.

ਮੰਗਾਂ ਅਤੇ ਗੁਰੂ ਕੀਆਂ ਸੰਗਤਾਂ

(ਭਾਗ ਪਹਿਲਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਮੰਗਾਂ ਵਾਲੇ ਵਿਸ਼ੇ ਦੀ ਉਚੇਚੇ ਲੋੜ ਕਿਉਂ? ਵਿਸ਼ਾ ਖਾਸ ਧਿਆਨ ਮੰਗਦਾ ਹੈ। ਅਜੋਕੇ ਸਮੇਂ ਮੰਗਾਂ ਪੱਖੋਂ ਗੁਰਦੁਆਰਿਆਂ `ਚ ਬਹੁਤਾ ਕਰ ਕੇ ਦੋ ਤਰ੍ਹਾਂ ਦੇ ਹੀ ਪ੍ਰਚਾਰਕ ਹਨ। ਇੱਕ ਉਹ, ਜਿਨ੍ਹਾਂ ਦਾ ਸਾਰਾ ਜ਼ੋਰ ਹੀ ਇਸ ਗੱਲ `ਤੇ ਲਗ ਰਿਹਾ ਹੈ ਕਿ ਗੁਰੂ ਕੀਆਂ ਸੰਗਤਾਂ ਜਦੋਂ ਗੁਰਦੁਆਰੇ ਆਉਂਦੀਆਂ ਹਨ ਤਾਂ ਉਨ੍ਹਾਂ ਦੇ ਮਨ ਅੰਦਰ ਕੋਈ ਮੰਗ ਹੋਣੀ ਹੀ ਨਹੀਂ ਚਾਹੀਦੀ। ਬੇਸ਼ੱਕ ਗੁਰਬਾਣੀ ਅਨੁਸਾਰ, ਇਸ ਪੱਖੋਂ ਮਨੁੱਖਾ ਜੀਵਨ ਦੀ ਸਰਬਉੱਤਮ ਅਵਸਥਾ ਵੀ ਇਹੀ ਹੈ, ਪਰ ਗੁਰਬਾਣੀ ਅਨੁਸਾਰ ਹੀ ਇਹ ਮਨੁੱਖਾ ਜੀਵਨ ਦੀ ਅਰੰਭਕ ਅਵਸਥਾ ਨਹੀਂ, ਅੰਤਮ ਹੈ।

ਜਦਕਿ ਸਾਡੇ ਅਜਿਹੇ ਪ੍ਰਚਾਰਕਾਂ ਅਨੁਸਾਰ, ਅਜਿਹਾ ਕਰਣਾ ਭਾਵ ਮਨ `ਚ ਮੰਗਾਂ ਲੈ ਕੇ ਗੁਰਦੁਆਰੇ ਆਉਣਾ ਇਉਂ ਹੈ ਜਿਵੇਂ ਗੁਰੂ ਨਾਲ ਸੌਦਾ ਤੇ ਵਪਾਰ ਕਰਣਾ। ਇਸ ਤਰ੍ਹਾਂ, ਅਜਿਹੇ ਪ੍ਰਚਾਰਕਾਂ ਅਨੁਸਾਰ, ਅਜਿਹੀਆਂ ਸੰਗਤਾਂ ਨੂੰ ਗੁਰਦੁਆਰੇ ਆਉਣ ਦਾ ਕੋਈ ਲਾਭ ਨਹੀਂ ਹੁੰਦਾ। ਉਨ੍ਹਾਂ ਦੇ ਕਹੇ ਅਨੁਸਾਰ, ਜਦੋ ਗੁਰਦੁਆਰੇ ਆਉਣਾ ਹੈ ਤਾਂ ਗੁਰਦੁਆਰੇ `ਚ ਕੇਵਲ ਗੁਰੂ ਦੀ ਸਿਖਿਆ ਤੇ ਆਦੇਸ਼ਾਂ ਨੂੰ ਲੈਣ ਲਈ ਹੀ ਆਉਣਾ ਹੈ। ਉਨ੍ਹਾਂ ਨੇ ਗੁਰਦੁਆਰੇ ਕੇਵਲ ਗੁਰਬਾਣੀ ਅਥਵਾ ਗੁਰੂ ਤੋਂ ਗੁਣ ਲੈਣ ਲਈ ਆਉਣਾ ਹੈ ਤਾ ਕਿ ਗੁਰਬਾਣੀ ਵਾਲੇ ਗੁਣ ਸਾਡੇ ਜੀਵਨ ਅੰਦਰ ਵੀ ਆ ਜਾਣ। ਉਹ ਇਸੇ ਗੱਲ ਤੇ ਜ਼ੋਰ ਦਿੰਦੇ ਹਨ ਕਿ ਸਾਨੂੰ, ਮੰਨ `ਚ ਮੰਗਾਂ ਲੈ ਕੇ ਗੁਰਦੁਆਰੇ ਨਹੀਂ ਆਉਣਾ ਚਾਹੀਦਾ।

ਫ਼ਿਰ, ਦੂਜੀ ਤਰ੍ਹਾਂ ਦੇ ਪ੍ਰਚਾਰਕ ਵੀ ਹਨ ਜੋ ਮੂਲੋਂ ਅਣਅਧਕਿਰੀ ਪ੍ਰਚਾਰਕ ਕਹੇ ਜਾ ਸਕਦੇ ਹਨ। ਫ਼ਿਰ ਭਾਵੇਂ ਉਹ ਪੜ੍ਹੇ ਲਿਖੇ ਹੋਣ ਜਾ ਅਣਪੜ੍ਹ, ਉਨ੍ਹਾਂ ਦਾ ਸਾਰਾ ਜ਼ੋਰ ਹੀ ਲੋਕਾਂ ਅੰਦਰ ਆਸ਼ਾਵਾਂ, ਮੰਗਾਂ ਤੇ ਤ੍ਰਿਸ਼ਣਾ ਨੂੰ ਭੜਕਾਉਣਾ ਹੁੰਦਾ ਹੈ। ਉਹ ਲੋਕ ਕੱਚੀਆਂ, ਪ੍ਰਚਲਤ ਜਾਂ ਭਗਤ ਮਾਲਾਵਾਂ ਦੀ ਕਹਾਣੀਆਂ ਨੂੰ ਸਾਖੀਆਂ ਦੇ ਨਾਮ `ਤੇ ਬਲਕਿ ਹੋਰ ਮਰਚ ਮਸਾਲਾ ਲਗਾ ਕੇ, ਸੰਗਤਾਂ ਨੂੰ ਸੁਨਾਉਂਦੇ ਹਨ। ਇਸ ਤਰ੍ਹਾਂ ਉਹ, ਸੰਗਤਾਂ ਅੰਦਰ ਵਧ ਤੋਂ ਵਧ ਕਰਮਕਾਂਡਾਂ ਤੇ ਅੰਧਵਿਸ਼ਵਾਸਾਂ ਨੂੰ ਹਵਾ ਦਿੰਦੇ ਹਨ। ਹੋਰ ਤਾਂ ਹੋਰ, ਉਨ੍ਹਾਂ ਦਾ ਸਾਰਾ ਧਿਆਨ ਹੀ ਉਸ ਪਾਸੇ ਹੁੰਦਾ ਹੈ, ਜਿਥੋਂ ਸੰਗਤਾਂ ਦੀਆਂ ਜੇਬਾਂ ਚੋਂ ਵਧ ਤੋਂ ਵਧ ਨੋਟ ਕਢਵਾਏ ਜਾ ਸਕਣ। ਗੁਰਮੱਤ ਜਾਂ ਗੁਰਮੱਤ ਪ੍ਰਚਾਰ ਨਾਲ ਉਨ੍ਹਾਂ ਦਾ ਕੁੱਝ ਵੀ ਲੈਣਾ ਦੇਣਾ ਨਹੀਂ ਹੁੰਦਾ। ਦੇਖਿਆ ਜਾਵੇ ਤਾਂ ਅਜੋਕੇ ਸਮੇਂ ਅਜਿਹੇ ਪ੍ਰਚਾਰਕਾਂ ਦੀ ਗਿਣਤੀ; ਪਹਿਲੇ ਪ੍ਰਚਾਰਕ, ਜਿਹੜੇ ਕਹਿੰਦੇ ਹਨ ਕਿ ਮੰਗਾਂ ਲੈ ਕੇ ਗੁਰਦੁਆਰੇ ਨਹੀਂ ਆਉਣਾ ਚਾਹੀਦਾ, ਉਨ੍ਹਾਂ ਤੋਂ ਵੀ ਕਈ ਗੁਣਾ ਵਧ ਹੈ।

