.

ੴਸਤਿਨਾਮ

ਇਸਟ ਮੀਤ ਜਾਣੁ ਸਭ ਛਲੈ

ਕੁਝ ਵੀ ਲਿਖਣ ਤੋਂ ਪਹਿਲੇ, ਸਭ ਲਿਖਾਰੀ, ਵਿਦਵਾਨ ਅਤੇ ਪ੍ਰਚਾਰਕ ਵੀਰਾਂ ਨੂੰ ਨਿਮਰਤਾ ਸਾਹਿਤ ਦਾਸ ਦੀ ਬੇਨਤੀ ਹੈ ਜੀ, ਕਿ ਕੀ ਆਪ ਜੀ ਨੂੰ ਲੱਗਦਾ ਹੈ, ਕਿ ਦਾਸ ਆਪ ਸੱਭ ਵਿਚੋਂ, ਕਿਸੇ ਦੇ ਵੀ ਖਿਲਾਫ ਲਿਖ ਰਿਹਾ ਹੈ। ਕਿਸੇ ਨਾਲ ਈਰਖਾ ਕਰਦਾ ਹੈ, ਕਿਸੇ ਦੀ ਨਿੰਦਾ ਕਰ ਰਿਹਾ ਹੈ, ਜਾਂ ਗੁਰਬਾਣੀਂ ਦੇ ਉਲਟ ਲਿਖ ਰਿਹਾ ਹੈ। ਤਾਂ ਕਿਰਪਾ ਕਰ ਦੱਸ ਦਿਉ ਜੀ, ਦਾਸ ਲਿਖਣਾਂ ਬੰਦ ਕਰ ਦੇਵਾਂ ਗਾ ਜੀ।

ਕੀ ਸਾਰੀ ਕੌਮ ਵਿੱਚ ਗੁਰਬਾਣੀਂ ਤੋਂ ਵਡਾ ਕੋਈ ਹੋਰ ਹੈ। ਗੁਰਬਾਣੀਂ ਨਾਲ ਹੀ ਗੁਰੂ ਗ੍ਰੰਥ ਸਾਹਿਬ ਹੈ। ਗੁਰਬਾਣੀਂ ਹੀ ਗੁਰੂ ਹੈ, ਜਦ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਮਿਲੀ ਹੈ। ਅਤੇ ਅਸੀਂ ਇਸ ਨੂੰ ਗੁਰੂ ਮੰਨਣਾਂ ਸ਼ੁਰੂ ਕੀਤਾ ਹੈ। (ਉਦੋਂ ਤੋਂ ਲੈ ਕੇ ਅੱਜ ਤੱਕ) ਪਹਿਲੀ ਗੱਲ ਵਿਚਾਰਨ ਵਾਲੀ ਇਹ ਹੈ, ਕਿ ਕੀ ਸਾਨੂੰ ਪਤਾ ਹੈ ਕਿ ਗਰੂ ਨੂੰ ਮੰਨਣਾਂ ਕੀ ਹੁੰਦਾ ਹੈ।

ਗੁਰੂ ਦਾ ਹੁਕਮ ਮੰਨਣਾਂ ਹੀ ਗੁਰੂ ਨੂੰ (ਅਸਲ) ਮੰਨਣਾਂ ਹੁੰਦਾ ਹੈ। (ਕੀ ਇਹ ਗਲਤ ਹੈ) ਬਾਕੀ ਸੱਭ ਮਨੌਤਾਂ ਇਸ਼ਟ ਪੂਜਾ ਵਿੱਚ ਆਉਂਦੀਆਂ ਹਨ। ਅਤੇ ਉਹ ਮਨੌਤਾਂ ਇਸ ਤਰਾਂ ਹੀ ਹਨ, ਜਿਵੇਂ ਕੇ ਦੂਸਰੇ ਹਰ ਧਰਮ ਦਾ ਆਪਣਾਂ ਆਪਣਾਂ ਕੋਈ ਨਾਂ ਕੋਈ ਇਸ਼ਟ ਹੁੰਦਾ ਹੈ। ਅਤੇ ਉਹ ਆਪਣੇਂ ਆਪਣੇਂ ਧਰਮ ਅਨੂਸਾਰ ਇਸ਼ਟ ਦੀ ਪੂਜਾ ਕਰਦੇ ਹਨ। ਅਤੇ ਉਸ ਤਰਾਂ ਦੀ ਇਸ਼ਟ ਪੂਜਾ ਦੇ ਖਿਲਾਫ ਆਮ ਲਿਖਾਰੀ ਲਿਖਦੇ ਵੀ ਰਹਿੰਦੇ ਹਨ, ਪਰ ਗੁਰੂ ਨੂੰ ਕਿਸ ਤਰਾਂ ਮੰਨਣਾਂ ਹੈ ਇਹ ਕੋਈ ਵੀ ਨਹੀਂ ਦੱਸਦਾ। ਜੇ ਆਪ ਮੇਰੀ ਗੁਸਤਾਖੀ ਨੂੰ ਮਾਫ ਕਰ ਦੇਵੋ, ਤਾਂ ਦਾਸ ਨੂੰ ਤਾਂ ਜਾਪਦਾ ਹੈ, ਕਿ ਗੁਰੂ ਨੂੰ ਕੋਈ ਵੀ ਨਹੀਂ ਮੰਨਦਾ। ਬਾਕੀਆਂ ਨੂੰ ਛੱਡੋ ਜੇ ਆਪ ਸੱਭ (ਲਿਖਾਰੀ, ਵਿਦਵਾਨ ਤੇ ਪ੍ਰਚਾਰਕਾਂ) ਵਿਚੋਂ ਕੋਈ ਮੰਨਦਾ ਹੈ, ਤਾਂ ਕਿਰਪਾ ਕਰਕੇ ਗੁਰੂ ਨੂੰ ਮੰਨਣ ਦਾ ਤਰੀਕਾ, ਆਪ ਜਰੂਰ ਦੱਸੋ ਜੀ, ਤਾਂ ਜੋ ਇਸ ਨਾਲ ਬਾਕੀਆਂ ਨੂੰ ਵੀ ਫਾਇਦਾ ਹੋ ਜਾਵੇ ਜੀ। ਅਤੇ ਸਾਰੇ ਹੀ ਗੁਰੂ ਦੇ ਲੜ ਲੱਗ ਸਕਣ ਜੀ। ਬਾਕੀ ਇਸ਼ਟ ਪੂਜਾ, ਜਾਂ ਇਸ਼ਟ ਬਾਰੇ ਗੁਰੂ ਦਾ ਕੀ ਹੁਕਮ ਹੈ, ਇਹ ਹੁਕਮ ਆਪਾਂ ਅਗਲੀਆਂ ਪੰਗਤੀਆਂ ਵਿੱਚ ਪੜ੍ਹਦੇ ਹਾਂ।

ਸਭ ਤੋਂ ਪਹਿਲੇ ਇਹ ਸਮਝਣਾਂ ਜਰੂਰੀ ਹੈ ਕੇ ਇਸ਼ਟ ਕੀ ਹੁੰਦਾ ਹੈ। ਇਸ਼ਟ ਹੁੰਦਾ ਹੈ ਜੋ ਸਾਡਾ ਜਾਂ ਕਿਸੇ ਦਾ ਵੀ ਪੂਜਯ ਹੋਵੇ, ਜਿਸ ਦੀ ਅਸੀਂ ਉਪਾਸਨਾਂ ਕਰਦੇ ਹਾਂ, ਕਿਸੇ ਦਾ ਇਹ ਇਸ਼ਟ ਕੋਈ ਦੇਵਤਾ ਵੀ ਹੋ ਸੱਕਦਾ ਹੈ, ਜਾਂ ਕਿਸੇ ਦਾ ਕੋਈ ਧਰਮ, ਜਾਂ ਧਰਮ ਦਾ ਕੋਈ ਕੰਮ ਵੀ ਹੋ ਸੱਕਦਾ ਹੈ। ਜਾਂ ਜਿਸਨੂੰ ਅਸੀਂ ਕਿਸੇ ਧਾਰਮਿਕ ਨੁਕਤੇ ਤੋਂ ਚਾਹੁੰਦੇ ਹੋਈਏ। ਆਦੀ ਸਭ ਇਸ਼ਟ ਕਹਾਉਂਦਾ ਹੈ। ਸੱਭ ਦੇ ਵੱਖ ਵੱਖ ਇਸ਼ਟ ਹਨ, ਸੱਭ ਨੂੰ ਆਪਣੇਂ ਆਪਣੇਂ ਇਸ਼ਟ ਨਾਲ ਪਿਆਰ ਹੈ। ਅਤੇ ਕਿਸੇ ਵੀ ਇਸ਼ਟ ਦੇ ਵੱਖਰੇ ਵੱਖਰੇ ਦਰਜੇ ਵੀ ਹੁੰਦੇ ਹਨ, ਇਹ ਇੱਕ ਵੱਖਰੀ ਗੱਲ ਹੈ। ਇਸ਼ਟ ਇੱਕ ਐਸਾ ਜਾਣਿਆਂ ਪਛਾਣਿਆਂ ਸ਼ਬਦ ਹੈ। ਕਿ ਕਿਸੇ ਨੂੰ ਵੀ ਕਹੀਏ, ਕੇ ਤੇਰਾ ਇਸ਼ਟ ਕੀ ਹੈ, ਜਾਂ ਕੌਣ ਹੈ, ਤਾਂ ਕੋਈ ਵੀ ਬਿਨਾਂ ਸੋਚੇ ਝੱਟ ਹੀ ਉੱਤਰ ਦੇ ਦੇਵੇ ਗਾ, ਕੇ ਮੇਰਾ ਇਸ਼ਟ ਤਾਂ ਇਹ ਹੈ। ਅਤੇ ਜੇ ਕਿਸੇ ਨੂੰ ਅਗੋਂ ਇਹ ਕਹਿ ਦੇਈਏ, ਕੇ ਤੇਰਾ ਇਸ਼ਟ ਤਾਂ, ਝੂਠਾ ਹੈ, ਛਲਾਵਾ ਹੈ, ਇਹ ਕਿਸੇ ਵੀ ਕੰਮ ਨਹੀਂ ਆਉਣਾਂ, ਤਾਂ ਅਗੋਂ ਕੀ ਪ੍ਰਤੀ ਕਿਰਿਆ ਹੋਵੇ ਗੀ। ਦੱਸਣ ਦੀ ਜਰੂਰਤ ਨਹੀਂ ਹੈ।

ਗੁਰੂ ਅਰਜਨ ਦੇਵ ਜੀ ਮਹਾਂਰਾਜ ਜੀ ਦੱਸਦੇ ਹਨ, ਇਸਟ ਮੀਤ ਜਾਣੁ ਸਭ ਛਲੈ॥ ਇਹ ਇਸ਼ਟ ਵਗੈਰਾ ਸੱਭ ਛਲ ਹੈ, ਕਪਟ ਹੈ, ਧੋਖਾ ਹੈ, ਫਰੇਬ ਹੈ, ਠੱਗੀ ਹੈ। ਪਰ ਕਿਉਂ ਅਤੇ ਕਿਵੇਂ, ਇਸ ਵਿੱਚ ਕੀ ਠੱਗੀ ਹੈ, ਇਹ ਸਿਰਫ ਗੁਰਮੁਖ ਹੀ ਜਾਣ ਸੱਕਦਾ ਹੈ। (ਜੇ ਹਰੀ ਠੱਗ ਹੋ ਸੱਕਦਾ ਹੈ, ਤਾਂ ਇਸ਼ਟ ਛਲ ਧੋਖਾ ਕਿਉਂ ਨਹੀਂ ਹੋ ਸੱਕਦਾ!)

