.

ਬਿਖਿਆ ਕਦੇ ਹੀ ਰਜੈ ਨਾਹੀ

ਮੂਰਖ ਭੁਖ ਨ ਜਾਈ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਬਿਖਿਆ ਕੈ ਧਨਿ ਸਦਾ ਦੁਖੁ ਹੋਇ” - ਗੁਰਬਾਣੀ `ਚ ਮਨੁੱਖਾ ਜੀਵਨ ਦੇ ਦੋ ਰੁਖ ਦਰਸਾਏ ਗਏ ਹਨ। ਇਨ੍ਹਾਂ `ਚੋਂ ਇੱਕ ਹੈ ਮਨੁੱਖ ਦਾ ਕੱਚਾ ਤੇ ਕੂੜਾ ਜੀਵਨ ਤੇ ਦੂਜਾ ਹੈ ਪ੍ਰਭੂ ਕਰਤੇ `ਚ ਅਭੇਦ ਹੋਇਆ ਸਫ਼ਲ ਜੀਵਨ। ਗੁਰਬਾਣੀ `ਚ ਅਜਿਹੇ ਦੋ ਤਰ੍ਹਾਂ ਦੇ ਮਨੁੱਖਾ ਜੀਵਨ ਦੇ ਪ੍ਰਗਟਾਵਿਆਂ ਲਈ ਭਿੰਨ ਭਿੰਨ ਸ਼ਬਦਾਵਲੀ ਵੀ ਆਈ ਹੈ ਜਿਵੇਂ ਸਫ਼ਲ ਤੇ ਅਸਫ਼ਲ ਜੀਵਨ, ਸਚਿਆਰਾ ਤੇ ਬਿਰਥਾ ਜਨਮ, ਸੁਭਾਗਾ, ਵਡਭਾਗੀ ਤੇ ਅਭਾਗਾ ਜਾਂ ਭਾਗਹੀਣ, ਗੁਰਮੁਖ ਤੇ ਮਨਮੁਖ ਆਦਿ। ਮਨੁੱਖਾ ਜੀਵਨ ਦੀ ਇਸੇ ਵੰਡ ਨੂੰ ‘ਬਾਣੀ ਆਸਾ ਕੀ ਵਾਰ `ਚ ਇਸ ਤਰ੍ਹਾਂ ਵੀ ਬਿਆਣਿਆ ਹੈ ਜਿਵੇਂ “ਨਾਨਕ ਸਚੁ ਧਿਆਇਨਿ ਸਚੁ॥ ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: ੪੬੩)। ਫ਼ਿਰ ਇਸੇ ਨੂੰ ਬਾਣੀ `ਚ ਜੀਵਨ ਦਾ ‘ਕੱਚਾ’ ਤੇ ‘ਸਾਚਾ ਧਨ’ ਕਹਿਕੇ ਵੀ ਪ੍ਰਗਟ ਕੀਤਾ ਹੈ ਜਿਵੇਂ “ਕਾਚਾ ਧਨੁ ਸੰਚਹਿ ਮੂਰਖ ਗਾਵਾਰ॥ ਮਨਮੁਖ ਭੂਲੇ ਅੰਧ ਗਾਵਾਰ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ॥ ਨਾ ਸਾਥਿ ਜਾਇ ਨ ਪਰਾਪਤਿ ਹੋਇ॥ ੧ ॥ ਸਾਚਾ ਧਨੁ ਗੁਰਮਤੀ ਪਾਏ॥ ਕਾਚਾ ਧਨੁ ਫੁਨਿ ਆਵੈ ਜਾਏ…” (ਪੰ: ੬੬੫) ਭਾਵ ਮਨਮੁਖ ਸੁਭਾਅ ਵਾਲੇ ਲੋਕ, ਦੁਰਲਭ ਮਨੁੱਖਾ ਜਨਮ ਪਾ ਕੇ ਵੀ ਸੰਸਾਰਕ ਮੋਹ ਮਾਇਆ ਦੇ ਚਿੱਕੜ `ਚ ਡੁੱਬੇ ਰਹਿੰਦੇ ਹਨ। ਅਸਲ `ਚ ਉਹ ਲੋਕ ਮੂਰਖ ਤੇ ਗਵਾਰ ਹੁੰਦੇ ਹਨ ਜੋ ਆਪਣੇ ਇਸ ਜਨਮ (ਜੂਨ) ਦੇ ਮਕਸਦ ਤੇ ਇਸ ਦੀ ਅਮੁਲਤਾ ਨੂੰ ਨਹੀਂ ਪਹਿਚਾਣਦੇ।

ਅਜਿਹੇ ਮਨਮੁਖ “ਸੰਤਾ ਸੇਤੀ ਰੰਗੁ ਨ ਲਾਏ॥ ਸਾਕਤ ਸੰਗਿ ਵਿਕਰਮ ਕਮਾਏ॥ ਦੁਲਭ ਦੇਹ ਖੋਈ ਅਗਿਆਨੀ, ਜੜ ਅਪੁਣੀ ਆਪਿ ਉਪਾੜੀ ਜੀਉ” (ਪੰ: ੧੦੫) ਇਸ ਤਰ੍ਹਾਂ ਆਪਣੇ ਜਨਮ ਨੂੰ ਬਰਬਾਦ ਕਰ ਕੇ ਸੰਸਾਰ ਤੋਂ ਜਾਂਦੇ ਹਨ। ਗੁਰਦੇਵ ਫ਼ੁਰਮਾਉਂਦੇ ਹਨ, ਅਜਿਹੇ ਲੋਕ ਸਤਿਗੁਰੂ (ਸਦਾਥਿਰ ਜਨਮ-ਮਰਣ ਤੋਂ ਰਹਿਤ ਇਲਾਹੀ ਗੁਰੂ-ਗੁਰਬਾਣੀ) ਦੀ ਆਗਿਆ `ਚ ਜੀਵਨ ਜੀਉਂ ਕੇ, ਆਪਣੇ ਅਮੁੱਲੇ ਮਨੁੱਖਾ ਜਨਮ ਦੀ ਸੰਭਾਲ ਨਹੀਂ ਕਰਦੇ, ਬਿਰਥਾ ਕਰਕੇ ਸੰਸਾਰ ਤੋ ਕੂਚ ਕਰ ਜਾਂਦੇ ਹਨ। ਮਨੁੱਖਾ ਜੀਵਨ ਦੀ ਇਸੇ ਸਚਾਈ ਨੂੰ ਗੁਰਬਾਣੀ `ਚ ਬੇਅੰਤ ਵਾਰੀ ਤੇ ਕਈ ਢੰਗਾਂ ਨਾਲ ਪ੍ਰਗਟਾਇਆ ਤੇ ਮਨੁੱਖ ਨੂੰ ਜੀਵਨ ਦੀ ਸੰਭਾਲ ਕਰਣ ਲਈ ਅਨੇਕਾਂ ਵਾਰੀ ਸੁਚੇਤ ਵੀ ਕੀਤਾ ਹੈ।

