.

ਸਾਂਝੀਵਾਲਤਾ ਦਾ ਪੈਗ਼ਾਮ ਹੈ

ਸਿੱਖ ਧਰਮ

(ਭਾਗ 3)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਗੁਰਮਤਿ ਪਾਠ 154 ਦਾ ਭਾਗ ਪਹਿਲਾ ਤੇ ਦੂਜਾ ਵੀ ਜ਼ਰੂਰ ਪੜੋ ਜੀ

“ਸਭ ਮਹਿ ਜੋਤਿ ਜੋਤਿ ਹੈ ਸੋਇ” - ਇਸ ਤੋਂ ਬਾਅਦ ਅਗਲਾ ਸੁਆਲ ਇਹ ਪੈਦਾ ਹੁੰਦਾ ਹੈ ਕਿ ਜੀਵਨ ਦੀ ਇਤਨੀ ਵੱਡੀ ਸੱਚਾਈ ਪਰ ਭਿੰਨ ਭਿੰਨ ਧਰਮਾਂ `ਚ ਵਿਸ਼ਵਾਸ ਰਖਣ ਵਾਲੇ ਜੇ ਕਰ ਇੱਕ ਦੂਜੇ ਦੇ ਨੇੜੇ ਆਉਣ ਵੀ ਤਾਂ ਕਿਵੇਂ? ਇਕੱਠੇ ਹੋ ਕੇ ‘ਸਰਵ ਧਰਮ ਸਮੇਲਨ’ ਕਰਣੇ, ‘ਸਰਵ ਧਰਮ ਮਿਲਾਪ’ ਦੀਆਂ ਗੱਲਾਂ ਕਰਣੀਆਂ ਵੀ, ਬੇਸ਼ਕ ਬਹੁਤ ਵੱਧੀਆ ਉਦੱਮ ਹਨ। ਫ਼ਿਰ ਅਜਿਹੇ ਸਮੇਲਨਾਂ ਅਤੇ ‘ਸਰਵ ਧਰਮ ਮਿਲਾਪਾਂ’ ਦੇ ਯਤਣ ਵੀ ਅੱਜ ਸੰਸਾਰ ਭਰ `ਚ ਬਹੁਤ ਹੋ ਰਹੇ ਹਨ। ਇਸ ਦੇ ਬਾਵਜੂਦ ਇਨ੍ਹਾਂ ਦੀ ਮੂਲ ਲੋੜ ਫ਼ਿਰ ਵੀ ਉਥੇ ਦੀ ਉਥੇ ਹੀ ਖੜੀ ਹੈ ਅਤੇ ਮਕਸਦ ਵੀ ਹੱਲ ਨਹੀਂ ਹੋ ਰਿਹਾ। ਇਸ ਤਰ੍ਹਾਂ ਜੇ ਮਨੋਰਥ ਤੇ ਮਕਸਦ ਹੀ ਹਾਸਲ ਨਹੀਂ ਹੋ ਰਿਹਾ, ਤਾਂ ਇਨ੍ਹਾਂ ਸਮੇਲਨਾਂ ਤੇ ਮਿਲਾਪਾਂ ਦਾ ਕੀ ਲਾਭ?

ਦਰਅਸਲ ਇਨ੍ਹਾਂ ਦੇ ਮਕਸਦ ਦੀ ਪ੍ਰਾਪਤੀ ਵੀ ਉਦੋਂ ਹੀ ਸੰਭਵ ਹੈ ਜਦੋਂ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਇਹ ਵੀ ਸਮਝ ਆ ਜਾਵੇ ਕਿ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ” (ਪੰ: ੧੩) ਅਤੇ ਜਿਸ ਵਿਸ਼ੇ ਨੂੰ, ਕਬੀਰ ਸਾਹਿਬ ਦੀ ਬਾਣੀ ਰਾਹੀਂ ਗੁਰਦੇਵ ਇਸ ਤਰ੍ਹਾਂ ਵੀ ਬਿਆਣਦੇ ਹਨ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” (ਪੰ: ੧੩੪੯)। ਜਦਕਿ ਗੁਰਬਾਣੀ `ਚ ਇਸ ਸਚਾਈ ਨੂੰ ਇਕੱਲੇ ਇਨ੍ਹਾਂ ਦੋ ਪ੍ਰਮਾਣਾਂ ਨਾਲ ਹੀ ਨਹੀਂ ਬਲਕਿ ਹਜ਼ਾਰਹਾਂ ਵਾਰੀ ਸਮਝਾਇਆ ਹੈ ਤੇ ਸਪਸ਼ਟ ਕੀਤਾ ਹੋਇਆ ਹੈ ਤਾ ਕਿ ਮਨੁੱਖ ਨੂੰ ਇਸ ਸਚਾਈ ਦੀ ਤਹਿ ਤੱਕ ਵੀ ਪਹੁੰਚ ਸਕੇ। ਫ਼ਿਰ ਵੀ ਇਹ ਸਭ ਉਦੋਂ ਹੀ ਸੰਭਵ ਹੋ ਸਕੇਗਾ ਜਦੋਂ ਇਸ ਦਾ ਢੰਗ ਵੀ ਗੁਰੂ ਸਾਹਿਬ ਕੋਲੋਂ ਹੀ ਲਿਆ ਜਾਵੇਗਾ ਤਾਂ।

ਹੋਰ ਲਵੋ! ਗੁਰੂ ਸਾਹਿਬ ਨੇ ਕੇਵਲ ਰਸਤਾ ਹੀ ਨਹੀਂ ਦਸਿਆ। ਉਨ੍ਹਾਂ ਨੇ ਤਾਂ ਇਸ ਨੂੰ ਅਮਲ `ਚ ਲਿਆਉਣ ਲਈ ਚਾਰ ਅਜਿਹੀਆਂ ਸੰਸਥਾਵਾਂ ਵੀ ਸੰਸਾਰ ਨੂੰ ਬਖ਼ਸ਼ੀਆਂ ਜਿਨ੍ਹਾਂ ਦੀ ਮਿਸਾਲ ਸੰਸਾਰ ਭਰ ਦੇ ਅਖਵਾਉਂਦੇ ਧਰਮਾਂ `ਚ ਨਹੀਂ ਮਿਲਦੀ। ਇਹ ਸੰਸਥਾਵਾਂ ਹਨ ਹਨ (੧) ਗੁਰੂ ਦਰ ਦੀਆਂ ਸਾਂਝੀਆਂ ਸੰਗਤਾਂ (੨) ਗੁਰੂ ਦਰ ਦੇ ਸ਼ਾਂਝੇ ਲੰਗਰ ਤੇ ਉਨ੍ਹਾਂ `ਚ ਲਗਦੀਆਂ ਸਾਂਝੀਆਂ ਪੰਗਤਾਂ (੩) ਗੁਰੂ ਦਰ `ਤੇ ਇਸ਼ਨਾਨਾਂ ਤੇ ਪਾਣੀ ਦੀਆਂ ਸਾਂਝੀਆਂ ਮੁੱਖ ਲੋੜਾਂ ਲਈ ਸਾਂਝੇ ਸਰੋਵਰ, ਬਾਉਲੀਆਂ ਆਦਿ (੪) ਗੁਰੂ ਕੀਆਂ ਸਾਂਝੀਆਂ ਸੰਗਤਾਂ ਵਿਚਕਾਰ ਵਰਤਾਉਣ ਲਈ ਗੁਰੂ ਦਰ ਤੋਂ ਕੜਾਹ ਪ੍ਰਸ਼ਾਦਿ ਦੀਆਂ ਦੇਗ਼ਾ ਵਾਲੀ ਮਰਯਾਦਾ। ਜਦਕਿ ਇਨ੍ਹਾਂ ਸੰਸਥਾਵਾਂ ਦਾ ਵੇਰਵਾ ਅਸੀਂ ਇਸ ਗੁਰਮੱਤ ਪਾਠ ਦੇ ਅਰੰਭ `ਚ ਦੇ ਚੁੱਕੇ ਹਾਂ।

ਇਸ ਦੇ ਨਾਲ ਨਾਲ ਇਸ ਗੁਰਮੱਤ ਪਾਠ ਦੇ ਅਰੰਭ `ਚ ਗੁਰਬਾਣੀ ਰਾਹੀਂ ਪ੍ਰਗਟ ਸਚਾਈਆਂ ਕਿ (੧) ਸਾਰੀ ਰਚਨਾ ਦਾ ਕਰਤਾ ਇਕੋ ਇੱਕ ਅਕਾਲਪੁਰਖ ਹੈ (੨) ਸਮੂਚੇ ਮਨੁੱਖ ਮਾਤ੍ਰ ਦਾ ਇਕੋ ਇੱਕ ‘ਗੁਰੂ’ ਭਾਵ ਸਮੂਚੇ ਮਨੁੱਖ ਮਾਤ੍ਰ ਦੇ ਜੀਵਨ ਦੀ ਸੰਭਾਲ ਲਈ ਸ਼ਬਦ ਗੁਰੂ, ਇਲਾਹੀ ਗਿਆਨ, ਵਿਵੇਕ ਬੁਧ ਅਥਵਾ ਗੁਰਬਾਣੀ ਗਿਆਨ ਤੇ ਆਦੇਸ਼ਾਂ ਨਾਲ ਘੜੇ ਹੋਏ ਆਤਮਕ ਜੀਵਨ ਦੀ ਹੁੰਦੀ ਲੋੜ ਹੈ (੩) ਸਮੂਚੇ ਮਨੁੱਖ ਮਾਤ੍ਰ ਦਾ ਇਕੋ ਇੱਕ ਧਰਮ, ਇਲਾਹੀ ਸੱਚ ਧਰਮ ਹੀ ਹੈ, ਮਨੁੱਖ ਮਨੁੱਖ ਦੇ ਭਿੰਨ ਭਿੰਨ ਤੇ ਹਜ਼ਾਰਾਂ ਧਰਮ ਨਹੀਂ ਹਨ (੪) ਸਮਸਤ ਮਨੁੱਖ ਮਾਤ੍ਰ ਦਾ ਆਪਸੀ ਭਾਈਚਾਰਾ ਤੇ ਭ੍ਰਾਤ੍ਰੀਭਾਵ ਵੀ ਇਕੋ ਹੀ ਹੈ।