ਤੇਰੈ ਕਾਜਿ ਨ ਗ੍ਰਿਹੁ ਰਾਜੁ ਮਾਲੁ॥ ਤੇਰੈ ਕਾਜਿ ਨ ਬਿਖੈ ਜੰਜਾਲੁ॥ ਇਸਟ ਮੀਤ ਜਾਣੁ ਸਭ ਛਲੈ॥ ਹਰਿ ਹਰਿ ਨਾਮੁ ਸੰਗਿ ਤੇਰੈ ਚਲੈ॥ ੧॥ (੮੮੯

ਗੁਰੂ ਜੀ ਦੱਸਦੇ ਹਨ, ਇੱਕ ਨਾਮ ਤੋਂ ਬਿਨਾਂ (ਨਾਮ ਤੋਂ ਲੁਕਨ ਦੀ ਤਾਂ ਬਹੁਤ ਕੋਸ਼ਿਸ਼ ਕਰੀ ਦੀ ਹੈ, ਪਰ ਫਿਰ ਵੀ ਨਾਮ ਕਿਤੇ ਨਾਂ ਕਿਤੇ ਅੱਗੇ ਆਣ ਹੀ ਖਲੋਂਦਾ ਹੈ, ਅਤੇ ਸਾਰੀ ਗੱਲ ਹੀ ਬਦਲ ਦੇਂਦਾ ਹੈ, ਕੀ ਕਰੀਏ!) ਹੋਰ ਕਿਸੇ ਵੀ, ਕਾਜਿ, ਗ੍ਰਿਹੁ, ਰਾਜੁ, ਮਾਲੁ, ਇਸਟ, ਮੀਤ, ਨੇਂ ਕੰਮ ਨਹੀਂ ਆਉਣਾਂ, ਇਹ ਸੱਭ ਜੰਜਾਲ (ਜਗਜਾਲ) ਹੈ, ਬੰਧਨ ਹੈ ਝਮੇਲਾ ਹੈ, ਬਖੇੜਾ ਹੈ, ਠੱਗੀ ਹੈ। ਇੱਕ ਤਰਾਂ ਨਾਲ ਫਸਾਉਣ ਵਾਲਾ ਜਾਲ ਹੈ। ਇੱਕ ਨਾਮ ਤੋਂ ਬਿਨਾਂ ਕਿਸੇ ਨੇਂ ਵੀ ਕੰਮ ਨਹੀਂ ਆਉਣਾਂ, ਕਿਸੇ ਨੇਂ ਵੀ ਨਾਲ ਨਹੀਂ ਜਾਣਾਂ। ਜੇ ਤਾਂ ਗਰੂ ਦਾ ਬਚਨ ਸੱਚ ਹੈ, ਤਾਂ ਇਸ ਵਾਸਤੇ, ਕੀ ਨਾਮ ਦੀ ਵਿਚਾਰ ਜਰੂਰੀ ਨਹੀਂ ਹੈ (ਪਰ ਇਹ “ਵਿਚਾਰ” ਲਫਜ਼ ਵੀ ਬਹੁਤ ਧੋਖੇਬਾਜ਼ ਹੈ, ਇਸ ਦਾ ਵੀ ਪਤਾ ਨਹੀਂ ਲੱਗਦਾ ਕੇ ਇਸ ਲਫਜ਼ (ਵਿਚਾਰ) ਦਾ ਅਸਲ ਮਤਲਬ ਕੀ ਹੈ। ਅਸੀਂ ਕਿਸੇ ਵਿਸ਼ੇ ਤੇ ਵੱਖ ਵੱਖ ਭਾਸ਼ਨ ਦੇਣ ਨੂੰ ਵਿਚਾਰ ਕਹਿੰਦੇ ਹਾਂ। ਲੱਗਦਾ ਹੈ ਸਾਨੂੰ ਵਿਚਾਰ ਦੇ ਮਹਿਨੇਂ ਦਾ ਵੀ ਨਹੀਂ ਪਤਾ।)

ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ॥ ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨੑ ਪੇਖਤ ਹੀ ਕਾਲਿ ਗ੍ਰਸਿਆ॥ ੨॥ ੪੯੭

ਇਸਟ, ਧਰਮ, ਕੌਮ, ਮੀਤ, ਬੰਧਪ (ਰਿਸਤੇਦਾਰ), ਸੁਤ, ਭਾਈ, ਬਨਿਤਾ (ਇਸਤਰੀ) ਜਿਨ੍ਹਾਂ ਨਾਲ ਸਾਰੀ ਉਮਰ ਰਚਮਿਚ ਕੇ (ਗੂਹੜਾ ਪਿਆਰ ਪਾ ਕੇ) ਹੱਸ ਹੱਸ ਕੇ ਗੁਜ਼ਾਰੀ ਸੀ। ਅੰਤ ਵੇਲੇ ਕੋਈ ਵੀ ਕੰਮ ਨਹੀਂ ਆਉਂਦਾ, ਇਹਨਾਂ ਸਾਰਿਆਂ ਦੇ ਸਾਹਮਣੇਂ ਵੇਖਦਿਆਂ ਹੀ, ਕਾਲ ਝਪਟ ਮਾਰ ਕੇ ਲੈ ਜਾਂਦਾ (ਖਾ ਜਾਂਦਾ/ ਗ੍ਰਾਸ ਬਨਾ ਲੈਦਾ ਹੈ) ਹੈ। ਕੋਈ ਵੀ ਨਹੀਂ ਛੁਡਾਉਂਦਾ।

ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥ ੧॥ (੭੦੦

ਇਹ ਮਾਤਾ, ਇਹ ਪਿਤਾ, ਇਹ ਇਸਤਰੀ, ਇਹ ਪੁੱਤਰ, ਇਹ ਸਾਰੇ ਰਿਸਤੇਦਾਰ, ਇਹ ਮਿੱਤਰ ਬੇਲੀ, ਇਹ ਭਰਾ, ਅਤੇ (ਆਪਣਾਂ ਆਪਣਾਂ) ਇਸ਼ਟ, ਇਹ ਤਾਂ ਪਿਛਲੇ ਜਨਮਾਂ ਦੇ ਸੰਜੋਗ ਨਾਲ ਮਿਲੇ ਹਨ, ਸੰਜੋਗ ਖਤਮ ਹੋ ਗਏ (ਭੁਗਤੇ ਗਏ) ਕਹਾਣੀਂ ਖਤਮ। (ਅੰਤ ਵੇਲੇ ਇਹਨਾਂ ਸਾਰਿਆਂ ਵਿਚੋਂ ਕੋਈ ਵੀ ਸੰਜੋਗੀ) , (ਚਾਹੇ ਇਸ਼ਟ ਹੀ ਕਿਉਂ ਨਾਂ ਹੋਵੇ) ਕੋਈ ਵੀ ਸਹਾਇਤਾ ਨਹੀਂ ਕਰਦਾ, ਕੋਈ ਵੀ ਨਾਲ ਨਹੀਂ ਜਾਂਦਾ। ਅਗਲੇ ਜਨਮ ਵਿਚ, ਕਰਮਾਂ ਦੇ ਹਿਸਾਬ ਜਾਂ ਸੰਜੋਗ ਦੇ ਹਿਸਾਬ ਨਾਲ, ਫਿਰ ਨਵੇਂ ਸਿਰੇ ਤੋਂ ਨਵੇਂ ਰਿਸਤੇ ਦਾਰ ਬਣਨ ਗੇ, ਅਤੇ ਸੰਜੋਗਾਂ ਦੇ ਹਿਸਾਬ ਨਾਲ ਹੀ ਨਵਾਂ ਹੀ ਇਸ਼ਟ ਮਿਲੇ ਗਾ। ਅਗਲਾ ਇਸ਼ਟ ਕੋਈ ਵੀ ਹੋ ਸੱਕਦਾ ਹੈ, ਇਹ ਤਾਂ ਸੰਜੋਗਾਂ (ਕਰਮਾਂ) ਤੇ ਨਿਰਭਰ ਕਰਦਾ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ॥ ਮਿਸਾਲ ਦੇ ਤੌਰ ਤੇ, ਆਮ ਕਰਕੇ ਧੀ ਜਾਂ ਜਵਾਈ ਉਹ ਮਿਲਦਾ ਹੈ, ਜਿਸ ਦਾ ਪਿਛਲੇ ਜਨਮ ਵਿੱਚ ਕਰਜਾ ਦੇਣਾਂ ਹੁੰਦਾ ਹੈ। ਉਹ ਧੀ ਜਾਂ ਜਵਾਈ ਬਨ ਕੇ ਕਰਜਾਂ ਵਸੂਲ ਕਰਦਾ ਹੈ। (ਇਹੀ ਸੰਜੋਗ ਹੈ, ਕਿਸੇ ਦਾ ਦੇਣਾਂ ਹੈ, ਕਿਸੇ ਤੋਂ ਲੈਣਾਂ ਹੈ, ਕੋਈ ਦੇ ਰਿਹਾ ਹੈ, ਕੋਈ ਲੈ ਰਿਹਾ ਹੈ) ਆਮ ਕਰਕੇ ਅਗਲਾ ਇਸਟ ਉਹ ਮਿਲਦਾ ਹੈ, ਜਿਸ ਦੀ ਇਸ ਜਨਮ ਵਿੱਚ ਨਿੰਦਾ ਕੀਤੀ ਹੁੰਦੀ ਹੈ। ਕਿਉਂ ਕੇ ਹਰੀ ਤਾਂ ਤਿਲ ਤਿਲ ਦਾ ਹਿਸਾਬ ਲੈਂਦਾ ਹੈ, ਨਿੰਦਾ ਦੇ ਬਦਲੇ ਉਸਤਤ ਜਾਂ ਮਾਨਤਾ (ਉਪਾਸ਼ਨਾਂ) ਕਰਵਾ ਕੇ ਨੱਕ ਰਗੜਾ ਕੇ, ਬਦਲਾ ਪੂਰਾ ਕਰਦਾ ਹੈ। ਇਸੇ ਕਰਕੇ ਹੀ ਗੁਰੂ ਜੀ ਇਸ਼ਟ ਨੂੰ ਵੀ ਛਲ ਕਹਿੰਦੇ ਹਨ। ਜੇ ਅਜੇਹੀਆਂ ਗੱਲਾਂ ਦੀ ਕਿਸੇ ਨੂੰ ਸਮਝ ਹੋਵੇ, ਤਾਂ ਇਸ ਨੂੰ “ਛਲ” ਹੀ ਕਿਉਂ ਕਹੀਏ। (ਇਹ ਛਲ ਤਾਂ ਗੁਰੂ ਹੀ ਦਰਸਾ ਸਕਦਾ ਹੈ, ਗੁਰੂ ਹੀ ਦੂਰ ਕਰ ਸੱਕਦਾ ਹੈ) ਇਹ ਠੱਗੀ ਹੈ, ਅਤੇ ਹਰ ਮਨੁੱਖ ਬੜੇ ਆਰਾਮ ਨਾਲ ਠੱਗਿਆ ਜਾਂਦਾ ਹੈ।

ਅੱਜ ਜਿਹੜੇ ਸਾਨੂੰ ਭੁੱਲੇ ਹੋਏ ਜਾਪਦੇ ਹਨ, ਜਿਨਾਂ ਨੂੰ ਅਸੀਂ ਗਾਹਣਾਂ ਕੱਢਦੇ ਹਾਂ, ਉਹ ਭੁੱਲੇ ਹੋਇ ਨਹੀਂ ਹਨ।

ਮਃ ੩॥ ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ॥ ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ॥ ੯੪੯

ਜਿੰਨ੍ਹਾਂ ਦੇ ਚਿੱਤ ਵਿੱਚ ਅੱਜ ਭਰਮ ਪਏ ਹੋਏ ਹਨ, ਜੋ ਅੱਜ ਬ੍ਰਾਹਮਣੀਂ ਕਰਮ ਕਰਦੇ ਹਨ, ਉਹ ਵੀ ਭੁੱਲੇ ਹੋਇ ਨਹੀਂ ਹਨ। ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ ਜਿੰਨ੍ਹਾਂ ਧਰਮਾਂ ਵਾਲਿਆਂ ਦੀ ਅਸੀਂ ਨਿੰਦਾ ਕਰਦੇ ਹਾਂ, ਜਿੰਨ੍ਹਾਂ ਧਰਮਾਂ ਨੂੰ ਅਸੀਂ ਕੋਸਦੇ ਹਾਂ। ਇਸ ਵਿੱਚ ਉਹਨਾਂ ਦਾ ਕੀ ਕਸੂਰ, ਜਿਹੋ ਜਿਹੇ ਵੀ ਉਹਨਾਂ ਦੇ ਧਰਮ ਹਨ, ਇਹ ਤਾਂ ਪ੍ਰਮਾਤਮਾਂ ਨੇਂ ਦਿੱਤੇ ਹਨ। (ਇਹ ਕਹਿਣਾਂ ਹੈ, ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ ਜੀ ਦਾ, ਭਾਵੇਂ ਕੋਈ ਮੰਨੇ ਜਾਂ ਨਾਂ ਮੰਨੇਂ)

ਦੁਨੀਆਂ ਨੂੰ ਅਜੇਹੇ ਧੰਦਿਆਂ ਵਿੱਚ ਲਾ ਕੇ ਆਪ (ਹਰੀ) ਛੁਪ ਗਿਆ ਹੈ, ਦੁਨੀਆ ਧੰਧੈ ਲਾਇ ਆਪੁ ਛਪਾਇਆ (ਗੁਰੂ ਉਸ ਨੂੰ ਪਕੜ ਕੇ ਕੱਢ ਲੈਂਦਾ ਹੈ)

ਦੁਨੀਆ ਧੰਧੈ ਲਾਇ ਆਪੁ ਛਪਾਇਆ॥ ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ॥ ੩॥ (੧੨੮੦

