ਸਾਹਿਬ
ਜੀ ਦੇ ਕਹੇ ਉਪਰੋਕਤ ਅਨਮੋਲ ਬਚਨਾਂ ਦਾ ਉੱਲੇਖ, ਸਿੱਖ ਧਰਮ ਦੇ ਨੁਕਤੇ-ਨਿਗਾਹ ਅਨੁਸਾਰ, ਮਨੁੱਖਾ
ਸਮਾਜ ਵਿੱਚ ਇਸਤਰੀ ਦੇ ਵਾਜਬ ਸਥਾਨ ਨੂੰ ਦਰਸਾਉਂਦਾ ਹੈ। ਇਸ ਬਚਨ ਦਾ ਉਪਯੋਗ ਆਏ ਦਿਨ ਵਿਦਵਾਨਾਂ ਦੇ
ਲੇਖਾਂ ਅਤੇ ਪ੍ਰਚਾਰਕਾਂ ਦੇ ਮੌਖਿਕ ਵਿਚਾਰਾਂ ਵਿੱਚ ਹੁੰਦਾ ਰਹਿੰਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ
ਨਹੀਂ ਕਿ ਗੁਰੂ ਦੇ ਬਚਨ ਸਦੀਵੀਂ ਹਨ ਅਤੇ ਉਹ ਇੱਕ ਸਥਿਤੀ ਵਿਸ਼ੇਸ਼ ਵੱਲ ਸਿੱਖਿਆਤਮਕ ਇਸ਼ਾਰਾ ਕਰਨ ਦੇ
ਨਾਲ-ਨਾਲ ਮਨੁੱਖ ਨੂੰ ਵੱਖੋ-ਵੱਖ ਸਥਿਤੀਆਂ ਨੂੰ ਵੀ ਸਮਝਣ ਵਿੱਚ ਸਹਾਈ ਹੁੰਦੇ ਹਨ। ਇਹੀ ਕਾਰਨ ਹੈ
ਕਿ ਗੁਰਬਾਣੀ ਨੂੰ ਅਥਾਹ ਕਿਹਾ ਜਾਂਦਾ ਹੈ ਕਿਉਂਕਿ ਪਤਾ ਨਹੀਂ ਕਿਸ ਵੇਲੇ ਗੁਰੂ ਦਾ ਕਿਹਾ ਕੋਈ ਬਚਨ,
ਸ੍ਹਾਮਣੇ ਆਉਂਣ ਵਾਲੇ ਕਿਸੇ ਵਿਚਾਰ ਅਤੇ ਉਸ ਨਾਲ ਜੁੜੀ ਕਿਸੇ ਉਲਝਨ ਨੂੰ ਸੁਲਝਾਉਂਣ ਵਿੱਚ ਸਹਾਈ ਹੋ
ਜਾਏ।
ਸਿਰਲੇਖ ਵਿੱਚ ਦਿਤੇ ਗੁਰੂ ਦੇ ਬਚਨਾਂ ਦਾ ਸੰਦੇਸ਼ ਕੁਦਰਤ ਵਿੱਚ ਇਸਤਰੀ ਦੇ
ਸਥਾਨ ਵੱਲ ਇਸ਼ਾਰਾ ਕਰਨ ਦੇ ਨਾਲ-ਨਾਲ ਉੱਠਣ ਵਾਲੀ ਇੱਕ ਹੋਰ ਸਮੱਸਿਆ ਬਾਰੇ ਮਾਰਗ ਦਰਸ਼ਨ ਵਿੱਚ ਵੀ
ਸਹਾਈ ਹੈ। ਉਹ ਸਮਸਿੱਆ ਉਸ ਵਿਚਾਰ ਨਾਲ ਜੁੜੀ ਹੈ ਕਿ ਜਿਸਦੇ ਚਲਦੇ ਇਹ ਸਵਾਲ ਉੱਠਦਾ ਹੈ ਕਿ ਗੁਰੂਆਂ
ਦੇ ਜਨਮ ਦਿਹਾੜੇ (ਮੰਗਲ ਦਿਹਾੜੇ) ਮਨਾਉਂਣੇ ਕੇਵਲ ਉਸ ਦਿਨ ਨਾਲ ਕਿਉਂ ਨਹੀਂ ਜੋੜ ਦਿੱਤੇ ਜਾਂਦੇ
ਜਦੋਂ ਕਿ ਕਿਸੇ ਸਿੱਖਿਆਰਥੀ ਵਿਸ਼ੇਸ਼ ਨੂੰ ਗੁਰਤਾ ਦਾ ਪਾਤਰ ਸਮਝਦੇ ਗੁਰੂ ਥਾਪਿਆ ਗਿਆ ਸੀ?
ਇਸ ਸਵਾਲ ਨੂੰ ਉਠਾਉਂਣ ਦੇ ਪਿੱਛੇ ਦਾ ਤਰਕ ਹੁੰਦਾ ਹੈ ਕਿ ਗੁਰੂ ਦਾ ਜਨਮ
ਦਿਹਾੜਾ ‘ਪ੍ਰਕਾਸ਼ ਦਿਹਾੜੇ` ਦੇ ਰੂਪ ਵਿੱਚ ਤਾਂ ਕੇਵਲ ਉਹ ਦਿਨ ਹੀ ਹੋ ਸਕਦਾ ਹੈ ਜਿਸ ਦਿਨ ਉਸ ਨੂੰ
ਆਪਣੇ ਤੋਂ ਪਹਿਲੇ ਗੁਰੂ ਨੇ ਅਗਲਾ ਗੁਰੂ ਐਲਾਨਿਆ ਸੀ। ਉਹ ਸੱਜਣ ਕੇਵਲ ਗੁਰੂ ਨਾਨਕ ਜੀ ਦੇ ਸੰਧਰਭ
ਵਿੱਚ ਇਹ ਗੱਲ ਸਵੀਕਾਰਦੇ ਹਨ ਕਿ, ਪਹਿਲੇ ਸੁਤਰਧਾਰ ਹੋਣ ਕਾਰਣ, ਗੁਰੂ ਨਾਨਕ ਦਾ ਜਨਮ ਦਿਹਾੜਾ ਆਪਣੀ
ਮਾਤਾ ਦੇ ਗਰਭ ਤੋਂ ਜਨਮ ਲੈਂਣ ਦੇ ਦਿਨ ਤੋਂ ਹੀ ਸਵੀਕਾਰਿਆ/ਮਨਾਇਆ ਜਾ ਸਕਦਾ ਹੈ ਪਰ ਉਹ ਬਾਕਿ
ਗੁਰੂਆਂ ਦੇ ਸੰਧਰਭ ਵਿੱਚ ਇਹ ਗੱਲ ਸਵੀਕਾਰਨ ਨੂੰ ਤਿਆਰ ਨਹੀਂ ਹੁੰਦੇ। ਇਸ ਤਰਕ ਦੇ ਪਿੱਛੇ ਕੋਈ
ਮਾੜੀ ਭਾਵਨਾ ਨਹੀਂ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਤੋਂ ਬਾਦ ਦੇ ਗੁਰੂ ਆਪਣੇ ਜਨਮ
ਤੋਂ ਬਾਦ ਹੀ ਕਿਸੇ ਵੇਲੇ ਗੁਰੂ ਥਾਪੇ ਗਏ ਸੀ ਅਤੇ ਐਸੀਆਂ ਤਿਥੀਆਂ ਦਾ ਉਲੇਖ ਇਤਹਾਸ ਵਿੱਚ ਕੁੱਝ
ਮਤਾਂਤਰਾਂ ਦੇ ਨਾਲ ਮਿਲਦਾ ਹੈ। ਪਰ ਇਹ ਵੀ ਸੱਚ ਹੈ ਕਿ ਸਿੱਖ ਪਰੰਪਰਾ ਵਿੱਚ ਕੁੱਝ ਗੁਰੂਆਂ ਦੇ
ਮੰਗਲ ਦਿਹਾੜੇ ਉਸ ਦਿਨ ਨਾਲ ਜੋੜ ਕੇ ਮਨਾਏ ਜਾਂਦੇ ਹਨ ਜਿਸ ਦਿਨ ਉਹ ਆਪਣੀ ਮਾਤਾ ਦੇ ਗਰਭ ਤੋਂ ਜਨਮੇ
ਸੀ। ਜਾਂ ਫ਼ਿਰ ਉਨ੍ਹਾਂ ਗੁਰੂਆਂ ਦੇ ਸ਼ਹੀਦੀ ਦਿਵਸ ਨੂੰ ਮਨਾਇਆ ਜਾਂਦਾ ਹੈ ਜਿਸ ਦਿਨ ਉਹ ਸ਼ਹੀਦ ਹੋਏ
ਸੀ। ਸਿੱਖੀ ਦੇ ਸੱਭਿਆਚਾਰ ਅੰਦਰ ਗੁਰੂ ਦੇ ਜਨਮ ਦਿਹਾੜੇ ਨੂੰ ਵੀ ਸਤਿਕਾਰ ਵਜੋਂ ‘ਪ੍ਰਕਾਸ
ਉਤਸਵ` ਕਿਹਾ ਜਾਂਦਾ ਹੈ। ਇੱਥੇ ਪ੍ਰਕਾਸ਼ ਤੋਂ ਅਰਥ/ਭਾਵਅਰਥ ਜਨਮ ਨਿਕਲਦਾ ਹੈ। ਜਿਵੇਂ ਕਿ ਬਾਣੀ
ਅੰਦਰ ਆਉਂਦਾ ਹੈ:-
ਸਤਿਗੁਰ ਚਰਣ ਕਵਲ ਰਿਦਿ ਧਾਰੰ ॥ ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥
ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥ ਸਗਲ ਮਨੋਰਥ ਪੂਰੀ ਆਸਾ ॥ (ਪੰਨਾ
1407)
ਸੰਖੇਪ ਭਾਵਅਰਥ:-ਮੈਂ ਸਤਿਗੁਰੂ ਦੇ ਕਵਲਾਂ ਵਰਗੇ ਚਰਨ ਹਿਰਦੇ ਵਿੱਚ
ਟਿਕਾਉਂਦਾ ਹਾਂ, ਤੇ ਪ੍ਰੇਮ ਨਾਲ ਗੁਰੂ ਅਰਜੁਨ ਦੇਵ ਜੀ ਦੇ ਗੁਣ ਵਿਚਾਰਦਾ ਹਾਂ। (ਹੇ ਗੁਰੂ
ਅਰਜੁਨ!) ਕਲ੍ਯ੍ਯ ਕਵੀ ਹੱਥ ਜੋੜ ਕੇ (ਆਪ ਦੀ) ਸਿਫ਼ਤਿ ਉਚਾਰਦਾ ਹੈ, (ਆਪ ਨੇ) ਗੁਰੂ ਰਾਮਦਾਸ (ਜੀ)
ਦੇ ਘਰ ਵਿੱਚ ਜਨਮ ਲਿਆ, (ਉਹਨਾਂ ਦੇ) ਸਾਰੇ ਮਨੋਰਥ ਤੇ ਆਸਾਂ ਪੂਰੀਆਂ ਹੋਈਆਂ। (ਪ੍ਰੋ. ਸ਼ਾਹਿਬ
ਸਿੰਘ ਜੀ)
ਉਰੋਕਤ ਸ਼ਬਦਾਂ ਵਿੱਚ ਗੁਰੁ ਅਰਜਨ ਜੀ ਦੇ ਗੁਣਾਂ ਨੂੰ ਵਿਚਾਰਦੇ ਉਨਾਂ ਦੇ
ਜਨਮ ਨੂੰ ਗੁਰੁ ਰਾਮਦਾਸ ਜੀ ਦੇ ਘਰ ਪ੍ਰਕਾਸ਼ਮਾਨ ਹੋਂਣ ਵਜੋਂ ਦਰਸਾਇਆ ਗਿਆ ਹੈ
ਹਾਂਲਾਕਿ ਸਭ ਜਾਣਦੇ ਹਾਂ ਕਿ ਗੁਰੂ ਅਰਜਨ ਜਨਮ ਵੇਲੇ ਨਹੀਂ ਬਲਕਿ ਬਾਦ ਵਿੱਚ ਗੁਰੂ ਬਣੇ ਸੀ।
ਗੁਰੂਆਂ ਪ੍ਰਤੀ ਸਤਿਕਾਰ ਵਜੋਂ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਸਿੱਖ ‘ਪ੍ਰਕਾਸ਼ ਦਿਵਸ, ਪ੍ਰਕਾਸ਼
ਉਤਸਵ ਜਾਂ ਗੁਰਪਰਬ/ਗੁਰੂਪੁਰਬ` (ਗੁਰੁ ਸਬੰਧੀ ਮੰਗਲਦਿਨ, ਉਹ ਤਿਯੋਹਾਰ ਜਿਸ ਦਾ ਗੁਰੁ ਨਾਲ
ਸੰਬਧ ਹੈ, ‘ਭਾਈ ਭਗਤ ਗੁਰਪੁਰਬ ਕਰੰਦੇ`-ਮਹਾਨ ਕੋਸ਼, ਪੰਨਾ 418/420) ਕਹਿੰਦੇ ਆਏ ਹਨ ਅਤੇ ਰਹਬਰ
ਨਸ਼ੀਨੀ ਦੇ ਦਿਨ ਨੂੰ ‘ਗੁਰਤਾ ਦਿਵਸ`। ਸੋ ਗੁਰੂਆਂ ਦੇ ਸੰਧਰਭ ਵਿੱਚ ‘ਪ੍ਰਗਾਸ`
