.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 36)

ਸਿੱਖ ਸਾਹਿਤ ਵਿੱਚ ਗੁਰਬਾਣੀ ਨੂੰ ਤਾਂਤ੍ਰਿਕ ਵਿਧੀਆਂ ਨਾਲ ਪੜ੍ਹਨ ਅਤੇ ਇਸ ਦੇ ਮਹਾਤਮ ਦਾ ਪ੍ਰਵੇਸ਼ ਕਰਾਉਣ ਵਾਲੇ ਅਖੌਤੀ ਸ਼ਰਧਾ ਪੂਰਨ ਗ੍ਰੰਥ ਦੇ ਲਿਖਾਰੀ ਵਲੋਂ ਜਪੁਜੀ ਦੀ ਪੈਂਤਵੀਂ ਪਉੜੀ ਦੇ ਗਿਣਤੀ ਦੇ ਪਾਠ ਅਤੇ ਇਸ ਦੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਧਰਮ ਖੰਡ ਕਾ ਏਹੋ ਧਰਮੁ॥ ਗਿਆਨ ਖੰਡ ਕਾ ਆਖਹੁ ਕਰਮੁ॥
ਅਰਥ:- ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਭਾਵ, ਜੋ ਪਹਿਲੀਆਂ ਪਉੜੀਆਂ ਵਿੱਚ ਦੱਸਿਆ ਗਿਆ ਹੈ)। ਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ (ਜੋ ਅਗਲੀਆਂ ਤੁਕਾਂ ਵਿੱਚ ਹੈ)।
ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ॥
ਅਰਥ:- (ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ॥
ਅਰਥ:- (ਅਕਾਲ ਪੁਰਖ ਦੀ ਕੁਦਰਤਿ ਵਿਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧ੍ਰੂ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ। ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥ ੩੫॥
ਅਰਥ:- (ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ। (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ), ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ। ੩੫।
