.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 39)

‘ਅਖੌਤੀ ਸ਼ਰਧਾ ਪੂਰਨ ਗ੍ਰੰਥ’ ਦੇ ਕਰਤੇ ਵਲੋਂ ਜਪੁਜੀ ਦੀ ੩੮ਵੀਂ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਅਤੇ ਇਸ ਦੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥
ਅਰਥ:- (ਜੇ) ਜਤ-ਰੂਪ ਦੁਕਾਨ (ਹੋਵੇ), ਧੀਰਜ ਸੁਨਿਆਰਾ ਬਣੇ, ਮਨੁੱਖ ਦੀ ਆਪਣੀ ਮੱਤ ਅਹਿਰਣ ਹੋਵੇ, (ਉਸ ਮਤ-ਅਹਿਰਣ ਉੱਤੇ) ਗਿਆਨ ਹਥੌੜਾ (ਵੱਜੇ)।
ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ ਘੜੀਐ ਸਬਦੁ ਸਚੀ ਟਕਸਾਲ॥
ਅਰਥ:- (ਜੇ) ਅਕਾਲ ਪੁਰਖ ਦਾ ਡਰ ਧੌਂਕਣੀ (ਹੋਵੇ), ਘਾਲ-ਕਮਾਈ ਅੱਗ (ਹੋਵੇ), ਪ੍ਰੇਮ ਕੁਠਾਲੀ ਹੋਵੇ, ਤਾਂ (ਹੇ ਭਾਈ!) ਉਸ (ਕੁਠਾਲੀ) ਵਿੱਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ, (ਕਿਉਂਕਿ ਇਹੋ ਜਿਹੀ ਹੀ) ਸੱਚੀ ਟਕਸਾਲ ਵਿੱਚ (ਗੁਰੂ ਦਾ) ਸ਼ਬਦ ਘੜਿਆ ਜਾਂਦਾ ਹੈ।
ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ॥ ੩੮

ਅਰਥ:- ਇਹ ਕਾਰ ਉਹਨਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ, ਜਿੰਨ੍ਹਾਂ ਉੱਤੇ ਬਖ਼ਸ਼ਸ਼ ਹੁੰਦੀ ਹੈ। ਹੇ ਨਾਨਕ! ਉਹ ਮਨੁੱਖ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ। ੩੮।
ਭਾਵ:- ਪਰ ਇਹ ਉੱਚੀ ਆਤਮਕ ਅਵਸਥਾ ਤਦੋਂ ਹੀ ਬਣ ਸਕਦੀ ਹੈ ਜੇ ਆਚਰਨ ਪਵਿੱਤਰ ਹੋਵੇ, ਦੂਜਿਆਂ ਦੀ ਵਧੀਕੀ ਸਹਾਰਨ ਦਾ ਹੌਂਸਲਾ ਹੋਵੇ, ਉੱਚੀ ਤੇ ਵਿਸ਼ਾਲ ਸਮਝ ਹੋਵੇ, ਪ੍ਰਭੂ ਦਾ ਡਰ ਹਿਰਦੇ ਵਿੱਚ ਟਿਕਿਆ ਰਹੇ, ਸੇਵਾ ਦੀ ਘਾਲ ਘਾਲੀ ਜਾਏ, ਖ਼ਾਲਕ ਤੇ ਖ਼ਲਕ ਦਾ ਪਿਆਰ ਦਿਲ ਵਿੱਚ ਹੋਵੇ। ਇਹ ਜਤ, ਧੀਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਇੱਕ ਸੱਚੀ ਟਕਸਾਲ ਹਨ, ਜਿਸ ਵਿੱਚ ਗੁਰ ਸ਼ਬਦ ਦੀ ਮੋਹਰ ਘੜੀ ਜਾਂਦੀ ਹੈ (ਭਾਵ, ਜਿਸ ਉੱਚੀ ਆਤਮਕ ਅਵਸਥਾ ਵਿੱਚ ਕੋਈ ਸ਼ਬਦ ਸਤਿਗੁਰੂ ਨੇ ਉਚਾਰਿਆ ਹੈ, ਅਤੇ ਇਨ੍ਹਾਂ ਉੱਪਰ-ਦੱਸੇ ਗੁਣਾਂ ਅਨੁਸਾਰੀ ਜੀਵਨ ਵਾਲੇ ਸਿੱਖ ਨੂੰ ਭੀ ਉਹ ਗੁਰੂ ਦਾ ਸ਼ਬਦ ਉਸੇ ਆਤਮਕ ਅਵਸਥਾ ਵਿੱਚ ਲੈ ਅੱਪੜਦਾ ਹੈ)। ੩੮।
ਪਰੰਤੂ ਅਖੌਤੀ ‘ਸ਼ਰਧਾ ਪੂਰਨ ਗ੍ਰੰਥ’ ਦਾ ਕਰਤਾ ਇਸ ਦੇ ਮਹਾਤਮ ਬਾਰੇ ਇਉਂ ਲਿਖਦਾ ਹੈ, “ਇਸ ਪਉੜੀ ਦਾ ਸੋਮਵਾਰ ਪ੍ਰਾਤਾਕਾਲ ਤੋਂ ਪੰਜ ਹਜ਼ਾਰ ਵਾਰ ਪਾਠ ਪੰਜਾਂ ਦਿਨਾਂ ਵਿੱਚ ਕਰਨਾ, ਸਰੀਰ ਵਿਚੋਂ ਕਾਮ ਵਾਸ਼ਨਾ ਦਾ ਨਾਸ਼ ਹੋਵੇ। ਜੇ ਗੁਪਤ ਜਪੇ ਤਾਂ ਵੈਰੀ ਦਾ ਨਾਸ ਹੋਵੇ।”
ਜਪੁ ਜੀ ਦੀਆਂ ਕਈ ਦੂਜੀਆਂ ਪਉੜੀਆਂ ਵਾਂਗ ਲੇਖਕ ਇਸ ਪਉੜੀ ਦਾ ਵੀ ਗੁਪਤ ਅਤੇ ਪ੍ਰਗਟ ਰੂਪ ਵਿੱਚ ਜਪਣ ਦਾ ਭਿੰਨ ਭਿੰਨ ਮਹਾਤਮ ਦਰਸਾ ਰਿਹਾ ਹੈ। ਲੇਖਕ ਕਾਮ ਵਰਗੇ ਅਤਿ ਸ਼ਕਤੀਸ਼ਾਲੀ ਜਜ਼ਬੇ ਨੂੰ ਇਸ ਤਰ੍ਹਾਂ ਦੀ ਵਿਧੀ ਨਾਲ ਨਾਸ਼ ਕਰਨ ਦੀ ਜੁਗਤੀ ਦ੍ਰਿੜ ਕਰਵਾ ਰਿਹਾ ਹੈ। ਇਹ ਕੁਦਰਤੀ ਜਜ਼ਬਾ ਜਿਹੜਾ ਤਨ ਅਤੇ ਚੇਤਨਾ ਦਾ ਇੱਕ ਅਭਿੰਨ ਅੰਗ ਹੈ। ਕਾਮ ਦੇ ਵੇਗ ਤੋਂ ਸਾਧਾਰਨ ਮਨੁੱਖ ਹੀ ਨਹੀਂ ਬਲਕਿ ਜਪ ਤਪ ਕਰਨ ਵਾਲੇ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੁੰਦੇ ਹਨ। ਗੁਰਬਾਣੀ ਵਿੱਚ ਇਸ ਸਚਾਈ ਨੂੰ ਇਉਂ ਬਿਆਨ ਕੀਤਾ ਗਿਆ ਹੈ:
ਇਸੁ ਤਨ ਮਨ ਮਧੇ ਮਦਨ ਚੋਰ॥ ਜਿਨਿ ਗਿਆਨ ਰਤਨੁ ਹਿਰਿ ਲੀਨ ਮੋਰ॥ ਮੈ ਅਨਾਥੁ ਪ੍ਰਭ ਕਹਉ ਕਾਹਿ॥ ਕੋ ਕੋ ਨ ਬਿਗੂਤੋ ਮੈ ਕੋ ਆਹਿ॥ ੧॥ ਮਾਧਉ ਦਾਰੁਨ ਦੁਖੁ ਸਹਿਓ ਨ ਜਾਇ॥ ਮੇਰੋ ਚਪਲ ਬੁਧਿ ਸਿਉ ਕਹਾ ਬਸਾਇ॥ ੧॥ ਰਹਾਉ॥ ਸਨਕ ਸਨੰਦਨ ਸਿਵ ਸੁਕਾਦਿ॥ ਨਾਭਿ ਕਮਲ ਜਾਨੇ ਬ੍ਰਹਮਾਦਿ॥ ਕਬਿ ਜਨ ਜੋਗੀ ਜਟਾਧਾਰਿ॥ ਸਭ ਆਪਨ ਅਉਸਰ ਚਲੇ ਸਾਰਿ॥ ੨॥ (ਪੰਨਾ ੧੧੯੪)