ਅਜਿਹੇ ਸਾਂਝੇ ਸੰਸਥਾਨਾਂ ਤੇ ਇਨ੍ਹਾਂ ਰੱਬੀ ਸਚਾਈਆਂ ਨੂੰ ਅਪਣਾਏ ਬਿਨਾ, ਚਾਹੇ ਕੁੱਝ ਵੀ ਕਰਦੇ ਫ਼ਿਰੀਏ, ਅਜਿਹੇ ਇੱਕ ਦੋ ਨਹੀਂ ਬੇਸ਼ਕ ਹਜ਼ਾਰਾਂ ‘ਸਰਵ ਧਰਮ ਸਮੇਲਨ’ ਤੇ ‘ਸਰਵ ਧਰਮ ਮਿਲਾਪ’ ਹੁੰਦੇ ਰਹਿਣ, ਉਹ ਸਾਰੇ ਨਿਸ਼ਫਲ ਤੇ ਬੇਅਰਥ ਹੀ ਜਾਂਦੇ ਰਹਿਣਗੇ। ਉਪ੍ਰੰਤ ਇਸ ਤਰ੍ਹਾਂ ਦੇ ‘ਸਰਵ ਧਰਮ ਮਿਲਾਪ’ ਤੇ ‘ਸਰਵ ਧਰਮ ਸਮੇਲਨ’, ਭਿੰਨ ਭਿੰਨ ਧਰਮਾਂ `ਚ ਵਿਸ਼ਵਾਸ ਰਖਣ ਵਾਲੇ ਲੋਕਾਂ ਵਿਚਕਾਰ ਕਿਸੇ ਤਰ੍ਹਾਂ ਵੀ ਨੇੜਤਾ ਤੇ ਆਪਸੀ ਮਿਲਾਪ ਪੈਦਾ ਨਹੀਂ ਕਰ ਸਕਣਗੇ। ਕਿਉਂਕਿ ਗੁਰਬਾਣੀ ਗਿਆਨ ਤੇ ਗੁਰਬਾਣੀ ਜੀਵਨ ਦੀ ਕਮਾਈਂ ਬਿਨਾ ਸੰਸਾਰ ਤੱਲ `ਤੇ ਇਸ ਦਾ ਕੋਈ ਦੂਜਾ ਹੱਲ ਜਾਂ ਬਦਲ ਹੈ ਹੀ ਨਹੀਂ।

ਸੱਚ ਧਰਮ ਅਤੇ ਸਾਂਝੀਵਾਲਤਾ- ਗੁਰਬਾਣੀ ਅਨੁਸਾਰ ਸਮੂਚੇ ਮਨੁੱਖ ਮਾਤ੍ਰ ਲਈ ਇਲਾਹੀ ਤੇ ਰੱਬੀ ਧਰਮ ਹੈ ਕੀ? ਉਹ ਸੱਚ ਧਰਮ ਜਿਸ ਦਾ ਅਸੀਂ ਬਾਰ ਬਾਰ ਜ਼ਿਕਰ ਕਰ ਰਹੇ ਹਾਂ। ਇਸ ਲਈ ਇਸ ਵਿਸ਼ੇ ਵੱਲ ਵੀ ਥੋੜਾ ਧਿਆਨ ਦੇਣ ਦੀ ਲੋੜ ਹੈ। ਸਚਾਈ ਇਹ ਹੈ ਕਿ ਇਨਸਾਨ ਜਿਉਂ ਜਿਉਂ ਸੱਚ ਧਰਮ ਵਲ ਅੱਗੇ ਵੱਧਦਾ ਹੈ ਉਸਦੇ ਹਜ਼ਾਰਾਂ-ਲਖਾਂ ਭਿੰਨ ਭਿੰਨ ਇਸ਼ਟ ਤੇ ਧਰਮ ਰਹਿ ਹੀ ਨਹੀਂ ਜਾਂਦੇ। ਮਨੁੱਖ ਨੂੰ ਸਮਝ ਆਉਣ ਲਗ ਜਾਂਦੀ ਹੈ ਕਿ ਪੈਦਾ ਕਰਨ ਵਾਲਾ, ਪਾਲਨਾ ਕਰਨ ਵਾਲਾ, ਮਾਰਣ ਤੇ ਜਿਵਾਲਣ ਵਾਲ, ਸਾਰੀ ਰਚਨਾ ਦਾ ਕਰਤਾ ਧਰਤਾ ਕੇਵਲ ਇਕੋ ਇੱਕ ਸਰਵ-ਵਿਆਪੀ ਪ੍ਰਮਾਤਮਾ ਹੀ ਹੈ।

ਇਸ ਤਰ੍ਹਾਂ ਮਨੁੱਖ ਨੂੰ ਜਦੋਂ ਪੈਦਾ ਕਰਨ ਵਾਲੇ ਇਕੋ-ਇੱਕ ਪ੍ਰਭੂ ਦੀ ਪਛਾਣ ਆ ਜਾਂਦੀ ਹੈ ਤਾਂ ਉਸ ਨੂੰ ਹਰ ਸਮੇਂ ਪ੍ਰੇਸ਼ਾਨ ਕਰਨ ਵਾਲੀਆਂ ਅਨੰਤ ਮੰਗਾਂ-ਇਛਾਵਾਂ, ਤ੍ਰਿਸ਼ਨਾਵਾਂ, ਭਟਕਣਾ, ਮਾਨਸਿਕ ਤਨਾਵਾਂ, ਚਿੰਤਾਂਵਾਂ, ਝੋਰਿਆਂ, ਸਹਿਮਾਂ, ਭਰਮਾ ਆਦਿ ਵਾਲੀ ਉਸਦੀ ਦੌੜ ਵੀ ਸ਼ਾਂਤ ਹੁੰਦੀਆਂ ਜਾਂਦੀਆਂ ਹੈ। ਉਸ ਅੰਦਰਲੇ ਜਾਤ-ਵਰਣ ਤੇ ਭਿੰਨ ਭਿੰਨ ਧਰਮਾਂ ਵਾਲੇ ਬਨਾਵਟੀ ਫ਼ਾਸਲੇ ਤੇ ਭੁਲੇਖੇ ਵੀ ਮੁੱਕਦੇ ਜਾਂਦੇ ਹਨ। ਉਸ ਨੂੰ ਸਾਰਿਆਂ ਅੰਦਰ ਵੱਸ ਰਹੇ ਇਕੋ ਇੱਕ ਅਕਾਲਪੁਰਖ ਦੀ ਸਮਝ ਆਉਣ ਲਗ ਜਾਂਦੀ ਹੈ।

ਇਸੇ ਤੋਂ ਉਸ ਅੰਦਰੋਂ ਆਪਸੀ ਵੈਰ ਵਿਰੋਧ, ਈਰਖਾ, ਵਿਤਕਰੇ, ਪ੍ਰਭੂ ਪ੍ਰਮਾਤਮਾ ਨੂੰ ਉਲ੍ਹਾਮਿਆਂ, ਵਾਲਾ ਸੁਭਾਅ, ਦੂਜਿਆਂ ਨਾਲ ਠੱਗੀਆਂ, ਹੇਰਾ ਫ਼ੇਰੀਆਂ ਆਦਿ ਵਾਲੇ ਅਉਗੁਣ ਤੇ ਜੀਵਨ ਅੰਦਰੋਂ ਜੁਰਮਾਂ-ਕੁਕਰਮਾਂ ਵਾਲਾ ਸੁਭਾਅ ਵੀ ਮੁੱਕਦਾ ਤੇ ਅਲੋਪ ਹੁੰਦਾ ਜਾਂਦਾ ਹੈ। ਇਹੀ ਇਕੋ ਇੱਕ ਰਸਤਾ ਹੈ ‘ਸਰਵ-ਧਰਮ ਮਿਲਾਪ’ ਵਾਲੇ ਮਕਸਦ ਨੂੰ ਹਾਸਲ ਕਰਣ ਦਾ ਜਿਹੜਾ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੋਂ ਹੀ ਮਿਲਨਾ ਹੈ ਭਾਵ ਇਲਾਹੀ ਤੇ ਇਕੋ ਇੱਕ ਸੱਚ ਧਰਮ ਦੀ ਪਹਿਚਾਣ ਕਰਣੀ ਉਸ ਦੇ ਰਾਹੀ ਸਾਰਿਆਂ ਦਾ ਇੱਕ ਹੁੰਦੇ ਜਾਣਾ।

ਇਹੀ ਕਾਰਨ ਹੈ ਜਦੋਂ ਗੁਰਬਾਣੀ ਵਿਚਲੇ 15 ਭਗਤ, ਆਪਣੇ ਭਿੰਨ ਭਿੰਨ ਜਮਾਂਦਰੂ ਬਨਾਵਟੀ ਧਰਮ ਵਿਸ਼ਵਾਸਾਂ ਤੋਂ ਹੱਟ ਕੇ, ਇਸ ਇਲਾਹੀ ਤੇ ਇਕੋ ਇੱਕ ਸੱਚ ਧਰਮ ਵਲ ਵੱਧਦੇ ਗਏ ਤਾਂ ਇੱਕ ਦਿਨ ਉਨ੍ਹਾਂ ਅੰਦਰੋਂ ਜਨਮ-ਜਾਤ-ਵਰਣ-ਪ੍ਰਾਂਤ-ਦੇਸ਼ ਦੀਆਂ ਵਿੱਥਾਂ ਤੇ ਹੱਦਾਂ ਵੀ ਆਪਣੇ ਆਪ ਮੁੱਕਦੀਆਂ ਗਈਆਂ। ਇਸ ਤਰ੍ਹਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ ਭਗਤਾਂ ਨੂੰ ਅਪਣੀ ਬਰਾਬਰੀ ਦੇ ਕੇ ਆਪਣੀ ਛਾਤੀ ਨਾਲ ਲਗਾਇਆ ਤਾਂ ਉਸ ਸਮੇਂ ਉਨ੍ਹਾਂ ਸਾਰਿਆਂ ਦਾ ਰੱਬ, ਗੁਰੂ, ਧਰਮ ਤੇ ਭਾਈਚਾਰਾ ਇਕੋ ਹੋ ਚੁੱਕਾ ਸੀ। ਉਸ ਸਮੇਂ ਉਨ੍ਹਾਂ ਦੇ ਭਿੰਨ ਭਿੰਨ ਰੱਬ, ਇਸ਼ਟ, ਗੁਰੂ, ਧਰਮ ਜਾਂ ਭਾਈਚਾਰੇ ਨਹੀਂ ਸਨ। ਉਹ ਸਭ ਜੀਵਨ ਦੀ ਉਸ ਉੱਚਤਮ ਅਵਸਥਾ ਨੂੰ ਪੁੱਜ ਚੁੱਕੇ ਹੋਏ ਸਨ ਕਿ ਉਨ੍ਹਾਂ ਦਾ ਰੱਬ ਤੇ ਉਨ੍ਹਾਂ ਗੁਰੂ ਪੰਚਾ ਕਾ ਗੁਰੁ ਏਕੁ ਧਿਆਨੁ” (ਜਪੁ) ਸੀ। ਉਨ੍ਹਾਂ ਦਾ ਧਰਮ “ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ” (ਪੰ: ੨੬੬) ਸੀ। ਇਸ ਤੋਂ ਇਲਾਵਾ ਉਨ੍ਹਾਂ ਸਾਰਿਆਂ ਦਾ ਭਾਈਚਾਰਾ ਜੋ ਬਣ ਚੁੱਕਾ ਹੋਇਆ ਸੀ ਉਹ ਸੀ “ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ॥ ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ” (ਪੰ: ੧੧)

