.

ੴਸਤਿਨਾਮ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥

ਕਬੀਰ ਸਾਹਿਬ ਜੀ ਦੱਸਦੇ ਹਨ ਲੋਕਾਂ ਨੂੰ (ਸਾਨੂੰ) ਬਾਣੀਂ ਦੀ ਸਾਰ ਨਹੀਂ ਹੈ, ਸੱਚਮੁਚ ਹੀ ਅਸੀਂ ਬਾਣੀਂ ਨੂੰ ਇੱਕ ਗੀਤ ਸਮਝਿਆ ਹੋਇਆ ਹੈ। ਜਿਸ ਤਰਾਂ ਕੋਈ ਗੀਤਕਾਰ ਕੋਈ ਵੀ ਦੁਨਿਆਵੀ ਗੀਤ ਲਿਖ ਦੇਂਦਾ ਹੈ, ਬਹੁਤ ਸਾਰੇ ਗੀਤ ਲਿਖ ਕੇ, ਉਹ ਇੱਕ ਕਿਤਾਬ ਛਪਵਾ ਦੇਂਦਾ ਹੈ। ਉਹ ਗੀਤ ਕਾਗਜਾਂ ਤੇ ਲਿਖੇ ਪਏ ਰਹਿੰਦੇ ਹਨ। ਕਈ ਵਾਰ ਕੋਈ ਕਿਤਾਬ ਸਾਨੂੰ ਗਿਫਟ ਵਿੱਚ ਵੀ ਮਿਲ ਜਾਂਦੀ ਹੈ, ਅਤੇ ਕਈ ਵਾਰ ਅਸੀਂ ਆਪਣੀ ਮਰਜ਼ੀ ਨਾਲ ਸਟਾਲ ਤੋਂ ਖਰੀਦ ਵੀ ਲਿਆਉਂਦੇ ਹਾਂ। ਕਿਤਾਬ ਨੂੰ ਇੱਕ ਦੋ ਵਾਰ ਪੜ੍ਹਦੇ ਹਾਂ, ਪੜ੍ਹਨ ਤੋਂ ਬਾਦ ਸਾਡੀ ਰੁਚੀ ਗੀਤਾਂ ਵਿੱਚ ਬਹੁਤੀ ਨਹੀਂ ਰਹਿੰਦੀ। ਫਿਰ ਉਹ ਕਿਤਾਬ ਅਲਮਾਰੀ ਵਿੱਚ ਸਾਂਭੀ ਪਈ ਰਹਿੰਦੀ ਹੈ। ਸਬੱਬ ਨਾਲ ਜੇ ਕੋਈ ਕੰਪੋਜ਼ਰ ਉਹਨਾਂ ਗੀਤਾਂ ਦੀ ਧੁਨ ਤਿਆਰ ਕਰ ਦੇਵੇ, ਕੋਈ ਚੰਗਾ ਗਾਇਕ ਉਹਨਾਂ ਗੀਤਾਂ ਨੂੰ ਗਾ ਦੇਵੇ, ਤਾਂ ਉਹਨਾਂ ਹੀ ਗੀਤਾਂ ਵਿਚੋਂ ਰਸ ਆਉਣ ਲੱਗਦਾ ਹੈ। ਧੁਨ ਚੰਗੀ ਨਾਂ ਹੋਵੇ, ਜਾਂ ਗਾਇਕ ਦੀ ਆਵਾਜ਼ ਚੰਗੀ ਨਾਂ ਹੋਵੇ, ਤਾਂ ਉਹੀ ਗੀਤ ਸੁਣਨ ਨੂੰ ਮਨ ਨਹੀਂ ਕਰਦਾ। ਰਸ ਧੁਨ ਵਿੱਚ ਹੈ,

ਬਾਣੀਂ ਦੇ ਸਬੰਧ ਵਿੱਚ ਵੀ, ਅਨੂਮਾਨਤ ੯੦% ਤੋਂ ਵੀ ਵੱਧ ਲੋਕਾਂ ਦਾ ਇਹੀ ਗੀਤਾਂ ਵਾਲਾ ਹੀ ਰੁਝਾਨ ਹੈ। ਸਾਨੂੰ ਰਸ ਸੰਗੀਤ ਵਿਚੋਂ ਆਉਂਦਾ ਹੈ, ਬਾਣੀਂ ਵਿਚੋਂ ਨਹੀਂ। ਬਾਕੀ ਕੁੱਝ % ਪੜ੍ਹਦੇ ਹਨ, ਵਿਚਾਰਨ ਦੀ ਵੀ ਕੋਸ਼ਿਸ਼ ਵੀ ਕਰਦੇ ਹਨ, ਪਰ ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ॥ ਬਾਣੀਂ ਦੇ ਸ਼ਬਦਾਂ ਵਿੱਚ ਸਭਿ ਕੁੱਝ ਹੀ ਦੱਸਿਆ ਹੋਇਆ ਹੈ, ਪਰ ਕੋਈ ਵਿਰਲਾ ਹੀ ਬੁੱਝੇ ਗਾ। ਸ਼ਬਦ ਜਾਂ ਸ਼ਬਦਗੁਰੂ ਦੇ ਸਬੰਧ ਵਿੱਚ ਜਾਣਕਾਰੀ ਦੇਣ ਵਾਸਤੇ ਅਕਸਰ ਹੀ ਬਹੁਤੇ ਲਿਖਾਰੀ ਲਿਖਦੇ ਰਹਿੰਦੇ ਹਨ। ਫਿਰ ਵੀ ਆਮ ਸੱਜਨ ਅਜੇ ਵੀ ਪੁਛਦੇ ਹਨ, ਕਿ, ਸ਼ਬਦ ਗੁਰੂ ਕੀ ਹੈ, ਜਾਂ ਸ਼ਬਦ ਕੀ ਹੈ, ਇਹ ਸਵਾਲ ਅਜੇ ਵੀ ਬਰਕਰਾਰ ਹੈ। (ਸ਼ਬਦ ਬਾਰੇ ਵੀ ਅਜੇ ਭੁਲੇਖਾ ਹੀ ਹੈ, ਕਹਿਣ ਸਮਝਾਉਣ ਜਾਂ ਲਿਖਣ ਨੂੰ ਭਾਵੇਂ ਕਾਫੀ ਕੁੱਝ ਲਿਖਿਆ ਜਾ ਚੁੱਕਾ ਹੈ) (ਹੋਰ ਵੀ ਸੱਭ ਭਰਮ ਭੁਲੇਖੇ ਅਤੇ ਝਗੜੇ ਹੀ ਹਨ)

ਮਃ ੧॥ ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ੧੨੪੫

ਬਿਨਾਂ ਗਿਆਨ ਤੋਂ ਜਿਹਾ ਗੀਤ ਗਾ ਲਿਆ, ਤੇਹੀ ਬਾਣੀਂ ਗਾ ਲਈ, ਸੱਭ ਕੁੱਝ ਰੋਟੀਆਂ ਵਾਸਤੇ ਹੈ, ਪਹਿਲੇ ਸਿਰਫ ਰੋਟੀਆਂ ਵਾਸਤੇ ਹੁੰਦਾ ਸੀ, ਪਰ ਅੱਜ ਮਾਇਆ ਦੀ ਦੌੜ ਦੀ ਵਜਹ ਕਰਕੇ ਹੋ ਰਿਹਾ ਹੈ। ਅੱਜ ਇਹ ਹਵਸ ਦੀ ਹੱਦ ਤੱਕ ਜਾ ਚੁੱਕਾ ਹੈ। ਪੈਸੇ ਦੀ ਹਵਸ, ਕਰੋੜਪਤੀ ਬਣਨ ਦੀ ਹਵਸ, ਆਗੂ ਬਣਨ ਦੀ ਹਵਸ, ਸੰਤ ਬਣਨ ਦੀ ਹਵਸ, ਹੋਰ ਵੀ ਕਿਸੇ ਵੀ ਤਰਾਂ ਦੀ ਹਵਸ ਦੀ ਪੂਰਤੀ ਵਾਸਤੇ, ਗਿਆਨ ਵਿਹੂਣੇਂ ਗੀਤ ਬਹੁਤ ਸਹਾਈ ਹੁੰਦੇ ਹਨ। ਹਿੰਗ ਲਗੇ ਨਾਂ ਫਟਕੜੀ। ਜਿਸ ਨੂੰ ਗਿਆਨ ਹੀ ਨਹੀਂ ਹੈ ਉਸ ਵਾਸਤੇ ਤਾਂ ਬਾਣੀਂ ਗੀਤ ਹੀ ਹੈ। ਗੀਤ ਸੁਣਨ ਵਾਲਿਆਂ ਨੂੰ ਕੀ ਗਿਆਨ ਹੋਵੇ ਗਾ ਬ੍ਰਹਮ ਦਾ। ਸਾਨੂੰ ਗਿਆਨ ਹੀਣ ਬਨਾ ਦਿੱਤਾ ਹੈ, ਇਹਨਾਂ ਸਵਾਰਥੀ ਲੋਕਾਂ ਨੇਂ। ਸਾਨੂੰ ਉਹ ਗਿਆਨ ਦਿੱਤਾ ਜਾਂਦਾ ਹੈ, ਜਿਸ ਨਾਲ ਕਿਸੇ ਦਾ ਸਵਾਰਥ ਪੂਰਾ ਹੁੰਦਾ ਹੋਵੇ। ਭਾਵੇਂ ਇਹ ਸਵਾਰਥ ਪੈਸੇ ਦੀ ਖਾਤਰ ਹੋਵੇ, ਜਾਂ ਖਾਲੀ ਸ਼ੋਹਰਤ ਦੀ ਖਾਤਰ ਹੋਵੇ। ਬਹੁ ਤਾਲ ਪੂਰੇ ਵਾਜੇ ਵਜਾਏ॥ ਨਾ ਕੋ ਸੁਣੇ ਨ ਮੰਨਿ ਵਸਾਏ॥ ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ॥ ੬॥

ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ॥ (੫੯

ਗੁਰਬਾਣੀਂ ਤੋਂ ਊਪਰ ਕੋਈ ਉਪਦੇਸ਼ (ਗਿਆਨ) ਨਹੀਂ ਹੋ ਸੱਕਦਾ। ਪਰ ਇਸ ਬ੍ਰਹਮ ਗਿਆਨ ਨੂੰ ਵਾਜੇ ਦੀ ਧੁਨ ਨਾਲ ਸਿਰਫ ਇੱਕ ਗੀਤ ਬਨਾ ਕੇ ਰੱਖ ਦਿੱਤਾ ਗਿਆ ਹੈ। ਪਰ ਇਹ ਕੀ ਕਹਿ ਰਹੀ ਹੈ ਬਾਣੀਂ ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ॥ ਸਾਰਾ ਗਿਆਨ ਸੱਭ ਧਿਆਨ ਧੁਨਿ ਹੀ ਹੈ, ਅਤੇ ਜਿਸ ਨੂੰ ਅਸੀਂ ਅਕੱਥ ਕਥਾ ਕਹਿੰਦੇ ਹਾਂ, ਉਹ ਵੀ ਧੁਨਿ ਹੀ ਹੈ। ਕੀ ਕੋਈ, ਗਿਆਨ ਧਿਆਨ ਦੀ ਇਸ ਕੜੀ ਨੂੰ ਸੁਲਝਾਇ ਗਾ। ਅਜੇਹੀਆਂ ਹੈਰਾਨੀ ਪੈਦਾ ਕਰਨ ਵਾਲੀਆਂ, ਅਤੇ ਗਿਆਨ ਭਰਪੂਰ ਹੋਰ ਵੀ ਕਈ ਪੰਗਤੀਆਂ ਹਨ ਬਾਣੀਂ ਵਿੱਚ ਜਿਵੇਂ ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ॥ ਬਾਣੀਂ ਅੱਗੇ ਦੱਸਦੀ ਹੈ, ਇਸ ਧੁਨ ਨਾਲ ਸਾਰੇ ਝਗੜੇ ਖਤਮ ਹੋ ਜਾਂਦੇ ਹਨ ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ॥ ੩॥ ਸਤਿਗੁਰੂ ਦੀ ਦੀ ਸੇਵਾ ਕਰਨ ਨਾਲ ਇਹ ਧੁਨ ਉਪਜਦੀ ਹੈ। ਇਸ ਧੁਨ ਨਾਲ ਮਤਿ (ਅਕਲ, ਸੂਝ, ਬੂਝ, ਪ੍ਰਮਾਤਮਾਂ ਦਾ ਭੇਦ,) ਮਿਲਦੀ ਹੈ। ਇਸ ਧੁਨ ਨਾਲ ਗਤੀ ਹੋ ਜਾਂਦੀ ਹੈ। ਸਤਿਗੁਰ ਸੇਵੇ ਤਾ ਸਹਜ ਧੁਨਿ ਉਪਜੈ ਗਤਿ ਮਤਿ ਤਦ ਹੀ ਪਾਏ॥

ਹਿਰਦੈ ਹਰਿ ਕੇ ਚਰਣ ਵਸਾਈ॥ ਸੁਖੁ ਪਾਇਆ ਸਹਜ ਧੁਨਿ ਉਪਜੀ ਰੋਗਾ ਘਾਣਿ ਮਿਟਾਈ॥ ਰਹਾਉ॥ (੬੧੯

ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ ਮਾਦ॥ ਸਹਜ ਅਨਦ ਅਨਹਦ ਧੁਨਿ ਬਾਣੀ ਬਹੁਰਿ ਨ ਭਏ ਬਿਖਾਦ॥ ੧॥ ੧੨੨੪

ਗੁਰਬਾਣੀਂ ਦੀ ਸਧਾਰਨ ਤੋਂ ਸਧਾਰਨ ਸਰਲ ਤੋਂ ਸਰਲ ਜਾਪਨ ਵਾਲੀ ਇੱਕ ਇੱਕ ਪੰਗਤੀ ਬ੍ਰਹਮ ਗਿਆਨ ਹੈ, ਜੋ ਪੰਗਤੀਆਂ ਗੁਰਬਾਣੀਂ ਦੀਆਂ ਤੁਹਾਡਾ ਇਹ ਦਾਸ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਹੈ, ਇਹ ਪੰਗਤੀਆਂ ਜਾਂ ਇਹ ਗੁਰਬਾਣੀਂ ਆਪ ਸੱਭ ਨੇਂ ਹਜ਼ਾਰਾਂ ਵਾਰ ਪੜ੍ਹੀ ਅਤੇ ਸੁਣੀਂ ਹੈ, ਸੈਂਕੜੇ ਵਾਰ ਲਿਖਾਰੀਆਂ ਨੇਂ ਆਪਣੇਂ ਲੇਖਾਂ ਵਿੱਚ ਵਰਤੀ ਹੈ, (ਸਿਰਫ ਵਰਤੀ ਹੈ) ਬਾਣੀਂ ਉਹੀ ਹੈ। ਫਰਕ ਸਿਰਫ ਏਨਾਂ ਹੈ, ਕਿ ਉਹ ਗੁਰਬਾਣੀਂ ਦੇ ਅਰਥ ਦੱਸਦੇ ਹਨ, ਦਾਸ ਗੁਰਬਾਣੀਂ ਦਾ ਭਾਵ ਦੱਸਣ ਦੀ ਨਿਮਾਣੀਂ ਜਿਹੀ ਕੋਸ਼ਿਸ਼ ਕਰ ਰਿਹਾ ਹੈ।

