.

ੴਸਤਿਨਾਮ

ਹਰਿ ਠਗ ਜਗ ਕਉ ਠਗਉਰੀ ਲਾਈ

ਹਰਿ ਠਗ ਜਗ ਕਉ ਠਗਉਰੀ ਲਾਈ ਕੀ ਇਸ ਪੰਗਤੀ ਦੇ ਅਰਥ ਕਰਨ ਦੀ, ਜਾਂ ਸਮਝਣ ਸਮਝਾਉਣ ਦੀ ਕੋਈ ਜਰੂਰਤ ਹੈ। ਬਹੁਤੇ ਸਵਾਲ ਐਸੇ ਹਨ, ਜਿੰਨਾਂ ਦੇ ਹੱਲ ਵਾਸਤੇ, ਬਾਣੀਂ ਦੀ ਸਿਰਫ ਇੱਕ ਕੜੀ ਹੀ ਕਾਫੀ ਹੁੰਦੀ ਹੈ। ਪਰ ਇਹ ਸਿਰਫ ਉਹਨਾਂ ਵਾਸਤੇ ਹੈ, ਜਿੰਨ੍ਹਾਂ ਨੇਂ ਗੁਰਬਣੀਂ ਨੂੰ ਸੱਚ ਕਰਕੇ ਮੰਨਣਾਂ ਹੋਵੇ। ਸੋਚ ਸੋਚ ਕੇ ਕਦੇ ਕਦੇ ਮੇਰੇ ਮਨ ਵਿੱਚ ਸ਼ੱਕ ਪੈਦਾ ਹੁੰਦਾ ਹੈ, ਸਾਰੀ ਸਿੱਖ ਕੌਮ ਵਿਚੋਂ ਕੋਈ ਐਸਾ ਵੀ ਹੈ, ਜੋ ਬਾਣੀਂ ਨੂੰ ਮੰਨਦਾ ਹੋਵੇ। ਖਾਸ ਕਰ ਪੜ੍ਹਿਆ ਲਿਖਿਆ ਤਬਕਾ, (ਜੇ ਇਹਨਾਂ ਦੀਆਂ ਲਿਖਤਾਂ ਦੀ ਗਵਾਹੀ ਲਈਏ) ਤਾਂ ਇੰਜ ਲੱਗਦਾ ਹੈ, ਜਿਵੇਂ ਇਹ ਬਾਣੀਂ ਨੂੰ ਬਿਲਕੁਲ ਕੁਲ ਹੀ ਨਹੀਂ ਮੰਨਦਾ।

ਇਹੁ ਜਗੁ ਭਰਮਿ ਭੁਲਾਇਆ ਮੋਹ ਠਗਉਲੀ ਪਾਇ॥ ਜਿਨਾ ਸਤਿਗੁਰੁ ਭੇਟਿਆ ਤਿਨ ਨੇੜਿ ਨ ਭਿਟੈ ਮਾਇ॥ ੨੩੩

ਅਰਥ ਤਾਂ ਇਸ ਪੰਗਤੀ ਦੇ ਵੀ ਕਰਨ ਦੀ ਕੋਈ ਜਰੂਰਤ ਨਹੀਂ ਜਾਪਦੀ, ਫਿਰ ਵੀ ਪਤਾ ਨਹੀ ਕਿਉਂ ਸਾਨੂੰ ਬਾਣੀਂ ਦੀ ਸਮਝ ਨਹੀਂ ਲੱਗਦੀ! ਸਮਝ ਤਾਂ ਲੱਗਦੀ ਹੈ, ਪਰ ਗੁਰੂ ਦਾ ਆਖਿਆ ਬਚਨ ਸੁਖਾਂਦਾ ਨਹੀਂ ਹੈ। ਸਤਿਗੁਰ ਕਾ ਆਖਿਆ ਸੁਖਾਵੈ ਨਾਹੀ॥ ਬਾਣੀਂ ਦੱਸਦੀ ਹੈ, ਕਿ ਕੋਈ ਇੱਕ ਨਹੀਂ, ਹਰੀ ਨੇਂ ਸਾਰੇ ਦੇ ਸਾਰੇ ਹੀ ਜੱਗ ਨੂੰ ਠੱਗਿਆ ਹੋਇਆ ਹੈ, ਅਤੇ ਭਰਮਾਂ ਵਿੱਚ ਪਾਇਆ ਹੋਇਆ ਹੈ। ਪਰ ਅਸੀਂ ਕਹਿੰਦੇ ਹਾਂ ਕੇ ਬ੍ਰਾਹਮਣਾਂ ਨੇਂ ਭਰਮ ਪੈਦਾ ਕੀਤੇ ਹਨ, ਬ੍ਰਾਹਮਣ ਤਾਂ ਵਿਚਾਰੇ ਖੁਦ ਵੀ, ਸਾਡੇ ਨਾਲ ਹੀ ਸਾਡੇ ਵਾਂਗ ਭਰਮਾਂ ਵਿੱਚ ਪਏ ਹੋਇ ਹਨ। ਉਹਨਾਂ ਨੇਂ ਸਾਨੂੰ ਭਰਮਾਂ ਵਿੱਚ ਕੀ ਪਾਉਣਾਂ ਹੈ। ਗੁਰੂ ਨਾਨਕ ਜੀ ਨੇਂ ਜਿੰਨ੍ਹਾਂ ਜਿੰਨ੍ਹਾਂ ਨੂੰ ਭਰਮਾਂ ਵਿਚੋਂ ਕਢਿਆ ਸੀ, ਉਹਨਾਂ ਵਿਚੋਂ ਕਾਫੀ ਗਿਣਤੀ ਬ੍ਰਾਹਮਣਾਂ ਦੀ ਵੀ ਸੀ। (ਬਾਣੀਂ ਦਾ ਕਹਿਣਾਂ ਸੱਚ ਹੈ ਜਾਂ ਸਾਡਾ) ਬਾਣੀਂ ਦੱਸਦੀ ਹੈ ਅਜੇਹੇ ਲੋਗ ਜੋ ਕਿਸੇ ਬੰਦੇ ਦਾ ਦੋਸ਼ ਕੱਢਦੇ ਹਨ, ਉਹ ਸਾਡੇ ਅਤੇ ਤੁਹਾਡੇ ਨਾਲ ਝੂਠ ਬੋਲਦੇ ਹਨ। ਹਮ ਤੁਮ ਸੰਗਿ ਝੂਠੇ ਸਭਿ ਬੋਲਾ॥ ਪਾਇ ਠਗਉਰੀ ਆਪਿ ਭੁਲਾਇਓ। ਇਹ ਤਾਂ ਹਰੀ ਦੀ ਠੱਗੀ ਹੈ, ਹਰੀ ਨੇਂ ਆਪ ਹੀ ਇਹ ਭੁਲੇਖਾ ਪਾਇਆ ਹੋਇਆ ਹੈ। ਕੀ ਬਾਣੀਂ ਝੂਠ ਕਹਿ ਰਹੀ ਹੈ? ? ।

ਅੱਗੇ ਸ੍ਰੀ ਗੁਰੂ ਅਰਜਨ ਦੇਵ ਜੀ, ਆਪਣੀਂ ਬਾਣੀਂ ਵਿਚ, ਵੀ ਇਸੇ ਹੀ ਗੱਲ ਦੀ ਪੁਸ਼ਟੀ ਕਰਦੇ ਹਨ।

ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ॥ ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ॥ ੨॥ ੬੭੩

