.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 40)

ਪਾਪ ਕਰਮ ਕਰਨ ਮਗਰੋਂ ਅਪਰਾਧ-ਭਾਵ ਤੋਂ ਛੁਟਕਾਰਾ ਪਾਉਣ ਲਈ ਵੱਖ ਵੱਖ ਧਰਮਾਂ ਵਿੱਚ ਭਿੰਨ ਭਿੰਨ ਧਾਰਨਾ ਹੈ। ਕੋਈ ਕਿਸੇ ਵਿਸ਼ੇਸ਼ ਕਰਮ ਕਰਨ, ਕੋਈ ਕਿਸੇ ਵਿਸ਼ੇਸ਼ ਨਦੀ ਜਾਂ ਸਰੋਵਰ ਆਦਿ ਵਿੱਚ ਇਸ਼ਨਾਨ ਕਰਨ, ਕੋਈ ਵਿਸ਼ੇਸ਼ ਮੰਤਰ ਦੇ ਰਟਨ ਅਤੇ ਕੋਈ ਕਿਸੇ ਵਿਸ਼ੇਸ਼ ਵਿਅਕਤੀ ਦੇ ਸਾਹਮਣੇ ਆਪਣਾ ਗ਼ੁਨਾਹ ਕਬੂਲਣਾ ਦੁਆਰਾ ਇਸ ਭਾਵ ਤੋਂ ਛੁਟਕਾਰਾ ਪਾਉਣ ਦੀ ਧਾਰਨਾ ਵਿੱਚ ਵਿਸ਼ਵਾਸ ਰੱਖਦਾ ਹੈ। ਪਰੰਤੂ ਗੁਰਮਤਿ ਵਿੱਚ ਅਨਮਤਾਂ ਵਿੱਚ ਪ੍ਰਚਲਤ ਇਸ ਸੰਕਲਪ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਗੁਰਮਤਿ ਦੀ ਰਹਿਣੀ ਅਨੁਸਾਰ ਕਿਸੇ ਮਿਥੇ ਹੋਏ ਵਿਸ਼ੇਸ਼ ਕਰਮ ਦੇ ਕਰਨ ਨਾਲ, ਕਿਸੇ ਵਿਸ਼ੇਸ਼ ਵਿਅਕਤੀ ਦੇ ਸਾਹਮਣੇ ਆਪਣੇ ਗ਼ੁਨਾਹ ਨੂੰ ਕਬੂਲ ਕਰਨ ਨਾਲ ਜਾਂ ਕਿਸੇ ਵਿਸ਼ੇਸ਼ ਨਦੀ ਅਥਵਾ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਪਾਪ ਦੇ ਭਾਵ ਤੋਂ ਛੁਟਕਾਰਾ ਨਹੀਂ ਪਾ ਸਕੀਦਾ ਹੈ। ਪਾਪ ਕਰਮ ਤੋਂ ਛੁਟਕਾਰਾ ਪਾਉਣ ਲਈ ਸੱਚੇ ਮਨੋਂ ਆਪਣੇ ਗ਼ੁਨਾਹਾਂ ਤੋਂ ਤੋਬਾ ਕਰਕੇ, ਅੱਗੇ ਲਈ ਅਜਿਹੇ ਕੰਮਾਂ ਤੋਂ ਪਰਹੇਜ਼ ਕਰਨ ਦੇ ਪ੍ਰਣ ਦੇ ਨਾਲ ਨਾਲ ਆਪਣੇ ਆਚਰਨ ਦੀ ਸੁੰਦਰ ਘਾੜਤ ਘੜ ਕੇ, ਮਨੁੱਖਤਾ ਦੇ ਭਲੇ ਲਈ ਆਪਣੇ ਆਪ ਨੂੰ ਸਮਰਪਣ ਕਰਨ ਦੀ ਭਾਵਨਾ ਨਾਲ ਹੀ ਹੁੰਦਾ ਹੈ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿੱਚ ਇਸ ਭਾਵ ਨੂੰ ਦਰਸਾਇਆ ਗਿਆ ਹੈ:
(ੳ) ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ (ਪੰਨਾ ੪) ਅਰਥ: ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿੱਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।