ਇਸ ਤਰ੍ਹਾਂ ਨੁਕਸਾਨ ਕਿਸ ਦਾ? -ਪਹਿਲਾਂ ਤਾਂ ਇਹ ਦੋਵੇਂ ਪ੍ਰਚਾਰ, ਗੁਰਬਾਣੀ ਆਸ਼ੇ ਮੁਤਾਬਕ ਨਹੀਂ ਹਨ। ਦੂਜਾ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇਥੋਂ ਦੋਨਾਂ ਪਾਸਿਆਂ ਤੋਂ ਨੁਕਸਾਨ ਆਪਣੀ ਕੌਮ ਅਥਵਾ ਗੁਰੂ ਕੀਆਂ ਸੰਗਤਾਂ ਦਾ ਹੀ ਹੋ ਰਿਹਾ ਹੈ। ਇੱਕ ਪਾਸੇ ਸੰਗਤਾਂ ਹਤੋ-ਉਤਸਾਹ ਹੁੰਦੀਆਂ ਹਨ ਕਿ ਜੇ ਕਰ ਉਹ ਆਪਣੀਆਂ ਮੰਗਾਂ ਲਈ ਜਾਣ ਵੀ, ਤਾਂ ਜਾਣ ਕਿਸ ਕੌਲ? ਬਲਕਿ ਇਸ ਸਬੰਧ `ਚ ਕੁੱਝ ਨੂੰ ਤਾਂ ਅਜਿਹਾ ਕਹਿੰਦੇ ਵੀ ਸੁਣਿਆ ਹੈ ਕਿ ਜੇ ਗੁਰੂ ਤੋਂ ਮੰਗ ਕਰਣੀ ਹੀ ਨਹੀਂ ਚਾਹੀਦੀ, ਤਾਂ ਮੰਗ ਕਰੀਏ ਕਿਸ ਕੋਲੋਂ? ਇਸ ਤਰ੍ਹਾਂ ਕੀ ਸਾਨੂੰ ਆਪਣੀਆਂ ਮੰਗਾ ਲਈ ਕਿਸੇ ਦੇਵੀ ਦੁਆਰੇ ਜਾਂ ਮੜੀਆਂ ਕਬਰਾਂ ਆਦਿ `ਤੇ ਜਾਣਾ ਚਾਹੀਦਾ ਹੈ? ਇਤਨਾ ਹੀ ਨਹੀਂ ਬਲਕਿ ਸੰਗਤਾਂ ਵਿੱਚੋਂ ਜਿਹੜੇ ਸਚਮੁਚ ਹੀ ਕੱਚੇ ਹੁੰਦੇ ਹਨ, ਇਸ ਤਰ੍ਹਾਂ ਉਹ ਇਧਰ ਉਧਰ ਭਟਕਦੇ ਵੀ ਦੇਖੇ ਹਨ।

ਇਸ ਦੇ ਉਲਟ, ਅਣਅਧਿਕਾਰੀ ਪ੍ਰਚਾਰਕ, ਜਿਹੜੇ ਮੰਗਾਂ ਵਾਲੇ ਪਾਸਿਉਂ ਸੰਗਤਾਂ ਵਿਚਕਾਰ ਹੋਰ ਅੰਧਵਿਸ਼ਵਾਸ ਫੈਲਾਉਂਦੇ ਤੇ ਨਵੇਂ ਨਵੇਂ ਕਰਮਕਾਂਡਾਂ ਨੂੰ ਹਵਾ ਦਿੰਦੇ ਹਨ। ਇਸ ਤਰ੍ਹਾਂ ਇਸ ਸਾਰੇ ਦਾ ਲਾਭ ਵੀ ਉਲਟਾ ਪਖੰਡੀ ਡੇਰਿਆਂ ਤੇ ਗੁਰੂ ਡੰਮਾਂ ਨੂੰ ਹੀ ਮਿਲਦਾ ਹੈ। ਦਰਅਸਲ ਅੱਜ ਡੇਰਿਆਂ ਤੇ ਗੁਰੂਡੰਮਾਂ `ਤੇ ਸੰਗਤਾਂ ਦੀ ਕਤਾਰਾਂ ਲੁਆਉਣ ਵਾਲੇ ਵੀ ਬਹੁਤਾ ਕਰਕੇ ਸਾਡੇ ਅਜਿਹੇ ਪ੍ਰਚਾਰਕ ਤੇ ਕਮਜ਼ੋਰ ਗੁਰਦੁਆਰਾ ਪ੍ਰਬੰਧ ਪ੍ਰਣਾਲੀ ਹੀ ਹੈ। ਇਸ ਲਈ ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਵੱਲ ਧਿਆਨ ਦੇਣਾ ਸਮੇਂ ਦੀ ਵੱਡੀ ਲੋੜ ਹੈ ਅਤੇ ਇਹੀ ਵਿਸ਼ਾ ਹੈ ਹੱਥਲੇ ਗੁਰਮੱਤ ਪਾਠ ਦਾ ਵੀ।

ਮੰਗਾਂ ਦੇ ਮੁੱਖ ਚਾਰ ਪਧਰ? - ਦੇਖਿਆ ਜਾਵੇ ਤਾਂ ਸੰਸਾਰ ਭਰ `ਚ ਗੁਰੂ ਦਰ `ਤੇ ਗੁਰਦੁਆਰਿਆਂ `ਚ ਨਿਤਾਪਤੀ ਵੱਡੀ ਗਿਣਤੀ `ਚ ਸੰਗਤਾਂ ਆਉਂਦੀਆਂ ਹਨ। ਫ਼ਿਰ ਵੀ ਸਾਡੇ ਹੱਥਲੇ ਗੁਰਮੱਤ ਪਾਠ ਦਾ ਸਬੰਧ ਕੇਵਲ ਉਨ੍ਹਾਂ ਹੀ ਸੰਗਤਾਂ ਨਾਲ ਹੈ ਜੋ ਗੁਰਦੁਆਰੇ ਆਪਣੀ ਕਿਸੇ ਨਾ ਕਿਸੇ ਮੰਗ ਨੂੰ ਲੈ ਕੇ ਆਉਂਦੀਆਂ ਹਨ। ਇਸ ਤਰ੍ਹਾਂ ਜਿਹੜੀਆਂ ਸੰਗਤਾਂ ਗੁਰਦੁਆਰੇ ਆਪਣੀ ਕਿਸੇ ਮੰਗ ਨੂੰ ਲੈ ਕੇ ਆਉਂਦੀਆਂ ਹਨ ਉਨ੍ਹਾਂ ਨੂੰ ਮੁੱਖ ਤੌਰ `ਤੇ ਚਾਰ ਭਾਗਾਂ `ਚ ਵੰਡਿਆ ਜਾ ਸਕਦਾ ਹੈ ਜਿਸ ਨੂੰ ਸਮਝਣ ਤੇ ਵਿਚਾਰਣ ਦੀ ਲੋੜ ਹੈ। ਇਸ ਲਈ ਮੰਗਾਂ ਪੱਖੋਂ ਨੰਬਰਵਾਰ ਸੰਗਤਾਂ ਦੇ ਚਾਰ ਭਾਗ ਇਹ ਹਨ:-

(੧) ਇਨ੍ਹਾਂ ਵਿੱਚੋਂ ਇੱਕ ਤਾਂ ਗੁਰੂ ਦਰ `ਤੇ ਆਪਣੀਆਂ ਮੰਗਾਂ ਲੈ ਕੇ ਆਉਣ ਵਾਲੀਆਂ ਉਹ ਸੰਗਤਾਂ ਹੁੰਦੀਆਂ ਹਨ, ਜਿਨ੍ਹਾਂ ਦੀ ਸੋਚ `ਚ ਗੁਰੂ ਦਰ ਹੋਵੇ ਜਾਂ ਕੋਈ ਵੀ, ਉਨ੍ਹਾਂ ਵਾਸਤੇ ਇਸ ਪੱਖੋਂ ਸਾਰੇ ਬਰਾਬਰ ਹੁੰਦੇ ਹਨ। ਮੂਲ ਰੂਪ `ਚ ਉਨ੍ਹਾਂ ਨੂੰ ਇਕੋ ਇੱਕ ਅਕਾਲਪੁਰਖ ਤੇ ਗੁਰੂਦਰ ਵਾਲੀ ਉੱਤਮਤਾ ਦੀ ਉੱਕਾ ਸੋਝੀ ਨਹੀਂ ਹੁੰਦੀ। ਇਹ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਹਰੇਕ ਫੁਲ `ਤੇ ਜਾ ਕੇ ਬੈਠਣ ਵਾਲਾ ਭੰਵਰਾ।

(੨) ਦੂਜੇ ਨੰਬਰ `ਤੇ ਇਸ ਪੱਖੋਂ ਉਹ ਸੰਗਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਗੁਰੂ ਦਰ ਨਹੀਂ ਬਲਕਿ ਕਿਸੇ ਖਾਸ ਗੁਰਦੁਆਰੇ ਬਾਰੇ ਵਿਸ਼ਵਾਸ ਦੁਆਇਆ ਹੁੰਦਾ ਜਾਂ ਕਿਸੇ ਕਾਰਨ ਉਨ੍ਹਾਂ ਦਾ ਵਿਸ਼ਵਾਸ ਬਣਿਆ ਹੁੰਦਾ ਹੈ ਕਿ ਉਨ੍ਹਾਂ ਦੀ ਅਮੁੱਕੀ ਮੰਗ ਫ਼ਲਾਣੇ ਗੁਰਦੁਆਰੇ ਜਾ ਕੇ ਪੂਰੀ ਹੋ ਸਕਦੀ ਹੈ। ਬੇਸ਼ੱਕ ਮੂਲ ਰੂਪ `ਚ ਸਾਰੇ ਗੁਰੂਦਰ ਇੱਕੋ ਹੁੰਦੇ ਹਨ ਅਤੇ ਸਾਰੇ ਗੁਰਦੁਆਰੇ ਇਕੋ ਇੱਕ ਇਲਾਹੀ ਗੁਰੂ ਤੇ ਅਕਾਲਪੁਰਖ ਨਾਲ ਜੋੜਦੇ ਹਨ। ਫ਼ਿਰ ਵੀ ਉਨ੍ਹਾਂ ਦੀ ਸੋਚ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਭਿੰਨ ਭਿੰਨ ਮੰਗਾਂ ਤੇ ਜ਼ਰੂਰਤਾਂ ਲਈ ਭਿੰਨ ਭਿੰਨ ਦੇਵੀਆਂ ਦੇਵਤੇ ਜਾਂ ਭਿੰਨ ਭਿੰਨ ਕਬਰਾਂ, ਮਜ਼ਾਰ ਤੇ ਬਾਕੀ ਵਿਸ਼ਵਾਸ।

