.

“ਦੇਹੁ ਸਜਣ ਅਸੀਸੜੀਆ. .”

(ਭਾਗ ਦੂਜਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਬਾਣੀ ‘ਸੋਹਿਲਾ’ ਗੁਰੂਦਰ `ਤੇ ਸੰਗਤਾਂ ਲਈ ਨਿਤਨੇਮ ਲਈ ਨਿਯਤ ਬਾਣੀਆਂ ਵਿੱਚੋਂ ਰਾਤ ਨੂੰ ਸੌਣ ਸਮੇਂ ਪੜ੍ਹਣ ਵਾਲੀ ਬਾਣੀ ਹੈ। ਉਸ ਬਾਣੀ ਵਿਚਲੇ ਪਹਿਲੇ ਸ਼ਬਦ `ਚ ਇੱਕ ਪੰਕਤੀ ਹੈ “ਦੇਹੁ ਸਜਣ ਅਸੀਸੜੀਆ ਜਿੳ ਹੋਵੈ ਸਾਹਿਬ ਸਿਉ ਮੇਲੁ” (ਪੰ: ੧੨)। ਦਰਅਸਲ, ਉਸ ਸ਼ਬਦ ਅੰਦਰ ਗੁਰਦੇਵ ਨੇ, ਬ੍ਰਾਹਮਣੀ ਵਿਆਹਵਾਂ `ਚ ਬੱਚੀ ਦੇ ਮਾਈਏ ਪੈਣ ਵਾਲੀ ਰਸਮ ਦਾ ਰੂਪਕ ਅਲੰਕਾਰ ਬੰਨ ਕੇ ਸਾਨੂੰ ਗੁਰਮੱਤ ਰਾਹ `ਤੇ ਸੁਚੇਤ ਕੀਤਾ ਹੈ।

ਬ੍ਰਾਹਮਣ ਅਨੁਸਾਰ ਮਿਥੇ ਹਰੇਕ ਸ਼ੁਭ ਕੰਮ ਲਈ ਪਹਿਲਾਂ ਬ੍ਰਾਹਮਣ ਕੋਲੋਂ ਮਹੂਰਤ ਘਡਵਾਉਣਾ ਹੁੰਦਾ ਹੈ। ਇਸ `ਤੇ ਉਸ ਰਾਹੀਂ ਜਜਮਾਨ ਨੂੰ ਇਹ ਵੀ ਪੱਕਾ ਕੀਤਾ ਹੁੰਦਾ ਹੈ ਕਿ ਮਹੂਰਤ ਵਾਲਾ ਨਿਯਤ ਸਮਾਂ ਕਿਸੇ ਵੀ ਹਾਲਤ `ਚ ਅਗੇ ਪਿਛੇ ਨਹੀਂ ਹੋਣਾ ਚਾਹੀਦਾ। ਇਸ ਦੇ ਬਾਵਜੂਦ ਜੇ ਕਿਸੇ ਮੁਹੂਰਤ ਵਾਲੇ ਮਿਥੇ ਸਮੇਂ `ਚ ਅਜਿਹਾ ਹੋ ਜਾਂਦਾ ਹੈ ਤਾਂ ਉਸ ਨਾਲ ਵੀ ਉਸ ਨੇ ਕਈ ਵਹਿਮਾਂ, ਭਰਮਾਂ, ਡਰਾਂ-ਸਹਿਮਾਂ, ਬਦਸਗਨੀਆਂ-ਅਪਸਗਨਾਂ ਆਦਿ ਦੀਆਂ ਗੱਲਾਂ ਜੋੜੀਆਂ ਹੋਈਆਂ ਹਨ। ਇਹ ਵੱਖਰੀ ਗੱਲ ਹੈ ਕਿ ਇਥੋਂ ਹੀ ਉਸੇ ਕੋਲੋਂ ਉਪਾਅ ਕਰਵਾਉਣ ਵਾਲੀਆਂ ਕਹਾਣੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਇਸੇ ਤੋਂ ਉਸ ਰਾਹੀਂ ਆਪਣੇ ਜਜਮਾਨ ਕੋਲੋਂ ਲੁੱਟ ਲਈ ਨਵੇਂ ਰਸਤੇ ਵੀ ਖੁੱਲ ਜਾਂਦੇ ਹਨ ਤੇ ਉਸ ਰਾਹੀਂ ਉਪਾਵਾਂ ਦਾ ਲੰਮਾ ਚੌੜਾ ਸਿਲਸਿਲਾ ਚਾਲੂ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਉਸ ਦੇ ਸ਼੍ਰਧਾਲੂ, ਬੱਚੀ ਨੂੰ ਮਾਈਏ ਪਾਉਣ ਵਾਲੀ ਮਹੂਰਤ ਵਾਲੀ ਰਸਮ ਦੀ ਘੜੀ ਨੂੰ ਵੀ ਅੱਗੇ ਪਿਛੇ ਨਹੀਂ ਹੋਣ ਦਿੰਦੇ।

ਗੁਰਮੱਤ ਅਨੁਸਾਰ ਸਗਨ, ਮਹੂਰਤ ਆਦਿ? -ਗੁਰਮੱਤ `ਚ ਇਨ੍ਹਾਂ ਸਗਨਾਂ, ਅਪਸਗਨਾਂ ਤੇ ਮਹੂਰਤਾਂ ਆਦਿ ਨੂੰ ਕੋਈ ਥਾਂ ਨਹੀਂ। ਗੁਰਮੱਤ ਅਨੁਸਾਰ ਤਾਂ “ਸਗੁਨ ਅਪਸਗੁਨ ਤਿਸ ਕਉ ਲਗਹਿ” ਜਿਸੁ ਚੀਤਿ ਨ ਆਵੈ” (ਪੰ: ੪੦੧) ਭਾਵ ਅਜਿਹੇ ਸਗਨਾਂ, ਅਪਸਗਨਾਂ ਦੇ ਵਹਿਮਾਂ ਭਰਮਾਂ `ਚ ਉਹੀ ਪੈਦੇ ਹਨ ਜਿਨ੍ਹਾਂ ਨੂੰ ਅਕਾਲਪੁਰਖ ਦੀ ਸੋਝੀ ਨਹੀਂ ਹੁੰਦੀ। ਇਸੇ ਤਰ੍ਹਾਂ ਹੋਰ “ਸਾ ਵੇਲਾ, ਸੋ ਮੂਰਤੁ, ਸਾ ਘੜੀ, ਸੋ ਮੁਹਤੁ, ਸਫਲੁ ਹੈ ਮੇਰੀ ਜਿੰਦੁੜੀਏ, ਜਿਤੁ ਹਰਿ ਮੇਰਾ ਚਿਤਿ ਆਵੈ ਰਾਮ” (ਪੰ: ੫੪੦) ਬਲਕਿ ਇਥੋ ਤੱਕ “ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰਿ ਕਰੇ॥ ਨਾਨਕੁ ਮੰਗੈ ਦਰਸ ਦਾਨੁ, ਕਿਰਪਾ ਕਰਹੁ ਹਰੇ” (ਪੰ: ੧੩੬) ਅਰਥ ਹਨ ਅਕਾਲਪੁਰਖ ਦੀ ਰਜ਼ਾ `ਚ ਚਲਣ ਵਾਲੇ ਲਈ ਕੋਈ ਵੀ ਮਹੀਨਾ, ਥਿਤ ਵਾਰ, ਮਹੂਰਤ ਅਦਿ ਮਾੜਾ ਨਹੀਂ ਹੁੰਦਾ। ਸਪਸ਼ਟ ਹੈ ਮਹੀਨਿਆਂ, ਥਿਤਾਂ ਵਾਰਾਂ, ਮਹੂਰਤਾਂ ਆਦਿ ਦੇ ਭਰਮਾਂ `ਚ ਉਹੀ ਪੈਂਦੇ ਹਨ ਜਿਨ੍ਹਾਂ ਨੂੰ ਅਕਾਲਪੁਰਖ ਚੇਤੇ ਨਹੀਂ ਹੁੰਦਾ। ਗੁਰਮੱਤ ਅਨੁਸਾਰ ਤਾਂ “ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ, ਫਿਟੁ ਭਲੇਰੀ ਰੁਤਿ” (ਪੰ: ੩੧੮) ਭਾਵ ਸਮਾਂ ਉਹੀ ਚੰਗਾਂ ਹੁੰਦਾ ਹੈ ਜਦੋਂ ਕਰਤਾ ਨਾ ਵਿਸਰਿਆ ਹੋਵੇ। ਨਹੀਂ ਤਾਂ, ਜੇ ਮਨੁੱਖ ਕਰਤੇ ਨੂੰ ਵਿਸਾਰ ਕੇ ਇਨ੍ਹਾਂ ਥਿਤਾਂ, ਵਾਰਾਂ, ਸ਼ੁਭ-ਅਸ਼ੁਭ ਮਹੂਰਤਾਂ ਆਦਿ ਦੇ ਵਹਿਮਾ, ਭਰਮਾ `ਚ ਹੀ ਪਿਆ ਰਵੇ ਤਾਂ ਅਜਿਹੇ ਮਨੁੱਖ ਦੇ ਜੀਵਨ ਲਈ ਬਲਕਿ ਭਲੀ ਤੇ ਸੁਹਾਵਣੀ ਰੁਤ ਦਾ ਹੋਣਾ ਵੀ ਵਿਅਰਥ ਹੁੰਦਾ ਹੈ।

“ਘਰਿ ਘਰਿ ਏਹੋ ਪਾਹੁਚਾ” - ਸਮਝਣ ਦਾ ਵਿਸ਼ਾ ਹੈ ਕਿ ਬ੍ਰਾਹਮਣੀ ਹਿੰਦੂ ਵਿਆਹਵਾਂ `ਚ ਬੱਚੀ ਨੂੰ ਪਹਿਲਾਂ ਮਾਂਈਏ ਪਾਉਣ ਦਾ ਮਹੂਰਤ ਤੇ ਰਸਮ ਹੁੰਦੀ ਹੈ। ਇਸ ਰਸਮ `ਚ ਚਾਚੀਆਂ, ਤਾਈਆਂ, ਭਰਜਾਈਆਂ ਆਦਿ ਤੇ ਕੁੜੀ ਦੀਆਂ ਸਹੇਲੀਆਂ ਰਲ ਕੇ ਵਿਆਹ ਵਾਲੀ ਕੁੜੀ ਦੇ ਸਿਰ `ਚ ਤੇਲ ਪਾਂਦੀਆਂ ਹਨ। ਉਸ ਨੂੰ ਇਸ਼ਨਾਨ ਕਰਾਂਦੀਆਂ ਤੇ ਨਾਲ ਨਾਲ ਸੁਹਾਗ ਦੇ ਗੀਤ ਗਾਂਦੀਆਂ ਹਨ। ਇਨ੍ਹਾਂ ਗੀਤਾਂ `ਚ ਬੱਚੀ ਨੂੰ ਪਤੀ ਦੇ ਘਰ ਜਾ ਕੇ ਸੁਖੀ ਵੱਸਣ ਲਈ ਅਸੀਸਾਂ ਹੁੰਦੀਆਂ ਹਨ। ਫ਼ਿਰ ਰਾਤ ਨੂੰ ਜ਼ਨਾਨੀਆਂ ਗਾਉਣਾ `ਤੇ ਬੈਠਦੀਆਂ ਤੇ ਸੋਹਿਲੇ ਦੇ ਗੀਤ ਗਾਂਦੀਆਂ ਹਨ। ਇਨ੍ਹਾਂ ਸੋਹਿਲੇ ਦੇ ਗੀਤਾਂ `ਚ ਵੀ ਅਸੀਸਾਂ ਤੇ ਸੁਹਾਗ ਦੇ ਗੀਤਾਂ ਨਾਲ ਵੈਰਾਗ ਦੇ ਗੀਤ ਵੀ ਹੁੰਦੇ ਹਨ। ਇਹ ਇਸ ਲਈ ਕਿ ਇੱਕ ਪਾਸੇ ਕੁੜੀ ਨੇ ਵਿਆਹ ਤੋਂ ਬਾਅਦ ਪਤੀ ਦੇ ਘਰ ਚਲੇ ਜਾਣਾ ਹੈ; ਦੂਜੇ, ਕੁੜੀ ਨੇ ਆਪਣੇ ਮਾਪਿਆਂ, ਭੈਣਾਂ, ਭਰਾਵਾਂ, ਭਰਜਾਈਆਂ, ਚਾਚੀਆਂ, ਤਾਈਆਂ, ਸਹੇਲੀਆਂ ਆਦਿ ਸਾਰਿਆਂ ਤੋਂ ਵਿਛੜਣਾ ਵੀ ਹੁੰਦਾ ਹੈ। ਇਸ ਲਈ ਇਨ੍ਹਾਂ ਗੀਤਾਂ `ਚ ਵਿਛੋੜੈ ਤੇ ਮਿਲਾਪ ਦੇ ਮਿਲਵੇਂ ਹਾਵ-ਭਾਵ ਹੁੰਦੇ ਹਨ।

ਜਿਵੇਂ ਇਨ੍ਹਾਂ ਬ੍ਰਾਹਮਣੀ ਵਿਆਹਵਾਂ ਲਈ ਮੁਹੂਰਤ ਤੇ ਮਿਥੇ ਸਮੇਂ `ਚ ਇਸ ਕਾਰਜ ਨੂੰ ਪੂਰਾ ਕਰਣਾ ਹੁੰਦਾ ਹੈ। ਇਸੇ ਤਰ੍ਹਾਂ, ਪ੍ਰਭੂ ਦਰ `ਤੇ ਵੀ ਹਰੇਕ ਜਿੰਦ ਰੂਪ ਕੁੜੀ ਦੇ ਇਸ ਸੰਸਾਰ ਤੋਂ ਜਾਣ ਦਾ ਸਮਾਂ ਵੀ ਪਹਿਲਾਂ ਤੋਂ ਹੀ ਨਿਯਤ ਹੁੰਦਾ ਹੈ ਤੇ ਉਹ ਘੜੀ ਵੀ ਟਲਣ ਵਾਲੀ ਨਹੀਂ ਹੁੰਦੀ। ਉਸ ਸਮੇਂ ਸਰੀਰ `ਚੋਂ ਜਿੰਦ ਨੇ ਸੰਸਾਰ ਤੱਲ `ਤੇ ਆਪਣੇ ਸਾਰੇ ਸਾਕਾਂ ਸਬੰਧੀਆਂ ਤੋਂ ਵਿਛੁੜ ਕੇ, ਇਸ ਜਗਤ ਰੂਪ ਪੇਕੇ ਘਰ ਨੂੰ ਛੱਡ, ਸਦਾ ਲਈ ਪ੍ਰਲੋਕ `ਚ ਆਪਣੇ ਪਤੀ ਪ੍ਰਮੇਸ਼ਵਰ ਰੂਪ ਸੋਹਰੇ ਘਰ ਜਾਣਾ ਹੁੰਦਾ ਹੈ।

ਇਸ ਤਰ੍ਹਾਂ ਇਸ ਸ਼ਬਦ `ਚ ਜਿੰਦ ਨੂੰ ਸਮਝਾਇਆ ਹੈ ਕਿ ਹੇ ਜਿੰਦੇ! ਤੂੰ ਵੀ ਸਤਸੰਗ `ਚ ਆ ਕੇ ਸੁਹਾਗ ਦੇ ਗੀਤ ਗਾਇਆ ਤੇ ਸੁਣਿਆ ਕਰ। ਇਹ ਸਤਸੰਗ ਵੀ ਮਾਨੋ ਜਿੰਦ ਕੁੜੀ ਦੇ ਮਾਂਈਏਂ ਪੈਣ ਦਾ ਪ੍ਰਤੀਕ ਹੈ। ਸਤਸੰਗੀ (ਸਹੇਲੀਆਂ) ਇਥੇ ਇੱਕ ਦੂਜੀ ਨੂੰ ਅਸੀਸਾਂ ਦਿੰਦੀਆਂ ਹਨ, ਉਸ ਦੇ ਲਈ ਅਰਦਾਸਾਂ ਕਰਦੀਆਂ ਹਨ ਕਿ ਪ੍ਰਲੋਕ ਤੁਰਨ ਵਾਲੀ ਉਨ੍ਹਾਂ ਦੀ ਇਸ ਸਹੇਲੀ ਨੂੰ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਹੋਵੇ। ਜਿਵੇਂ ਸੰਸਾਰ ਤੱਲ `ਤੇ ਕੁੜੀਆਂ ਦੇ ਵਿਆਹ ਮਿਥੇ ਜਾਂਦੇ ਹਨ ਉਸੇ ਤਰ੍ਹਾਂ ਪ੍ਰਭੂ ਦਰ ਤੋਂ ਵੀ ਜੀਵਾਂ ਲਈ ਹਰ ਸਮੇਂ ਇਹ ਸੱਦੇ ਨਿੱਤ ਹੀ ਆਉਂਦੇ ਰਹਿੰਦੇ ਹਨ।

