.

ਸਾਂਝੀਵਾਲਤਾ ਦਾ ਪੈਗ਼ਾਮ ਹੈ

ਸਿੱਖ ਧਰਮ (ਭਾਗ 2)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਗੁਰਮੱਤ ਪਾਠ 154 ਦਾ ਭਾਗ ਪਹਿਲਾ ਵੀ ਜ਼ਰੂਰ ਪੜੋ ਜੀ)

ਸਾਂਝੇ ਸਰੋਵਰ, ਸਾਂਝੇ ਇਸ਼ਨਾਨ- ਤੀਜੇ ਜਾਮੇ ਸਮੇਂ ਗੁਰਦੇਵ ਨੇ ਗੋਇੰਦਵਾਲ ਸਾਹਿਬ ਵਿਖੇ ਸਿੱਖ ਧਰਮ ਅੰਦਰ ਇੱਕ ਹੋਰ ਸਰਬਸਾਂਝੀ ਸੰਸਥਾ ਦਾ ਵੀ ਅਰੰਭ ਕਰ ਦਿੱਤਾ। ਇਹ ਸੰਸਥਾ ਸੀ, ਸਾਂਝੇ ਇਸ਼ਨਾਨਾਂ ਤੇ ਸਾਂਝੇ ਪਾਣੀ ਵਾਲੀਆਂ ਮੁੱਖ ਲੋੜਾਂ। ਉਂਝ ਵੀ ਗੋਇਂਦਵਾਲ ਸਾਹਿਬ, ਸਿੱਖ ਧਰਮ ਦਾ ਲਗਾਤਾਰ ਤੀਜਾ ਪ੍ਰਚਾਰ ਕੇਂਦਰ ਸੀ। ਸਿੱਖ ਧਰਮ ਦਾ ਪਹਿਲਾ ਪ੍ਰਚਾਰ ਕੇਂਦਰ ਕਰਤਾਰਪੁਰ ਸਾਹਿਬ, ਪਹਿਲੇ ਪਾਤਸ਼ਾਹ ਨੇ ਖ਼ੁਦ ਵਸਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਹੀ ਹੁਕਮ ਨਾਲ ਦੂਜਾ ਪ੍ਰਚਾਰ ਕੇਂਦਰ ਖਡੂਰ ਸਾਹਿਬ ਹੋਂਦ `ਚ ਆਇਆ। ਫ਼ਿਰ ਇਸੇ ਲੜੀ `ਚ ਦੂਜੇ ਪਾਤਸ਼ਾਹ ਦੇ ਹੁਕਮ ਨਾਲ ਸਿੱਖ ਧਰਮ ਦਾ ਤੀਜਾ ਪ੍ਰਚਾਰ ਕੇਂਦਰ ਗੋਇਂਦਵਾਲ ਸਾਹਿਬ ਹੋਂਦ `ਚ ਆਇਆ। ਗੁਰਦੇਵ ਰਾਹੀਂ, ਸਿੱਖ ਧਰਮ ਵਿਚਕਾਰ ਸਾਂਝੀ ਸੰਗਤ, ਸਾਂਝੀ ਪੰਗਤ (ਸਾਂਝੇ ਲੰਗਰ) ਤੋਂ ਬਾਅਦ ਸਾਂਝੇ ਇਸ਼ਨਾਨਾਂ ਤੇ ਸਾਂਝੇ ਪਾਣੀ ਦੀ ਵਰਤੋਂ ਵਾਲੀ ਇਸ ਤੀਜੀ ਸੰਸਥਾ ਨੂੰ ਸਥਾਪਤ ਕਰਣ ਪਿਛੇ ਵੀ ਇੱਕ ਵੱਡਾ ਕਾਰਨ ਸੀ।

ਗਹੁ ਨਾਲ ਦੇਖਿਆ ਜਾਵੇ ਤਾਂ ਇਸ ਦਾ ਵੱਡਾ ਕਾਰਨ ਸੀ ਕਿ ਇੱਕ ਪਾਸੇ ਨਦੀਆਂ ਆਦਿ `ਚ ਚਲਦੇ ਪਾਣੀਆਂ `ਤੇ ਕਿਸੇ ਦਾ ਵੱਸ ਨਹੀਂ ਚਲਦਾ। ਉਥੇ ਕਉਣ ਬ੍ਰਾਹਮਣ ਤੇ ਕਉਣ ਸ਼ੂਦਰ ਤੇ ਕਉਣ ਅਣਮੱਤੀ। ਇਸ ਲਈ ਨਦੀਆਂ ਆਦਿ `ਤੇ ਸੁੱਚ-ਭਿੱਟ, ਵਰਣ-ਵੰਡ ਤੇ ਟੂਣੇ ਪ੍ਰਛਾਵਿਆਂ ਆਦਿ ਦਾ ਮੁਦਈ ਤੇ ਵਰਣ ਵੰਡ ਦਾ ਜਨਮਦਾਤਾ, ਖ਼ੁਦ ਬ੍ਰਾਹਮਣ ਵੀ ਇਸ ਪੱਖੋਂ ਬੇਵੱਸ ਹੁੰਦਾ ਹੈ।

ਜਦਕਿ ਇਸ ਦੇ ਉਲਟ, ਖੂਹੀਆਂ-ਬਾਉਲੀਆਂ, ਤਲਾਬਾਂ ਆਦਿ ਦੇ ਖੜੇ ਪਾਣੀਆਂ ਸਬੰਧੀ ਇਸ ਨੇ ਸੁੱਚ-ਭਿੱਟ, ਬ੍ਰਾਹਮਣ-ਸ਼ੁਦਰ, ਟੂਣੇ ਪ੍ਰਛਾਵਿਆਂ, ਜਾਤ-ਞਰਣ ਆਦਿ ਵਾਲੇ ਬਥੇਰੇ ਵਹਿਮ-ਭਰਮ ਜੋੜ ਰਖੇ ਹਨ। ਇਸ ਲਈ ਸੁੱਚ-ਭਿੱਟ, ਊਚ-ਨੀਚ, ਵਰਣ ਵੰਡ ਦੇ ਸ਼ੈਦਾਈਆਂ ਵੱਲੋਂ ਜਿੱਥੋਂ ਤੱਕ ਸੰਭਵ ਹੈ ਅੱਜ ਵੀ ਸੁਅਰਨਾ ਲਈ ਖੂਹੀਆਂ, ਬਾਉਲੀਆਂ ਆਦਿ ਵੱਖ ਹਨ ਅਤੇ ਅਖੌਤੀ ਸ਼ੂਦਰ ਉਥੇ ਹੱਥ ਵੀ ਨਹੀਂ ਲਗਾ ਸਕਦੇ। ਉਨ੍ਹਾਂ ਦੀਆਂ ਖੂਹੀਆਂ ਬਾਉਲੀਆਂ, ਤਾਲਾਬ ਬਲਕਿ ਉਨ੍ਹਾਂ ਲਈ ਰਿਹਾਇਸ਼ੀ ਇਲਾਕੇ ਤੱਕ ਅੱਜ ਵੀ ਵੱਖਰੇ ਹਨ।

ਇਸ ਤਰ੍ਹਾਂ ਸਾਂਝੇ ਇਸ਼ਨਾਨਾਂ ਦੀ ਤੇ ਸਾਂਝੇ ਪਾਣੀ ਦੀਆਂ ਲੋੜਾਂ ਵਾਲੀ ਇਸ ਤੀਜੀ ਪ੍ਰਥਾ ਰਾਹੀਂ, ਗੁਰਦੇਵ ਦਾ ਮਕਸਦ ਖੜੇ ਪਾਣੀ ਦੀ ਵਰਤੋਂ ਕਰ, ਕਰਵਾਕੇ, ਬ੍ਰਾਹਮਣ ਦੇ ਇਸ ਸਬੰਧੀ ਫੈਲਾਏ ਉਪ੍ਰੋਕਤ ਜਾਤਪਾਤ, ਸੁੱਚ-ਭਿਟ, ਟੂਣੇ-ਪ੍ਰਛਾਵੇਂ, ਊਚ-ਨੀਚ, ਵਰਣ ਭੇਦ ਆਦਿ ਵਾਲੇ ਭਰਮ ਜਾਲ ਨੂੰ ਤਾਰ ਤਾਰ ਕਰਣਾ ਤੇ ਮਨੁੱਖੀ ਸਾਂਝੀਵਾਲਤਾ ਵਿਚਕਾਰ ਆ ਰਹੀ ਇਸ ਦਿਵਾਰ ਨੂੰ ਵੀ ਤੋੜਣਾ ਸੀ। ਗੁਰਦੇਵ ਨੇ ਇਸ ਸਿਲਸਿਲੇ `ਚ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਵਿਖੇ ਇੱਕ ਬਉਲੀ ਖੂਦਵਾਈ ਬਣਵਾਈ। ਇਸ ਤੋਂ ਬਾਅਦ ਇਸੇ ਬਉਲੀ ਨੇ ਸਰੋਵਰਾਂ ਦਾ ਰੂਪ ਧਾਰਨ ਕੀਤਾ ਜਿਸਦਾ ਅਰੰਭ ਵੀ ਮੂਲ਼ ਰੂਪ `ਚ ਤੀਜੇ ਪਾਤਸ਼ਾਹ ਨੇ ਆਪ ਹੀ ਕਰ ਦਿੱਤਾ ਸੀ।

ਇਥੇ ਇਹ ਵੀ ਧਿਆਨ ਦੇਣਾ ਹੈ ਕਿ ਇਸ ਸਬੰਧ `ਚ ਗੁਰੂ ਸਾਹਿਬਾਨ ਨੇ ਜੋ ਸਰੋਵਰ ਬਣਵਾਏ ਉਨ੍ਹਾਂ ਸਰੋਵਰਾਂ ਦਾ ਮਕਸਦ, ਮਨੁੱਖੀ ਸਾਂਝੀਵਾਲਤਾ ਵਿਚਕਾਰ ਆ ਰਹੀ ਇਸ ਖੜੇ ਪਾਣੀ ਨਾਲ ਜੋੜੇ ਹੋਏ ਵਹਿਮਾਂ-ਭਰਮਾਂ ਦੀ ਦਿਵਾਰ ਨੂੰ ਤੋੜਣ ਦੇ ਨਾਲ ਨਾਲ, ਸਮੇਂ ਸਮੇਂ ਲੋਕਾਈ ਦੀਆਂ ਪਾਣੀ ਵਾਲੀਆਂ ਲੋੜਾਂ ਦੀ ਪੂਰਤੀ ਕਰਣਾ ਵੀ ਸੀ। ਇਸ ਤਰ੍ਹਾਂ ਉਹ ਸਰੋਵਰ, ਜੋ ਗੁਰਦੇਵ ਨੇ ਤਿਆਰ ਕਰਵਾਏ, ਅਜੋਕੇ ਦਬਾਦਬ ਬਿਨਾ ਲੋੜ ਬਣਦੇ ਜਾ ਰਹੇ ਸਰੋਵਰਾਂ ਵਾਂਗ ਨਹੀਂ ਸਨ। ਗੁਰਦੁਆਰਿਆਂ ਨਾਲ ਅਜੋਕੇ ਬਿਨਾ ਸੋਚੇ ਸਮਝੇ ਬਣਦੇ ਜਾ ਰਹੇ ਸਰੋਵਰ, ਜਿਨ੍ਹਾਂ `ਤੇ ਕੌਮ ਦਾ ਬਿਅੰਤ ਪੈਸਾ, ਵਡਮੁਲੀ ਤਾਕਤ ਤੇ ਜ਼ਮੀਨ ਵੀ ਵਰਤੀ ਜਾ ਰਹੀ ਹੈ। ਉਹ ਜ਼ਮੀਨ, ਬਿਅੰਤ ਪੈਸਾ ਤੇ ਕੌਮੀ ਤਾਕਤ ਗੁਰਮੱਤ ਦੀ ਪੜ੍ਹਾਈ ਤੇ ਪਨੀਰੀ ਦੀ ਸੰਭਾਲ ਲਈ ਵੀ ਕਈ ਢੰਗਾਂ ਨਾਲ ਕਿਤਨੇ ਹੀ ਪ੍ਰਾਜੈਕਟਾਂ `ਤੇ ਵਰਤੀ ਜਾ ਸਕਦੀ ਹੈ, ਕੀ ਕੌਮ ਇਸ ਪਾਸੇ ਧਿਆਨ ਦੇਵੇਗੀ?