ਗੁਰੂ ਜੀ ਕਹਿੰਦੇ ਹਨ, ਜਿਹੋ ਜਿਹੀ ਠੱਗੀ ਹਰੀ ਨੇਂ ਕੀਤੀ ਹੈ ਸਾਰੇ ਜੱਗ ਨਾਲ, ਐਸੀ ਠੱਗੀ, ਨਾਂ ਤਾਂ ਅਸੀਂ ਕਿਤੇ ਸੁਣੀਂ ਹੈ, ਅਤੇ ਨਾਂ ਹੀ ਅਸੀਂ ਕਿਤੇ ਇਹਨਾਂ ਅੱਖਾਂ ਨਾਲ ਵੇਖੀ ਹੈ। ਠੱਗੀ ਵੀ ਐਸੀ, ਭੁਲਾਉਣ ਵਾਲੀ ਠੱਗੀ, ਐਸੀ ਗੁਪਤ ਠੱਗੀ, ਐਸੀ ਭਰਮਾਉਣ ਵਾਲੀ ਠੱਗੀ, ਕਿ ਇਹ ਠੱਗੀ ਸਾਰਿਆਂ ਨੂੰ ਹੀ ਮਿੱਠੀ ਲੱਗਦੀ ਹੈ, ਇੱਕ ਇੱਕ ਕਦਮ ਤੇ ਲੱਖ ਲੱਖ ਠੱਗੀ ਹੈ, ਸਾਰਾ ਹੀ ਜਗਤ ਠੱਗਿਆ ਪਿਆ ਹੈ ਮਃ ੧॥ ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥ ਸੰਸਾਰ ਦੇ ਸਾਰੇ ਜੀਵ ਭਰਮਾਉਣ ਵਾਲੀਆਂ ਐਸੀਆਂ ਠੱਗੀਆਂ ਦੇ ਜਾਲ ਵਿੱਚ ਫਸੇ ਹੋਇ ਹਨ। ਇਹ ਠੱਗੀਆਂ ਦਾ ਜਾਲ ਕਿਸ ਨੇਂ ਬਨਾਇਆ ਹੈ, ਕੀ ਬ੍ਰਾਹਮਣਾਂ ਨੇ? ।

ਪਉੜੀ॥ ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ॥ ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ॥ ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ॥ ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ॥ (੧੩੮

ਸਭੁ ਜਗੁ ਠਗਿਓ ਠਗਿ ਆਈਐ ਜਾਈਐਵੇਖ ਲਵੋ ਇਹ ਸਾਰਾ ਜੱਗ ਕਿਸ ਨੇਂ ਠੱਗਿਆ ਹੈ। ਅਤੇ ਅਸੀਂ ਜੁੰਮੇਂ ਕਿਸ ਦੇ ਲਾਉਂਦੇ ਹਾਂ। ਪਰ ਗੁਰਬਾਣੀਂ ਦਾ ਇਹ ਸੱਚ, ਗੁਰੂ ਦਾ ਇਹ ਬਚਨ, ਨਾਂ ਜਾਣੇਂ ਕਿੰਨਾਂ ਕੌੜਾ ਲੱਗਦਾ ਹੋਵੇ ਗਾ ਕਈਆਂ ਨੂੰ। ਫਿਰ ਵੀ ਠੱਗੀ ਤਾਂ ਠੱਗੀ ਹੀ ਹੁੰਦੀ ਹੈ, ਕੀ ਅਸੀਂ ਇਸ ਠੱਗੀ ਤੋਂ ਬਚਨ ਦੀ ਜਰੂਰਤ, ਸਮਝੀ ਹੈ ਕਦੇ। ਕੀ ਕੋਈ ਯਤਨ ਕੀਤਾ ਹੈ ਕਦੇ, ਆਪਣੇਂ ਬਚਾਉ ਦਾ। ਠੱਗੀ ਭਾਵੇਂ ਕੈਸੀ ਵੀ ਹੋਵੇ, ਠੱਗੀ ਤੋਂ ਬਚਨ ਵਾਸਤੇ ਠੱਗ ਦੀ ਪਹਿਚਾਨ ਬਹੁਤ ਜਰੂਰੀ ਹੁੰਦੀ ਹੈ।

