.

ੴਸਤਿਨਾਮ

ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ

ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ॥ ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ॥ ੨॥

ਕਬੀਰ ਸਾਹਿਬ ਜੀ ਦੀ ਬਾਣੀਂ ਦਾ ਇਹ ਸ਼ਬਦ ਪੰਨਾਂ ੯੭੧ ਤੇ ਦਰਜ ਹੈ ਜੀ। ਵੈਸੇ ਤਾਂ ਇਹ ਸ਼ਬਦ ਕਬੀਰ ਸਾਹਿਬ ਜੀ ਆਪਣੇਂ ਆਪ ਤੇ ਘਟਾ ਕੇ ਲਿਖਦੇ ਹਨ। ਪਰ ਜੇ ਇਹ ਸ਼ਬਦ ਕਬੀਰ ਸਾਹਿਬ ਜੀ ਆਪਣੇਂ ਆਪ ਤੇ ਘਟਾ ਸੱਕਦੇ ਹਨ, ਤਾਂ ਅਸੀਂ ਕੋਈ ਕਬੀਰ ਸਾਹਿਬ ਜੀ ਤੋਂ ਵਡੇ ਸੰਤ ਨਹੀਂ ਹਾਂ। ਸਾਨੂੰ ਵੀ ਇਹ ਸ਼ਬਦ ਆਪਣੇਂ ਆਪ ਤੇ ਘਟਾਉਣਾਂ ਚਾਹੀਦਾ ਹੈ। ਕਬੀਰ ਸਾਹਿਬ ਜੀ ਇਸ ਸ਼ਬਦ ਵਿੱਚ ਲਿਖਦੇ ਹਨ। ਕਿ ਆਵਾ ਗਵਨ ਹੁੰਦਾ ਹੈ, ਅਤੇ ਇਹ ਬਾਰ ਬਾਰ ਹੁੰਦਾ ਹੈ। ਇਹ ਮਨੁੱਖ ਐਸਾ ਵਿਕਾਰੀ ਹੈ, ਕਿ ਪਰਾਏ ਧਨ ਦੀ ਲਾਲਸਾ ਕਰਦਾ ਹੈ, ਜਾਂ ਪਰਾਏ ਧਨ ਤੇ ਕਬਜਾ ਕਰ ਲੈਂਦਾ ਹੈ (ਪੂਜਾ ਦਾ ਧਾਨ ਤਾਂ ਹੋਰ ਵੀ ਮਾੜਾ ਹੈ), ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੁਟੈ॥ ਪਰਾਈ ਇਸਤਰੀ ਗਮਨ ਕਰਦਾ ਹੈ, ਪਰਾਈ ਨਿੰਦਾ ਕਰਦਾ ਹੈ। ਇਸ ਵਾਸਤੇ ਇਹ ਜੀਵ ਬਾਰ ਬਾਰ ਮਰਦਾ ਹੈ, ਅਤੇ ਬਾਰ ਬਾਰ ਜੰਮਦਾ ਹੈ, ਇਹ ਸਿਲਸਲਾ, ਇਹੁ ਪਰਸੰਗੁ, ਜੰਮਣ ਅਤੇ ਮਰਨ ਦੀ ਇਹ ਲੜੀ, ਕਦੇ ਵੀ ਖਤਮ ਨਹੀਂ ਹੁੰਦੀ। ਆਵਾ ਗਵਨੁ ਹੋਤੁ ਹੈ ਇਹ ਸਾਫ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੋਇਆ ਹੈ। ਇਸ ਨੂੰ ਸਮਝਣ ਵਾਸਤੇ ਕਿਸੇ ਅਰਬੀ ਜਾਂ ਫਾਰਸੀ ਭਾਸ਼ਾ ਦੀ ਵੀ ਲੋੜ ਨਹੀਂ, ਕਿਸੇ ਟੀਕੇ ਦੀ ਵੀ ਲੋੜ ਨਹੀਂ। ਇੱਕ ਅਨਪੜ੍ਹ ਤੋਂ ਅਨਪੜ੍ਹ ਆਦਮੀਂ ਵੀ ਸਮਝ ਸੱਕਦਾ ਹੈ, ਬਾਣੀਂ ਦੀ ਇਸ ਪੰਗਤੀ ਦੇ ਅਰਥ ਨੂੰ। ਜਿਹੜਾ ਖੁਦ ਨਹੀਂ ਵੀ ਪੜ੍ਹ ਸੱਕਦਾ, ਇੱਕ ਵਾਰੀ ਵਿੱਚ ਸੁਣ ਕੇ ਹੀ, ਜਿੰਦਗੀ ਭਰ ਵੀ ਉਹ ਗੁਰੂ ਦੇ ਇਸ ਬਚਨ (ਹੁਕਮ) ਨੂੰ ਭੁਲਾ ਨਹੀਂ ਸੱਕਦਾ।

ਫਿਰ ਵੀ ਜਿਹੜੇ ਵਿਦਵਾਨ ਪ੍ਰਚਾਰਕ ਇਹ ਕਹਿੰਦੇ ਹਨ, ਕਿ ਗੁਰਬਾਣੀਂ ਵਿੱਚ ਗੁਰੂ ਸਾਹਿਬਾਂ ਵਲੋਂ ਪੁਜਾਰੀ ਦੇ ਬਣਾਏ ਆਵਾਗਵਨ ਚੌਰਾਸੀਹ ਅਤੇ ਨਰਕਾਂ ਨੂੰ ਗੁਰੂ ਸਾਹਿਬਾਂ ਨੇਂ ਮੂਲੋਂ ਹੀ ਨਕਾਰ ਦਿੱਤਾ ਹੈ। ਪਾਠਕ ਵੀਰੋ ਐਸੇ ਵਿਦਵਾਨ ਪ੍ਰਚਾਰਕਾਂ ਦਾ ਦਰਜਾ ਕੀ ਗੁਰਬਾਣੀਂ ਨਾਲੋਂ ਵੀ ਵਡਾ ਹੈ? ? ? ? ।

ਜੇ ਗੁਰਬਾਣੀਂ ਨੂੰ ਸੱਚ ਮੰਨਣਾਂ ਹੋਵੇ, ਤਾਂ ਗੁਰਬਾਣੀਂ ਦੀ ਇਹ “ਆਵਾ ਗਵਨੁ ਹੋਤੁ ਹੈ” ਵਾਲੀ ਇੱਕ ਕੜੀ ਹੀ ਕਾਫੀ ਹੈ, ਇਸ ਵਿੱਚ ਕਿਹੜੇ ਅੰਤਰੀਵ ਭਾਵ ਦੀ ਲੋੜ ਹੈ। ਝਗੜਾ ਬਸ ਇਹ ਹੈ ਕਿ ਪ੍ਰਚਾਰਕ ਕਹਿੰਦੇ ਹਨ, “ਗੁਰਬਾਣੀਂ ਆਵਾ ਗਵਨ ਨੂੰ ਰੱਦ ਕਰਦੀ ਹੈ” ਪਰ ਬਾਣੀਂ ਖੁਦ ਹੀ ਕਹਿ ਰਹੀ ਹੈ “ਆਵਾ ਗਵਨੁ ਹੋਤੁ ਹੈ” ਇਹ ਕੋਈ ਮੇਰੇ ਵਰਗਾ ਤਾਂ ਕਹਿ ਨਹੀਂ ਰਿਹਾ। ਬਾਕੀ ਸਭ ਗੱਲਾਂ ਤਾਂ ਛੱਡੋ, ਸਿਰਫ ਇਸੇ ਇੱਕ ਹੀ ਗੱਲ ਦਾ ਫੈਸਲਾ ਕਰ ਲਵੋ। ਦਾਲ ਵਿਚੋਂ ਇੱਕ ਦਾਣਾਂ ਹੀ ਟੋਹਿਆਂ ਪਤਾ ਲੱਗ ਜਾਂਦਾ ਹੈ, ਦਾਲ ਗਲ ਗਈ ਹੈ ਜਾਂ ਨਹੀਂ। ਜਿਹੜੇ ਗੁਰਬਾਣੀਂ ਦੇ ਇਸ ਸੱਚ ਨੂੰ ਹੀ ਨਹੀਂ ਮੰਨ ਸੱਕਦੇ, ਜਿਸ ਵਿੱਚ ਕਿ ਕਿਸੇ ਤਰਾਂ ਦੀ ਘੂੰਡੀ ਪਾਉਣ ਦੀ ਗੁੰਜ਼ਾਇਸ਼ ਹੀ ਨਹੀਂ, ਜਦਿਕੇ ਬਾਕੀ ਬਾਣੀਂ ਵਿੱਚ ਤਾਂ ਕਈ ਘੂੰਡੀਆਂ ਪਾਈਆਂ ਜਾ ਸਕਦੀਆਂ ਹਨ, ਕਈ ਭੁਲੇਖੇ ਪਾਏ ਜਾਂ ਪੈ ਸੱਕਦੇ ਹਨ। ਬਾਣੀਂ ਵਿੱਚ ਕੁੱਝ ਇੱਕ ਸ਼ਬਦ ਜਾਂ ਕੁੱਝ ਪੰਗਤੀਆਂ ਐਸੀਆਂ ਜਰੂਰ ਹਨ, ਜਿੰਨ੍ਹਾਂ ਦਾ ਭਾਵ ਸਿਰਫ ਉਸ ਬਾਣੀਂ ਨੂੰ ਬੋਲਣ (ਉਚਾਰਨ) ਵਾਲੇ ਹੀ ਜਾਣ ਜਾਂ ਦੱਸ ਸੱਕਦੇ ਹਨ। ਪਰ ਬਾਕੀ ਸਾਰੀ ਬਾਣੀਂ ਤਾਂ ਠੇਠ ਪੰਜਾਬੀ ਵਰਗੀ ਹੀ ਹੈ, ਅਤੇ ਬੜੀ ਸਪਸ਼ਟ ਹੈ। ਅਤੇ ਜਿਹੜੇ ਔਖੇ ਲਫਜ਼ ਹਨ, ਉਹਨਾਂ ਦੇ ਅਰਥਾਂ ਦੀ ਸਹਾਇਤਾ ਵਾਸਤੇ, ਸਾਡੇ ਪਾਸ ਕਈ ਪ੍ਰਕਾਰ ਦੇ ਟੀਕੇ ਅਤੇ ਸ਼ਬਦ ਕੋਸ਼ ਆਦੀ ਮੌਜ਼ੂਦ ਹਨ। ਸਾਨੂੰ ਤਾਰਨ ਵਾਸਤੇ ਤਾਂ ਗੁਰਬਾਣੀਂ ਦੀ ਇੱਕ ਕੜੀ ਹੀ ਕਾਫੀ ਹੈ। ਜੇ ਸਾਨੂੰ ਸਾਰੀ ਬਾਣੀਂ ਵਿਚੋਂ ਕੁੱਝ ਪੰਗਤੀਆਂ ਬਾਰੇ ਭੁਲੇਖਾ ਰਹਿ ਵੀ ਜਾਂਦਾ ਹੈ। ਤਾਂ ਬਾਕੀ ਹੋਰ ਸਾਰੀ ਬਾਣੀਂ ਪਈ ਹੈ ਸਾਡੇ ਕੋਲ। ਕੀ ਉਸ ਨੂੰ ਵੀ ਨਹੀਂ ਮੰਨਣਾਂ ਚਾਹੀਦਾ।

ਗੁਰਬਾਣੀਂ ਵਿੱਚ ਐਸੀਆਂ ਐਸੀਆਂ ਗਿਆਨ ਦੀਆਂ ਗੱਲਾਂ ਲਿਖੀਆਂ ਹੋਈਆਂ ਹਨ, ਕੇ ਪੜ੍ਹ ਕੇ ਅਕਲ ਹੈਰਾਨ ਹੁੰਦੀ ਹੈ। ਅਸੀਂ ਕਹਿੰਦੇ ਹਾਂ ਕਿ ਸਾਨੂੰ ਬਾਣੀਂ ਅਤੇ ਉਸ ਦੇ ਅਰਥਾਂ ਦਾ ਸੰਪੂਰਨ ਬੋਧ ਹੀ ਨਹੀਂ ਹੈ। ਇਹ ਬਿਲਕੁਲ ਸੱਚ ਹੈ, ਪਰ ਅਗਲੇ ਸ਼ਬਦ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਸਾਨੂੰ ਸਮਝਾਉਂਦੇ ਹਨ, ਕੇ ਜੇ ਤੁਸੀਂ ਸੱਚਮੁਚ ਇਸ ਗੱਲ ਨੂੰ ਮੰਨਦੇ ਹੋ, ਕਿ ਸਾਨੂੰ ਬਾਣੀਂ ਦੇ ਅਰਥਾਂ ਦਾ ਗਿਆਨ ਨਹੀਂ ਹੈ, ਤਾਂ ਤੁਸੀਂ ਖੁਦ ਹੀ ਗੁਰਬਾਣੀਂ ਬਣ ਜਾਵੋ। ਇਹ ਕਿੱਡੀ ਵੱਡੀ ਗੱਲ ਕਹਿ ਗਏ ਹਨ ਗੁਰੂ ਰਾਮਦਾਸ ਜੀ, ਕੀ ਅਸੀਂ ਗੁਰੂ ਦੀ ਇਸ ਗੱਲ ਨੂੰ ਮੰਨ ਸੱਕਦੇ ਹਾਂ, ਕਿ ਅਸੀਂ ਵੀ ਗੁਰਬਾਣੀਂ ਬਣ ਸੱਕਦੇ ਹਾਂ, ਜੇ ਅਸੀਂ ਗੁਰਬਾਣੀਂ ਨਹੀਂ ਬਣ ਸੱਕਦੇ, ਤਾਂ ਗੁਰੂ ਨੇਂ ਇਹ ਗੱਲ ਕਹੀ ਹੀ ਕਿਉਂ! ਵੀਰੋ ਦਾਸ ਨੂੰ ਤਾਂ ਗੁਰੂ ਦੀ ਕਹੀ ਹੋਈ ਇੱਕ ਇੱਕ ਗੱਲ ਤੇ ਪੁਰਨ ਵਿਸ਼ਵਾਸ਼ ਹੈ। ਕਿਸੇ ਹੋਰ ਨੂੰ ਹੋਵੇ ਜਾਂ ਨਾਂ ਹੋਵੇ। ਜੇ ਗੁਰੂ ਰਾਮ ਦਾਸ ਜੀ ਇਹ ਕਹਿਣ ਕੇ, ਕਿ ਕੀੜੀ ਸੂਰਜ ਨੂੰ ਸਬੂਤਾ ਹੀ ਖਾ ਸੱਕਦੀ ਹੈ, ਤਾਂ ਦਾਸ ਤਾਂ ਇਹੋ ਹੀ ਕਹੇ ਗਾ, ਜੀ ਤੁਹਾਡਾ ਬਚਨ ਸਤਿ ਹੈ, ਤੁਸੀਂ ਖੁਆ ਸਕਦੇ ਹੋ ਜੀ। ਜੇ ਅਸੀਂ ਗੁਰੂ ਦੇ ਹੁਕਮ ਨੂੰ ਇਸ ਤਰਾਂ ਬਿਨਾਂ ਕਿਸੇ ਕਿੰਤੂ ਪ੍ਰੰਤੂ ਦੇ ਮੰਨਾਂ ਗੇ, ਤਾਂ ਫਿਰ ਅਸੀਂ ਗੁਰਬਾਣੀਂ ਵੀ ਬਣ ਸੱਕਦੇ ਹਾਂ।