ਇਸ ਤਰ੍ਹਾਂ ਇਹ ਪੂਰਾ ਸ਼ਬਦ ਹੈ “ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ॥ ੧॥ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ॥ ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ॥ ੧॥ ਰਹਾਉ॥ ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ॥ ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ॥ ੨॥ ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ॥ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥ ੩॥ ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ॥ ੪॥” (ਪੰ: ੧੨) ਅਤੇ ਇਸ ਦੇ ਅਰਥ ਭਾਵ ਹਨ:

“ਜਿਸ ਸਤਸੰਗ ਰੂਪ ਘਰ `ਚ ਪ੍ਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੈ ਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ। ਹੇ ਜਿੰਦੇ! ਤੂੰ ਵੀ ਉਸ ਸਤਸੰਗ (ਘਰ) `ਚ ਜਾ ਕੇ ਪ੍ਰਭੂ ਦੀ ਸਿਫ਼ਤਿ-ਸਲਾਹ ਦੇ ਗੀਤ (ਸੁਹਾਗ ਰੂਪ ਪ੍ਰਭੂ ਮਿਲਾਪ ਵਾਲੀ ਤਾਂਘ ਦੇ) ਸ਼ਬਦ ਗਾਇਆ ਕਰ। ਤੂੰ ਵੀ ਪੈਦਾ ਕਰਨ ਵਾਲੇ ਪ੍ਰਭੂ ਨੂੰ ਸਦਾ ਯਾਦ ਕਰਿਆ ਕਰ। ੧।

ਹੇ ਜਿੰਦੇ! ਤੂੰ ਵੀ ਸਤਸੰਗੀਆਂ ਨਾਲ ਮਿਲ ਕੇ ਮੇਰੇ ਨਿਰਭਉ ਪ੍ਰਭੂ ਪਤੀ ਦੀ ਸਿਫ਼ਤਿ ਸਲਾਹ ਦੇ ਗੀਤ ਗਾ ਤੇ ਆਖ ਕਿ ਮੈਂ ਸਦਕੇ ਹਾਂ ਉਸ ਦੇ ਸਿਫ਼ਤਿ ਸਲਾਹ ਵਾਲੇ ਗੀਤਾਂ ਤੋਂ ਜਿਨ੍ਹਾਂ ਦੀ ਬਰਕਤ ਨਾਲ ਮਨੁੱਖ ਨੂੰ ਜੀਵਨ `ਚ ਸਦੀਵੀ ਅਨੰਦ ਮਿਲਦਾ ਹੈ। ੧। ਰਹਾਉ।

ਹੇ ਜਿੰਦੇ! ਜੋ ਪ੍ਰਭੂ ਪਤੀ ਸਦਾ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਤੇ ਜੋ ਸਾਰੀਆਂ ਦਾਤਾਂ ਦੇਣ ਵਾਲਾ ਹੈ। ਜਿਸ ਦਾਤਾਰ ਦੀਆਂ ਦਾਤਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਤਾਂ ਫ਼ਿਰ ਮੇਰੀਏ ਜਿੰਦੇ! ਉਸ ਦਾਤੇ ਦਾ ਅੰਦਾਜ਼ਾ ਵੀ ਤੂੰ ਕਿਵੇਂ ਲਗਾ ਸਕਦੀ ਹੈਂ? ਉਹ ਦਾਤਾ-ਪ੍ਰਭੂ ਤਾਂ ਹੈ ਹੀ ਬੇਅੰਤ। ੨।

ਇਸ ਲਈ ਹੇ ਜਿੰਦੇ! ਤੂੰ ਵੀ ਚੇਤੇ ਰਖ! ਉਹ ਸੰਮਤ, ਸਾਹਾ ਪਹਿਲਾਂ ਹੀ ਮਿਥਿਆ ਹੋਇਆ ਹੈ ਜਦੋਂ ਪਤੀ ਪ੍ਰਮੇਸ਼ਵਰ ਦੇ ਦੇਸ ਜਾਣ ਲਈ ਤੇਰੇ ਲਈ ਵੀ ਸੱਦਾ ਆ ਜਾਣਾ ਹੈ। ਤਾਂ ਤੇ ਮੇਰੀ ਸਤਸੰਗੀ ਸਹੇਲੀਓ! ਤੁਸੀਂ ਰਲ ਕੇ ਮੈਨੂੰ ਵੀ ਮਾਂਈਏਂ ਪਾਓ ਤੇ ਅਸੀਸਾਂ ਦਿਓ! ਇਸ ਤਰ੍ਹਾਂ ਮੇਰੇ ਲਈ ਤੁਸੀਂ ਵੀ ਅਰਦਾਸ ਕਰਿਆ ਕਰੋ ਕਿ ਪ੍ਰਭੂ-ਪਤੀ ਨਾਲ ਮੇਰਾ ਵੀ ਮਿਲਾਪ ਹੋ ਜਾਵੇ। ੩।

ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਸਰੀਰਕ ਮੌਤ ਵਾਲੀ ਸਾਹੇ-ਚਿੱਠੀ ਹਰੇਕ ਘਰ `ਚ ਨਿੱਤ ਆ ਰਹੀ ਹੈ ਤੇ ਸਾਰਿਆਂ ਨੂੰ ਇਹ ਸੱਦੇ ਵੀ ਨਿਤ ਹੀ ਪੈ ਰਹੇ ਹਨ। ਹੇ ਸਤਸੰਗੀਉ! ਇਸ ਲਈ ਸੱਦਾ ਭੇਜਣ ਵਾਲੇ ਪ੍ਰਭੂ-ਪਤੀ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਸੱਦੇ ਲਈ ਸਾਡੇ ਦਿਨ ਵੀ ਨੇੜੇ ਹੀ ਆ ਰਹੇ ਹਨ। ੪। ੧।

ਵਿਸ਼ੇਸ਼ ਧਿਆਨ ਯੋਗ- ਵਿਸ਼ਾ ਧਿਆਨ ਮੰਗਦਾ ਹੈ। ਦੇਖਣਾ ਹੈ ਕਿ ਅਜਕਲ, ਚਲਾਣੇ ਤੇ ਭੋਗ ਦੀਆਂ ਅਰਦਾਸਾਂ ਸਮੇਂ ਸਾਡੇ ਬਹੁਤੇ ਰਾਗੀ, ਵਿਛੁੜ ਚੁੱਕੇ ਪ੍ਰਾਣੀ ਵੱਲੋਂ ਇਹ ਪੰਕਤੀ “ਦੇਹੁ ਸਜਣ ਅਸੀਸੜੀਆ ਜਿੳ ਹੋਵੈ ਸਾਹਿਬ ਸਿਉ ਮੇਲੁ” ਉਚੇਚੇ ਗਾਇਣ ਕਰਦੇ ਤੇ ਸੰਗਤਾਂ ਕੋਲੋਂ ਇਸ ਦਾ ਗਾਇਣ ਕਰਵਾਉਂਦੇ ਹਨ, ਪਰ ਕਿਸ ਅਰਥ `ਚ? ਜਦਕਿ ਦੇਖ ਚੁੱਕੇ ਹਾਂ ਕਿ ਇਹ ਵਿਸ਼ਾ ਹੀ ਜੀਊਂਦੇ ਜਾਗਦੇ ਤੇ ਚਲਦੇ ਫ਼ਿਰਦੇ ਸਰੀਰ ਨਾਲ ਸਬੰਧਤ ਹੈ ਨਾ ਕਿ ਚਲਾਣਾ ਕਰ ਚੁੱਕੇ ਪ੍ਰਾਣੀ ਨਾਲ। ਇਹ ਤਾਂ ਇੱਕ ਸਤਸੰਗੀ ਲਈ, ਦੂਜੇ ਸਤਸੰਗੀਆਂ ਵੱਲੋਂ ਪ੍ਰਭੂ ਚਰਨਾਂ `ਚ ਆਪਣੇ ਲਈ ਅਰਦਾਸ ਤੇ ਜੋਦੜੀ ਕਰਵਾਉਣ ਦੀ ਗੱਲ ਹੈ, ਨਾਕਿ ਇਸ ਦਾ ਰਤੀ ਭਰ ਵੀ ਸੰਬਧ ਵਿਛੜੇ ਪ੍ਰਾਣੀ ਨਾਲ ਹੈ।

