ ਤਾਂ ਵੱਢੀ ਖੋਰ (ਪਰ ਆਪਣੇ ਆਪ ਨੂੰ ਵੱਡੇ ਧਰਮੀ ਦੱਸਣ ਲਈ) ਨਮਾਜ਼ਾਂ ਪੜ੍ਹਦੇ ਹਨ। ਇਸੇ ਤਰ੍ਹਾਂ ਇਨ੍ਹਾਂ ਹਾਕਮਾਂ ਅਗੇ ਮੁਨਸ਼ੀ ਉਹ ਖੱਤ੍ਰੀ ਹਨ, ਜਿਨ੍ਹਾਂ ਦੇ ਹੱਥ ਗ਼ਰੀਬਾਂ, ਮਜ਼ਲੂਮਾਂ, ਬੇਕਸੂਰਾਂ ਦੇ ਖੂਨ `ਚ ਰੰਗੇ ਪਏ ਹਨ ਪਰ ਉਨ੍ਹਾਂ ਦੇ ਗਲੇ `ਚ (ਵੀ ਉਨ੍ਹਾਂ ਦੇ ਧਰਮ ਚਿੰਨ੍ਹ) ਜਨੇਊ ਪਏ ਹੋਏ ਹਨ। ਇਨ੍ਹਾਂ (ਖੱਤ੍ਰੀਆਂ ਦੇ) ਘਰਾਂ `ਚ ਬ੍ਰਾਹਮਣ ਸ਼ੰਖ ਪੂਰਦੇ (ਤੇ ਸਾਰੇ ਧਰਮ ਕਰਮ ਕਰਵਾਉਂਦੇ ਹਨ। ਖੂਬੀ ਇਹ ਕਿ ਇਨ੍ਹਾਂ ਬ੍ਰਾਹਮਣਾਂ ਨੂੰ ਵੀ, ਖਤ੍ਰੀਆਂ ਦੀ ਜ਼ੁਲਮ ਦੀ ਕਮਾਈ ਵਾਲੇ ਭੋਜਨਾਂ `ਚੋਂ ਜ਼ੁਲਮ ਦੀ ਕਮਾਈ ਨਜ਼ਰ ਨਹੀਂ ਆਉਂਦੀ ਬਲਕਿ)। ਬਲਕਿ ਉਸੇ ਜ਼ੁਲਮੀ ਕਮਾਈ (ਤੋਂ ਬਣੇ ਭੋਜਨਾਂ `ਚੋਂ ਬ੍ਰਾਹਮਣ ਨੂੰ ਵੀ) ਉਹੀ ਸੁਆਦ ਆਉਂਦਾ ਹੈ (ਜਿਹੜਾ ਉਨ੍ਹਾਂ ਖੱਤ੍ਰੀਆਂ ਨੂੰ।

(ਇਸ ਤਰ੍ਹਾਂ ਇਨ੍ਹਾਂ ਅਖੌਤੀ ਧਾਰਮਕ ਲੋਕਾਂ `ਚ ਫ਼ਿਰ ਚਾਹੇ ਕਾਜ਼ੀ ਹਨ, ਬ੍ਰਾਹਮਣ ਜਾਂ ਖਤ੍ਰੀ, ਇਨ੍ਹਾਂ ਦੇ) ਜੀਵਨ ਦੀ ਰਾਸ (ਪੂੰਜੀ) ਵੀ ਝੂਠੀ ਹੈ ਤੇ ਇਸ ਤਰ੍ਹਾਂ, ਇਸ ਝੂਠ ਦੀ ਪੂੰਜੀ ਤੋਂ ਹੋ ਰਿਹਾ ਇਹ ਸਾਰਾ ਵਪਾਰ ਵੀ ਆਪਣੇ ਆਪ ਹੀ ਝੂਠਾ ਹੋ ਜਾਂਦਾ ਹੈ। ਤਾਂ ਤੇ (ਕਾਜ਼ੀ ਹਨ, ਬ੍ਰਾਹਮਣ ਜਾਂ ਖੱਤ੍ਰੀ, ਸਾਰੇ ਪਹਿਰਾਵੇ, ਦਿਖਾਵੇ ਦੇ ਤਾਂ ਧਰਮੀ ਹਨ ਪਰ) ਸਾਰੇ ਝੂਠ ਅਥਵਾ ਘਰੀਬਾਂ ਮਜ਼ਲੂਮਾਂ ਦੇ ਖੂਨ `ਚ ਭਿੱਜੀ ਹੋਈ ਭਾਵ ਉਨ੍ਹਾਂ `ਤੇ ਕੀਤੇ ਜਾ ਰਹੇ ਜ਼ੁਲਮ ਦੀ ਕਮਾਈ ਹੀ ਖਾ ਰਹੇ ਹਨ।

(ਧਰਮੀ ਹੋਣ ਕਾਰਨ ਜੋ ਇਨ੍ਹਾਂ `ਚ ਆਤਮਕ ਗੁਣ) ਸ਼ਰਮ-ਹਯਾ ਆਦਿ ਹੋਣੇ ਚਾਹੀਦੇ ਸਨ, ਉਹ ਤਾਂ ਇਨ੍ਹਾਂ ਦੇ ਨੇੜੇ ਵੀ ਨਹੀਂ ਫਟਕ ਰਹੇ। ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ (ਇਸ ਲਈ ਇਨ੍ਹਾਂ ਕੋਲ ਧਰਮ ਤਾਂ ਕੇਵਲ ਦਿਖਾਵੇ ਲਈ ਹੈ) ਵਰਨਾ ਸਭ ਥਾਈਂ ਝੂਠ ਦਾ ਹੀ ਪਸਾਰਾ ਹੈ।

ਖੱਤ੍ਰੀ (ਆਪਣੇ ਆਪ ਨੂੰ ਵੱਡੇ ਧਰਮੀ ਦੱਸਣ ਲਈ) ਮੱਥੇ `ਤੇ ਟਿੱਕੇ ਲਾਉਂਦੇ ਹਨ, ਲੱਕ ਗੇਰੂਏ ਰੰਗ ਦੀ ਧੋਤੀ ਬੰਣ੍ਹਦੇ ਹਨ। ਫ਼ਿਰ ਵੀ ਇਨ੍ਹਾਂ ਨੇ ਹੱਥਾਂ `ਚ ਤਾਂ ਜ਼ੁਲਮ-ਧੱਕੇ ਵਾਲੀ ਛੁਰੀ ਹੀ ਫੜੀ ਹੋਈ ਹੈ ਤੇ ਕਰਮ ਕਰਕੇ ਅਸਲ `ਚ ਮਾਨੋ ਇਹ ਸੰਸਾਰ ਭਰ ਦੇ ਵੱਡੇ ਕਸਾਈ ਹਨ। ਉਂਝ ਤਾਂ ਇਹ ਧਰਮ ਦੇ ਆਗੂ ਬਣਦੇ ਹਨ ਪਰ ਗਰੀਬਾਂ-ਮਜ਼ਲੂਮਾਂ-ਕਮਜ਼ੋਰਾਂ-ਬੇਕਸੂਰਾਂ `ਤੇ ਵੱਡੇ ‘ਤੋਂ ਵੱਡਾ ਜ਼ੁਲਮ ਕਰਦੇ, ਉਨ੍ਹਾਂ ਤੋਂ ਵੱਢੀਆਂ ਖਾਂਦੇ ਇਨ੍ਹਾਂ ਨੂੰ ਰਤਾ ਤਰਸ ਨਹੀਂ ਆਉਂਦਾ।

