.

ਬਾਬੇ ਭੇਖ ਬਣਾਇਆ……………. ।

ਹਰਜਿੰਦਰ ਸਿੰਘ ‘ਸਭਰਾਅ’

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਇੱਕ ਅਜਿਹਾ ਰਸਤਾ ਵਿਖਾਇਆ ਹੈ ਜਿਸ ਵਿੱਚ ਭੇਖ, ਕਰਮਕਾਂਡ, ਵਹਿਮ, ਭਰਮ, ਅੰਧਵਿਸ਼ਵਾਸ਼, ਨੂੰ ਕੋਈ ਥਾਂ ਨਹੀਂ ਹੈ। ਗੁਰੂ ਸਾਹਿਬ ਜੀ ਨੇ ਜੋ ਬਖਸ਼ਿਸ਼ ਸਮਾਜ ਉਪਰ ਕੀਤੀ ਹੈ ਉਸ ਦਾ ਨਾਂ ਹੈ ਗੁਰਮਤਿ। ਗੁਰਮਤਿ ਮਾਰਗ ਬਿਬੇਕ ਦਾ ਰਾਹ ਹੈ। ਬਿਬੇਕ ਤੋਂ ਭਾਵ ਹੈ ਸੱਚ ਝੂਠ ਦੀ ਪਰਖ ਹੋ ਜਾਵੇ, ਪਾਪ ਪੁੰਨ ਦਾ ਭਾਵ ਸਮਝ ਵਿੱਚ ਆ ਜਾਵੇ, ਗੁਰਮਤਿ ਤੇ ਮਨਮਤਿ ਦਾ ਨਿਖੇੜ ਮਨੁੱਖ ਨੂੰ ਸਮਝ ਵਿੱਚ ਆਵੇ। ਇਸ ਲਈ ਸਭ ਤੋਂ ਪਹਿਲੀ ਸ਼ਰਤ ਹੈ ਅਗਿਆਨਤਾ ਨੂੰ ਦੂਰ ਕਰਨ ਦਾ ਯਤਨ ਕਰਨਾ ਤਾਂ ਕਿ ਬੇਸਮਝੀ ਤੋਂ ਮੁਕਤ ਹੋ ਕੇ ਮਨੁੱਖ ਸਚਿਆਰਾ ਜੀਵਨ ਜਿਊ ਸਕੇ। ਇਸੇ ਲਈ ਹੀ ਗੁਰਬਾਣੀ ਦੀ ਦਾਤ ਮਨੁੱਖ ਨੂੰ ਦਿੱਤੀ ਗਈ ਹੈ ਜਿਸਨੂੰ ਪੜ੍ਹ, ਸੁਣ, ਵੀਚਾਰ ਕੇ ਜੀਵਨ ਅਮਲ ਵਿੱਚ ਲਿਆਉਣਾ ਹੈ।

ਅਜਿਹਾ ਚਾਨਣ ਵੰਡਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਲੰਮੇ ਲੰਮੇ ਪ੍ਰਚਾਰ ਦੌਰੇ ਕੀਤੇ ਹਨ ਅਤੇ ਥਾਂ ਥਾਂ ਪਹੁੰਚ ਕੇ ਗੁਰਮਤਿ ਦੇ ਚਾਨਣ ਨਾਲ ਮਨੁੱਖਤਾ ਦੇ ਹਨੇਰ ਭਰੇ ਜੀਵਨ ਵਿੱਚ ਬਿਬੇਕ ਦਾ ਚਾਨਣ ਬਿਖੇਰਿਆ ਹੈ। ਗੁਰੂ ਜੀ ਨੇ ਜਦੋਂ ਡਿੱਠਾ ਕਿ ਸਮਾਜ ਬੁਰੀ ਤਰ੍ਹਾਂ ਨਾਲ ਰਾਜਨੀਤਕ ਜ਼ੁਲਮਾਂ ਦਾ ਸ਼ਿਕਾਰ ਹੈ, ਸਮਾਜਕ ਵੰਡੀਆਂ ਮਨੁੱਖ ਨੂੰ ਹੋਰ ਵੀ ਨਰਕ ਭਰਿਆਂ ਮਾਹੌਲ ਦੇ ਰਹੀਆਂ ਹਨ, ਅਮੀਰੀ ਗਰੀਬੀ ਦੇ ਫਰਕ ਨੇ ਮਨੁੱਖਾਂ ਦੀਆਂ ਸ੍ਰੇਣੀਆਂ ਬਣਾ ਦਿੱਤੀਆਂ ਹਨ। ਪਰ ਇਸ ਸਭ ਵਿੱਚ ਧਰਮ ਦੀ ਗੱਲ ਕਰਨ ਵਾਲੇ ਧਰਮ ਮੁਖੀ ਤੇ ਧਰਮ ਦੇ ਅਖੌਤੀ ਠੇਕੇਦਾਰ ਵੀ ਪਿਛੇ ਨਹੀਂ ਹਨ। ਇਸ ਸਭ ਪਾਪ ਵਰਤਾਰੇ ਵਿੱਚ ਉਨ੍ਹਾਂ ਦਾ ਸਭ ਤੋਂ ਵਧੇਰੇ ਯੋਗਦਾਨ ਹੈ ਕਿਉਂਕਿ ਉਨ੍ਹਾਂ ਨੇ ਸਮਾਜ ਦੀ ਦੁਖ ਭਰੀ ਅਵਸਥਾ ਨੂੰ ਬਦਲਣ ਦੀ ਬਜਾਏ ਅਮੀਰਾਂ ਤੇ ਰਾਜਨੀਤਕ ਲੋਕਾਂ ਦੇ ਕਹੇ ਤੇ, ਪਦਵੀ ਤੇ ਸ਼ੌਹਰਤ ਦੇ ਗੁਲਾਮ ਹੋ ਕੇ, ਉਨ੍ਹਾਂ ਦੇ ਪਾਪਾਂ ਤੇ ਧਰਮ ਦੀ ਮੋਹਰ ਲਾ ਕੇ ਉਸ ਨੂੰ ਪ੍ਰਮਾਣੀਕ ਕੀਤਾ ਹੈ। ਅਜਿਹੇ ਹਾਲਾਤ ਵਿੱਚ ਹਰ ਪਾਸੇ ਤੋਂ ਹੀ ਨਿਘਰਦੇ ਜਾ ਰਹੇ ਸਮਾਜ ਨੂੰ ਸਭ ਪਾਸਿਓਂ ਸਹਾਰੇ ਦੀ ਜ਼ਰੂਰਤ ਹੈ। ਜੇ ਇਸ ਘੋਰ ਅੰਧਾਰ ਵਿੱਚ ਵੀ ਮਨੁੱਖੀ ਸਮਾਜ ਨੂੰ ਕੋਈ ਬਦਲਵਾਂ ਰਾਹ ਨਾ ਦਿੱਸਿਆ ਤਾਂ ਰੱਬ ਦਾ ਸੋਹਣਾ ਮਨੁੱਖੀ ਸਮਾਜ ਇਸ ਨਰਕ ਵਿੱਚ ਪਿਆ ਪਿਆ ਗਲ਼ ਸੜ੍ਹ ਕੇ ਬਰਬਾਦ ਹੋ ਜਾਵੇਗਾ। ਰਾਜਨੀਤੀ, ਸਮਾਜਕ ਜੀਵਨ, ਆਰਥਕ ਨਾਬਰਾਬਰੀ ਇਹ ਸਭ ਚੀਜ਼ਾਂ ਜੇਕਰ ਨਿੱਘਰ ਜਾਣ ਤਾਂ ਸਭ ਤੋਂ ਵੱਡਾ ਆਸਰਾ ਮਨੁੱਖ ਲਈ ਧਰਮ ਦਾ ਹੈ ਤੇ ਜੇਕਰ ਧਰਮ ਦਾ ਅਸਲ ਆਧਾਰ ਸਮਾਜ ਨੂੰ ਮਿਲ ਜਾਵੇ ਤਾਂ ਸਾਰੀ ਤੰਦ ਤਾਣੀ ਸੰਵਰ ਸਕਦੀ ਹੈ। ਪਰ ਇਥੇ ਤਾਂ ਧਰਮ ਦੇ ਨਾਂ ਤੇ ਹੀ ਮਨੁੱਖਤਾ ਕੋਹੀ ਜਾ ਰਹੀ ਹੈ। ਧਰਮ ਦੇ ਨਾਂ ਤੇ ਅੰਧ ਵਿਸ਼ਵਾਸ਼, ਵਹਿਮ, ਭਰਮ, ਕਰਮਕਾਂਡ, ਲੁੱਟ ਖਸੁੱਟ, ਮਨੁੱਖੀ ਸਮਾਜ ਨੂੰ ਬੁਰੀ ਤਰ੍ਹਾਂ ਹਲਾਲ ਕਰ ਦੇਣ ਵਾਲਾ ਛੜਯੰਤਰ ਅਤੇ ਮਾਇਆ ਜਾਲ ਰਚਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਖੁਦ ਇਸ ਹਾਲਾਤ ਦਾ ਜ਼ਿਕਰ ਆਪਣੀ ਬਾਣੀ ਵਿੱਚ ਕੀਤਾ ਹੈ:

ਕਾਦੀ ਕੂੜੁ ਬੋਲਿ ਮਲੁ ਖਾਇ॥

ਬ੍ਰਾਹਮਣੁ ਨਾਵੈ ਜੀਆ ਘਾਇ॥

ਜੋਗੀ ਜੁਗਤਿ ਨ ਜਾਣੈ ਅੰਧੁ॥

ਤੀਨੇ ਓਜਾੜੇ ਕਾ ਬੰਧੁ॥ (ਮਃ ੧, ਪੰਨਾ ੬੬੨)

ਕਾਜ਼ੀ (ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ (ਕ੍ਰੋੜਾਂ ਸ਼ੂਦਰ ਅਖਵਾਂਦੇ) ਬੰਦਿਆਂ ਨੂੰ ਦੁਖੀ ਕਰ ਕਰ ਕੇ ਤੀਰਥ ਇਸ਼ਨਾਨ (ਭੀ) ਕਰਦਾ ਹੈ। ਜੋਗੀ ਭੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ ਨਹੀਂ ਜਾਣਦਾ। (ਇਹ ਤਿੰਨੇ ਆਪਣੇ ਵਲੋਂ ਧਰਮ ਨੇਤਾ ਹਨ, ਪਰ) ਇਹਨਾਂ ਤਿੰਨਾਂ ਦੇ ਹੀ ਅੰਦਰ ਆਤਮਕ ਜੀਵਨ ਵਲੋਂ ਸੁੰਞ ਹੀ ਸੁੰਞ ਹੈ॥

ਬੇਦੁ ਪੜੈ ਮੁਖਿ ਮੀਠੀ ਬਾਣੀ॥

ਜੀਆਂ ਕੁਹਤ ਨ ਸੰਗੈ ਪਰਾਣੀ॥ (ਮਃ ੫, ਅੰਗ ੨੦੧)

(ਬ੍ਰਾਹਮਂ) ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ (ਮੰਤ੍ਰ) ਪੜ੍ਹਦਾ ਹੈ, ਪਰ ਆਪਣੇ ਜਜਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ॥

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥

ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥

ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥ (ਮਃ ੧, ਪੰਨਾ ੧੪੫)

ਅਰਥ:- ਇਹ ਘੋਰ ਕਲ ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ (ਇਸ ਵਾਸਤੇ) ਧਰਮ ਖੰਭ ਲਾ ਕੇ ਉੱਡ ਗਿਆ ਹੈ। ਕੂੜ (ਮਾਨੋ) ਮੱਸਿਆ ਦੀ ਰਾਤ ਹੈ (ਇਸ ਵਿਚ) ਸੱਚ ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ। ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ, ਹਨੇਰੇ ਵਿੱਚ ਕੋਈ ਰਾਹ ਦਿੱਸਦਾ ਨਹੀਂ। (ਇਸ ਹਨੇਰੇ) ਵਿੱਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ? ॥

ਫਾਹੀ ਸੁਰਤਿ ਮਲੂਕੀ ਵੇਸੁ॥ ਹਉ ਠਗਵਾੜਾ ਠਗੀ ਦੇਸੁ॥

ਖਰਾ ਸਿਆਣਾ ਬਹੁਤਾ ਭਾਰੁ॥ ਧਾਣਕ ਰੂਪਿ ਰਹਾ ਕਰਤਾਰ॥ (ਮਃ ੧, ਪੰਨਾ ੨੪)

ਅਰਥ: ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿੱਚ ਫਸਾਵਾਂ, ਪਰ ਮੈਂ ਫਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ, ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ। (ਜਿਉਂ ਜਿਉਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ)। ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ॥

