.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰਪੁਰਬ ਮਨਾਇਆ ਰੱਜ ਕੇ ਮਿੱਥਿਹਾਸ ਸੁਣਾਇਆ

ਜਦੋਂ ਵੀ ਕੋਈ ਗੁਰਪੁਰਬ ਆਉਂਦਾ ਹੈ ਤਾਂ ਮਹੀਨਾ ਪਹਿਲਾਂ ਹੀ ਪ੍ਰਧਾਨ ਸਕੱਤਰ ਮਾਈਕ ਦੀ ਘੁੱਗੀ ਫੜ ਕੇ ਕਹੀ ਜਾਣਗੇ ਕਿ ਭਈ ਆਪਣਾ ਜਨਮ ਸਫਲਾ ਕਰ ਲਓ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਫਲਾਣੇ ਪਰਵਾਰ ਵਲੋਂ ਪੂਰੀਆਂ ਦੇ ਲੰਗਰਾਂ ਦੀਆਂ ਸੇਵਾਂਵਾਂ ਨਿਭਾਈਆਂ ਜਾ ਰਹੀਆਂ ਹਨ। ਢਿਮਕੇ ਪਰਵਾਰ ਵਲੋਂ ਟੈਂਟ-ਲੜੀਆਂ ਦੀ ਸੇਵਾ ਨਿਭਾਈ ਜਾ ਰਹੀ ਹੈ। ਪਿੱਛਲੇ ਦਿਨੀ ਮੈਨੂੰ ਗੁਰੂ ਹਰਿ ਕ੍ਰਿਸ਼ਨ ਸਹਿਬ ਜੀ ਦੇ ਪੁਰਬ ਸਮੇਂ ਗੁਰਦੁਆਰਾ ਬੰਗਲਾ ਸਹਿਬ ਤੋਂ ਸ਼ਬਦ ਦੀ ਵਿਚਾਰ ਦਾ ਸਮਾਂ ਬਣਿਆ। ਇਹ ਪ੍ਰੋਗਰਾਮ ਟਾਈਮ ਟੀ. ਵੀ. ਅਤੇ ਇੰਟਰਨੈੱਟ ਤੋਂ ਲਾਈਵ ਲਗ-ਪਗ ਸਾਰਿਆ ਮੁਲਕਾਂ ਵਿੱਚ ਸੁਣਿਆਂ ਦੇਖਿਆ ਜਾ ਸਕਦਾ ਹੈ। ਦਿੱਲੀ ਵਿੱਚ ਹੀ ਮੇਰੇ ਪ੍ਰਮ ਮਿੱਤਰ ਵੀਰ ਕੁਲਦੀਪ ਸਿੰਘ ਜੀ ਰਾਂਹੀਂ ਕੁੱਝ ਹੋਰ ਗੁਰਦੁਆਰਿਆਂ ਵਿੱਚ ਵੀ ਜਾਣ ਦਾ ਮੌਕਾ ਬਣਿਆਂ। ਸਾਰਿਆਂ ਗੁਰਦੁਆਰਿਆਂ ਵਿੱਚ ਕੇਵਲ ਦੋ ਤਿੰਨ ਸਾਖੀਆਂ ਹੀ ਬਾਰ ਬਾਰ ਦੁਹਰਾਈਆਂ ਜਾ ਰਹੀਆਂ ਸਨ। ਕਿਸੇ ਵੀ ਗੁਰਦੁਆਰੇ ਵਿੱਚ ਸਿੱਖ ਕੌਮ ਨੂੰ ਦਰਪੇਸ਼ ਚਨੌਤੀਆਂ ਜਾਂ ਗੁਰਦੁਆਰਿਆਂ ਵਿੱਚ ਆਏ ਕਰਮ-ਕਾਂਡ ਜਾਂ ਸਮਾਜਕ ਬੁਰਾਈਆਂ ਵਲ ਕਿਸੇ ਵੀ ਪ੍ਰਚਾਰਕ ਦਾ ਧਿਆਨ ਨਹੀਂ ਗਿਆ। ਕਿਸੇ ਵੀ ਗੁਰਦੁਆਰੇ ਬੱਚਿਆਂ ਦੇ ਪੱਧਰ ਦਾ ਕੋਈ ਪ੍ਰੋਗਰਾਮ ਨਹੀਂ ਸੀ। ਮੇਰਾ ਆਪਣਾ ਖ਼ਿਆਲ ਹੈ ਕਿ ਕਿਸੇ ਨੂੰ ਵੀ ਇਸ ਪਾਸੇ ਸੋਚਣ ਦਾ ਕਦੇ ਖ਼ਿਆਲ ਹੀ ਨਹੀਂ ਆਇਆ ਹੋਣਾ।