ਪਰ ਸਾਡਾ ਹਾਲ ਇਹ ਹੈ, ਕਿ. .

ਗੁਰੂ ਕਹਿੰਦਾ ਹੈ “ਆਵਾ ਗਵਨ ਹੁੰਦਾ ਹੈ” ਅਸੀਂ ਕਹਿੰਦੇ ਹਾਂ, “ਆਵਾ ਗਵਨ ਨਹੀਂ ਹੁੰਦਾ”

ਗੁਰੂ ਕਹਿੰਦਾ ਹੈ “ਜੂਨੀਆਂ ਹੁੰਦੀਆਂ ਹਨ” ਅਸੀਂ ਕਹਿੰਦੇ ਹਾਂ, “ਜੂਨੀਆਂ ਨਹੀਂ ਹੁੰਦੀਆਂ ਹਨ”

ਗੁਰੂ ਕਹਿੰਦਾ ਹੈ “ਪੂਰਬ ਕਰਮ ਹੁੰਦਾ ਹੈ” ਅਸੀਂ ਕਹਿੰਦੇ ਹਾਂ, “ਪੂਰਬ ਕਰਮ ਨਹੀਂ ਹੁੰਦਾ” ਆਦੀ ਆਦੀ. .

ਜੇ ਬਰੀਕੀ ਨਾਲ ਵਿਚਾਰ ਕਰੀਏ ਤਾਂ ਅਸੀਂ ਗੁਰੂ ਦੀ ਕਿਸੇ ਇੱਕ ਵੀ ਗੱਲ ਨੂੰ ਨਹੀਂ ਮੰਨਦੇ। ਦੱਸੋ! ਵੀਰੋ ਫਿਰ ਅਸੀਂ ਗੁਰਬਾਣੀਂ ਕਿਵੇਂ ਬਣੀਏਂ। ਕੀ ਕੋਈ ਗੁਰੂ ਦੇ ਇਸ ਬਚਨ ਨੂੰ ਮੰਨੇਂ ਗਾ, ਕੇ ਅਸੀਂ ਗੁਰਬਾਣੀਂ ਬਣ ਸਕਦੇ ਹਾਂ।

ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥ ਓਨਾੑ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥ ੩੦੪ ਮ: ੪

ਮੇਰੀ ਬੇਨਤੀ ਤਾਂ ਸਿਰਫ ਇਹ ਹੈ, ਗੁਰਬਾਣੀਂ ਨੂੰ ਮੰਨੋਂ ਗੁਰਬਾਣੀਂ ਸਤਿ ਹੈ, ਅਤੇ ਗੁਰੂ ਦਾ ਹੁਕਮ ਮੰਨ ਕੇ ਖੁਦ ਹੀ ਗੁਰਬਾਣੀਂ ਬਣ ਜਾਉ। ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐਤੁਸੀਂ ਚਾਹੋ ਤਾਂ ਗੁਰਬਾਣੀਂ ਬਣ ਸੱਕਦੇ ਹੋ, ਇਹ ਕਹਿਣਾਂ, ਜਾਂ ਇਹ ਇਸ਼ਾਰਾ ਸ੍ਰੀ ਗੁਰੂ ਰਾਮਦਾਸ ਜੀ ਮਹਾਂਰਾਜ ਜੀ ਦਾ ਹੈ। ਗੁਰੂ ਦਾ ਕਹਿਣਾਂ ਕਦੇ ਗਲਤ ਨਹੀਂ ਹੁੰਦਾ। ਜੇ ਐਸਾ ਨਾਂ ਹੋ ਸੱਕਦਾ ਹੁੰਦਾ ਤਾਂ ਗੁਰੂ ਰਾਮਦਾਸ ਜੀ ਮਹਾਂਰਾਜ ਜੀ ਨੂੰ ਇਹ ਕਹਿਣ ਦੀ ਕੀ ਜਰੂਰਤ ਸੀ ਕਿ ਆਉ, ਗੁਰਬਾਣੀ ਬਣੀਐ, ਜੇ ਅਸੀਂ ਖੁਦ ਹੀ ਗੁਰਬਾਣੀਂ ਬਣ ਜਾਵਾਂ ਗੇ, ਤਾਂ ਫਿਰ ਅਸੀਂ ਇਹ ਨਹੀਂ ਕਹਾਂ ਗੇ, “ਕਿ ਗੁਰਬਾਣੀਂ ਸਿਧਾਂਤਾਂ ਸਬੰਧੀ ਸਾਡੀ ਸਮਝ ਮਹਿਦੂਦ ਹੈ” ਫਿਰ ਕੋਈ ਹੱਦ ਬਨਾਂ ਨਹੀਂ ਰਹਿੰਦਾ। ਫਿਰ ਅਸੀਂ ਇਹ ਵੀ ਨਹੀਂ ਕਹਾਂ ਗੇ, ਕਿ ਸਾਨੂੰ ਬਾਣੀਂ ਅਤੇ ਉਸ ਦੇ ਅਰਥਾਂ ਦਾ ਸੰਪੂਰਨ ਬੋਧ ਹੀ ਨਹੀਂ ਹੈ। ਤੁਹਾਡੇ ਮੂਹੋਂ ਨਿਕਲਿਆ ਹਰ ਲਫਜ ਸੱਚ ਹੋਵੇ ਗਾ। ਬੇਸ਼ੱਕ ਅਜੇ ਸਾਡੀ ਸਮਝ ਮਹਿਦੂਦ ਹੈ, ਅਤੇ ਸਾਨੂੰ ਗੁਰਬਾਣੀਂ ਸਿਧਾਂਤਾਂ ਦੀ ਸਮਝ ਨਹੀਂ ਹੈ। ਪਰ ਗੁਰਬਾਣੀਂ ਤਾਂ ਅਣਜਾਣ ਨਹੀਂ ਹੈ, ਗੁਰਬਾਣੀਂ ਤੇ ਵਿਸ਼ਾਸ ਕਰਨਾਂ ਚਾਹੀਦਾ ਹੈ, ਇਸ ਨੂੰ ਮੰਨਣਾਂ ਚਾਹੀਦਾ ਹੈ। ਬਾਣੀਂ ਵਿੱਚ ਲਿਖਿਆ ਇੱਕ ਇੱਕ ਅੱਖਰ ਦਾ ਮੁੱਲ ਕਰੋੜਾਂ ਅਰਬਾਂ ਤੋਂ ਵੀ ਵੱਧ ਕੀਮਤੀ ਹੈ। ਪਰ ਸਾਨੂੰ ਨਾਂ ਤਾਂ ਆਪਣੇਂ ਆਪ ਤੇ ਵਿਸ਼ਵਾਸ ਹੈ, ਅਤੇ ਨਾਂ ਹੀ ਗੁਰਬਾਣੀਂ ਤੇ ਵਿਸ਼ਵਾਸ ਹੈ। (ਹੋਵੇ ਵੀ ਕਿਵੇਂ, ਬਾਣੀਂ ਨੂੰ ਤਾਂ ਕੋਈ ਮੰਨਦਾ ਨਹੀਂ ਹੈ, ਅਸੀਂ ਗੁਰਬਾਣੀਂ ਦੀ ਹਰ ਗੱਲ ਤੇ ਕਿੰਤੂ ਪ੍ਰੰਤੂ ਕਰਦੇ ਹਾਂ, ਅਤੇ ਆਪਣੀਂ ਗੱਲ ਨੂੰ ਮੁਹਰੇ ਰੱਖਦੇ ਹਾਂ) ਅਜੇਹੀਆਂ ਗੱਲਾਂ ਅਸੀਂ ਉਦੋਂ ਤੱਕ ਕਹਾਂ ਗੇ, ਜਦ ਤੱਕ ਅਸੀਂ ਗੁਰਬਾਣੀਂ ਨੂੰ ਨਹੀਂ ਮੰਨਦੇ। ਇੱਕ ਪਾਸੇ ਅਸੀਂ ਕਹਿੰਦੇ ਹਾਂ, ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ੫॥ ਜੇ ਸੱਚ ਕਹਿੰਦੇ ਹਾਂ ਤਾਂ ਆਉ ਵੀਰੋ ਗੁਰਬਾਣੀਂ ਨੂੰ ਮਨੀਏਂ। ਕੀ ਕੋਈ ਗੁਰੂ ਰਾਮਦਾਸ ਜੀ ਮਹਾਂਰਾਜ ਜੀ ਦੇ ਇਸ ਬਚਨ ਨੂੰ (ਪਰਖਣ ਵਾਸਤੇ ਹੀ ਸਹੀ) ਮੰਨ ਕੇ ਕੀ ਕੋਈ ਗੁਰਬਾਣੀਂ ਬਣਨਾਂ ਚਾਹੁੰਦਾ ਹੈ? । ਕੀ ਕਿਸੇ ਨੂੰ ਗੁਰੂ ਰਾਮਦਾਸ ਜੀ ਮਹਾਂਰਾਜ ਜੀ ਦੇ ਇਸ ਬਚਨ ਤੇ ਵਿਸ਼ਵਾਸ ਹੈ। ਕਿ ਗੁਰੂ ਜੀ ਸੱਚ ਕਹਿ ਰਹੇ ਹਨ, ਅਤੇ ਗੁਰਬਾਣੀਂ ਬਣਿਆਂ ਜਾ ਸੱਕਦਾ ਹੈ। ਗੁਰਬਾਣੀਂ ਬਣਨਾਂ ਜਾਂ ਨਾ ਬਣਨਾਂ ਤਾਂ ਸਾਡੇ ਵੱਸ ਨਹੀਂ ਹੈ। ਪਰ ਕੋਸ਼ਿਸ਼ ਕਰਨਾਂ, ਤਾਂ ਸਾਡੇ ਵੱਸ ਹੈ। ਜੇ ਕੁੱਝ ਕਰਨਾ ਪਵੇ ਤਾਂ ਸਾਡੇ ਵੱਸ ਨਹੀਂ, ਪਰ ਝਗੜਾ ਕਰਨ ਵੇਲੇ ਅਸੀਂ ਕਿਸੇ ਤੋਂ ਵੀ ਘੱਟ ਨਹੀਂ। ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ॥ ਮਾਨੈ ਹੁਕਮੁ ਤਜੈ ਅਭਿਮਾਨੈ ਬਾਣੀਂ ਗੁਰੂ ਹੈ, ਤੇ ਗੁਰੂ ਪ੍ਰਭੂ ਹੁੰਦਾ ਹੈ, ਜਿਸ ਨੇਂ ਪ੍ਰਭੂ ਨੂੰ ਪਹਿਚਾਨ ਲਿਆ ਬਾਕੀ ਕੀ ਰਹਿ ਗਿਆ। ਪਰ ਇਸ ਵਾਸਤੇ ਆਪਣੀਆਂ ਸਾਰੀਆਂ ਸਿਆਣਪਾਂ ਚਤਰਾਈਆਂ ਹੰਕਾਰ ਨੂੰ ਲਾਂਭੇ ਰੱਖ ਕੇ, ਜਿਉਂਦੇ ਜੀ ਮੁਰਦੇ ਸਮਾਣ ਹੋਣਾਂ ਪੈਂਦਾ ਹੈ, ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ। ਕੀ ਕੋਈ ਗੁਰਬਾਣੀਂ ਬਣਨ ਵਾਸਤੇ ਜਿਉਂਦੇ ਜੀ ਮਰਨ ਨੂੰ ਤਿਆਰ ਹੈ, ਕਿਸੇ ਨਾਲ ਝਗੜਾ ਕਰ ਕੇ, ਜਾਂ ਹੰਕਾਰ ਦੀ ਡਾਂਗ ਨਾਲ ਤਾਂ ਗੁਰਬਾਣੀਂ ਨਹੀਂ ਬਣਿਆਂ ਜਾ ਸੱਕਦਾ। “ਮਾਨੈ ਹੁਕਮੁ ਤਜੈ ਅਭਿਮਾਨੈ” ਸਾਰਾ ਹੰਕਾਰ ਛੱਡ ਕੇ ਅਤੇ ਗੁਰੂ ਦਾ ਹੁਕਮ ਮੰਨ ਕੇ ਹੀ ਗੁਰਬਾਣੀਂ ਬਣਿਆਂ ਜਾ ਸੱਕਦਾ ਹੈ। ਗੁਰ ਸਿੱਖੋ, ਮੇਰੇ ਭਰਾਉ, ਗੁਰੂ ਰਾਮਦਾਸ ਜੀ ਮਹਾਂਰਾਜ ਜੀ ਦਾ ਹੁਕਮ ਮੰਨ ਕੇ ਖੁਦ ਹੀ ਗੁਰਬਾਣੀਂ ਬਣ ਜਾਉ। ਫਿਰ ਕੋਈ ਭੁਲੇਖਾ ਨਹੀਂ ਰਹੇ ਗਾ ਅਰਥਾਂ ਦਾ, ਕੋਈ ਝਗੜਾ ਨਹੀਂ ਰਹੇ ਗਾ। ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ॥ ਸਤਿਗੁਰੂ ਦੀ ਬਾਣੀਂ ਸਤਿ ਸਰੂਪ (ਸਤਿ ਸਰੂਪ ਪ੍ਰਮਾਤਮਾਂ) ਹੈ, ਅਤੇ ਗੁਰੂ ਦਾ ਹੁਕਮ ਮੰਨ ਕੇ ਜਿਹੜਾ ਗੁਰਬਾਣੀਂ ਬਣ ਜਾਵੇ ਗਾ, ਉਹ ਹੀ ਸਤਿ ਸਰੂਪ ਵੀ ਬਣ ਜਾਂਦਾ ਹੈ। ਦਾਸ ਤਾਂ ਜੀ ਇਹ ਮੰਨਦਾ ਹੈ, ਕਿ ਗੁਰੂ ਰਾਮ ਦਾਸ ਜੀ ਸਤਿ ਕਹਿ ਰਹੇ ਹਨ, ਜੇ ਕਿਸੇ ਨੂੰ ਝੂਠ ਲੱਗਦਾ ਹੈ ਤਾਂ ਉਹ ਵੀਰ ਦੱਸ ਸੱਕਦਾ ਹੈ ਜੀ।

