.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 38)

ਪੁਸਤਕ ਕਰਤਾ ਵਲੋ ਜਪੁਜੀ ਦੀ ੩੭ਵੀਂ ਪਉੜੀ ਦਾ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਅਤੇ ਇਸ ਦੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ, ਇਸ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਕਰਮ ਖੰਡ ਕੀ ਬਾਣੀ ਜੋਰੁ॥ ਤਿਥੈ ਹੋਰੁ ਨ ਕੋਈ ਹੋਰੁ॥ ਤਿਥੈ ਜੋਧ ਮਹਾਬਲ ਸੂਰ॥ ਤਿਨ ਮਹਿ ਰਾਮੁ ਰਹਿਆ ਭਰਪੂਰ॥
ਅਰਥ:- ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਉੱੰਤੇ ਆਪਣਾ ਪਰਭਾਵ ਨਹੀਂ ਪਾ ਸਕਦੇ), ਕਿਉਂਕਿ ਉਸ ਅਵਸਥਾ ਵਿੱਚ (ਮਨੁੱਖ ਦੇ ਅੰਦਰ) ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ। ਉਸ ਅਵਸਥਾ ਵਿੱਚ (ਜੋ ਮਨੁੱਖ ਹਨ ਉਹ) ਜੋਧੇ, ਮਹਾਂਬਲੀ ਤੇ ਸੂਰਮੇ ਹਨ, ਉਹਨਾਂ ਦੇ ਰੋਮ ਰੋਮ ਵਿੱਚ ਅਕਾਲ ਪੁਰਖ ਵੱਸ ਰਿਹਾ ਹੈ।
ਤਿਥੈ ਸੀਤੋ ਸੀਤਾ ਮਹਿਮਾ ਮਾਹਿ॥ ਤਾ ਕੇ ਰੂਪ ਨ ਕਥਨੇ ਜਾਹਿ॥ ਨਾ ਓਹਿ ਮਰਹਿ ਨ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਨ ਮਾਹਿ॥
ਅਰਥ:- ਉਸ (ਬਖ਼ਸ਼ਸ਼) ਅਵਸਥਾ ਵਿੱਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿੱਚ ਪਰੋਤਾ ਰਹਿੰਦਾ ਹੈ, (ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ) ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ)। (ਇਸ ਅਵਸਥਾ ਵਿਚ) ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਵੱਸਦਾ ਹੈ, ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ।
ਤਿਥੈ ਭਗਤ ਵਸਹਿ ਕੇ ਲੋਅ॥ ਕਰਹਿ ਅਨੰਦੁ ਸਚਾ ਮਨਿ ਸੋਇ॥
ਅਰਥ:- ਉਸ ਅਵਸਥਾ ਵਿੱਚ ਕਈ ਭਵਣਾਂ ਦੇ ਭਗਤ ਜਨ ਵੱਸਦੇ ਹਨ, ਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ (ਮੌਜੂਦ) ਹੈ।
