.

ੴਸਤਿਨਾਮ

ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ

(ਭੇਖ ਦੀ ਪਹਿਚਾਨ, ਅਤੇ ਅਖਰ ਕੀ ਹੈ)

ਜਿੰਨੇ ਅੱਖਰ ਜਿਆਦਾ ਪੜ੍ਹਾਂ ਗੇ ਉਨਾਂ ਹੀ ਜਿਆਦਾ ਭੁੱਲਦੇ ਜਾਵਾਂ ਗੇ। ਉਨਾਂ ਹੀ ਹੰਕਾਰ ਵਧਦਾ ਜਾਵੇ ਗਾ। ਇਹ ਫਰਮਾਣ ਹੈ ਗੁਰਬਾਣੀਂ ਦਾ। ਕੀ ਇਹ ਸਹੀ ਕਹਿ ਰਹੀ ਹੈ ਬਾਣੀਂ? ਕੀ ਕੋਈ ਵਿਦਵਾਨ ਜਾਂ ਲਿਖਾਰੀ ਗੁਰਬਾਣੀਂ ਦੀ ਇਸ ਗੱਲ ਨਾਲ ਸਹਿਮਤ ਹੈ? ।

ਭੇਖੀ ਕੋਈ ਵੀ ਕਿਉਂ ਨਾਂ ਹੋਵੇ, ਬਹੁਤ ਅਭੀਮਾਨੀ ਹੁੰਦਾ ਹੈ। (ਇਹ ਬਾਣੀਂ ਕਹਿ ਰਹੀ ਹੈ) ਜੋ ਭੇਖੀ ਹੁੰਦਾ ਹੈ, ਉਸ ਪਾਸ ਹੰਕਾਰ ਹੁੰਦਾ ਹੈ। ਜ਼ਾਹਰਾ ਗੱਲ ਹੈ ਕੇ ਭੇਖੀ ਪਾਸ ਸੱਚ ਤਾਂ ਹੋ ਨਹੀਂ ਸੱਕਦਾ, ਜੇ ਸੱਚ ਪਾਸ ਹੈ ਤਾਂ ਭੇਖੀ ਨਹੀਂ ਹੈ। ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥ ਇਸ ਪੰਗਤੀ ਦੀ ਬਰੀਕੀ ਨਾਲ ਵਿਚਾਰ ਕਰੋ ਜੀ, ਇਹ ਬਾਣੀਂ, ਪੜ੍ਹੇ ਹੋਇ ਭੇਖੀ ਦੀ ਗੱਲ ਕਰ ਰਹੀ ਹੈ। ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ, ਜਿਸ ਤਰਾਂ ਤੀਰਥਾਂ ਤੇ ਨਹਾਤਿਆਂ ਮਨ ਦੀ ਮੈਲ ਨਹੀਂ ਜਾਂਦੀ। ਇਸੇ ਤਰਾਂ ਅੱਖਰਾਂ ਦੇ ਸਰੋਵਰ ਵਿੱਚ (ਪੜ੍ਹ ਪੜ੍ਹ) ਭਾਵੇਂ ਸਾਰਾ ਜੀਵਨ ਚੁੱਭੀਆਂ ਲਾਉਂਦੇ ਰਹੀਏ, ਵਾਹ ਵਾਹ ਕਰਦੇ ਰਹੀਏ, ਅਤੇ ਵਾਹ ਵਾਹ ਖੱਟਦੇ (ਕਰਵਾਉਂਦੇ) ਰਹੀਏ। ਸਿਵਾਏ ਹੰਕਾਰ ਤੋਂ ਹੋਰ ਕੁੱਝ ਵੀ ਹਾਸਲ ਨਹੀਂ ਹੁੰਦਾ। ਬੇਸ਼ਕ ਮਰਨ ਤੋਂ ਬਾਦ ਵੀ, ਭਾਵੇਂ ਸਾਡੀ ਵਿਦਿਆ (ਵਿਦਵਾਨੀ) ਦੇ ਝੰਡੇ ਜੱਗ ਤੇ ਝੂਲਦੇ ਰਹਿਣ। ਫਿਰ ਵੀ, ਤੀਰਥਾਂ ਦੇ ਸਰੋਵਰ ਤੇ ਨਹਾਉਣ ਵਾਲਾ ਵੀ ਭੇਖੀ ਹੈ, ਅਤੇ ਵਿਦਿਆ ਦੇ ਸਰੋਵਰ ਵਿੱਚ ਨਹਾਉਣ ਵਾਲਾ ਵੀ ਭੇਖੀ ਹੈ। ਤੀਰਥਾਂ ਦੇ ਸਰੋਵਰ ਵਿੱਚ ਨਹਾਉਣ ਵਾਲੇ ਨਾਲੋਂ, ਵਿਦਿਆ ਦੇ ਸਰੋਵਰ ਵਿੱਚ ਨਹਾਉਣ ਵਾਲੇ ਭੇਖੀ ਵਿਚ, ਹੰਕਾਰ ਜਿਆਦਾ ਹੁੰਦਾ ਹੈ। ਤੀਰਥਿ ਭਰਮੈ ਰੋਗੁ ਨ ਛੁਟਸਿ ਪੜਿਆ ਬਾਦੁ ਬਿਬਾਦੁ ਭਇਆ॥ ਇਸ ਤੁਕ ਵਿੱਚ ਗੁਰੂ ਨਾਨਕ ਜੀ ਸਮਝਾਉਂਦੇ ਹਨ, ਤੀਰਥਾਂ ਤੇ ਨਹਾਉਣ ਨਾਲ ਮਨ ਦੀ ਮੈਲ ਦੂਰ ਨਹੀਂ ਹੁੰਦੀ, ਅਤੇ ਵਿਦਿਆ ਪੜ੍ਹਨ ਨਾਲ ਵਾਦ ਵਿਵਾਦ ਅਤੇ ਝਗੜਾ ਪੈਦਾ ਹੁੰਦਾ ਹੈ। (ਪੜ੍ਹਿਆਂ ਜੇ ਗਿਆਨ ਉਪਜਦਾ ਹੋਵੇ, ਤਾਂ ਗੁਰੂ ਨਾਨਕ ਜੀ ਨੂੰ ਇਸ ਗੱਲ ਨੂੰ ਛੁਪਾਉਣ ਦੀ ਕੀ ਲੋੜ ਸੀ, ਪੜ੍ਹਿਆਂ ਜੋ ਵੀ ਉਪਜਦਾ ਹੈ, ਉਹ ਉਹਨਾਂ ਨੇਂ ਸਾਫ ਲਿਖ ਦਿੱਤਾ ਹੈ। ਇੱਕ ਪਾਸੇ ਤੀਰਥਾਂ ਤੇ ਨਹਾਉਣ ਵਾਲੇ ਹਨ, ਤਾਂ ਦੂਜੇ ਪਾਸੇ ਪੜ੍ਹਨ ਪੜ੍ਹਾਉਣ ਵਾਲੇ ਹਨ। ਬਾਣੀਂ ਦੋਹਾਂ ਨੂੰ ਹੀ ਰੱਦ ਕਰਦੀ ਹੈ)

ਮਃ ੩॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ॥ ੬੫੦

ਪੜ੍ਹਨਾਂ ਅਤੇ ਵਿਚਾਰਨਾਂ ਮਾੜਾ ਕੰਮ ਨਹੀਂ ਹੈ, ਇਹ ਬਹੁਤ ਹੀ ਚੰਗਾ ਕੰਮ ਹੈ। ਪਰ ਇਹ ਕੰਮ ਵੀ ਹੋਰ ਬਹੁਤ ਸਾਰੇ ਸੰਸਾਰਿਕ ਚੰਗੇ ਕੰਮਾਂ ਦੀ ਗਿਨਤੀ ਵਿੱਚ ਆਉਂਦਾ ਹੈ। ਪੜ੍ਹਨ ਨਾਲ ਸੰਸਾਰੀ ਲਾਭ ਤਾਂ ਹੋ ਸਕਦਾ ਹੈ, ਪਰ ਸੱਚ ਨਾਲ ਮੇਲਾ, ਜਾਂ ਸੱਚ ਨਾਲ ਮਿਲਾਪ ਨਹੀਂ ਹੋ ਸੱਕਦਾ। ਜਰਾ ਸੋਚੋ ਸਾਨੂੰ ਪੜ੍ਹਦਿਆਂ ਅਤੇ ਵਿਚਾਰਾਂ ਕਰਦਿਆਂ ਤਿੰਨ ਸੌ ਸਾਲ ਬੀਤ ਗਏ ਹਨ। ਅਤੇ ਇਹਨਾਂ ਤਿੰਨ ਸੌ ਸਾਲਾਂ ਦੀਆਂ ਪੜ੍ਹਾਈਆਂ ਅਤੇ ਵਿਚਾਰਾਂ ਦਾ ਸਾਰਾ ਰਿਕਾਰਡ ਸਾਡੇ ਪਾਸ, ਕਿਤਾਬਾਂ ਅਤੇ ਲੇਖਾਂ ਦੇ ਰੂਪ ਵਿੱਚ ਮੌਜ਼ੂਦ ਹੈ। ਪਰ ਕੀ ਲਾਭ ਹੋਇਆ ਹੈ ਸਾਨੂੰ ਅੱਜ ਤੱਕ। ਅੰਦਰਿ ਤ੍ਰਿਸਨਾ ਵਿਕਾਰੁ ਅੰਦਰ ਤ੍ਰਿਸ਼ਨਾਂ ਅਤੇ ਵਿਕਾਰ ਜਿਉਂ ਦੇ ਤਿਉਂ ਮੌਜ਼ੂਦ ਹਨ। ਤ੍ਰਿਸ਼ਨਾਂ ਤਾਂ ਪਹਿਲੇ ਹੀ ਬਥੇਰੀਆਂ ਸਨ, ਪੁਰਾਣੇਂ ਵਿਦਵਾਨਾਂ ਦੀਆਂ ਲਿਖਤਾਂ ਪੜ੍ਹ ਪੜ੍ਹ ਕੇ ਸਗੋਂ ਵਿਦਵਾਨ ਬਣਨ ਦੀ ਇੱਕ ਹੋਰ ਤ੍ਰਿਸ਼ਨਾਂ ਵਧ ਗਈ, ਸ਼ੌਕ ਜਾਗਿਆ ਕਿ ਸਾਡਾ ਨਾਂ ਵੀ ਚੋਟੀ ਦੇ ਵਿਦਵਾਨਾਂ ਵਿੱਚ ਸ਼ਾਮਲ ਹੋਣਾਂ ਚਾਹੀਦਾ ਹੈ। ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ਪੜ੍ਹ ਪੜ੍ਹ ਕੇ ਮਨ ਵਿੱਚ ਹੰਕਾਰ ਭਰ ਗਿਆ। ਲੱਗਾ ਅਪਣੀਂ ਵਿਦਿਆ ਦੇ ਹੰਕਾਰ ਵਿੱਚ ਝਗੜੇ ਕਰਨ। ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ਸਿੱਖ ਕੌਮ ਵਿੱਚ ਪੜ੍ਹੇ ਲਿਖੇ ਵਿਦਵਾਨਾਂ ਦੀ ਕੀ ਕੋਈ ਕਮੀਂ ਹੈ! ਪਰ ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਕੇ ਸ਼ਬਦ ਕੀ ਹੈ! ! ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ਤੱਤ ਕੀ ਹੈ, ਸਚਾਈ ਕੀ ਹੈ, ਅਸਲੀਅਤ ਕੀ ਹੈ, ਮੁਕਤੀ ਕਿਵੇਂ ਹਾਸਲ ਕਰਨੀਂ ਹੈ, ਇਹ ਗੱਲ ਜਾਂ ਤਰੀਕਾ (ਗੂਰੂ ਜੀ) ਇਸ ਸ਼ਬਦ ਵਿੱਚ ਸਪੱਸ਼ਟ ਦੱਸ ਰਹੇ ਹਨ ਕਿ, ਅੰਦਰੁ ਖੋਜੈ ਤਤੁ ਲਹੈ ਹੁਣ ਕਿਹੜਾ ਅੰਦਰ ਖੋਜਨਾਂ ਹੈ, ਅਤੇ ਕਿਵੇਂ ਖੋਜਨਾਂ ਹੈ, ਇਹ ਵੀ ਸਾਰੀ ਬਾਣੀਂ ਵਿੱਚ ਸਪਸ਼ਟ ਕੀਤਾ ਹੋਇਆ ਹੈ। ਪਰ ਫਿਰ ਵੀ ਕਿਉਂ ਨਹੀਂ ਪਤਾ ਲੱਗਾ ਅੱਜ ਤੱਕ ਸ਼ਬਦ ਦਾ! ! ਕੀ ਫਾਇਦਾ ਐਸੇ ਪੜ੍ਹਨ ਦਾ ਤੇ ਐਸੀਆਂ ਵਿਚਾਰਾਂ ਦਾ।

ਮਹਲਾ ੩॥ ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ॥ ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ॥ ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ॥ ੧॥ ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ॥ ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ॥ ੧॥ ਰਹਾਉ॥ ੩੯

ਸ੍ਰੀ ਗੁਰੂ ਅਮਰਦਾਸ ਜੀ ਮਹਾਂਰਾਜ ਦੱਸਦੇ ਹਨ, ਸਾਰੇ ਜੱਗ ਨੂੰ ਹੰਕਾਰ ਦੀ ਮੈਲ ਲੱਗੀ ਹੋਈ ਹੈ। ਭਾਵੇਂ ਸੈਕੜੇ ਹੀ ਤੀਰਥਾਂ ਤੇ ਇਸ਼ਨਾਨ ਕਰ ਲਈਏ, ਇਹ ਮੈਲ ਧੋਤੀ ਨਹੀ ਜਾ ਸਕਦੀ। ਕਿਸੇ ਤਰਾਂ ਦੇ ਕਰਮ ਧਰਮ ਨਾਲ ਵੀ ਮੈਲ ਨਹੀਂ ਉਤਰਦੀ ਸਗੋਂ ਹੋਰ ਦੂਣੀਂ ਮੈਲ ਲੱਗ ਜਾਂਦੀ ਹੈ। ਪੜ੍ਹਨ ਨਾਲ ਵੀ ਮੈਲ ਨਹੀਂ ਉੱਤਰਦੀ, ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ਬੇਸ਼ੱਕ ਜਾਕੇ ਗਿਆਨੀਆਂ ਨੂੰ ਵੀ ਪੁੱਛ ਲਵੋ। ਜਿਹੜੇ ਮਨਮੁਖ ਹਨ, ਉਹ ਮੁੰਹ ਨਾਲ ਹਰਿ ਹਰਿ (ਜਾਂ ਕਿਸੇ ਵੀ ਹੋਰ ਅੱਖਰ ਦੀ) ਦੀ ਤੋਤਾ ਰਟ ਲਾ ਲਾ ਕੇ ਥੱਕ ਗਏ। ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ਪਰ ਫਿਰ ਵੀ ਮਨ ਵਿਚੋਂ ਹੰਕਾਰ ਦੀ ਮੈਲ ਧੋਤੀ ਨਾਂ ਜਾ ਸਕੀ। ਇਸ ਸ਼ਬਦ ਵਿੱਚ ਗੁਰੂ ਅਮਰਦਾਸ ਜੀ ਵੀ, ਤੀਰਥਾਂ ਤੇ ਨਹਾਉਣ ਵਾਲਿਆਂ, ਅਤੇ ਪੜ੍ਹਨ ਪੜ੍ਹਾਉਣ ਵਾਲਿਆਂ ਦੋਹਾਂ ਨੂੰ ਇਕੋ ਹੀ ਕਸਵੱਟੀ ਤੇ ਰੱਖ ਰਹੇ ਹਨ, ਅਤੇ ਦੋਹਾਂ ਨੂੰ ਹੀ ਰੱਦ ਕਰਦੇ ਹਨ।

ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ॥ ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ॥ ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ॥ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ॥ ੩॥ ੨੭

ਸ੍ਰੀ ਗੁਰੂ ਅਮਰਦਾਸ ਜੀ ਮਹਾਂਰਾਜ ਇਹਨਾਂ ਪੰਗਤੀਆਂ ਵਿੱਚ ਕਹਿੰਦੇ ਹਨ, ਪੜ੍ਹੇ ਲਿਖੇ ਪੰਡਿਤ (ਸਿਆਣੇਂ ਵਿਦਵਾਨ) ਪੜ੍ਹ ਪੜ੍ਹ ਕੇ ਆਪਣੀਂ ਬੁੱਧੀ ਨਾਲ ਬਹੁਤ ਵਿਚਾਰਾਂ ਕਰਦੇ ਹਨ, ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ॥ ਪਰ ਗੁਰੂ ਅਮਰਦਾਸ ਜੀ ਕਹਿੰਦੇ ਹਨ, ਇਹਨਾਂ ਦੀ ਅਕਲ ਅਤੇ ਬੁੱਧੀ, ਭੌਂ ਗਈ ਹੈ, ਇਹਨਾਂ ਦੀ ਮੱਤ ਫਿਰੀ ਹੋਈ ਹੈ। ਇਹ ਕੁੱਝ ਵੀ ਸਮਝ ਬੁੱਝ ਨਹੀਂ ਸਕਦੇ। ਬਹੁਤੇ ਤਾਂ ਰੋਟੀਆਂ ਵਾਸਤੇ, ਜਾਂ “ਅੰਤਰਿ ਲੋਭ ਵਿਕਾਰੁ” ਕਿਸੇ ਲੋਭ ਲਾਲਚ ਅਤੇ ਵਿਕਾਰਾਂ ਵਾਸਤੇ ਇਹ ਕੰਮ ਕਰਦੇ ਹਨ। ਅਜੇਹੇ ਪੰਡਿਤ ਗਿਆਨੀਂ ਚੌਰਾਸੀਹ ਲੱਖ ਜੂਨਾਂ ਭ੍ਰਮਦੇ ਰਹਿਣ ਗੇ, ਅਤੇ ਭ੍ਰਮ ਭ੍ਰਮ ਕੇ ਖੂਆਰ ਹੁੰਦੇ ਰਹਿਣ ਗੇ। ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ॥ ਜਿਹੜੇ ਅੱਜ ਤੋਂ ਪਹਿਲੇ ਜਨਮਾਂ ਵਿੱਚ ਕਰਮ ਕੀਤੇ, ਉਹ ਅੱਜ ਸਾਡੇ ਪੂਰਬਿ ਕਰਮ ਹਨ, ਜਿਹਵੇ ਅਸੀਂ ਇਸ ਜਨਮ ਵਿੱਚ ਕਰ ਕਰ ਰਹੇ ਹਾਂ, ਇਹ ਸਾਡੇ ਅਗਲੇ ਜਨਮ ਵਿੱਚ ਪੂਰਬਿ ਕਰਮ ਅਕਵਾਉਣ ਗੇ।

ਨੋਟ:- ਜਿਹੜੇ ਪੜ੍ਹੇ ਲਿਖੇ ਵਿਦਵਾਨ ਗਿਆਨੀਂ ਪ੍ਰਚਾਰਕ ਹਨ, ਉਹ ਆਪਣੇਂ ਪ੍ਰਚਾਰ ਅਤੇ ਲੇਖਾਂ ਵਿੱਚ ਅਜੇਹੀਆਂ ਲਾਈਨਾਂ ਆਮ ਹੀ ਵਰਤਦੇ, ਅਤੇ ਲਿਖਦੇ ਰਹਿੰਦੇ ਹਨ। ਨਮੂਨੇਂ ਦੇ ਤੌਰ ਤੇ ਅਗੇ ਕੁੱਝ ਲਾਈਨਾਂ ਲਿਖੀਆਂ ਹਨ ਜੀ। ਪਾਠਕ ਅਤੇ ਸਰੋਤੇ ਅਜੇਹੀਆਂ ਗੱਲਾਂ ਪੜ੍ਹ ਅਤੇ ਸੁਣ ਕੇ ਜੋਸ਼ ਅਤੇ ਕਰੋਧ ਨਾਲ ਭਰ ਜਾਂਦੇ ਹਨ।

….. ਅਤੇ ਉਹਨਾਂ ਆਵਾ ਗਵਨ ਸਬੰਧੀ ਗੁਰਬਾਣੀ ਦੁਆਰਾ ਸਪਸ਼ਟ ਕੀਤਾ ਕਿ ਸਿੱਖ ਧਰਮ ਆਵਾਗਵਨ ਨੂੰ ਨਹੀ ਮੰਨਦਾ।

….ਉਹ ਸਿੱਖਾਂ ਨੂੰ ਕੁਰਾਹੇ ਪਾ ਰਹੇ ਹਨ ਤੇ ਗੁਰੂਬਾਣੀ ਦੀ ਘੋਰ ਨਿਰਾਦਰੀ ਕਰ ਰਹੇ ਹਨ

….ਜੋ ਕਿ ਗੁਰਬਾਣੀ ਦੀ ਬੇਅਦਬੀ ਅਤੇ ਸਿੱਖ ਸਿਧਾਂਤ ਦਾ ਮਖੌਲ ਉਡਾਉਣਾ ਹੈ।

…. ਨੇ ਦੱਸਿਆ ਕਿ ਗੁਰਬਾਣੀ ਵਿੱਚ ਪੁਜਾਰੀ ਦੇ ਬਣਾਏ ਆਵਾਗਵਨ ਤੇ ਨਰਕ ਸਵਰਗ ਨੂੰ ਗੁਰੂ ਸਾਹਿਬ ਵਲੋਂ ਨਕਾਰ ਦਿੱਤਾ ਗਿਆ ਹੈ

ਪਾਠਕ ਵੀਰੋ ਵਿਚਾਰ ਕਰੋ, ਕਿ ਗੁਰਬਾਣੀਂ ਦੀ ਘੋਰ ਨਿਰਾਦਰੀ ਕੌਣ ਕਰ ਰਿਹਾ ਹੈ। ਗੁਰਬਾਣੀਂ ਦੀ ਬੇਅਦਬੀ ਅਤੇ ਸਿੱਖੀ ਸਿਧਾਂਤਾਂ ਦਾ ਮਖੌਲ ਕੌਣ ਉਡਾ ਰਿਹਾ ਹੈ। ਇਹ ਤਾਂ ਸ੍ਰੀ ਗੁਰੂ ਅਮਰ ਦਾਸ ਜੀ ਦੀ ਬਾਣੀਂ ਦੀਆਂ ਊਪਰ ਵਾਲੀਆਂ ਦੋ ਚਾਰ ਲਾਈਨਾਂ, ਬਲਿਕਿ ਇਹ ਅਗਲੀ ਇੱਕ ਪੰਗਤੀ ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ॥ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ॥ ਪੜ੍ਹ ਕੇ ਹੀ ਪਤਾ ਲੱਗ ਜਾਂਦਾ ਹੈ। ਜੇ ਬਾਣੀਂ ਵਿੱਚ ਲਿਖਿਆ ਹੋਇਆ ਸੱਚ ਹੋਇਆ, ਤਾਂ ਅਸੀਂ ਕੀ ਕਰਾਂ ਗੇ! ! ਜਦ ਸਮਾਂ ਬੀਤ ਗਿਆ ਤਾਂ ਸਾਨੂੰ ਕੌਣ ਬਚਾਏ ਗਾ! ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥ ੧॥ ਉਸ ਔਖੇ ਦੁਹੇਲੇ (ਦੁਖਦਾਈ) ਵੇਲੇ ਕੀ ਪਰਚਾਰਕ ਸਾਨੂੰ ਬਚਾ ਲੈਣ ਗੇ, ਜੋ ਗੁਰਬਾਣੀਂ ਨਾਲੋਂ ਤੋੜ ਕੇ ਸਾਨੂੰ ਆਪਣੇਂ ਨਾਲ ਜੋੜ ਰਹੇ ਹਨ।

ਮਹਲਾ ੫॥ ਟੂਟੀ ਨਿੰਦਕ ਕੀ ਅਧ ਬੀਚ॥ ਜਨ ਕਾ ਰਾਖਾ ਆਪਿ ਸੁਆਮੀ ਬੇਮੁਖ ਕਉ ਆਇ ਪਹੂਚੀ ਮੀਚ॥ ੧॥ ਰਹਾਉ॥ ਉਸ ਕਾ ਕਹਿਆ ਕੋਇ ਨ ਸੁਣਈ ਕਹੀ ਨ ਬੈਸਣੁ ਪਾਵੈ॥ ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ॥ ੧॥ ਪ੍ਰਗਟੁ ਭਇਆ ਖੰਡੀ ਬ੍ਰਹਮੰਡੀ ਕੀਤਾ ਅਪਣਾ ਪਾਇਆ॥ ੧੨੨੪ (ਕੀ ਗੁਰੂ ਅਰਜਨ ਦੇਵ ਜੀ ਵੀ ਇਸ ਬਾਣੀਂ ਵਿੱਚ ਆਵਾਗਵਨ, ਨਰਕ, ਅਤੇ ਚੋਰਾਸੀ ਦੀਆਂ ਜੂਨਾਂ ਦਾ ਬ੍ਰਹਾਮਣੀਂ ਭਰਮ ਪੈਦਾ ਕਰ ਰਹੇ ਹਨ ਕੀ ਇਹ ਗੱਲ ਕੋਈ ਪੁਜਾਰੀ, ਜਾਂ ਬ੍ਰਾਹਮਣ ਕਹਿ ਰਿਹਾ ਹੈ! ! ਕਿਉਂ ਕਹਿ ਰਹੇ ਨੇਂ ਵਿਦਵਾਨ ਅਤੇ ਪ੍ਰਚਾਰਕ ਐਸਾ! ! ! ! ਇਸ ਵਿੱਚ ਕੀ ਸਵਾਰਥ ਹੈ ਉਹਨਾਂ ਦਾ! !)

ਇਸ ਸ਼ਬਦ ਵਿੱਚ ਗੁਰੂ ਅਰਜਦੇਵ ਜੀ ਮਹਾਂਰਾਜ ਸਮਝਾਉਂਦੇ ਹਨ, ਨਿੰਦਕ ਦੀ ਡੋਰ ਅੱਧ ਵਿਚਕਾਰੋਂ ਹੀ ਟੁੱਟ ਜਾਂਦੀ ਹੈ, ਉਹ ਕਿਸੇ ਪਾਸੇ ਜੋਗਾ ਵੀ ਨਹੀਂ ਰਹਿੰਦਾ। ਉਸ ਦਾ ਕਹਿਆ (ਫਰਿਆਦ ਪੁਕਾਰ) ਕੋਈ ਨਹੀਂ ਸੁਣਦਾ, ਉਸ ਨੂੰ ਬਹਿਣ ਵਾਸਤੇ ਕਿਤੇ ਵੀ ਥਾਂ ਨਹੀਂ ਮਿਲਦੀ। ਉਹ ਐਥੇ ਵੀ ਦੁੱਖ ਭੋਗਦਾ ਹੈ, ਅਤੇ ਮਰਨ ਤੋਂ ਬਾਦ ਨਰਕ ਭੋਗਦਾ ਹੈ, ਫਿਰ ਉਸ ਨੂੰ ਨਰਕਾਂ ਵਿਚੋਂ ਕੱਢ ਕੇ, ਬਹੁ ਜੋਨੀ ਭਰਮਾਵੈ ਬਹੁਤ ਜੂਨਾਂ ਵਿੱਚ ਭਰਮਾਇਆ ਜਾਂਦਾ ਹੈ। ਉਸ (ਨਿੰਦਕ) ਦਾ ਇਹ ਕਰਮ ਸ੍ਰਿਸ਼ਟੀ ਦੇ ਕਿਸੇ ਵੀ ਹਿੱਸੇ, ਖੰਡਾਂ ਬ੍ਰਹਮੰਡਾਂ ਵਿਚ/ਤੱਕ ਕਿਤੇ ਵੀ ਛੁਪਿਆ ਨਹੀਂ ਰਹਿ ਸਕਦਾ, ਉਸ ਨੂੰ ਆਪਣੇਂ ਕੀਤੇ ਦਾ ਫਲ ਪਾਉਣਾਂ ਹੀ ਪੈਂਦਾ ਹੈ। ( “ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ” ਕੀ ਇਹ ਆਵਾਗਵਨ, ਨਰਕ, ਅਤੇ ਚੋਰਾਸੀ ਦੀਆਂ ਜੂਨਾਂ ਦਾ ਜਿਕਰ ਨਹੀਂ ਕਰ ਰਹੇ ਹਨ, ਗੁਰੂ ਅਰਜਦੇਵ ਜੀ ਮਹਾਂਰਾਜ) (ਇਹ ਕਹਿਣਾਂ ਕਿ ਆਵਾਗਵਨ, ਨਰਕ, ਅਤੇ ਚੋਰਾਸੀ ਦੀਆਂ ਜੂਨਾਂ ਅਤੇ ਪੂਰਬਲੇ ਜਨਮਾਂ ਦਾ ਭਰਮ ਪੈਦਾ ਕਰਨ ਵਾਲਾ ਬ੍ਰਾਹਮਣਵਾਦੀ ਹੈ, ਕੀ ਇਹ ਗੁਰੂ ਸਾਹਿਬਾਂ ਦਾ ਅਤੇ ਗੁਰਬਾਣੀਂ ਦਾ ਘੋਰ ਨਿਰਾਦਰ ਨਹੀਂ ਹੈ! ! !)

ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ॥ ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ॥ ੫੮੬ ਮ: ੩ (ਕੀ ਇਹ ਨਰਕਾਂ ਨੂੰ ਨਾਕਾਰ ਰਹੀ ਹੈ ਬਾਣੀਂ)

ਨਿੰਦਾ ਕਹਾ ਕਰਹੁ ਸੰਸਾਰਾ॥ ਨਿੰਦਕ ਕਾ ਪਰਗਟਿ ਪਾਹਾਰਾ॥ ਨਿੰਦਕੁ ਸੋਧਿ ਸਾਧਿ ਬੀਚਾਰਿਆ॥ ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ॥ ੮੭੫

ਰਵਿਦਾਸ ਜੀ ਕਹਿੰਦੇ ਹਨ, ਐ ਸੰਸਾਰ ਦੇ ਲੋਕੋ, ਕਿਉਂ ਕਿਸੇ ਦੀ ਨਿੰਦਾ ਕਰਦੇ ਹੋ। ਨਿੰਦਕ ਕਾ ਪਰਗਟਿ ਪਾਹਾਰਾ॥ ਨਿੰਦਕ ਦੀ ਧਾਰਮਿਕ ਠੱਗੀ ਦੀ ਦੁਕਾਨ ਦਾ ਪਾਜ ਇੱਕ ਦਿਨ ਖੁੱਲ ਜਾਂਦਾ ਹੈ। ਅਸੀਂ ਬਹੁਤ ਸੋਧ ਸਾਧਿ ਕੇ ਬਹੁਤ ਸੋਚ ਵਿਚਾਰ ਕਰ ਕੇ ਦੱਸ ਰਹੇ ਹਾਂ ਕਿ, ਨਿੰਦਕ ਪਾਪੀ ਨਰਕਾਂ ਵਿੱਚ ਜਾਵੇ ਗਾ। (ਦਸੋ ਇਹ ਨਰਕਾਂ ਦੀ ਗੱਲ (ਡਰਾਵਾ) ਕੌਣ ਕਰ ਰਿਹਾ ਹੈ, ਅਤੇ ਗੁਰਬਾਣੀਂ ਦੀ ਗੱਲ ਨੂੰ ਕੱਟ ਕੇ, ਗੁਰਬਾਣੀਂ ਦਾ ਨਿਰਾਦਰ ਕੌਣ ਕਰ ਰਿਹਾ ਹੈ।)

ਧਰਮ ਨੂੰ ਖਤਰਾ ਹੈ, ਧਰਮ ਨੂੰ ਖਤਰਾ ਹੈ, ਦਾ ਪ੍ਰਚਾਰ ਵੀ ਬਹੁਤ ਜੋਰ ਨਾਲ ਅਤੇ ਕਈ ਤਰੀਕਿਆਂ ਨਾਲ ਕਰਦੇ ਹਨ ਪ੍ਰਚਾਰਕ, ਗੁਰਬਾਣੀਂ ਪੜ੍ਹ ਕੇ, ਜਾਂ ਗੁਰਬਾਣੀਂ ਦੀ ਵਿਚਾਰ ਕਰਕੇ, ਅਤੇ ਕੁੱਝ ਸਿਆਣਿਆਂ ਪਾਸੋਂ ਕੁੱਝ ਇਤਿਹਾਸਕ ਗੱਲਾਂ ਸੁਣ ਕੇ, ਇੱਕ ਹੈਰਾਨੀਂ ਜਨਕ ਸਚਾਈ ਜਿਹੀ ਮੇਰੇ ਸਾਹਮਣੇਂ ਆਈ ਹੈ, ਜੋ ਮੈ ਆਪ ਸਭ ਨਾਲ ਸਾਝੀ ਕਰਨਾਂ ਚਹੁੰਦਾ ਹਾਂ। ਜਦ ਗੁਰੂ ਨਾਨਕ ਜੀ ਅਤੇ ਹੋਰ ਸੰਤਾਂ ਨੇਂ ਬਾਣੀਂ ਬੋਲੀ ਸੀ, ਤਾਂ ਧਰਮਾਂ ਵਾਲਿਆਂ (ਧਰਮਾਂ ਨੂੰ ਨਹੀਂ) ਨੂੰ ਖਤਰਾ ਪੈਦਾ ਹੋ ਗਿਆ ਸੀ, ਤਾਂ ਧਰਮਾਂ ਵਾਲਿਆਂ ਨੇਂ ਸੰਤਾਂ ਦਾ ਅਤੇ ਬਾਣੀਂ ਦਾ ਡਟ ਵਿਰੋਧ ਕੀਤਾ ਸੀ। ਬਾਣੀਂ ਵਿੱਚ ਅੱਜ ਵੀ ਉਹੀ ਤਾਕਤ ਹੈ, ਕਿ ਜਿਸ ਨੂੰ ਵੀ ਇਸ ਦੀ ਸਚਾਈ (ਗੁਰਬਾਣੀਂ ਦਾ ਸੱਚ) ਦੀ ਸਮਝ ਆ ਜਾਵੇ, ਉਹ ਅੱਜ ਵੀ ਗੁਰੂ ਨਾਨਕ ਦਾ ਸੱਚਾ ਸਿੱਖ ਬਣ ਜਾਂਦਾ ਹੈ, ਭਾਵੇਂ ਉਹ ਬ੍ਰਾਹਮਣ ਹੋਏ ਜਾਂ ਇਸਾਈ, ਜਾਂ ਫਿਰ ਮੁਸਲਮਾਨ ਹੀ ਕਿਉਂ ਨਾਂ ਹੋਵੇ। ਸ਼ਾਇਦ ਸਾਡੇ ਪ੍ਰਚਾਰਕ ਵੀ ਇਸ ਗੱਲ ਨੂੰ ਸਮਝ ਕੇ (ਭਾਂਪ ਕੇ) ਹੀ ਗੁਰਬਾਣੀਂ ਦਾ ਇਤਨਾਂ ਡਟ ਕੇ ਵਿਰੋਧ ਕਰ ਰਹੇ ਹਨ। ਕਿ ਕੋਈ ਸੱਚਾ ਸਿੱਖ ਨਾਂ ਬਣ ਜਾਵੇ। ਕਿਉਂ ਕੇ ਗੁਰੂ ਨਾਨਕ ਦਾ ਸੱਚਾ ਸਿੱਖ ਕਿਸੇ ਹੋਰ ਦੀ ਠੱਗੀ ਵਿੱਚ ਨਹੀਂ ਆਵੇ ਗਾ।

ਜਦਿ ਕੋਈ ਪ੍ਰਚਾਰਕ ਆਪਣਾਂ ਪ੍ਰਚਾਰ ਕਰ ਰਿਹਾ ਹੁੰਦਾ ਹੈ, ਤਾਂ ਕਈ ਵਾਰ ਹਜ਼ਾਰਾਂ ਤੋਂ ਵੀ ਵੱਧ ਸਰੋਤੇ ਇਕੱਠੇ ਹੋਏ ਹੁੰਦੇ ਹਨ। ਜਿੰਨ੍ਹਾਂ ਨੂੰ ਆਪ ਨੂੰ ਤਾਂ ਗੁਰਬਾਣੀਂ ਦਾ ਗਿਆਨ ਬਹੁਤ ਘੱਟ ਹੁੰਦਾ ਹੈ। ਜੋ ਥੋੜਾ ਬਹੁਤ ਸਿੱਖਿਆ ਹੈ ਉਹ ਵੀ ਪ੍ਰਚਾਰਕਾਂ ਪਾਸੋਂ। ਉਹ ਤਾਂ ਪ੍ਰਚਾਰਕਾਂ ਦੇ ਮੂਹੋਂ ਨਿਕਲਿਆ ਹਰ ਲਫਜ਼ ਬੜੀ ਸਰਧਾ ਭਾਵਨਾਂ ਨਾਲ ਸੁਣਦੇ ਅਤੇ ਮੰਨਦੇ ਹਨ। (ਦੋਹਾਂ ਦੀ ਸੋਚ ਇੱਕ ਹੋ ਚੁੱਕੀ ਹੈ) ਪ੍ਰਚਾਰਕ ਜੋ ਵੀ ਕਹਿ ਦੇਣ ਉਹਨਾਂ ਵਾਸਤੇ ਤਾਂ ਮਾਰਗ ਦਰਸ਼ਨ ਹੀ ਹੈ। ਸ੍ਰੋਤਾ ਵਿਚਾਰਾ ਕੀ ਕਰੇ! ਬਾਣੀਂ ਮਗਰ ਜਾਵੇ ਜਾਂ ਪ੍ਰਚਾਰਕਾਂ ਮਗਰ ਜਾਵੇ, ਬਾਣੀਂ ਮਗਰ ਕਿਵੇਂ ਜਾਵੇ! ਕਿਉਂ ਕੇ ਬਾਣੀਂ ਤੇ ਤਾਂ ਪ੍ਰਚਾਰਕਾਂ ਦਾ ਕਬਜਾ ਹੈ। ਉਹ ਜਿਵੇਂ ਚਾਹੁੰਦੇ ਹਨ, ਇਸ ਦਾ ਇਸਤੇਮਾਲ ਕਰੀ ਜਾਂਦੇ ਹਨ।

“ਅਖਰ ਪੜਿ ਪੜਿ ਭੁਲੀਐ”

ਇਕ ਅੱਖਰ ਕੀ ਹੈ।

ਮਃ ੧॥ ਆਪਿ ਬੁਝਾਏ ਸੋਈ ਬੂਝੈ॥ ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ॥ ਕਹਿ ਕਹਿ ਕਥਨਾ ਮਾਇਆ ਲੂਝੈ॥ ਹੁਕਮੀ ਸਗਲ ਕਰੇ ਆਕਾਰ॥ ਆਪੇ ਜਾਣੈ ਸਰਬ ਵੀਚਾਰ॥ ਅਖਰ ਨਾਨਕ ਅਖਿਓ ਆਪਿ॥ ਲਹੈ ਭਰਾਤਿ ਹੋਵੈ ਜਿਸੁ ਦਾਤਿ॥ ੨॥ ੧੫੦

ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ, ਦੱਸਦੇ ਹਨ, (ਜਿਸ ਨੂੰ ਪੜ੍ਹ ਕੇ ਫਿਰ ਭੁੱਲੀ ਦਾ ਨਹੀਂ ਹੈ) ਇਹ ਉਹ ਅੱਖਰ ਹੈ, ਜਿਹੜਾ ਉਸ ਕਰਤੇ ਨੇਂ, ਖੁਦ ਆਪਹੀ ਆਖਿਆ ਹੈ ਅਖਰ ਨਾਨਕ ਅਖਿਓ ਆਪਿ। ਪਰ ਇਥੇ ਵੀ ਫਿਰ ਉਹੀ ਆਮ ਵਾਲੀ ਗੱਲ, ਇਹ ਨਹੀਂ ਦੱਸਿਆ ਕਿ ਉਹ ਅੱਖਰ ਕਿਹੜਾ ਹੈ। ਸਿਰਫ ਇਹ ਕਿਹਾ ਹੈ, “ਆਪਿ ਬੁਝਾਏ ਸੋਈ ਬੂਝੈ॥”, ਕੌਣ ਬੂਝੇ ਗਾ, ਅਤੇ ਕੌਣ ਬੁਝਾਇ ਗਾ ਉਸ ਅੱਖਰ ਨੂੰ! ! ! ! (ਉਸ ਅੱਖਰ ਨੂੰ ਬੁੱਝਣ ਵਾਸਤੇ ਕਿੰਨੀਆਂ ਸਦੀਆਂ ਲੱਗਣ ਗੀਆਂ ਅਜੇ ਹੋਰ, ਅਤੇ ਉਸ ਅੱਖਰ ਨੂੰ ਬੁੱਝਣ ਵਾਸਤੇ ਕਿੰਨੇਂ ਕਰੋੜ ਰੁਪਈਆ ਖਰਚ ਆਵੇ ਗਾ) ਇਹ ਵੀ ਛੱਡੋ, ਕੀ ਕਿਸੇ ਨੇਂ ਕਦੇ ਉਸ ਅੱਖਰ ਨੂੰ ਬੁੱਝਣ ਦੀ ਕੋਸ਼ਸ਼ ਕੀਤੀ ਹੈ? ਜਾਂ ਉਸ ਅੱਖਰ ਨੂੰ ਬੁੱਝਣ ਦੀ, ਸਿਰਫ ਜਰੂਰਤ ਹੀ ਸਮਝੀ ਹੋਵੇ, ਕਿਸੇ ਵਿਦਵਾਨ ਜਾਂ ਪ੍ਰਚਾਰਕ ਨੇਂ! ! ! ਪਰ ਜਿਥੋਂ ਤੱਕ ਹਕੀਕਤ (ਸਚਾਈ) ਸਾਡੇ ਸਾਹਮਣੇਂ ਹੈ, ਆਮ ਕਰਕੇ ਬਾਣੀਂ ਵਿਚੋਂ ਅਸੀਂ ਸਿਰਫ ਰੋਟੀਆਂ ਢੂੰਡੀਆਂ ਹਨ, ਜਾਂ ਸਿਰਫ ਰੋਟੀਆਂ ਢੂੰਡ ਰਿਹਾ ਹੈ ਸੱਭ ਕੋਈ। ਕਹਿ ਕਹਿ ਕਥਨਾ ਮਾਇਆ ਲੂਝੈ ਜਾਂ ਫਿਰ ਸ਼ੋਹਰਤ ਦੀ ਖਾਤਰ ਵਰਤ ਰਿਹਾ ਹੈ, ਗੁਰਬਾਣੀਂ ਨੂੰ, ਸ਼ੋਹਰਤ ਵੀ ਤਾਂ ਮਾਇਆ (ਰੋਟੀਆਂ) ਹੀ ਹੈ। (ਇਹ ਭੇਖ ਨਹੀਂ ਤਾਂ ਹੋਰ ਕੀ ਹੈ)

ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ॥ ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ॥ ੧॥ ੩੪੦ ਕਬੀਰ

ਕਬੀਰ ਸਾਹਿਬ ਜੀ ਸਮਝਾਉਂਦੇ ਹਨ, ਸਾਰੀ ਤ੍ਰਿਲੋਕੀ ਦੇ ਸਮੇਤ, ਜੋ ਕੁੱਝ ਵੀ ਅਸੀਂ ਇਹਨਾਂ ਅੱਖਾਂ ਨਾਲ ਵੇਖ ਰਹੇ ਹਾਂ। ਸਾਰਾ ਕੁੱਝ ਹੀ ਇਹਨਾਂ ਬਾਵਨ ਅੱਖਰਾਂ ਵਿੱਚ ਆ ਜਾਂਦਾ ਹੈ। ਇਹ ਸੱਭ ਕੁੱਝ ਨਾਸ ਹੋ ਜਾਵੇ ਗਾ ਸਾਰੀ ਤ੍ਰਿਲੋਕੀ ਵੀ ਇੱਕ ਦਿਨ ਨਾਸ ਹੋ ਜਾਵੇ ਗੀ। ਪਰ ਉਹ ਇੱਕ ਅੱਖਰ ਜੋ ਕਦੇ ਨਾਸ ਨਹੀਂ ਹੁੰਦਾ, ਉਹ ਅੱਖਰ (ਸ਼ਬਦ) ਇਹਨਾਂ ਅੱਖਰਾਂ ਵਿੱਚ ਨਹੀਂ ਹੈ। ਅਗਲੀ ਕੜੀ ਵਿੱਚ ਦੱਸਦੇ ਹਨ, ਉਸ ਅੱਖਰ ਨੂੰ ਪਹਿਚਾਨਣਾਂ ਸੀ, ਪਰ ਪਹਿਚਾਣ ਨਾਂ ਸਕਿਆ।

ਬਾਵਨ ਅਖਰ ਜੋਰੇ ਆਨਿ॥ ਸਕਿਆ ਨ ਅਖਰੁ ਏਕੁ ਪਛਾਨਿ॥ ੩੪੩

ਇਸ ਤੋਂ ਵੀ ਵੱਧ ਹੈਰਾਨੀਂ ਵਾਲੀ ਇੱਕ ਹੋਰ ਗੱਲ ਕਬੀਰ ਸਾਹਿਬ ਜੀ ਆਪਣੇਂ ਸਲੋਕਾਂ ਵਿੱਚ ਕਹਿ ਰਹੇ ਹਨ, ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ॥ ਏ ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ॥ ੧੭੧॥ ਜਿੱਥੇ ਇੱਕ ਅੱਖਰ ਦੀ ਗੱਲ ਹੁੰਦੀ ਹੈ, ਤਾਂ ਅਸੀਂ ਝੱਟ ਅੰਦਾਜ਼ਾ (ਸਿਰਫ ਅੰਦਾਜਾ) ਲਗਾ ਲੈਂਦੇ ਹਾਂ, ਕੇ ਇਹ ਪ੍ਰਮਾਤਮਾਂ ਵਲ ਇਸ਼ਾਰਾ ਹੈ। ਪਰ ਇਥੇ ਕਬੀਰ ਸਾਹਿਬ ਜੀ ਕਹਿ ਰਹੇ ਹਨ, ਏ ਦੁਇ ਅਖਰ ਨਾ ਖਿਸਹਿ ਇਸ ਦਾ ਕੀ ਮਤਲਭ ਹੋਇਆ, ਇਹ ਦੂਜਾ ਅੱਖਰ ਕੀ ਹੈ! ! ਇਹ ਦੂਜਾ ਅੱਖਰ ਕਿਥੋਂ ਆ ਗਿਆ! ਇੱਕ ਅੱਖਰ ਤਾਂ ਸਾਥੋਂ ਪਹਿਚਾਨ ਨਾਂ ਹੋਇਆ ਅੱਜ ਤੱਕ, ਇਹ ਦੂਜਾ ਅੱਖਰ ਕੌਣ ਪਹਚਾਨੇਂ ਗਾ! ! ! ! । ਕਿਹੜਾ ਪ੍ਰਚਾਰਕ ਦੱਸੇ ਗਾ ਇਸ ਦੂਜੇ ਅੱਖਰ ਬਾਰੇ।

ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ॥ ਗੁਰੂ ਨਾਨਕ ਦੇਵ ਜੀ ਵੀ ਇਹੋ ਹੀ ਕਹਿੰਦੇ ਹਨ। ਕੇ ਹੇ ਪੰਡਿਤ ਹੇ ਗਿਆਨੀਂ ਪੁਰਸ਼ ਜੇ ਤੂੰ ਏਨਾਂ ਹੀ ਪੜ੍ਹਿਆ ਲਿਖਿਆ ਤੇ ਸਿਆਣਾਂ ਹੈਂ, ਤਾਂ ਦੱਸ ਇਹ ਦੋ ਅੱਖਰ ਕਿਹੜੇ ਹਨ। ਅੱਗੇ ਕਹਿੰਦੇ ਹਨ ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ॥ ੧॥ ਹੇ, ਪੰਡਿਤ ਹੇ ਗਿਆਨੀਂ, ਸਾਨੂੰ ਇਸ ਗੱਲ ਦੀ ਵਿਚਾਰ ਕਰਕੇ ਦੱਸ! ਕਿ ਇਹ ਜੋ ਦੋ ਮਾਵਾਂ ਅਤੇ ਦੋ ਬਾਪ ਹਨ, ਇਹ ਕੌਣ ਹਨ। ਸੁਆਮੀ ਪੰਡਿਤਾ ਤੁਮੑ ਦੇਹੁ ਮਤੀ॥ ਕਿਨ ਬਿਧਿ ਪਾਵਉ ਪ੍ਰਾਨਪਤੀ॥ ੧॥ ਰਹਾਉ॥ ੧੧੭੧ ਅਤੇ ਨਾਲ ਹੀ ਕਹਿੰਦੇ ਹਨ, ਹੇ ਸਵਾਮੀਂ ਪੰਡਿਤ ਤੂੰ ਸਾਨੂੰ ਉਹ ਮੱਤ ਦੇ, ਜਿਸ ਨਾਲ ਮੈਂ ਆਪਣੇਂ ਪ੍ਰਾਨਪਤੀ (ਪ੍ਰਭੂ) ਨੂੰ ਹਾਸਲ ਕਰ ਸਕਾਂ।

ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨੑ ਪੜਿਆ ਮੁਕਤਿ ਨ ਹੋਈ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ॥ ੩॥ ੭੪੭

(ਇਕ ਅੱਖਰ ਤੋਂ ਬਿਨਾਂ ਸੱਭ ਭੇਖ ਹੈ, ਇੱਕ ਵਾਰ ਥੋੜੀ ਜਿਹੀ ਚਰਚਾ ਹੋਈ ਸੀ, “ਬ੍ਰਾਹਮਣ ਵਾਦ ਕੀ ਹੈ” ਤਾਂ ਦਾਸ ਨੇਂ ਬ੍ਰਾਹਮਣ ਵਾਦ ਬਾਰੇ ਸਿਰਫ ਇੱਕ ਲਾਈਨ ਲਿਖੀ ਸੀ, “ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ ਤੋਂ ਇੱਕ ਅੱਖਰ ਵੀ ਪਾਸੇ ਹੋਣਾਂ ਸਾਰਾ ਹੀ ਬ੍ਰਾਹਮਣਵਾਦ ਹੈ”। ਇਸੇ ਤਰਾਂ ਇੱਕ ਅੱਖਰ ਨੂੰ ਬੁੱਝੇ ਬਿਨਾਂ, ਬਾਕੀ ਸੱਭ ਭੇਖ ਹੈ, ਭਾਵੇਂ ਕੋਈ ਰਾਵਣ ਨਾਲੋਂ ਵੀ ਵਡਾ ਵਿਦਵਾਨ ਕਿਉਂ ਨਾਂ ਹੋ ਜਾਵੇ।) (ਗੁਰੂ ਨਾਨਕ ਦੇ ਸੱਚ ਦੇ ਉਪਦੇਸ਼ (ਗੁਰਬਾਣੀ) ਦਾ ਵਿਰੋਧ, ਬ੍ਰਾਹਮਣ ਵਾਦ/ ਵਿਦਾਂਤ ਵਾਦ ਹੈ। ਚਾਹੇ ਇਹ ਵਿਰੋਧ ਕੋਈ ਹੋਰ ਕਰਨ, ਜਾਂ ਪਰਚਾਰਕ ਕਰਨ।)

ਬਾਣੀਂ ਵਿੱਚ ਸੰਤ, ਸਾਧ, ਭਗਤ, ਗਿਆਨੀਂ, ਬ੍ਰਹਮ ਗਿਆਨੀ ਆਦੀ ਦੀ ਬਹੁਤ ਮਹਿਮਾਂ ਕੀਤੀ ਗਈ ਹੈ। ਇਸ ਮਹਿਮਾਂ ਨੂੰ ਵੇਖਦਿਆਂ ਹੋਇਆਂ, ਸੱਭ ਦੇ ਹੀ ਭੇਖ ਪੈਦਾ ਹੋ ਗਏ ਹਨ, ਕਿਉਂ ਕੇ ਚੰਗੀ ਚੀਜ ਦੀ ਹਮੇਸ਼ਾਂ ਹੀ ਰੀਸ ਜਾਂ ਨਕਲ ਹੋ ਜਾਂਦੀ ਹੈ। (ਦੇਖਾ ਦੇਖੀ ਵਿਦਵਾਨ ਬਣਨ ਦੀ ਵੀ ਹੋੜ ਲੱਗੀ ਹੋਈ ਹੈ) ਪਰ ਅਸੀਂ ਇਹ ਵੀ ਵੇਖ ਸੱਕਦੇ ਹਾਂ, ਕਿ ਗਿਆਨੀਆਂ ਦੇ ਭੇਖ ਤੋਂ ਬਿਨਾਂ, ਹੋਰ ਕੋਈ ਭੇਖ ਕਿਸੇ ਦੂਜੇ ਭੇਖ ਦੀ ਭੰਡੀ, ਆਮ ਕਰਕੇ ਨਹੀਂ ਕਰਦਾ। (ਇਸ ਭੰਡੀ ਨੂੰ ਗੁਰਬਾਣੀਂ ਪਰਾਈ ਤਾਤ ਕਹਿੰਦੀ ਹੈ) ਜੇ ਬਹੁਤ ਹੀ ਬਰੀਕੀ ਨਾਲ ਨਿਰਪੱਖ ਹੋ ਕੇ ਵਿਚਾਰ ਕਰੀਏ, ਤਾਂ ਅੱਜ ਤੱਕ ਸਾਰਾ ਝਗੜਾ ਹੀ ਗਿਆਨ ਦੇ ਭੇਖ ਵਿਚੋਂ ਉਪਜਿਆ ਹੈ। (ਕਬੀਰ ਜੀ, ਨਾਮਦੇਵ ਜੀ, ਗੁਰੂ ਨਾਨਕ ਦੇਵ ਜੀ, ਅਤੇ ਉਹਨਾਂ ਦੇ ਗੱਦੀ ਨਸ਼ੀਨ ਗੁਰੂਆਂ ਦਾ ਵਿਰੋਧ, ਤੇ ਨਿੰਦਾ ਚੁਗਲੀ ਵੀ ਪੜ੍ਹੈ ਪੰਡਿਤ, ਧਰਮ ਗਿਆਨੀਆਂ, ਧਰਮ ਪ੍ਰਚਾਰਕਾਂ ਆਦੀ ਨੇਂ ਹੀ ਕੀਤਾ ਸੀ) ਜਿਸ ਨੂੰ ਜਿੰਨਾਂ ਜਿਆਦਾ ਗਿਆਨ ਹੋਵੇ ਗਾ, ਉਨਾਂ ਹੀ ਉਹ ਜਿਆਦਾ ਝਗੜਾ ਕਰ ਸੱਕਦਾ ਹੈ। (ਹਿੰਦੂ ਧਰਮ ਦੇ ਤੇਤੀ ਕਰੋੜ ਦੇਵੀ ਦੇਵਤੇ ਹਨ, ਅਨੇਕ ਭਾਸ਼ਾ ਅਤੇ ਸੰਸਕ੍ਰਿਤੀਆਂ ਹਨ, ਅਨੇਕਾਂ ਇਸ਼ਟ ਹਨ। ਪਰ ਉਹਨਾਂ ਵਿੱਚ ਐਸਾ ਕੋਈ ਝਗੜਾ ਨਹੀਂ ਹੈ ਜੈਸਾ ਕਿ ਸਾਡੇ ਵਿੱਚ ਹੈ) ਕੀ ਗੁਰੂ ਨਾਨਕ ਦਾ ਗਿਆਨ, ਇਸ ਝਗੜੇ ਦਾ ਜਿਮੇਂਵਾਰ ਹੈ। (ਕਿਉਂ ਕੇ ਸੱਭ ਦੇ ਪਾਸ ਹੀ ਗੁਰੂ ਨਾਨਕ ਦਾ ਗਿਆਨ ਹੈ) ਪਰ ਗੁਰੂ ਨਾਨਕ ਦਾ ਗਿਆਨ ਤਾਂ ਸੱਚਾ ਹੈ, ਇਹ ਤਾਂ ਝੂਠ ਹੋ ਨਹੀਂ ਸੱਕਦਾ। ਸੱਚਾ ਗਿਆਨ ਤਾਂ ਸਾਰੇ ਝਗੜੇ ਖਤਮ ਕਰ ਦੇਂਦਾ ਹੈ। ਪਰ ਸਾਡਾ ਗਿਆਨ ਕੈਸਾ ਹੈ, ਵਿਚਾਰ ਕਰੋ ਕਿਤੇ ਇਹ ਵੀ “ਭੇਖ” ਤਾਂ ਨਹੀਂ ਹੈ। ਜਾਂ ਕਿ ਗੁਰੂ ਨਾਨਕ ਦਾ ਸੱਚਾ ਗਿਆਨ ਹੈ ਸਾਡੇ ਪਾਸ। ਇਸ ਵਾਸਤੇ ਕੀ ਆਪਣੀਂ ਪਰਖ ਜਰੂਰੀ ਨਹੀਂ ਹੈ! ਅਤੇ ਕੀ ਇਹ ਪਰਖ ਗੁਰਬਾਣੀਂ ਦੀ ਕਸਵੱਟੀ ਤੇ ਨਹੀਂ ਹੋਣੀਂ ਚਾਹੀਦੀ? ਆਪਣੀਂ ਪਰਖ ਕਰਨ ਵਿੱਚ ਹਰਜ ਵੀ ਕੀ ਹੈ। ਅਸੀਂ ਕੋਈ ਰੱਬ ਤੇ ਨਹੀਂ ਹਾਂ, ਜੋ ਅਸੀਂ ਸਰਵ ਸਮਰੱਥ ਅਤੇ ਚਾਰੇ ਕੰਨੀਆਂ ਪੂਰੇ ਹਾਂ ਸਾਨੂੰ ਆਪਣੇਂ ਬਾਰੇ ਵੀ ਗਿਆਨ ਹੋਣਾਂ ਚਾਹੀਦਾ ਹੈ। ਗਿਆਨੀਂ ਕੈਸਾ ਹੋਣਾਂ ਚਾਹੀਦਾ ਹੈ, ਅਗੇ ਗੁਰੂ ਨਾਨਕ ਦੇਵ ਜੀ ਬਾਣੀਂ ਦੁਆਰਾ ਸਮਝਾਉਂਦੇ ਹਨ।

ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ॥ ਆਪੁ ਪਛਾਣੈ ਬੂਝੈ ਸੋਇ॥ ਗੁਰ ਪਰਸਾਦਿ ਕਰੇ ਬੀਚਾਰੁ॥ ਸੋ ਗਿਆਨੀ ਦਰਗਹ ਪਰਵਾਣੁ॥ ੪॥ (੨੫ ਮ: ੧

ਗਿਆਨੀ ਐਸਾ ਹੋਣਾਂ ਚਾਹੀਦਾ ਹੈ, ਜਿਹੜਾ ਆਪਣੇਂ ਆਪ ਦੀ ਪਹਿਚਾਨ ਕਰ ਲਵੇ, ਉਹ ਗਿਆਨੀ ਕਹਾ ਸੱਕਦਾ ਹੈ। ਕੇਵਲ ਐਸਾ ਗਿਆਨੀਂ ਹੀ ਦਰਗਾਹ ਵਿੱਚ ਪਰਵਾਣ ਹੋਵੇ ਗਾ, ਜੇ ਆਪਣੀਂ ਪਹਿਚਾਨ ਨਹੀਂ ਤਾਂ ਭੇਖੀ ਹੈ।