(ਮੁਲਾਜ਼ਮਤ ਵੇਲੇ ਆਪਣੇ ਆਪ ਨੂੰ ਵਫਾਦਾਰ ਸਾਬਤ ਕਰਣ ਲਈ) ਨੀਲੇ ਕਪੜੇ ਪਾ ਕੇ (ਤੁਰਕ) ਹਾਕਮਾਂ ਕੋਲ ਜਾਂਦੇ ਹਨ। ਉਨ੍ਹਾਂ ਲੋਕਾਂ ਦੇ ਤਲੂਏ ਚੱਟਦੇ ਹਨ ਜਿਨ੍ਹਾਂ ਨੂੰ (ਆਪਣੀ ਬੋਲੀ `ਚ ਇਹ) ਮਲੇਛ (ਮਲੀਨ ਬੁੱਧੀ) ਆਖਦੇ ਹਨ। ਫ਼ਿਰ ਉਨ੍ਹਾਂ ਹੀ ਹਾਕਮਾਂ ਪਾਸੋਂ ਲਈਆਂ ਤਨਖ਼ਾਹ ਰਾਹੀਂ (ਘਰਾਂ `ਚ ਬੈਠ ਕੇ) ਪੁਰਾਣਾਂ ਆਦਿ ਦੇ ਦੱਸੇ ਧਰਮ ਕਰਮ ਕਰਦੇ (ਅਤੇ ਫ਼ਿਰ ਵੀ ਇਹ ਸਮਝਦੇ ਹਨ, ਕਿ ਇਹ ਆਪਣੇ ਧਰਮ `ਚ ਬੜੇ ਪੱਕੇ ਹਾਂ)

(ਇੱਥੇ ਹੀ ਬੱਸ ਨਹੀਂ, ਇਨ੍ਹਾਂ ਖਤ੍ਰੀਆਂ ਦੇ ਚੌਂਕੇ `ਚ ਬਣ ਰਹੀ ਇਨ੍ਹਾਂ ਦੀ) ਖੁਰਾਕ ਵੀ ਉਹੀ ਬੱਕਰਾ ਹੈ ਜੋ (ਇਨ੍ਹਾਂ ਮੁਤਾਬਕ) ਨਾ ਪੜ੍ਹਣ-ਬੋਲਣ ਯੋਗ (ਅਭਾਖਿਅ) ਭਾਸ਼ਾ (ਅਰਬੀ-ਫ਼ਾਰਸੀ `ਚ ਕਲਮਾ ਪੜ੍ਹ ਕੇ) ਕੁਠਾ (ਕੋਹਿਆ) ਕੀਤਾ ਹੋਇਆ ਹੈ। ਫ਼ਿਰ ਵੀ ਵੱਡਾ ਧਿਆਨ ਰਖਦੇ ਹਨ ਕਿ (ਸ਼ਾਸਤ੍ਰਾਂ ਦੇ ਦੱਸੇ ਹੋਏ ਗੋਬਰ ਆਦਿ ਸੁੱਚਮਾਂ ਦੇ ਨੇਮਾਂ ਨਾਲ ਪਵਿਤ੍ਰ ਕੀਤੇ ਇਨ੍ਹਾਂ ਦੇ ਉਸੇ) ਚੋਂਕੇ `ਤੇ ਕਿਸੇ ਦਾ (ਜੂਠਾ ਹੱਥ ਨਾ ਲੱਗ ਜਾਵੇ ਜਾਂ ਕਿਸੇ ਨੀਵੀਂ ਜਾਤ ਦੇ ਬੰਦੇ ਦਾ ਪ੍ਰਛਾਵਾਂ ਪੈ ਕੇ ਕਿਧਰੇ ਸਭ ਕੁੱਝ ਭਿੱਟ ਹੀ ਨ ਜਾਵੇ। ਜਦਕਿ ਇਸੇ ਚਉਕੇ `ਤੇ ਆ ਕੇ ਵੀ ਉਹੀ ਲੋਕ ਬੈਠਦੇ ਭਾਵ ਭੋਜਨ ਕਰਦੇ ਹਨ ਜੋ ਆਪ (ਜੀਵਨ ਤੇ ਮਨ ਕਰਕੇ ਦੋਨਾਂ ਪਾਸਿਆਂ ਤੋਂ) ਅਪਵਿਤ੍ਰ ਹਨ।

ਦੂਜਿਆਂ ਬਾਰੇ ਆਖਦੇ ਹਨ, ਸਾਡੇ ਚਉਕੇ ਨੇੜੇ ਕੋਈ ਨਾ ਆਵੇ। ਕਿਉਂਕਿ (ਸ਼ਾਸਤ੍ਰਾਂ ਦੇ ਹਿਸਾਬ ਸੁੱਚਾ ਕੀਤਾ ਹੋਇਆ ਚਉਂਕਾ) ਕਿਧਰੇ ਭਿੱਟਿਆ ਹੀ ਨਾ ਜਾਵੇ ਤੇ ਇਸ `ਚ ਬਣੇ ਹੋਏ ਸਾਰੇ ਅੰਨ ਪਦਾਰਥ ਕਿਧਰੇ ਸੁੱਟਣੇ ਹੀ ਪੈ ਜਾਣ ‘ਫਿਟੈ’। ਪਰ ਇਹ ਲੋਕ ਆਪ ਇਸ ਅਪਵਿੱਤ੍ਰ (ਜ਼ੁਲਮਾਂ ਦੀ ਕਮਾਈ `ਤੇ ਚੱਲ ਰਹੇ) ਸਰੀਰਾਂ ਨਾਲ ਸਾਰੇ ਮੰਦੇ ਕੰਮ ਕਰਦੇ ਹਨ। ਇਨ੍ਹਾਂ ਦੇ ਆਪਣੇ ਮਨ ਤਾਂ ਅਗਿਆਨਤਾ-ਜ਼ੁਲਮਾਂ ਦੀ ਜੂਠ ਨਾਲ ਭਰੇ ਪਏ ਹਨ। ਫ਼ਿਰ ਵੀ ਚੁਲੀਆਂ ਕਰ-ਕਰ ਕੇ ਸਮਝ ਰਹੇ ਹਨ ਕਿ ਅਸੀਂ ਸੁੱਚੇ ਹੋ ਗਏ ਹਾਂ

ਉਪ੍ਰੰਤ ਗੁਰਦੇਵ ਦਾ ਫ਼ੈਸਲਾ ਹੈ ਕਿ ਮਨੁੱਖ ਜਦੋਂ ਸੱਚੇ ਪ੍ਰਭੂ ਦੇ ਰੰਗ `ਚ ਰੰਗਿਆ ਜਾਵੇ ਤਾਂ ਹੀ ਸਦਾ ਥਿਰ ਹਸਤੀ ਅਕਾਲਪੁਰਖ ਨੂੰ ਪਾ ਕੇ ਆਤਮਕ ਪਖੋਂ ਬਲਵਾਨ ਹੋ ਸਕਦਾ ਹੈ। ਜੀਵਨ ਦੀ ਇਸ (ਉੱਚਤਮ) ਅਵਸਥਾ `ਚ ਪੁੱਜ ਕੇ, ਫ਼ਿਰ ਉਸ ਨੂੰ ਅਜਿਹੇ ਦਿਖਾਵੇ ਦੀਆਂ ਸੁੱਚਮਾਂ ਦੀ ਲੋੜ ਹੀ ਨਹੀਂ ਰਹਿ ਜਾਂਦੀ। ੨।