ਅਥਾਰਥ ‘ਪ੍ਰਕਾਸ਼/ਚਾਨਣ` ਦਾ ਅਰਥ/ਭਾਵਅਰਥ ਜਨਮ ਵੀ ਹੁੰਦਾ ਹੈ (ਵੇਖੋ
ਅਤੇ ਸ਼੍ਰੀ ਗੁਰੁ ਗਰੰਥ ਦਰਪਨ, ਪ੍ਰੋ. ਸਾਹਿਬ ਸਿੰਘ) ਬਾਣੀ ਦੇ ਉਪਰੋਕਤ ਹਵਾਲੇ ਦੀ ਰੋਸ਼ਨੀ ਵਿਚ,
ਗੁਰੂ ਦੀ ਉਸਤਤ ਦੇ ਭਾਵ ਨਾਲ, ਉਨ੍ਹਾਂ ਦੇ ਜਨਮ ਦਿਵਸ ਨੂੰ ਪ੍ਰਕਾਸ਼ ਦਿਵਸ ਕਹਿਣਾ ਅਤੇ ਉਸਦੇ ਸੰਧਰਭ
ਵਿੱਚ ਇੱਕਠੇ ਹੋ ਗੁਰੂ ਦੇ ਵਿਚਾਰਾਂ ਨੂੰ, ਉਸਦੇ ਇਤਹਾਸ ਬਾਰੇ ਵਿਚਾਰਾਂ ਸਾਂਝੀਆਂ ਕਰ ਲੈਂਣ ਵਿੱਚ
ਕੋਈ ਹਰਜ ਵਾਲੀ ਗੱਲ ਪ੍ਰਤੀਤ ਨਹੀਂ ਹੁੰਦੀ। ਇਸ ਲਈ ਵਰਤੇ ਜਾਂਦੇ ਜ਼ਿਆਦਾ ਢੁੱਕਵੇਂ ਅਤੇ
ਪ੍ਰਚਲਤ ਸ਼ਬਦ ‘ਗੁਰਪੁਰਬ` ਦਾ ਅਰਥ ਗੁਰੂ ਨਾਲ ਸਬੰਧਤ ਤਯੋਹਾਰ/ਖੁਸ਼ੀ ਵਾਲਾ ਦਿਨ ਬਣਦਾ ਹੈ
ਜਨਮ ਦਿਨ ਨਹੀਂ ਜਿਸ ਨੂੰ ਗੁਰਆਂ ਦੇ ਸੰਸਾਰਕ ਜਨਮ ਵੇਲੇ ਨਾਲ ਜੋੜ ਕੇ ਸਾਂਝੇ ਤੋਰ ਤੇ ਮਨਾਇਆ
ਜਾਂਦਾ ਹੈ।
ਵਹਮ, ਮਹੂਰਤ, ਲਗਨ ਆਦਿ ਦੇ ਸੰਧਰਭ ਵਿੱਚ ਦਿਨ ਚੰਗੇ ਯਾ ਮਾੜੇ ਨਹੀਂ ਹੁੰਦੇ
ਬਰਾਬਰ ਹੁੰਦੇ ਹਨ। ਕੇਵਲ ਉਨਾਂ ਦੇ ਅੰਦਰ ਵਾਪਰਣ ਵਾਲੀਆਂ ਘਟਨਾਵਾਂ ਸਲਾਹੁਣ ਜਾਂ ਨਿੰਦਾ ਯੋਗ ਹੋਰ
ਕਾਰਨ ਬਿਆਨ ਜਾਂ ਯਾਦ ਕੀਤੀਆਂ ਜਾਂਦਿਆਂ ਹਨ। ਪੰਜਵੇਂ ਅਤੇ ਨੋਵੇਂ ਗੁਰੂ ਜੀ ਦੀ ਸ਼ਹਾਦਤ ਦਾ ਦਿਨ
ਸਲਾਹੁਣ ਯੋਗ ਹੋਣ ਦੇ ਨਾਲ ਸਮਕਾਲੀ ਸਰਕਾਰਾਂ ਦੀ ਨਿੰਦਾ ਦਾ ਦਿਨ ਵੀ ਪ੍ਰਤੀਤ ਹੁੰਦਾ ਹੈ। ਸਮੇਂ ਦੇ
ਅੰਦਰ ਘਟਣ ਵਾਲੀਆਂ ਘਟਨਾਵਾਂ ਦੇ ਪਰਿਪੇਖ ਵਿੱਚ ਦਿਨਾਂ ਦੀ ਵਿਸ਼ੇਸ਼ ਪਛਾਂਣ ਬਣ ਜਾਂਦੀ ਹੈ। ਜਿਵੇਂ
ਕਿ ਕੋਈ ਕਦੋਂ ਪੈਦਾ ਹੋਇਆ ਸੀ ਅਤੇ ਕੋਈ ਕਦੋਂ ਅਕਾਲ ਚਲਾਣਾ ਕਰ ਗਿਆ ਸੀ ਆਦਿ।
ਜਿਸ ਦਿਨ ਗੁਰੂ ਨਾਨਕ ਪੈਦਾ ਹੋਏ ਸੀ ਉਹ ਦਿਨ ਕਦੇ ਦੁਬਾਰਾ ਨਹੀਂ ਆਇਆ ਅਤੇ
ਨਾ ਹੀ ਆਉਂਣਾ ਹੈ। ਸਮੇਂ ਦੀ ਚਾਲ ਨੂੰ ਮਾਪਣ ਦੇ ਗਣਿਤ ੳਨੁਸਾਰ ਕੀਤੀ ਗਈ ਉਸਦੀ ਵੰਡ (ਦਿਨ, ਮਹੀਨੇ
ਸਾਲ) ਰਾਹੀਂ ਦਿਨ ਬਾਰ-ਬਾਰ ਆਉਂਦੇ ਹਨ ਪਰ ਵਾਪਰਿਆ ਸਮਾਂ ਕਦਾਚਿਤ ਨਹੀਂ। ਦਿਨਾਂ ਦਾ ਦੁਬਾਰਾ
ਆਉਂਣਾ ਹੀ ਕਿਸੇ ਦੇ ਸੰਸਾਰ ਵਿੱਚ ਆਉਂਣ-ਜਾਉਂਣ ਜਾਂ ਵਿਸ਼ੇਸ਼ ਘਟਨਾ ਦੇ ਵਾਪਰਣ ਦੇ ਸਮੇਂ ਦਾ
ਨਿਰਧਾਰਣ ਕਰਦਾ ਹੈ। ਇੰਝ ਹੀ ਦਿਨਾਂ ਦੇ ਗਣਿਤ ਪੁਰਨ ਦੁਹਰਾਵ ਗੁਰੂਆਂ ਦੇ ਜਨਮ ਦੇ ਸਮੇਂ ਨੂੰ
ਦਰਸਾਉਂਦਾ ਹੈ। ਦਿਨਾਂ-ਮਹੀਨਿਆਂ ਦਾ ਦੁਹਰਾਵ ਹੁੰਦਾ ਹੈ ਪਰ ਸਾਲਾਂ ਦਾ ਨਹੀਂ ਜਿਸ ਤੋਂ ਪਤਾ ਚਲਦਾ
ਹੈ ਕਿ ਗਿਆ ਦਿਨ-ਮਹੀਨਾ ਕਦੇ ਨਹੀਂ ਪਰਤਦਾ। ਅਪ੍ਰੈਲ ਤਾਂ ਹਰ ਸਾਲ ਆਉਂਦਾ ਹੈ ਪਰ ਸਨ 1469 ਨਹੀਂ!