ਭਾਵ:- ਮਨੁੱਖਾ ਜਨਮ ਦੇ ਫ਼ਰਜ਼ ( ‘ਧਰਮ’ ) ਦੀ ਸਮਝ ਪਿਆਂ ਮਨੁੱਖ ਦਾ ਮਨ ਬੜਾ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਇੱਕ ਨਿੱਕੇ ਜਿਹੇ ਟੱਬਰ ਦੇ ਸੁਆਰਥ ਵਿੱਚ ਬੱਝਾ ਹੋਇਆ ਇਹ ਜਵਿ ਬਹੁਤ ਤੰਗ-ਦਿਲ ਸੀ। ਹੁਣ ਇਹ ਗਿਆਨ ਹੋ ਜਾਂਦਾ ਹੈ ਕਿ ਬੇਅੰਤ ਪ੍ਰਭੂ ਦਾ ਪੈਦਾ ਕੀਤਾ ਹੋਇਆ ਇਹ ਬੇਅੰਤ ਜਗਤ ਇੱਕ ਬੇਅੰਤ ਵੱਡਾ ਟੱਬਰ ਹੈ, ਜਿਸ ਵਿੱਚ ਬੇਅੰਤ ਕ੍ਰਿਸ਼ਨ, ਬੇਅੰਤ ਵਿਸ਼ਨੂੰ, ਬੇਅੰਤ ਬ੍ਰਹਮੇ, ਬੇਅੰਤ ਧਰਤੀਆਂ ਹਨ। ਇਸ ਗਿਆਨ ਦੀ ਬਰਕਤਿ ਨਾਲ ਤੰਗ-ਦਿਲੀ ਹਟ ਕੇ ਇਸਦੇ ਅੰਦਰ ਜਗਤ-ਪਿਆਰ ਦੀ ਲਹਿਰ ਚੱਲ ਕੇ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ। ੩੫।
ਪੁਸਤਕ ਕਰਤਾ ਇਸ ਪਉੜੀ ਦੇ ਗਿਣਤੀ ਦੇ ਪਾਠ ਕਰਨ ਦੀ ਵਿਧੀ ਅਤੇ ਮਹਾਤਮ ਬਾਰੇ ਇਉਂ ਲਿਖਦਾ ਹੈ:-
“ਇਸ ਪਉੜੀ ਦਾ ਪਾਠ ਇਕੀ ਸੌ ਵਾਰ ਐਤਵਾਰ ਤੋਂ ਪ੍ਰਾਤਾਕਾਲ ਆਪਣੇ ਪਾਸ ਪਾਣੀ ਰਖਕੇ ਜਪਣਾ, ਪਾਠ ਪੂਰਾ ਹੋਣ ਉਪਰੰਤ ਰੋਗੀ ਨੂੰ ਇਸ ਜਲ ਦਾ ਛਿੱਟਾ ਦੇਣਾ ਅਤੇ ਸਤ ਦਿਨ ਪਿਲਾਉਣਾ। ਕੁਸ਼ਟ ਰੋਗ ਤੇ ਭਾਗੰਦਰ ਤੇ ਜਲੌਧਰ ਦਾ ਰੋਗ ਮਿਟੇ। ਜੇ ਇਸ ਨੂੰ ਅਨਮੋਲ (ਮੂੰਹ ਵਿਚ) ਜਪੇ ਤਾਂ ਸਰਬ ਫਲ ਪ੍ਰਾਪਤ ਹੋਣ।”
(ਨੋਟ: ਭਗਿੰਦਰ/ਭਗੰਦਰ ਗੁਦਾ ਦੇ ਅੰਦਰ ਜਾਂ ਪਾਸ ਹੁੰਦਾ ਹੈ। ਇਸ ਦੇ ਨਾਸੂਰਾਂ ਵਿਚੋਂ ਪੀਪ ਵਹਿੰਦੀ ਰਹਿੰਦੀ ਹੈ, ਕਦੇ ਬੰਦ ਹੋ ਜਾਂਦੀ ਹੈ, ਕੁੱਝ ਸਮੇਂ ਪਿੱਛੋਂ ਫੇਰ ਵਹਿਣ ਲਗਦੀ ਹੈ, ਖੁਰਕ ਅਤੇ ਚਸਕ ਬਣੀ ਰਹਿੰਦੀ ਹੈ।
ਜਲੋਦਰ: ਇਹ ਰੋਗ ਜਿਗਰ ਗੁਰਦੇ ਤਿੱਲੀ ਆਦਿ ਦੇ ਰੋਗਾਂ ਦੇ ਵਿਗਾੜ ਦਾ ਸਿੱਟਾ ਹੈ। ਅੰਦਰ ਦੇ ਹਿੱਸਿਆਂ ਦੀਆਂ ਜਲ ਵਾਲੀਆਂ ਝਿੱਲੀਆਂ ਵਿੱਚ ਖੂਨ ਦਾ ਪਾਣੀ ਫਿਟਕੇ ਜਮਾਂ ਹੋ ਜਾਂਦਾ ਹੈ। (ਮਹਾਨ ਕੋਸ਼)