“ਆਪੇ ਜਲੁ ਆਪੇ ਦੇ ਛਿੰਗਾ, ਆਪੇ ਚੁਲੀ ਭਰਾਵੈ” - ਇਥੇ ਹੀ ਬੱਸ ਨਹੀਂ ਬਿਹਾਗੜੇ ਕੀ ਵਾਰ ਮਹਲਾ ੪ ਦੀ ਪਉੜੀ ਨੰ: ੬ `ਚ ਗੁਰਦੇਵ ਫ਼ੁਰਮਾਉਂਦੇ ਹਨ “ਆਪੇ ਧਰਤੀ ਆਪੇ ਹੈ ਰਾਹਕੁ, ਆਪਿ ਜੰਮਾਇ ਪੀਸਾਵੈ॥ ਆਪਿ ਪਕਾਵੈ, ਆਪਿ ਭਾਂਡੇ ਦੇਇ ਪਰੋਸੈ, ਆਪੇ ਹੀ ਬਹਿ ਖਾਵੈ॥ ਆਪੇ ਜਲੁ ਆਪੇ ਦੇ ਛਿੰਗਾ, ਆਪੇ ਚੁਲੀ ਭਰਾਵੈ॥ ਆਪੇ ਸੰਗਤਿ ਸਦਿ ਬਹਾਲੈ, ਆਪੇ ਵਿਦਾ ਕਰਾਵੈ॥ ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ, ਤਿਸ ਨੋ ਹੁਕਮੁ ਮਨਾਵੈ” (ਪੰ: ੫੫੧) ਪਉੜੀ ਵਿਚਲੇ ਲਫ਼ਜ਼ ‘ਛਿੰਗਾ’ ਦੇ ਅਰਥ ਹਨ ਖਾਣਾ ਆਦਿ ਖਾਣ ਸਮੇਂ ਦੰਦਾਂ-ਦਾੜਾਂ `ਚ ਫ਼ਸਿਆ ਪਦਾਰਥ। ਪਉੜੀ ਦਾ ਭਾਵ ਹੈ ਕਿ ਸੰਸਾਰ `ਚ ਸਭ ਕੁਛ ਕਰਤੇ ਦੇ ਹੁਕਮ `ਚ ਹੀ ਹੋ ਰਿਹਾ ਹੈ ਤੇ ਪ੍ਰਭੂ ਆਪ ਹੀ ਇਸ ਸਾਰੇ `ਚ ਵਿਆਪਕ ਵੀ ਹੁੰਦਾ ਹੈ। ਤਾਂ ਤੇ ਇਹ ਵੀ ਕਰਤੇ ਦਾ ਹੀ ਨਿਯਮ ਹੈ ਕਿ ਮਨੁੱਖ ਜੋ ਕੁੱਝ ਖਾਂਦਾ ਹੈ ਤਾਂ ਉਹ ਦੰਦਾ ਨਾਲ ਚਬਾ ਕੇ ਹੀ ਸਰੀਰ ਅੰਦਰ ਪਹੁੰਚਾਉਣਾ ਹੁੰਦਾ ਹੈ। ਉਪ੍ਰੰਤ ਸੇਹਤ-ਸਫ਼ਾਈ ਪੱਖੋਂ ਮੂੰਹ ਤੇ ਦੰਦਾ ਦੀ ਸਫ਼ਾਈ ਲਈ “ਆਪੇ ਜਲੁ ਆਪੇ ਦੇ ਛਿੰਗਾ, ਆਪੇ ਚੁਲੀ ਭਰਾਵੈ” ਅਨੁਸਾਰ ਉਪ੍ਰੰਤ ਮੂੰਹ ਰਾਹੀਂ ਚੁਲੀਆਂ ਕਰਣੀਆਂ, ਇਹ ਵੀ ਕਰਤੇ ਦੇ ਹੀ ਇਸੇ ਅਟੱਲ ਨਿਯਮ `ਚ ਤੇ ਜ਼ਰੂਰੀ ਵੀ ਹੈ।

ਜਦਕਿ ਇਥੇ ਵੀ ਮਨੁੱਖ ਨੇ ਇਸ ਨੂੰ ਸੁੱਚ-ਜੂਠ ਵਾਲਾ ਨਾਮ ਦਿੱਤਾ ਹੋਇਆ ਹੈ। ਉਸੇ ਦਾ ਨਤੀਜਾ ਕਿ ਇਹ ਵਿਸ਼ਾ ਵੀ ਆਪਣੇ ਆਪ ਸੁੱਚ-ਜੂਠ, ਭਿੱਟ ਤੇ ਬੇਰਿਪੈਰ ਦੇ ਭਰਮਾਂ-ਵਹਿਮਾਂ ਨਾਲ ਜਾ ਜੁੜਿਆ ਜਾਂ ਜੋੜ ਦਿੱਤਾ ਹੋਇਆ। ਉਸੇ ਤੋਂ ਇਸ ਰਸਤੇ ਵੀ ਮਨੁੱਖ-ਮਨੁੱਖ ਵਿਚਕਾਰ ਅਨੇਕਾਂ ਫ਼ਾਸਲਿਆਂ ਨੇ ਜਨਮ ਲੈ ਲਿਆ। ਮਨੁੱਖ ਸਮਾਜ `ਚ ਦਰਾਰਾਂ ਪੈਦਾ ਹੋਈਆਂ ਜਾਂ ਪੈਦਾ ਕੀਤੀਆਂ ਗਈਆਂ। ਇਸੇ ਤੋਂ, ਸਮਜਿਕ ਕੋੜ੍ਹ ਵਰਣ ਵੰਡ ਨੂੰ ਵੀ ਮਜ਼ਬੂਤੀ ਮਿਲੀ ਤੇ ਸੁੱਚ-ਭਿੱਟ-ਪ੍ਰਛਾਂਵਿਆਂ ਵਾਲੇ ਵਹਿਮਾ-ਭਰਮਾ ਦੇ ਕਈ ਨਵੇਂ ਰੂਪ ਉਭਰੇ ਤੇ ਨਿੱਤ ਉਭਾਰੇ ਵੀ ਜਾਂਦੇ ਹਨ।

ਯਕੀਨਣ ਜੇ ਇਸ ਵਿਸ਼ੇ ਨੂੰ ਕਰਤਾਰ ਵੱਲੋਂ ਘੜੇ ਹੋਏ ਇਸ ਦੇ ਮੂਲ ਨਿਯਮ ਤੱਕ ਸੀਮਤ ਰਖਿਆ ਜਾਵੇ। ਇਸ ਨੂੰ ਇਸ ਦੇ ਅਸਲੀ ਰੂਪ “ਆਪੇ ਜਲੁ ਆਪੇ ਦੇ ਛਿੰਗਾ, ਆਪੇ ਚੁਲੀ ਭਰਾਵੈ” `ਚ ਹੀ ਸਮਝਿਆ ਤੇ ਅਪਨਾਇਆ ਜਾਵੇ ਤਾਂ ਸਮਾਜ ਅਨੇਕਾਂ ਸਮਾਜਕ ਲਾਹਣਤਾਂ ਤੇ ਬੁਰਾਈਆਂ ਤੋਂ ਬੱਚ ਸਕਦਾ ਹੈ। ਜਦਕਿ ਇਸ ਪਉੜੀ ਦੇ ਅਰਥ ਹਨ “ਪ੍ਰਭੂ ਆਪ ਹੀ ਜ਼ਮੀਨ ਹੈ ਤੇ ਉਹ ਆਪ ਹੀ ਇਸ ਜ਼ਮੀਨ ਨੂੰ ਵਾਹੁਣ ਵਾਲਾ ਹੈ। ਪ੍ਰਭੂ ਆਪ ਹੀ ਇਸ `ਚ ਅੰਨ ਉਗਾਉਂਦਾ ਹੈ ਤੇ ਆਪ ਹੀ ਉਸ ਅੰਨ ਨੂੰ ਪਿਹਾਉਂਦਾ ਤੇ ਆਪ ਹੀ ਪਕਾਉਂਦਾ ਹੈ। ਉਪ੍ਰੰਤ ਪ੍ਰਭੂ ਆਪ ਹੀ ਭਾਂਡੇ ਦੇ ਕੇ ਵਰਤਾਉਂਦਾ ਤੇ ਆਪ ਹੀ ਬਹਿ ਕੇ ਖਾਂਦਾ ਹੈ। ਆਪ ਹੀ ਜਲ ਦਿੰਦਾ ਹੈ ਤੇ ਛਿੰਗਾ ਭੀ ਆਪ ਦੇ ਕੇ, ਉਸ ਦੀ ਸਫ਼ਾਈ ਦੇ ਲਈ ਚੁਲੀ ਵੀ ਆਪ ਹੀ ਕਰਵਾਉਂਦਾ ਹੈ।

ਪ੍ਰਭੂ ਆਪ ਹੀ ਸੰਗਤ ਨੂੰ ਸੱਦ ਕੇ ਬਿਠਾਉਂਦਾ ਤੇ ਆਪ ਹੀ ਉਸ ਨੂੰ ਵਿਦਾ ਵੀ ਕਰਦਾ ਹੈ। ਫ਼ਿਰ ਜਿਸ `ਤੇ ਪ੍ਰਭੂ ਆਪ ਦਇਆਲ ਹੋ ਜਾਂਦਾ ਹੈ ਤਾਂ ਉਸ ਨੂੰ ਆਪਣੀ ਰਜ਼ਾ ਮਿੱਠੀ ਕਰ ਕੇ ਵੀ ਆਪ ਹੀ ਮਨਾਂਉਂਦਾ ਹੈ”

“ਮੁਹਿ ਫੇਰਿਐ ਮੁਹੁ ਜੂਠਾ ਹੋਇ” - ਇਸੇ ਤਰ੍ਹਾਂ ਜੈਤਸਰੀ ਕੀ ਵਾਰ ਪਉੜੀ ਨੰ: ੭ `ਚ ਵੀ ਗੁਰਦੇਵ ਮੂੰਹ ਦੀਆਂ ਚੂਲੀਆਂ ਵਾਲੇ ਇਸ ਵਿਸ਼ੇ ਨੂੰ ਬਹੁਤ ਜ਼ਿਆਦਾ ਖੋਲਦੇ ਹਨ। ਪਉੜੀ ਨਾਲ ਦੋ ਸਲੋਕ ਹਨ ਉਨ੍ਹਾਂ `ਚੋ ਪਹਿਲਾ ਸਲੋਕ ਹੈ, “ਜੂਠਿ ਨ ਰਾਗੀਂ ਜੂਠਿ ਨ ਵੇਦੀਂ॥ ਜੂਠਿ ਨ ਚੰਦ ਸੂਰਜ ਕੀ ਭੇਦੀ॥ ਜੂਠਿ ਨ ਅੰਨੀ ਜੂਠਿ ਨ ਨਾਈ॥ ਜੂਠਿ ਨ ਮੀਹੁ ਵਰ੍ਹਿਐ ਸਭ ਥਾਈ॥ ਜੂਠਿ ਨ ਧਰਤੀ ਜੂਠਿ ਨ ਪਾਣੀ॥ ਜੂਠਿ ਨ ਪਉਣੈ ਮਾਹਿ ਸਮਾਣੀ॥ ਨਾਨਕ ਨਿਗੁਰਿਆ ਗੁਣੁ ਨਾਹੀ ਕੋਇ॥ ਮੁਹਿ ਫੇਰਿਐ ਮੁਹੁ ਜੂਠਾ ਹੋਇ॥ ੧ ॥”

“ਇਸ ਸਲੋਕ ਰਾਹੀਂ ਗੁਰਦੇਵ ਫ਼ੁਰਮਾਉਂਦੇ ਹਨ ਕਿ ਰਾਗਾਂ ਦਾ ਗਾਇਨ ਮਨੁੱਖ ਦੇ ਮਨ ਅੰਦਰ ਕਈ ਤਰ੍ਹਾਂ ਦੇ ਹੁਲਾਰੇ ਪੈਦਾ ਕਰਦਾ ਹੈ, ਪਰ ਮਨੁੱਖ ਦੇ ਅੰਦਰ ਟਿੱਕੀ ਹੋਈ ਦੂਜਿਆਂ ਦੀ ਨਿੰਦਾ ਵਾਲੀ ਵਾਦੀ ਦੀ ਮੈਲ (ਜੂਠ) ਰਾਗਾਂ ਦੇ ਗਾਇਨ ਨਾਲ ਵੀ ਦੂਰ ਨਹੀਂ ਹੁੰਦੀ। ਮਨੁੱਖਾ ਮਨ ਦੀ ਇਹ ਜੂਠ, ਵੇਦ ਆਦਿਕ ਧਰਮ-ਪੁਸਤਕਾਂ ਦੇ ਪਾਠ ਨਾਲ ਵੀ ਨਹੀਂ ਧੁਲਦੀ। ਮੱਸਿਆ, ਸੰਗ੍ਰਾਂਦ, ਪੂਰਨਮਾਸ਼ੀ ਆਦਿਕ ਚੰਦ੍ਰਮਾ ਤੇ ਸੂਰਜ ਦੇ ਵਖ-ਵਖ ਮੰਨੇ ਜਾਂਦੇ ਪਵਿੱਤ੍ਰ ਦਿਹਾੜਿਆਂ ਸਮੇਂ ਵੱਖ-ਵੱਖ ਤਰ੍ਹਾਂ ਦੀ ਕੀਤੀ ਪੂਜਾ ਰਾਹੀਂ ਵੀ ਮਨੁੱਖ ਦੇ ਜੀਵਨ ਅੰਦਰਲੀ ਇਹ ਜੂਠ ਸਾਫ਼ ਨਹੀਂ ਹੁੰਦੀ। ਅੰਨ ਦਾ ਤਿਆਗ ਕਰਣ ਨਾਲ, ਤੀਰਥਾਂ `ਤੇ ਇਸ਼ਨਾਨਾਂ ਨਾਲ ਵੀ ਮਨ ਦੀ ਮੈਲ ਅਥਵਾ ਜੂਠ ਨਹੀਂ ਜਾਂਦੀ। ਫ਼ਿਰ ਇਹ ਵੀ ਮੰਨਿਆ ਜਾਂਦਾ ਹੈ ਕਿ ਬੇਅੰਤ ਬਰਖਾ ਹੌਣ ਨਾਲ ਧਰਤੀ `ਤੇ ਬਨਸਪਤੀ ਆਦਿਕ ਦੀ ਮੈਲ ਤਾਂ ਧੁਪ ਜਾਂਦੀ ਹੈ ਪਰ ਮਨੁੱਖ ਦੇ ਮਨ ਅੰਦਰੌਂ ਇਸ ਤਰ੍ਹਾਂ ਦੂਜਿਆਂ ਨੂੰ ਆਪਣੇ ਤੋਂ ਘਟੀਆਂ ਕਹਿਣ ਤੇ ਮੰਨਣ ਵਾਲੀ ਮੈਲ ਅਥਵਾ ਜੂਠ ਫ਼ਿਰ ਵੀ ਨਹੀਂ ਧੁਲਦੀ।