ਠਠਾ ਇਹੈ ਦੂਰਿ ਠਗ ਨੀਰਾ॥ ਨੀਠਿ ਨੀਠਿ ਮਨੁ ਕੀਆ ਧੀਰਾ॥ ਜਿਨਿ ਠਗਿ ਠਗਿਆ ਸਗਲ ਜਗੁ ਖਾਵਾ॥ ਸੋ ਠਗੁ ਠਗਿਆ ਠਉਰ ਮਨੁ ਆਵਾ॥ ੧੮॥ ਡਡਾ ਡਰ ਉਪਜੇ ਡਰੁ ਜਾਈ॥ ਤਾ ਡਰ ਮਹਿ ਡਰੁ ਰਹਿਆ ਸਮਾਈ॥ ਜਉ ਡਰ ਡਰੈ ਤਾ ਫਿਰਿ ਡਰੁ ਲਾਗੈ॥ ਨਿਡਰ ਹੂਆ ਡਰੁ ਉਰ ਹੋਇ ਭਾਗੈ॥ ੧੯॥ ਢਢਾ ਢਿਗ ਢੂਢਹਿ ਕਤ ਆਨਾ॥ ਢੂਢਤ ਹੀ ਢਹਿ ਗਏ ਪਰਾਨਾ॥ ਚੜਿ ਸੁਮੇਰਿ ਢੂਢਿ ਜਬ ਆਵਾ॥ ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ॥ ੨੦॥ ੩੪੧ ਬਾਵਨ ਅਖਰੀ ਕਬੀਰ ਜੀ

ਜੋ ਵੀ ਅਸੀਂ ਅੱਖਾਂ ਨਾਲ ਵੇਖਦੇ ਹਾਂ, ਸੱਭ ਠੱਗੀ ਹੈ ਧੋਖਾ ਹੈ। ਇਹ ਠੱਗੀ ਨੂੰ ਸਾਰਾ ਸੰਸਾਰ ਸੱਚ ਕਰਕੇ ਮੰਨੀ ਬੈਠਾ ਹੈ। ਜਿਸ ਤਰਾਂ ਦੂਰੋਂ ਦੇਖਿਆਂ ਗਰਮ ਰੇਤ ਪਾਣੀਂ ਦਾ ਭੁਲੇਖਾ ਪਾਉਂਦੀ ਹੈ। ਅਤੇ ਮਾਰੂਥਲ ਦਾ ਰਾਹੀ ਪਾਣੀਂ ਸਮਝ ਕੇ ਉਧਰ ਜਾਂਦਾ ਹੈ, ਪਰ ਉਹ ਠਗ ਪਾਣੀਂ (ਠਗ ਨੀਰਾ) ਹੋਰ ਅਗੇ ਚਲਾ ਜਾਂਦਾ ਹੈ। ਇਸੇ ਤਰਾਂ ਸਾਰਾ ਹੀ ਸੰਸਾਰ ਠੱਗੀਆਂ ਦੇ ਮੋਹ ਪਿੱਛੇ ਦੌੜ ਰਿਹਾ ਹੈ। ਅਤੇ ਅਖੀਰ ਮਾਰੂਥਲ ਦੇ ਰਾਹੀ ਵਾਂਗ ਭੁਖਾ ਪਿਆਸਾ ਨੰਗਾ ਹੋ ਕੇ ਨਰਕ ਨੂੰ ਚਲਾ ਜਾਂਦਾ ਹੈ। μਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ॥ ਸੱਭ ਕੁੱਝ ਇਥੇ ਦਾ ਇਥੇ ਹੀ ਰਹਿ ਜਾਣਾਂ ਹੈ। ਅਤੇ ਜਮਾਂ ਨੇਂ ਨੰਗਾ ਕਰ ਕੇ ਮਾਰਨਾਂ ਹੈ।