(ਨੋਟ:- ਪ੍ਰਮਾਤਮਾਂ ਨੂੰ ਬੁੱਝੋ, ਨਾਮ ਨੂੰ ਬੁੱਝੋ, ਸ਼ਬਦ ਨੂੰ ਬੁੱਝੋ, ਅੱਖਰ ਨੂੰ ਬੁੱਝੋ, ਆਦੀ ਵਰਗੀਆਂ ਗੁਰਬਾਣੀਂ ਦੀਆਂ ਇਹ ਗੱਲਾਂ ਜਾਂ ਸਵਾਲ, ਤਾਂ ਠੀਕ ਹਨ। ਪਰ ਕੀ ਗੁਰਬਾਣੀਂ ਨੂੰ ਸਚਮੁਚ ਹੀ ਇਹ ਲੱਗਦਾ ਹੈ, ਕਿ ਸਾਨੂੰ ਆਪਣੇਂ ਆਪ ਦੀ ਵੀ ਪਹਿਚਾਨ ਨਹੀਂ ਹੈ! ! ਜਿਸ ਕਰਕੇ ਕਿ ਬਾਣੀਂ ਸਾਨੂੰ ਇਹ ਕਹਿ ਰਹੀ ਹੈ। ਕੀ ਅਸੀਂ ਆਪਣੇਂ ਆਪ ਨੂੰ ਵੀ ਨਹੀਂ ਜਾਣਦੇ! ! । ਕੀ ਸਾਡੇ ਵਿਚੋਂ ਕੋਈ ਐਸਾ ਵੀ ਹੈ, ਜੋ ਮੰਨੇਂ ਗਾ ਕਿ ਉਹ ਆਪਣੇਂ ਆਪ ਨੂੰ ਵੀ ਨਹੀਂ ਜਾਣਦਾ।)

ਮਿਸਾਲ:- ਆਪਣੇਂ ਆਪ ਨੂੰ ਜਾਨਣਾਂ ਕਿਉਂ ਜਰੂਰੀ ਹੈ। ਜਿਵੇਂ ਇੱਕ ਛੋਟਾ ਬੱਚਾ ਕਿਤੇ ਗਵਾਚ ਜਾਂਦਾ ਹੈ, ਜੇ ਉਹ ਆਪਣਾਂ ਨਾਮ, ਆਪਣੇਂ ਮਾਤਾ ਪਿਤਾ ਦਾ ਨਾਮ, ਆਪਣੇਂ ਘਰ ਦਾ ਪਤਾ, ਆਦੀ ਜਾਣਦਾ ਹੈ, ਤਾਂ ਉਹ ਬੱਚਾ ਆਪ ਪੁੱਛ ਪੁਛਾ ਕੇ, ਜਾਂ ਕੋਈ ਹੋਰ ਉਸ ਬੱਚੇ ਨੂੰ ਉਸ ਦੇ ਘਰ ਪਹੁੰਚਾ ਸੱਕਦਾ ਹੈ। ਇਸੇ ਤਰਾਂ ਜੇ ਅਸੀਂ ਆਪਣੇਂ ਘਰ ਬਾਰੇ, ਜਾਂ ਆਪਣੇਂ ਬਾਰੇ ਨਹੀਂ ਜਾਣਦੇ, ਤਾਂ ਅਸੀਂ ਆਪਣੇਂ ਘਰ ਨਹੀਂ ਜਾ ਸੱਕਦੇ। ਅਸੀਂ ਉਝੜ ਰਸਤੇ ਪੈ ਜਾਵਾਂ ਗੇ, ਉਹ ਰਸਤਾ ਜਮਾਂ ਦਾ ਵੀ ਹੋ ਸਕਦਾ ਹੈ, ਅਤੇ ਨਰਕਾਂ ਦਾ ਵੀ ਹੋ ਸੱਕਦਾ ਹੈ। (ਕੀ ਕੋਈ ਆਪਣੇਂ ਘਰ ਨੂੰ ਜਾਣਦਾ ਹੈ?)

ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ॥ ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ॥ ੮॥ (੫੭)

ਜਿਹੜਾ ਆਪਣੇਂ ਆਪ ਨੂੰ ਪਹਿਚਾਣ ਲਵੇ ਗਾ, ਸਿਰਫ ਉਹ ਹੀ ਆਪਣੇਂ ਘਰ (ਦਰਗਾਹ) ਵਿੱਚ ਜਾ ਸਕੇ ਗਾ। ਸਿਰਫ ਉਹ ਹੀ ਆਪਣੇਂ ਘਰ ਵਿੱਚ ਵੱਸ ਸਕੇ ਗਾ।

ਤਤੁ ਪਛਾਣੈ ਸੋ ਪੰਡਿਤੁ ਹੋਈ॥ ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ॥ ੧॥ (੧੨੭

ਜਿਹੜਾ ਇਸ ਤੱਤ ਨੂੰ ਪਹਿਚਾਣ ਲਵੇ ਗਾ, ਉਹੋ ਹੀ ਪੰਡਿਤ ਹੈ, ਉਹੋ ਹੀ ਗਿਆਨੀਂ ਹੈ, ਉਹੋ ਹੀ ਵਿਦਵਾਨ ਹੈ, ਉਹੋ ਹੀ ਪ੍ਰਚਾਰਕ ਹੈ। ਐਸਾ ਗਿਆਨੀਂ, ਆਪ ਵੀ ਤਰ ਜਾਂਦਾ ਹੈ, ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਜਾਂਦਾ ਹੈ। ਇਸ ਵਾਸਤੇ ਸਾਰੇ ਗਿਆਨੀਂ ਵਿਦਵਾਨ ਅਤੇ ਪ੍ਰਚਾਰਕ, ਇਸ ਗੱਲ ਦੀ ਵਿਚਾਰ ਕਰੋ, ਕੇ ਉਹ ਆਪਣੇਂ ਨਾਲ ਹੋਰ ਕਿਨਿਆਂ ਨੂੰ ਤਾਰ ਜਾਂ ਡੋਬ ਸੱਕਦੇ ਹਨ। ਭਾਵ ਜੇ ਤਾਰਨ ਗੇ ਤਾਂ ਕਿੰਨਿਆਂ ਨੂੰ, ਅਤੇ ਜੇ ਡੋਬਣ ਗੇ ਤਾਂ ਕਿੰਨਿਆਂ ਨੂੰ।

ਇਕ ਕਹਾਵਤ ਹੈ, “ਦੰਦ ਗਏ ਤਾਂ ਸਵਾਦ ਗਿਆ, ਅੱਖਾਂ ਗਈਆਂ ਤਾਂ ਜਹਾਨ ਗਿਆ”। ਵਿਦਵਾਨ ਸਾਡੀਆਂ ਅੱਖਾਂ ਹਨ, ਅੱਖਾਂ ਸਾਨੂੰ ਰਸਤਾ ਦਿਖਾਉਂਦੀਆਂ ਹਨ, ਅੱਖਾਂ ਸਾਨੂੰ ਟੋਏ ਟਿੱਬੇ ਖੁਹ ਤੋਂ ਬਚਾ ਕੇ ਸਾਡੀ ਮੰਜ਼ਿਲ ਤੇ ਪਹੁੰਚਾਉਂਦੀਆਂ ਹਨ। ਪਰ ਜੇ ਸਾਡੀਆਂ ਅੱਖਾਂ ਤੇ ਹੀ ਪੱਟੀ ਬੱਝੀ ਹੋਵੇ ਗੀ, ਤਾਂ ਅਸੀਂ ਮੰਜ਼ਿਲ ਤੱਕ ਕਿਵੇਂ ਪਹੁੰਚਾਂ ਗੇ।

(ਪਾਠਕ ਵੀਰੋ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਦਾਸ ਨੇਂ ਵਿਦਵਾਨਾਂ ਤੋਂ ਉਲਟ ਲਿਖਣ ਦੀ ਗੁਸਤਾਖੀ ਤੇ ਗੁਸਤਾਖੀ ਕੀਤੀ ਹੈ। ਪਰ ਕਿਉਂ! ਕੀ ਮੈਨੂੰ ਕੋਈ ਹੋਰ ਗੱਲ ਨਹੀਂ ਆਉਂਦੀ! ਕੀ ਮੈਂ ਵਿਦਵਾਨਾਂ ਦਾ ਦੋਖੀ ਹਾਂ! ਕੀ ਮੈਨੂੰ ਵਿਦਵਾਨਾਂ ਨਾਲ ਕੋਈ ਈਰਖਾ ਹੈ! ਕੀ ਵਿਦਵਾਨਾਂ ਨਾਲ ਮੇਰੀ ਕੋਈ ਪੁਰਾਣੀਂ ਦੁਸ਼ਮਣੀਂ ਹੈ! ਜੇ ਕਿਸੇ ਵਿਦਵਾਨ ਨੇਂ ਮੈਨੂੰ ਫਿੱਕੇ ਕੌੜੇ ਬਚਨ ਵੀ ਕਹੇ, ਤਾਂ ਮੈਂ ਉਹਨਾਂ ਦੇ ਬਚਨਾਂ ਨੂੰ ਵੀ ਕਦੇ ਚਿੱਤ ਵਿੱਚ ਵੀ ਨਹੀਂ ਲਿਆਂਦਾ! ਫਿਰ ਵੀ ਬਾਰ ਬਾਰ, ਬਾਰ ਬਾਰ ਕਿਉਂ ਕਰਦਾ ਹਾਂ ਮੈਂ ਐਸਾ! ਮੇਰੀ ਕੀ ਮਜਬੂਰੀ ਹੈ! ਮੇਰੀ ਮਜਬੂਰੀ ਇਹ ਹੈ, ਕਿ ਮੈਨੂੰ ਇਹਨਾਂ ਵਿਦਵਾਨਾਂ ਨਾਲ ਅਤੇ ਹੋਰ ਸਭ ਨਾਲ ਹੀ ਪਿਆਰ ਹੈ। ਪਿਆਰ ਅਗੇ ਕੋਈ ਨੇਮ ਨਹੀਂ ਹੁੰਦਾ। ਵਿਦਵਾਨਾਂ ਨੂੰ ਮੈਂ ਆਪਣੀਆਂ (ਕੌਮ ਦੀਆਂ) ਅੱਖਾਂ ਸਮਝਦਾ ਹਾਂ, ਅੱਖਾਂ ਦੀ ਹਿਫਾਜ਼ਤ ਸਰੀਰ ਦੀ ਲੋੜ ਵਾਸਤੇ ਬਹੁਤ ਜਰੂਰੀ ਹੈ। ਸਾਰੀ ਕੌਮ, (ਅਸਲ ਵਿੱਚ ਸਾਰੇ ਧਰਮਾਂ ਵਾਲੇ) ਇੱਕ ਸਰੀਰ ਹੈ, ਅੱਖਾਂ (ਵਿਦਵਾਨ) ਸਰੀਰ ਦਾ ਇੱਕ ਬਹੁਤ ਜਰੂਰੀ ਅੰਗ ਹਨ। ਅੱਖਾਂ ਵਿੱਚ ਅੰਜਣ ਦੀ ਲੋੜ ਹੁੰਦੀ ਹੈ, ਇਸੇ ਤਰਾਂ ਸਾਡੀਆਂ ਇਹਨਾਂ ਅੱਖਾਂ ਵਿੱਚ ਗੁਰੂ ਦੇ ਗਿਆਨ ਰੂਪੀ ਅੰਜਨ ਦੀ ਲੋੜ ਹੈ, ਦਾਸ ਤਾਂ ਉਹੀ ਗੁਰੂ ਦੇ ਗਿਆਨ ਦੇ ਅੰਜਨ ਨੂੰ ਸੱਭ ਨੂੰ ਅੱਖਾਂ ਵਿੱਚ ਪਾਉਣ ਦੀ ਬੇਨਤੀ ਕਰਦਾ ਹੈ। ਪਰ ਦਾਰੂ ਕੌੜਾ ਜਰੂਰ ਹੁੰਦਾ ਹੈ, ਅੱਖਾਂ ਨੂੰ ਲੱਗਦਾ ਜਰੂਰ ਹੈ, ਜਿਸ ਅੱਖ ਵਿੱਚ ਜਿਆਦਾ ਨੁਕਸ ਹੁੰਦਾ ਹੈ, ਉਸ ਨੂੰ ਦਾਰੂ ਜਿਆਦਾ ਲਗਦਾ ਹੈ, ਪਰ ਦਾਰੂ ਅੱਖ ਦੀ ਸਫਾਈ ਜਰੂਰ ਕਰ ਦੇਂਦਾ ਹੈ।)

(ਬੇਨਤੀ:- ਸਾਰੇ ਵਿਦਵਾਨ ਪ੍ਰਚਾਰਕ ਇਕੋ ਜਿਹੇ ਨਹੀਂ ਹਨ। ਕਈ ਜਾਂ ਬਹੁਤੇ ਸਾਰੇ ਵਿਦਵਾਨ, ਬਹੁਤ ਹੀ ਸੁਹਿਰਦ ਹਨ, ਬਹੁਤ ਹੀ ਸੁਲਝੇ ਹੋਇ ਅਤੇ ਵਿਚਾਰਵਾਨ ਹਨ, ਬੇਸ਼ੱਕ ਉਹ ਅਸਲ ਤੱਤ ਨੂੰ ਨਹੀਂ ਜਾਣਦੇ, ਇਹ ਕੋਈ ਗੁਨਾਹ ਨਹੀਂ ਹੈ। ਇਹ ਸਿਰਫ ਗਲਤੀ ਹੈ, ਜੋ ਗੁਰਬਾਣੀਂ ਦੀ ਵਿਚਾਰ ਅਤੇ ਗੁਰਬਾਣੀਂ ਦੇ ਕਹੇ ਤੇ ਅਮਲ ਕਰਕੇ ਸੁਧਾਰੀ ਜਾ ਸੱਕਦੀ ਹੈ। ਉਹਨਾਂ ਪਾਸ ਵਿਦਿਆ ਹੈ, ਵਿਦਿਆ ਵਿੱਚ ਜੇ ਹੰਕਾਰੀ ਗੁਣ ਹੈ, ਤਾਂ ਇੱਕ ਪਰਉਪਕਾਰੀ ਗੁਣ ਵੀ ਹੈ। ਪ੍ਰਭਾਤੀ ਮਹਲਾ ੧॥ ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ॥ ਗੁਰੂ ਦੇ ਹੁਕਮ ਅਨੂਸਾਰ ਉਹ ਵਿਦਵਾਨ, ਵਿਦਿਆ ਦੇ ਇਸ ਪਰਉਪਕਾਰੀ ਗੁਣ ਦਾ ਖੁਦ ਵੀ ਲਾਭ ਲੈ ਸੱਕਦੇ ਹਨ, ਅਤੇ ਦੂਸਰਿਆਂ ਨੂੰ ਵੀ ਇਸ ਦਾ ਲਾਭ ਪਹੁੰਚਾ ਸਕਦੇ ਹਨ। ਮੇਰਾ ਇਹ ਲੇਖ ਕਿਸੇ ਦੀ ਨਿੰਦਾ ਨਹੀਂ ਹੈ, ਇਹ ਇੱਕ ਆਈਨਾਂ ਹੈ, ਜਿਸ ਤੇ ਗੁਰਬਾਣੀਂ ਦਾ ਪਾਲਸ਼ (ਪਾਣੀਂ) ਚੜ੍ਹਾਉਣ ਦੀ ਕੋਸ਼ਿਸ ਕੀਤੀ ਗਈ ਹੈ, ਤਾਂ ਜੋ ਅਸੀਂ ਆਪਣਾਂ ਆਪ ਦੇਖ ਸਕੀਏ ਗੁਰਬਾਣੀਂ ਦੇ ਪਾਣੀਂ ਵਾਲੇ ਆਈਨੇਂ ਵਿਚੋਂ। ਅਸਲ ਆਈਨਾਂ ਤਾਂ ਗੁਰੁ ਗ੍ਰੰਥ ਸਾਹਿਬ ਜੀ ਹੈ, ਉਸ ਨੂੰ ਪੜ੍ਹੋ ਵਿਚਾਰੋ ਅਤੇ ਅਮਲ ਕਰੋ ਅਤੇ ਆਪਣੇਂ ਆਪ ਨੂੰ ਵੇਖੋ ਉਸ ਆਈਨੇਂ ਵਿਚੋਂ)

ਗੁਰੂ ਦੇ ਗਿਆਨ ਦਾ ਅੰਜਨ ਭਰਮਾਂ ਦੇ ਸਾਰੇ ਹੀ ਕਾਲੇ ਅੰਧੇਰੇ ਦੂਰ ਕਰ ਦੇਂਦਾ ਹੈ। ਅਸੀਂ ਮੰਨਦੇ ਹਾਂ (ਲਿਖਾਰੀਆਂ ਦੀਆਂ ਲਿਖਤਾਂ ਦੇ ਹਵਾਲੇ ਨਾਲ ਵੀ, ਅਤੇ ਬਾਣੀਂ ਅਨੂੰਸਾਰ ਵੀ) ਕਿ ਸਾਰਾ ਸੰਸਾਰ ਹੀ ਅੰਧੇਰੇ ਵਿੱਚ ਹੈ, ਅੰਨ੍ਹਾਂ ਹੈ। ਅੰਧਾ ਲੋਕੁ ਨ ਜਾਣਈ ਮੂਰਖੁ ਏਆਣਾ॥ ੧॥ ਪਰ ਸਵਾਲ ਹੈ ਕਿ ਇਸ ਸੰਸਾਰ ਨੂੰ ਚਾਨਣ ਦਿਖਾਉਣ ਦਾ ਬੀੜਾ ਕਿੰਨ੍ਹਾਂ ਨੇਂ ਉਠਾਇਆਂ ਹੈ? । ਜਿੰਨ੍ਹਾਂ ਨੇਂ ਇਹ ਬੀੜਾ ਉਠਾਇਆ ਹੈ, ਉਹ ਕੌਣ ਹਨ, ਕੀ ਉਹਨਾਂ ਦਾ ਆਪਣਾਂ ਅੰਧੇਰਾ ਦੂਰ ਹੋ ਚੁੱਕਾਂ ਹੈ। ਇੱਕ ਅੰਨ੍ਹਾਂ ਕਿਸੇ ਨੂੰ ਕੀ ਰਾਹ ਦਿਖਾਏ ਗਾ। ਬਾਣੀਂ ਦੱਸਦੀ ਹੈ, ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ॥ ਜਿਹੜਾ ਖੁਦ ਅੰਨਾਂ ਹੈ, ਅਤੇ ਜੇ ਉਹ ਕਿਸੇ ਹੋਰ ਨੂੰ ਵੀ, ਜੇ ਰਾਹ ਦਿਖਾਏ ਗਾ, ਅਤੇ ਜਿਹੜਾ ਵੀ ਉਸ ਦੇ ਦੱਸੇ ਰਾਹ ਤੇ ਚੱਲੇ ਗਾ, ਉਹ ਵੀ ਡੁੱਬ ਜਾਵੇ ਗਾ। ਇਸ ਵਾਸਤੇ ਦੂਸਰਿਆਂ ਨੂੰ ਰਸਤਾ ਦਿਖਾਉਣ ਵਾਲਿਆਂ ਨੂੰ ਚਾਹੀਦਾ ਹੈ, ਕਿ ਪਹਿਲੇ ਉਹ ਆਪ ਗੁਰੂ ਦੇ ਗਿਆਨ ਅੰਜਣ ਦੇ ਨਾਲ, ਆਪਣੀਆਂ ਅੱਖਾਂ ਦਾ ਅੰਧੇਰਾ ਦੂਰ ਕਰਨ। ਗੁਰਬਾਣੀਂ ਦੀ ਕਸਵੱਟੀ ਨਾਲ, ਆਪਣੀਂ ਪਰਖ ਕਰਨ ਕਿ ਕੀ ਸਚ ਮੁਚ ਉਹਨਾਂ ਦਾਂ ਆਪਣਾਂ ਅੰਧੇਰਾ ਦੂਰ ਹੋ ਚੁੱਕਾ ਹੈ। ਗੁਰੂ ਦੇ ਗਿਆਨ ਦਾ ਅੰਜਨ ਕੀ ਹੈ, ਕੀ ਉਹ ਜਾਣਦੇ ਹਨ? । ਕੀ ਕਦੇ ਉਹਨਾਂ ਨੇਂ ਗੁਰੂ ਦੇ ਗਿਆਨ ਦਾ ਅੰਜਨ ਆਪਣੀਆਂ ਅੱਖਾਂ ਵਿੱਚ ਪਾਇਆ ਹੈ? । ਗੁਰੂ ਦੇ ਗਿਆਨ ਦਾ ਅੰਜਨ ਪਾਉਣ ਨਾਲ ਕੀ ਹੁੰਦਾ ਹੈ, ਜਾਂ ਕੀ ਫਰਕ ਪੈਂਦਾ ਹੈ, ਜਾਂ ਕੀ ਫਾਇਦਾ ਹੁੰਦਾ ਹੈ। ਕੀ ਉਹਨਾਂ ਨੂੰ ਕੋਈ ਫਰਕ ਪਿਆ ਹੈ ਅੱਜ ਤੱਕ ਗੁਰੂ ਦੇ ਗਿਆਨ ਦੇ ਅੰਜਨ ਨੂੰ ਆਪਣੀਆਂ ਅੱਖਾਂ ਵਿੱਚ ਪਾਉਣ ਨਾਲ। ਇਹ ਸਭ ਜਾਨਣ ਵਾਸਤੇ ਅਸੀਂ ਗੁਰਬਾਣੀਂ ਦੇ ਦੱਸੇ ਅਨੂੰਸਾਰ ਆਪਣੀਂ ਪਰਖ ਪਹਿਚਾਨ ਕਰ ਸੱਕਦੇ ਹਾਂ।

ਚਿੰਤ ਬਿਸਾਰੀ ਏਕ ਦ੍ਰਿਸਟੇਤਾ॥ ਨਾਨਕ ਗਿਆਨ ਅੰਜਨੁ ਜਿਹ ਨੇਤ੍ਰਾ॥ ੨੨॥ ੨੫੪

ਸ੍ਰੀ ਗੁਰੂ ਅਰਜਨ ਦੇਵ ਜੀ, ਮਹਾਂਰਾਜ ਜੀ ਦੱਸਦੇ ਹਨ, ਜਿੰਨ੍ਹਾਂ ਦੇ ਨੇਤ੍ਰਾਂ ਵਿੱਚ ਗੁਰੂ ਦੇ ਗਿਆਨ ਦਾ ਅੰਜਨ ਹੈ, ਉਹਨਾਂ ਨੇਂ ਦੁਨੀਆਂ ਦੀ ਹਰ ਤਰਾਂ ਦੀ ਚਿੰਤਾ ਛੱਡ ਦਿੱਤੀ ਹੈ। ਉਹਨਾਂ ਨੂੰ ਸਭ ਪਾਸੇ, ਸੱਭ ਵਿੱਚ ਇਕੋ ਹੀ ਦਿਖਾਈ ਦੇਂਦਾ ਹੈ। ਉਹਨਾਂ ਨੂੰ ਕੋਈ ਵੀ ਬੇਗਾਨਾਂ ਨਹੀਂ ਦਿੱਸਦਾ, ਕੋਈ ਵੀ ਬੁਰਾ ਨਹੀਂ ਦਿੱਸਦਾ, ਸਾਰੇ ਹੀ ਆਪ ਤੋਂ ਚੰਗੇ ਦਿੱਸਦੇ ਹਨ। (ਇਹ ਹੈ ਪਹਿਲੀ ਨਿਸ਼ਾਨੀ ਅੰਜਨ ਦੀ)

ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ॥ ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ॥ ੩॥ ੬੧੦

ਜਿੰਨ੍ਹਾਂ ਦੇ ਨੇਤ੍ਰਾਂ ਵਿੱਚ ਗੁਰੂ ਦੇ ਗਿਆਨ ਦਾ ਅੰਜਨ ਪੈ ਜਾਂਦਾ ਹੈ, ਉਹਨਾਂ ਨੂੰ ਆਪਣੇਂ ਅੰਦਰ ਦਾ ਵੀ, ਅਤੇ ਬਾਹਰ ਦਾ ਵੀ ਸਾਰਾ ਚਾਨਣ ਹੋ ਜਾਂਦਾ ਹੈ। ਪਰ ਜਿਹੜੇ ਅਗਿਆਨੀ ਹਨ, ਅੰਧੇ ਹਨ, ਉਹਨਾਂ ਨੂੰ ਕੁੱਝ ਵੀ ਨਹੀਂ ਸੁਝਦਾ, ਉਹਨਾਂ ਨੂੰ ਚਾਰੋਂ ਪਸਿਆਂ ਤੋਂ ਅੰਧੇਰਾ (ਖਤਰਾ) ਦਿੱਸਦਾ ਹੈ। ਉਹ ਟਟੀਹਰੀ ਵਾਂਗ ਭਰਮਾਂ ਭੁਲੇਖਿਆਂ ਵਿੱਚ ਪਿਆ ਹੋਇਆ ਰੌਲਾ ਪਾਉਂਦਾ ਹੈ, ਕਿ ਆਉ ਆਸਮਾਨ ਡਿੱਗਣ ਵਾਲਾ ਹੈ, ਕੁੱਝ ਕਰੀਏ।

ਕਹਤ ਨਾਨਕ ਜਨੁ ਜਾਗੈ ਸੋਇ॥ ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ॥ ੬॥

ਸ੍ਰੀ ਗੁਰੂ ਅਮਰ ਦਾਸ ਜੀ ਦੱਸਦੇ ਹਨ, ਇਹਨਾਂ ਭਰਮਾਂ ਵਿਚੋਂ ਉਹ ਇਨਸਾਨ ਜਾਗੇ ਗਾ/ ਨਿਕਲੇ ਗਾ, ਜਿਸ ਦੀਆਂ ਅੱਖਾਂ ਵਿੱਚ ਗੁਰੂ ਦੇ ਗਿਆਨ ਦਾ ਅੰਜਨ ਹੋਵੇ ਗਾ।

ਜਨਮ ਜਨਮ ਕੇ ਕਿਲਵਿਖ ਦੁਖ ਭਾਗੇ ਗੁਰਿ ਗਿਆਨ ਅੰਜਨੁ ਨੇਤ੍ਰ ਦੀਤ॥ ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ॥ ੪॥ ੬੭੩ ਮ: ੫

ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ॥ ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ॥ ੨॥ ੭੬੪ ਮ: ੧

ਗੁਰੂ ਨਾਨਕ ਜੀ ਦੱਸਦੇ ਹਨ ਗਿਆਨ ਦੇ ਮਹਾਂ ਯੋਗ ਰਸ ਗਿਆਨ ਮਹਾ ਰਸੁ ਦੇ ਦਾਰੂ ਨਾਲ ਜਨਮਾਂ ਜਨਮਾਂ ਦੇ (ਅਸੀਂ ਕਹਿੰਦੇ ਹਾਂ ਝੂਠ ਦੂਸਰਾ ਜਨਮ ਤਾਂ ਹੁੰਦਾ ਹੀ ਨਹੀਂ ਇਹ ਜਨਮ ਕਿਥੋਂ ਆ ਗਏ) ਪਾਪਾਂ ਦੁੱਖਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ, ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਤਿੰਨ ਲੋਕ ਕੀ ਹਨ, ਉਹਨਾਂ ਦਾ ਕੀ ਅਕਾਰ ਹੈ, ਕੀ ਉਹਨਾਂ ਦਾ ਰੂਪ ਹੈ, ਸੱਭ ਕੁੱਝ ਸਾਫ ਸਾਫ ਦਿਖਾਈ ਦੇਣ ਲੱਗ ਪੈਦਾ ਹੈ (ਇਹ ਤਿੰਨ ਲੋਕ ਕਿਹੜੇ ਹਨ, ਅਸੀਂ ਕਹਿੰਦੇ ਹਾਂ ਇਹ ਬ੍ਰਾਹਮਣਾਂ ਦਾ ਕੂੜ ਪ੍ਰਚਾਰ ਹੈ) ਸਖੀ ਮਿਲਹੁ ਰਸਿ ਮੰਗਲੁ ਗਾਵਹੁ ਇਹ ਸਖੀਆਂ ਕੌਣ ਹਨ, ਉਹਨਾਂ ਨਾਲ ਮਿਲ ਕੇ ਮੰਗਲ (ਖੁਸ਼ੀਆਂ ਦਾ ਗੀਤ, ਵਿਆਹ ਦੇ ਗਤਿ) ਕਿਵੇਂ ਗਾਉਣੇਂ ਹਨ, ਹਮ ਘਰਿ ਸਾਜਨੁ ਆਇਆ ਉਹ ਸਾਜਨ (ਖਸਮ) ਕੌਣ ਹੈ, ਉਹ ਲਾੜਾ ਕਿਵੇਂ ਘਰ ਆਵੇ ਗਾ। ਕੀ ਉਹ ਦਿੱਸਦਾ ਵੀ ਹੈ, ਕੀ ਉਸ ਨਾਲ ਅਸੀਂ ਗੱਲਾਂ ਵੀ ਕਰ ਸੱਕਦੇ ਹਾਂ, ਕੀ ਉਹ ਸਚ ਮੁਚ ਹੈ ਵੀ ਏ ਜਾਂ, ਐਵੇਂ ਇੱਕ ਉਚ ਅਵਸਥਾ ਦਾ ਹੀ ਨਾਮ ਹੈ। ਜਾਂ ਐਵੇਂ ਮਨ ਦਾ ਭਰਮ ਹੈ। (ਇਹ ਭਰਮ ਸਿਰਫ ਉਹਨਾਂ ਦੇ ਦੂਰ ਹੋਣ ਗੇ, ਜਿੰਨ੍ਹਾਂ ਦੀਆਂ ਅੱਖਾਂ ਵਿੱਚ ਗੁਰੂ ਦੇ ਗਿਆਨ ਦਾ ਅੰਜਨ ਪੈ ਜਾਂਦਾ ਹੈ, ਭਾਸ਼ਣ ਦੇਣ ਜਾਂ ਸੁਣਨ ਨਾਲ ਨਹੀਂ)

ਸਫਲ ਜਨਮੁ ਮੋ ਕਉ ਗੁਰ ਕੀਨਾ॥ ਦੁਖ ਬਿਸਾਰਿ ਸੁਖ ਅੰਤਰਿ ਲੀਨਾ॥ ੧॥ ਗਿਆਨ ਅੰਜਨੁ ਮੋ ਕਉ ਗੁਰਿ ਦੀਨਾ॥ ਰਾਮ ਨਾਮ ਬਿਨੁ ਜੀਵਨੁ ਮਨ ਹੀਨਾ॥ ੧॥ ਰਹਾਉ॥ ੮੫੮ ਨਾਮਦੇਵ ਜੀ

ਗਿਆਨ ਅੰਜਨੁ ਮੋ ਕਉ ਗੁਰਿ ਦੀਨਾ॥ ਗੁਰੂ ਗਿਆਨ ਦਾ ਅੰਜਨ ਦੇਂਦਾ ਹੈ, ਸਾਡੇ ਵਾਂਗ ਖਾਲੀ ਭਾਸ਼ਣ ਨਹੀਂ ਦੇਂਦਾ, ਉਹ ਵੀ ਬਾਣੀਂ ਦੇ ਵਿਰੋਧ ਵਿਚ।

ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ॥ ੧੨॥ ੧੦੭੯ ਮ: ੫

ਅਵਰੁ ਨ ਦੀਸੈ ਏਕ ਬਿਨਾ ਜਿਨਾਂ ਦੀਆਂ ਅੱਖਾਂ ਵਿੱਚ ਗੁਰੂ ਗਿਆਨ ਦਾ ਅੰਜਨ ਪਾ ਦੇਂਦਾ ਹੈ। ਉਹਨਾਂ ਨੂੰ “ਇਕ” ਤੋਂ ਬਿਨਾਂ ਹੋਰ ਕੁੱਝ ਵੀ ਦਿਖਾਈ ਨਹੀਂ ਦੇਂਦਾ। ਪਰ ਸਾਨੂੰ “ਇਕ” ਤੋਂ ਬਿਨਾਂ ਸਾਰਾ ਕੁੱਝ ਹੀ ਦਿੱਸਦਾ ਹੈ, ਜੇ ਨਹੀ ਦਿੱਸਦਾ ਤਾਂ ਸਿਰਫ “ਇਕ” ਹੀ ਨਹੀਂ ਦਿੱਸਦਾ

(ਸਾਰੇ ਪਾਠਕਾਂ ਨੂੰ ਬੇਨਤੀ ਹੈ ਜੀ, ਕਿ ਆਪ ਜੀ ਦੇ ਧਿਆਨ ਗੋਚਰੇ, ਅੱਗੇ ਗੁਰਬਾਣੀਂ ਵਿਚੋਂ ਕੁੱਝ ਕੜੀਆਂ ਲਿਖੀਆਂ ਹਨ ਜੀ। ਅਰਥ ਕਰਨ ਵਾਸਤੇ ਬਹੁਤ ਵਕਤ ਲੱਗ ਜਾਵੇ ਗਾ, ਆਪ ਖੁਦ ਹੀ ਵਿਚਾਰ ਕਰ ਲੈਣਾਂ ਜੀ, ਧੰਨਵਾਦ)

ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ॥ ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨੁ॥ ੩॥ ਕਹਿ ਕਬੀਰ ਅਬ ਜਾਨਿਆ ਗੁਰਿ ਗਿਆਨੁ ਦੀਆ ਸਮਝਾਇ॥ ਅੰਤਰਗਤਿ ਹਰਿ ਭੇਟਿਆ ਅਬ ਮੇਰਾ ਮਨੁ ਕਤਹੂ ਨ ਜਾਇ॥ ੪॥ ੨॥ ੧੧੦੩ ਕਬੀਰ ਜੀ

ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ॥ ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ॥ ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ॥ (੫੭੩ ਮ: ੪

ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ॥ ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ॥ ਆਪਿ ਜਾਣਾਵੈ ਮਾਰਗਿ ਪਾਵੈ ਆਪੇ ਮਨੂਆ ਲੇਵਏ॥ ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣ ਅਭੇਵਏ॥ ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ॥ ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ॥ ੪॥ ੭੬੬ ਮ: ੧

ਦਾਸ ਦੀ ਸੱਭ ਲਿਖਾਰੀਆਂ, ਵਿਦਵਾਨਾਂ, ਪ੍ਰਚਾਰਕਾਂ, ਨੂੰ ਬੇਨਤੀ ਹੈ ਜੀ, ਕਿਉਂ ਕੇ ਦਾਸ ਕੋਈ ਬਹੁਤਾ ਪੜ੍ਹਿਆ ਲਿਖਿਆ ਤਾਂ ਹੈ ਨਹੀਂ। ਇਸ ਵਾਸਤੇ ਦਾਸ ਦੀਆਂ ਤਾਂ ਸਿੱਧੀਆਂ ਪੱਧਰੀਆਂ, ਸਿੱਧੀਆਂ ਜਿਹੀਆਂ ਗੱਲਾਂ ਹਨ। ਵੱਲ ਛਲ ਜਿਹਾ ਪਾਉਣਾਂ ਆਉਂਦਾ ਨਹੀਂ, ਜੋ ਬਾਣੀਂ ਦੇ ਘੁਮਾ ਕੇ ਅਰਥ ਕਰ ਸਕਾਂ। ਜੋ ਬਾਣੀਂ ਵਿੱਚ ਲਿਖਿਆ ਹੈ, ਸੋਈ ਮੈਂ ਪੜ੍ਹੀ ਅਤੇ ਬੋਲੀ ਜਾ ਰਿਹਾ ਹਾਂ। ਹੁਣ ਸੱਚ ਕੀ ਹੈ, ਤੇ ਝੂਠ ਕੀ ਹੈ, ਇਹ ਤੁਸਾਂ ਪਹਿਚਾਨਣਾਂ ਹੈ, ਜਾਂ ਪਾਠਕਾਂ ਨੇਂ। ਜਾਂ ਫਿਰ ਗੁਰੂ ਜਾਣੇਂ ਕਿ ਜੋ ਉਹਨਾਂ ਨੇਂ ਬਾਣੀਂ ਵਿੱਚ ਲਿਖਿਆ ਹੈ ਕੀ ਇਹ ਸੱਚ ਹੈ।

ਜੇ ਮੈਂ ਆਪਣੇਂ ਆਪ ਨੂੰ ਗਿਆਨੀਂ ਕਹਿੰਦਾ ਹਾਂ। ਆਪਣੇਂ ਨਾਂ ਨਾਲ ਵੀ ਗਿਆਨੀਂ ਲਿਖਦਾ ਹਾਂ, ਦੁਨੀਆਂ ਵੀ ਮੈਨੂੰ ਗਿਆਨੀਂ ਕਹਿੰਦੀ ਹੈ। ਮੈਂ ਆਪਣੇਂ ਗਿਆਨ ਦੀ ਨੁਮਾਇਸ਼ ਵੀ ਲਾਈ ਹੋਈ ਹੈ। ਮੇਰੇ ਪਾਸੋਂ ਗਿਆਨ ਹਾਸਲ ਕਰਨ ਵਾਲਿਆਂ ਦੇ, ਦੇਸ਼ਾਂ ਵਿਦੇਸ਼ਾਂ ਵਿਚੋਂ ਮੈਨੂੰ ਸੱਦੇ ਆਉਂਦੇ ਹਨ। ਪਰ ਮੈਨੂੰ ਇੱਕ “ਅੱਖਰ” ਦਾ ਗਿਆਨ ਨਹੀਂ, ਤਾਂ ਕੀ ਮੈਂ ਭੇਖੀ ਨਹੀਂ ਹਾਂ? । ਸਾਰੇ ਭੇਖਾਂ ਵਿਚੋਂ ਗਿਆਨੀ ਦਾ ਭੇਖ ਸੱਭ ਤੋਂ ਮਾੜਾ ਹੈ। ਆਪਣੇਂ ਲਈ ਵੀ ਅਤੇ ਦੂਸਰਿਆਂ ਵਾਸਤੇ ਵੀ। ਬਾਕੀ ਭੇਖ ਤਾਂ ਸੱਭ ਦੀ ਨਿਗਾਹ ਵਿੱਚ ਆ ਜਾਂਦੇ ਹਨ। ਪਰ ਗਿਆਨੀਂ ਵਾਲੇ ਭੇਖ ਵੱਲ ਸਾਡਾ ਧਿਆਨ ਬਹੁਤ ਹੀ ਘੱਟ ਜਾਂਦਾ ਹੈ। ਕਿਉਂ ਕੇ ਕਿਸੇ ਵੀ ਭੇਖ ਦੀਆਂ ਬੁਰਾਈਆਂ ਨੂੰ ਗਿਆਨੀ ਜਾਂ ਵਿਦਵਾਨ ਹੀ, ਪ੍ਰਚਾਰਦੇ ਹਨ, (ਜਾਂ ਸਾਹਮਣੇਂ ਲਿਆਉਂਦੇ, ਜਾਂ ਨੰਗਾ ਕਰਦੇ ਹਨ) ਹੁਣ ਗਿਆਨੀਂ ਜਾਂ ਵਿਦਵਾਨ ਆਪਣੇਂ ਭੇਖ ਦੀਆਂ ਬੁਰਾਈਆਂ ਨੂੰ ਕਿਵੇਂ ਪ੍ਰਚਾਰਨ, ਜਾਂ ਆਪਣੇਂ ਆਪ ਨੂੰ ਨੰਗਾ ਕਿਵੇਂ ਕਰਨ, ਭਾਵ ਆਪਣੀਂ ਪਹਿਚਾਣ ਕਿਵੇਂ ਕਰਣ। ਦੂਜੀ ਗੱਲ ਇਹ, ਕਿਉਂ ਕੇ ਅਸੀਂ ਖੁਦ ਵੀ (ਸਰੋਤੇ ਅਤੇ ਪਾਠਕ ਵੀ) ਗਿਆਨੀਂ ਨਹੀਂ ਹਾਂ। ਸਾਡੇ ਪਾਸ ਗਿਆਨ ਦੀ ਕਸਵੱਟੀ ਨਹੀਂ ਹੈ। ਇਸ ਵਾਸਤੇ ਸਾਨੂੰ ਗਿਆਨੀਆਂ ਦੇ ਭੇਖ ਦੀ ਪਰਖ ਨਹੀਂ ਹੈ। ਸਦੀਆਂ ਤੋਂ ਗਿਆਨੀਂ ਜਾਂ ਪ੍ਰਚਾਰਕ ਜੋ ਸਾਨੂੰ ਕਹੀ ਜਾਂਦੇ ਹਨ, ਅਸੀਂ ਮੰਨੀਂ ਜਾਂਦੇ ਹਾਂ। ਨਤੀਜਾ! ਅੱਜ ਸਾਡੇ ਸਾਹਮਣੇਂ ਸਿਰਫ ਵਿਦਵਾਨਾਂ ਦਾ ਗਿਆਨ ਰਹਿ ਗਿਆ ਹੈ, ਵਿਦਵਾਨਾਂ ਦਾ ਗਿਆਨ ਹੀ ਕਸਵੱਟੀ ਬਨ ਚੁਕਾ ਹੈ। ਆਪਣੀਂ ਗੱਲ ਨੂੰ ਸਹੀ ਸਾਬਤ ਕਰਨ ਵਾਸਤੇ, ਅਸੀਂ ਕਸਵੱਟੀ ਦੇ ਰੂਪ ਵਿਚ, ਕਿਸੇ ਨਾਂ ਕਿਸੇ ਲਿਖਾਰੀ ਦੀ ਕਿਤਾਬ ਵਿਚੋਂ ਹੀ ਪ੍ਰਮਾਣ ਦੇਂਦੇ ਹਾਂ। ਜੇ ਕਿਤੇ ਕੋਈ ਬਾਣੀਂ ਵਿਚੋਂ ਪਰਮਾਣ ਦੇਣ ਦੀ ਕੋਸ਼ਿਸ਼ ਵੀ ਕਰਦਾ ਹੈ, ਤਾਂ ਪੜ੍ਹ ਕੇ ਇੰਜ ਜਾਪਦਾ ਹੈ, ਜਿਵੇਂ ਉਹ ਬਾਣੀਂ ਦਾ ਘੋਰ ਨਿਰਾਦਰ ਕਰ ਰਿਹਾ ਹੋਵੇ। ਗੁਰਬਾਣੀਂ ਦੇ ਬਾਦਸ਼ਾਹੀ ਤਾਜ ਨੂੰ ਖੋਤੇ ਦੇ ਸਿਰ ਉਤੇ ਰੱਖ ਰਿਹਾ ਹੋਵੇ। ਗੁਰਬਾਣੀਂ ਨੂੰ ਚਿੱਕੜ ਵਿੱਚ ਸੁੱਟ ਰਿਹਾ ਹੋਵੇ। ਗੁਰੂ ਦਾ ਗਿਆਨ ਮਸਿਆ ਦੇ ਚੰਦ ਵਾਂਗ ਛਿਪ ਚੁੱਕਾ ਹੈ। ਵਿਦਵਾਨ ਅੱਜ ਦੇ ਜਗਤ ਗੁਰੂ ਬਣ ਚੁਕੇ ਹਨ, ਜਿਵੇਂ ਕਦੇ ਬ੍ਰਾਹਮਣ ਗੁਰੂ ਸਨ।

ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ॥ ੨੩੭॥

ਜਿਸ ਤਰਾਂ ਬਾਮਨੁ ਭਗਤਾਂ ਦਾ ਗੁਰੂ ਨਹੀਂ ਹੋ ਸੱਕਦਾ। ਕੀ ਵਿਦਵਾਨ ਜਗਤ ਦਾ ਜਾਂ ਸਾਡਾ ਗੁਰੂ (ਰੱਬ ਦੇ ਘਰ ਦਾ ਰਸਤਾ ਦਿਖਾਉਣ ਵਾਲਾ) ਹੋ ਸੱਕਦਾ ਹੈ। ਭਗਤੀ ਦੀ ਗੱਲ ਕਰਨ ਵਾਲਿਆਂ ਨਾਲ ਤਾਂ ਵਿਦਵਾਨਾਂ ਨੇਂ ਵੈਸੇ ਹੀ ਮੋਰਚੇ ਲਾਏ ਹੋਇ ਹਨ। ਇਹ ਗੱਲ ਵੱਖਰੀ ਹੈ, ਕਿ ਉਹ (ਭਗਤ) ਸਚੇ ਹਨ ਜਾਂ ਝੂਠੇ ਹਨ। (੧) ਮੰਨ ਲਉ ਕਿ ਉਹ ਸਾਰੇ ਹੀ ਝੂਠੇ ਹਨ, ਤਾਂ ਕੀ ਵਿਦਵਾਨ ਸਾਨੂੰ ਸੱਚੀ ਭਗਤੀ ਦੱਸ ਸਕਦੇ ਹਨ?) (੨) ਕੀ ਗੁਰੂ ਨਾਨਕ ਇਸ ਸੰਸਾਰ ਦੇ ਜੀਵਾਂ ਨੂੰ ਪ੍ਰਭੂ ਦੀ ਭਗਤੀ ਕਰਾਉਣ ਵਾਸਤੇ ਨਹੀਂ ਆਏ ਸਨ! (੩) ਕੀ ਉਹਨਾਂ ਦੀ ਭਗਤੀ ਦਾ, ਅੱਜ ਇਸ ਸੰਸਾਰ ਵਿੱਚ ਕਿਤੇ ਵੀ ਨਾਮ ਨਿਸ਼ਾਨ ਨਹੀਂ ਰਹਿ ਗਿਆ! ! ! !) (੪) ਭਗਤੀ ਦਾ ਕੀ ਅਰਥ ਹੈ, ਅਤੇ ਇਹ ਕਿਵੇਂ ਕਰਨੀਂ ਹੈ, ਕੀ ਵਿਦਵਾਨ ਪ੍ਰਚਾਰਕ ਸਾਨੂੰ ਇਹ ਦੱਸ ਸੱਕਦੇ ਹਨ) (੫) ਕੀ ਪ੍ਰਮਾਤਮਾਂ ਦੀ ਭਗਤੀ ਕਰਨੀਂ ਚਾਹੀਦੀ ਹੈ ਜਾਂ ਨਹੀਂ?) (੬) ਜੇ ਗੁਰੂ ਨਾਨਕ ਦਾ ਬੀਜਿਆ ਹੋਇਆ ਭਗਤੀ ਦਾ ਬੀਜ, ਅੱਜ ਇਸ ਸੰਸਾਰ ਵਚੋਂ ਸਮਾਪਤ ਹੋ ਚੁੱਕਾ ਹੈ, ਤਾਂ ਕੀ ਇਹਨਾਂ ਵਿਦਵਾਨ ਪ੍ਰਚਾਰਕਾਂ ਦਾ ਬੀਜਿਆ ਹੋਇਆ ਬੀਜ, ਕਾਇਮ ਰਹੇ ਗਾ?) (੭) ਪ੍ਰਚਾਰਕ ਗਿਆਨੀਂ ਵਿਦਵਾਨ, ਕਿਹੜਾ ਬੀਜ ਬੀਜਣਾਂ ਚਾਉਂਦੇ ਹਨ?) (੮) ਕੀ ਗੁਰੂ ਨਾਨਕ ਦੇ ਬੀਜ ਤੇ ਸਿਰਫ ਵਿਦਵਾਨ ਗਿਆਨੀਆਂ ਦਾ ਹੀ ਅਧਿਕਾਰ (ਕਬਜਾ) ਹੈ, ਕਿਸੇ ਹੋਰ ਕੋਲ ਗਰੂ ਨਾਨਕ ਦਾ ਬੀਜ ਨਹੀਂ ਹੋ ਸਕਦਾ!) (੯) ਜੇ ਵਿਦਵਾਨ ਜਾਂ ਪ੍ਰਚਾਰਕ ਗੁਰੂ ਨਾਨਕ ਦਾ ਬੀਜ (ਗਿਆਨ) ਬੀਜਣਾਂ ਚਾਹੁੰਦੇ ਹਨ, ਤਾਂ ਕੀ ਉਹ ਉਸ ਬੀਜ ਦਾ, ਕੋਈ ਨਮੂਨਾਂ (ਤਰੀਕਾ) ਦਿਖਾਉਣ ਗੇ ਪਾਠਕਾਂ ਨੂੰ) (੧੦) ਕੀ ਕੋਈ ਵਿਦਵਾਨ ਜਾਂ ਪ੍ਰਚਾਰਕ ਖੁਦ ਭਗਤੀ ਕਰਦਾ ਹੈ!) (੧੧) ਪ੍ਰਭੂ ਦੀ ਭਗਤੀ ਵਿਦਵਾਨਾਂ ਪ੍ਰਚਾਰਕਾਂ ਦੇ ਅੇਜੰਡੇ ਵਿੱਚ ਹੈ ਵੀ ਜਾਂ ਨਹੀਂ, ਭਾਵ ਕੀ ਪ੍ਰਮਾਤਮਾਂ ਜਾਂ ਗੁਰੂ ਦੀ ਭਗਤੀ ਕਰਨੀਂ ਚਾਹੀਦੀ ਹੈ ਜਾਂ ਨਹੀਂ) (੧੨) ਵਿਦਵਾਨ ਪ੍ਰਚਾਰਕ ਜਿੰਨਾਂ ਨੂੰ ਪਖੰਡ ਭਗਤੀ, ਬ੍ਰਹਾਹਮਣੀ ਕਰਮ ਕਾਂਡਾਂ, ਅਤੇ ਹੋਰ ਹੋਰ ਭਰਮਾਂ ਵਿੱਚ ਫਸੇ ਹੋਇ, ਅਤੇ ਗਲਤ ਰਸਤੇ ਤੇ ਪਏ ਹੋਇ ਦੱਸਦੇ ਹਨ, ਕੀ ਉਹ ਪ੍ਰਚਾਰਕ ਉਹਨਾਂ ਨੂੰ ਸਹੀ ਮਾਰਗ “ਸੱਚ” ਦਿਖਾਉਣ ਗੇ) (੧੩) ਕੀ ਵਿਦਵਾਨ ਜਾਂ ਪ੍ਰਚਾਰਕਾਂ ਨੇਂ ਕਦੇ ਖੁਦ ਵੀ, ਗੁਰੂ ਨਾਨਕ ਦੇ “ਸੱਚ” ਨੂੰ ਜਾਨਣ ਦੀ ਜਰੂਰਤ ਮਹਿਸੂਸ ਕੀਤੀ ਹੈ!)

“ਭੇਖ” ਕੀ ਹੁੰਦਾ ਹੈ, ਭੇਖੀਆਂ ਬਾਰੇ ਤਾਂ ਦੱਸਣ ਦੀ ਕੋਈ ਖਾਸ ਲੋੜ ਨਹੀਂ ਹੈ, ਸੱਭ ਜਾਣਦੇ ਹੀ ਹਨ। ਫਿਰ ਵੀ ਭੇਖ ਦਾ ਮਤਲਬ ਹੈ, ਕੋਈ ਵੀ ਜਾਂ ਕਿਸੇ ਦਾ ਵੀ ਨਕਲੀ ਜਾਂ ਝੂਠਾ ਰੂਪ ਧਾਰਨ ਕਰ ਲੈਣਾਂ ਜਾਂ ਰੀਸ ਕਰਨੀਂ। ਮਿਸਾਲ ਦੇ ਤੌਰ ਤੇ ਸਾਧਾਂ ਵਾਲੇ ਕੱਪੜੇ ਪਾਕੇ ਸਾਧਾਂ ਦਾ ਭੇਖ ਧਾਰ ਲੈਣਾਂ। ਅਤੇ ਵਿਦਿਆ ਪੜ੍ਹ ਕੇ ਗਿਆਨੀਆਂ ਦਾ ਭੇਖ ਧਾਰਨ ਕਰ ਲੈਣਾਂ। ਅਖਰ ਪੜ੍ਹ ਪੜ੍ਹ ਕੇ ਭੁੱਲੇ ਹੋਇਆਂ ਨੂੰ ਵੀ ਬਾਣੀਂ “ਭੇਖੀ” ਕਹਿ ਰਹੀ ਹੈ, (ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥) ਸਾਧ ਦੀ ਮਹਿਮਾਂ ਜਾਂ ਗੁਣ ਵੀ ਗੁਰਬਾਣੀਂ ਵਿੱਚ ਲਿਖੇ ਹੋਇ ਹਨ, ਅਤੇ ਗਿਆਨੀਂ ਦੇ ਗੁਣ ਵੀ ਗੁਰਬਾਣੀਂ ਵਿੱਚ ਲਿਖੇ ਹੋਇ ਹਨ। ਦੋਹਾਂ ਦੀ ਹੀ ਨਕਲ ਹੋ ਰਹੀ ਹੈ। ਇੱਕ ਭੇਖ ਦੂਜੇ ਭੇਖ ਨਾਲ ਝਗੜ ਰਿਹਾ ਹੈ। ਸੱਚ ਕਦੇ ਝਗੜਾ ਨਹੀਂ ਕਰਦਾ, ਆਉ ਆਪਣਾਂ ਆਪਣਾਂ ਭੇਖ ਪਹਿਚਾਨੀਏਂ ਅਤੇ ਇਸ ਨੂੰ ਦੂਰ ਕਰੀਏ। ਤਾਂ ਜੋ ਝਗੜਾ ਖਤਮ ਹੋ ਜਾਵੇ।

(੧) ਮੈਂ ਰੰਗ ਕੇ ਸਾਧਾਂ ਸੰਤਾਂ ਵਾਲੇ ਜਾਂ ਗੁਰਮੁਖਾਂ ਵਾਲੇ ਚੋਲੇ ਪਾ ਲਏ, ਲੱਗਾ ਲੋਕਾਂ ਨੂੰ ਰੱਬ ਦੀ ਭਗਤੀ ਸਿਖਾਉਣ, ਪਰ ਆਪਣੇਂ ਆਪ ਦੀ ਸਾਰ ਨਹੀਂ, ਲੱਗਾ ਲੋਕਾਂ ਨੂੰ ਰੱਬ ਦਾ ਭੇਦ/ਗਿਆਨ ਕਰਾਉਣ। (ਇਹ ਹੈ ਸਾਧਾਂ ਦਾ ਭੇਖ) ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ॥ ੧੩॥ ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ॥ ੧੪॥

(੨) ਮੈਂ ਆਪਣੇਂ ਆਪ ਨੂੰ ਬਹੁਤ ਵੱਡਾ ਵਿਦਵਾਨ ਗਿਆਨੀ ਕਹਿੰਦਾ ਹਾਂ, (ਸਾਰੀ ਉਮਰ ਮੈਂ ਵਿਦਵਾਨੀਂ ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ, ਮੈਂ ਦਿਖਾ ਸੱਕਦਾ ਹਾਂ ਲੋਕਾਂ ਨੂੰ ਉਹ ਡਿਗਰੀਆਂ) ਪਰ ਜੇ ਮੈਨੂੰ ਆਪਣੇਂ ਆਪ ਦਾ ਗਿਆਨ ਨਹੀਂ ਜੇ ਮੈਂ ਗੁਰੂ ਨਾਨਕ ਦਾ ਇੱਕ “ਅੱਖਰ” ਨਹੀਂ ਜਾਣਦਾ। (ਤਾਂ ਇਹ ਹੈ ਮੇਰਾ ਵਿਦਵਾਨੀਂ ਦਾ ਭੇਖ) ਮਃ ੩॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ॥ ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ॥ ੧॥ (ਜਿੰਨਾਂ ਨੂੰ ਆਪਣੇਂ ਆਪ ਦਾ ਗਿਆਨ ਨਹੀਂ, ਜਿਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਅੰਦਰ ਜੋ ਮਨ ਹੈ, ਉਹ ਕੀ ਚੀਜ ਹੈ। ਉਹ ਕਿਸੇ ਨੂੰ ਰੱਬ ਦਾ ਗਿਆਨ ਕੀ ਦੇਣ ਗੇ) (ਮਨ ਬਹੁਤ ਜਬਰ ਦਸਤ ਹੈ) ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ॥ ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ॥ ੧੪੧੦

(੩) ਮੈਂ ਆਪਣੇਂ ਆਪ ਨੂੰ ਪ੍ਰਚਾਰਕ ਕਹਿੰਦਾ ਹਾਂ, ਮੇਰੇ ਪ੍ਰਚਾਰ ਨਾਲ, ਲੋਕਾਂ ਵਿੱਚ ਗੁਰੂ ਦੇ ਨਾਂ ਤੇ, ਦੂਜਿਆਂ ਨੂੰ ਨਫਰਤ ਕਰਨ, ਝਗੜਾ ਕਰਨ, ਦੂਜਿਆਂ ਦੀ ਨਿੰਦਾ ਕਰਨ, ਗੁਰਬਾਣੀਂ ਤੋਂ ਉਲਟ ਚੱਲਣ, ਅਤੇ ਪੂਰੀ ਤਾਕਤ ਨਾਲ ਗੁਰਬਾਣੀਂ ਨੂੰ ਝੂਠ ਸਾਬਤ ਕਰਨ ਦਾ ਪ੍ਰਚਾਰ ਹੋਵੇ, (ਤਾਂ ਇਹ ਹੈ ਮੇਰਾ ਪ੍ਰਚਾਰਕਾਂ ਵਾਲਾ ਭੇਖ) ਮਃ ੩॥ ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ॥ ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ॥ ੫੪੯ (ਮੁੰਢੈ ਕੀ ਖਸਲਤਿ ਕੀ ਹੈ। ਅੱਗੇ ਇਸ ਦੀ ਵਿਚਾਰ ਗੁਰਮਤਿ ਦੇ ਭੇਖ ਵਿੱਚ ਲਿਖੀ ਹੈ)