(ਅ) ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥ (ਪੰਨਾ ੬੮੭) ਅਰਥ: ਸਤਿਗੁਰੂ ਦਾ ਬਖ਼ਸਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ-ਅਸਥਾਨ ਹੈ, ਮੇਰੇ ਵਾਸਤੇ ਦਸ ਪਵਿਤ੍ਰ ਦਿਹਾੜੇ ਹੈ, ਮੇਰੇ ਲਈ ਗੰਗਾ ਦਾ ਜਨਮ- ਦਿਨ ਹੈ। (ਨੋਟ:-ਗੰਗਾ ਨੂੰ ਦਸ ਪਾਪ ਨਾਸ਼ ਕਰਨ ਵਾਲੀ ਮੰਨਿਆ ਗਿਆ ਹੈ। ਕਈ ਪੁਸਤਕਾਂ ਵਿੱਚ ਗੰਗਾ ਦੇ ਮਹਾਤਮ ਬਾਰੇ ਇਉਂ ਲਿਖਿਆ ਮਿਲਦਾ ਹੈ ਕਿ, “ਦ੍ਰਿਸ਼ਟਾ ਜਨਮ ਸ਼ਤੰ ਪਾਪੰ ਪੀਤਵਾ ਜਨਮ ਸ਼ਤੰ ਦਵਯੰ। ਸਨਾਤਾ ਜਨਮ ਸਹਸ੍ਰਾਣਿ ਹੰਤੀ ਗੰਗਾ ਕਲਉਯੁਗੇ। (ਪਦਮ ਪੁਰਾਣ) ਅਰਥ: ਗੰਗਾ ਜੀ ਦੇ ਦੇਖਣ ਕਰਕੇ ਹੀ, ਅਰਥਾਤ ਸ਼ਰਧਾ ਭਾਵਨਾ ਨਾਲ ਦਰਸ਼ਨ ਕੀਤਿਆਂ ਸੌ ਜਨਮ ਦੇ ਪਾਪ ਕਰਮ ਦੂਰ ਹੋ ਜਾਂਦੇ ਹਨ ਅਤੇ ਗੰਗਾ ਜਲ ਦੇ ਪੀਣ ਨਾਲ ਭਾਵ ਆਚਮਨ ਕਰਨ ਨਾਲ ਦੋ ਸੌ ਜਨਮ ਦੇ ਪਾਪ ਕਰਮ ਦੂਰ ਹੁੰਦੇ ਹਨ ਅਤੇ ਗੰਗਾ ਜੀ ਦੇ ਵਿੱਚ ਸ਼ਰਧਾ ਭਾਵ ਨਾਲ ਇਸ਼ਨਾਨ ਕਰਨ ਨਾਲ ਹਜ਼ਾਰ ਜਨਮ ਦੇ ਪਾਪ ਕਰਮ ਦੂਰ ਹੁੰਦੇ ਹਨ। ਇਸ ਪ੍ਰਕਾਰ ਕਲਯੁਗ ਵਿਖੇ ਗੰਗਾ ਮਾਤਾ ਆਪਣੇ ਦਾਸਾਂ ਦੇ ਪਾਪਾਂ ਨੂੰ ਨਾਸ ਕਰਨ ਵਾਲੀ ਹੈ।)
ਅਖੌਤੀ ‘ਸ਼ਰਧਾ ਪੂਰਨ ਗ੍ਰੰਥ’ ਦੇ ਕਰਤੇ ਵਲੋਂ ਪਾਪ ਕਰਮ (ਪਾਪ ਕਰਮ ਵੀ ਉਹ ਜਿਸ ਨੂੰ ਮਹਾਂ ਪਾਪ ਕਿਹਾ ਗਿਆ ਹੈ) ਤੋਂ ਛੁਟਕਾਰਾ ਪਾਉਣ ਦੀ ਜੁਗਤੀ ਦਾ ਵਰਣਨ ਕਰਨ ਤੋਂ ਪਹਿਲਾਂ, ਜਿਸ ਸ਼ਲੋਕ ਦੇ ਗਿਣਤੀ ਦੇ ਪਾਠ ਕਰਨ ਨਾਲ ਇਹ ਪਾਪ ਉਤਾਰਨ ਦੀ ਲੇਖਕ ਸਾਲਾਹ ਦੇ ਰਿਹਾ ਹੈ, ਉਸ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