ਸਚ ਖੰਡਿ ਵਸੈ ਨਿਰੰਕਾਰੁ॥ ਕਰਿ ਕਰਿ ਵੇਖੈ ਨਦਰਿ ਨਿਹਾਲ॥
ਅਰਥ:- ਸੱਚ ਖੰਡ ਵਿੱਚ (ਭਾਵ, ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ, ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ।
ਤਿਥੈ ਖੰਡ ਮੰਡਲ ਵਰਭੰਡ॥ ਜੇ ਕੋ ਕਥੈ ਤ ਅੰਤ ਨ ਅੰਤ॥ ਤਿਥੈ ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥ ਵੇਖੈ ਵਿਗਸੈ ਕਰਿ ਵੀਚਾਰੁ॥ ਨਾਨਕ ਕਥਨਾ ਕਰੜਾ ਸਾਰੁ॥ ੩੭॥
ਅਰਥ:- ਉਸ ਅਵਸਥਾ ਵਿੱਚ (ਭਾਵ, ਅਕਾਲ ਪੁਰਖ ਨਾਲ ਇੱਕ-ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ (ਦਿੱਸਦੇ ਹਨ, ਇਤਨੇ ਬੇਅੰਤ ਕਿ) ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ, ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ। ਉਸ ਅਵਸਥਾ ਵਿੱਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ (ਜਿਨ੍ਯ੍ਯਾਂ ਸਭਨਾਂ ਵਿਚ) ੇ ਉਸੇ ਤਰ੍ਯ੍ਯਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿੱਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ)। (ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ। ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ)। ੩੭।
ਭਾਵ:- ਪਰਮਾਤਮਾ ਨਾਲ ਇੱਕ-ਰੂਪ ਹੋ ਚੁਕਣ ਵਾਲੀ ਆਤਮਕ ਅਵਸਥਾ ਵਿੱਚ ਅਪੜੇ ਜੀਵ ਉੱਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਦਰਵਾਜ਼ਾ ਖੁਲ੍ਹਦਾ ਹੈ, ਉਸ ਨੂੰ ਸਭ ਆਪਣੇ ਹੀ ਆਪਣੇ ਦਿੱਸਦੇ ਹਨ, ਹਰ ਪਾਸੇ ਪ੍ਰਭੂ ਹੀ ਨਜ਼ਰੀਂ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿੱਚ ਜੁੜੀ ਰਹਿਂਦੀ ਹੈ, ਇਸ ਅਵਸਥਾ ਵਿੱਚ ਮਾਇਆ ਇਸ ਨੂੰ ਠੱਗ ਨਹੀਂ ਸਕਦੀ, ਆਤਮਾ ਬਲਵਾਨ ਹੋ ਜਾਂਦੀ ਹੈ, ਪ੍ਰਭੂ ਨਾਲੋਂ ਵਿੱਥ ਨਹੀਂ ਪੈ ਸਕਦੀ। ਹੁਣ ਉਸ ਨੂੰ ਪਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ ਵਿੱਚ ਤੋਰ ਰਿਹਾ ਹੈ, ਤੇ ਸਭ ਉਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ। ੩੭