ਗੁਰੂ ਕਾਲ ਵਿੱਚ ਵੀ ਜੇਕਰ ਕੋਈ ਪ੍ਰਾਣੀ ਸਰੀਰਕ ਰੋਗ ਨਾਲ ਪੀੜਤ ਹੈ ਤਾਂ ਉਸ ਦਾ ਯਥਾ ਯੋਗ ਇਲਾਜ ਕਰਨ ਦੀ ਹੀ ਪ੍ਰਥਾ ਸੀ। ਸਰੀਰਕ ਰੋਗੀਆਂ ਦਾ ਇਲਾਜ ਕਿਸੇ ਤਾਂਤ੍ਰਿਕਾਂ ਵਿਧੀ ਨਾਲ ਨਹੀਂ ਸੀ ਕੀਤਾ ਜਾਂਦਾ। ਇਹ ਇਲਾਜ ਸਰੀਰਕ ਰੋਗਾਂ ਤੋਂ ਨਿਜਾਤ ਦਿਵਾਉਣ ਵਾਲੇ ਢੰਗਾਂ ਨਾਲ ਹੀ ਕੀਤਾ ਜਾਂਦਾ ਸੀ। ਗੁਰੂ ਅਰਜਨ ਸਾਹਿਬ ਨੇ ਤਰਨ ਤਾਰਨ ਵਿਖੇ ਕੁਸ਼ਟ ਰੋਗ ਨਾਲ ਪੀੜਤ ਪ੍ਰਾਣੀਆਂ ਲਈ ਕੁਸ਼ਟ ਆਸ਼ਰਮ ਖੋਲਿਆ ਸੀ। ਜੇਕਰ ਤਾਂਤ੍ਰਿਕ ਵਿਧੀਆਂ ਨਾਲ ਹੀ ਇਸ ਰੋਗ ਤੋਂ ਛੁਟਕਾਰਾ ਮਿਲਦਾ ਹੁੰਦਾ ਤਾਂ ਸਤਿਗੁਰੂ ਜੀ ਨੂੰ ਇਹ ਆਸ਼ਰਮ ਖੋਲਣ ਦੀ ਜ਼ਰੂਰਤ ਨਹੀਂ ਸੀ ਪੈਣੀ। ਇਤਿਹਾਸ ਵਿੱਚ ਭਾਂਵੇ ਬਹੁਤ ਕੁੱਝ ਗੁਰਮਤਿ ਦੇ ਵਿਰੁੱਧ ਲਿਖਿਆ ਹੋਇਆ ਮਿਲਦਾ ਹੈ ਪਰ ਫਿਰ ਵੀ ਕਿਸੇ ਨੇ ਇਹ ਨਹੀਂ ਲਿਖਿਆ ਕਿ ਗੁਰੂ ਅਰਜਨ ਸਾਹਿਬ ਜੀ ਨੇ ਕੁਸ਼ਟ ਰੋਗ ਨਾਲ ਪੀੜਤ ਵਿਅਕਤੀਆਂ ਨੂੰ ਤਾਂਤ੍ਰਿਕ ਵਿਧੀ ਨਾਲ ਇਸ ਪਉੜੀ ਦੇ ਗਿਣਤੀ ਦੇ ਪਾਠ ਕਰਨ ਦੀ ਹਿਦਾਇਤ ਕੀਤੀ ਹੋਵੇ ਅਤੇ ਨਾ ਹੀ ਕਿਸੇ ਸਿੱਖ ਨੇ ਇਸ ਵਿਧੀ ਨਾਲ ਪਾਠ ਕਰਕੇ ਕੁਸ਼ਟ ਰੋਗੀ ਨੂੰ ਜਲ ਦੇ ਛੱਟੇ ਮਾਰ ਕੇ ਸਤ ਦਿਨ ਇਹ ਪਾਣੀ ਪਿਲਾਇਆ ਹੋਵੇ। ਸਿੱਟੇ ਵਜੋਂ ਕੁਸ਼ਟ ਰੋਗ ਨਾਲ ਪੀੜਤ ਵਿਆਕਤੀ ਦਾ ਇਸ ਰੋਗ ਤੋਂ ਖਹਿੜਾ ਛੁੱਟ ਗਿਆ ਹੋਵੇ।