ਦਿਨ-ਮਹੀਨਿਆਂ ਦਾ ਦੁਹਰਾਵ ਸਾਲ ਨੂੰ ਬਦਲ ਛੱਡਦਾ ਹੈ। ਇਸੇ ਦੁਹਰਾਵ ਨਾਲ ਮਨੁੱਖ ਕਿਸੇ ਘਟਨਾ ਦੇ
ਵਾਪਰਣ ਨੂੰ ਚੇਤੇ ਕਰਦੇ ਹਨ।
ਸਤਿਕਾਰ ਵਜੋਂ, ਗੁਰੂ ਦੇ ਜਨਮ ਦਿਨ ਨੂੰ ਪ੍ਰਕਾਸ਼ ਦਿਵਸ ਕਹਿਣਾ ਗ਼ੈਰ
ਸਿਧਾਂਤਕ ਗਲ ਨਹੀਂ ਬਣਦੀ। ਗੁਰੂ ਹੋਣ ਕਾਰਣ, ਗੁਰੂ ਦਾ ਜਨਮ ਦਿਨ ਵੀ ਗੁਰੂ ਨਾਲ ਹੀ ਜੁੜਦਾ ਹੈ ਅਤੇ
ਇਸ ਜੋੜ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਆਖਰ ਉਹ ਗੁਰੂ ਹੋਂਣ ਦੀ ਕਸਵਟੀ ਲੱਗਣ ਤੋਂ ਪਹਿਲਾਂ
ਸਿੱਖ ਸੀ ਗੁਰੂ ਨਹੀਂ ਪਰ ਉਹ ਇੱਕ ਸਿੱਖ ਵਜੋਂ ਹੀ ਗੁਰੂ ਹੋਣ ਯੋਗ ਗੁਣਾਂ/ਯੋਗਤਾ ਦਾ ਧਾਰਨੀ ਤਾਂ
ਸੀ ਜਿਸ ਕਾਰਣ ਉਹ ‘ਗੁਰੁ ਹੋਣ ਦੇ ਕਾਬਲ` ਕਬੂਲ ਕੀਤਾ ਗਿਆ ਸੀ। ਇਸ ਲਈ ਉਸਦੇ ਗੁਰੂ ਹੋਣ ਤੋਂ
ਪਹਿਲੇ ਜੀਵਨ ਨਾਲ ਵੀ ਸਾਡਾ ਸੰਬੰਧ ਹੋ ਜਾਂਦਾ ਹੈ। ਗੁਰੂ ਜਿਸ ਵੇਲੇ ਗੁਰੂ ਹੋ ਗਿਆ ਉਸ ਵੇਲੇ
ਉਸ ਦੇ ਜੀਵਨ ਦੇ ਹਰ ਪਲ ਦਾ ਇਤਹਾਸ ਸਿੱਖਿਆਤਮਕ ਹੋ ਕੇ ਸਿੱਖ ਲਈ ਇੱਕ ਅਹਿਮ ਸਾਰੋਕਾਰ ਹੋ ਜਾਂਦਾ
ਹੈ। ਜੇਕਰ ਗੁਰੁ ਹੋਂਣ ਤੋਂ ਪਹਿਲਾਂ ਉਹ ਕਿਸੇ ਅਗਿਆਨਤਾ ਵਿੱਚ ਸੀ ਤਾਂ ਇਸ ਤੋਂ ਸਿੱਖਿਆ ਮਿਲਦੀ ਹੈ
ਕਿ ਗੁਰੂ ਅਨੁਸਾਰ ਹੀ ਅਗਿਆਨਤਾ ਦਾ ਤਿਆਗ ਕਰਦੇ ਗੁਰੂ ਦੇ ਪਦਚਿੰਨਾਂ ਤੇ ਹੀ ਤੁਰਨ ਦਾ ਯਤਨ ਕਰਨਾ
ਚਾਹੀਦਾ ਹੈ। ਪੰਚਮ ਪਾਤਿਸ਼ਾਹ ਫ਼ਰਮਾਉਂਦੇ ਹਨ:-
ਜੀਵਨ ਮਰਣੁ ਜਨਮੁ ਪਰਵਾਨੁ ॥ ਜਾ ਕੈ ਰਿਦੈ ਵਸੈ ਭਗਵਾਨੁ ॥੩॥ (ਸ਼ਬਦ ਗੁਰੁ
ਗ੍ਰੰਥ ਸਾਹਿਬ, ਪੰਨਾ 191)
ਸੰਖੇਪ ਭਾਵਅਰਥ:- (ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿੱਚ ਭਗਵਾਨ ਆ
ਵੱਸਦਾ ਹੈ, ਜਨਮ ਤੋਂ ਲੈ ਕੇ ਮੌਤ ਤਕ ਉਸ ਮਨੁੱਖ ਦਾ ਸਾਰਾ ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ
ਹੋ ਜਾਂਦਾ ਹੈ।
ਅਸੀਂ ਜਾਣਦੇ ਹਾਂ ਕਿ ਭਾਈ ਲਹਿਣਾ ਜੀ ਜਨਮ ਤੋਂ ਗੁਰੂ ਤਾਂ ਨਹੀਂ ਸੀ ਅਤੇ
ਇਹੀ ਗੱਲ ਬਾਦ ਦੇ ਬਾਕਿ ਗੁਰੂਆਂ ਦੇ ਸੰਧਰਭ ਵਿੱਚ ਵੀ ਸਮਝੀ ਜਾ ਸਕਦੀ ਹੈ ਕਿ ਗੁਰੂ ਦੇ ਰੂਪ ਵਿੱਚ
ਉਨ੍ਹਾਂ ਦਾ ‘ਗੁਰਤਾ ਪ੍ਰਕਾਸ਼` ਬਾਦ ਵਿੱਚ ਹੋਇਆ ਸੀ। ਪਰ ਇੱਕ ਬੰਦੇ ਦੇ ਜੀਵਨ ਦਾ ਇਤਹਾਸ
ਉਸ ਦੇ ਜਨਮ ਤੋਂ ਹੀ ਆਰੰਭ ਸਮਝਿਆ ਜਾ ਸਕਦਾ ਹੈ ਇਸ ਲਈ ਕਿਸੇ ਵੀ ਮਨੁੱਖ ਦਾ ਜਨਮ ਦਿਹਾੜਾ ਉਸ
ਮਨੁੱਖ ਦੇ ਜੀਵਨ ਆਰੰਭ ਤੋਂ ਹੀ ਮੰਨਿਆਂ ਜਾਂਦਾ ਹੈ।