ਇਸ ਤਰ੍ਹਾਂ ਜਦੋਂ ਡੰਕੇ ਦੀ ਚੋਟ ਨਾਲ ਕਹਿੰਦੇ ਹਾਂ ਕਿ “ਸਾਂਝੀਵਾਲਤਾ ਦਾ ਪੈਗ਼ਾਮ ਹੈ ਸਿੱਖ ਧਰਮ” ਤਾਂ ਉਸ ਵੇਲੇ ਸਿੱਖ ਧਰਮ ਦਾ ਮਤਲਬ ਵੀ ਮਨੁੱਖ ਮਾਤ੍ਰ ਦਾ ਉਹ ‘ਸਿੱਖ ਧਰਮ’ ਹੁੰਦਾ ਹੈ ਜਿਸ ਦਾ ਪ੍ਰਗਟਾਵਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀਆਂ ਸਿਖਿਆਂਵਾਂ ਤੇ ਆਦੇਸ਼ਾਂ `ਤੇ ਅਮਲ ਤੋਂ ਹੁੰਦਾ ਹੈ। ਗੁਰਬਾਣੀ ਅਨੁਸਾਰ ਉਹ ਸਿੱਖ ਹੈ ਹੀ ਨਹੀਂ ਜਿਸ ਨੇ ਕੇਵਲ ਪੰਜ ਕਕਾਰ ਤਾਂ ਧਾਰਨ ਕਰ ਲਏ, ਪਰ ਉਸ ਦੇ ਅਮਲ ਤੇ ਜੀਵਨ `ਚ ਗੁਰਬਾਣੀ ਆਦੇਸ਼ਾਂ ਵਾਲੀ ਖੁਸ਼ਬੂ ਹੋਵੇ ਹੀ ਨਾ। ਬਲਕਿ ਗੁਰਬਾਣੀ ਅਨੁਸਾਰ ਤਾਂ ਉਸ ਲਈ ਫ਼ੈਸਲਾ ਹੈ “ਗਲਂੀ ਅਸੀ ਚੰਗੀਆ ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ” (ਪੰ: ੮੫) ਇਸੇ ਤਰ੍ਹਾਂ ਅਜਿਹੇ ਸੱਜਨਾਂ ਲਈ ਦਸਮ ਪਾਤਸ਼ਾਹ ਵੱਲੋਂ ਕੀਤੀ ਹੋਈ ਪਰਖ ਅਨੁਸਾਰ ‘ਖੋਤੇ `ਤੇ ਸ਼ੇਰ ਵਾਲੀ ਖਲ’ ਵਾਲੀ ਹੀ ਹੈ, ਫ਼ਿਰ ਸਾਡੇ ਵਿੱਚੋਂ ਚਾਹੇ ਕੋਈ ਵੀ ਕਿਉਂ ਨਾ ਹੋਵੇ।

ਰੱਬੀ ਧਰਮ ਅਥਵਾ ਸਰਬ-ਸਾਂਝੇ ਧਰਮ ਦੀ ਪਛਾਣ- ਹਜ਼ਾਰਾਂ-ਲਖਾਂ ਸਾਲਾਂ ਤੋਂ ਚਲਦੇ ਆ ਰਹੇ ਸੰਸਾਰ ਰਚਨਾ ਦੇ ਨੀਯਮ `ਚ ਕਦੇ ਕਿਸੇ ਗੁਲਾਬ ਤੋਂ ਮੋਤੀਏ ਦਾ ਭੁਲੇਖਾ ਨਹੀਂ ਖਾਦਾ। ਚਿੱੜੀ ਨੂੰ ਕਦੇ ਕਿਸੇ ਤੋਤਾ ਨਹੀਂ ਸਮਝਿਆ, ਕਾਂ-ਕਾਂ ਹੈ `ਤੇ ਉਲੂ-ਉਲੂ। ਸ਼ਕਲਾਂ ਕਰਕੇ ਗਊ `ਤੇ ਬੱਕਰੀ ਭਿੰਨ ਭਿੰਨ ਹਨ। ਸੱਪ-ਬਿੱਛੂ-ਮਗਰਮੱਛ, ਮੋਰ, ਚਮਗਿੱਦੜ ਬੇਅੰਤ ਜੂਨੀਆਂ ਹਨ। ਕਰਤੇ ਨੇ ਜਿਸ ਦੀ ਜੋ ਸ਼ਕਲ ਘੜੀ ਹੈ ਅਰੰਭ ਤੋਂ ਅੰਤ ਤੱਕ, ਜਦੋਂ ਤੱਕ ਨਸਲ ਕਾਇਮ ਹੈ, ਉਸ ਦੀ ਸ਼ਕਲ ਵੀ ਨਹੀਂ ਬਦਲਦੀ। ਅੰਬ-ਖਰਬੂਜਾ, ਲੁਕਾਠ, ਬੇਰ, ਚਾਵਲ, ਗੇਹੂੰ ਸ਼ਕਲਾਂ `ਚ ਭਿੰਨਤਾ ਕਾਰਨ ਹੀ ਪਛਾਣੇ ਜਾਂਦੇ ਹਨ। ਇਹ ਵੱਖਰੀ ਗੱਲ ਹੈ ਕਿ ਵੱਖ-ਵੱਖ ਬੋਲੀਆਂ `ਤੇ ਭਾਸ਼ਾਵਾਂ `ਚ ਉਨ੍ਹ੍ਹਾਂ ਦੇ ਨਾਂ ਬਦਲ ਜਾਂਦੇ ਹਨ ਪਰ ਜਿਸ ਬੋਲੀ `ਚ, ਜਿਸ ਦਾ ਜੋ ਨਾਂ ਹੁੰਦਾ ਹੈ, ਕੇਵਲ ਨਾਂ ਲੈਣ ਨਾਲ ਹੀ ਉਸ ਦੀ ਸ਼ਕਲ ਅੱਖਾਂ ਸਾਹਮਣੇ ਘੁੰਮ ਜਾਂਦੀ ਹੈ।

ਪ੍ਰਭੂ ਰਚਨਾ ਦੇ ਹਰੇਕ ਅੰਗ ਦੀ ਜਿਸ ਤਰ੍ਹਾਂ ਸੂਰਤ ਮੁਕਰੱਰ ਹੈ, ਇਸੇ ਤਰ੍ਹਾਂ ਰਚਨਾ ਦੇ ਹਰੇਕ ਅੰਗ ਦੀ ਸੀਰਤ ਭਾਵ ‘ਸੁਭਾਅ’ ਵੀ ਮੁਕਰੱਰ ਹੈ। ਸੂਰਜ ਦਾ ਧਰਮ (ਸੁਭਾਅ) ਗਰਮੀ ਦੇਣਾ ਹੈ, ਚੰਦ੍ਰਮਾਂ ਦਾ ਧਰਮ (ਸੁਭਾਅ) ਠੰਡਕ। ਗੁੱੜ ਤੋਂ ਮਿਠਾਸ ਪੈਦਾ ਹੁੰਦੀ ਹੈ, ਨਮਕ ਤੋਂ ਮਿਰਚਾਂ ਦਾ ਭੁਲੇਖਾ ਨਹੀਂ ਪੈਂਦਾ। ਬਿੱਲੀ ਦਾ ਚੂਹੇ ਖਾਣ ਵਾਲਾ ਸੁਭਾਅ, ਘੋੜੇ ਦੀ ਦੁਲੱਤੀ, ਗਊ-ਮੱਝ ਦਾ ਸਿੰਗ ਮਾਰਨ ਵਾਲਾ ਸੁਭਾਅ, ਨਸਲ ਦਰ ਨਸਲ ਚਲਦਾ ਆ ਰਿਹਾ ਹੈ। ਗਿੱਦੜ, ਅਰੰਭ ਤੋਂ ਹੀ ਡੱਰਪੌਕ ਹੈ ਤੇ ਸ਼ੇਰ ਸੁਭਾਅ ਕਰਕੇ ਅਰੰਭ ਤੋਂ ਹੀ ਖੂੰਖਾਰ। ਚੂਹਾ ਹਰ ਵਸਤ ਨੂੰ ਕੁੱਤਰਦਾ ਹੈ, ਦੀਮਕ-ਲੱਕੜੀ, ਕਾਗਜ਼ ਨੂੰ ਮਿੱਟੀ ਬਣਾ ਦਿੰਦੀ ਹੈ, ਕੱਕੀ ਕੀੜੀ ਲੱੜਦੀ ਹੈ, ਬਿੱਛੂ ਜ਼ਹਿਰੀਲਾ ਡੰਗ ਮਾਰਦਾ ਹੈ। ਕੁਦਰਤ ਦੇ ਹਰੇਕ ਅੰਗ ਤੇ ਬਨਾਵਟ `ਚ ਸ਼ਕਲ `ਤੇ ਸੁਭਾਅ, ਸੂਰਤ ਤੇ ਸੀਰਤ ਵਿਚਲੀ ਸਾਂਝ ਕਰਤੇ ਵਲੋਂ ਘੜੀ ਹੁੰਦੀ ਹੈ।