ਇਸੇ ਤਰ੍ਹਾਂ ਰਮਤੇ ਸਾਧ ਬਣ ਕੇ ਧਰਤੀ ਦਾ ਰਟਨ ਕੀਤਿਆਂ, ਧਰਤੀ `ਚ ਗੁਫ਼ਾ ਬਣਾ ਕੇ ਬੈਠਿਆਂ ਜਾਂ ਪਾਣੀ `ਚ ਖੜੇ ਹੋ ਕੇ ਤਪਾਂ ਰਾਹੀਂ ਵੀ ਮਨੁੱਖਾ ਜੀਵਨ `ਚੋਂ ਇਹ ਮਨ ਦੀ ਮੈਲ ਨਹੀਂ ਧੁਲਦੀ। ਪ੍ਰਾਣਾਯਾਮ ਕੀਤਿਆਂ, ਸਮਾਧੀਆਂ ਲਾਇਆਂ ਵੀ ਮਨੁੱਖ ਦੇ ਅੰਦਰ ਟਿਕੀ ਹੋਈ ਇਹ ਨਿੰਦਾ ਆਦਿ ਕਰਣ ਵਾਲੀ ਜੂਠ ਦੂਰ ਨਹੀਂ ਹੁੰਦੀ।

ਸਲੋਕ ਦੇ ਅੰਤ `ਚ ਗੁਰੂ ਨਾਨਕ ਪਾਤਸ਼ਾਹ ਫ਼ੈਸਲਾ ਦਿੰਦੇ ਹਨ “ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ `ਤੇ ਨਹੀਂ ਟੁਰਦੇ, ਉਨ੍ਹਾਂ ਅੰਦਰ, ਆਤਮਕ ਜੀਵਨ ਨੂੰ ਉੱਚਾ ਕਰਨ ਵਾਲੇ ਕਿਸੇ ਵੀ ਗੁਣ ਦਾ ਵਾਧਾ ਨਹੀਂ ਹੁੰਦਾ। ਜੇ ਗੁਰੂ ਵਲੋਂ ਮੂੰਹ ਮੋੜੀ ਰੱਖੀਏ ਭਾਵ ਗੁਰੂ-ਗੁਰਬਾਣੀ ਦੇ ਆਦੇਸ਼ਾਂ `ਤੇ ਅਮਲ ਨਾ ਕਰੀਏ ਤਾਂ ਅਜਿਹੇ ਲੋਕਾਂ ਦਾ ਹਿਰਦਾ ਨਿੰਦਾ ਭਾਵ ਦੂਜਿਆ ਨੂੰ ਆਪਣੇ ਤੋਂ ਘਟੀਆ ਮੰਨਣ ਤੇ ਸਮਝਣ ਵਾਲੀਆਂ ਗੰਦੀਆਂ ਵਾਦੀਆਂ ਦੀ ਮੈਲ (ਜੂਠ) ਨਾਲ ਹੀ ਅਪਵਿੱਤ੍ਰ ਹੋਇਆ ਰਹਿੰਦਾ ਹੈ। ੧।

ਦਰਅਸਲ ਇਥੇ ਜ੍ਰੂਠ ਵਾਲਾ ਉਹੀ ਵਿਸ਼ਾ ਹੈ ਜਿਹੜਾ ਕਿ ਬ੍ਰਾਹਮਣ ਮੱਤ ਅਨੁਸਾਰ ਕਿਸੇ ਦਾ ਹੱਥ ਲਗਣ ਨਾਲ ਹੀ ਸਭਕੁਝ ਜੂਠਾ, ਨਿੰਦਣ ਯੋਗ ਤੇ ਭਿਟਿਆ ਜਾਂਦਾ ਹੈ। ਜਦਕਿ ਦੂਜੇ ਪਾਸੇ ਉਹੀ ਬ੍ਰਾਹਮਣ ਦੂਜਿਆਂ ਨੂੰ ਭਰਮਾਂ `ਚ ਫ਼ਸਾ-ਫ਼ਸਾ ਕੇ ਦਿਨ ਰਾਤ ਲੁਟਦਾ; ਉਪਾਅ ਕਰਣ ਦੇ ਬਹਾਨੇ ਗ਼ਰੀਬਾਂ, ਮਜ਼ਲੂਮਾਂ ਆਦਿ ਦੇ ਖੂਨ ਨੂੰ ਚੂਸਨ ਸਮੇਂ ਉਨ੍ਹਾ `ਤੇ ਰਤਾ ਤਰਸ ਨਹੀਂ ਕਰਦਾ। ਫ਼ਿਰ ਵੀ ਉਹ ਆਪਣੇ ਆਪ ਨੂੰ ਸਾਰਿਆਂ ਤੋਂ ਸ਼੍ਰੇਸ਼ਠ ਤੇ ਪਵਿਤ੍ਰ ਮੰਨਦਾ ਤੇ ਦੂਜਿਆਂ ਨੂੰ ਆਪਣੇ ਤੋਂ ਘਟੀਆ ਦਸਦਾ ਹੈ। ਇਸੇ ਬ੍ਰਾਹਮਣੀ ਜੂਠ ਵਾਲੇ ਭਰਮ ਤੋਂ ਅਨੇਕਾਂ ਸਮਾਜਮ ਬੁਰਾਈਆਂ ਤੇ ਪਾੜੇ ਬਣਦੇ ਹਨ ਤੇ ਵਰਣ ਵੰਡ ਨੂੰ ਪਕਿਆਈ ਮਿਲਦੀ ਹੈ। ਗੁਰਦੇਵ ਨੇ ਸਲੋਕ `ਚ ਉਸੇ ਵਿਚਾਰਧਾਰਾ ਨੂੰ ਹੀ ਨਕਾਰਿਆਂ ਤੇ ਉਸ ਦਾ ਖੰਡਣ ਕੀਤਾ ਹੈ। ਉਪ੍ਰੰਤ ਇਸੇ ਪਉੜੀ ਨਾਲ ਦੂਜਾ ਸਲੋਕ ਹੈ:-

