.

ਦੁਖ ਦਾਰੂ

ਹਰਜਿੰਦਰ ਸਿੰਘ ਸਭਰਾਅ
੦੯੮੫੫੫-੯੮੮੩੩

ਸੰਸਾਰ ਵਿੱਚ ਵਿਚਰਦਿਆਂ ਬੇਅੰਤ ਘਟਨਾਵਾਂ ਹਨ ਜਿਨ੍ਹਾਂ ਦਾ ਮਨੁੱਖ ਜ਼ਾਤੀ ਜਾਂ ਜਮਾਤੀ ਤੌਰ ਤੇ ਸ਼ਿਕਾਰ ਹੁੰਦਾ ਹੈ। ਕਈ ਘਟਨਾਵਾਂ ਤਾਂ ਅਜਿਹੀਆਂ ਹੁੰਦੀਆਂ ਹਨ ਜੋ ਮਨੁੱਖ ਨੂੰ ਬੇਹੱਦ ਅਸਹਿ ਤੇ ਦੁਖਦਾਈ ਤੇ ਬਰਦਾਸ਼ਤ ਤੋਂ ਬਾਹਰ ਮਹਿਸੂਸ ਹੁੰਦੀਆਂ ਹਨ ਅਤੇ ਮਨੁੱਖ ਦੀ ਆਤਮਾ ਰੋ ਉੱਠਦੀ ਹੈ ਤੇ ਦਿਲ ਕੀਰਨੇ ਪਾਉਂਦਾ ਹੈ। ਅਜਿਹੀ ਹਾਲਤ ਵਿੱਚ ਕਈ ਵਾਰ ਤਾਂ ਮਨੁੱਖ ਦਾ ਜੀਅ ਕਰਦਾ ਹੈ ਕਿ ਉਹ ਆਪ ਮਰ ਜਾਏ ਜਾਂ ਫਿਰ ਇਸ ਘਟਨਾ ਦੇ ਕਾਰਣ ਕਿਸੇ ਮਨੁੱਖ ਨੂੰ ਮਾਰ ਸੁੱਟੇ। ਇਵੇਂ ਆਤਮ ਹੱਤਿਆ ਅਤੇ ਕਤਲਾਂ ਦਾ ਮੁੱਢ ਬੱਝ ਜਾਂਦਾ ਹੈ। ਪਰ ਐਸਾ ਕਰਨ ਵਾਲੇ ਕੁਲ ਸਮਾਜ ਵਿਚੇ ਆਟੇ ਚ ਲੂਣ ਮਾਤਰ ਹੀ ਹੁੰਦੇ ਹਨ ਫਰਕ ਇਹ ਹੈ ਕਿ ਬਹੁ ਗਿਣਤੀ ਤਾਂ ਪੱਲਾ ਝਾੜਨ ਵਾਲਿਆਂ ਤੇ ਭੁੱਲ ਜਾਣ ਵਾਲਿਆਂ ਦੀ ਹੁੰਦੀ ਹੈ ਜੋ ਬੀਤੇ ਦੀ ਗੱਲ ਕਹਿ ਕੇ ਭੁੱਲ ਜਾਂਦੇ ਹਨ ਅਤੇ ਭੁੱਲਣ ਦੀਆਂ ਸਲਾਹਾਂ ਦਿੰਦੇ ਰਹਿੰਦੇ ਹਨ। ਕੁੱਝ ਐਸੇ ਵੀ ਹੁੰਦੇ ਹਨ ਜੋ ਕੇਵਲ ਨੁਕਤਾਚੀਨੀ ਅਤੇ ਚੀਕ ਚਿਹਾੜੇ ਤਕ ਹੀ ਸੀਮਤ ਹੁੰਦੇ ਹਨ। ਇਹ ਸਭ ਸਮਾਜ ਵਿੱਚ ਪਾਈਆਂ ਜਾਂਦੀਆਂ ਹਾਲਤਾਂ ਹਨ। ਐਸੇ ਲੋਕਾਂ ਦਾ ਇਤਿਹਾਸ ਵਿੱਚ ਕੋਈ ਖਾਸ ਅਤੇ ਮਾਣਯੋਗ ਥਾਂ ਨਹੀਂ ਹੁੰਦਾ। ਪਰ ਇਨ੍ਹਾਂ ਸਾਰਿਆਂ ਦੇ ਮੁਕਾਬਲੇ ਵਿੱਚ ਉਹ ਲੋਕ ਬਹੁਤ ਮਹਾਨ ਹੁੰਦੇ ਹਨ ਅਤੇ ਇਤਿਹਾਸ ਵਿੱਚ ਨਾਇਕ ਹੋ ਨਿਬੜਦੇ ਹਨ ਜੋ ਘਟਨਾ ਤੋਂ ਸਬਕ ਲੈ ਕੇ ਸਮੁੱਚੇ ਸਮਾਜ ਲਈ ਨਵੀਆਂ ਰਾਹਾਂ ਪੈਦਾ ਕਰ ਦਿੰਦੇ ਹਨ। ਮਾੜੀਆਂ ਘਟਨਾਵਾਂ ਦੀ ਨੁਕਤਾਚੀਨੀ ਉਹ ਵੀ ਕਰਦੇ ਹਨ ਪਰ ਮਨ ਹੌਲਾ ਕਰਨ ਲਈ ਹੀ ਨਹੀਂ ਬਲਕਿ ਉਸਾਰੂ ਵੀਚਾਰਾਂ ਦੀ ਸਿਰਜਣਾ ਲਈ। ਤਲਵਾਰ ਉਹ ਵੀ ਚੁੱਕਦੇ ਹਨ ਪਰ ਕਿਸੇ ਇੱਕ ਨੂੰ ਜ਼ਿੰਮੇਵਾਰ ਮੰਨ ਕੇ ਕਤਲ ਕਰ ਦੇਣ ਕਲਈ ਹੀ ਨਹੀਂ ਬਲਕਿ ਸਮੁੱਚੇ ਭ੍ਰਿਸ਼ਟ ਪ੍ਰਬੰਧ ਨੂੰ ਬਦਲ ਦੇਣ ਲਈ। ਭੁੱਲਦੇ ਉਹ ਵੀ ਨੇ ਪਰ ਉਹ ਘਟਨਾ ਤੋਂ ਮਿਲਿਆ ਸਬਕ ਨਹੀਂ ਭੁੱਲਦੇ ਬਲਕਿ ਆਪਣੀਆਂ ਬੇਬਸੀਆਂ, ਉਦਾਸੀਆਂ, ਨਿੰਮੋਝੂਣਤਾ, ਬਹਾਨੇ ਬਾਜ਼ੀ ਨੂੰ ਭੁੱਲ ਜਾਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਇਹ ਤੌਰ ਤਰੀਕਾ ਹੀ ਉਨ੍ਹਾਂ ਨੂੰ ਮਹਾਨ ਲੋਕਾਂ ਦੀ ਕਤਾਰ ਵਿੱਚ ਖੜਿਆਂ ਕਰਦਾ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਇਹੀ ਮਹਾਨਤਾ ਤਹਾਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਵਿਚੋਂ ਵੇਖਣ ਨੂੰ ਮਿਲੇਗੀ। ਘਟਨਾ ਮਾਮੂਲੀ ਨਹੀਂ ਸੀ। ਮਾਨਵਤਾ ਦੇ ਸੱਚੇ ਹਿਤੈਸ਼ੀ, ਪਿਆਰ ਤੇ ਸਹਿਜ ਦੀ ਮਿਸਾਲ ਗੁਰੂ ਅਰਜਨ ਸਾਹਿਬ ਨੂੰ ਘੋਰ ਤਸੀਹੇ ਦੇ ਕੇ ਸ਼ਹੀਦ ਕਰਨਾ ਹਕੂਮਤ ਵਲੋਂ ਬੜਾ ਹੀ ਜ਼ਾਲਮਾਨਾ ਕਾਰਾ ਸੀ। ਆਮ ਮਨੁੱਖ ਦੀ ਇਸ ਸਥਿਤੀ ਵਿੱਚ ਕੀ ਹਾਲਤ ਹੋ ਸਕਦੀ ਸੀ? ਸਿਖਾਂ ਸਾਹਮਣੇ ਦੋ ਹੀ ਰਾਹ ਸਨ। ਜਾਂ ਤਾਂ ਕ੍ਰੋਧੀ ਹੋ ਕੇ ਲੜ੍ਹ ਮਰਦੇ ਕਿਉਂਕਿ ਉਨ੍ਹਾਂ ਦੇ ਮਹਾਨ ਪਿਆਰੇ ਗੁਰੁ ਨੂੰ ਤਸੀਹੇ ਦੇ ਕੇ ਖਤਮ ਕੀਤਾ ਗਿਆ ਸੀ ਅਤੇ ਜਾਂ ਫਿਰ ਉਦਾਸ ਹੋ ਜਾਂਦੇ ਕਿ ਜਦੋਂ ਐਸੇ ਮਹਾਨ ਪੁਰਖ ਨਾਲ ਇਹ ਸਲੂਕ ਹੋ ਸਕਦਾ ਹੈ ਤਾਂ ਅਸੀਂ ਕਿਸਦੇ ਪਾਣੀਹਾਰ ਹਾਂ, ਸਾਡੀ ਕੀ ਵੁੱਕਅਤ ਹੈ। ਭਾਵ ਜਾਂ ਤਾਂ ਵਕਤੀ ਉਬਾਲ ਜਾਂ ਐਸੀ ਉਦਾਸੀ ਤੇ ਮਾਯੂਸੀ ਜੋ ਮੌਤ ਤੋਂ ਵੀ ਭੈੜੀ ਹੈ। ਇਹ ਦੋਵੇਂ ਰਾਹ ਹੀ ਪਤਨ ਤੇ ਖਾਤਮੇ ਦੇ ਹਨ। ਜੇਕਰ ਗੁਰੂ ਨੂੰ ਪਿਆਰ ਕਰਨ ਵਾਲੇ ਵਕਤੀ ਉਬਾਲ ਦਾ ਸ਼ਿਕਾਰ ਹੋ ਜਾਂਦੇ ਤਾਂ ਸਮੇਂ ਦੀ ਸਾਰੀ ਹਕੂਮਤ ਤੇ ਵਿਰੋਧੀ ਤਾਕਤ ਉਨ੍ਹਾਂ ਨੂੰ ਕੁਚਲ ਸੁੱਟਦੀ ਜਿਸਦਾ ਕਿ ਉਹ ਬਹਾਨਾ ਭਾਲ ਰਹੀ ਸੀ। ਯਾਦ ਰੱਖੋ ਸਿਆਣਪ ਸ਼ਿਕਾਰ ਹੋਣ ਵਿੱਚ ਨਹੀਂ ਬਲਕਿ ਸ਼ਿਕਾਰ ਹੋਣ ਦੀ ਸਥਿਤੀ ਵਿੱਚ ਸ਼ਿਕਾਰ ਕਰ ਲੈਣ ਵਿੱਚ ਹੈ। ਸ਼ਾਇਦ ਸਿਖ ਵੀ ਉਸ ਸਮੇਂ ਇਸ ਸਥਿਤੀ ਵਿੱਚ ਨਹੀਂ ਸਨ ਕਿ ਫੌਰੀ ਹੀ ਹਕੂਮਤ ਨਾਲ ਜੰਗ ਛੇੜ ਕੇ ਕੋਈ ਚੰਗਾ ਨਤੀਜਾ ਕੱਢ ਲੈਂਦੇ ਜਿਸਤੇ ਸਦੀਆਂ ਤਕ ਮਾਣ ਕੀਤਾ ਜਾਂਦਾ। ਦੂਜਾ ਰਸਤਾ ਸੀ ਨਿਰਾਸਤਾ ਅਤੇ ਉਦਾਸੀ ਦਾ। ਇਹ ਰਾਹ ਤਾਂ ਮੌਤ ਦਾ ਰਾਹ ਹੈ। ਕਿਉਂਕਿ ਨਿਰਾਸਤਾ ਤੇ ਉਦਾਸੀ ਜੇ ਕੌਮੀ ਤੌਰ ਤੇ ਵਾਪਰ ਜਾਏ ਤਾਂ ਇਸ ਨੂੰ ਦੂਰ ਕਰਨ ਲਈ ਦਹਾਕਿਆ ਤੋਂ ਲੈ ਕੇ ਸਦੀਆਂ ਦੀ ਮਿਹਨਤ ਲਗਦੀ ਹੈ ਤੇ ਇਹ ਦੂਰ ਵੀ ਕੋਈ ਉਚੀ ਤੇ ਮਹਾਨ ਜ਼ਿੰਦਗੀ ਵਾਲਾ ਹੀ ਕਰ ਸਕਦਾ ਹੈ। ਜ਼ਰਾ ਸੋਚੋ! ਭਾਰਤ ਤੇ ਸਦੀਆਂ ਤੋਂ ਹੁੰਦੇ ਹਮਲੇ ਤੇ ਸਦੀਆ ਦੀ ਗੁਲਾਮੀ ਨੂੰ ਸਹਿਣ ਦਾ ਕਾਰਣ ਕੀ ਸੀ? ਭਾਰਤ ਵਾਸੀ ਕਿਉਂ ਖਿੱਦੋ ਵਾਂਗ ਤਾਲਵਾਰਾਂ ਅੱਗੇ ਖੇਡਦੇ ਰਹੇ? ਕਿਉਂ ਪਸ਼ੂਆਂ ਵਾਂਗ ਹਿੱਕੀਦੇ ਰਹੇ? ਕਾਰਣ ਸੀ ਆਤਮਹੀਣਤਾ। ਗੁਲਾਮੀ ਨੂੰ ਮਾਨਸਿਕ ਤੌਰ ਤੇ ਪ੍ਰਵਾਨ ਕਰ ਲੈਣਾ ਕਿ ਅਸੀਂ ਕੁੱਝ ਨਹੀਂ ਕਰ ਸਕਦੇ! ਆਖਰ ਅਸੀਂ ਕੀ ਕਰ ਸਕਦੇ ਹਾਂ! ਮਹਾਨ ਦਾਤੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਇਸ ਆਤਮ ਹੀਣਤਾ ਨੂੰ ਦੂਰ ਕਰਨ ਲਈ ਸਮੇਂ ਦੀ ਜ਼ਾਲਮ ਹਕੂਮਤ ਅਤੇ ਮੂਰਖ ਧਾਰਮਿਕ ਲਾਣੇ ਨੂੰ ਰੱਜਵੀਂ ਫਿਟਕਾਰ ਪਾਈ ਹੈ ਤਾਂ ਕਿ ਸਦੀਆਂ ਤੋਂ ਬਣੀ ਹੋਈ ਲੋਕਾਂ ਦੀ ਮਾਨਸਕ ਚੁੱਪ ਨੂੰ ਤੋੜਿਆ ਜਾਵੇ।
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ (੧੨੮੮- ਮਃ ੧)
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (੬੬੨-ਮਃ ੧)
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਹਮਣੇ ਐਸਾ ਹੀ ਸਮਾਂ ਸੀ ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਦੋ ਹਾਲਤਾਂ ਵਕਤੀ ਉਬਾਲ ਅਤੇ ਲੰਮੀ ਖਾਮੋਸ਼ੀ ਭਾਰੂ ਹੋ ਸਕਦੀਆਂ ਸਨ। ਇਤਿਹਾਸਕ ਪੱਖ ਤੋਂ ਵੀਚਾਰਿਆ ਜਾਵੇ ਤਾਂ ਗੁਰੂ ਕਾਲ ਦੀ ਐਸੀ ਸ਼ਹਾਦਤ ਦੀ ਇਹ ਪਹਿਲੀ ਘਟਨਾ ਸੀ ਜਿਸ ਨਾਲ ਸਿਖਾਂ ਦਾ ਵਾਹ ਪਿਆ ਸੀ। ਪਰ ਗੁਰੂ ਜੀ ਦੀ ਸੂਝ ਸਿਆਣਪ ਅਤੇ ਦੂਰਅੰਦੇਸ਼ੀ ਸੀ ਕਿ ਉਨ੍ਹਾਂ ਨੇ ਤੀਸਰਾ ਰਸਤਾ ਅਪਣਾਇਆ ਜੋ ਕਿ ਗੁਰਬਾਣੀ ਦੀ ਸੇਧ ਵਿਚੋਂ ਹੀ ਲਿਆ ਗਿਆ ਸੀ। ਉਨ੍ਹਾਂ ਵਕਤੀ ਉਬਾਲ ਨੂੰ ਕਿਸੇ ਠੋਸ ਪ੍ਰਾਪਤੀ ਦੇ ਰਸਤੇ ਦਾ ਸਾਧਨ ਬਣਾਇਆ ਅਤੇ ਉਸ ਨੂੰ ਬੀਰਤਾ ਦੀ ਪਾਣ ਚਾੜ੍ਹ ਕੇ ਮੀਰੀ ਦੇ ਸੰਕਲਪ ਨੂੰ ਪ੍ਰਗਟ ਕੀਤਾ। ਦਰਅਸਲ ਇਹ ਦਾਤ ਗੁਰੂ ਨਾਨਕ ਸਾਹਿਬ ਜੀ ਵਲੋਂ ਬਾਣੀ ਦੇ ਫਲਸਫੇ ਦੇ ਰੂਪ ਵਿੱਚ ਪਹਿਲਾਂ ਹੀ ਬਖਸ਼ਿਸ਼ ਕੀਤੀ ਗਈ ਸੀ ਪਰ ਬੀਜ਼ ਦਾ ਅੰਕੁਰ ਫੁੱਟਦਿਆਂ ਤੇ ਫਲ ਤਕ ਪਹੁੰਚਦਿਆਂ ਸਮਾਂ ਤਾਂ ਲਗਦਾ ਹੀ ਹੈ। ਸੋ ਉਨ੍ਹਾਂ ਨੇ ਅਕਾਲ ਤਖਤ ਪ੍ਰਗਟ ਕੀਤਾ, ਨਿਸ਼ਾਨ ਝੁਲਾਏ, ਨਗਾਰੇ ਵਜਾਏ, ਹਥਿਆਰਬੰਦ ਸੈਨਿਕ ਸ਼ਕਤੀ ਪੈਦਾ ਕੀਤੀ, ਸਿਕਾਰ ਖੇਡਣਾ ਤੇ ਜੰਗੀ ਅਭਿਆਸ ਕੀਤੇ, ਹੁਕਮਨਾਮੇ ਜਾਰੀ ਕੀਤੇ ਤੇ ਆਪ ਫੈਸਲੇ ਕੀਤੇ। ਇਹੀ ਉਹ ਰਾਹ ਸੀ ਜਿਸ ਨਾਲ ਗੁਰੂ ਜੀ ਨੇ ਵਕਤੀ ਉਬਾਲ ਨਾਲ ਹੋਣ ਵਾਲੀ ਤਬਾਹੀ ਤੋਂ ਬਚਾ ਕੇ ਗੁਰਮਤਿ ਪਾਂਧੀਆਂ ਨੂੰ ਸਦੀਵੀ ਸਵੈਮਾਣ ਦੇ ਰਾਹ ਤੇ ਤੋਰਿਆ ਜਿਥੋਂ ਹਰ ਅਸੰਭਵ ਕਹੀ ਜਾਂਦੀ ਪ੍ਰਾਪਤੀ ਕੀਤੀ ਗਈ। ਇਵੇਂ ਆਤਮਹੀਣਤਾ ਤੇ ਉਦਾਸੀ ਵਾਲਾ ਖਾਤਮੇ ਦਾ ਰਾਹ ਹੀ ਬੰਦ ਕਰ ਦਿੱਤਾ। ਪ੍ਰਾਪਤੀ ਇਹ ਸੀ ਕਿ ਗੁਰੂ ਜੀ ਨੇ ਚਾਰ ਜੰਗਾਂ ਲੜੀਆਂ ਤੇ ਚਾਰੇ ਹੀ ਜਿੱਤੀਆਂ ਅਤੇ ਇਨ੍ਹਾਂ ਜਿੱਤਾਂ ਨੇ ਸਵੈਮਾਣ ਦੀ ਉਹ ਮਸਤੀ ਚਾੜ੍ਹੀ ਕਿ ਸਿਖੀ ਖੁਦ ਇੱਕ ਪ੍ਰਬੰਧ ਬਣ ਗਿਆ ਜਿਸ ਵਿੱਚ ਰਾਜਸੀ ਸ਼ਕਤੀ ਤੇ ਧਾਰਮਿਕਤਾ ਦੀਆਂ ਖੂਬੀਆਂ ਸਨ ਅਤੇ ਜੋ ਜ਼ੁਲਮ ਜਬਰ ਬੇਇਨਸਾਫੀ ਧੱਕਾ ਅਤੇ ਨਾਬਰਾਬਰੀ ਵਾਲੇ ਪ੍ਰਬੰਧ ਨੂੰ ਟਿੱਚ ਜਾਣਦਾ ਸੀ। ਮਗਰੋਂ ਦਾ ਮਹਾਨ ਇਤਿਹਾਸ ਦੀਆਂ ਜੜ੍ਹਾਂ ਇਸੇ ਜ਼ਮੀਨ ਵਿੱਚ ਹੀ ਲੱਗੀਆਂ ਹਨ ਅਤੇ ਇਸਦੇ ਬੀਜ਼ ਗੁਰਬਾਣੀ ਵਿੱਚ ਮੌਜੂਦ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਸੀਂ ਇਤਿਹਾਸ ਦੇ ਇਸ ਮਹਾਨ ਪੱਖ ਤੋਂ ਕੋਈ ਸੇਧ ਲੈ ਸਕੇ ਹਾਂ? ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਬਖਸ਼ਿਸ਼ ਕੀਤੀਆਂ ਦਾਤਾਂ ਦੀ ਅਸੀਂ ਜਿਥੇ ਬੇਕਦਰੀ ਕੀਤੀ ਹੈ ਉਥੇ ਉਸ ਮਹਾਨ ਇਨਕਲਾਬ ਦੀ ਜੜ੍ਹ ਹੀ ਪੁੱਟ ਦੇਣ ਲਈ ਆਪੂੰ ਬਣੇ ਧਰਮ ਦੇ ਠੇਕੇਦਾਰ ਪੱਬਾਂ ਭਾਰ ਹੋਏ ਪਏ ਹਨ। ਰਾਜਨਤਿਕਾਂ ਦੀਆਂ ਚਾਪਲੂਸੀਆਂ ਕਰਨੀਆਂ ਹੀ ਅੱਜ ਦੇ ਧਰਮ ਠੇਕੇਦਾਰਾਂ ਦਾ ਕਿਰਦਾਰ ਬਣ ਚੁਕਿਆ ਹੈ। ਅਫਸੋਸ ਤਾਂ ਉਦੋਂ ਹੁੰਦਾ ਹੈ ਜਦੋਂ ਸਿਖਾਂ ਦੀਆਂ ਸੰਘਰਸ਼ਸ਼ੀਲ ਧਿਰਾਂ ਵੀ ਇਸ ਨੁਕਤੇ ਤੇ ਸ਼ਪੱਸ਼ਟ ਵਿਖਾਈ ਨਹੀਂ ਦਿੰਦੀਆਂ ਜੋ ਸਿਖ ਇਨਕਲਾਬ ਦੀਆਂ ਵਾਰਸ ਅਖਵਾਉਂਦੀਆਂ ਹਨ ਉਹ ਵੀ ਸਾਜ਼ਿਸ਼ਕਾਰੀ ਹਾਲਾਤ ਦੀਆਂ ਸ਼ਿਕਾਰ ਹਨ ਅਤੇ ਬੇਦੀਨੇ, ਬੇਈਮਾਨ, ਅਤੇ ਗੁਰਮਤਿ ਸੋਚ ਤੋਂ ਥਿੜਕੀ ਲਾਬੀ ਦੀ ਪੈੜ ਨੂੰ ਹੀ ਗੁਰੂ ਦਾ ਰਾਹ ਸਮਝਣ ਦੀ ਭੁੱਲ ਕਰਦੀਆਂ ਹਨ। ਜੂਨ ੧੯੮੪ ਦੇ ਘੱਲੂਘਾਰੇ ਤੋਂ ਬਾਅਦ ਜੋ ਹਾਲਾਤ ਪੈਦਾ ਹੋਏ ਜਿਨ੍ਹਾਂ ਦਾ ਪ੍ਰਭਾਵ ਅੱਜ ਵੀ ਉਨ੍ਹਾਂ ਹੀ ਡੂੰਘਾ ਹੈ ਨੂੰ ਨਜਿੱਠਣ ਲਈ ਸਾਰੀ ਕੌਮ ਕੋਲ ਅਤੇ ਆਗੁ ਅਖਵਾਉਂਦੇ ਲੋਕਾਂ ਕੋਲ ਕੋਈ ਨਾ ਤਾਂ ਸੋਚ ਸੀ ਅਤੇ ਨਾ ਹੀ ਨੀਤੀ ਸੀ। ਵਕਤੀ ਉਬਾਲ ਅਤੇ ਉਦਾਸੀਨਤਾ ਨੇ ਅੱਜ ਸਿਖ ਜਵਾਨੀ ਤੇ ਡੂੰਘੀ ਪਕੜ ਜਮਾਈ ਹੋਈ ਦਿਸਦੀ ਹੈ। ਠੀਕ ਹੈ ਨਾਹਰਾ ਜਿਊਂਦੇ ਹੋਣ ਦਾ ਸਬੂਤ ਹੁੰਦਾ ਹੈ ਪਰ ਨਾਹਰਿਆਂ ਤੇ ਹੀ ਗੱਲ ਖਤਮ ਕਰ ਦੇਣੀ ਕਿਵੇਂ ਵੀ ਸਿਆਣਪ ਦਾ ਹਿੱਸਾ ਨਹੀਂ ਮੰਨੀ ਜਾ ਸਕਦੀ। ਅੱਜ ਕੌਮ ਦੇ ਲੀਡਰ ਤੇ ਕੁੱਝ ਧਿਰਾਂ ਨਾਹਰੇ ਮਾਰਨ ਨੂੰ ਤਾਂ ਸਭ ਤੋਂ ਅੱਗੇ ਹਨ ਪਰ ਜਵਾਨੀ ਨੂੰ ਸੰਭਾਲਣ ਅਤੇ ਕੌਮੀ ਹੋਂਦ ਦਾ ਅਹਿਸਾਸ ਕਰਵਾਉਣ ਵਿੱਚ ਫਾਡੀ ਹਨ। ਅੱਜ ਜ਼ਰੂਰਤ ਹੈ ਕਿ ਸਿਆਣੀਆਂ ਧਿਰਾਂ ਤੇ ਪੰਥ ਦਾ ਦਰਦ ਰੱਖਣ ਵਾਲੇ ਆਗੂ ਇਸ ਬਾਰੇ ਸਿਰ ਜੋੜ ਕੇ ਸੋਚਣ। ਸਿਖੀ ਰਾਹ ਤੋਂ ਭਟਕਾਉਣ ਵਾਲੀ ਅਤੇ ਗੁਰਮਤਿ ਨੂੰ ਬ੍ਰਾਹਮਣਵਾਦ ਨਾਲ ਰਲਗੱਡ ਕਰਨ ਵਾਲੀ ਸਾਜਿਜ਼ਕਾਰੀ ਧਾਰਮਿਕ ਲਾਬੀ ਦਾ ਸੱਚ ਲੋਕਾਂ ਨੂੰ ਦੱਸਿਆ ਜਾਵੇ। ਕੌਮ ਦੀ ਜਵਾਨੀ ਦੇ ਖੂਨ ਨੂੰ ਵੇਚ ਕੇ ਪਦ ਪਦਵੀਆਂ ਤੇ ਸ਼ੌਹਰਤ ਪਾਉਣ ਵਾਲੇ ਲੋਕਾਂ ਦਾ ਚਿਹਰਾ ਬੇਨਕਾਬ ਹੋਵੇ। ਇਸ ਧੁੰਦ ਨੂੰ ਹਟਾਉਣਾ ਹੀ ਹੋਵੇਗਾ ਨਹੀਂ ਤਾਂ ਟੱਕਰਾਂ ਤੋਂ ਬਿਨ੍ਹਾਂ ਅਤੇ ਭੰਭਲਭੂਸਿਆਂ ਤੋਂ ਬਿਨ੍ਹਾਂ ਸਾਡਾ ਭਵਿੱਖ ਕੀ ਹੈ? ਗੁਰਬਾਣੀ ਅਤੇ ਇਤਿਹਾਸ ਵਿੱਚ ਰਾਹ ਰਸਤੇ ਮੋਜੂਦ ਹਨ ਲੋੜ ਤਾਂ ਉਨ੍ਹਾਂ ਤੇ ਦੀਰਘ ਵੀਚਾਰ ਕਰਨ ਅਤੇ ਉਨ੍ਹਾਂ ਨੂੰ ਅਪਨਾਉਣ ਦੀ ਹੈ।




.