.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਮੈਂ ਸਭ ਦਾ ਧੰਨਵਾਦੀ ਹਾਂ

ਗੁਰਬਾਣੀ ਦਾ ਬੜਾ ਪਿਆਰਾ ਵਾਕ ਹੈ ਕਿ ਬੰਦਿਆ ਜੇ ਤੂੰ ਕਿਸੇ ਮੰਜ਼ਿਲਾਂ `ਤੇ ਪਹੁੰਚਣ ਚਾਹੁੰਦਾ ਏਂ ਤਾਂ ਤੈਨੂੰ ਆਪਣੇ ਜੀਵਨ ਵਿੱਚ ਮੁੜ ਕੇ ਪਿਛਾਂਹ ਦੇਖਣ ਦੀ ਜ਼ਰੂਰਤ ਨਹੀਂ ਹੈ। ਭਾਵ ਆਪਣੇ ਮੂੰਹ ਨੂੰ ਸਿੱਧਾ ਰੱਖ ਕੇ ਦੇਖਣ ਦਾ ਯਤਨ ਕਰ ਜੇ ਮੁੜ ਮੁੜ ਕੇ ਪਿੱਛੇ ਹੀ ਦੇਖਦਾ ਰਿਹਾ ਤਾਂ ਜਿੱਥੇ ਪੈਂਡਾ ਘੱਟ ਨਿਬੜਦਾ ਹੈ ਓੱਥੇ ਠਿੱਡਾ ਲੱਗ ਕੇ ਮੂਧੜੇ ਮੂੰਹ ਡਿੱਗਣ ਦਾ ਖ਼ਤਰਾ ਵੀ ਹਮੇਸ਼ਾਂ ਬਣਿਆ ਰਹਿੰਦਾ ਹੈ। ਮਾਰੂ ਡੱਖਣੇ ਵਿੱਚ ਇਲਾਹੀ ਫਰਮਾਣ ਹੈ-----
ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ।।
ਨਾਨਕ ਸਿਝਿ ਇਵੇਹਾ ਵਾਰ, ਬਹੁੜਿ ਨ ਹੋਵੀ ਜਨਮੜਾ।। ੧।।
ਅੱਖਰੀਂ ਅਰਥ: — (ਹੇ ਭਾਈ !) ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ (ਜੀਵਨ ਨੂੰ ਹੋਰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ)। ਹੇ ਨਾਨਕ ! ਇਸੇ ਜਨਮ ਵਿੱਚ ਕਾਮਯਾਬ ਹੋ (ਜੀਵਨ-ਖੇਡ ਜਿੱਤ) ਤਾਕਿ ਮੁੜ ਜਨਮ ਨਾਹ ਲੈਣਾ ਪਏ ।
ਇਹਨਾਂ ਰੱਬੀ ਗਿਆਨ ਦੀਆਂ ਤੁਕਾਂ ਦਾ ਭਾਵ ਅਰਥ ਤਾਂ ਏਹੀ ਬਣਦਾ ਹੈ ਕਿ ਆਪਣੇ ਜੀਵਨ ਵਿੱਚ ਕੋਈ ਅਦਰਸ਼ ਬਣਾ ਕਿਸੇ ਨਿਸ਼ਾਨੇ ਤੇ ਪਹੁੰਚ, ਮੁੜ ਮੁੜ ਪੁਰਾਣੀਆਂ ਰਜ਼ਾਈਆਂ ਵਿੱਚ ਹੀ ਨਾ ਉਂਘਲਾਈ ਜਾਈਂ ਜ਼ਿੰਦਗੀ ਦੀ ਬਾਜੀ ਨੂੰ ਸਮਝ, ਕਿ ਤੈਨੂੰ ਮੁੜ ਕਿ ਪਿੱਛਾਂਹ ਨੂੰ ਨਾ ਦੇਖਣਾ ਪਏ। ਵਗਦੇ ਦਰਿਆ ਹੀ ਸਮੁੰਦਰ ਤੀਕ ਸਫਰ ਤਹਿ ਕਰਦੇ ਹਨ। ਖਲੋਤੇ ਪਾਣੀਆਂ ਵਿਚੋਂ ਸੜ੍ਹਾਂਦ ਆਉਣ ਲੱਗ ਜਾਂਦੀ ਹੈ।
ਡੇਰਾ ਬਾਬਾ ਨਾਨਕ ਦੇ ਨਜ਼ਦੀਕ ਬਾਰਡਰ ਏਰੀਆ ਵਿੱਚ ਪੈਂਦੇ ਪਿੰਡ ਪੰਨਵਾਂ, ਡਾਕਘਰ ਕਾਲਾ ਅਫ਼ਗਾਨਾ, ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਪਿਤਾ ਸ੍ਰ. ਦਰਸ਼ਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਅੱਜ ਤੋਂ ਇਕਾਹਠ ਸਾਲ ਪਹਿਲਾਂ, ਪਹਿਲੀ ਲੇਰ ਨਾਲ ਸੰਸਾਰ ਵਿੱਚ ਪ੍ਰਵੇਸ਼ ਕੀਤਾ ਸੀ ਜੋ ਇੱਕ ਅੰਦਾਜ਼ੇ ਨਾਲ ਮੰਨਿਆ ਗਿਆ ਹੈ। ਉਂਜ ਮਾਂ ਜੀ ਕਹਿੰਦੇ ਹਨ ਕਿ ਉਸ ਸਾਲ ਓਦੋਂ ਹੜ੍ਹ ਆ ਕੇ ਹੱਟੇ ਸੀ ਦੂਜੀ ਨਿਸ਼ਾਨੀ ਮੁਰੱਬੇ ਬੰਦੀਆਂ ਭਾਵ ਜ਼ਮੀਨਾਂ ਦੀਆਂ ਵੰਡਾਂ ਹੋ ਕੇ ਹੱਟੀਆਂ ਸਨ। ਇਹ ਉਹਨਾਂ ਦੇ ਮੇਰੇ ਜਨਮ ਦੀ ਤਰੀਕ ਸਬੰਧੀ ਵਿਚਾਰ ਹਨ।