ਗੁਰੂ ਹਰਿ ਰਾਏ ਸਾਹਿਬ ਦੇ ਜੀਵਨ ਵਿੱਚ ਇਸ ਗੱਲ ਦਾ ਵਰਣਨ ਹੈ ਕਿ ਆਪ ਜੀ ਸ਼ਫ਼ਾਖ਼ਾਨੇ `ਚੋਂ ਹੀ ਦਾਰਾ ਸ਼ਕੋਹ ਨੂੰ ਇੱਕ ਤੋਲੇ ਦਾ ਹਰੜ, ਮਾਸਾ ਲੌਂਗ, ਗੱਜ ਮੋਤੀ ਹਾਸਲ ਹੋਇਆ ਸੀ। ਇਹ ਕਿਸੇ ਵੀ ਲੇਖਕ ਨੇ ਨਹੀਂ ਲਿਖਿਆ ਕਿ ਗੁਰੂ ਸਾਹਿਬ ਨੇ ਦਾਰਾ ਸ਼ਕੋਹ ਨੂੰ ਬੀਮਾਰੀ ਤੋਂ ਮੁਕਤੀ ਹਾਸਲ ਕਰਨ ਲਈ ਕਿਸੇ ਖ਼ਾਸ ਵਿਧੀ ਨਾਲ ਕਿਸੇ ਸ਼ਬਦ ਦਾ ਪਾਠ ਕਰਨ ਦੀ ਪ੍ਰੇਰਨਾ ਕੀਤੀ ਹੋਵੇ।
ਪਿੱਛਲੇ ਕੁੱਝ ਸਮੇਂ ਤੋਂ ਗੁਰਬਾਣੀ ਨੂੰ ਤਾਂਤ੍ਰਿਕ ਵਿਧੀਆਂ ਨਾਲ ਪੜ੍ਹਨ ਦੀ ਪ੍ਰੇਰਨਾ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਗੁਰਬਾਣੀ ਨੂੰ ਧਿਆਨ ਨਾਲ ਵਿਚਾਰ ਸਹਿਤ ਪੜ੍ਹ ਸੁਣ ਕੇ ਇਸ ਅਨੁਸਾਰ ਆਪਣਾ ਆਚਰਣ ਬਣਾਉਣ ਦੀ ਬਜਾਏ ਕੇਵਲ ਇਸ ਦਾ ਵਿਸ਼ੇਸ਼ ਵਿਧੀਆਂ ਨਾਲ ਪਾਠ ਕਰਕੇ ਮਨਇੱਛਤ ਫਲ ਪਾਉਣ ਦੀ ਪ੍ਰੇਰਨਾ ਕਰਨ ਵਾਲਿਆਂ ਵਿਚੋਂ ਹੀ ਇੱਕ ਸੱਜਣ (ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ ਵਾਲੇ) ਕੀਰਤਨ ਕਰਦਿਆਂ ਇੱਕ ਥਾਂ ਕਹਿੰਦੇ ਹਨ, “ਸੁਖਮਨੀ ਦੀਆਂ ਪਹਿਲੀਆਂ ਛੇ ਅਸਟਪਦੀਆਂ ਦਾ ਪਾਠ ਜੇਕਰ ਮੂੰਗੀ ਦੀ ਦਾਲ ਰੱਖ ਕੇ ਕੀਤਾ ਜਾਵੇ ਅਤੇ ਫਿਰ ਇਸ ਦਾਲ ਨੂੰ ਦਸ ਬਾਰ੍ਹਾਂ ਦਿਨ ਖਾਧਾ ਜਾਵੇ ਤਾਂ ਵਿਟਾਮਨ ਦੀ ਘਾਟ ਦੂਰ ਜੋ ਜਾਵੇਗੀ।” ਇਸ ਤਰ੍ਹਾਂ ਦੇ ਗਪੌੜ ਮਾਰਨ ਵਾਲੇ ਭੱਦਰ ਪੁਰਸ਼ਾਂ ਨੂੰ ਇਹ ਅਕਾਸ਼ ਬਾਣੀ ਕਿਵੇਂ ਹੋ ਗਈ ਕਿ ਸੁਖਮਨੀ ਦੀਆਂ ਕੇਵਲ ਪਹਿਲੀਆਂ ਛੇ ਪਉੜੀਆਂ ਮੂੰਗੀ ਦੀ ਦਾਲ ਪਾਸ ਰੱਖ ਕੇ ਪੜ੍ਹਨ ਉਪਰੰਤ ਇਸ ਦਾਲ ਨੂੰ ਖਾਣ ਨਾਲ ਵਿਟਾਮਨ ਦੀ ਘਾਟ ਦੂਰ ਹੋ ਜਾਵੇਗੀ। ਇਸ ਤਰ੍ਹਾਂ ਦੇ ਪਰਚਾਰ ਕਰਨ ਵਾਲੇ ਸੰਗਤਾਂ ਦੀ ਕਮਜ਼ੋਰੀ ਤੋਂ ਖ਼ੂਬ ਜਾਣੂ ਹਨ ਕਿ ਉਨ੍ਹਾਂ ਵਲੋਂ ਜੋ ਵੀ ਕਿਹਾ ਜਾਵੇਗਾ ਸੰਗਤਾਂ ਨੇ ਸਤਿ ਕਰ ਕੇ ਮੰਨ ਹੀ ਲੈਣਾ ਹੈ। ਇਹੀ ਕਾਰਨ ਹੈ ਆਏ ਦਿਨ ਇਹੋ ਜਿਹੇ ਸੱਜਣਾਂ ਵਲੋਂ ਇਸ ਤਰ੍ਹਾਂ ਕੋਈ ਨਾ ਕੋਈ ਮਨਮਤੀ ਸ਼ੋਸ਼ਾ ਛੱਡ ਦਿੱਤਾ ਜਾਂਦਾ ਹੈ ਅਤੇ ਸੰਗਤਾਂ ਇਨ੍ਹਾਂ ਗਪੌੜਿਆਂ ਨੂੰ ਅਗੰਮੀ ਬਚਨ ਸਮਝ ਕੇ ਸੱਚ ਮੰਨ ਲੈਂਦੀਆਂ ਹਨ।