ਅਰਥ:- ਪ੍ਰਾਣ (ਸਰੀਰਾਂ ਲਈ ਇਉਂ ਹਨ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਲਈ) ਹੈ, ਪਾਣੀ (ਸਭ ਜੀਵਾਂ ਦਾ) ਪਿਉ ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵਾ ਤੇ ਖਿਡਾਵੀ ਹਨ, ਸਾਰਾ ਸੰਸਾਰ ਖੇਡ ਰਿਹਾ ਹੈ, (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿੱਚ ਅਤੇ ਦਿਨੇ ਕਾਰ-ਵਿਹਾਰ ਵਿੱਚ ਪਰਚੇ ਪਏ ਹਨ)।
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥

ਅਰਥ:- ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ (ਜੀਵਾਂ ਦੇ ਕੀਤੇ ਹੋਏ) ਚੰਗੇ ਤੇ ਮੰਦੇ ਕੰਮ ਵਿਚਾਰਦਾ ਹੈ। ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਅਕਾਲ ਪੁਰਖ ਤੋਂ ਦੂਰਿ ਹੋ ਜਾਂਦੇ ਹਨ।
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ ੧॥

ਅਰਥ:- ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, (ਅਕਾਲ ਪੁਰਖ ਦੇ ਦਰ `ਤੇ) ਉਹ ਉੱਜਲ ਮੁਖ ਵਾਲੇ ਹਨ ਅਤੇ (ਹੋਰ ਭੀ) ਕਈ ਜੀਵ ਉਹਨਾਂ ਦੀ ਸੰਗਤਿ ਵਿੱਚ (ਰਹਿ ਕੇ) ( “ਕੂੜ ਦੀ ਪਾਲਿ” ਢਾਹ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਗਏ ਹਨ। ੧।
ਭਾਵ:- ਇਹ ਜਗਤ ਇੱਕ ਰੰਗ-ਭੂਮੀ ਹੈ, ਜਿਸ ਵਿੱਚ ਜੀਵ ਖਿਲਾੜੀ ਆਪੋ ਆਪਣੀ ਖੇਡ ਖੇਡ ਰਹੇ ਹਨ। ਹਰੇਕ ਜੀਵ ਦੀ ਪੜਤਾਲ ਬੜੇ ਗਹੁ ਨਾਲ ਹੋ ਰਹੀ ਹੈ। ਜੋ ਨਿਰੀ ਮਾਇਆ ਦੀ ਖੇਡ ਹੀ ਖੇਡ ਗਏ, ਉਹ ਪ੍ਰਭੂ ਤੋਂ ਵਿੱਥ ਪਾਈ ਗਏ। ਪਰ ਜਿਨ੍ਹਾਂ ਨੇ ਸਿਮਰਨ ਦੀ ਖੇਡ ਖੇਡੀ, ਉਹ ਆਪਣੀ ਮਿਹਨਤ ਸਫਲੀ ਕਰ ਗਏ ਤੇ ਹੋਰ ਕਈ ਜੀਵਾਂ ਨੂੰ ਇਸ ਸੁਚੱਜੇ ਰਾਹ `ਤੇ ਪਾਂਦੇ ਹੋਏ ਆਪ ਭੀ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੋਏ।