ਇਹ ਜੋ ਕਰਮ ਜਾਂ ਧਰਮ ਹਨ, ਜੋ ਕੋਈ ਵੀ ਕਰਦਾ ਹੈ, ਇਹ ਤਾਂ ਧੁਰੋਂ ਹੁਕਮ ਹੈ, ਇਸ ਵਿੱਚ ਜਿਨਾਂ ਨੂੰ ਅਸੀਂ ਦੋਸ਼ ਦੇਂਦੇ ਹਾਂ, ਇਸ ਵਿੱਚ ਉਹਨਾਂ ਦਾ ਕੀ ਦੋਸ਼, ਕਿਸੇ ਦਾ ਵੀ ਕੀ ਦੋਸ਼। ਕਰਮ ਧਰਮ ਪ੍ਰਭਿ ਮੇਰੈ ਕੀਏ॥ ਮਰਨ ਤੋਂ ਬਾਦ ਕੋਈ ਧਰਮ ਨਹੀਂ ਰਹਿ ਜਾਂਦਾ।

ਆਪਣੇਂ ਆਪਣੇਂ ਧਰਮ ਅਨੂਸਾਰ, ਇਸ਼ਟ ਦੀ ਉਪਾਸ਼ਨਾਂ, (ਪੂਜਾ) ਕਰਮਕਾਂਡ, ਜਿਹੜੇ ਜਿਹੜੇ ਢੰਗਾਂ ਨਾਲ ਵੀ ਕੋਈ ਕਰਦਾ ਹੈ, ਇਹ ਸੱਭ ਹਰੀ ਦੇ ਹੁਕਮ (ਮਰਜ਼ੀ) ਮੌਜ ਤੇ ਮੁਨੱਸਰ ਕਰਦਾ ਹੈ, ਕਿ ਹਰੀ ਨੂੰ ਕੀ ਭਾਉਂਦਾ ਹੈ। ਇਹ ਸਾਰੇ ਕਰਮਕਾਂਡਾਂ ਬਾਰੇ ਅਗਲੇ ਸ਼ਬਦ ਵਿੱਚ ਗੁਰੂ ਨਾਨਕ ਜੀ ਸਾਨੂੰ ਦੱਸਦੇ ਹਨ। ਨਾਲ ਹੀ ਇਹ ਵੀ ਦੱਸ ਰਹੇ ਹਨ, ਕਿ ਇਹ ਸਾਰੇ ਕਰਮਕਾਂਡ ਕੂੜੇ ਹਨ, ਫਿਰ ਵੀ ਹਰੀ ਨੂੰ ਇਹੋ ਹੀ ਭਾਉਂਦਾ ਹੈ, ਸਗਲੇ ਕੂੜੁ ਕਮਾਵਹਿ। ਅਤੇ ਉਹ (ਹਰੀ) ਸਾਡੇ ਪਾਸੋਂ ਇਹੀ ਕੂੜ ਕਰਵਾ ਰਿਹਾ ਹੈ। (ਜਦੋਂ ਇਹ ਬਾਜ਼ੀਂ ਰਚੀ ਗਈ ਸੀ, ਉਦੋਂ ਤੋਂ ਲੈਕੇ ਅੱਜ ਤੱਕ, ਨਾਂ ਤਾਂ ਅੱਜ ਹਰੀ ਬਦਲ ਗਿਆ ਹੈ, ਅਤੇ ਨਾਂ ਹੀ ਗੁਰੂ ਨਾਨਕ ਦਾ ਸੱਚ ਬਦਲ ਗਿਆ ਹੈ। ਬਲਿਕੇ ਕਲਯੁਗ ਦਾ ਪ੍ਰਭਾਵ ਹੋਰ ਜਿਆਦਾ ਵਧ ਗਿਆ ਹੈ।)

ਸਲੋਕੁ ਮਃ ੧॥ ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ॥ ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ॥ ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ॥ ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ॥ ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ॥ ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ॥ ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ॥ ਨਾਨਕੁ ਏਕ ਕਹੈ ਬੇਨμਤੀ ਹੋਰਿ ਸਗਲੇ ਕੂੜੁ ਕਮਾਵਹਿ॥ ੧॥ ੧੪੫ ਇਹ ਸਭ ਹਰੀ ਦੀ ਮੌਜ ਤੇ ਨਿਰਭਰ ਹੈ, ਕਿ ਕਿਸ ਜਨਮ ਵਿੱਚ ਕਿਸੇ ਦਾ ਕਿਸ ਇਸ਼ਟ ਜਾਂ ਧਰਮ ਕਰਮ ਨਾਲ ਸੰਜੋਗ ਜੋੜਨਾਂ ਹੈ। ਅਤੇ ਕਿਸੇ ਪਾਸੋਂ ਕਿਸ ਜਨਮ ਵਿੱਚ ਕਿਹੜਾ ਕਰਮ ਕਾਂਡ ਕਰਵਾਉਣਾਂ ਹੈ। (ਕੀ ਅਸੀਂ ਗੁਰਬਾਣੀਂ ਦੀ ਇਸ ਗੱਲ ਨੂੰ ਮੰਨਦੇ ਹਾਂ?)

ਨਾਨਕੁ ਏਕ ਕਹੈ ਬੇਨμਤੀ ਹੋਰਿ ਸਗਲੇ ਕੂੜੁ ਕਮਾਵਹਿਸ਼ਬਦ ਦੀ ਇਸ ਅਖੀਰਲੀ ਪੰਗਤੀ ਵਿੱਚ ਆਇਆ ਲਫਜ਼ “ਹੋਰਿ” ਇਸ ਪੂਰੀ ਪੰਗਤੀ ਨੂੰ ਦੋ ਹਿਸਿਆਂ ਵਿੱਚ ਵੰਡ ਦੇਂਦਾ ਹੈ। ਇਸ ਪੰਗਤੀ ਵਿੱਚ ਇੱਕ ਬੇਨਤੀ ਕੀਤੀ ਗਈ ਹੈ, ਨਾਨਕੁ ਏਕ ਕਹੈ ਬੇਨμਤੀ ਭਾਵ ਇੱਕ “ਬੇਨਤੀ” ਤੋਂ ਬਿਨਾਂ ਹੋਰ ਜੋ ਵੀ ਕੋਈ ਕਰਮਕਾਂਡ ਹਨ (ਜਿੰਨ੍ਹਾਂ ਦਾ ਕਿ ਇਸ ਸ਼ਬਦ ਵਿੱਚ ਜਿਕਰ ਹੈ) ਉਹ ਸੱਭ ਕੂੜ ਹਨ। ਪਰ ਗੁਰੂ ਨਾਨਕ ਜੀ ਨੇਂ ਇਹ ਸਪੱਸ਼ਟ ਨਹੀਂ ਕੀਤਾ ਕੇ ਉਹ ਬੇਨਤੀ ਕਿਹੜੀ/ਕੀ ਹੈ। (ਇਹ ਇੱਕ ਰਮਜ ਹੈ, ਇੱਕ ਇਸ਼ਾਰਾ ਹੈ, ਜਿਸ ਨੂੰ ਬੁੱਝਣਾਂ ਹੈ।)

ਸੁਤ ਬਨਿਤਾ ਆਪਨ ਨਹੀ ਭਾਈ॥ ਇਸਟ ਮੀਤ ਆਪ ਬਾਪੁ ਨ ਮਾਈ॥ ੨॥ ਸੁਇਨਾ ਰੂਪਾ ਫੁਨਿ ਨਹੀ ਦਾਮ॥ ਹੈਵਰ ਗੈਵਰ ਆਪਨ ਨਹੀ ਕਾਮ॥ ੩॥ ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ॥ ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ॥ ੪॥ ੩੭ (੧੮੭

ਪੁੱਤਰ ਵੀ ਆਪਣਾਂ ਨਹੀਂ ਹੈ, ਇਸਤਰੀ ਵੀ ਆਪਣੀਂ ਨਹੀਂ ਹੈ, ਹੋਰ ਕਿਸੇ ਵੀ ਚੀਜ ਨੇਂ ਕੰਮ ਨਹੀਂ ਆਉਣਾਂ, ਗੁਰੂ ਜੀ ਕਹਿੰਦੇ ਹਨ, ਜਿਸ ਨੂੰ ਗੁਰੂ ਨੇਂ ਬਖਸ਼ ਕੇ ਆਪਣੇਂ ਨਾਲ ਮਿਲਾ ਲਿਆ ਹੈ। ਫਿਰ ਹਰੀ ਵੀ ਉਸੇ ਦਾ ਹੈ, ਅਤੇ ਬਾਕੀ ਸੱਭ ਵੀ ਉਸੇ ਦਾ ਹੈ। ਸਾਰੀ ਧਰਤੀ, ਖੰਡ ਬ੍ਰਹਿਮੰਡ, ਸਾਰੀ ਕਾਇਨਾਤ ਉਸੇ ਦੀ ਹੀ ਹੈ। (ਫਿਰ ਅਸੀਂ ਕਹਿ ਸੱਕਦੇ ਹਾਂ, ਕਿ ਪੁੱਤਰ ਵੀ ਆਪਣਾਂ ਹੈ, ਅਤੇ ਇਸਤਰੀ ਵੀ ਆਪਣੀਂ ਹੈ, ਕਿਉਂ ਕੇ ਫਿਰ ਅਸੀਂ ਸੱਚੇ ਸੰਗੀ ਬਣ ਜਾਂਦੇ ਹਾਂ, ਅਤੇ ਇਹ ਸੰਗ ਉਦੋਂ ਤੱਕ ਨਹੀਂ ਟੁੱਟਦਾ, ਜਦ ਤੱਕ ਪ੍ਰਮਾਤਮਾਂ ਦੀ ਹੋਂਦ ਰਹੇ ਗੀ)। (ਇਸਟ ਮੀਤ ਆਪ ਬਾਪੁ ਨ ਮਾਈ। ਕਿਸੇ ਦਾ ਵੀ ਇਸ਼ਟ ਕਿਸੇ ਦੇ ਕੰਮ ਨਹੀਂ ਆਉਣਾਂ। ਕੀ ਅਸੀਂ ਗੁਰਬਾਣੀਂ ਦੇ ਸੱਚ ਨੂੰ ਮੰਨ ਸੱਕਦੇ ਹਾਂ)

(ਬਾਣੀਂ ਕਹਿੰਦੀ ਹੈ, ਹਰੀ ਠੱਗ ਹੈ, ਇਸ਼ਟ ਛਲ ਹੈ, ਧਰਮ ਪਖੰਡ ਹੈ, ਤਾਂ ਫਿਰ ਅਸੀਂ ਕੀ ਕਰੀਏ! ਕਿੱਥੇ ਜਾਈਏ! । ਕਿਤੇ ਵੀ ਜਾਣ ਦੀ ਲੋੜ ਨਹੀਂ, ਸਿਰਫ ਗੁਰੂ ਨੂੰ ਪੁਛੀਏ। ਜੇ ਅਸੀਂ ਸੱਚ ਮੁੱਚ ਗੁਰੂ ਨੂੰ ਮੰਨਦੇ ਹਾਂ, ਤਾਂ ਗੁਰੂ ਨੂੰ ਜਰੂਰ ਪੁੱਛਾਂ ਗੇ। ਅਤੇ ਗੁਰੂ ਉੱਤਰ ਵੀ ਜਰੂਰ ਦੇਵੇ ਗਾ, ਜੇ ਗੁਰੂ ਏਨਾਂ ਕੰਮ ਵੀ ਨਹੀਂ ਕਰਦਾ, ਤਾਂ ਸਾਨੂੰ ਗੁਰੂ ਦਾ ਕੀ ਫਾਇਦਾ।) ਅੱਗੇ ਗੁਰੂ ਦੱਸਦਾ ਹੈ।

ਨਾਮੁ ਇਸਟੁ ਮੀਤ ਸੁਤ ਕਰਤਾ ਮਨ ਸੰਗਿ ਤੁਹਾਰੈ ਚਾਲੈ॥ ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ॥ ੩॥ (੨੧੩

ਹੇ ਮੇਰੇ ਮਨਾਂ, ਅਸਲ ਇਸ਼ਟ ਨਾਮ ਹੈ, ਅਸਲ ਮਿੱਤਰ ਨਾਮ ਹੈ, ਅਸਲ ਪੁੱਤਰ ਨਾਮ ਹੈ, ਅਸਲ ਕਰਤਾ ਨਾਮ ਹੈ, ਇੱਕ ਨਾਮ ਹੀ ਤੇਰਾ ਸੰਗੀ ਹੈ ਸਾਥੀ ਹੈ, ਨਾਮ ਹੀ ਤੇਰੇ ਸਾਥ ਜਾਵੇ ਗਾ। ਅਤੇ ਨਾਮ ਸਤਿਗੁਰੂ ਪਾਸੋਂ ਮਿਲਦਾ ਹੈ, ਇਸ ਵਾਸਤੇ ਆਪਣੇਂ ਸਤਿਗੁਰੂ ਦੀ ਸੇਵਾ ਕਰ।