ਪਰੰਤੂ ਪੁਸਤਕ ਕਰਤਾ ਇਸ ਪਉੜੀ ਦੇ ਗਿਣਤੀ ਦੇ ਪਾਠ ਅਤੇ ਇਸ ਦੇ ਮਹਾਤਮ ਬਾਰੇ ਇਉਂ ਲਿਖਦਾ ਹੈ, “ਮੰਗਲਵਾਰ ਤੋਂ ਇਸ ਪਉੜੀ ਨੂੰ ਤੇਰਾਂ ਦਿਨਾਂ ਵਿੱਚ ਪ੍ਰਾਤਾਕਾਲ ਤੇਰਾਂ ਸੌ ਜਪੇ ਤਾਂ ਭਾਗ ਉਦੇ ਹੋਣ। ਪੂਰਬ ਜਨਮ ਦੇ ਪਾਪ ਮਿਟਣ। ਐਤਵਾਰ ਤੋਂ ਨਿਤਾਪ੍ਰਤਿ ਗੁਪਤ ਜਪੇ ਤਾਂ ਅਦ੍ਰਿਸ਼ਟ ਵੇਖੇ, ਦਿਬ ਦ੍ਰਿਸ਼ਟੀ ਹੋ ਜਾਵੇ। ਪਉੜੀ ਸਿੱਧ ਕਰਨ ਵਾਲੇ ਇਸਤ੍ਰੀ ਪੁਰਸ਼ ਨੂੰ ਝੂਠ, ਦਗਾ ਫਰੇਬ ਅਤੇ ਪਰਾਇਆ ਹੱਕ ਖਾਣ ਤੋ ਬਹੁਤ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇ ਇਨ੍ਹਾਂ ਦਾ ਤਿਆਗ ਨਹੀਂ ਹੋਵੇਗਾ ਤਾਂ ਪਉੜੀ ਸਿੱਧ ਕਰਨ ਦਾ ਕੋਈ ਫਲ ਪ੍ਰਾਪਤ ਨਹੀਂ ਹੋਵੇਗਾ।”
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖ ਨੂੰ ਜੀਵਨ ਦਾ ਇਹ ਸੱਚ ਸਮਝਾ ਕੇ ਕਿ ‘ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ॥ (ਪੰਨਾ ੪੬੧) ਅਰਥ: ਹੇ ਭਾਈ! ਜੋ ਕੁੱਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿੱਚ ਉੱਕਰਿਆ ਗਿਆ ਹੈ।’ ਫਿਰ ਇਹ ਦ੍ਰਿੜ ਕਰਵਾਇਆ ਗਿਆ ਹੈ ਕਿ, ‘ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥ (ਪੰਨਾ ੪੭੪) ਅਰਥ: ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ (ਜਿਸ ਦਾ ਮਾੜਾ ਫਲ ਭੋਗਣਾ ਪਏ)।’। ਗੁਰਬਾਣੀ ਵਿੱਚ ਜੀਵਨ ਦਾ ਇਹ ਸੱਚ ਦ੍ਰਿੜ ਕਰਾ ਕੇ ਮਨੁੱਖ ਨੂੰ ਇਹ ਗੱਲ ਸਮਝਾਈ ਗਈ ਹੈ ਕਿ ਭਾਗਾਂ ਵਾਲਾ ਬਣਨਾ ਜਾਂ ਮੰਦ-ਭਾਗਾ ਬਣਨਾ ਇਹ ਸਾਡੇ ਆਪਣੇ ਹੱਥ ਵਿੱਚ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਹਕੀਕਤ ਨੂੰ ਇਉਂ ਦਰਸਾਇਆ ਗਿਆ ਹੈ:-