ਮਿਸਾਲ ਵੱਜੋਂ ਕੁੱਝ ਸੰਗਤਾਂ ਪੁਤ੍ਰ ਕਾਮਨਾ ਲਈ, ਉਚੇਚੇ ਗੁਰਦੁਆਰਾ ਛੇਹਰਟਾ ਸਾਹਿਬ ਅੰਮ੍ਰਿਤਸਰ ਹੀ ਜਾਂਦੀਆਂ ਹਨ। ਇਸੇ ਤਰ੍ਹਾਂ ਕੁੱਝ ਸੰਗਤਾਂ ਉਚੇਚੇ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਪਟਿਆਲਾ ਤੇ ਕੁੱਝ ਗੁਰਦੁਆਰਾ ਬੰਗਲਾ ਸਹਿਬ ਦਿੱਲੀ ਜਾਂਦੀਆਂ ਹਨ। ਉਹ ਜਾਂਦੀਆਂ ਹਨ ਕੇਵਲ ਸਰੀਰਕ ਰੋਗਾਂ ਦੀ ਨਿਵਰਤੀ ਦੀ ਕਾਮਨਾ ਲੈ ਕੇ। ਫ਼ਿਰ ਉਨ੍ਹਾਂ `ਚੋਂ ਵੀ ਕਈ, ਕਿਸੇ ਸਰੀਰਕ ਰੋਗ ਨਾਲ ਪੀੜਤ ਸੱਜਨ ਨੂੰ ਉਥੇ ਉਚੇਚੇ ਇਸ਼ਨਾਨ ਆਦਿ ਕਰਵਾਉਣ ਲਈ ਹੀ ਲਿਆਂਉਦੀਆਂ ਹਨ।

ਇਸੇ ਤਰ੍ਹਾਂ, ਕੁੱਝ ਸੰਗਤਾਂ ਉਚੇਚੇ ਗੁਰਦੁਆਰਾ ਸੀਸ ਗੰਜ, ਚਾਂਦਨੀ ਚੌਕ, ਦਿੱਲੀ ਵਿਖੇ, ਜਿਹੜਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਸਬੰਧਤ ਸਥਾਨ ਹੈ, ਜਾਂਦੀਆਂ ਹਨ। ਉਨ੍ਹਾਂ ਦੀ ਗੁਰੂ ਦਰ ਤੋਂ ਨਹੀਂ, ਬਲਕਿ ਗੁਰੂ ਤੇਗਬਹਾਦੁਰ ਸਾਹਿਬ ਤੋਂ ਮੰਗ ਹੀ ਬਹੁਤਾ ਕਰਕੇ ਆਪਣੇ ਕਾਰ ਵਿਹਾਰ `ਚ ਵਾਧੇ ਜਾਂ ਮਾਇਕ ਔਕੜਾਂ ਨੂੰ ਕੱਟਣਾ ਹੀ ਹੁੰਦੀ ਹੈ। ਉਪ੍ਰੰਤ ਇਸੇ ਲੜੀ `ਚ ਕੇਵਲ ਪੰਜਾਬ ਜਾਂ ਦਿੱਲੀ `ਚ ਹੀ ਨਹੀਂ ਬਲਕਿ ਭਾਰਤ ਭਰ ਦੇ ਅਨੇਕਾਂ ਗੁਰਦੁਆਰੇ ਤੇ ਇਤਿਹਸਕ ਸਥਾਨ ਹਨ, ਜਿਨ੍ਹਾਂ ਨਾਲ ਮਹੰਤਾਂ ਦੇ ਸਮੇਂ ਦੇ ਜਾਂ ਕਿਸੇ ਵੀ ਢੰਗ ਨਾਲ ਕੋਈ ਵਿਸ਼ੇਸ਼ ਗੱਲ ਜੋੜੀ ਜਾਂ ਜੁੜੀ ਹੁੰਦੀ ਹੈ।

ਬੇਸ਼ੱਕ ਗੁਰਦੁਆਰਿਆਂ ਪ੍ਰਤੀ ਅਜਿਹੀ ਸੀਮਤ ਸੋਚਣੀ ਗੁਰਬਾਣੀ ਉਪਦੇਸ਼ਾਂ ਤੇ ਗੁਰਮੱਤ ਆਸ਼ੇ ਨਾਲ ਮੇਲ ਨਹੀਂ ਖਾਂਦੀ ਫ਼ਿਰ ਵੀ ਸਬੰਧਤ ਸੰਗਤਾਂ ਦੀ ਸੋਚਣੀ ਦੀ ਸੀਮਾ ਇਹੀ ਹੁੰਦੀ ਹੈ। ਜੇਕਰ ਇਸ ਵਿਸ਼ੇ `ਤੇ ਕੁੱਝ ਹੋਰ ਗਹਿਰਾਈ `ਚ ਜਾਵੋ ਤਾਂ ਸਪਸ਼ਟ ਹੋ ਜਾਵੇਗਾ ਕਿ ਅਜਿਹੀਆਂ ਸੰਗਤਾਂ `ਚੋਂ ਵੀ ਕੁੱਝ ਸੰਗਤਾਂ ਉਹ ਹੁੰਦੀਆਂ ਹਨ, ਜਿਹੜੇ ਸਬੰਧਤ ਵਿਸ਼ੇ ਤੇ ਮੰਗ ਤੋਂ ਹਟ ਕੇ, ਆਪਣੀ ਬਾਕੀ ਜੀਵਨ ਰਹਿਣੀ `ਚ ਟਸ ਤੋਂ ਮਸ ਵੀ ਨਹੀਂ ਹੁੰਦੀਆਂ। ਆਪਣੇ ਘਰ-ਪ੍ਰਵਾਰ `ਚ ਉਨ੍ਹਾਂ ਦੀ ਰਹਿਣੀ ਉਹੀ ਰਹਿੰਦੀ ਹੈ ਜੋ ਅਮੁੱਕੀ ਮੰਗ ਕਾਰਨ ਗੁਰੂਦਰ `ਤੇ ਆਉਣ ਤੋਂ ਪਹਿਲਾਂ ਸੀ। ਬਲਕਿ ਬਹੁਤ ਵਾਰੀ ਮੰਗ ਦੀ ਪੂਰਤੀ ਤੋਂ ਬਾਅਦ ਵੀ ਗੁਰੂ ਦਰ ਨਾਲ ਉਨ੍ਹਾਂ ਦਾ ਕੁੱਝ ਲੈਣਾ ਦੇਣਾ ਨਹੀਂ ਹੁੰਦਾ। ਇਹ ਵੱਖਰੀ ਗੱਲ ਹੈ ਕਿ ਜਦੋਂ ਪਾਤਸ਼ਾਹ ਵੱਲੋਂ ਹੀ ਉਨ੍ਹਾਂ `ਚੋਂ ਕਿਸੇ `ਤੇ ਬਖ਼ਸ਼ਿਸ਼ ਨਾ ਹੋ ਜਾਵੇ ਅਤੇ ਕੋਈ ਕਾਰਨ ਨਾ ਬਣ ਜਾਵੇ ਤੇ ਉਹ, ਉਸ ਤੋਂ ਬਾਅਦ ਵੀ ਗੁਰੂ ਦਰ ਨਾਲ ਹੀ ਜੁੜ ਜਾਣ।

(੩) ਉਪ੍ਰੰਤ ਮੰਗਾਂ ਪੱਖੋਂ ਤੀਜੇ ਨੰਬਰ `ਤੇ ਉਹ ਸੰਗਤਾਂ ਆਉਂਦੀਆਂ ਹਨ ਜਿਨ੍ਹਾਂ ਦੇ ਜੀਵਨ ਅੰਦਰ ਮੰਗਾਂ ਵਾਲਾ ਰੁਝਾਣ ਅਤੇ ਪ੍ਰਵਿਰਤੀ ਤਾਂ ਬਹੁਤ ਹੁੰਦੀ ਹੈ ਪਰ ਉਹ ਗੁਰੂਦਰ ਨੂੰ ਛਡ ਕੇ ਇਧਰ ਉਧਰ ਕਿਧਰੇ ਹੋਰ ਨਹੀਂ ਜਾਂਦੀਆਂ। ਅਜਿਹੀਆਂ ਸੰਗਤਾਂ ਦੀ ਸੋਚ “ਬਿਆ ਦਰੁ ਨਾਹੀ ਕੈ ਦਰਿ ਜਾਉ” (ਪੰ: ੨੫) ਤੱਕ ਤਾਂ ਪੁੱਜ ਚੁੱਕੀ ਹੁੰਦੀ ਪਰ ਅਜੇ ਇਸ ਤੋਂ ਅੱਗੇ ਨਹੀਂ ਟੱਪੀ ਹੁੰਦੀ।

ਇਹ ਵਖਰੀ ਗੱਲ ਹੈ ਕਿ ਜੇਕਰ ਗੁਰਬਾਣੀ ਵਿਚਲੇ ਇਸੇ ਪ੍ਰਮਾਣ ਦੀ ਗੱਲ ਹੀ ਕੀਤੀ ਜਾਵੇ ਤਾਂ ਇਹ ਗੁਰਬਾਣੀ ਪ੍ਰਮਾਣ ਵੀ ਮਨੁੱਖਾ ਜੀਵਨ ਦੀ ਉਸ ਉੱਤਮ ਅਵਸਥਾ ਨਾਲ ਸਬੰਧਤ ਹੈ ਜਿੱਥੇ ਪੁੱਜ ਕੇ, ਗੁਰਬਾਣੀ ਸਿਖਿਆ ਤੇ ਸੇਧ `ਚ, ਮੰਗਾਂ, ਮਨੁੱਖਾ ਜੀਵਨ ਦਾ ਪਿਛਾ ਵੀ ਛੱਡ ਚੁੱਕੀਆਂ ਹੁੰਦੀਆਂ ਹਨ। ਤਾਂ ਤੇ ਇਹ ਪੂਰਾ ਫ਼ੁਰਮਾਣ ਹੈ “ਜੇਤਾ ਦੇਹਿ ਤੇਤਾ ਹਉ ਖਾਉ॥ ਬਿਆ ਦਰੁ ਨਾਹੀ ਕੈ ਦਰਿ ਜਾਉ॥ ਨਾਨਕੁ ਏਕ ਕਹੈ ਅਰਦਾਸਿ॥ ਜੀਉ ਪਿੰਡੁ ਸਭੁ ਤੇਰੈ ਪਾਸਿ” (ਪ: ੨੫)।