(ਇਸੇ ਤਰਾਂ ਗੁਰੂ ਨੂੰ ਅਸੀਂ ਕੋਈ ਵੀ ਸਵਾਲ ਪੁੱਛ ਸਕਦੇ ਹਾਂ। ਅਤੇ ਗੁਰੂ ਉੱਤਰ ਵੀ ਦੇਂਦਾ ਹੈ, ਕਿਤੇ ਪੁੱਛ ਕੇ ਤਾਂ ਵੇਖੋ। ਪਰ ਅਸੀਂ ਪੁੱਛਦੇ ਹੀ ਨਹੀਂ, ਪੁਛੀਏ ਤਾਂ ਜੇ ਅਸੀਂ ਗੁਰੂ ਨਾਲੋਂ ਘੱਟ ਸਿਆਣੇਂ ਹੋਈਏ)

ਨੋਟ:- ਜਦ ਗੁਰਬਾਣੀਂ ਵਿੱਚ ਅਜੇਹਾ ਕੋਈ ਕੌੜਾ ਸੱਚ ਸਾਹਮਣੇਂ ਆ ਜਾਂਦਾ ਹੈ ਤਾਂ, ਅਸੀਂ ਬਹੁਤ ਹੈਰਾਨ ਹੁੰਦੇ ਹਾਂ, ਕਿ ਗੁਰੂ ਜੀ ਨੇਂ ਇਹ ਕੀ ਕਹਿ ਦਿੱਤਾ। ਬਾਣੀਂ ਗਲਤ ਨਹੀਂ ਹੈ, ਪਰ ਸਾਨੂੰ ਗਿਆਨ ਨਹੀਂ ਹੈ, ਇਸ ਵਾਸਤੇ ਜਿਹੜੇ ਗਿਆਨੀਂ ਜਾਂ ਪ੍ਰਚਾਰਕ ਹਨ, ਉਹ ਅਜੇਹੀ ਬਾਣੀਂ ਨੂੰ ਛੂੰਹਦੇ ਹੀ ਨਹੀਂ, ਛੱਡ ਦੇਂਦੇ ਹਨ। ਅਤੇ ਜਿਹੜੇ ਟੀਕਾਕਾਰ ਹਨ, ਉਹਨਾਂ ਦੀ ਮਜਬੂਰੀ ਇਹ ਹੈ, ਕਿ ਉਹਨਾਂ ਨੇਂ ਤਾਂ ਟੀਕਾ ਇੱਕ ਸਿਰੇ ਤੋਂ ਕਰਨਾਂ ਹੁੰਦਾ ਹੈ, ਉਹ ਕੋਈ ਪੰਗਤੀ ਛੱਡ ਨਹੀਂ ਸੱਕਦੇ, ਮਿਟਾ ਵੀ ਨਹੀਂ ਸੱਕਦੇ। ਅਜੇਹੇ ਸਮੇਂ ਕੀ ਹੋਵੇ ਗਾ, ਜਾਂ ਕੀ ਹੁੰਦਾ ਹੈ। ਸੱਚ ਤੇ ਹਰਦਲ ਫੇਰ ਦਿੱਤੀ ਜਾਂਦੀ ਹੈ। ਪਰ ਕਿਵੇਂ! “ਇਸ਼ਟ” ਨੂੰ ਇੱਕ ਆਮ ਪਿਆਰਾ ਦੱਸ ਕੇ ਪੱਲਾ ਝਾੜ ਲਿਆ ਜਾਂਦਾ ਹੈ। ਜਦਿ ਕੇ ਕੋਈ ਥੋੜੀ ਜਿਹੀ ਵੀ ਧਾਰਮਿਕ ਸਮਝ ਰੱਖਣ ਵਾਲਾ ਮਨੁੱਖ ਇਹ ਜਾਣਦਾ ਹੈ ਕੇ “ਇਸ਼ਟ” ਕੀ ਹੁੰਦਾ ਹੈ, ਅਤੇ ਇਸ਼ਟ ਪੂਜਾ ਕੀ ਹੁੰਦੀ ਹੈ। ਝੂਠੇ ਤਾਂ ਅਸੀਂ ਹਾਂ, ਅਗਿਆਨੀਂ ਤਾਂ ਅਸੀਂ ਹਾਂ, ਪਰ ਅਸੀਂ ਗੁਰਬਾਣੀਂ ਦੇ ਗਿਆਨ (ਸੱਚ) ਨੂੰ ਝੂਠਾ ਕਰ ਦੇਂਦੇ ਹਾਂ, ਸੱਚ ਤੇ ਪਰਦਾ ਪਾ ਦੇਂਦੇ ਹਾਂ। ਸੱਚ ਤੇ ਪਰਦਾ ਪਾਉਣ ਦਾ ਮਤਲਬ ਹੈ, ਆਪ ਵੀ ਅੰਨ੍ਹੇਂ ਹੋ ਜਾਣਾਂ ਅਤੇ ਦੂਸਰਿਆਂ ਨੂੰ ਵੀ ਅੰਨ੍ਹੇਂ ਕਰ ਦੇਣਾਂ। ਅਜੇਹਾ ਕਰ ਕੇ ਸਾਡੇ ਵਿਦਵਾਨ ਟੀਕਾਕਾਰ “ਗੁਰਬਾਣੀਂ ਗਿਆਨ” ਦੇ ਦਰਿਆ ਦਾ ਰੁਖ ਸਮੁੰਦਰ ਵਲੋਂ ਮੋੜ ਕੇ ਇਸ ਦਰਿਆ ਨੂੰ ਪਹਾੜਾਂ ਤੇ ਚੜ੍ਹਾ ਦੇਂਦੇ ਹਨ। ਜਦਿ ਕੇ ਇਸ ਦਰਿਆ ਨੇਂ ਅੱਗੇ ਜਾ ਕੇ ਸਾਗਰ ਵਿੱਚ ਰਲਣਾਂ ਸੀ। ਸਾਡੀ ਕਿਸ਼ਤੀ ਤਾਂ ਇਸੇ ਹੀ ਦਰਿਆ ਦੇ ਆਸਰੇ ਤਰਦੀ ਹੈ, ਅਤੇ ਇਸ ਦਰਿਆ ਨੇਂ ਸਾਡੀ ਕਿਸਤੀ ਨੂੰ ਸਮੁੰਦਰ ਵਿੱਚ ਪਹੁੰਚਾਉਣਾਂ ਸੀ। ਪਰ ਵਿਦਵਾਨਾਂ ਅਤੇ ਟੀਕਾਕਾਰਾਂ ਨੇਂ ਸਾਡੀ ਕਿਸਤੀ ਨੂੰ ਪਹਾੜਾਂ ਦੀਆਂ ਖੱਡਾਂ ਵਿੱਚ ਜਾ ਸੁੱਟਿਆ ਹੈ। ਦਰਿਆ ਦੀ ਲੰਬਾਈ ਹਜਾਰਾਂ ਕਿਲੋਮੀਟਰ ਹੁੰਦੀ ਹੈ, ਪਰ ਕੁੱਝ ਕੂ ਸੌ ਫੁਟ ਦਾ ਬੰਨ ਦਰਿਆ ਦਾ ਰੁਖ ਬਦਲ ਦੇਂਦਾ ਹੈ। ਪਰ ਕਲਮ ਦਾ ਤਾਂ ਇੱਕ ਟੱਕ ਹੀ ਐਡਾ ਵੱਡਾ ਟੋਇਆ ਪੁੱਟ ਦੇਂਦਾ ਹੈ, ਕਿ ਉਸ ਵਿੱਚ ਦਰਿਆ ਤਾਂ ਕੀ ਸਮੰਦਰ ਵੀ ਗਾਇਬ ਹੋ ਜਾਵੇ। ਪਰ ਜਿੱਥੇ ਸੈਂਕੜੇ ਕਲਮਾਂ ਟੱਕ ਲਾ ਚੁਕੀਆਂ ਹੋਣ, ਅਤੇ ਲਾ ਰਹੀਆਂ ਹੋਣ, ਉਥੇ ਕੀ ਆਸ ਕੀਤੀ ਜਾ ਸੱਕਦੀ ਹੈ। “ਇਸ਼ਟ” ਵਾਂਗ ਹੋਰ ਵੀ ਸੈਂਕੜੇ ਉਧਾਰਨਾਂ ਦਿੱਤੀਆਂ ਜਾ ਸੱਕਦੀਆਂ ਹਨ।

(ਇਕ ਫਰਜ਼ੀ ਕਹਾਣੀਂ, ਭੋਲਾ ਸਿੰਘ ਨੇਂ ਚਤਰ ਸਿੰਘ ਤੋਂ ਪੁੱਛਿਆ, ਯਾਰ ਆਹ ਜੋ ਬਾਣੀਂ ਦੱਸਦੀ ਹੈ, ਕਿ ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ। ਕੀ ਸਾਨੂੰ ਸੱਭ ਨੂੰ ਹੀ ਜਮਕਾਲ ਖਾ ਜਾਵੇ ਗਾ? ਕਿਉਂ ਕੇ ਆਪਾਂ ਨੂੰ ਵੀ ਤਾਂ ਉਸੇ ਪ੍ਰਭੂ ਨੇਂ ਹੀ ਪੈਦਾ ਕੀਤਾ ਹੈ। ਇਸ ਵਾਸਤੇ ਆਪਾਂ ਵੀ ਤਾਂ ਪ੍ਰਭੂ ਦੇ ਹੀ ਹਾਂ ਨਾਂ। ਕੀ ਪ੍ਰਭੂ ਆਪਣਿਆਂ ਦੀ ਰੱਖਿਆ ਵੀ ਨਹੀਂ ਕਰ ਸੱਕਦਾ! ਜਮਕਾਲੁ ਮਾਰੇ ਨਿਤ ਪਤਿ ਗਵਾਈ॥ ਕੀ ਜਮਕਾਲ ਸਾਨੂੰ ਮਾਰੇ ਗਾ, ਅਤੇ ਸਾਡੀ ਪੱਤ ਖਰਾਬ ਕਰੇ ਗਾ। ਭਰਾ ਚਤਰ ਸਿੰਘਾ, ਹੋਰ ਵੀ ਬਹੁਤ ਕੁੱਝ ਲਿਖਿਆ ਹੈ ਬਾਣੀਂ ਵਿਚ, ਪੜ੍ਹ ਕੇ ਡਰ ਲੱਗਦਾ ਹੈ। ਜੋ ਬਾਣੀਂ ਵਿੱਚ ਲਿਖਿਆ ਹੋਇਆ ਹੈ, ਕੀ ਇਹ ਸਭ ਸੱਚ ਹੈ! । ਜੇ ਸੱਚ ਹੈ ਤਾਂ ਘਟੋ ਘੱਟ ਕੋਈ ਤਰੀਕਾ ਤਾਂ ਦੱਸ ਯਾਰ ਜਮਾਂ ਤੋਂ ਬਚਨ ਦਾ। ਅਗੋਂ ਵਿਚਾਰੇ ਚਤਰ ਸਿੰਘ ਨੂੰ ਕੀ ਪਤਾ ਕੇ ਜਮਾਂ ਤੋਂ ਕਿਵੇਂ ਬਚਣਾਂ ਹੈ। ਇਸ ਵਾਸਤੇ ਚਤਰ ਸਿੰਘ ਨੇਂ ਖਹਿੜਾ ਛੁਡਾਉਣ ਵਾਸਤੇ ਕਹਿ ਦਿੱਤਾ, ਵਾਹ ਉਏ ਭੋਲਿਆ, ਕੀ ਜਮ ਦੇਖਿਆ ਹੈ ਕਦੇ ਕਿਸੇ ਨੇਂ ਅੱਜ ਤੱਕ। ਇਹ ਤਾਂ ਅੇਵੇ ਉਹਨਾਂ ਲੋਕਾਂ ਨੂੰ, ਉਹਨਾਂ ਦੀ ਹੀ ਭਾਸ਼ਾ ਵਿੱਚ ਸਮਝਾਉਣ ਵਾਸਤੇ ਲਿਖਿਆ ਹੈ, ਜੋ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਰੱਖਦੇ ਹਨ। ਇਹ ਸੱਭ ਝੂਠ ਲਿਖਿਆ ਹੋਇਆ ਹੈ, ਕੋਈ ਜਮ ਨਹੀਂ ਹੁੰਦੇ। ਇਹ ਤਾਂ ਬ੍ਰਾਹਮਣਾਂ ਦੇ ਪਖੰਡ ਹਨ, ਤੂੰ ਕਦੇ ਇਹ ਨਹੀਂ ਪੜ੍ਹਿਆ ਜਾਂ ਸੁਣਿਆਂ, ਬਾਣੀਂ ਵਿੱਚ ਲਿਖਿਆ ਹੈ ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ। ਬਾਣੀ ਦੱਸ ਰਹੀ ਹੈ ਇਹ ਸੱਭ ਪਖੰਡ ਹੈ, ਇਹ ਤਾਂ ਬ੍ਰਾਹਮਣਾਂ ਨੂੰ ਸਮਝਾਉਣ ਵਾਸਤੇ ਲਿਖਿਆ ਹੈ। ਕੋਈ ਜਮ ਨਹੀਂ ਹੁੰਦੇ, ਇਸ ਵਾਸਤੇ ਆਪਾਂ ਜਮਾਂ ਨੂੰ ਨਹੀਂ ਮੰਨਣਾਂ, ਬਾਣੀਂ ਜਮਾਂ ਨੂੰ ਨਹੀਂ ਮੰਨਦੀ। ਭੋਲਾ ਸਿੰਆਂ ਬਾਣੀਂ ਵਿੱਚ ਤਾਂ ਹੋਰ ਵੀ ਬਹੁਤ ਕੁੱਝ ਲਿਖਿਆ ਹੋਇਆ ਹੈ, ਪਰ ਉਹ ਤਾਂ ਸਮਝਾਉਣ ਵਾਸਤੇ ਹੈ, ਮੰਨਣ ਵਾਸਤੇ ਨਹੀਂ, ਕੀ ਆਪਾਂ ਉਹ ਸਾਰਾ ਕੁੱਝ ਵੀ ਮੰਨ ਲਵਾਂ ਗੇ, ਜੋ ਬਾਣੀਂ ਵਿੱਚ ਲਿਖਿਆ ਹੋਇਆ ਹੈ। ਭੋਲਾ ਸਿੰਆਂ, ਗੁਰੂ ਨਾਨਕ ਜੀ ਤਾਂ ਸਾਨੂੰ ਅਜੇਹੇ ਵਹਿਮਾਂ ਭਰਮਾਂ ਵਿਚੋਂ ਕੱਢਣ ਵਾਸਤੇ ਆਏ ਸਨ, ਅਸੀਂ ਮੁੜ ਮੁੜ ਉਹਨਾਂ ਹੀ ਭਰਮਾਂ ਵਿੱਚ ਫਸਦੇ ਹਾਂ। ਇਹ ਸੁਣ ਕੇ ਭੋਲਾ ਸਿੰਘ ਕਹਿਣ ਲੱਗਾ, ਹਾਂ ਭਾਈ ਚਤਰ ਸਿੰਘਾ ਗੱਲ ਤਾਂ ਤੇਰੀ ਠੀਕ ਹੀ ਲੱਗਦੀ ਹੈ, ਤੂੰ ਤਾਂ ਮੇਰਾ ਸਾਰਾ ਭਰਮ ਹੀ ਦੂਰ ਕਰ ਦਿੱਤਾ ਹੈ। ਹੁਣ ਮੈਂ ਗੁਰਬਾਣੀਂ ਵਿੱਚ ਲਿਖੀ ਹੋਈ ਕਿਸੇ ਵੀ ਗੱਲ ਨੂੰ ਨਹੀਂ ਮੰਨਾਂ ਗਾ, ਅਤੇ ਜੇ ਕੋਈ ਮੇਰੇ ਪਾਸੋਂ ਪੁੱਛੇ ਗਾ, ਤਾਂ ਮੈਂ ਵੀ ਸਭ ਨੂੰ ਇਹੋ ਹੀ ਸਮਝਾਵਾਂ ਗਾ। ਕਿ ਬਾਣੀਂ ਵਿੱਚ ਤਾਂ ਇਹ ਸਭ ਐਵੇਂ ਸਮਝਾਉਣ ਵਾਸਤੇ ਲਿਖਿਆ ਹੈ, ਪਰ ਇਹਨਾਂ ਵਿੱਚ ਕੋਈ ਸਚਾਈ ਨਹੀਂ ਹੈ। ਆਪਾਂ ਸਾਰੇ ਹੀ ਬੇ ਫਿਕਰ ਹੋ ਜਾਵਾਂ ਗੇ, ਅਤੇ ਨਿਕਲ ਜਾਵਾਂ ਗੇ ਅਜੇਹੇ ਭਰਮਾਂ ਵਿਚੋਂ)