ਮਿਸਾਲ ਦੇ ਤੌਰ ਤੇ ਗੁਰਬਾਣੀਂ ਵਿੱਚ ਇੱਕ ਸ਼ਬਦ (ਲਫਜ਼) ਆਉਂਦਾ ਹੈ “ਬੈਸਨੋ” ਬੈਸਨੋ ਦੇ ਆਮ ਕਰਕੇ ਦੋ ਭਾਵਅਰਥ ਲਏ ਜਾਂਦੇ ਹਨ। ਇੱਕ ਹੈ ਮਾਸ ਨਸ਼ੇ ਆਦੀ ਤੋਂ ਰਹਿਤ ਅਤੇ ਆਮ ਸੁੱਚ ਰੱਖਣ ਵਾਲਾ ਮਨੁਖ। ਅਤੇ ਦੂਜਾ ਹੈ, ਵਿਸ਼ਨੂੰ ਦਾ ਭਗਤ। ਬੈਸਨੋ ਲਫਜ਼ ਆਮ ਬੋਲੀ ਵਿੱਚ ਬੋਲਿਆ ਜਾਣ ਵਾਲਾ ਲਫਜ਼ “ਵੈਸ਼ਨੋ” ਹੀ ਹੈ। ਬਚਪਨ ਤੋਂ ਲੈਕੇ ਅੱਜ ਤੱਕ ਦਾਸ ਇਹ ਲਫਜ਼ ਸੁਣਦਾ ਆਇਆ ਹੈ। ੯੫% ਤੋਂ ਵੀ ਵੱਧ ਲੋਕਾਂ ਵੱਲੋਂ ਇਸ ਲਫਜ਼ ਨੂੰ ਸਿਰਫ, ਮਾਸ ਨਸ਼ੇ ਆਦੀ ਤੋਂ ਰਹਿਤ ਅਤੇ ਆਮ ਸੁੱਚ ਰੱਖਣ ਵਾਲੇ ਮਨੁਖ ਵਾਸਤੇ ਵਰਤਿਆ ਜਾਂਦਾ ਹੈ। ਇਹ ਲਫਜ਼ ਵਿਸ਼ਨੂੰ ਦੇ ਭਗਤ ਦੇ ਪ੍ਰਥਾਏ ਵਰਤਨ ਵਾਸਤੇ ਤਾਂ ਦਾਸ ਨੇਂ ਕਦੇ ਬ੍ਰਾਹਮਣਾਂ ਦੇ ਮੂਹੋਂ ਵੀ ਨਹੀਂ ਸੁਣਿਆਂ ਸੀ, ਪਿੰਡ ਰਹਿੰਦਿਆਂ ਸਾਡੇ ਗਵਾਂਢ ਵਿੱਚ ਵੀ ਬ੍ਰਾਹਮਣਾਂ ਦੇ ਦੋ ਘਰ ਸਨ, ਜਿੰਨ੍ਹਾਂ ਦੇ ਘਰ ਦੀ ਕੰਧ ਸਾਡੇ ਨਾਲ ਸਾਂਝੀ ਸੀ, ਅਤੇ ਕੰਧ ਵੀ ਏਨੀਂ ਨਿੱਕੀ (ਛੋਟੀ) ਸੀ ਕੇ ਬੱਚੇ ਹੋਣ ਦੇ ਬਾਵਯੂਦ ਵੀ ਅਸੀਂ ਲਮਕ ਕੇ ਉਹਨਾਂ ਦੇ ਘਰ ਚਲੇ ਜਾਂਦੇ ਸੀ, ਵੇਹਲੇ ਟਾਇਮ ਸਾਰਾ ਦਿਨ ਉਹਨਾਂ ਦੇ ਘਰ ਖੇਡਦੇ ਸੀ। ਅਸੀਂ ਕਦੇ ਉਹਨਾਂ ਦੇ ਮੂਹੋਂ ਬੈਸਨੋ ਜਾਂ ਵੈਸ਼ਨੋਂ ਦੇ ਅਰਥ ਵਿਸ਼ਨੂੰ ਦਾ ਭਗਤ ਨਹੀਂ ਸੀ ਸੁਣਿਆਂ, ਹਾਲਾਂ ਕੇ ਉਹ ਪੰਡਿਤ ਸਨ। ਇੱਕ ਲੇਖ ਪੜ੍ਹ ਕੇ ਪਤਾ ਲੱਗਾ, ਕੇ ਵੈਸ਼ਨੂੰ ਨੂੰ ਵਿਸ਼ਨੂੰ ਦਾ ਭਗਤ ਨੂੰ ਕਹਿੰਦੇ ਹਨ। (ਇਸ ਲੇਖ ਵਿੱਚ ਵੈਸ਼ਨੂੰ ਦੀ ਰੱਜ ਕੇ ਨਿੰਦਾ ਕੀਤੀ ਗਈ ਸੀ) ਕਿਸੇ ਵੀ ਨਵੀਂ ਗੱਲ ਵਿੱਚ ਦਿਲਚਸਪੀ ਹੋਣੀਂ ਸੁਭਾਵਿਕ ਹੀ ਹੈ।

ਸੋ ਦਾਸ ਨੇਂ ਗੁਰਬਾਣੀਂ ਵਿਚੋਂ ਇਸ ਲਫਜ਼ “ਵੈਸ਼ਨੂੰ” ਦੀ ਪੜਤਾਲ ਕੀਤੀ, ਵੈਸ਼ਨੂੰ ਬਾਰੇ ਜੋ ਗਿਆਨ ਦਾਸ ਨੂੰ ਗੁਰਬਾਣੀਂ ਵਿਚੋਂ ਮਿਲਿਆ ਦਾਸ ਆਪ ਸਭ ਨਾਲ ਸਾਂਝਾ ਕਰਨਾਂ ਚਾਹੁੰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੀ ਇੱਕ ਸਿਰੇ ਤੋਂ ਵਿਚਾਰ ਕਰਦਿਆਂ, ਵੈਸ਼ਨੋਂ ਦੇ ਪ੍ਰਥਾਇ ਵਿੱਚ ਸੱਭ ਤੋਂ ਪਹਿਲੀ ਪੰਗਤੀ ਦਾਸ ਨੂੰ ਮਿਲੀ ਜੋ ਅੱਗੇ ਲਿਖੀ ਹੈ।

ਸੋ ਬੈਸਨੋ ਹੈ ਅਪਰ ਅਪਾਰੁ॥ ਕਹੁ ਨਾਨਕ ਜਿਨਿ ਤਜੇ ਬਿਕਾਰ॥ (੧੯੯

ਇਸ ਪੰਗਤੀ ਨੂੰ ਪੜ੍ਹ ਕੇ ਦਾਸ ਨੂੰ ਤਾਂ ਇਹ ਸਮਝ ਆਉਂਦੀ ਹੈ, ਕਿ ਬਿਸ਼ਨੂੰ ਦੇ ਭਗਤ ਨੂੰ ਵੈਸ਼ਨੂੰ ਨਹੀਂ ਕਹਿੰਦੇ। ਗੁਰੂ ਅਰਜਨ ਦੇਵ ਜੀ ਮਹਾਂਰਾਜ ਤਾਂ ਬੈਸਨੋਂ ਉਸ ਨੂੰ ਕਹਿੰਦੇ ਹਨ, ਜਿਸ ਨੇਂ ਸਾਰੇ ਦੋਖ ਐਬ ਵਿਕਾਰ, (ਬੁਰੇ ਕਰਮ) ਬੁਰਾਈਆਂ, ਵਾਸ਼ਨਾਵਾਂ, ਤਿਆਗ ਦਿੱਤੀਆਂ ਹੋਣ। ਕਹੁ ਨਾਨਕ ਜਿਨਿ ਤਜੇ ਬਿਕਾਰ॥ ਐਸਾ ਵੈਸ਼ਨੋਂ ਅਪਰ ਅਪਾਰ ਹੈ, ਪਰੇ ਤੋਂ ਪਰੇ ਹੈ, ਉਹ ਬੇਅੰਤ, ਹੈ। ਸੋ ਬੈਸਨੋ ਹੈ ਅਪਰ ਅਪਾਰੁ ਉਸ ਤਕ ਕੋਈ ਦੋਸ਼ ਨਹੀਂ ਪਹੁੰਚ ਸਕਦਾ। (ਨਿੰਦਾ ਵੀ ਨਹੀਂ)

ਪਉੜੀ॥ ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ॥ ਬੈਸਨੋ ਤੇ ਗੁਰਮੁਖਿ ਸੁਚ ਧਰਮਾ (੨੫੮

ਬ੍ਰਾਹਮਣ ਉਹ ਲੋਕ ਹਨ, ਜੋ ਬ੍ਰਹਮ ਨੂੰ ਜਾਣਦੇ ਹਨ, ਜੋ ਬ੍ਰਹਮ ਨਾਲ ਮੇਲਾ ਕਰ ਚੁੱਕੇ ਹਨ, ਵੈਸ਼ਨੋਂ ਉਹ ਹੈ, ਜੋ ਗੁਰਮੁਖ ਹੈ, ਜੋ ਸੁਚ ਧਰਮ, ਜਾਂ ਪਵਿਤ੍ਰ ਧਰਮ, ਵਾਲਾ ਹੋਵੇ। ਜਿਸ ਨੇਂ ਸਾਰੇ ਵਿਕਾਰ ਤੱਜ ਦਿੱਤੇ ਹੋਣ।

ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ॥ ਬਿਸਨ ਕੀ ਮਾਇਆ ਤੇ ਹੋਇ ਭਿੰਨ॥ ਕਰਮ ਕਰਤ ਹੋਵੈ ਨਿਹਕਰਮ॥ ਤਿਸੁ ਬੈਸਨੋ ਕਾ ਨਿਰਮਲ ਧਰਮ॥ ਕਾਹੂ ਫਲ ਕੀ ਇਛਾ ਨਹੀ ਬਾਛੈ॥ ਕੇਵਲ ਭਗਤਿ ਕੀਰਤਨ ਸੰਗਿ ਰਾਚੈ॥ ਮਨ ਤਨ ਅੰਤਰਿ ਸਿਮਰਨ ਗੋਪਾਲ॥ ਸਭ ਊਪਰਿ ਹੋਵਤ ਕਿਰਪਾਲ॥ ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ॥ ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ॥ ੨॥ (੨੭੪

ਜਿਸ ਤੇ ਪ੍ਰਭੂ ਪ੍ਰਸੰਨ ਹੋ ਜਾਵੇ, ਉਸ ਨੂੰ ਅਸੀਂ ਵੈਸਨੋਂ ਕਹਿ ਸੱਕਦੇ ਹਾਂ। ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ਅਸਲ ਵੈਸਨੋਂ ਤਾਂ ਉਸ ਨੂੰ ਕਹਿੰਦੇ ਹਨ, ਜੋ ਬਿਸ਼ਨੂੰ ਦੀ ਮਾਇਆ ਤੋਂ ਰਹਿਤ ਹੋ ਜਾਂਦਾ ਹੈ। ਬਿਸਨ ਕੀ ਮਾਇਆ ਤੇ ਹੋਇ ਭਿੰਨ ਗੁਰਬਾਣੀਂ ਤਾਂ ਵੈਸ਼ਨੋਂ ਦੇ ਇਸ ਤਰਾਂ ਦੇ ਲੱਛਣ ਦੱਸਦੀ ਹੈ, (ਪਰ ਸਾਡੇ ਕਈ ਪ੍ਰਚਾਰਕ ਕਹਿੰਦੇ ਹਨ, ਕਿ ਜੋ ਵੈਸ਼ਨੂੰ ਹੁੰਦੇ ਹਨ, ਉਹ ਵਿਸ਼ਨੂੰ ਦੇ ਭਗਤ ਹੁੰਦੇ ਹਨ। ਇਸ ਗੱਲ ਦੀ ਬਰੀਕੀ ਨਾਲ ਵਿਚਾਰ ਕਰਨ ਦੀ ਲੋੜ ਹੈ। ਵੈਸੇ ਵੀ ਅਸੀਂ ਜਾਂ ਕੋਈ ਵੀ, ਜਦ ਕਦੇ ਸਹਿਜ ਸੁਭਾ ਹੀ, ਕੋਈ ਵੈਸ਼ਨੋਂ ਦੀ ਗੱਲ ਕਰਦੇ ਹਾਂ, ਤਾਂ ਸਾਡਾ ਆਮ ਵਿਸ਼ਾਰਾ ਗੁਰਬਾਣੀਂ ਵਾਲੇ ਵੈਸ਼ਨੋਂ (ਸੱਚੇ ਸੁਚੇ ਸਾਰੇ ਐਬਾਂ ਤੋਂ ਰਹਿਤ ਚੰਗੇ ਗੁਣਾਂ ਵਾਲੇ ਵੈਸ਼ਨੋਂ) ਵੱਲ ਹੁੰਦਾ ਹੈ, ਕਿਸੇ ਵਿਸ਼ਨੂੰ ਦੇ ਭਗਤ ਵੱਲ ਨਹੀਂ। ਐਸਾ ਕੇਹੜਾ ਅਸਲੋਂ ਹੀ ਨਾਦਾਨ ਤੋਂ ਨਾਦਾਨ (ਬੇਅਕਲ) ਸਿੱਖ ਹੋਵੇ ਗਾ, ਜੋ ਇਹ ਮੁਰਾਦ ਮੰਗੇ ਗਾ, ਕੇ ਸਾਰੀ ਕੌਮ ਬਿਸ਼ਨੂੰ ਦੀ ਭਗਤ ਹੋ ਜਾਵੇ। ਤੁਹਾਡਾ ਇਹ ਦਾਸ ਚਾਹ ਵੀ ਨਹੀਂ ਪੀਂਦਾ, ਜਦ ਕਦੇ ਕਿਤੇ ਕੋਈ ਮੈਨੂੰ ਚਾਹ ਪੀਣ ਦੀ ਸੁਲ੍ਹਾ ਮਾਰਦਾ ਹੈ, ਤਾਂ ਦਾਸ ਸਹਿਜ ਸੁਭਾ ਹੀ ਕਹਿ ਦੇਂਦਾ ਹੈ, ਜੀ ਨਹੀਂ ਸੁਕਰੀਆ, ਤੁਸੀਂ ਪੀਉ ਮੈਂ ਤਾਂ ਚਾਹ ਤੋਂ ਵੀ ਵੈਸ਼ਨੋਂ ਹਾਂ, (ਤਾਂ ਕੀ ਮੈਂ ਵਿਸ਼ਨੂੰ ਦਾ ਭਗਤ ਹੋ ਗਿਆ)। ਇਸੇ ਤਰਾਂ ਜਿਹੜਾ ਸ਼ਰਾਬ ਨਹੀਂ ਪੀਂਦਾ, ਉਸ ਨੂੰ ਵੀ ਸਾਰੇ ਹੀ ਵੈਸ਼ਨੋਂ ਕਹਿੰਦੇ ਹਨ। ਕੀ ਜਿਹੜਾ ਮਾਸ ਸ਼ਰਾਬ ਨਹੀਂ ਵਰਤਦਾ, ਉਹ ਬਿਸ਼ਨੂੰ ਦਾ ਭਗਤ ਹੋ ਜਾਂਦਾ ਹੈ। ਅੱਜ ਤੱਕ ਤਾਂ ਵੈਸ਼ਨੂੰ ਬੰਦੇ ਨੂੰ ਸਾਰੇ ਹੀ ਚੰਗਾ ਸਮਝਦੇ ਸਨ, ਬਾਣੀਂ ਵਿੱਚ ਵੀ ਵੈਸ਼ਨੂੰ ਦੇ ਗੁਣ ਲਿਖੇ ਹੋਏ ਹਨ। ਪਰ ਐਸੇ ਪੜ੍ਹੇ ਲਿਖੇ ਮਹਾਂ ਵਿਦਵਾਨ ਗੁਰਮੁਖ ਪ੍ਰਚਾਰਕਾਂ ਦੀ ਕਿਰਪਾ ਨਾਲ, ਜਲਦੀ ਹੀ ਵੈਸ਼ਨੋਂ ਬੰਦਿਆਂ (ਜਿਹੜਾ ਕਹੇ ਗਾ ਕੇ ਮੈਂ ਵੈਸ਼ਨੋਂ ਹਾਂ) ਨੂੰ ਵੀ ਸਾਧੂ ਸੰਤਾਂ ਵਾਗੂੰ ਤ੍ਰਿਸਕਾਰ ਦੀ ਨਿਗਾਹ ਨਾਲ ਦੇਖਿਆ ਜਾਣ ਲੱਗੇ ਗਾ। ਗੁਰੂ ਕਿਰਪਾ ਕਰੇ, ਗੁਰੂ ਬਚਾਏ ਕੌਮ ਨੂੰ ਐਸੇ ਵਿਦਵਾਨਾਂ ਤੋਂ। ਕਿਸੇ ਵੱਲ ਉਂਗਲੀ ਉਠਾਉਣ ਵੇਲੇ ਯਾਦ ਰਖਣਾਂ ਚਾਹੀਦਾ ਹੈ, ਕਿ ਤਿੰਨ ਉਂਗਲੀਆਂ ਆਪਣੇਂ ਵੱਲ ਵੀ ਉਠੀਆਂ ਹੋਈਆਂ ਹਨ।