(ੳ) ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ (ਪੰਨਾ ੮) ਅਰਥ: ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਅਕਾਲ ਪੁਰਖ ਤੋਂ ਦੂਰਿ ਹੋ ਜਾਂਦੇ ਹਨ।
(ਅ) ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ (ਪੰਨਾ ੧੩੩) ਅਰਥ: ਹੇ ਪ੍ਰਭੂ! ਅਸੀ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿੱਛੁੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ), ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ।
ਇਸ ਲਈ ਹੀ ਗੁਰਬਾਣੀ ਵਿੱਚ ਵਡਭਾਗੇ ਅਤੇ ਅਭਾਗੇ ਮਨੁੱਖ ਦੇ ਸਬੰਧ ਆਖਿਆ ਹੈ:
(ੳ) ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ॥ (ਪੰਨਾ ੯੦੧) ਅਰਥ: ਹੇ (ਮੇਰੇ) ਮਨ! ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਸਮਝ।
(ਅ) ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ॥ (ਪੰਨਾ ੬੮੨) ਅਰਥ:-ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ।
ਪਰੰਤੂ ਪੁਸਤਕ ਕਰਤਾ ਗੁਰਬਾਣੀ ਦੇ ਇਸ ਸੱਚ ਨੂੰ ਨਜ਼ਰ-ਅੰਦਾਜ਼ ਕਰਕੇ ਕੇਵਲ ਇਸ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਨਾਲ ਹੀ ਭਾਗ ਉਦੇ ਹੋਣ ਦੀ ਗੱਲ ਕਰ ਰਿਹਾ ਹੈ। ਲੇਖਕ ਭਾਗ ਉਦੈ ਤੋਂ ਭਾਵ ਉਹੀ ਲੈ ਰਿਹਾ ਹੈ ਜੋ ਆਮ ਤੌਰ `ਤੇ ਜਨ-ਸਾਧਾਰਨ ਵਲੋਂ ਲਿਆ ਜਾਂਦਾ ਹੈ। ਅਰਥਾਤ ਕਿਸੇ ਵੀ ਦੁਨਿਆਵੀ ਪ੍ਰਾਪਤੀ ਨੂੰ ਭਾਗ ਉਦੈ ਹੋਣ ਦਾ ਹੀ ਲਖਾਇਕ ਸਮਝਿਆ ਜਾਂਦਾ ਹੈ। ਇਹ ਪ੍ਰਾਪਤੀ ਭਾਵੇਂ ਜਾਇਜ਼ ਢੰਗ ਨਾਲ ਭਾਵੇਂ ਨਜਾਇਜ਼ ਢੰਗ ਨਾਲ ਹੋਵੇ, ਇਸ ਗੱਲ ਨੂੰ ਬਿਲਕੁਲ ਹੀ ਨਹੀਂ ਵਿਚਾਰਿਆ ਜਾਂਦਾ ਹੈ। ਮਨੁੱਖ ਦੀ ਇਸ ਫ਼ਿਤਰਤ ਦਾ ਹੀ ਗੁਰਬਾਣੀ ਦੀ ਨਿਮਨ ਲਿਖਤ ਪੰਗਤੀ ਵਿੱਚ ਪ੍ਰਗਟਾਵਾ ਕੀਤਾ ਗਿਆ ਹੈ: ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ॥ ਜਬ ਆਣੈ ਵਲਵੰਚ ਕਰਿ ਝੂਠੁ ਤਬ ਜਾਣੈ ਜਗੁ ਜਿਤੀਆ॥ (ਪੰਨਾ ੭੨੩) ਅਰਥ:-ਹੇ ਮੇਰੇ ਮਨ! ਖੋਟੀ ਬੁਧਿ ਵਾਲਾ ਮਨੁੱਖ ਸਦਾ ਉਹ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ, (ਫਿਰ ਭੀ ਅਜੇਹੇ ਵਿਅਰਥ ਕੰਮ ਕਰ ਕੇ) ਲਾਫ਼ਾਂ ਮਾਰਦਾ ਰਹਿੰਦਾ ਹੈ। ਜਦੋਂ ਕੋਈ ਠੱਗੀ ਕਰ ਕੇ, ਕੋਈ ਝੂਠ ਬੋਲ ਕੇ (ਕੁਝ ਧਨ-ਮਾਲ) ਲੈ ਆਉਂਦਾ ਹੈ, ਤਦੋਂ ਸਮਝਦਾ ਹੈ ਕਿ ਦੁਨੀਆ ਨੂੰ ਜਿੱਤ ਲਿਆ ਹੈ।
ਇਸ ਧਾਰਨਾ ਕਾਰਨ ਹੀ ਬੇਈਮਾਨੀ ਹੇਰਾ-ਫੇਰੀ ਆਦਿ ਕਰਕੇ ਵੀ ਉਨਤੀ ਦੀਆਂ ਟੀਸੀਆਂ ਛੁਹਿਣ ਵਾਲਿਆਂ ਨੂੰ ਬਹੁਤ ਭਾਗਸ਼ਾਲੀ ਸਮਝਿਆ ਜਾਂਦਾ ਹੈ। ਨਜਾਇਜ਼ ਸਾਧਨਾਂ ਦੀ ਵਰਤੋਂ ਕਰਕੇ ਦੁਿਨਆਵੀ ਐਸ਼-ਅਰਾਮ ਦੀ ਜਿੰਦਗੀ ਜਿਊਂਣ ਵਾਲੇ ਵੀ ਆਪਣੀ ਕਿਸਮਤ ਚਮਕੀ ਹੋਈ ਦਾ ਭਰਮ ਪਾਲੀ ਬੈਠੇ ਹੁੰਦੇ ਹਨ। ਪਰ ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਨੂੰ ਆਤਮਕ ਗਿਰਾਵਟ ਦਾ ਲਖਾਇਕ ਮੰਨਿਆ ਗਿਆ ਹੈ ਨਾ ਕਿ ਭਾਗ ਉਦੈ ਹੋਣ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਗ ਉਦੈ ਦਾ ਰੂਪ ਇਸ ਤਰ੍ਹਾਂ ਦਰਸਾਇਆ ਗਿਆ ਹੈ: ਗੁਰ ਚਰਨੀ ਜਾ ਕਾ ਮਨੁ ਲਾਗਾ॥ ਨਾਨਕ ਦਾਸ ਤਿਸੁ ਪੂਰਨ ਭਾਗਾ॥ (ਪੰਨਾ ੮੯੭) ਅਰਥ: ਹੇ ਨਾਨਕ! ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਟਿਕ ਜਾਂਦਾ ਹੈ, ਉਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ।
ਜਿੱਥੋਂ ਤੱਕ ਲੇਖਕ ਦਾ ਇਹ ਲਿਖਣ ਦਾ ਸਵਾਲ ਹੈ ਕਿ ਇਸ ਵਿਧੀ ਨਾਲ ਇਸ ਪਉੜੀ ਦਾ ਪਾਠ ਕਰਨ ਨਾਲ ‘ਪੂਰਬ ਜਨਮ ਦੇ ਪਾਪ ਮਿਟਣ’ ਗੇ। ਲੇਖਕ ਦਾ ਇਹ ਲਿਖਣਾ ਵੀ ਗੁਰਬਾਣੀ ਦੀ ਕਸਵੱਟੀ ਉੱਤੇ ਪੂਰਾ ਨਹੀਂ ਉਤਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਬਲੇ ਪਾਪ ਮਿਟਣ ਦੇ ਸਬੰਧ ਵਿੱਚ ਚਰਚਾ ਕਰਦਿਆਂ ਹੋਇਆਂ ਇਉਂ ਆਖਿਆ ਗਿਆ ਹੈ:-
(ੳ) ਗੁਰ ਕੇ ਚਰਨ ਰਿਦੈ ਪਰਵੇਸਾ॥ ਰੋਗ ਸੋਗ ਸਭਿ ਦੂਖ ਬਿਨਾਸੇ ਉਤਰੇ ਸਗਲ ਕਲੇਸਾ॥ ੧॥ ਰਹਾਉ॥ ਜਨਮ ਜਨਮ ਕੇ ਕਿਲਬਿਖ ਨਾਸਹਿ ਕੋਟਿ ਮਜਨ ਇਸਨਾਨਾ॥ ਨਾਮੁ ਨਿਧਾਨੁ ਗਾਵਤ ਗੁਣ ਗੋਬਿੰਦ ਲਾਗੋ ਸਹਜਿ ਧਿਆਨਾ॥ ੧॥ (ਪੰਨਾ ੫੩੧)