ਅਸਲ ਗੱਲ ਇਹ ਹੈ ਕੇ ਗੁਰਬਾਣੀਂ ਲਿਖੀ ਜਾਣ ਤੋਂ ਪਹਿਲੇ ਜਾਂ ਗੁਰੂ ਨਾਨਕ ਜੀ ਤੋਂ ਪਹਿਲੇ ਵੀ ਲੋਕਾਂ ਨੂੰ, ਹਰੀ, ਰਾਮ, ਬ੍ਰਹਮ, ਦੇਵੀ ਦੇਵਤੇ, ਜਮ, ਕਾਲ, ਨਰਕ, ਸੁਰਗ, ਚੌਰਾਸੀ, ਆਵਾਗਵਨ, ਪੁੰਨ ਪਾਪ, ਭੁਤ ਪਰੇਤ, ਯਕਸ਼, ਕਿੰਨਰ ਆਦੀ ਸਭ ਦਾ ਪਤਾ ਸੀ। ਕਿਉਂ ਕੇ ਇਹ ਸਭ ਤਾਂ ਵੇਦਾਂ ਵਿੱਚ ਵੀ ਲਿਖਿਆ ਹੋਇਆ ਸੀ। ਵੇਦ ਜੋ ਕਹਿ ਰਹੇ ਹਨ, ਇਹ ਸੱਭ ਕੁੱਝ ਹੀ ਹੈ, ਇਹ ਝੂਠ ਨਹੀਂ ਹੈ, ਝੂਠਾ ਉਹ ਹੈ, ਜੋ ਵਿਚਾਰ ਕਰਨਾਂ ਨਹੀਂ ਜਾਣਦਾ, ਜੋ ਇਸ ਦਾ ਭੇਦ ਨਹੀਂ ਜਾਣਦਾ। ਜੋ ਆਪਣੇਂ ਬਚਾਉ ਦਾ ਉਪਾਉ ਨਹੀਂ ਜਾਣਦਾ, ਪ੍ਰਭਾਤੀ॥ ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥ ਵੇਦ ਝੂਠ ਨਹੀਂ ਕਹਿ ਰਹੇ, ਪਰ ਵੇਦ ਲੋਕਾਂ ਨੂੰ ਪ੍ਰਮਾਤਮਾਂ ਦੇ ਘਰ ਦਾ ਰਸਤਾ ਨਹੀਂ ਸਨ ਦੱਸਦੇ। ਕਿਉਂ ਕਿ ਵੇਦ ਖੁਦ ਵੀ ਰਸਤਾ ਨਹੀਂ ਜਾਣਦੇ ਹਨ। ਗੱਲ ਸਿਰਫ ਏਨੀਂ ਹੈ।

ਹੁਣ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਅਸੀਂ ਉਹ ਕੰਮ ਕਰੀਏ, ਜੋ ਗੁਰੂ ਨਾਨਕ ਸਾਨੂੰ ਮੱਤਿ ਦੇਂਦਾ ਹੈ, ਜੋ ਮੱਤ ਉਹਨਾਂ ਨੇਂ ਉਸ ਵਕਤ ਦੇ ਭੁੱਲੇ ਹੋਏ ਜੀਵਾਂ ਨੂੰ ਦਿੱਤੀ ਸੀ। ਜੇ ਤਾਂ ਸਾਡੇ ਪਾਸ ਸੱਚਮੁਚ ਹੀ ਗੁਰੂ ਦੀ ਉਹ ਮੱਤ ਹੈ, ਤਾਂ ਸਾਨੂੰ ਚਾਹੀਦਾ ਹੈ, ਕਿ ਉਹਨਾਂ ਭੁੱਲੇ ਹੋਇ ਲੋਕਾਂ ਨੂੰ ਮੱਤ ਦੇਈਏ, ਨਾਂ ਕੇ ਉਹਨਾਂ ਨੂੰ ਬਾਹਮਣ ਬਾਹਮਣ ਕਹਿ ਕੇ ਗਾਲ੍ਹਾਂ ਕਢੀਏ। ਸਾਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਜਮਾਂ ਤੋਂ, ਨਰਕਾਂ ਤੋਂ, ਪਾਪਾਂ ਤੋਂ, ਅਤੇ ਆਵਾਗਉਣ ਆਦੀ ਤੋਂ ਬਚਨ ਦਾ ਤਰੀਕਾ ਦੱਸੀਏ। ਜੇ ਸਾਡੇ ਅੰਦਰ ਮੱਤ ਹੈ ਤਾਂ ਮੱਤ ਦੇਵਾਂ ਗੇ, ਜੇ ਸਾਡੇ ਅੰਦਰ ਗਾਲ੍ਹਾਂ ਭਰੀਆਂ ਹਨ, ਤਾਂ ਅਸੀਂ ਗਾਲ੍ਹਾਂ ਹੀ ਦੇਵਾਂ ਗੇ। ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ॥ ੭॥ ੧੧੮ ਪਰ ਇਸਦੇ ਉਲਟ ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ॥ ਓਹੁ ਹਰਿ ਮਾਰਗਿ ਆਪਿ ਚਲਦਾ ਹੋਰਨਾ ਨੋ ਹਰਿ ਮਾਰਗਿ ਪਾਏ॥ (੧੪੦

ਵੇਦਾਂ ਦੀ ਮੱਤ ਅਨੂਸਾਰ ਲੋਕ ਕਰਮਾਂ, ਜਾਂ ਮਾਇਆ, ਜਾਂ ਹਰੀ ਦੀਆਂ ਠੱਗੀਆਂ, ਜਾਂ ਇਸ਼ਟ ਰੂਪੀ ਛਲਾਂ ਅਤੇ ਹੋਰ ਹੋਰ ਕਰਮਕਾਂਡਾਂ ਵਿੱਚ ਫਸੇ ਹੋਇ ਸਨ। ਉਹ ਨਹੀਂ ਜਾਣਦੇ ਸਨ, ਕਿ ਇਸ ਜਾਲ ਵਿਚੋਂ ਕਿਵੇਂ ਨਿਕਲੀਏ। ਨਿਕਲਣ ਵਾਸਤੇ ਉਹ ਜਿਨਾਂ ਵੀ ਜੋਰ ਲਾਉਂਦੇ ਸਨ, ਉਨਾਂ ਹੋਰ ਫਸਦੇ ਜਾਂਦੇ ਸਨ। ਵੇਦਾਂ ਦੀ ਵਿਚਾਰ ਕਰ ਕਰ ਕੇ ਹਾਰ ਗਏ, ਪਰ ਰਾਹ ਨਾਂ ਮਿਲਿਆ, (ਜਿਵੇਂ ਕਿ ਅੱਜ ਸਾਨੂੰ ਨਹੀਂ ਮਿਲ ਰਿਹਾ) ਸਾਡੇ ਪਾਸ ਚੌਰਾਸੀ ਤੋਂ ਬਚਨ ਦਾ ਤਰੀਕਾ (ਜੁਗਤ) ਨਹੀਂ ਹੈ, ਸਾਡੇ ਪਾਸ ਨਰਕ ਤੋਂ ਬਚਨ ਦੀ ਜੁਗਤ ਨਹੀਂ ਹੈ, ਸਾਡੇ ਪਾਸ ਜਮਾਂ ਤੋਂ ਬਚਨ ਦਾ ਉਪਾਏ ਨਹੀਂ ਹੈ, ਇਸ ਵਾਸਤੇ ਅਸੀਂ ਕਹਿ ਦੇਂਦੇ ਹਾਂ ਕਿ ਇਹ ਸੱਭ ਝੂਠ ਹੈ, ਜਮ, ਨਰਕ, ਚੌਰਾਸੀ ਆਦਿ ਇਹ ਸੱਭ ਹੁੰਦਾ ਹੀ ਨਹੀਂ ਹੈ। ਜਿਸ ਚੀਜ ਦੀ ਅਸੀਂ ਹੋਂਦ ਨੂੰ ਹੀ ਨਹੀਂ ਮੰਨਦੇ, ਉਸ ਤੋਂ ਬਚਾ ਵਾਸਤੇ ਅਸੀਂ ਅਪਣਾਂ ਵਕਤ ਅਤੇ ਤਾਕਤ ਕਿਉਂ ਖਰਾਬ ਕਰਾਂ ਗੇ।

ਇਸ ਤਰਾਂ ਕਰਕੇ ਇੱਕ ਤਰਾਂ ਨਾਲ ਤਾਂ ਅਸੀਂ, ਉਹਨਾਂ ਲੋਕਾਂ ਨਾਲੋਂ ਵੀ ਜਿਆਦਾ ਭੁੱਲੇ ਹੋਇ ਹਾਂ, ਜੋ ਘਟੋ ਘੱਟ ਇਹਨਾਂ ਗੱਲਾਂ ਨੂੰ ਮੰਨਦੇ ਤਾਂ ਸੀ, ਅਤੇ ਆਪਣੇਂ ਬਚਾਉ ਵਾਸਤੇ ਕੁੱਝ ਹੱਥ ਪੈਰ ਵੀ ਮਾਰਦੇ ਸਨ। ਬੇਸ਼ੱਕ ਉਹ ਬਚਾਉ ਦੀ ਜੁਗਤ ਨਹੀਂ ਜਾਣਦੇ ਸਨ। ਫਿਰ ਵੀ ਉਹ ਥੋੜੇ ਬਹੁਤ ਜੂਝਦੇ ਤਾਂ ਸਨ ਹਾਲਾਤਾਂ ਨਾਲ, ਅਸੀਂ ਤਾਂ ਬਿਲਕੁਲ ਜੂਝਣਾਂ ਹੀ ਛੱਡ ਦਿੱਤਾ, ਬਸ ਨਿੰਦਾ ਨੂੰ ਹੀ ਧਰਮ ਬਣਾ ਲਿਆਂ ਹੈ ਅਸਾਂ ਨੇਂ।