ਫ਼ਿਰ ਇਹ ਸ਼ਬਦ ਵੀ ਇਕੱਲਾ ਨਹੀਂ, ਇਸ ਤਰ੍ਹਾਂ ਅਜਿਹੇ ਸਮੇਂ ਹੋਰ ਵੀ ਕਈ ਸ਼ਬਦ ਗ਼ਲਤ ਅਰਥਾਂ `ਚ ਲਏ ਤੇ ਪੜ੍ਹੇ ਜਾ ਰਹੇ ਹਨ ਜਿਵੇਂ “ਬਾਬਾ ਬੋਲਤੇ ਤੇ ਕਹਾ ਗਏ” (ਪੰ: ੪੮੦) ਅਤੇ “ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ” (ਪੰ: ੮੪੬) ਇਸੇ ਤਰ੍ਹਾਂ “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥ ਮਿਟਿ ਗਏ ਗਵਨ ਪਾਏ ਬਿਸ੍ਰਾਮ॥ ਨਾਨਕ ਪ੍ਰਭ ਕੈ ਸਦ ਕੁਰਬਾਨ” (ਪੰ: ੨੭੮)। ਜਦਕਿ ਇਹ ਤੇ ਅਜਿਹੇ ਹੋਰ ਕਈ ਸ਼ਬਦ ਜੋ ਜੀਊਂਦੇ ਜਾਗਦੇ ਬਲਕਿ ਜੀਵਨ ਮੁਕਤ, ਸਚਿਆਰੇ ਤੇ ਵਡਭਾਗੀ ਸਰੀਰਾਂ ਨਾਲ ਸਬੰਧਤ ਹਨ; ਉਚੇਚੇ ਭੋਗ ਵਾਲੇ ਸਮਾਗਮਾ `ਚ ਗੁਜ਼ਰੇ ਪ੍ਰਾਣੀ ਨਾਲ ਸਬੰਧਤ ਕਰਕੇ ਪੜ੍ਹੇ ਜਾ ਰਹੇ ਹਨ। ਫ਼ਿਰ ਇਥੇ ਹੀ ਬੱਸ ਨਹੀਂ, ਬਹੁਤ ਵਾਰੀ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ, ਗੁਰੂ ਹਸਤੀਆਂ ਦੇ ਜੋਤੀ ਜੋਤ ਸਮਾਉਣ ਦੇ ਪੁਰਬਾਂ ਸਮੇਂ ਵੀ ਬਹੁਤਾ ਕਰਕੇ ਇਹੀ ਸ਼ਬਦ ਪੜ੍ਹੇ ਜਾ ਰਹੇ ਹਨ।

ਇਥੋਂ ਇਹ ਸਪਸ਼ਟ ਹੁੰਦੇ ਵੀ ਦੇਰ ਨਹੀਂ ਲਗਦੀ ਕਿ ਅੱਜ ਸਾਡੇ ਬਹੁਤੇ ਰਾਗੀ ਸੱਜਨਾਂ ਤੇ ਪ੍ਰਚਾਰਕਾਂ ਦੀ ਗੁਰਬਾਣੀ ਅਰਥ ਬੋਧ ਪੱਖੋਂ ਕੀ ਹਾਲਤ ਹੈ? ਇਸ ਤੋਂ ਇਹ ਅੰਦਾਜ਼ਾ ਲਗਾਂਦੇ ਵੀ ਦੇਰ ਨਹੀਂ ਲਗਦੀ ਕਿ ਮੌਜੂਦਾ ਪ੍ਰਚਾਰ ਪ੍ਰਬੰਧ `ਚ ਇਸ ਤਰ੍ਹਾਂ ਗੁਰਮੱਤ ਪੱਖੋਂ ਸੰਗਤਾਂ ਦੀ ਕਿਨੀਂ ਕੂ ਤਿਆਰੀ ਕਰਵਾਈ ਜਾ ਰਹੀ ਹੈ? ਫ਼ਿਰ ਵੀ ਇਸ ਪਾਸੇ, ਇਹ ਕੇਵਲ ਇਸ਼ਾਰਾ ਹੀ ਹੈ ਜਦਕਿ ਹੱਥਲੇ ਗੁਰਮੱਤ ਪਾਠ ਦਾ ਮੁੱਖ ਵਿਸ਼ਾ ਇਹ ਨਹੀਂ।

“ਪ੍ਰੀਤਮ ਕੀਆ ਦੇਹ ਅਸੀਸਾ ਹੇ” - ਇਹ ਵਖਰੀ ਗੱਲ ਹੈ ਕਿ ਇਸ ਦੇ ਉਲਟ ਬਾਣੀ ਅਲਾਹਣੀਆ ਮ: ੧ ਪੰ: ੫੮੨ `ਤੇ ਗੁਰਦੇਵ, ਸਤਸੰਗੀਆਂ ਨੂੰ, ਵਿਛੜੇ ਪ੍ਰਾਣੀ ਲਈ ਪ੍ਰਭੂ ਚਰਨਾਂ `ਚ ਇਸ ਤਰ੍ਹਾਂ ਅਰਦਾਸਾਂ ਤੇ ਜੋਦੜੀਆਂ ਕਰਣ ਦੀ ਜਾਚ ਵੀ ਸਿਖਾਅ ਰਹੇ ਹਨ ਪਰ ਗਹਿਰਾਈ `ਚ ਜਾਵਾਂਗੇ ਤਾਂ ਉਥੇ ਵੀ ਮੂਲ ਇਹੀ ਹੈ। ਉਥੇ ਫ਼ੁਰਮਾਨ ਹੈ “ਬਾਬਾ ਆਵਹੁ ਭਾਈਹੋ ਗਲਿ ਮਿਲਹ, ਮਿਲਿ ਮਿਲਿ ਦੇਹ ਆਸੀਸਾ ਹੇ॥ ਬਾਬਾ ਸਚੜਾ ਮੇਲੁ ਨ ਚੁਕਈ, ਪ੍ਰੀਤਮ ਕੀਆ ਦੇਹ ਅਸੀਸਾ ਹੇ॥ ਆਸੀਸਾ ਦੇਵਹੋ ਭਗਤਿ ਕਰੇਵਹੋ, ਮਿਲਿਆ ਕਾ ਕਿਆ ਮੇਲੋ॥ ਇਕਿ ਭੂਲੇ ਨਾਵਹੁ ਥੇਹਹੁ ਥਾਵਹੁ, ਗੁਰ ਸਬਦੀ ਸਚੁ ਖੇਲੋ॥ ਜਮ ਮਾਰਗਿ ਨਹੀ ਜਾਣ, ਸਬਦਿ ਸਮਾਣਾ, ਜੁਗਿ ਜੁਗਿ ਸਾਚੈ ਵੇਸੇ॥ ਸਾਜਨ ਸੈਣ ਮਿਲਹੁ ਸੰਜੋਗੀ, ਗੁਰ ਮਿਲਿ ਖੋਲੇ ਫਾਸੇ” (ਪੰ: ੫੮੨) ਅਤੇ ਅਰਥ ਹਨ:

“ਹੇ ਮੇਰੇ ਭਰਾਵੋ! ਆਓ, ਅਸੀਂ ਪਿਆਰ ਭਰੇ ਵਾਤਾਵਰਣ `ਚ ਰਲ ਮਿਲ ਕੇ ਬੈਠੀਏ। ਇਸ ਤਰ੍ਹਾਂ ਮਿਲ ਕੇ ਆਪਣੇ ਵਿਛੁੜੇ ਸਾਥੀ ਲਈ ਅਰਦਾਸ ਕਰੀਏ (ਅਸੀਸਾਂ ਦੇਵੀਏ)। ਅਸਾਂ ਪ੍ਰਭੂ-ਪ੍ਰੀਤਮ ਦੇ ਮਿਲਾਪ ਲਈ ਅਰਦਾਸ ਇਸ ਲਈ ਕਰਣੀ ਹੈ, ਕਿਉਂਕਿ ਸਦਾ-ਥਿਰ ਮਿਲਾਪ ਵੀ ਕੇਵਲ ਅਕਾਲਪੁਰਖ ਨਾਲ ਹੀ ਹੋ ਸਕਦਾ ਹੈ। ਉਪ੍ਰੰਤ ਅਰਦਾਸ ਦੀ ਬਰਕਤਿ ਨਾਲ ਹੋਇਆ ਇਹ ਮਿਲਾਪ ਹੀ ਸਦੀਵੀ ਹੁੰਦਾ ਹੈ ਤੇ ਫ਼ਿਰ ਕਦੇ ਮੁੱਕਦਾ ਵੀ ਨਹੀਂ।