ਇਸਦੇ ਬਾਵਜੂਦ ਜੇਕਰ ਕੋਈ “ਬਿਆ ਦਰੁ ਨਾਹੀ ਕੈ ਦਰਿ ਜਾਉ” ਦੀ ਅਵਸਥਾ ਤੱਕ ਵੀ ਪੁਜਦਾ ਹੈ ਤਾਂ ਵੀ ਗੁਰਬਾਣੀ ਅਨੁਸਾਰ ਇਹ ਮਨੁੱਖਾ ਜੀਵਨ ਦੀ ਉਹ ਸੁਅਛ ਅਵਸਥਾ ਹੈ ਜਿਸ ਲਈ ਗੁਰਦੇਵ ਦਾ ਫ਼ੁਰਮਾਨ ਹੈ “ਦੇਨਹਾਰੁ ਪ੍ਰਭ ਛੋਡਿ ਕੈ, ਲਾਗਹਿ ਆਨ ਸੁਆਇ॥ ਨਾਨਕ ਕਹੂ ਨ ਸੀਝਈ, ਬਿਨੁ ਨਾਵੈ ਪਤਿ ਜਾਇ” (ਪੰ: ੨੬੮) ਅਤੇ ਇਸ ਬਾਰੇ ਗੁਰਬਾਣੀ `ਚ ਤਾਕੀਦ ਵੀ ਹੈ ਜਿਵੇਂ “ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥ ਜਿਸ ਕੈ ਦੀਐ ਰਹੈ ਅਘਾਇ॥ ਬਹੁਰਿ ਨ ਤ੍ਰਿਸਨਾ ਲਾਗੈ ਆਇ॥ ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ” (ਪੰ: ੨੮੧)

ਭਾਵ ਐ ਭਾਈ! ਜੇ ਕਰ ਤੇਰੀ ਕੋਈ ਵੀ ਲੋੜ ਹੋਵੇ ਵੀ ਤਾਂ ਇੱਕ ਗੱਲ ਚੇਤੇ `ਚ ਰਖ ਕਿ ਤੂੰ ਅਕਾਲਪੁਰਖ ਦਾ ਲੜ ਛਡ ਕੇ ਇਧਰ ਉਧਰ ਨਹੀਂ ਭਟਕਣਾ। ਤੂੰ ਜੋ ਕੁੱਝ ਵੀ ਮੰਗਣਾ ਹੈ, ਕੇਵਲ ਇੱਕ ਅਕਾਲਪੁਰਖ ਕੋਲੋਂ ਹੀ ਮੰਗਣਾ ਹੈ। ਇਸ ਤਰ੍ਹਾਂ ਅਜਿਹੀ ਆਤਮਕ ਅਵਸਥਾ `ਚ ਪੁੱਜੇ ਸੱਜਨ ਵੀ ਘਟੋਘਟ ਇਤਨਾ ਤਾਂ ਪਹਿਚਾਣ ਹੀ ਚੁੱਕੇ ਹੁੰਦੇ ਹਨ ਕਿ “ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ” (ਪੰ: ੧੩੫) ਅਥਵਾ “ਤੁਧੁ ਬਿਨੁ ਦੂਜੀ ਨਾਹੀ ਜਾਇ॥ ਜੋ ਕਿਛੁ ਵਰਤੈ ਸਭ ਤੇਰੀ ਰਜਾਇ” (ਪੰ: ੧੫੧) ਇਸ ਲਈ ਅਜਿਹੀਆਂ ਸੰਗਤਾਂ ਮੰਗਾਂ ਤਾਂ ਮੰਗਦੀਆਂ ਹਨ ਪਰ ਸਿਵਾਏ ਗੁਰੂ ਦਰ ਤੇ ਅਕਾਲਪੁਰਖ ਦੇ ਹੋਰ ਕਿਸੇ ਵੀ ਦਰ ਦੀਆਂ ਮੋਹਤਾਜ ਨਹੀਂ ਹੁੰਦੀਆਂ।

ਇਸ ਤਰ੍ਹਾਂ ਅਜਿਹੀਆਂ ਸੰਗਤਾਂ ਦੀ ਹਾਲਤ, ਗੁਰਬਾਣੀ ਅਨੁਸਾਰ ਵੀ ਇਹ ਹੁੰਦੀ ਹੈ “ਮਮਾ ਮਾਗਨਹਾਰ ਇਆਨਾ॥ ਦੇਨਹਾਰ ਦੇ ਰਹਿਓ ਸੁਜਾਨਾ॥ ਜੋ ਦੀਨੋ ਸੋ ਏਕਹਿ ਬਾਰ॥ ਮਨ ਮੂਰਖ ਕਹ ਕਰਹਿ ਪੁਕਾਰ॥ ਜਉ ਮਾਗਹਿ ਤਉ ਮਾਗਹਿ ਬੀਆ॥ ਜਾ ਤੇ ਕੁਸਲ ਨ ਕਾਹੂ ਥੀਆ” (ਪੰ: ੨੫੮)। ਦੇਖਣ ਦੀ ਗੱਲ ਹੈ ਕਿ ਫ਼ਿਰ ਵੀ ਇਥੇ ਗੁਰੂ ਸਾਹਿਬ ਅਜਿਹੀਆਂ ਸੰਗਤਾਂ ਨੂੰ ਇਹ ਤਾਂ ਕਹਿ ਨਹੀਂ ਰਹੇ ਕਿ ਤੁਸੀਂ ਗੁਰੂ ਦਰ ਤੇ ਮੰਗਣ ਨਾ ਆਉ ਜਾਂ ਮਨ `ਚ ਮੰਗਾਂ ਲੈ ਕੇ ਨਾ ਆਉ।

ਇਹ ਵਖਰੀ ਗੱਲ ਹੈ ਕਿ ਇਥੇ ਗੁਰੂ ਸਾਹਿਬ ਉਨ੍ਹਾਂ ਨੂੰ, ਨਾਲ ਨਾਲ ਇਹ ਪੱਕਾ ਵੀ ਕਰ ਰਹੇ ਹਨ ਕਿ “ਮਾਗਨਿ ਮਾਗ ਤ ਏਕਹਿ ਮਾਗ॥ ਨਾਨਕ ਜਾ ਤੇ ਪਰਹਿ ਪਰਾਗ” (ਪੰ: ੨੫੮)। ਜਦਕਿ ਇਥੇ ਵੀ ਗੁਰਦੇਵ ਮਨ੍ਹਾਂ ਨਹੀਂ ਕਰ ਰਹੇ ਬਲਕਿ ਬੜੇ ਪਿਆਰ ਨਾਲ ਦ੍ਰਿੱੜ ਕਰਵਾ ਰਹੇ ਹਨ ਕਿ ਐ ਭਾਈ! ਜੀਵਨ ਸਫ਼ਲਤਾ ਵਾਲੇ ਮਾਰਗ `ਤੇ ਤੈਨੂੰ ਇਨ੍ਹਾਂ ਮੰਗਾਂ ਦਾ ਉੱਕਾ ਲਾਭ ਨਹੀਂ ਬਲਕਿ ਨੁਕਸਾਨ ਵਧੇਰੇ ਹੈ, (ਇਸ ਲਈ ਅੱਗੇ ਸੋਚਣਾ ਤੇਰਾ ਆਪਣਾ ਕੰਮ ਹੈ ਕਿ ਤੂੰ ਜੀਵਨ ਦੀ ਸੰਭਾਲ ਕਿਵੇਂ ਕਰਣੀ ਹੈ)।

ਇਸ ਲਈ ਚਾਹੀਦਾ ਤਾਂ ਇਹ ਹੈ ਕਿ “ਮਾਗਨਿ ਮਾਗ ਤ ਏਕਹਿ ਮਾਗ॥ ਨਾਨਕ ਜਾ ਤੇ ਪਰਹਿ ਪਰਾਗ” (ਪੰ: ੨੫੮) ਭਾਵ ਤੂੰ ਕੇਵਲ ਤੇ ਕੇਵਲ ਕਰਤੇ ਦੀ ਸਿਫ਼ਤ ਸਲਾਹ ਹੀ ਮੰਗ ਜਿਸ ਤੋਂ ਤੇਰਾ ਇਹ ਜੀਵਨ ਵੀ ਸਫ਼ਲ ਹੋ ਜਾਵੇ ਤੇ ਇਸ ਦੇ ਨਾਲ ਤੂੰ ਜਨਮ ਮਰਣ ਦੇ ਗੇੜ੍ਹ `ਚੋਂ ਵੀ ਨਿਕਲ ਜਾਵੇਂ। ਇਥੇ ਖ਼ੂਬੀ ਇਹ ਕਿ ਗੁਰਦੇਵ ਨੇ ਮੰਗਣ ਤੋਂ ਫ਼ਿਰ ਵੀ ਮਨ੍ਹਾਂ ਨਹੀਂ ਕੀਤਾ, ਕੇਵਲ ਉਸ ਦੀ ਆਤਮਕ ਅਵਸਥਾ ਨੂੰ ਬਦਲਣ ਦਾ ਜੱਤਣ ਕੀਤਾ ਹੈ ਅਤੇ ਉਸ ਨੂੰ ਸਲਾਹ ਹੀ ਦਿੱਤੀ ਹੈ ਅਤੇ ਇਹੀ ਹੈ ਗੁਰਬਾਣੀ ਮਾਰਗ। ਇਹ ਨਹੀਂ ਕਿ ਮਨ `ਚ ਮੰਗਾਂ ਲੈ ਕੇ ਗੁਰਦੁਆਰੇ ਹੀ ਨਹੀਂ ਆਉਣਾ ਆਦਿ।