ਮਿਸਾਲ ਦੇ ਤੋਰ ਤੇ ਅਕਬਰ ਬਾਦਸ਼ਾਹ ਦਾ ਇਤਹਾਸ ਲਿਖਣ ਵੇਲੇ ਕੋਈ ਵੀ
ਇਤਹਾਸਕਾਰ ਅਕਬਰ ਦੇ ਜਨਮ ਦਿਨ ਨੂੰ ਉਸ ਦਿਨ ਨਹੀਂ ਲਿਖ ਸਕਦਾ ਜਿਸ ਦਿਨ ਉਹ ਬਾਦਸ਼ਾਹ ਬਣਿਆ ਸੀ। ਹਾਂ
ਉਹ ਉਸ ਦੇ ਵਾਸਤਵਕ ਜਨਮ ਦਿਨ ਦਾ ਤਸਕਰਾ ਕਰਣ ਤੋਂ ਬਾਦ ਉਹ ਤਾਰੀਖ਼ ਜਰੂਰ ਲਿਖੇਗਾ ਕਿ ਅਕਬਰ ਫ਼ਲਾਂ
ਦਿਨ ਬਾਦਸ਼ਾਹ ਬਣਿਆ ਸੀ। ਇਹ ਇੱਕ ਵਚਿੱਤਰ ਸਥਿਤੀ ਹੀ ਹੋਵੇਗੀ ਕਿ ਕੋਈ ‘ਬਾਦਸ਼ਾਹ ਅਕਬਰ` ਦੇ ਇਤਹਾਸ
ਨੂੰ ਲਿਖਦੇ ਉਸਦਾ ਜਨਮ ਦਿਹਾੜਾ ਬਦਲ ਦੇਵੇ ਇਸ ਤਰਕ ਦੇ ਨਾਲ ਕਿ ‘ਰਾਜਸੀ ਸਿਧਾਂਤ` ਮੁਤਾਬਕ
ਅਕਬਰ ਉਸ ਦਿਨ ਬਾਦਸ਼ਾਹ ਹੀ ਨਹੀਂ ਸੀ ਕਿ ਜਿਸ ਦਿਨ ਉਹ ਜੰਮਿਆ ਸੀ। ਕਿਸੇ ਨੂੰ ਅਕਬਰ ਦਾ ਜਨਮ
ਦਿਹਾੜਾ ਮਨਾਉਂਣਾ ਹੋਵੇ ਤਾਂ ਉਹ ਉਹੀ ਦਿਨ ਹੋ ਸਕਦਾ ਹੈ ਜਿਸ ਦਿਨ ਉਹ ਜੰਮਿਆ ਸੀ। ਹਾਂ ਜੇ ਕਰ
ਕਿਸੇ ਨੇ ਉਸ ਦੀ ਤਖ਼ਤਨਸ਼ੀਨੀ ਦਾ ਦਿਹਾੜਾ ਮਨਾਉਂਣਾ ਹੋਵੇ ਤਾਂ ਉਹ ਦਿਨ ਹੋਵੇਗਾ ਜਿਸ ਦਿਨ ਉਹ ਰਾਜਾ
ਬਣਿਆ ਸੀ।
ਕਿਸੇ ਇਕਲੋਤੇ ਨੇ ਆਪਣੇ ਪਿਤਾ ਦੀ ਜਨਮ ਤਿਥੀ ਲਿਖਣੀ/ਦੱਸਣੀ ਹੋਵੇ ਤਾਂ ਉਹ
ਆਪਣੀ ਜਨਮ ਤਿਥੀ ਨੂੰ ਪਿਤਾ ਦੀ ਜਨਮ ਤਿਥੀ ਕਰਕੇ ਨਹੀਂ ਲਿਖ/ਦੱਸ ਸਕਦਾ ਉਹ ਵੀ ਇਸ ਤਰਕ ਦੇ ਨਾਲ ਕਿ
ਉਸਦੇ ਜਮਣ ਤੋਂ ਪਹਿਲਾਂ ਉਸ ਦਾ ਪਿਤਾ ਤਾਂ ਅਜੇ ਪਿਤਾ ਬਣਿਆ ਹੀ ਨਹੀਂ ਸੀ ਅਤੇ ਇਸ ਲਈ ਪਿਤਾ ਦੇ
ਪਹਿਲੇ ਜੀਵਨ ਨਾਲ ਉਸਦਾ ਕੋਈ ਸਾਰੋਕਾਰ ਨਹੀਂ। ਇਹ ਇੱਕ ਅਟਪਟੀ ਜਿਹੀ ਗੱਲ ਪ੍ਰਤੀਤ ਹੋਵੇਗੀ ਕਿ
ਪਿਤਾ ਦੀ ‘ਜਨਮ ਤਿਥੀ` ਨੂੰ ‘ਪਿਤਾ ਬਣਨ ਦੇ ਦਿਨ` ਨਾਲ ਜੋੜ ਕੇ, ਪੁੱਤਰ ਵਲੋਂ ਉਸ ਨੂੰ ਫ਼ਾਲਤੂ ਜਾਂ
ਮਹੱਤਵਹੀਣ ਕਰ ਦਿੱਤਾ ਜਾਏ। ਹਾਂ ਪਿਤਾ ਬਣਨ ਦਾ ਦਿਨ ਮਨਾਉਂਣਾ ਹੋਵੇ ਤਾਂ ਗੱਲ ਵੱਖਰੀ ਹੈ।
ਆਮ ਤੋਰ ਤੇ ਸੰਸਾਰਕ ਪੱਧਰ ਉਪਰ ਕਿਸੇ ਪੈਗੰਭਰ ਜਾਂ ਔਹਦੇਦਾਰ ਦਾ ਜਨਮ
ਦਿਹਾੜਾ ਉਸ ਦੇ ਆਪਣੀ ਮਾਤਾ ਦੇ ਗਰਭ ਤੋਂ ਜਨਮ ਲੈਂਣ ਦੇ ਦਿਨ ਨਾਲ ਹੀ ਮੰਨਿਆ ਜਾਂਦਾ ਹੈ। ਜੇਕਰ
ਕਿਸੇ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਂਣਾ ਹੋਵੇ ਤਾਂ ਉਹ ਮਿਤੀ ਉਹ ਮਿਤੀ ਨਹੀਂ ਹੋ
ਸਕਦੀ ਕਿ ਜਿਸ ਦਿਨ ਉਹ ਸ਼ਹੀਦ ਹੋਈਆ ਸੀ ਉਹ ਵੀ ਇਸ ਤਰਕ ਦੇ ਨਾਲ ਕਿ ਜਿਸ ਦਿਨ ਉਹ ਮਾਤਾ ਦੇ ਗਰਭ
ਤੋਂ ਜੰਮਿਆ ਸੀ ਉਸ ਦਿਨ ਤਾਂ ਉਹ ਸ਼ਹੀਦ ਹੋਇਆ ਹੀ ਨਹੀਂ ਸੀ। ਇਸੇ ਤਰਾਂ ਅਗਰ ਕਿਸੇ ਨੇ