ਅਰਥ: (ਹੇ ਭਾਈ! ਜਿਸ ਮਨੁੱਖ ਦੇ) ਹਿਰਦੇ ਵਿੱਚ ਗੁਰੂ ਦੇ ਚਰਨ ਟਿਕ ਜਾਂਦੇ ਹਨ, ਉਸ ਮਨੁੱਖ ਦੇ ਸਾਰੇ ਗ਼ਮ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ੧। ਰਹਾਉ। ਹੇ ਭਾਈ! ਗੁਰੂ ਦੇ ਚਰਨਾਂ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦੇ (ਕੀਤੇ) ਪਾਪ ਨਾਸ ਹੋ ਜਾਂਦੇ ਹਨ, (ਗੁਰੂ ਦੇ ਚਰਨ ਹਿਰਦੇ ਵਿੱਚ ਵਸਾਣਾ ਹੀ) ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਹੈ, ਕ੍ਰੋੜਾਂ ਤੀਰਥਾਂ ਦੇ ਜਲ ਵਿੱਚ ਚੁੱਭੀ ਹੈ। (ਗੁਰੂ ਦੇ ਚਰਨਾਂ ਦੀ ਬਰਕਤਿ ਨਾਲ) ਗੋਬਿੰਦ ਦੇ ਗੁਣ ਗਾਂਦਿਆਂ ਗਾਂਦਿਆਂ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ, ਆਤਮਕ ਅਡੋਲਤਾ ਵਿੱਚ ਸੁਰਤਿ ਜੁੜੀ ਰਹਿੰਦੀ ਹੈ। ੧।
(ਅ) ਜੇਤੇ ਪੁਨਹਚਰਨ ਸੇ ਕੀਨੑੇ ਮਨਿ ਤਨਿ ਪ੍ਰਭ ਕੇ ਚਰਣ ਗਹੇ॥ ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ॥ (ਪੰਨਾ ੮੨੪) ਅਰਥ:-ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦੇ ਚਰਨ ਆਪਣੇ ਮਨ ਵਿਚ, ਹਿਰਦੇ ਵਿੱਚ ਵਸਾ ਲਏ, ਉਸ ਨੇ (ਪਿਛਲੇ ਕਰਮਾਂ ਦੇ ਸੰਸਕਾਰ ਮਿਟਾਣ ਲਈ, ਮਾਨੋ) ਸਾਰੇ ਹੀ ਪ੍ਰਾਸ਼ਚਿਤ ਕਰਮ ਕਰ ਲਏ। ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਸੜ ਗਏ।
ਪਾਠਕ ਜਨ ਖ਼ੁਦ ਹੀ ਅੰਦਾਜ਼ਾ ਲਗਾ ਲੈਣ ਕਿ ਗੁਰਬਾਣੀ ਵਿੱਚ ਦਰਸਾਈ ਹੋਈ ਵਿਧੀ ਨਾਲ ਪੂਰਬਲੇ ਪਾਪ ਮਿਟਦੇ ਹਨ ਜਾਂ ਇਸ ਲੇਖਕ ਦੀ ਵਿਧੀ ਅਨੁਸਾਰ। ਅਸੀਂ ਗੁਰੂ ਸਾਹਿਬਾਨ ਦੀ ਵਿਧੀ ਨੂੰ ਅਪਣਾਉਣਾ ਹੈ ਜਾਂ ਇਸ ਲੇਖਕ ਦੀ। ਨਿਰਸੰਦੇਹ ਥੋਹੜੀ ਜਿਹੀ ਬੁੱਧੀ ਰੱਖਣ ਵਾਲਾ ਵੀ ਲੇਖਕ ਦੀ ਦਰਸਾਈ ਹੋਈ ਵਿਧੀ ਨੂੰ ਨਹੀਂ, ਗੁਰਬਾਣੀ ਵਿੱਚ ਦਰਸਾਈ ਹੋਈ ਵਿਧੀ ਨੂੰ ਹੀ ਅਪਣਾਵੇਗਾ।