(੪) ਇਸ ਤੋਂ ਬਾਅਦ ਮੰਗਾਂ ਪੱਖੋਂ ਗੁਰੂ ਕੀਆਂ ਸੰਗਤਾਂ ਹੁੰਦੀਆਂ ਹਨ ਜਿਨ੍ਹਾਂ ਦੀ ਆਤਮਕ ਅਵਸਥਾ ਸਚਮੁਚ ਹੀ ਇਸ ਪੱਖੋਂ ਬਹੁਤ ਉਭਰ ਚੁੱਕੀ ਹੁੰਦੀ ਹੈ। ਉਹ ਅਵਸਥਾ ਜਿਸਦੇ ਵਾਸਤੇ ਗੁਰਦੇਵ ਖ਼ੁਦ ਸਲਾਹ ਦੇ ਰਹੇ ਹਨ ਕਿ “ਮਾਗਨਿ ਮਾਗ ਤ ਏਕਹਿ ਮਾਗ॥ ਨਾਨਕ ਜਾ ਤੇ ਪਰਹਿ ਪਰਾਗ” (ਪੰ: ੨੫੮)। ਇਸ ਲਈ ਇਸ ਉੱਚੀ ਆਤਮਕ ਅਵਸਥਾ `ਚ ਪੁੱਜ ਚੁੱਕੀਆਂ ਸੰਗਤਾਂ ਪ੍ਰਭੂ ਅਥਵਾ ਗੁਰੂਦਰ ਤੋਂ ਸਿਵਾਏ ਪ੍ਰਭੂ ਦੀ ਸਿਫ਼ਤ ਸਲਾਹ ਦੇ ਹੋਰ ਕੁੱਝ ਵੀ ਨਹੀਂ ਮੰਗਦੀਆਂ।

ਉਨ੍ਹਾਂ ਨੂੰ ਆਤਮਕ ਤੌਰ `ਤੇ ਦ੍ਰਿੜ ਹੋ ਚੁੱਕਾ ਹੁੰਦਾ ਹੈ ਕਿ “ਅਣਮੰਗਿਆ ਦਾਨੁ ਦੇਵਣਾ, ਕਹੁ ਨਾਨਕ ਸਚੁ ਸਮਾਲਿ ਜੀਉ” (ਪੰ: ੭੩)। ਇਸ ਤਰ੍ਹਾਂ ਉਨ੍ਹਾਂ ਨੂੰ ਯਕੀਣ ਹੋ ਚੁੱਕਾ ਹੁੰਦਾ ਹੈ ਕਿ “ਜੀਅ ਜੰਤ ਸਭਿ ਪਾਛੈ ਕਰਿਆ, ਪ੍ਰਥਮੇ ਰਿਜਕੁ ਸਮਾਹਾ” (ਪੰ: ੧੨੩੫) ਭਾਵ ਜਿਹੜਾ ਅਕਾਲਪੁਰਖ ਜਨਮ ਤੋਂ ਪਹਿਲਾਂ ਹੀ ਜੀਵ ਦੇ ਰਿਜ਼ਕ ਤੱਕ ਦਾ ਪ੍ਰਬੰਧ ਕਰਕੇ ਭੇਜਦਾ ਹੈ, ਮੇਰੀਆਂ ਕੀ ਲੋੜਾਂ ਹਨ, ਇਸ ਲਈ ਉਹ ਵੀ ਮੇਰੇ ਤੋਂ ਵਧ ਪ੍ਰਭੂ ਆਪ ਹੀ ਜਾਣਦਾ ਹੈ।

ਇਸ ਲਈ ਉਨ੍ਹਾਂ ਨੂੰ ਸਮਝ ਆ ਚੁੱਕੀ ਹੁੰਦੀ ਹੈ ਕਿ ਅਜਿਹੇ ਪ੍ਰਭੂ ਪਾਸੋਂ ਪਦਾਰਥਕ ਤੇ ਸੰਸਾਰਕ ਮੰਗਾ ਮੰਗਣੀਆਂ ਹੀ ਹੋਛਾਪਣ ਤੇ ਮਨਮਤ ਹੈ। ਉਨ੍ਹਾਂ ਦੇ ਜੀਵਨ ਦੀ ਬਨਾਵਟ ਤੇ ਸੋਚ ਹੀ “ਜੇਤਾ ਦੇਹਿ ਤੇਤਾ ਹਉ ਖਾਉ॥ ਬਿਆ ਦਰੁ ਨਾਹੀ ਕੈ ਦਰਿ ਜਾਉ॥ ਨਾਨਕੁ ਏਕ ਕਹੈ ਅਰਦਾਸਿ॥ ਜੀਉ ਪਿੰਡੁ ਸਭੁ ਤੇਰੈ ਪਾਸਿ” (ਪ: ੨੫) ਵਾਲੀ ਬਣ ਚੁੱਕੀ ਹੁੰਦੀ ਹੈ।

ਇਹੀ ਕਾਰਨ ਹੈ ਕਿ ਅਜਿਹੇ ਜੀਊੜੇ ਗੁਰੂ ਦਰ ਤੋਂ ਕੇਵਲ ਇਕੋ ਹੀ ਚੀਜ਼ ਮੰਗਦੇ ਹਨ ਕਿ, ਹੇ ਪ੍ਰਭੂ! “ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ, ਹਰਿ ਦੀਜੈ ਨਾਮੁ ਪਿਆਰੀ ਜੀਉ” (ਪੰ: ੫੯੭)। ਉਨ੍ਹਾਂ ਦੀ ਆਤਮਕ ਅਵਸਥਾ ਹੀ “ਮਾਗਨਾ ਮਾਗਨੁ ਨੀਕਾ, ਹਰਿ ਜਸੁ ਗੁਰ ਤੇ ਮਾਗਨਾ” (੧੦੧੮) ਵਾਲੀ ਬਣ ਚੁੱਕੀ ਹੂੰਦੀ ਹੈ। ਉਹ ਮੰਗਦੇ ਵੀ ਹਨ ਤਾਂ ਕੇਵਲ “ਸਾਧ ਜਨਾ ਕੀ ਮਾਗਉ ਧੂਰਿ॥ ਪਾਰਬ੍ਰਹਮੁ ਮੇਰੀ ਸਰਧਾ ਪੂਰਿ” (ਪੰ: ੨੮੯) ਭਾਵ “ਹੇ ਪ੍ਰਭੂ! ਤੂੰ ਮੈਨੂੰ ਉਨ੍ਹਾਂ ਗੁਰੂ ਪਿਆਰਿਆਂ ਦਾ ਸੰਗ ਬਖ਼ਸ਼, ਜਿਨ੍ਹਾਂ ਨੂੰ ਮਿਲਿਆਂ ਤੇਰਾ ਨਾਮ ਚਿਤ ਆਵੇ”। ਉਨ੍ਹਾਂ ਦੀਆਂ ਮੰਗਾਂ ਦੀ ਸੀਮਾ ਸੰਸਾਰਕ ਪਦਾਰਥ ਅਥਵਾ ਸੰਸਾਰਕ ਪ੍ਰਾਪਤੀਆਂ ਨਹੀਂ ਰਹਿ ਚੁੱਕੀਆਂ ਹੁੰਦੀਆਂ।

ਕੇਵਲ ਵਿਸ਼ੇ ਨੂੰ ਸਪਸ਼ਟ ਕਰਣ ਲਈ- ਦੇਖਣਾ ਇਹ ਵੀ ਹੈ ਕਿ ਇਸ ਤੋਂ ਅੱਗੇ ਇਸ ਗੁਰਮੱਤ ਪਾਠ ਵਿਚਲੇ ਵਿਸ਼ੇ ਨੂੰ ਨਿਭਾਉਣ ਲਈ, ਮੰਗਾਂ ਪੱਖੋਂ ਸੰਗਤਾਂ ਦੇ ਜੋ ਇਥੇ ਚਾਰ ਭਾਗ ਬਿਆਣੇ ਹਨ, ਇਸੇ ਕ੍ਰਮ ਨੂੰ ਹੀ ਵਰਤਿਆ ਤੇ ਨਿਭਾਇਆ ਗਿਆ ਹੈ ਤਾ ਕਿ ਵਿਸ਼ਾ ਠੀਕ ਤਰ੍ਹਾਂ ਸਮਝ `ਚ ਆ ਸਕੇ।

“ਜੈਸੀ ਮਤਿ ਦੇਇ ਤੈਸਾ ਪਰਗਾਸ” - ਦਰਅਸਲ ਮੰਗਾਂ ਪ੍ਰਤੀ ਇਹ ਚਾਰੇ ਭਿੰਨ ਭਿੰਨ ਮਨੁੱਖੀ ਪਧਰ ਵੀ, ਗੁਰਬਾਣੀ ਅਨੁਸਾਰ ਕਰਤੇ ਦੀਆਂ ਹੀ ਖੇਡਾਂ ਹਨ। ਕਿਉਂਕਿ ਉਥੇ ਵੀ ਫ਼ਰਕ ਹੈ ਤਾਂ ਮਨੁੱਖ, ਮਨੁੱਖ ਵਿਚਕਾਰਲੀ ਆਤਮਕ ਅਵਸਥਾ ਦਾ। ਇਸ ਪ੍ਰਤੀ ਵੀ ਫ਼ੁਰਮਾਨ ਹੈ “ਜੈਸੀ ਮਤਿ ਦੇਇ ਤੈਸਾ ਪਰਗਾਸ॥ ਪਾਰਬ੍ਰਹਮੁ ਕਰਤਾ ਅਬਿਨਾਸ॥ ਸਦਾ ਸਦਾ ਸਦਾ ਦਇਆਲ॥ ਸਿਮਰਿ ਸਿਮਰਿ ਨਾਨਕ ਭਏ ਨਿਹਾਲ” (ਪੰ: ੨੭੫) ਇਸ ਲਈ ਲੋੜ ਹੈ ਤਾਂ ਯੋਗ ਗੁਰਬਾਣੀ ਪ੍ਰਚਾਰ ਪ੍ਰਬੰਧ ਨਾਲ ਸੰਗਤਾਂ ਦੇ ਜੀਵਨ ਪਧਰ ਦੀ ਸੰਭਾਲ ਕਰਣ ਦੀ। ਇਸ ਪੱਖੋਂ ਉਨ੍ਹਾਂ ਦੇ ਆਤਮਕ ਸਤੱਰ ਨੂੰ ਉੱਚਾ ਚੁੱਕਣ ਦੀ, ਨਾ ਕਿ ਇਸ ਦੇ ਲਈ ਸੰਗਤਾਂ ਨੂੰ ਦੋਸ਼ ਦੇਣ ਦੀ। ਜਿਵੇਂ ਕਿ ਕਿਸੇ ਹੱਦ ਤੱਕ ਅੱਜ ਇਹੀ ਕਿਹਾ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਗੁਰਦੁਆਰੇ ਮੰਗਾਂ ਲੈ ਕੇ ਨਹੀਂ ਆਉਣਾ ਚਾਹੀਦਾ, ਕੇਵਲ ਗੁਰੂ ਤੋਂ ਗੁਣ ਤੇ ਸਿਖਿਆ ਲੈਣ ਹੀ ਆੳੇੁਣਾ ਚਾਹੀਦਾ ਹੈ ਆਦਿ। ਦਰਅਸਲ ਅਜਿਹਾ ਪ੍ਰਚਾਰ ਕਰਣਾ ਹੀ ਗੁਰਬਾਣੀ ਦੇ ਮੂਲ ਆਸ਼ੇ ਤੇ ਸਿਧਾਂਤ ਵਿਰੁਧ ਹੈ।