ਗੁਰੂ ਜੀ (ਕਬੀਰ ਜੀ) ਦੱਸਦੇ ਹਨ, ਪਰ ਅਸੀਂ ਚੰਗੀ ਤਰਾਂ ਨੀਝ ਲਾ ਕੇ ਵੇਖਿਆ, ਕਿ ਇਹ ਜਗ ਤਾਂ ਛਲਾਵਾ ਹੈ। ਅਤੇ ਆਪਣੇਂ ਮਨ ਨੂੰ ਧੀਰਜ ਦੇ ਕੇ ਸਮਝਾ ਲਿਆ। ਅਤੇ ਜਿਸ ਠੱਗ ਨੇਂ ਸਾਰਾ ਹੀ ਸੰਸਾਰ ਠੱਗ ਖਾਦਾ ਸੀ। ਜਿਨਿ ਠਗਿ ਠਗਿਆ ਸਗਲ ਜਗੁ ਖਾਵਾ॥ ਅਸੀਂ ਉਸ ਠੱਗ ਨੂੰ ਵੀ ਠੱਗ ਲਿਆ, ਅਤੇ ਸਾਡੇ ਮਨ ਨੂੰ ਠਉਰ ਮਿਲ ਗਈ ਮਨ ਟਿਕ ਗਿਆ। ਸੋ ਠਗੁ ਠਗਿਆ ਠਉਰ ਮਨੁ ਆਵਾ॥ ੧੮॥ ਕਬੀਰ ਸਾਹਿਬ ਜੀ ਇੱਕ ਹੋਰ ਜਗਹਾ ਵੀ ਲਿਖਦੇ ਹਨ ਕਹਿ ਕਬੀਰ ਠਗ ਸਿਉ ਮਨੁ ਮਾਨਿਆ॥ ਗਈ ਠਗਉਰੀ ਠਗੁ ਪਹਿਚਾਨਿਆ॥ (੩੩੧) ਠੱਗ ਦੀ ਪਹਿਚਾਨ ਹੋ ਗਈ ਠੱਗ ਪਕੜਿਆ ਗਿਆ, ਫਿਰ ਉਸ ਦੀ ਠੱਗੀ ਫੇਲ ਹੋ ਗਈ। (ਸਾਈ ਬੁੱਲ੍ਹੇ ਸ਼ਾਹ ਜੀ ਵੀ ਲਿਖਦੇ ਹਨ “ਚੋਰੀ ਕਰ ਤੇ ਭੰਨ ਘਰ ਰੱਬ ਦਾ, ਤੇ ਠੱਗਾਂ ਦੇ ਠੱਗ ਨੂੰ ਠੱਗ” )

ਡਡਾ ਡਰ ਉਪਜੇ ਡਰੁ ਜਾਈ॥ ਤਾ ਡਰ ਮਹਿ ਡਰੁ ਰਹਿਆ ਸਮਾਈ॥ ਜਉ ਡਰ ਡਰੈ ਤਾ ਫਿਰਿ ਡਰੁ ਲਾਗੈ॥ ਨਿਡਰ ਹੂਆ ਡਰੁ ਉਰ ਹੋਇ ਭਾਗੈ॥ ੧੯॥ ਕਹਿੰਦੇ ਹਨ ਲੋਹਾ ਲੋਹੇ ਨੂੰ ਕੱਟਦਾ ਹੈ। ਇਸੇ ਤਰਾਂ ਡਰ ਨੂੰ ਡਰ ਕੱਟਦਾ ਹੈ, ਪਰ ਕਿਵੇਂ? ਸਾਨੂੰ ਹਰੀ ਦੀ ਕੋਈ ਸਾਰ ਨਹੀਂ ਹੈ/ਸੀ ਕੇ ਉਹ ਕੈਸਾ ਹੈ, (ਬਾਣੀਂ ਸਾਬਤ ਕਰ ਚੁਕੀ ਹੈ ਕੇ ੳੇਹ ਕੈਸਾ ਹੈ) ਬਾਣੀਂ ਕੋਈ ਗੀਤ ਨਹੀਂ ਹੈ, ਬਾਣੀਂ ਗੁਰੂ ਦਾ ਹੁਕਮ ਹੈ, ਗੁਰਮਤਿ ਹੈ। ਜਿਨ੍ਹਾਂ ਨੇਂ ਗੁਰੂ ਦਾ ਹੁਕਮ ਮੰਨਿਆਂ, ਜਿਨ੍ਹਾਂ ਨੇਂ ਗੁਰੂ ਦੇ ਹੁਕਮ ਨੂੰ ਬੁੱਝਿਆ, ਉਹਨਾਂ ਦੇ ਅੰਦਰ ਹਰੀ ਦਾ ਭੈ ਬੈਠ ਗਿਆ। ਭੈ ਬੈਠ ਗਿਆ ਤਾਂ ਸਮਝੋ ਕੰਮ ਸੌਰ ਗਿਆ। ਫਿਰ ਅਸੀਂ ਹਰੀ ਤੋਂ ਡਰ ਕੇ, ਗੁਰੂ ਦੀ ਸਰਨ ਵਿੱਚ ਚਲੇ ਜਾਵਾਂ ਗੇ। ਅਤੇ ਗੁਰੂ ਸਾਨੂੰ ਅਖਾੜਾ ਜਿਤਾ ਦੇਵੇ ਗਾ। ਫਿਰ ਅਸੀਂ ਉੱਚੇ ਦੁਮਾਲੇ ਵਾਲੇ ਪਹਿਲਵਾਨ ਵਾਂਗ ਨਿਡਰ ਹੋ ਕੇ ਅਖਾੜੇ ਵਿੱਚ ਘੁਮਾਂ ਗੇ। ਸਾਡੇ ਅੰਦਰ ਦੇ ਸਾਰੇ ਡਰ ਦੂਰ ਹੋ ਜਾਣ ਗੇ।

ਕੀ ਅਸੀਂ ਕਦੇ ਠੱਗ ਦੀ ਪਹਿਚਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਜਰੂਰਤ ਸਮਝੀ ਹੈ। ਕੀ ਅਸੀਂ ਕਦੇ ਬਾਣੀਂ ਨੂੰ ਸਮਝਣ ਜਾਂ ਮੰਨਣ ਦੀ ਜਰੂਰਤ ਸਮਝੀ ਹੈ।

ਨਾਂ ਹੀ ਵਿਦਵਾਨਾਂ ਕੋਈ ਕਮੀ ਹੈ ਨਾਂ ਪ੍ਰਚਾਰਕਾਂ ਦੀ, ਕੀ ਹਰੀ ਦੀ ਐਸੀ ਠੱਗੀ ਤੋਂ ਬਚਨ ਦਾ ਤਰੀਕਾ ਹੈ ਕਿਸੇ ਪਾਸ? । ਅਤੇ ਕੀ ਬਾਣੀਂ ਸੱਚ ਕਹਿ ਰਹੀ ਹੈ ਜਾਂ ਝੂਠ! । (ਸਾਰੇ ਸਵਾਲਾਂ ਦਾ ਉਤਰ ਬਾਣੀਂ ਦੇ ਵਿੱਚ ਹੀ ਹੈ ਪਰ ਫਿਰ ਵੀ…)

ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ॥ ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ॥ ੩੦੫

ਜਿਹੜਾ ਸੱਚਾ ਸਿੱਖ ਹੋਵੇ ਗਾ, ਸਿਰਫ ਉਹ ਹੀ ਗੁਰੂ ਦੇ ਪਾਸ ਬੈਠ ਸਕੇ ਗਾ, ਉਹੀ ਸਤਿਗੁਰ ਦੇ ਐਸੇ ਬਚਨ ਨੂੰ ਸੁਣ ਸਕੇ ਗਾ, ਉਹੀ ਸਤਿਗੁਰ ਦੇ ਬਚਨ ਨੂੰ ਸੱਤ ਮੰਨ ਕੇ ਬਚਨ (ਘਾਲਣਾਂ ਕਰੇ ਗਾ) ਕਮਾਏ ਗਾ, ਬਚਨ ਅਨੂੰਸਾਰ ਆਪਣੇਂ ਆਪ ਨੂੰ ਢਾਲੇ ਗਾ। ਕੁੜਿਆਰ ਸਿੱਖ ਤਾਂ ਗੁਰੂ ਦੇ ਨੇੜੇ ਤੇੜੇ ਕਿਤੇ ਭਾਲਿਆਂ ਵੀ ਨਹੀਂ ਲੱਭਣ ਗੇ। ਉਹਨਾਂ ਨੇਂ ਸਤਿਗੁਰੂ ਦਾ ਬਚਨ ਮੰਨਣਾਂ ਤਾਂ ਕੀ, ਉਹਨਾਂ ਨੂੰ ਤਾਂ ਸਤਿਗੁਰੂ ਦਾ ਆਖਿਆ ਸੁਖਾਉਂਦਾ ਹੀ ਨਹੀਂ। ਸਤਿਗੁਰ ਦਾ ਆਖਿਆ ਬਚਨ ਉਹਨਾਂ ਨੂੰ ਬਹੁਤ ਤਕਲੀਫ ਦੇਂਦਾ ਹੈ। ਉਹ ਜਿਵੇਂ ਤਿਵੇਂ ਚਾਹੁੰਦੇ ਹਨ, ਕਿ ਕਾਸ਼ ਕਿਸੇ ਤਰਾਂ ਗੁਰੂ ਦਾ ਬਚਨ ਝੂਠ ਹੋ ਜਾਵੇ, (ਕਹਿੰਦੇ ਹਨ ਕਿ ਗੁਰੂ ਨੇਂ ਆਹ ਕਿਉਂ ਲਿਖ ਦਿੱਤਾ ਬਾਣੀਂ ਵਿਚ) ਕੂੜਿਆਰ ਸਿੱਖ ਦਾ ਮੂੰਹ ਖਸਮ ਵਲੋਂ ਭਰਿਸ਼ਟਿਆ ਜਾਂਦਾ ਹੈ।