ਸਮੁੱਚੇ ਜੀਵਨ ਵਲ ਨੂੰ ਨਿਗਾਹ ਮਾਰਦਾ ਹਾਂ ਤਾਂ ਜ਼ਿੰਦਗੀ ਵਿੱਚ ਹਰ ਬੰਦੇ ਵਾਂਗ ਖੱਟੀਆਂ ਮਿੱਠੀਆਂ, ਕੌੜੀਆਂ ਕਸੈਲੀਆਂ ਯਾਦਾਂ ਦਾ ਪੂਰਾ ਪਰਵਾਰ ਕੁਰਬਲ਼ ਕੁਰਬਲ਼ ਕਰਦਾ ਨਜ਼ਰ ਆਉਂਦਾ ਹੈ। ਇਸ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਉਤਰਾਵਾਂ ਚੜ੍ਹਾਵਾਂ ਦਾ ਨਾਂ ਹੀ ਜ਼ਿੰਦਗੀ ਹੈ। ਜ਼ਿੰਦਗੀ ਵਿੱਚ ਵਿਚਰਦਿਆਂ ਕਈ ਮਿੱਠੇ ਤੇ ਕਈ ਬਿਲਕੁਲ ਤਲਖ ਤਜ਼ੁਰਬੇ ਇਕੱਠੇ ਜਮ੍ਹਾਂ ਹੁੰਦੇ ਰਹਿੰਦੇ ਹਨ। ਜਿਵੇਂ ਜਿਵੇਂ ਸਮਝ ਆਉਂਦੀ ਹੈ ਤਿਵੇਂ ਤਿਵੇਂ ਦਾ ਸੁਭਾਅ ਬਣਦਾ ਰਹਿੰਦਾ ਹੈ।
ਸੌਖੇ ਸਬਦਾਂ ਵਿੱਚ ਗੁਰਬਾਣੀ ਏਹੀ ਸਮਝਾਉਂਦੀ ਹੈ ਕਿ ਸਹੀ ਰਸਤੇ ਤੇ ਤੁਰਿਆਂ ਤੈਨੂੰ ਆ ਫਇਦਾ ਹੋ ਸਕਦਾ ਤੇ ਰਸਤੇ ਤੋਂ ਭਟਕਣ ਨਾਲ ਜ਼ਿੰਦਗੀ ਵਿੱਚ ਇਹ ਬਹੁਤ ਵੱਡੇ ਨੁਕਸਾਨ ਹੋ ਸਕਦੇ ਹਨ। ਇਹ ਮਨੁੱਖ ਦੀ ਮਰਜ਼ੀ `ਤੇ ਨਿਰਭਰ ਕਰਦਾ ਹੈ ਕਿ ਇਸ ਨੇ ਆਪਣੇ ਅਨੁਸਾਰ ਜਿਉਣਾ ਹੈ ਜਾਂ ਗੁਰੂ ਦੀ ਭੈ-ਭਾਵਨੀ ਅਨੁਸਾਰੀ ਹੋ ਕਿ ਚਲਣਾ ਹੈ। ਅਸੀਂ ਕਿਸੇ ਸਮੱਸਿਆ ਨੂੰ ਹੱਸ ਕੇ ਵੀ ਹੱਲ ਕਰ ਸਕਦੇ ਹਾਂ ਤੇ ਓਸੇ ਨੂੰ ਰੋ ਰੋ ਕੇ ਵੀ ਹੱਲ ਕਰ ਸਕਦੇ ਹਾਂ। ਕਈ ਖੁਸ਼ੀਆਂ ਵਿੱਚ ਵੀ ਰੋਂਦੇ ਦਿਸਦੇ ਹਨ ਤੇ ਕਈ ਗ਼ਮੀਆਂ ਵਿੱਚ ਵੀ ਮੁਸਕਰਾਉਂਦੇ ਰਹਿੰਦੇ ਹਨ।
ਆਰਥਕ ਭਾਵ ਗਰੀਬੀ ਨਾਲ ਮਜ਼ਾਕ ਕਰਨਾ ਮੇਰੇ ਤਾਇਆ ਜੀ ਨੇ ਸਿਖਾਇਆ ਸੀ। ਤੰਗੀਆਂ ਤੁਰਸ਼ੀਆਂ ਵਿੱਚ ਦੀ ਹੁੰਦਿਆਂ ਹੋਇਆਂ ਸਭ ਤੋਂ ਵੱਡਾ ਮੋਰਚਾ ਸਕੂਲੀ ਪੜ੍ਹਾਈ ਦਾ ਜਣੇਪਾ ਕੱਟਣ ਵਰਗਾ ਸੀ ਜੋ ਧੂੰਦਿਆਂ, ਘਸੀਟਦਿਆਂ ਤੇ ਰਿੜਦਿਆਂ ਨਿਕਲ ਗਿਆ। ਏਨੀ ਕੁ ਪੜ੍ਹਾਈ ਦੀ ਕੋਈ ਪੁੱਛ ਪ੍ਰਤੀਤ ਨਹੀਂ ਸੀ ਪਰ ਸਾਂਝੇ ਪਰਵਾਰਾਂ ਵਿੱਚ ਦੋ ਆਗੂ ਹੁੰਦੇ ਹਨ ਇੱਕ ਘਰ ਦਾ ਅੱਗੇ ਲੱਗ ਕੇ ਕੰਮ ਕਰਨ ਵਾਲਾ ਤੇ ਦੂਸਰਾ ਤੁਰਾ ਫਿਰੀ ਵਾਲਾ ਹੁੰਦਾ ਹੈ। ਮੇਰੇ ਤਾਇਆ ਤੇ ਮੇਰੇ ਪਿਤਾ ਜੀ ਦਾ ਇੱਕ ਲੰਬਾ ਸਮਾਂ ਸਾਂਝਾ ਪਰਵਾਰ ਚੱਲਿਆ ਸੀ। ਕਦੇ ਕੋਈ ਵਿੱਥ ਮਹਿਸੂਸ ਨਹੀਂ ਹੋਈ ਸੀ। ਸਾਡੀਆਂ ਹੋਣੀਆਂ ਦੇ ਜ਼ਿਆਦਾਤਰ ਫੈਸਲੇ ਸਾਡੇ ਤਾਇਆ ਜੀ ਹੀ ਕਰਦੇ ਸਨ ਉਹਨਾਂ ਨੂੰ ਲਗ-ਪਗ ਗੁਰਬਾਣੀ ਦਾ ਬਹੁਤਾ ਭਾਗ ਜ਼ਬਾਨੀ ਕੰਠ ਸੀ। ਮੈਂ ਉਹਨਾਂ ਦੇ ਚਿਹਰੇ `ਤੇ ਕਦੇ ਗੁੱਸਾ ਨਹੀਂ ਦੇਖਿਆ ਸੀ, ਹਰੇਕ ਨਾਲ ਮੁਸਕਰਾ ਕੇ ਗੱਲ ਕਰਨੀ ਉਹਨਾਂ ਦੇ ਸੁਭਾਅ ਦਾ ਅਨਿਖੜਵਾਂ ਅੰਗ ਸੀ। ਉਹਨਾਂ ਦੀ ਭਾਵਨਾ ਸੀ ਮੈਂ ਇੱਕ ਚੰਗਾ ਪਰਚਾਰਕ ਬਣਾ ਓਦੋਂ ਜ਼ਿਆਦਾਤਰ ਖਲੋ ਕੇ ਪਰਚਾਰ ਕੀਤਾ ਜਾਂਦਾ ਸੀ।