ਸਤਿ ਸਰੂਪੁ ਰਿਦੈ ਜਿਨਿ ਮਾਨਿਆ॥ ਕਰਨ ਕਰਾਵਨ ਤਿਨਿ ਮੂਲੁ ਪਛਾਨਿਆ॥ ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ॥ ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ॥ ੨੮੫

ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਜਿਸ ਨੇਂ ਵੀ ਸਤਿ ਸਰੂਪ ਨੂੰ (ਕੀ ਅਸੀਂ ਬਾਣੀਂ ਨੂੰ ਗੁਰੂ ਮੰਨਦੇ ਹਾਂ? ਕੀ ਅਸੀਂ ਬਾਣੀਂ ਨੂੰ ਸ਼ਬਦ ਗੁਰੂ ਮੰਨਦੇ ਹਾਂ! ਕੀ ਸ਼ਬਦ ਗੁਰੂ ਸਤਿ ਸਰੂਪ ਨਹੀਂ ਹੁੰਦਾ?) ਆਪਣੇਂ ਹਿਰਦੇ ਵਿੱਚ ਵਸਾ ਲਿਆ ਹੈ, ਉਹ ਕਰਨ ਕਰਾਵਨ ਵਾਲੇ (ਪ੍ਰਭੂ) ਨੂੰ, ਉਸ ਦੇ ਮੂਲ (ਅਸਲੀਅਤ) ਨੂੰ ਪਛਾਨ ਲੈਂਦਾ ਹੈ। ਅਤੇ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਵਿਸ਼ਵਾਸ ਆ ਜਾਵੇ, ਉਸ ਦੇ ਮਨ ਵਿੱਚ ਤੱਤ (ਅਸਲੀ, ਸ਼ੁੱਧ) ਗਿਆਨ ਪ੍ਰਗਟ ਹੋ ਜਾਂਦਾ ਹੈ। (ਕੀ ਝੂਠ ਕਹਿ ਰਹੇ ਹਨ ਗੁਰੂ ਜੀ, ਕਰਨ ਕਰਾਵਨ ਤਿਨਿ ਮੂਲੁ ਪਛਾਨਿਆ॥ ਕੀ ਉਸ ਕਰਨ ਕਰਾਵਨ ਹਾਰ ਦੇ ਮੂਲ (ਅਸਲੀਅਤ) ਨੂੰ ਨਹੀਂ ਪਹਿਚਾਨ ਸੱਕਦੇ)

(ਨੋਟ:-ਅਸਲੀ ਜਾਂ ਤੱਤ ਗਿਆਨ ਦੀ ਪਰਖ ਤਾਂ ਉਹ ਹੀ ਕਰ ਸੱਕਦਾ ਹੈ, ਜਿਸ ਦੇ ਹਿਰਦੇ ਵਿੱਚ ਅਸਲੀ ਤੱਤ ਗਿਆਨ ਪ੍ਰਗਟ ਹੋ ਗਿਆ ਹੋਵੇ। ਜੇ ਤਾਂ ਗੁਰਬਾਣੀਂ ਨੂੰ ਸਤਿ ਕਰ ਕੇ ਮੰਨੀਏਂ, ਤਾਂ ਤੱਤ ਗਿਆਨ ਪ੍ਰਗਟ ਕਰਨਾਂ ਕੋਈ ਔਖਾ ਕੰਮ ਨਹੀਂ ਹੈ। ਜੇ ਕੋਈ ਸੱਚਮੁਚ ਕਿਸੇ ਦੇ ਗਿਆਨ ਨੂੰ ਪਰਖਣਾਂ ਚਾਹੇ, ਤਾਂ ਪਹਿਲੇ ਆਪਣੇਂ ਅੰਦਰ, ਤੱਤ ਗਿਆਨ ਪ੍ਰਗਟ ਕਰ ਲਵੇ, ਤਾਂ ਜੋ ਉਸ ਨੂੰ ਪਤਾ ਲੱਗ ਜਾਵੇ ਕਿ ਤੱਤ ਗਿਆਨ ਕੀ ਹੁੰਦਾ ਹੈ। ਫਿਰ ਹੀ ਉਹ ਕਿਸੇ ਹੋਰ ਦਾ ਤੱਤ ਗਿਆਨ ਪਰਖ ਸੱਕਦਾ ਹੈ। ਜਿਸ ਨੂੰ ਪਤਾ ਹੀ ਨਾਂ ਹੋਵੇ ਕਿ ਤੱਤ ਗਿਆਨ ਕੀ ਹੁੰਦਾ ਹੈ, ਉਹ ਕਿਸੇ ਹੋਰ ਦੇ ਗਿਆਨ ਦੀ ਪਰਖ ਕੀ ਕਰੇ ਗਾ।)

ਬੁਝਨਹਾਰ ਕਉ ਸਤਿ ਸਭ ਹੋਇ॥ ਨਾਨਕ ਸਤਿ ਸਤਿ ਪ੍ਰਭੁ ਸੋਇ॥ ੧॥ ਜਿਹੜਾ ਸਤਿਸਰੂਪ ਨੂੰ ਬੁੱਝ ਸੱਕਦਾ ਹੋਵੇ, ਉਸ ਨੂੰ ਸੱਭ ਵਿੱਚ ਹੀ ਸਤਿ ਦਿੱਸਦਾ ਹੈ, ਉਸ ਵਾਸਤੇ ਸੱਭ ਸਤਿ (ਪ੍ਰਭੂ) ਹੀ ਸਤਿ ਹੈ। ਜਿਸ ਨੇਂ ਅਜੇ ਸੱਤ ਨੂੰ ਬੁੱਝਿਆ ਹੀ ਨਹੀਂ, ਜਾਂ ਜਿਹੜਾ ਕਹਿੰਦਾ ਹੈ, ਬਾਣੀਂ ਝੂਠ ਹੈ, ਉਸ ਨੂੰ ਸਤਿ ਕਿਵੇਂ ਦਿਖਾਈ ਦੇ ਸਕਦਾ ਹੈ।

ਵਿਦਵਾਨ ਗੁਰਸਿੱਖੋ ਇਹ ਜਰੂਰੀ ਨਹੀਂ ਕਿ ਰੁਤਬੇ ਅਤੇ ਨਾਮਵਰੀ ਵਾਸਤੇ ਗੁਰਬਾਣੀਂ ਤੋਂ ਸਿਰਫ ਉਲਟ ਹੀ ਚੱਲਣਾਂ ਚਾਹੀਦਾ ਹੈ। ਆਪਣੇਂ ਮੌਜ਼ੂਦਾ ਰੁਤਬੇ ਨੂੰ ਗੁਰਬਾਣੀਂ ਅਨੂੰਸਾਰ ਚੱਲ ਕੇ ਵੀ ਕਾਇਮ ਰਖਿਆ ਜਾ ਸਕਦਾ ਹੈ, ਬਲਿਕੇ ਇਹ ਰੁਤਬਾ ਹੋਰ ਵੀ ਵਧ ਸਕਦਾ ਹੈ। ਇਹ ਸੱਭ ਰੁਤਬੇ, ਆਹੁਦੇ, ਨਾਮਵਰੀ, ਹੁਣ ਨਾਲੋਂ ਵੀ ਵੱਧ ਕਾਇਮ ਰੱਖੀ ਜਾ ਸਕਦੀ ਹੈ। ਅਤੇ ਸੱਚ ਨਾਲ ਮੇਲਾ ਕਰਨ ਨਾਲ ਹੋਰ ਵੱਧ ਲਾਹਾ ਮਿਲਦਾ ਹੈ। (ਨਾਲੇ ਪੁੰਨ ਨਾਲੇ ਫਲੀਆਂ) ਕੁੱਝ ਇਸ਼ਾਰੇ ਦਾਸ ਨੇਂ ਕਰ ਦਿੱਤੇ ਹਨ, ਬਾਕੀ ਤੁਸੀਂ ਖੁਦ ਇਸ ਗਿਆਨ ਨੂੰ ਵਧਾਉ ਤੇ ਅਗੇ ਵੰਡੋਂ। ਇਹ ਚਾਕਰ ਤਾਂ ਤੁਹਾਡਾ ਝਾੜੂ ਬਰਦਾਰ ਹੈ। ਮੈਂ ਕੁੱਝ ਨਹੀਂ ਕਰ ਸੱਕਦਾ, ਮੈਂ ਚਾਹੁੰਦਾ ਹਾਂ ਤੁਸੀਂ ਕਰੋ। ਗੁਰੂ ਨਾਨਕ ਦੇ ਸੱਚ ਦੇ ਗਿਆਨ ਦੇ ਉਪਦੇਸ਼ ਨੂੰ ਘਰ ਘਰ ਪਹੁੰਚਾਉ। ਤੁਸੀਂ ਇਹ ਕਰ ਸੱਕਦੇ ਹੋ। ਮੇਰੀ ਬੇਨਤੀ ਤਾਂ ਸਿਰਫ ਇਹ ਹੈ, ਗੁਰਬਾਣੀਂ ਨੂੰ ਮੰਨੋਂ ਗੁਰਬਾਣੀਂ ਸਤਿ ਹੈ, ਅਤੇ ਗੁਰੂ ਦਾ ਹੁਕਮ ਮੰਨ ਕੇ ਖੁਦ ਹੀ ਗੁਰਬਾਣੀਂ ਬਣ ਜਾਉ। ਭਾਵ ਸੱਚੇ ਬਣ ਜਾਉ ਅਤੇ ਸੱਚ ਦਾ ਪ੍ਰਚਾਰ ਕਰੋ। ਦਾਸ ਇਹ ਜੋ ਸਭ ਨੂੰ ਬੇਨਤੀ ਕਰਦਾ ਹੈ, ਕਿ ਗੁਰਬਾਣੀਂ ਨੂੰ ਮੰਨੋ, ਗੁਰਬਾਣੀਂ ਨੂੰ ਝੂਠਾ ਨਾਂ ਕਹੋ, ਦੱਸੋ ਕੀ ਦਾਸ ਇਹ ਵੀ ਕੋਈ ਗੁਨਾਂਹ ਕਰ ਰਿਹਾ ਹੈ।

ਆਵਾ ਗਉਣ ਦੇ ਵਿਸ਼ੇ ਨੂੰ ਸਮਝਣਾਂ ਉਨਾਂ ਹੀ ਜਰੂਰੀ ਹੈ, ਜਿਨਾਂ ਕੇ ਪ੍ਰਮਾਤਮਾਂ ਨੂੰ ਸਮਝਣਾਂ ਜਰੂਰੀ ਹੈ। ਇੱਕ ਹੈ ਪ੍ਰਮਾਤਮਾਂ ਅਤੇ ਦੂਜਾ ਹੈ ਸੰਸਾਰ ਸੰਸਾਰ ਨੂੰ ਪ੍ਰਮਾਤਮਾਂ ਨੇਂ ਬਨਾਇਆ ਹੈ। ਅਤੇ ਇਹ ਸੰਸਾਰ ਹੀ ਆਵਾ ਗਉਨ ਹੈ। ਆਵਾ ਗਉਣੁ ਹੈ ਸੰਸਾਰਾ॥ ਮਾਇਆ ਮੋਹੁ ਬਹੁ ਚਿਤੈ ਬਿਕਾਰਾ॥ ਅਤੇ ਅਸੀਂ ਸਾਰੇ ਸੰਸਾਰ ਤੋਂ ਵਖਰੇ ਕੋਈ ਤੀਜੇ ਹੋਰ ਨਹੀਂ ਹਾਂ। ਸੋ ਅਸੀਂ ਹੀ ਆਵਾ ਗਉਨ ਹਾਂ ਇਸ ਵਾਸਤੇ ਸਾਨੂੰ ਆਪਣੇਂ ਆਪ ਨੂੰ ਸਮਝਣਾਂ ਹੋਰ ਵੀ ਜਰੂਰੀ ਹੋ ਜਾਂਦਾ ਹੈ।