ਮਹਲਾ ੧॥ ਨਾਨਕ ਚੁਲੀਆ ਸੁਚੀਆ, ਜੇ ਭਰਿ ਜਾਣੈ ਕੋਇ॥ ਸੁਰਤੇ ਚੁਲੀ ਗਿਆਨ ਕੀ, ਜੋਗੀ ਕਾ ਜਤੁ ਹੋਇ॥ ਬ੍ਰਹਮਣ ਚੁਲੀ ਸੰਤੋਖ ਕੀ, ਗਿਰਹੀ ਕਾ ਸਤੁ ਦਾਨੁ॥ ਰਾਜੇ ਚੁਲੀ ਨਿਆਵ ਕੀ, ਪੜਿਆ ਸਚੁ ਧਿਆਨੁ॥ ਪਾਣੀ ਚਿਤੁ ਨ ਧੋਪਈ, ਮੁਖਿ ਪੀਤੈ ਤਿਖ ਜਾਇ॥ ਪਾਣੀ ਪਿਤਾ ਜਗਤ ਕਾ, ਫਿਰਿ ਪਾਣੀ ਸਭੁ ਖਾਇ॥ ੨ ॥ ਇਸ ਸਲੋਕ `ਚ ਵੀ ਗੁਰਦੇਵ “ਮਨਿ ਜੂਠੈ ਚੁਲੀ ਭਰੇਨਿ” ਵਾਲੀ ਬ੍ਰਾਹਮਣੀ ਸੋਚ ਦੇ ਹੀ ਦੂਜੇ ਤੇ ਉੱਤਮ ਪੱਖ ਆਪਣੇ ਵੱਲੋਂ ਉਜਾਗਰ ਕਰ ਰਹੇ ਹਨ। ਗੁਰਦੇਵ ਫ਼ੁਰਮਾਉਂਦੇ ਹਨ ਕਿ ਐ ਬ੍ਰਾਹਮਣ! ਤੇਰੀਆਂ ਉਹ ਚੂਲੀਆਂ ਤਾਂ ਕੇਵਲ ਦਿਖਾਵਾ ਮਾਤ੍ਰ, ਅਤੇ ਲੋਕਾਈ ਨੂੰ ਬੇਸਿਰਪੈਰ ਦੇ ਵਹਿਮਾ-ਭਰਮਾਂ `ਚ ਉਲਝਾਉਣ ਵਾਲੀਆਂ ਤੇ ਝੂਠੀਆਂ ਹਨ। ਦਰਅਸਲ ਮਨੁੱਖਾ ਜੀਵਨ ਦੀਆਂ ਸਚੀਆਂ ਚੁਲੀਆਂ ਵੀ ਹਨ ਤੇ ਉਹ ਹਨ ਕਿ ਜਿਹੜਾ ਆਤਮਕ ਜੀਵਨ ਮਨੁੱਖ ਦੀ ਰਹਿਣੀ ਵਿੱਚੋਂ ਪ੍ਰਗਟ ਹੁੰਦਾ ਹੈ।

ਜੇ ਕਰ ਮਨੁੱਖ, ਜੀਵਨ ਰਹਿਣੀ ਕਰਕੇ ਉੱਚ ਆਚਰਣ ਵਾਲਾ, ਸਦਾਚਾਰੀ, ਸੰਤੋਖੀ ਤੇ ਦਇਆ ਵਾਲੇ ਸੁਭਾਅ ਵਾਲਾ ਹੈ ਤਾਂ ਇਹੀ ਉਸ ਮਨੁੱਖ ਦੇ ਜੀਵਨ ਦੀਆਂ ਸਚੀਆਂ ਚੁਲੀਆਂ ਕਹੀਆਂ ਜਾ ਸਕਦੀਆਂ ਹਨ। ਇਸ ਦੇ ਉਲਟ ਜੇ ਕਰ ਮਨੁੱਖ ਦੀ ਰਹਿਣੀ ਹੀ ਗੁਣਾਹਾਂ, ਅਉਗੁਣਾਂ ਤੇ ਜੁਰਮਾਂ ਦੀ ਭਰੀ ਹੋਈ ਹੈ ਤਾਂ ਅਜਿਹਾ ਮਨੁੱਖ ਬਾਹਰੋ ਭਾਵੇਂ ਕਿਤਨੇ ਵੀ ਧਰਮੀ ਸੁਭਾਅ ਵਾਲਾ ਹੋਵੇ ਪਰ ਇਸ ਨਾਲ ਉਸ ਦਾ ਆਤਮਕ ਜੀਵਨ ਸਿਧੇ ਰਾਹ ਨਹੀਂ ਟੁਰ ਸਕਦਾ। ਦਰਅਸਲ ਬਾਣੀ ‘ਆਸਾ ਕੀ ਵਾਰ’ ਵਿਚਲੇ ਸਲੋਕ “ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ” (ਪੰ: ੪੭੪) `ਚ ਗੁਰਦੇਵ ਨੇ ਇਸੇ ਵਿਸ਼ੇ ਨੂੰ ਨਿਭਾਇਆ ਹੈ।

ਇਸ ਪਉੜੀ `ਚ ਵੀ ਗੁਰਦੇਵ ਫ਼ੂਰਮਾਉਂਦੇ ਹਨ ਕਿ ਸਹੀ ਅਰਥਾਂ `ਚ ਕਿਸੇ ਵੀ ਮਨੁੱਖ ਰਾਹੀਂ ਜੀਵਨ ਦੀਆਂ ਸੁਚੀਆਂ ਚੁਲੀਆਂ ਉਹ ਹੁੰਦੀਆਂ ਹਨ ਜਦੋਂ ਉਹ ਆਪਣੇ ਬਾਹਰਲੇ ਚੰਗੇ ਪ੍ਰਗਟਾਵੇ ਅਨੁਸਾਰ ਮਨ ਤੇ ਜੀਵਨ ਕਰਕੇ ਵੀ ਉਸੇ ਤਰ੍ਹਾਂ ਚੰਗਾ ਤੇ ਉੱਤਮ ਗੁਣਾ ਵਾਲਾ ਹੋਵੇ। ਤਾਂ ਤੇ ਪਉੜੀ ਦੇ ਅਰਥ ਹਨ:-

“ਨਿਰਾ ਪਾਣੀ ਨਾਲ ਚੁਲੀਆਂ ਕੀਤਿਆਂ ਕਿਸੇ ਮਨੁੱਖ ਦੇ ਆਤਮਕ ਜੀਵਨ `ਚ ਸੁੱਚਮ ਨਹੀਂ ਆ ਸਕਦੀ। ਇਸ ਦੇ ਉਲਟ, ਜੇ ਮਨੁੱਖ ਸਚਮੁਚ ਹੀ ਸੱਚੀ ਚੁਲੀ ਭਰਨੀ ਜਾਣ ਲਏ ਤਾਂ ਸੁੱਚੀਆਂ ਚੁਲੀਆਂ ਇਹ ਹੁੰਦੀਆਂ ਹਨ: ਗੁਰਦੇਵ ਇਸ ਬਾਰੇ ਨਿਰਣਾ ਦਿੰਦੇ ਹਨ ਕਿ ਜੇ ਮਨੁੱਖ ਸਚਮੁਚ ਹੀ ਵਿਦਵਾਨ ਹੈ ਤਾਂ ਉਸ ਦੇ ਵਿਚਾਰਾਂ `ਚ ਆਤਮਕ ਉੱਚਤਾ ਦਾ ਹੋਣਾ ਜ਼ਰੂਰੀ ਹੈ; ਕਿਸੇ ਵਿਦਵਾਨ ਵਾਸਤੇ ਇਹੀ ਸੁਚੀ ਚੁਲੀ ਹੈ ਕਿ ਉਸ ਦੇ ਜੀਵਨ ਅੰਦਰਲੇ ਵਿਚਾਰਾਂ `ਚ ਵੀ ਪਵਿਤ੍ਰਤਾ ਹੋਵੇ।