ਬਾਉਲੀ ਸਾਹਿਬ ਅਤੇ ਵੱਕਤੀ ਕਾਰਨ- ਹੋ ਸਕਦਾ ਹੈ ਕਿ ਉਪਰ ਦਿੱਤੇ ਵੇਰਵੇ ਦੇ ਉਲਟ ਕੁੱਝ ਸੱਜਨ ਤੀਜੇ ਪਾਤਸ਼ਾਹ ਰਾਹੀਂ ਗੋਇੰਦਵਾਲ ਸਾਹਿਬ ਵਿਖੇ ਖੁਦਵਾਈ ਗਈ ਬਾਉਲੀ ਦੇ ਕੁੱਝ ਹੋਰ ਤੇ ਵੱਕਤੀ ਕਾਰਨ ਵੀ ਦੱਸ ਦੇਣ। ਦਰਅਸਲ ‘ਗੁਰੂ ਕੇ ਲੰਗਰਾਂ’ ਵਾਸਤੇ ਜਲ, ਨਾਲ ਵਗਦੇ ਦਰਿਆ ਤੋਂ ਇਲਾਵਾ ਬਾਹਰੋਂ ਖੂਹੀਆਂ ਤੋਂ ਵੀ ਲਿਆਂਦਾ ਜਾਂਦਾ ਸੀ। ਜਦੋਂ ਹੋਰ ਪੇਸ਼ ਨਾ ਗਈ ਤਾਂ ਜਾਤ ਅਭਿਮਾਨੀ ਸੁੱਚ-ਭਿੱਟ, ਵਰਣ-ਵੰਡ ਤੇ ਛੂਤ-ਛਾਤ ਦੇ ਮੁਦਇਆਂ ਨੇ, ਖੂਹੀਆਂ ਤੋਂ ਜਲ ਦੀ ਸੇਵਾ ਕਰਣ ਵਾਲੀਆਂ ਸੰਗਤਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਪਾਤਸ਼ਾਹ ਨੇ ਸੰਗਤਾਂ ਨੂੰ ਵਰਜਿਆ ਕਿ ਇਨ੍ਹਾਂ ਲੋਕਾਂ ਨਾਲ ਝਗੜਾ ਨਹੀਂ ਕਰਣਾ। ਗੁਰਦੇਵ ਅਨੁਸਾਰ, ਸੰਗਤਾਂ ਨੂੰ ਪ੍ਰੇਸ਼ਾਨ ਕਰਣ ਵਾਲੇ ਲੋਕ ਅਗਿਆਨੀ ਹਨ। ਸਮਝ ਆਉਣ ਤੇ ਇਹ ਵੀ ਆਪਣੇ ਆਪ ਗੁਰੂ ਕੀਆਂ ਸੰਗਤਾਂ `ਚ ਸ਼ਾਮਿਲ ਹੁੰਦੇ ਜਾਣਗੇ। ਇਹ ਵੀ ਦੇਖ ਚੁੱਕੇ ਹਾਂ ਕਿ ਜਲ ਤਾਂ ਨੇੜੇ ਦਰਿਆ ਤੋਂ ਵੀ ਮੰਗਵਾਇਆ ਜਾ ਸਕਦਾ ਸੀ ਤੇ ਮੰਗਵਾਇਆ ਜਾਂਦਾ ਵੀ ਸੀ ਪਰ ਗੁਰਦੇਵ ਦਾ ਪ੍ਰੋਗਰਾਮ ਤਾਂ ਕੁੱਝ ਹੋਰ ਸੀ। ਪਾਤਸ਼ਾਹ ਨੇ ਇੱਕ ਬਾਉਲੀ ਦੀ ਖੁਦਵਾਈ ਵਾਸਤੇ ਸੰਗਤਾਂ ਨੂੰ ਹੁਕਮ ਕਰ ਦਿੱਤਾ ਤੇ ਉਸ ਨੂੰ ਤਿਆਰ ਵੀ ਕਰਵਾਇਆ। ਉਸ ਸਥਾਨ `ਤੇ ਅਜਕਲ ਗੁਰਦੁਆਰਾ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਮੌਜੂਦ ਹੈ।

ਇਸ ਤਰ੍ਹਾਂ ਬਾਉਲੀ ਖੁਦਵਾ ਕੇ ਪਾਤਸ਼ਾਹ ਨੇ, ਖਲੋਤੇ ਪਾਣੀ `ਚ ਸਾਂਝੇ ਸਨਾਨ ਦਾ ਆਰੰਭ ਵੀ ਕਰਵਾ ਦਿੱਤਾ ਤੇ ਨਾਲ ਨਾਲ ਗੁਰੂ ਕੇ ਲੰਗਰਾਂ ਦੀ ਤਿਆਰੀ ਲਈ ਜਲ ਦੀ ਵਰਤੋਂ ਵੀ ਉਥੋਂ ਹੀ ਹੋਣ ਲਗੀ। ਖਲੋਤੇ ਪਾਣੀ ਦੇ ਸਨਾਨ ਨਾਲ ਪੁਰਾਨੇ ਸਮੇਂ ਤੋਂ ਬ੍ਰਾਹਮਣ-ਸ਼ੂਦਰ, ਸੁਅਰਨਾਂ-ਅਛੂਤਾਂ, ਸੁੱਚ-ਭਿੱਟ, ਪ੍ਰਛਾਂਵੇਂ-ਟੂਣੇ ਆਦਿ ਦੇ ਅਨੇਕਾਂ ਵਹਿਮ-ਭਰਮ ਜੋੜੇ ਹੋਏ ਸਨ। ਇਸ ਤਰ੍ਹਾਂ ਬਾਉਲੀ ਦੀ ਸਥਾਪਨਾ ਕਰਕੇ ਗੁਰੂਦਰ ਨੇ ਸੰਸਾਰ `ਚ ਸੰਗਤ-ਪੰਗਤ ਤੋਂ ਬਾਅਦ ਸਾਂਝੇ ਸਨਾਨ ਤੇ ਸਾਂਝੇ ਪਾਣੀ ਦੀਆਂ ਲੋੜਾਂ ਵਾਲੀ ਇੱਕ ਨਵੀਂ ਤੇ ਤੀਜੀ ਸੰਸਥਾ ਦਾ ਵੀ ਅਰੰਭ ਕਰ ਦਿੱਤਾ।

ਬਾਉਲੀ ਬਨਣ ਤੋਂ ਬਾਅਦ, ਆਪ ਨੇ ਇਹ ਵੀ ਹੁਕਮ ਕਰ ਦਿੱਤਾ ਕਿ “ਜਿਸ ਨੇ ਮੇਰੇ ਦਰਸ਼ਨ ਕਰਨੇ ਹਨ, ਪਹਿਲਾਂ ਇਸ ਬਾਉਲੀ ਦੇ ਜਲ ‘ਤੋਂ ਤਿਆਰ, ਪੰਕਤਾਂ `ਚ ਬੈਠ ਕੇ ਸਾਂਝੇ ਲੰਗਰ `ਚ ਪ੍ਰਸ਼ਾਦਾ ਛਕੇ; ਤਾਂ ਹੀ ਮੇਰੇ ਦਰਸ਼ਨ ਹੋ ਸਕਣਗੇ”। ਇਸ ਤਰ੍ਹਾਂ ਜਦੋਂ ਬਾਦਸ਼ਾਹ ਅਕਬਰ, ਗੁਰੂ ਦਰਬਾਰ `ਚ ਗੁਰਦੇਵ ਦੇ ਦਰਸ਼ਨਾਂ ਨੂੰ ਆਇਆਂ ਤਾਂ ਇਹ ਹੁਕਮ ਉਸ `ਤੇ ਵੀ ਇਸੇ ਤਰ੍ਹਾ ਲਾਗੂ ਹੋਇਆ। ਕਹਿਣ ਤੋਂ ਭਾਵ ਆਪ ਨੇ ਆਪਣੇ ਇਸ ਹੁਕਮ `ਤੇ ਦ੍ਰਿੜਤਾ ਨਾਲ ਅਮਲ ਕਰਵਾਕੇ, ਲੋਕਾਈ ਨੁੰ ਵਹਿਮਾਂ-ਭਰਮਾਂ ਵਾਲੀਆਂ ਜਹਾਲਤਾਂ ਤੇ ਉਸ ਮਨ ਦੀ ਚੌਰਾਸੀ `ਚੋਂ ਵੀ ਕੱਢਿਆ। ਇਸ ਤਰ੍ਹਾਂ ਆਪ ਨੇ ਕਰਮਕਾਂਡੀਆਂ ਜਾਤ-ਅਭਿਮਾਨੀਆਂ ਦਾ ਖਲੋਤੇ ਜਲ ਪ੍ਰਤੀ, ਚਿਰਾਂ ਤੋਂ ਪਾਇਆ ਹੋਇਆ ਇੱਕ ਹੋਰ ਵੱਡਾ ਭਰਮ ਵੀ ਤੋੜਿਆ।

ਉਪ੍ਰੰਤ ਇਸੇ ਬਾਉਲੀ ਨੇ ਅੱਗੋਂ ਜਾ ਕੇ ਸਰੋਵਰਾਂ ਦਾ ਰੂਪ ਧਾਰਨ ਕੀਤਾ। ਉਂਝ ਸਰੋਵਰਾਂ ਵਾਲਾ ਅਰੰਭ ਵੀ ਮੂਲ ਰੂਪ `ਚ ਤੀਜੇ ਜਾਮੇ `ਚ ਹੀ ਕਰਵਾ ਦਿੱਤਾ ਗਿਆ ਸੀ। ਕਿਉਂਕਿ ਗੁਰੂ ਕਾ ਚੱਕ (ਫ਼ਿਰ ਚੱਕ ਰਾਮਦਾਸ ਤੇ ਮੌਜੂਦਾ ਅੰਮ੍ਰਿਤਸਰ) ਵਾਲੀ ਜ਼ਮੀਨ ਵੀ ਤੀਜੇ ਜਾਮੇ ਸਮੇਂ ਹੀ ਖ਼ਰੀਦ ਕੇ ਇਸ ਦਾ ਕਾਰਜ ਵੀ ਅਰੰਭ ਕਰ ਦਿੱਤਾ ਗਿਆ ਸੀ।