ਕਰਮ ਕਰਤ ਹੋਵੈ ਨਿਹਕਰਮ॥ ਤਿਸੁ ਬੈਸਨੋ ਕਾ ਨਿਰਮਲ ਧਰਮ॥

ਇਸ ਪੰਗਤੀ ਦਾ ਅਰਥ ਸਿਰਫ ਇਹ ਨਹੀਂ ਕਢਿਆ ਜਾ ਸੱਕਦਾ, ਕਿ ਕਰਮ ਕਰੋ, ਪਰ ਉਸ ਦੀ ਆਸ ਨਾਂ ਰੱਖੋ। ਸਿਰਫ ਇਹ ਸੋਚ ਲੈਣਾਂ, ਇਹ ਗਲਤ ਹੈ। ਇਥੇ ਆਸ ਕਿੱਥੋਂ ਆ ਗਈ। ਚੰਗਾ ਜਾਂ ਮੰਦਾ, ਦੋਵੇਂ ਹੀ ਕਰਮ ਹਨ। ਕੀ ਇਸ ਦਾ ਮਤਲਬ ਇਹ ਹੈ, ਕੇ ਕੋਈ ਵੀ ਚੰਗਾ ਜਾਂ ਮੰਦਾ ਕਰਮ ਕਰ ਲਵੋ, ਤੇ ਆਸ ਨਾਂ ਰੱਖੋ। ਕੀ ਇਸ ਤਰਾਂ ਅਸੀਂ ਕਰਮ ਤੋਂ ਬਰੀ ਹੋ ਜਾਵਾਂ ਗੇ। ਵੈਸੇ ਵੀ ਆਸ ਰੱਖ ਕੇ, ਜਾਂ ਕਿਸੇ ਆਸ ਦੀ ਮਨਸ਼ਾ ਨਾਲ ਤਾਂ ਅਸੀਂ, ਸਿਰਫ ਚੰਗਾ ਜਾਂ ਸ਼ੁਭ ਕਰਮ ਹੀ ਕਰਦੇ ਹਾਂ। ਬੁਰੇ ਕਰਮ ਤਾਂ ਅਸੀਂ ਅੰਧਾ ਧੁੰਦ ਬਿਨਾਂ ਕਿਸੇ ਫਲ ਦੀ ਆਸ ਰੱਖੇ ਹੀ ਕਰਦੇ ਹਾਂ, ਕੀ ਇਸ ਤਰਾਂ ਬਿਨਾਂ ਫਲ ਦੀ ਆਸ ਕੀਤੇ ਬੁਰੇ ਕਰਮ ਕਰ ਕੇ, ਅਸੀਂ ਨਿਹਕਰਮੀ, ਅਤੇ ਨਿਰਮਲ ਧਰਮ ਵਾਲੇ ਬੈਸਨੋਂ ਬਣ ਜਾਵਾਂ ਗੇ? । ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ਜਿਸ ਦੇ ਸਿਰ ਤੋਂ ਅਗਲਾ ਪਿਛਲਾ, ਸਾਰਾ ਹੀ ਕਰਮਾਂ ਦਾ ਭਾਰ ਚੁਕਿਆ ਜਾਵੇ, ਉਸ ਨੂੰ ਨਿਹਕਰਮੀ ਕਹਿੰਦੇ ਹਨ। ਕਾਹੂ ਫਲ ਕੀ ਇਛਾ ਨਹੀ ਬਾਛੈ॥ ਕੇਵਲ ਭਗਤਿ ਕੀਰਤਨ ਸੰਗਿ ਰਾਚੈ॥ ਜਿਹੜੇ ਕੇਵਲ ਪ੍ਰਭੂ ਦੀ ਭਗਤੀ ਵਿੱਚ ਲੱਗ ਜਾਂਦੇ ਹਨ, ਅਤੇ ਜਿਨਾਂ ਦਾ ਮਨ ਕੀਰਤਨ (ਇਹ ਢੋਲਕੀਆਂ ਵਾਜਿਆਂ ਵਾਲਾ ਕੀਰਤਨ ਨਹੀਂ ਹੈ) ਵਿੱਚ ਲੱਗ ਜਾਂਦਾ ਹੈ। ਫਿਰ ਉਹਨਾਂ ਦੇ ਮਨ ਵਿਚ, ਕਿਸੇ ਫਲ ਦੀ ਇੱਛਾ ਰਹਿੰਦੀ ਹੀ ਨਹੀਂ ਹੈ। ਮਨ ਤਨ ਅੰਤਰਿ ਸਿਮਰਨ ਗੋਪਾਲ॥ ਸਭ ਊਪਰਿ ਹੋਵਤ ਕਿਰਪਾਲ॥ ਉਹਨਾਂ ਦੇ ਤਨ ਅਤੇ ਮਨ ਵਿੱਚ ਕੇਵਲ ਪ੍ਰਭੂ ਦਾ ਸਿਮਰਨ ਹੀ ਹੁੰਦਾ ਹੈ। ਉਹ ਸੱਭ ਤੇ ਦਇਆ ਕਰਨ ਵਾਲੇ ਬਣ ਜਾਂਦੇ ਹਨ। ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ॥ ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ਐਸਾ ਵੈਸ਼ਨੋਂ ਆਪ ਵੀ ਨਾਮ ਨੂੰ ਆਪਣੇਂ ਹਿਰਦੇ ਵਿਚ, ਧਿਆਉਂਦਾ ਹੈ ਅਤੇ ਦੂਜਿਆਂ ਨੂੰ ਵੀ ਨਾਮ ਦਾ ਜਾਪ ਕਰਵਾਉਂਦਾ ਹੈ।

ਫਿਰ ਵੀ ਮੰਨ ਲਵੋ, ਕਿ ਵੈਸਨੋਂ ਨੂੰ ਹੀ ਵਿਸ਼ਨੂੰ ਦਾ ਭਗਤ ਕਹਿੰਦੇ ਹਨ। ਤਾਂ ਅੱਗੇ ਕਬੀਰ ਜੀ ਆਪਣੀਂ ਬਾਣੀਂ ਵਿੱਚ ਬੈਸਨਉ ਦੀ ਨਿਸ਼ਾਨੀਂ ਦੱਸਦੇ ਹੋਇ ਲਿਖਦੇ ਹਨ। ਬਾਣੀਂ ਦੱਸਦੀ ਹੈ।

ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ॥ ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ॥ ੫੨॥ ੧੩੬੭

ਕਬੀਰ ਸਾਹਿਬ ਜੀ ਕਹਿ ਰਹੇ ਹਨ, ਬੈਸਨਉ ਦੀ ਤਾਂ ਕੁੱਤੀ ਵੀ, ਸਾਕਤ ਪੁਰਸ਼ ਦੀ ਮਾਂ ਨਾਲੋਂ ਚੰਗੀ ਹੈ। (ਦਸੋ ਕੀ ਇਹ ਵਿਸ਼ਨੂੰ ਦੇ ਭਗਤ ਦੀ ਮਹਿਮਾਂ ਗਾ ਰਹੀ ਹੈ ਬਾਣੀਂ, ਜੋ ਕਹਿ ਰਹੀ ਹੈ ਕਿ ਵੈਸ਼ਨੋਂ ਦੀ ਤਾਂ ਕੁੱਤੀ ਵੀ ਸਾਕਤ ਦੀ ਮਾਂ ਨਾਲੋਂ ਚੰਗੀ ਹੈ। ਅਤੇ ਜੇ ਵਿਸ਼ਨੂੰ ਦੇ ਭਗਤ ਨੂੰ ਹੀ ਵੈਸ਼ਨੋਂ ਕਹਿੰਦੇ ਹਨ, ਤਾਂ ਬਾਣੀਂ ਦਾ ਇਹ ਫੈਸਲਾ ਵੀ ਸਾਡੇ ਸਾਹਮਣੇਂ ਹੈ।) ਬੈਸਨਉ ਦੀ ਕੁੱਤੀ ਤਾਂ ਨਿਤ ਹਰੀ ਦਾ ਨਾਮ ਸੁਣਦੀ ਹੈ, ਪਰ ਸਾਕਤ ਦੀ ਮਾਂ ਤਾਂ ਨਿੱਤ ਪਾਪ ਕਮਾਉਂਦੀ ਹੈ। ਭਾਵ ਬੈਸਨੂੰ ਪਰਿਵਾਰ ਵਿੱਚ ਹਰੀ ਦਾ ਭੈ ਭਾਉ, ਹਰੀ ਦੀ ਉਪਮਾਂ ਮਹਿਮਾਂ, ਹਰੀ ਦਾ ਗੁਣ ਗਾਇਣ, ਹਰੀ ਦਾ ਕੀਰਤਨ ਜਰੂਰ ਹੁੰਦਾ ਹੈ। ਆਮ ਕਰਕੇ ਵੈਸਨੋਂ ਉਹ ਹੀ ਹੋਵੇ ਗਾ, ਜਿਸ ਨੂੰ ਹਰੀ ਦਾ ਕੁੱਝ ਭੈ ਹੋਵੇ ਗਾ, ਇਸ ਕਰਕੇ ਵੈਸ਼ਨੋਂ ਦੇ ਘਰ ਦੀ ਤਾਂ ਕੁੱਤੀ ਵੀ ਭਾਗਾਂ ਵਾਲੀ ਹੈ, ਜਿਸ ਨੂੰ ਵੈਸ਼ਨੋਂ ਦਾ ਸੰਗ ਮਿਲਿਆ ਹੈ।

ਪਰ ਸਾਕਤ ਕੈਸਾ ਹੁੰਦਾ ਹੈ। ਸਾਕਤ ਪੁਰਸ਼ਾਂ ਦੀ ਸੰਗਤ, ਸਾਕਤ ਪੁਰਸ਼ਾਂ ਦਾ ਸੰਗ ਕੈਸਾ ਹੁੰਦਾ ਹੈ। ਸਾਕਤ ਪਰਿਵਾਰ ਕੈਸਾ ਹੁੰਦਾ ਹੈ, ਤਕਰੀਬਨ ਸਾਰੇ ਹੀ ਜਾਣਦੇ ਹਨ। ਸਾਕਤ ਕਹਿੰਦੇ ਹਨ, ਰੱਬ, ਜਾਂ ਗੁਰੂ ਨਾਲੋਂ ਟੁੱਟੇ ਹੋਇ ਮਨੁੱਖ ਨੂੰ। ਅੱਗੇ ਬਾਣੀਂ ਸਾਕਤ ਪੁਰਸ਼ ਦੀਆਂ ਕੁੱਝ ਨਿਸ਼ਾਨੀਆਂ ਦਸਦੀ ਹੈ।

ਸਾਕਤ ਕੀ ਐਸੀ ਹੈ ਰੀਤਿ॥ ਜੋ ਕਿਛੁ ਕਰੈ ਸਗਲ ਬਿਪਰੀਤਿ॥ ੨॥ (੧੯੫

ਸਾਕਤ ਦੀ ਰੀਤ ਮਰਿਯਾਦਾ ਹੀ ਐਸੀ ਹੈ, ਕਿ ਉਹ ਜੋ ਕੁੱਝ ਵੀ ਕਰਦਾ ਹੈ, ਸੱਭ ਉਲਟ ਹੀ ਕਰਦਾ ਹੈ। ਜੋ ਬਾਣੀਂ ਦੇ ਉਲਟ ਚੱਲਦਾ ਹੈ, ਬਾਣੀਂ (ਗੁਰੂ) ਨਾਲੋਂ ਟੁਟਾ ਹੋਇਆ ਹੈ। ਉਸ ਨੂੰ ਸਾਕਤ ਕਹਿੰਦੇ ਹਨ।