ਦੁਰਲਭ ਤੇ ਬਿਰਥਾ ਜਨਮ? ਵਿਸ਼ਾ ਖਾਸ ਧਿਆਨ ਮੰਗਦਾ ਹੈ-ਦਰਅਸਲ ਗੁਰਬਾਣੀ ਰਾਹੀਂ ਸਪਸ਼ਟ ਸਫ਼ਲ ਤੇ ਅਸਫ਼ਲ, ਦੋ ਤਰ੍ਹਾਂ ਦੇ ਮਨੁੱਖਾ ਜੀਵਨ ਵਾਲਾ ਵਿਸ਼ਾ ਕੇਵਲ ਮਨੁੱਖਾ ਜਨਮ (ਜੂਨ) `ਤੇ ਹੈ ਲਾਗੂ ਹੁੰਦਾ ਹੈ। ਜਦਕਿ ਬਾਕੀ ਅਰਬਾਂ-ਖਰਬਾਂ ਦੂਜੀਆਂ ਜੂਨੀਆਂ `ਚੋਂ ਕਿਸੇ ਇੱਕ ਵੀ ਜੂਨ `ਤੇ ਲਾਗੂ ਨਹੀਂ ਹੁੰਦਾ। ਕਾਰਨ ਹੈ ਕਿ ਮਨੁੱਖ ਤੋਂ ਇਲਾਵਾ ਬਾਕੀ ਸਾਰੀਆਂ ਜੂਨਾਂ ਤਾਂ ਹੈਣ ਹੀ, ਪਿਛਲੇ ਮਨੁੱਖਾ ਜਨਮ ਦੇ ਬਿਰਥਾ ਹੋਣ ਦਾ ਨਤੀਜਾ। ਉਸ ਜਨਮ ਨਾਲ ਸਬੰਧਤ ਕਰਮਾਂ-ਸੰਸਕਾਰਾਂ ਦਾ ਲੇਖਾ ਜੋਖਾ ਤੇ ਭਿੰਨ ਭਿੰਨ ਸਜ਼ਾਵਾਂ ਰੂਪ ਕੋਠਰੀਆਂ (ਸਰੀਰ)। ਕਰਤੇ ਦੇ ਨਿਆਂ `ਚ ਅਜਿਹੀਆਂ ਕੋਠਰੀਆਂ ਤੇ ਸਜ਼ਾਵਾਂ, ਜਿਨ੍ਹਾਂ `ਚ ਜੀਵ ਆਪਣੀ ਮਰਜ਼ੀ ਨਾਲ ਸਜੇ-ਖਬੇ ਵੀ ਨਹੀਂ ਹੋ ਸਕਦਾ। ਜਿਨ੍ਹਾਂ `ਚ ਜੀਵ ਨੂੰ ਜ਼ਬਾਨ ਵੀ ਗੁੰਗੀ ਮਿਲਦੀ ਹੈ ਤੇ ਜਿਨ੍ਹਾਂ ਬਾਰੇ ਗੁਰਬਾਣੀ `ਚ ਅਜਿਹੇ ਇਸ਼ਾਰੇ ਵੀ ਹਨ ਕਿ ਅਜਿਹੀਆਂ ਸਜ਼ਾਵਾਂ ਭੁਗਤਣ ਸਮੇਂ ਜੀਵ ਨੂੰ ਸੁਰਤ ਹੁੰਦੀ ਹੈ ਕਿ, ਉਸਨੂੰ ਮਨੁੱਖਾ ਜਨਮ ਸਮੇਂ ਕੀਤੇ ਕਿਸ ਕਰਮ ਦੀ ਪ੍ਰਭੂ ਵੱਲੋਂ ਕਿਹੜੀ ਸਜ਼ਾ ਮਿਲ ਰਹੀ ਹੈ ਜਦਕਿ ਉਸ ਸਮੇ ਜੀਵ ਦਾ ਕੁੱਝ ਵੀ ਵੱਸ ਨਹੀਂ ਚਲਦਾ। ਉਦੋਂ ਤਾਂ “ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ ਜਨਮੁ ਗਵਾਇਆ” (ਪੰ: ੪੬੪) ਅਤੇ “ਕਰਿ ਅਉਗਣ ਪਛੋਤਾਵਣਾ” (ਪੰ: ੪੭੦) ਇਸ ਤਰ੍ਰ੍ਹਾਂ ਸਜ਼ਾਵਾਂ ਭੋਗਣੀਆਂ ਹੀ ਪੈਂਦੀਆਂ ਹਨ। ਉਪ੍ਰੰਤ ਗੁਰਬਾਣੀ `ਚ ਇਸ ਸਚਾਈ ਨੂੰ ਪ੍ਰਗਟ ਕਰਣ ਵੀ ਲਈ ਬੇਅੰਤ ਫ਼ੁਰਮਾਨ ਹਨ।

ਇਸ ਤਰ੍ਹਾਂ ਉਨ੍ਹਾਂ ਅਰਬਾਂ-ਖਰਬਾਂ ਜੂਨੀਆਂ `ਚੋਂ ਕੇਵਲ ਮਨੁੱਖਾ ਜੂਨ ਹੀ ਅਵਸਰ ਹੁੰਦਾ ਹੈ ਜਿਸ ਦੇ ਦੋ ਰੁਖ ਹਨ ਗੁਰਮੁਖ ਤੇ ਮਨਮੁਖ; ਸਫ਼ਲ ਤੇ ਬਿਰਥਾ ਜਨਮ। ਇਹ ਇਕੋ ਇੱਕ ਜੂਨ (ਜਨਮ) ਹੈ ਪਿਛਲੇ ਕਰਮਾਂ ਦਾ ਨਾਸ ਕਰਣ ਤੇ ਜਨਮ ਮਰਣ ਦੇ ਗੇੜ੍ਹ `ਚੋਂ ਨਿਕਲਣ ਲਈ। ਕੇਵਲ ਇਸੇ ਜਨਮ `ਚ ਜੀਵ ਸਤਿਗਰੂ ਦੇ ਆਦੇਸ਼ਾਂ ਤੇ ਚੱਲ ਕੇ, ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਸਕਦਾ ਹੈ। ਹਉਮੈ, ਵਿਕਾਰ ਰਹਿਤ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ। ਗੁਰੂ-ਗੁਰਬਾਣੀ ਦੀ ਆਗਿਆ `ਚ ਜੀਵਨ ਦੀ ਸੰਭਾਲ ਕਰਕੇ, ਸਫ਼ਲ ਤੇ ਸੁਭਾਗਾ ਜੀਵਨ ਪ੍ਰਾਪਤ ਕਰ ਸਕਦਾ ਹੈ। ਇਸ ਦਾ ਜਨਮ ਸਚਿਆਰਾ, ਵਡਭਾਗੀ, ਤੇ ਗੁਰਮੁਖ ਤਿਆਰ ਹੋ ਸਕਦਾ ਹੈ। ਇਹ ਜੀਵਨਮੁਕਤ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ। ਜੀਵ, ਅਸਲੇ ਪ੍ਰਭੂ `ਚ ਅਭੇਦ ਹੋ ਸਕਦਾ ਹੈ ਬਲਕਿ ਜੀਊਂਦੇ ਜੀਅ ਹੀ ਉਸ `ਚ ਅਭੇਦ ਹੋ ਸਕਦਾ ਹੈ।

ਅਜਿਹੇ ਸਫ਼ਲ ਜੀਵਨ `ਚ ਜੀਊਣ ਵਾਲਿਆਂ ਨੂੰ ਮਾਨਸਿਕ ਟਿਕਾਅ ਤੇ ਸੰਤੋਖ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਉਨ੍ਹਾਂ ਦੇ ਜੀਵਨ ਅੰਦਰੋਂ ਤ੍ਰਿਸ਼ਨਾ, ਭਟਕਨਾ, ਝੋਰੇ, ਡਰ, ਸਹਿਮ ਆਦਿ ਮੁੱਕ ਜਾਂਦੇ ਹਨ। ਅਜਿਹੇ ਜੀਊੜੇ ਸੁਭਾਅ ਕਰਕੇ ਮਨਮਤੀਏ, ਹੂੜਮਤੀਏ, ਦੁਰਮਤੀਏ, ਅਣਮਤੀਏ ਨਹੀਂ ਰਹਿੰਦੇ, ਕੇਵਲ ਤੇ ਕੇਵਲ ਗੁਰਮਤੀਏ ਹੀ ਹੁੰਦੇ ਹਨ। ਹੇਰਾ ਫ਼ੇਰੀਆਂ, ਠਗੀਆਂ, ਮੇਰ ਤੇਰ, ਈਰਖਾ, ਵਿਤਕਰੇ, ਅਉਗੁਣ ਜੁਰਮ, ਨਸ਼ੇ ਆਦਿ ਉਨ੍ਹਾਂ ਦੇ ਜੀਵਨ ਅੰਦਰੋਂ ਖ਼ਤਮ ਹੋ ਜਾਂਦੇ ਹਨ। ਇਸ ਤਰ੍ਹਾਂ ਇਲਾਹੀ ਗੁਣ, ਅਜਿਹੇ ਜੀਵਨ ਦਾ ਸ਼ਿੰਗਾਰ, ਵਡਿਆਈ ਤੇ ਖੁਸ਼ਬੂ ਹੁੰਦੇ ਹਨ। ਅਜਿਹਾ ਜੀਵ ਸਹੀ ਅਰਥਾਂ `ਚ ਸਦੀਵੀ ਸੁਖ ਤੇ ਅਨੰਦ ਨੂੰ ਪ੍ਰਾਪਤ ਹੁੰਦਾ ਹੈ।

ਅਜਿਹੇ ਜੀਵਨ ਦੀ ਆਤਮਕ ਅਵਸਥਾ “ਭਗਤ ਦਇਆ ਤੇ ਬੁਧਿ ਪਰਗਾਸੈ, ਦੁਰਮਤਿ ਦੂਖ ਤਜਾਵਨਾ॥ ੩ ॥ ਦਰਸਨੁ ਭੇਟਤ ਹੋਤ ਪੁਨੀਤਾ, ਪੁਨਰਪਿ ਗਰਭਿ ਨ ਪਾਵਨਾ” (ਪੰ: ੧੦੧੮) ਸਰੀਰਕ ਮੌਤ ਤੋਂ ਬਾਅਦ ਵੀ ਅਜਿਹੇ ਮਨੁੱਖ ਫ਼ਿਰ ਤੋਂ ਜਨਮਾਂ-ਗਰਭਾਂ-ਜੂਨਾਂ `ਚ ਨਹੀਂ ਆਉਂਦੇ। ਇਸ ਦੇ ਉਲਟ ਜੋ ਇਸ ਦੁਰਲਭ ਮਨੁੱਖਾ ਜਨਮ ਦੀ ਸੰਭਾਲ ਨਹੀਂ ਕਰਦੇ ਉਨ੍ਹਾਂ ਦਾ ਪ੍ਰਾਪਤ ਜਨਮ ਤਾਂ ਨਿ: ਰਸ, ਉਖਾੜਾਂ, ਭਟਕਣਾ, ਪ੍ਰੇਸ਼ਾਨੀਆਂ, ਚਿੰਤਾਂਵਾਂ, ਅਉਗੁਣਾ, ਵਿਕਾਰਾਂ ਬਲਕਿ ਕਈ ਵਾਰ ਤਾਂ ਗੁਨਾਹਾਂ, ਜੁਰਮਾਂ ਨਾਲ ਹੀ ਭਰਿਆ ਹੁੰਦਾ ਹੈ। ਜਦਕਿ ਅਜਿਹੇ ਮਨਮੁਖ ਮੌਤ ਤੋਂ ਬਾਅਦ ਵੀ ਮੁੜਂ ਜਨਮ-ਮਰਣ ਤੇ ਗਰਭਾਂ-ਜੂਨਾ ਦੇ ਗੇੜ੍ਹ ਹੀ ਪੈਂਦੇ ਹਨ।