ਆਵਾ ਗਉਣੁ ਕੀਆ ਕਰਤਾਰਿ॥ ਨਿਹਚਲੁ ਸਾਚੁ ਰਹਿਆ ਕਲ ਧਾਰਿ॥ ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ॥ ੮੪੨

ਇਸ ਪੰਗਤੀ ਵਿੱਚ ਗੁਰੂ ਅਮਰਦਾਸ ਜੀ ਦੱਸਦੇ ਹਨ, ਇਹ ਆਵਾ ਗਉਣ ਕਰਤੇ (ਪ੍ਰਮੇਸ਼ਰ) ਨੇਂ ਬਨਾਇਆ ਹੈ। (ਪਰ ਸਾਡੇ ਪ੍ਰਚਾਰਕ ਕੀ ਕਹਿੰਦੇ ਹਨ, ਬਾਰ ਬਾਰ ਦੁਹਰਾਉਣ ਦੀ ਲੋੜ ਨਹੀਂ ਹੈ) ਉਸ ਨਿਹਚਲ ਸੱਚ (ਪ੍ਰਭੂ) ਨੇਂ ਆਪਣੀਂ “ਕਲਾ” (ਕਾਰੀਗਰੀ, ਸਮਰੱਥਾ, ਸ਼ਕਤੀ) ਨਾਲ ਇਹ ਕਲ ਧਾਰੀ ਹੈ। ਪ੍ਰਭੂ ਦੀ ਇਸ ਕਲਾ ਨੂੰ ਕੋਈ ਵਿਰਲਾ ਗੁਰਮੁਖ ਹੀ ਸਮਝੇ ਗਾ। ਕੋਈ ਵਿਰਲਾ ਗੁਰਮੁਖ ਹੀ ਬੁਝੇ ਗਾ।

ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾ ਗਉਣੁ ਸੰਸਾਰਾ॥ ਸਤਿਗੁਰੁ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ॥ ੫॥ ੧੨੩੪

ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ ਜੀ, ਦੱਸ ਰਹੇ ਹਨ, ਇਹ ਸਾਰਾ ਕੁੱਝ (ਕੇ ਆਵਾ ਗਵਨ ਹੋ ਰਿਹਾ ਹੈ) ਆਪਣੀਆਂ ਅੱਖਾਂ ਨਾਲ ਵੇਖ ਕੇ ਵੀ, ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਫਿਰ ਵੀ ਮੰਨ ਨਹੀਂ ਰਿਹਾ! ਫਿਰ ਵੀ ਇਹ ਇਸ ਗੱਲ ਦੀ ਵਿਚਾਰ ਨਹੀਂ ਕਰ ਰਿਹਾ। ਇਹ ਕਿੱਡਾ ਵਿਸਮਾਦ ਹੈ। ਅਸੀਂ ਸਿੱਖ ਹਾਂ, ਅਸੀਂ ਗੁਰ ਸਿੱਖ ਹਾਂ, ਅਸੀਂ ਇੱਕ ਦੂਜੇ ਤੋਂ ਵੱਡੇ ਗੁਰਸਿੱਖ ਹਾਂ। ਇਹ ਸਾਰੇ ਹੀ ਕਹਿੰਦੇ ਹਨ। ਪਰ ਬਾਣੀਂ ਤਾਂ ਕਹਿ ਰਹੀ ਹੈ ਸਤਿਗੁਰੁ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ ਯਾਨੀ ਕਿ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ, ਜਿਹੜਾ ਗੁਰੂ ਦਾ ਸਿੱਖ ਹੈ, ਉਹ ਤਾਂ ਸੋਈ ਬੂਝੈ ਇਸ ਸੱਚ ਨੂੰ ਉਂਜ ਹੀ ਬੁੱਝ ਲੈਂਦਾ ਹੈ। ਪਰ ਅਸਾਂ ਕੁੱਝ ਹੋਰ ਤਾਂ ਕੀ ਬੁੱਝਣਾਂ ਸੀ, ਸਾਨੂੰ ਤਾਂ ਇਸ ਦੀ ਵੀ ਸਮਝ ਨਾਂ ਆਈ, ਜਾਂ ਸਾਡੇ ਮੰਨਣ ਵਿੱਚ ਤਾਂ ਇਹ ਗੱਲ ਵੀ ਨਾਂ ਆਈ, ਜਿਹੜੀ ਕਿ ਸਾਨੂੰ ਗੁਰੂ ਆਪਣੇਂ ਮੁੱਖੋਂ ਕੂਕ ਕੂਕ ਕੇ ਕਹਿ ਰਿਹਾ ਹੈ, ਕਿ ਆਵਾ ਗਵਨੁ ਹੋਤੁ ਹੈ। …ਆਵਾ ਗਵਨੁ ਹੋਤੁ ਹੈ। ਪਰ ਅਸੀਂ ਫਿਰ ਵੀ ਨਹੀਂ ਮੰਨਦੇ।

ਉਲਟਾ ਅੱਗੋਂ ਇਹ ਕਹਿਣਾਂ ਕਿ, “ਗੁਰਬਾਣੀਂ ਵਿੱਚ ਤਾਂ ਗੁਰੂ ਸਾਹਿਬਾਂ ਵਲੋਂ ਪੁਜਾਰੀ ਦੇ ਬਣਾਏ ਆਵਾਗਵਨ ਚੌਰਾਸੀਹ ਅਤੇ ਨਰਕਾਂ ਨੂੰ ਗੁਰੂ ਸਾਹਿਬਾਂ ਨੇਂ ਮੂਲੋਂ ਹੀ ਨਕਾਰ ਦਿੱਤਾ ਹੈ” ਕੀ ਇਹ ਗੁਰੂ ਦੀ ਗੱਲ ਨੂੰ ਕੱਟਣਾਂ ਜਾਂ ਦਬਾਉਣਾਂ ਨਹੀਂ ਹੈ! ਅਸੀਂ ਗੁਰੂ ਦੀ ਹਰ ਗੱਲ ਨੂੰ ਦਬਾਕੇ, ਗੁਰੂ ਨੂੰ ਖਮੋਸ਼ ਕਰਾ ਰਹੇ ਹਾਂ। ਅਤੇ ਸਿਰਫ ਆਪਣੀਂ ਗੱਲ ਅੱਗੇ ਰੱਖ ਰਹੇ ਹਾਂ। ਫਿਰ ਵੀ ਅਸੀਂ ਇੱਕ ਆਪਣੇਂ ਆਪ ਨੂੰ ਹੀ ਸੱਭ ਤੋਂ ਵੱਡੇ ਗੁਰਸਿੱਖ ਕਹਾਉਂਦੇ ਹਾਂ। ਅਸੀਂ ਗੁਰੂ ਦਾ ਕਹਿਣਾਂ ਨਹੀਂ ਮੰਨਦੇ, ਇਸ ਵਾਸਤੇ ਹੀ ਸਾਨੂੰ ਚਾਰੇ ਪਾਸਿਆ ਤੋਂ ਮੁਸ਼ਕਲਾਂ, ਝਗੜਿਆ ਨੇਂ ਘੇਰਿਆ ਹੋਇਆ ਹੈ। ਵੀਰੋ ਗੁਰੂ ਦੇ ਹੁਕਮ ਨੂੰ ਪਹਿਚਾਨੋਂ।

ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ॥ ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ॥ ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ॥ ੩॥ ੧੯ ਮ: ੧

ਗੁਰ ਕਉ ਜਾਣਿ ਨ ਜਾਣਈ ਜਿਹੜਾ ਜਾਣਬੁੱਝ ਕੇ, ਗੁਰੂ ਨੂੰ ਜਾਨਣਾਂ ਹੀ ਨਹੀਂ ਚਾਹੁੰਦਾ। ਜਿਹੜਾ ਜਾਣਬੁੱਝ ਕੇ ਗੁਰੂ ਦੀ ਗੱਲ ਦਾ ਮਖੌਲ ਉਡਾਉਂਦਾ ਹੈ। ਉਸ ਦਾ ਚੱਜ ਆਚਾਰ, ਜਾਂ ਉਸ ਦਾ ਰਵਈਆ, ਕਿਆ ਤਿਸੁ ਚਜੁ ਅਚਾਰੁ॥ ਕੀ ਹੋਵੇ ਗਾ। ਗੁਰੂ ਨਾਨਕ ਜੀ ਕਹਿ ਰਹੇ ਹਨ, ਐਸੇ ਅੰਨ੍ਹੇਂ ਮਨਮੁੱਖ ਮਨੁੱਖ ਦੇ ਮਗਰ ਲੱਗ ਕੇ, ਜਿਹੜਾ ਵੀ ਉਸ ਦੀ ਗੱਲ ਨੂੰ ਮੰਨੇਂ ਗਾ, ਜਿਹੜਾ ਵੀ ਉਸ ਦੇ ਪਿੱਛੇ ਤੁਰੇ ਗਾ। ਉਹ ਵੀ ਅੰਧ ਗੁਬਾਰੁ ਦੇ ਇਸ ਰਾਹ ਵਿੱਚ ਧੱਕੇ ਖਾਵੇ ਗਾ। ਉਸ ਦਾ ਇਹ ਆਵਣ ਜਾਣ (ਆਵਾ ਗਵਣ) ਦਾ ਰਾਹ, ਕਦੇ ਵੀ ਖਤਮ ਨਹੀਂ ਹੋਵੇ ਗਾ। ਉਹ ਬਹੁਤ ਖੱਜਲ ਖੁਆਰ (ਜਲੀਲ) ਹੋਵੇ ਗਾ, ਉਸ ਦਾ ਜਮਣਾਂ ਮਰਣਾਂ ਕਦੇ ਖਤਮ ਨਹੀਂ ਹੋਵੇ ਗਾ। ਇਹ ਕਹਿਣਾਂ ਗੁਰੂ ਨਾਨਕ ਦੇਵ ਜੀ ਦਾ ਹੈ, ਕਿਸੇ ਬ੍ਰਹਾਮਣ ਦਾ ਨਹੀਂ। ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ॥

ਗੁਣ ਨਿਧਾਨ ਤੇਰਾ ਅੰਤੁ ਨ ਪਾਇਆ॥ ਸਾਚ ਸਬਦਿ ਤੁਝ ਮਾਹਿ ਸਮਾਇਆ॥ ਆਵਾ ਗਉਣੁ ਤੁਧੁ ਆਪਿ ਰਚਾਇਆ॥ ਸੇਈ ਭਗਤ ਜਿਨ ਸਚਿ ਚਿਤੁ ਲਾਇਆ॥ ੨॥ ੧੩੪੨ ਮ: ੧