ਗੁਰਦੁਆਰਾ ਬੰਗਲਾ ਸਾਹਿਬ ਤੇ ਹੋਰ ਬਾਕੀ ਗੁਰਦੁਆਰਿਆਂ ਵਿੱਚ ਇਸ ਸਮੇਂ ਤਿਲ਼ ਸੁੱਟਣ ਜੋਗੀ ਵੀ ਜਗ੍ਹਾ ਨਹੀਂ ਬਚੀ ਹੋਣੀ। ਹਰ ਥਾਂ ਤੇ ਦੁਹਾਈ ਦਿੱਤੀ ਜਾ ਰਹੀ ਸੀ ਕਿ ਭਈ ਆਪਣਾ ਜਨਮ ਸਫਲ ਕਰੋ। ਜਿਹੜਾ ਵੀ ਇੱਕ ਵਾਰੀ ਸੰਗਤ ਵਿੱਚ ਆ ਗਿਆ ਸਮਝੋ ਉਸ ਦੀਆਂ ਇਕੀ ਕੁਲ਼ਾਂ ਤਰ ਗਈਆਂ। ਇੱਕ ਜਗ੍ਹਾਂ `ਤੇ ਮੈਨੂੰ ਕਹਿਣਾ ਹੀ ਪਿਆ, ਕਿ ਭਈ ਜੇ ਇਸ ਤਰ੍ਹਾਂ ਦੇ ਰਾਗੀਆਂ ਪਾਸੋਂ ਅਜੇਹੇ ਗਪੌੜੇ ਸੁਣਨੇ ਹਨ ਤਾਂ ਆਪਣੀ ਸ਼ਬਦਾਵਲੀ ਬਦਲ ਲਓ ਕਿ ਭਈ ਗੁਰਦੁਆਰੇ ਆਓ ਤੇ ਸਾਡੀਆਂ ਗੋਲਕਾਂ ਭਰੋ। ਕੀ ਨਿਰਾ ਹਾਜ਼ਰੀ ਭਰਿਆਂ ਕੋਈ ਤੱਤ ਗਿਆਨ ਦੀ ਸੋਝੀ ਆ ਸਕਦੀ ਹੈ? ਇਸ ਦਾ ਉੱਤਰ ਹੈ ਬਿਲਕੁਲ ਨਹੀਂ—ਕੇਵਲ ਹਾਜ਼ਰੀ ਭਰਨ ਨਾਲ ਗੋਲਕ ਭਰੀ ਜਾ ਸਕਦੀ ਹੈ।
ਹਰੇਕ ਗੁਰਦੁਆਰੇ ਕੌਮ ਦੇ ਵੱਡੇ ਪੁਜਾਰੀ ਘੁੱਟਵੀਆਂ ਪਜਾਮੀਆਂ ਪਾਈ ਫਿਰਦੇ ਵੀ ਏਹੀ ਕਹੀ ਜਾ ਰਹੇ ਸਨ ਕਿ ਆਪਣਾ ਜਨਮ ਸਫਲ ਕਰੋ। ਲੰਬੇ ਲੰਬੇ ਹਜ਼ੂਰੀਏ ਪਾਈ ਫਿਰਦੇ ਭੱਜ ਭੱਜ ਵੱਧ ਤੋਂ ਵੱਧ ਹਾਜ਼ਰੀਆਂ ਭਰ ਭਰ ਕੇ ਆਪਣੀਆਂ ਝੋਲ਼ੀਆਂ ਭਰ ਰਹੇ ਸਨ ਤੇ ਹਰ ਥਾਂ `ਤੇ ਏਹੀ ਸੁਣਾਈ ਜਾ ਰਹੇ ਸੀ ਗੁਰੂ ਸਾਹਿਬ ਜੀ ਨੇ ਇੱਕ ਗੂੰਗੇ ਦੇ ਸਿਰ `ਤੇ ਛੜੀ ਰੱਖ ਦਿੱਤੀ ਤੇ ਉਹ ਫਟਾ ਫਟ ਬੋਲਣ ਲੱਗ ਪਿਆ। ਕਈ ਵਾਰੀ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਪ੍ਰਚਾਰਕ ਦੇ ਸਿਰ `ਤੇ ਬ੍ਰਹਾਮਣੀ ਕਰਮ-ਕਾਂਡ ਵਾਲੀ ਰਾਜਨੀਤਿਕ ਲੋਕਾਂ ਨੇ ਛਟੀ ਰੱਖ ਦਿੱਤੀ ਹੈ। ਇਹ ਇਤਿਹਾਸ ਨੂੰ ਮਿੱਥਹਾਸ ਦਾ ਰੰਗ ਚਾੜ੍ਹ ਚਾੜ੍ਹ ਕੇ ਪੇਸ਼ ਕਰ ਰਹੇ ਹਨ। ਦੂਸਰਾ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਸਿਰਫ ਰਾਣੀ ਤੇ ਭਟਰਾਣੀ ਦਾ ਸਿਰਫ ਫਰਕ ਦੱਸਣ ਲਈ ਦੱਸਣ ਲਈ ਹੀ ਰਾਜਾ ਜੈ ਸਿੰਘ ਤੇ ਬੰਗਲੇ ਗਏ ਸੀ, ਹੋਰ ਉਹਨਾਂ ਨੂੰ ਕੋਈ ਕੰਮ ਨਹੀਂ ਸੀ। ਸੰਗਤ ਅੱਗੋਂ ਵਾਗੁਰੂ ਵਾਗੁਰੂ ਕਰਦੀ ਮਾਇਆ ਦੀ ਢੇਰੀ ਵੱਡੀ ਕਰੀ ਜਾ ਰਹੀ ਸੀ। ਸਮਝ ਰਹੀ ਸੀ ਅੱਜ ਸਾਡਾ ਜਨਮ ਸਫਲ ਹੋ ਗਿਆ। ਆਮ ਸੰਗਤ ਵਿੱਚ ਖ਼ਿਆਲ ਘਰ ਕਰ ਗਿਆ ਹੈ ਕਿ ਵੱਡੇ ਪੁਜਾਰੀ ਦੀ ਰੱਬ ਜੀ ਨਾਲ ਸਿੱਧੀ ਗਲਬਾਤ ਹੈ, ਜੇ ਇਹ ਗੁਰਪੁਰਬ ਵਾਲੇ ਦਿਨ ਸਾਡੇ ਲਈ ਕੋਈ ਵਧੀਆ ਜੇਹੀ ਸ਼ਬਦਾਵਲੀ ਨਾਲ ਅਰਦਾਸ ਕਰ ਦੇਣਗੇ ਤਾਂ ਸਾਡੇ ਘਰ ਧੰਨ ਦੌਲਤ ਦੇ ਅੰਬਾਰ ਲਗ ਜਾਣਗੇ।
ਦਿੱਲੀ ਦੇ ਸਭ ਗੁਰੁਦੁਆਰਿਆਂ ਵਿੱਚ ਮੱਥਾ ਟੇਕਣ ਵਾਲਿਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਸਨ। ਚਾਰ ਕੁ ਜਣਿਆਂ ਨੂੰ ਪੁਛਿਆ ਕਿ ਅੱਜ ਕਿਹੜੇ ਗੁਰੂ ਦਾ ਦਿਹਾੜਾ ਹੈ ਤਾਂ ਅੱਗੋਂ ਜਿਹੜੇ ਉੱਤਰ ਮਿਲੇ ਉਹ ਹੈਰਾਨ ਕਰਨ ਵਾਲੇ ਸਨ। ਕਿੰਨਾ ਚੰਗਾ ਹੁੰਦਾ ਜੇ ਪ੍ਰੰਪਰਾਗਤ ਤੋਂ ਹੱਟ ਕੇ ਗੁਰੂ ਜੀ ਦਾ ਕ੍ਰਾਂਤੀਕਾਰ ਪ੍ਰੋਗਰਾਮ ਸੰਗਤਾਂ ਨੂੰ ਦੱਸਿਆ ਜਾਂਦਾ। ਕੁੱਝ ਕਹਾਣੀਆਂ ਇਸ ਤਰ੍ਹਾਂ ਦੀਆਂ ਹਨ ਕਿ ਜੋ ਸੀਨਾ ਬਸੀਨਾ ਤੁਰੀਆਂ ਆ ਰਹੀਆਂ ਹਨ ਅਸੀਂ ਉਹਨਾਂ ਤੋਂ ਮਿੱਥਿਹਾਸ ਦਾ ਕਦੇ ਵੀ ਪਰਦਾ ਲਹੁੰਣ ਦਾ ਯਤਨ ਨਹੀਂ ਕੀਤਾ। ਗੁਰੂ ਸਾਹਿਬਾਨ ਦੇ ਜੀਵਨ ਨੂੰ ਜਾਂ ਤਾਂ ਅਸੀਂ ਕਰਮਕਾਂਡ ਵਾਲਾ ਜੀਵਨ ਦੱਸ ਰਹੇ ਹੁੰਦੇ ਹਾਂ ਜਾਂ ਅਸੀਂ ਇਸਲਾਮ ਮੱਤ ਦੀਆਂ ਕਰਾਮਾਤਾਂ ਦੀਆਂ ਕਥਾ ਕਹਾਣੀਆਂ ਸਣਾਉਣ ਨੂੰ ਗੁਰੂਆਂ ਦੀਆਂ ਵਡਿਆਈਆਂ ਦਸ ਰਹੇ ਹਾਂ ਗੁਰੂਆਂ ਵਲੋਂ ਕੀਤੇ ਮਹਾਨ ਕਾਰਨਾਮੇ ਅਸੀਂ ਨਹੀਂ ਦੱਸ ਰਹੇ।
ਅੱਜ ਕੇਵਲ ਇੱਕ ਸਾਖੀ ਸਬੰਧੀ ਹੀ ਵਿਚਾਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕੀ ਸਿਰ `ਤੇ ਸੋਟੀ ਰੱਖਣ ਨਾਲ ਕੋਈ ਬੋਲਣ ਲੱਗ ਪੈਂਦਾ ਹੈ? ਜੇ ਇਸ ਤਰ੍ਹਾਂ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਏਹੀ ਤਰੀਕਾ ਅਪਨਾ ਲੈਣਾ ਚਾਹੀਦਾ ਸੀ। ਜਾਨ ਨਾਲੋਂ ਪਿਆਰੇ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਜਿਗਰ ਦੇ ਟੁਕੜਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੁੰਦਾ ਦੇਖਿਆ। ਚੌਦ੍ਹਾਂ ਛੋਟੀਆਂ ਤੇ ਲਗ-ਪਗ ਚਾਰ ਕੁ ਵੱਡੀਆਂ ਜੰਗਾਂ ਨਾਲ ਜੂਝਣਾ ਪਿਆ। ਫੌਜਾਂ ਰੱਖਣ ਦੀ ਕੀ ਜ਼ਰੂਰਤ ਸੀ ਬੱਸ ਸਿਰ `ਤੇ ਇੱਕ ਵਾਰ ਸੋਟੀ ਰੱਖ ਦੇਂਦੇ ਦੁਸ਼ਮਣ ਆਪਣੇ ਆਪ ਹੀ ਭੱਜ ਜਾਂਦਾ। ਸ਼ਹਾਦਤਾਂ ਦੇਣ ਦੀ ਫਿਰ ਕੀ ਲੋੜ ਪਈ ਸੀ? ਜੇ ਔਰੰਗਜ਼ੇਬ ਦੇ ਸਿਰ `ਤੇ ਸੋਟੀ ਰੱਖ ਦਿੱਤੀ ਜਾਂਦੀ ਤਾਂ ਸ਼ਾਇਦ ਉਹਨੂੰ ਕੋਈ ਅਕਲ ਆ ਜਾਂਦੀ।
ਏਦਾਂ ਦੇ ਗਪੌੜ ਸਾਡੇ ਬਜ਼ੁਰਗ ਤਾਂ ਸੁਣਦੇ ਰਹੇ ਹਨ ਪਰ ਸਾਡਿਆਂ ਬੱਚਿਆਂ ਨੇ ਅਗਾਂਹ ਅਜੇਹੇ ਗਪੌੜੇ ਨਹੀਂ ਸੁਣਨੇ। ਕੀ ਅਜੇਹੀ ਗੈਰ ਕੁਦਰਤੀ ਸਾਖੀ ਸਣਾਉਣ ਨਾਲ ਕੌਮ ਦਾ ਜਾਂ ਸਮਾਜ ਦਾ ਕੋਈ ਫਾਇਦਾ ਹੋ ਸਕਦਾ ਹੈ? ਜ਼ਰਾ ਕੁ ਨਿਗਾਹ ਮਾਰ ਕੇ ਦੇਖਿਆ ਜਾਏ ਤਾਂ ਏਦਾਂ ਕਦੀ ਹੋ ਸਕਦਾ ਹੈ? ਅੰਨ੍ਹੀ ਸ਼ਰਧਾ ਵਾਲਾ ਕਹੇਗਾ ਤੂਹਾਨੂੰ ਗੁਰੂ ਜੀ ਦੀ ਕਰਨੀ `ਤੇ ਭਰੋਸਾ ਨਹੀਂ ਹੈ। ਏਦ੍ਹਾਂ ਦੀਆਂ ਕਰਾਮਾਤਾਂ ਵਰਤਦੀਆਂ ਰਹਿੰਦੀਆਂ ਹਨ।
ਗੁਰੂਆਂ ਨੇ ਜਿੰਨਾਂ ਕੰਮ ਕੀਤਾ ਹੈ ਉਹ ਕਿਸੇ ਵੀ ਕਰਾਮਾਤ ਤੋਂ ਘੱਟ ਨਹੀਂ ਹੈ। ਗੁਰੂਆਂ ਨੇ ਸਮਰੱਥ ਫੈਸਲੇ ਲਏ ਨਵਾਂ ਸਮਾਜ, ਨਵੀਂ ਕੌਮ ਸਿਰਜੀ ਹੈ। ਹਲੇਮੀ ਰਾਜ ਦੀਆਂ ਨੀਹਾਂ ਮਜ਼ਬੂਤ ਕੀਤੀਆਂ ਹਨ।
ਗੁਰੂ ਅਗੰਦ ਪਾਤਸ਼ਾਹ ਜੀ ਨੇ ਬੱਚਿਆਂ ਨੂੰ ਗੁਰਮੁਖੀ ਅੱਖਰ ਸਿਖਾਏ। ਇਸ ਇਤਿਹਾਸ ਤੋਂ ਭਲੀਭਾਂਤ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦਾ ਬੋਲਬਾਲਾ ਹੀ ਸੀ ਕਿ ਆਮ ਆਦਮੀ ਦੇ ਬੱਚਿਆਂ ਨੂੰ ਵੀ ਪੜ੍ਹਣ ਲਿਖਣ ਦੀ ਜਾਚ ਆਈ। ਵਿਦਿਆ `ਤੇ ਕੇਵਲ ਬ੍ਰਹਾਮਣ ਦਾ ਹੀ ਏਕੀ ਅਧਿਕਾਰ ਸੀ, ਕਿ ਇਹ ਹੀ ਵਿਦਿਆ ਪੜ੍ਹ ਲਿਖ ਸਕਦਾ ਹੈ। ਬਾਕੀ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਵਿਦਿਆ ਪੜ੍ਹ ਸਕਣ। ਜਦੋਂ ਲਾਲ ਚੰਦ ਹੰਕਾਰੀ ਬ੍ਰਹਾਮਣ ਕਹਿੰਦਾ ਹੈ ਕਿ ਗੀਤਾ ਦੇ ਅਰਥ ਕਰੋ, ਗੀਤਾ ਦਾ ਸਾਰ ਦੱਸੋ? ਕਿਉਂਕਿ ਉਹ ਘਰੋਂ ਗੁਰੂ ਜੀ ਨੂੰ ਹਰਾਉਣ ਦੀ ਮਨਸਾ ਨਾਲ ਆਇਆ ਸੀ, ਕਿ ਵੇਦ ਸ਼ਾਸਤਰ ਤਾਂ ਮੈਂ ਹੀ ਪੜ੍ਹਿਆ ਹੋਇਆ ਹਾਂ। ਇਹਨਾਂ ਨੂੰ ਪੜ੍ਹਾਈ ਕਿਥੋਂ ਆਉਂਦੀ ਹੋਣੀ ਐ? ਗੁਰੂ ਨਾਨਕ ਸਾਹਿਬ ਜੀ ਦੇ ਸਕੂਲ ਵਿਚੋਂ ਪੜ੍ਹੇ ਸਿੱਖਾਂ ਨੇ ਇੱਕ ਹੀ ਸਵਾਲ ਪੁੱਛਿਆ ਕਿ ਬ੍ਰਹਾਮਣ ਜੀ ਗੀਤਾ ਆਪਣਿਆਂ ਨੂੰ ਮਾਰਨ ਸਬੰਧੀ ਕੀ ਕਹਿੰਦੀ ਹੈ? ਪੰਡਤ ਜੀ ਜ਼ਰਾ ਇਹ ਵੀ ਦੱਸੋ ਗੀਤਾ ਦੇ ਰਚਣਾਹਾਰੇ ਦਾ ਜੀਵਨ ਕਿਹੋ ਜੇਹਾ ਸੀ? ਕੀ ਭਗਵਾਨ ਸੌਲ਼ਾਂ ਹਜ਼ਾਰ ਇਸਤ੍ਰੀਆਂ ਰੱਖ ਸਕਦਾ ਹੈ? ਅਜੇਹੇ ਤਰਕ ਦੀ ਪੰਡਤ ਨੂੰ ਕਦਾਚਿੱਤ ਆਸ ਨਹੀਂ ਸੀ। ਪੰਡਤ ਨੂੰ ਦਿਨੇ ਤਾਰੇ ਦਿਸਣੇ ਸ਼ੁਰੂ ਹੋ ਗਏ। ਬਾਜ਼ੀ ਪੁੱਠੀ ਪੈਂਦੀ ਦੇਖ ਕੇ ਬ੍ਰਹਾਮਣ ਪਸੀਨਿਉਂ ਪਸੀਨੀ ਹੋ ਗਿਆ ਤੇ ਹੰਕਾਰੀ ਬ੍ਰਹਾਮਣ ਦੀ ਫੂਕ ਨਿਕਲਦਿਆਂ ਇੱਕ ਮਿੰਟ ਲੱਗਿਆ।
ਅਸਲ ਵਿੱਚ ਗੁਰਬਾਣੀ ਨੇ ਆਤਮਕ ਤਲ਼ ਦੇ ਗੂੰਗੇ ਬਹਿਰਿਆਂ ਨੂੰ ਉਪਦੇਸ਼ ਦੇ ਕੇ ਆਤਮਕ ਬਲ ਵਾਲੇ ਬਣਾਇਆ ਹੈ। ਸਦੀਆਂ ਤੋਂ ਗੁਲਾਮ ਕਹੇ ਜਾਂਦੇ ਬੰਦਿਆਂ ਨੂੰ ਸਵੈਮਾਣ ਸਿਖਾਇਆ ਅਤੇ ਜ਼ਿੰਦਗੀ ਜਿਉਣ ਦੀ ਜਾਚ ਸਿਖਾਈ। ਸਰੀਰ ਦੇ ਤਲ਼ ਵਾਲੇ ਗੂੰਗੇ, ਪਿੰਗਲ਼ੇ, ਅੰਧੇ ਮਨੁੱਖ ਦੀ ਸਮੱਸਿਆ ਨਹੀਂ ਸੀ, ਸਮੱਸਿਆ ਤਾਂ ਉਹਨਾਂ ਦੀ ਸੀ ਜਿੰਨਾਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਸੀ। ਦਲਤ ਦਾ ਵੀ ਪ੍ਰਛਾਵਾਂ ਜੇ ਬ੍ਰਹਾਮਣ `ਤੇ ਪੈ ਜਾਂਦਾ ਸੀ ਤਾਂ ਬ੍ਰਹਮਣ ਨੂੰ ਸਮੇਤ ਕਪੜਿਆਂ ਦੇ ਗੰਗਾਂ ਵਿਚੋਂ ਇਸ਼ਨਾਨ ਕਰਨਾ ਪੈਂਦਾ ਸੀ। ਸਾਰੀ ਜ਼ਿੰਦਗੀ ਬ੍ਰਹਮਣ ਦੀ ਦੁਬੇਲ ਬਣ ਕੇ ਰਹਿਣ ਲਈ ਮਜ਼ਬੂਰ ਹੋਣਾ ਪੈਂਦਾ ਸੀ। ਜੁਲਾਹੇ ਦੇ ਬਣਾਏ ਹੋਏ ਸੂਤਰ ਨਾਲ ਬ੍ਰਹਮਣ ਆਪਣਾ ਤਨ ਤਾਂ ਢੱਕ ਸਕਦਾ ਸੀ, ਪਰ ਜੁਲਾਹੇ ਨੂੰ ਬਰਾਬਰ ਦਾ ਅਧਿਕਾਰ ਦੇਣ ਲਈ ਤਿਆਰ ਨਹੀਂ ਸੀ। ਗੁਰੂ ਨਾਨਕ ਸਾਹਿਬ ਜੀ ਦੀ ਕ੍ਰਾਂਤੀ ਹੀ ਹੈ ਕਿ ਹਰ ਮਨੁੱਖ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਸੀ। ਸਿੱਖ ਧਰਮ ਵਲ ਵੀ ਜ਼ਰਾ ਕੁ ਧਿਆਨ ਨਾਲ ਦੇਖਿਆ ਜਾਏ ਤਾਂ ਅੱਜ ਵੀ ਇੰਜ ਹੀ ਮਹਿਸੂਸ ਹੋ ਰਿਹਾ ਹੈ ਕਿ ਕਿਸੇ ਵੀ ਸਿੱਖ ਨੂੰ ਆਪਣੀ ਰਾਇ ਦੇਣ ਦਾ ਪੁਜਾਰੀ ਵਰਗ ਨੂੰ ਕੋਈ ਅਧਿਕਾਰ ਨਹੀਂ ਹੈ। ਬਚਿੱਤ੍ਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਾ ਦਰਜਾ ਦੇਣਾ ਤੇ ਇਸ ਸਬੰਧ ਵਿੱਚ ਨਾ ਬੋਲਣਾ ਇੱਕ ਗੂੰਗੇ-ਪਿੰਗਲੇ ਵਰਗਾ ਹੀ ਜੀਵਨ ਹੈ। ਇਹ ਹੀ ਕਿਹਾ ਜਾਂਦਾ ਹੈ ਤੁਸੀਂ ਗੂੰਗੇ ਤੇ ਬਹਿਰੇ ਹੋ ਜਾਓ। ਹੁਕਨਾਮਿਆਂ ਦੀ ਆੜ ਥੱਲੇ ਚਿੰਤਕ ਬੰਦਿਆਂ `ਤੇ ਬੋਲਣ ਦੀ ਪੂਰੀ ਤਰ੍ਹਾਂ ਰੋਕ ਲਉਣੀ, ਬ੍ਰਹਮਣੀ ਸੋਚ ਦਾ ਇੱਕ ਹਿੱਸਾ ਹੈ। ਸਲੋਕ ਸਹਿਸ ਕ੍ਰਿਤੀ ਦਾ ਵਾਕ ਹੈ---
ਮਸਕੰ ਭਗਨੰਤ ਸੈਲੰ, ਕਰਦਮੰ ਤਰੰਤ ਪਪੀਲਕਹ।।
ਸਾਗਰੰ ਲੰਘੰਤਿ ਪਿੰਗੰ, ਤਮ ਪਰਗਾਸ ਅੰਧਕਹ।।
ਸਾਧ ਸੰਗੇਣਿ ਸਿਮਰੰਤਿ ਗੋਬਿੰਦ, ਸਰਣਿ ਨਾਨਕ ਹਰਿ ਹਰਿ ਹਰੇ।। ੫੫
ਸਲੋਕ ਸਹਿਸਕ੍ਰਿਤੀ ਪੰਨਾ ੧੩੫੯