ਉਪ੍ਰੰਤ ਇਸ ਵਿਸ਼ੇ ਨੂੰ ਹੋਰ ਸਮਝਣ ਲਈ ਅਸੀਂ ‘ਮਲਾਰ ਦੀ ਵਾਰ’ ਪਉੜੀ ੨੦ ‘ਨੂੰ ਲੈ ਰਹੇ ਹਾਂ। ਇਸ ਪਉੜੀ ਨਾਲ ਦੋ ਸਲੋਕ ਹਨ ਤੇ ਪਹਿਲਾ ਸਲੋਕ ਹੈ “ਸਲੋਕ ਮਃ ੧॥ ਰਾਤੀ ਕਾਲੁ ਘਟੈ ਦਿਨਿ ਕਾਲੁ॥ ਛਿਜੈ ਕਾਇਆ ਹੋਇ ਪਰਾਲੁ॥ ਵਰਤਣਿ ਵਰਤਿਆ ਸਰਬ ਜੰਜਾਲੁ॥ ਭੁਲਿਆ ਚੁਕਿ ਗਇਆ ਤਪ ਤਾਲੁ॥ ਅੰਧਾ ਝਖਿ ਝਖਿ ਪਇਆ ਝੇਰਿ॥ ਪਿਛੈ ਰੋਵਹਿ ਲਿਆਵਹਿ ਫੇਰਿ॥ ਬਿਨੁ ਬੂਝੇ ਕਿਛੁ ਸੂਝੈ ਨਾਹੀ॥ ਮੋਇਆ ਰੋਂਹਿ, ਰੋਂਦੇ ਮਰਿ ਜਾਂਹੀਂ॥ ਨਾਨਕ ਖਸਮੈ ਏਵੈ ਭਾਵੈ॥ ਸੇਈ ਮੁਏ ਜਿਨਿ ਚਿਤਿ ਨ ਆਵੈ॥ ੧॥” (ਪੰਨਾ ੧੨੮੭) ਸਲੋਕ `ਚ ਗੁਰਦੇਵ ਨੇ ਅਗਿਆਨੀ ਮਨੁੱਖ ਦੇ ਜੀਵਨ ਨੂੰ ਪ੍ਰਗਟਾਇਆ ਹੈ।

ਗੁਰਦੇਵ ਫ਼ੁਰਮਾਉਂਦੇ ਹਨ ਕਿ ਰਾਤ ਤੇ ਦਿਨ ਕਰਕੇ, ਮਨੁੱਖ ਦੀ ਉਮਰ ਦਾ ਸਮਾਂ ਘਟਦਾ ਜਾਂਦਾ ਹੈ। ਸਰੀਰ ਬੁੱਢਾ ਹੁੰਦਾ ਤੇ ਕਮਜ਼ੋਰ ਪੈਂਦਾ ਜਾਂਦਾ ਹੈ। ਇਸੇ ਤਰ੍ਹਾਂ ਉਮਰ ਦੇ ਵਾਧੇ ਨਾਲ ਮਨੁੱਖ ਲਈ ਉਸ ਦਾ ਵਰਤਣ-ਵਲੇਵਾਂ ਹੀ ਉਸ ਲਈ ਫਾਹੀ ਬਣਦਾ ਜਾਂਦਾ ਹੈ। ਇਸ ਵਰਤਣ ਵਲੇਵੇਂ `ਚ ਉਲਝੇ ਮਨੁੱਖ ਨੂੰ ਬੰਦਗੀ ਅਥਵਾ ਪ੍ਰਭੂ ਦੀ ਸਿਫ਼ਤ ਸਲਾਹ ਤੇ ਗੁਣ ਗਾਣ ਕਰਣਾ ਵੀ ਵਿੱਸਰ ਜਾਂਦਾ ਹੈ। ਦਰਅਸਲ ਸੰਸਾਰ ਦੇ ਇਸ ਵਰਤਣ ਵਲੇਵੇਂ ਤੇ ਝਮੇਲਿਆਂ `ਚ ਅੰਨ੍ਹਾ ਹੋਇਆ ਮਨੁੱਖ, ਕੇਵਲ ਝਖ ਹੀ ਮਾਰ ਰਿਹਾ ਹੁੰਦਾ ਹੈ। ਬਜਾਏ ਝਮੇਲਿਆਂ `ਚੋਂ ਨਿਕਲਣ ਦੇ, ਉਮਰ ਦੇ ਵਾਧੇ ਨਾਲ, ਮਨੁੱਖ ਉਨ੍ਹਾਂ ਝਮੇਲਿਆਂ `ਚ ਹੋਰ ਤੇ ਹੋਰ ਫ਼ਸਦਾ ਜਾਂਦਾ ਹੈ। ਅੰਤ ਝਮੇਲਿਆਂ `ਚ ਪਿਆਂ ਹੀ ਇੱਕ ਦਿਨ ਮਰ ਖਪ ਜਾਂਦਾ ਹੈ। ਉਸਦੇ ਮਰਣ ਪਿਛੋਂ ਉਸ ਦੇ ਸਬੰਧੀ ਰੋਂਦੇ ਤੇ ਵੈਣ ਕਰਦੇ ਹਨ। ਕਹਿੰਦੇ ਹਨ ਉਸ ਨੂੰ ਕਿਵੇਂ ਵਾਪਿਸ ਮੋੜ ਲਿਆਵੀਏ ਭਾਵ ਉਸ ਸਮੇਂ ਬੇਸਿਰਪੈਰ ਦੀਆਂ ਗੱਲਾਂ ਹੀ ਕਰਦੇ ਹਨ।

ਗੁਰਦੇਵ ਫ਼ੁਰਮਾਉਂਦੇ ਹਨ, ਅਗਿਆਨੀ ਮਨੁੱਖ ਨੂੰ ਜੀਉਂਦੇ ਜੀਅ, ਸਮੇਂ ਸਿਰ ਤਾਂ ਝਮੇਲਿਆਂ `ਚ ਫ਼ਸੇ ਨੂੰ ਮਨੁੱਖਾ ਜਨਮ ਦੀ ਅਸਲੀਅਤ ਚੇਤੇ ਨਹੀਂ ਹੁੰਦੀ। ਜਦੋਂ ਮਰ ਗਿਆ ਤਾਂ ਦੂਜਿਆਂ ਨੇ ਵੀ ਰੋ ਪਿੱਟ ਲਿਆ, ਵੈਣ ਪਾ ਲਏ। ਇਸੇ ਤਰ੍ਹਾਂ ਕਰਦੇ ਉਨ੍ਹਾਂ ਹੀ ਝਮੇਲਿਆਂ `ਚ ਫ਼ਸੇ, ਰੋਣ ਪਿਟਣ ਵਾਲੇ ਵੀ ਇੱਕ ਦਿਨ ਮਰ ਗਏ ਤੇ ਸੰਸਾਰ ਤੋਂ ਕੂਚ ਕਰ ਗਏ।

ਗੁਰੂ ਨਾਨਕ ਪਾਤਸ਼ਾਹ ਸਪਸ਼ਟ ਕਰਦੇ ਹਨ ਕਿ ਮਨੁੱਖ, ਜਦੋਂ ਦੁਰਲਭ ਜਨਮ ਦੇ ਮਿਲਣ ਤੋਂ ਬਾਅਦ ਆਪ ਹੀ ਇਸ ਦੀ ਪਹਿਚਾਣ ਕਰਣ ਨੂੰ ਤਿਆਰ ਨਹੀਂ ਹੁੰਦਾ। ਇਸ ਦੀ ਅਸਲੀਅਤ ਨੂੰ ਸਮਝਣ ਦਾ ਯਤਣ ਨਹੀਂ ਕਰਦਾ ਤੇ ਇਸ ਨੂੰ ਬਿਰਥਾ ਹੀ ਖ਼ਤਮ ਕਰ ਦਿੰਦਾ ਹੈ। ਬੱਸ, ਜੀਵਨ ਭਰ ਇਹੀ ਕਿ ਦੂਜਿਆਂ ਦੇ ਜਾਣ `ਤੇ ਰੋ ਪਿੱਟ ਲਿਆ ਤੇ ਆਪ ਵੀ ਉਨ੍ਹਾਂ ਹੀ ਝਮੇਲਿਆਂ `ਚ ਫ਼ਸੇ ਰਹਿ ਕੇ ਇੱਕ ਦਿਨ ਚੱਲ ਵੱਸੇ। ਇਸੇ ਤੋਂ, ਉਨ੍ਹਾਂ ਦੇ ਜੀਵਨ `ਚ ਮਾਨਸਿਕ ਉਖਾੜ, ਚਿੰਤਾਵਾਂ, ਝੋਰੇ ਆਦਿ ਬਣੇ ਰਹਿੰਦੇ ਹਨ। ਜ਼ਿੰਦਗੀ ਮੁੱਕ ਜਾਂਦੀ ੍ਹੇ ਪਰ ਜੀਵਨ ਭਰ ਟਿਕਾਅ ਤੇ ਸ਼ਾਤੀ ਨਹੀਂ ਮਿਲਦੀ। ਤਾ ਤੇ ਅਜਿਹੇ ਲੋਕਾਂ ਦੇ ਜੀਵਨ `ਚ ਅਜਿਹੇ ਉਖਾੜਾਂ ਦਾ ਬਣੇ ਰਹਿਣਾ ਵੀ ਕਰਤੇ ਦੇ ਨਿਆਂ `ਚ ਹੀ ਹੁੰਦਾ ਹੈ।

ਗੁਰਦੇਵ ਫ਼ੁਰਮਾਉਂਦੇ ਹਨ ਕਿ ਅਜਿਹੇ ਲੋਕ ਦੇਖਣ ਨੂੰ ਤਾਂ ਭਾਵੇਂ ਜ਼ਿੰਦਾ ਹੁੰਦੇ ਹਨ ਪਰ ਅਸਲੋਂ ਆਪਣੇ ਜੀਵਨ ਕਾਲ `ਚ ਹੀ ਹਰ ਦਮ ਆਤਮਕ ਮੌਤੇ ਮਰੇ ਹੁੰਦੇ ਹਨ। ਕਿਉਂਕਿ ਉਨ੍ਹਾਂ ਦੇ ਹਿਰਦੇ ਘਰ `ਚ ਪ੍ਰਭੂ ਦਾ ਵਾਸਾ ਨਹੀਂ ਹੁੰਦਾ। ਉਸ ਪ੍ਰਭੂ ਦਾ ਜਿਸ ਨਾਲ ਅਭੇਦ ਹੋਣ ਲਈ ਮਨੁੱਖਾ ਜਨਮ ਮਿਲਿਆ ਹੁੰਦਾ ਹੈ। ਅਜਿਹੇ ਲੋਕ ਜੀਵਨ ਭਰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਦੇ ਤੇ ਜੀਵਨ ਦੀ ਸੰਭਾਲ ਤਾਂ ਕਰਦੇ ਨਹੀਂ। ਉਪ੍ਰੰਤ ਇਹ ਸਭ ਉਸੇ ਦਾ ਨਤੀਜਾ ਹੁੰਦਾ ਹੈ ਕਿ ਉਨ੍ਹਾਂ ਦੇ ਜੀਵਨ `ਚ ਸਦਾ ਉਖਾੜ, ਮਾਨਸਿਕ ਅਸ਼ਾਂਤੀ, ਭਟਕਣਾ, ਸਹਿਮ, ਡਰ, ਸਹਿਮ ਵਿਤਕਰੇ ਆਦਿ ਹੀ ਭਾਰੂ ਰਹਿੰਦੇ ਹਨ।

ਇਸੇ ਤਰ੍ਹਾਂ ਦੂਜਾ ਸਲੋਕ ਹੈ “ਮਃ ੧॥ ਮੁਆ ਪਿਆਰੁ, ਪ੍ਰੀਤਿ ਮੁਈ, ਮੁਆ ਵੈਰੁ ਵਾਦੀ॥ ਵੰਨੁ ਗਇਆ, ਰੂਪੁ ਵਿਣਸਿਆ, ਦੁਖੀ ਦੇਹ ਰੁਲੀ॥ ਕਿਥਹੁ ਆਇਆ, ਕਹ ਗਇਆ, ਕਿਹੁ ਨ ਸੀਓ, ਕਿਹੁ ਸੀ॥ ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ॥ ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ॥ ੨॥” (ਪੰਨਾ ੧੨੮੭) ਬੇਸ਼ਕ ਦੋਵੇਂ ਸਲੋਕ ਆਪਣੇ ਆਪ `ਚ ਵੱਖਰੇ ਹਨ। ਫ਼ਿਰ ਵੀ ਗੁਰਬਾਣੀ `ਚ ਨੇਮ ਹੈ ਕਿ ਪੰਜਵੇਂ ਪਾਤਸ਼ਾਹ ਨੇ ਵਾਰਾਂ `ਚ ਸਲੋਕ ਜੋੜਣ ਸਮੇਂ ਹਰੇਕ ਪਉੜੀ ਨਾਲ ਉਹੀ ਸਲੋਕ ਜੋੜੇ ਜੋ ਉਸ ਪਉੜੀ `ਚ ਪ੍ਰਗਟਾਏ ਜਾ ਰਹੇ ਗੁਰਮੱਤ ਸਿਧਾਂਤ ਦੀ ਵਿਆਖਿਆ ਹੋਣ। ਇਸ ਤਰ੍ਹਾਂ ਕਮਾਲ ਤਾਂ ਇਹ ਹੈ ਕਿ ਇਸ ਦੂਜੇ ਸਲੋਕ `ਚ ਵੀ ਜੋ ਮਜ਼ਮੂਨ ਚੱਲ ਰਿਹਾ ਹੈ ਉਹ ਵੀ ਇਸ ਤਰ੍ਹਾਂ ਹੈ ਜਿਵੇਂ ਉਸ ਪਹਿਲੇ ਸਲੋਕ ਦੀ ਹੀ ਵਿਆਖਿਆ ਕੀਤੀ ਗਈ ਹੋਵੇ ਜਾਂ ਉਸੇ ਵਿਸ਼ੇ ਨੂੰ ਅੱਗੇ ਚਲਾਇਆ ਗਿਆ ਹੋਵੇ। ਤਾਂ ਤੇ ਇਸ ਦੂਜੇ ਸਲੋਕ `ਚ ਗੁਰਦੇਵ ਫ਼ੁਰਮਾਉਂਦੇ ਹਨ:-

“ਮਨੁੱਖ ਜਦੋਂ ਮਰ ਜਾਂਦਾ ਹੈ ਤਾਂ ਉਹ ਪ੍ਰੀਤ-ਪਿਆਰ ਵੀ ਮੁੱਕ ਜਾਂਦਾ ਹੈ ਜੋ ਉਸਦਾ ਆਪਣੇ ਸਬੰਧੀਆਂ ਨਾਲ ਸੀ, ਬਲਕਿ ਜੇ ਜ਼ਿੰਦਗੀ `ਚ ਉਸ ਦੇ ਕਿਸੇ ਨਾਲ ਵੈਰ, ਝਗੜੇ ਆਦਿ ਵੀ ਸਨ, ਉਸ ਵੱਲੋਂ ਤਾਂ ਉਹ ਵੀ, ਉਸ ਦੇ ਨਾਲ ਹੀ ਖ਼ਤਮ ਹੋ ਜਾਂਦੇ ਹਨ। ਉਸ ਦੇ ਸਰੀਰ ਦਾ ਰੰਗ ਰੂਪ ਤੇ ਸੁਹਪਣ ਵੀ ਨਾਸ ਹੋ ਜਾਂਦਾ ਹੈ ਜਿਸਨੂੰ ਬੜਾ ਸਾਂਭ, ਸਾਂਭ ਕੇ ਰਖਦਾ ਸੀ। ਇਥੋਂ ਤੱਕ ਕਿ ਅੱਗ, ਮਿੱਟੀ, ਪਾਣੀ ਆਦਿ ਦੇ ਹਵਾਲੇ ਹੋ ਜਾਣ ਬਾਅਦ ਤਾਂ ਵਿਚਾਰਾ ਉਹ ਸਰੀਰ ਵੀ ਰੁਲ ਜਾਂਦਾ ਹੈ।

ਉਸ ਸਮੇਂ ਉਸ ਦੇ ਸਬੰਧੀ ਤੇ ਭਾਈਚਾਰੇ ਦੇ ਲੋਕ ਵੀ ਮਨ `ਚ ਵਿਚਾਰਦੇ ਜਾਂ ਗੱਲਾਂ ਕਰਦੇ ਹਨ ਕਿ ਜਾਣ ਵਾਲਾ ਮਨੁੱਖ, ਕਿਥੋਂ ਆਇਆ ਸੀ ਕਿਥੇ ਤੁਰ ਗਿਆ ਹੈ। ਦੂਜੇ ਲਫ਼ਜ਼ਾਂ `ਚ ਕਹਿੰਦੇ ਹਨ, ਉਹ ਜਿਥੋਂ ਆਇਆ ਸੀ ਓਥੇ ਹੀ ਚਲਾ ਗਿਆ ਹੈ। ਇਹ ਵੀ ਕਿ ਉਹ ਇਹੋ ਜਿਹਾ ਸੀ ਜਾਂ ਉਹੋ ਜਿਹਾ ਨਹੀਂ ਸੀ ਅਥਵਾ ਉਸ `ਚ ਫਲਾਣੇ ਗੁਣ ਸਨ ਜਾਂ ਨਹੀਂ ਸਨ। ਜਾਣ ਵਾਲਾ ਬੜੇ ਚਾਉ ਮਲਾਰਾਂ ਵਾਲੀ ਜ਼ਿੰਦਗੀ ਮਾਣ ਕੇ ਗਿਆ ਹੈ ਜਾਂ ਉਸ ਬਾਰੇ ਹੋਰ ਹੋਰ ਗੱਲਾਂ।

