.

ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ … …॥
ਗੁਰਸ਼ਰਨ ਸਿੰਘ ਕਸੇਲ

ਸਿੱਖ ਧਰਮ ਦੇ ਬਾਨੀ ਗੁਰੁ ਨਾਨਕ ਪਾਤਸ਼ਾਹ ਜੀ ਨੇ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਅਕਾਲ ਪੁਰਖ ਨੂੰ ਮੰਨਿਆ ਸੀ। ਇਸੇ ਲਈ ਉਹਨਾ ਆਪਣੀ ਬਾਣੀ ਦਾ ਅਰੰਭ ਹੀ ੴ ਤੋਂ ਕੀਤਾ ਸੀ। ਉਹ ਹਿੰਦੂ ਧਰਮ ਵਾਂਗੂ ਕਿਸੇ ਭਗਵਾਨ ਜਾਂ ਕਿਸੇ ਦੇਵੀ ਦੇਵਤਿਆਂ ਨੂੰ ਸ੍ਰਿਸ਼ਟੀ ਦਾ ਚਲਾਉਣ ਵਾਲਾ ਨਹੀਂ ਮੰਨਦੇ ਸਨ। ਸਿੱਖ ਇਤਿਹਾਸ ਤੋਂ ਇਹ ਪਤਾ ਲੱਗਦਾ ਹੈ ਕਿ ਜਦੋਂ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਿੰਦੂ ਪੁਜਾਰਿਆਂ ਵੱਲੋਂ ਲੋਕਾਈ ਨੂੰ ਧਰਮ ਦੀ ਆੜ੍ਹ ਹੇਠ ਅੰਧਵਿਸ਼ਵਾਸਾਂ ਤੇ ਕਰਮਕਾਂਡਾਂ ਵਿੱਚ ਪਾ ਕੇ ਲੁੱਟਣ ਦਾ ਵਿਰੋਧ ਕੀਤਾ ਅਤੇ ਲੋਕਾਈ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਸੀ ਤਾਂ ਉਸ ਦਿਨ ਤੋਂ ਹੀ ਇਹ ਲੋਕ ਗੁਰੂ ਜੀ ਅਤੇ ਉਹਨਾ ਵੱਲੋਂ ਚਲਾਏ ਸਿੱਖ ਧਰਮ ਦੇ ਵਿਰੋਧੀ ਬਣ ਗਏ ਸਨ। ਜੋ ਅੱਜ ਤੀਕਰ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਮਿਲਗੋਭਾ ਕਰਨ ਲਈ ਵੱਖ-ਵੱਖ ਤਰੀਕਿਆਂ ਨਾਲ ਤਰਲੋਮੱਛੀ ਹੋ ਰਹੇ ਹਨ। ਇਸ ਗੱਲ ਦਾ ਸਬੂਤ ਅਸੀਂ ਆਮ ਹੀ ਕਦੀ ਕਿਸੇ ਟੀਵੀ ਰਾਹੀਂ, ਰੇਡੀਓ ਰਾਹੀਂ, ਫਿਲਮਾ ਰਾਹੀਂ, ਅਖਬਾਰਾਂ ਰਾਹੀਂ ਅਤੀ ਕਦੀ ਸਿੱਖੀ ਭੇਸ ਵਿੱਚ ਕੁੱਝ ਵਿਕਾਊ ਲੋਕਾਂ ਰਾਹੀਂ ਸਾਨੂੰ ਵੇਖਣ, ਸੁਣਨ ਨੂੰ ਮਿਲਦਾ ਹੈ। ਗੱਲ ਭਾਵੇਂ ਵਖਰੀ ਕੌਮ ਦੀ ਹੋਵੇ ਭਾਂਵੇ ਸਿੱਖ ਧਰਮ ਦੀ ਅਤੇ ਭਾਂਵੇਂ ਅਨੰਦ ਕਾਰਜ ਕਾਨੂੰਨ ਬਣਾਉਣ ਦੀ ਹੋਵੇ। ਅਜਿਹੇ ਲੋਕ ਇਹ ਹੀ ਬੋਲੀ ਬੋਲਦੇ ਹਨ ਕਿ ਸਿੱਖ ਕੇਸਾਧਾਰੀ ਹਿੰਦੂ ਹੀ ਹਨ।
ਕਦੀ ਇਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੁੱਝ ਪੰਗਤੀਆਂ ਕੱਢਕੇ ਉਹਨਾ ਦਾ ਸਿੱਖਾਂ ਵਿੱਚ ਗਲਤ ਅਰਥ ਕਰਦੇ ਹਨ ਅਤੇ ਗੁਰਮਤਿ ਸਿਧਾਂਤ ਨੂੰ ਤੋੜਮਰੋੜ ਕੇ ਪੇਸ਼ ਕਰਦੇ ਹਨ। ਹਰ ਸੂਝਵਾਨ ਸਿੱਖ ਜਾਣਦਾ ਹੈ ਕਿ ਗੁਰਮਤਿ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦਾ ਉਪਾਸ਼ਕ ਹੈ ਅਤੇ ਉਸਨੂੰ ਹੀ ਸੱਭ ਜੀਵਾਂ ਦਾ ਜਨਮ ਮਰਨ ਅਤੇ ਪਾਲਣ ਵਾਲਾ ਦੱਸਦੀ ਹੈ। ਕਿਸੇ ਦੇਵੀ ਦੇਵਤੇ ਜਾਂ ਭਗਵਾਨ ਆਦਿ ਨੂੰ ਨਹੀਂ ਮੰਨਦੀ। ਫਿਰ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਸਿੱਖਾਂ ਨੂੰ ਕਿਵੇਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਨ ਲਈ ਆਖ ਸਕਦੇ ਹਨ। ਸਿੱਖ ਵਿਰੋਧੀ ਅਨਸਰ ਪਹਿਲਾਂ ਵੀ ਅਜਿਹੇ ਹੋੇਸ਼ੇ ਹੱਥਕੰਡੇ ਵਰਤਦੇ ਰਹੇ ਹਨ ਪਰ ਕਦੀ ਵੀ ਕਾਮਜ਼ਾਬ ਨਹੀਂ ਹੋਏ ਅਤੇ ਨਾ ਹੀ ਅਕਾਲ ਪੁਰਖ ਦੀ ਕ੍ਰਿਪਾ ਨਾਲ ਅੱਗੇ ਵੀ ਕਾਮਜ਼ਾਬ ਹੋਣਗੇ।
ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਕੁੱਝ ਸਿੱਖੀ ਭੇਸ ਵਿੱਚ ਵਿਕਾਊ ਬਿਰਤੀ ਵਾਲੇ ਲੋਕ ਸਿੱਖਾਂ ਨੂੰ ਗੁਮਰਾਹ ਕਰਨ ਲਈ ਇਹ ਪ੍ਰਚਾਰ ਕਰਦੇ ਸੁਣੀਦੇ ਹਨ ਕਿ ਗੁਰਬਾਣੀ ਵਿੱਚ ਹਿੰਦੂ ਦੇਵੀ ਦੇਵਤਿਆਂ ਦੇ ਨਾਂਅ ਆਏ ਹਨ ਅਤੇ ਗੁਰੂ ਜੀ ਉਹਨਾਂ ਹਿੰਦੂ ਦੇਵੀ ਦੇਵਤਿਆਂ ਨੂੰ ਠੀਕ ਮੰਨਦੇ ਹਨ ਅਤੇ ਸਿੱਖਾਂ ਨੂੰ ਵੀ ਮੰਨਣ ਦਾ ਪ੍ਰਚਾਰ ਕਰਦੇ ਹਨ। ਜਿਵੇਂ ਕਿ ਇਹ ਲੋਕ ਜਪੁ ਜੀ ਸਾਹਿਬ ਦੀ ਪੰਜਵੀਂ ਪਾਉੜੀ ਦੇ ਅਰਥ ਗਲਤ ਕਰਦੇ ਹਨ। ਗੁਰੂ ਜੀ ਇਸ ਪਾਉੜੀ ਵਿੱਚ ਪਹਿਲਾਂ ਹਿੰਦੂ ਧਰਮ ਅਨੁਸਾਰ ਜੋ ਗੱਲਾਂ ਦੇਵੀ ਦੇਵਤਿਆਂ ਬਾਰੇ ਪ੍ਰਚਲਤ ਹਨ ਉਹ ਕਰਦੇ ਹਨ ਅਤੇ ਫਿਰ ਗੁਰਮਤਿ ਸਿਧਾਂਤ ਦੀ ਗੱਲ ਕਰਦੇ ਹਨ। ਵੇਖਦੇ ਹਾਂ, ਪਹਿਲਾਂ ਇਸ ਪਾਉੜੀ ਬਾਰੇ ਗੁਰੂ ਜੀ ਦੇ ਵਿਚਾਰ ਤੇ ਕੁੱਝ ਹੋਰ ਇਸੇ ਤਰ੍ਹਾਂ ਦੀਆਂ ਪਵਿੱਤਰ ਪੰਗਤੀਆਂ।
ਪਹਿਲਾਂ ਗੁਰੁ ਜੀ ਹਿੰਦੂ ਧਰਮ ਦੀ ਰਵਾਇਤ ਮੁਤਾਬਕ ਸ੍ਰੀਸ਼ਟੀ ਦੀ ਉਤਪਤੀ ਦੇ ਸਿਧਾਂਤ ਮੁਤਾਬਕ ਜੋ ਲੋਕ ਸਮਝਦੇ ਹਨ ਉਹਨਾਂ ਦੀ ਉਦਾਹਾਰਣ ਦੇਂਦੇ ਹਨ:
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥
ਅਰਥ:- (ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ)। ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਸਭ ਥਾਈਂ ਵਿਆਪਕ ਹੈ। ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ।
ਹੁਣ ਗੁਰੂ ਜੀ ਆਪਣਾ ਗੁਰਮਤਿ ਦੀ ਗੱਲ ਕਰਦੇ ਹਨ:
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥ ਗੁਰਾ ਇੱਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥ ੫॥
ਅਰਥ:- ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ, (ਭੀ) ਲਵਾਂ, (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ। (ਮੇਰੀ ਤਾਂ) ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇੱਕ ਸਮਝ ਦੇਹ ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ। ੫।
ਇੰਜ਼ ਹੀ ਇਹ ਲੋਕ ਜਪੁ ਜੀ ਸਾਹਿਬ ਦੀ 30ਵੀਂ ਪਾਉੜੀ ਬਾਰੇ ਵੀ ਇਹ ਲੋਕ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ:
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥
ਅਰਥ:- (ਲੋਕਾਂ ਵਿੱਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ `ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇੱਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇੱਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂμ ਸੰਘਾਰਦਾ ਹੈ)।
ਹੁਣ ਇਹਨਾ ਪੰਗਤੀਆਂ ਵਿੱਚ ਗੁਰਮਤਿ ਦੀ ਗੱਲ ਕਰਦੇ ਹਨ:
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥
ਅਰਥ:- (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁੱਝ ਹੱਥ ਨਹੀਂ)। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ ੩੦॥
ਅਰਥ; - (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁੱਝ ਹੱਥ ਨਹੀਂ)। ੀੲਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
ਭਾਵ:- ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ, ਤਿਉਂ ਤਿਉਂ ਉਸ ਨੂੰ ਇਹ ਖ਼ਿਆਲ ਕੱਚੇ ਜਾਪਦੇ ਹਨ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਕੋਈ ਵੱਖਰੀਆਂ ਹਸਤੀਆਂ ਜਗਤ ਦਾ ਪਰਬੰਧ ਚਲਾ ਰਹੀਆਂ ਹਨ। ਸਿਮਰਨ ਵਾਲੇ ਨੂੰ ਯਕੀਨ ਹੈ ਕਿ ਪ੍ਰਭੂ ਆਪ ਆਪਣੀ ਰਜ਼ਾ ਵਿੱਚ ਆਪਣੇ ਹੁਕਮ ਅਨੁਸਾਰ ਜਗਤ ਦੀ ਕਾਰ ਚਲਾ ਰਿਹਾ ਹੈ, ਭਾਵੇਂ ਜੀਵਾਂ ਨੂੰ ਇਹਨਾਂ ਅੱਖਾਂ ਨਾਲ ਉਹ ਦਿੱਸਦਾ ਨਹੀਂ। ੩੦।
ਹੁਣ ਵੇਖਦੇ ਹਾਂ ਅਨੰਦ ਕਾਰਜ ਸਮੇਂ ਪੜ੍ਹੀ ਜਾਂਦੀ ਪਹਿਲੀ ਲਾਵ ਜਿਸ ਦਾ ਸਿੱਖ ਵਿਰੋਧੀ ਅਨਸਰ ਗਲਤ ਪ੍ਰਚਾਰ ਕਰਦੇ ਹਨ:
ਸੂਹੀ ਮਹਲਾ ੪॥ ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ ਬਾਣੀ, ਬ੍ਰਹਮਾ ਵੇਦੁ, ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ॥ ਸਹਜ ਅਨμਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ॥ ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ॥ ੧॥ (ਪੰਨਾ ੭੭੩)