ਕੜਾਹ ਪ੍ਰਸ਼ਾਦਿ ਅਤੇ ਸਾਂਝੀਵਾਲਤਾ- ਸਿੱਖ ਧਰਮ `ਚ ਗੁਰੂ ਦਰ ਦੀਆਂ (੧) ਸਾਂਝੀਆਂ ਸੰਗਤਾਂ, (੨) ਸਾਂਝੀਆਂ ਪੰਗਤਾਂ ਅਥਵਾ ਸਾਂਝੇ ਲੰਗਰਾਂ (੩) ਸਾਂਝੇ ਇਸ਼ਨਾਨ ਤੇ ਪਾਣੀ ਦੀਆਂ ਸਾਂਝੀਆਂ ਮੁੱਖ ਲੋੜਾਂ ਲਈ ਸਾਂਝੇ ਸਰੋਵਰਾਂ, ਬਾਉਲੀਆਂ; ਇਸ ਤਰਾਂ ਸੰਸਾਰ ਤੱਲ ਦੀਆਂ ਸਾਂਝੀਆਂ ਇਨ੍ਹਾਂ ਤਿੰਨ ਸੰਸਥਾਵਾਂ ਤੋਂ ਬਾਅਦ ਇੱਕ ਹੋਰ ਸੰਸਥਾਂ ਵੀ ਹੈ। ਸਿੱਖ ਧਰਮ `ਚ ਮਨੁੱਖੀ ਸਾਂਝੀਵਾਤਾ ਦੀ ਪ੍ਰਤੀਕ ਚੌਥੀ ਸੰਸਥਾ ਹੈ ਗੁਰੂ ਪਾਤਸ਼ਾਹ ਵੱਲੋਂ ਸਮਾਗਮ ਦੀ ਸਮਾਪਤੀ ਉਪ੍ਰੰਤ, ਹਾਜ਼ਰੀ ਭਰਣ ਆਈਆਂ ਸੰਗਤਾਂ ਦੇ ਸਤਿਕਾਰ, ਪਿਆਰ ਤੇ ਬਖ਼ਸ਼ਿਸ਼ ਦਾ ਪ੍ਰਤੀਕ, ਗੁਰੂ ਕੀਆਂ ਸੰਗਤਾਂ ਵਿਚਕਾਰ ਕੜਾਹ ਪ੍ਰਸ਼ਾਦਿ ਦੀ ਦੇਗ਼ ਦਾ ਵਰਤਾਉਣਾ।

ਗੁਰੂ ਦਰ `ਤੇ ਪਾਤਸ਼ਾਹ ਵੱਲੋਂ ਗੁਰੂ ਕੀਆਂ ਸੰਗਤਾਂ ਵਿਚਕਾਰ ਕੜਾਹ ਪ੍ਰਸ਼ਾਦਿ ਵਰਤਾਉਣ ਦੀ ਜੋ ਮਰਯਾਦਾ ਹੈ ਉਸ ਦਾ ਵੀ ਸੰਸਾਰ ਭਰ `ਚ ਬਦਲ ਨਹੀਂ। ਉਹ ਵੀ ਆਪਣੇ ਆਪ `ਚ ਮਨੁੱਖੀ ਸਾਂਝੀਵਾਲਤਾ ਦਾ ਇੱਕ ਹੋਰ ਬਹੁਤ ਵੱਡਾ ਪ੍ਰਗਟਾਵਾ ਹੈ। ਇਥੇ ਇਹ ਵੀ ਧਿਆਨ ਦੇਣਾ ਹੈ ਕਿ ਕੜਾਹ ਪ੍ਰਸ਼ਾਦਿ ਵਾਲੀ ਦੇਗ਼ ਦਾ ਵੀ ਸੰਸਾਰ ਤੱਲ `ਤੇ ਆਪਣਾ ਹੀ ਸਥਾਨ ਹੈ। ਕੜਾਹ ਪ੍ਰਸ਼ਾਦਿ ਸਬੰਧੀ ਪਹਿਲੀ ਗੱਲ ਇਹ ਕਿ ਕੜਾਹ ਪ੍ਰਸ਼ਾਦਿ ਵਾਲੇ ਨਾਮ ਦਾ ਦੂਜਾ ਕੋਈ ਬਦਲ ਨਹੀਂ, ਜਿਵੇਂ ਕੁੱਝ ਲੋਕ ਇਸ ਨੂੰ ਹਲਵਾ, ਕੜਾਹ, ਸਵੀਟ ਪੁਡਿੰਗ (sweet Pudding) ਅਦਿ ਕਹਿੰਦੇ ਸੁਣੇ ਜਾਂਦੇ ਹਨ।

ਇੱਕ ਵਾਰੀ ਜਦੋਂ ਗੁਰਦੇਵ ਦੇ ਚਰਨਾਂ `ਚ ਅਰਦਾਸਾ ਸੋਧਣ ਤੋਂ ਬਾਅਦ ਦੇਗ਼ ਤਿਆਰ ਕਰਕੇ ਵਰਤਾਈ ਅਥਵਾ ਕੜਾਹ ਪ੍ਰਸ਼ਾਦਿ ਵਰਤਾਇਆ ਜਾਂਦਾ ਹੈ ਤਾਂ ਉਸ ਦੇਗ਼ ਅਥਵਾ ਕੜਾਹ ਪ੍ਰਸ਼ਾਦਿ `ਚ ਗੁਰਦੇਵ ਦੀ ਆਪਣੀ ਬਖ਼ਸ਼ਿਸ਼ (ਪ੍ਰਸ਼ਾਦਿ) ਵੀ ਸ਼ਾਮਿਲ ਹੋ ਜਾਂਦੀ ਹੈ। ਇਸ ਲਈ ਉਹ ਖਾਲੀ ਕੜਾਹ, ਹਲਵਾ ਜਾਂ ਸਵੀਟ ਪੁਡਿੰਗ ਆਦਿ ਨਹੀਂ ਰਹਿ ਜਾਂਦਾ। ਉਹ ਕੜਾਹ ਪ੍ਰਸ਼ਾਦਿ ਹੀ ਹੁੰਦਾ ਹੈ। ਦੂਜਾ, ਉਸ ਸਮੇਂ ਕੜਾਹ ਪ੍ਰਸ਼ਾਦਿ ਵਰਤਾਉਣ ਵਾਲੇ ਸੱਜਨ ਨੂੰ ਵੀ ਹੱਕ ਨਹੀਂ ਰਹਿੰਦਾ ਕਿ ਉਹ ਦੇਗ਼ ਵਰਤਾਉਣ ਸਮੇਂ, ਗੁਰੂ ਕੀਆਂ ਸੰਗਤਾਂ ਵਿਚਕਾਰ ਕਿਸੇ ਪੱਖੋਂ ਵਿਤਕਰਾ ਕਰੇ ਜਾਂ ਕਿਸੇ ਦੇ ਉੱਚੇ ਨੀਵੇਂ ਰੁਤਬੇ, ਜਾਤ-ਵਰਣ ਆਦਿ ਨੂੰ ਦੇਖ ਕੇ ਕੜਾਹ ਪ੍ਰਸ਼ਾਦਿ ਵਰਤਾਏ। ਇਸੇ ਤਰ੍ਹਾਂ ਉਥੇ ਕੜਾਹ ਪ੍ਰਸ਼ਾਦਿ ਵੀ ਬਿਨਾ ਵਿਤਕਰਾ, ਸਮੂਚੀਆਂ ਗੁਰੂ ਕੀਆਂ ਸੰਗਤਾਂ ਨੂੰ, ਇੱਕ ਪਾਸਿਉਂ ਹੋ ਕੇ ਤੇ ਇਕੋ ਜਿਹਾ ਵਰਤਾਉਣ ਦਾ ਨਿਯਮ ਹੈ।

ਇਸ ਤਰ੍ਹਾਂ ਸਿੱਖ ਧਰਮ ਵਿਚਕਾਰ, ਗੁਰਬਾਣੀ ਆਧਾਰ `ਤੇ ਖ਼ੁਦ ਗੁਰਦੇਵ ਵੱਲੋਂ ਕਾਇਮ ਕੀਤਾ ਹੋਇਆ ਮਨੁੱਖੀ ਸਾਂਝੀਵਾਲਤਾ ਦਾ ਇੱਕ ਹੋਰ ਸਬੂਤ ਤੇ ਸਿੱਖ ਧਰਮ ਵੱਲੋਂ ਸੰਸਾਰ ਭਰ ਲਈ ਮਨੁੱਖੀ ਸਾਂਝੀਵਾਲਤਾ ਦਾ ਪੈਗ਼ਾਮ ਹੈ ਕੜਾਹ ਪ੍ਰਸ਼ਾਦਿ ਵਾਲੀ ਦੇਗ਼ ਤੇ ਇਸ ਨੂੰ ਵਰਤਾਉਣਾ। ਇਸ ਦੇ ਨਾਲ ਨਾਲ ਗੁਰੂ ਦਰ ਦੀਆਂ ਸਾਂਝੀਆਂ ਸੰਗਤਾ ਲਈ ਗੁਰਦੇਵ ਵੱਲੋਂ ਨਿਯਤ, ਕੜਾਹ ਪ੍ਰਸ਼ਾਦਿ ਦੀ ਦੇਗ਼ ਵਾਲੀ ਸੰਸਥਾ ਦੀ ਤੀਜੀ ਤੇ ਇੱਕ ਹੋਰ ਵਿਲਖਣਤਾ ਵੀ ਹੈ। .

ਉਹ ਵਿਲਖਣਤਾ ਇਹ ਹੈ ਕਿ ਗੁਰੂ ਕੀਆਂ ਸੰਗਤਾਂ ਵਿਚਕਾਰ ਬਹੁਤ ਛੋਟੀ ਉਮਰ ਦੇ ਬੱਚੇ ਵੀ ਹੁੰਦੇ ਹਨ ਜਿਨ੍ਹਾਂ ਦੇ ਅਜੇ ਦੰਦ ਵੀ ਨਹੀਂ ਆਏ ਹੁੰਦੇ। ਇਸ ਤੋਂ ਬਾਅਦ ਇਨ੍ਹਾਂ ਸੰਗਤਾਂ ਵਿਚਕਾਰ ਅਜਿਹੇ ਬਜ਼ੁਰਗ ਵੀ ਹੁੰਦੇ ਹਨ ਜਿਨ੍ਹਾਂ ਦੇ ਦੰਦ ਉਮਰ ਨਾਲ ਖ਼ਤਮ ਹੋ ਚੁੱਕੇ ਹੁੰਦੇ ਹਨ। ਇਸ ਤਰ੍ਹਾਂ ਇਸ ਕੜਾਹਪ੍ਰਸ਼ਾਦਿ ਵਾਲੀ ਦੇਗ਼ `ਚ ਗੁਰਦੇਵ ਦੀ ਇੱਕ ਹੋਰ ਦੂਰਦਰਸ਼ਿਤਾ ਵੀ ਕਮਾਲ ਦੀ ਹੈ। ਇਥੇ ਬਿਨਾ ਵਿਤਕਰਾ ਜਾਤ, ਵਰਣ, ਧਰਮ, ਲਿੰਗ, ਦੇਸ਼ ਗੁਰੂ ਕੀਆ ਸਾਂਝੀਆਂ ਸੰਗਤਾਂ ਦੇ ਨਾਲ ਨਾਲ, ਬਹੁਤ ਛੋਟੇ ਬੱਚਿਆਂ ਤੋਂ ਲੈ ਕੇ ਬਿਰਧ ਸੱਜਨਾਂ ਤੱਕ, ਕੜਾਹ ਪ੍ਰਸ਼ਾਦਿ ਦੀ ਦੇਗ਼ ਲੈਣ ਤੇ ਛਕਣ `ਚ ਕਿਸੇ ਨੂੰ ਦਿੱਕਤ ਨਹੀਂ ਆਉਂਦੀ। ਜਦਕਿ ਇਸ ਦੇ ਸੁਆਦ ਦੀ ਖਿੱਚ ਤਾਂ ਸਾਰੀਆਂ ਸਂਗਤਾਂ ਲਈ ਇਕੋ ਜਹੀ ਹੁੰਦੀ ਹੀ ਹੈ।