ਗੁਰੂ ਨਾਨਕ ਪਾਤਸ਼ਾਹ ਨਿਰਣਾ ਦਿੰਦੇ ਹਨ ਕਿ ਲੋਕ ਭਾਵੇਂ ਜਾਣ ਵਾਲੇ ਬਾਰੇ ਕੁੱਝ ਵੀ ਕਹਿਣ। ਸਚ ਇਹ ਹੈ ਕਿ ਪ੍ਰਭੂ ਦੀ ਸਿਫ਼ਤ ਸਲਾਹ ਵਾਲੀ ਜ਼ਿੰਦਗੀ ਤੋਂ ਬਿਨਾ, ਜਾਣ ਵਾਲੇ ਪ੍ਰਤੀ ਲੋਕਾਂ ਵਲੋਂ ਕੀਤੀਆਂ ਜਾਣ ਵਾਲੀਆਂ ਗੱਲਾਂ ਜਾਂ ਉਸ ਦੀ ਇੱਜ਼ਤ ਦਾ, ਪ੍ਰਭੂ ਦੇ ਨਿਆਂ ਅਥਵਾ ਦਰਗਾਹ `ਚ ਕੁੱਝ ਮੁੱਲ ਨਹੀਂ ਹੁੰਦਾ। ਭਾਵ ਮਨੁੱਖਾ ਜਨਮ ਦਾ ਇਕੋ ਮਕਸਦ ਹੈ ਤੇ ਉਹ ਹੈ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ ਤੇ ਇਲਾਹੀ ਗੁਣਾ ਨਾਲ ਜੀਵਨ ਨੂੰ ਸ਼ਿੰਗਾਰਣਾ। ਇਸ ਤਰ੍ਹਾਂ ਜੀਊਂਦੇ ਜੀਅ ਅਸਲੇ ਪ੍ਰਭੂ `ਚ ਅਭੇਦ ਹੋਣਾ, ਜੀਵਨ ਮੁਕਤ ਹੋਣਾ ਜਿਸ ਤੋਂ ਮਨੁੱਖ ਦਾ ਲੋਕ ਦੇ ਨਾਲ ਨਾਲ ਪ੍ਰਲੋਕ ਵੀ ਸੁਧਰ ਜਾਏ। ੨।

ਇਸ ਤੋਂ ਬਾਅਦ ਪਉੜੀ ਨੰ: ੨੦; ਵਿਚਾਰਨ ਦਾ ਵਿਸ਼ਾ ਹੈ ਕਿ ਦੋਨਾਂ ਸਲੋਕਾਂ `ਚ ਮਨੁੱਖਾ ਜਨਮ ਦੇ ਉਨ੍ਹਾਂ ਦੋਨਾਂ ਪੱਖਾਂ ਦਾ ਜ਼ਿਕਰ ਹੈ, ਜਿਥੋਂ ਅਸਾਂ ਇਸ ਗੁਰਮੱਤ ਪਾਠ ਦਾ ਅਰੰਭ ਕੀਤਾ ਸੀ। ਪਹਿਲੇ ਸਲੋਕ `ਚ ਗੁਰਦੇਵ ਨੇ ਇਹੀ ਸਪਸ਼ਟ ਕੀਤਾ ਹੈ ਕਿ ਮਨੁੱਖਾ ਜਨਮ ਦੇ ਮਕਸਦ ਨੂੰ ਪਹਿਚਾਣੇ ਬਿਨਾ, ਅਗਿਆਨੀ ਮਨੁੱਖ ਆਪਣੀ ਸਾਰੀ ਉਮਰ, ਸੰਸਾਰਕ ਝਮੇਲਿਆਂ `ਚ ਫ਼ਸਿਆ ਹੀ ਖ਼ਤਮ ਕਰ ਦਿੰਦਾ ਹੈ। ਦਰਅਸਲ ਅਜਿਹੇ ਲੋਕਾਂ ਦੀ ਸਰੀਰਕ ਮੌਤ ਤਾਂ ਹੁੰਦੀ ਹੀ ਹੈ ਕਿਉਂਕਿ ਉਹ ਤਾਂ ਅਵਸ਼ ਹੈ ਜਦਕਿ ਅਜਿਹੇ ਲੋਕ ਜੀਵਨ ਭਰ ਵੀ ਆਤਮਕ ਮੌਤੇ ਹੀ ਮਰੇ ਹੁੰਦੇ ਹਨ।

ਦਰਅਸਲ ਜਿਸ ਆਤਮਕ ਤੇ ਸਫ਼ਲ ਜੀਵਨ ਦੀ ਪ੍ਰਾਪਤੀ ਲਈ ਪ੍ਰਭੂ ਵੱਲੋਂ ਮਨੁੱਖਾ ਜਨਮ ਪ੍ਰਾਪਤ ਹੁੰਦਾ ਹੈ। ਗੁਰਬਾਣੀ ਅਨੁਸਾਰ ਅਕਾਲਪ੍ਰੁਰਖ ਵੱਲੋਂ ਬੇਅੰਤ ਜੂਨਾਂ ਚੋਂ ਕੱਢ ਕੇ, ਜਨਮ-ਮਰਣ ਦੇ ਗੇੜ੍ਹ `ਚੋਂ ਨਿਕਲਣ ਲਈ ਹੀ ਜੀਵ ਨੂੰ ਇੱਕ ਵਿਸ਼ੇਸ਼ ਅਵਸਰ ਮਿਲਦਾ ਹੈ। ਫ਼ੁਰਮਾਣ ਹੈ “ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ” (ਪੰ: ੧੮੮) ਭਾਵ ਐ ਮਨੁੱਖ! ਇਸ ਪਾਸੇ ਧਿਆਨ ਦ, ਬਹੁਤ ਲੰਮੇ ਸਮੇਂ ਬਾਅਦ ਕੇਵਲ ਪ੍ਰਭੂ ਮਿਲਾਪ ਲਈ ਹੀ ਭਾਵ ਜਨਮ ਮਰਣ ਦੇ ਗੇੜ੍ਹ `ਚੋਂ ਨਿਕਲਣ ਲਈ ਹੀ ਤੈਨੂੰ ਇਹ ਮਨੁੱਖਾ ਜਨਮ ਵਾਲਾ ਮੌਕਾ ਮਿਲਿਆ ਹੈ। ਇਸ ਤਰ੍ਹਾਂ ਇਹ ਫ਼ੁਰਮਾਨ ਹੈ “ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧ ॥ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ ੧ ॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥ ੨ ॥ ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥ ੩ ॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥ ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥ ੪ ॥ ਉਪ੍ਰੰਤ ਇਸੇ ਸ਼ਬਦ ਦੇ ਅੰਤਮ ਬੰਦ `ਚ ਵੀ ਤਾੜਣਾ ਹੈ “ਜੋ ਨ ਸੁਨਹਿ ਜਸੁ ਪਰਮਾਨੰਦਾ॥ ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ” (ਪੰ: ੧੮੮)। ਭਾਵ ਜੋ ਮਨੁੱਖ, ਇਸ ਦੁਰਲਭ ਤੇ ਅਮੁਲੇ ਮਨੁੱਖਾ ਜਨਮ ਨੂੰ ਪਾ ਕੇ ਵੀ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਨਹੀਂ ਜੁੜਦੇ, ਉਹ ਮਨੁੱਖਾ ਸਰੀਰ `ਚ ਹੁੰਦੇ ਹੋਏ, ਪਸ਼ੂਆਂ ਆਦਿ ਦੀਆਂ ਜੂਨ ਤੋਂ ਵੀ ਨੀਵੇਂ ਤੇ ਘਟੀਆ ਹਨ।”

ਫ਼ਿਰ ਦੂਜੇ ਸਲੋਕ `ਚ ਵੀ ਗੁਰਦੇਵ ਨੇ ਇਸੇ ਵਿਸ਼ੇ ਨੂੰ ਲਿਆ ਹੈ। ਉਥੇ ਵੀ ਫ਼ੁਰਮਾਇਆ ਕਿ ਸਰੀਰਕ ਮੌਤ ਤੋਂ ਬਾਅਦ, ਚੰਗਾ ਜਾਂ ਮੰਦਾ, ਕਿਸੇ ਬਾਰੇ ਲੋਕ ਚਾਹੇ ਕੁੱਝ ਕਿਹਣ। ਤਾਂ ਵੀ ਚਲਾਣਾ ਕਰਣ ਵਾਲੇ ਨੇ ਜੇਕਰ ਆਪਣੇ ਜੀਵਨ ਕਾਲ `ਚ, ਜੀਵਨ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੋੜ ਕੇ ਸਰੀਰ ਦੀ ਸੰਭਾਲ ਨਹੀਂ ਕੀਤੀ ਤਾਂ ਪ੍ਰਭੂ ਦੀ ਦਰਗਾਹ `ਚ ਉਸ ਬਾਰੇ ਲੋਕਾਂ ਦੀਆਂ ਗੱਲਾਂ ਦਾ ਕੌਡੀ ਮੁੱਲ ਨਹੀਂ। ਕਿਉਂਕਿ ਕਿਸੇ ਦੇ ਜੀਵਨ ਦੀ ਕਰਣੀ ਬਾਰੇ ਨਿਆਂ ਪ੍ਰਭੂ ਨੇ ਹੀ ਕਰਣਾ ਹੁੰਦਾ ਹੈ। ਇਸ ਲਈ ਲੋੜ ਹੈ ਤਾਂ ਜ਼ਿੰਦਗੀ ਦੌਰਾਨ ਮਨੁੱਖਾ ਸਰੀਰ ਦੀ ਅਮੁਲਤਾ ਨੂੰ ਪਹਿਚਾਨਣਾ ਤੇ ਇਸ ਦੀ ਸੰਭਾਲ ਕਰਣੀ।