ਇਸ ਗੱਲ ਦੀ ਅਸੀਂ ਪਹਿਲਾਂ ਵੀ ਚਰਚਾ ਕਰ ਚੁਕੇ ਹਾਂ ਕਿ ਸਿੱਖ ਨੇ ਗੁਰਬਾਣੀ ਦਾ ਤਾਂ ਹਰੇਕ ਸਮੇਂ ਹੀ ਆਸਰਾ ਲੈਣਾ ਹੈ। ਭਾਵ ਗੁਰਬਾਣੀ ਨੂੰ ਧਿਆਨ ਨਾਲ ਵਿਚਾਰ ਸਹਿਤ ਪੜ੍ਹ ਕੇ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਅਪਣਾਉਣ ਦਾ ਯਤਨ ਕਰਨਾ ਹੈ। ਜੇਕਰ ਕੋਈ ਸਰੀਰਕ ਕਸ਼ਟ ਹੈ ਤਾਂ ਵੀ ਇਲਾਜ ਕਰਾਉਣ ਦੇ ਨਾਲ ਨਾਲ ਆਤਮਕ ਤਲ ਤੇ ਨਿਰੋਆ ਰਹਿਣ ਲਈ ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹਨਾ ਹੈ। ਗੁਰਬਾਣੀ ਦੀ ਵਿਚਾਰ ਦੀ ਬਰਕਤ ਨਾਲ ਅਸੀਂ ਕਦੀ ਵੀ ਆਤਮਕ ਕਮਜ਼ੋਰੀ ਦਾ ਸ਼ਿਕਾਰ ਨਹੀਂ ਹੋਵਾਂਗੇ। ਚੂੰਕਿ ਗੁਰਬਾਣੀ ਸਾਨੂੰ ਅਕਾਲ ਪੁਰਖ ਦੀ ਹੁਕਮੀ ਖੇਡ ਨੂੰ ਸਮਝਣ ਵਿੱਚ ਸਹਾਇਤਾ ਕਰਦੀ ਹੈ, ਇਸ ਲਈ ਪ੍ਰਭੂ ਦੇ ਹੁਕਮ ਨੂੰ ਪਛਾਣ ਕੇ ਉਸ ਦੀ ਰਜ਼ਾ ਵਿੱਚ ਵਿਚਰ ਸਕੀਦਾ ਹੈ।
ਕਿਸੇ ਸਰੀਰਕ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਗੁਰਬਾਣੀ ਨੂੰ ਤਾਂਤ੍ਰਿਕ ਵਿਧੀ ਆਦਿ ਨਾਲ ਪੜ੍ਹਨਾ ਗੁਰਮਤਿ ਦੀ ਰਹਿਣੀ ਦਾ ਅੰਗ ਨਹੀਂ ਹੈ। ਜੇਕਰ ਇਹ ਗੁਰਮਤਿ ਦੀ ਰਹਿਣੀ ਦਾ ਅੰਗ ਹੁੰਦਾ ਤਾਂ ਗੁਰੂ ਸਾਹਿਬਾਨ ਆਪ ਹੀ ਇਸ ਪਹਿਲੂ ਵਲ ਮਨੁੱਖ ਦਾ ਧਿਆਨ ਦੁਵਾਉਂਦੇ। ਸਰੀਰਕ ਇਲਾਜ ਲਈ ਵੈਦ ਹਕੀਮਾਂ ਦੀ ਸਹਾਇਤਾ ਲੈਣ ਦੀ ਥਾਂ ਇਨ੍ਹਾਂ ਵਿਧੀਆਂ ਦਾ ਪ੍ਰਯੋਗ ਕਰਨ ਲਈ ਸਿੱਖ ਸੰਗਤਾਂ ਨੂੰ ਉਤਸ਼ਾਹਤ ਕਰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਹੀ ਇਨ੍ਹਾਂ ਵਿਧੀਆਂ ਦਾ ਵਿਸਤਾਰ ਸਹਿਤ ਵਰਣਨ ਕੀਤਾ ਹੁੰਦਾ। ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਵਿਧੀਆਂ ਦਾ ਵਰਣਨ ਨਾ ਹੋਣਾ ਇਸ ਗੱਲ ਦਾ ਹੀ ਲਖਾਇਕ ਹੈ ਕਿ ਇਹ ਵਿਧੀਆਂ ਗੁਰਮਤਿ ਦੀ ਰਹਿਣੀ ਦਾ ਅੰਗ ਨਹੀਂ ਹਨ। ਇਸ ਲਈ ਜੇਕਰ ਕੋਈ ਪ੍ਰਾਣੀ ਕੁਸ਼ਟ ਰੋਗ, ਭਾਗੰਦਰ ਤੇ ਜਲੌਧਰ ਰੋਗ ਦਾ ਸ਼ਿਕਾਰ ਹੈ ਤਾਂ ਉਸ ਨੂੰ ਇਸ ਦਾ ਯੋਗ ਇਲਾਜ ਕਰਾਉਣ ਦੀ ਲੋੜ ਹੈ ਨਾ ਕਿ ਤਾਂਤ੍ਰਿਕ ਵਿਧੀਆਂ ਦੀ ਵਰਤੋਂ ਨਾਲ ਇਨ੍ਹਾਂ ਦਾ ਛੁਟਕਾਰਾ ਹਾਸਲ ਕਰਨ ਲਈ ਗਿਣਤੀ ਦੇ ਪਾਠ ਕਰਨ ਦੀ। ਇਸ ਵਿੱਚ ਤਾਂ ਕੋਈ ਸੰਦੇਹ ਨਹੀਂ ਹੈ ਕਿ ਗੁਰਬਾਣੀ ਮਨੁੱਖ ਦੇ ਹਰੇਕ ਤਰ੍ਹਾਂ ਦੇ ਆਤਮਕ ਰੋਗ ਮਿਟਾਉਣ ਦੇ ਸਮਰੱਥ ਹੈ। ਪਰ ਇਨ੍ਹਾਂ ਰੋਗਾਂ ਤੋਂ ਵੀ ਛੁਟਕਾਰਾ ਗੁਰਬਾਣੀ ਦੇ ਗਿਣਤੀ ਦੇ ਪਾਠਾਂ ਨਾਲ ਨਹੀਂ ਸਗੋਂ ਗੁਰਬਾਣੀ ਅਨੁਸਾਰ ਆਪਣਾ ਆਚਰਣ ਬਣਾਉਣ ਨਾਲ ਹੀ ਹੁੰਦਾ ਹੈ।
ਪੁਸਤਕ ਕਰਤਾ ‘ਸਰਬ ਫਲ ਪ੍ਰਾਪਤ’ ਹੋਣ ਦੀ ਗੱਲ ਕਰ ਰਿਹਾ ਹੈ। ਲੇਖਕ ਇਸ ਗੱਲ ਦਾ ਖ਼ੁਲਾਸਾ ਨਹੀਂ ਕਰ ਰਿਹਾ ਕਿ ਇਨ੍ਹਾਂ ‘ਸਰਬ ਫਲ’ ਵਿੱਚ ਕਿਹੜੇ ਕਿਹੜੇ ਫਲ ਆਉਂਦੇ ਹਨ। ਜੇਕਰ ਸਾਰੇ ਫਲ ਇਸ ਪਉੜੀ ਦੇ ਗਿਣਤੀ ਦੇ ਪਾਠ ਕਰਨ ਨਾਲ ਹੀ ਹਾਸਲ ਹੋ ਸਕਦੇ ਹਨ ਤਾਂ ਫਿਰ ਬਾਕੀ ਪਉੜੀਆਂ ਨੂੰ ਪੜ੍ਹਨ ਦੀ ਤਾਂ ਲੋੜ ਨਹੀਂ ਹੈ। ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਜੇਕਰ ਸਾਰੇ ਫਲ ਪ੍ਰਾਪਤ ਹੋ ਜਾਂਦੇ ਹੋਣ ਤਾਂ ਮਨੁੱਖ ਨੂੰ ਕਿਸੇ ਤਰ੍ਹਾਂ ਦੀ ਮਿਹਨਤ ਕਰਨ ਦੀ ਬਿਲਕੁਲ ਹੀ ਜ਼ਰੂਰਤ ਨਹੀਂ ਹੈ।
ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਰਬ ਫਲਾਂ ਬਾਰੇ ਇਉਂ ਕਿਹਾ ਹੈ:-
(ੳ) ਮਨ ਮੇਰੇ ਰਾਮ ਨਾਮੁ ਜਪਿ ਜਾਪੁ॥ ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ॥ (ਪੰਨਾ ੪੮)
ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, ਪਰਮਾਤਮਾ (ਦੇ ਨਾਮ) ਦਾ ਜਾਪ ਜਪ। (ਸਿਮਰਨ ਦੀ ਬਰਕਤਿ ਨਾਲ) ਤੂੰ ਮਨ-ਭਾਉਂਦੇ ਫਲ ਪ੍ਰਾਪਤ ਕਰੇਂਗਾ, ਤੇ ਤੇਰਾ ਸਾਰਾ ਦੁੱਖ ਕਲੇਸ਼ ਸਹਮ ਦੂਰ ਹੋ ਜਾਇਗਾ।
(ਅ) ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ॥ (ਪੰਨਾ ੪੦੭)
ਅਰਥ: (ਹੇ ਭਾਈ!) ਆਓ ਪਰਮਾਤਮਾ ਦੀ ਸਰਨ ਪਏ ਰਹੀਏ (ਤੇ ਪਰਮਾਤਮਾ ਪਾਸੋਂ) ਸਾਰੇ ਫਲ ਹਾਸਲ ਕਰੀਏ। (ਪਰਮਾਤਮਾ ਦੀ ਸਰਨ ਪਿਆਂ) ਸਾਰੇ ਦੁੱਖ ਦੂਰ ਹੋ ਜਾਂਦੇ ਹਨ।
(ੲ) ਜਨ ਨਾਨਕ ਏਕੁ ਧਿਆਇਆ॥ ਸਰਬ ਫਲਾ ਪੁੰਨੁ ਪਾਇਆ॥ (ਪੰਨਾ ੬੨੫)
ਅਰਥ:-ਹੇ ਦਾਸ ਨਾਨਕ! (ਆਝ-) ਜਿਸ ਮਨੁੱਖ ਨੇ (ਗੁਰੂ ਦੀਸ਼ਰਨ ਪੈ ਕੇ) ਪਰਮਾਤਮਾ ਦਾ ਸਿਮਰਨ ਸ਼ੁਰੂ ਕਰ ਦਿੱਤਾ, ਉਸ ਨੇ ਸਾਰੇ ਫਲ ਦੇਣ ਵਾਲੀ (ਰੱਬੀ ਬਖ਼ਸ਼ਸ਼ ਪ੍ਰਾਪਤ ਕਰ ਲਈ।
ਨੋਟ: ਸਰਬ ਫਲਾਂ ਤੋਂ ਭਾਵ ਸਮੂਹ ਆਤਮਕ ਗੁਣਾਂ ਤੋਂ ਹੈ ਨਾ ਕਿ ਪਦਾਰਥਾਂ ਆਦਿ ਤੋਂ।
ਪਰ ਲੇਖਕ ਕੇਵਲ ਇਸ ਪਉੜੀ ਦਾ ਇੱਕੀ ਸੌ ਵਾਰ ਕਰਨ ਨਾਲ ਹੀ ‘ਸਰਬ ਫਲ’ ਪ੍ਰਾਪਤ ਹੋਣ ਦੀ ਗੱਲ ਕਰਦਾ ਹੈ। ਪਾਠਕ ਖ਼ੁਦ ਹੀ ਨਿਰਣਾ ਕਰਨ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਰਮਾਨ ਨੂੰ ਮੰਨਣਾ ਹੈ ਜਾਂ ਇਸ ਪੁਸਤਕ ਦੇ ਗੁਮਨਾਮ ਲੇਖਕ ਦੀ ਇਸ ਲਿਖਤ ਨੂੰ।