ਸੰਤਾ ਸੇਤੀ ਰੰਗੁ ਨ ਲਾਏ॥ ਸਾਕਤ ਸੰਗਿ ਵਿਕਰਮ ਕਮਾਏ॥ ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ॥ ੩॥ (੧੦੫

ਸਾਕਤਾਂ ਦੇ ਸੰਗ ਕਰਨ ਦਾ ਫਲ ਦਸ ਰਹੀ ਹੈ ਗੁਰਬਾਣੀਂ। ਕਿ ਐਸੇ ਸਾਕਤ ਜੋ ਗੁਰਬਾਣੀਂ ਨਾਲੋਂ ਟੁਟ ਚੁੱਕੇ ਹਨ, ਦਾ ਸੰਗ ਕਰਨ ਵਾਲਾ ਮਨੁੱਖ ਵੀ, ਆਪਣੀਂ ਜੜ੍ਹ ਆਪ ਹੀ ਪੁੱਟ ਲੈਂਦਾ ਹੈ, ਇਹ ਦੇਹ ਬੜੀ ਦੁਲੱਭ ਹੈ, ਅਗਿਆਨੀ ਸਾਕਤ ਦੀ ਦੇਹ ਤਾਂ ਭੰਗ ਦੇ ਭਾੜੇ ਜਾਣੀਂ ਹੀ ਹੈ, ਜੋ ਉਸ ਦਾ ਸੰਗ ਕਰੇ ਗਾ, ਉਸ ਦਾ ਮਨੁੱਖਾ ਜੀਵਨ ਵੀ ਬਰਬਾਦ ਹੋ ਜਾਵੇ ਗਾ। ਉਹ ਵੀ ਸਾਕਤ ਬਣ ਜਾਵੇ ਗਾ।

ਬਿਨੁ ਸਿਮਰਨ ਭਏ ਕੂਕਰ ਕਾਮ॥ ਸਾਕਤ ਬੇਸੁਆ ਪੂਤ ਨਿਨਾਮ॥ ੩॥ (੨੩੯

ਸਾਕਤ ਪੁਰਸ਼ ਹਰੀ ਨਾਲੋਂ ਟੁੱਟ ਕੇ, ਅਤੇ ਸਿਮਰਨ ਤੋਂ ਬਿਨਾਂ ਉਹ ਕੁਤਿਆਂ ਵਾਲੇ ਕੰਮ ਕਰਦਾ ਹੈ। ਸਾਕਤ ਪੁਰਸ਼ ਵੇਸਵਾ ਦੇ ਪੁੱਤ ਵਰਗਾ ਹੁੰਦਾ ਹੈ, ਜਿਸ ਦੇ ਪਿਉ ਦਾ ਕੋਈ ਨਾਮ ਨਹੀਂ ਹੁੰਦਾ। ਅਗਲਾ ਸਾਰਾ ਸ਼ਬਦ ਸਾਕਤ ਦੇ ਪ੍ਰਥਾਇ ਹੈ। ਗੁਰੂ ਸਾਹਿਬਾਂ ਨੇਂ, ਗੁਰਬਾਣੀਂ ਇਸ ਵਾਸਤੇ ਲਿਖੀ ਹੈ, ਕਿ ਇਸ ਨੂੰ ਪੜ੍ਹ ਕੇ ਸਾਨੂੰ ਆਪਣੇਂ ਔਗੁਣਾਂ ਦਾ ਪਤਾ ਲੱਗੇ, ਅਤੇ ਅਸੀਂ ਆਪਣੇਂ ਔਗੁਣ ਦੂਰ ਕਰ ਸਕੀਏ। ਹੋਰ ਕਿਸੇ ਨੂੰ ਮੰਦਾ ਕਹਿਣ ਵਾਸਤੇ ਬਾਣੀਂ ਨਹੀਂ ਲਿਖੀ ਹੈ, ਜਾਂ ਕਿਸੇ ਦੀ ਨਿੰਦਾ ਕਰਨ ਵਾਸਤੇ ਬਾਣੀਂ ਨਹੀਂ ਲਿਖੀ ਹੈ।

ਮਹਲਾ ੫॥ ਬਿਨੁ ਸਿਮਰਨ ਜੈਸੇ ਸਰਪ ਆਰਜਾਰੀ॥ ਤਿਉ ਜੀਵਹਿ ਸਾਕਤ ਨਾਮੁ ਬਿਸਾਰੀ॥ ੧॥ ਏਕ ਨਿਮਖ ਜੋ ਸਿਮਰਨ ਮਹਿ ਜੀਆ॥ ਕੋਟਿ ਦਿਨਸ ਲਾਖ ਸਦਾ ਥਿਰੁ ਥੀਆ॥ ੧॥ ਰਹਾਉ॥ ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ॥ ਕਾਗ ਬਤਨ ਬਿਸਟਾ ਮਹਿ ਵਾਸ॥ ੨॥ ਬਿਨੁ ਸਿਮਰਨ ਭਏ ਕੂਕਰ ਕਾਮ॥ ਸਾਕਤ ਬੇਸੁਆ ਪੂਤ ਨਿਨਾਮ॥ ੩॥ ਬਿਨੁ ਸਿਮਰਨ ਜੈਸੇ ਸੀਙ ਛਤਾਰਾ॥ ਬੋਲਹਿ ਕੂਰੁ ਸਾਕਤ ਮੁਖੁ ਕਾਰਾ॥ ੪॥ ਬਿਨੁ ਸਿਮਰਨ ਗਰਧਭ ਕੀ ਨਿਆਈ॥ ਸਾਕਤ ਥਾਨ ਭਰਿਸਟ ਫਿਰਾਹੀ॥ ੫॥ ਬਿਨੁ ਸਿਮਰਨ ਕੂਕਰ ਹਰਕਾਇਆ॥ ਸਾਕਤ ਲੋਭੀ ਬੰਧੁ ਨ ਪਾਇਆ॥ ੬॥ ਬਿਨੁ ਸਿਮਰਨ ਹੈ ਆਤਮ ਘਾਤੀ॥ ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ॥ ੭॥ ਜਿਸੁ ਭਇਆ ਕ੍ਰਿਪਾਲੁ ਤਿਸੁ ਸਤਸੰਗਿ ਮਿਲਾਇਆ॥ ਕਹੁ ਨਾਨਕ ਗੁਰਿ ਜਗਤੁ ਤਰਾਇਆ॥ ੮॥ ੭॥

ਰੋਂਗਟੇ ਖੜੇ ਕਰ ਦੇਣ ਵਾਲੇ ਲੱਛਣ ਲਿਖੇ ਹੋਇ ਹਨ, ਸਾਕਤ ਦੇ ਪਰਥਾਇ ਵਿੱਚ ਸਾਰੀ ਬਾਣੀਂ ਵਿਚ। ਇਸੇ ਵਾਸਤੇ ਕਈ ਬਾਣੀਂ ਨੂੰ ਨਹੀਂ ਮੰਨਦੇ।

ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ॥ ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗ॥ ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ॥ ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ॥ ਸਾਕਤ ਪੁਰਸ਼ ਨਾਲੋਂ ਤਾਂ ਸੂਰ ਨੂੰ ਭਲਾ ਦੱਸ ਰਹੀ ਹੈ ਬੁਰਬਾਣੀਂ ਅੱਗੇ ਬਿਸ਼ਨੂੰ ਬਾਰੇ ਬਾਣੀਂ ਕੀ ਦੱਸਦੀ ਹੈ। ਇਸ ਬਾਰੇ ਸਿਰਫ ਥੋੜੀ ਜਿਹੀ ਜਾਣਕਾਰੀ ਲੈਂਦੇ ਹਾਂ ਬਾਣੀਂ ਵਿਚੋਂ। ਸ੍ਰੀ ਗੁਰੂ ਅਮਰ ਦਾਸ ਜੀ ਮਹਾਂਰਾਜ ਆਪਣੀਂ ਬਾਣੀਂ ਵਿੱਚ ਦੱਸਦੇ ਹਨ।

ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ॥ ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ॥ ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ॥ ੩॥

…ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ॥ ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ॥ ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ॥ ੭॥ (੭੫੪

ਊਪਰ ਵਾਲੀਆਂ ਦੋਵੇਂ ਕੜੀਆਂ ਇਕੋ ਹੀ ਸ਼ਬਦ ਵਿਚੋਂ ਹਨ। ਪਹਿਲੀ ਕੜੀ ਵਿੱਚ ਗੁਰੂ ਜੀ ਦੱਸਦੇ ਹਨ, ਉਹ “ਅਲਖੁ ਹਰੀ ਪ੍ਰਮਾਤਮਾਂ” ਸਾਡੀ ਕਾਇਆ ਦੇ ਵਿੱਚ ਵੱਸਦਾ ਹੈ, ਇਹ ਸੱਚ ਸਾਨੂੰ ਸਤਿਗੁਰੂ ਨੇਂ ਅੱਖਾਂ ਨਾਲ ਦਿਖਾਇਆ ਹੈ। ਪਰ ਮਨਮੁਖ ਇਸ ਗੱਲ ਨੂੰ ਬੁੱਝ ਨਹੀਂ ਸਕਦਾ। ਇਸ ਵਾਸਤੇ ਉਹ ਬਾਣੀਂ ਦੀਆਂ ਅਜੇਹੀਆਂ ਗੱਲਾਂ ਨੂੰ ਨਹੀਂ ਮੰਨ ਸਕਦਾ। ਕਿਉਂ ਕੇ ਮਨਮੁਖ ਆਪਣੇਂ ਮਨ ਦੀ ਗੱਲ ਨੂੰ ਹੀ ਸ੍ਰੇਸ਼ਟ ਮੰਨਦਾ ਹੈ, ਗੁਰਬਾਣੀਂ ਨੂੰ ਨਹੀਂ।

ਦੂਜੀ ਕੜੀ ਵਿੱਚ ਗੁਰੂ ਜੀ ਦੱਸਦੇ ਹਨ, “ਬ੍ਰਹਮਾ ਬਿਸਨੁ ਮਹੇਸ” ਵੀ ਇਸੇ ਹੀ ਕਾਇਆ ਵਿੱਚ ਵਸਦੇ ਹਨ, ਅਤੇ ਇਹ ਸਾਰੀ ਉਤਪਤੀ (ਜੀਵਾਂ ਦੀ ਪੈਦਾਇਸ਼) ਇਹਨਾਂ ਦੇਵਤਿਆਂ ਨੇਂ ਹੀ ਕੀਤੀ ਹੈ। ਇਹ ਵੀ ਸਾਨੂੰ ਪੂਰੇ ਸਤਿਗੁਰੂ ਨੇਂ ਆਪ ਹੀ ਦਿਖਾਇਆ ਹੈ। ਗੁਰੂ ਦੇ ਸੱਚੇ ਨਾਮ ਨੇਂ ਇਹ ਨਿਸਤਾਰਾ ਨਖੇੜਾ ਕੀਤਾ ਹੈ। (ਗੁਰਬਾਣੀਂ ਨੂੰ ਜਿਸਨੇਂ ਮੰਨਣਾਂ ਹੈ ਮੰਨ ਲਵੇ, ਜਿਸ ਨੇਂ ਨਹੀਂ ਮੰਨਣਾ ਨਾਂ ਮੰਨੇ, ਕੋਈ ਜਬਦੱਸਤੀ ਤਾਂ ਹੈ ਨਹੀਂ।)

ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ॥ ੨॥ ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ॥ (੫੫੯

ਤਿੰਨ ਦੇਵਤੇ ਹਨ, ਬ੍ਰਹਮਾਂ, ਮਹਾਂਦੇਉ, ਅਤੇ ਬਿਸਨ (ਕਿਸਨੁ) ਇਹਨਾਂ ਤਿੰਨਾਂ ਵਿਚੋਂ ਵਿਸ਼ਨੂੰ ਸਤੋ ਗੁਣੀਂ ਦੇਵਤਾ ਹੈ। ਵਿਸ਼ਨੂੰ ਹਮੇਸ਼ਾਂ ਅਵਤਾਰ ਧਾਰਨ ਕਰਦਾ ਰਹਿੰਦਾ ਹੈ, ਕਿਉਂ ਕੇ ਸਤੋਗੁਣੀਂ ਹੋਣ ਕਰਕੇ ਉਹ ਹਰ ਵੇਲੇ ਇਹੋ ਹੀ ਸੋਚਦਾ ਰਹਿੰਦਾ ਹੈ, ਕਿ ਕਿਵੇਂ ਸੰਸਾਰ ਨੂੰ ਤਾਰਿਆ ਜਾਵੇ।

ਬ੍ਰਹਮਾਂ ਰਜੋਗੁਣੀਂ ਦੇਵਤਾ ਹੈ, ਅਤੇ ਮਹੇਸ਼ (ਮਹਾਂਦੇਉ) ਤਮੋਗੁਣੀਂ (ਤਾਮਸ) ਦੇਵਤਾ ਹੈ। ਤਿੰਨਾਂ ਦੇਵਤਿਆਂ ਬਾਰੇ ਬਹੁਤ ਵਿਸਤਾਰ ਹੈ ਬਾਣੀਂ ਵਿਚ। ਪਰ ਇਸ ਵਿਸ਼ੇ ਨੂੰ ਅਸੀਂ ਇਥੇ ਹੀ ਸਮਾਪਤ ਕਰਦੇ ਹਾਂ।