ਇਸ ਤਰ੍ਹਾਂ ਪਉੜੀ ਨਾਲ ਸਬੰਧਤ ਦੋਨਾ ਸਲੋਕਾਂ `ਚ ਜੀਵਨ ਦੇ ਸਫ਼ਲ ਤੇ ਅਸਫ਼ਲ ਦੋਨਾਂ ਪੱਖਾਂ ਦਾ ਵੇਰਵਾ ਤੇ ਚੇਤਾਵਣੀ ਵੀ ਹੈ। ਇਸ ਤੋਂ ਬਾਅਦ ਪਉੜੀ `ਚ ਵੀ ਇਹੀ ਵਿਸ਼ਾ ਜਿਵੇਂ “ਅੰਮ੍ਰਿਤ ਨਾਮੁ ਸਦਾ ਸੁਖਦਾਤਾ, ਅੰਤੇ ਹੋਇ ਸਖਾਈ॥ ਬਾਝੁ ਗੁਰੂ ਜਗਤੁ ਬਉਰਾਨਾ, ਨਾਵੈ ਸਾਰ ਨ ਪਾਈ॥ ਸਤਿਗੁਰੁ ਸੇਵਹਿ ਸੇ ਪਰਵਾਣੁ, ਜਿਨੑ ਜੋਤੀ ਜੋਤਿ ਮਿਲਾਈ॥ ਸੋ ਸਾਹਿਬੁ ਸੋ ਸੇਵਕੁ ਤੇਹਾ, ਜਿਸੁ ਭਾਣਾ ਮੰਨਿ ਵਸਾਈ॥ ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ, ਅੰਧਾ ਅੰਧੁ ਕਮਾਈ॥ ਬਿਖਿਆ ਕਦੇ ਹੀ ਰਜੈ ਨਾਹੀ, ਮੂਰਖ ਭੁਖ ਨ ਜਾਈ॥ ਦੂਜੈ ਸਭੁ ਕੋ ਲਗਿ ਵਿਗੁਤਾ, ਬਿਨੁ ਸਤਿਗੁਰ ਬੂਝ ਨ ਪਾਈ॥ ਸਤਿਗੁਰੁ ਸੇਵੇ ਸੋ ਸੁਖੁ ਪਾਏ, ਜਿਸ ਨੋ ਕਿਰਪਾ ਕਰੇ ਰਜਾਈ॥ ੨੦॥ (ਪੰਨਾ ੧੨੮੭)।

ਅਰਥ ਹਨ:-” ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਅਥਵਾ ਉਸ ਦੀ ਸਿਫ਼ਤ ਸਲਾਹ ਹੀ ਸਦੀਵੀ ਸੁਖ ਦੇਣ ਵਾਲੀ ਹੁੰਦੀ ਹੈ। ਇਥੋਂ ਤੱਕ ਕਿ ਜੀਵਨ ਕਾਲ `ਚ ਤੇ ਜੀਵਨ ਤੋਂ ਬਾਅਦ ਵੀ, ਪ੍ਰਭੂ ਦੀ ਸਿਫ਼ਤ ਸਲਾਹ ਹੀ ਜੀਵ ਦਾ ਸਾਥ ਦਿੰਦੀ ਹੈ। ਗੁਰਦੇਵ ਫ਼ੁਰਮਾਉਂਦੇ ਹਨ, ਅਸਲ `ਚ ਸਦਾਥਿਰ ਗੁਰੂ ਦੇ ਮਾਰਗ ਨੂੰ ਨਾ ਅਪਨਾਉਣ ਕਾਰਨ ਹੀ ਸੰਸਾਰ ਕਮਲਾ ਤੇ ਝੱਲਾ ਹੋਇਆ ਫ਼ਿਰਦਾ ਹੈ।

ਗੁਰਦੇਵ ਫ਼ੁਰਮਾਉਂਦੇ ਹਨ, ਜਿਹੜੇ ਮਨੁੱਖ ਗੁਰੂ-ਗੁਰਬਾਣੀ ਦੇ ਕਹੇ ਅਨੁਸਾਰ ਜੀਵਨ ਦੀ ਕਮਾਈ ਤੇ ਸੰਭਾਲ ਕਰਦੇ ਹਨ। ਜਿਨ੍ਹਾਂ ਸੰਸਾਰ `ਚ ਵਿਚਰਦਿਆਂ ਆਪਣੀ ਸੁਰਤ ਨੂੰ ਪ੍ਰਭੂ ਨਾਲ ਜੋੜਿਆ ਹੁੰਦਾ ਹੈ, ਉਹ ਪ੍ਰਭੂ-ਦਰ `ਤੇ ਕਬੂਲ ਪੈਂਦੇ ਹਨ। ਅਜਿਹੇ ਜੀਵਨ ਵਾਲਿਆਂ ਨੂੰ ਹੀ ਪ੍ਰਭੂ, ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਬਲ ਵੀ ਬਖ਼ਸ਼ਦਾ ਹੈ। ਅਜਿਹੇ ਸੇਵਕ ਉਹੋ ਜਿਹੇ ਹੀ ਹੋ ਜਾਂਦੇ ਹਨ ਜੈਸਾ ਕਿ ਪ੍ਰਭੂ ਆਪ ਹੁੰਦਾ ਹੈ ਭਾਵ ਗੁਰੂ-ਗੁਰਬਾਣੀ ਦੇ ਆਦੇਸ਼ਾਂ `ਤੇ ਚਲਣ ਵਾਲੇ ਜੀਊੜੇ ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦੇ ਹਨ। ਉਹ ਅਨੰਦਮਈ, ਸੰਤੋਖੀ, ਟਿਕਾਅ ਤੇ ਇਲਾਹੀ ਗੁਣਾ ਨਾਲ ਭਰਪੂਰ, ਮਨ ਦੀ ਸ਼ਾਤੀ ਵਾਲਾ ਜੀਵਨ ਬਤੀਤ ਕਰਦੇ ਹਨ।

ਦੂਜੇ ਪਾਸੇ, ਜੋ ਲੋਕ ਮਨ ਪਿਛੇ ਟੁਰਦੇ ਭਾਵ ਮਨਮਤੀਏ ਹੁੰਦੇ ਹਨ; ਉਹ ਕਦੇ ਵੀ ਜੀਵਨ ਦਾ ਸੁਖ ਪ੍ਰਾਪਤ ਨਹੀਂ ਕਰ ਸਕਦੇ। ਅਜਿਹੇ ਲੋਕਾਂ ਦੇ ਜੀਵਨ `ਚ ਟਿਕਾਅ ਨਹੀਂ ਆਉਂਦਾ ਤੇ ਸਦਾ ਉਖਾੜ ਹੀ ਬਣਿਆ ਰਹਿੰਦਾ ਹੈ। ਅਜਿਹੇ ਅੰਧੇ ਭਾਵ ਗੁਰੂ ਗਿਆਨ ਤੋਂ ਕੋਰੇ, ਅਗਿਆਨੀ ਸਦਾ ਅੰਧਿਆਂ ਵਾਲੇ ਭਾਵ ਅਗਿਆਨਤਾ ਭਰਪੂਰ ਕੰਮ ਹੀ ਕਰਦੇ ਹਨ.

ਅਜਿਹੇ ਅਗਿਆਨੀਆਂ ਦੀ ਮਾਇਕ ਪ੍ਰਾਪਤੀਆਂ ਲਈ ਭੁੱਖ ਕਦੇ ਵੀ ਨਹੀਂ ਬੁਝਦੀ। ਅਜਿਹੇ ਲੋਕ ਚਾਹੇ ਕਿਤਨੀਆਂ ਵੀ ਮਾਇਕ ਤੇ ਸੰਸਾਰਕ ਪ੍ਰਾਪਤੀਆਂ ਕਰ ਲੈਣ ਫ਼ਿਰ ਵੀ ਰਜਦੇ ਨਹੀਂ।”

ਬਾਣੀ ਜਪੁ ਦੀ ਪਹਿਲੀ ਪਉੜੀ `ਚ ਗੁਰਦੇਵ ਨੇ ਫ਼ੁਰਮਾਇਆ ਹੈ “ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ” ਉਪ੍ਰੰਤ ਬਾਣੀ ਸੁਖਮਨੀ ਸਾਹਿਬ `ਚ “ਸਹਸ ਖਟੇ ਲਖ ਕਉ ਉਠਿ ਧਾਵੈ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ॥ ਅਨਿਕ ਭੋਗ ਬਿਖਿਆ ਕੇ ਕਰੈ॥ ਨਹ ਤ੍ਰਿਪਤਾਵੈ ਖਪਿ ਖਪਿ ਮਰੈ” (ਪੰ: ੨੭੮)। ਦਰਅਸਲ ਬਿਖਿਆ ਦੀ ਭੁਖ ਦਾ ਹੀ ਮੂਲ ਹੁੰਦੀ ਹੈ ਮਨੁੱਖ ਦੀ ਤ੍ਰਿਸ਼ਨਾ। ਇਸ ਤਰ੍ਹ੍ਰਾਂ ਤ੍ਰਿਸ਼ਨਾ ਬਾਰੇ ਗੁਰਬਾਣੀ `ਚ ਤਾਂ ਇਥੋਂ ਤੱਕ ਵੀ ਫ਼ੁਰਮਾਇਆ ਹੈ “ਵਡੇ ਵਡੇ ਰਾਜਨ ਅਰੁ ਭੁਮਨ, ਤਾ ਕੀ ਤ੍ਰਿਸਨ ਨ ਬੂਝੀ॥ ਲਪਟਿ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨ ਸੂਝੀ॥ ੧ ॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ, ਬਿਨੁ ਹਰਿ ਕਹਾ ਅਘਾਈ॥ ਰਹਾਉ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ, ਤਾ ਕੀ ਮਿਟੈ ਨ ਭੂਖਾ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ॥ ੨ ॥ ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਿਹ ਜੋਹ ਨ ਚੂਕੈ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ, ਸੋਗ ਲੋਭ ਮਹਿ ਸੂਕੈ” (ਪੰ: ੬੭੨) ਇਸੇ ਤਰ੍ਹਾਂ ਤ੍ਰਿਸ਼ਨਾ ਤੇ ਬਿਖਿਆ ਵਾਲੀ ਭੁਖ ਦੀ ਅਸੀਮਤਾ ਸਬੰਧੀ ਗੁਰਬਾਣੀ `ਚ ਬੇਅੰਤ ਸ਼ਬਦ ਤੇ ਗੁਰਬਾਣੀ ਪ੍ਰਮਾਣ ਹਨ।