ਮੈਡੀਕਲ, ਵਿਗਿਆਨਕ-ਖੇਤੀਬਾੜੀ ਆਦਿ ਦੀਆਂ ਬੇਅੰਤ ਖੋਜਾਂ ਇਸੇ ਇਲਾਹੀ ਸੱਚ `ਤੇ ਆਧਾਰਤ ਹਨ। ਕੋਈ ਮਿਸ਼ਰਣ (Compound) ਜਦੋਂ ਕਿਸੇ ਪ੍ਰਯੋਗਸ਼ਾਲਾ ਭਾਵ ਲੈਬਾਰਟ੍ਰੀ (Labortary) `ਚ ਭੇਜਿਆ ਜਾਂਦਾ ਹੈ ਤਾਂ ਉਥੇ ਕੈਮੀਕਲ ਜਾਂ ਉਸ ਖਣਿਜ ਦੀ ਮਾਤ੍ਰਾ (Constituent) ਉਸਦੇ ਸੁਭਾਅ, ਉਸ ਦੀਆਂ ਪ੍ਰਾਪਟ੍ਰੀਜ਼ ਤੋਂ ਹੀ ਪਤਾ ਲਗਦੀ ਹੈ ਕਿ ਮਿਸ਼੍ਰਨ `ਚ ਕਿਹੜੀ ਵਸਤ ਕਿੰਨੇ ਪ੍ਰਤੀਸ਼ਤ ਪਈ ਹੋਈ ਹੈ। ਜਦਕਿ ਉਥੇ ਮਿਸ਼੍ਰਣ (constituent) `ਚ ਕਿਸੇ ਵੀ ਜੁਜ਼ ਦੀ ਸ਼ਕਲ ਤੱਕ ਮੌਜੂਦ ਨਹੀਂ ਹੁੰਦੀ। ਪ੍ਰਭੂ ਬਖਸ਼ੇ ਸ਼ਕਲ ਤੇ ਸੁਭਾਅ ਦੀ ਸਾਂਝ ਵਾਲੇ ਇਸੇ ਨਿਯਮ ਦੇ ਆਧਾਰ `ਤੇ ਸਾਡੇ ਬਲੱਡ, ਪੇਸ਼ਾਬ (ਯੂਰੀਨ), ਥੁੱਕ (ਸਪਿੱਟ) ਆਦਿ ਦੇ ਟੈਸਟਾਂ ਤੋਂ ਹੀ ਸਾਡੇ ਸਰੀਰਾਂ ਦੇ ਅੰਦਰ ਦੀਆਂ ਬਿਮਾਰੀਆਂ ਦਾ ਪਤਾ ਲਗ ਜਾਂਦਾ ਹੈ। ਪੱਥਰ-ਅੱਗ ਨਹੀਂ ਪੱਕੜਦਾ ਪਰ ਲੱਕੜੀ, ਉਸੇ ਅੱਗ ਨਾਲ ਸੱੜ ਕੇ ਸੁਆਹ ਹੋ ਜਾਂਦੀ ਹੈ। ਉਂਝ ਅੱਗ ਦੋਨਾਂ ਅੰਦਰ ਮੌਜੂਦ ਹੁੰਦੀ ਹੈ, ਫ਼ਿਰ ਵੀ ਦੋਨਾਂ ਦੀ ਸ਼ਕਲ, ਵਰਤੋਂ ਤੇ ਸੁਭਾਅ ਭਿੰਨ ਭਿੰਨ ਹੈ। ਇਸ ਵਿਸ਼ੇ `ਤੇ ਅਸਲ ਗੱਲ ਨੂੰ ਸਮਝਣ ਲਈ ਇਹ ਕੇਵਲ ਕੁੱਝ ਇਸ਼ਾਰੇ ਹੀ ਹਨ, ਵਰਵੇ ਦੀ ਕੋਈ ਸੀਮਾ ਨਹੀਂ।

ਇਹ ਇਸ਼ਾਰੇ ਵੀ ਇਸ ਸਚਾਈ ਨੂੰ ਸਮਝਣ ਲਈ ਹਨ ਕਿ ਕਰਤੇ ਦੀ ਰਚਨਾ `ਚ, ਹਰੇਕ ਸ਼੍ਰੇਣੀ ਅਤੇ ਹਰੇਕ ਅੰਗ ਦੇ ਇਹੀ ਹਨ ਵੱਖ ਵੱਖ ਧਰਮ ਅਥਵਾ ਸੁਭਾਅ ਤੇ ਸੀਰਤਾਂ। ਨਾ ਕਿ ਉਹ ਧਰਮ ਹਨ ਜਿਹੜੇ ਆਪਣੀ ਅਗਿਆਨਤਾ ਕਾਰਨ, ਅਸਾਂ ਇਕੋ ਮਨੁੱਖ ਵਿਚਕਾਰ ਬਨਾਵਟੀ ਧਰਮਾਂ ਦੇ ਨਾਮ ਹੇਠ ਹਜ਼ਾਰਾਂ ਤੇ ਲਖਾਂ ਵੰਡੀਆਂ ਪਾਈਆਂ ਹੋਈਆਂ ਹਨ। ਉਹ ਵੰਡੀਆਂ, ਇਕੋ ਇੱਕ ਇਲਾਹੀ ਤੇ ਮਨੁੱਖੀ ਸੱਚ ਧਰਮ ਨੂੰ ਵਿਸਾਰਣ ਤੇ ਨਾ ਸਮਝਣ ਕਰਕੇ ਹੀ ਹਨ। ਉਪ੍ਰੰਤ ਸੰਸਾਰ, ਦੇਸ਼ ਤੇ ਪ੍ਰਾਂਤ ਤੱਲ `ਤੇ ਉਸੇ ਦਾ ਨਤੀਜਾ ਵੀ ਸਾਡੇ ਸਾਹਮਣੇ ਤੇ ਪ੍ਰਤੱਖ ਹੈ। ਮਨੁੱਖ ਮਨੁੱਖ ਵਿਚਕਾਰ ਰੋਜ਼, ਰੋਜ਼ ਖੁਨ ਖ਼ਰਾਬੇ ਤੇ ਮਨੁੱਖ ਰਹੀਂ ਮਨੁੱਖ ਦੀ ਤੱਬਾਹੀ ਲਈ ਰੋਜ਼ ਨਵੀਆਂ ਇਜਾਦਾਂ।

ਦਰਅਸਲ ਇਸ ਸਾਰੇ ਦਾ ਹੱਲ ਹੀ ਸਮੂਚੇ ਮਨੁੱਖ ਮਾਤ੍ਰ ਲਈ ਪ੍ਰਭੂ ਵੱਲੋਂ ਮੁਕਰੱਰ ਇਕੋ ਇੱਕ ਸੱਚ ਧਰਮ ਨੂੰ ਸਮਝਣਾ, ਪਹਿਚਾਨਣਾ ਤੇ ਅਮਲਾਉਣਾ ਹੈ। ਬਾਕੀ ਤਾਂ ਆਪਸੀ ਵਿਚਾਰਾਂ ਸੇ ਅੰਤਰ ਤੇ ਮਨੁੱਖ ਮਨੁੱਖ ਦੀ ਜੀਵਨ ਪੱਖੋਂ ਤਿਆਰੀ `ਚ ਅੰਤਰ ਦਾ ਪ੍ਰਗਟਾਵਾ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਸਮੇਂ ਸਮੇਂ ਤੇ ਸਿਦਕ ਦਿਲੀ ਨਾਲ, ਬਿਨਾ ਖੂਨ ਖਰਾਬਿਆਂ ਤੇ ਭ੍ਰਾਤਰੀਭਾਵ ਦੀ ਭਾਵਨਾ ਨਾਲ, ਸੌਖੇ ਸੁਲਝਾਇਆ ਜਾ ਸਕਦਾ ਹੈ। ਇਸ ਇਕੋ ਇੱਕ ਮਨੁੱਖੀ ਸੱਚ ਧਰਮ ਦੀ ਵਿਆਖਿਆ, ਜੇ ਕਰ ਹੋਰ ਕਿਧਰੋਂ ਨਾ ਵੀ ਮਿਲੇ ਪਰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ” ਅੰਦਰ ਆਦਿ ਤੋਂ ਅੰਤ ਭਾਵ ਤੋਂ “ਤਨੁ ਮਨੁ ਥੀਵੈ ਹਰਅਿਾ” ਤੱਕ ਉਸ ਦੀ ਭਰਵੀਂ ਵਿਆਖਿਆ ਕੀਤੀ ਹੋਈ ਹੈ।

ਤਾਂ ਤੇ ਸਿੱਖ ਧਰਮ `ਚ ਸਾਂਝੀਵਾਲਤਾ ਦਾ ਪੈਗ਼ਾਮ? -ਦੇਖ ਚੁੱਕੇ ਹਾਂ ਕਿ ਪ੍ਰਭੂ ਦੀ ਬੇਅੰਤ ਰਚਨਾ `ਚ ਹਰੇਕ ਸ਼੍ਰੇਣੀ ਦੀ ਸੂਰਤ ਭਾਵ ਉਸ ਦੀ ਸ਼ਕਲ ਪਿਛੇ ਉਸ ਦੀ ਸੀਰਤ ਭਾਵ ਸੁਭਾਅ ਵੀ ਪੱਕਾ ਹੁੰਦਾ ਹੈ। ਜਿੱਥੇ ਸੂਰਤ `ਚ ਨਸਲ ਦਰ ਨਸਲ ਫਰਕ ਨਹੀਂ ਪੈਂਦਾ, ਉਸੇ ਤਰ੍ਹਾਂ ਸੀਰਤ ਅਥਵਾ ਸੁਭਾਅ ਵੀ ਨਸਲ ਦਰ ਨਸਲ ਚਲਦੇ ਹਨ। ਕੇਵਲ ਸ਼ਕਲ ਤੋਂ ਪਤਾ ਲਗ ਜਾਂਦਾ ਹੈ ਕਿ ਕਿਸੇ ਸ਼੍ਰੇਣੀ ਦਾ ਸੁਭਾਅ ਕੀ ਹੈ। ਬੱਸ ਇਹੀ ਹੈ ਰਚਨਾ ਦੇ ਹਰੇਕ ਅੰਗ ਦਾ ਧਰਮ, ਜੋ ਕਰਤੇ ਨੇ ਪੱਕਾ ਕੀਤਾ ਹੁੰਦਾ ਹੈ। ਇਹੀ ਹੈ ਉਹ ਇਲਾਹੀ `ਤੇ ਰੱਬੀ ਸੱਚ ਧਰਮ ਜੋ ਪ੍ਰਭੂ ਨੇ ਹਰੇਕ ਮਨੁੱਖ ਦਾ ਵੀ ਪੱਕਾ ਕੀਤਾ ਹੋਇਆ ਹੈ। ਹਰੇਕ ਮਨੁੱਖ ਦਾ ਮੂਲ ਧਰਮ ਹੈ ਬਾਹਰੋਂ ਅਕਾਲਪੁਰਖ ਰਾਹੀਂ ਬਖਸ਼ੀ ਮਨੁੱਖਾ ਸ਼ਕਲ ਦੀ ਸੰਭਾਲ ਕਰਣਾ ਤੇ ਅੰਦਰੋਂ ਜੀਵਨ ਕਰ ਕੇ, ਗੁਰਬਾਣੀ ਤੋਂ ਜੀਵਨ “ਜੀਊਣ ਦੀ ਜਾਚ” ਲੈਣੀ; ਭਾਵ ਗੁਰਬਾਣੀ ਰਾਹੀਂ ਪ੍ਰਗਟ ਇਲਾਹੀ ਗੁਣਾਂ ਨੂੰ ਜੀਵਨ ਅੰਦਰ ਧਾਰਨ ਕਰਣਾ। ਇਸ ਤਰ੍ਹਾਂ ਅੰਦਰੋਂ-ਬਾਹਰੋਂ ਸੱਚਾ-ਸੁੱਚਾ ਤੇ ਸਚਿਆਰਾ ਮਨੁੱਖ ਬਨਣਾ।

ਇਹੀ ਹੈ ਢੰਗ, ਜਿਸ ਤੋਂ ਮੂਲ ਸਿੱਖ ਧਰਮ ਵਿਚਲੀ ਸਾਂਝੀਵਾਲਤਾ ਨੂੰ ਅੱਜ ਵੀ ਸੰਸਾਰ ਸਾਹਮਣੇ, ਉਸ ਦੇ ਅਸਲ ਰੂਪ `ਚ ਉਜਾਗਰ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਇਹੀ ਰਾਹ ਹੈ ਜਿਸ ਤੋਂ ਅਜੋਕੇ ‘ਸਰਵ ਧਰਮ ਸਮੇਲਨਾ’ ਨੂੰ ਸਫ਼ਲ ਕਰਕੇ ਉਨ੍ਹਾਂ ਨੂੰ ਸਚਮੁਚ ਦੇ ‘ਸਰਵ ਧਰਮ ਮਿਲਾਪਾਂ’ `ਚ ਬਦਲਿਆ ਜਾ ਸਕਦਾ ਹੈ। ਸੰਸਾਰ ਤੱਲ `ਤੇ ਇਨ੍ਹਾਂ ਸਮੇਲਨਾ ਦੇ ਅਸਲ ਮਕਸਦ ਨੂੰ ਹਾਸਲ ਕੀਤਾ ਜਾ ਸਕਦਾ ਹੈ।