ਇਸ ਲਈ, ਸਤਸੰਗੀ ਭਰਾਵੋ! ਰਲ ਕੇ ਵਿਛੁੜੇ ਸਾਥੀ ਲਈ ਅਰਦਾਸਾਂ ਕਰੋ ਤੇ ਆਪ ਵੀ ਪ੍ਰਮਾਤਮਾ ਦੀ ਭਗਤੀ ਕਰੋ। ਕਿਉਂਕਿ ਭਗਤੀ ਦੀ ਬਰਕਤਿ ਨਾਲ ਹੀ ਜੀਵ ਦਾ ਪ੍ਰਭੂ ਚਰਨਾਂ `ਚ ਮਿਲਾਪ ਹੁੰਦਾ ਹੈ। ਇਸ ਤਰ੍ਹਾਂ ਜਿਹੜੇ ਇੱਕ ਵਾਰੀ ਪ੍ਰਭੂ-ਚਰਨਾਂ ਨਾਲ ਜੁੜ ਜਾਂਦੇ ਹਨ ਫਿਰ ਉਨ੍ਹਾਂ ਦਾ ਕਦੇ ਵਿਛੋੜਾ ਨਹੀਂ ਹੁੰਦਾ। ਪਰ ਕਈ ਜੀਵ ਜੋ ਪ੍ਰਮਾਤਮਾ ਦੇ ਨਾਮ ਤੋਂ ਖੁੰਝੇ ਰਹਿੰਦੇ ਹਨ, ਉਹ ਜੀਵਨ ਦੀ ਸਦੀਵੀ ਟਿਕਾਅ ਵਾਲੀ ਥਿਰ ਅਵਸਥਾ ਨੂੰ ਪ੍ਰਾਪਤ ਨਹੀਂ ਕਰ ਸਕਦੇ।

ਇਸ ਲਈ ਅਸਲ `ਚ ਸਦਾ ਥਿਰ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ ਹੀ ਜੀਵਨ ਦਾ ਸਹੀ ਰਸਤਾ ਤੇ ਖੇਡ ਹੈ। ਜਿਹੜੇ ਮਨੁੱਖ ਗੁਰੂ ਦੇ ਸ਼ਬਦ `ਚ ਲੀਨ ਰਹਿੰਦੇ ਹਨ, ਉਹ ਜਮ ਦੇ ਰਸਤੇ ਨਹੀਂ ਜਾਂਦੇ। ਭਾਵ ਉਹ ਜੀਊਂਦੇ ਜੀਅ ਵੀ ਵਿਕਾਰ ਰਹਿਤ ਬਤੀਤ ਕਰਦੇ ਹਨ ਤੇ ਮੌਤ ਤੋਂ ਬਾਅਦ ਵੀ ਬਾਰ ਬਾਰ ਦੇ ਗਰਭਾਂ `ਚ ਨਹੀਂ ਪੈਦ ਜਨਮ ਮਰਣ ਦੇ ਗੇੜ੍ਹ `ਚ ਨਹੀਂ ਆਉਂਦੇ। ਉਹ ਜੀਉਂਦੇ ਜੀਅ ਹੀ ਸਦਾ ਲਈ ਪ੍ਰਭੂ `ਚ ਅਭੇਦ ਹੋ ਜਾਂਦੇ ਹਨ। ਉਸ ਪ੍ਰਭੂ `ਚ ਜੋ ਸਦ ਇੱਕ ਰਸ ਵਿਆਪਕ ਤੇ ਸਦਾ ਥਿਰ ਹੈ।

ਤਾਂ ਤੇ ਹੇ ਸੱਜਨੋ, ਮਿੱਤ੍ਰੋ ਤੇ ਸਤਸੰਗੀਓ! ਸਤਸੰਗ `ਚ ਰਲ ਕੇ ਬੈਠੋ। ਜਿਹੜੇ (ਮਨ ਕਰਕੇ) ਤੇ ਮਿਲ ਕੇ ਸਤਸੰਗ ਕਰਦੇ ਹਨ ਉਹ ਗੁਰੂ ਨਾਲ ਮਿਲ ਕੇ ਜੀਊਂਦੇ ਜੀਅ ਵੀ ਮਾਇਆ ਦੇ ਮੋਹ ਦੇ ਵਾਲੇ ਫਾਹੇ ਵੱਢ ਲੈਂਦੇ ਹਨ ਤੇ ਮੁੜ ਜਨਮ ਮਰਣ `ਚ ਵੀ ਨਹੀਂ ਆਉਂਦੇ। ੨।

ਫ਼ਿਰ ਤੋਂ ਵਿਸ਼ੇਸ਼ ਧਿਆਨ ਯੋਗ- ਇਸ ਤੋਂ ਪਹਿਲਾਂ ਵਿਚਾਰੀ ਗਈ ਪੰਕਤੀ “ਦੇਹੁ ਸਜਣ ਅਸੀਸੜੀਆ ਜਿੳ ਹੋਵੈ ਸਾਹਿਬ ਸਿਉ ਮੇਲੁ” (ਪੰ: ੧੨) `ਚ ਦੇਖ ਚੁੱਕੇ ਹਾਂ ਕਿ ਉਥੇ ਅਸੀਸਾਂ ਵਾਲਾ ਵਿਸ਼ਾ ਗੁਜ਼ਰ ਚੁੱਕੇ ਪ੍ਰਾਣੀ ਨਾਲ ਸਬੰਧਤ ਨਹੀਂ ਬਲਕਿ ਜੀਊਂਦੇ ਜੀਅ, ਆਪਣੇ ਲਈ ਅਰਦਸਾਂ ਕਰਣ ਲਈ, ਆਪਣੇ ਸਤਸੰਗੀੳਾ ਦੇ ਚਰਨਾਂ `ਚ ਅਰਦਾਸ ਤੇ ਜੋਦੜੀ ਹੈ। ਜਦਕਿ ਇਥੇ ਵੀ ਲਫ਼ਜ਼ ਅਸੀਸਾਂ ਹੀ ਹੈ ਪਰ ਅਰਥ ਭਾਵ ਦੂਜਾ ਤੇ ਉਸ ਤੋਂ ਹਟ ਕੇ ਹੈ। ਇਥੇ ਅਸੀਸਾਂ ਲਫ਼ਜ਼ ਸਿਧੇ ਤੌਰ `ਤੇ ਗੁਜ਼ਰੇ ਪ੍ਰਾਣੀ ਨਾਲ ਸਬੰਧਤ ਹੈ। ਉਂਜ ਇਥੇ ਵੀ ਉਸ ਬਦਲਵੇਂ ਅਰਥ ਨੂੰ ਕੇਵਲ ਆਧਾਰ ਹੀ ਬਨਾਇਆ ਗਿਆ ਹੈ ਪਰ ਇਸ ਦੇ ਮੂਲ ਅਰਥ, ਇਥੇ ਵੀ ਉਹੀ ਹਨ। ਆਖ਼ਿਰ ਕਿਹਾ ਇਥੇ ਵੀ ਉਹੀ ਹੈ ਕਿ ਤੁਸੀਂ ਵੀ ਸਤਸੰਗ `ਚ ਆ ਕੇ ਆਪਣੀ ਤਿਆਰੀ ਕਰੋ। ਦੇਖਣਾ ਇਹ ਵੀ ਹੈ ਕਿ ਇਥੇ ਅਸੀਸਾਂ ਦਾ ਅਰਥ ਮਨ ਕਰਕੇ ਤੇ ਤਹਿ ਦਿਲੌਂ, ਪ੍ਰਭੂ ਚਰਨਾਂ `ਚ ਅਰਦਾਸਾਂ ਨਾਲ ਸਬੰਧਤ ਹੈ।