ਸਿੱਖ ਧਰਮ ਦਾ ਕੇਂਦਰ ਅਤੇ ਸਾਂਝੀਵਾਲਤਾ- ਸੰਸਾਰ ਭਰ `ਚ ਮਨੁੱਖੀ ਸ਼ਾਂਝੀਵਾਲਤਾ ਦਾ ਇੱਕ ਹੋਰ ਪ੍ਰਗਟਾਵਾ ਹੈ, ਗੁਰਦੇਵ ਵੱਲੋਂ ਕਾਇਮ ਕੀਤਾ ਹੋਇਆ ਸਿੱਖ ਧਰਮ ਦਾ ਕੇਂਦਰੀ ਸਥਾਨ “ਦਰਬਾਰ ਸਾਹਿਬ, ਸ੍ਰੀ ਅੰਂਿਮ੍ਰਤਸਰ”। ਅਜਿਹਾ ਕੇਂਦਰੀ ਧਰਮ ਅਸਥਾਨ, ਜਿਸਦੇ ਚਾਰ ਦਰਵਾਜ਼ੇ, ਅੱਠਾਂ ਦਿਸ਼ਾਵਾਂ ਨੂੰ ਖੁੱਲਦੇ ਹਨ। ਅੱਠ ਦਿਸ਼ਾਵਾਂ ਭਾਵ ਚਾਰ ਦਿਸ਼ਾਵਾਂ ਤੇ ਉਨ੍ਹਾਂ ਚਾਰ ਦਿਸ਼ਾਵਾਂ ਤੋਂ ਬਣਨ ਵਾਲੇ ਚਾਰ ਕੋਣੇ। ਇਥੇ ਸੰਸਾਰ ਭਰ ਦੇ ਹਰੇਕ ਕੋਣੇ ਨੁਕਰ `ਚੋਂ ਕੋਈ ਵੀ ਮਨੁੱਖ ਬਿਨਾ ਵਿਤਕਰਾ ਦੇਸ਼, ਧਰਮ, ਜਾਤ, ਕੁਲ, ਵਰਣ, ਨਸਲ, ਰੰਗ, ਇਸਤ੍ਰੀ, ਪੁਰਖ, ਬੱਚਾ, ਬਿਰਧ ਆ ਕੇ ਗੁਰਬਾਣੀ ਤੇ ਗੁਰੂ ਪਾਤਸ਼ਾਹ ਦੇ ਉਪਦੇਸ਼ਾਂ ਨੂੰ ਸੁਣ ਸਕਦਾ ਤੇ ਕੜਾਹ ਪ੍ਰਸ਼ਾਦਿ ਲੈਣ ਦਾ ਵੀ ਇਕੋ ਜਿਹਾ ਹੱਕ ਰਖਦਾ ਹੈ।

ਇਸ ਤੋਂ ਵੱਡੀ ਗੱਲ, ਗੁਰੂ ਪਾਤਸ਼ਾਹ ਦੇ ਚਰਨਾਂ `ਚ ਹਾਜ਼ਰੀ ਭਰਣ ਲਈ ਵੀ ਬਾਹਰੋਂ ਇਕੋ ਹੀ ਰਸਤਾ ਹੈ। ਇਹ ਰਸਤਾ ਦਰਬਾਰ ਸਾਹਿਬ ਦੇ ਚਾਰੋਂ ਤਰਫ਼ ਬਣੇ ਹੋਏ ਸਰੋਵਰ ਦੇ ਉਪਰ ਇੱਕ ਪੁਲ ਦੇ ਰੂਪ `ਚ ਹੈ। ਇਹ ਇਕੱਲਾ ਰਸਤਾ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰਦੇਵ ਦੇ ਚਰਨਾਂ `ਚ ਪੁੱਜਣ ਲਈ, ਸਾਡੇ ਮਨਾਂ `ਚ ਇੱਕ ਦੂਜੇ ਪ੍ਰਤੀ ਕਿਸੇ ਕਿਸਮ ਦਾ ਵੈਰ, ਵਿਰੋਧ, ਵਿਤਕਰੇ ਆਦਿ ਵਾਲੀ ਭਾਵਨਾ ਨਹੀਂ ਹੋਣੀ ਚਾਹੀਦੀ। ਇੱਥੇ “ਤੂੰ ਸਾਝਾ ਸਾਹਿਬੁ ਬਾਪੁ ਹਮਾਰਾ” (ਪੰ: ੯੭) “ਏਕੁ ਪਿਤਾ ਏਕਸ ਕੇ ਹਮ ਬਾਰਿਕ” (ਪੰ: ੬੧੧) ਅਨੁਸਾਰ ਨਿਰੋਲ ਭਰਾਤ੍ਰੀਭਾਵ ਦੀ ਭਾਵਨਾ ਨੂੰ ਕਾਇਮ ਰਖਦੇ ਹੋਏ, ਇੱਕ ਬਣ ਕੇ ਗੁਰਦੇਵ ਦੇ ਚਰਨਾਂ `ਚ ਸੰਗਤਾਂ ਨੇ ਹਾਜ਼ਰੀਆਂ ਭਰਣੀਆਂ ਹਨ।

ਇਸੇ ਤਰ੍ਹਾਂ ਸਾਂਝੀਵਾਲਤਾ ਦੇ ਪ੍ਰਤੀਕ, ਸਿੱਖ ਧਰਮ ਨਾਲ ਸਬੰਧਤ ਇਸ ਕੇਂਦਰੀ ਧਰਮ ਸਥਾਨ “ਦਰਬਾਰ ਸਾਹਿਬ ਸ਼੍ਰੀ ਅੰਂਿਮ੍ਰਤਸਰ” ਨਾਲ ਹੋਰ ਵੀ ਕਈ ਵਿਲਖਣਤਾਵਾਂ ਜੁੜੀਆਂ ਹੋਈਆਂ ਹਨ ਜਿਵੇਂ:

(ੳ) ਸੰਸਾਰ ਭਰ ਦੇ ਧਰਮ ਸਥਾਨਾਂ ਤੇ ਖਾਸਕਰ ਭਾਰਤੀ ਮੰਦਿਰਾਂ `ਚ ਦਾਖ਼ਲ ਹੋਣ ਲਈ ਪਉੜੀਆਂ ਚੜ੍ਹਣੀਆਂ ਪੈਂਦੀਆਂ ਹਨ। ਜਦਕਿ ਇਥੇ ਦਾਖ਼ਲ ਹੋਣ ਲਈ ਪਉੜੀਆਂ ਉਤਰ ਕੇ ਜਾਣਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਅਸਾਂ ਕਰਤੇ ਪ੍ਰਭੂ ਦੇ ਦਰ `ਤੇ ਜਾਣਾ ਹੈ ਤਾਂ ਆਪਣੇ ਹਉਮੈ-ਹੰਕਾਰ ਦਾ ਤਿਆਗ ਕਰਕੇ ਤੇ ਮਨ ਨੂੰ ਨੀਵਾਂ ਕਰਕੇ ਜਾਣਾ ਹੈ।

(ਅ) ਭਾਰਤੀ ਦੇਵੀ-ਦੇਵਤਿਆਂ, ਅਵਤਾਰਾਂ, ਭਗਵਾਨਾਂ ਦੇ ਮੰਦਰਾਂ ਦੇ ਉਲਟ ਇਥੇ ਕਿਸੇ ਦੇਵੀ, ਦੇਵਤੇ ਮਨੁੱਖ, ਪ੍ਰਚਲਤ ਭਗਵਾਨ, ਅਵਤਾਰ ਜਾਂ ਕਿਰਤਮ ਦੀ ਪੂਜਾ ਸੰਭਵ ਨਹੀਂ। ਇਥੇ ਕੇਵਲ ਰਚਨਾ ਦੇ ਇਕੋ ਇੱਕ ਕਰਤੇ, ਸਰਬ ਸਾਂਝੇ, ਸਰਵ ਵਿਆਪਕ ਅਕਾਲਪੁਰਖ ਦੀ ਸਿਫ਼ਤ ਸਲਾਹ ਹੀ ਹੋਣੀ ਹੈ।

(ੲ) ਭਾਰਤੀ ਮੰਦਿਰਾਂ ਦੇ ਗੁੰਬਦਾਂ `ਤੇ ਸਿਧੇ ਕਮਲ ਦੇ ਫੁਲ ਵਾਲੇ ਗੁੰਬਦ ਬਣੇ ਹੁੰਦੇ ਹਨ ਜੋ ਮੂਲ ਰੂਪ `ਚ ਦੇਵੀ ਦੇਵਤਿਆ ਦੀ ਪੂਜਾ ਦੇ ਪ੍ਰਤੀਕ ਹੁੰਦੇ ਹਨ। ਉਸ ਦੇ ਉਲਟ ਇੱਥੇ ਗੁੰਬਦਾਂ `ਤੇ ਕਮਲ ਫੁਲ ਵੀ ਸਿਧੇ ਨਹੀਂ ਬਲਕਿ ਉਲਟੇ ਬਣੇ ਹੋਏ ਹਨ ਜੋ ਸਿਧੇ ਤੌਰ `ਤੇ ਉਨ੍ਹਾਂ ਵਿਸ਼ਵਾਸਾਂ ਨੂੰ ਕੱਟਣ ਦੇ ਪ੍ਰਤੀਕ ਹਨ।

(ਸ) ਵਿਸ਼ੇਸ਼ਕਰ ਭਾਰਤੀ ਅਥਵਾ ਬ੍ਰਾਹਮਣੀ ਮੰਦਿਰ ਜਿਨ੍ਹਾਂ ਦੀ ਭਾਰਤ `ਚ ਬਹੁਤਾਇਤ ਹੈ, ਉਥੇ ਅਖੌਤੀ ਸ਼ੂਦਰਾਂ, ਪਾਰਸੀਆਂ ਆਦਿ ਨੂੰ ਦਾਖ਼ਲ ਹੋਣ ਦਾ ਅਧੀਕਾਰ ਨਹੀਂ। ਜਦਕਿ ਇਥੇ ਸੰਸਾਰ ਭਰ ਦੇ ਮਨੁੱਖਾਂ ਵਿਚਕਾਰ ਕਿਸੇ ਕਿਸਮ ਦਾ ਤੇ ਕਿਸੇ ਪੱਖੋਂ ਵੀ ਵਿਤਕਰਾ ਕੀਤਾ ਨੀ ਨਹੀਂ ਜਾ ਸਕਦਾ। ਸਾਰਿਆਂ ਨੂੰ ਗੁਰੂ ਚਰਨਾਂ `ਚ ਹਾਜ਼ਰੀ ਭਰਣ ਤੇ ਗੁਰ ਉਪਦੇਸ਼ ਸੁਨਣ ਦਾ ਇਕੋ ਜਿਹਾ ਹੱਕ ਹਾਸਲ ਹੈ।