ਅਰਥ: ਹੇ ਮੇਰੇ ਮਾਧੋ! ਆਪਣੀ ਚੰਚਲ ਮੱਤ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਇਹ ਡਾਢਾ ਭਿਆਨਕ ਦੁੱਖ (ਹੁਣ) ਮੈਥੋਂ ਸਹਾਰਿਆ ਨਹੀਂ ਜਾਂਦਾ। ੧। ਰਹਾਉ।
(ਮੇਰੀ `ਚੰਚਲ ਬੁਧਿ’ ਦੇ ਕਾਰਨ, ਹੁਣ) ਮੇਰੇ ਇਸ ਤਨ ਮਨ ਵਿੱਚ ਕਾਮਦੇਵ ਚੋਰ ਆ ਵੱਸਿਆ ਹੈ, ਜਿਸ ਨੇ ਗਿਆਨ-ਰੂਪ ਮੇਰਾ ਰਤਨ (ਮੇਰੇ ਅੰਦਰੋਂ) ਚੁਰਾ ਲਿਆ ਹੈ (ਭਾਵ, ਜਿਸ ਨੇ ਮੇਰੀ ਸਮਝ ਵਿਗਾੜ ਦਿੱਤੀ ਹੈ)। ਹੇ ਪ੍ਰਭੂ! ਮੈਂ (ਬੜਾ) ਆਜਜ਼ ਹੋ ਗਿਆ ਹਾਂ, (ਆਪਣਾ ਦੁੱਖ ਤੈਥੋਂ ਬਿਨਾ ਹੋਰ) ਕਿਸ ਨੂੰ ਦੱਸਾਂ? (ਇਸ ਕਾਮ ਦੇ ਹੱਥੋਂ) ਕੌਣ ਕੌਣ ਖ਼ੁਆਰ ਨਹੀਂ ਹੋਇਆ? ਮੇਰੀ (ਗ਼ਰੀਬ) ਦੀ ਕੀਹ ਪਾਂਇਆਂ ਹੈ? । ੧।
ਸਨਕ, ਸਨੰਦਨ, ਸ਼ਿਵ, ਸੁਕਦੇਵ ਵਰਗੇ (ਵੱਡੇ-ਵੱਡੇ ਰਿਸ਼ੀ ਤਪੀ) ਕਮਲ ਦੀ ਨਾਭੀ ਤੋਂ ਜਣੇ ਹੋਏ ਬ੍ਰਹਮਾ ਆਦਿਕ, ਕਵੀ ਲੋਕ, ਜੋਗੀ ਤੇ ਜਟਾਧਾਰੀ ਸਾਧੂ—ਇਹ ਸਭ (ਕਾਮ ਤੋਂ ਡਰਦੇ ਡਰਦੇ) ਆਪੋ ਆਪਣੇ ਵੇਲੇ ਦਿਨ-ਕੱਟੀ ਕਰ ਕੇ ਚਲੇ ਗਏ। ੨।
ਧਿਆਨ ਰਹੇ ਗੁਰਬਾਣੀ ਵਿੱਚ ਕੇਵਲ ਕਾਮ ਦੇ ਵਾਸ਼ਨਾ ਵਾਲੇ ਰੂਪ ਦੀ ਹੀ ਨਿਖੇਧੀ ਕੀਤੀ ਗਈ ਹੈ ਪ੍ਰੇਮ ਵਾਲੇ ਸਰੂਪ ਦੀ ਨਹੀਂ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿੱਚ ਕਾਮ ਦੇ ਵਾਸ਼ਨਾ ਵਾਲੇ ਸਰੂਪ ਦਾ ਹੀ ਵਰਣਨ ਕਰਦਿਆਂ ਹੋਇਆਂ ਇਸ ਦੇ ਮਾਰੂ ਪ੍ਰਭਾਵ ਨੂੰ ਦਰਸਾਇਆ ਹੈ:
(ੳ) ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ ਜਿਉ ਕੰਚਨ ਸੋਹਾਗਾ ਢਾਲੈ। (ਪੰਨਾ ੯੩੨) ਅਰਥ:- ਜਿਵੇਂ ਸੋਹਾਗਾ (ਕੁਠਾਲੀ ਵਿੱਚ ਪਾਏ) ਸੋਨੇ ਨੂੰ ਨਰਮ ਕਰ ਦੇਂਦਾ ਹੈ, (ਤਿਵੇਂ) ਕਾਮ ਅਤੇ ਕ੍ਰੋਧ (ਮਨੁੱਖ ਦੇ) ਸਰੀਰ ਨੂੰ ਨਿਰਬਲ ਕਰ ਦੇਂਦਾ ਹੈ।
(ਅ) ਕਾਮੁ ਕ੍ਰੋਧੁ ਬਿਖੁ ਬਜਰੁ ਭਾਰੁ॥ (ਪੰਨਾ ੧੧੮੭) ਅਰਥ:- (ਹੇ ਭਾਈ! ਕਾਮ ਤੇ ਕ੍ਰੋਧ (ਮਾਨੋ) ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮੁਕਾ ਦੇਂਦਾ ਹੈ), ਇਹ (ਮਾਨੋ) ਇੱਕ ਕਰੜਾ ਬੋਝ ਹੈ (ਜਿਸ ਦੇ ਹੇਠ ਆਤਮਕ ਜੀਵਨ ਘੁੱਟ ਕੇ ਮਰ ਜਾਂਦਾ ਹੈ)।
(ੲ) ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ॥ ਚਿਤ ਹਰਣੰ ਤ੍ਰੈ ਲੋਕ ਗੰਮ੍ਯ੍ਯੰ ਜਪ ਤਪ ਸੀਲ ਬਿਦਾਰਣਹ॥ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਹ॥ (ਪੰਨਾ ੧੩੫੮)
ਅਰਥ:- ਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਕੇ) ਨਰਕ ਵਿੱਚ ਅਪੜਾਣ ਵਾਲਾ ਹੈਂ ਅਤੇ ਕਈ ਜੂਨਾਂ ਵਿੱਚ ਭਟਕਾਣ ਵਾਲਾ ਹੈਂ।
ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ, ਤਿੰਨਾਂ ਹੀ ਲੋਕਾਂ ਵਿੱਚ ਭਾਵ ਹਰੇਕ ਥਾਂ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ ਦੇਂਦਾ ਹੈਂ।
ਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦੇਂਦਾ ਹੈਂ, ਪਰ ਇਸੇ ਨਾਲ ਤੂੰ ਜੀਵਾਂ ਨੂੰ (ਸ਼ੁੱਧ ਆਚਰਨ ਦੇ) ਧਨ ਤੋਂ ਸੱਖਣਾ ਕਰ ਦੇਂਦਾ ਹੈਂ। ਜੀਵ ਉੱਚੇ ਹੋਣ, ਨੀਵੇਂ ਹੋਣ, ਸਭਨਾਂ ਵਿੱਚ ਤੂੰ ਪਹੁੰਚ ਜਾਂਦਾ ਹੈਂ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਧਰਮ ਦੀ ਸਾਧਨਾ ਦਾ ਇੱਕ ਉਦੇਸ਼ ਇਸ ਜਜ਼ਬੇ ਨੂੰ ਸੰਜਮ ਵਿੱਚ ਰੱਖਣਾ ਹੈ। ਗੁਰਬਾਣੀ ਵਿੱਚ ਇਹ ਗੱਲ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਦਰਸਾਈ ਗਈ ਹੈ ਕਿ ਕਿਸੇ ਵੀ ਹਠ ਕਰਮ ਨਾਲ ਕਾਮ ਦੇ ਇਸ ਜਜ਼ਬੇ ਨੂੰ ਦਬਾਇਆ ਨਹੀਂ ਜਾ ਸਕਦਾ ਹੈ। ਇਸ ਨੂੰ ਦਬਾਉਣ ਦੀ ਕੋਸ਼ਸ਼ ਕਰਨ ਵਾਲਿਆਂ ਦੇ ਮਨ ਵਿੱਚ ਤਾਂ ਸਗੋਂ ਹੋਰ ਜ਼ਿਆਦਾ ਕਾਮ-ਤਰੰਗਾਂ ਉਠਣ ਲੱਗ ਪੈਂਦੀਆਂ ਹਨ। ਇਸ ਲਈ ਅਜਿਹੇ ਪ੍ਰਾਣੀ ਕਦੀ ਵੀ ਬ੍ਰਹਮਚਰਜ ਨੂੰ ਧਾਰਨ ਨਹੀਂ ਕਰ ਸਕੇ। ਕਿਸੇ ਤਰ੍ਹਾਂ ਦੇ ਵੀ ਹਠ ਕਰਮ ਨਾਲ ਮਨ ਦੇ ਕਾਮ-ਤਰੰਗਾਂ ਨੂੰ ਸ਼ਾਂਤ ਨਹੀਂ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਹਠ ਨਾਲ ਮਨ ਦੇ ਕਾਮ-ਤਰੰਗਾਂ ਨੂੰ ਸ਼ਾਂਤ ਕਰਨ ਦੇ ਚਾਹਵਾਨਾਂ ਨੂੰ ਬੁਰੀ ਤਰ੍ਹਾਂ ਅਸਫਲਤਾ ਦਾ ਮੂੰਹ ਦੇਖਣਾ ਪਿਆ। ਜੇਕਰ ਇਹੋ ਜਿਹੇ ਸਾਧਨਾਂ ਦੁਆਰਾ ਇਨ੍ਹਾਂ ਤਰੰਗਾਂ ਨੂੰ ਸ਼ਾਂਤ ਕਰਨਾ ਸੌਖਾ ਹੋਵੇ ਤਾਂ ਆਏ ਦਿਨ ਮੀਡੀਏ ਵਿੱਚ ਬ੍ਰਹਮਚਾਰੀ ਰਹਿਣ ਦੀ ਮਹੱਤਾ ਦਰਸਾਉਣ ਵਾਲਿਆਂ ਦੀ ਦੁਰਾਚਾਰ ਆਦਿ ਦੇ ਦੋਸ਼ ਵਿੱਚ ਗਰਿਫ਼ਤਾਰ ਹੋਣ ਦੀਆਂ ਖ਼ਬਰਾਂ ਦੀ ਚਰਚਾ ਨਾ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਮਨ ਲਿਖਤ ਫ਼ਰਮਾਨ ਇਸ ਪਹਿਲੂ ਉੱਤੇ ਹੀ ਰੋਸ਼ਨੀ ਪਾਉਂਦਾ ਹੈ:
ਜਤਨ ਕਰੈ ਬਿੰਦੁ ਕਿਵੈ ਨ ਰਹਾਈ॥ ਮਨੂਆ ਡੋਲੈ ਨਰਕੇ ਪਾਈ॥ (ਪੰਨਾ ੯੦੬) ਅਰਥ:- (ਬਨ-ਵਾਸ, ਡੂਗਰ-ਵਾਸ, ਹਠ, ਨਿਗ੍ਰਹ, ਤੀਰਥ-ਇਸ਼ਨਾਨ ਆਦਿਕ) ਜਤਨ ਮਨੁੱਖ ਕਰਦਾ ਹੈ, ਅਜੇਹੇ ਕਿਸੇ ਭੀ ਤਰੀਕੇ ਨਾਲ ਕਾਮ-ਵਾਸਨਾ ਰੋਕੀ ਨਹੀਂ ਜਾ ਸਕਦੀ, ਮਨ ਡੋਲਦਾ ਹੀ ਰਹਿੰਦਾ ਹੈ ਤੇ ਜੀਵ ਨਰਕ ਵਿੱਚ ਹੀ ਪਿਆ ਰਹਿੰਦਾ ਹੈ, ਕਾਮ-ਵਾਸ਼ਨਾ ਆਦਿਕ ਵਿਕਾਰਾਂ ਵਿੱਚ ਬੱਝਾ ਹੋਇਆ ਜਮਰਾਜ ਦੀ ਪੁਰੀ ਵਿੱਚ (ਆਤਮਕ ਕਲੇਸ਼ਾਂ ਦੀ) ਸਜ਼ਾ ਭੁਗਤਦਾ ਹੈ।
ਇਸ ਲਈ ਹੀ ਗੁਰਬਾਣੀ ਵਿੱਚ ਇਸ ਜਜ਼ਬੇ ਨੂੰ ਇਸ ਤਰ੍ਹਾਂ ਨਾਲ ਮਾਰਨ ਜਾਂ ਦਬਾਉਣ ਦੀ ਬਜਾਏ ਇਹ ਕਿਹਾ ਹੈ: ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ॥ ਜਿਉ ਗੋਡਹੁ ਤਿਉ ਤੁਮੑ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ॥ (ਪੰਨਾ ੧੧੭੧) ਅਰਥ: (ਕਿਸਾਨ ਉੱਗੀ ਖੇਤੀ ਨੂੰ ਰੰਬੇ ਨਾਲ ਗੋਡੀ ਦੇਂਦਾ ਹੈ। ਫ਼ਸਲ ਦੇ ਹਰੇਕ ਬੂਟੇ ਨੂੰ ਪਿਆਰ ਨਾਲ ਸਾਂਭ ਕੇ ਬਚਾਈ ਜਾਂਦਾ ਹੈ, ਤੇ ਫ਼ਾਲਤੂ ਘਾਹ ਬੂਟ ਨਦੀਣ ਨੂੰ, ਮਾਨੋ, ਗੁੱਸੇ ਨਾਲ ਪੁੱਟ ਪੁੱਟ ਕੇ ਬਾਹਰ ਸੁੱਟਦਾ ਜਾਂਦਾ ਹੈ, ਤੂੰ ਭੀ) ਹੇ ਭਾਈ! ਆਪਣੇ ਸਰੀਰ-ਧਰਤੀ ਨੂੰ ਗੋਡ, ਪਿਆਰ ਅਤੇ ਗੁੱਸਾ ਇਹ ਦੋ ਰੰਬੇ ਬਣਾ (ਦੈਵੀ ਗੁਣਾਂ ਨੂੰ ਪਿਆਰ ਨਾਲ ਬਚਾਈ ਰੱਖ, ਵਿਕਾਰਾਂ ਨੂੰ ਗੁੱਸੇ ਨਾਲ ਜੜ੍ਹੋਂ ਪੁੱਟਦਾ ਜਾਹ)। ਜਿਉਂ ਜਿਉਂ ਤੂੰ ਇਸ ਤਰ੍ਹਾਂ ਗੋਡੀ ਕਰੇਂਗਾ, ਤਿਉਂ ਤਿਉਂ ਆਤਮਕ ਸੁਖ ਮਾਣੇਂਗਾ। ਤੇਰੀ ਕੀਤੀ ਇਹ ਮੇਹਨਤ ਵਿਅਰਥ ਨਹੀਂ ਜਾਇਗੀ।
ਗੁਰਮਤਿ ਦੀ ਜੀਵਨ-ਜੁਗਤ ਵਿੱਚ ਇਸ ਲਈ ਹੀ ਕਾਮ ਦੀ ਧਰਮ ਅਨੁਸਾਰ ਸੰਜਮ ਨਾਲ ਵਰਤੋਂ ਕਰਨ ਵਾਲਿਆਂ ਨੂੰ ਹੀ ਜਤੀ ਕਿਹਾ ਗਿਆ ਹੈ। ਤਾਂਹੀਓ ਗੁਰਮਤਿ ਵਿੱਚ ਗ੍ਰਿਹਸਥ ਜੀਵਨ ਦੀ ਪ੍ਰਧਾਨਤਾ ਨੂੰ ਸਵੀਕਾਰ ਕੀਤਾ ਗਿਆ ਹੈ।
ਗੁਰਮਤਿ ਦੀ ਰਹਿਣੀ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਮਨ ਦੇ ਕਾਮ-ਤਰੰਗ ਨੂੰ ਕਿਸੇ ਤਾਂਤ੍ਰਿਕ ਵਿਧੀ ਆਦਿ ਨਾਲ ਸ਼ਾਂਤ ਨਹੀਂ ਕੀਤਾ ਜਾ ਸਕਦਾ ਹੈ। ਇਨ੍ਹਾਂ ਤਰੰਗਾਂ ਨੂੰ ਤਾਂ ਗੁਰਬਾਣੀ ਦੀ ਜੀਵਨ-ਜੁਗਤ ਨੂੰ ਅਪਣਾਇਆਂ ਹੀ ਸ਼ਾਂਤ ਕਰਨ ਵਿੱਚ ਸਫਲਤਾ ਮਿਲਦੀ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਹਕੀਕਤ ਨੂੰ ਹੀ ਬਿਆਨ ਕੀਤਾ ਗਿਆ ਹੈ:
(ੳ) ਪੰਚ ਦੂਤ ਚਿਤਵਹਿ ਵਿਕਾਰਾ॥ ਮਾਇਆ ਮੋਹ ਕਾ ਏਹੁ ਪਸਾਰਾ॥ ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਆਇਆ॥ (ਪੰਨਾ ੧੧੬੮) ਅਰਥ: ਹੇ ਭਾਈ! (ਕਾਮਾਦਿਕ) ਪੰਜ ਵੈਰੀਆਂ ਦੇ (ਪ੍ਰਭਾਵ ਦੇ) ਕਾਰਨ (ਜੀਵ ਹਰ ਵੇਲੇ) ਵਿਕਾਰ ਚਿਤਵਦੇ ਰਹਿੰਦੇ ਹਨ। ਹਰ ਪਾਸੇ ਮਾਇਆ ਦੇ ਮੋਹ ਦਾ ਪ੍ਰਭਾਵ ਬਣਿਆ ਹੋਇਆ ਹੈ। ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ (ਇਸ ਮੋਹ ਦੇ ਦਬਾਅ ਤੋਂ) ਸੁਤੰਤਰ ਹੁੰਦਾ ਹੈ, (ਕਾਮਾਦਿਕ) ਪੰਜੇ ਵੈਰੀ ਉਸ ਦੇ ਵੱਸ ਵਿੱਚ ਆ ਜਾਂਦੇ ਹਨ।