ਇਸੇ ਇਲਾਹੀ ਸੱਚ ਧਰਮ ਦੀ ਪ੍ਰਾਪਤੀ ਨੇ ਹੀ “ਗੁਰੂ ਗ੍ਰੰਥ ਸਾਹਿਬ” ਵਿਚਲੇ 15 ਭਗਤਾਂ, 11 ਭੱਟਾਂ, ਤਿੰਨ ਸਿੱਖਾਂ ਨੂੰ ਵੀ ਗੁਰੂ ਸਾਹਿਬ ਦੀ ਜੀਵਨ ਪੱਧਰ ਤੇ ਪਹੁੰਚਾ ਕੇ, ਪੂਜਣ ਜੋਗ ਬਣਾ ਦਿੱਤਾ। ਜੀਵਨ ਦੀ ਇਹੀ ਸਫ਼ਲ ਅਵਸਥਾ ਹੈ ਜਿੱਥੇ “ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਗੁਰੂ ਸਾਹਿਬਾਨ ਦੀ ਬਾਣੀ ਸਮੇਤ 35 ਲਿਖਾਰੀ ਹਨ ਫ਼ਿਰ ਵੀ ਸੰਪੂਰਣ ਬਾਣੀ `ਤੇ “ਇਕਾ ਬਾਣੀ ਇਕੁ ਗੁਰੁ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ” (ਪੰ: ੬੪੬) ਵਾਲਾ ਗੁਰਬਾਣੀ ਸਿਧਾਂਤ ਲਾਗੂ ਹੋ ਰਿਹਾ ਹੈ। ਇਹੀ ਹੈ ਸਿੱਖ ਧਰਮ ਵਿਚਲਾ ਸਾਂਝੀਵਾਲਤਾ ਦਾ ਪੈਗ਼ਾਮ, ਜਿਸ ਦਾ ਸੰਸਾਰ ਭਰ `ਚ ਬਦਲ ਹੈ ਹੀ ਨਹੀਂ।

ਗੁਰਬਾਣੀ `ਚ ਸਾਂਝੀਵਾਲਤਾ- ਸੁਆਲ ਇਸ ਗੱਲ ਦਾ ਨਹੀਂ ਕਿ “ਸਿੱਖ ਧਰਮ, ਸਾਂਝੀਵਾਲਤਾ ਦਾ ਪੈਗ਼ਾਮ ਹੈ”। ਦਰਅਸਲ ਸਮਝਣ ਦਾ ਵਿਸ਼ਾ ਇਹ ਹੈ ਕਿ ਸਿੱਖ ਧਰਮ ਦੀ ਜਿੱਥੇ ਬੁਨਿਆਦ ਹੈ ਭਾਵ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਆਦਿ ਤੋਂ ਅੰਤ ਭਾਵ “ੴ ਤੋਂ “ਤਨੁ ਮਨੁ ਥੀਵੈ ਹਰਿਆ” ਤੱਕ ਇਕੋ ਮਨੁੱਖੀ ਭਾਈਚਾਰੇ ਤੇ ਸੰਪੂਰਨ ਸਾਂਝੀਵਾਲਤਾ ਦੀ ਹੀ ਗੱਲ ਕਰ ਰਹੇ ਹਨ। ਇਸ ਲਈ ਉਥੇ ਜਿਥੋਂ ਵੀ ਬਾਣੀ ਦੇ ਦਰਸ਼ਨ ਕਰ ਲਵੋ, ਇਕੋ ਹੀ ਮਨੁੱਖੀ ਭਾਈਚਾਰੇ ਤੇ ਸਾਂਝੀਵਾਲਤਾ ਦੀ ਗੱਲ ਹੀ ਮਿਲੇਗੀ। ਮਿਸਾਲ ਵਜੌਂ ਇਸ ਸਬੰਧੀ ਗੁਰਬਾਣੀ ਖਜ਼ਾਨੇ ਵਿੱਚੋਂ ਕੁੱਝ ਪੰਕਤੀਆਂ ਤੇ ਪ੍ਰਮਾਣ ਦੇ ਰਹੇ ਜਿਵੇਂ:

“ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ (ਪੰ: ੧੨੪੫)

ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩)

“ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨)

“ਭਾਖਿਆ ਭਾਉ ਅਪਾਰੁ” (ਬਾਣੀ ਜਪੁ)

“ਆਈ ਪੰਥੀ ਸਗਲ ਜਮਾਤੀ” (ਬਾਣੀ ਜਪੁ)

“ਭੁਗਤਿ ਗਿਆਨੁ ਦਇਆ ਭੰਡਾਰਣਿ” (ਬਾਣੀ ਜਪੁ)

“ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ” (ਪੰ: ੬੭੧)

“ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” (ਪੰ: ੬੭੧)

“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ…” (ਬਾਣੀ ਜਪੁ)

“ਉਲਾਹਨੋ ਮੈ ਕਾਹੂ ਨ ਦੀਓ” (ਪੰ: ੯੭੮)

“ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ” (ਪੰ: ੪੭੦)

“ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ” (ਪੰ: ੧੨੪੫)

“ਪਰ ਧਨ, ਪਰ ਤਨ, ਪਰ ਕੀ ਨਿੰਦਾ, ਇਨ ਸਿਉ ਪ੍ਰੀਤਿ ਨ ਲਾਗੈ” (ਪੰ: ੬੭੪)

“ਇਕੋ ਦਿਸੈ ਸਜਣੋ, ਇਕੋ ਭਾਈ ਮੀਤੁ॥ ਇਕਸੈ ਦੀ ਸਾਮਗਰੀ, ਇਕਸੈ ਦੀ ਹੈ ਰੀਤਿ” (ਪੰ: ੪੪)

“ਪਰ ਕਾ ਬੁਰਾ ਨ ਰਾਖਹੁ ਚੀਤ” (ਪੰ: ੩੮੬)

“ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ” (ਪੰ: ੭੨੮)

“ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ” (ਪੰ: ੯੭)

“ਸਭੁ ਕੋ ਆਸੈ ਤੇਰੀ ਬੈਠਾ॥ ਘਟ ਘਟ ਅੰਤਰਿ ਤੂੰ ਹੈ ਵੁਠਾ॥

“ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭)

“ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥

ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ” (ਪੰ: ੧੧੮੫)

“ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥ ਰਹਾਉ॥

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ੧॥

ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ” (ਪੰ: ੧੨੯੯)

“ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ” (ਪੰ: ੩੮੬)

ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ॥ .

ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ॥ ੨ ॥ .

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥

ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ” (ਪੰ: ੬੭੧)

“ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤੁ॥ ਤੂੰ ਮੇਰਾ ਪ੍ਰੀਤਮੁ, ਤੁਮ ਸੰਗਿ ਹੀਤੁ॥

ਤੂੰ ਮੇਰੀ ਪਤਿ, ਤੂ ਹੈ ਮੇਰਾ ਗਹਣਾ॥ ਤੁਝ ਬਿਨੁ, ਨਿਮਖੁ ਨ ਜਾਈ ਰਹਣਾ” (ਪੰ: ੧੮੧)

“ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” (ਪੰ: ੧੩੪੯)

“ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ” (ਪੰ: ੬੧੧)

“ਫਰੀਦਾ ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹਢਾਇ॥

ਦੇਹੀ ਰੋਗੁ ਨ ਲਗਈ, ਪਲੈ ਸਭੁ ਕਿਛੁ ਪਾਇ” (ਪੰ: ੧੩੮੨)

“ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥

ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥

ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ” (ਪੰ: ੧੫)

“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” (ਪੰ: ੧੪੨੭)

ਅਜੋਕਾ ਪੰਥਕ ਦੁਖਾਂਤ- ਇਸ ਪੱਖੋਂ ਅੱਜ ਦੇ ਪੰਥਕ ਹਾਲਾਤਾਂ ਨੂੰ ਦੇਖਦੇ ਹਾਂ ਤਾਂ ਰੋਨਾ ਆਉਂਦਾ ਹੈ। ਸੋਚਣਾ ਪੈਂਦਾ ਹੈ ਕਿ, ਕੀ ਸਚਮੁਚ ਇਹ ਉਹੀ ‘ਗੁਰੂ ਕਾ ਪੰਥ’ ਹੈ? ‘ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦਾ ਉਹੀ ਪੰਥ’, ਜਿਸ ਦੀ ਸ਼ੋਭਾ ਤੇ ਖੁਸ਼ਬੂ, ਕੇਵਲ ਕੁੱਝ ਸਦੀਆਂ `ਚ ਹੀ ਸੰਸਾਰ ਭਰ `ਚ ਫ਼ੈਲ ਗਈ ਸੀ? ਇਸ ਦਾ ਮੁੱਖ ਕਾਰਨ ਸੀ ਸਾਡੇ ਪੁਰਖਾਂ ਦੇ ਜੀਵਨ `ਚ ਅਤੇ ਸਾਡੇ ਅਣਗਿਣਤ ਸ਼ਹੀਦਾਂ ਦੀ ਰਹਿਣੀ ਅੰਦਰੋਂ ਗੁਰਬਾਣੀ ਆਦੇਸ਼ਾਂ, ਗੁਰਬਾਣੀ ਗਿਆਨ ਤੇ ਗੁਰਬਾਣੀ ਜੀਵਨ ਜਾਚ ਦਾ ਪ੍ਰਗਟਾਵਾ। ਉਹ ਕੇਵਲ ਬਾਣੀ ਨੂੰ ਪੜ੍ਹਦੇ ਤੇ ਗੁਰਬਾਣੀ ਅਭਿਆਸ ਹੀ ਨਹੀਂ ਸਨ ਕਰਦੇ ਬਲਕਿ ਉਨ੍ਹਾਂ ਦੇ ਜੀਵਨ ਅੰਦਰ ਗੁਰਬਾਣੀ ਦਾ ਅਮਲ ਵੀ ਹੈ ਸੀ। ਗੁਰਬਾਣੀ ਦੀਆਂ ਉਪ੍ਰੋਕਤ ਪੰਕਤੀਆਂ ਤੇ ਪ੍ਰਮਾਣ ਤਾਂ ਉਨ੍ਹਾਂ ਲਈ ‘ਮੂੰਹ ਚੜ੍ਹੀਆਂ’ ਸਨ ਜੋ ਸਾਡੇ ਤੱਕ ਪੁਜੀਆਂ। ‘ਗੁਰੂ ਕਾ ਉਹ ਪੰਥ’ ਜਿਸ ਪੰਥ ਦੀਆਂ ਮਨੁੱਖੀ ਸਾਂਝੀਵਾਲਤਾ ਸਬੰਧੀ ਅਸੀਂ ਉੱਚੀਆਂ ਉੱਚੀਆਂ ਤੇ ਵਧ ਚੜ੍ਹ ਕੇ, ਗੱਲਾਂ ਕਰਦੇ ਤੇ ਢੰਡੋਰੇ ਪਿੱਟਦੇ ਹਾਂ, ਇਹ ਸਭ ਉਨ੍ਹਾਂ ਦੀ ਜੀਵਨ ਰਹਿਣੀ ਸੀ। ਇਸੇ ਤੋਂ ਗੁਰਬਾਣੀ ਜੀਵਨ ਦੀ ਖੁਸ਼ਬੂ ਤੇ ਗੁਰੂ ਦੀ ਸਿੱਖੀ ਲਈ ਖਿੱਚ ਤੇ ਪਿਆਰ ਕੇਵਲ ਕੁੱਝ ਹੀ ਸਮੇਂ `ਚ, ਦੇਸ਼ ਦੇ ਨਾਲ ਸੰਸਾਰ ਭਰ `ਚ ਵੀ ਪੁੱਜਿਆ।