ਅਸਲ ਵਿਸ਼ੇ ਵਲ ਆਉਂਦੇ ਹਾਂ।

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ॥ ੩॥ ਹਿੰਦੂ ਮੱਤ ਦੇ ਵਿਸ਼ਵਾਸ ਅਨੂੰਸਾਰ ਜੋ ਆਦਮੀ ਮਰਨ ਵੇਲੇ ਕਾਂਸ਼ੀ ਵਿੱਚ ਸਰੀਰ ਤਿਆਗੇ ਗਾ, ਉਹ ਮੁਕਤ ਹੋ ਜਾਂਦਾ ਹੈ। (ਇਹ ਤਾਂ ਰੱਬ ਜਾਣੇਂ) ਪਰ ਇਸ ਬਾਣੀਂ ਦੀ ਜੋ ਵਿਚਾਰ ਕਰੇ ਗਾ, ਉਹ ਮੁਕਤ ਜਰੂਰ ਹੋ ਜਾਵੇ ਗਾ। ਆਪਾਂ ਵੀ ਬਹੁਤ ਵਿਚਾਰਾਂ ਕੀਤੀਆਂ ਹਨ। ਬ੍ਰਹਮ ਬਾਰੇ ਵੀ ਆਪਾਂ ਬਹੁਤ ਕੁੱਝ ਸੁਣ ਰੱਖਿਆ, ਕੀ ਕਿਸੇ ਨੂੰ ਲੱਗਦਾ ਹੈ ਜਾਂ ਕਿਸੇ ਦਾ ਮਨ ਮੰਨਦਾ ਹੈ, ਕੇ ਆਪਾਂ ਉਹ ਦਰਜਾ ਹਾਸਲ ਕਰ ਲਵਾਂ ਗੇ, ਜਿਸ ਨਾਲ ਕਿ ਬ੍ਰਹੰਮ ਦਾ ਗਿਆਨ ਹੋ ਜਾਵੇ, ਜਿਸ ਨਾਲ ਕਿ ਹਰੀ ਨਾਲ ਮਿਲਾਪ ਹੋ ਜਾਵੇ। ਬ੍ਰਹਮ ਕੀ ਹੈ, ਕੀ ਕੋਈ ਜਾਣਦਾ ਹੈ? ? । ਜੇ ਤਾਂ ਅਸੀਂ ਬ੍ਰਹਮ ਨੂੰ ਜਾਣਦੇ ਹਾਂ, ਫਿਰ ਤਾਂ ਅਸੀਂ ਬ੍ਰਹਮ ਦੀ ਵਿਚਾਰ ਕਰ ਸੱਕਦੇ ਹਾਂ, ਜੇ ਜਾਣਦੇ ਹੀ ਨਹੀਂ, ਤਾਂ ਬ੍ਰਹਮ ਦੀ ਵਿਚਾਰ ਦਾ ਕੀ ਅਰਥ/ਮਤਲਬ ਰਹਿ ਜਾਂਦਾ ਹੈ। ਅਤੇ ਕੀ ਕੋਈ ਬ੍ਰਹਮ ਦੀ ਵਿਚਾਰ ਕਰਨ ਦੀ ਜਰੂਰਤ ਸਮਝਦਾ ਵੀ ਹੈ? ।

ਉਸ ਵਿਚਾਰ ਜਾਂ ਕੋਸ਼ਿਸ਼ ਨੂੰ ਸਹੀ ਮੰਨਿਆਂ ਜਾ ਸਕਦਾ ਹੈ, ਜੋ ਪ੍ਰਮਾਤਮਾਂ ਨਾਲ ਮਿਲਾਪ ਵਾਸਤੇ ਕੀਤੀ ਜਾਵੇ। ਬ੍ਰਹਮ ਨੂੰ ਹਾਸਲ ਕਰਨ ਹਾਸਲ ਕਰਨ ਵਾਸਤੇ ਕੀਤੀ ਜਾਵੇ,

ਮੈਂ ਕਨੈਡਾ ਬਾਰੇ ਸੁਣਿਆ ਹੋਇਆ ਹੈ, ਅਤੇ ਰੋਜ਼ ਸੁਣਦਾ ਵੀ ਹਾਂ, ਰੋਜ਼ ਪੜ੍ਹਦਾ ਵੀ ਹਾਂ, ਮੈਂ ਕਨੈਡਾ ਦੇ ਕੁਨੈਲ ਸ਼ਹਿਰ ਦਾ ਨਾਂ ਵੀ ਜਾਣਦਾ ਹਾਂ। ਉਥੋਂ ਚਲ ਰਹੀ ਇੱਕ ਵੈਬਸਾਈਟ ਤੇ ਵੀ ਰੋਜ਼ ਜਾਂਦਾ ਹਾਂ, ਮੈਂ ਸਰਦਾਰ ਮੱਖਣ ਸਿੰਘ ਜੀ ਨੂੰ ਵੀ ਜਾਣਦਾ ਹਾਂ। ਮੈਂ ਨਿੱਜੀ ਤੌਰ ਤੇ ਵੀ ਸਰਦਾਰ ਮੱਖਣ ਸਿੰਘ ਜੀ ਨਾਲ, ਗੱਲ ਬਾਤ ਵੀ ਕਰ ਸੱਕਦਾ ਹਾਂ। ਜੇ ਚਾਹਵਾਂ ਤਾਂ ਮੈਂ ਨੈਟ ਜਾਂ ਫੋਨ ਤੇ ਉਹਨਾਂ ਨਾਲ ਵੀਡੀਉ ਕਾਲ, ਜਾਂ ਕਾਨਫਰੈਂਸ ਵੀ ਕਰ ਸੱਕਦਾ ਹਾਂ, ਮੈਂ ਉਹਨਾਂ ਬਾਰੇ, ਉਹਨਾਂ ਦੀਆਂ ਕਈ ਬਹੁਤ ਸਾਰੀਆਂ ਗੱਲਾਂ ਦੀ ਆਪਣੇਂ ਦੋਸਤਾਂ ਨਾਲ ਵਿਚਾਰ ਵੀ ਕਰ ਸੱਕਦਾ ਹਾਂ। ਏਨਾਂ ਸੱਭ ਕੁੱਝ ਜਾਨਣ ਦੇ ਬਾਵਜ਼ੂਦ ਵੀ, ਕੀ ਮੈਂ ਕੁਨੈਲ ਜਾ ਸੱਕਦਾ ਹਾਂ, ਕੀ ਮੈਂ ਸਰਦਾਰ ਮੱਖਣ ਸਿੰਘ ਜੀ ਦੇ ਘਰੋਂ ਰੋਟੀ ਖਾ ਸਕਦਾ ਹਾਂ! ਨਹੀਂ। (ਜਦਿ ਕੇ ਇਹ ਕੋਈ ਜਰੂਰੀ ਵੀ ਨਹੀਂ ਕੇ ਮੈਂ ਜਰੂਰ ਹੀ ਕੁਨੈਲ ਜਾਵਾਂ।) ਫਿਰ ਕੀ ਫਾਇਦਾ ਐਸੀ ਜਾਣਕਾਰੀ ਦਾ, ਜਿਸ ਨਾਲ ਕਿ ਮੈਂ ਕੁਨੈਲ ਹੀ ਨਹੀਂ ਜਾ ਸੱਕਦਾ। ਕੁਨੈਲ ਆਪਣੀਂ ਜਗਹਾ ਅਤੇ ਮੈਂ ਆਪਣੇ ਘਰ ਬੈਠਾ ਰਹਾਂ ਗਾ, ਮੇਰੇ ਵਾਸਤੇ ਕੁਨੈਲ ਇੱਕ ਸਪਨਾਂ ਹੈ।

ਦੂਜੇ ਪਾਸੇ ਬ੍ਰਹਮ ਬਾਰੇ ਤਾਂ ਅਸੀਂ ਸਿਰਫ, ਖਾਲੀ ਸੁਣਿਆਂ ਹੀ ਹੈ। ਇਸ ਤੋਂ ਬਿਨਾਂ ਸਾਨੂੰ ਹੋਰ ਕੋਈ ਕਿਸੇ ਵੀ ਕਿਸਮ ਦੀ ਜਾਣਕਾਰੀ ਨਹੀਂ ਹੈ। ਉਥੋਂ ਦੀ ਸਾਨੂੰ ਕੋਈ ਖਬਰ ਨਹੀਂ ਹੈ। ਕਿਸੇ ਨਾਲ ਉਥੇ ਫੋਨ ਤੇ ਗੱਲ ਨਹੀਂ ਕਰ ਸੱਕਦੇ। ਬ੍ਰਹਮ ਵਿਚੋਂ ਆਉਂਦੇ ਜਾਂਦੇ ਕਿਸੇ ਨੂੰ ਅਸੀਂ ਜਾਣਦੇ ਵੀ ਨਹੀਂ ਹਾਂ, ਤਾਂ ਜੋ ਕੋਈ ਸਾਨੂੰ ਉਥੋਂ ਦੀ ਖਬਰ ਲਿਆ ਦੇਵੇ। ਕੌਣ ਸਾਨੂੰ ਉਥੋਂ ਦੀ ਵਿਚਾਰ ਕਰਕੇ ਦੱਸੇ ਗਾ! ! ਕੌਣ ਦੇਵੇ ਗਾ ਸਾਨੂੰ ਬ੍ਰਹਮ ਦੀ ਜਾਣਕਾਰੀ। ਪਰ ਜੇ ਕੋਈ ਝੂਠੀ ਸੱਚੀ ਜਾਣਕਾਰੀ ਬ੍ਰਹਮ ਬਾਰੇ ਰੱਖਦਾ ਵੀ ਹੈ, ਜਾਂ ਬ੍ਰਹਮ ਦੀ ਗੱਲ ਹੀ ਕਰਦਾ ਹੈ, ਤਾਂ ਅਸੀਂ ਉਸ ਦਾ ਕੇਹਾ ਮੌਜ਼ੂ ਬਨਾਉਂਦੇ ਹਾਂ, ਕਿਸੇ ਨੂੰ ਵੀ ਕੋਈ ਭੁੱਲ ਨਹੀਂ ਹੈ। ਅਤੇ ਸਮਝਦੇ ਹਾਂ, ਜਿਵੇਂ ਬ੍ਰਹਮ ਦੀ ਗੱਲ ਕਰ ਕੇ, ਉਸ ਨੇਂ ਗੁਰਮਤਿ ਦੇ ਉਲਟ ਕੋਈ ਕੰਮ ਕੀਤਾ ਹੋਵੇ। ਜੇ ਸਾਨੂੰ ਬ੍ਰਹਮ ਦੇ ਨਾਮ ਤੋਂ ਹੀ ਘਿਣ ਹੈ ਤਾਂ ਅਸੀਂ ਬ੍ਰਹਮ ਦੀ ਵਿਚਾਰ ਕੀ ਕਰਾਂ ਗੇ। ਵੀਰੋ ਇਹ ਬਾਣੀਂ ਤਾਂ ਉਸੇ ਹੀ ਬ੍ਰਹਮ ਦੀ ਵਿਚਾਰ ਹੈ, ਜਿਸ ਬ੍ਰਹਮ ਤੋਂ ਸਾਨੂੰ ਛੂਤ ਲੱਗਦੀ ਹੈ। ਜਾਪਦਾ ਤਾਂ ਇੰਜ ਹੈ, ਜਿਵੇਂ ਅੱਧੀ ਨਾਲੋਂ ਜਿਆਦਾ ਬਾਣੀਂ ਤੋਂ ਸਾਨੂੰ ਛੂਤ ਲੱਗਦੀ ਹੈ।

ਜਿਸ ਤਰਾਂ ਕੁਨੈਲ ਸ਼ਹਿਰ ਜਾਂ ਸਰਦਾਰ ਮੱਖਣ ਸਿੰਘ ਜੀ ਬਾਰੇ ਜਾਣਕਾਰੀ ਹਾਸਲ ਕਰਨ ਦੇ ਤਾਂ ਸਾਡੇ ਪਾਸ ਅਨੇਕਾਂ ਜ਼ਰਿਏ ਹਨ, ਦੱਸੋ ਬ੍ਰਹਮ ਬਾਰੇ ਜਾਣਕਾਰੀ ਹਾਸਲ ਕਰਨ ਵਾਸਤੇ ਸਾਡੇ ਪਾਸ ਕੀ ਜ਼ਰੀਆ ਹੈ? ? ? ? ? । ਜੇ ਕਿਸੇ ਪਾਸ ਕੋਈ ਢੰਗ ਜਾਂ ਤਰੀਕਾ ਹੈ ਤਾਂ, ਦੂਸਰਿਆਂ ਨੂੰ ਵੀ ਦੱਸਣਾਂ ਕੋਈ ਪਾਪ ਨਹੀਂ ਹੈ। ਦੱਸੋ! ਕਿਵੇਂ ਕਰੀਏ ਬ੍ਰਹਮ ਬਿਚਾਰ? ਇਸ ਵਾਸਤੇ ਕੋਈ ਵੀਰ ਇਹ ਦੱਸੋ, ਕਿ ਮੈਂ ਬ੍ਰਹਮ ਦੇ ਦੇਸ ਕਿਵੇਂ ਪਹੁੰਚਾਂ, ਜਾਂ ਬ੍ਰਹਮ ਦੀ ਵਿਚਾਰ ਕਿਵੇਂ ਕਰਾਂ।

ਵੀਰੋ ਮਾਫ ਕਰਨਾਂ, ਦਾਸ ਭੁੱਲ ਗਿਆ, ਕਿ ਦਾਸ ਆਪ ਹੀ ਤਾਂ ਇਹ ਪੰਗਤੀ ਲਿਖ ਚੁਕਾ ਹਾਂ, ਕਿ ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ ਭਾਵ ਗੁਰਬਾਣੀਂ ਹੀ ਤਾਂ ਬ੍ਰਹਮ ਬਿਚਾਰ ਹੈ, ਹੋਰ ਕਿਤੇ ਜਾਣ ਦੀ, ਜਾਂ ਹੋਰ ਕਿਤੇ ਭਾਲਣ ਦੀ ਕੀ ਲੋੜ ਹੈ। ਇਸ ਵਾਸਤੇ ਦਾਸ ਬਾਣੀਂ ਪੜ੍ਹਨ ਲੱਗਾ। ਬਾਣੀਂ ਪੜ੍ਹਦਿਆਂ ਪੜ੍ਹਦਿਆਂ ਦਾਸ ਨੂੰ ਬਾਣੀਂ ਵਿਚੋਂ, ਬ੍ਰਹਮ ਤੱਕ ਜਾਣ ਅਤੇ ਬ੍ਰਹਮ ਨੂੰ ਵੇਖਣ ਦੇ ਰਸਤੇ ਦਾ ਪਤਾ ਲੱਗਾ। ਦਾਸ ਦਾ ਮਨ ਕੀਤਾ ਕੇ ਤੁਹਾਨੂੰ ਸੱਭ ਨੂੰ ਵੀ ਦੱਸ ਦੇਵਾਂ, ਕੇ ਬ੍ਰਹਮ ਨੂੰ ਵੇਖਣ ਅਤੇ ਵਿਚਾਰਨ ਦਾ ਢੰਗ ਕੀ ਹੈ। ਇਸ ਵਾਸਤੇ ਬ੍ਰਹਮ ਦੀ ਵਿਚਾਰ ਵਾਸਤੇ ਜਾਂ ਬ੍ਰਹਮ ਨੂੰ ਦੇਖਣ ਦਾ ਰਾਹ ਦੱਸਦੀਆਂ, ਗੁਰਬਾਣੀਂ ਦੀਆਂ ਕੁੱਝ ਪੰਗਤੀਆਂ ਲਿਖਣ ਲੱਗਾ ਸੀ, ਜਾਂ ਸਮਝੋ ਲਿਖ ਹੀ ਦਿੱਤੀਆਂ ਸਨ, ਪਰ ਲਿਖ ਕੇ ਫਿਰ ਕੱਟ ਦਿੱਤੀਆਂ ਹਨ, ਕਿਉਂ ਕੇ ਇਸ ਵਿੱਚ ਬੰਦਿਆਂ ਦਾ ਵੀ ਕੁੱਝ ਜਿਕਰ ਆਉਂਦਾ ਸੀ। ਰੱਬ ਤੋਂ ਤਾਂ ਦਾਸ ਦਾ ਡਰ ਗੁਰੂ ਨੇਂ ਦੂਰ ਕਰ ਦਿੱਤਾ ਹੈ। ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ॥ ਪਰ ਬੰਦਿਆਂ ਤੋਂ ਤਾਂ ਡਰਨਾਂ ਹੀ ਪੈਂਦਾ ਹੈ। ਇਸ ਵਾਸਤੇ ਬ੍ਰਹਮ ਨੂੰ ਦੇਖਣ ਦਾ ਜੋ ਤਰੀਕਾ ਬਾਣੀਂ ਦੱਸਦੀ ਹੈ, । ਉਹ ਬੀਚਾਰ ਕਰਨ ਤੋਂ ਕੁੱਝ ਡਰ ਜਿਹਾ ਲੱਗਦਾ ਹੈ। ਇਸ ਵਾਸਤੇ ਦਾਸ ਨੇਂ ਬਾਣੀਂ ਦੀਆਂ ਉਹ ਪੰਗਤੀਆਂ ਲਿਖ ਕੇ ਫਿਰ ਕੱਟ ਦਿੱਤੀਆਂ ਹਨ।