ਗੁਰੂ ਨਾਨਕ ਸਾਹਿਬ ਜੀ ਦੀਆਂ ਪ੍ਰਚਾਰ ਫੇਰੀਆਂ ਦੀ ਇਹ ਵੀ ਅਨੋਖੀ ਗੱਲ਼ ਹੈ ਕਿ ਉਨ੍ਹਾਂ ਨੇ ਜਿਥੇ ਆਮ ਮਨੁੱਖਾਂ ਨਾਲ ਧਰਮ ਸਾਂਝਾ ਕੀਤਾ ਉਥੇ ਸਭ ਤੋਂ ਵਧੇਰੇ ਧਰਮ ਅਸਥਾਨਾਂ ਤੇ ਜਾਕੇ ਦੇ ਮੰਦਰ ਤੇ ਤੀਰਥ, ਮੁਸਲਮਾਨਾਂ ਦੀਆਂ ਮਸਜਿਦਾਂ ਮੱਕੇ ਮਦੀਨੇ ਤਕ, ਜੋਗੀਆਂ ਦੇ ਮਠ, ਉਦਾਸੀਆਂ ਸਨਿਆਸੀਆਂ ਦੇ ਡੇਰੇ, ਫਕੀਰਾਂ ਦੇ ਤਕੀਏ ਤੇ ਦਰਗਾਹਾਂ, ਬੋਧੀਆਂ ਤੇ ਜੈਨੀਆਂ ਦੇ ਵੱਖ ਵੱਖ ਫਿਰਕਿਆਂ ਨਾਲ ਸੰਬੰਧਤ ਮੰਦਰਾਂ ਤੇ ਮੱਠਾਂ, ਆਦਿ ਤਕ ਉਹ ਆਪ ਪੁੱਜ ਕੇ ਗਏ। ਕਿਉਂਕਿ ਜਿੰਨਾਂ ਗੁੰਮਰਾਹਕੁਨ ਪਰਚਾਰ ਪੁਜਾਰੀ ਤਬਕੇ ਨੇ ਧਰਮ ਦੇ ਨਾਂ ਤੇ ਕੀਤਾ ਉਨ੍ਹਾਂ ਕਿਸੇ ਧਰਮ ਨੂੰ ਨਾ ਮੰਨਣ ਵਾਲੇ ਨੇ ਵੀ ਨਹੀਂ ਕੀਤਾ। ਧਰਮ ਤੋਂ ਮੁਨਕਰ ਬੰਦਾ ਧਰਮ ਨੂੰ ਰੱਦ ਕਰਦਾ ਹੈ ਪਰ ਧਰਮ ਪਹਿਰਾਵੇ ਵਿੱਚ ਅਧਰਮੀ ਬੰਦਾ ਧਰਮ ਨੂੰ ਉਲਝਾਉਂਦਾ ਤੇ ਉਸਦੇ ਨਾਂ ਤੇ ਪਾਪ ਅੱਤਿਆਚਾਰ, ਲੁੱਟ ਖਸੁੱਟ, ਜ਼ੁਲਮ ਆਦਿ ਨੂੰ ਮਾਨਤਾ ਦਿੰਦਾ ਹੈ। ਸ਼ਾਇਦ ਇਸੇ ਵਜਹ ਕਰਕੇ ਹੀ ਸਤਿਗੁਰੂ ਜੀ ਸਭ ਤੋਂ ਵਧੇਰੇ ਧਰਮ ਅਸਥਾਨਾ ਤੇ ਗਏ ਅਤੇ ਉਥੇ ਜਾ ਕੇ ਗੁਰਮਤਿ ਦੀ ਰੌਸ਼ਨੀ ਨਾਲ ਸਭ ਭਰਮਾਂ ਅਤੇ ਪੁਜਾਰੀਆਂ ਦੇ ਮਾਇਆਜਾਲ ਦਾ ਪਰਦਾ ਫਾਸ਼ ਕੀਤਾ।

ਗੁਰੂ ਨਾਨਕ ਸਾਹਿਬ ਜੀ ਦੀਆਂ ਪ੍ਰਚਾਰ ਫੇਰੀਆਂ ਵਿੱਚ ਇੱਕ ਪੱਖ ਜੋ ਸਾਡੇ ਸਾਹਮਣੇ ਹੋਰ ਆਉਂਦਾ ਹੈ ਉਹ ਹੈ ਕਿ ਜਿਥੇ ਵੀ ਜਿਸ ਮੱਤ ਦੇ ਇਨਸਾਨ ਕੋਲ ਗੁਰੂ ਜੀ ਗਏ ਉਥੇ ਵਕਤੀ ਤੌਰ ਤੇ ਉਨ੍ਹਾਂ ਨੇ ਕਈ ਵਾਰ ਆਪਣਾ ਪਹਿਰਾਵਾ ਵੀ ਬਦਲਿਆ। ਭਾਈ ਗੁਰਦਾਸ ਜੀ ਦੀ ਰਚਨਾ ਵਿਚੋਂ ਸਾਨੂੰ ਤਿੰਨ ਕੁ ਉਦਾਹਰਣਾਂ ਐਸੀਆਂ ਮਿਲਦੀਆਂ ਹਨ ਜਿਸ ਵਿੱਚ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਆਪਣਾ ਪਹਿਰਾਵਾ ਬਦਲਣ ਦਾ ਜ਼ਿਕਰ ਕੀਤਾ ਹੈ। ਪਹਿਲੀ ਉਦਾਹਰਣ ਹੈ ਜਦੋਂ ਗੁਰੂ ਜੀ ਸਮਾਜ ਦੀ ਤਰਸਯੋਗ ਹਾਲਤ ਨੂੰ ਵੇਖਦੇ ਹਨ ਤਾਂ:

……ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।

ਬਾਝਹੁ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ।

ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।

ਚੜ੍ਹਿਆ ਸੋਧਣਿ ਧਰਤਿ ਲੁਕਾਈ॥ ੨੪॥

ਸਾਡੇ ਕਈ ਸੱਜਣ ਇਸ ਗੱਲ ਨੂੰ ਜ਼ਿਆਦਾ ਵਜ਼ਨ ਦਿੰਦੇ ਹਨ ਕਿ ਵੇਖੋ ਜੀ! ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਬਾਬੇ ਨੇ ਉਦਾਸੀਆਂ ਦਾ ਰਾਹ ਸ਼ੁਰੂ ਕੀਤਾ ਭਾਵ ਉਨ੍ਹਾਂ ਨੇ ਆਪ ਉਦਾਸੀ ਪੰਥ ਦੀ ਨੀਂਹ ਰੱਖੀ ਇਸ ਕਰਕੇ ਉਦਾਸੀ ਸੰਪਰਦਾ ਗੁਰੂ ਨਾਨਕ ਸਾਹਿਬ ਜੀ ਦੀ ਹੀ ਚਲਾਈ ਹੋਈ ਹੈ, , ਆਦਿ ਆਦਿ। ਪਰ ਜੇਕਰ ਭਾਈ ਗੁਰਦਾਸ ਜੀ ਦੀਆਂ ਉਪਰੋਕਤ ਪੰਕਤੀਆਂ ਧਿਆਨ ਨਾਲ ਵੀਚਾਰੀਆਂ ਜਾਣ ਤਾਂ ਇਥੇ ਭਾਵ ਕੁੱਝ ਹੋਰ ਹੀ ਹੈ। ਜਦੋਂ ਗੁਰੂ ਜੀ ਨੇ ਸਮਾਜ ਦੀ ਤਰਸਯੋਗ ਹਾਲਤ ਨੂੰ ਮਹਿਸੂਸ ਕੀਤਾ ਤਾਂ ਉਨ੍ਹਾਂ ਨੇ ਇਹੀ ਤੱਤ ਕੱਢਿਆ ਕਿ ਗੁਰਮਤਿ ਤੋਂ ਬਿਨ੍ਹਾਂ ਹੀ ਸਮਾਜ ਵਿੱਚ ਅਗਿਆਨਤਾ ਹੈ ਜਿਸ ਕਰਕੇ ਲੋਕਾਈ ਖੁਆਰ ਹੋ ਰਹੀ ਹੈ। ਤਾਂ ਬਾਬਾ ਨਾਨਕ ਜੀ ਨੇ ਉਸ ਵਕਤ ਦਾ ਪ੍ਰਚਲਤ ਭੇਖ ਬਣਾਇਆ! ਕਿਹਵਾ ਭੇਖ? ਜਿਸਦੀ ਰੀਤ ਉਦਾਸੀਆਂ ਭਾਵ ਵਿਰੱਕਤ ਸਾਧੂਆਂ ਨੇ ਚਲਾਈ ਹੋਈ ਸੀ। ਯਾਦ ਰਹੇ ਇਹ ਗੁਰੂ ਜੀ ਦਾ ਆਪਣਾ ਘੜਿਆ ਜਾਂ ਬਣਾਇਆ ਪਹਿਰਾਵਾ ਨਹੀਂ ਸੀ ਇਸ ਦੀ ਰੀਤ ਤਾਂ ਪਹਿਲਾਂ ਹੀ ਚਲ ਰਹੀ ਸੀ। ਬਾਬੇ ਨੇ ਤਾਂ ਕੇਵਲ ਉਸ ਨੂੰ ਧਾਰਨ ਕੀਤਾ ਸੀ ਤਾਂ ਕਿ ਇਸ ਲਿਬਾਸ ਵਿੱਚ ਵਿੱਚ ਵਿਚਰਦਿਆਂ ਸਮਾਜ ਨੂੰ ਗੁਰਮਤਿ ਰਾਹ ਵਿਖਾਇਆ ਜਾ ਸਕੇ। ਜਦੋਂ ਹਜ਼ੂਰ ਸਿਧਾਂ ਜਾਂ ਜੋਗੀਆਂ ਨਾਲ ਚਰਚਾ ਕਰਦੇ ਹਨ ਤਾਂ ਉਨ੍ਹਾਂ ਕੋਲ ਉਨ੍ਹਾਂ ਵਰਗਾ ਹੀ ਪਹਿਰਾਵਾ ਸੀ ਕਿਉਂਕਿ ਆਮ ਗ੍ਰਿਹਸਤੀ ਨਾਲ ਤਾਂ ਉਹ ਅੱਖ ਮਿਲਾਉਣ ਲਈ ਵੀ ਤਿਆਰ ਨਹੀਂ ਸਨ ਤਾਂ ਫਿਰ ਧਰਮ ਵਿਸ਼ੇ ਤੇ ਉਨ੍ਹਾਂ ਨਾਲ ਕੋਈ ਗ੍ਰਿਹਸਤੀ ਚਰਚਾ ਕਰੇ ਉਹ ਕਦੇ ਬਰਦਾਸ਼ਤ ਨਹੀਂ ਕਰਦੇ ਸਨ। ਅਤੇ ਨਾ ਹੀ ਕਿਸੇ ਦੀ ਗੱਲ ਸੁਨਣ ਨੂੰ ਰਾਜ਼ੀ ਸਨ। ਇਸਦਾ ਇੱਕ ਪ੍ਰਮਾਣ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ੪੮ ਨੰਬਰ ਪਉੜੀ ਹੈ ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਅਚੱਲ ਵਟਾਲੇ ਜਿਥੇ ਕਿ ਸ਼ਿਵਰਾਤਰੀ ਦਾ ਬੜਾ ਭਾਰੀ ਮੇਲਾ ਲੱਗਦਾ ਸੀ ਅਤੇ ਦੂਰ ਦੁਰਾਡੇ ਤੋਂ ਜੋਗੀ ਸਿਧ ਇਥੇ ਉਚੇਚੇ ਤੌਰ ਤੇ ਪਹੁੰਚਦੇ ਸਨ। ਗੁਰੂ ਨਾਨਕ ਸਾਹਿਬ ਜੀ ਇਸ ਵਕਤ ਕਰਤਾਰਪੁਰ ਸਨ। ਉਹ ਵੀ ਕਰਤਾਰਪੁਰ ਤੋਂ ਅਚੱਲ ਵਟਾਲੇ ਪੁੱਜੇ ਤਾਂ ਕਿ ਉਥੇ ਭਾਰੀ ਗਿਣਤੀ ਵਿੱਚ ਇਕੱਠੋ ਹੋਏ ਲੋਕਾਂ ਨੂੰ ਆਸਾਨੀ ਨਾਲ ਗੁਰਮਤਿ ਦ੍ਰਿੜਾਈ ਜਾ ਸਕੇ। ਉਥੇ ਹੀ ਭੰਗਰਨਾਥ ਨਾਂ ਦਾ ਜੋਗੀ ਗੁਰੁ ਸਾਹਿਬ ਨੂੰ ਮਿਲਦਾ ਹੈ ਅਤੇ ਇਹ ਸਵਾਲ ਕਰਦਾ ਹੈ ਕਿ ਤੁਸੀਂ ਜਦੋਂ ਪਹਿਲਾ ਮਿਲੇ ਸੀ ਤਾਂ ਤੁਹਾਡੇ ਤਨ ਤੇ ਉਦਾਸੀਆਂ ਵਾਲਾ ਲਿਬਾਸ ਸੀ ਹੁਣ ਤੁਸੀ ਉਹ ਉਤਾਰ ਕੇ ਗ੍ਰਿਸਤੀਆਂ ਵਾਲਾ ਲਿਬਾਸ ਪਹਿਨ ਲਿਆ ਹੈ ਐਸਾ ਕਰਕੇ ਤੁਸਾਂ ਮਾਨੋਂ ਕਿ ਜਿਵੇਂ ਤਿਆਗ ਦੇ ਦੁੱਧ ਵਿੱਚ ਗ੍ਰਿਹਸਤ ਦੀ ਕਾਂਜੀ ਪਾ ਦਿੱਤੀ ਹੈ ਹੁਣ ਤਹਾਨੂੰ ਉਹ ਮੰਜ਼ਲ ਨਹੀਂ ਮਿਲ ਸਕੇਗੀ ਜੋ ਤਿਆਗੀ ਨੂੰ ਮਿਲਦੀ ਹੈ।