ਜੇਕਰ ਦੇਖੀਏ ਤਾਂ ਦੂਜੇ ਪਾਸੇ ਬ੍ਰਾਹਮਣ ਨੇ ਤਾਂ ਵਰਣ ਵੰਡ ਦੇ ਨਾਂ `ਤੇ ਮਨੁੱਖ ਸਮਾਜ `ਚ ਕੇਵਲ ਚਾਰ ਵੰਡੀਆਂ ਹੀ ਪਾਈਆਂ ਹੋਈਆਂ ਸਨ ਤੇ ਗੁਰੂ ਪਾਤਸ਼ਾਹ ਨੇ ਉਨ੍ਹਾਂ ਚਾਰ ਵੰਡੀਆਂ ਨੂੰ ਵੀ ਪ੍ਰਵਾਨ ਨਹੀਂ ਸੀ ਕੀਤਾ। ਇਧਰ ਆਪਣੇ ਆਪ ਨੂੰ ਗੁਰਬਾਣੀ ਤੇ “ਗੁਰੂ ਗ੍ਰੰਥ ਸਾਹਿਬ” ਦੇ ਅਲੰਬਰਦਾਰ ਅਖਵਾਉਣ ਵਾਲੇ ਅਜੋਕੇ ਸਿੱਖਾਂ ਨੇ ਸੰਸਾਰ ਭਰ ਦੇ ਮਨੁੱਖ ਮਾਤ੍ਰ ਵਿਚਕਾਰ, ਗੁਰਾਞਬਾਣੀ ਜੀਵਨ ਰਾਹੀਂ ਸਾਂਝੀਵਾਲਤਾ ਤਾਂ ਕੀ ਪੈਦਾ ਕਰਨੀ ਸੀ; ਅਜੋਕਾ ਸਿੱਖ ਤਾਂ ਦੂਜੇ ਸਿੱਖ ਨੂੰ ਵੀ ਬ੍ਰਦਾਸ਼ਤ ਕਰਣ ਨੂੰ ਤਿਆਰ ਨਹੀਂ। ਜੇ ਸਮਸਤ ਸਿੱਖਾਂ ਦਾ ਗੁਰੂ ਇਕੋ ਇੱਕ ਤੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਹੀ ਹਨ ਤਾਂ ਘਟੋ ਘਟ ਅਜੋਕੇ ਸਿਖਾਂ ਦੀ ਆਪਸੀ ਜੀਵਨ ਰਹਿਣੀ ਤੇ ਵਿਚਾਰਧਾਰਕ ਸਾਂਝ ਤਾਂ ਇੱਕ ਹੀ ਹੋਣੀ ਚਾਹੀਦੀ ਸੀ ਪਰ ਅਜੋਕੇ ਹਾਲਾਤ ਤਾਂ ਇਸਦੇ ਬਿਲਕੁਲ ਉਲਟ ਹਨ, ਤਾਂ ਇਹ ਸਭ ਕਿਉਂ?

ਜੇ ਥੋੜਾ ਗਹਿਰਾਈ `ਚ ਜਾਵੋ ਤਾਂ ਸਾਰਾ ਨੁੱਕਸ ਹੀ ਇਥੇ ਹੈ। ਨਾਮ ਨੂੰ ਅਸੀਂ ਸਾਰੇ ਆਪਣੇ ਆਪ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਸਿੱਖ ਕਹਿ ਤੇ ਅਖਵਾ ਰਹੇ ਹਨ ਤੇ ਮੱਥਾ ਵੀ “ਗੁਰੂ ਗ੍ਰੰਥ ਸਾਹਿਬ ਜੀ” ਦੇ ਚਰਨਾਂ `ਚ ਟੇਕ ਰਹੇ ਹਾਂ ਪਰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਦ੍ਰਿੜਤਾ ਨਾਲ ਸਿਖਿਆ ਲੈਣ ਤੇ ਉਨ੍ਹਾਂ ਦੇ ਆਦੇਸ਼ਾਂ `ਤੇ ਚਲਣ ਵਾਲੇ ਅੱਜ ਸਾਡੇ ਵਿੱਚੋਂ ਵਿਰਲੇ ਹੀ ਰਹਿ ਚੁੱਕੇ ਹਨ।

ਅਜੋਕਾ ਸਿੱਖ, ਸੰਸਾਰ ਤੱਲ ਦੇ ਇਕੋ ਇੱਕ ਗੁਰੂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਲੜ ਛਡ ਕੇ ਪਤਾ ਨਹੀਂ ਕਿੱਥੇ ਕਿੱਥੇ ਭਟਕ ਰਿਹਾ ਹੈ। ਦੂਜਿਆਂ ਨੇ ਤਾਂ ਕੀ ਕਰਣਾ ਸੀ, ਇਹ ਆਪ ਹੀ, “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜੀ ਸਰਬੋਤਮਤਾ ਬਾਰੇ ਬੇਸਿਰਪੈਰ ਦੇ ਸ਼ੱਕ ਤੇ ਭਰਮ-ਭੁਲੇਖੇ ਪੈਦਾ ਕਰ ਰਿਹਾ ਹੈ। ਕਿਤਨੇ ਹੀ ਪਾਖੰਡੀਆਂ ਦੀਆਂ ਰਚਨਾਵਾਂ ਤੇ ਗ੍ਰੰਥਾਂ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਸਾਨੀ, ਤੁੱਲ ਤੇ ਬਰਾਬਰ ਘੋਸ਼ਤ ਕਰਣ ਵਾਲਾ ਬਜਰ ਗੁਣਾਹ ਕਰ ਰਿਹਾ ਹੈ। ਕਿਤਨੇ ਹੀ ਪਾਖੰਡੀਆਂ ਦੇ ਤਲਵੇ ਚੱਟ ਰਿਹਾ ਹੈ। ਕਿਤਨਿਆਂ ਨੇ ਆਪਣੀ ਰਹਿਣੀ ਤੇ ਸੋਚਣੀ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਲੜ ਛਡ ਕੇ ਕੁੱਝ ਡੇਰਿਆਂ, ਜੱਥਿਆਂ, ਸੰਤਾਂ, ਭਾਈ ਸਾਹਿਬਾਨ ਆਦਿ ਦਾ ਗ਼ੁਲਾਮ ਬਨਾਇਆ ਹੋਇਆ ਹੈ। ਕਿਸੇ ਸਮੇਂ, ਜਿਥੋਂ ਤੱਕ ਧੀਰਮਲੀਏ ਤੇ ਪ੍ਰੀਥੀਏ ਆਦਿ ਵੀ ਜਿਸ ਹੱਦ ਤੱਕ ਨਹੀਂ ਸਨ ਪਹੁੰਚ ਸਕੇ, ਵਿਰਲਿਆਂ ਨੂੰ ਛਡ ਕੇ, ਕਈ ਹਾਲਤਾ `ਚ ਅਜੋਕਾ ਸਿੱਖ ਉਨ੍ਹਾਂ ਤੋਂ ਵੀ ਕਈ ਗੁਣਾ ਅੱਗੇ ਟੱਪਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਤੇ ਕੁੱਝ ਹਾਲਤਾਂ `ਚ ਟੱਪਿਆ ਵੀ ਪਿਆ ਹੈ ਤੇ ਉਸੇ `ਤੇ ਫ਼ਖ਼ਰ ਵੀ ਮਹਿਸੂਸ ਕਰ ਕਰ ਰਿਹਾ ਹੈ।

“ਬੰਦੇ ਖੋਜੁ ਦਿਲ ਹਰ ਰੋਜ” -ਗੁਰਦੇਵ ਨੇ ਪੰਜ ਜਾਮਿਆਂ ਤੱਕ ਗੁਰਬਾਣੀ ਵਿਚਾਰਧਾਰਾ ਤੇ ਗੁਰਬਾਣੀ ਜੀਵਨ ਰਾਹੀਂ, ਸੰਗਤਾਂ ਨੂੰ ਪੀਰੀ ਪੱਖੋਂ ਦ੍ਰਿੜ ਕੀਤਾ ਸੀ। ਆਪ ਤਤੀਆਂ ਤਵੀਆਂ `ਤੇ ਬੈਠ ਤੇ ਬੇਅੱਤ ਤਸੀਹੇ ਝੱਲ ਕੇ ਸੱਚ ਧਰਮ ਦੀ ਪਹਿਰੇਦਾਰੀ ਲਈ ਇਸ ਨੂੰ ਮਜ਼ਬੂਤ ਕੀਤਾ। ਇਸ ਤਰੀਕੇ ਗੁਰਦੇਵ ਨੇ ਸੰਗਤਾਂ ਨੂੰ ਇਸ ਤਰ੍ਹਾਂ ਸੱਚ ਧਰਮ `ਤੇ ਪਹਿਰਾ ਦੇਣ ਲਈ ਟ੍ਰੇਨਿੰਗ ਵੀ ਆਪ ਦਿੱਤੀ। ਇਸ ਤੋਂ ਬਾਅਦ, ਸਿੱਖ ਨੂੰ ਮੀਰੀ ਵਾਲੇ ਪਾਸੇ ਟੋਰਿਆ ਤੇ ਸ਼ਸਤ੍ਰਧਾਰੀ ਬਣਾਇਆ, ਪਹਿਲਾਂ ਨਹੀਂ। ਦਸਵੇਂ ਜਾਮੇ ਤੱਕ, ਬੇਸ਼ਕ ਇੱਕ ਕੜੇ ਨੂੰ ਛੱਡ ਕੇ ਇਸ ਦੇ ਚਾਰ ਕਕਾਰ ਪਹਿਲਾਂ ਤੋਂ ਚਲਦੇ ਆ ਰਹੇ ਸਨ ਫ਼ਿਰ ਵੀ ਗੁਰਦੇਵ ਨੇ ਦਸਵੇਂ ਜਾਮੇ `ਚ ਜਦੋਂ ਇਸ ਦੇ ਨਿਯਮਤ ਪੰਜ ਕਕਾਰ ਘੋਸ਼ਤ ਕੀਤੇ ਤਾਂ ਇਸ ਨੂੰ ਸ਼ਸਤ੍ਰਾਂ ਦਾ ਵਾਰਿਸ ‘ਕ੍ਰਿਪਾਨ’ ਨਾਲ ਬਣਾਇਆ। ਉਹ ‘ਕ੍ਰਿਪਾਨ’ ਜੋ ਸ਼ਸਤ੍ਰ ਦੇ ਤੌਰ `ਤੇ ਤਲਵਾਰ, ਖਡਗ, ਸ਼ਮਸ਼ੀਰ ਆਦਿ ਦੇ ਕਈ ਨਾਵਾਂ ਨਾਲ ਪਹਿਲਾਂ ਤੋਂ ਸੰਸਾਰ `ਚ ਮੌਜੂਦ ਸੀ ਪਰ ਉਸ ਕੋਲ ‘ਕ੍ਰਿਪਾਨ’ ਵਾਲਾ ਨਾਮ ਨਹੀਂ ਸੀ।