ਗੁਰੂ ਨਾਨਕ ਦੇਵ ਜੀ, ਉਸ ਪ੍ਰਮਾਤਮਾਂ ਨੂੰ, ਕਹਿੰਦੇ ਹਨ, ਹੇ ਪ੍ਰਭੂ ਹੇ ਗੁਣ ਨਿਧਾਨ (ਨਿਧੀਆਂ ਦੇ ਖਜਾਨੇ, ਨਿਧੀਆਂ ਦੇ ਘਰ) ਤੇਰੇ ਗੁਣਾਂ (ਕਿਹੋ ਕਿਹੋ ਜਿਹੇ ਗੁਣ ਹਨ ਤੇਰੇ) ਦਾ ਕਿਸੇ ਨੇਂ ਅੰਤ ਨਹੀਂ ਪਾਇਆ ਹੈ, (ਹੁਣ ਕੋਈ ਇਹ ਨਾਂ ਸਮਝ ਲਵੇ ਕੇ ਗੁਰੂ ਨਾਨਕ ਨੇਂ ਵੀ ਉਸ ਦਾ ਅੰਤ ਨਹੀਂ ਪਾਇਆ ਹੈ, ਗਰੂ ਨਾਨਕ ਜੀ ਨੇਂ ਤਾਂ ਆ ਕੇ ਉਸ ਪ੍ਰਮਾਤਮਾਂ ਨੂੰ ਨਸਰ ਕਰ ਦਿੱਤਾ ਹੈ। ਜਿਹੜਾ ਗੁਰੂ ਨਾਨਕ ਦਾ ਸਿੱਖ ਹੋਵੇ ਗਾ, ਉਹ ਗੁਰੂ ਨਾਨਕ ਪਾਸੋਂ ਪ੍ਰਭੂ ਦੇ ਹਰ ਭੇਦ ਨੂੰ ਜਾਣ ਲੈਂਦਾ/ਸੱਕਦਾ ਹੈ। ਇਸੇ ਵਾਸਤੇ ਹੀ ਗੁਰਸਿੱਖ ਨੂੰ ਵਿਸਮਾਦ ਹੁੰਦਾ ਹੈ, ਕਿ ਇਹ ਕੀ ਕਰ ਰਿਹਾ ਹੈ ਪ੍ਰਮਾਤਮਾਂ, ਇਹ ਕੈਸੇ ਕੈਸੇ ਗੁਣਾਂ ਦਾ ਮਾਲਕ ਹੈ ਪ੍ਰਭੂ। ਜਿਹੜਾ ਪ੍ਰਭੂ ਦੇ ਗੁਣਾਂ ਨੂੰ ਜਾਣਦਾ ਹੀ ਨਹੀਂ, ਉਸ ਨੂੰ ਵਿਸਮਾਦ ਕੀ ਹੋਣਾਂ ਹੈ) (ਨੋਟ:-ਪਾਠਕ ਵੀਰੋ, “ਸਲੋਕ ਮਃ ੧॥ ਵਿਸਮਾਦੁ ਨਾਦ ਵਿਸਮਾਦੁ ਵੇਦ” ਵਾਲਾ ਸ਼ਬਦ ਇੱਕ ਵਾਰ ਫਿਰ ਦੁਬਾਰਾ ਵਿਚਾਰ ਵਿਚਾਰ ਕੇ, ਪੜ੍ਹ ਕੇ, ਸਮਝਣ ਦੀ ਕੋਸ਼ਿਸ਼ ਕਰੋ ਜੀ) ਅਗੇ ਗੁਰੂ ਨਾਨਕ ਜੀ (ਪ੍ਰਭੂ ਨੂੰ) ਕਹਿੰਦੇ ਹਨ ਸਾਚ ਸਬਦਿ ਤੁਝ ਮਾਹਿ ਸਮਾਇਆ॥ ਆਵਾ ਗਉਣੁ ਤੁਧੁ ਆਪਿ ਰਚਾਇਆ॥ ਸਚਾ ਸ਼ਬਦ ਵੀ ਤੇਰੇ ਵਿੱਚ ਹੀ ਸਮਾਇਆ ਹੋਇਆ ਹੈ (ਜੇ ਸੱਚਾ ਸ਼ਬਦ ਹਰੀ ਦੇ ਵਿੱਚ ਸਮਾਇਆ ਹੋਇਆ ਹੈ, ਸੋਚੋ ਸਾਨੂੰ ਕਿਵੇਂ ਲੱਭੇ) ਅਤੇ ਆਵਾ ਗਉਨ ਵੀ ਤੂੰ ਆਪ ਹੀ ਬਨਾਇਆ ਹੈ। (ਪਰ ਅਸੀਂ ਸਾਰੇ ਹੀ ਇੱਕ ਸੁਰ ਹੋ ਕੇ ਬ੍ਰਾਹਮਣਾਂ ਨੂੰ ਕੋਸਦੇ ਹਾਂ, ਕੇ ਆਵਾ ਗਵਣ ਬ੍ਰਾਹਮਣਾਂ ਨੇਂ ਬਨਾਇਆ ਹੈ।) ਹੇ ਪ੍ਰਭੂ ਤੇਰੇ ਸੱਚੇ ਭਗਤਾਂ ਨੇਂ, ਇਸ ਸੱਚ ਨੂੰ ਮੰਨ ਕੇ, ਆਪਣੇਂ ਚਿੱਤ ਵਿੱਚ ਵਸਾ ਲਿਆ ਹੈ। ਆਵਾ ਗਉਣੁ ਤੁਧੁ ਆਪਿ ਰਚਾਇਆ॥ ਸੇਈ ਭਗਤ ਜਿਨ ਸਚਿ ਚਿਤੁ ਲਾਇਆ॥ ਤੇਰੇ ਭਗਤਿ ਬਾਣੀਂ ਨੂੰ ਸਤਿ ਕਰਕੇ ਮੰਨਦੇ ਹਨ। ਕਿ ਜੋ ਤੁਸੀਂ ਕਹਿ ਰਹੇ ਹੋ, ਉਹ ਹੀ ਸਤਿ ਹੈ

ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ॥ ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ॥ ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ॥ ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੁਲੇ ਫਿਰਦਿਆ॥ ੫੪੧ ਮ: ੫

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ, ਇਸ ਊਪਰ ਵਾਲੇ ਸ਼ਬਦ ਵਿੱਚ ਦੱਸਦੇ ਹਨ, ਹੇ ਮੇਰੇ ਪਿਆਰੇ, ਅਸੀਂ ਹਰੀ ਦਾ ਇੱਕ ਅਸਚਰਜ ਕੌਤਕ, ਹੈਰਾਨ ਕਰਨ ਵਾਲਾ ਇੱਕ ਤਮਾਸ਼ਾ ਵੇਖਿਆ ਹੈ। ਕਿ ਉਹ ਜੋ ਵੀ ਕਰਦਾ ਹੈ, ਸੱਭ ਧਰਮ ਮੰਨਿਆਂ ਜਾਂਦਾ ਹੈ, ਅਤੇ ਉਹ ਨਿਆਉ ਕਹਾਉਂਦਾ ਹੈ। ਉਸ ਪ੍ਰਭੂ ਨੇਂ ਆਪਣੇਂ (ਰੰਗ) ਆਨੰਦ ਮੌਜ ਖੁਸ਼ੀ ਚੋਜ ਤਮਾਸ਼ੇ ਵਾਸਤੇ, ਇਹ ਜਗਤ ਰੂਪੀ ਇੱਕ ਅਖਾੜਾ, ਇੱਕ ਰੰਗ ਤਮਾਸ਼ਾ, ਇੱਕ ਪਿੜ ਬਨਾ ਦਿੱਤਾ ਹੈ। ਜਿਸ ਵਿੱਚ ਸਬਨਾਂ ਨੂੰ (ਸਬਾਏ) ਆਵਣ ਜਾਣ (ਆਵਾ ਗਉਣ, ਜੰਮਣ ਮਰਨ) ਦੇ ਚੱਕਰ ਵਿੱਚ ਪਾ ਦਿੱਤਾ ਹੈ। ਇਹ ਆਵਣ ਤੇ ਜਾਣ ਉਸ ਨੇਂ ਹੀ ਕੀਤਾ (ਬਨਾਇਆ) ਹੈ ਜਿਸ ਨੇਂ ਇਹ ਸਾਰੀ ਮੇਦਨਿ (ਧਰਤੀ, ਆਕਾਸ਼, ਸਾਰਾ ਜਗਤ, ਸਾਰੀ ਸ੍ਰਿਸਟੀ) ਸਿਰਜੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਇਹ ਕਹਿ ਰਹੇ ਹਨ ਕਿ, ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ॥ (ਪਰ ਸਾਡੇ ਵਿਦਵਾਨ ਅਤੇ ਪਰਚਾਰਕ ਤਾਂ ਕਹਿੰਦੇ ਹਨ, ਕੇ “ਆਵਾ ਗਉਣ” ਆਦਿ ਬ੍ਰਾਹਮਨਾਂ ਅਤੇ ਪੁਜਾਰੀਆਂ ਨੇ ਬਨਾਇਆ ਹੈ। ਪਾਠਕ ਵੀਰੋ ਤੁਸੀਂ ਦੱਸੋ ਗੁਰੂ ਅਰਜਨ ਦੇਵ ਜੀ ਸੱਚ ਕਹਿ ਰਹੇ ਹਨ, ਜਾਂ ਵਿਦਵਾਨ ਅਤੇ ਪ੍ਰਚਾਰਕ ਸੱਚ ਕਹਿ ਰਹੇ ਹਨ।

“ਆਵਾ ਗਉਣੁ ਰਚਾਇ ਉਪਾਈ ਮੇਦਨੀ॥” ਮ: ੩

ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ॥ ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ॥ ੭॥ ੭੫੪

ਗੁਰੂ ਅਮਰਦਾਸ ਜੀ ਵੀ ਇਹੋ ਹੀ ਕਹਿੰਦੇ ਹਨ, ਕੇ ਆਵਾ ਗਉਣ ਦਾ ਇਹ ਪਸਾਰਾ, ਕਿਸੇ ਹੋਰ ਨੇਂ ਨਹੀਂ (ਪੁਜਾਰੀਆਂ ਨੇਂ ਨਹੀਂ) ਉਸ ਸੱਚੇ ਪ੍ਰਭੂ ਨੇਂ ਆਪ ਬਨਾਇਆ ਹੈ। ਇਹ ਉਸ (ਪ੍ਰਭੂ) ਦਾ ਖੇਲ (ਤਮਾਸ਼ਾ) ਹੈ। ਇਹ ਸਾਰਾ ਖੇਲ ਤਮਾਸ਼ਾ ਸਾਨੂੰ ਸਾਡੇ ਪੂਰੇ ਸਤਿਗੁਰੂ ਨੇਂ, ਆਪਣੀਆਂ ਅੱਖਾਂ ਨਾਲ ਆਪ ਦਿਖਾਇਆ ਹੈ

ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ॥ ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋ ਵਾਰਾ॥ ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ॥ ੫੮੩

ਉਸ ਹਰੀ ਨੇਂ ਆਪ ਹੀ ਇਹ ਸਾਰਾ ਜਗਤ ਪੈਦਾ ਕੀਤਾ, ਅਤੇ ਆਪ ਹੀ ਆਵਣ ਜਾਣ ਦੇ ਚੱਕਰ ਵਿੱਚ ਪਾ ਦਿੱਤਾ। ਅਤੇ ਆਪ ਹੀ ਮਾਇਆਂ ਦੇ ਮੋਹ ਵਿੱਚ ਪਾ ਕੇ ਸਾਰੇ ਹੀ ਸੰਸਾਰ ਨੂੰ ਭੁਲਾ ਦਿੱਤਾ। ਜਿਸ ਕਾਰਨ ਸਾਰਾ ਹੀ ਸੰਸਾਰ ਵਾਰ ਵਾਰ ਜੰਮਦਾ ਹੈ, ਵਾਰ ਵਾਰ ਮਰਦਾ ਹੈ। ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ॥ ਜਿਵੇਂ ਜਿਵੇਂ ਵਾਰ ਵਾਰ ਜੰਮਦਾ ਰਹਿੰਦਾ ਹੈ, ਵਾਰ ਵਾਰ ਮਰਦਾ ਰਹਿੰਦਾ ਹੈ। ਬਿਕਾਰ (ਬੁਰਾਈਆਂ) ਹੋਰ ਵਧਦੀਆਂ ਰਹਿੰਦੀਆਂ ਹਨ। ਹਰ ਜਨਮ ਵਿੱਚ ਬਿਕਾਰ ਵਧਦੇ ਹੀ ਜਾਂਦੇ ਹਨ, ਕਿਉਂ ਕਿ ਗਿਆਨ ਨਹੀਂ ਹੈ। ਸੱਚੇ ਗਿਆਨ ਤੋਂ ਬਿਨਾਂ ਇਹ ਸੰਸਾਰ ਠੱਗਿਆ ਜਾ ਰਿਹਾ ਹੈ, ਲੁਟਿਆ ਜਾ ਰਿਹਾ ਹੈ। (ਅਸੀਂ ਵੀ ਵਿਚੇ ਹੀ ਹਾਂ ਪਰ ਸਾਨੂੰ ਇਸ ਗੱਲ ਦਾ ਚਿੱਤ ਚੇਤਾ ਵੀ ਨਹੀਂ ਹੈ)

ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ॥ ੯੪੦ ਮ: ੧

ਜਿਹੜੇ ਸਾਡੇ ਵਰਗੇ ਝੂਠੇ ਹਨ, ਜਿਹੜੇ ਬਾਣੀਂ ਨੂੰ ਝੂਠਾ ਕਹਿੰਦੇ ਹਨ, ਜੋ ਉਲਟੇ ਪਾਸੇ ਲੱਗੇ ਹੋਇ ਹਨ। ਉਹਨਾਂ ਦਾ ਕੋਈ ਠਹੁਰ ਠਿਕਾਣਾਂ ਨਹੀਂ ਹੁੰਦਾ। ਦੂਜੈ ਆਵਾ ਗਉਣੁ ਭਇਆ ਇਹ ਆਵਾ ਗਉਣ ਉਹਨਾਂ ਵਾਸਤੇ ਹੈ।

ਜਮਿ ਜਮਿ ਮਰੈ ਮਰੈ ਫਿਰਿ ਜੰਮੈ॥ ਬਹੁਤੁ ਸਜਾਇ ਪਇਆ ਦੇਸਿ ਲμਮੈ॥ ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ॥ ੫॥ ੧੦੨੦