ਸਾਬਕਾ/ਮਰਹੂਮ ਪ੍ਰਧਾਨਮੰਤ੍ਰੀ ਦਾ ਜਨਮ ਦਿਹਾੜਾ ਮਨਾਉਂਣਾ ਹੇਵੇ ਤਾਂ ਉਹ ਦਿਹਾੜਾ ਉਹ ਦਿਨ ਨਹੀਂ ਹੋ
ਸਕਦਾ ਜਿਸ ਦਿਨ ਉਹ ਪ੍ਰਧਾਨ ਮੰਤ੍ਰੀ ਬਣਿਆ ਸੀ। ਇਹ ਇੱਕ ਆਮ ਸਮਝੀ ਜਾ ਸਕਣ ਵਾਲੀ ਸੁਭਾਵਕ ਜਿਹੀ
ਗੱਲ ਹੈ।
ਇਸ ਗੱਲ ਨੂੰ ਸਮਝਣ ਲਈ ਗੁਰੂ ਨਾਨਕ ਸਾਹਿਬ ਜੀ ਦੇ ਉਨ੍ਹਾਂ ਬਚਨਾਂ ਤੋਂ ਸੇਧ
ਲਈਏ ਜੋ ਕਿ ਇਸ ਛੋਟੇ ਜਿਹੇ ਲੇਖ ਦਾ ਸਿਰਲੇਖ ਹੈ।
ਗੁਰੂ ਸਾਹਿਬਾਨ ਫ਼ਰਮਾਉਂਦੇ ਹਨ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਸ਼ਬਦ ਗੁਰੁ ਗ੍ਰੰਥ ਸਾਹਿਬ,
ਪੰਨਾ 473)
ਸੰਖੇਪ ਭਾਵਅਰਥ ਕਿ ਉਹ ਇਸਤਰੀ ਮੰਦੀ ਜਾਂ ਨਵੀਂ ਨਹੀਂ ਮੰਨੀ ਜਾ ਸਕਦੀ
ਹੈ ਜਿਸਦੇ ਗਰਭ ਤੋਂ ਰਾਜੇ ਵੀ ਜਨਮ ਲੇਂਦੇ ਹਨ।
ਹੁਣ ਗੁਰੂ ਦੇ ਇਨ੍ਹਾਂ ਬਚਨਾਂ ਵਿੱਚ ਰਾਜਿਆਂ ਦੇ ਜਨਮ ਦਿਨ ਨੂੰ ਮਾਤਾਵਾਂ
ਦੇ ਗਰਭ ਤੋਂ ਜਨਮ ਲੈਂਣ ਦੇ ਵੇਲੇ ਨਾਲ ਜੋੜਿਆ ਗਿਆ ਹੈ ਨਾ ਕਿ ਉਨ੍ਹਾਂ ਦੇ ਰਾਜਾ ਬਣਨ ਦੇ ਦਿਨ
ਨਾਲ। ਇਨਸਾਨ ਮਾਤਾ ਦੇ ਗਰਭ ਤੋਂ ਰਾਜਾ ਹੋ ਪੈਦਾ ਨਹੀਂ ਹੁੰਦਾ ਬਲਕਿ ਉਹ ਜਨਮ ਲੈਂਣ ਤੋਂ ਬਾਦ ਹੀ
ਰਾਜਾ ਬਣਦਾ ਹੈ। ਹਾਂ ਜਨਮ ਦੇ ਵੇਲੇ ਤੋਂ ਰਾਜਕੁਮਾਰ (ਰਾਜੇ ਦੇ ਪੁੱਤਰ/ਰਾਜ ਦੇ ਪੁੱਤਰ) ਬੜੇ
ਹੁੰਦੇ ਰਹੇ ਹਨ।
ਜਨਮ ਦਿਹਾੜਾ ਅਤੇ ਰਾਜਾ ਬਣਨ ਦੇ ਦਿਹਾੜੇ ਦਾ ਪਰਿਪੇਖ ਸਮਝਣ ਦੀ ਲੋੜ ਹੁੰਦੀ
ਹੈ। ਗੁਰੂ ਨਾਨਕ ਜੀ ਨੇ ਉਪਰੋਕਤ ਬਚਨ ਕਰਦੇ ਰਾਜਿਆਂ ਦੇ ਜਨਮ ਨੂੰ ਰਾਜਿਆਂ ਦੇ ਰਾਜਾ ਬਣਨ ਦੇ ਦਿਨ
ਨਾਲ ਨਹੀਂ ਜੋੜ ਕੇ ਬਿਆਨਿਆਂ ਬਲਕਿ ਸੁਭਾਵਕ ਤੌਰ ਤੇ ਰਾਜਿਆਂ ਦੇ ਜਨਮ ਨੂੰ ਕੁਦਰਤ ਅਤੇ ਇਤਹਾਸਕ
ਪਰਿਪੇਖ ਦੇ ਸਿਧਾਂਤ ਅਨੁਸਾਰ ਮਾਤਾ ਦੇ ਗਰਭ ਤੋਂ ਜਨਮ ਲੈਂਣ ਦੀ ਅਵਸਥਾ ਨਾਲ ਜੋੜ ਕੇ ਇਸਤਰੀ ਦੇ
ਦਰਜੇ ਨੂੰ ਸਮਝਾਇਆ ਹੈ। ਹੁਣ ਇਹ ਤਾਂ ਕਦਾਚਿਤ ਨਹੀਂ ਕਿਹਾ ਜਾ ਸਕਦਾ ਕਿ ਗੁਰੂ ਨਾਨਕ ਜੀ ਨੇ
ਰਾਜਿਆਂ ਦੀ ਤਖ਼ਤਨਸ਼ੀਨੀ ਦੇ ਸਿਧਾਂਤ ਅਨੁਸਾਰ ਗੱਲ਼ ਨਹੀਂ ਲਿਖੀ। ਅਸੀਂ ਇਹ ਸਵਾਲ ਨਹੀਂ ਕਰ ਸਕਦੇ
ਕਿ ਮਾਤਾਵਾਂ ਨੇ ਤਾਂ ਕੇਵਲ ਬੱਚੇ ਜੰਮੇ ਸਨ ਰਾਜੇ ਨਹੀਂ। ਰਾਜੇ ਤਾਂ ਉਹ ਬਾਦ ਵਿੱਚ ਕਿਸੇ ਹੋਰ
ਵੇਲੇ ਬਣੇ/ਬਣਾਏ ਗਏ ਸਨ ਫ਼ਿਰ ਐਸੀ ਸੂਰਤ ਵਿੱਚ ਗੁਰੂ ਨਾਨਕ ਜੀ ਨੇ ਰਾਜਿਆਂ ਦੇ ਜਨਮ ਨੂੰ ਮਾਤਾ ਦੇ
ਗਰਭ ਤੋਂ ਜਨਮ ਦੇ ਵੇਲੇ ਨਾਲ ਕਿਉਂ ਜੋੜ ਕੇ ਦਰਸਾਇਆ?