ਜਿੱਥੋਂ ਤੱਕ ਲੇਖਕ ਦੀ ਇਸ ਲਿਖਤ ਦਾ ਸਵਾਲ ਹੈ ਕਿ, ਇਸ ਪਉੜੀ ਨੂੰ ਗੁਪਤ ਜਪਨ ਨਾਲ ‘ਅਦ੍ਰਿਸ਼ਟ ਵੇਖੇ, ਦਿਬ ਦ੍ਰਿਸ਼ਟੀ ਹੋ ਜਾਵੇ’ ; ਇਹ ਵੀ ਲੇਖਕ ਦੀ ਨਿਰੋਲ ਕਲਪਨਾ ਹੀ ਹੈ। ਦਿਬਦ੍ਰਿਸਟੀ ਦਾ ਅਰਥ ਹੈ: ਅਲੌਕਿਕ ਦ੍ਰਿਸਟੀ; ਦੇਵ ਦ੍ਰਿਸ਼ਟੀ, ਜਿਸ ਨਾਲ ਸਾਰੇ ਗੁਪਤ ਅਸਥਾਨ ਨਜ਼ਰ ਆਉਣ। ੨ ਗਯਾਨ ਦ੍ਰਿਸਟੀ; ਵਿਵੇਕ ਦੀ ਨਜ਼ਰ। (ਮਹਾਨ ਕੋਸ਼) ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਨਾ ਤਾਂ ਗੁਪਤ ਅਸਥਾਨ ਨਜ਼ਰ ਆਉਂਦੇ ਹਨ ਅਤੇ ਨਾ ਹੀ ਗਿਆਨ ਦੀ ਦ੍ਰਿਸ਼ਟੀ ਨਸੀਬ ਹੁੰਦੀ ਹੈ। ਚੂੰਕਿ ਗੁਰਬਾਣੀ ਵਿੱਚ ਦਿਵ ਦ੍ਰਿਸਟੀ ਦੇ ਸਰੂਪ ਸਬੰਧੀ ਅਸੀਂ ਪਿਛਲੀ ਪਉੜੀ ਵਿੱਚ ਵਰਣਨ ਕਰ ਆਏ ਹਾਂ, ਇਸ ਲਈ ਇਸ ਨੂੰ ਫਿਰ ਨਹੀਂ ਦੁਹਰਾ ਰਹੇ।
ਪੁਸਤਕ ਕਰਤਾ ਇਸ ਪਉੜੀ ਨੂੰ ਸਿੱਧ ਕਰਨ ਲਈ ‘ਝੂਠ, ਦਗਾ ਫਰੇਬ ਅਤੇ ਪਰਾਇਆ ਹੱਕ ਖਾਣ ਤੋ ਬਹੁਤ ਪ੍ਰਹੇਜ਼’ ਕਰਨ ਦੀ ਸਾਲਾਹ ਦੇ ਰਿਹਾ ਹੈ। ਪੁਸਤਕ ਕਰਤਾ ਕੇਵਲ ਇਸ ਪਉੜੀ ਨੂੰ ਹੀ ਸਿੱਧ ਕਰਨ ਵਾਲੇ ਨੂੰ ਝੂਠ ਆਦਿ ਤੋਂ ਪ੍ਰ੍ਰ੍ਰੇਹਜ਼ ਕਰਨ ਲਈ ਆਖ ਰਿਹਾ ਹੈ। ਜਪੁਜੀ ਦੀਆਂ ਦੂਜੀਆਂ ਪਉੜੀਆਂ ਨੂੰ ਸਿੱਧ ਕਰਨ ਲਈ ਅਜਿਹਾ ਕਰਨ ਦੀ ਲੋੜ ਬਾਰੇ ਲੇਖਕ ਖ਼ਾਮੌਸ਼ ਹੈ। ਲੇਖਕ ਦੀ ਇਸ ਖ਼ਾਮੌਸ਼ੀ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਦੂਜੀਆਂ ਪਉੜੀਆਂ ਨੂੰ ਸਿੱਧ ਕਰਨ ਲਈ ਅਜਿਹਾ ਕਰਨ ਦੀ ਜ਼ਰੂਰਤ ਨਹੀਂ ਹੈ। ਅਜਿਹਾ ਕੇਵਲ ਇਸ ਪਉੜੀ ਨੂੰ ਸਿੱਧ ਕਰਨ ਲਈ ਹੀ ਜ਼ਰੂਰੀ ਹੈ। ਪਰ ਜੇਕਰ ਕੋਈ ਪ੍ਰਾਣੀ ‘ਝੂਠ, ਦਗਾ ਫਰੇਬ ਅਤੇ ਪਰਾਇਆ ਹੱਕ ਖਾਣ ਤੋਂ ਪ੍ਰੇਹਜ਼ ਨਹੀਂ ਰੱਖਣਾ ਚਾਹੁੰਦਾ ਤਾਂ ਉਸ ਨੂੰ ‘ਅਦ੍ਰਿਸ਼ਟ ਦੇਖਣ’ ਅਤੇ ‘ਦਿਬ ਦ੍ਰਿਸ਼ਟੀ’ ਹਾਸਲ ਕਰਨ ਲਈ, ਜਪੁਜੀ ਦੀ ੩੬ਵੀਂ ਪਉੜੀ ਸਿੱਧ ਕਰ ਲੈਣੀ ਚਾਹੀਦੀ ਹੈ। ਚੂੰਕਿ ਲੇਖਕ ਨੇ ਇਸ ਪਉੜੀ ਨੂੰ ਸਿੱਧ ਕਰਨ ਲਈ ਇਸ ਤਰ੍ਹਾਂ ਦਾ ਸੰਜਮ ਰੱਖਣ ਦੀ ਹਿਦਾਇਤ ਨਹੀਂ ਕੀਤੀ ਹੋਈ ਹੈ। ਅਰਥਾਤ ਇਸ ਪਉੜੀ ਨੂੰ ਸਿੱਧ ਕਰਨ ਲਈ ‘ਝੂਠ, ਦਗਾ ਆਦਿ ਤਿਆਗਨ ਦੀ ਜ਼ਰੂਰਤ ਨਹੀਂ ਹੈ; ਕੇਵਲ ਤਾਂਤ੍ਰਿਕ ਵਿਧੀ ਨਾਲ ਪਾਠ ਕਰਨ ਦੀ ਹੀ ਲੋੜ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਲੇਖਕ ਨੂੰ ਇਸ ਤਰ੍ਹਾਂ ਦਾ ਮਹਾਤਮ ਲਿਖਣ ਲਗਿਆਂ ਪਹਿਲੀ ਵਾਰ ਮਹਿਸੂਸ ਹੋਇਆ ਹੈ ਕਿ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਅਜਿਹੇ ਚਮਤਕਾਰ ਨਹੀਂ ਵਾਪਰਦੇ। ਇਸ ਲਈ ਉਸ ਨੂੰ ਇਸ ਤਰ੍ਹਾਂ ਦੇ ਸੰਜਮ ਰੱਖਣ ਦੀ ਗੱਲ ਲਿਖਣ ਪੈ ਗਈ ਹੈ। ਜੇਕਰ ਕੋਈ ਪ੍ਰਾਣੀ ਇਸ ਪਉੜੀ ਨੂੰ ਸਿੱਧ ਕਰ ਕੇ ਇਸ ਤਰ੍ਹਾਂ ਦੀ ਸਮਰੱਥਾ ਦਾ ਮਾਲਕ ਬਣਨਾ ਚਾਹੇ ਤਾਂ ਆਸ ਪੂਰੀ ਨਾ ਹੋਣ ਦੀ ਸੂਰਤ ਵਿੱਚ ਇਹ ਹੀ ਮਹਿਸੂਸ ਕਰੇ ਕਿ ਉਹ ਇਸ ਪਉੜੀ ਨੂੰ ਸਿੱਧ ਕਰਨ ਵਾਲੇ ਸਮੂਹ ਸੰਜਮਾਂ ਦੀ ਪਾਲਣਾ ਨਹੀਂ ਕਰ ਸਕਿਆ ਹੈ। ਇੰਝ ਇਸ ਪਉੜੀ ਨੂੰ ਸਿੱਧ ਕਰਕੇ ਇਸ ਤਰ੍ਹਾਂ ਦੇ ਫਲ ਦੀ ਆਸ ਰੱਖਣ ਵਾਲੇ ਨੂੰ ਅਸਫਲ ਹੋਣ ਦੀ ਹਾਲਤ ਵਿੱਚ ਵੀ ਲੇਖਕ ਦੀ ਨੀਤ ਉੱਤੇ ਸ਼ੱਕ ਨਹੀਂ ਹੋਵੇਗਾ।
ਸਾਨੂੰ ਗੁਰਬਾਣੀ ਨੂੰ ਇਸ ਤਰ੍ਹਾਂ ਪੜ੍ਹਨ ਅਤੇ ਇਸ ਤਰ੍ਹਾਂ ਦਾ ਮਹਾਤਮ ਦਰਸਾਉਣ ਵਾਲਿਆਂ ਬਾਰੇ ਕਿਸੇ ਤਰ੍ਹਾਂ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਅਜਿਹੇ ਸੱਜਣ ਗੁਰਬਾਣੀ ਦੀ ਮਹਿਮਾ ਨਹੀਂ ਦਰਸਾ ਰਹੇ ਬਲਕਿ ਗੁਰਬਾਣੀ ਨਾਲੋਂ ਤੋੜ ਰਹੇ ਹਨ। ਜਿਤਨਾ ਚਿਰ ਅਸੀਂ ਅਜਿਹੇ ਲੋਕਾਂ ਬਾਰੇ ਅਜਿਹਾ ਵਿਚਾਰ ਨਹੀਂ ਬਣਾਉਂਦੇ ਉਤਨਾ ਚਿਰ ਇਨ੍ਹਾਂ ਨੂੰ ਰੋਕਣਾ ਸੰਭਵ ਨਹੀਂ ਹੈ। ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਧਰਮ ਦੀ ਦੁਨੀਆਂ ਵਿੱਚ ਇਹ ਕੁੱਝ ਹੀ ਤਾਂ ਪ੍ਰਚਲਤ ਸੀ। ਗੁਰੂ ਸਾਹਿਬਾਨ ਨੇ ਇਸ ਤੋਂ ਮਨੁੱਖਤਾ ਨੂੰ ਉਪਰ ਉਠਾਇਆ ਸੀ। ਇਹ ਕਿਤਨੀ ਹੈਰਾਨਗੀ ਦੀ ਗੱਲ ਹੈ ਕਿ ਗੁਰੂ ਸਾਹਿਬਾਨ ਦੇ ਪੈਰੋਕਾਰ ਹੀ ਉਸੇ ਦਲਦਲ ਵਿੱਚ ਫਸਦੇ ਜਾ ਰਹੇ ਹਨ, ਜਿਸ ਵਿਚੋਂ ਆਪ ਨੇ ਮਨੁੱਖਤਾ ਨੂੰ ਬਾਹਰ ਕੱਢਿਆ ਸੀ। ਗੁਰਬਾਣੀ ਵਿਚਲੀ ਜੀਵਨ-ਜੁਗਤ ਨੂੰ ਅਪਣਾਉਣ ਦੀ ਬਜਾਏ ਇਸ ਨੂੰ ਤਾਂਤ੍ਰਿਕ ਵਿਧੀਆਂ ਨਾਲ ਪੜ੍ਹ ਕੇ ਕੱਿਥਤ ਫਲ ਦੀ ਆਸ ਲਗਾਈ ਬੈਠੇ ਹਨ।
ਜਸਬੀਰ ਸਿੰਘ ਵੈਨਕੂਵਰ
.