(੪) ਚੌਥਾ ਹੈ ਗੁਰਮਤਿ ਦਾ ਭੇਖ, ਕੌਣ ਹੈ ਜੋ ਗੁਰਮਤਿ ਨਹੀਂ ਜਾਣਦਾ, ਗੁਰਮਤਿ ਤਾਂ ਹਰ ਇੱਕ ਦੇ ਪਾਸ ਹੈ, ਅਤੇ ਕੌਣ ਹੈ ਜੋ ਗੁਰਮਤਿ ਦਾ ਪ੍ਰਚਾਰ ਨਹੀਂ ਕਰਦਾ, ਪਰ ਪਾਠਕ ਗੁਰਮਤਿ ਜਾਨਣਾਂ ਚਾਹੁੰਦੇ ਹਨ। ਗੁਰਮਤਿ ਦੇ ਕੀ ਮਹਿਣੇਂ ਹਨ! ਗੁਰਮਤਿ ਤੋਂ ਸੌਖਾ ਲਫਜ ਸ਼ਾਇਦ ਹੀ ਕੋਈ ਹੋਵੇ, ਇਸ ਵਿੱਚ ਮੁੱਖ ਇੱਕ ਹੀ ਕਿਰਦਾਰ ਹੈ, “ਗੁਰੂ” ਅਤੇ ਮੱਤ ਦਾ ਅਰਥ ਹੈ “ਅਕਲ”। ਜਿਸ ਪਾਸ ਗੁਰੂ ਦੀ ਅਕਲ (ਮਤਿ) ਨਹੀਂ ਹੈ, ਜਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ (ਮੱਤ) ਨੂੰ ਮੰਨਦਾ ਹੀ ਨਹੀਂ। ਅਤੇ ਜੇ ਉਹ ਫਿਰ ਵੀ ਕਹੇ, ਕੇ ਉਹ ਗੁਰਮੱਤਿ ਦਾ ਪ੍ਰਚਾਰ ਕਰ ਰਿਹਾ ਹੈ, ਤਾਂ ਪਾਠਕ ਵੀਰੋ ਤੁਸੀਂ ਉਸ ਨੂੰ ਕੀ ਨਾਮ ਦੇਵੋ ਗੇ, ਕੀ ਤੁਸੀਂ ਉਸ ਨੂੰ ਭੇਖ ਦਾ ਨਾਮ ਨਹੀਂ ਦੇਵੋ ਗੇ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ ਵਿਚ, ਕੀ ਕੋਈ ਐਸੀ ਤੁਕ ਹੈ ਜੋ ਗੁਰਮਤਿ ਨਾਂ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਂ ਵਿਚ, ਕੀ ਕੋਈ ਐਸੀ ਤੁਕ ਹੈ, ਜੋ ਮੰਨਣ ਯੋਗ ਗੁਰਮਤਿ ਨਾਂ ਹੋਵੇ? । ਆਪਣੇਂ ਲੇਖ ਵਿੱਚ ਬਾਣੀਂ ਦੀਆਂ ਦੋ ਚਾਰ ਪੰਗਤੀਆਂ ਲਿਖ ਦੇਣ ਨਾਲ, ਜਾਂ ਗੁਰਮਤਿ ਲਫਜ਼ ਲਿਖ ਦੇਣ ਨਾਲ ਕੋਈ ਲੇਖ ਗੁਰਮਤਿ ਨਹੀਂ ਬਣ ਜਾਂਦਾ। ਦੂਸਰਿਆਂ ਦਾ ਸਾੜਾ, ਈਰਖਾ ਚੁਗਲੀ (ਫਲਾਣੇਂ ਤੋਂ ਖਤਰਾ ਫਲਾਣੇਂ ਤੋਂ ਖਤਰਾ ਦੱਸ ਕੇ) ਤਪਤ ਫੈਲਾਉਣਾਂ, ਇਸ ਨੂੰ ਕਹਿੰਦੇ ਹਨ “ਤਾਤ ਪਰਾਈ”। ੯੦% ਲੇਖ ਪਰਾਈ ਤਾਤ ਨਾਲ ਭਰੇ ਪਏ ਹਨ। ਪਾਠਕ ਵੀ, ਜਦੋਂ ਤੋਂ ਸੁਰਤ ਸੰਭਲਿਆ ਹੈ, ਇਹੋ ਹੀ “ਤਾਤ ਪਰਾਈ” ਵਾਲੀ ਗੁਰਮਤਿ ਸੁਣਦਾ ਆਇਆ ਹੈ, ਇਹਨਾਂ ਪਾਠਕਾਂ ਵਿਚੋਂ ਹੀ ਅਗੇ ਚੱਲ ਕੇ, ਕੋਈ ਲਿਖਾਰੀ ਬਣਦਾ ਹੈ, ਕੋਈ ਵਿਦਵਾਨ ਬਣਦਾ ਹੈ, ਕੋਈ ਪਰਚਾਰਕ ਬਣਦਾ ਹੈ। ਇਸ ਤਰਾਂ ਇਹ ਗੁਰਮਤਿ ਅਗੇ ਤੋਂ ਅੱਗੇ ਫੈਲਦੀ ਜਾਂਦੀ ਹੈ। (ਬਸ ਇਹੀ ਹੈ ਸਾਡੀ ਗੁਰਮਤਿ) (ਇਹੀ ਹੈ ਮੁੰਢੈ ਕੀ ਖਸਲਤ) ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ਪਰਾਈ ਤਾਤ ਦਾ ਜਿਨਾਂ ਵੀ ਕੋਈ ਜਿਆਦਾ ਰੌਲਾ ਪਾ ਸੱਕਦਾ ਹੋਵੇ, ਉਨਾਂ ਹੀ ਉਹ ਆਪਣੇਂ ਆਪ ਨੂੰ ਗੁਰਮਤਿ ਅਨੂੰਸਾਰੀ ਕਹਿੰਦਾ ਹੈ। ਅਤੇ ਆਪਣੇਂ ਆਪ ਨੂੰ “ਗੁਰੂ ਦੇ ਪੰਥ” ਦਾ ਪਹਿਰੇਦਾਰ ਦੱਸਦਾ ਹੈ। ਹੈਰਾਨੀਂ ਦੀ ਗੱਲ ਹੈ, ਕਿ ਪਹਿਰੇ ਦਾਰ ਗੁਰੂ ਹੁੰਦਾ ਹੈ, ਜਾਂ ਅਸੀਂ ਪਹਿਰੇ ਦਾਰ ਹਾਂ। ਗੁਰੂ ਦੇ ਪਹਿਰੇ ਵਿੱਚ ਅਸੀਂ ਖੁਦ ਰਹਿਣਾਂ ਹੈ, ਜਾਂ ਗੁਰੂ ਨੂੰ ਆਪਣੇਂ ਪਹਿਰੇ ਵਿੱਚ ਰਖਣਾਂ ਹੈ। ਕੀ ਅਸੀਂ ਗੁਰੂ ਤੋਂ ਵਡੇ ਹਾਂ। “ਤਾਤ ਪਰਾਈ” ਦੇ ਮਸਾਲੇ ਤੋਂ ਬਿਨਾਂ ਕੋਈ ਵੀ ਲੇਖ ਅਧੂਰਾ ਰਹਿ ਜਾਂਦਾ ਹੈ। ਆਪਣੇਂ ਲੇਖਾਂ ਨੂੰ ਅਸੀਂ ਗੁਰਮਤਿ ਅਨੂੰਸਾਰੀ ਦੱਸਦੇ ਹਾਂ, ਕੀ ਗੁਰੂ ਦੀ ਬਾਣੀਂ ਦਾ ਇਹ ਅਗਲਾ ਸ਼ਬਦ ਗੁਰਮਤਿ ਨਹੀਂ ਹੈ! ਜਾਂ ਗੁਰਮਤਿ ਅਨੂੰਸਾਰੀ ਨਹੀਂ ਹੈ! ਅਤੇ ਆਪਣੇਂ ਭਲੇ ਵਾਸਤੇ, ਕੀ ਇਹ ਗੁਰਮਤਿ ਧਾਰਨ ਨਹੀਂ ਕਰਨੀਂ ਚਾਹੀਦੀ! ! ! !

ਮਃ ੪॥ ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ॥ ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ॥ ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ॥ ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ॥ ੩੦੮

ਪਾਠਕ ਵੀਰੋ ਤਾਤ ਪਰਾਈ, ਅਤੇ ਗੁਰਮਤਿ ਵਿਚਲੇ ਫਰਕ ਨੂੰ ਪਹਿਚਾਨੋਂ। ਅਗਲੀ ਬਾਣੀਂ ਜਾਂ ਅਗਲੀ ਗੁਰਮਤਿ ਗੁਰੂ ਨਾਨਕ ਦੇਵ ਜੀ ਦੀ ਹੈ, ਕੀ ਇਸ ਨੂੰ ਮੰਨਣਾਂ ਚਾਹੀਦਾ ਹੈ ਜਾਂ ਨਹੀਂ?

ਛੋਡਿਹੁ ਨਿੰਦਾ ਤਾਤਿ ਪਰਾਈ॥ ਪੜਿ ਪੜਿ ਦਝਹਿ ਸਾਤਿ ਨ ਆਈ॥ ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ॥ ੭॥ ਛੋਡਹੁ ਕਾਮ ਕ੍ਰੋਧੁ ਬੁਰਿਆਈ॥ ਹਉਮੈ ਧੰਧੁ ਛੋਡਹੁ ਲμਪਟਾਈ॥ ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ॥ ੮॥ ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ॥ ਤਿਥੈ ਅਵਰੁ ਨ ਕੋਈ ਜੀਉ ਇਕੇਲਾ॥ ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ॥ ੯॥ (੧੦੨੬

ਜਿਹੜਾ ਗੁਰੂ ਦੀ ਮੱਤਿ ਤੇ ਨਹੀਂ ਚੱਲਦਾ, ਉਸ ਨੂੰ “ਮਨਮੁਖ” ਕਹਿੰਦੇ ਹਨ। ਇਸ ਊਪਰ ਵਾਲੇ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ, ਦੱਸ ਰਹੇ ਹਨ। ਕਿ ਜਿਹੜਾ ਮਨਮੁਖ ਪੁਰਸ਼ ਹੈ, ਅੱਗੇ ਜਾਕੇ ਉਹਨਾਂ ਵਾਸਤੇ, ਲੈਹਰਾਂ ਮਾਰਦਾ ਅੱਗ ਦਾ ਭਰਿਆ ਹੋਇਆ ਸਮੁੰਦਰ ਹੈ, ਸਾਰੇ ਮਨਮੁੱਖ ਉਸ ਅੱਗ ਦੇ ਸਮੁੰਦਰ ਵਿੱਚ ਸਾੜੇ ਜਾਣ ਗੇ। ਗੁਰੂ ਨਾਨਕ ਜੀ ਦੱਸਦੇ ਹਨ, ਅੱਗੇ ਲਾਟਾਂ ਮਾਰਦੀ ਹੋਈ ਨਿਰੋਲ ਅੱਗ ਅਤੇ ਜ਼ਹਿਰ ਦੀ ਭਰੀ ਹੋਈ ਇੱਕ ਨਦੀ ਵੀ ਹੈ, ਜਿਸ ਵਿੱਚ ਪੜਿ ਪੜਿ ਦਝਹਿ ਸਾਤਿ ਨ ਆਈ। ਉਥੇ ਇਹ ਜੀਉ (ਜੀਵ, ਮਨੁੱਖ) ਇਕੱਲਾ ਹੀ ਹੈ, (ਉਥੇ ਗੁਰੂ ਨਾਲ ਨਹੀਂ ਹੈ, ਬਚਾਵੇ ਕੌਣ? ਕਿਉਂ ਕੇ ਗੁਰੂ ਦੀ ਮੱਤ ਨੂੰ ਤਾਂ ਮੰਨਿਆ ਹੀ ਨਹੀਂ ਸੀ।) ਗੁਰੂ ਤਾਂ ਕੂਕਦਾ ਰਿਹਾ ਕਿ ਭਾਈ, ਛੋਡਿਹੁ ਨਿੰਦਾ ਤਾਤਿ ਪਰਾਈ ਪਰ ਸਿੱਖ ਅਗੋਂ ਇਹ ਕਹਿੰਦਾ ਰਿਹਾ, ਕਿ ਜੀ ਇਸ ਤੋਂ ਬਿਨਾਂ ਸਾਡਾ ਪੰਥ ਨਹੀਂ ਬਚਣਾਂ। ਪੰਥ ਨੂੰ ਚਾਰ ਚੁਫੇਰਿਉ ਖਤਰਾ ਹੈ। ਇਹੋ ਇਕੋ ਹੀ ਤਾਂ ਗਿਆਨ (ਹਥਿਆਰ) ਹੈ, ਸਾਡੇ ਪਾਸ ਤੁਸੀਂ ਇਸ ਨੂੰ ਵੀ ਛੱਡਣ ਵਾਸਤੇ ਗੁਰਮਤਿ ਦੇਂਦੇ ਹੋ।

ਪਾਠਕ ਤੇ ਪ੍ਰਚਾਰਕ ਵੀਰੋ, ਇਸ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ, ਜੋ ਅੱਗ ਅਤੇ ਜ਼ਹਿਰ ਦੀ ਨਦੀ, ਅਤੇ ਅੱਗ ਦੇ ਸਮੁੰਦਰ ਦਾ ਜਿਕਰ ਕਰ ਰਹੇ ਹਨ, ਕੀ ਇਹ ਗੁਰੂ ਨਾਨਕ ਜੀ ਸੱਚ ਕਹਿ ਰਹੇ ਹਨ! ! ! ! ਜਾਂ ਕਿ ਗੁਰੂ ਨਾਨਕ ਜੀ ਵੀ ਬ੍ਰਾਹਮਣਾਂ ਅਤੇ ਬਾਬਿਆਂ ਦੀ ਭਾਸ਼ਾ ਬੋਲ ਰਹੇ ਹਨ। ਕਿਉਂ ਕੇ ਵਿਦਵਾਨ ਜਾਂ ਪ੍ਰਚਾਰਕ ਵੀਰ ਅਕਸਰ ਇਹ ਕਹਿੰਦੇ ਹਨ, ਕਿ ਅਜੇਹੇ ਵਹਿਮ, ਭਰਮ, ਭੁਲੇਖੇ, ਜਾਂ ਡਰਾਵੇ, ਤਾਂ ਬ੍ਰਾਹਮਣ ਅਤੇ ਬਾਬੇ, ਭੋਲੇ ਭਾਲੇ ਸਿੱਖਾਂ ਨੂੰ ਆਪਣੇਂ ਜਾਲ ਵਿੱਚ ਫਸਾਉਣ ਵਾਸਤੇ ਵਰਤਦੇ ਹਨ। ਪਾਠਕ ਵੀਰੋ ਗੁਰੂ ਨਾਨਕ ਜੀ ਦਾ ਕਹਿਣਾਂ, ਜਾਂ ਗੁਰੂ ਨਾਨਕ ਜੀ ਦੀ ਬਾਣੀਂ, “ਗੁਰਮਤਿ” ਹੈ, ਕਿ ਜਾਂ ਫਿਰ ਗੁਰਬਾਣੀਂ ਦੇ ਵਿਰੋਧ ਵਿੱਚ ਲਿਖਣ ਵਾਲੇ ਲਿਖਾਰੀਆਂ, ਦਾ ਕਹਿਣਾਂ, ਅਤੇ ਇਹਨਾਂ ਦੇ ਲੇਖ “ਗੁਰਮਤਿ” ਹਨ। ਇੱਕ ਪਾਸੇ ਗੁਰਬਾਣੀਂ ਹੈ, ਦੂਜੇ ਪਾਸੇ ਲੇਖ ਹਨ, ਤੁਸੀਂ ਆਪ ਹੀ ਫੈਸਲਾ ਕਰ ਲਵੋ, ਕਿ ਕੌਣ ਗੁਰਮਤਿ ਹੈ।

(ਨੋਟ; - ਵੀਰੋ ਦਾਸ ਤਾਂ ਇਹ ਸੱਭ ਇਸ ਵਾਸਤੇ ਲਿਖ ਰਿਹਾ ਹੈ, ਸਾਨੂੰ ਇਹ ਪਤਾ ਲੱਗ ਸਕੇ ਕੇ ਗੁਰਬਾਣੀਂ ਦਾ ਰਸਤਾ (ਗੁਰਮਤਿ) ਕੀ ਹੈ, ਅਤੇ ਅਸੀਂ ਕਿਸ ਰਸਤੇ ਤੇ ਚੱਲ ਰਹੇ ਹਾਂ। ਇਹ ਸੱਭ ਆਪਣੀਂ ਪਰਖ ਵਾਸਤੇ ਹੈ। ਦੂਜਿਆਂ ਨੂੰ ਦੋਸ਼ ਦੇਣ ਵਾਲੇ, ਕੀ ਅਸੀਂ ਖੁਦ ਹੀ ਕਿਤੇ ਗੁਰਬਾਣੀਂ ਤੋਂ ਉਲਟ ਤਾਂ ਨਹੀਂ ਚੱਲ ਰਹੇ। ਅਤੇ ਜਾਣੇਂ ਅਨਜਾਣੇਂ ਕਿਤੇ ਅਸੀਂ ਗੁਰਬਾਣੀਂ ਤੋਂ ਉਲਟ ਪ੍ਰਚਾਰ ਤਾਂ ਨਹੀਂ ਕਰ ਰਹੇ। ਅਸੀਂ ਕੋਈ ਪ੍ਰਮਾਤਮਾਂ ਤਾਂ ਹੈ ਨਹੀਂ, ਜੋ ਅਸੀਂ ਭਾਵੇਂ ਠੀਕ ਕਰੀਏ/ਕਹੀਏ ਜਾਂ ਗਲਤ, ਸੱਭ ਸੱਚ ਹੈ)

ਛਾਡਿ ਵਿਡਾਣੀ ਤਾਤਿ ਮੂੜੇ॥ ਈਹਾ ਬਸਨਾ ਰਾਤਿ ਮੂੜੇ॥ ਮਾਇਆ ਕੇ ਮਾਤੇ ਤੈ ਉਠਿ ਚਲਨਾ॥ ਰਾਚਿ ਰਹਿਓ ਤੂ ਸੰਗਿ ਸੁਪਨਾ॥ ੧॥ ਰਹਾਉ॥ ੮੮੯

(ਜਦੋਂ ਤੋਂ ਅਸੀਂ ਸੁਰਤ ਸੰਭਲੇ ਹਾਂ) ਸਾਨੂੰ ਪਰਾਈ (ਵਿਡਾਣੀ) ਈਰਖਾ (ਤਾਤਿ) “ਗੁਰਮਤਿ” ਦੇ ਰੂਪ ਵਿੱਚ ਮਿਲੀ ਹੈ। ਗੁਰੂ ਅਰਜਨ ਦੇਵ ਜੀ ਸਾਨੂੰ ਆਪਣੀਂ ਮੱਤ (ਸ਼ਾਇਦ ਇਹ ਗੁਰਮਤਿ ਹੀ ਹੋਵੇ) ਦੇਂਦੇ ਹਨ, ਕਿ ਹੇ ਮੂਰਖ ਬੰਦੇ, ਪਰਾਈ ਈਰਖਾ ਛੱਡ ਦੇ। ਤੂੰ ਕਿਸ ਗੱਲ ਦਾ ਝਗੜਾ ਕਰਦਾ ਹੈਂ, ਇੱਕ ਰਾਤ ਤੂਂ ਏਥੇ ਰਹਿਣਾਂ ਹੈ, ਮਾਇਆ ਦੇ ਮਸਤਾਨੇਂ (ਮਾਤੇ) ਕਿਉਂ ਸੁਪਣੇਂ ਵਿੱਚ ਮਗਨ (ਮਸਤ) (ਭੁੱਲਿਆ) ਹੋਇਆ ਬੈਠਾ ਹੈ। ਭਲਕੇ ਉੱਠ ਕੇ ਤੂੰ ਇਥੋਂ ਚਲੇ ਜਾਣਾਂ ਹੈ। ਮਃ ੨॥ ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ॥ ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ॥ ੨॥ ੭੮੭

ਸਾਰਾ ਝਗੜਾ ਮਇਆ ਦਾ ਹੈ, ਜਿਹੜੇ ਮਾਇਆ ਤੋਂ ਅਤੀਤ ਹਨ। ਭਾਵ ਜਿਹੜੇ ਆਪਣੇਂ ਆਪ ਨੂੰ ਬਹੁਤ ਅਤੀਤ (ਨਿਰਲੇਪ, ਤਿਆਗੀ) ਸਮਝਦੇ ਹਨ, ਉਹ ਕਿਉਂ ਝਗੜ ਰਹੇ ਹਨ! ! ! ! ਉਹ ਕਿਉਂ ਇਸ ਖੂਆਰੀ ਵਾਲੇ ਕੰਮ “ਕੁਫਕੜੇ ਕੰਮ” ਵਿੱਚ ਲੱਗੇ ਹੋਇ ਹਨ। ਮਾਇਆ ਦੀਆਂ ਲਜ਼ਤਾਂ ਕੋਈ ਲੈ ਰਿਹਾ ਹੈ (ਜਿਨ੍ਹਾਂ ਖਾਧੀਆਂ ਗਾਜ਼ਰਾਂ ਪੇਟ ਉਹਨਾਂ ਦੇ ਪੀੜ,) ਅਸੀਂ ਪਰਾਈ ਈਰਖਾ (ਤਾਤ) ਕਰਕੇ ਉਹਨਾਂ ਦੇ ਪਾਪ ਮੁਫਤ ਵਿੱਚ ਹੀ ਆਪਣੇਂ ਸਿਰ ਲੈ ਰਹੇ ਹਾਂ। (ਵੀਰੋ ਇਸ ਗੱਲ ਨੂੰ ਗੁਰਮਤਿ ਦੀ ਕਸੌਟੀ ਤੇ ਪਰਖੋ) ਅਸੀਂ ਆਪਣੀਆਂ ਕੁਲਾਂ ਨੂੰ ਵੀ ਅਗੋਂ ਇਹੋ ਹੀ ਗੁਰਮਤਿ ਦੇ ਰਹੇ ਹਾਂ। ਕਿ ਬੱਚਿਉ ਤੁਸੀਂ ਵੀ ਪਰਾਈ ਮਾਇਆਂ ਨੂੰ ਖੋਹਣ ਵਾਸਤੇ ਲਾਮ ਬੰਦ ਹੋ ਜਾਵੋ। (ਵੀਰੋ ਮਾਇਆ ਧਨ ਖੋਹਣ ਦੀ ਰੀਸ ਨਾਂ ਕਰੋ, ਹਰੀ ਧਨ ਨੂੰ ਪਾਉਣ ਦੀ ਰੀਸ ਕਰੋ) ਅਗਲਾ ਸ਼ਬਦ ਗੁਰਮਤਿ ਹੈ। ਕੀ ਕੋਈ ਹੈ ਗੁਰਮਤਿ ਦਾ ਵਣਜਾਰਾ! ਕੀ ਕੋਈ ਮੰਨਦਾ ਹੈ ਇਸ ਗੱਲ ਨੂੰ ਕਿ ਇਹ ਬਾਣੀਂ ਸੱਚਮੁਚ ਗੁਰਮਤਿ ਹੈ।