ਕਿਧਰੇ ਭੁਲੇਖਾ ਨਾ ਹੋ ਜਾਵੇ ਇਸ ਲਈ ਵਿਚਾਰ ਲਈਏ ਕਿ ਗੁਰੂ ਨਾਨਕ ਦੇ ਸਮੇਂ
ਰਾਜਪਾਟ ਨੂੰ ਈਸ਼ਵਰ ਦੀ ਦੇਂਣ ਅਤੇ ਰਾਜੇ ਨੂੰ ਈਸ਼ਵਰ ਦੇ ਨੁਮਾਂਇਦੇ ਦੇ ਰੂਪ ਵਿੱਚ ਮਹਾਨ ਸਮਝਿਆ
ਜਾਂਦਾ ਸੀ। ਗੁਰੂ ਨਾਨਕ ਨੇ ਇਸ ਪ੍ਰਚਲਤ ਮਾਨਤਾ ਦਾ ਉਪਯੋਗ ਇਸਤਰੀ ਬਾਰੇ ਆਪਣੇ ਮਤ ਨੂੰ ਪ੍ਰਕਟ ਕਰਨ
ਲਈ ਕੀਤਾ ਜਦ ਕਿ ਰਾਜੇ ਚੰਗੇ ਵੀ ਹੁੰਦੇ ਰਹੇ ਅਤੇ ਮਾੜੇ ਵੀ ਅਤੇ ਗੁਰੂ ਨਾਨਕ ਨੇ ਮਾੜੇ ਕੰਮਾਂ ਦੇ
ਸੰਧਰਭ ਵਿੱਚ ਰਾਜਿਆਂ ਨੂੰ ‘ਸ਼ੀਹ` ਵੀ ਕਿਹਾ ਸੀ।
ਖ਼ੈਰ ਗੁਰੂਆਂ ਦੀ ਜੀਵਨੀ ਪੜਦੇ, ਲਿਖਦੇ, ਵਿਚਾਰਦੇ ਅਤੇ ਸਮਝਦੇ ਉਨ੍ਹਾਂ ਦੇ
ਪੁਰੇ ਜੀਵਨ ਇਤਹਾਸ ਦੀ ਗੱਲ ਹੁੰਦੀ ਹੈ ਜਿਸ ਵਿੱਚ ਉਨ੍ਹਾਂ ਦੇ ਜਨਮ ਅਤੇ ਗੁਰੂ ਬਣਨ ਦਿਆਂ ਮਿਤਿਆਂ
ਵੱਖੋ-ਵੱਖ ਬਿਆਨ ਹੁੰਦਿਆਂ ਹਨ। ਗੁਰੂ ਨਾਨਕ ਜੀ ਦੇ ਬਚਨਾਂ ਦੇ ਭਾਵ ਅਨੁਸਾਰ ਉਹ ਮਾਤਾਵਾਂ ਵੀ ਮਹਾਨ
ਸਨ ਜਿਨਾਂ ਨੇ ਗੁਰੂਆਂ ਨੂੰ ਜਨਮ ਦਿੱਤਾ। ਗੁਰੂ ਨਾਨਕ ਜੀ ਦਾ ਫ਼ੂਰਮਾਨ ਹੈ:-
ਸਬਦਿ ਮਰੈ ਮਨੁ ਮਾਰਿ ਧੰਨੁ ਜਣੇਦੀ ਮਾਇਆ ॥ (ਸ਼ਬਦ ਗੁਰੁ ਗ੍ਰੰਥ ਸਾਹਿਬ
ਪੰਨਾ 1286 )
ਸੰਖੇਪ ਭਾਵਅਰਥ: ਉਸ ਮਨੁੱਖ ਦੀ ਮਾਂ ਸਲਾਹੁਣ ਲਾਇਕ ਹੈ ਜੋ ਗੁਰ-ਸ਼ਬਦ ਦੀ
ਰਾਹੀਂ ਮਨ ਨੂੰ ਵੱਸ ਵਿੱਚ ਲਿਆ ਕੇ (ਮਾਇਆ ਦੇ ਮੋਹ ਵਲੋਂ, ਮਾਨੋ) ਮਰ ਜਾਂਦਾ ਹੈ;
ਅਸੀਂ ਸਮਝ ਸਕਦੇ ਹਾਂ ਕਿ ਜੀਵਨ ਦੇ ਕਿਸੇ ਵੀ ਪੜਾਉ ਤੇ ਗੁਰੂ ਦੇ ਸ਼ਬਦ
ਰਾਹੀਂ ਸਚਿਆਰਾ ਹੋ ਗਏ ਮਨੁੱਖ ਦੇ ਜਨਮ ਨੂੰ ਮੁਖ ਰੱਖਦੇ ਉਸਦੀ ਜਨਨੀ ਨੂੰ ਗੁਰੂ ਨਾਨਕ ਨੇ ਸਲਾਇਆ
ਹੈ ਕਿਉਂਕਿ ਇੱਕ ਦਿਨ ਉਸ ਜਨਨੀ ਨੇ ਉਸ ਮਨੁੱਖ ਨੂੰ ਜਣਿਆ ਸੀ। ਜੋ ਸਚਿਆਰੇ ਹੋ ਗਏ ਉਨ੍ਹਾਂ ਦਾ ਜਨਮ
ਦਾ ਦਿਨ ਵੀ ਮਹੱਤਵ ਪ੍ਰਾਪਤ ਕਰ ਜਾਂਦਾ ਹੈ। ਹੋਰ ਵੇਖੀਏ:-
ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥ (ਸ਼ਬਦ ਗੁਰੁ ਗ੍ਰੰਥ ਸਾਹਿਬ
ਪੰਨਾ 310)
ਸੰਖੇਪ ਭਾਵਅਰਥ:- ਉਹ ਮਾਤਾ ਧੰਨਤਾ ਦੇ ਯੋਗ ਹੈ ਜੋ ਗੁਰੂ ਨੂੰ ਜਨਮ ਦੇਂਦੀ
ਹੈ।
ਇੱਥੇ ਇਹ ਸਵਾਲਿਆ ਤਰਕ ਬੇਮਾਨੀ ਹੀ ਹੋਵੇਗਾ ਕਿ ਗੁਰੂ ਤਾਂ ਮਾਤਾਵਾਂ ਨੇ
ਪੈਦਾ ਨਹੀਂ ਸੀ ਕੀਤੇ ਬਲਕਿ ਉਹ ਤਾਂ ਬਾਦ ਵਿੱਚ ਗੁਰੂ ਬਣੇ ਸੀ ਫ਼ਿਰ ਉਹ ਮਹਾਨ ਜਾਂ ਸਲਾਹੁਣ ਯੋਗ
ਕਿਵੇਂ ਹੋ ਗਇਆਂ? ਗੁਰੂ ਨਾਨਕ ਜੀ ਨੇ ਇਸਤਰੀ ਦੀ ਮਹਾਨਤਾ ਨੂੰ ਦਰਸਾਉਂਣ ਲਈ ਗੁਰੂਆਂ, ਸਚਿਆਰਿਆਂ