“ਸਭੇ ਸਾਝੀਵਾਲ ਸਦਾਇਨਿ. .” - ਇਹ ਤਾਂ ਅਕਾਲਪੁਰਖ ਹੀ ਜਾਣਦਾ ਹੈ ਕਿ ਜਿਸ ਸੰਸਾਰ `ਚ ਅਸੀਂ ਵਿਚਰ ਰਹੇ ਹਾਂ ਕਦੋਂ ਤੇ ਕਿਤਨਾ ਸਮਾਂ ਪਹਿਲਾਂ ਹੋਂਦ `ਚ ਆਇਆ। ਫ਼ਿਰ ਵੀ ਸੱਚ ਹੈ ਕਿ ਇਹ ਸੰਸਾਰ ਅੱਜ ਹੋਂਦ `ਚ ਨਹੀਂ ਆਇਆ। ਉਪ੍ਰੰਤ ਇਸ ਸੰਸਾਰ `ਚ ਧਰਮ ਵੀ ਇੱਕ-ਦੋ ਨਹੀਂ, ਅਨਗਿਣਤ ਹਨ। ਇਤਨਾ ਹੀ ਨਹੀਂ, ਇਨ੍ਹਾਂ ਅਨਗਿਣਤ ਧਰਮਾਂ ਤੋਂ ਬਾਅਦ ਸੰਸਾਰ `ਚ ਮਨੁੱਖ-ਮਨੁੱਖ ਵਿਚਲੀਆਂ ਸਭਿਅਤਾਵਾਂ, ਕਬੀਲਿਆਂ, ਭਿੰਨ ਭਿੰਨ ਵਿਚਾਰਧਾਰਾਵਾਂ, ਕੁਲਾਂ, ਗੋਤਾਂ ਜਾਂ ਜਾਤੀ ਸੂਚਕ ਸ਼ਬਦਾਵਲੀ ਦਾ ਵੀ ਅੰਤ ਨਹੀਂ। ਤਾਂ ਤੇ ਸੁਆਲ ਪੈਦਾ ਹੁੰਦਾ, ਸਾਰੇ ਸੰਸਾਰ ਵਿੱਚੋਂ ਤੇ ਉਹ ਵੀ ਕੇਵਲ ਕੁੱਝ ਸਦੀਆਂ ਪਹਿਲਾਂ ਇਕੱਲਾ ਸਿੱਖ ਧਰਮ ਹੀ ਸਾਂਝੀਵਾਲਤਾ ਵਾਲੇ ਪਾਸੇ ਕਿਉਂ ਟੁਰਿਆ?

ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ ਪਹਿਲਾਂ ਇਸ ਇਲਾਹੀ ਸੱਚ ਦੀ ਕਿਸੇ ਨੂੰ ਪਹਿਚਾਣ ਹੀ ਨਹੀਂ ਸੀ ਆਈ। ਕਿਸੇ ਨੂੰ ਸਮਝ ਨਹੀਂ ਸੀ ਆਈ ਕਿ ਏਕੁ ਪਿਤਾ ਏਕਸ ਕੇ ਹਮ ਬਾਰਿਕ…” (ਪੰ: ੬੧੧) ਅਥਵਾ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭) ਭਾਵ ਅਸੀਂ ਸਾਰੇ ਇਕੋ ਪਰਮ ਪਿਤਾ ਪ੍ਰਮਾਤਮਾ ਦੀ ਸੰਤਾਨ ਹਾਂ? ਇਸ ਲਈ ਸਾਡਾ ਸਾਰਿਆਂ ਦਾ ਮੂਲ ਭਾਈਚਾਰਾ ਵੀ ਇੱਕੋ ਹੈ, ਅਸੀਂ ਭਿੰਨ ਭਿੰਨ ਨਹੀਂ ਹਾਂ। ਸਾਡੇ ਸਾਰਿਆਂ ਅੰਦਰ ਇਕੋ ਪਰਮ ਪਿਤਾ ਪ੍ਰਮਾਤਮਾ ਦਾ ਨੂਰ ਹੈ। ਸੰਪੂਰਣ ਰਚਨਾ ਦਾ ਜੀਵਨ ਦਾਤਾ ਪ੍ਰਭੂ ਪਿਤਾ ਹੀ ਹੈ ਤੇ ਉਸੇ ਦੀ ਜੀਵਨ ਰੋਹ, ਸਾਰੇ ਜੀਵਾਂ ਤੇ ਮਨੁੱਖ ਮਾਤ੍ਰ ਸਮੇਤ ਸਾਰੀ ਰਚਨਾ ਅੰਦਰ ਚੱਲ ਰਹੀ ਹੈ। ਇਸੇ ਮੂਲ ਅਗਿਆਨਤਾ ਕਾਰਨ, ਮਨੁੱਖ ਆਪਣੇ ਕੁਦਰਤੀ ਭਾਈਚਾਰੇ ਬਾਰੇ ਹੀ ਅਨਜਾਣ ਸੀ।

ਮਨੁੱਖ ਮਨੁੱਖ ਵਿਚਕਾਰ ਪਈਆਂ ਜਾਂ ਪਾਈਆਂ ਹੋਈਆਂ ਅਣਗਿਣਤ ਵੰਡੀਆਂ ਹੀ ਸਨ ਜੋ ਮਨੁੱਖ-ਮਨੁੱਖ ਵਿਚਕਾਰ, ਸ਼ਾਇਦ ਕਦੇ ਨਾ ਟੁਟਣ ਵਾਲੀਆਂ ਦਿਵਾਰਾਂ ਬਣੀਆਂ ਹੋਈਆਂ ਸਨ। ਜੇਕਰ ਗੁਰੂ ਪਾਤਸ਼ਾਹ ਇਸ ਸੱਚ ਦੀ ਪਤਾਕਾ ਨੂੰ ਗੁਰਬਾਣੀ ਗਿਆਨ ਦੇ ਪ੍ਰਗਟਾਵੇ ਤੇ ਆਪਣੇ ਦਸਾਂ ਜਾਮਿਆਂ ਸਮੇਂ ਆਪਣੇ ਅਮਲੀ ਜੀਵਨ ਰਾਹੀਂ, ਆਪਣੇ ਕਰ ਕਮਲਾਂ `ਚ ਨਾ ਲੈਂਦੇ ਤਾਂ ਸ਼ਾਇਦ ਅੱਜ ਵੀ ਮਾਨਵਤਾ, ਮਨੁੱਖੀ ਸਾਂਝੀਵਾਲਤਾ, ਇਕੋ ਮਨੁੱਖੀ ਭਾਈਚਾਰੇ ਤੇ ਮਨੁੱਖੀ ਭ੍ਰਾਤ੍ਰੀਵਾਦ ਵਾਲੀ ਮੂਲ਼ ਸਚਾਈ ਨੂੰ ਕਦੇ ਵੀ ਨਾ ਪਹਿਚਾਣ ਸਕਦੀ।

ਗੁਰੂ ਨਾਨਕ ਪਾਤਸ਼ਾਹ ਅਤੇ ਭਗਤ ਬਾਣੀ- ਇਹ ਵੱਖਰੀ ਗੱਲ ਹੈ ਕਿ ਗੁਰਬਾਣੀ `ਚ ਪ੍ਰਵਾਣਤ ਭਗਤ ਤੇ ਉਨ੍ਹਾਂ ਦੀਆਂ ਪ੍ਰਵਾਣਤ ਰਚਨਾਵਾਂ (ਬਾਣੀਆਂ) ਜਿਹੜੀਆਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਦਰਜ ਹਨ, ਉਨ੍ਹਾਂ `ਚ ਵੀ ਮਨੁੱਖੀ ਸਮਾਨਤਾ ਤੇ ਸਾਂਝੀਵਾਲਤਾ ਵਾਲੀ ਵਿਚਾਰਧਾਰਾ ਖੁੱਲ ਕੇ ਸਾਹਮਣੇ ਆਉਂਦੀ ਹੈ। ਜਦਕਿ ਇਹ ਰਚਨਾਵਾਂ, ਸ਼ੇਖ ਫ਼ਰੀਦ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਸਦੀਆਂ ਪਹਿਲਾਂ ਹੋਂਦ `ਚ ਆਈਆਂ ਹਨ; ਫ਼ਿਰ ਵੀ ਗੱਲ ਉਹੀ ਹੈ। ਜੇਕਰ ਖ਼ੁਦ ਗੁਰੂ ਨਾਨਕ ਪਾਤਸ਼ਾਹ, ਉਨ੍ਹਾਂ ਭਗਤਾਂ ਦੀਆਂ ਸਬੰਧਤ ਰਚਨਾਵਾਂ ਨੂੰ ਦੂਰ ਦੁਰੇਡੇ ਜਾ ਕੇ ਆਪ ਇਕਤ੍ਰ ਨਾ ਕਰਦੇ ਤੇ ਨਾ ਸੰਭਾਲਦੇ ਤਾਂ ਯਕੀਨਣ ਇਹ ਰਚਨਾਵਾਂ ਵੀ ਕਦੇ ਨਾ ਉਘੜ ਸਕਦੀਆਂ।

ਇਸ ਤੋਂ ਵੱਧ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਗੁਰਦੇਵ ਨੇ ਜੋ ਰਚਨਾਵਾਂ ਇਕਤ੍ਰ ਕੀਤੀਆਂ, ਉਨ੍ਹਾਂ ਨੂੰ ਇਲਾਹੀ ਸੱਚ ਧਰਮ ਦੀ ਕਸਵਟੀ ਤੇ ਪਰਖ ਕੇ ਹੀ ਇਕਤ੍ਰ ਕੀਤਾ, ਉਂਝ ਨਹੀਂ। ਇਥੋਂ ਤੱਕ ਕਿ ਜਿਨ੍ਹਾਂ ਭਗਤਾਂ ਦੀਆਂ ਰਚਨਾਵਾਂ ਨੂੰ ਗੁਰਦੇਵ ਨੇ ਸੰਭਾਲਿਆ ਤੇ ਆਪਣੀ ਬਾਣੀ ਦੀ ਬਰਾਬਰੀ ਵਾਲਾ ਮਾਨ ਬਖ਼ਸ਼ਿਆ, ਉਨਾਂ ਹੀ ਭਗਤਾਂ ਦੀਆਂ ਰਚਨਾਵਾਂ, ਜਿਹੜੀਆਂ ਕਿ ਉਨਂਾਂ ਦੇ ਸਫ਼ਲ ਜੀਵਨ ਤੋਂ ਪਹਿਲਾਂ ਭਾਵ ਕੱਚੇ ਜੀਵਨ ਦੀਆਂ ਸਨ, ਗੁਰਦੇਵ ਨੇ ਪ੍ਰਵਾਣ ਨਹੀਂ ਕੀਤੀਆਂ। ਇਹੀ ਕਾਰਨ ਹੈ ਕਿ ਨਾਮਦੇਵ, ਰਵਿਦਾਸ. ਕਬੀਰ, ਜੈਦੇਵ ਆਦਿ ਭਗਤਾਂ ਦੀਆਂ ਉਹ ਰਚਨਾਵਾਂ ਵੀ ਮਿਲਦੀਆਂ ਹਨ ਜਿਨ੍ਹਾਂ ਨੂੰ ਗੁਰਦੇਵ ਨੇ ਨਾ ਆਪਣੀ ਬਰਾਬਰੀ ਦਿੱਤੀ ਤੇ ਨਾ ਗੁਰਬਾਣੀ ਵਜੋਂ ਪ੍ਰਵਾਣ ਹੀ ਕੀਤਾ।