ਹੁਣ ਸੋਚੀਦਾ ਹੈ ਕਿ ਕਿੰਨੀ ਵਾਰੀ ਸਕੂਲੀ ਚੰਦਾ ਦੇਣ ਤੋਂ ਮੁਰਗਾ ਬਣੇ ਕਾਪੀਆਂ ਪੈਨਸਲਾਂ ਦਾ ਕਦੇ ਵੀ ਪੂਰਾ ਨਹੀਂ ਫੱਟਿਆ ਸੀ। ਪੰਜਵੀਂ ਤੀਕ ਦੇਸੀ ਕੱਛੇ ਨਾਲੇ ਹੀ ਸਕੂਲ ਜਾਣ ਆਉਣ ਤੋਂ ਕਦੇ ਕਿਸੇ ਰੋਕਿਆ ਨਹੀਂ ਸੀ। ਛਈਂ ਛਮਾਈ ਜੁੱਤੀ ਵੀ ਮਿਲ ਜਾਂਦੀ ਸੀ। ਡੰਗਰ ਚਾਰਦਿਆਂ, ਝੋਨਾਂ ਲਗਾਉਂਦਿਆਂ, ਕਣਕਾਂ ਵੱਢਦਿਆਂ, ਫ਼ਲ਼ੇ ਵਹੁੰਦਿਆਂ ਬਚਪਨ ਦੀ ਅਰੰਭਤਾ ਹੋਈ। ਹੱਥ ਵਾਲੇ ਟੋਕੇ ਨਾਲ ਕਈ ਪੰਡਾਂ ਨੂੰ ਇਕੋ ਸਾਹੇ ਹੀ ਕੁਤਰੀ ਜਾਣਾ, ਚੋਂਦਾ ਪਸੀਨਾ ਦੇਖ ਕੇ ਤਾਏ ਨੇ ਸ਼ਾਬਾਸ਼ ਦੇਣ ਲਈ ਕਹਿਣਾ ਕੋਈ ਗੱਲ ਨਹੀਂ ਇਸ ਵਾਰ ਮੱਝ ਸੂਏਗੀ ਤਾਂ ਤੁਹਾਨੂੰ ਸਾਰਿਆਂ ਨੂੰ ਸੇਰ ਸੇਰ ਘਿਓ ਖੁਆਇਆ ਜਾਏਗਾ। ਸਾਂਝੇ ਪਰਵਾਰ ਵਿਚੋਂ ਕਦੇ ਵੀ ਇਹ ਸੁਪਨਾ ਤਾਏ ਦਾ ਪੂਰਾ ਨਾ ਹੋਇਆ।
ਲੱਖ ਸਮਝਾਉਣ ਦੇ ਬਾਵਜੂਦ ਵੀ ਤਾਇਆ ਜੀ ਤੋਂ ਚੋਰੀ ਸਰੋਂ ਦੇ ਤੇਲ ਵਿੱਚ ਆਪਣਾ ਮੂੰਹ ਦੇਖ ਕੇ ਮਾਨਾ ਵਾਲੇ ਵੀਰਵਾਰ ਨੂੰ ਤੇਲ ਪਾਉਣਾ ਨਾ ਭੁੱਲਣਾ। ਕਿਉਂ ਕਿ ਆਮ ਧਾਰਨਾ ਸੀ ਕਿ ਇਹ ਮਾਨਾ ਵਾਲਾ ਬਾਬਾ ਏੱਥੇ ਪਿੱਪਲ ਦੇ ਥੱਲੇ ਰਹਿੰਦਾ ਹੈ ਤੇ ਏਦ੍ਹੀ ਕਬਰ `ਤੇ ਵੀਰਵਾਰ ਨੂੰ ਤੇਲ ਚੜਾਉਣ ਨਾਲ ਮੱਝ ਦੁੱਧ ਵੱਧ ਦੇਂਦੀ ਹੈ ਤੇ ਫਸਲਾਂ ਦੇ ਝਾੜ ਚੰਗੇ ਨਿਕਲਦੇ ਹਨ ਮੁੱਕਦੀ ਗੱਲ ਪੜ੍ਹਾਈ ਵਿਚੋਂ ਬਾਬਾ ਜੀ ਮੰਤਰ ਮਾਰ ਕੇ ਪਾਸ ਕਰਾ ਦੇਂਦੇ ਹਨ। ਹੋਰਨਾਂ ਲੋਕਾਂ ਵਾਂਗ ਮੈਂ ਵੀ ਮਾਨਾ ਵਾਲੇ ਬਾਬੇ ਦੇ ਪਿੱਪਲ ਦੁਆਲੇ ਗੇੜੇ ਕੱਢ ਕੇ ਪਿੱਪਲ ਦੀਆਂ ਟਾਹਣੀਆਂ ਘੁੱਟਦਾ ਰਿਹਾ ਹਾਂ।
ਪੁੱਛਦਿਆਂ ਪੁਛਾਉਂਦਿਆਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦਾ ਜਾ ਦਰਵਾਜ਼ਾ ਲੱਭਿਆ, ਜੋ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਉਸਾਰਿਆ ਗਿਆ ਹੈ। ਪ੍ਰਿੰਸੀਪਲ ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲੇ ਦਫਤਰ ਵਿੱਚ ਬੈਠੇ ਸਨ ਤੇ ਮੈਨੂੰ ਦੇਖ ਕੇ ਆਉਂਦਿਆਂ ਹੀ ਪੁੱਛਦੇ, “ਕਾਕਾ ਕਿੰਨੀਆਂ ਪੜ੍ਹਿਆਂ ਏਂ” ਮੈਂ ਕਿਹਾ ਜੀ, “ਦਸ ਪਾਸ ਕਰ ਲਈਆਂ ਨੇ”। ਗੁਰਬਾਣੀ ਆਉਦੀ ਊ “ਮੈਂ ਕਿਹਾ, ਜੀ ਮੈਂ ਅਖੰਡਪਾਠ ਕਰ ਸਕਦਾ ਹਾਂ, ਨਾਲ ਹੀ ਦੂਜੀ ਫੜ ਮਾਰੀ ਕਿ ਮੈਂ ਇੱਕ ਰੋਲ਼ ਵਿੱਚ ਸੱਤਰ ਪੰਨੇ ਪਾਠ ਕਰ ਲ਼ੈਂਦਾ ਹਾਂ। ਮੇਰੀ ਜਬਲ਼ੀ `ਤੇ ਪਿੰਸੀਪਲ ਜੀ ਪੂਰਾ ਠਹਿਕਾ ਮਾਰ ਕੇ ਹੱਸੇ ਤੇ ਕਹਿਣ ਲੱਗੇ, ਕਿ ਕਾਕਾ ਵੀਹ ਰੁਪਏ ਅਮਾਨਤ ਵਜੋਂ ਜਮ੍ਹਾ ਕਰਾਓ ਤੇ ਆਪਣਾ ਬਿਸਤਰਾ ਲੈ ਕੇ ਦੋ ਤੀਕ ਦਿਨ ਕਾਲਜ ਵਿੱਚ ਪਾਹੁੰਚ ਜਾਓ, ਕਿਉਂਕਿ ਸ਼ੈਸ਼ਨ ਸ਼ੁਰੂ ਹੋ ਚੁੱਕਾ ਸੀ।
ਮਿਸ਼ਨਰੀ ਕਾਲਜ ਦੀ ਪੜ੍ਹਾਈ ਦਾ ਪੱਧਰ ਦਸਵੀਂ ਜਮਾਤ ਨਾਲੋਂ ਕਿਤੇ ਵੱਧ ਸੀ। ਸਿਆਣੇ ਕਹਿੰਦੇ ਨੇ ਮਿਹਨਤ ਤੇ ਅੱਗੇ ਕੋਈ ਵੀ ਔਖਾ ਕੰਮ ਨਹੀਂ ਰਹਿ ਜਾਂਦਾ। ਮਿਹਨਤ ਤੇ ਲਗਨ ਨਾਲ ਏੱਥੋਂ ਸ਼ਬਦ ਦੀ ਵਿਚਾਰ ਕਰਨ ਦਾ ਮੁੱਢ ਬੱਝਾ। ਅਣ ਘੜੇ ਪੱਥਰ ਵੀ ਤਰਾਸ਼ੇ ਜਾਣ ਤਾਂ ਉਹ ਕਵਿਤਾ ਦਾ ਰੂਪ ਧਾਰਦਿਆਂ ਕਿਸੇ ਗਹਿਰੀ ਕਲਾ ਦਾ ਪ੍ਰਤੀਕ ਬਣ ਜਾਂਦੇ ਹਨ। ਪ੍ਰਿੰਸੀਪਲ ਹਰਭਜਨ ਸਿੰਘ ਜੀ ਗੁਰਬਾਣੀ ਦੇ ਮਹਾਨ ਖੋਜੀ ਸਨ। ਉਹਨਾਂ ਨੇ ਸਾਨੂੰ ਹਰ ਪੱਧਰ `ਤੇ ਤਰਾਸ਼ਣ ਦਾ ਯਤਨ ਕੀਤਾ। ਦੋ ਸਾਲਾ ਮਿਸ਼ਨਰੀ ਕਾਲਜ ਦਾ ਕੋਰਸ ਪਾਸ ਕਰਕੇ ਧਰਮ ਦੀ ਪੜ੍ਹਾਈ ਕਰਾਉਣ ਲਈ ਰਾਮਗ੍ਹੜੀਆ ਸੀਨੀਅਰ ਸਕੈੰਡਰੀ ਸਕੂਲ ਮਿਲਰ ਗੰਜ ਲੁਧਿਆਣਾ ਵਿੱਚ ਧਾਰਮਿਕ ਅਧਿਆਪਕ ਦੇ ਰੂਪ ਵਿੱਚ ਭਰਤੀ ਹੋਇਆ। ਵਿਦਿਆ ਦਾ ਮਹੌਲ ਹੋਣ ਕਰਕੇ ਅਗਾਂਹ ਪੜ੍ਹਨ ਦਾ ਪੂਰਾ ਮੌਕਾ ਬਣਦਾ ਰਿਹਾ।
ਸਾਢੇ ਕੁ ਪੰਦਰ੍ਹਾਂ ਸਾਲ ਏੱਥੇ ਪੜ੍ਹਾਇਆ ਪੜ੍ਹਿਆ ਤੇ ਲਿਖਣਾ ਸ਼ੁਰੂ ਕੀਤਾ। ਏੱਥੋਂ ਹੀ ਮੇਰੀ ਸਿਰੀ ਗੁਰੂ ਸਿੰਘ ਸਭਾ ਬੈਂਕਾਕ, ਥਾਈਲੈਂਡ ਬਤੌਰ ਮੁੱਖੀ ਗ੍ਰੰਥੀ ਦੇ ਚੋਣ ਹੋ ਗਈ। ਸਾਢੇ ਕੁ ਦਸ ਸਾਲ ਏੱਥੇ ਇਹ ਸੇਵਾ ਨਿਭਾਈ। ਸੰਸਾਰ ਦੀਆਂ ਚੋਣਵੀਆਂ ਸਟੇਜਾਂ ਵਿਚੋਂ ਇਹ ਪੰਥਕ ਮਹੌਲ ਵਾਲੀ ਸਟੇਜ ਹੈ ਜਿੱਥੇ ਮੇਰੇ ਸਮੇਂ ਤੀਕ ਕਿਸੇ ਸਾਧੜੇ ਨੂੰ ਫਟਕੜਣ ਨਹੀਂ ਦਿੱਤਾ ਸੀ। ਹਰ ਕਰਮ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਹੁੰਦੇ ਰਹੇ ਸਨ। ਏੱਥੇ ਰਹਿੰਦਿਆਂ ਬੱਚੀਆਂ ਦੀਆਂ ਕਲਾਸਾਂ ਲਗਾਉਣ ਦਾ ਉਚੇਚਾ ਪ੍ਰਬੰਧ ਕੀਤਾ ਗਿਆ। ਰਾਗੀਆਂ, ਢਾਡੀਆਂ ਤੇ ਕਈ ਕਥਾ ਵਾਚਕਾਂ ਨੂੰ ਨੇੜਿਓਂ ਹੋ ਕੇ ਦੇਖਣ, ਸੁਣਨ ਦਾ ਮੌਕਾ ਬਣਿਆ। ਗੁਰਮਤ ਦੇ ਕਈ ਨੁਕਤਿਆਂ ਦੀਆਂ ਵਿਚਾਰਾਂ ਹੁੰਦੀਆਂ ਰਹਿੰਦੀਆਂ ਸਨ। ਸਾਢੇ ਕੁ ਦਸ ਸਾਲ ਏੱਥੇ ਰਹਿ ਕੇ ਮੁੱਖੀ ਗ੍ਰੰਥੀ ਦੀ ਤੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣ ਦੀ ਸੇਵਾ ਕਰਦਿਆਂ ਮਨ ਵਿੱਚ ਵਿਚਾਰ ਆਇਆ ਕਿ ਸੰਸਾਰ ਵਿੱਚ ਵੀ ਵਿਚਰ ਕੇ ਕੁੱਝ ਦੇਖਣਾ ਚਾਹੀਦਾ ਹੈ। ਦੂਸਰਾ ਕਈ ਸਟੇਜਾਂ ਤੋਂ ਸੱਦੇ ਪੱਤਰ ਵੀ ਆਉਂਦੇ ਸਨ ਪਰ ਸੇਵਾ ਨਿਭਾਉਂਦਿਆ ਜਾਣਾ ਮੁਸ਼ਕਲ ਹੁੰਦਾ ਸੀ। ਕਈ ਸੋਚਾਂ ਵਿਚਾਰਾਂ ਉਪਰੰਤ ਬਹੁਤ ਵਧੀਆ ਨਿਭ ਰਹੀ ਸੇਵਾ ਤੋਂ ਤਿਆਗ ਪੱਤਰ ਦੇ ਦਿੱਤਾ ਪਰ ਪ੍ਰਬੰਧਕ ਕਮੇਟੀ ਨੇ ਤਿਆਗ ਪੱਤਰ ਅਪਰਵਾਨ ਕਰਕੇ ਵਾਪਸ ਕਰ ਦਿੱਤਾ। ਜਦੋਂ ਮਨ ਵਿੱਚ ਕੁੱਝ ਧਾਰ ਲਿਆ ਜਾਏ ਤਾਂ ਮੇਰੇ ਲਈ ਰੁਕਣਾ ਮੁੜ ਕਿ ਮੁਸ਼ਕਲ ਹੁੰਦਾ ਹੈ। ਕੁੱਝ ਸਮੇਂ ਉਪਰੰਤ ਫਿਰ ਕਮੇਟੀ ਨੂੰ ਬੇਨਤੀ ਕੀਤੀ ਕਿ ਮੈਨੂੰ ਸੇਵਾ ਤੋਂ ਜ਼ਰੂਰ ਮੁਕਤ ਕੀਤਾ ਜਾਏ ਪਰ ਪੜ੍ਹ ਰਹੀਆਂ ਬੱਚੀਆਂ ਮੰਨਣ ਲਈ ਤਿਆਰ ਨਹੀਂ ਸਨ। ਖੈਰ ਇੱਕ ਲੰਬੇ ਸਮੇਂ ਉਪਰੰਤ ਸੇਵਾ ਵਲੋਂ ਮੈਂ ਮੁਕਤ ਹੋ ਗਿਆ। ਸੰਗਤ ਵਲੋਂ ਬਹੁਤ ਹੀ ਮਾਨ-ਸਨਮਾਨ ਤੇ ਅਥਾਹ ਪਿਆਰ ਦਿੱਤਾ ਗਿਆ ਜੋ ਮੇਰੇ ਲਈ ਅਭੁੱਲ ਯਾਦ ਹੈ।
੧੯੮੨ ਵਿੱਚ ਰਾਮਗੜ੍ਹੀਆ ਸੀਨੀਅਰ ਸੰਕੈਡਰੀ ਸਕੂਲ ਮਿਲਰ ਗੰਜ ਲੁਧਿਆਣਾ ਦੇ ਗੁਰਦੁਆਰਾ ਵਿਖੇ ਇੱਕ ਪਾਠ ਬੋਧ ਸਮਾਗਮ ਹੋਇਆ ਸੀ ਜਿਸ ਵਿੱਚ ਗਿਆਨੀ ਹਰਭਜਨ ਸਿੰਘ ਜੀ ਯੂ. ਐਸ. ਏ ਤੇ ਗਿਆਨੀ ਜਗਜੀਤ ਸਿੰਘ ਜੀ ਸਿਦਕੀ ਹੁਰਾਂ ਉਚੇਚੇ ਤੌਰ`ਤੇ ਭਾਗ ਲਿਆ। ਲੁਧਿਆਣੇ ਰਹਿੰਦਿਆਂ ਗਿਆਨੀ ਹਰਭਜਨ ਸਿੰਘ ਜੀ ਹੁਰਾਂ ਦੀ ਪ੍ਰੇਰਨਾ ਨਾਲ ਗੁਰਮਤ ਦੀਆਂ ਕਲਾਸਾਂ ਲਗਾਉਣ ਦਾ ਰੁਝਾਨ ਏੱਥੇ ਹੀ ਪੈਦਾ ਹੋਇਆ ਸੀ। ਥਾਈਲੈਂਡ ‘ਸਿਦਕੀ` ਜੀ ਦੋ ਵਾਰ ਸਾਡੇ ਪਾਸ ਆਏ ਸਨ ਤੇ ਹਰ ਵਾਰ ਕਹਿੰਦੇ ਸੀ ਤੂੰ ਸੇਵਾ ਛੱਡ ਕੇ ਕਾਲਜ ਵਿੱਚ ਆ ਜਾ। ਪਰ ਓਦੋਂ ਮੇਰੀਆਂ ਪਰਵਾਰਕ ਮਜ਼ਬੂਰੀਆਂ ਸਨ ਜਿੰਨ੍ਹਾਂ ਕਰਕੇ ਮੈਂ ਸੇਵਾ ਛੱਡ ਨਹੀਂ ਸੀ ਸਕਦਾ। ਜਦੋਂ ਮੈਂ ਸੇਵਾ ਛੱਡੀ ਤਾਂ ਓਦੋਂ ਤੋਂ ਲੈ ਕੇ ਹੁਣ ਤੀਕ ਇਸ ਕਾਲਜ ਨਾਲ ਹੀ ਜੁੜਿਆ ਰਿਹਾ ਹਾਂ। ਬੇਸ਼ੱਕ ਮੈਂ ਬਾਹਰ ਵੀ ਜਾਂਦਾ ਸੀ ਪਰ ਮੈਨੂੰ ਜਦੋਂ ਵੀ ਵਿਹਲ ਹੁੰਦੀ ਸੀ ਤਾਂ ਬਾਕੀ ਦਾ ਸਮਾਂ ਕਾਲਜ ਨੂੰ ਹੀ ਦੇਂਦਾ ਸੀ। ਪਿੱਛਲੇ ਕੁੱਝ ਸਮੇਂ ਤੋਂ ਵਾਈਸ ਪ੍ਰਿੰਸੀਪਲ ਦੀ ਸੇਵਾ ਵੀ ਨਿਭਾਅ ਰਿਹਾ ਸੀ।