ਪੁਸਤਕ ਕਰਤਾ ਇਸ ਦੇ ਗਿਣਤੀ ਦੇ ਪਾਠ ਕਰਨ ਦਾ ਮਹਾਤਮ ਇਉਂ ਲਿਖਦਾ ਹੈ, “ਇਸ ਸਲੋਕ ਦਾ ਪਾਠ ਐਤਵਾਰ ਤੋਂ ਪੰਜ ਰੋਜ਼ ਇਕੀ ਦਿਨ ਜਪਣਾ, ਗੁਰੂ ਦ੍ਰੋਹ ਦਾ ਪਾਪ ਦੂਰ ਹੋਵੇ। ਮੁਕਤੀ ਪਾਵੇ, ਇੰਦ੍ਰ ਲੋਕ ਦਾ ਸੁਖ ਮਿਲੇ।” (ਨੋਟ: ਦ੍ਰੋਹ ਦਾ ਅਰਥ ਹੈ ਮਾਰਨ ਲਈ ਤਕਾਉਣਾ। ੨, ਬੁਰਾ ਚਿਤਵਣ ਦਾ ਭਾਵ; ਅਸ਼ੁਭ ਚਿੰਤਨ। (ਮਹਾਨ ਕੋਸ਼)
ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਕਿਸੇ ਵੀ ਮਨੁੱਖ ਦਾ ਬੁਰਾ ਚਿਤਵਣ ਦੀ ਮਨਾਹੀ ਹੈ। ਸਤਪੁਰਸ਼ਾਂ ਦੇ ਦੋਖੀ ਨੂੰ ਤਾਂ ਬਹੁਤ ਹੀ ਨੀਚ ਮੰਦ ਕਰਮੀ ਆਖਿਆ ਹੈ। ਧਿਆਨ ਰਹੇ ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਬੁਰਾ ਚਿਤਵਣ ਦੀ ਮਨਾਹੀ ਹੈ ਪਰੰਤੂ ਬੁਰਾਈ ਦੇ ਰਸਤੇ ਉੱਤੇ ਚਲਣ ਵਾਲਿਆਂ ਦੀ ਅਲੋਚਨਾ ਕਰਨ ਦੀ ਮਨਾਹੀਂ ਨਹੀਂ। ਗੁਰਬਾਣੀ ਮਨੁੱਖ ਨੂੰ ਨਿੰਦਾ ਕਰਨ ਤੋਂ ਵਰਜਦੀ ਹੈ, ਸੱਚ ਬੋਲਣ ਤੋਂ ਨਹੀਂ। ਆਮ ਤੌਰ `ਤੇ ਸੱਚ ਬੋਲਣ ਨੂੰ ਵੀ ਨਿੰਦਿਆ ਦਾ ਨਾਮ ਦੇ ਕੇ ਪਾਖੰਡ ਆਦਿ ਦੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਨਿੰਦਕ ਕਿਹਾ ਜਾਂਦਾ ਹੈ ਪਰ ਅਜਿਹੀ ਧਾਰਨਾ ਗੁਰਮਤਿ ਦੀ ਰਹਿਣੀ ਦਾ ਅੰਗ ਨਹੀਂ ਹੈ। ਜੇਕਰ ਅਜਿਹਾ ਗੁਰਮਤਿ ਦੀ ਰਹਿਣੀ ਦਾ ਹਿੱਸਾ ਹੁੰਦਾ ਤਾਂ ਗੁਰਬਾਣੀ ਵਿੱਚ ਜ਼ੁਲਮ ਢਾਹੁਣ ਵਾਲੀਆਂ ਧਿਰਾਂ, ਪਾਖੰਡ ਕਰਨ ਵਾਲੇ ਅਤੇ ਬੇਈਮਾਨੀ ਆਦਿ ਕਰਨ ਵਾਲਿਆਂ ਬਾਰੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਨਾ ਕੀਤੀ ਗਈ ਹੁੰਦੀ।