ਵਿਸ਼ਾ ਸਮਝਣ ਵਾਲਾ ਹੈ, ਆਖ਼ਿਰ ਗੁਰਦੇਵ ਨੇ ਉਸੇ ਤਲਵਾਰ, ਸ਼ਮਸ਼ੀਰ ਤੇ ਖੜਗ ਨੂੰ ‘ਕ੍ਰਿਪਾਨ’ ਵਾਲਾ ਨਵਾਂ ਨਾਮ ਬਖ਼ਸ਼ਿਆ ਤਾਂ ਕਿਉਂ? ਦਰਅਸਲ ਇਸ ਤਰ੍ਹਾਂ ਗੁਰਦੇਵ ਨੇ ਤਲਵਾਰ ਨੂੰ ਜ਼ਾਲਮ ਤੇ ਖੂੰਖਾਰ ਸ਼ਸਤ੍ਰਾਂ ਦੀ ਗਿਣਤੀ `ਚੋਂ ਪੂਰੀ ਤਰ੍ਹਾਂ ਬਾਹਿਰ ਕਢ ਲਿਆ। ਉਪ੍ਰੰਤ ਗੁਰਦੇਵ ਨੇ ਇਸ ਨੂੰ ਜੋ ਨਾਮ ਦਿੱਤਾ, ਉਹ ਹੈ ‘ਕ੍ਰਿਪਾਨ’। ਲਫ਼ਜ਼ ‘ਕ੍ਰਿਪਾਨ’ ਦੋ ਲਫ਼ਜ਼ਾਂ ਦੀ ਸੰਧੀ ਤੋਂ ਬਣਦਾ ਹੈ; ਕ੍ਰਿਪਾਨ ਵਿਚਲੇ ਇਹ ਦੋ ਲਫ਼ਜ਼ ਹਨ ਕ੍ਰਿਪਾ+ਆਨ। ਦੂਜੇ ਲਫ਼ਜ਼ਾਂ `ਚ ‘ਗੁਰਦੇਵ ਨੇ ਸਪਸ਼ਟ ਕਰ ਦਿੱਤਾ ਕਿ ਗੁਰੂ ਦੇ ਸਿੱਖ ਨੇ ਆਧੁਨਿਕ ਤੋਂ ਆਧੁਨਿਕ ਹਥਿਆਰ ਤਾਂ ਵਰਤਣੇ ਹਨ, ਪਰ ਹਰ ਸਮੇਂ ਗਲੇ `ਚ ਧਾਰਨ ਕੀਤੀ ਹੋਈ, ਗੁਰੂ ਦੀ ਬਖ਼ਸ਼ਿਸ, ਕ੍ਰਿਪਾਨ ਤੋਂ ਪ੍ਰਾਪਤ ਕ੍ਰਿਪਾ+ਆਨ ਵਾਲੀ ਚੇਤਾਵਣੀ ਦੇ ਆਧਾਰ `ਤੇ ਉਸ ਤੋਂ ਬਾਹਿਰ ਜਾ ਕੇ ਨਹੀਂ।

ਸਪਸ਼ਟ ਹੈ, ਕ੍ਰਿਪਾਨ ਰਾਹੀਂ ਗੁਰਦੇਵ ਵੱਲੋਂ ਸਿੱਖ ਨੂੰ ਸੇਧ ਵੀ ਹੈ ਤੇ ਹਰ ਸਮੇਂ ਦੀ ਚੇਤਾਵਣੀ ਵੀ ਕਿ ਸਿੱਖ ਨੇ ਹਥਿਆਰ ਵਰਤਣੇ ਤਾਂ ਹਨ ਪਰ ਕ੍ਰਿਪਾਨ (ਕ੍ਰਿਪਾ+ਆਨ) ਵਾਲੇ ਦਾਇਰੇ `ਚ ਰਹਿ ਕੇ, ਇਸ ਤੋਂ ਬਾਹਰ ਜਾ ਕੇ ਸਿੱਖ ਨੂੰ ਸ਼ਸਤ੍ਰਾਂ ਨੂੰ ਵਰਤਣ ਦਾ ਹੱਕ ਹਾਸਲ ਨਹੀਂ। ਇਸ ਤਰ੍ਹਾਂ ਸਿੱਖ ਨੂੰ ਸ਼ਸਤ੍ਰਾਂ ਦੇ ਵਰਤਣ ਦਾ ਅਧੀਕਾਰ ਤਾਂ ਹੈ ਪਰ ਕੇਵਲ ਦੋ ਮਨੋਰਥਾਂ ਲਈ। ਪਹਿਲਾ-ਕ੍ਰਿਪਾ ਭਾਵ ਮਜ਼ਲੂਮਾਂ ਦੀ ਰਾਖੀ ਤੇ ਹਿਫ਼ਾਜ਼ਤ ਲਈ। ਦੂਜਾ- ਸਮੂਚੀ ਮਾਨਵਤਾ ਦੇ ਭਲੇ ਦੀ ਜ਼ਾਮਨ, ਗੁਰਬਾਣੀ ਜੀਵਨ ਤੇ ਸਿਖਿਆ ਤੋਂ ਤਿਆਰ ਹੋਏ, ਉਸੇ `ਚ ਓਤ-ਪ੍ਰੋਤ-ਗੁਰੂ ਕੇ ਪੰਥ ਦੀ ਆਨ ਤੇ ਸ਼ਾਨ ਨੂੰ ਕਾਇਮ ਰਖਣ ਲਈ। ਇਸੇ ਲਈ ਗੁਰਬਾਣੀ ਰਾਹੀਂ ਵੀ ਸਿੱਖ ਨੂੰ ਚੇਤਾਵਣੀਆਂ ਹਨ “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ” (ਪੰ: ੭੨੭) ਭਾਵ ਗੁਰੂ ਕੇ ਸਿੱਖ ਨੇ ਹਰ ਸਮੇਂ ਆਪਣੀ ਕਰਣੀ, ਰਹਿਣੀ ਤੇ ਸੋਚਣੀ ਨੂੰ ਗੁਰਬਾਣੀ ਆਦੇਸ਼ਾਂ ਦੀ ਕਸਵਟੀ ਤੇ ਕੱਸ ਕੇ ਚਲਾਉਣਾ ਹੈ, ਬੇਲਗ਼ਾਮ, ਆਪਹੁੱਦਰਾ ਜਾਂ ਮਨਮਤੀਆ ਹੋ ਕੇ ਨਹੀਂ।

ਇਸੇ ਤਰ੍ਹਾਂ ਗੁਰਬਾਣੀ `ਚ ਹੀ ਗੁਰਦੇਵ ਇਸ ਵਿਸ਼ੇ ਨੂੰ ਹੋਰ ਵੀ ਕਰੜਾਈ ਨਾਲ ਬਿਆਣਦੇ ਹਨ ਜਿਵੇਂ “ਨਾਨਕ ਪਰਖੇ ਆਪ ਕਉ, ਤਾ ਪਾਰਖੁ ਜਾਣੁ॥ ਰੋਗੁ ਦਾਰੂ ਦੋਵੈ ਬੁਝੈ, ਤਾ ਵੈਦੁ ਸੁਜਾਣੁ” (ਪੰ: ੧੪੮) ਇਸ ਦੇ ਅਰਥ ਹਨ “ਹੇ ਨਾਨਕ! (ਦੂਜਿਆਂ ਦੀ ਪੜਚੋਲ ਕਰਨ ਦੇ ਥਾਂ) ਜੇ ਮਨੁੱਖ ਆਪਣੇ ਆਪ ਨੂੰ ਪਰਖੇ, ਤਾਂ ਉਸ ਨੂੰ (ਅਸਲ) ਪਾਰਖੂ ਸਮਝੋ, (ਦੂਜਿਆਂ ਦੇ ਵਿਕਾਰ-ਰੂਪ ਰੋਗ ਲੱਭਣ ਦੇ ਥਾਂ) ਜੇ ਮਨੁੱਖ ਆਪਣਾ (ਆਤਮਕ) ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਏ ਤਾਂ ਉਸ ਨੂੰ ਸਿਆਣਾ ਹਕੀਮ ਜਾਣ ਲਵੋ”। ਇਸ ਤਰ੍ਹਾਂ ਇਥੇ ਵੀ ਉਹੀ ਗੱਲ “ਨਾ ਫਿਰੁ ਪਰੇਸਾਨੀ ਮਾਹਿ”। ਦੇਖਿਆ ਜਾਵੇ ਤਾਂ ਗੁਰਬਾਣੀ ਰਾਹੀਂ ਚੇਤਾਵਣੀਆਂ ਦੇ ਉਲਟ ਇਸ ਪੱਖੋ ਅਜੋਕਾ ਸਿੱਖ ਖੜਾ ਕਿੱਥੇ ਹੈ?