ਇਸੇ ਤਰ੍ਹਾਂ ਜੇ ਕੋਈ ਜੋਗੀ ਅਖਵਾਉਂਦਾ ਹੈ ਤਾਂ ਉਸ ਲਈ ਜ਼ਰੂਰੀ ਹੈ ਕਿ ਉਹ ਕਾਮ-ਵਾਸ਼ਨਾ ਤੋਂ ਬਚਿਆ ਰਵੇ ਤੇ ਇਹੀ ਹੈ ਕਿਸੇ ਜੋਗੀ ਰਾਹੀਂ ਕੀਤੀ ਜਾ ਰਹੀ ਉਸ ਦੇ ਜੀਵਨ ਦੀ ਪਵਿਤ੍ਰ ਚੁਲੀ। ਉਪ੍ਰੰਤ ਬ੍ਰਾਹਮਣ ਲਈ ਚੁਲੀ ਉਸ ਦੇ ਜੀਵਨ `ਚ ਸੰਤੋਖ ਦਾ ਹੋਣਾ ਜ਼ਰੂਰੀ ਹੈ ਤੇ ਗ੍ਰਿਹਸਤੀ ਲਈ ਚੁਲੀ ਇਹ ਹੈ ਕਿ ਜੇਕਰ ਉਹ ਗ੍ਰਿਹਸਥੀ ਹੈ ਤਾਂ ਉਸ ਦਾ ਆਚਰਨ ਵੀ ਉੱਚਾ ਹੋਵੇ। ਰਾਜੇ ਵਾਸਤੇ ਚੁਲੀ, ਉਸ ਦੇ ਰਾਜਪ੍ਰਬੰਧ `ਚ ਹਰੇਕ ਨਾਲ ਇਨਸਾਫ਼ ਦਾ ਹੋਣਾ ਹੈ। ਜੇ ਕੋਈ ਰਾਜਾ ਹੈ ਤਾਂ ਉਸ ਦੇ ਰਾਜ `ਚ ਕਿਸੇ ਨਾਲ ਜ਼ੁਲਮ ਧੱਕਾ ਜਾਂ ਬੇਇਨਸਾਫ਼ੀ ਨਾ ਹੋਵੇ। ਇਹੀ ਹੈ ਕਿਸੇ ਰਾਜੇ ਦੇ ਜੀਵਨ ਦੀ ਸੁਚੀ ਚੁਲੀ।

ਅੰਤ `ਚ ਪਾਤਸ਼ਾਹ ਫ਼ੈਸਲਾ ਦਿੰਦੇ ਹਨ ਕਿ ਪਾਣੀ ਨਾਲ ਚੁਲੀ ਕੀਤਿਆਂ ਕਦੇ ਕਿਸੇ ਦਾ ਮਨ ਵਿਕਾਰਾਂ, ਅਉਗੁਣਾਂ ਤੋਂ ਸਾਫ਼ ਨਹੀਂ ਹੁੰਦਾ। ਇਹ ਵੱਖਰੀ ਗੱਲ ਹੈ ਕਿ ਮੂੰਹ ਨਾਲ ਪਾਣੀ ਪੀਤਿਆਂ ਮਨੁੱਖ ਦੀ ਤ੍ਰਿਹ ਮਿਟ ਜਾਂਦੀ ਹੈ। ਤਾਂ ਤੇ ਹੇ ਬ੍ਰਾਹਮਣ! ਤੇਰੀ ਹੀ ਵਿਚਾਰਧਾਰਾ ਅਨੁਸਾਰ ਤਾਂ ਪਾਣੀ ਦੀ ਚੁਲੀ ਨਾਲ, ਪਵਿਤ੍ਰਤਾ ਆਉਣ ਦੇ ਥਾਂ ਸਗੋਂ “ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ” (ਪੰ: ੪੭੨) ਭਾਵ ਸੂਤਕ ਵਾਲਾ ਭਰਮ ਪੈਦਾ ਹੋਣਾ ਚਾਹੀਦਾ ਹੈ। ਕਿਉਂਕਿ ਹੀ ਜੀਵਨ ਹੈ ਤੇ ਪਾਣੀ ਤੋਂ ਹੀ ਸੰਸਾਰ ਦੀ ਉਤਪਤੀ ਤੇ ਫ਼ਿਰ ਪਾਣੀ ਹੀ ਸੰਸਾਰ ਦਾ ਨਾਸ ਵੀ ਹੁੰਦਾ ਹੈ। ਇਸ ਤਰ੍ਹਾਂ ਪਾਣੀ ਤਾਂ ਪ੍ਰਭੂ ਦੀ ਰਚੀ ਹੋਈ ਅਜਿਹੀ ਦੇਣ ਹੈ ਜਿੱਥੇ ਤੇਰੇ ਰਾਹੀਂ ਪ੍ਰਗਟ ਸੂਤਕ ਹੀ ਨਹੀਂ ਬਲਕਿ ਸੂਤਕ ਤੇ ਪਾਤਕ ਵਾਲੇ ਦੋਵੇਂ ਕਰਮ, ਹਰ ਸਮੇਂ ਚੱਲ ਰਹੇ ਹਨ। ੨। “

ਸਭ ਤੋਂ ਵੱਡੀ ਗੱਲ ਇਥੇ ਵੀ ਇਹੀ ਹੈ ਜਿਵੇਂ ਸੂਤਕ ਵਾਲੇ ਵਿਸ਼ੇ ਨੂੰ ਗ਼ਲਤ ਤੇ ਕੋਰਾ ਭਰਮ ਸਾਬਤ ਕਰਣ ਲਾਈ ਗੁਰਦੇਵ ਨੇ ਬ੍ਰਾਹਮਣ ਦੇ ਸੂਤਕ ਵਾਲੇ ਲਫ਼ਜ਼ ਨੂੰ ਨਹੀਂ ਬਦਲਿਆ ਪਰ ਉਸ ਦੇ ਅਰਥਾਂ ਨੂੰ ਹੀ ਬਦਲ ਦਿੱਤਾ। ਇਸੇ ਤਰ੍ਹਾਂ ਉਸ ਦੀ ਜੰਜੂ ਵਾਲੀ ਉਨਤਾਈ ਨੂੰ ਪ੍ਰਗਟ ਕਰਣ ਲਈ ਵੀ ਲਫ਼ਜ਼ ਜੰਜੂ ਹੀ ਵਰਤਿਆ। ਇਸੇ ਤਰ੍ਹਾਂ ਗੁਰਦੇਵ ਨੇ ਮੁੰਦਾਂ, ਡੰਡਾ, ਝੌਲੀ ਆਦਿ ਬੇਅੰਤ ਲਫ਼ਜ਼ ਤਾਂ ਦੂਜਿਆਂ ਦੇ ਵਿਸ਼ਵਾਸਾਂ ਵਾਲੇ ਲਏ ਤੇ ਗੁਰਬਾਣੀ `ਚ ਵਰਤੇ ਵੀ ਪਰ ਮੂਲੋਂ ਹੀ ਉਨ੍ਹਾਂ ਦੇ ਅਰਥਾਂ ਨੂੰ ਬਦਲ ਕੇ ਮਨੁੱਖ ਦੇ ਜੀਵਨ ਨੂੰ ਆਤਮਕ ਰਸ ਤੇ ਪ੍ਰਭੂ ਮਿਲਾਪ ਵਾਲਾ ਬਣਾ ਦਿੱਤਾ।