ਫ਼ਿਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਤ੍ਰਿਸ਼ਨਾ ਦੀ ਕਾਟ ਜਾਂ ਇਸ ਤੋਂ ਬਚਾਅ ਸੰਭਵ ਨਹੀਂ। ਬਲਕਿ ਤ੍ਰਿਸ਼ਨਾ ਦੀ ਕਾਟ ਵੀ ਹੈ ਜਿਵੇਂ “ਹਰਿ ਹਰਿ ਨਾਮੁ ਅਪਾਰ ਅਮੋਲਾ, ਅੰਮ੍ਰਿਤੁ ਏਕੁ ਨਿਧਾਨਾ।। ਸੂਖੁ ਸਹਜੁ ਆਨੰਦੁ ਸੰਤਨ ਕੈ, ਨਾਨਕ ਗੁਰ ਤੇ ਜਾਨਾ” (ਪੰ: ੬੭੨ ਉਹੀ) ਭਾਵ ਤ੍ਰਿਸ਼ਨਾ ਤੇ ਬਿਖਿਆ ਵਾਲੀ ਭੁਖ ਦਾ ਇਲਾਜ ਹੈ ਗੁਰੂ ਦੀ ਆਗਿਆ `ਚ ਜੀਵਨ ਦੀ ਸੰਭਾਲ ਕਰਣੀ ਤੇ ਜੀਵਨ ਨੂੰ ਪ੍ਰਭੂ ਨਾਲ ਜੋੜ ਕੇ ਚਲਾਉਣਾ, ਜਿਸ ਤੋਂ ਜੀਵਨ `ਚ ਟਿਕਾਅ ਤੇ ਮਨ `ਚ ਸੰਤੋਖ ਆ ਜਾਵੇ।

ਇਸੇ ਲਈ ਪਉੜੀ ਦੀ ਸਮਾਪਤੀ `ਤੇ ਵੀ ਗੁਰਦੇਵ ਫ਼ੈਸਲਾ ਦਿੰਦੇ ਹਨ, ਅਕਾਲਪੁਰਖ ਦਾ ਮਾਰਗ ਛੱਡ ਕੇ ਮਾਇਆ ਦੀ ਤ੍ਰਿਸ਼ਨਾ ਅਥਵਾ ਭੁੱਖ `ਚ ਮਨੁੱਖ ਸਦਾ ਖ਼ੁਆਰ ਹੀ ਹੁੰਦਾ ਹੈ। ਇਹ ਵੀ, ਕਿ ਗੁਰੂ ਦੀ ਅਗਿਆ `ਚ ਚੱਲੇ ਬਿਨਾ, ਮਨੁੱਖ ਨੂੰ ਸਮਝ ਵੀ ਨਹੀਂ ਆਉਂਦੀ ਕਿ ਆਖ਼ਿਰ ਉਸ ਦੀ ਖੁਆਰੀ ਦਾ ਅਸਲ ਤੇ ਮੂਲ ਕਾਰਨ ਹੈ ਕੀ?

ਇਸ ਤਰ੍ਹਾਂ ਜਿਸ `ਤੇ ਪ੍ਰਭੂ ਮਿਹਰ ਕਰਦਾ ਹੇ ਉਹ ਗੁਰੂ ਦੇ ਕਹੇ `ਤੇ ਟੁਰਦਾ ਅਤੇ ਜੀਵਨ ਦੇ ਸਦੀਵੀ ਸੁਖ, ਟਿਕਾਅ, ਅਨੰਦ ਤੇ ਮਨ ਦੀ ਸ਼ਾਤੀ ਨੂੰ ਜੀਊਂਦੇ ਜੀਅ ਹਾਸਲ ਕਰ ਲੈਂਦਾ ਹੈ। ੨੦।

ਅੰਤੇ ਹੋਇ ਸਖਾਈ” ਬਾਰੇ-ਇਥੇ ਇਹ ਪੰਕਤੀ ਵਿਸ਼ੇਸ਼ ਧਿਆਨ ਮੰਗਦੀ ਹੈ। ਇਥੇ ਆਇਆ ਹੋਇਆ ਲਫ਼ਜ਼ ‘ਅੰਤੇ’ ਹੀ ਨਹੀਂ ਬਲਕਿ ਇਸ ਜਨਮ ਦੇ ਨਾਲ ਨਾਲ ਮੋਤ ਤੋਂ ਬਾਅਦ ਵਾਲੇ ਵਿਸ਼ੇ ਨਾਲ ਸਬੰਧਤ ਗੁਰਬਾਣੀ `ਚ ਹੋਰ ਵੀ ਕਈ ਲਫ਼ਜ਼ ਆਏ ਹਨ। ਗੁਰਬਾਣੀ `ਚ ਇਸ ਨੂੰ “ਨਾ ਉਰਵਾਰ ਨਾ ਪਾਰ”,’ ਹਲਤ ਪਲਤ’, ਤਿ ਪੋਤਿ’ “ਈਤ ਊਤ”,’ ਦੀਨ ਦੁਨੀ’,’ ਲੋਕਿ ਪਰਲੋਕਿ’, ‘ਦਰਗਹਿ, ‘ਅਗੈ’ ਆਦਿ ਵਾਲੀਆਂ ਸ਼ਬਦਾਵਲੀਆਂ ਨਾਲ ਵੀ ਬੇਅੰਤ ਵਾਰੀ ਤੇ ਭਿੰਨ ਭਿੰਨ ਰੂਪਾਂ `ਚ ਦ੍ਰਿੜ ਕਰਵਾਇਆ ਗਿਆ ਹੈ। ਜਿਵੇਂ “ਮਨ ਰੇ ਹਉਮੈ ਛੋਡਿ ਗੁਮਾਨੁ॥ ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ” (੨੧) “ਐਸਾ ਰਾਮੁ ਦੀਨ ਦੁਨੀ ਸਹਾਈ” (ਪੰ: ੨੦੦) “ਸਿਮਰਉ ਸਿਮਰਿ ਸਿਮਰਿ ਸੁਖ ਪਾਵਉ, ਸਾਸਿ ਸਾਸਿ ਸਮਾਲੇ॥ ਇਹ ਲੋਕਿ ਪਰਲੋਕਿ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ” (ਪੰ: ੬੭੯) “ਈਤ ਊਤ ਪ੍ਰਭੁ ਸਦਾ ਸਹਾਈ, ਜੀਅ ਸੰਗਿ ਤੇਰੇ ਕਾਮ ਕਉ” (ਪੰ: ੧੨੦੮) “ਪ੍ਰਭੁ ਮੇਰੋ ਇਤ ਉਤ ਸਦਾ ਸਹਾਈ” (ਪੰ: ੧੨੧੩) “ਨਾਮੁ ਤੇਰਾ ਜਪਿ ਜੀਵੈ ਨਾਨਕੁ, ਓਤਿ ਪੋਤਿ ਮੇਰੈ ਸੰਗਿ ਸਹਾਇ” (ਪੰ: ੩੭੩) ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ” (ਪੰ: ੪੦੫) “ਪੰਦ੍ਰਹ ਥਿਤੰØੀ ਸਾਤ ਵਾਰ॥ ਕਹਿ ਕਬੀਰ ਉਰਵਾਰ ਨ ਪਾਰ (ਪੰ: ੩੪੩) “ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ” (ਪੰ: ੫੧੨) ਇਤਿਆਦ।