ਉਪ੍ਰੰਤ ਸਬੰਧਤ ਭਗਤਾਂ ਦੀਆਂ ਸਾਰੀਆਂ ਪ੍ਰਵਾਣਤ ਰਚਨਾਵਾਂ ਦੇ ਸਿਰਲੇਖ ਹੇਠ “ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਦਰਜ ਹਨ। ਇਸ ਤਰ੍ਹਾਂ, ਇੱਕ ਤਰੀਕੇ ਨਾਲ, ਇਹ ਆਪਣੇ ਆਪ `ਚ ਗੁਰੂ ਨਾਨਕ ਪਾਤਸ਼ਾਹ ਵੱਲੋਂ ਖ਼ੁਦ ਪ੍ਰਮਾਣਤ ਕੀਤਾ ਹੋਇਆ ਹੈ ਕਿ ਇਹ ਰਚਨਾਵਾਂ ਉਨ੍ਹਾਂ ਭਗਤਾਂ ਦੇ ਉਸ ਜੀਵਨ ਨਾਲ ਸਬੰਧਤ ਹਨ ਜਦੋਂ ਉਹ ਪੂਰੀ ਤਰ੍ਹਾਂ ਇਕੋ ਇੱਕ ਇਲਾਹੀ ਸੱਚ ਧਰਮ ਦੇ ਮੁਦਈ ਬਣ ਚੁੱਕੇ ਹੋਏ ਸਨ। ਜਦੋਂ ਉਨ੍ਹਾਂ ਦੇ ਧਰਮ ਵਿਸ਼ਵਾਸ ਭਿੰਨ ਭਿੰਨ ਨਹੀਂ ਸਨ ਰਹਿ ਚੁੱਕੇ। ਉਸ ਸਮੇਂ ਉਨ੍ਹਾਂ ਦੇ ਗੁਰੂ ਵੀ ਭਿੰਨ ਭਿੰਨ ਨਹੀਂ ਸਨ ਤੇ ਸੱਚ ਧਰਮ ਦੀ ਕਸਵਟੀ `ਤੇ ਉਨ੍ਹਾਂ ਦੀ ਵਿਚਾਰਧਾਰਾ ਵੀ ਭਿੰਨ ਭਿੰਨ ਨਹੀਂ ਸੀ ਰਹਿ ਚੁੱਕੀ।

ਆਪਣੇ-ਆਪਣੇ ਜੀਵਨ ਦੀ ਅਜਿਹੀ ਸਫ਼ਲ ਅਵਸਥਾ ਨੂੰ ਪ੍ਰਾਪਤ ਕਰਣ ਤੋਂ ਬਾਅਦ ਇਹ ਸਾਰੇ ਭਗਤ ਮੂਰਤੀ ਪੂਜਾ, ਪੱਥਰ ਪੂਜਾ, ਊਚ-ਨੀਚ, ਵਰਣ ਵੰਡ, ਜਾਤਾਂ-ਪਾਤਾਂ, ਥਿਤਾਂ ਵਾਰਾਂ, ਮਨੁੱਖੀ ਵਿਤਕਰਿਆਂ, ਵਿਸ਼ਵਾਸਾਂ ਤੇ ਵਹਿਮ-ਭਰਮਾਂ, ਤੇ ਅਜਿਹੀਆਂ ਜਹਾਲਤਾਂ `ਚੋਂ ਪੂਰੀ ਤਰ੍ਹਾਂ ਉਭਰ ਚੁੱਕੇ ਹੋਏ ਸਨ। ਆਪਣੇ ਆਪਣੇ ਜੀਵਨ ਦੀ ਅਜਿਹੀ ਸਫ਼ਲ ਅਵਸਥਾ ਸਮੇਂ ਉਨ੍ਹਾਂ ਦੇ ਭਿੰਨ ਭਿੰਨ ਇਸ਼ਟ ਨਹੀਂ ਸਨ ਰਹਿ ਚੁੱਕੇ। ਇਹ ਸਾਰੇ ਸਰਵਵਿਆਪਕ ਪ੍ਰਮਾਤਮਾ ਤੇ ਨਿਰੋਲ ਅਥਵਾ ਇਕੋ ਇੱਕ ਅਕਾਲਪੁਰਖ ਦੇ ਹੀ ਉਪਾਸ਼ਕ ਬਣ ਚੁੱਕੇ ਹੋਏ ਸਨ। ਇਸ ਰੱਬੀ ਸੱਚ ਦਾ ਕਈ ਥਾਵੇਂ ਸਪਸ਼ਟ ਪ੍ਰਗਟਾਵਾ ਭਗਤ ਬਾਣੀ ਵਿੱਚੋਂ ਵੀ ਹੁੰਦਾ ਹੈ ਜਦੋ ਉਹ ਖੁਦ ਵਰਨਣ ਕਰਦੇ ਹਨ ਕਿ ਉਨ੍ਹਾਂ ਦਾ ਪਹਿਲਾ ਜੀਵਨ ਕੀ ਸੀ ਤੇ ਜੀਵਨ ਦੀ ਸਫ਼ਲ ਅਵਸਥਾ `ਚ ਆਉਣ ਤੋਂ ਬਾਅਦ ਉਨ੍ਹਾਂ ਦਾ ਜੀਵਨ ਕੀ ਹੋ ਗਿਆ ਹੈ।

ਇਸ ਤੋਂ ਵਧ, ਗੁਰਦੇਵ ਨੇ ਉਨ੍ਹਾਂ ਭਗਤਾਂ ਦੇ ਸਫ਼ਲ ਜੀਵਨ ਨਾਲ ਸਬੰਧਤ ਕੇਵਲ ਰਚਨਾਵਾਂ ਨੂੰ ਹੀ “ਆਦਿ ਗ੍ਰੰਥ” `ਚ ਸ਼ਾਮਲ ਨਹੀਂ ਕੀਤਾ ਬਲਕਿ ਉਨ੍ਹਾਂ ਰਚਨਾਵਾਂ ਦੇ ਆਤਮਕ, ਅਧਿਆਤਮਕ ਤੇ ਉੱਚਤਮ ਸਤੱਰ ਬਾਰੇ ਵੀ ਗੁਰਦੇਵ ਨੇ ਫ਼ੈਸਲਾ ਦਿੱਤਾ ਹੋਇਆ ਹੈ ਜਿਵੇਂ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ, ਰਤਨੀ ਭਰੇ ਭੰਡਾਰ” (ਪੰ: ੬੪੬)। ਇਸ ਦੇ ਅਰਥ ਹਨ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਦਰਜ ਸੰਪੂਰਨ ਬਾਣੀ ਜਿਸ `ਚ ੧੫ ਭਗਤਾਂ, ੧੧ ਭਟਾਂ ਤੇ ਤਿੰਨ ਸਿੱਖਾਂ ਦੀਆਂ ਰਚਨਾਵਾਂ ਉਪ੍ਰੰਤ ਛੇ ਗੁਰੂ ਵਿਅਕਤੀਆਂ ਦੀ ਆਪਣੀ ਰਚੀ ਹੋਈ ਬਾਣੀ ਵੀ ਦਰਜ ਹੈ; ਪਰ ਇਸ ਸਮੂਚੀ ਬਾਣੀ ਵਿਚਲੀ ਵਿਚਾਰਧਾਰਾ ਤੇ ਉਸ ਦੇ ਆਤਮਕ ਸਤੱਰ `ਚ ਕਿਸੇ ਪੱਖੋਂ ਵੀ ਅੰਤਰ ਨਹੀਂ। ਇਹ ਸੰਪੂਰਣ ਬਾਣੀ ਇਕੋ ਇੱਕ ਇਲਾਹੀ ਗੁਰੂ ਨਾਲ ਜੋੜਣ ਵਾਲੀ ਹੈ ਅਤੇ ਸਾਰੀ ਬਾਣੀ ਦਾ ਵਿਚਾਰ ਧੁਰਾ ਵੀ ਇਕੋ ਹੈ। ਇਥੇ ਲਿਖਾਰੀ ਭਾਵੇਂ ਭਿੰਨ ਭਿੰਨ ਤੇ ੩੫ ਹਨ ਪਰ ਇਸ `ਚ ਕਿਧਰੇ ਵੀ ਵਿਚਾਰ ਅੰਤਰ ਜਾਂ ਸਿਧਾਂਤ ਵਿਰੋਧ ਨਹੀਂ।

ਇਸ ਤਰ੍ਹਾਂ ਸਬੰਧਤ ਭਗਤਾਂ ਦੀਆਂ ਪ੍ਰਵਾਣਤ ਤੇ ਇਥੇ ਦਰਜ ਹੋਈਆਂ ਸਾਰੀਆਂ ਰਚਨਾਵਾਂ ਵੀ ਪੂਰੀ ਤਰ੍ਹਾਂ ਦੇ ਦਾਇਰੇ `ਚ ਹੀ ਆਉਂਦੀਆਂ ਹਨ। ਇਤਨਾ ਵਧ ਸਪਸ਼ਟ ਕੀਤਾ ਹੋਣ ਦੇ ਬਾਵਜੂਦ, ਸ਼ਰਾਰਤੀਆਂ ਨੇ ਇਨ੍ਹਾਂ ਭਗਤਾਂ ਨੂੰ ਮੂਰਤੀ ਪੂਜਕ ਤੇ ਕਰਮਕਾਂਡੀ ਦਸਣ ਲਈ ਕਿਹੜਾ ਜ਼ੋਰ ਨਹੀਂ ਲਗਾਇਆ? ਇਨ੍ਹਾਂ ਭਗਤਾਂ ਬਾਰੇ ਗੁਰਮੱਤ ਸਿਧਾਂਤਾਂ ਵਿਰੁਧ, ਕਿਹੜੀਆਂ, ਕਿਹੜੀਆਂ ਬੇਸਿਰਪੈਰ ਤੇ ਊਲ ਜਲੂਲ ਕਹਾਣੀਆਂ ਨਹੀਂ ਘੜੀਆਂ? ਹੋਰ ਤਾਂ ਹੋਰ ਇਨ੍ਹਾਂ ਦੀਆਂ ਪ੍ਰਵਾਣਤ ਰਚਨਾਵਾਂ `ਚੋਂ ਵੀ ਸ਼ਬਦ ਚੁੱਕ-ਚੁੱਕ ਕੇ ਉਨ੍ਹਾਂ ਦੇ ਉਲਟੇ ਸਿਧੇ ਗੁਰਮੱਤ ਵਿਰੁਧ ਅਰਥ ਪ੍ਰਚਲਤ ਨਹੀਂ ਕੀਤੇ? ਉਹ ਅਰਥ ਜਿਹੜੇ ਅੱਜ ਵੀ ਸਾਡੇ ਕਈ ਅਣਅਧੀਕਾਰੀ ਪ੍ਰਚਾਰਕ, ਸਾਡੀਆਂ ਹੀ ਸਟੇਜਾਂ ਤੋਂ ਲਗਾਤਾਰ ਸੰਗਤਾਂ ਨੂੰ ਸੁਣਾਈ ਜਾ ਰਹੇ ਤੇ ਗੁਮਰਾਹ ਕਰ ਰਹੇ ਹਨ।