ਦਸਾਂ ਪਾਤਸ਼ਾਹੀਆਂ ਦੇ ਸਮੇਂ ਤੋਂ ਹੀ- ਗਹਿਰਾਈ ਤੋਂ ਵਾਚਿਆ ਜਾਵੇ ਤਾਂ ਮੰਗਾਂ ਪੱਖੋਂ ਸੰਗਤਾਂ ਵਿਚਕਾਰ ਅਜਿਹੇ ਅੰਤਰ ਤੇ ਭਿੰਨ ਭਿੰਨ ਪਧਰ ਅੱਜ ਪੈਦਾ ਨਹੀਂ ਹੋਏ। ਅਜਿਹੇ ਅੰਤਰ ਤਾਂ ਦਸਾਂ ਪਾਤਸ਼ਾਹੀਆਂ ਦੇ ਜੀਵਨ ਕਾਲ `ਚ ਵੀ ਸਨ ਤੇ ਅਗੋਂ ਵੀ ਚਲਦੇ ਰਹਿਣ ਗੇ। ਸਮੇਂ ਸਮੇਂ ਨਾਲ ਜੋ ਫ਼ਰਕ ਹੋਵੇਗਾ ਤਾਂ ਗੁਰਬਾਣੀ ਪ੍ਰਚਾਰ ਪ੍ਰਣਾਲੀ `ਚ ਮਜ਼ਬੂਤੀ ਅਥਵਾ ਕੱਚੇਪਣ `ਚ ਤੇ ਸਮੇਂ ਸਮੇਂ ਨਾਲ ਉਸਦਾ ਸੰਗਤਾਂ ਦੇ ਜੀਵਨ `ਤੇ ਅਸਰ।

ਇਸ ਤਰ੍ਹਾਂ ਜਦੋਂ ਕਦੇ ਵੀ ਗੁਰਬਾਣੀ ਪ੍ਰਚਾਰ ਪ੍ਰਣਾਲੀ ਮਜ਼ਬੂਤ ਹੋਵੇਗੀ, ਦਿੱਤੇ ਵੇਰਵੇ ਅਨੁਸਾਰ ਉਦੋਂ ਇੱਕ ਤੇ ਦੋ ਪਧਰ ਦੀਆਂ ਸੰਗਤਾਂ ਚੋਂ ਹੀ ਬਹੁਤੀਆਂ ਸੰਗਤਾਂ, ਤਿੰਨ ਬਲਕਿ ਤਿੰਨ ਤੋਂ ਵੀ ਟੱਪ ਕੇ ਚੌਥੀ ਪਧਰ `ਚ ਪਹੁੰਚਦੀਆਂ ਜਾਣਗੀਆਂ। ਇਸ ਦੇ ਉਲਟ ਜਦੋਂ ਕਦੇ ਗੁਰਮੱਤ ਪ੍ਰਚਾਰ ਪ੍ਰਣਾਲੀ ਕਮਜ਼ੋਰ ਹੋਵੇਗੀ, ਸੰਗਤਾਂ ਵੀ ਬਹੁਤਾ ਕਰਕੇ ਇੱਕ ਜਾਂ ਦੂਜੀ ਪਧਰ ਤੱਕ ਹੀ ਅਟਕੀਆਂ ਰਹਿਣ ਗੀਆਂ ਬਲਕਿ ਉਸ ਤੋ ਵੀ ਥੱਲੇ ਜਾਣਗੀਆਂ। ਜੇ ਗਹੁ ਨਾਲ ਦੇਖਿਆ ਜਾਵੇ ਤਾਂ ਅੱਜ ਬਹੁਤਾ ਕਰਕੇ ਇਹੀ ਹੌ ਰਿਹਾ ਹੈ ਅਤੇ ਇਹ ਵੱਡਾ ਸਬੂਤ ਹੈ ਮੌਜੂਦਾ ਪ੍ਰਚਾਰ ਪ੍ਰਣਾਲੀ ਦੇ ਕਮਜ਼ੋਰ ਤੇ ਦੂਸ਼ਿਤ ਹੋਣ ਦਾ।

ਉਪ੍ਰੰਤ ਇਸੇ ਮੰਗਾਂ ਵਾਲੇ ਵਿਸ਼ੇ ਨੂੰ ਜਦੋਂ ਸਿੱਖ ਇਤਿਹਾਸ ਦੇ ਪੱਖੋਂ ਦਸਾਂ ਪਾਤਸ਼ਾਹੀਆਂ ਦੇ ਸਮੇਂ, ਗੁਰੂ ਦਰ `ਤੇ ਆਉਣ ਵਾਲੀਆਂ ਸੰਗਤਾਂ `ਚ ਝਾਤ ਮਾਰਦੇ ਹਾਂ ਤਾਂ ਇਹ ਵਿਸ਼ਾ ਹੋਰ ਵੀ ਸਪਸ਼ਟ ਹੋ ਜਾਂਦਾ ਹੈ। ਉਥੇ ਅਰੰਭ `ਚ ਤਾਂ ਮੰਗਾਂ ਕਰਕੇ ਗੁਰੂ ਕੀਆਂ ਬਹੁਤੀਆਂ ਸੰਗਤਾਂ, ਮਨ ਦੀ ਪਹਿਲੀ ਜਾਂ ਦੂਜੀ ਅਵਸਥਾ `ਚ ਹੀ ਆਉਂਦੀਆਂ ਸਨ, ਪਰ ਗੁਰਬਾਣੀ ਪ੍ਰਚਾਰ ਪ੍ਰਣਾਲੀ ਦੀ ਮਜ਼ਬੂਤੀ ਕਾਰਨ ਉਨ੍ਹਾਂ `ਚੋਂ ਹੀ ਬਹੁਤੇ, ਪਰ ਬਹੁਤ ਜਲਦੀ ਤੀਜੀ ਤੇ ਚੌਥੀ ਅਵਸਥਾ `ਚ ਵੀ ਪੁੱਜ ਜਾਂਦੇ ਸਨ।

ਇਸਦਾ ਵੱਡਾ ਸਬੂਤ ਹੈ ਕਿ ਅੱਜ ਜੋ ਉਸ ਸਮੇਂ ਦੇ ਸਿੱਖ ਇਤਿਹਾਸ `ਚ ਖਿੱਚ ਤੇ ਚਮਕ ਦਿਖਾਈ ਦੇ ਰਹੀ ਹੈ, ਉਸ ਦਾ ਮੁੱਖ ਕਾਰਨ ਹੀ ਉਸ ਸਮੇਂ ਗੁਰਬਾਣੀ-ਗੁਰਮੱਤ ਪ੍ਰਚਾਰ ਪ੍ਰਣਾਲੀ `ਚ ਹਦ ਦਰਜੇ ਦੀ ਮਜ਼ਬੂਤੀ ਦਾ ਹੋਣਾ ਹੀ ਹੈ। ਕਿਉਂਕਿ ਉਦੋਂ ਸਾਡੇ ਪ੍ਰਚਾਰਕ ਅੱਜ ਵਾਂਗ ਅਣਅਧਿਕਾਰੀ ਤੇ ਬਹੁਤਾ ਕਰਕੇ “ਰੋਟੀਆ ਕਾਰਣਿ ਪੂਰਹਿ ਤਾਲ” (ਪੰ: ੪੬੫) ਨਹੀਂ ਸਨ ਹੁੰਦੇ।