ਖਾਧੀ ਖੁਣਸਿ ਜੁਗੀਸਰਾਂ ਗੋਸਟਿ ਕਰਨਿ ਸਭੇ ਉਠਿ ਆਈ।

ਪੁਛੇ ਜੋਗੀ ਭੰਗਰ ਨਾਥੁ ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ।

ਫਿਟਿਆ ਚਾਟਾ ਦੁਧ ਦਾ ਰਿੜਕਿਆ ਮਖਣੁ ਹਥਿ ਨ ਆਈ।

ਭੇਖੁ ਉਤਾਰਿ ਉਦਾਸਿ ਦਾ ਵਤਿ ਕਿਉ ਸੰਸਾਰੀ ਰੀਤਿ ਚਲਾਈ। ………… (ਵਾਰ ੧ ਪਉੜੀ ੪੦)

ਗੁਰੂ ਜੀ ਨੇ ਉਦਾਸੀ ਭੇਖ ਜਾਂ ਪਹਿਰਾਵਾ ਸ਼ੁਰੂ ਨਹੀਂ ਕੀਤਾ ਇਹ ਤਾਂ ਪਹਿਲਾਂ ਹੀ ਮੌਜੂਦ ਸੀ। ਗੁਰੂ ਜੀ ਨੇ ਤਾਂ ਕੇਵਲ ਹਾਲਾਤ ਅਨੁਸਾਰ ਆਪਣਾ ਮਿਸ਼ਨ ਪੂਰਾ ਕਰਨ ਲਈ ਪਹਿਰਾਵਾ ਹੀ ਬਦਲਿਆ ਹੈ ਆਪਣੀ ਸੋਚ ਜਾਂ ਅਸੂਲ ਨਹੀਂ ਬਦਲਿਆ। ਉਨ੍ਹਾਂ ਦਾ ਅਸੂਲ ਬੜਾ ਸਾਫ ਤੇ ਸਪੱਸ਼ਟ ਹੈ ਕਿ ਗ੍ਰਿਹਸਤ ਵਿੱਚ ਰਹਿੰਦਿਆਂ ਹੀ ਸੱਚ ਨਾਲ ਇੱਕ ਮਿਕ ਹੋਇਆ ਜਾ ਸਕਦਾ ਹੈ। ਜਦੋਂ ਜੋਗੀ ਚਰਪਟ ਉਨ੍ਹਾਂ ਨੂੰ ਇਸ ਬਾਰੇ ਸਵਾਲ ਕਰਦਾ ਹੈ ਤਾਂ ਉਹ ਉੱਤਰ ਦਿੰਦੇ ਹਨ ਜਿਸਦਾ ਸਿਧ ਗੋਸਟਿ ਬਾਣੀ ਵਿੱਚ ਇਉਂ ਜ਼ਿਕਰ ਹੈ:

ਸਵਾਲ: ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ॥

ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ॥ …. .

ਅਰਥ:- ਚਰਪਟ ਆਖਦਾ ਹੈ (ਭਾਵ, ਚਰਪਟ ਨੇ ਆਖਿਆ) ਜਗਤ (ਇਕ ਐਸਾ) ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ, ਹੇ ਵਿਰਕਤ ਨਾਨਕ! ਠੀਕ ਵਿਚਾਰ ਦੱਸ ਕਿ (ਇਸ ਸਮੁੰਦਰ ਦਾ) ਪਾਰਲਾ ਕੰਢਾ ਕਿਵੇਣ ਲੱਭੇ?

ਜਵਾਬ: ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥

ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥

ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ॥

ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ॥ (ਮਃ ੧, ਪੰਨਾ ੯੩੮)

ਅਰਥ:- ਜਿਵੇਂ ਪਾਣੀ ਵਿੱਚ (ਉੱਗਿਆ ਹੋਇਆ) ਕੌਲ ਫੁੱਲ (ਪਾਣੀ ਨਾਲੋਂ) ਨਿਰਾਲਾ ਰਹਿੰਦਾ ਹੈ, ਜਿਵੇਂ ਨਦੀ ਵਿੱਚ (ਤਰਦੀ) ਮੁਰਗਾਈ (ਭਾਵ, ਉਸ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ, ਇਸੇ ਤਰ੍ਹਾਂ) ਹੇ ਨਾਨਕ! ਗੁਰੂ ਦੇ ਸ਼ਬਦ ਵਿੱਚ ਸੁਰਤਿ (ਜੋੜ ਕੇ) ਨਾਮ ਜਪਿਆਂ ਸੰਸਾਰ ਸਮੁੰਦਰ ਤਰ ਸਕੀਦਾ ਹੈ। (ਜੋ ਮਨੁੱਖ ਸੰਸਾਰ ਦੀਆਂ) ਆਸਾਂ ਵਲੋਂ ਨਿਰਾਸ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿੱਚ ਇੱਕ ਪ੍ਰਭੂ ਹੀ ਵੱਸਦਾ ਹੈ (ਉਹ ਸੰਸਾਰ ਵਿੱਚ ਰਹਿੰਦੇ ਹੋਏ ਭੀ ਸੰਸਾਰ ਤੋਂ ਲਾਂਭੇ) ਇਕਾਂਤ ਵਿੱਚ ਵੱਸਦੇ ਹਨ। (ਅਜੇਹੇ ਜੀਵਨ ਵਾਲਾ ਜੋ ਮਨੱਖ) ਅਗੰਮ ਤੇ ਅਗੋਚਰ ਪ੍ਰਭੂ ਦਾ ਦਰਸ਼ਨ ਕਰ ਕੇ ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ, ਨਾਨਕ ਉਸ ਦਾ ਦਾਸ ਹੈ॥