ਅੰਦਾਜ਼ਾ ਲਗਾਉਂਦੇ ਦੇਰ ਨਹੀਂ ਲਗਦੀ, ਜੇਕਰ ਗੁਰਦੇਵ ਨੇ ਆਪ ਇਨ੍ਹਾਂ ਰਚਨਾਵਾਂ ਦੀ ਚੋਣ ਤੇ ਸੰਭਾਲ ਕਰਕੇ ਤੇ ਇਨ੍ਹਾਂ ਨੂੰ ਆਪਣੀ ਬਰਾਬਰੀ ਨਾ ਦਿੱਤੀ ਹੁੰਦੀ ਤਾਂ ਇਸ ਸੱਚ ਦੇ ਪ੍ਰਕਾਸ਼ ਨੇ ਆਪਣੇ ਅਸਲ ਸਰੂਪ `ਚ ਲੋਕਾਈ ਤੱਕ ਕਦੇ ਪੁੱਜਣਾ ਹੀ ਨਹੀਂ ਸੀ। ਇਸ ਤੋਂ ਬਾਅਦ, ਇਹ ਵੀ ਅਕਾਲਪੁਰਖ ਨੇ ਆਪ ਬਖ਼ਸ਼ਿਸ਼ ਕਰਕੇ ਇਹ ਮਾਨ, ਪੰਥ ਦੀ ਚਲਰੀ ਫ਼ਿਰਦੀ ਯੂਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀਂ ਨੂੰ ਬਖ਼ਸ਼ਿਆ, ਜਿਨ੍ਹਾਂ ਨੇ ਅਣਥਕ ਮੇਹਣਤ ਕਰਕੇ, ਕੇਵਲ ਇਨ੍ਹਾਂ ਭਗਤਾਂ ਬਾਰੇ ਹੀ ਨਹੀਂ ਬਲਕਿ ਇਨ੍ਹਾਂ ਰਾਹੀਂ ਰਚੀਆਂ ਤੇ ਪ੍ਰਵਾਣਤ ਬਾਣੀਆਂ ਬਾਰੇ ਵੀ, ਗੁਰਮੱਤ ਤੇ ਗੁਰਬਾਣੀ ਸਿਧਾਂਤ ਵਿਰੁਧ ਲਗਾਤਾਰ ਸਦੀਆਂ ਤੋਂ ਪ੍ਰਚਾਰੀਆਂ ਜਾ ਰਹੀਆਂ, ਬੇ ਸਿਰਪੈਰ ਕਹਾਣੀਆਂ ਤੋਂ ਪੰਥ ਨੂੰ ਸੁਚੇਤ ਕੀਤਾ ਤੇ ਸਾਡੇ ਗਲੋਂ ਉਤਾਰਿਆ।

“ਪੁਛਣ ਖੋਲ ਕਿਤਾਬ ਨੂੰ” -ਸੱਚ ਇਹੀ ਹੈ ਕਿ ਜੇਕਰ ਗੁਰਬਾਣੀ ਵਿਚਲੀ ਭਗਤਾਂ ਦੀ ਬਾਣੀ ਲਈ, ਗੁਰੂ ਨਾਨਕ ਪਾਤਸ਼ਾਹ ਨੇ ਦੂਰ ਦੁਰਾਡੇ ਪੁਜ ਕੇ, ਆਪ ਚੋਣ ਤੇ ਸੰਭਾਲ ਨਾ ਕੀਤੀ ਹੁੰਦੀ ਤਾਂ ਇਸ ਸੱਚ ਦੇ ਸੂਰਜ ਦਾ ਪ੍ਰਕਾਸ਼ ਕਦੇ ਹੋਣਾ ਵੀ ਨਹੀਂ ਸੀ। ਇਹ ਅਤਿ-ਕੱਥਨੀ ਨਹੀਂ ਬਲਕਿ ਇਸ ਸਚਾਈ ਦੇ ਅਨੇਕਾਂ ਤੇ ਭਿੰਨ ਭਿੰਨ ਸਬੂਤ ਵੀ ਪ੍ਰਾਪਤ ਹਨ। ਭਾਈ ਗੁਰਦਾਸ ਜੀ ਦੀਆਂ ਰਚਨਾਵਾਂ `ਚ “ਆਸਾ ਹੱਥ ਕਿਤਾਬ ਕੱਛ” ਅਤੇ “ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ” (ਭਾ: ਗੁ: ੧/੩੨, ੩੩) ਦੇ ਇਤਿਹਾਸਕ ਪ੍ਰਮਾਣ ਹਨ ਜੋ ਦਸਦੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਆਪਣੇ ਪਾਸ ਸਦਾ ਇੱਕ ਕਿਤਾਬ ਰਖਦੇ ਸਨ। ਇਸ ਕਿਤਾਬ `ਚ ਆਪ ਕੀ ਸੰਭਾਲਦੇ ਸਨ? ਗੁਰਬਾਣੀ ਵਿੱਚੋਂ ਅਨੇਕਾਂ ਪ੍ਰਮਾਣ ਮਿਲਦੇ ਹਨ ਕਿ ਇਸ ਕਿਤਾਬ `ਚ ਉਨ੍ਹਾਂ ਦੀਆਂ ਆਪਣੀਆਂ ਤੇ ਉਨ੍ਹਾਂ ਰਾਹੀਂ ਇਕਤ੍ਰ ਕੀਤੀਆਂ ਭਗਤਾਂ ਦੀਆਂ ਰਚਨਾਵਾਂ ਵੀ ਸੰਭਾਲੀਆਂ ਹੁੰਦੀਆਂ ਸਨ। ਇਸ ਦੇ ਨਾਲ ਗੁਰਬਾਣੀ `ਚੋ ਵੀ ਬੇਅੰਤ ਸਬੂਤ ਦਿੱਤੇ ਜਾ ਸਕਦੇ ਹਨ ਕਿ ਭਗਤਾਂ ਦੀਆਂ ਰਚਨਾਵਾਂ ਨੂੰ, ਪਹਿਲੇ ਜਾਮੇ `ਚ ਹੀ ਗੁਰੂ ਨਾਨਕ ਪਾਤਸ਼ਾਹ ਨੇ ਆਪ, ਆਪਣੇ ਕੋਲ ਕੇਵਲ ਸੰਭਾਲਿਆ ਹੀ ਨਹੀਂ ਬਲਕਿ ਉਨ੍ਹਾਂ ਨੂੰ ਆਪਣੀ ਬਰਾਬਰੀ ਵੀ ਦਿੱਤੀ।

ਇਸ ਤਰ੍ਹਾਂ ਦੇਸ਼ ਵਿਦੇਸ਼ਾਂ ਦੇ ਪ੍ਰਚਾਰ ਦੌਰਿਆਂ (ਉਦਾਸੀਆਂ) ਸਮੇਂ ਆਪਣੀ ਰਚੀ ਹੋਈ ਬਾਣੀ ਦੇ ਨਾਲ ਨਾਲ, ਭਗਤਾਂ ਦੀਆਂ ਇਹ ਰਚਨਾਵਾਂ ਵੀ ਹਰ ਸਮੇਂ ਉਨ੍ਹਾਂ ਕੋਲ ਹੁੰਦੀਆਂ ਤੇ ਉਸੇ ਕਿਤਾਬ `ਚ ਦਰਜ ਕੀਤੀਆਂ ਹੁੰਦੀਆਂ ਸਨ। ਉਸ ਕਿਤਾਬ `ਚ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਦੀਆਂ ਵਾਰਾਂ `ਚ ਆ ਚੁੱਕਾ ਹੈ। ਜਿਸ ਬਾਰੇ ਭਾਈ ਸਾਹਿਬ ਕਹਿ ਰਹੇ ਹਨ “ਆਸਾ ਹੱਥ ਕਿਤਾਬ ਕੱਛ” ਅਤੇ “ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ” (ਭਾ: ਗੁ: ੧/੩੨, ੩੩। ਉਹ ਕਿਤਾਬ ਜਿਸ ਦਾ ਪੁਰਾਤਨ ਜਨਮ ਸਾਖੀ `ਚੋਂ ਵੀ ਇਸ ਤਰ੍ਹਾਂ ਸਬੂਤ ਮਿਲਦਾ ਹੈ। ਉਹ ਸਬੂਤ ਜੋ ਗੁਰੂ ਨਾਨਕ ਪਾਤਸ਼ਾਹ ਰਾਹੀਂ ਉਸ ਸਮੇ ਭਾਈ ਲਹਿਣਾ ਭਾਵ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੂੰ ਗੁਰਗਦੀ ਸੋਂਪਣਾ ਵਾਲੇ ਸਮੇਂ ਨਾਲ ਸਬੰਧਤ ਹੈ। ਲਫ਼ਜ਼ ਹਨ “ਤਿਤ ਮਹਿਲ ਜੋ ਸ਼ਬਦ ਹੋਆ, ਸੋ ਪੋਥੀ ਗੁਰ ਅੰਗਦ ਯੋਗ ਮਿਲੀ”।

ਉਪ੍ਰੰਤ ਇਹ ਰਚਨਾਵਾਂ ਦੂਜੇ ਤੋਂ ਤੀਜੇ, ਤੀਜੇ ਤੋਂ ਚੌਥੇ ਇਸ ਤਰ੍ਹਾਂ ਦਰਜਾ ਬਦਰਜਾ ਆਦਿ ਬੀੜ ਦੀ ਸੰਪਾਦਨਾ ਤੇ ਉਸ ਨੂੰ ਤਰਤੀਬ ਦੇਣ ਸਮੇਂ ਪੰਜਵੇਂ ਪਾਤਸ਼ਾਹ ਕੋਲ ਪੁਜੀਆਂ ਹੋਈਆਂ ਸਨ ਜਿਸ ਬਾਰੇ ਪੰਜਵੇਂ ਪਾਤਸ਼ਾਹ ਦਾ ਆਪਣਾ ਫ਼ੁਰਮਾਨ ਹੈ ਜਿਵੇਂ “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ ੧ ॥ ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ ੨ ॥ ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥ ੩ ॥ ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥ ਸੁ ਏਤੁ ਖਜਾਨੈ ਲਇਆ ਰਲਾਇ”॥  ॥ ੩੧ ॥ ੧੦੦ ॥ (ਪੰ: ੧੮੬) ਅਤੇ ਇਸ ਸ਼ਬਦ ਦਾ ਅਰੰਭ ਹੈ “ਗਉੜੀ ਗੁਆਰੇਰੀ ਮਹਲਾ ੫॥ ਹਮ ਧਨਵੰਤ ਭਾਗਠ ਸਚ ਨਾਇ॥ ਹਰਿ ਗੁਣ ਗਾਵਹ ਸਹਜਿ ਸੁਭਾਇ॥ ੧ ॥ ਰਹਾਉ॥”। ਫ਼ਿਰ ਵੀ ਮੂਲ ਵਿਸ਼ੇ ਤੋਂ ਹੱਟ ਕੇ ਇਸ ਪਾਸੇ ਇਹ ਕੇਵਲ ਇੱਕ ਜ਼ਰੂਰੀ ਝਾਤ ਹੀ ਹੈ।

ਇਸ ਤਰ੍ਹਾਂ ਸਪਸ਼ਟ ਹੈ ਕਿ ਜੇ ਗੁਰੂ ਨਾਨਕ ਪਾਤਸ਼ਾਹ ਇਨ੍ਹਾਂ ਰਚਨਾਵਾਂ ਨੂੰ ਆਪਣੀ ਬਰਾਬਰੀ ਵਾਲਾ ਸਤਿਕਾਰ ਦੇ ਕੇ ਗੁਰਬਾਣੀ ਖਜ਼ਾਨੇ `ਚ ਆਪ ਨਾ ਸੰਭਾਲਦੇ ਤਾਂ ਯਕੀਨਣ ਅੱਜ ਉਹ ਰਚਨਾਵਾਂ ਵੀ, ਮਨੁਖਤਾ ਨੂੰ ਆਪਣੇ ਅਸਲੀ ਤੇ ਚੋਣਵੇਂ ਰੂਪ `ਚ ਕਿਸੇ ਤਰ੍ਹਾਂ ਵੀ ਪ੍ਰਾਪਤ ਨਹੀਂ ਸਨ ਹੋ ਸਕਦੀਆਂ। ਇਸ ਤਰ੍ਹਾਂ ਉਨ੍ਹਾਂ ਦੀ ਹੋਂਦ ਹੁੰਦੇ ਹੋਏ ਵੀ ਮਨੁੱਖ ਸਮਾਜ ਉਨ੍ਹਾਂ ਰਚਨਾਵਾਂ ਦੀ ਆਤਮਕ ਉੱਚਤਾ ਦੀ ਪਹਿਚਾਣ ਤੇ ਉਨ੍ਹਾਂ ਦਾ ਲਾਭ ਕਦੇ ਨਾ ਲੈ ਸਕਦਾ।