ਇਸ ਤਰ੍ਹਾਂ ਇਥੇ ਨਾਲ ਹੀ ਗੁਰਦੇਵ ਵੱਲੌ ਸਤਸੰਗੀਆਂ ਨੂੰ ਵੀ ਜੀਵਨ ਦੀ ਅਜਿਹੀ ਤਿਆਰੀ ਲਈ ਕਿਹਾ ਹੈ ਜਿਸ ਤੋਂ ਮੌਤ ਤੋਂ ਬਾਅਦ ਪ੍ਰਲੋਕ `ਚ ਵਾਸਾ ਜਾਵੇ ਤੇ ਅਜਿਹੇ ਸਤਸੰਗੀਆਂ ਦਾ ਜੀਵਨ ਵੀ ਬਿਰਥਾ ਨਾ ਜਾਵੇ। ਸਪਸ਼ਟ ਹੈ ਕਿ ਉਸ ਸ਼ਬਦ ਦੀ ਬਜਾਏ, ਜੇ ਕਰ ਚਲਾਣੇ ਸਮੇਂ ਸਾਡੇ ਉਹੀ ਰਾਗੀ ਜਨ, ਗੁਜ਼ਰੇ ਪ੍ਰਾਣੀ ਨਾਲ ਸਬੰਧਤ ਕਰਕੇ ਅਸੀਸਾਂ ਵਾਲੇ, ਰਾਗ ਵਡਹੰਸ ਦੇ ਇਸ ਸ਼ਬਦ ਨੂੰ ਪੜ੍ਹ ਲੈਣ ਤਾਂ ਵੀ ਕਿਸੇ ਹਦ ਤੱਕ ਠੀਕ ਹੈ। ਉਂਜ ਸੁਆਲ ਇਥੇ ਵੀ ਉਹੀ ਹੈ ਕਿ ਪ੍ਰਭੂ ਚਰਨਾਂ `ਚ ਮਿਲਾਪ ਲਈ ਮਨੁੱਖ ਨੇ ਤਿਆਰੀ ਆਪਣੇ ਜੀਵਨ ਕਾਲ `ਚ ਹੀ ਕਰਣੀ ਹੈ ਬਾਅਦ `ਚ ਤਾਂ ਉਹ ਕੇਵਲ ਪ੍ਰਭੂ ਚਰਨਾਂ `ਚ ਅਰਦਾਸਾਂ ਹੀ ਹਨ। ਠੀਕ ਉਸੇ ਤਰ੍ਹਾਂ ਜਿਵੇਂ ਬਾਣੀ ਆਸਾ ਕੀ ਵਾਰ `ਚ ਗੁਰਦੇਵ ਨੇ ਫ਼ੁਰਮਾਇਆ ਹੈ “ਜਿਸ ਕੇ ਜੀਅ ਪਰਾਣ ਹਹਿ, ਕਿਉ ਸਾਹਿਬੁ ਮਨਹੁ ਵਿਸਾਰੀਐ॥ ਆਪਣ ਹਥੀ ਆਪਣਾ, ਆਪੇ ਹੀ ਕਾਜੁ ਸਵਾਰੀਐ” (ਪੰ: ੪੭੪) ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਇਸ ਮਨੁੱਖਾ ਜਨਮ ਦੀ ਸੰਭਾਲ ਵੀ ਗੁਰੂ ਦੇ ਮਾਰਗ `ਤੇ ਚੱਲ ਕੇ ਅਤੇ ਸਾਧ ਸੰਗਤ ਦੇ ਮਿਲਾਪ ਰਾਹੀਂ, ਮਨੁੱਖ ਨੇ ਖ਼ੁਦ ਹੀ ਕਰਣੀ ਹੈ।

“ਸਚੀ ਬੈਸਕ ਤਿਨਾੑ ਸੰਗਿ” - ਹੁਣ ਚਲਦੇ ਵਿਸ਼ੇ ਅਨੁਸਾਰ ਸਮਝਣਾ ਕੇਵਲ ਇਹ ਬਾਕੀ ਹੈ ਕਿ ਉਹ ਕਿਹੋ ਜਿਹੇ ਜੀਵਨ ਹੋ ਸਕਦੇ ਹਨ ਜਿਨ੍ਹਾਂ ਦੀਆਂ ਸਚਮੁਚ ਹੀ ਜੀਉਂਦੇ ਜੀਅ ਤੇ ਮਨ ਕਰਕੇ ਅਰਦਾਸਾਂ ਹੀ “ਦੇਹੁ ਸਜਣ ਅਸੀਸੜੀਆ, ਜਿੳ ਹੋਵੈ ਸਾਹਿਬ ਸਿਉ ਮੇਲੁ” (ਪੰ: ੧੨) ਵਾਲੀਆਂ ਹੋਣ। ਯਕੀਨਣ ਅਜਿਹੇ ਜੀਵਨਾਂ ਦੀ ਤਿਆਰੀ ਮਨਮੁਖਾਂ ਵਾਲੀ ਨਹੀਂ ਬਲਕਿ ਗੁਰਮੁਖਾਂ ਵਾਲੀ ਹੋਵੇਗੀ ਤਾਂ ਹੀ ਕਿਸੇ ਮਨੁੱਖ ਦੀ ਅਜਿਹੀ ਮਾਨਸਿਕ ਅਵਸਥਾ ਬਣ ਸਕਦੀ ਹੈ, ਉਂਜ ਨਹੀਂ। ਅਜਿਹੇ ਮਨੁੱਖ ਹੀ ਹਰ ਸਮੇਂ ਪ੍ਰਭੂ ਚਰਨਾਂ `ਚ ਅਰਦਾਸਾਂ ਕਰਣਗੇ ਕਿ ਹੇ ਪ੍ਰਭੂ ਮੈਨੂੰ “ਨਾਨਕ ਕਚੜਿਆ ਸਿਉ ਤੋੜਿ, ਢੂਢਿ ਸਜਣ ਸੰਤ ਪਕਿਆ॥ ਓਇ ਜੀਵੰਦੇ ਵਿਛੁੜਹਿ, ਓਇ ਮੁਇਆ ਨ ਜਾਹੀ ਛੋੜਿ” (ਪੰ: ੧੧੦੨) ਕਿਉਂਕਿ ਉਹ ਮਨ ਕਰਕੇ ਜੀਵਨ ਦੀ ਇਸ ਉੱਤਮ ਅਵਸਥਾ ਦੀ ਕੀਮਤ ਨੂੰ ਪਹਿਚਾਣਦੇ ਹੋਣਗੇ। ਉਹ ਮਨ ਕਰਕੇ ਹੀ ਪਹਿਚਾਣਦੇ ਹੋਣਗੇ ਕਿ “ਸਚੀ ਬੈਸਕ ਤਿਨਾੑ ਸੰਗਿ, ਜਿਨ ਸੰਗਿ ਜਪੀਐ ਨਾਉ॥ ਤਿਨੑ ਸੰਗਿ ਸੰਗੁ ਨ ਕੀਚਈ, ਨਾਨਕ ਜਿਨਾ ਆਪਣਾ ਸੁਆਉ” (ਪੰ: ੫੨੦)