ਬਾਣੀ ਦਾ ਆਸਰਾ ਤਾਂ ਹਰੇਕ ਸਮੇਂ ਹੀ ਲੈਣਾ ਹੈ। ਚੂੰਕਿ ਬਾਣੀ ਵਿਚੋਂ ਹੀ ਸਾਨੂੰ ਸਹੀ ਜੀਵਨ-ਜੁਗਤ ਦਾ ਪਤਾ ਚਲਦਾ ਹੈ, ਇਸ ਦੀ ਬਦੌਲਤ ਹੀ ਆਤਮਕ ਤੌਰ `ਤੇ ਬਲਵਾਨ ਹੋਣਾ ਹੈ। ਬਾਣੀ ਵਿਚੋਂ ਹੀ ਪ੍ਰਭੂ ਦੇ ਹੁਕਮ ਨੂੰ ਸਮਝਣ ਦੀ ਜੁਗਤੀ ਹਾਸਲ ਕਰਨੀ ਹੈ। ਇਸ ਲਈ ਜੇਕਰ ਅਸੀਂ ਕਿਸੇ ਰੋਗ ਨਾਲ ਪੀੜਤ ਹਾਂ ਤਾਂ ਯੋਗ ਇਲਾਜ ਕਰਾਉਣ ਦੀ ਲੋੜ ਹੈ। ਗੁਰਬਾਣੀ ਪੜ੍ਹਨੀ ਅਤੇ ਸਮਝਣੀ ਸਾਡੀ ਆਤਮਕ ਖ਼ੁਰਾਕ ਹੈ ਅਤੇ ਸਾਨੂੰ ਗੁਰਬਾਣੀ ਤਾਂ ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ। ਇਸ ਖ਼ੁਰਾਕ ਦੀ ਮਨੁੱਖ ਨੂੰ ਹਰ ਸਮੇਂ ਹੀ ਲੋੜ ਹੈ। ਗੁਰਬਾਣੀ ਦਾ ਆਸਰਾ ਲੈਣ ਵਾਲੇ ਨੂੰ ਜੇਕਰ ਕੋਈ ਸਰੀਰਕ ਬੀਮਾਰੀ ਲੱਗੀ ਵੀ ਹੋਈ ਹੈ ਤਾਂ ਵੀ ਉਹ ਆਤਮਕ ਤੌਰ `ਤੇ ਕਦੀ ਵੀ ਕਮਜ਼ੋਰੀ ਨਹੀਂ ਮਹਿਸੂਸ ਕਰਦਾ। ਇਸ ਤਰ੍ਹਾਂ ਤਨ ਦੇ ਤਲ `ਤੇ ਕਮਜ਼ੋਰ ਹੁੰਦਿਆਂ ਹੋਇਆਂ ਵੀ ਮਨੁੱਖ ਡਾਵਾਂ-ਡੋਲ ਨਹੀਂ ਹੁੰਦਾ।
ਸੋ, ਜੇਕਰ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਇਹੋ ਜਿਹੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੋਵੇ ਤਾਂ ਹਸਪਤਾਲਾਂ ਵਿੱਚ ਇਹੋ ਜਿਹੇ ਰੋਗਾਂ ਨਾਲ ਪੀੜਤ ਕੋਈ ਵੀ ਰੋਗੀ ਨਜ਼ਰ ਨਾ ਆਵੇ। ਪਰ ਇਹ ਆਮ ਹੀ ਦੇਖਣ `ਚ ਆ ਰਿਹਾ ਹੈ ਕਿ ਮਰੀਜ਼ਾਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ। ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਕਈ ਕਈ ਮਹੀਨੇ ਉਡੀਕ ਕਰਨੀ ਪੈ ਰਹੀ ਹੈ।
ਜਸਬੀਰ ਸਿੰਘ ਵੈਨਕੂਵਰ
.