ਇਸੇ ਤਰ੍ਹਾਂ (੧) ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥ ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ ਜਨਮੁ ਗਵਾਇਆ” (ਪੰ: ੪੬੪) ਅਰਥ ਹਨ, ਸਰੀਰ ਦੇ ਬਿਨਸਨ ਬਾਅਦ ਮਨੁੱਖ ਰਾਹੀਂ ਜੀਵਨ ਕਾਲ `ਚ ਕੀਤੀ ਸਿਫ਼ਤ ਸਲਾਹ ਹੀ ਥਾਏਂ ਪੈਂਦੀ ਹੈ ਨਹੀਂ ਤਾਂ ਜੀਵ ਨੂੰ ਦਰਗਾਹ `ਚ ਵੀ ਜੁਤੀਆਂ ਹੀ ਪੈਂਦੀਆਂ ਹਨ। ਜੁਤੀਆਂ ਤੋਂ ਭਾਵ ਬਾਰ ਬਾਰ ਦੇ ਜਨਮ ਤੇ ਭਿੰਨ ਭਿੰਨ ਸਰੀਰਾਂ ਦੇ ਰੂਪ `ਚ ਸਜ਼ਾਵਾਂ (ਕੋਠਰੀਆਂ) ਭੋਗਣੀਆਂ ਪੈਂਦੀਆਂ ਹਨ। ਇਹ ਸਭ ਭੋਗਣੀਆਂ ਤੇ ਕੀਤੇ ਕਰਮਾਂ `ਤੇ ਪਛਤਾਉਣਾ ਹੀ ਪੈਂਦਾ ਹੈ, ਕਿਉਂਕਿ ਉਸ ਸਮੇਂ ਇਸ ਤੋਂ ਇਲਾਵਾ ਹੋਰ ਚਾਰਾ ਵੀ ਨਹੀਂ ਹੁੰਦਾ।

ਇਸੇ ਤਰ੍ਹਾਂ ਇਸ ਵਿਸ਼ੇ `ਤੇ ਇੱਕ ਹੋਰ ਪ੍ਰਮਾਣ “ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ” (ਪੰ: ੪੭੦) ਜਦਕਿ ‘ਨੰਗਾ’ ਦੇ ਅਰਥ ਹਨ ‘ਖਾਲੀ ਹੱਥ’ ਭਾਵ ਜੀਵਨ ਦੀ ਕਮਾਈ ਕੀਤੇ ਬਿਨਾ ਜਦੋਂ ਸੰਸਾਰ ਤੋਂ ਕੂਚ ਕਰ ਜਾਂਦਾ ਹੈ ਤਾਂ ਇਸ ਨੂੰ ਮੁੜ ਜਨਮਾਂ -ਜੂਨਾਂ-ਗਰਭਾਂ ਦੇ ਗੇੜ੍ਹ (ਦੋਜ਼ਕ) `ਚ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਜਦੋਂ ਇਸਨੂੰ ਆਪਣੀਆਂ ਕੀਤੀਆਂ ਲਈ ਭੁਗਤਨਾ ਪੈਂਦਾ ਹੈ ਤਾਂ ਘਬਰਾਉਂਦਾ ਤੇ ਪਛਤਾਉਂਦਾ ਹੈ ਪਰ ਛੁਟਕਾਰਾ ਫ਼ਿਰ ਵੀ ਨਹੀਂ ਹੁੰਦਾ।

ਉਪ੍ਰੰਤ ਇਸ ਵਿਸ਼ੇ ਨਾਲ ਸਬੰਧਤ ਅਜਿਹੇ ਪ੍ਰਮਾਣ ਬੇਅੰਤ ਹਨ ਕਿ ਮੌਤ ਤੋਂ ਬਾਅਦ, ਜੀਵਨ ਕਾਲ `ਚ ਪ੍ਰਭੂ ਦੀ ਸਿਫ਼ਤ ਸਲਾਹ ਰਾਹੀਂ ਕੀਤੀ ਹੋਈ ਜੀਵਨ ਦੀ ਸੰਭਾਲ ਹੀ ਸਹਾਈ ਹੁੰਦੀ ਹੈ ਜਿਵੇਂ “ਜਹ ਮਾਤ ਪਿਤਾ ਸੁਤ ਮੀਤ ਨ ਭਾਈ।। ਮਨ ਊਹਾ ਨਾਮੁ ਤੇਰੈ ਸੰਗਿ ਸਹਾਈ” (ਪੰ: ੨੬੪) ਅਥਵਾ “ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿੑ।। ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ” (ਪੰ: ੭੨੯)। ਜਦਕਿ ਜੀਵਨ ਦੀ ਸੰਭਾਲ ਤਾਂ ਹੋਣੀ ਹੈ ਗੁਰੂ-ਗੁਰਬਾਣੀ ਦੇ ਮਾਰਗ `ਤੇ ਚੱਲ ਕੇ।

ਇਸ ਤਰ੍ਹਾਂ ਪਉੜੀ `ਚ ਗੁਰਦੇਵ ਫ਼ੁਰਮਾਉਂਦੇ ਹਨ, ਜਿਹੜੇ ਮਨੁੱਖ ਗੁਰੂ-ਗੁਰਬਾਣੀ ਦੇ ਕਹੇ ਅਨੁਸਾਰ ਜੀਵਨ ਦੀ ਕਮਾਈ ਤੇ ਸੰਭਾਲ ਕਰਦੇ ਹਨ। ਜਿਨ੍ਹਾਂ ਨੇ ਸੰਸਾਰ `ਚ ਵਿਚਰਦਿਆਂ ਆਪਣੀ ਸੁਰਤ ਨੂੰ ਪ੍ਰਭੂ ਨਾਲ ਜੋੜਿਆ ਹੁੰਦਾ ਹੈ, ਉਹੀ ਪ੍ਰਭੂ-ਦਰ `ਤੇ ਕਬੂਲ ਪੈਂਦੇ ਹਨ। ਅਜਿਹੇ ਜੀਵਨ ਵਾਲਿਆਂ ਨੂੰ ਹੀ ਪ੍ਰਭੂ, ਆਪਣਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖ਼ਸ਼ਦਾ ਹੈ। ਇਸੇ ਤੋਂ ਅਜਿਹੇ ਸੇਵਕ ਵੀ ਉਹੋ ਜਿਹੇ ਹੀ ਹੋ ਜਾਂਦੇ ਹਨ ਜੈਸਾ ਕਿ ਪ੍ਰਭੂ ਆਪ ਹੁੰਦਾ ਹੈ। ਭਾਵ ਅਜਿਹੇ ਜੀਊੜੇ, ਗੁਰੂ-ਗੁਰਬਾਣੀ ਦੀ ਆਗਿਆ `ਚ ਚਲਣ ਵਾਲੇ ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋ ਕੇ ਸੰਤੋਖੀ, ਅਨੰਦਮਈ ਤੇ ਟਿਕਾਅ ਵਾਲਾ ਜੀਵਨ ਬਤੀਤ ਕਰਦੇ ਹਨ ਤੁ ਉਨ੍ਹਾਂ ਦਾ ਪ੍ਰਲੋਕ ਵੀ ਸੁਧਰ ਜਾਂਦਾ ਹੈ।

ਅੰਤ `ਚ, ਬਾਕੀ ਅਰਬਾ ਖਰਬਾਂ ਜੂਨੀਆਂ `ਚ ਤਾਂ ਨਹੀਂ ਪਰ ਮਨੁੱਖਾ ਜੂਂ ਦੇ ਦੋ ਰੁਖ ਹਨ ਸਫ਼ਲ ਤੇ ਅਸਫ਼ਲ ਜੀਵਨ। ਉਨ੍ਹਾਂ ਬੇਅੰਤ ਜੂਨੀਆਂ `ਚੋ ਕਢ ਕੇ, ਪ੍ਰਭੂ ਜੀਵ ਨੂੰ ਮਨੁੱਖਾ ਜਨਮ ਵਾਲੀ ਵਾਰੀ ਤੇ ਅਵਸਰ ਬਖ਼ਸ਼ਦਾ ਹੈ। ਉਹ ਇਸ ਲਈ ਬਖ਼ਸ਼ਦਾ ਹੈ ਕਿ ਜੀਵ ਸਤਿਗੁਰੂ ਦੀ ਆਗਿਆ `ਚ ਜੀਵਨ ਨੂੰ ਤਿਆਰ ਕਰੇ। ਜੀਵਨ ਨੂੰ ਹਉਮੈ, ਵਿਕਾਰ, ਅਉਗੁਣ ਰਹਿਤ ਬਣਾ ਕੇ, ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣੇ। ਜਿਸ ਤੋਂ ਇਹ ਜਨਮਾਂ ਦੇ ਗੇੜ੍ਹ `ਚੋਂ ਆਜ਼ਾਦ ਹੋ ਕੇ ਵਾਪਿਸ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਵੇ। ਜਦਕਿ ਇਸ ਦੇ ਉਲਟ, ਅਸਫ਼ਲ ਤੇ ਬਿਰਥਾ ਜਨਮ ਹੋਣ ਤੇ ਜੀਵ ਨੂੰ ਮੁੜ ਜੂਨਾਂ-ਜਨਮਾਂ-ਗਰਭਾਂ ਵਾਲੇ ਨਰਕ `ਚ ਹੀ ਪੈਣਾ ਪੈਂਦਾ ਹੈ। ਇਹ ਵੀ ਉਦੋਂ ਤੱਕ ਜਦੋਂ ਤੱਕ ਕਿ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਸਫ਼ਲ ਜੀਵਨ ਵਾਲੀ ਅਵਸਥਾ ਨੂੰ ਪ੍ਰਾਪਤ ਹੀ ਨਾ ਕਰ ਲਵੇ। #101Gs011.02s011#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 101 G

ਬਿਖਿਆ ਕਦੇ ਹੀ ਰਜੈ ਨਾਹੀ

ਮੂਰਖ ਭੁਖ ਨ ਜਾਈ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.