ਬਾਰ ਬਾਰ ਜੰਮੇਂ ਗਾ, ਬਾਰ ਬਾਰ ਮਰੇ ਗਾ, ਮਰਨ ਤੋਂ ਬਾਦ ਫਿਰ ਜੰਮੇਂ ਗਾ, ਜੰਮੇ ਗਾ ਤਾਂ ਫਿਰ ਮਰੇ ਗਾ ਵੀ ਜਰੂਰ, ਫਿਰ ਜੰਮੇਂ ਗਾ ਫਿਰ ਮਰੇ ਗਾ। ਇਸ ਤਰਾਂ ਇਹ ਸਿਲਸਲਾ ਕਰੋੜਾਂ ਜੁੱਗਾਂ ਤੱਕ ਚਲਦਾ ਰਹੇ ਗਾ। ਬਹੁਤ ਲੰਮੀਂ ਸਜਾ ਮਿਲੇ ਗੀ, ਇਹ ਜੰਮਣ ਅਤੇ ਮਰਣ ਦੀ। ਕਿਉਂ ਕੇ ਜਿਸ ਨੇਂ ਇਹ ਆਵਣ ਜਾਣ, (ਆਵਾ ਗਵਣ) ਬਨਾਇਆ ਹੈ ਉਸ ਨੂੰ ਇਹ ਪ੍ਰਾਣੀਂ ਜਾਣਦਾ ਨਹੀਂ ਹੈ। ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ॥ ਇਸ ਵਾਸਤੇ ਇਹ ਪਰਾਣੀ ਜੁਗਾਂ ਜੁਗਾਂਤਰਾਂ ਤੋਂ ਜੰਮਣ ਅਤੇ ਮਰਣ ਦਾ ਦੁਖ ਝੇਲ ਰਿਹਾ ਹੈ ਅਤੇ ਝੇਲਦਾ ਹੀ ਰਹੇ ਗਾ। ਆਵਾ ਗਾਉਣ ਨੂੰ ਵੀ ਨਹੀਂ ਮੰਨਦਾ, ਜੇ ਮੰਨਦਾ ਹੁੰਦਾ ਤਾਂ ਇਸ ਤੋਂ ਬਚਨ ਦਾ ਸ਼ਾਇਦ ਕੋਈ ਉਪਾਉ ਵੀ ਕਰਦਾ। ਤਾਂ ਹੋ ਸੱਕਦਾ ਹੈ ਸ਼ਾਇਦ ਕੋਈ ਰਸਤਾ ਵੀ ਮਿਲ ਜਾਂਦਾ। (ਇਹ ਤਾਂ ਭਾਈ ਉਸ ਕਰਤੇ ਦਾ ਧਰਮ ਨਿਆਇ ਹੈ)

ਵਿਦਵਾਨ ਅਤੇ ਪ੍ਰਚਾਰਕ ਵੀਰੋ, ਜਰਾ ਸੋਚੋ ਮੰਨ ਲਵੋ, ਕੇ ਗੁਰਬਾਣੀਂ ਸੱਚ ਕਹਿ ਰਹੀ ਹੈ। ਜੇ ਆਵਾ ਗਵਨ ਬਾਰੇ ਗੁਰਬਾਣੀਂ ਦਾ ਕਹਿਣਾਂ ਸੱਚ ਹੋਵੇ ਤਾਂ ਕੀ ਸਾਡੀ ਆਪਣੀਂ ਹੀ ਕੁੱਲ ਵਿਚੋਂ ਕਿਸੇ ਨੇਂ ਆਵਾ ਗਵਣ ਵਿਚੋਂ ਮੁਕਤ ਹੋਣ ਦੀ ਕਦੇ ਫਿਕਰ ਕੀਤੀ ਸੀ। ਜਾਂ ਆਵਾ ਗਵਣ ਤੋ, ਬਚਨ ਦਾ ਕੋਈ ਉਪਾਉ ਕੀਤਾ ਸੀ, ਜੇ ਨਹੀਂ ਤਾਂ ਜਿੰਨਾਂ ਨੂੰ ਅਸੀਂ ਆਪਣੇਂ ਹੱਥੀਂ ਤੋਰ ਚੁੱਕੇ ਹਾਂ, (ਉਸ ਤੋਂ ਪਿਛਲੇ, ਆਪਣੀਂ ਕੁਲ ਦੇ ਪ੍ਰਾਣੀਂ, ਜਿੰਨ੍ਹਾਂ ਨੂੰ ਅਸੀਂ ਵੇਖਿਆ ਹੀ ਨਹੀਂ ਹੈ ਉਹਨਾਂ ਦੀ ਤਾਂ ਗੱਲ ਹੀ ਛੱਡੋ) ਕੁੱਝ ਨੂੰ ਤੋਰ ਚੁਕੇ ਹਾਂ, ਕੁੱਝ ਜਾਣ ਵਾਸਤੇ ਤਿਆਰ ਹਨ, ਅਸੀਂ ਵੀ ਤੁਰ ਜਾਣਾਂ ਹੈ, ਅਤੇ ਸਾਡੀਆਂ ਆਉਣ ਵਾਲੀਆਂ ਕੁਲਾਂ ਵੀ ਤੁਰ ਜਾਣ ਗੀਆਂ।

ਜਿਵੇਂ ਬਾਣੀਂ ਕਹਿ ਰਹੀ ਹੈ, ਜੇ ਉਹ ਸਭੋ ਹੀ ਸੱਚ ਹੋਵੇ, ਤਾਂ ਉਸ ਅਨੂਸਾਰ, ਸਾਡਾ ਅਤੇ ਸਾਡੀਆਂ ਅਗਲੀਆਂ ਪਿਛਲੀਆਂ ਕੁੱਲਾਂ ਦਾ ਕੀ ਬਣੇਂ ਗਾ? ।

ਗੁਰੂ ਤਾਂ ਸਾਫ ਸਾਫ ਕਹਿ ਰਿਹਾ ਹੈ ਕਿ “ਆਵਾ ਗਵਨੁ ਹੋਤੁ ਹੈਆਵਾ ਗਵਨ ਹੀ ਸੰਸਾਰ ਹੈ, ਅਤੇ ਸੰਸਾਰ ਵਿੱਚ ਸਾਰੇ ਹੀ ਆ ਜਾਂਦੇ ਹਨ।

ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ॥ ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ॥ ੮੫ ਮ: ੧

ਗੁਰੂ ਨਾਨਕ ਦੇਵ ਜੀ ਦਾ ਕਹਿਣਾਂ ਹੈ, ਮਨਮੁਖ ਪ੍ਰਾਣੀਂ ਜੋ ਆਪਣੇਂ ਮਨ ਦਾ ਕਹਿਣਾਂ ਮੰਨਦੇ ਹਨ, ਗਰੂ ਦਾ ਕਹਿਣਾਂ ਨਹੀਂ ਮੰਨਦੇ। ਇਹਨਾਂ ਨੂੰ ਕੁੱਝ ਵੀ ਸੁਝਦਾ ਨਹੀਂ ਹੈ, ਇਹਨਾਂ ਨੂੰ ਕੋਈ ਵੀ ਸੂਝ ਨਹੀਂ, ਕੁੱਝ ਵੀ ਸਮਝ ਨਹੀਂ ਹੈ। ਇਹ ਸੱਭ ਉਹਨਾਂ ਦੇ ਪਿਛਲੇ ਜਨਮ ਦੇ ਕਰਮਾਂ ਦਾ ਫਲ ਹੈ। ਪਿਛਲੇ ਸੰਸਕਾਰਾਂ ਦੇ ਬੱਝੇ ਹੋਇ ਅੰਧਲੇ ਕਰਮ ਕਰਦੇ ਹਨ। ਇਸੇ ਵਾਸਤੇ ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ਉਹਨਾਂ ਦੇ ਗਲੇ ਵਿਚੋਂ ਜਮਾਂ ਦੀ ਫਾਹੀ ਕਦੇ ਵੀ ਕੱਟੀ ਨਹੀਂ ਜਾ ਸੱਕਦੀ। ਉਹ ਫਿਰ ਫਿਰ ਬਾਰ ਬਾਰ, ਆਉਂਦੇ ਹਨ ਜਾਂਦੇ ਹਨ, ਜੰਮਦੇ ਹਨ ਮਰਦੇ ਹਨ, ਕੀਤੇ ਹੋਏ ਕਰਮਾਂ ਦੇ ਹਿਸਾਬ ਨਾਲ ਉਚੀਆਂ ਨੀਵੀਆਂ ਜੂਨਾਂ ਵਿੱਚ ਧੱਕੇ ਖਾਂਦੇ ਫਿਰਦੇ ਰਹਿੰਦੇ ਹਨ।

ਸਾਡੇ ਪੂਰਵਜ ਇਸ ਵੇਲੇ ਕਿਸ ਸਥਿਤੀ ਵਿੱਚ ਹੋ ਸੱਕਦੇ ਹਨ। ਇਸ ਗੱਲ ਦਾ ਮੋਟਾ ਜਿਹਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸੱਕਦਾ ਹੈ। ਗੁਰੂ ਅਮਰ ਦਾਸ ਜੀ ਬਾਣੀਂ ਦੁਆਰਾ ਸਮਝਾਉਂਦੇ ਹਨ, ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ॥ ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ॥ ੬॥ ੪੨੬ ਗੁਰੂ ਅਮਰ ਦਾਸ ਜੀ ਦਾ ਕਹਿਣਾਂ ਹੈ, ਅੱਗੇ (ਹਰੀ ਦੇ ਘਰ) ਨਾਮ ਤੋਂ ਬਿਨਾਂ ਹੋਰ ਕੋਈ ਵੀ ਕਰਮ ਮੰਨਿਆਂ ਨਹੀਂ ਜਾਂਦਾ, “ਬਿਨੁ ਨਾਵੈ ਕੋਇ ਨ ਮੰਨੀਐ” ਜੇ ਤਾਂ ਉਹਨਾਂ ਦੇ ਪਾਸ ਨਾਮ ਹੈਗਾ ਸੀ, ਫਿਰ ਤਾਂ ਚਿੰਤਾ ਦੀ ਬਿਲਕੁਲ ਹੀ ਕੋਈ ਗੱਲ ਨਹੀਂ ਹੈ। ਨਹੀਂ ਤਾਂ ਮਨਮੁਖਿ ਪਤਿ ਗਵਾਈ॥ ਨਹੀਂ ਤਾਂ ਉਥੇ ਕੋਈ ਸਿਪਾਰਸ਼ ਜਾਂ ਲਿਹਾਜ ਤਾਂ ਹੋਣਾਂ ਨਹੀਂ, ਕੇ ਇਹ ਕਿਸ ਦਾ ਬਾਪ ਹੈ, ਕਿਸ ਦਾ ਬੇਟਾ ਹੈ, ਜਾਂ ਦੁਨੀਆਂ ਵਿੱਚ ਉਸ ਦਾ ਕੀ ਰੁਤਬਾ ਸੀ, ਦੁਨੀਆਂ ਉਸ ਨੂੰ ਗੁਰਮੁਖ ਆਖਦੀ ਸੀ। ਜਾਂ ਇਹ ਕਿਹੜੇ ਧਰਮ ਵਿਚੋਂ ਸੀ। “ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ” ਉਸ ਦਾ ਜਨਮ ਬਿਰਥਾ ਚਲਾ ਗਿਆ ਹੈ, ਪਿਛੋਂ ਭਾਵੇਂ ਅਸੀਂ ਉਸ ਦੀਆਂ ਬਰਸੀਆਂ ਮਨਾਈਏ, ਤੇ ਭਾਵੇਂ ਸਰਾਧ ਕਰੀਏ। ਕੁੱਝ ਵੀ ਲਾਭ ਨਹੀਂ ਹੋਣਾਂ।

ਅਗਲੇ ਸ਼ਬਦ ਵਿਚ, ਗੁਰੂ ਅਮਰਦਾਸ ਜੀ ਦੱਸਦੇ ਹਨ। ਇਥੇ ਭਾਵੇਂ ਕੋਈ ਸਾਡਾ ਬਾਪ ਹੈ, ਭਾਵੇਂ ਕੋਈ ਭੂਪ ਹੈ, ਜਾਂ ਰਾਜਾ ਰਾਣਾਂ ਹੈ, ਭਾਵੇਂ ਕਿਸੇ ਦਾ ਕਿਨਾਂ ਵੱਡਾ ਰੁਤਬਾ ਹੈ, ਸਾਰੀ ਦੁਨੀਆਂ ਸਾਨੂੰ ਹੱਥਾਂ ਤੇ ਚੁਕਦੀ ਹੋਵੇ, ਸਾਰੀ ਦੁਨੀਆਂ ਸਾਡੇ ਝੰਡੇ (ਨਾਹਰੇ) ਥੱਲੇ ਇਕੱਠੀ ਵੀ ਹੁੰਦੀ ਹੋਵੇ, ਇਹ ਤਾਂ ਚਾਰ ਦਿਨਾਂ ਦਾ ਰੰਗ ਤਮਾਸ਼ਾ ਹੈ। ਇਹ ਤਾਂ ਸਭ ਮਇਆ ਦਾ ਰੰਗੁ ਹੈ। ਕਸੁੰਭ ਦੇ ਫੁੱਲ ਦੇ ਰੰਗੁ ਵਰਗਾ ਹੈ। ਇਸ ਰੰਗ ਦੇ ਉੱਤਰਦਿਆਂ ਦੇਰ ਨਹੀਂ ਲੱਗਣੀਂ। ਇਹ ਰੰਗ ਨਾਲ ਨਹੀਂ ਜਾਣੇਂ, ਇਹਨਾਂ ਰੰਗਾਂ ਵਾਸਤੇ ਕੀਤੇ ਪਾਪਾਂ ਦੀ ਪੰਡ ਸਿਰ ਤੇ ਚੁੱਕ ਕੇ ਨਾਲ ਜਰੂਰ ਲੈ ਜਾਵੇ ਗਾ ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ਜਦੋਂ ਮਾਲ (ਪਾਪਾਂ ਸਮੇਤ) ਸਮੇਤ ਚੋਰ (ਰੰਗੇ ਹਥੀਂ) ਪਕੜਿਆ ਜਾਂਦਾ ਹੈ, ਤਾਂ ਉਸ ਦਾ ਕੀ ਹਾਲ ਹੁੰਦਾ ਹੈ/ਹੋਵੇ ਗਾ, ਤੁਸੀਂ ਜਾਣ ਸਕਦੇ ਹੋ।

ਪਉੜੀ॥ ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ॥ ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ॥ ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ॥ ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ॥ ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ॥ ੬॥ ੬੪੫

ਜਦ ਜਮ ਮਾਲ ਸਮੇਤ ਫੜ ਲੈਂਦੇ ਹਨ, ਤਾਂ ਫਿਰ ਇਹ ਪ੍ਰਾਣੀਂ ਬਹੁਤ ਪਛਤਾਉਂਦਾ ਹੈ। ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ॥