ਅਤੇ ਰਾਜਿਆਂ ਦੇ ਜਨਮ ਦੇ ਵੇਲੇ ਨੂੰ ਵੀ ਵਰਤਿਆ ਹੈ ਨਾ ਕਿ ਕੇਵਲ ਉਨ੍ਹਾਂ ਦੇ ਗੁਰੂ, ਸਚਿਆਰੇ ਅਤੇ
ਤਖ਼ਤਨਸ਼ੀਨ ਹੋਂਣ ਦੇ ਵੇਲੇ ਨੂੰ। ਗੁਰੂ ਹੋ ਜਾਣ ਤੇ ਗੁਰੂ ਦੇ ਸਮਸਤ ਜੀਵਨ ਦਾ ਘਟਨਾ ਕ੍ਰਮ ਇੱਕ ਸਿੱਖ
ਲਈ ਮਹੱਤਵਪੁਰਣ ਹੋ ਜਾਂਦਾ ਹੈ। ਇਸ ਘਟਨਾ ਕ੍ਰਮ ਦੇ ਅੰਦਰ ਕਈ ਘਟਨਾਵਾਂ ਹੁੰਦਿਆਂ ਹਨ ਜਿਨ੍ਹਾਂ
ਬਾਰੇ ਸਮੁੱਚੇ ਤਸਕਰੇ ਦਾ ਆਰੰਭ ਗੁਰੂ ਦੇ ਜਨਮ ਤੋਂ ਹੀ ਹੁੰਦਾ ਹੈ।
ਰਬ ਦੇ ਇਸ਼ਕ ਵਿੱਚ ਰੰਗੇ ਬੰਦਿਆਂ ਦੀ ਉਸਤਤ ਕਰਦੇ ਬਾਬਾ ਫ਼ਰੀਦ ਜੀ ਵੀ ਐਸੇ
ਮਨੁੱਖਾਂ ਦੀ ਮਾਤਾਵਾਂ ਨੂੰ ਮਹਾਨ ਫ਼ਰਮਾੳਂਦੇ ਹਨ:
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥ ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ
॥੨॥
(ਸ਼ਬਦ ਗੁਰੁ ਗ੍ਰੰਥ ਸਾਹਿਬ ਪੰਨਾ 488)
ਸੰਖੇਪ ਭਾਵ ਅਰਥ:- ਉਹੀ ਮਨੁੱਖ (ਰੱਬ ਦੇ) ਦਰਵਾਜ਼ੇ ਹਨ (ਉਹੀ ਮਨੁੱਖ
ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ) ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ,
ਉਹਨਾਂ ਦੀ ਜੰਮਣ ਵਾਲੀ ਮਾਂ ਸਲਾਹੁਣ ਯੋਗ ਹੈ, ਉਹਨਾਂ ਦਾ (ਜਗਤ ਵਿਚ) ਆਉਣਾ ਮੁਬਾਰਕ ਹੈ। ੨।
ਇਨ੍ਹਾਂ ਬਚਨਾਂ ਅੰਦਰ ਵੀ ਰਬੀ ਗਿਆਨ ਨਾਲ ਰੰਗੇ ਬੰਦਿਆਂ ਬਾਰੇ ਵਿਚਾਰ ਕਰਦੇ
ਉਨ੍ਹਾਂ ਦੇ ਜਨਮ ਦੇ ਵੇਲੇ ਨੂੰ ਮੁਬਾਰਕ ਕਹਿੰਦੇ ਜਨਨੀ ਦੀ ਮਹਾਨਤਾ ਨੂੰ ਵੀ ਦਰਸਾਇਆ ਹੈ।
ਨਿਰਸੰਦੇਹ ਬਾਣੀ ਅਨੁਸਾਰ ਰਬ ਨਾਲ ਜੁੜੇ ਗਏ ਬੰਦਿਆਂ ਦਾ ਜਗਤ ਵਿੱਚ ਆਉਂਣਾ ਇੱਕ ਮੁਬਾਰਕ ਵਾਲਾ
ਦਿਵਸ ਹੀ ਹੋ ਜਾਂਦਾ ਹੈ।
ਇਸ ਲਈ ਇਤਹਾਸਕ ਅਤੇ ਸੁਭਾਵਕ ਤੌਰ ਤੇ ਕਿਸੇ ਗੁਰੂ ਦਾ ਪ੍ਰਕਾਸ਼ ਦਿਵਸ (ਜਨਮ
ਦਿਹਾੜਾ) ਤਾਂ ਉਸਦੇ ਆਪਣੀ ਮਾਤਾ ਦੇ ਗਰਭ ਤੋਂ ਜਨਮ ਲੈਂਣ ਤੋਂ ਹੀ ਮੰਨਿਆਂ ਜਾਏਗਾ। ਹਾਂ ਜੇ ਕਰ
ਅਸੀਂ ਉਨ੍ਹਾਂ ਦਾ ਗੁਰਤਾ ਗੱਦੀ ਤੇ ਬੈਠਣ ਦਾ ਦਿਹਾੜਾ ਮਨਾ ਰਹੇ ਹੋਈਏ ਤਾਂ ਗੱਲ ਅਤੇ ਦਿਹਾੜਾ
ਵੱਖਰਾ ਹੋ ਜਾਂਦਾ ਹੈ। ਦਿਨ ਕੋਈ ਵੀ ਹੋਵੇ ਮਕਸਦ ਤਾਂ ਕੋਮੀ ਸਾਂਝ ਰਾਹੀਂ ਇੱਕਤਰ ਹੋ ਗੁਰੂਆਂ ਦੇ
ਕੀਤੇ ਨੂੰ ਸਾਂਝਾ ਕਰਨਾ ਹੈ। ਸਾਨੁੰ ਇਨ੍ਹਾਂ ਨੁਕਤਿਆਂ ਤੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ
‘ਸਾਂਝੇ ਕੋਮੀ ਜੀਵਨ` ਵਿੱਚ ਸੁਭਾਵਕ ਜਿਹੀਆਂ ਗੱਲਾਂ ਵਧੇਰੇ ਅਸਤ-ਵਿਅਸਤ ਨਾ ਹੋ ਜਾਂਣ।
ਹਰਦੇਵ ਸਿੰਘ, ਜੰਮੂ