ਆਪਣੇ ਜਵਾਬ ਵਿੱਚ ਜੋ ਜੁਗਤਿ ਗੁਰੂ ਜੀ ਨੇ ਦੱਸੀ ਹੈ ਇਹੀ ਉਨ੍ਹਾਂ ਦਾ ਨਜ਼ਰੀਆ ਹੈ ਅਤੇ ਇਹੀ ਅਸੂਲ ਹੈ। ਜੇਕਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂਮ ਵੀਚਾਰ ਨਾਲ ਪੜਿਆ ਜਾਵੇ ਤਾਂ ਸ਼ਪੱਸ਼ਟ ਹੈ ਕਿ ਉਨ੍ਹਾਂ ਦੀ ਬਾਣੀ ਵਿੱਚ ਉਦਾਸੀ ਲਫਜ਼ ਬਾਰ ਬਾਰ ਆਇਆ ਹੇ ਜਿਵੇਂ ਜੋਗੀ, ਸੰਨਿਆਸੀ, ਆਦਿ ਆਇਆ ਹੈ:

ਸੋ ਉਦਾਸੀ ਜਿ ਪਾਲੇ ਉਦਾਸੁ॥ ਅਰਧ ਉਰਧ ਕਰੇ ਨਿਰੰਜਨ ਵਾਸੁ॥

ਚੰਦ ਸੂਰਜ ਕੀ ਪਾਏ ਗੰਢਿ॥ ਤਿਸੁ ਉਦਾਸੀ ਕਾ ਪੜੈ ਨ ਕੰਧੁ॥

ਬੋਲੈ ਗੋਪੀ ਚੰਦੁ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥ (ਮਃ ੧, ਪੰਨਾ ੯੫੨)

ਅਰਥ:- (ਅਸਲ) ਵਿਰਕਤ ਉਹ ਹੈ ਜੋ ਉਪਰਾਮਤਾ ਨੂੰ ਸਦਾ ਕਾਇਮ ਰੱਖਦਾ ਹੈ, ਹਰ ਥਾਂ ਮਾਇਆ ਰਹਿਤ ਪ੍ਰਭੂ ਦਾ ਨਿਵਾਸ ਜਾਣਦਾ ਹੈ; (ਆਪਣੇ ਹਿਰਦੇ ਵਿਚ) ਸ਼ਾਂਤੀ ਤੇ ਗਿਆਨ ਦੋਹਾਂ ਨੂੰ ਇਕੱਠਾ ਕਰਦਾ ਹੈ; ਉਸ ਵਿਰਕਤ ਮਨੁੱਖ ਦਾ ਸਰੀਰ (ਵਿਕਾਰਾਂ ਵਿਚ) ਨਹੀਂ ਡਿੱਗਦਾ। ਜੇ ਗੋਪੀ ਚੰਦ (ਭੀ ਇਸ ਉਦਾਸੀ ਦੀ ਜੁਗਤਿ ਵਰਤ ਕੇ) ਸਤਿ ਸਰੂਪ ਪ੍ਰਭੂ ਨੂੰ ਜਪੇ ਤਾਂ (ਇਹ ਗੋਪੀ ਚੰਦ ਭੀ) ਪਰਮ ਬ੍ਰਹਮ ਵਿੱਚ ਲੀਨ ਹੋ ਜਾਏ, ਇਸ ਦਾ ਕੋਈ (ਵੱਖਰਾ) ਰੂਪ ਰੇਖ ਨਾਹ ਰਹਿ ਜਾਏ॥

ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪਹਿਲਾਂ ਹੋਏ ਭਗਤ ਤ੍ਰਿਲੋਚਨ ਜੀ ਦੀ ਬਾਣੀ ਵਿੱਚ ਵੀ ਉਦਾਸੀ ਅਤੇ ਉਨ੍ਹਾਂ ਦੇ ਪਹਿਰਾਵੇ ਦੇ ਖੋਖਲੇਪਨ ਦਾ ਜ਼ਿਕਰ ਹੈ ਜਿਵੇਂ:

ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ॥

ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨਾੑ ਕਾਹੇ ਭਇਆ ਸੰਨਿਆਸੀ॥ (ਗੂਜਰੀ (ਭ. ਤ੍ਰਿਲੋਚਨ) ਪੰਨਾ ੫੨੫)

ਸੋ ਸਪੱਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀ ਕੀ ਰੀਤ ਨਹੀਂ ਚਲਾਈ ਬਲਕਿ ਉਹ ਭੇਖ ਪਹਿਰਾਵਾ ਕੁੱਝ ਸਮੇਂ ਲਈ ਪਹਿਨਿਆ ਜਿਸਦੀ ਰੀਤ ਉਦਾਸੀਆਂ ਨੇ ਭਾਵ ਵਿਰੱਕਤ ਸਾਧੂਆਂ ਨੇ ਚਲਾਈ ਸੀ। ਗੁਰੂ ਜੀ ਨੇ ਇਸ ਨੂੰ ਭੇਖ ਹੀ ਜਾਣਿਆ ਅਤੇ ਭੇਖ ਨੂੰ ਵਰਤਿਆ ਤਾਂ ਕਿ ਵਿਰੱਕਤ ਸਾਧੂਆਂ ਅਤੇ ਆਮ ਲੋਕਾਂ ਨਾਲ ਰਾਬਤਾ ਬਣ ਸਕੇ ਅਤੇ ਗੁਰਮਤਿ ਪ੍ਰਚਾਰ ਕਰਨਾ ਸੌਖਾ ਰਹੇ। ਨਹੀਂ ਤਾਂ ਗੁਰੂ ਸਾਹਿਬ ਜੀ ਖੁਦ ਭੇਖ ਨੂੰ ਸੱਚ ਮੰਨਣਾ ਅਤੇ ਭੇਖ ਰਾਹੀਂ ਸੱਚ ਦੀ ਪ੍ਰਾਪਤੀ ਕਰਨ ਦੇ ਰਾਹ ਨੂੰ ਗ਼ਲਤ ਮੰਨਦੇ ਹਨ ਜਿਵੇਂ:

ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ॥

ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ॥ (ਆਸਾ ਮਃ ੧ ਪੰਨਾ ੩੫੮)

ਬਹੁ ਭੇਖ ਕੀਆ ਦੇਹੀ ਦੁਖੁ ਦੀਆ॥

ਸਹੁ ਵੇ ਜੀਆ ਅਪਣਾ ਕੀਆ॥ (ਮਃ ੧, ਪੰਨਾ ੪੬੮)

ਜੋ ਸਤਿਗੁਰੂ ਜੀ ਆਪਣੀ ਬਾਣੀ ਵਿੱਚ ਭੇਖ ਦਾ ਖੰਡਨ ਕਰਦੇ ਹਨ ਉਹ ਕਿਸੇ ਭੇਖ ਨੂੰ ਮਾਨਤਾ ਕਿਵੇਂ ਦੇ ਸਕਦੇ ਹਨ? ਗੁਰਮਤਿ ਦਾ ਤਾਂ ਸ਼ਪੱਸ਼ਟ ਨਿਰਣਾ ਹੈ ਕਿ ਮਨੁੱਖ ਨੇ ਆਪਣੀ ਕਰਨੀ ਅਤੇ ਜੀਵਨ ਜਿਊਣ ਨੂੰ ਵਧੀਆ ਬਣਾ ਕੇ ਸਚਿਆਰ ਬਣਨਾ ਹੈ ਨਾ ਕਿ ਕਿਸੇ ਭੇਖ ਜਾ ਲਿਬਾਸ ਨਾਲ ਮਨੁੱਖ ਦਾ ਭਲਾ ਹੋਣਾ ਹੈ। ਅੱਜ ਵੀ ਅਸੀਂ ਭੇਖਾਂ ਦੇ ਪੁਜਾਰੀ ਤਾਂ ਬਣ ਰਹੇ ਹਾਂ ਪਰ ਗੁਰਮਤਿ ਨੂੰ ਸਮਝਣ ਵਲੋਂ ਅਵੇਸਲੇ ਹਾਂ ਤਾਹੀਉਂ ਤਾਂ ਰੰਗ ਬਿਰੰਗੇ ਪਹਿਰਾਵਿਆਂ ਵਾਲੇ ਸਮਾਜ ਦੀ ਲੁੱਟ ਖਸੁੱਟ ਜ਼ੋਰਾ ਸ਼ੋਰਾਂ ਤੇ ਕਰ ਰਹੇ ਹਨ ਅਤੇ ਇਸ ਮਾਇਆ ਜਾਲ ਤੋਂ ਸਿਖ ਸਮਾਜ ਵੀ ਬਚ ਨਹੀਂ ਸਕਿਆ।

ਉਦਾਹਰਣ ਦੇ ਤੌਰ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਮੱਕੇ ਜਾਂਦੇ ਹਨ ਜਿਥੇ ਕਿ ਮੁਸਲਮਾਨਾਂ ਦਾ ਕੇਂਦਰੀ ਧਰਮ ਅਸਥਾਨ ਹੈ ਜਿਸਨੂੰ ਕਾਅਬਾ ਕਹਿੰਦੇ ਹਨ ਤਾਂ ਉਥੇ ਉਹ ਹਾਜੀਆਂ ਵਾਂਗ ਨੀਲੇ ਵਸਤਰ ਪਹਿਨਦੇ ਹਨ ਜਿਹਾ ਕਿ ਭਾਈ ਗੁਰਦਾਸ ਜੀ ਦੀ ਰਚਨਾ ਵਿਚੋਂ ਸੰਕੇਤ ਮਿਲਦਾ ਹੈ:

ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।

ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ। ……… (ਵਾਰ ੧ ਪਉੜੀ ੩੨)

ਭਾਵ ਨੀਲੇ ਬਸਤਰ, ਲੋਟਾ, ਮੋਢੇ ਤੇ ਮੁਸੱਲਾ, ਹੱਥ ਵਿੱਚ ਸੋਟਾ, ਅਤੇ ਉਨ੍ਹਾਂ ਦੀ ਬਗਲ ਵਿੱਚ ਇੱਕ ਪੋਥੀ। ਕੀ ਇਹ ਲਿਬਾਸ ਪਹਿਲਾਂ ਹੀ ਪਹਿਨਿਆਂ ਜਾਂਦਾ ਸੀ ਜਾਂ ਗੁਰੂ ਜੀ ਨੇ ਇਸ ਨੂੰ ਅਰੰਭ ਕੀਤਾ? ਨਹੀਂ ਗੁਰੂ ਜੀ ਨੇ ਪਹਿਲਾਂ ਤੋਂ ਪ੍ਰਚੱਲਤ ਲਿਬਾਸ ਨੂੰ ਪਹਿਨਿਆਂ ਤਾਂ ਕਿ ਕੇਵਲ ਪਹਿਰਾਵਾ ਰੁਕਾਵਟ ਨਾ ਬਣੇ ਅਤੇ ਸਹੀ ਸੇਧ ਮੱਕੇ ਜਾਣ ਵਾਲਿਆਂ ਨੂੰ ਵੀ ਦਿੱਤੀ ਜਾ ਸਕੇ।

ਇਸੇ ਤਰ੍ਹਾਂ ਜਦੋ ਗੁਰੂ ਜੀ ਸਾਰੇ ਪ੍ਰਚਾਰ ਦੌਰਿਆਂ ਤੋਂ ਵਾਪਸ ਆ ਕੇ ਕਰਤਾਰਪੁਰ ਟਿਕਾਣਾ ਕਰਕੇ ਉਥੇ ਸੰਗਤ ਨੂੰ ਗੁਰਮਤਿ ਸੇਧਾਂ ਬਖਸ਼ਿਸ਼ ਕਰ ਰਹੇ ਸਨ ਤਾਂ ਉਸ ਸਮੇਂ ਦਾ ਜ਼ਿਕਰ ਭਾਈ ਸਾਹਿਬ ਜੀ ਕਰਦੇ ਹਨ ਕਿ:

ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।

ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ। ………… (ਵਾਰ ੧ ਪਉੜੀ ੩੮)