ਪਿੱਛੇ ਜੋ ਹੋਇਆ ਸੋ ਹੋਇਆ। ਬੀਤਿਆ ਵੇਲਾ ਕਿਸੇ ਦੇ ਵੀ ਹੱਥ ਨਹੀਂ ਆਉਣਾਂ। ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ॥ ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ ਲਹੰਨਿ॥ ੧॥ ਜਿੰਨ੍ਹਾਂ ਨੇਂ ਸਾਰੀ ਉਮਰ ਗੁਰੂ ਦੇ ਹੁਕਮ ਦੀ ਪ੍ਰਵਾਹ ਨਹੀਂ ਕੀਤੀ, ਗੁਰੂ ਦੇ ਹੁਕਮ ਤੋਂ ਮੂਹ ਫੇਰੀ ਰੱਖਿਆ, ਉਹ ਬੇਮੁਖ ਹਨ ਬੁਰੇ ਹਨ, ਉਹ ਜਮਾਂ ਦੇ ਦੇਸ ਵਿੱਚ ਬੰਨ ਕੇ ਲਿਜਾਏ ਜਾਣ ਗੇ। ਜਮਾਂ ਦੀ ਮਾਰ ਖਾਣ ਗੇ। ਇਹ ਹੈ ਉਸ ਪ੍ਰਭੂ ਦਾ ਧਰਮ ਨਿਆਇ। ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ॥ ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ॥

ਪਿੱਛੇ ਜੋ ਹੋਇਆ ਸੋ ਹੋਇਆ ਮੂਰਖ। ਜਿੰਨ੍ਹਾਂ ਦਾ ਵੇਲਾ ਬੀਤ ਗਿਆ, ਜਿਨ੍ਹਾਂ ਨੇਂ ਆਪਣਾਂ ਜਨਮ ਬਿਰਥਾ ਗਵਾ ਲਿਆ, ਉਹਨਾਂ ਦੀ ਗੱਲ ਛੱਡ। ਅੱਜ ਤੇਰੀ ਵਾਰੀ ਹੈ, ਵੇਲਾ ਅਜੇ ਤੇਰੇ ਹੱਥ ਵਿੱਚ ਹੈ। ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ॥ ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ॥ ੧੨॥ ੪੩੫ ਜੇ ਤੂੰ ਵੀ ਇਹ ਵੇਲਾ ਗਵਾ ਲਿਆ ਮੂਰਖਾ, ਤਾਂ ਤੂੰ ਵੀ ਜਮਾਂ ਦੇ ਵੱਸ ਪੈ ਜਾਵੇਂ ਗਾ। ਅੱਜ ਜੇ ਵੇਲਾ ਨਾਂ ਸੰਭਾਲਿਆ ਤਾਂ ਉਸ ਤੋਂ ਬਾਦ ਤਾਂ ਫਿਰ ਹਰੀ ਦੇ ਧਰਮ ਨਿਆਂ ਦਾ ਡੰਡਾ ਹੀ ਹੋ ਸੱਕਦਾ ਹੈ। ਇਸੇ ਕੰਮ ਵਾਸਤੇ ਹੀ ਉਸ ਹਰੀ ਨੇ ਜਮ ਪੈਦਾ ਕੀਤੇ ਹਨ। ਜਮ ਹਰੀ ਦੇ ਸਿਪਾਹੀ ਹਨ। ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ॥ ੩॥

ਮਃ ੩॥ ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ॥ ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ॥ ਆਵਣੁ ਜਾਣੁ ਨ ਸੁਝਈ ਅੰਧਾ ਅੰਧੁ ਕਮਾਇ॥ ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ॥ ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ॥ ੨॥ ੯੪੭

ਖੇਤ ਵਿੱਚ ਫਸਲ ਬੀਜੀ ਜਾਂਦੀ ਹੈ, ਅਸੀਂ ਕੁੱਝ (ਥੋੜੇ ਜਿਹੇ) ਦਾਣੇਂ ਬੀਜਦੇ ਹਾਂ, ਤਾਂ ਫਸਲ ਦਾ ਬੋਹਲ ਲੱਗ ਜਾਂਦਾ ਹੈ। ਫਿਰ ਅਸੀਂ ਉਹ ਬੋਹਲ ਪ੍ਰਵਾਰ ਸਮੇਤ ਰੱਜ ਰੱਜ ਕੇ ਖਾਂਦੇ ਹਾਂ।

ਗੁਰੂ ਅਮਰਦਾਸ ਜੀ ਦੱਸਦੇ ਹਨ। ਇਸੇ ਤਰਾਂ ਜਿਹੜਾ ਮਨਮੁਖ (ਮਨ ਦੇ ਕਹੇ ਚੱਲਣ ਵਾਲਾ) ਪੁਰਸ਼ ਹੈ, ਉਹ ਸਮਝੋ ਦੁੱਖਾਂ ਦਾ ਹੀ ਖੇਤ ਹੈ। ਉਹ ਆਪਣੇਂ ਸਰੀਰ ਰੂਪੀ ਖੇਤ ਵਿੱਚ ਦੁਖ ਬੀਜ ਰਿਹਾ ਹੈ, ਅਤੇ ਉਹ ਦੁੱਖਾਂ ਦਾ ਬੋਹਲ ਖਾਵੇ ਗਾ। ਉਹ ਦੁੱਖਾਂ ਵਿੱਚ ਹੀ ਜੰਮਦਾ ਹੈ, ਅਤੇ ਦੁੱਖਾਂ ਵਿੱਚ ਹੀ ਮਰ ਜਾਂਦਾ ਹੈ। ਹੰਕਾਰ ਕਰਦਿਆਂ ਸਾਰੀ ਉਮਰ ਬਿਤਾ ਦੇਂਦਾ ਹੈ। ਮਨਮੁਖ ਅੰਨ੍ਹਾਂ ਹੁੰਦਾ ਹੈ, ਅੰਨ੍ਹੇਂ ਕੰਮ ਕਰਦਾ ਹੈ, ਉਸ ਨੂੰ ਆਵਣੁ ਜਾਣੁ ਨ ਸੁਝਈ ਆਵਣ ਜਾਣ ਦੀ ਸੋਝੀ ਨਹੀਂ ਹੈ। ਆਵਾ ਗਵਨ ਨਹੀਂ ਦਿਸਦਾ, ਉਹ ਕਹਿੰਦਾ ਹੈ ਆਵਾ ਗਵਨ ਹੁੰਦਾ ਹੀ ਨਹੀਂ ਹੈ। ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ॥ ਮਨਮੁਖ ਪੁਰਸ਼ ਉਸ ਮਾਲਕ ਨੂੰ ਨਹੀਂ ਜਾਣਦਾ (ਪਹਿਚਾਨਦਾ) ਜੋ ਇਹ ਸਾਰੇ ਪਦਾਰਥ ਦੇਂਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਨਾਲ ਲਿਪਟਆ (ਕਬਜੇ ਕਰਦਾ) ਰਹਿੰਦਾ ਹੈ। ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਨ ਕਰਣਾ ਜਾਇ॥ ਆਪਣੇਂ ਪੂਰਬਲੇ ਜਨਮਾਂ ਦੇ ਖੇਤ ਵਿੱਚ ਬੀਜੇ ਕਰਮਾਂ ਦੇ ਬੋਹਲ ਨੂੰ ਹੁਣ ਖਾ ਰਿਹਾ ਹੈ, ਇਸੇ ਤਰਾਂ ਇਸ ਜਨਮ ਵਿੱਚ ਬੀਜੇ ਨੂੰ ਅਗਲੇ ਜਨਮ ਵਿੱਚ ਖਾਏ ਗਾ। ਮਨਮੁਖ ਪਿਛਲੇ ਜਨਮ ਦੇ ਸੰਸਕਾਰਾਂ ਅਧੀਨ ਕਰਮ ਕਰੀ ਜਾ ਰਿਹਾ ਹੈ।

ਇਹ ਤਾਂ ਸੀ ਮਨਮੁਖ ਪ੍ਰਾਣੀਂ ਦੇ ਖੇਤ ਦਾ ਹਾਲ, ਗੁਰੂ ਅਮਰ ਦਾਸ ਜੀ ਅਗੇ ਸਤਿਗੁਰ ਦੇ ਖੇਤ ਦਾ ਹਾਲ ਦੱਸਦੇ ਹਨ,

ਸਲੋਕੁ ਮਃ ੩॥ ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ॥ ਨਾਉ ਬੀਜੇ ਨਾਉ ਉਗਵੈ ਨਾਮੇ ਰਹੈ ਸਮਾਇ॥ ਹਉਮੈ ਏਹੋ ਬੀਜੁ ਹੈ ਸਹਸਾ ਗਇਆ ਵਿਲਾਇ॥ ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ॥ ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ॥ ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ॥ ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ॥ ਜਿਸੁ ਵੇਖਾਲੇ ਸੋ ਵੇਖੈ ਜਿਸੁ ਵਸਿਆ ਮਨ ਮਾਹਿ॥ ੧॥ ੯੪੭

ਗੁਰੂ ਅਮਰ ਦਾਸ ਜੀ ਸਮਝਾਉਂਦੇ ਹਨ। ਸਤਿਗੁਰੂ ਸਹਿਜੇ ਦਾ ਖੇਤ (ਹਰੀ ਦਾ ਰੂਪ, ਸਾਥ ਪੈਦਾ ਹੋਇਆ) ਹੈ। ਸਤਿਗੁਰ ਦੇ ਖੇਤ ਵਿੱਚ ਨਾਮ ਦਾ ਬੋਹਲ ਲੱਗਾ ਹੋਇਆ ਹੈ। ਜਿਸ ਦੇ ਮਨ ਵਿੱਚ ਸਤਿਗੁਰੂ ਆਪਣਾਂ ਪ੍ਰੇਮ ਭਾਉ ਪੈਦਾ ਕਰ ਦੇਂਦਾ ਹੈ। ਉਸ ਸਿੱਖ ਦੇ ਸਰੀਰ (ਹਿਰਦੇ) ਵਿੱਚ ਵੀ ਨਾਮ ਦਾ ਇੱਕ ਬੀ ਬੀਜ ਦੇਂਦਾ ਹੈ। ਅਤੇ ਸਿੱਖ ਦੇ ਹਿਰਦੇ ਵਿੱਚ ਵੀ ਨਾਮ ਦੀ ਫਸਲ ਉਗ ਪੈਂਦੀ ਹੈ। ਨਾਮ ਦਾ ਬੋਹਲ ਲੱਗ ਜਾਂਦਾ ਹੈ, ਫਿਰ ਉਹ ਸਿੱਖ ਨਾਮ ਦੇ ਵਿੱਚ ਹੀ ਸਮਾ ਜਾਂਦਾ ਹੈ, ਉਸੇ ਵਰਗਾ ਹੀ ਹੋ ਜਾਂਦਾ ਹੈ। ਫਿਰ ਹਾੳਮੈ ਦਾ ਉਹ ਬੀਜ ਸਹਸੇ ਅਤੇ ਭਰਮਾਂ ਦਾ ਬੀਜ ਗਇਆ ਵਿਲਾਇ ਦੂਰ ਚਲਾ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਜਦ ਹੋਰ ਸਾਰੇ ਬੀਜਾਂ ਦਾ ਨਾਸ ਹੋ ਗਿਆ। ਤਾਂ ਫਿਰ, ਸਿੱਖ ਨਾਂ ਕੁੱਝ ਬੀਜਦਾ ਹੈ, ਨਾਂ ਹੀ ਕੁੱਝ ਉਗਦਾ ਹੈ। (ਨਿਹ ਕਰਮੀ ਹੋ ਗਿਆ) ਨਾ ਕਿਛੁ ਬੀਜੇ ਨ ਉਗਵੈ ਜੋ ਬਖਸੇ ਸੋ ਖਾਇ ਫਿਰ ਜੋ ਬੀਜਦਾ ਹੈ ਗੁਰੂ ਹੀ ਬੀਜਦਾ ਹੈ, ਭਾਵ ਜੋ ਗੁਰੂ ਦੇਂਦਾ (ਬਖਸ਼ਦਾ) ਹੈ, ਸਿੱਖ ਉਹ ਹੀ ਖਾਂਦਾ ਹੈ। ਅੰਭੈ ਸੇਤੀ ਅੰਭੁ ਰਲਿਆ ਬਹੁੜਿ ਨ ਨਿਕਸਿਆ ਜਾਇ ਜਿਸ ਤਰਾਂ ਪਾਣੀਂ ਵਿੱਚ ਪਾਣੀਂ ਮਿਲ ਜਾਂਦਾ ਹੈ, ਤਾਂ ਫਿਰ ਉਸ ਨੂੰ, ਅਲੱਗ ਨਹੀਂ ਕੀਤਾ ਜਾ ਸੱਕਦਾ। ਇਸੇ ਤਰਾਂ ਗੁਰੂ, ਸਿੱਖ ਅਤੇ ਹਰੀ ਇੱਕ ਹੋ ਜਾਂਦੇ ਹਨ। ਆਪਗੁਰਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ॥ ਗੁਰੂ ਅਮਰ ਦਾਸ ਜੀ ਅੱਗੇ ਸਮਝਾਉਂਦੇ ਹਨ, ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ॥ ਆਉ ਐ ਲੋਕੋ, ਵੇਖਉ ਲੋਕੋ ਗੁਰੂ ਦਾ ਸਿੱਖ ਗੁਰਮੁਖ ਬਣ ਕੇ ਚੱਲਿਆ ਜੇ, ਆ ਜਾਵੋ ਪਰਖ ਲਵੋ ਜਿਸ ਨੇਂ ਪਰਖਣਾਂ ਹੈ। ਫਿਰ ਆਪ ਹੀ ਕਹਿੰਦੇ ਹਨ, ਲੋਕੁ ਕਿ ਵੇਖੈ ਬਪੁੜਾ ਜਿਸ ਨੋ ਸੋਝੀ ਨਾਹਿ॥ ਕਿ ਇਹ ਲੋਕ ਵਿਚਾਰੇ (ਬਪੁੜੇ) ਕੀ ਵੇਖਣ ਗੇ, ਇਹਨਾਂ ਨੂੰ ਤਾਂ ਵੇਖਣ ਦੀ ਸੋਝੀ ਹੀ ਨਹੀਂ ਹੈ। ਮਨਮੁਖ ਅੰਧੁਲੇ ਸੋਝੀ ਨਾਹੀ॥ ਸਿਰਫ ਉਹ ਹੀ ਵੇਖ ਸੱਕਦਾ ਹੈ, ਜਿਸ ਨੂੰ ਉਹ (ਪ੍ਰਭੂ) ਆਪ ਵਿਖਾਲੇ ਗਾ। ਜਿਸ ਦੇ ਹਿਰਦੇ ਵਿੱਚ ਉਹ ਆਪ ਵਸ ਗਿਆ ਹੈ, ਜਿਸ ਦੇ ਹਿਰਦੇ ਵਿੱਚ ਵੀ ਗੁਰੂ ਨੇਂ ਨਾਮ ਦਾ ਬੀ ਬੀਜ ਦਿੱਤਾ ਹੋਵੇ ਗਾ, ਸਿਰਫ ਉਹ ਹੀ ਵੇਖ ਸਕੇ ਗਾ, ਦੂਜਾ ਨਹੀਂ ਵੇਖ ਸੱਕਦਾ।

ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ॥ ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ॥ ੩੩

ਹਾੳਮੈਂ ਹੰਕਾਰ ਵਿੱਚ ਸਾਰਾ ਸੰਸਾਰ, ਬਿਨਸ (ਨਾਸ) ਰਿਹਾ ਹੈ, ਆਉਂਦਾ ਹੈ ਜਾਂਦਾ ਹੈ, ਜੰਮਦਾ ਹੈ ਮਰਦਾ ਹੈ, ਜਿਹੜੇ ਮਨਮੁਖ ਹਨ, ਉਹ ਸ਼ਬਦ ਨੂੰ ਨਹੀਂ ਜਾਣਦੇ, ਇਸ ਵਾਸਤੇ ਉਹ ਆਪਣੀਂ ਇਜ਼ਤ ਪਤਿ ਗਵਾਇ ਕੇ ਇਸ ਸੰਸਾਰ ਵਿਚੋਂ ਤੁਰ ਜਾਂਦੇ ਹਨ।

ਅੱਗੇ ਬਾਣੀਂ ਦੀਆਂ ਕੁੱਝ ਪੰਗਤੀਆਂ ਲਿਖੀਆਂ ਹਨ ਜੀ, ਜੋ ਸਾਰੀਆਂ ਹੀ ਆਵਾ ਗਉਣ, ਧਰਮਰਾਇ, ਜਮ, ਪੂਰਬ ਜਨਮ, ਅਤੇ ਜੂਨਾਂ ਆਦੀ ਦੀ ਗਵਾਹੀ ਦੇਂਦੀਆਂ ਹਨ ਜੀ।

ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ॥ ਫਿਰਿ ਵੇਲਾ ਹਥਿ ਨ ਆਵਈਮਕਾਲਿ ਵਸਿ ਕਿਤਾ॥ ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ॥ ੫॥ ੭੮੭ ਮ: ੩

ਬਿਨੁ ਗੁਰ ਸਾਚੇ ਭਰਮਿ ਭੁਲਾਏ॥ ਮਨਮੁਖ ਅੰਧੇ ਸਦਾ ਬਿਖੁ ਖਾਏ॥ ਜਮ ਡੰਡੁ ਸਹਹਿ ਸਦਾ ਦੁਖੁ ਪਾਏ॥ ੪॥ ੨੩੧

ਜੰਮਣੁ ਮਰਣਾ ਹੈ ਸੰਸਾਰੁ॥ ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ॥ ਪਰ ਨਿੰਦਾ ਬਹੁ ਕੂੜੁ ਕਮਾਵੈ॥ ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ॥ ੩॥ ੩੬੪

ਮਨਮੁਖ ਕਰਮ ਕਰੇ ਬਹੁਤੁ ਅਭਿਮਾਨਾ॥ ਬਗ ਜਿਉ ਲਾਇ ਬਹੈ ਨਿਤ ਧਿਆਨਾ॥ ਜਮਿ ਪਕੜਿਆ ਤਬ ਹੀ ਪਛੁਤਾਨਾ॥ ੬॥ ੨੩੦

ਮਹਲਾ ੫॥ ਖਾਦਾ ਪੈਨਦਾ ਮੂਕਰਿ ਪਾਇ॥ ਤਿਸ ਨੋ ਜੋਹਹਿ ਦੂਤ ਧਰਮਰਾਇ॥ ੧॥ ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ॥ ਕੋਟਿ ਜਨਮ ਭਰਮਹਿ ਬਹੁ ਜੂਨਾ॥ ੧॥ ਰਹਾਉ॥ ਸਾਕਤ ਕੀ ਐਸੀ ਹੈ ਰੀਤਿ॥ ਜੋ ਕਿਛੁ ਕਰੈ ਸਗਲ ਬਿਪਰੀਤਿ॥ ੨॥ ੧੯੫

ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ॥ ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ॥ ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ॥ ੧੨॥ ੩੨੧

ਜਬ ਇਹ ਜਾਨੈ ਮੈ ਕਿਛੁ ਕਰਤਾ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ ਜਬ ਧਾਰੈ ਕੋਊ ਬੈਰੀ ਮੀਤੁ॥ ਤਬ ਲਗੁ ਨਿਹਚਲੁ ਨਾਹੀ ਚੀਤੁ॥ ਜਬ ਲਗੁ ਮੋਹ ਮਗਨ ਸੰਗਿ ਮਾਇ॥ ਤਬ ਲਗੁ ਧਰਮ ਰਾਇ ਦੇਇ ਸਜਾਇ॥ ਪ੍ਰਭ ਕਿਰਪਾ ਤੇ ਬੰਧਨ ਤੂਟੈ॥ ਗੁਰ ਪ੍ਰਸਾਦਿ ਨਾਨਕ ਹਉ ਛੁਟੈ॥ ੨੭੮

ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ॥ ੨॥ ਬਬੈ ਬੂਝਹਿ ਨਾਹੀ ਮੂੜੇ ਭਰਮਿ ਭੁਲੇ ਤੇਰਾ ਜਨਮੁ ਗਇਆ॥ ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ॥ ੩॥ ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ॥ ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ॥ ੪॥ ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ॥ ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ॥ ੫॥ ੪੩੪

ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ॥ ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ॥ ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ॥ ੨॥ ੫੧੨

ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ॥ ੧॥ ੫੯੧

ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ॥ ਹਉਮੈ ਬਿਆਪਿਆ ਸਬਦੁ ਨ ਚੀਨੈੑ ਫਿਰਿ ਫਿਰਿ ਜੂਨੀ ਆਵੈ॥ ੩॥ ੭੩੨

ਪਉੜੀ॥ ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ॥ ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ॥ ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ॥ ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ॥ ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ॥ ੧੫॥ ੧੨੪੩

ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ॥ ੭੭

ਸਲੋਕੁ॥ ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ॥ ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ॥ ੧॥ ੨੫੬

ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ॥ ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ॥ ੧੭॥ ੫੫੫

ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡੁ ਧਰਮ ਰਾਇ ਕਾ ਲਾਗਾ॥ ੨॥ ੯੮੫

ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ॥ ਸਿਮਰਨੁ ਭਜਨੁ ਦਇਆ ਨਹੀ ਕੀਨੀ ਤਉ ਮੁਖਿ ਚੋਟਾ ਖਾਹਿਗਾ॥ ੨॥ ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ॥ ੧੧੦੬

ਹੌਲੀ ਹੌਲੀ ਸੱਭ ਪਾਠਕਾਂ, ਸਰੋਤਿਆਂ ਦੀ ਸੋਚ (ਬਿਤਾਬਾਂ, ਲੇਖਾਂ, ਕਥਾ ਕੀਰਤਨਾਂ, ਪਰਵਚਨਾਂ, ਜਾਂ ਕੈਸਟਾਂ ਆਦੀ ਰਾਹੀਂ) ਇੱਕ ਹੋ ਜਾਂਦੀ ਹੈ। ਸਾਡੀ ਇਸ ਮਜਬੂਰੀ ਜਾਂ ਕਮਜੋਰੀ ਦਾ ਫਾਇਦਾ ਉਠਾ ਕੇ ਕਈ ਲਖਪਤੀ ਅਤੇ ਕਈ ਕਰੋੜਪਤੀ ਬਣ ਜਾਂਦੇ ਹਨ, ਦੂਜਿਆਂ ਦੀ ਰੀਸ ਨਾਲ ਕਈ ਜਾਂ ਬਹੁਤੇ ਤਾਂ ਜਲਦੀ ਅਮੀਰ ਬਣਨ ਵਾਸਤੇ ਇਸ ਕੰਮ ਨੂੰ ਸਿਰਫ ਕਿੱਤੇ (ਕਾਰੋਬਾਰ) ਦੇ ਤੌਰ ਤੇ ਲੈਂਦੇ ਹਨ, ਪਰ ਅਸੀਂ ਮੂਰਖ ਉਹਨਾਂ ਦੀ ਸੋਚ ਮੱਤ ਦੇ ਧਾਰਨੀਂ ਬਣ ਜਾਂਦੇ ਹਾਂ, ਜੇ ਕੋਈ ਸਾਨੂੰ ਗੁਰਬਾਣੀਂ ਦੀ ਗੱਲ ਸੁਣਾਵੇ, ਤਾਂ ਉਹ ਗੱਲ ਸਾਨੂੰ ਬ੍ਰਾਹਮਣ ਵਾਦੀ ਲੱਗਦੀ ਹੈ। ਹਰ ਵਿਦਵਾਨ, ਹਰ ਪ੍ਰਚਾਰਕ, ਹਰ ਲਿਖਾਰੀ, ਹਰ ਵਕਤਾ, ਆਪਣੀਂ ਆਪਣੀਂ ਸੋਚ ਦਾ ਖੁਦ ਮਾਲਕ ਹੁੰਦਾ ਹੈ। ਇਹਨਾਂ ਵਿਚੋਂ ਕਿਸੇ ਦੀ ਵੀ ਸੋਚ ਦਾ ਮਾਲਕ ਗੁਰੂ ਨਹੀਂ ਹੈ। ਫਿਰ ਇਹਨਾਂ ਦੀ ਸੋਚ ਗੁਰਮਤਿ (ਗੁਰੂ ਦੀ ਮੱਤ ਜਾਂ ਸੋਚ) ਕਿਵੇਂ ਹੋ ਸੱਕਦੀ ਹੈ।

ਦਾਸ ਦੀ ਦਿਲੀ ਖਾਹਸ਼ ਹੈ, ਕਿ ਪਿਛੇ ਜੋ ਹੋਇਆ ਸੋ ਹੋਇਆ, ਅੱਜ ਦਾ ਪ੍ਰਚਾਰਕ ਅਤੇ ਲੇਖਕ ਅਜੇਹੀਆਂ ਗੱਲ ਦੀ ਵਿਚਾਰ ਕਰ ਕੇ, ਸੱਚਾ ਪ੍ਰਚਾਰਕ, ਅਤੇ ਸੱਚਾ ਵਿਦਵਾਨ ਲਿਖਾਰੀ ਬਣ ਜਾਵੇ। ਅਤੇ ਗੁਰੂ ਨਾਨਕ ਦੇ ਸੱਚ ਦੇ ਉਪਦੇਸ਼ ਨੂੰ, ਗੁਰਬਾਣੀਂ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਵੇ। ਜੇ ਸਾਰੇ ਹੀ ਸਚੇ ਵਿਦਵਾਨ ਅਤੇ ਪ੍ਰਚਾਰਕ ਬਣ ਜਾਣ ਤਾਂ, ਸੱਭ ਤੋਂ ਪਹਿਲੇ ਇਹਨਾਂ ਸੱਭ ਨੂੰ ਆਪ ਨੂੰ ਕੀ ਲਾਭ ਹੋਵੇ ਗਾ, ਇਹ ਗੱਲ ਦੱਸਨ ਦੀ ਲੋੜ ਨਹੀਂ ਹੈ।

ਬੇਨਤੀ ਹੈ ਜੀ ਦਾਸ ਦੇ ਲੇਖ ਕੁੱਝ ਲੰਬੇ ਹੋ ਜਾਂਦੇ ਹਨ, ਲਫਜਾਂ ਨੂੰ ਸੋਧਨ ਵਾਸਤੇ ਕਈ ਵਾਰੀਂ ਵਕਤ ਵੀ ਬਹੁਤ ਘੱਟ ਮਿਲਦਾ, ਇਸ ਵਾਸਤੇ ਜੇ ਲਿਖਦੇ ਸਮੇਂ ਕੋਈ ਭੁੱਲ ਹੋ ਜਾਵੇ ਤਾਂ ਸੌ ਵਾਰ ਖਿਮਾਂ ਦਾ ਜਾਚਕ ਹਾਂ ਜੀ।

ਬਲਦੇਵ ਸਿੰਘ “ਚਾਕਰ”
.