“ਹਰਿ ਭਗਤਿ ਇੱਕ ਮੰਗਾ” -ਅਜਿਹੇ ਜੀਊੜੇ ਜਿਹੜੇ ਆਪਣੇ ਸਤਸੰਗਆਂ ਕੋਲੋਂ ਵੀ ਆਪਣੇ ਲਈ ਕੇਵਲ ਇਹੀ ਮੰਗ ਕਰਦੇ ਹਨ ਕਿ “ਦੇਹੁ ਸਜਣ ਅਸੀਸੜੀਆ, ਜਿੳ ਹੋਵੈ ਸਾਹਿਬ ਸਿਉ ਮੇਲੁ” (ਪੰ: ੧੨) ਦਰਅਸਲ ਉਨ੍ਹਾਂ ਦੀ ਆਤਮਕ ਅਵਸਥਾ ਹੀ ਇਤਨੀ ਉਭਰ ਚੁੱਕੀ ਹੁੰਦੀ ਹੈ ਜਿਸ ਬਾਰੇ ਗੁਰਦੇਵ ਫ਼ੁਰਮਾਉਂਦੇ ਹਨ “ਆਸ ਅਨਿਤ ਤਿਆਗਹੁ ਤਰੰਗ॥ ਸੰਤ ਜਨਾ ਕੀ ਧੂਰਿ ਮਨ ਮੰਗ॥ ਆਪੁ ਛੋਡਿ ਬੇਨਤੀ ਕਰਹੁ॥ ਸਾਧਸੰਗਿ ਅਗਨਿ ਸਾਗਰੁ ਤਰਹੁ॥ ਹਰਿ ਧਨ ਕੇ ਭਰਿ ਲੇਹੁ ਭੰਡਾਰ॥ ਨਾਨਕ ਗੁਰ ਪੂਰੇ ਨਮਸਕਾਰ” (ਪੰ: ੨੯੫)। ਗੁਰਦੇਵ ਇਥੇ ਫ਼ੁਰਮਾਅ ਰਹੇ ਹਨ ਕਿ ਅਜਿਹੇ ਜੀਵਨਾਂ ਅੰਦਰੋਂ ਆਸ਼ਾ, ਮਨਸ਼ਾ ਤੇ ਪਦਾਰਥਕ ਮੰਗਾਂ ਵਾਲੀਆਂ ਲਹਿਰਾਂ ਖਤਮ ਕਰਣੀਆਂ ਹੁੰਦੀਆਂ ਹਨ। ਅਜਿਹੇ ਜੀਊੜੇ, ਪ੍ਰਭੂ ਪਾਸੋਂ ਕੇਵਲ ਪ੍ਰਭੂ ਪਿਆਰਿਆਂ ਦਾ ਸੰਗ ਹੀ ਮੰਗਦੇ ਹਨ। ਗੁਰਦੇਵ ਇਥੇ ਦ੍ਰਿੜ ਕਰਵਾਉਂਦੇ ਹਨ ਕਿ ਹੇ ਭਾਈ! ਤੂੰ ਆਪਣੇ ਅੰਦਰੋਂ ਹਉਮੈ ਦਾ ਤਿਆਗ ਕਰਕੇ (ਸੰਪੂਰਨ ਸਮਰਪਣ ਦੀ ਭਾਵਨਾ ਨਾਲ) ਪ੍ਰਭੂ ਚਰਨਾਂ `ਚ ਬੇਨਤੀਆਂ ਤੇ ਅਰਜ਼ੋਈਆਂ ਕਰ ਕਿ ਹੇ ਪ੍ਰਭੂ! ਆਪਣੇ ਪਿਆਰਿਆਂ ਦਾ ਸੰਗ ਬਖ਼ਸ਼ ਤਾਕਿ ਮੇਰੇ ਜੀਵਨ `ਤੇ ਵਿਕਾਰ ਹਾਵੀ ਨਾ ਹੋਣ।

ਗੁਰਦੇਵ ਦਰਸਾਉਂਦੇ ਹਨ ਕਿ ਇਸ ਤਰੀਕੇ ਮਨੁੱਖ ਆਪਣੇ ਜੀਵਨ ਅੰਦਰ ਪ੍ਰਭੂ ਦੀ ਸਿਫ਼ਤ ਸਲਾਹ ਦੇ ਭੰਡਾਰੇ ਭਰੇ ਅਤੇ ਅਜਿਹਾ ਕਰਣ ਲਈ ਵੀ ਇਕੋ ਹੀ ਤਰੀਕਾ ਹੈ ਕਿ ਮਨੁੱਖ ਆਪਣੇ ਜੀਵਨ ਨੂੰ ਗੁਰੂ-ਗੁਰਬਾਣੀ ਦੇ ਆਦੇਸ਼ਾਂ ਨਾਲ ਪ੍ਰਪਕ ਕਰਣਾ। ਜੀਵਨ ਦੀ ਇਸੇ ਆਤਮਕ ਅਵਸਥਾ ਦੀ ਪ੍ਰਾਪਤੀ ਲਈ ਗੁਰਦੇਵ ਫ਼ੁਰਮਾਅ ਰਹੇ ਹਨ ਕਿ ਐ ਮਨੁੱਖ! ਤੂੰ ਪ੍ਰਭੂ ਚਰਨਾਂ `ਚ ਇਸ ਤਰ੍ਹਾਂ ਦਾ ਅਰਦਾਸੀਆ ਬਣ ਕੇ ਚੱਲ ਜਿਵੇਂ “ਹਮ ਮੂਰਖ ਮੁਗਧ ਸਰਣਾਗਤੀ, ਮਿਲੁ ਗੋਵਿੰਦ ਰੰਗਾ ਰਾਮ ਰਾਜੇ॥ ਗੁਰਿ ਪੂਰੈ ਹਰਿ ਪਾਇਆ, ਹਰਿ ਭਗਤਿ ਇੱਕ ਮੰਗਾ॥ ਮੇਰਾ ਮਨੁ ਤਨੁ ਸਬਦਿ ਵਿਗਾਸਿਆ, ਜਪਿ ਅਨਤ ਤਰੰਗਾ॥ ਮਿਲਿ ਸੰਤ ਜਨਾ ਹਰਿ ਪਾਇਆ, ਨਾਨਕ ਸਤਸੰਗਾ” (ਪੰ: ੪੪੯)। ਭਾਵ ਜੇਕਰ ਜੀਵਨ ਨੂੰ ਇਸ ਸਿਧੇ ਰਾਹ ਚਲਾਉਣਾ ਹੈ ਤਾਂ ਪਹਿਲਾਂ ਇਹ ਮੰਨ ਕੇ ਚਲਣਾ ਪਵੇਗਾ ਕਿ ਜੀਵਨ ਦੇ ਇਸ ਪ੍ਰਮਾਰਥ ਵਾਲੇ ਰਾਹ `ਤੇ ਅਸੀਂ ਮੂਲ਼ੋਂ ਹੀ ਮੂਰਖ ਤੇ ਅਣਜਾਣ ਹਾਂ ਅਤੇ ਇਸੇ ਦੇ ਲਈ ਪ੍ਰਭੂ ਦੀ ਸ਼ਰਨ `ਚ ਜਾ ਰਹੇ ਹਾਂ ਤਾ ਕਿ ਸਾਡੇ ਮਨ `ਤੇ ਵੀ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਰੰਗ ਚੜ੍ਹ ਸਕੇ। ਜਦਕਿ ਇਥੇ ਗੁਰਦੇਵ ਨਾਲ ਹੀ ਇਹ ਵੀ ਪੱਕਾ ਕਰ ਰਹੇ ਹਨ ਕਿ ਬਿਨਾ ਸਦਾ ਥਿਰ ਗੁਰੂ-ਗੁਰਬਾਣੀ ਦੇ ਮਾਰਗ `ਤੇ ਚੱਲੇ ਉਸ ਗੁਰੂ ਤੋਂ ਪ੍ਰਭੂ ਭਗਤੀ ਵਾਲਾ ਸੱਚਾ ਤੇ ਇਕੋ ਇੱਕ ਮਾਰਗ ਹੋਣਾ ਕਦੇ ਵੀ ਸੰਭਵ ਨਹੀਂ। ਇਸ ਤਰ੍ਹਾਂ ਉਸੇ ਦਾ ਨਤੀਜਾ ਹੋਵੇਗਾ ਕਿ ਮਨੁੱਖ ਜੀਵਨ `ਚ ਮਨ ਤੇ ਤਨ ਕਰਕੇ ਟਿਕਾਅ ਆ ਜਾਵੇਗਾ ਤੇ ਜੀਵਨ `ਚ ਉਸੇ ਪ੍ਰਭੂ ਦੀ ਮਸਤੀ ਛਾ ਜਾਵੇਗੀ। ਪਰ ਇਸਦੇ ਨਾਲ ਗੁਰਦੇਵ ਇਹ ਵੀ ਸਪਸ਼ਟ ਕਰਦੇ ਹਨ ਕਿ ਪੂਰੇ ਗੁਰੂ ਦੇ ਇਸ ਸਚੇ ਮਾਰਗ `ਤੇ ਚਲਣ ਲਈ ਵੀ ਸਤਸੰਗੀਆਂ ਦੇ ਸੰਗ ਦੀ ਲੋੜ ਹੁੰਦੀ ਹੈ।