ਉਸੇ ਤਰ੍ਹਾਂ ਇਥੇ ਵੀ ਪਾਤਸ਼ਾਹ ਨੇ ਲਫ਼ਜ਼ ਚੁਲੀਆਂ ਵਾਲਾ ਤਾਂ ਉਹੀ ਵਰਤਿਆ, ਜਿਸ ਨੂੰ ਬ੍ਰਾਹਮਣ ਲਗਾਤਾਰ ਸੁੱਚ ਜੂਠ ਦੇ ਅਰਥ ਦੇ ਕੇ ਵਰਤ ਰਿਹਾ ਸੀ। ਗੁਰਦੇਵ ਨੇ ਉਸੇ ਲਫ਼ਜ਼ ਨੂੰ ਸੁਚੀਆਂ ਚੁਲੀਆਂ ਦੇ ਲਫ਼ਜ਼ ਰਾਹੀਂ ਪ੍ਰਗਟ ਕਰਕੇ ਸੰਸਾਰ ਸਾਹਮਣੇ ਇੱਕ-ਇੱਕ ਮਨੁੱਖ ਦੇ ਸਮਾਜ `ਚ ਉਭਰੇ ਜੀਵਨ ਨੂੰ ਇਲਾਹੀ ਸੱਚ ਨਾਲ ਜੋੜ ਦਿੱਤਾ। ਇਸ ਤਰ੍ਰਾਂ ਸਬੰਧਤ ਪਉੜੀ `ਚ ਵੀ ਮੂਲ ਵਿਸ਼ਾ ਤਾਂ ਕਰਤੇ ਦੀ ਸਿਫ਼ਤ ਸਲਾਹ ਵਾਲਾ ਹੀ ਹੈ। ਕਰਤੇ ਦੀ ਸਿਫ਼ਤ ਸਲਾਹ ਵਾਲਾ ਉਹੀ ਵਿਸ਼ਾ ਜਿਸ ਨਾਲ ਮਨੁੱਖ ਨੂੰ ਇਨ੍ਹਾਂ ਦੋਨਾਂ ਸਲੋਕਾਂ `ਚ ਚੁਲੀਆਂ ਤੇ ਜੂਠ ਦੀ ਸ਼ਬਦਾਵਲੀ ਨੂੰ ਵਰਤ ਕੇ ਜੋੜਿਆ ਹੈ। ਤਾਂ ਤੇ ਸਬੰਧਤ ਪਉੜੀ ਹੈ:

“ਪਉੜੀ॥ ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ॥ ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ॥ ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ॥ ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ॥ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ॥ ੭ ॥” (ਪੰ: ੧੨੪੦) ਇਸ ਦੇ ਅਰਥ ਹਨ “ਜੇ ਕਰ ਪ੍ਰਭੂ ਦੀ ਸਿਫ਼ਤ ਸਲਾਹ `ਚ ਸੁਰਤਿ ਜੋੜ ਰੱਖੀਏ ਤਾਂ ਸਾਰੀਆਂ ਕਰਾਮਾਤੀ ਤਾਕਤਾਂ ਮਨੁੱਖ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ ਭਾਵ ਆਪਣੇ ਆਪ ਸੁਤੇ ਸਿਧ ਹੀ ਪ੍ਰਾਪਤ ਹੋ ਜਾਂਦੀਆਂ ਹਨ। ਅਜਿਹੇ ਜੀਵਨ ਵਾਲੇ ਮਨੁੱਖ ਨੂੰ ਸੰਸਾਰ ਦੇ ਸਾਰੇ ਪਦਾਰਥ ਆਪਣੇ ਆਪ ਹੀ ਹਾਸਲ ਹੋ ਜਾਂਦੇ ਹਨ ਮਨੁੱਖ ਜੋ ਕੁੱਝ ਮਨ `ਚ ਚਿਤਵਦਾ ਹੈ ਉਸ ਨੂੰ ਮਿਲ ਜਾਂਦਾ ਹੈ। ਜੀਵਨ `ਚ ਮਨ ਕਰਕੇ ਸੰਤੋਖ ਪੈਦਾ ਹੋ ਜਾਂਦਾ ਹੈ ਤੇ ਮਾਇਆ ਵੀ ਅਜਿਹੇ ਮਨੁੱਖ ਦੀ ਦਾਸੀ ਬਣ ਜਾਂਦੀ ਹੈ। ਭਾਵ ਅਜਿਹਾ ਮਨੁੱਖ ਆਸਾ-ਮਨਸਾ ਵਾਲੀ ਅਵਸਥਾ ਤੋਂ ਉਪਰ ਉਠ ਪੈਂਦਾ ਹੈ।

ਅਜਿਹੇ ਉੱਤਮ ਜੀਵਨ `ਚੋਂ ਭਟਕਣਾ, ਸਹਿਮ, ਚਿੰਤਾਂਵਾਂ ਮੁੱਕ ਜਾਂਦੀਆਂ ਹਨ ਤੇ ਟਿਕਾਅ ਆ ਜਾਂਦਾ ਹੈ। ਇਸ ਤਰ੍ਹਾਂ ਜੀਵਨ ਦੀ ਇਸ ਅਡੋਲ ਅਵਸਥਾ `ਚ ਅੱਪੜ ਕੇ, ਮਨੁੱਖ ਨੂੰ ਸਦੀਵੀ ਸੁਖ ਪ੍ਰਾਪਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਪੱਕਾ ਕਰਦੇ ਹਨ ਕਿ ਜੀਵਨ `ਚ ਪ੍ਰਭੂ ਦੀ ਸਿਫ਼ਤ ਸਲਾਹ ਵਾਲੀ ਇਹ ਅਵਸਥਾ, ਗੁਰੂ-ਗੁਰਬਾਣੀ ਦੀ ਕਮਾਈ ਨਾਲ ਹੀ ਪ੍ਰਾਪਤ ਹੁੰਦੀ ਹੈ ਤੇ ਜੀਵਨ ਦੇ ਇਸ ਰਾਹ ਤੇ ਟੁਰਣ ਵਾਲਾ ਮਨੁੱਖ ਸਦਾ ਪ੍ਰਭੂ ਦੀ ਸਿਫ਼ਤ ਸਲਾਹ `ਚ ਹੀ ਜੁੜਿਆ ਰਹਿੰਦਾ ਹੈ। ੭।

ਇਸ ਤਰ੍ਹਾਂ ਇਸ ਸਾਰੇ ਗੁਰਮੱਤ ਪਾਠ ਦਾ ਇਹੀ ਸਿੱਟਾ ਹੈ ਕਿ ਮਨੁੱਖਾ ਜੀਵਨ ਦਾ ਇੱਕੋ ਹੀ ਮਕਸਦ ਹੈ ਕਿ ਮਨੁੱਖ ਅੰਦਰੋਂ ਜੀਵਨ ਕਰਕੇ ਤੇ ਬਾਹਰੋਂ ਸਰੂਪ ਕਰਕੇ ਉੱਤਮ ਗੁਣਾਂ ਵਾਲਾ, ਸਦਾਚਾਰੀ ਤੇ ਸੰਤੋਖੀ ਆਦਿ ਇਲਾਹੀ ਸੁਭਾਅ ਵਾਲਾ ਹੋਵੇ। ਇਸ ਦੇ ਨਾਲ ਗੁਰਦੇਵ ਨੇ ਬਾਰ ਬਾਰ ਇਹ ਵੀ ਸਪਸ਼ਟ ਕੀਤਾ ਹੈ ਕਿ ਜੀਵਨ `ਚ ਸਤਿਗੁਰੂ ਭਾਵ ਸਦਾਥਿਰ ਗੁਰੂ (ਗੁਰਬਾਣੀ) ਦੇ ਆਦੇਸ਼ਾਂ ਦੀ ਕਮਾਈ ਕੀਤੇ ਬਿਨਾ ਜੀਵਨ ਦੀ ਸੰਭਾਲ ਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ ਸੰਭਵ ਨਹੀਂ। #0G102s011.02s011#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 0G 102

“ਨਾਨਕ ਚੁਲੀਆ ਸੁਚੀਆ

ਜੇ ਭਰਿ ਜਾਣੈ ਕੋਇ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.