ਗੁਰੂ ਨਾਨਕ ਜੀ ਨੇਂ ਆ ਕੇ ਜਦ ਭੁੱਲੇ ਹੋਇ ਜੀਵਾਂ ਨੂੰ, ਸੱਚ ਦੱਸਿਆ ਤਾਂ, ਲੋਕਾਂ ਨੂੰ ਸਮਝ ਨਾਂ ਆਈ, (ਗੁਰੂ ਜੀ) ਦੀ ਗੱਲ ਉਹਨਾਂ ਦੇ ਮੰਨਣ ਵਿੱਚ ਨਾਂ ਆਈ, ਲੋਕ ਕਹਿਣ ਲਗੇ ਇਹ ਨਹੀਂ ਹੋ ਸਕਦਾ। ਬਹੁਤ ਘੱਟ ਲੋਕਾਂ ਨੂੰ ਵਿਸ਼ਵਾਸ਼ ਆਇਆ ਸੀ। ਬਹੁਤੇ ਲੋਕਾਂ ਨੇਂ ਵਿਦਰੋਹ ਵੀ ਕੀਤਾ ਸੀ। ਸਹਿਜੇ ਸਹਿਜੇ ਲੋਕਾਂ ਨੂੰ ਸਮਝ ਆਉਣ ਲੱਗੀ, ਪਰ ਨਾਲ ਹੀ ਨਾਲ ਲੋਕਾਂ ਵਿਚ, ਉਹਨਾਂ ਦੇ ਮੱਤ ਦਾ ਵਿਦਰੋਹ ਵੀ ਹੋਰ ਵੱਧਦਾ ਗਿਆ ਸੀ।

ਜਿਸ ਤਰਾਂ ਲੋਕਾਂ ਨੇਂ ਗੁਰੂ ਜੀ ਦੀ ਗੱਲ ਉਦੋਂ ਨਹੀਂ ਮੰਨੀਂ ਸੀ, ਜਾਂ ਉਹਨਾਂ ਦੇ ਮੰਨਣ ਵਿੱਚ ਨਹੀਂ ਆਉਂਦੀ ਸੀ, ਇਸੇ ਤਰਾਂ ਅੱਜ ਉਹਨਾਂ ਦੀ ਗੱਲ, ਸਾਡੇ ਮੰਨਣ ਵਿੱਚ ਵੀ ਨਹੀਂ ਆਉਂਦੀ।

ਇਹ ਲੇਖ ਦਾ ਮੁਖ ਵਿਸ਼ਾ ਵੇਦਾਂ ਦੀ ਵਿਚਾਰ ਨਹੀਂ ਹੈ, ਪਰ ਕੁੱਝ ਕੂ ਭਰਮ ਭੁਲੇਖਿਆਂ ਨੂੰ ਸਮਝਨ ਵਾਸਤੇ ਅਚਾਨਕ ਹੀ ਲੇਖ ਵਿੱਚ ਵੇਦਾਂ ਦਾ ਜਿਕਰ ਆਗਿਆ ਹੈ। ਵੈਸੇ ਵੀ ਜੇ ਧਰਮ ਦੀ ਕੋਈ ਗੱਲ ਕਰਾਂ ਗੇ ਤਾਂ, ਨਾਮ ਅਤੇ ਵੇਦਾਂ ਦਾ ਜਿਕਰ ਤਾਂ ਸੁਭਾਵਿਕ ਹੀ ਵਿੱਚ ਆ ਜਾਂਦਾ ਹੈ, (ਭਾਵੇਂ ਕਿ ਨਿੰਦਾ ਕਰਨ ਵਾਸਤੇ ਹੀ ਆਵੇ।) ਕਿਉਂ ਕੇ ਸਾਰੇ ਹੀ ਗੁਰੂ ਸਾਹਿਬਾਂ ਨੇਂ, ਸਾਰੇ ਹੀ ਸੰਤਾਂ ਨੇਂ, ਅਤੇ ਭਗਤਾਂ ਨੇਂ, ਵੇਦਾਂ ਬਾਰੇ ਜਰੂਰ ਹੀ ਲਿਖਿਆਂ ਹੈ, ਵੇਦਾਂ ਦਾ ਬਹੁਤ ਵੱਡਾ ਝਗੜਾ ਹੈ। ਗੁਰੂ ਨਾਨਕ ਦਾ ਮੁੱਖ ਉਪਦੇਸ਼ ਹੀ ਜੀਵਾਂ ਨੂੰ ਵੇਦਾਂ ਵਿੱਚ ਦੱਸੇ ਕਰਮਕਾਂਡਾਂ ਦੇ ਭੁਲੇਖਿਆਂ ਵਿਚੋਂ ਕੱਢਣਾਂ ਸੀ। ਸੋ ਇਸ ਵਾਸਤੇ ਵੇਦਾਂ ਦੇ ਬਾਰੇ ਵਿੱਚ ਥੋੜੀ ਜਿਹੀ ਜਰੂਰੀ ਜਰੂਰੀ ਜਾਣਕਾਰੀ ਹੀ ਗੁਰਬਾਣੀਂ ਵਿਚੋਂ ਹਾਸਲ ਕਰਾਂ ਗੇ।

ਸੱਭ ਤੋਂ ਪਹਿਲੀ ਗੱਲ, ਕਿ ਵੇਦ ਕਿਥੋਂ ਪੈਦਾ ਹੋਏ, ਅਤੇ ਕਿਸ ਨੇਂ ਪੈਦਾ ਕੀਤੇ। ਵੇਦਾਂ ਦਾ ਤੱਤ ਕੀ ਹੈ। ਇਸ ਨੂੰ ਕੋਈ ਨਹੀਂ ਜਾਣਦਾ। ਵੇਦ ਪ੍ਰਮਾਤਮਾਂ ਦੇ ਹੁਕਮ ਨਾਲ ਪੈਦਾ ਹੋਇ ਹਨ। ਜਾਂ ਇਹ ਕਹਿ ਲਵੋ ਕਿ ਇਹ ਵੇਦ ਹਰੀ ਨੇਂ ਖੁਦ ਹੀ ਰਚੇ ਹਨ। (ਪਰ ਕਿਉਂ ਪੈਦਾ ਕੀਤੇ ਹਨ ਹਰੀ ਨੇਂ ਇਹ ਵੇਦ?) ਹਰਿ ਆਗਿਆ ਹੋਏ ਬੇਦ ਪਾਪੁ ਪੁੰਨੁ ਵੀਚਾਰਿਆ॥ ਅਤੇ ਵੇਦਾਂ ਨੇਂ ਦੁਨੀਆਂ ਨੂੰ ਸਿਰਫ ਪਾਪਾਂ ਪੁੰਨਾਂ ਅਤੇ ਕਰਮ ਕਾਂਡਾਂ ਦਾ, ਗਿਆਨ ਦਿੱਤਾ, ਝਗੜਾ ਪਾ ਦਿੱਤਾ ਹੈ।

ਦੋਵੈ ਤਰਫਾ ਉਪਾਇ ਇਕੁ ਵਰਤਿਆ॥ ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ॥ ੧੨੮੦ ਅਤੇ ਵੇਦ ਬਾਣੀਂ (ਵੇਦਾਂ ਦੇ ਕਨੂੰਨ) ਦਾ ਝਗੜਾ, ਵਾਦ ਵਿਵਾਦ, ਅੰਦਰ ਵੀ ਤੇ ਬਾਹਰ ਵੀ ਸਾਰੇ ਜੱਗ ਵਿਚ, ਇਹ ਝਗੜਾ ਪਾ ਦਿੱਤਾ। ਦੋਵੈ ਤਰਫਾ ਉਪਾਇ ਇਕੁ ਵਰਤਿਆ। ਇਹ ਦੋਵੇਂ ਤਰਫਾਂ ਕੀ ਹਨ? ਇਸ ਦਾ ਇਸ਼ਾਰਾ ਮਨਮੁਖ ਅਤੇ ਗੁਰਮੁੱਖ ਵੱਲ ਨਹੀਂ ਹੈ, ਜਿਵੇਂ ਕੇ ਆਮ ਟੀਕਾਕਾਰ ਲਿਖ ਦੇਂਦੇ ਹਨ। ਪਰ ਇਹ ਜਰੂਰ ਕਹਿ ਸੱਕਦੇ ਹਾਂ, ਕਿ ਇਹ ਜੋ ਦੋ ਤਰਫਾ ਦੋ ਪਾਸੇ (ਧੜੇ) ਹਨ, ਇਹ ਇੱਕ ਹੈ ਵਿਦਾਂਤ ਮੱਤ, ਅਤੇ ਦੂਸਰਾ ਹੈ ਗੁਰਮੱਤ। ਵੈਸੇ ਇਸ ਦਾ ਅੱਸਲ ਮਤਲਬ ਤਾਂ ਕੁੱਝ ਹੋਰ ਹੈ, ਉਹ ਦੱਸਨ ਵਾਸਤੇ ਜਾਂ ਸਮਝਣ ਵਾਸਤੇ “ਸੁਧਾਖਰੁ” ਦੀ ਲੋੜ ਹੈ, ਉਸ ਸੁਧਾਖਰੁ ਤੋਂ ਬਿਨਾਂ ਕੋਈ ਵੀ ਇਸ ਭੇਦੁ ਨੂੰ ਨਹੀਂ ਸਮਝ ਸੱਕਦਾ। ਹਾਂ ਪੜ੍ਹ ਜਰੂਰ ਸੱਕਦੇ ਹਾਂ।

ਅਵਰਿ ਸਭਿ ਭੂਲੇ ਭ੍ਰਮਤ ਨ ਜਾਨਿਆ॥ ਏਕੁ ਸੁਧਾਖਰੁ ਜਾ ਕੈ ਹਿਰਦੈ ਵਸਿਆ ਤਿਨਿ ਬੇਦਹਿ ਤਤੁ ਪਛਾਨਿਆ॥ ੧॥ ਰਹਾਉ॥

ਵੇਦ ਦਾ ਕੀ ਭੇਦ ਹੈ, ਵੇਦਾਂ ਦਾ ਤੱਤ (ਅਸਲੀਅਤ) ਕੀ ਹੈ। ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਇਹ ਸਿਰਫ ਉਹ ਜਾਣ ਸੱਕਦਾ ਹੈ, ਜਿਸਨੇਂ “ਏਕੁ ਸੁਧਾਖਰੁ” ਨੂੰ ਆਪਣੇਂ ਮਨ ਵਿੱਚ ਵਸਾ ਲਿਆ ਹੈ। (ਇਹ ਇੱਕ ਸ਼ਰਤ ਲਗਾ ਦਿੱਤੀ ਹੈ, ਕੀ ਕੋਈ ਇਹ ਸ਼ਰਤ ਜਿੱਤ ਸੱਕਦਾ ਹੈ?) ਬਾਕੀ ਸਭ ਭਰਮਾਂ ਵਿੱਚ ਭੁੱਲੇ ਹੋਇ ਹਨ, ਬ੍ਰਹਮਾਂ ਵੀ ਪੜ੍ਹ ਪੜ੍ਹ ਕੇ ਹਾਰ ਗਿਆ। ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ॥ ਪਰ ਬ੍ਰਹੱਮਾਂ ਵੇਦਾਂ ਦੀ, ਜਾਂ ਵੇਦਾਂ ਦੇ ਕਰਤੇ ਦੀ ਇੱਕ ਤਿਲ ਭਰ ਵੀ ਕੀਮਤ (ਮੁੱਲ, ਭੇਦ, ਕਦਰ) ਨਹੀਂ ਜਾਣ ਸਕਿਆ।

ਸੁਧਾਖਰੁ ਕੀ ਹੈ! ਇਹ ਇੱਕ ਨਵੀਂ ਹੀ ਪਹੇਲੀ ਖੜੀ ਹੋ ਗਈ ਹੈ। ਕੀ ਕਿਸੇ ਨੇਂ ਸੁਧਾਖਰੁ ਨੂੰ ਆਪਣੇਂ ਹਿਰਦੇ ਵਿੱਚ ਵਸਾ ਲਿਆ ਹੋਇਆ ਹੈ। ਗੁਰੂ ਅਰਜਨ ਦੇਵ ਜੀ, ਨੇਂ ਇਹ ਸੁਧਾਖਰੁ ਵਾਲੀ ਗੱਲ, ਐਵੇਂ ਕੋਈ ਕੱਚੀ ਚਲਾਵੀਂ ਜਿਹੀ ਗੱਲ ਨਹੀਂ ਕਹਿ ਦਿੱਤੀ। ਦੱਸੋ ਕਿਸ ਦੇ ਹਿਰਦੇ ਵਿੱਚ ਸੁਧਾਖਰ ਹੈ? ਜੇ ਸਾਡੇ ਹਿਰਦੇ ਵਿੱਚ ਸੁਧਾਖਰੁ ਨਹੀਂ ਹੈ, ਅਤੇ ਫਿਰ ਵੀ ਸਾਨੂੰ ਵੇਦਾਂ ਦਾ ਭੇਦ ਪਤਾ ਲੱਗ ਜਾਵੇ, ਇਸ ਤਰਾਂ ਤਾਂ ਗੁਰੂ ਅਰਜਨ ਦੇਵ ਜੀ ਝੂਠੇ ਹੋ ਜਾਣ ਗੇ, ਸ਼ਰਤ ਹਾਰ ਜਾਣ ਗੇ। ਬਿਨਾਂ ਸੁਧਾਖਰੁ ਤੋਂ ਤਿੰਨ ਸਦੀਆਂ ਤਾਂ ਕੀ ਤਿੰਨ ਸੌ, ਜਾਂ ਤਿੰਨ ਸੌ ਕਰੋੜ, ਸਦੀਆਂ ਵੀ ਗੁਰਬਾਣੀਂ ਦੀਆਂ ਜਾਂ ਹੋਰ ਵਿਚਾਰਾਂ ਕਰਦੇ ਰਹੀਏ ਵੇਦਾਂ ਦਾ ਭੇਦ ਨਹੀਂ ਮਿਲ ਸੱਕਦਾ।

ਅਸੀਂ ਵੇਦਾਂ ਵਿਚੋਂ ਕੁੱਝ ਵੀ ਨਹੀਂ ਲੈਣਾਂ, ਸਾਨੂੰ ਵੇਦਾਂ ਦੀ ਕੋਈ ਲੋੜ ਨਹੀ ਹੈ, ਵੇਦ ਸਾਡੇ ਕਿਸੇ ਵੀ ਕੰਮ ਦੇ ਨਹੀਂ ਹਨ। ਪਰ ਫਿਰ ਵੀ ਵੇਦਾਂ ਦਾ ਝਗੜਾ ਸਾਡੇ ਗਲ ਪਿਆ ਹੋਇਆ ਹੈ। ਜਾਂ ਕਹਿ ਲਵੋ ਕੇ ਅਗਿਆਨਤਾ ਵੱਸ ਅਸੀਂ ਆਪ ਹੀ ਇਹ ਝਗੜਾ ਆਪਣੇਂ ਗਲ ਪਾਇਆਂ ਹੋਇਆ ਹੈ। ਐਸੇ ਹੀ ਹੋਰ ਵੀ ਕਈ ਝਗੜੇ ਅਸਾਂ ਨੇਂ ਆਪਣੇਂ ਗਲ ਪਾਇ ਹੋਇ ਹਨ। ਸਾਨੂੰ ਵੇਦਾਂ ਤੋਂ ਜਾਂ ਵਿਦਾਂਤੀਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। “ਸੁਧਾਖਰੁ” ਸਾਡੇ ਸਾਰੇ ਭਰਮ, ਭਲੇਖੇ, ਡਰ ਝਗੜਿਆਂ ਨੂੰ ਦੂਰ ਕਰ ਦੇਵੇ ਗਾ।

ਬ੍ਰਹਮਾਂ ਇਸ ਸ੍ਰਿਸ਼ਟੀ ਦਾ ਸੱਭ ਤੋਂ ਵੱਡਾ ਅਰਥਾਤ ਸੱਭ ਤੋਂ ਪਹਿਲਾ ਅਵਤਾਰ ਹੈ, ਜਾਂ ਕਹਿ ਲਵੋ ਕਿ ਬ੍ਰਹਮਾਂ ਸੱਭ ਤੋਂ ਪਹਿਲਾਂ ਪੈਦਾ ਹੋਇਆ ਸੀ। (ਨੋਟ:- ਪਰ ਅਸੀਂ ਤੁਸੀਂ ਸਾਰੇ ਹੀ ਬ੍ਰਹਮਾਂ ਤੋਂ ਪਹਿਲੇ ਵੀ ਹੈਗੇ ਸੀ, ਜਦੋਂ ਅਜੇ ਸ੍ਰਿਸ਼ਟੀ ਦੀ ਰਚਨਾਂ ਵੀ ਨਹੀਂ ਹੋਈ ਸੀ) ਹਰੀ ਨੇਂ ਬ੍ਰਹਮਾਂ ਨੂੰ ਚਾਰੇ ਵੇਦ ਪੜ੍ਹਨ ਵਾਸਤੇ ਦਿੱਤੇ ਸਨ। ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ॥ ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ॥ ੬॥ ਬ੍ਰਹਮਾਂ ਨੇ ਵੇਦ ਪੜ੍ਹ ਪੜ੍ਹ ਕੇ ਸਾਰੀ ਉਮਰ ਗਵਾ ਲਈ। ਪਰ ਹਰੀ ਦੇ ਹੁਕਮ (ਆਗਿਆ) ਨੂੰ ਨਹੀਂ ਬੁੱਝ ਸਕਿਆ। ਬ੍ਰਹਮਾਂ, “ਬ੍ਰਹਮ” ਦੇ ਬਾਰੇ ਵਿੱਚ ਵੀ ਕੁੱਝ ਨਹੀਂ ਜਾਣਦਾ ਹੈ। ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ॥ ੧॥ ਅਤੇ ਅਖੀਰ ਬ੍ਰਹਮਾਂ ਵੀ ਆਪਣੀਂ ਉਮਰ ਭੋਗਣ ਤੋਂ ਬਾਦ ਨਰਕਾਂ ਸੁਰਗਾਂ ਦੇ ਧੱਕੇ ਖਾਂਦਾ ਰਹਿੰਦਾ ਹੈ। (ਅੱਜ ਤੱਕ ਕਰੋੜਾਂ ਹੀ ਬ੍ਰਹਮਾਂ ਹੋ ਚੁੱਕੇ ਹਨ)

ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ॥ ਬ੍ਰਹਮੇ ਦਿਤੇ ਬੇਦ ਪੂਜਾ ਲਾਇਆ॥ ਬ੍ਰਹਮਾਂ ਤੋਂ ਬਾਦ ਬਿਸ਼ਨੂ ਅਤੇ ਮਹੇਸ਼ ਪੈਦਾ ਹੋਇ ਸਨ। ਬ੍ਰਹਮਾਂ ਸੱਭ ਤੋਂ ਵੱਡਾ ਸੀ, ਹਰੀ ਨੇਂ ਵੇਦ ਬ੍ਰਹਮਾਂ ਨੂੰ ਦੇ ਦਿੱਤੇ ਸਨ। ਅਤੇ ਉਸ ਨੂੰ ਇਹਨਾਂ ਵੇਦਾਂ ਦੇ ਪੜ੍ਹਨ ਅਤੇ ਪਾਠ ਪੂਜਾ ਵਿੱਚ ਲਾ ਦਿੱਤਾ।

ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨੑ ਪੜਿਆ ਮੁਕਤਿ ਨ ਹੋਈ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ॥ ੩॥ ੭੪੭

ਵੇਦਾਂ, ਕਤੇਬਾਂ, ਸ਼ਾਸਤਰਾਂ, ਆਦੀ ਦੇ ਪੜ੍ਹਨ ਨਾਲ ਮੁਕਤੀ ਨਹੀਂ ਹੋ ਸੱਕਦੀ। ਇੱਕ ਅੱਖਰ ਦੀ ਲੋੜ ਹੈ, ਉਹ ਅੱਖਰ ਸਿਰਫ ਗੁਰਮੁਖਾਂ ਦੇ ਪਾਸ ਹੁੰਦਾ ਹੈ।

ਸਲੋਕ ਮਃ ੧॥ ਵਿਸਮਾਦੁ ਨਾਦ ਵਿਸਮਾਦੁ ਵੇਦ॥ ਵਿਸਮਾਦੁ ਜੀਅ ਵਿਸਮਾਦੁ ਭੇਦ॥ ਵਿਸਮਾਦੁ ਰੂਪ ਵਿਸਮਾਦੁ ਰੰਗ॥ ਵਿਸਮਾਦੁ ਨਾਗੇ ਫਿਰਹਿ ਜੰਤ॥ ਵਿਸਮਾਦੁ ਪਉਣੁ ਵਿਸਮਾਦੁ ਪਾਣੀ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ॥ ਵਿਸਮਾਦੁ ਧਰਤੀ ਵਿਸਮਾਦੁ ਖਾਣੀ॥ ਵਿਸਮਾਦੁ ਸਾਦਿ ਲਗਹਿ ਪਰਾਣੀ॥ ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ॥ ਵਿਸਮਾਦੁ ਭੁਖ ਵਿਸਮਾਦੁ ਭੋਗੁ॥ ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ॥ ਵਿਸਮਾਦੁ ਉਝੜ ਵਿਸਮਾਦੁ ਰਾਹ॥ ਵਿਸਮਾਦੁ ਨੇੜੈ ਵਿਸਮਾਦੁ ਦੂਰਿ॥ ਵਿਸਮਾਦੁ ਦੇਖੈ ਹਾਜਰਾ ਹਜੂਰਿ॥ ਵੇਖਿ ਵਿਡਾਣੁ ਰਹਿਆ ਵਿਸਮਾਦੁ॥ ਨਾਨਕ ਬੁਝਣੁ ਪੂਰੈ ਭਾਗਿ॥ ੧॥ ੪੬੩ (ਸਭ ਪਾਠਕਾਂ ਨੂੰ ਬੇਨਤੀ ਹੈ ਜੀ ਕਿ ਇਸ ਸ਼ਬਦ ਦੇ ਅਰਥ, ਆਪ ਹੀ ਵੇਖ ਲੈਣਾਂ ਜੀ ਕਿਸੇ ਟੀਕੇ ਵਿਚੋਂ, ਦਾਸ ਆਪ ਨੂੰ ਸਿਰਫ ਇਸ ਸ਼ਬਦ ਦਾ ਭਾਵ ਦੱਸਣ ਦੀ ਕੋਸ਼ਿਸ਼ ਕਰਨਾਂ ਚਾਹੁੰਦਾ ਹੈ ਜੀ। ਕਿ ਕਿਉਂ ਲਿਖਿਆ ਗਿਆ ਹੈ ਇਹ ਵਿਸਮਾਦੁ ਵਾਲਾ ਸ਼ਬਦ, ਕਿਸ ਗੱਲ ਦਾ ਹੈ ਵਿਸਮਾਦ)

ਵੇਦ ਵੀ ਕੁਦਰਤ (ਸ੍ਰਿਸ਼ਟੀ ਦੀ ਉਤਪਤੀ) ਦਾ ਇੱਕ ਹਿਸਾ ਹੈ। ਹਰੀ ਦੀ ਕੁਦਰਤ ਵੇਖ ਕੇ (ਪੜ੍ਹ ਕੇ ਨਹੀਂ) (ਲਿਖਣ ਵਿੱਚ ਕਿਨਾਂ ਕੂ ਆ ਜਾਵੇ ਗਾ) ਏਨਾਂ ਵਿਸਮਾਦ ਹੁੰਦਾ ਹੈ। (ਇਕ ਵਾਰ ਅੱਖੀਂ ਦੇਖੋ ਫਿਰ ਪਤਾ ਲੱਗੇ ਗਾ) ਏਨੀਂ ਹੈਰਾਨੀ, ਏਨੀ ਅਸਚਰਜਤਾ ਪੈਦਾ ਹੁੰਦੀ ਹੈ, ਕਿ ਸਰੀਰ, ਰੁਹ, ਮਨ, ਆਤਮਾਂ, ਸੱਭ ਕੁੱਝ ਕੰਬ ਜਾਂਦਾ ਹੈ। ਇਸ ਸ੍ਰਿਸ਼ਟੀ ਦਾ ਇੱਕ ਇਕ ਹਿਸਾ, ਇੱਕ ਇਕ ਕੜੀ, ਇੱਕ ਇਕ ਕਣ, ਕਾਂਬੇ ਵਾਲੀ ਹੈਰਾਨੀ ਇਸ ਕਰਕੇ ਪੈਦਾ ਕਰਦਾ ਹੈ, ਕਿ ਇਹ ਇੱਕ ਖੇਡ, ਇੱਕ ਝੂਠੀ ਖੇਡ, ਖੇਡਣ ਵਾਸਤੇ ਉਸ ਕਰਤੇ ਨੇਂ, ਇਹ ਕਿੱਡਾ ਵੱਡਾ ਪਰਪੰਚ (ਪਖੰਡ, ਛਲ, ਧੋਖਾ) ਰਚਿਆ ਹੈ। ਫਿਰ ਵੀ ਉਹ ਹਰੀ ਆਪਣੇਂ ਆਪ ਨੂੰ ਸੱਚਾ ਕਹਿੰਦਾ ਹੈ। (ਆਪਣੀਆਂ ਅੱਖਾਂ ਨਾਲ ਵੇਖੋ ਕਿਤੇ ਇਸ ਸਚਾਈ ਨੂੰ)