“ਦਾਨੁ ਮਹਿੰਡਾ ਤਲੀ ਖਾਕੁ” -ਇਥੇ ਵੀ ਗੁਰਦੇਵ ਦ੍ਰਿੜ ਕਰਵਾ ਰਹੇ ਹਨ ਕਿ ਮਨੁੱਖ ਦੇ ਮਨ ਅੰਦਰ “ਦੇਹੁ ਸਜਣ ਅਸੀਸੜੀਆ, ਜਿੳ ਹੋਵੈ ਸਾਹਿਬ ਸਿਉ ਮੇਲੁ” (ਪੰ: ੧੨) ਵਾਲੀ ਤੀਬ੍ਰਤਾ ਤੇ ਬੇਚਾਰਗੀ ਪੈਦਾ ਹੋਵੇ, ਉਸ ਲਈ ਉਸ ਦੇ ਮਨ ਦੀ ਅਜਿਹੀ ਅਵਸਥਾ ਬਣੀ ਹੋਣੀ ਜ਼ਰੂਰੀ ਹੈ ਜਿਵੇਂ “ਦਾਨੁ ਮਹਿੰਡਾ ਤਲੀ ਖਾਕੁ, ਜੇ ਮਿਲੈ ਤ ਮਸਤਕਿ ਲਾਈਐ॥ ਕੂੜਾ ਲਾਲਚੁ ਛਡੀਐ, ਹੋਇ ਇੱਕ ਮਨਿ ਅਲਖੁ ਧਿਆਈਐ॥ ਫਲੁ ਤੇਵਹੋ ਪਾਈਐ, ਜੇਵੇਹੀ ਕਾਰ ਕਮਾਈਐ॥ ਜੇ ਹੋਵੈ ਪੂਰਬਿ ਲਿਖਿਆ, ਤਾ ਧੂੜਿ ਤਿਨਾੑ ਦੀ ਪਾਈਐ॥ ਮਤਿ ਥੋੜੀ, ਸੇਵ ਗਵਾਈਐ” (ਪੰ: ੪੬੮)

ਅਰਥ ਹਨ - (ਹੇ ਪ੍ਰਭੂ!) ਜੇਕਰ ਤੇਰੀ ਮਿਹਰ ਹੋ ਜਾਵੇ ਤਾਂ (ਮੈਨੂੰ ਤੇਰੇ ਪਿਆਰਿਆਂ ਦੇ) ਚਰਨਾਂ ਦੀ ਖ਼ਾਕ ਵਾਲਾ ਦਾਨ ਮਿਲ ਜਾਵੇ ਬੱਸ ਇਹੀ ਮੇਰੀ ਇੱਛਾ ਹੈ ਭਾਵ ਜਿਸ ਜੀਵਨ ਰਾਹ `ਤੇ ਪ੍ਰਭੂ ਪਿਆਰੇ ਚੱਲਦੇ ਹਨ ਮੈਂ ਵੀ ਜੀਵਨ ਦੇ ਉਸੇ ਰਾਹ `ਤੇ ਚੱਲ ਸਕਾਂ।

(ਸੁਆਲ ਪੈਦਾ ਹੁੰਦਾ ਹੈ) ਤੇਰੇ ਪਿਆਰਿਆਂ ਦੀ ਸੰਗਤ ਮਿਲੇ ਕਿਵੇਂ? (ਉੱਤਰ ਹੈ) ਇਸ ਦੀ ਪ੍ਰਾਪਤੀ ਲਈ ਕੂੜਾ ਲਾਲਚ ਭਾਵ ਬਿਨਸਣਹਾਰ ਸੰਸਾਰ ਦਾ ਮੋਹ ਛੱਡ ਕੇ ਸਮਰਪਣ ਦੀ ਭਾਵਨਾ ਨਾਲ ਇਕਾਗ੍ਰ-ਚਿੱਤ, ਅਕਾਲਪੁਰਖ ਦੇ ਗੁਣਾਂ ਨੂੰ ਆਪਣੇ ਜੀਵਨ `ਚ ਵਸਾਊਣਾ ਹੈ।

(ਇਥੇ ਪੁੱਜ ਕੇ ਗੁਰਦੇਵ ਪੱਕਾ ਕਰਦੇ ਹਨ ਕਿ ਇਹ ਵੀ ਰੱਬੀ ਅਸੂਲ ਹੈ) ਮਨੁੱਖ ਜਿਸ ਤਰ੍ਹਾਂ ਦੀ ਕਾਰ ਕਰਦਾ ਹੈ, ਉਹੋ ਜਿਹਾ ਹੀ ਉਸ ਨੂੰ ਫਲ ਵੀ ਮਿਲਦਾ ਹੈ। (ਤਾਂ ਤੇ ਜ਼ਰੂਰੀ ਹੈ ਕਿ) ਤੇਰੇ ਭਗਤਾਂ-ਪਿਆਰਿਆਂ ਦਾ ਸੰਗ (ਸੰਤ ਜਨਾਂ ਦੇ ਪੈਰਾਂ ਦੀ ਖ਼ਾਕ) ਵੀ ਤਾਂ ਹੀ ਮਿਲੇਗਾ ਜੇਕਰ ਪਹਿਲਾਂ ਉਸ ਦੀ ਪ੍ਰਾਪਤੀ ਲਈ ਕਮਾਈ ਕੀਤੀ ਹੋਵੇ, ਭਾਵ ਉਸ ਦੇ ਲਈ ਆਪਣੀ ਸੋਚਣੀ ਤਿਆਰ ਕੀਤੀ ਹੋਵੇ। ਜੀਵਨ ਨੂੰ ‘ਕੂੜਾ ਲਾਲਚੁ ਛਡੀਐ’ ਵਾਲੇ ਰਸਤੇ ਤੇ ਨਾ ਚਲਾਇਆ ਹੋਵੇ। ਇਸ ਲਈ “ਜੇ ਹੋਵੈ ਪੂਰਬਿ ਲਿਖਿਆ” ਜੇਕਰ ਪਹਿਲਾਂ ਜੀਵਨ ਨੂੰ ਸੱਚ ਅਥਵਾ ਪ੍ਰਭੂ ਵਾਲੇ ਮਾਰਗ `ਤੇ ਚੱਲਾਵਾਂਗੇ ਤੇ ਤਾਂ ਹੀ ਅਜਿਹਾ ਨਤੀਜਾ ਆਵੇਗਾ, ਉਂਜ ਨਹੀਂ)।

(ਇਸ ਤਰ੍ਹਾਂ ਮਨੁੱਖ ਜੇਕਰ ਪ੍ਰਭੂ ਪਿਆਰਿਆਂ ਦਾ ਸੰਗ ਛੱਡ ਕੇ, ਆਪਣੀ ਹੋਛੀ ਮੱਤ `ਤੇ ਹੀ ਟੇਕ ਰੱਖੇ (ਅਤੇ ਕੂੜੇ ਲਾਲਚ ਦਾ ਤਿਆਗ ਵੀ ਨਾ ਕਰੇ ਤਾਂ) ਉਸ ਦੀ ਕੀਤੀ ਸਾਰੀ ਘਾਲ-ਕਮਾਈ ਅਥਵਾ ਮਿਹਣਤ ਵਿਅਰਥ ਹੀ ਜਾਂਦੀ ਹੈ। ੧੦।

ਇਸ ਤਰ੍ਹਾਂ ਸਪਸ਼ਟ ਹੋਇਆ ਕਿ ਜੀਵਨ `ਚ “ਦੇਹੁ ਸਜਣ ਅਸੀਸੜੀਆ, ਜਿੳ ਹੋਵੈ ਸਾਹਿਬ ਸਿਉ ਮੇਲੁ” (ਪੰ: ੧੨) ਵਾਲੀ ਬਿਰਤੀ ਤੇ ਮੰਗ ਪੈਦਾ ਹੋਵੇ, ਮਨੁੱਖ ਨੂੰ ਆਪਣੇ ਮਨ ਦੀ ਤਿਆਰੀ ਵੀ ਉਹੋ ਜਿਹੇ ਸਤਸੰਗੀਆਂ ਵਾਲੇ ਵਾਤਾਵਰਣ `ਚ ਵਿਚਰ ਕੇ ਹੀ ਕਰਣੀ ਹੋਵੇਗੀ, ਉਸ ਤੋਂ ਬਿਨਾ ਸੰਭਵ ਨਹੀਂ। #036s98.02.11#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 36-II

“ਦੇਹੁ ਸਜਣ ਅਸੀਸੜੀਆ. .” (ਭਾਗ ਦੂਜਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.