(ਅ) ਪੰਚ ਚੋਰ ਆਗੈ ਭਗੇ ਜਬ ਸਾਧਸੰਗੇਤ॥ ਪੂੰਜੀ ਸਾਬਤੁ ਘਣੋ ਲਾਭੁ ਗ੍ਰਿਹਿ ਸੋਭਾ ਸੇਤ॥ (ਪੰਨਾ ੮੧੦) ਅਰਥ: (ਹੇ ਭਾਈ!) ਜਦੋਂ (ਮਨੁੱਖ) ਸਾਧ ਸੰਗਤਿ ਵਿਚ (ਜਾ ਟਿਕਦਾ ਹੈ, ਤਦੋਂ ਕਾਮਾਦਿਕ) ਪੰਜੇ ਚੋਰ ਉਸ ਦੇ ਟਾਕਰੇ ਤੋਂ ਭੱਜ ਜਾਂਦੇ ਹਨ, ਉਸ ਦੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸਿ-ਪੂੰਜੀ (ਲੁੱਟੇ ਜਾਣ ਤੋਂ) ਬਚ ਜਾਂਦੀ ਹੈ, (ਸਗੋਂ ਉਸ ਨੂੰ ਇਸ ਨਾਮ-ਵਣਜ ਵਿਚ) ਬਹੁਤਾ ਨਫ਼ਾ ਭੀ ਪੈਂਦਾ ਹੈ, ਅਤੇ ਪਰਲੋਕ ਵਿਚ ਸੋਭਾ ਨਾਲ ਜਾਂਦਾ ਹੈ।
ਜਿੱਥੋਂ ਤੱਕ ਲੇਖਕ ਦੀ ਇਸ ਲਿਖਤ ਦਾ ਸਵਾਲ ਹੈ ਕਿ ਗੁਪਤ ਜਪਨ ਨਾਲ ਦੁਸ਼ਮਨ ਦਾ ਨਾਸ਼ ਹੋਵੇਗਾ, ਇਹ ਵੀ ਲੇਖਕ ਦੀ ਨਿਰੋਲ ਕਲਪਨਾ ਹੀ ਹੈ। ਗੁਰਬਾਣੀ ਦੇ ਅਭਿਆਸ ਨਾਲ ਮਨੁੱਖ ਦੇ ਬਾਹਰਲੇ ਵੈਰੀ ਨਹੀਂ ਸਗੋਂ ਅੰਦਰਲੇ ਵੈਰੀਆਂ ਦਾ ਨਾਸ਼ ਹੁੰਦਾ ਹੈ। ਜੇਕਰ ਬਾਹਰਲੇ ਦੁਸ਼ਮਨਾਂ ਦਾ ਨਾਸ਼ ਹੁੰਦਾ ਤਾਂ ਗੁਰੂ ਸਾਹਿਬਾਨ ਦੀ ਹਸਤੀ ਨੂੰ ਮਿਟਾਉਣ ਵਾਲਿਆਂ ਦਾ ਨਾਮੋ ਨਿਸ਼ਾਨ ਹੀ ਦਿਖਾਈ ਨਾ ਦੇਂਦਾ। ਇਸ ਲਈ ਗੁਰਬਾਣੀ ਦੇ ਅਭਿਆਸ ਨਾਲ ਹੀ ਮਨੁੱਖ ਬਾਹਰਲੇ ਦੁਸ਼ਮਨਾਂ ਨੂੰ ਨਹੀਂ ਸਗੋਂ ਅੰਦਰਲੇ ਦੁਸ਼ਮਨਾਂ ਨੂੰ ਮਾਰ ਮੁਕਾਉਣ ਅਥਵਾ ਭਜਾਉਣ ਵਿੱਚ ਕਾਮਯਾਬ ਹੁੰਦਾ ਹੈ। ਗੁਰਬਾਣੀ ਨੂੰ ਵਿਚਾਰ ਨਾਲ ਧਿਆਨ ਨਾਲ ਪੜ੍ਹ ਕੇ ਇਸ ਦੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਵਾਲਾ ਹੀ ਇਨ੍ਹਾਂ ਦੁਸ਼ਮਨਾਂ/ਵਿਕਾਰਾਂ ਨੂੰ ਵੰਗਾਰ ਕੇ ਇਹ ਕਹਿ ਸਕਦਾ ਹੈ:
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ॥ ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ॥ (ਪੰਨਾ ੪੬੦)