ਗੁਰਮਤਿ ਦੀ ਜੀਵਨ-ਜੁਗਤ ਵਿੱਚ ਜਦ ਕਿਸੇ ਸਤ ਪੁਰਸ਼ ਦਾ ਬੁਰਾ ਚਿਤਵਣ ਵਾਲੇ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਵੇ ਤਾਂ ਉਸ ਨੂੰ ਆਪਣੀ ਪਿੱਛਲੀ ਭੁੱਲ ਨੂੰ ਸੁਧਾਰਨ ਲਈ, ਆਪਣੇ ਆਚਰਨ ਨੂੰ ਸੁਧਾਰ ਕੇ ਸਿੱਧੇ ਰਸਤੇ `ਤੇ ਚਲਣ ਦੀ ਜੁਗਤੀ ਦ੍ਰਿੜ ਕਰਵਾਈ ਗਈ ਹੈ। ਕਿਸੇ ਤਰ੍ਹਾਂ ਦੇ ਖੋਟੇ ਕਰਮ ਦੇ ਪ੍ਰਭਾਵ ਨੂੰ ਤਾਂਤ੍ਰਿਕ ਵਿਧੀਆਂ ਨਾਲ ਦੂਰ ਕਰਨ ਦੀ ਧਾਰਨਾ, ਗੁਰਮਤਿ ਦੀ ਰਹਿਣੀ ਦਾ ਅੰਗ ਨਹੀਂ ਹੈ। ਗੁਰਮਤਿ ਦੀ ਰਹਿਣੀ ਅਨੁਸਾਰ ਮੰਦ-ਕਰਮ ਕਰਨ ਵਾਲੇ ਦੇ ਮਨ ਵਿੱਚ ਕੀਤੇ ਕੁਕਰਮ ਦਾ ਪਛੁਤਾਵਾ ਕਰਨ ਦੇ ਨਾਲ ਨਾਲ ਅੱਗੇ ਲਈ ਅਜਿਹੇ ਕੁਕਰਮ ਤੋਂ ਤੋਬਾ ਕਰਦਿਆਂ ਹੋਇਆਂ ਭਵਿੱਖ ਵਿੱਚ ਕਿਸੇ ਤਰ੍ਹਾਂ ਦੇ ਅਜਿਹੇ ਮੰਦ-ਕਰਮ ਨੂੰ ਨਾ ਕਰਨਾ ਹੈ। ਜੇਕਰ ਮਨੁੱਖ ਦੇ ਮਨ ਵਿੱਚ ਮੰਦ-ਕਰਮ ਦਾ ਪਛੁਤਾਵਾ ਨਹੀਂ ਹੈ ਅਤੇ ਕੇਵਲ ਅਪਰਾਧ-ਭਾਵ ਤੋਂ ਛੁਟਕਾਰਾ ਪਾਉਣ ਲਈ ਕੋਈ ਅਜਿਹਾ ਧਰਮ ਕਰਮ ਕਰ ਕੇ ਫਿਰ ਉਸ ਮੰਦ-ਕਰਮ ਨੂੰ ਕਮਾ ਰਿਹਾ ਹੈ, ਤਾਂ ਗੁਰਬਾਣੀ ਅਜਿਹੇ ਮਨੁੱਖਾਂ ਸਬੰਧੀ ਇਸ ਤਰ੍ਹਾਂ ਸਪਸ਼ਟ ਕਰਦੀ ਹੈ ਕਿ:-
ਪਾਪ ਕਰਹਿ ਪੰਚਾਂ ਕੇ ਬਸਿ ਰੇ॥ ਤੀਰਥਿ ਨਾਇ ਕਹਹਿ ਸਭਿ ਉਤਰੇ॥ ਬਹੁਰਿ ਕਮਾਵਹਿ ਹੋਇ ਨਿਸੰਕ॥ ਜਮ ਪੁਰਿ ਬਾਂਧਿ ਖਰੇ ਕਾਲੰਕ॥ (ਪੰਨਾ ੧੩੪੮)
ਅਰਥ: ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿੱਚ (ਰਹਿ ਕੇ) ਪਾਪ ਕਰਦੇ ਰਹਿੰਦੇ ਹਨ, (ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ) ਲਹਿ ਗਏ ਹਨ, (ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ (ਤੀਰਥ-ਇਸ਼ਨਾਨ ਉਹਨਾਂ ਨੂੰ ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿੱਚ ਅਪੜਾਏ ਜਾਂਦੇ ਹਨ।