ਉਸ ਸਮੇਂ ਅੱਜ ਦੀ ਤਰ੍ਹਾਂ ਗੁਰਮੱਤ ਪ੍ਰਚਾਰ ਪ੍ਰਣਾਲੀ ਕਮਜ਼ੋਰ ਹਥਾਂ `ਚ ਨਹੀਂ ਸੀ। ਪ੍ਰਚਾਰਕ ਗੁਰਬਾਣੀ ਤੇ ਗੁਰਮੱਤ ਦੇ ਧੁਰੰਧਰ ਵਿਦਵਾਨ ਹੁੰਦੇ ਸਨ। ਉਹ ਗੁਰਬਾਣੀ ਜੀਵਨ ਵਾਲੇ ਵੀ ਹੁੰਦੇ ਸਨ। ਉਦੋਂ ਪ੍ਰਚਾਰਕ ਥਾਪੇ ਜਾਂਦੇ ਸਨ, ਪ੍ਰਚਾਰਕ ਅੱਜ ਦੀ ਤਰ੍ਹਾਂ ਆਪ ਬਣੇ (Self made) ਨਹੀਂ ਸਨ ਹੁੰਦੇ। ਭਾਈ ਮਨਸੁਖ, ਭਾਈ ਕਲਿਆਨਾ, ੨੨ ਮੰਜੀਦਾਰ, ੫੨ ਪੀੜੇ ਉਪ੍ਰੰਤ ਚੌਥੇ ਪਾਤਸ਼ਾਹ ਰਾਹੀਂ ਮਸੰਦ ਪ੍ਰਥਾ ਦਾ ਅਰੰਭ, ਪੰਜਵੇਂ ਪਾਤਸ਼ਾਹ ਰਾਹੀਂ ਮਸੰਦ ਪ੍ਰਥਾ ਨੂੰ ਬਾਕਾਇਦਾ ਸੰਸਥਾ ਦਾ ਰੂਪ ਦੇਣਾ, ਇਹ ਸਾਰੇ ਇਸੇ ਸੱਚ ਦਾ ਪ੍ਰਗਟਾਵਾ ਹਨ।

ਫ਼ਿਰ ਇਥੇ ਹੀ ਬੱਸ ਨਹੀਂ, ਜਦੋਂ ਇਸੇ ਮਸੰਦ ਪ੍ਰਥਾ `ਚ ਨੁਕਸ ਆ ਗਿਆ ਤਾਂ ਦਸਮੇਸ਼ ਜੀ ਨੇ ਇਸ ਪ੍ਰਥਾ ਨੂੰ ਖਤਮ ਕਰਣ `ਚ ਵੀ ਢਿੱਲ ਨਹੀਂ ਕੀਤੀ। ਉਸ ਦਾ ਮੁੱਖ ਕਾਰਨ ਵੀ ਇਕੋ ਸੀ ਕਿ ਕਮਜ਼ੋਰ ਤੇ ਗ਼ਲਤ ਪ੍ਰਚਾਰਕ, ਖਾਸ ਕਰ ਸਿੱਖ ਧਰਮ ਤੇ ਗੁਰਬਾਣੀ ਦੇ ਪ੍ਰਚਾਰ ਲਈ ਬਹੁਤ ਖਤਰਨਾਕ ਹੁੰਦਾ ਹੈ। ਜਦਕਿ ਅੱਜ ਤਾਂ ਬਹੁਤਾ ਕਰਕੇ ਹੋ ਹੀ ਇਹੀ ਰਿਹਾ ਹੈ।

ਅਜੋਕੇ ਗੁਰਮੱਤ ਤੇ ਗੁਰਬਾਣੀ ਵਿਚਾਰਧਾਰਾ ਦੇ ਪ੍ਰਚਾਰ ਦਾ ਜੇਕਰ ਇਮਾਨਦਾਰੀ ਨਾਲ ਨਿਰੀਖਣ ਕੀਤਾ ਜਾਵੇ ਤਾਂ ਸਚਾਈ ਨੂੰ ਪ੍ਰਗਟ ਹੁੰਦੇ ਦੇਰ ਨਹੀਂ ਲਗਦੀ। ਸੰਗਤਾਂ ਜੇਕਰ ਗੁਰੂ ਦਰ `ਤੇ ਆਉਣ ਸਮੇਂ ਉਪਰ ਦਿੱਤੇ ਵੇਰਵੇ ਮੁਤਾਬਕ ਪਹਿਲੇ ਜਾਂ ਦੂਜੇ ਪਧਰ ਦੀਆਂ ਹੁੰਦੀਆਂ ਹਨ, ਜਿਹੜਾ ਕਿ ਕੁਦਰਤੀ ਹੈ, ਜਿਸ ਨੂਮ ਗੁਰਬਾਣੀ ਨੇ ਵੀ ਨਹੀਂ ਕਟਿਆ। ਇਸ ਤੋਂ ਬਾਅਦ, ਮੰਗਾਂ ਪੱਖੋਂ ਉਨ੍ਹਾਂ ਦਾ ਪਧਰ ਤੀਜੇ ਤੇ ਉਪ੍ਰੰਤ ਤੀਜੇ ਤੋਂ ਚੋਥੇ ਪਧਰ ਤੱਕ ਪਹੁਚਾਉਣਾ, ਇਹ ਗੁਰਮੱਤ ਪ੍ਰਚਾਰ ਪ੍ਰਣਾਲੀ ਦਾ ਕੰਮ ਹੈ।

ਜਦਕਿ ਅਜੋਕੀਆਂ ਸੰਗਤਾਂ ਤਾਂ ਉਹ ਹੋਰ ਵੀ ਗੁਰਮੱਤ ਵਿਰੁਧ ਕਰਮਕਾਂਡਾਂ ਤੇ ਵਹਿਮਾ-ਭਰਮਾ `ਚ ਹੀ ਜਕੜੀਆਂ ਜਾਂਦੀਆਂ ਹਨ। ਵਿਰਲੀਆਂ ਸੰਗਤਾਂ ਹੀ ਹੁੰਦੀਆਂ ਹਨ ਜੋ ਕਰਤੇ ਦੀ ਬਖ਼ਸ਼ਿਸ ਨਾਲ, ਕਿਸੇ ਸਬਬ ਤੀਜੇ ਜਾਂ ਫ਼ਿਰ ਬਹੁਤ ਹੀ ਵਿਰਲੀਆਂ ਸੰਗਤਾਂ ਇਸ ਵੇਰਵੇ ਮੁਤਾਬਕ ਚੌਥੀ ਅਵਸਥਾ `ਤੇ ਪੁਜਦੀਆਂ ਹਨ। ਉਹ ਵੀ ਮੌਜੂਦਾ ਗੁਰਦੁਆਰਾ ਪ੍ਰਬੰਧ ਤੇ ਉਥੇ ਹੋ ਰਹੇ ਅਜੋਕੇ ਗੁਰਮੱਤ ਪ੍ਰਚਾਰ ਕਾਰਨ ਨਹੀਂ, ਬਲਕਿ ਕਿਸੇ ਨਿਜੀ ਪਧਰ `ਤੇ ਕਾਇਮ ਕੀਤੀਆਂ ਹੋਈਆ ਸੰਗਤਾਂ ਅਥਵਾ ਗੁਰਮੱਤ ਕਲਾਸਾਂ ਆਦਿ ਰਾਹੀਂ।

“ਲਿਵ ਛੁੜਕੀ ਲਗੀ ਤ੍ਰਿਸਨਾ” -ਇਸ ਦੇ ਨਾਲ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਹੈ ਕਿ ਮੰਗਾਂ ਲਗਭਗ ਹਰੇਕ ਮਨੁੱਖਾ ਜੀਵਨ ਦਾ ਉਹ ਹਿੱਸਾ ਹੁੰਦੀਆਂ ਹਨ ਜੋ ਮਨੁੱਖ ਦੇ ਜਨਮ ਦੇ ਨਾਲ ਹੀ ਇਸਦੇ ਜੀਵਨ ਅੰਦਰ ਪੈਦਾ ਜਾਂਦੀਆਂ ਹਨ। ਅਸਲ `ਚ ਮੰਗਾਂ ਦੀ ਜੜ੍ਹ ਹੀ ਤ੍ਰਿਸ਼ਨਾ ਹੁੰਦੀ ਹੈ ਜੋ ਜਨਮ ਦੇ ਨਾਲ ਹੀ ਇਨਸਾਨ ਨੂੰ ਚੰਬੜ ਜਾਂਦੀ ਹੈ ਜਿਵੇਂ “ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ” (ਪੰ: ੯੨੧)। ਇਸ ਲਈ ਮੰਗਾਂ ਕਮਜ਼ੋਰ ਮਨ ਦੀ ਉਪਜ ਅਤੇ ਕਮਜ਼ੋਰ ਆਤਮਕ ਅਵਸਥਾ ਦਾ ਹੀ ਪ੍ਰਗਟਾਵਾ ਹੁੰਦੀਆਂ ਹਨ।

ਇਸਦੇ ਉਲਟ ਜਦੋਂ ਮਨੁੱਖ ਦਾ ਉਹੀ ਮਨ, ਸਾਧ ਸੰਗਤ `ਚ ਆ ਕੇ ਤੇ ਗੁਰਬਾਣੀ ਗਿਆਨ ਰਾਹੀਂ ਪ੍ਰਭੂ ਨਾਲ ਇੱਕ ਮਿਕ ਹੋ ਜਾਂਦਾ ਹੈ; ਪ੍ਰਭੂ ਦੇ ਰੰਗ `ਚ ਰੰਗਿਆ ਜਾਂਦਾ ਹੈ; ਜੀਵਨ ਦੀ ਆਤਮਕ ਉੱਚਤਾ ਨੂੰ ਪ੍ਰਾਪਤ ਕਰ ਲੈਂਦਾ ਹੈ; ਉਸ ਦੀ ਮਾਨਸਿਕ ਅਵਸਥਾ “ਮੀਤੁ ਕਰੈ ਸੋਈ ਹਮ ਮਾਨਾ॥ ਮੀਤ ਕੇ ਕਰਤਬ ਕੁਸਲ ਸਮਾਨਾ” (ਪੰ: ੧੮੭) ਵਾਲੀ ਬਣ ਜਾਂਦੀ ਹੈ। ਉਸ ਸਮੇਂ ਉਹੀ ਮਨੁੱਖ “ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੈ ਨਿਰਾਸਾ” (ਪੰ: ੬੩੩) ਵਾਲੀ ਆਤਮਕ ਅਵਸਥਾ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ। ਇਸ ਲਈ, ਲੋੜ ਹੁੰਦੀ ਹੈ ਤਾਂ ਮਨੁੱਖਾ ਜੀਵਨ ਦਾ ਮੂਲ, ਇਸ ਮੰਗਾਂ ਵਾਲੀ ਪ੍ਰਵਰਿਤੀ ਤੋਂ ਸੁਚੇਤ ਰਹਿ ਕੇ ਗੁਰਬਾਣੀ ਸਿਖਿਆ ਤੇ ਗੁਰਬਾਣੀ ਜੀਵਨ ਜਾਚ ਰਾਹੀਂ, ਇਸ ਮੰਗਾਂ ਵਾਲੇ ਸੁਭਾਅ ਤੋਂ ਛੁਟਕਾਰਾ ਪਾਉਣ ਦੀ। ਮਨ ਨੂੰ ਗੁਰਬਾਣੀ ਰੰਗ `ਚ ਰੰਗਣ ਦੀ।