ਤਾਂ ਤੇ ਅੱਜ ਦੇ ਸੰਦਰਭ `ਚ ਜੇ ਕਰ ਸਿੱਖ ਲਈ, ਕੇਵਲ ਕ੍ਰਿਪਾਨ ਵਾਲਾ ਵਿਸ਼ਾ ਹੀ ਲੈ ਲਿਆ ਜਾਵੇ ਤਾਂ ਕਈ ਹਾਲਤਾਂ `ਚ ਅੱਜ ਸਿੱਖ ਦੀ ਕ੍ਰਿਪਾਨ ਵਰਤੀ ਜਾ ਰਹੀ ਹੈ ਆਪਣਿਆਂ ਦੇ ਹੀ ਗਾਟੇ ਤੇ ਗਰਦਨਾਂ ਉਤਾਰਣ ਤੇ ਕੱਟਣ ਲਈ। ਝੂਠੇ ਤੇ ਬਿਨਸਨਹਾਰ ਪਦਾਰਥਾਂ, ਔਹਦਿਆਂ ਤੇ ਜਾਇਦਾਂਦਾਂ `ਤੇ ਆਪਣੀ ਪਕੜ ਬਨਾਉਣ ਲਈ। ਕਈ ਵਾਰ ਤਾਂ ਅਜੋਲੇ ਸਿੱਖ ਰਾਹੀਂ, ਗੁਰੂ ਦੀ ਬਖ਼ਸ਼ਿਸ਼ ਇਹ ਪਵਿਤ੍ਰ ਕ੍ਰਿਪਾਨ ਉਨ੍ਹਾਂ ਲੋਕਾਂ ਰਾਹੀਂ ਵਰਤੀ ਜਾ ਰਹੀ ਹੁੰਦੀ ਹੈ ਜਿਨ੍ਹਾਂ ਨੇ ਜ਼ਾਹਿਰਾ ਤਾਂ ਪੰਜ ਕਕਾਰ ਵੀ ਧਾਰਨ ਕੀਤੇ ਹੁੰਦੇ ਹਨ। ਉਪ੍ਰੰਤ ਸਿਰਾਂ `ਤੇ ਨੀਲੀਆਂ, ਕਾਲੀਆਂ, ਕੇਸਰੀ ਤੇ ਸਫ਼ੈਦ ਪੱਗਾਂ ਵੀ ਬੰਨੀਆਂ ਹੋਈਆਂ ਹਨ। ਹੋਰ ਤਾਂ ਹੋਰ ਕੁੱਝ ਹਾਲਤਾਂ `ਚ ਤਾਂ ਕੁੱਝ ਨੇ ਤਾਂ ਦਸਤਾਰਾਂ `ਤੇ ਖੰਡੇ ਤੱਕ ਵੀ ਲਗਾਏ ਹੁੰਦੇ ਹਨ ਪਰ ਉਨ੍ਹਾਂ ਰਾਹੀਂ ਆਪਣੀ ਕਰਣੀ ਤੋਂ ਜੋ ਪ੍ਰਭਾਵ ਦਿੱਤਾ ਜਾ ਰਿਹਾ ਹੁੰਦਾ ਹੈ ਉਹ ਨਿਰੋਲ ਗੁਰਮੱਤ ਰਹਿਣੀ ਤੇ ਗੁਰਬਾਣੀ ਜੀਵਨ ਜਾਚ ਤੋਂ ਬਿਲਕੁਲ ਉਲਟ ਦਿੱਤਾ ਜਾ ਰਿਹਾ ਹੁੰਦਾ ਹੈ।

ਇਤਨਾ ਹੀ ਨਹੀਂ, ਕਈ ਵਾਰੀ ਤਾਂ ਤੋਂ “ਤਨੁ ਮਨੁ ਥੀਵੈ ਹਰਿਆ” ਤੱਕ ਸੰਪੂਰਣ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਉਨ੍ਹਾਂ ਰਾਹੀਂ ਝੂਮ ਝੂਮ ਕੇ ਪੜ੍ਹੀ ਜਾ ਰਹੀ ਹੁੰਦੀ ਹੈ। ਉਹ ਗੁਰਬਾਣੀ, ਜਿਸ ਬਾਰੇ ਗੁਰਦੇਵ ਫ਼ੁਰਮਾਉਂਦੇ ਹਨ “ਸਚਾ ਸਉਦਾ ਹਟੁ ਸਚੁ, ਰਤਨੀ ਭਰੇ ਭੰਡਾਰ” (ਪੰ: ੬੪੬) ਅਤੇ “ਹੀਰਾ ਰਤਨ ਜਵੇਹਰ ਮਾਣਕ, ਬਹੁ ਸਾਗਰ ਭਰਪੂਰੁ ਕੀਆ॥ ਜਿਸੁ ਵਡ ਭਾਗੁ ਹੋਵੈ ਵਡ ਮਸਤਕਿ, ਤਿਨਿ ਗੁਰਮਤਿ ਕਢਿ ਕਢਿ ਲੀਆ” (ਪੰ: ੮੮)। ਇਸ ਵਾਸਤੇ ਅਜਿਹੇ ਸੱਜਨਾਂ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਸੱਜਨ ਆਪਣੇ ਆਪ ਨੂੰ ਜੱਥਿਆਂ, ਡੇਰਿਆਂ, ਚਾਹੇ ਮਿਸ਼ਨਰੀ ਸੰਸਥਾਂਵਾਂ-ਕਾਲਿਜਾਂ ਆਦਿ ਵਾਲੀ ਹਰੇਕ ਬਾਹਰਲੀ ਪਕੜ ਚੋਂ ਬਾਹਰ ਕਢਣ ਤੇ ਤਨੋ ਮਨੋ ਗੁਰਬਾਣੀ ਆਦੇਸ਼ਾਂ ਤੇ ਜੀਵਨ ਨੂੰ ਸਮ੍ਰਪਤ ਹੋਣ।

ਜੇ ਅਜਿਹਾ ਨਹੀਂ ਹੁੰਦਾ ਤਾਂ ਇੱਕ ਪਾਸੇ ਉਨ੍ਹਾਂ ਰਾਹੀਂ ਪਵਿਤ੍ਰ ਸਿੱਖੀ ਸਰੂਪ ਨੂੰ ਦਾਗ਼ਦਾਰ ਕੀਤਾ ਜਾ ਰਿਹਾ ਹੁੰਦਾ ਹੈ। ਦੂਜਾ, ਜਿਹੜਾ ਸਾਡੇ ਪੂਰਵਜਾਂ ਨੇ ਆਪਣੇ ਜੀਵਨ ਦੀ ਰਹਿਣੀ ਤੇ ਕੁਰਬਾਣੀਆਂ ਰਾਹੀਂ, ਸੰਸਾਰ ਨੂੰ ਗੁਰਬਾਣੀ ਦਾ ਉੱਚਤੱਮ ਤੇ ਨਿਖੜਵਾਂ ਪ੍ਰਭਾਵ ਤੇ ਦਿਲ ਖਿਚਵਾਂ ਸਰੂਪ ਪੇਸ਼ ਕੀਤਾ ਸੀ ਜਿਸ ਤੋਂ ਕੁੱਝ ਹੀ ਸਦੀਆਂ `ਚ ਸੰਸਾਰ ਭਰ ਦੀ ਲੋਕਾਈ, ਸਿੱਖ ਧਰਮ ਵੱਲ ਖਿੱਚੀ ਗਈ ਸੀ। ਹੋਰ ਤਾਂ ਹੋਰ, ਇਸ ਦੇ ਨਾਲ ਨਾਲ, ਉਨ੍ਹਾਂ ਦੇ ਸੁਅੱਛ ਜੀਵਨ ਕਾਰਨ ਗੁਰਬਾਣੀ ਦੀਆਂ ਉਪ੍ਰੋਕਤ ਪੰਕਤੀਆਂ ਤੇ ਪ੍ਰਮਾਣ, ਅੱਜ ਗੁਰੂ ਕੀਆਂ ਸੰਗਤਾਂ ਲਈ ‘ਮੂੰਹ ਚੜ੍ਹੀਆਂ’ ਤੱਕ ਬਣੀਆਂ ਹੋਈਆਂ ਹਨ। ਉਸ ਸਾਰੇ ਦਾ ਕਾਰਨ ਇਕੋ ਸੀ, ਉਨ੍ਹਾਂ ਦੇ ਅਮਲ `ਚ ਗੁਰਬਾਣੀ ਜੀਵਨ ਦਾ ਹੋਣਾ, ਪਰ ਅੱਜ ਅਸੀਂ ਕੀ ਪੇਸ਼ ਕਰ ਰਹੇ ਹਾਂ?

ਉਸ ਸਾਰੇ ਦੇ ਉਲਟ ਅੱਜ ਸਾਡੇ ੳੇੁਸ ਪਹਿਰਾਵੇ ਵਿੱਚੋਂ ਗੁਰਬਾਣੀ ਜੀਵਨ ਦੀ ਖੁਸ਼ਬੂ ਪ੍ਰਗਟ ਹੋਣ ਦੀ ਬਜਾਏ ਬਹੁਤਾ ਕਰਕੇ “ਸ਼ਕਲ ਮੋਮਨਾ ਤੇ ਕਰਤੂਤ ਕਾਫ਼ਿਰਾਂ” ਦੇ ਪ੍ਰਚਲਣ ਵਾਲੀ ਗੱਲ ਬਨੀ ਪਈ ਹੈ। ਠੀਕ ਉਸ ਤਰ੍ਹਾਂ ਦੀ ਗੱਲ ਬਣੀ ਪਈ ਹੈ ਜਿਵੇਂ ਗੁਰਬਾਣੀ ਫ਼ੁਰਮਾਨ ਹੈ “ਫਰੀਦਾ ਕਾਲੇ ਮੈਡੇ ਕਪੜੇ, ਕਾਲਾ ਮੈਡਾ ਵੇਸੁ॥ ਗੁਨਹੀ ਭਰਿਆ ਮੈ ਫਿਰਾ, ਲੋਕੁ ਕਹੈ ਦਰਵੇਸ” (ਪੰ: ੧੩੮੧) ਇਸ ਲਈ ਪੰਥ ਦੇ ਵੱਡੇ ਲਾਭਾਂ `ਚ ਜ਼ਰੂਰੀ ਹੈ ਕਿ “ਨਾਨਕ ਪਰਖੇ ਆਪ ਕੳ” ਅਤੇ “ਬੰਦੇ ਖੋਜੁ ਦਿਲ ਹਰ ਰੋਜ” ਅਨੁਸਾਰ ਸੁਆਸ ਸੁਆਸ ਇਸ ਪੱਖੋਂ ਅਸੀਂ ਆਪਣੀ ਕਰਣੀ, ਰਹਿਣੀ ਤੇ ਸੋਚਣੀ ਨੂੰ ਘੋਖੀਏ।। ਇਸ ਤਰ੍ਹਾਂ ਕੌਮ ਦੇ ਇਸ ਪੱਖੋਂ ਤੇਜ਼ੀ ਨਾਲ ਅਤੇ ਲਗਾਤਾਰ ਹੋ ਰਹੇ ਪੰਥਕ ਨੁਕਸਾਨ ਤੇ ਇਸ `ਚ ਆ ਰਹੇ ਨਿਘਾਰ ਤੋਂ ਕੌਮ ਨੂੰ ਬਚਾਇਆ ਜਾ ਸਕੇ। #154-IIIs011.03.011# (ਸਮਾਪਤ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 154=III

ਸਾਂਝੀਵਾਲਤਾ ਦਾ ਪੈਗ਼ਾਮ ਹੈ ਸਿੱਖ ਧਰਮ (ਭਾਗ ੩)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.