ਥਾਂਈਲੈਂਡ ਛੱਡਣ ਉਪਰੰਤ ਸਭ ਤੋਂ ਪਹਿਲਾ ਮਸਕਟ ਤੇ ਡੁਬਈ ਜਾਣ ਦਾ ਮੌਕਾ ਬਣਿਆ। ਫਿਰ ਇੰਗਲੈਂਡ ਅਮਰੀਕਾ ਜਾਣ ਦਾ ਮੌਕਾ ਬਣਿਆ। ਸਿੱਖ ਮਾਰਗ ਵੈਬਸਾਈਟ `ਤੇ ਗੁਰਮਤ ਦੇ ਲੇਖ ਆਉਣ ਨਾਲ, ਸਿੰਘ ਸਭਾ ਕਨੇਡਾ ਇੰਟਰਨੈਸ਼ਨਲ ਵੈਬਸਾਈਟ ਦੁਆਰਾ ਅਡੀਓ ਵੀਡੀਓ ਕਥਾ ਆਉਣ ਨਾਲ ਤੇ ਪੰਜਾਬ ਰੇਡਿਓ ਯੂ ਕੇ ਤੋਂ ਵੀਰ ਜਸਬੀਰ ਸਿੰਘ ਜੀ ਨਾਲ ਗੁਰਬਾਣੀ ਵਿਚਾਰ ਸਾਂਝੇ ਕਰਨ ਨਾਲ ਵੱਖ ਵੱਖ ਮੁਲਕਾਂ ਵਿਚੋਂ ਸੱਦੇ ਪੱਤਰ ਆਉਣੇ ਸ਼ੁਰੂ ਹੋਏ। ਸਮੇਂ ਅਨੁਸਾਰ ਮੈਨੂੰ ਇਹਨਾਂ ਬਹੁਤਿਆਂ ਮੁਲਕਾਂ ਵਿੱਚ ਜਾਣ ਦਾ ਮੌਕਾ ਮਿਲਿਆ। ਕਥਾ ਵਿੱਚ ਦੋ ਹੀ ਨੁਕਤਿਆਂ ਨੂੰ, ਇੱਕ ਨਿਰੋਲ ਸ਼ਬਦ ਦੀ ਵਿਚਾਰ ਦੂਜਾ ਸਿਧਾਂਤਕ ਢੰਗ ਨਾਲ ਸਿੱਖ ਇਤਿਹਾਸ ਸਣਾਉਣਾ। ਇਹਨਾਂ ਦੋਹਾਂ ਗੱਲਾਂ ਨਾਲ ਬਾਕੀ ਦਾ ਕਰਮ-ਕਾਂਡ ਤੇ ਅੰਧਵਿਸ਼ਵਾਸ ਆਪਣੇ ਆਪ ਹੀ ਰਦ ਹੋਈ ਜਾਂਦਾ ਹੈ। ਗੁਰਬਾਣੀ ਅਤੇ ਇਤਿਹਾਸ ਦੀਆਂ ਇਹਨਾਂ ਵਿਚਾਰਾਂ ਨੂੰ ਸੰਗਤ ਨੇ ਪ੍ਰਵਾਨ ਕੀਤਾ। ਪਰਚਾਰ ਫੇਰੀਆਂ ਦੌਰਾਨ ਪੜ੍ਹਨ ਲਿਖਣ ਦਾ ਸਮਾਂ ਅਕਸਰ ਬਣਦਾ ਰਿਹਾ ਹੈ ਜਿਸ ਦਾ ਮੈਂ ਹਰ ਸਮੇਂ ਲਾਭ ਲਿਆ ਹੈ। ਮੈਂ ਇੱਕ ਚੀਜ਼ ਨੂੰ ਪਹਿਲ ਦੇ ਕੇ ਚੱਲਦਾ ਰਿਹਾ ਹਾਂ ਕਿ ਜਿੱਥੇ ਵੀ ਜਾਇਆ ਜਾਏ ਓੱਥੇ ਗੁਰਮਤ ਦੀਆਂ ਕਲਾਸਾਂ ਦਾ ਜ਼ਰੂਰ ਪ੍ਰਬੰਧ ਕੀਤਾ ਜਾਏ। ਇਹਨਾਂ ਕਲਾਸਾਂ ਦਾ ਸਭ ਤੋਂ ਵੱਧ ਫਾਇਦਾ ਇਹ ਹੋਇਆ ਕਿ ਜਿਹੜੇ ਵਹਿਮ ਭਰਮ ਆਮ ਲੋਕਾਂ ਨੇ ਪਾਲ਼ੇ ਹੋਏ ਸਨ ਉਹ ਗੁਰਬਾਣੀ ਦੁਆਰਾ ਸੌਖੀ ਤਰ੍ਹਾਂ ਸਮਝ ਆ ਗਏ। ਪੁੱਛੇ ਸੁਆਲਾਂ ਦੇ ਜੁਆਬ ਦਿੱਤੇ ਗਏ। ਵੀਰ ਹਰਨੇਕ ਸਿੰਘ ਨਿਊਜ਼ੀਲੈਂਡ ਵਾਲਿਆਂ ਨੇ ਤਾਂ ਸੰਗਤ ਵਿੱਚ ਕਥਾ ਕਰਦਿਆਂ ਹੀ ਇਹ ਰੀਤ ਤੋਰ ਦਿੱਤੀ ਹੈ ਕਥਾ ਦੇ ਦਰਮਿਆਨ ਹੀ ਸੁਆਲ ਪੁਛਿਆ ਜਾ ਸਕਦਾ ਹੈ।
ਏਸੇ ਸਮੇਂ ਵਿੱਚ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵਾਲਿਆਂ ਨੇ ਪਹਿਲੀ ਪੁਸਤਕ ‘ਜੋ ਦਰਿ ਰਹੇ ਸੁ ਉਬਰੇ` ਪ੍ਰਕਾਸ਼ਤ ਕੀਤੀ ਜਿਸ ਨੂੰ ਸੰਗਤ ਨੇ ਬਹੁਤ ਹੰਗਾਰਾ ਦਿੱਤਾ। ਸਿੰਘ ਬ੍ਰਦਰਜ਼ ਵਲੋਂ ਮੇਰੀਆਂ ਸਾਰੀਆਂ ਪੁਸਤਕਾਂ ਛਾਪੀਆਂ ਗਈਆਂ ਹਨ। ਇਹਨਾਂ ਪੁਸਤਕਾਂ ਨੂੰ ਦੇਸ ਵਿਦੇਸ ਦੇ ਸਨੇਹੀ ਵੀਰਾਂ ਵਲੋਂ, ਸਿੰਘ ਸਭਾ ਕਨੇਡਾ ਇੰਟਰਨੈਸ਼ਨਲ ਤੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਵਲੋਂ ਸੰਗਤਾਂ ਤੀਕ ਪਹੁੰਚਾਣ ਦਾ ਆਪਣੇ ਵਲੋਂ ਹਰ ਪੱਧਰ ਤੇ ਸਹਿਯੋਗ ਦਿੱਤਾ ਗਿਆ ਹੈ। ਬਾਹਰਲੇ ਮੁਲਕਾਂ ਵਿੱਚ ਕੁੱਝ ਵੀਰ ਟ੍ਰਾਂਸਪੋਰਟ ਦਾ ਧੰਧਾ ਕਰਦੇ ਸਨ ਉਹਨਾਂ ਦਾ ਵਿਚਾਰ ਸੀ ਇਹਨਾਂ ਪੁਸਤਕਾਂ ਨੂੰ ਪੜ੍ਹ ਕੇ ਰਿਕਾਰਡ ਕਰਾਇਆ ਜਾਏ ਇਹ ਤਜਰਬਾ ਬਿਲਕੁਲ ਨਿਵੇਕਲਾ ਸੀ ਜੋ ਬਹੁਤ ਸਫਲ ਹੋਇਆ। ਜਿੰਨ੍ਹਾ ਤੋਂ ਮੈਨੂੰ ਸਹਿਯੋਗ, ਪਿਆਰ, ਮਾਣ-ਸਨਮਾਣ ਮਿਲਿਆ ਹੈ ਉਸ ਦੀਆਂ ਬਹੁਤ ਪਿਆਰੀਆਂ ਮਿੱਠੀਆਂ ਤੇ ਲੰਮੇਰੀਆਂ ਯਾਦਾਂ ਹਨ। ਮੈਂ ਇਹਨਾਂ ਸਾਰਿਆਂ ਵੀਰਾਂ ਦਾ ਕਰਜ਼ਾਈ ਹਾਂ, ਦੇਣ ਦਾਰ ਹਾਂ। ਨਿਰੋਲ ਗੁਰਮਤ ਦੀ ਵਿਚਾਰ ਤੋਂ ਡੇਰਾਵਾਦੀਆਂ ਨੇ ਕਈ ਥਾਂਈ ਵਿਰੋਧਤਾ ਵੀ ਕੀਤੀ। ਚਲਦੀ ਕਥਾ ਵਿਚੋਂ ਹੱਟਣਾ ਪਿਆ ਜਾਂ ਚਲਦੀ ਵੀਕ ਛੱਡ ਕੇ ਵੀ ਆਉਣਾ ਪਿਆ, ਪਰ ਕੋਈ ਗਿਲਾ ਨਹੀਂ ਹੈ। ਮੋਟੇ ਤੌਰ `ਤੇ ਬੇਅੰਤ ਦੇਸ਼ਾਂ ਵਿੱਚ ਜਾਣ ਦਾ ਮੌਕਾ ਬਣਿਆ ਜੋ ਮੇਰੀ ਆਸ ਤੋਂ ਉਲਟ ਸੀ। ਨੌਜਵਾਨ ਪੀੜ੍ਹੀ ਨੇ ਸ਼ਬਦ ਦੀਆਂ ਵਿਚਾਰਾਂ ਨੂੰ ਬਹੁਤ ਧਿਆਨ ਨਾਲ ਸੁਣਿਆ। ਜੋ ਮੇਰੇ ਲਈ ਖੁਸ਼ੀ ਦੀ ਬਾਤ ਹੈ।
ਗੁਰਮਤ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ ਲੁਧਿਆਣਾ ਦੇ ਪੜ੍ਹਾ ਰਹੇ ਨੌਜਵਾਨ ਪ੍ਰੋਫੈਸਰ ਸਹਿਬਾਨ ਜਿੰਨ੍ਹਾਂ ਦੀਆਂ ਗੁਰਬਾਣੀ ਵਿਚਾਰਾਂ ਦੀ ਕਲਸਾਂ ਵੀ ਸਮੇਂ ਸਮੇਂ ਲਗਾਉਂਦਾ ਰਿਹਾ ਸੀ। ਜਿੰਨ੍ਹਾਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਥੋੜੇ ਸਮੇਂ ਵਿੱਚ ਹੀ ਗੁਰਮਤ ਦੀਆਂ ਸਿਧਾਂਤਕ ਵਿਚਾਰਾਂ ਕਰਕੇ ਇੱਕ ਵੱਖਰੀ ਪਹਿਛਾਣ ਬਣਾਈ ਹੈ, ਉਹਨਾਂ ਵਲੋਂ ਅਤੇ ਏਸੇ ਕਾਲਜ ਦੇ ਟ੍ਰਸਟੀ ਵੀਰਾਂ ਵਲੋਂ, ਚੇਆਰਮੈਨ ਰਾਣਾ ਇੰਦਰਜੀਤ ਸਿੰਘ ਜੀ ਤੇ ਡਾਇਰੈਕਟਰ ਸ੍ਰ. ਕੰਵਰਮਹਿੰਦਰਪ੍ਰਤਾਪ ਸਿੰਘ ਜੀ ਵਲੋਂ ਉਚੇਚੇ ਤੌਰ `ਤੇ ਕਿਹਾ ਗਿਆ ਕਿ ਸਿਰੀ ਮਾਨ ਪ੍ਰਿੰਸੀਪਲ ਜਗਜੀਤ ਸਿੰਘ ਜੀ ਸਿਦਕੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ਼ੀਆਂ ਜਾਣ। ਸੋ ਕਈ ਸੋਚਾਂ ਸੋਚਦਿਆਂ ਇਸ ਪਿਆਰ ਵਿਚੋਂ ਕੋਈ ਨਾਂਹ ਨਾ ਨਿਕਲ ਸਕੀ। ਪਹਿਲੀ ਅਪ੍ਰੈਲ ਤੋਂ ਨਿੰਰਤਰ ਇਹ ਸੇਵਾ ਸੰਭਾਲ ਲਈ ਗਈ ਪਰ ਇਸ ਦੀ ਰਸਮੀ ਕਾਰਵਾਈ ਪਹਿਲੀ ਮਈ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਮਾਗਮ ਵਿੱਚ ਅਰਦਾਸ ਕਰਕੇ ਅਰੰਭਤਾ ਕੀਤੀ ਗਈ। ਜਿਉਂ ਹੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪੰਜਾਬੀ ਬਾਗ ਜਵੱਦੀ ਕਲਾਂ ਲੁਧਿਆਣਾ ਦੇ ਪ੍ਰਿੰਸੀਪਲ ਦੀ ਸੇਵਾ ਅਰੰਭ ਕੀਤੀ ਗਈ ਤਾਂ ਦੇਸ ਵਿਦੇਸ ਵਿਚੋਂ ਸਨੇਹੀ ਵੀਰਾਂ ਭੈਣਾਂ ਦੀਆਂ ਈ-ਮੇਲਜ਼ ਟੈਲੀਫੂਨ ਜਾਂ ਚਿੱਠੀਆਂ ਦੁਆਰਾ ਵਧਾਈਆਂ ਦਿੱਤੀਆਂ ਗਈਆਂ। ਮੈਂ ਸਾਰਿਆਂ ਦੇ ਜੁਆਬ ਨਹੀਂ ਦੇ ਸਕਿਆ, ਕਿਉਂਕਿ ਗੁਰਮਤ ਗਿਆਨ ਮਿਸ਼ਨਰੀ ਕਾਲਜ ਵਲੋਂ ਪਿੰਡਾਂ ਵਿੱਚ ਗੁਰਮਤ ਦੇ ਕੈਂਪ ਲਗਾਏ ਜਾ ਰਹੇ ਸਨ, ਉਹਨਾਂ ਕੈਂਪਾਂ ਵਿੱਚ ਜਾਣ ਕਰਕੇ ਸਮੇਂ ਦੀ ਘਾਟ ਸੀ। ਸਮਾਂ ਮਿਲਿਆ ਹੈ ਇਸ ਲਈ ਸਮੁੱਚੇ ਤੌਰ `ਤੇ ਮੈਂ ਉਹਨਾਂ ਸਾਰਿਆਂ, ਵੀਰਾਂ ਭੈਣਾਂ, ਪ੍ਰਬੰਧਕ ਕਮੇਟੀਆਂ ਸਮੂੰਹ ਉਹਨਾਂ ਸਿੱਖ ਸੰਸਥਾਵਾਂ ਦਾ ਹਾਰਦਿਕ ਧੰਨਵਾਦ ਕਰਦਾ ਹਾਂ ਅਤੇ ਮੈਂ ਸਭ ਦਾ ਧੰਨਵਾਦੀ ਹਾਂ। ਮੈਂ ਕੋਸ਼ਿਸ਼ ਕਰਾਂਗਾ ਕਿ ਕੇਵਲ ਤੇ ਕੇਵਲ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤ੍ਰ ਵਿਚਾਰਧਾਰਾ ਤੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਅਨੁਸਾਰ ਵਿਦਿਆਰਥੀਆਂ ਨੂੰ ਗੁਰਮਤ ਦੀ ਪੜ੍ਹਾਈ ਕਰਾ ਕੇ ਯੋਗ ਪਰਚਾਰਕ ਬਣਾਇਆ ਜਾ ਸਕੇ ਜਾਏ ਜੋ ਸਮੇਂ ਦੇ ਹਾਣੀ ਹੋਣ। ਸਿੱਖ ਧਰਮ ਵਿੱਚ ਫੈਲੇ ਡੇਰਾਵਦ, ਪਾਖੰਡਵਾਦ, ਸਾਧ ਲਾਣੇ ਦੇ ਕਰਮਕਾਂਡ ਵਰਗੀਆਂ ਸਮਾਜਕ ਕੁਰੀਤੀਆਂ, ਧਾਰਮਕ ਅੰਧਵਿਸ਼ਵਾਸ ਨੂੰ ਗੁਰਬਾਣੀ ਦੇ ਚਾਨਣ ਦੁਆਰਾ ਮੱਢੋਂ ਉਖੇੜਿਆ ਜਾ ਸਕੇ। ਮੈਂ ਧੰਨਵਾਦੀ ਹਾਂ ਸਮੁੱਚੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੇ ਸਮੁੱਚੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਦਾ, ਟ੍ਰੱਸਟੀ ਵੀਰਾਂ ਦਾ ਜਿੰਨ੍ਹਾਂ ਨੇ ਮੇਰੇ `ਤੇ ਭਰੋਸਾ ਕਰਕੇ ਇੱਕ ਜ਼ਿੰਮੇਵਾਰ ਸੰਸਥਾ ਦਾ ਮੁੱਖੀ ਬਣਾਇਆ ਹੈ। ਮੈ ਯਕੀਨ ਕਰਾਉਣ ਵਾਲੀਆਂ ਗੱਲਾਂ ਉੱਤੇ ਭਰੋਸਾ ਨਹੀਂ ਕਰਦਾ, ਸਿਰਫ ਕੰਮ ਕਰਨ ਤੇ ਕਰਨਾ ਹੈ `ਤੇ ਪੂਰਾ ਯਕੀਨ ਤੇ ਭਰੋਸਾ ਕਰਦਾ ਹਾਂ ਜੋ ਕੇਵਲ ਸਮੁੱਚੀ ਟੀਮ ਨਾਲ ਹੀ ਕੀਤਾ ਜਾ ਸਕਦਾ ਹੈ। ਮੇਰਾ ਆਪਣਾ ਵਿਸ਼ਵਾਸ ਹੈ ਜਜ਼ਬਾਤੀ ਹੋ ਕੇ ਕੰਮ ਨਹੀਂ ਕਰਨਾ ਬਲ ਕੇ ਜਜ਼ਬਾਤ ਦੇ ਨਾਲ ਕੰਮ ਕਰਨਾ ਹੈ।
ਇਸ ਦੇ ਨਾਲ ਹੀ ਮੈਂ ਦੇਸ-ਵਿਦੇਸ ਦੀਆਂ ਸਮੂੰਹ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਜਦੋਂ ਕਦੇ ਵੀ ਸਮਾਂ ਬਣੇ ਇਸ ਕਾਲਜ ਵਿੱਚ ਜ਼ਰੂਰ ਆਓ ਤੇ ਆਪਣੇ ਕੀਮਤੀ ਸੁਝਾਅ ਤੇ ਆਪਣਾ ਬਣਦਾ ਸਹਿਯੋਗ ਵੀ ਦਿਓ ਤਾਂ ਜੋ ਅਸੀਂ ਹੋਰ ਸਿੱਖ ਕੌਮ ਦੀ ਨਿਗਰ ਤੇ ਨਿਰੋਈ ਸੇਵਾ ਕਰ ਸਕੀਏ। ਕਾਲਜ ਦੇ ਸਾਰੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਚਲ ਰਹੇ ਹਨ।
ਮੈਂ ਸਭ ਦਾ ਧੰਨਵਾਦੀ ਹਾਂ ਜੀ।




.