ਨਾਲੇ ਦਾਸ ਨੂੰ ਬਚਪਨ ਵਿੱਚ ਸੁਣੀਂ ਇੱਕ ਕਹਾਣੀਂ ਵੀ ਯਾਦ ਆ ਗਈ ਸੀ। ਜਿਸ ਤੋਂ ਸਿਖਿਆ ਲੈ ਕੇ ਵੀ, ਦਾਸ ਨੇਂ ਇਹ ਇਰਾਦਾ ਬਦਲ ਦਿੱਤਾ, ਅਤੇ ਬਾਣੀਂ ਦੀਆਂ ਪੰਗਤੀਆਂ ਲਿਖ ਕੇ, ਫਿਰ ਕੱਟ ਦਿੱਤੀਆਂ ਹਨ। ਕਹਾਣੀਂ ਇਸ ਤਰਾਂ ਹੈ।

ਬਹੁਤ ਪੁਰਾਣੀਂ ਗੱਲ ਹੈ, ਇੱਕ ਵਾਰ ਦੂਰ ਦੁਰਾਡੇ ਕਿਸੇ ਪਿੰਡ ਦਾ ਇੱਕ ਸਿਧਰਾ ਜਿਹਾ ਬੰਦਾ, ਪਹਿਲੀ ਵਾਰ ਸ਼ਹਿਰ ਵਿੱਚ ਆਇਆ, ਪਹਿਲੀ ਵਾਰ ਉਸ ਨੇਂ ਸ਼ਹਿਰ ਦੀ ਸੱਜ-ਧਜ ਵੇਖੀ। ਉਸ ਨੇਂ ਦੇਖਿਆਂ ਇੱਕ ਦੁਕਾਨ ਵਿੱਚ ਹਲਵਾਈ ਦੇ ਸਾਹਮਣੇਂ, ਬਹੁਤ ਸੁਹਣੀਆਂ ਸੁਹਣੀਆਂ ਮਠਿਆਈਆਂ ਦੇ ਥਾਲ ਭਰੇ ਪਏ ਸਨ। ਪਰ ਹਲਵਾਈ ਚੁੱਪ ਚੁਪੀਤਾ ਥਾਲਾਂ ਦੇ ਕੋਲ ਬੈਠਾ ਹੋਇਆ ਸੀ। ਪੇਂਡੂ ਬੰਦੇ ਨੇਂ ਸੋਚਿਆ (ਮਠਿਆਈਆਂ ਦੇਖ ਕੇ ਉਸ ਦੇ ਆਪਣੇਂ ਮੂੰਹ ਵਿੱਚ ਵੀ ਪਾਣੀਂ ਭਰ ਆਇਆ ਸੀ) ਕਿ ਇਸ ਲਾਲੇ ਦੇ ਅੱਗੇ ਮਠਿਆਈ ਦੇ ਥਾਲ ਭਰੇ ਪਏ ਹਨ, ਇਹ ਖਾਂਦਾ ਕਿਉਂ ਨਹੀਂ! ਫਿਰ ਉਸ ਨੇਂ ਸੋਚਿਆ ਸ਼ਾਇਦ ਲਾਲਾ ਅੰਨ੍ਹਾਂ ਹੋਵੇ! ਇਹ ਸੋਚ ਕੇ ਉਸ ਪੇਂਡੂ ਬੰਦੇ ਨੇਂ ਆਪਣੀਆਂ ਦੋ ਉਂਗਲਾਂ ਉਸ ਲਾਲੇ ਦੇ ਚਿਹਰੇ ਕੋਲ ਲਿਜਾ ਅੱਖਾਂ ਚੁੰਭਲਾਉਣ ਵਾਂਗ ਹਰਕਤ ਜਿਹੀ ਕਰਨ ਲੱਗਾ। ਲਾਲਾ ਇੱਕ ਦਮ ਗੁਸੇ ਨਾਲ ਕਹਿਣ ਲੱਗਾ, ਵੇਖ ਵੇਖ ਉਏ ਭਾਈ ਕਿਤੇ ਅੱਖਾਂ ਵਿੱਚ ਉਂਗਲ ਮਾਰੇਂ ਗਾ। ਤਾਂ ਉਹ ਪੇਂਡੂ ਬੰਦਾ ਹੈਰਾਨ ਹੋਕੇ ਕਹਿਣ ਲੱਗਾ, ਲਾਲਾ ਜੀ ਕੀ ਤੈਨੂੰ ਦਿੱਸਦਾ ਹੈ! । ਤਾਂ ਲਾਲਾ ਕਹਿਣ ਲੱਗਾ, “ਹੋਰ ਮੈਂ ਤੈਨੂੰ ਅੰਨ੍ਹਾਂ ਲੱਗਦਾ ਹਾਂ”। ਤਾਂ ਪੇਂਡੂ ਕਹਿਣ ਲੱਗਾ, “ਜੇ ਤੈਨੂੰ ਦਿੱਸਦਾ ਹੈ, ਤਾਂ ਤੇਰੇ ਅੱਗੇ ਤਾਂ ਮਠਿਆਈ ਦੇ ਥਾਲ ਭਰੇ ਪਏ ਹਨ ਖਾਂਦਾ ਕਿਉਂ ਨਹੀਂ” ? ।

ਤਾਂ ਲਾਲਾ ਕਹਿਣ ਲੱਗਾ, “ਵਾਹ ਉਏ ਭੋਲਿਆ ਪੰਛੀਆ, ਜੇ ਮੈਂ ਇਹ ਮਠਿਆਈ ਆਪ ਖਾਣ ਲੱਗਾ, ਫਿਰ ਤਾਂ ਅਸੀਂ ਲੁੱਟੇ ਜਾਵਾਂ ਗੇ, ਇਹ ਤਾਂ ਵੇਚਣ ਵਾਸਤੇ ਹੈ”

ਉਸ ਪੇਂਡੂ ਬੰਦੇ ਵਾਂਗ ਬਹੁਤ ਦੇਰ ਪਹਿਲੇ, ਇੱਕ ਵਾਰ ਮੈਂ ਵੀ ਅਗੇ ਧੋਖਾ ਖਾ ਚੁੱਕਾ ਹਾਂ। ਇਹ ਉਸ ਵੇਲੇ ਦੀ ਗੱਲ ਹੈ, ਜਦ ਸਿੱਖ ਮਾਰਗ ਤੇ ਮੈਂ ਆਪਣਾਂ ਸੱਭ ਤੋਂ ਪਹਿਲਾ ਪੱਤਰ ਲਿਖਿਆ ਸੀ। (ਬਹੁਤ ਵੀਰਾਂ ਨੂੰ ਪਤਾ ਹੈ) ਉਸ ਪੱਤਰ ਬਹੁਤ ਹੀ ਲੰਬਾ ਸੀ,

ਜਦ ਮੈਂ ਬਾਣੀਂ ਪੜ੍ਹੀ, ਬਾਣੀਂ ਦੀ ਵਿਚਾਰ ਕੀਤੀ, ਅਤੇ ਬਾਣੀਂ ਵਿਚੋਂ ਜੋ ਸਿਖਿਆ ਹਾਸਲ ਕੀਤੀ, ਜੋ ਗਿਆਨ ਮਿਲਿਆ, ਉਸ ਨਾਲ ਮੇਰਾ ਤਨ ਮਨ ਖਿਲ ਉਠਿਆ। ਮੇਰੇ ਮਨ ਵਿੱਚ ਖਿਆਲ ਆਇਆ, ਕੇ ਗੁਰਬਾਣੀਂ ਵਿਚੋਂ ਜੋ ਗਿਆਨ ਮੈਨੂੰ ਮਿਲਿਆ ਹੈ, ਸੱਭ ਨਾਲ ਸਾਂਝਾ ਕਰਾਂ, ਸੱਭ ਨੂੰ ਦੱਸਾਂ ਤਾਂ ਜੋ ਸੱਭ ਨੂੰ ਗਿਆਨ ਹਾਸਲ ਹੋ ਜਾਵੇ। ਮੈਨੂੰ ਲੱਗਿਆ ਸੀ, ਕਿ ਸਾਡੇ ਸਿੱਖ ਭਰਾਵਾਂ ਨੂੰ, ਸ਼ਾਇਦ ਬਾਣੀ ਦੀ ਸਮਝ ਹੀ ਨਹੀਂ ਹੈ, (ਬਾਣੀਂ ਦਿੱਸਦੀ ਹੀ ਨਹੀਂ ਹੈ।) (ਅਤੇ ਇਸੇ ਵਾਸਤੇ ਹੀ ਉਹ ਬਾਣੀਂ ਤੋਂ ਭੁੱਲ ਕੇ ਝਗੜਿਆਂ ਵਿੱਚ ਪਏ ਹੋਇ ਹਨ) ਜਿਵੇਂ ਕੇ ਉਸ ਪੇਂਡੂ ਨੂੰ ਭੁਲੇਖਾ ਪੈ ਗਿਆ ਸੀ, ਕਿ ਸ਼ਾਇਦ ਲਾਲਾ ਅੰਨ੍ਹਾਂ ਹੈ। ਇਸ ਵਾਸਤੇ ਮਠਿਆਈ ਨਹੀਂ ਖਾਂਦਾ

ਇਸ ਵਾਸਤੇ ਮੈਂ ਬਾਣੀਂ ਦੇ ਆਪਣੇਂ ਸਾਰੇ ਤਜ਼ੁਰਬੇ ਨੂੰ ਇੱਕ ਬਹੁਤ ਹੀ ਵੱਡੇ ਪੱਤਰ ਦੇ ਰੂਪ ਵਿੱਚ ਆਪਣੇਂ ਵੀਰਾਂ ਦੇ ਸਾਹਮਣੇਂ ਪੇਸ਼ ਕੀਤਾ। ਪਰ ਮੇਰੇ ਵੀਰਾਂ ਨੇਂ ਕਿਹਾ, “ਅਸੀਂ ਅੰਨ੍ਹੇਂ ਨਹੀਂ ਹਾਂ, ਬਾਣੀਂ ਸਾਨੂੰ ਵੀ ਦਿੱਸਦੀ ਹੈ” ਅਤੇ ਮੇਰੀ ਉਸ ਗਲਤੀ ਦਾ ਫਲ ਮੈਨੂੰ ਕੁੱਝ ਇਸ ਤਰਾਂ ਭੁਗਤਨਾਂ ਪਿਆ ਸੀ, ਕੇ ਬਹੁਤ ਹੀ ਮਾਫੀਆਂ ਵੀ ਮੰਗਨੀਆਂ ਪਈਆਂ, ਤੇ ਖੁਸ਼ਾਮਦਾਂ ਵੀ ਕਰਨੀਆਂ ਪਈਆਂ ਸਨ।

ਹੋਲੀ ਹੌਲੀ ਮੈਨੂੰ ਇਹ ਸ਼ੱਕ ਹੋਇਆ, ਜਾਂ ਪਤਾ ਲੱਗਾ, ਕੇ ਮੇਰੇ ਵੀਰ ਬਾਣੀਂ ਨੂੰ ਤਾਂ ਸਮਝਦੇ ਹਨ, (ਜੋ ਮੈਂ ਸਮਝਾਇਆ ਸੀ ਉਹ ਵੀ ਸਮਝਦੇ ਹਨ) ਪਰ ਉਹ ਇਹ ਵੀ ਜਾਣਦੇ ਹਨ, ਜਾਂ ਉਹਨਾਂ ਨੂੰ ਇਹ ਵੀ ਡਰ ਹੈ। ਕੇ ਜੇ ਅਸੀਂ ਬਾਣੀਂ ਨੂੰ ਮੰਨ ਲਿਆ, (ਮਠਿਆਈ ਨੂੰ ਖਾਦਾ) ਤਾਂ ਅਸੀਂ ਵੀ ਲੁਟੇ ਜਾਵਾਂ ਗੇ। ਇਸ ਵੇਲੇ ਜੋ ਸਾਡੀ ਹੈਸੀਅਤ ਹੈ, ਫਿਰ ਕੌਡੀ ਦੀ ਵੀ ਨਹੀਂ ਰਹਿਣੀਂ। ਅਤੇ ਉਸ ਲਾਲੇ ਵਾਂਗ, ਆਪਣੇਂ ਹੱਥੀ ਹੀ ਅਪਣਾਂ ਘਰ ਉਜੜਣ ਤੋਂ ਵੀ ਡਰਦੇ ਹਨ। ਗੁਰਬਾਣੀਂ ਵੇਚਨ ਦਾ ਧੰਦਾ ਵੀ ਮਠਿਆਈ ਵੇਚਣ ਵਾਂਗ ਹੀ ਬਣ ਚੁੱਕਾ ਹੈ।