ਜੇਕਰ ਕੋਈ ਅਪਰਾਧ ਕਰਨ ਵਾਲਾ ਗ਼ੁਨਾਹਾਂ ਤੋਂ ਤੋਬਾ ਕਰਕੇ ਆਪਣੇ ਆਪ ਦਾ ਸੁਧਾਰ ਨਹੀਂ ਕਰ ਰਿਹਾ ਤਾਂ ਉਸ ਦਾ ਪਛੁਤਾਵੇ ਵਜੋਂ ਕੀਤੇ ਹੋਏ ਕਿਸੇ ਕਰਮ ਦਾ ਕੋਈ ਅਰਥ ਨਹੀਂ ਹੈ। ਗੁਰਬਾਣੀ ਦੀ ਜੀਵਨ-ਜੁਗਤ ਅਨੁਸਾਰ ਕਿਸੇ ਤਰ੍ਹਾਂ ਦਾ ਮੰਦ ਕਰਮੀ ਸੰਸਕਾਰ ਤੋਂ ਛੁਟਕਾਰਾ ਕਿਸੇ ਵੀ ਤਾਂਤ੍ਰਿਕ ਵਿਧੀ ਨਾਲ ਨਹੀਂ ਹੁੰਦਾ। ਭਾਈ ਕਾਨ੍ਹ ਸਿੰਘ ਨਾਭਾ ਦੇ ਗੁਰੁਮਤ ਮਾਰਤੰਡ ਵਿੱਚ ਲਿਖੇ ਇਹ ਸ਼ਬਦ ਬੜੇ ਭਾਵ-ਪੂਰਤ ਹਨ, “ਕੁਕਰਮ ਕਰਨ ਤੋਂ ਪਿੱਛੋਂ ਮਨ ਅੰਦਰ ਸੰਤਾਪ ਹੋਣਾ ਅਤੇ ਅੱਗੇ ਨੂੰ ਤੋਬਾ ਕਰਕੇ ਕਰਤਾਰ ਦੀ ਸ਼ਰਣ ਲੈਣੀ ਅਰ ਵਿਕਾਰਾਂ ਦਾ ਤਯਾਗ ਕਰਨਾ ਗੁਰੁਮੁਖਤਾ ਦਾ ਸਾਧਨ ਹੈ।” ਇਸ ਲਈ ਲੇਖਕ ਦਾ ਇਸ ਸ਼ਲੋਕ ਦੇ ਪਾਠ ਕਰਨ ਨਾਲ ਹੀ ਗੁਰੂ ਦ੍ਰੋਹ ਦੇ ਪਾਪ ਦੇ ਨਾਸ ਹੋਣ ਦੀ ਧਾਰਨਾ ਲੇਖਕ ਦੀ ਆਪਣੀ ਹੀ ਕਲਪਨਾ ਹੈ। ਇਸ ਦਾ ਗੁਰਬਾਣੀ ਦੀ ਜੀਵਨ-ਜੁਗਤ ਨਾਲ ਕੋਈ ਸਬੰਧ ਨਹੀਂ ਹੈ।
ਇਹ ਗੱਲ ਧਿਆਨ ਗੋਚਰੇ ਹੈ ਕਿ ਲੇਖਕ ਗੁਰਬਾਣੀ ਦੀ ਜੀਵਨ-ਜੁਗਤ ਦਾ ਕਿਧਰੇ ਵੀ ਵਰਣਨ ਨਹੀਂ ਕਰਦਾ ਅਤੇ ਜਿੱਥੋਂ ਤੱਕ ਲੇਖਕ ਦੀ ਇਸ ਲਿਖਤ ਵਿੱਚ ‘ਮੁਕਤੀ ਪਾਵੇ’ ਦਾ ਸਬੰਧ ਹੈ; ਪੁਸਤਕ ਕਰਤਾ ਇਸ ਮੁਕਤੀ ਦੇ ਸਰੂਪ ਬਾਰੇ ਕਿਸੇ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਦੇਂਦਾ ਕਿ ਇਹ ਮਰਨ ਮਗਰੋਂ ਮਿਲੇਗੀ ਜਾਂ ਜਿਊਂਦੇ ਜੀਅ। ਲੇਖਕ ਵਲੋਂ ‘ਇੰਦ੍ਰ ਲੋਕ ਦੇ ਸੁਖ’ ਮਿਲਣ ਤੋਂ ਇਹ ਸੰਕੇਤ ਜ਼ਰੂਰ ਮਿਲਦਾ ਹੈ ਕਿ ਲੇਖਕ ਮਰਨ ਮਗਰੋਂ ਹੀ ਮੁਕਤੀ ਦੀ ਧਾਰਨਾ ਦਾ ਹੀ ਵਰਣਨ ਕਰ ਰਿਹਾ ਹੈ। ਪਰੰਤੂ ਗੁਰਬਾਣੀ ਅਨੁਸਾਰ ਵਿਕਾਰਾਂ ਤੋਂ ਮੁਕਤੀ ਦੇ ਸਿਵਾਏ ਹੋਰ ਕਿਸੇ ਮੁਕਤੀ ਦੀ ਪ੍ਰਚਲਤ ਧਾਰਨਾ ਨੂੰ ਕਿਸੇ ਰੂਪ ਵਿੱਚ ਵੀ ਸਵੀਕਾਰ ਨਹੀਂ ਕੀਤਾ ਗਿਆ ਹੈ। ਗੁਰਮਤਿ ਜੀਵਨ-ਮੁਕਤ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਗੁਰਬਾਣੀ ਵਿੱਚ ਜੀਵਨ-ਮੁਕਤ ਦਾ ਸੰਕਲਪ ਹੀ ਦ੍ਰਿੜ ਕਰਵਾਇਆ ਗਿਆ ਹੈ। ਗੁਰਮਤਿ ਦੀ ਨਿਆਰੀ ਰਹਿਣੀ ਦਾ ਇਹ ਇੱਕ ਅਤੁੱਟ ਅੰਗ ਹੈ। ਗੁਰਮਤਿ ਵਿੱਚ “ਭ੍ਰਮ ਮੂਲਕ ਰਸਮਾਂ ਅਤੇ ਅਗਯਾਨ ਕਲਪਿਤ ਬੰਧਨਾਂ ਤੋਂ ਛੁਟਕਾਰੇ ਦਾ ਨਾਉਂ ਮੁਕਤਿ ਹੈ, ਜਿਸਦੀ ਪ੍ਰਾਪਤੀ ਗੁਰੁ ਉਪਦੇਸ਼ ਦੇ ਵਿਚਾਰ ਤੋਂ ਸਤਯ {ਸੱਚੇ} ਗਯਾਨ ਦੁਆਰਾ ਹੋਂਦੀ {ਹੁੰਦੀ} ਹੈ।” (ਗੁਰੁਮਤ ਮਾਰਤੰਡ)
ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
(ੳ) ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ॥ ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ॥ (ਪੰਨਾ ੨੧੯) ਅਰਥ: (ਹੇ ਸੰਤ ਜਨੋ!) ਅਹੰਕਾਰ ਦੂਰ ਕਰ ਕੇ ਅਤੇ ਮਾਇਆ ਦਾ ਮੋਹ ਦੂਰ ਕਰ ਕੇ ਆਪਣਾ ਚਿੱਤ ਪਰਮਾਤਮਾ ਦੇ ਭਜਨ ਵਿੱਚ ਜੋੜੀ ਰੱਖੋ। ਨਾਨਕ ਆਖਦਾ ਹੈ—ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰਨ ਦਾ ਇਹੀ ਰਸਤਾ ਹੈ, ਪਰ ਗੁਰੂ ਦੀ ਸਰਨ ਪੈ ਕੇ ਹੀ ਤੁਸੀ ਇਹ ਰਸਤਾ ਲੱਭ ਸਕੋਗੇ।
(ਅ) ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ॥ (ਪੰਨਾ ੧੦੦੩) ਅਰਥ: ਹੇ ਭਾਈ! ਗੁਰੂ ਨੇ ਜਿਸ ਮਨੁੱਖ ਦੇ ਪੈਰਾਂ ਤੋਂ (ਮੋਹ ਦੀਆਂ) ਬੇੜੀਆਂ ਕੱਟ ਦਿੱਤੀਆਂ, ਜਿਸ ਨੂੰ ਮੋਹ ਦੀ ਕੈਦ ਤੋਂ ਛੁਟਕਾਰਾ ਦੇ ਦਿੱਤਾ, ਉਸ ਦੇ ਮਨ ਵਿੱਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ, ਉਸ ਦਾ ਭਰਮ (ਭਟਕਣਾ) ਦਾ ਆਂਡਾ ਫੁੱਟ ਗਿਆ (ਉਸ ਦਾ ਮਨ ਆਤਮਕ ਉਡਾਰੀ ਲਾਣ-ਜੋਗਾ ਹੋ ਗਿਆ, ਜਿਵੇਂ ਆਂਡੇ ਦੇ ਖ਼ੋਲ ਦੇ ਫੁੱਟ ਜਾਣ ਪਿੱਛੋਂ ਉਸ ਦੇ ਅੰਦਰ ਦਾ ਪੰਛੀ ਉਡਾਰੀਆਂ ਲਾਣ ਜੋਗਾ ਹੋ ਜਾਂਦਾ ਹੈ)।
ਇਹ ਮੁਕਤੀ ਕਿਸੇ ਸ਼ਬਦ/ਸ਼ਲੋਕ ਦੇ ਗਿਣਤੀ ਦੇ ਪਾਠ ਕਰਨ ਨਾਲ ਨਹੀਂ ਬਲਕਿ ਗੁਰਬਾਣੀ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਅਪਣਾਉਣ ਨਾਲ ਮਿਲਦੀ ਹੈ।
ਪੁਸਤਕ ਕਰਤਾ ਇਸ ਸ਼ਲੋਕ ਦੇ ਮਹਾਤਮ ਵਿੱਚ ‘ਇੰਦ੍ਰ ਲੋਕ ਦੇ ਸੁਖ’ ਮਿਲਣ ਦੀ ਗੱਲ ਵੀ ਕਰ ਰਿਹਾ ਹੈ। ਇੰਦ੍ਰ ਲੋਕ ਨੂੰ ਹੀ ਸੁਰਗ ਲੋਕ, ਦੇਵ ਲੋਕ ਆਦਿ ਕਿਹਾ ਗਿਆ ਹੈ। ਗੁਰਬਾਣੀ ਵਿਚਲੀ ਜੀਵਨ-ਜੁਗਤ ਮਨੁੱਖ ਲਈ ਕਿਸੇ ਕਥਿਤ ਇੰਦ੍ਰ ਲੋਕ ਨੂੰ ਪ੍ਰਾਪਤ ਕਰਨ ਦਾ ਉਦੇਸ਼ ਨਹੀਂ ਹੈ। ਬਾਣੀ ਤਾਂ ਸਗੋਂ ਮਨੁੱਖ ਨੂੰ ਅਜਿਹੇ ਭਰਮ ਜਾਲ ਤੋਂ ਬਾਹਰ ਕੱਢਦੀ ਹੈ। ਗੁਰਬਾਣੀ ਵਿੱਚ ਕੇਵਲ ਇੰਦ੍ਰ ਲੋਕ ਹੀ ਨਹੀਂ ਸਗੋਂ ਪੁਰਾਣ ਸਾਹਿਤ ਵਿੱਚ ਵਰਣਿਤ ਕਿਸੇ ਵੀ ਅਜਿਹੇ ਲੋਕ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕੀਤਾ ਗਿਆ ਹੈ। ਇੰਦ੍ਰ ਲੋਕ ਵਿੱਚ ਮਿਲਣ ਦੀਆਂ ਸੁਖ-ਸੁਵਿਧਾਵਾਂ ਦਾ ਗੁਰਬਾਣੀ ਦੀ ਜੀਵਨ-ਜੁਗਤ ਨਾਲ ਕੋਈ ਸਬੰਧ ਨਹੀਂ ਹੈ। (ਨੋਟ: ਪੁਰਾਣ ਸਾਹਿਤ ਵਿੱਚ ਇੰਦ੍ਰ ਲੋਕ ਦੀਆਂ ਸੁਖ-ਸੁਵਿਧਾਵਾਂ ਦਾ ਸਰੂਪ ਦੇਖਿਆ ਜਾ ਸਕਦਾ ਹੈ। ਇਹੋ ਜਿਹੀਆਂ ਸੁਵਿਧਾਵਾਂ ਇਸ ਲੋਕ ਵਿੱਚ ਹੀ ਕਈ ਲੋਕੀਂ ਮਾਣ ਰਹੇ ਹਨ। ਇਹ ਲਿਖਣ ਦੀ ਜ਼ਰੂਰਤ ਨਹੀਂ ਹੈ ਕਿ ਇਹੋ ਜਿਹੀਆਂ ਸੁਵਿਧਾਵਾਂ ਮਾਣਨ ਵਾਲੇ ਕਿਹੋ ਜਿਹੇ ਆਚਰਨ ਦੇ ਮਾਲਕ ਹਨ।)
ਇਸ ਲਈ ਸਾਨੂੰ ਗੁਰਬਾਣੀ ਵਿੱਚ ਦਰਸਾਈ ਹੋਈ ਜੀਵਨ-ਜਾਚ ਨੂੰ ਸਮਝਣ ਲਈ ਗੁਰਬਾਣੀ ਨੂੰ ਧਿਆਨ ਨਾਲ ਵਿਚਾਰ ਸਹਿਤ ਪੜ੍ਹਨ ਦੀ ਲੋੜ ਹੈ। ਇਸ ਨਾਲ ਹੀ ਸਾਡਾ ਹਰੇਕ ਤਰ੍ਹਾਂ ਦਾ ਅਗਿਆਨ ਮਿਟੇਗਾ; ਵਹਿਮਾਂ-ਭਰਮਾਂ ਤੋਂ ਖਹਿੜਾ ਛੁਟੇਗਾ। ਭੂਤ ਕਾਲ ਵਿੱਚ ਜਾਣੇ-ਅਣਜਾਣੇ ਕੀਤੇ ਹੋਏ ਮੰਦ-ਕਰਮਾਂ ਦੇ ਅਪਰਾਧ-ਭਾਵ ਤੋਂ ਖਹਿੜਾ ਛੁਡਾਉਣ ਵਿੱਚ ਸਫਲਤਾ ਮਿਲੇਗੀ।
ਜਸਬੀਰ ਸਿੰਘ ਵੈਨਕੂਵਰ
.