ਭਾਵ: ਗੁਰੂ ਨਾਨਕ ਸਾਹਿਬ ਜੀ ਜਦੋਂ ਕਰਤਾਰਪੁਰ ਵਿੱਚ ਨਿਵਾਸ ਰੱਖਦੇ ਹਨ ਤਾਂ ਉਨ੍ਹਾਂ ਨੇ ਉਹ ਭੇਖ ਜੋ ਉਦਾਸੀਆਂ ਵਾਲਾ ਸੀ ਅਤੇ ਆਰਜ਼ੀ ਤੌਰ ਤੇ ਪਹਿਨਿਆ ਹੋਇਆ ਸੀ ਉਹ ਲਾਹ ਕੇ ਸੰਸਾਰੀ ਭਾਵ ਆਮ ਗ੍ਰਿਹਸਤੀਆਂ ਵਾਲਾ ਪ੍ਰਚਲਤ ਲਿਬਾਸ ਹੀ ਪਹਿਨਿਆ ਅਤੇ ਕੇਂਦਰ ਕਰਤਾਰਪੁਰ ਨੂੰ ਬਣਾ ਕੇ ਪ੍ਰਚਾਰ ਹਿਤ ਜੁਟ ਗਏ।

ਇਸ ਵਿੱਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਮੇਂ ਸਮੇਂ ਨਾਲ ਨੀਤੀ ਹਿਤ ਪਹਿਰਾਵਾ ਤਾਂ ਬਦਲਿਆ ਪਰ ਆਪਣੇ ਅਸੂਲ ਉਹੀ ਰੱਖੇ ਉਨ੍ਹਾਂ ਨੂੰ ਜਗ੍ਹਾ ਦੇ ਹਿਸਾਬ ਨਾਲ ਨਹੀਂ ਬਦਲਿਆ। ਅੱਜ ਸਾਡਾ ਜੀਵਨ ਐਸਾ ਹੈ ਕਿ ਅਸੀਂ ਪਹਿਰਾਵਾ ਤਾਂ ਬਹੁਤੀ ਵਾਰ ਉਹੋ ਹੀ ਰੱਖਦੇ ਹਾਂ ਜਿਸ ਤੋਂ ਅਸੀਂ ਵੇਖਣ ਨੂੰ ਸਿੱਖ ਨਜ਼ਰ ਆਈਏ ਪਰ ਸਾਡਾ ਈਮਾਨ, ਸੋਚ ਅਤੇ ਅਸੂਲ਼ ਗੁਰਮਤਿ ਅਨੁਸਾਰੀ ਨਾ ਹੋ ਕੇ ਸਗੋਂ ਸਮੇਂ ਅਤੇ ਮਨੁੱਖਾਂ ਦੀ ਖੁਸ਼ਾਮਦ ਵਿੱਚ ਬਦਲ ਜਾਂਦੇ ਹਨ। ਸਾਡਾ ਇਤਿਹਾਸ ਸਾਨੂੰ ਇਹੀ ਸੇਧ ਦਿੰਦਾ ਹੈ ਕਿ ਕਿਸੇ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਮਾਛੀਵਾੜੇ ਤੋਂ ਉੱਚ ਜੋ ਕਿ ਮੁਲਤਾਨ ਦਾ ਇੱਕ ਇਲਾਕਾ ਹੈ ਅਤੇ ਜਿਥੋਂ ਦੇ ਪੀਰ ਬੜੇ ਮਸ਼ਹੂਰ ਤੇ ਆਪਣੇ ਸ਼ਰਧਾਲੂਆਂ ਵਿੱਚ ਸਨਮਾਨੇ ਜਾਂਦੇ ਸਨ ਉਨ੍ਹਾਂ ਵਰਗਾ ਹੀ ਪਹਿਰਾਵਾ ਪਹਿਨ ਕੇ ਫੌਜ ਦੇ ਜ਼ਬਰਦਸਤ ਨਾਕਿਆਂ ਤੇ ਘੇਰੇ ਵਿਚੋਂ ਬਾਹਰ ਆਏ ਸਨ। ਅੱਜ ਜਦੋਂ ਸਿਖਾਂ ਨੂੰ ਨਿੱਕੀ ਨਿੱਕੀ ਗੱਲ ਤੇ ਬਹਿਸ ਕਰਦਿਆਂ ਵੇਖੀਦਾ ਹੈ ਜਿਵੇਂ: ਪਜਾਮਾ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕਿਉਂ ਬੈਠਾ ਹੈ? ਵੇਖੋ ਜੀ ਇਸਨੇ ਪੈਂਟ ਪਾਈ ਹੈ ਤੇ ਉਵੇਂ ਹੀ ਪਾਠ ਕਰ ਰਿਹਾ ਹੈ? ਤਾਂ ਸੋਚਣ ਲਈ ਮਜ਼ਬੂਰ ਹੋ ਜਾਈਦਾ ਹੈ ਕਿ ਕੀ ਸਾਡਾ ਸਮਾਜ ਜਾਂ ਅਜਿਹੇ ਲੋਕ ਗੁਰਮਤਿ ਨੂੰ ਸਮਝ ਸਕੇ ਹਨ? ਕਿਤੇ ਇਹ ਲੋਕ ਆਪਣੀ ਹੂੜਮੱਤ ਨੂੰ ਹੀ ਗੁਰਮਤਿ ਤਾਂ ਨਹੀਂ ਸਮਝੀ ਬੈਠੇ? ਆਪਣੀ ਨਿਜ ਮੱਤ ਤਿਆਗ ਕੇ ਮਨੁੱਖ ਨੇ ਗੁਰਮਤਿ ਅਨੁਸਾਰੀ ਹੋਣਾ ਹੈ ਪਰ ਚਾਤਰ ਚਲਾਕ ਡੇਰੇਦਾਰਾਂ ਨੇ ਆਪਣੀ ਆਪਣੀ ਨਿਜ ਮੱਤ ਨੂੰ ਹੀ ਗੁਰਮਤਿ ਬਣਾ ਕੇ ਸੰਗਤਾਂ ਸਾਹਮਣੇ ਪਰੋਸ ਦਿੱਤਾ ਹੈ ਜਿਸਤੋਂ ਉਨ੍ਹਾਂ ਦੇ ਅੰਧ ਸ਼ਰਧਾਲੂ ਨਿਜ ਮੱਤ ਨੂੰ ਗੁਰਮਤਿ ਸਮਝ ਕੇ ਉਲਝਦੇ ਜਾ ਰਹੇ ਹਨ।




.