ਸਾਡੇ ਸਾਹਮਣੇਂ ਹੀਰੇ ਜਵਾਹਰਾਤਾਂ ਦਾ (ਗੁਰਬਾਣੀ) ਥਾਲ ਭਰਿਆ ਪਿਆ ਹੈ। ਪਰ ਸਾਡਾ ਇਕੋ ਹੀ ਮਕਸਦ ਹੈ, ਕਿ ਇਹ ਹੀਰੇ ਲਾਲ ਜਵਾਹਰ ਨੂੰ ਵੇਚ ਕੇ, ਸਿਰਫ ਧੰਨ ਦੌਲਤ ਅਤੇ ਸ਼ੋਹਰਤ ਹੀ ਕਮਾਉਣੀਂ ਹੈ। ਇਹਨਾਂ ਲਾਲਾਂ ਮੋਤੀਆਂ ਨੂੰ ਆਪਣੇਂ ਗਲ ਦਾ ਹਾਰ ਨਹੀਂ ਬਨਾਉਣਾਂ ਹੈ।

ਇਸ ਵਾਸਤੇ ਇਹ ਸਵਾਲ ਪ੍ਰਚਾਰਕਾਂ ਤੇ ਹੀ ਛੱਡ ਦੇਂਦੇ ਹਾਂ, ਕੇ ਦੱਸੋ ਬ੍ਰਹਮ ਦੀ ਵਿਚਾਰ ਕਿਵੇਂ ਕਰਨੀਂ ਹੈ, ਜਾਂ ਬ੍ਰਹਮ ਨੂੰ ਕਿਵੇਂ ਦੇਖਣਾਂ ਹੈ। ਵੈਸੇ ਵੀ ਇਹ ਦੱਸਣਾਂ, ਜਾਂ ਬ੍ਰਹਮ ਬਾਰੇ ਜਾਨਕਾਰੀ ਦੇਣਾਂ, ਇਹ ਪ੍ਰਚਾਰਕਾਂ ਦਾ ਕੰਮ ਹੈ।

ਜੇ ਕੋਈ ਪ੍ਰਚਾਰਕ ਸੱਜਨ, ਸੱਚਮੁਚ ਬ੍ਰਹਮ ਦੀ ਬਿਚਾਰ ਕਰਨੀਂ ਚਾਹੇ ਜਾਂ ਬ੍ਰਹਮ ਨੂੰ ਵੇਖਣਾਂ ਚਾਹੇ ਤਾਂ। ਤਾਂ ਉਸ ਨੂੰ ਬਨਤੀ ਹੈ “ਮਾਰੂ ਸੋਹਿਲੇ” ਵਾਲੀ ਬਾਣੀਂ ਵਿਚਾਰ ਵਾਸਤੇ ਲੈ ਸਕਦਾ ਹੈ। ਮਾਰੂ ਸੋਲਹੇ ਮਹਲਾ ੧ ਸਾਚਾ ਸਚੁ ਸੋਈ ਅਵਰੁ ਨ ਕੋਈ॥ ਜਿਨਿ ਸਿਰਜੀ ਤਿਨ ਹੀ ਫੁਨਿ ਗੋਈ॥ ੧੦੨੦ ਤੋਂ ਛੁਰੂ ਕਰ ਕੇ ਅਤੇ ਖਾਸ ਕਰ ਧੁਧੂਕਾਰੇ ਅਤੇ ਸੁੰਨ ਕਲਾ ਵਾਲੇ ਸਾਰੇ ਸ਼ਬਦ ਲੈ ਸੱਕਦਾ ਹੈ। ਵੀਰੋ ਮੇਰਾ ਮੰਨਣਾਂ ਹੈ, ਕਿ ਐਸੇ ਸ਼ਬਦਾਂ ਦੇ ਅਰਥ ਸਿਰਫ ਉਹੀ ਦੱਸ ਸੱਕਦਾ ਹੈ, ਜਿਸ ਨੇਂ, ਸੁੰਨ ਦੇਖੀ ਹੋਵੇ ਗੀ, ਬਾਕੀ ਸੱਭ ਹਨ੍ਹੇਰੇ ਵਿੱਚ ਤੀਰ ਮਾਰਨ ਵਾਲੇ ਅਤੇ ਲੜਾਈ ਝਗੜੇ ਦੇ ਮੁੱਢ ਹੁੰਦੇ ਹਨ। ਸ਼ਾਇਦ ਤੁਸੀਂ ਵੀ ਮੇਰੀ ਇਸ ਗੱਲ ਨਾਲ ਸਹਿਮਤ ਹੋਵੋ ਗੇ, ਕਿ ਵੈਸੇ ਤਾਂ ਸਾਰੀ ਅੱਖਰ ਅੱਖਰ ਬਾਣੀਂ ਤੇ ਵੀ ਇਹੀ ਸ਼ਰਤ ਲਾਗੂ ਹੁੰਦੀ ਹੈ। ਕਿ ਜਿਥੋਂ ਦੀ ਬਾਣੀਂ ਹੈ, ਉਥੇ ਜਾਣ ਤੋਂ ਬਿਨਾਂ, ਭਾਵ ਉਥੇ ਜਾਕੇ ਆਪਣੀਆਂ ਅੱਖਾਂ ਨਾਲ ਵੇਖੇ ਤੋਂ ਬਿਨਾਂ, ਨਾਂ ਤਾਂ ਸਚਾਈ ਦਾ ਹੀ ਪਤਾ ਲੱਗਦਾ ਹੈ, ਅਤੇ ਨਾਂ ਹੀ ਬਾਣੀਂ ਦੇ ਅਰਥਾਂ ਦਾ।

ਮਾਰੂ ਮਹਲਾ ੧॥ ਆਦਿ ਜੁਗਾਦੀ ਅਪਰ ਅਪਾਰੇ॥ ਆਦਿ ਨਿਰੰਜਨ ਖਸਮ ਹਮਾਰੇ॥ ਸਾਚੇ ਜੋਗ ਜੁਗਤਿ ਵੀਚਾਰੀ ਸਾਚੇ ਤਾੜੀ ਲਾਈ ਹੇ॥ ੧॥ ਕੇਤੜਿਆ ਜੁਗ ਧੁੰਧੂਕਾਰੈ॥ …ਸਤ ਸੰਤੋਖੀ ਸਤਿਗੁਰੁ ਪੂਰਾ॥ ਗੁਰ ਕਾ ਸਬਦੁ ਮਨੇ ਸੋ ਸੂਰਾ॥ ਗੁਰੂ ਦਾ ਸ਼ਬਦ ਕੋਈ ਸੂਰਮਾਂ ਹੀ ਮੰਨ ਸੱਕਦਾ ਹੈ। (ਕੀ ਗੁਰੂ ਨਾਨਕ ਜੀ ਦਾ ਇਹ ਬਚਨ ਝੂਠ ਹੈ)

ਮਾਰੂ ਮਹਲਾ ੧॥ ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥ ੧॥ ਪਉਣੁ ਪਾਣੀ ਸੁੰਨੈ ਤੇ ਸਾਜੇ॥ ਸ੍ਰਿਸਟਿ ਉਪਾਇ ਕਾਇਆ ਗੜ ਰਾਜੇ॥ ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ॥ ੨॥ ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ॥ ਸੁੰਨੇ ਵਰਤੇ ਜੁਗ ਸਬਾਏ॥ ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ॥ ੩॥ ੧੦੩੭

ਸੱਭ ਕੁੱਝ ਸੁੰਨ ਵਿਚੋਂ ਪੈਦਾ ਹੋਇਆ ਹੈ, ਇਹ ਜੋ “ਬ੍ਰਹਮਾਂ ਬਿਸ਼ਨੂੰ ਅਤੇ ਮਹੇਸ਼” ਹਨ, ਇਹ ਵੀ ਸੁੰਨ ਤੋਂ ਹੀ ਪੈਦਾ ਹੋਇ ਹਨ। ਪਰ ਕਿਵੇਂ? ? । ਕਿਵੇਂ ਪੈਦਾ ਹੋਇ ਹਨ, ਇਹ ਤਾਂ ਉਥੇ ਸੁੰਨ ਵਿੱਚ ਜਾ ਕੇ ਹੀ ਪਤਾ ਲੱਗੇ ਗਾ। (ਪੜ੍ਹ ਤਾਂ ਲਿਆ ਹੀ ਹੈ) ਪਰ ਅੱਜ ਤੱਕ ਅਸੀਂ ਇਸ ਤੱਥ ਨੂੰ ਸਵੀਕਾਰ ਨਹੀਂ ਕੀਤਾ। ਕਿਉਂ? ਕਿਉ? । ਕਿਉਂ ਕੇ ਕਹਾਵਤ ਹੈ “ਜਬ ਲੱਗ ਨਾਂ ਦੇਖੂਂ ਆਪਣੀਂ ਨੈਨੀਂ ਤਬਲੱਗ ਨਾਂ ਮਾਨੂੰ ਗੁਰ ਕੀ ਕਹਿਨੀਂ” ਅਨੂਸਾਰ ਅਸੀਂ ਆਪਣੀਆਂ ਅੱਖਾਂ ਨਾਲ ਅਜੇ ਤੱਕ ਕੁੱਝ ਨਹੀਂ ਦੇਖਿਆ। ਇਸ ਵਾਸਤੇ ਬ੍ਰਹਮ ਦੀ ਵਿਚਾਰ (ਸੱਚ ਕੀ ਹੈ) ਕਰਨ ਵਾਸਤੇ ਬ੍ਰਹਮ ਦੇ ਦੇਸ ਜਾਣਾਂ ਪਵੇ ਗਾ। ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ॥ ਸੁੰਨੇ ਵਰਤੇ ਜੁਗ ਸਬਾਏ॥ ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ॥ ੩॥ ਬਾਣੀਂ ਦੱਸਦੀ ਹੈ, ਜਿਹੜਾ ਇਸ ਪਦ (ਸਥਾਨ) ਦੀ ਵਿਚਾਰ ਕਰੇ ਗਾ, ਉਹ ਪੂਰਾ ਜਨ ਹੈ। ਉਸ ਨਾਲ ਮਿਲ ਕੇ ਸਾਰੇ ਭਰਮੁ ਦੂਰ ਹੋ ਜਾਂਦੇ ਹਨ।

ਇਸ ਸ਼ਬਦ ਨੂੰ ਵਿਚਾਰਨ ਤੇ ਬਹੁਤ ਜੋਰ ਦੇ ਰਹੇ ਹਨ, ਗੁਰੂ ਨਾਨਕ ਦੇਵ ਜੀ। ਇਸੇ ਸ਼ਬਦ ਦੀ ਅਗਲੀ ਕੜੀ ਵਿੱਚ ਕਹਿੰਦੇ ਹਨ ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ॥ ਕਿੰਨੀਂ ਹੈਰਾਨੀਂ ਦੀ ਗੱਲ ਹੈ, ਕਿ ਸਵਾਲ ਤੇ ਸਵਾਲ, ਸਵਾਲ ਤੇ ਸਵਾਲ ਕਰੀ ਜਾਂਦੇ ਹਨ ਗੁਰੂ ਜੀ, ਨਿਰੀਆਂ ਬੁਝਾਰਤਾਂ ਹੀ ਬੁਝਾਰਤਾਂ ਪਾਈ ਜਾਂਦੇ ਹਨ, ਗੁਰੂ ਜੀ, ਭੇਦ ਕਿਉਂ ਨਹੀਂ ਦੱਸਦੇ ਗੁਰੂ ਜੀ।

ਗੁਰਮੁਖਿ ਸਮਝੈ ਰੋਗੁ ਨ ਹੋਈ॥ ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ॥ ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ॥

ਅਗਲੀ ਪੰਗਤੀ ਵਿੱਚ ਵੀ ਫਿਰ ਸਵਾਲ ਕਰਦੇ ਹਨ ਗੁਰੂ ਜੀ, ਕਿ ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ। ਗੁਰੂ ਜੀ ਗਿਆਨੀਆਂ ਨੂੰ ਨਬੇੜਾ ਕਰਨ ਵਾਸਤੇ ਕਹਿੰਦੇ ਹਨ। ਖੁਦ ਕਿਉਂ ਨਹੀਂ ਕਰ ਦੇਂਦੇ ਨਬੇੜਾ, ਕਿਉਂ ਕਿਉਂ ਕਿਉਂ? ? ? ? । ਸੋ ਗਿਆਨੀ ਵੀਰੋ, ਗੁਰੂ ਨਾਨਕ ਜੀ ਦੇ ਸਵਾਲ ਦਾ ਵੀ ਉੱਤਰ ਦੇਵੋ, ਅਤੇ ਮੇਰੀ ਜਗਿਆਸਾ ਦਾ ਵੀ ਹੱਲ ਕਰੋ, ਕਿ ਗੁਰੂ ਨਾਨਕ ਜੀ ਇਸ ਸਵਾਲ ਦਾ ਨਿਖੇੜਾ, ਕਰਨ ਵਾਸਤੇ ਗਿਆਨੀਆਂ ਨੂੰ ਕਿਉਂ ਕਹਿੰਦੇ ਹਨ, ਖੁਦ ਹੀ ਕਿਉਂ ਨਹੀਂ ਕਰ ਦਿੱਤਾ ਨਿਖੇੜਾ ਉਹਨਾਂ ਨੇਂ।

ਇਸੁ ਮਨ ਮਾਇਆ ਕਉ ਨੇਹੁ ਘਨੇਰਾ॥ ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ॥ ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ॥ ੧੬॥

ਗੀਤਾਂ ਦਾ ਸਮਾਜ ਅਤੇ ਕੌਮ ਤੇ ਅਸਰ:- ਇੱਕ ਤਰਾਂ ਇਸ ਲੇਖ ਦਾ ਮੁੱਖ ਵਿਸ਼ਾ ਹੈ ਗੀਤ। ਇੱਕ ਸਮਾਂ ਸੀ, ਸੁਰਿੰਦਰ ਕੌਰ, ਅਤੇ ਪ੍ਰਕਾਸ਼ ਕੌਰ ਦੇ ਗੀਤਾਂ ਦੇ ਦੌਰ ਦਾ। ਰੇਡੀਉ ਜਲੰਧਰ ਤੋਂ ਸਿਰਫ ਬਹੁਤ ਹੀ ਉੱਚ ਦਰਜੇ ਦੇ ਸਾਫ ਸੁਥਰੇ ਸਹਿਤਕ ਗੀਤ ਹੀ ਪੇਸ਼ ਕੀਤੇ ਜਾਂਦੇ ਸਨ। ਜੋ ਰਿਕਾਰਡ (ਤਵੇ) ਵਿਆਹਾਂ ਸ਼ਾਦੀਆਂ ਵਿੱਚ ਲਾਉਡ ਸਪੀਕਰਾਂ ਤੇ ਵੱਜਦੇ ਸਨ। ਉਹ ਰੇਡੀਉ ਤੇ ਨਹੀ ਵੱਜਦੇ ਸਨ। ਤਵਿਆਂ ਵਾਲੇ ਲਾਉਡ ਸਪੀਕਰਾਂ ਵਾਲੇ ਗੀਤਾਂ ਅਤੇ ਰੇਡੀਉ ਤੇ ਵੱਜਨ ਵਾਲੇ ਗੀਤਾਂ ਵਿੱਚ ਜਿਮੀਂ ਆਸਮਾਨ ਦਾ ਫਰਕ ਸੀ।