ਪਾਨੀ ਮੈਲਾ ਮਾਟੀ ਗੋਰੀ॥ ਇਸ ਮਾਟੀ ਕੀ ਪੁਤਰੀ ਜੋਰੀ॥ ੧॥ ਮੈ ਨਾਹੀ ਕਛੁ ਆਹਿ ਨ ਮੋਰਾ॥ ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ॥ ੧॥ ਰਹਾਉ॥ ਇਸ ਮਾਟੀ ਮਹਿ ਪਵਨੁ ਸਮਾਇਆ॥ ਝੂਠਾ ਪਰਪੰਚੁ ਜੋਰਿ ਚਲਾਇਆ॥ ੨॥ (੩੩੬

ਇਹ ਝੂਠਾ ਪਰਪੰਚੁ (ਪਖੰਡ) ਉਸ ਹਰੀ ਨੇਂ ਆਪਣੇਂ ਜੋਰ ਨਾਲ, ਧੱਕੇ ਨਾਲ, ਤਾਕਤ ਨਾਲ, ਚਲਾਇਆ ਹੈ।

ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ॥ ੫੦੭

ਇਹ ਸਾਰਾ ਪਰਪੰਚ, ਡਰਾਮਾਂ, ਛਲ, ਧੋਖਾ, ਠੱਗੀ, ਹਰੀ ਨੇ, ਕਰਤੇ ਨੇਂ ਆਪਣੀਂ ਕਲਾ ਨਾਲ, ਤਾਕਤ ਨਾਲ, ਬਨਾਇਆ ਹੋਇਆ ਹੈ।

ਨਾਨਕ ਬਿਰਲੇ ਪਾਈਅਹਿ ਜੋ ਨ ਰਚਹਿ ਪਰਪੰਚ॥ ੫॥ (੨੮੭

ਗੁਰੂ ਅਰਜਨ ਦੇਵ ਜੀ ਮਹਾਂਰਾਜ ਦੱਸਦੇ ਹਨ, ਕੋਈ ਵਿਰਲਾ ਹੀ ਹੋਵੇ ਗਾ, ਜੋ ਹਰੀ ਦੇ ਇਸ ਪਰਪੰਚ ਪਖੰਡ, ਠੱਗੀ, ਧੋਖੇ ਛਲ ਨੂੰ ਸਮਝੇ ਗਾ। ਅਤੇ ਕੋਈ ਵਿਰਲਾ ਹੀ ਹੋਵੇ ਗਾ, ਜਿਹੜਾ ਹਰੀ ਦੇ ਇਸ ਪਰਪੰਚ, ਛਲ, ਧੋਖੇ ਜਾਂ ਠੱਗੀ ਵਿਚੋਂ ਨਿਕਲੇ ਗਾ।

ਇਸ ਝੂਠੇ ਪਰਪੰਚ (ਪਖੰਡ) ਪਿੱਛੇ ਉਸ ਦਾ (ਹਰੀ ਦਾ) ਇੱਕ ਮੁਖ ਮਕਸਦ ਆਪਣੀਂ ਵਡਿਆਈ ਕਰਵਾਉਣਾਂ ਹੈ। ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ॥ ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ॥ ਜਿਸ ਤਰਾਂ ਹਰੀ ਸੱਭ ਵਿੱਚ ਬੈਠ ਕੇ ਆਪ ਹੀ ਭੋਗ ਭੋਗਦਾ ਹੈ। ਇਸੇ ਤਰਾਂ ਹਰੀ ਆਪਣੇਂ ਭਗਤਾਂ ਦੀ ਜੈ ਜੈ ਕਾਰ ਕਰਵਾਉਂਦਾ ਹੈ। ਪਰ ਸਿਰਫ ਆਪਣੀਂ ਵਡਿਆਈ ਵਾਸਤੇ। (ਜਿਹੜੇ ਸੰਤ ਸਤਿਗੁਰੂ ਹੁੰਦੇ ਹਨ, ਉਹ ਦੁਨੀਆਂ ਦੀ ਐਸੀ ਵਡਿਆਈ ਨਹੀਂ ਲੈਂਦੇ) ਜਰਾ ਬਰੀਕੀ ਨਾਲ ਵਿਚਾਰ ਕਰਨਾਂ ਜੀ ਇਸ ਗੱਲ ਦੀ, ਜੇ ਭਗਤਾਂ ਦੀ ਜੈਕਾਰ ਹੁੰਦੀ ਹੈ, ਤਾਂ ਇਸ ਵਿੱਚ ਕਿਸ ਦੀ ਵਡਿਆਈ ਹੈ। ਜਿਹੜੇ ਸੱਚੇ ਭਗਤ ਸੰਤ ਹੁੰਦੇ ਹਨ, ਉਹ ਇਸ ਵਡਿਆਈ ਤੋਂ ਦੂਰ ਭੱਜਦੇ ਹਨ। (ਜਿਵੇਂ ਕਿ ਗੁਰੂ ਰਾਮਦਾਸ ਜੀ) ਕਹਿੰਦੇ ਹਨ, ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ॥ ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ॥ ੧॥ ੫੨੮ ਮ: ੪

ਮਹਲਾ ੫॥ ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ॥ ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ॥ ੧॥ ਜਉ ਪ੍ਰਭ ਜੀਉ ਦਇਆਲ ਹੋਇ ਤਉ ਭਗਤੀ ਲਾਗਉ॥ ਲਪਟਿ ਰਹਿਓ ਮਨੁ ਬਾਸਨਾ ਗੁਰ ਮਿਲਿ ਇਹ ਤਿਆਗਉ॥ ੧॥ ਰਹਾਉ॥ ੮੦੮

ਹਜ਼ਾਰਾਂ ਤਰਾਂ ਦੀਆਂ ਵਾਸਨਾਵਾਂ ਹਨ, ਇਹ ਜੈ ਜੈ ਕਾਰ ਦੀ ਵਾਸਨਾਂ ਵਿੱਚ ਸਾਰਿਆਂ ਦਾ ਮਨ ਲਪਟ ਰਿਹਾ ਹੈ (ਦੱਸੋ ਕਿਸ ਦਾ ਮਨ ਆਪਣੀਂ ਜੈ ਜੈ ਕਾਰ “ਉਸਤਤ” ਨਹੀਂ ਚਾਹੁੰਦਾ) ਗੁਰੂ ਜੀ ਸਮਝਾਉਂਦੇ ਹਨ, ਇਸ ਮਾਨ ਵਡਿਆਈ ਦੀ ਵਾਸ਼ਨਾਂ ਨੂੰ ਗੁਰੂ ਨਾਲ ਮਿਲ ਕੇ ਤਿਆਗ ਦਿਉ।

ਇਹ ਜੈ ਜੈ ਕਾਰ ਇੱਕ ਫਿਲਮੀਂ ਡਰਾਮਾਂ ਹੈ, ਇੱਕ ਪਾਸੇ ਆਪ ਹੀ ਵਿਲਨ ਬਣ ਕੇ ਆ ਜਾਂਦਾ ਹੈ, ਅਤੇ ਦੂਜੇ ਪਾਸੇ ਆਪ ਹੀ ਹੀਰੋ ਬਣ ਕੇ ਆ ਜਾਂਦਾ ਹੈ। ਇਹ ਫਿਲਮੀ ਕਹਾਣੀਂ ਤੁਹਾਡਾ ਇਹ ਦਾਸ, ਤੁਹਾਨੂੰ ਫਿਰ ਕਿਤੇ ਵਿਸਤਾਰ ਨਾਲ ਸੁਣਾਏ ਗਾ। ਵੀਰੋ ਅਜੇ ਤਾਂ ਦਾਸ ਨੇਂ ਬਾਣੀਂ ਵਿੱਚ ਜੋ ਲਿਖਿਆ ਹੈ ਉਸ ਦੀਆਂ ਕੁੱਝ ਪੰਗਤੀਆਂ ਹੀ ਪੜ੍ਹ ਕੇ ਸੁਣਾਈਆ ਹਨ, ਸੁਣ ਕੇ ਕੁੱਝ ਦਿਲ ਕੰਬਿਆ ਹੈ ਜਾਂ ਨਹੀਂ। ਜੇ ਕੰਬਿਆ ਹੈ ਤਾਂ ਜਦੋਂ ਇਹ ਸੱਭ ਆਪਣੀਆਂ ਅੱਖਾਂ ਨਾਲ ਦੇਖੋ ਗੇ, ਤਾਂ ਕੀ ਹਾਲ ਹੋਵੇ ਗਾ, ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸੱਕਦੇ। ਅਤੇ ਕੀ ਕੋਈ ਸਮਝਦਾ ਹੈ, ਕਿ ਉਹ ਹਰੀ ਦੇ ਇਸ ਧੋਖੇ ਜਾਂ ਠਗੀ ਨੂੰ ਕੱਟ ਕੇ ਨਿਕਲ ਜਾਵੇ ਗਾ?

ਜਦ ਮੈਂ ਛੋਟਾ ਸੀ, ਅਤੇ ਜਦ ਕਿਤੇ ਬੱਚਿਆਂ ਵਾਲੀ ਹਰਕਤ ਜਾਂ ਸ਼ਰਾਰਤ ਜਾਂ ਜਿੱਦ ਕਰਦਾ ਸੀ, ਤਾਂ ਮੇਰੀ ਮਾਤਾ ਡਾਂਟ ਕੇ ਮੈਨੂੰ ਕਹਿੰਦੀ ਸੀ, “ਤੂੰ ਭੌਂੳਦਾ ਏ ਕਿ ਨਹੀ ਭੌਂਦਾ, ਪੜਛੰਨਾ ਜਿਹਾ, ਕਰਦਾ ਕੀ ਹੈ, ਕਿਵੇਂ ਚਾਂਭਲਿਆ ਫਿਰਦਾ ਹੈ” ਮੈਨੂੰ ਇਹ ਤਾਂ ਪਤਾ ਨਹੀਂ ਸੀ ਕਿ ਪੜਛੰਨਾਂ-ਛੰਨਾਂ ਕੀ ਹੁੰਦਾ ਹੈ, ਪਰ ਮੈਂ ਇਹ ਜਰੂਰ ਸਮਝ ਜਾਂਦਾ ਸੀ, ਕੇ ਮਾਂ ਦੀ ਢਾਂਟ ਪਈ ਹੈ।

ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ॥ ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ॥ ੨॥ ੫੯੬

ਗੁਰੂ ਨਾਨਕ ਜੀ ਦੀ ਬਾਣੀਂ ਹੈ, ਕਹਿੰਦੇ ਹਨ, ਅਸੀਂ ਜਿਧਰ ਵੀ ਦੇਖਦੇ ਹਾਂ, ਸਾਨੂੰ ਉਧਰ ਹੀ ਤੇਰਾ ਰੂਪ ਨਜ਼ਰ ਆਉਂਦਾ ਹੈ, ਹੇ ਪਰਛੰਨੇਂ ਸਾਰੇ ਹੀ ਤੇਰੇ ਇਕੋ ਹੀ ਰੂਪ ਹਨ, ਪਰ ਫਿਰ ਵੀ ਕੋਈ ਵੀ ਇੱਕ ਦੂਜੇ ਨਾਲ ਨਹੀਂ ਮਿਲਦਾ। ਨਾਂ ਸੂਰਤ ਕਰਕੇ, ਅਤੇ ਨਾਂ ਹੀ ਗੁਣਾਂ ਕਰਕੇ। (ਇਹ ਸੱਭ ਵਿਸਮਾਦ ਹੀ ਵਿਸਮਾਦ ਹੈ)

(ਪਰਛੰਨਾਂ ਦੇ ਅਰਥ ਹਨ, ਵੱਖਰਾ ਹੀ, ਪਰਿਛਿੰਨ; ਅਲੱਗ ਕੀਤਾ ਹੋਇਆ, ਪਰਿਛੰਨ; ਢੱਕਿਆ ਹੋਇਆ)

ਆਪੇ ਆਪੁ ਉਪਾਇ ਉਪੰਨਾ॥ ਸਭ ਮਹਿ ਵਰਤੈ ਏਕੁ ਪਰਛੰਨਾ॥ ੧੦੫੧

ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ॥ ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥

ਬਲਦੇਵ ਸਿੰਘ “ਚਾਕਰ”
.