ਸਿਰੀਰਾਗੁ ਮਹਲਾ ੫॥ ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ॥ ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ॥ ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ॥ ੧॥ ਪ੍ਰਾਣੀ ਤੂੰ ਆਇਆ ਲਾਹਾ ਲੈਣਿ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥ ੧॥ ਰਹਾਉ॥ ੪੩

ਸਾਰੀਆਂ ਖੇਡਾਂ ਸਰੀਰ ਨਾਲ ਹਨ, ਹੇ ਪ੍ਰਾਣੀ ਤੈਨੂੰ ਸਰੀਰ ਮਿਲਿਆ ਸੀ ਲਾਹਾ (ਲਾਭ) ਲੈਣ ਵਾਸਤੇ। ਪਰ ਤੂੰ ਇਸ ਸਰੀਰ ਵਿੱਚ ਬੈਠ ਕੇ, ਸਿਰਫ ਸਰੀਰ ਨੂੰ ਪਾਲਣ ਪੋਸਣ ਵਾਸਤੇ ਬਿਨਾਂ ਬੁੱਝੇ ਜਾਣੇਂ ਵਿਣੁ ਬੁਝੇ ਮੁਗਧ ਅਜਾਣਿ (ਮਾਇਆ ਦੇ ਚੱਕਰ ਵਿੱਚ ਪੈ ਗਿਆ) ਮਾਇਆ ਨੂੰ ਹੀ ਸੱਭ ਕੁੱਝ ਸਮਝ ਬੈਠਾ। ਪ੍ਰਭੂ ਨੂੰ ਭੁਲਾ ਦਿੱਤਾ, ਅਖੀਰ ਤੈਨੂੰ ਬੀਆਬਾਨ ਬੇਬਾਣਿ ਜੰਗਲਾਂ ਮਸਾਣਾਂ ਵਿੱਚ ਸੁੱਟ ਦਿੱਤਾ ਜਾਵੇ ਗਾ। ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ। ਰਾਤ ਮੁਕਦੀ ਚਲੀ ਜਾ ਰਹੀ ਹੈ। ਤੂੰ ਕਿਹੜੇ ਕੁਫਕੜੇ (ਖੂਆਰੀ ਵਾਲੇ ਫਜ਼ੂਲ) ਕੰਮਾਂ ਵਿੱਚ ਲੱਗਾ ਹੋਇਆ ਹੈ। ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ॥ ੧॥ ਇਹ ਕੁਫਕੜੇ ਕੰਮ ਛੱਡ, ਸਤਿਗੁਰੂ ਨੂੰ ਆਪਣੇਂ ਚਿੱਤ ਵਿੱਚ ਵਸਾ ਲੈ, ਅਤੇ ਫਿਰ ਸਦਾ ਹੀ ਅਨੰਦ ਮਾਣ।

ਗੁਰਬਾਣੀਂ ਨੂੰ ਅੱਖਰ ਨਹੀਂ ਸਮਝਣਾਂ ਚਾਹੀਦਾ, ਇਹ ਗੁਰਮਤਿ ਹੈ। ਜਿੱਸ ਦੇ ਪਾਸ ਗੁਰਮਤਿ ਨਹੀਂ ਹੈ, ਜੋ ਗੁਰਮਤਿ ਨੂੰ ਨਹੀਂ ਮੰਨਦਾ, ਉਹ ਮਨਮੁਖ ਹੈ। ਉਹ ਸਾਕਤ ਪੁਰਸ਼ ਹੈ। ਉਹ ਭੇਖੀ ਹੈ।

“ਭੇਖ ਅਨੇਕ ਅਗਨਿ ਨਹੀ ਬੂਝੈ” ਭੇਖ ਕੀਤਿਆਂ ਮਨ ਦੀ ਅਗਨ ਸ਼ਾਂਤ ਨਹੀਂ ਹੋਣੀਂ। ਕੌਣ ਹੈ ਜੋ ਭੇਖੀ ਨਹੀਂ ਹੈ। ਜਿਹੜਾ ਪ੍ਰਮਾਤਮਾਂ ਨਾਲ ਨਹੀਂ ਮਿਲਿਆ, ਉਹ ਸਾਰੇ ਭੇਖੀ ਹਨ।

ਸਲੋਕ॥ ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ॥ ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ॥ ੧॥ ਪਉੜੀ॥ ਙੰਙਾ ਙਿਆਨੁ ਨਹੀ ਮੁਖ ਬਾਤਉ॥ ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ॥ ਙਿਆਨੀ ਸੋਇ ਜਾ ਕੈ ਦ੍ਰਿੜ ਸੋਊ॥ ਕਹਤ ਸੁਨਤ ਕਛੁ ਜੋਗੁ ਨ ਹੋਊ॥ ਙਿਆਨੀ ਰਹਤ ਆਗਿਆ ਦ੍ਰਿੜੁ ਜਾ ਕੈ॥ ਉਸਨ ਸੀਤ ਸਮਸਰਿ ਸਭ ਤਾ ਕੈ॥ ਙਿਆਨੀ ਤਤੁ ਗੁਰਮੁਖਿ ਬੀਚਾਰੀ॥ ਨਾਨਕ ਜਾ ਕਉ ਕਿਰਪਾ ਧਾਰੀ॥ ੫॥ ੨੫੧

ਸਲੋਕ॥ ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ॥ ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ॥ ੧॥ ਅਨੇਕਾਂ ਪ੍ਰਕਾਰ ਦੇ ਭੇਖ ਕਰ ਲਈਏ। ਪੜ੍ਹ ਪੜ੍ਹ ਕੇ ਵੱਡੇ ਗਿਆਨੀਂ ਮਹਾਂਗਿਆਨੀਂ ਬਣ ਜਾਈਏ। ਲੱਖਾਂ ਧਿਆਨ ਸਮਾਧੀਆਂ ਲਾ ਲਈਏ। ਲੱਖਾਂ ਮਨ ਦੇ ਹਠ, ਤਪ, ਜਪ, ਕਰਮ ਕਾਂਡ ਕਰ ਲਈਏ, ਇਸ ਤਰਾਂ ਦੇ ਲੱਖਾਂ ਹੀ ਜਤਨ ਕਰ ਹਾਰ ਗਏ, ਅੱਜ ਤੱਕ ਕੋਈ ਵੀ ਪ੍ਰਮਾਤਮਾਂ ਨੂੰ ਨਹੀਂ ਮਿਲ ਸਕਿਆ। ਪ੍ਰਮਾਤਮਾਂ ਨੂੰ ਮਿਲਣ ਵਾਸਤੇ ਭਗਤੀ ਗਿਆਨ ਦੀ ਲੋੜ ਹੈ, ਭਗਤ ਗਿਆਨੀਂ ਉਹ ਹੋਵੇ ਗਾ, ਜਿਸ ਤੇ ਗੁਰੂ ਦੀ ਅਪਾਰ ਕਿਰਪਾ ਹੋਵੇ ਗੀ। (ਸਾਰੇ ਗਿਆਨੀਂ ਆਪਣੇਂ ਅੰਦਰ ਝਾਂਕ ਕੇ, ਇਹ ਵਿਚਾਰ ਕਰਨ ਕੇ ਉਹ, “ਭਗਤ ਗਿਆਨੀਂ” ਹਨ ਜਾਂ “ਵਿਦਵਾਨ ਗਿਆਨੀ” ਹਨ, ਵਿਦਵਾਨ ਗਿਆਨੀ ਗੁਰਮਤਿ ਤੇ ਚਲਦੇ ਹੋਇ, ਕਿਤੇ ਉਹਨਾਂ ਭਗਤ ਗਿਆਨੀਆਂ ਨੂੰ ਗਾਲ੍ਹਾਂ ਤਾਂ ਨਹੀਂ ਕੱਢ ਰਹੇ, ਜਿਹੜੇ ਕਿ ਗੁਰਬਾਣੀਂ ਅਨੂਸਾਰ ਭਗਤ ਗਿਆਨੀਂ ਹਨ, ਜਿਵੇਂ ਕੇ ਬਾਣੀਂ ਵਿੱਚ ਲਿਖਿਆ ਹੈ, ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ॥” ਰਾਤਾ” ਕੀ ਜਾਂ ਕੌਣ ਹੈ, “ਭਗਤ ਰੰਗਿ ਰਾਤੇ ਸਦਾ ਤੇਰੈ ਚਾਇ” “ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ” )) ਪਉੜੀ॥ ਙੰਙਾ ਙਿਆਨੁ ਨਹੀ ਮੁਖ ਬਾਤਉ॥ ਪੜ੍ਹ ਪੜ੍ਹਾ ਕੇ, ਮੂੰਹ ਨਾਲ ਭਾਵੇਂ ਲੱਖਾਂ ਗੱਲਾਂ ਕਰ ਲਈਏ, ਇਸ ਨੂੰ ਗਿਆਨ ਨਹੀਂ ਕਹਿੰਦੇ। ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ॥ ਗਿਆਨੀ ਬਣਨ ਵਾਸਤੇ, ਅਨੇਕਾਂ ਜੁਕਤੀਆਂ ਨਾਲ ਭਾਂਤ ਭਾਂਤ ਦੇ ਸਾਸਤਰ ਗ੍ਰੰਥ ਪੋਥੀਆਂ ਦੀਆਂ ਵਿਚਾਰਾਂ ਕੀਤੀਆਂ ਪਾਠ ਕੀਤੇ। ਙਿਆਨੀ ਸੋਇ ਜਾ ਕੈ ਦ੍ਰਿੜ ਸੋਊ॥ ਪਰ ਗਿਆਨੀ ਉਹ ਹੈ, ਜਿਸ ਦੇ ਹਿਰਦੇ ਦੇ ਵਿੱਚ “ਸੋਊ” ਪਰਮਾਤਮਾਂ ਵੱਸ ਗਿਆ, ਸੋਉ ਪ੍ਰਮਾਤਮਾਂ ਦਾ ਗਿਆਨ ਵੱਸ ਗਿਆ। ਜੇ ਇਹ ਹੀ ਨਹੀਂ ਪਤਾ ਕੇ ਉਹ ਪ੍ਰਮਾਤਮਾਂ ਕੈਸਾ ਹੈ, ਤਾਂ ਬਾਕੀ ਹੋਰ ਗੱਲਾਂ ਕਰਨ ਦਾ ਕੀ ਫਾਇਦਾ। ਕਹਤ ਸੁਨਤ ਕਛੁ ਜੋਗੁ ਨ ਹੋਊ॥ ਮੁੰਹ ਨਾਲ ਜਬਾਨੀਂ ਜਬਾਨੀਂ ਗੱਲਾਂ (ਚਰਚਾ) ਕਰਨ ਨਾਲ, ਕਥਾ ਕੀਰਤਨ, ਸਾਖੀਆਂ, ਪਾਠ ਕਰਨ ਸੁਣਨ, ਅਤੇ ਸੁਨਾਉਣ ਨਾਲ “ਜੋਗ” (ਮਿਲਾਪ) ਨਹੀਂ ਹੁੰਦਾ। ਙਿਆਨੀ ਰਹਤ ਆਗਿਆ ਦ੍ਰਿੜੁ ਜਾ ਕੈ॥ ਜੋ ਗਿਆਨੀਂ ਹੁੰਦਾ ਹੈ, ਉਹ ਸਦਾ ਪੱਕੇ ਤੌਰ ਤੇ ਮਾਲਕ, ਪ੍ਰਭੂ, ਖਸਮ ਦੀ ਆਗਿਆ ਵਿੱਚ ਰਹਿੰਦਾ ਹੈ, ਉਸਨ ਸੀਤ ਸਮਸਰਿ ਸਭ ਤਾ ਕੈ॥ ਮਾਲਕ ਉਸ ਨੂੰ ਤੱਤਾ ਰਖੇ, ਠੰਡਾ ਰੱਖੇ, ਦੁੱਖ ਦੇਵੇ, ਸੁਖ ਦੇਵੇ, ਨਿੰਦਾ ਕਰਾਵੇ, ਭਾਵੇਂ ਉਸਤਤ ਕਰਾਵੇ, ਉਸ ਗਿਆਨੀਂ ਨੂੰ ਕੋਈ ਫਰਕ ਨਹੀਂ ਪੈਂਦਾ। ਉਸ ਵਾਸਤੇ ਸੱਭ ਬਰਾਬਰ ਹੈ। ਙਿਆਨੀ ਤਤੁ ਗੁਰਮੁਖਿ ਬੀਚਾਰੀ॥ ਇਹ ਹੈ ਤੱਤ ਗੁਰਮਤਿ ਗਿਆਨੀ ਗੁਰਮੁਖਤਾ ਦੇ ਇਸ ਤੱਤ (ਬਿਚਾਰ) ਨੂੰ ਆਪਣੇਂ ਜੀਵਨ ਵਿੱਚ ਢਾਲ ਲੈਂਦਾ ਹੈ। (ਗਿਆਨੀਂ ਗੁਰਮੁਖਾਂ ਵਰਗਾ ਹੀ ਨਹੀਂ ਹੁੰਦਾ, ਸਚਮੁਚ ਗੁਰਮੁਖ ਹੁੰਦਾ ਹੈ। ਵੇਖਣ ਨੂੰ ਤਾਂ ਗੁਰਮੁਖਾਂ ਵਰਗੇ ਬਹੁਤ ਹੀ ਭੇਖੀ ਹੁੰਦੇ ਹਨ, ਜੋ ਆਪਣੇਂ ਆਪ ਨੂੰ ਗੁਰਮੁਖ ਸਮਝਦੇ ਹਨ) ਨਾਨਕ ਜਾ ਕਉ ਕਿਰਪਾ ਧਾਰੀ॥ ੫॥ ੨੫੧ ਐਸਾ ਗੁਰਮੁਖ ਉਹ ਹੋਵੇ ਗਾ, ਜਿਸ ਤੇ ਗੁਰੂ ਆਪ ਕਿਰਪਾ ਕਰੇ ਗਾ।

ਅਸੀਂ ਸਾਰਾ ਕੁੱਝ ਹੀ ਗੁਰਬਾਣੀਂ ਦੇ ਉਲਟ ਕਰ ਰਹੇ ਹਾਂ, ਇਸ ਗੱਲ ਨੂੰ ਬੁੱਝਣਾਂ ਬਹੁਤ ਜਰੂਰੀ ਹੈ, ਇਹ ਗੱਲ ਗੁਰੂ ਨਾਨਕ ਦੇਵ ਜੀ ਸਾਨੂੰ ਅਗਲੇ ਸ਼ਬਦ ਵਿੱਚ ਸਮਝਾ ਰਹੇ ਹਨ। ਨਾਲ ਹੀ ਇਹ ਵੀ ਕਹਿ ਰਹੇ ਹਨ, ਜੋ ਇਸ ਗੱਲ ਨੂੰ ਸਮਝ ਲਵੇ ਗਾ, ਜੋ ਇਸ ਸ਼ਬਦ ਦੇ ਅਰਥ ਜਾਣ ਲਵੇ ਗਾ, ਉਹ ਸਾਡਾ ਗੁਰੂ ਹੈ।

ਗਉੜੀ ਮਹਲਾ ੧॥ ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ॥ ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ॥ ੧॥ ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ॥ ੧॥ ਰਹਾਉ॥ ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ॥ ੨॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ ੩॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ॥ ੪॥ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ॥ ੫॥ ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ॥ ੬॥ ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ॥ ੭॥ ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ॥ ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ॥ ੮॥ ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ॥ ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ॥ ੯॥ ੨॥ ੧੮॥ ੨੨੯

ਸਾਡਾ ਝਗੜਾ ਕੀ ਹੈ! ! ਜਿੰਨਾਂ ਝਗੜਾ ਇਸ ਵੇਲੇ ਸਾਡੀ ਕੌਮ ਵਿੱਚ ਹੈ, ਕਿਸੇ ਵੀ ਹੋਰ ਕੌਮ ਵਿੱਚ ਏਨਾਂ ਝਗੜਾ ਨਹੀਂ ਹੈ! ਹਰ ਇੱਕ ਬੰਦਾ ਕਿਸੇ ਨਾਂ ਕਿਸੇ ਮੋਰਚੇ ਤੇ ਲੜ ਰਿਹਾ ਹੈ। ਵੀਰੋ ਪਹਿਲੇ ਤਾਂ ਆਪਾਂ ਇਹ ਵਿਚਾਰ ਕਰੀਏ ਕਿ (੧) ਕੀ ਸਾਡਾ ਝਗੜਾ ਮਾਇਆ ਦੇ ਧਨ ਵਾਸਤੇ ਹੈ (੨) ਕੀ ਸਾਡਾ ਝਗੜਾ ਹਰੀ ਦੇ ਧਨ ਵਾਸਤੇ ਹੈ (੩) ਕੀ ਸਾਡਾ ਝਗੜਾ ਗੁਰਮਤਿ ਦੇ ਧਨ ਵਾਸਤੇ ਹੈ (੪) ਕੀ ਸਾਡਾ ਝਗੜਾ ਗਿਆਨ ਵਾਸਤੇ ਹੈ (੫) ਕੀ ਸਾਡਾ ਝਗੜਾ ਲੀਡਰੀ ਵਾਸਤੇ ਹੈ। ਜਾਂ ਕਿਸੇ ਹੋਰ ਕਾਰਨ ਹੈ। ਪਹਿਲੇ ਇਸ ਦਾ ਕਾਰਨ ਢੂੰਡੀਏ, ਕਾਰਨ ਜੋ ਵੀ ਹੋਵੇ, ਉਸ ਨੂੰ ਮਿਲ ਕੇ ਗੁਰਮਤਿ ਦਵਾਰਾ ਦੂਰ ਕਰ ਲਈਏ, ਝਗੜਾ ਆਪੇ ਹੀ ਦੂਰ ਹੋ ਜਾਵੇ ਗਾ। ਪਰ ਪਹਿਲੇ ਝਗੜੇ ਦੇ ਕਾਰਨ ਦਾ ਪਤਾ ਲਗਾਉਣਾਂ ਜਰੂਰੀ ਹੈ। ਕੀ ਇਸ ਦਾ ਕਾਰਨ ਕਿਤੇ ਸਾਡਾ ਆਪਣਾਂ ਹੀ ਭੇਖ ਤਾਂ ਨਹੀਂ ਹੈ।

(ਇਹ ਲੇਖ ਭੇਖ ਦੀ ਪਹਿਚਾਨ ਵਾਸਤੇ ਹੈ, ਇਸ ਵਾਸਤੇ ਆਉ ਵੀਰੋ ਪਹਿਲੇ ਅਸੀਂ ਆਪਣੇਂ ਭੇਖ ਦੇ ਝਗੜੇ ਨੂੰ ਵੀ ਪਹਿਚਾਨੀਏਂ ਅਤੇ ਹੱਲ ਢੂੰਡੀਏ, ਅਤੇ ਜੇ ਪ੍ਰਮਾਤਮਾਂ ਨੂੰ ਮਿਲਣਾਂ ਹੈ ਤਾਂ, ਵਿਦਿਆ ਗਿਆਨੀ ਦੀ ਥਾਂ ਭਗਤਿ ਗਿਆਨੀਂ ਬਣੀਏਂ)

ਸਲੋਕ॥ ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ॥ ਕਹੁ ਨਾਨਕ ਕਿਰਪਾ ਭਈ ਭਗਤੁ ਙਿਆਨੀ ਸੋਇ॥ ੧॥

ਬਲਦੇਵ ਸਿੰਘ “ਚਾਕਰ”
.