ਅੱਜ ਕੱਲ ਗੀਤਾਂ ਵਿੱਚ ਹਰ ਜਗਹਾ, ਜਿਸ ਤਰਾਂ ਇਸਤਰੀ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਵੇਖ ਕੇ ਸ਼ੈਤਾਨ ਵੀ ਸ਼ਰਮਿੰਦਾ ਹਨ।

ਨੌਂ ਜਵਾਨਾਂ ਦੇ ਕਰੋਧ ਨੂੰ ਭੜਕਾਉਣ ਵਾਸਤੇ, ਹਥਿਆਰਾਂ ਦੇ ਗੀਤ, ਪਸਤੌਲਾਂ ਅਤੇ ਰਫਲਾਂ ਦੇ ਗੀਤ, ਲੁੱਟਾਂ ਖੋਹਾਂ ਅਤੇ ਕਬਜਿਆਂ ਦੇ ਗੀਤ, ਗੱਡੀਆਂ ਅਤੇ ਕਾਰਾਂ ਦੇ ਗੀਤ, ਬਦਲੇ ਅਤੇ ਲੜਾਈਆਂ ਦੇ ਗੀਤ, ਪੁੱਤ ਸਰਦਾਰਾਂ ਦੇ ਹੰਕਾਰਾਂ ਦੇ ਗੀਤ, ਪੁਤ ਜੱਟਾਂ ਦੇ ਗੀਤ, ਸਕੂਲਾਂ ਅਤੇ ਕਾਲਜਾਂ ਦੀਆਂ ਕੁੜੀਆਂ ਦੀ ਆਸ਼ਕੀ ਦੇ ਗੀਤ। ਅਤੇ ਹੋਰ ਵੀ ਸਾਡੇ ਸਭਿਆਚਾਰ ਨੂੰ ਕਲੰਕਿਤ ਕਰਨ ਵਾਲੇ ਪੰਜਾਬੀ ਗੀਤ।

ਇਹਨਾਂ ਗੀਤਾਂ ਦਾ ਸਮਾਜ ਤੇ, ਅਤੇ ਖਾਸ ਕਰਕੇ ਜਵਾਨ ਪੀੜ੍ਹੀ ਤੇ ਅਸਰ ਆਮ ਹੀ ਵੇਖਣ ਨੂੰ ਮਿਲਦਾ ਹੈ। ਇੱਕ ਬੜਾ ਮਸ਼ਹੂਰ ਗਾਣਾਂ ਹੈ, “ਵਿਚ ਪਜੈਰੋ ਦੇ ਰੱਖ ਲਈ ਦੇਸੀ ਗੰਨ” ਪਜੈਰੋ ਦੇ ਨੰਬਰ “ਟ੍ਰਿਪਲ ਜ਼ੀਰੋ ਵੱਨ” ੦੦੦੧ ਦੇ ਨੰਬਰ ਨਾਲ ਵੱਧ ਤੋਂ ਵਧ ਮੇਲ ਖਾਂਦੇ, ਕਾਰਾਂ, ਮੋਟਰ ਸਾਈਕਲਾਂ, ਅਤੇ ਮੋਬਾਈਲਾਂ ਦੇ ਨੰਬਰ, ਫੁਕਰੇ ਜਵਾਨ ਬੜੀ ਵੱਡੀ ਬਲੈਕ ਮਨੀ ਦੇ ਕੇ ਖਰੀਦਦੇ ਹਨ। ਸਿਰਫ ਮੋਬਾਈਲ ਦੇ ਨੰਬਰ ਹੀ ਪੰਜਾਹ ਪੰਜਾਹ ਹਜ਼ਾਰ ਤੱਕ ਜਾਂ ਇਸ ਤੋਂ ਵੀ ਵੱਧ ਮੁੱਲ ਵਿੱਚ ਵਿਕਦੇ ਹਨ। ਜਿਹੜੀ ਗੱਡੀ ਦਾ ਨਾਂ ਗੀਤਾਂ ਵਿੱਚ ਆ ਜਾਵੇ ਉਸ ਗੱਡੀ ਦੀ ਸੇਲ ਵਧ ਜਾਂਦੀ ਹੈ, ਉਹ ਗੱਡੀ ਭਾਵੇਂ ਨਿਕੰਮੀ ਹੀ ਕਿਉਂ ਨਾਂ ਹੋਵੇ।

ਇਹ ਤਾਂ ਸੀ ਪੰਜਾਬੀ ਸਭਿਆਚਾਰ ਦੇ ਗੀਤਾਂ ਦੀ ਗੱਲ। ਪਰ ਗੱਲ ਚੱਲ ਰਹੀ ਸੀ ਗੁਰਬਾਣੀਂ ਦੇ ਗੀਤ ਦੀ।

ਸੁਰਿੰਦਰ ਕੌਰ, ਅਤੇ ਪ੍ਰਕਾਸ਼ ਕੌਰ ਦੇ ਸਮ ਕਾਲੀ ਸਮੇਂ ਤੋਂ ਲੈਕੇ, ਅੱਜ ਤੱਕ ਗੁਰਮਤਿ ਦੀ ਮਰਿਯਾਦਾ ਵਿੱਚ ਵੀ ਬਹੁਤ ਤਰੱਕੀ ਹੋ ਚੁਕੀ ਹੈ। ਸਾਡੇ ਪਿੰਡ ਦੇ ਨਜ਼ਦੀਕ ਇੱਕ ਇਤਿਹਾਸਕ ਗੁਰਦਵਾਰਾ ਹੈ। ਹਰ ਮੱਸਿਆ ਤੇ ਭਾਰੀ ਦੀਵਾਨ ਲੱਗਦਾ ਹੈ। ਪੰਜਾਹ ਕੂ ਸਾਲ ਪਹਿਲੇ ਦੀ ਗੱਲ ਹੈ। ਇਸ ਗੁਰਦਵਾਰੇ ਦੀ ਸਟੇਜ ਤੋਂ, ਮੈਂ ਗੁਰਬਚਨ ਸਿੰਘ “ਢੇਰੂ” ਵਲੋਂ ਪੇਸ਼ ਕੀਤੀ ਦ੍ਰੋਪਦੀ ਦੀ ਕਥਾ ਆਪਣੀਂ ਕੰਨੀ ਸੁਣੀਂ ਸੀ, ਉਸਨੇਂ ਕਵਾਲੀ ਦੀ ਤਰਜ ਤੇ ਇੱਕ ਗੀਤ ਗਾਇਆ ਸੀ, “ਮੇਰੇ ਵਾਸਤੇ ਸਾਰਾ ਦਰਬਾਰ ਅੰਨ੍ਹਾਂ ੧. ੨. ਇਹਨਾਂ ਅੰਨ੍ਹਿਆਂ ਹਥੋਂ ਬਚਾਉਣ ਵਾਲਾ, ਨਹੀਂ ਮੇਰਾ ਕ੍ਰਿਸ਼ਨ ਮੁਰਾਰ ਅੰਨ੍ਹਾਂ” ਉਹਨਾਂ ਦਿਨਾਂ ਵਿੱਚ ਅੱਜ ਵਰਗੀ ਚੱਕ ਲਉ ਚੱਕ ਲਉ ਨਹੀਂ ਸੀ। ਕਿ ਕ੍ਰਿਸ਼ਨ ਦਾ ਨਾਂ ਲੈਣ ਵਾਲਿਆਂ ਨੂੰ ਪੰਥ ਵਿਚੋਂ ਛੇਕ ਦਿਉ। ਅੱਜ ਦੇ ਮਕਾਬਲੇ ਉਹਨੀਂ ਦਿਨੀਂ ਹਲੇਮੀ ਰਾਜ ਸੀ।

ਪਰ ਪੰਜਾਬੀ ਗੀਤਾਂ ਦੇ ਸਭਿਆਚਾਰ ਵਾਗੂੰ, ਗੁਰਬਾਣੀਂ ਨੂੰ ਮਹਿਜ਼ ਇੱਕ ਗੀਤ ਸਮਝਣ ਵਾਲੇ ਗੁਰਮਤਿ ਦੇ ਲਿਖਾਰੀਆਂ ਅਤੇ ਪ੍ਰਚਾਰਕਾਂ ਨੇਂ, ਵੀ ਬਹੁਤ ਤਰੱਕੀ ਕਰ ਲਈ ਹੈ। ਇਸ ਤਰੱਕੀ ਦਾ ਵੀ ਜਿਆਦਾ ਤਰ ਅਸਰ, ਤਰੁਨ ਅਵਸਥਾ ਵਾਲੇ ਅਬੋਧ ਨਵ ਜਵਾਨਾਂ ਤੇ ਹੀ ਹੁੰਦਾ ਹੈ। ਅਤੇ ਉਹਨਾਂ ਦੇ ਕੋਰੇ ਮਨਾਂ ਉਤੇ ਇੱਕ ਅਮਿੱਟ ਸ਼ਾਪ ਲੱਗ ਜਾਂਦੀ ਹੈ, ਐਸੀ ਮੱਤ ਦੀ। ਫਿਰ ਉਹਨਾਂ ਨੂੰ ਕੋਈ ਨਹੀਂ ਸਮਝਾ ਸੱਕਦਾ। ਅਸੀਂ ਵੀ ਕਦੇ ਤਰੁਨ ਅਬੋਧ ਸਾਂ, ਸਾਡੇ ਉਤੇ ਚੜਿਆ ਰੰਗ, ਗੁਰਬਾਣੀਂ ਵੀ ਨਹੀਂ ਉਤਾਰ ਸਕਦੀ। ਜਦਿ ਕੇ ਅਸੀਂ ਤਾਂ ਅੱਜ ਬੇਹਦ ਸਮਝਦਾਰ ਵੀ ਹੋ ਚੁਕੇ ਹਾਂ। ਹੁਣ ਸਮਝ ਬੂਝ ਵਲੋਂ ਤਾਂ ਕੋਈ ਵੀ ਕਮੀਂ ਨਹੀਂ ਹੈ ਨਾਂ ਕਿਸੇ ਵਿਚ, ਅਤੇ ਗੁਰਬਾਣੀਂ ਵੀ ਹੈ ਸਾਡੇ ਪਾਸ। ਅਸੀਂ ਗੁਰਬਾਣੀਂ ਨੂੰ ਸਮਝਦੇ ਵੀ ਹਾਂ, ਪਰ ਫਿਰ ਵੀ ਸਾਡੀ ਪੇਸ਼ ਨਹੀਂ ਜਾਂਦੀ, ਕਿਉਂ ਕੇ ਅਸੀਂ ਮਜਬੂਰ ਹਾਂ, ਵਿਰਸੇ ਵਿੱਚ ਮਿਲੇ ਗੁਰਬਾਣੀਂ ਤੋਂ ਉਲਟ, ਸਦੀਆਂ ਦੇ ਸਿਖਿਆ ਸੰਸਕਾਰਾਂ ਤੋਂ। ਸਦੀਆਂ ਦੇ ਸੰਸਕਾਰ ਕੁੱਝ ਦਿਨਾਂ ਵਿੱਚ ਕਿਵੇਂ ਬਦਲ ਜਾਣ। ਜਦਿ ਕੇ ਸਾਨੂੰ ਭੁਲਾਉਣ ਵਾਲਾ ਵੀ ਸਾਡੇ ਅੰਦਰ ਹੀ ਬੈਠਾ ਹੋਇਆ ਹੈ। ਇਸ ਵਾਸਤੇ ਸੱਭ ਤੋਂ ਪਹਿਲੇ ਆਪਣੇਂ ਆਪ ਦੀ, ਆਪਣੇਂ ਅੰਦਰ ਦੀ, ਖੋਜ ਬਹੁਤ ਜਰੂਰੀ ਹੈ। ਤਾਂ ਜੋ ਅੰਦਰਲੇ ਠੱਗ ਨੂੰ ਪਹਿਚਾਨ ਸਕੀਏ। ਅੰਦਰ ਦੀ ਖੋਜ ਕਿਵੇਂ ਕਰਨੀਂ ਹੈ, ਇਹ ਬਾਣੀਂ ਵਿੱਚ ਲਿਖਿਆ ਹੋਇਆ ਹੈ। ਸਟੈਪ ਬਾਈ ਸਟੈਪ ਅੱਗੇ ਵਧਨਾਂ ਹੈ।

ਆਉ ਗੁਰੂ ਅੱਗੇ ਬੇਨਤੀ ਕਰੀਏ, ਕਿ ਇਹ ਚੱਕ ਲੌ ਚੱਕ ਲੌ ਕਰਨ ਵਾਲੇ, ਸਭਿਆਚਾਰਕ ਗੀਤਕਾਰਾਂ ਅਤੇ ਗੁਰਮਤਿ ਦੇ ਪ੍ਰਚਾਰਕਾਂ ਨੂੰ ਗੁਰੂ ਸਦ ਬੁੱਧੀ ਦੇਵੇ।

ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ॥ ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ॥ ੧॥ ਰਹਾਉ॥ (੮੨੦

ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ॥ ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ॥ ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ॥ ਪਾਰਬ੍ਰਹਮ ਪੂਰਨ ਪਰਮੇਸਰ ਨਾਨਕ ਨਾਮੁ ਧਿਆਈਐ॥ ੨॥ ੨੪੯

ਬਲਦੇਵ ਸਿੰਘ “ਚਾਕਰ”

ਨੋਟ:- ਬੇਨਤੀ ਹੈ ਜੀ, ਕਿ ਕੋਈ ਵੀ ਲੇਖ ਲਿਖਣ ਦਾ ਮੇਰਾ ਮਕਸਦ, ਕਿਸੇ ਦੇ ਵਿਚਾਰਾਂ ਦਾ ਵਿਰੋਧ ਕਰਨਾਂ ਨਹੀਂ ਹੈ। ਮੇਰਾ ਮਕਸਦ ਸਿਰਫ ਗੁਰਬਾਣੀਂ ਦੀ ਸਚਾਈ ਦੀ ਖੋਜ ਕਰਨਾਂ ਹੈ ਜੀ। ਆਪ ਸੱਭ ਵੀ ਸੱਚ ਦੀ ਖੋਜ ਕਰੋ ਜੀ।
.