ਉਂਜ ਮਨੁੱਖਾ ਜੀਵਨ `ਚ ਤ੍ਰਿਸ਼ਨਾ ਤੋਂ ਪੈਦਾ ਹੋਇਆ ਮੰਗਾਂ ਵਾਲਾ ਵਿਸ਼ਾ ਹੀ ਹੁੰਦਾ ਹੈ ਜੋ ਕਈ ਵਾਰੀ ਅਣਜਾਣੇ `ਚ ਹੀ ਮਨੁੱਖ ਦੇ ਜੀਵਨ ਅੰਦਰ ਅਨੇਕਾਂ ਚਿੰਤਾਵਾਂ, ਝੋਰੇ, ਭਟਕਣਾ, ਡਰਾਂ-ਸਹਿਮਾ ਨੂੰ ਜਨਮ ਦੇ ਦਿੰਦਾ ਹੈ। ਇਹੀ ਤ੍ਰਿਸ਼ਨਾ ਤੋਂ ਮੰਗਾਂ ਵਾਲੀ ਭੁਖ ਹੀ ਹੁੰਦੀ ਹੈ ਜੋ ਮਨੁੱਖ ਨੂੰ ਹੋਲੇ ਹੋਲੇ ਹੇਰਾ ਫ਼ੇਰੀਆਂ ਠਗੀਆਂ ਵੱਲ ਮੋੜਦੀ ਜਾਂਦੀ ਹੈ। ਚੰਗਾ ਭਲਾ ਮਨੁੱਖ ਜਿਸਨੇ ਗੁਰਬਾਣੀ ਦੇ ਕੁੰਡੇ ਨਾਲ ਇੱਕ ਦਿਨ ਗੁਣਵਾਣ ਇਨਸਾਨ ਬਨਣਾ ਹੁੰਦਾ ਹੈ। ਉਸੇ ਮਨੁੱਖ ਅੰਦਰ ਬੇਲਗ਼ਾਮ ਹੋ ਚੁੱਕੀ ਇਹ ਮੰਗਾਂ ਵਾਲੀ ਭੁਖ, ਉਸ ਨੂੰ ਅਚਾਨਕ ਹੀ ਇੱਕ ਦਿਨ ਵੱਡੇ ਵੱਡੇ ਗੁਣਾਹਾਂ ਦਾ ਪੁਤਲਾ ਬਣ ਕੇ ਰਖ ਦਿੰਦੀ ਹੈ।

ਇਸ ਲਈ ਲੋੜ ਹੁੰਦੀ ਹੈ ਕਿ ਮਨੁੱਖ ਦੇ ਮਨ ਨੂੰ ਸਮੇਂ ਨਾਲ ਗੁਰਬਾਣੀ ਗਿਆਨ ਤੇ ਗੁਰਬਾਣੀ ਜੀਵਨ ਜਾਚ ਵਾਲਾ ਕੁੰਡਾ ਲਗਾਉਣ ਦੀ। ਜੇ ਕਰ ਅਜਿਹਾ ਨਹੀਂ ਹੁੰਦਾ ਤਾਂ ਮਨੁੱਖ ਨੂੰ ਪਤਾ ਵੀ ਨਹੀਂ ਲਗਦਾ ਕਿ ਕਦੋਂ ਇਹ ਤ੍ਰਿਸ਼ਨਾ ਤੋਂ ਪੈਦਾ ਹੋਇਆ ਮੰਗਾਂ ਵਾਲਾ ਰਸਤਾ, ਉਸ ਦੇ ਜੀਵਨ ਅੰਦਰ ਭਿਅੰਕਰ ਦੈਂਤ ਦਾ ਰੂਪ ਧਾਰਨ ਕਰ ਲੈਂਦਾ ਹੈ ਤੇ ਉਸ ਮਨੁੱਖ ਨੂੰ ਵੱਡੇ ਤੋਂ ਵੱਡੇ ਜੁਰਮਾਂ ਦੀ ਭਠੀ `ਚ ਝੋਂਕ ਦਿੰਦਾ ਹੈ।

ਦੂਜੇ ਪਾਸੇ, ਇਹ ਆਸ਼ਾਂਵਾਂ ਤੇ ਮੰਗਾਂ ਵਾਲਾ ਵਿਸ਼ਾ ਹੀ ਹੈ ਜਿਸਨੂੰ ਗੁਰਬਾਣੀ ਆਧਾਰ `ਤੇ ਸਮਝੇ ਬਿਨਾਂ ਅੱਜ ਸਮੂਚੇ ਤੌਰ ਤੇ ਸਾਰੇ ਮਨੁੱਖ ਸਮਾਜ ਦਾ ਨੁਕਸਾਨ ਹੋ ਰਿਹਾ ਹੈ। ਸੰਸਾਰ ਪੂਰੀ ਤਰ੍ਹਾਂ ਤਬਾਹੀ ਵੱਲ ਵਧ ਰਿਹਾ ਹੈ। ਇਸੇ ਤਰ੍ਹਾਂ, ਇਸੇ ਲੜੀ `ਚ ਅਜੋਕੀ ਕਮਜ਼ੋਰ ਗੁਰਮੱਤ ਪ੍ਰਚਾਰ ਪ੍ਰਣਾਲੀ ਕਾਰਨ ਹੀ ਗੁਰੂ ਕੀਆਂ ਸੰਗਤਾਂ ਦੇ ਜੀਵਨ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਸੰਭਲਣ ਦੀ ਲੋੜ ਹੈ।

ਇਹ ਵੀ ਸੱਚ ਹੈ ਕਿ ਗੁਰਬਾਣੀ ਅਨੁਸਾਰ ਵੀ ਜੀਵਨ ਦੀ ਮੰਗਾਂ ਤੇ ਅਸ਼ਾਵਾਂ ਤੋਂ ਰਹਿਤ ਭਾਵ ਜੀਵਨ ਦੀ ਸਫ਼ਲ ਅਵਸਥਾ ਤੱਕ ਵਿਰਲਿਆਂ ਨੇ ਹੀ ਪੁੱਜਣਾ ਹੁੰਦਾ ਹੈ। ਉਸ ਆਤਮਕ ਅਵਸਥਾ ਤੱਕ, ਜਿਥੇ ਪੁੱਜ ਕੇ ਜੀਵਨ ਚੋਂ ਆਸ਼ਾਵਾਂ-ਤ੍ਰਿਸ਼ਨਾ ਮੰਗਾ, ਚਿੰਤਾ, ਝੋਰੇ, ਭਟਕਣਾ ਸਭ ਖਤਮ ਹੋ ਜਾਂਦੇ ਹਨ। ਗੁਰਦੇਵ ਜੀਵਨ ਦੀ ਇਸ ਸਫ਼ਲ ਅਵਸਥਾ ਬਾਰੇ ਫ਼ੁਰਮਾਉਂਦੇ ਹਨ “ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ’ (ਪੰ: ੧੪੧੧) ਭਾਵ ਉਹ ਥੋੜੇ ਹੁੰਦੇ ਹਨ ਜੋ ਜੀਵਨ ਦੀ ਅਜਿਹੀ ਟਿਕਾਅ ਵਾਲੀ ਉੱਤਮ ਆਤਮਕ ਤੇ ਸੰਤੋਖੀ ਅਵਸਥਾ `ਚ ਪੁਜਦੇ ਹਨ।

ਇਸ ਦੇ ਨਾਲ ਇਹ ਵੀ ਗੁਰਬਾਣੀ ਦਾ ਹੀ ਸੱਚ ਹੈ ਕਿ ਤ੍ਰਿਸ਼ਨਾ ਤੇ ਮੰਗਾਂ ਵਾਲੇ ਰਸਤੇ `ਚੋਂ ਸਾਰਿਆਂ ਨੇ ਲੰਙਣਾ ਹੁੰਦਾ ਹੈ। ਇਸ ਲਈ ਯੋਗ ਗੁਰਮੱਤ ਪ੍ਰਚਾਰ ਦਾ ਮਕਸਦ ਹੀ ਮੰਗਾਂ ਵਾਲੀ ਪ੍ਰਵਰਿਤੀ ਨੂੰ ਗੁਰਬਾਣੀ ਆਸ਼ੇ ਅਨੁਸਾਰ ਸੇਧ ਦੇਣਾ ਹੁੰਦਾ ਹੈ। ਇਸ ਰਾਹੀਂ ਇਹ ਦੇਖਣਾ ਹੁੰਦਾ ਹੈ ਕਿ ਮਨੁੱਖ ਦੀ ਮੰਗਾਂ ਵਾਲੀ ਇਹ ਕੁਦਰਤੀ ਭੁਖ ਤੇ ਪ੍ਰਵਰਿਤੀ, ਇਸ ਦੇ ਜੀਵਨ ਦੀਆਂ ਮੂਲ ਲੋੜਾਂ ਤੋਂ ਵੀ ਟੱਪ ਕੇ ਕਿਧਰੇ ਤ੍ਰਿਸ਼ਨਾ ਦੀ ਅੱਗ ਦਾ ਰੂਪ ਹੀ ਧਾਰਨ ਨਾ ਕਰ ਲਵੇ। (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 74-I

ਮੰਗਾਂ ਅਤੇ ਗੁਰੂ ਕੀਆਂ ਸੰਗਤਾਂ (ਭਾਗ ਪਹਿਲਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.