ਅਜੋਕੇ ਸਰਬ ਧਰਮ ਸਮੇਲਨ ਤੇ ਸ਼ਾਂਝੀਵਾਲਤਾ? -ਜਿਸ ਜੁਗ `ਚੋਂ ਅਸੀਂ ਲੰਙ ਰਹੇ ਹਾਂ, ਸਮੇਂ ਦੀ ਵੱਡੀ ਲੋੜ ਹੈ, ਹਰੇਕ ਧਰਮ ਵਿਸ਼ਵਾਸ ਵਾਲਾ ਮਨੁੱਖ, ਦੂਜੇ ਦੇ ਧਰਮ ਨੂੰ ਸਮਝੇ ਅਤੇ ਇਸ ਤਰ੍ਹਾਂ ਮਨੁੱਖ, ਮਨੁੱਖ ਵਿਚਾਲੇ ਨੇੜਤਾ ਤੇ ਭਾਈਚਾਰਾ ਪੈਦਾ ਹੋਵੇ। ਸ਼ਾਇਦ ਇਹੀ ਕਾਰਨ ਹੈ, ਜਿਸ ਪਾਸੇ ਨਜ਼ਰ ਮਾਰੋ! ਸੰਸਾਰ ਭਰ `ਚ ਸਰਬ-ਧਰਮ-ਸਮੇਲਨਾ ਦਾ ਹੱੜ ਆਇਆ ਪਿਆ ਹੈ। ਦੇਸ਼-ਵਿਦੇਸ਼ ਦੇ ਬਹੁਤੇਰੇ ਅਜਿਹੇ ਸਮੇਲਨ ਵੀ ਹਨ ਜਿਨ੍ਹਾਂ ਲਈ ਦਾਸ ਨੂੰ ਵੀ ਕਈ ਵਾਰ ਸੱਦਾ ਪਤ੍ਰ ਮਿਲੇ, ਕਈ ਸਮੇਲਨਾ `ਚ ਦਾਸ ਨੇ ਸਬੰਧਤ ਵਿਸ਼ੇ `ਤੇ ਆਪਣੇ ਪੇਪਰ ਪੜ੍ਹੇ ਤੇ ਕਈਆਂ `ਚ ਲੈਕਚਰ ਵੀ ਦਿੱਤੇ। ਇਸ ਦੇ ਬਾਵਜੂਦ ਇਹ ਕਹਿਣਾ ਪਵੇਗਾ ਕਿ ਕਿਧਰੇ ਵੀ ਗੱਲ ਬਣਦੀ ਨਜ਼ਰ ਨਹੀਂ ਆਈ। “ਮਰਜ਼ ਬੜ੍ਹਤਾ ਗਿਆ ਜਿਉਂ ਜਿਉਂ ਦਵਾ ਕੀ” ਦੀ ਨਿਆਂਈ ਇਹ ਤਾਂ ਉਲਟਾ, ਇਉਂ ਹੋ ਰਿਹਾ ਹੈ ਜਿਵੇਂ ਦਿਨ-ਬ-ਦਿਨ ਹਾਲਤ, ਸੁਧਰਨ ਦੀ ਬਜਾਏ ਬੱਦਤਰ ਹੁੰਦੀ ਜਾ ਰਹੀ ਹੋਵੇ। ਆਖਿਰ ਇਸਦਾ ਕਾਰਨ ਕੀ ਹੈ? ਮੇਹਣਤ ਬਹੁਤ ਹੋ ਰਹੀ ਹੈ ਫ਼ਿਰ ਵੀ ਮਨੁਖੀ ਸਾਂਝੀਵਾਲਤਾ ਨਹੀਂ ਬਲਕਿ ਮਨੁੱਖ-ਮਨੁੱਖ ਵਿਚਕਾਰ ਬਖੇੜੇ ਤੇ ਫ਼ਾਸਲੇ ਹੀ ਵਧਦੇ ਜਾ ਰਹੇ ਹਨ। ਕਈ ਵਾਰ ਤਾਂ ਇਉਂ ਹੋ ਰਿਹਾ ਜਿਵੇਂ ਸੰਸਾਰ ਤੱਲ `ਤੇ ਮਨੁੱਖਾ ਨਸਲ ਨੂੰ ਹੀ ਨੇਸਤੋਂ ਨਾਬੂਦ ਕਰਣ ਦੇ ਸਾਧਨ ਵਧਾਏ, ਜੁਟਾਏ ਤੇ ਪੈਦਾ ਕੀਤੇ ਜਾ ਰਹੇ ਹਨ।

ਇਸ ਦਾ ਕਾਰਨ ਹੈ ਕਿ ਅਸੀਂ ਚਾਹੁੰਦੇ ਤਾਂ ਹਾਂ ਕਿ ਭਿੰਨ ਭਿੰਨ ਧਰਮਾਂ ਦੇ ਲੋਕਾਂ ਵਿਚਕਾਰ ਆਪਸੀ ਮੇਲਜੋਲ `ਤੇ ਪਿਆਰ ਵੱਧੇ ਪਰ ਇਸਦਾ ਸਾਡੇ ਕੋਲ ਕੋਈ ਹੱਲ ਹੈ ਹੀ ਨਹੀਂ ਅਤੇ ਕੇਵਲ ਹਨੇਰੇ `ਚ ਹੀ ਟੱਕਰਾਂ ਮਾਰ ਰਹੇ ਹਾਂ। ਆਓ! ਸੱਚਾਈ ਵਲ ਟੁਰਣ ਲਈ ਥੋੜਾ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਣ `ਚ ਆਵੀਏ। ਗੁਰਦੇਵ ਦੀ ਗੋਦ `ਚ ਬੈਠ ਕੇ, ਸੰਸਾਰ ਤੱਲ ਦੇ ਇਸ ਭਿਅੰਕਰ ਮੱਸਲੇ ਦਾ ਹਲ ਉਨ੍ਹਾਂ ਕੋਲੋਂ ਪੁਛੀਏ, ਗੱਲ ਆਪੇ ਬਣ ਜਾਵੇਗੀ। ਅਸੀਂ ਕਿਸੇ ਵੀ ਧਰਮ ਵਿਸ਼ਵਾਸ ਨਾਲ ਸਬੰਧ ਰਖਦੇ ਹੋਵੀਏ, ਫ਼ਿਰ ਵੀ ਆਓ! ਤੇ ਇੱਕ ਵਾਰੀ ਗੁਰਦੁਆਰੇ ਜਾ ਕੇ, ਉਥੇ ਰੋਜ਼ਾਨਾ ਪ੍ਰਭੂ ਦੇ ਚਰਣਾਂ `ਚ ਹੋ ਰਹੀ ਅਰਦਾਸ ਦੇ ਆਖਰੀ ਲਫ਼ਜ਼ਾਂ ਵੱਲ ਧਿਆਨ ਦੇਵੀਏ। ਅਰਦਾਸ ਦੇ ਅੰਤਮ ਲਫ਼ਜ਼ ਹੁੰਦੇ ਹਨ “ਨਾਨਕ ਨਾਮ ਚੜ੍ਹਦੀ ਕਲਾ, ਤੇਰੈ ਭਾਣੇ ਸਰਬਤ ਦਾ ਭਲਾ”

ਇਨ੍ਹਾਂ ਚਾਰ ਲਫ਼ਜ਼ਾਂ ਦੀ ਅਸਲੀਅਤ ਸਮਝਾਂਗੇ ਤਾ ਗੱਲ ਆਪਣੇ ਆਪ ਬਣੀ ਬਣਾਈ ਮਿਲ ਜਾਵੇਗੀ। ਉਹੀ ਗੱਲ ਜਿਸ ਨੂੰ ਅੱਜ ਸੰਸਾਰ ਢੂੰਡ ਰਿਹਾ ਹੈ। ਇਥੇ ਤਾਂ ਪ੍ਰਭੂ ਦੇ ਚਰਨਾਂ `ਚ ਅਰਦਾਸ ਹੀ ਚੜ੍ਹਦੀ ਕਲਾ ਲਈ ਹੋ ਰਹੀ ਹੈ। ਫ਼ਿਰ ਉਹ ਚੜ੍ਹਦੀ ਕਲਾ, ਕਿਸੇ ਧਰਮ ਵਿਸ਼ੇਸ਼ ਜਾਂ ਮਨੁੱਖ ਦੀ ਨਹੀਂ, ਬਲਕਿ ਸਾਰੇ ਸੰਸਾਰ ਦੀ। ਇਸਦੇ ਨਾਲ ਹੀ ਅਕਾਲਪੁਰਖ ਤੋਂ ਭਲਾ ਮੰਗਿਆ ਜਾ ਰਿਹਾ ਹੁੰਦਾ ਹੈ ਤਾਂ ਉਹ ਵੀ ਕੁੱਝ ਲੋਕਾਂ ਜਾਂ ਕਿਸੇ ਖਾਸ ਧਰਮ ਵਿਸ਼ੇਸ਼ ਨੂੰ ਮੰਨਣ ਵਾਲਿਆਂ ਦਾ ਨਹੀਂ ਬਲਕਿ ‘ਸਰਬਤ ਦਾ’। ਸਰਬਤ ਭਾਵ ਬਿਨਾ ਵਿੱਤਕਰਾ ਬ੍ਰਹਾਮਣ, ਸ਼ੂਦਰ, ਇਸਤ੍ਰੀ, ਪੁਰਖ, ਗੋਰਾ-ਕਾਲਾ, ਜੁਆਨ-ਬਿਰਧ, ਦੇਸੀ-ਵਿਦੇਸ਼ੀ ਸੰਸਾਰ ਭਰ ਦੇ ਲੋਕਾਂ ਦਾ ‘ਭਲਾ’। ਸਰਬਤ ਭਾਵ ਜਿੱਥੇ ਕੇਵਲ ਤੇ ਕੇਵਲ ਤੇ ਕੇਵਲ ਗੁਰਬਾਣੀ ਰਾਹੀਂ ਬਖ਼ਸ਼ਿਆ ਹੋਇਆ “ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ” (ਪੰ: ੧੨੯੯) ਵਾਲਾ ਸਿਧਾਂਤ ਹੀ ਕੰਮ ਕਰਦਾ ਹੈ ਦੂਜਾ ਨਹੀਂ। ਇਸ ਤੋਂ ਵਧ ਕਿ ‘ਸਰਬਤ ਦਾ ਭਲਾ’ ਵੀ ਪ੍ਰਭੂ ਦੇ ਚਰਨਾਂ `ਚ ਅਰਦਾਸ ਕਰਕੇ ਮੰਗਿਆ ਜਾਂਦਾ ਹੈ। ਗਹਿਰਾਈ `ਚ ਜਾਵੋ ਤਾਂ ਅਸਲ `ਚ ਇਸ ਭਿਅੰਕਰ ਮਸਲੇ ਦਾ ਹੱਲ ਹੈ ਹੀ ਕੇਵਲ ਗੁਰਬਾਣੀ ਪਾਸ, ਕਿਸੇ ਹੋਰ ਪਾਸ ਹੈ ਹੀ ਨਹੀਂ। #154-IIs011.03.011# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 154-II

ਸਾਂਝੀਵਾਲਤਾ ਦਾ ਪੈਗ਼ਾਮ ਹੈ

ਸਿੱਖ ਧਰਮ (ਭਾਗ ੨)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.