ਅਰਥ: —ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਹਰਿ-ਨਾਮ ਜਪਣ ਦੇ ਆਹਰ ਵਿੱਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ)। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ। ਹੇ ਭਾਈ! ਗੁਰੂ ਦੀ ਬਾਣੀ ਹੀ (ਸਿੱਖ ਵਾਸਤੇ) ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ) ਧਰਮ (ਆਪਣੇ ਹਿਰਦੇ ਵਿਚ) ਪੱਕਾ ਕਰੋ (ਨਾਮ ਸਿਮਰਿਆਂ ਸਾਰੇ) ਪਾਪ ਦੂਰ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦੇ ਰਹੋ, (ਮਨੁੱਖਾ ਜੀਵਨ ਦਾ ਇਹ) ਧਰਮ (ਆਪਣੇ ਅੰਦਰ) ਪੱਕਾ ਕਰ ਲਵੋ। ਗੁਰੂ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ। ਹੇ ਭਾਈ! ਪੂਰੇ ਗੁਰੂ (ਦੇ ਇਸ ਉਪਦੇਸ਼ ਨੂੰ) ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ (ਇਸ ਦੀ ਬਰਕਤਿ ਨਾਲ) ਦੂਰ ਹੋ ਜਾਂਦੇ ਹਨ।
ਹੇ ਭਾਈ! ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ। ਦਾਸ ਨਾਨਕ ਆਖਦਾ ਹੈ—ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ। ਹਰਿ-ਨਾਮ ਸਿਮਰਨ ਤੋਂ ਹੀ (ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ) ਵਿਆਹ (ਦਾ) ਮੁੱਢ ਬੱਝਦਾ ਹੈ। ੧। ਟੀਕਾਕਾਰ ਪ੍ਰੋ. ਸਾਹਿਬ ਸਿੰਘ ਜੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬ੍ਰਹਮਾ ਦੇ ਵੇਦਾਂ ਬਾਰੇ ਦੱਸਦੇ ਹਨ:
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ॥ (ਮ: 3, ਪੰਨਾ 559)
ਰਾਜੇ ਦਸ਼ਰਥ ਦੇ ਪੁਤਰ ਜਿਸਨੂੰ ਹਿੰਦੂ ਧਰਮ ਦੇ ਮੰਨਣ ਵਾਲੇ ਭਗਵਾਨ ਆਖਦੇ ਹਨ, ਸ੍ਰੀ ਰਾਮ ਚੰਦਰ ਜੀ ਬਾਰੇ, ਪੱਥਰ ਪੂਜਣ ਬਾਰੇ ਜਾਂ ਕਰਵਾ ਚੌਥ ਬਾਰੇ ਜੋ ਸ਼ਬਦ ਹਨ ਉਹ ਪਤਾ ਨਹੀਂ ਕਿਉ ਅਜਿਹੇ ਵਿਕਾਉ ਬਿਰਤੀ ਵਾਲੇ ਸਿੱਖ ਅਖਵਾਉਣ ਵਾਲਿਆਂ ਨੂੰ ਦਿਖਾਈ ਨਹੀਂ ਦੇਂਦੇ। ਹਿੰਦੂ ਧਰਮ ਵਾਲੇ ਜਿਸਨੂੰ ਮਰਜੀ ਰੱਬ ਮੰਨਣ ਜਾਂ ਨਾਂ ਮੰਨਣ ਸਾਨੂੰ ਕੋਈ ਇਤਰਾਜ ਨਹੀਂ ਪਰ ਸਿੱਖ ਇੱਕ ਵੱਖਰਾ ਧਰਮ ਅਤੇ ਕੌਮ ਹੈ। ਪਰ ਸਿੱਖੀ ਭੇਸ ਵਿੱਚ ਵਿਕਾਓ ਲੋਕਾਂ ਨੂੰ ਜਿੰਨੀਆਂ ਮਰਜੀ ਦਲੀਲਾਂ ਦੇਵੋ ਇਹਨਾਂ ਦੀ ਤਾਂ ਇਕੋ ਹੀ ਗੱਲ ਹੈ “ਮੈਂ ਨਾਂ ਮਾਨੂੰ”। ਸੋ, ਸਿੱਖਾਂ ਨੂੰ ਅਜਿਹੇ ਗੁਰਮਤਿ ਵਿਰੋਧੀ ਪ੍ਰਚਾਰ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸਿੱਖਾਂ ਨੂੰ ਗੁਰੂ ਜੀ ਦੱਸਦੇ ਹਨ: ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ੧॥ ਰਹਾਉ॥ ਮ: 5, ਪੰਨਾ350)




.