ਅਰਥ: ਹੇ ਪਾਪੋ! (ਮੇਰੇ ਹਿਰਦੇ-) ਘਰ ਵਿੱਚ (ਮੇਰਾ) ਕਰਤਾਰ ਆ ਵੱਸਿਆ ਹੈ (ਹੁਣ ਤੁਸੀ ਮੇਰੇ ਹਿਰਦੇ ਵਿਚੋਂ) ਚਲੇ ਜਾਵੋ। ਹੇ ਭਾਈ! ਜਿਸ ਹਿਰਦੇ ਵਿੱਚ ਗੋਵਿੰਦ ਪਰਗਟ ਹੋ ਜਾਏ, ਉਸ ਵਿਚੋਂ ਵਿਕਾਰ-ਵੈਰੀਆਂ ਦਾ ਨਾਸ ਹੋ ਜਾਂਦਾ ਹੈ।
ਲੇਖਕ ਇਸ ਦਾ ਖ਼ੁਲਾਸਾ ਨਹੀਂ ਕਰਦਾ ਕਿ ਉਹ ਕਿਹੜੇ ਵੈਰੀਆਂ ਦੇ ਨਾਸ਼ ਹੋਣ ਦੀ ਗੱਲ ਕਰ ਰਿਹਾ ਹੈ। ਭਾਵੇਂ ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਲੇਖਕ ਦਾ ਨਿਰਸੰਦੇਹ ਭਾਵ ਬਾਹਰਲੇ ਦੁਸ਼ਮਨਾਂ ਤੋਂ ਹੀ ਹੈ, ਪਰੰਤੂ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਕਿਸੇ ਪ੍ਰਕਾਰ ਦੇ ਵੀ ਦੁਸ਼ਮਨਾਂ ਦਾ ਨਾਸ਼ ਨਹੀਂ ਹੁੰਦਾ ਹੈ; ਨਾ ਬਹਾਰਲੇ ਅਤੇ ਨਾ ਹੀ ਅੰਦਰਲੇ ਦੁਸ਼ਮਨਾ ਦਾ। ਜੇਕਰ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਅਜਿਹਾ ਸੰਭਵ ਹੋਵੇ ਤਾਂ ਕਿਸੇ ਵੀ ਮਨੁੱਖ ਨੂੰ ਕਿਸੇ ਤਰ੍ਹਾਂ ਦਾ ਕੋਈ ਧਰਮ ਕਰਮ ਕਰਨ ਦੀ ਲੋੜ ਨਹੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਸ਼ਘਰਸ਼ ਕਰਨ ਦੀ।
ਇਸ ਲਈ ਜੇਕਰ ਕੋਈ ਵਿਅਕਤੀ ਮਨ ਦੇ ਕਾਮ-ਤਰੰਗ ਨੂੰ ਸ਼ਾਂਤ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਗੁਰਬਾਣੀ ਵਿੱਚ ਦਰਸਾਈ ਹੋਈ ਵਿਧੀ ਹੀ ਅਪਣਾਉਣ ਦੀ ਲੋੜ ਹੈ। ਦੁਸ਼ਮਨਾਂ ਦੇ ਨਾਸ਼ ਕਰਨ ਦੇ ਚਾਹਵਾਨਾਂ ਨੂੰ ਵੀ ਗੁਰਬਾਣੀ ਦੀ ਜੀਵਨ-ਜੁਗਤ ਹੀ ਅਪਣਾਉਣ ਦੀ ਲੋੜ ਹੈ। ਇਸ ਜੀਵਨ-ਜੁਗਤ ਨਾਲ ਮਨੁੱਖ ਦੇ ਅੰਦਰੋਂ ਦੁਸ਼ਮਨੀ ਵਾਲੇ ਭਾਵ ਦਾ ਖ਼ਾਤਮਾ ਹੁੰਦਾ ਹੈ। ਇਸ ਦੁਸ਼ਮਨੀ ਵਾਲੇ ਭਾਵ ਦੇ ਨਾਸ਼ ਹੋਣ ਨਾਲ ਮਨੁੱਖ ਦੇ ਅੰਦਰਲੇ ਦੁਸ਼ਮਨ ਵੀ ਕਮਜ਼ੋਰ ਹੋ ਜਾਂਦੇ ਹਨ ਅਤੇ ਮਨੁੱਖ ਦੀ ਸ਼ੁੱਭ ਗੁਣਾਂ ਦੀ ਪੂੰਜੀ ਨੂੰ ਲੁੱਟਣੋਂ ਅਸਮਰਥ ਹੋ ਜਾਂਦੇ ਹਨ।
ਜਸਬੀਰ ਸਿੰਘ ਵੈਨਕੂਵਰ
.