ਅਰਥ--ਹੇ ਨਾਨਕ! ਜੋ ਮਨੁੱਖ ਸਾਧ ਸੰਗਤਿ ਦੀ ਰਾਹੀਂ ਪਰਮਾਤਮਾ ਦੀ ਓਟ ਲੈ ਕੇ ਗੋਬਿੰਦ ਦਾ ਸਿਮਰਨ ਕਰਦਾ ਹੈ, ਉਹ (ਪਹਿਲਾਂ) ਮੱਛਰ (ਵਾਂਗ ਨਿਤਾਣਾ ਹੁੰਦਿਆਂ ਭੀ ਹੁਣ) ਪਹਾੜ (ਅਹੰਕਾਰ) ਨੂੰ ਤੋੜ ਲੈਂਦਾ ਹੈ, ਉਹ (ਪਹਿਲਾਂ) ਕੀੜੀ (ਵਾਂਗ ਕਮਜ਼ੋਰ ਹੁੰਦਿਆਂ ਭੀ ਹੁਣ) ਚਿੱਕੜ (ਮੋਹ) ਤੋਂ ਤਰ ਜਾਂਦਾ ਹੈ, ਉਹ (ਪਹਿਲਾਂ) ਲੂਲ੍ਹੇ ਸਮਾਨ (ਨਿਆਸਰਾ ਹੁੰਦਿਆਂ ਭੀ ਹੁਣ ਸੰਸਾਰ-) ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ (ਪਹਿਲਾਂ ਅਗਿਆਨੀ) ਅੰਨ੍ਹੇ ਦਾ ਹਨੇਰਾ ਚਾਨਣ ਬਣ ਜਾਂਦਾ ਹੈ।
ਭਾਵ ਅਰਥ:---- ਹੁਣ ਦੇਖਿਆ ਜਾਏ ਤਾਂ ਮੱਛਰ ਪੱਥਰ ਨਹੀਂ ਤੋੜ ਸਕਦਾ ਤੇ ਕੀੜੀ ਚਿੱਕੜ ਵਿੱਚ ਨਹੀਂ ਤੁਰ ਸਕਦੀ। ਪਿੰਗਲਾ ਦੋ ਕਦਮ ਤੁਰਨ ਤੋਂ ਵੀ ਅਸਮਰੱਥ ਹੈ ਪਰ ਗੁਰਬਾਣੀ ਕਹਿ ਰਹੀ ਹੈ ਪਿੰਗਲਾ ਸਮੁੰਦਰ ਨੂੰ ਪਾਰ ਕਰ ਜਾਂਦਾ ਹੈ। ਅੰਧਾ ਮਨੁੱਖ ਦੇਖਣ ਦੇ ਕਾਬਲ ਹੋ ਜਾਂਦਾ ਹੈ। ਇਸ ਵਿੱਚ ਤਕਨੀਕੀ ਪੱਖ ਹੈ “ਸਾਧ ਸੰਗੇਣਿ ਸਿਮਰੰਤਿ ਗੋਬਿੰਦ” ਭਾਵ ਗੁਰੂ ਜੀ ਦੀ ਸਿੱਖਿਆ ਨੂੰ ਸਮਝ ਕੇ ਅਪਨਾਉਣ ਵਾਲਾ ਮੱਛਰ ਦੇ ਤਲ ਤੋਂ ਉੱਠ ਕੇ ਪਹਾੜਾਂ ਵਰਗੀਆਂ ਮੰਜ਼ਿਲਾਂ ਸਰ ਕਰ ਸਕਦਾ ਹੈ। ਰੀਂਗ ਕੇ ਚੱਲਣ ਵਾਲਾ ਕੀੜੀ ਵਰਗਾ ਮਨੁੱਖ ਮੋਹ ਦੇ ਚਿੱਕੜ ਵਿਚੋਂ ਬਾਹਰ ਨਿਕਲ ਸਕਦਾ ਹੈ। ਪਰਵਾਰਕ ਮੋਹ ਦੀਆਂ ਤੰਦਾਂ ਨੂੰ ਛੱਡ ਕੇ ਦੇਸ਼ ਕੌਮ ਲਈ ਆਪਾ ਕੁਰਬਾਨ ਕਰ ਸਕਦਾ ਹੈ। ਸੰਸਾਰ ਰੂਪੀ ਸਮੁੰਦਰ ਦੀਆਂ ਵਿਕਾਰੀ ਲਹਿਰਾਂ ਵਿਚੋਂ ਤਰਨ ਦੀ ਜਾਚ ਆ ਜਾਂਦੀ। ਇਹ ਚਾਨਣ ਹੋ ਜਾਂਦਾ ਹੈ ਕਿ ਕੇਵਲ ਮੇਰਾ ਘਰ ਹੀ ਨਹੀਂ ਵੱਸਦਾ ਸਗੋ ਹੋਰ ਸੰਸਾਰ ਵੀ ਵੱਸ ਰਿਹਾ ਹੈ। ਸ਼ਰਣ ਵਿੱਚ ਆਉਣ ਨਾਲ ਜੀਵਨ ਹਰਿਆ ਭਰਿਆ ਹੁੰਦਾ ਹੈ। ਰੁੱਖ ਸੁੱਕ ਜਾਏ ਤਾਂ ਕਿਸੇ ਕੰਮ ਨਹੀਂ ਆਉਂਦਾ ਉਸ ਨੂੰ ਕੱਟਿਆ ਹੀ ਜਾਂਦਾ ਹੈ। ਦੂਜੇ ਪਾਸੇ ਹਰਿਆ ਰੁੱਖ ਛਾਂ ਦੇਂਦਾ ਹੈ। ਭਾਰਤੀ ਲੋਕਾਂ ਵਿੱਚ ਮਰੀ ਹੋਈ ਜਗਿਆਸਾ ਨੂੰ ਗੁਰੂ ਉਪਦੇਸ਼ ਨੇ ਮੁੜ ਉਭਾਰਿਆ। ਸਦੀਆਂ ਤੋਂ ਜਿੰਨਾਂ ਨੂੰ ਮੂੰਹ ਖੋਲਣ ਦੀ ਆਗਿਆ ਨਹੀਂ ਸੀ ਉਹ ਵੀ ਹੰਕਾਰੀ ਬ੍ਰਹਾਮਣਾਂ ਨੂੰ ਅਗੋਂ ਸਵਾਲ ਕਰਨ ਦੇ ਸਮਰੱਥ ਹੋਏ। ਛੱਜੂ ਜੀ ਨੇ ਕੇਵਲ ਉੱਤਰ ਹੀ ਨਹੀਂ ਦਿੱਤੇ ਸਨ, ਸਗੋਂ ਬ੍ਰਹਾਮਣ ਦੇ ਸਾਹਮਣੇ ਗੀਤਾ ਸਬੰਧੀ ਕੁੱਝ ਅਜੇਹੇ ਸਵਾਲ ਖੜੇ ਕੀਤੇ ਜਿੰਨਾਂ ਦੀ ਬ੍ਰਹਾਮਣ ਨੂੰ ਕਦੀ ਆਸ ਵੀ ਨਹੀਂ ਸੀ।
ਸਵਾਲਾਂ ਦਾ ਸਵਾਲ ਗੁਰੂ ਸਾਹਿਬ ਜੀ ਨੇ ਸਰੀਰਕ ਰੋਗਾਂ ਦੀ ਗੱਲ ਨਹੀਂ ਕੀਤੀ ਸਗੋਂ ਆਤਮਕ ਤਲ ਦੇ ਬੀਮਾਰਾਂ ਨੂੰ ਅਗੰਮੀ ਗਿਆਨ ਦੇ ਕੇ ਆਤਮ ਨਿਰਭਰ ਬਣਾਇਆ ਹੈ। ਅਸੀਂ ਸਿਰਫ ਇੱਕ ਸੋਟੀ ਦੀ ਗੱਲ ਕਰਕੇ ਗੁਰੂ ਸਾਹਿਬ ਜੀ ਦੇ ਫਲਸਫੇ ਨੂੰ ਬਹੁਤ ਛੱੋਟਾ ਪੇਸ਼ ਕਰ ਰਹੇ ਹਾਂ। ਕਿੰਨਾ ਚੰਗਾ ਹੁੰਦਾ ਕਿ ਜੇ ਅਜੇਹੇ ਪੁਰਬਾਂ `ਤੇ ਸਿੱਖ ਕੌਮ ਦੇ ਨਾਮਵਰ ਵਿਦਵਾਨਾਂ ਨੂੰ ਬੁਲਾਅ ਕੇ ਸਿੱਖ ਕੌਮ ਨੂੰ ਦਰਪੇਸ਼ ਚਨੌਤੀਆਂ ਤੇ ਸੈਮੀਨਾਰ ਲਗਾਏ ਜਾਂਦੇ। ਸਾਡੀ ਕੌਮ ਦੀਆਂ ਸਿਰਮੌਰ ਕਮੇਟੀਆਂ ਨੇ ਹਮੇਸ਼ਾਂ ਮਸਲਿਆਂ ਨੂੰ ਲਟਕਾਇਆ ਹੈ। ਮਸਲਿਆਂ ਦੇ ਹੱਲ ਨਹੀਂ ਲੱਭੇ।
ਸਾਰੇ ਰਾਗੀ ਢਾਡੀ, ਪ੍ਰਚਾਰਕ ਸ਼੍ਰੇਣੀ, ਪ੍ਰਬੰਧਕੀ ਲੋਕਾਂ ਨੇ ਸਿਰਫ ਸੋਟੀ ਵਾਲੀ ਹੀ ਸਾਖੀ ਸੁਣਾਈ ਤੇ ਗੂੰਗਾ ਫਟਾਫਟ ਬੋਲਣ ਲੱਗ ਪਿਆ। ਗੁਰਬਾਣੀ ਦੇ ਅਸਲੀ ਸੁਨੇਹੇ ਨੂੰ ਸਮਝਣ ਦੀ ਜ਼ਰੂਰਤ ਹੈ। ਦਸਾਂ ਗੁਰੂਆਂ ਦੀ ਇੱਕ ਜੋਤ ਭਾਵ ਇੱਕ ਸਿਧਾਂਤ, ਇੱਕ ਜੁਗਤ ਹੈ। ਗੁਰਬਾਣੀ ਅਨੁਸਾਰ ਕਾਇਰਾਂ ਡਰਪੋਕਾਂ ਵਾਲੀ ਜ਼ਿੰਦਗੀ ਜਿਉਣ ਵਾਲਿਆਂ ਨੂੰ ਅਣਖ਼ੀ ਸੂਰਮੇ ਬਣਾਇਆ ਹੈ। ਲੋੜ ਹੈ ਗੁਰੂਆਂ ਦੇ ਮਹਾਨ ਕ੍ਰਾਂਤੀਕਾਰੀ ਕਾਰਨਾਮਿਆਂ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਨਵੇਂ ਸਿਰੇ ਤੋਂ ਸਿਰਜਣ ਦਾ ਯਤਨ ਕਰਨ ਦਾ।




.