ਭਾਵੇਂ ਚੰਗਾ ਹੈ ਜਾਂ ਬੁਰਾ ਹੈ, ਸੱਭ ਹਰੀ ਦਾ ਹੀ ਕੀਤਾ ਹੋਇਆ ਹੈ। ਅੱਗੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਲਿਖਿਆ ਹੈ। ਇਸ ਸ਼ਬਦ ਦੇ ਦੋ ਪਹਿਲੂ ਹਨ। ਇੱਕ ਹੈ ਬਗਲੇ ਦਾ, ਦੂਜਾ ਹੈ ਹੰਸ ਦਾ। ਪਹਿਲੀਆਂ ਅੱਠ ਪੰਗਤੀਆਂ ਵਿੱਚ ਬਗਲੇ ਦੇ ਲੱਛਣ ਲਿਖ ਕੇ ਨੋਵੀਂ ਪੰਗਤੀ ਵਿੱਚ ਗੁਰੂ ਜੀ ਲਿਖਦੇ ਹਨ ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ॥ ਜਿੱਥੇ ਜਿੱਥੇ ਵੀ ਕੋਈ ਲੱਗਾ ਹੋਇਆ ਹੈ, ਹਰੀ ਨੇਂ ਆਪ ਹੀ ਲਾਇਆ ਹੋਇਆ ਹੈ। ਕਿਸ ਨੂੰ, ਤੇ ਕਿਉਂ ਦੋਸ਼ ਦੇਈਏ, ਜਦਿ ਕਿ ਇਹ ਤਾਂ ਹਰੀ ਦਾ ਭਾਣਾਂ ਹੈ। (ਇਹ ਵੀ ਹਰੀ ਦਾ ਹੀ ਭਾਣਾਂ ਹੈ, ਕਿ ਅਸੀਂ ਆਪਣੇਂ ਆਪ ਨੂੰ ਹੰਸ ਸਮਝਦੇ ਹਾਂ, ਤੇ ਦੂਸਰਿਆਂ ਨੂੰ ਬਗਲੇ) ਬਾਣੀਂ ਦੱਸਦੀ ਹੈ, ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ॥ ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ॥ ਆਪਣੇਂ ਆਪ ਨੂੰ ਹੰਸ ਸਮਝਣ ਵਾਲੇ, ਅਸੀਂ ਬੜੀਆਂ ਵਿਚਾਰਾਂ ਕਰਦੇ ਹਾਂ। ਪਰ ਹੰਸਾਂ ਅਤੇ ਬਗਲਿਆਂ ਦਾ ਕੀ ਮੇਲ, ਹੰਸਾਂ ਨੇਂ ਮੋਤੀ ਖਾਣੇਂ ਹੁੰਦੇ ਹਨ, ਪਰ ਸਾਡੇ ਵਰਗਿਆਂ ਨੇਂ ਭਾਲ ਭਾਲ ਕੇ ਡੱਡਾਂ ਖਾਣੀਆਂ ਹੁੰਦੀਆਂ ਹਨ।

ਸੱਚ ਮੋਤੀ ਹੈ, ਤਾਂ ਝੂਠ ਡੱਡ ਹੈ। ਉਸਤਤ ਜੇ ਮੋਤੀ ਹੈ, ਤਾਂ ਨਿੰਦਾ ਡੱਡ ਹੈ। ਨਾਮ ਜੇ ਮੋਤੀ ਹੈ, ਤਾਂ ਨਾਮ ਤੋਂ ਬਿਨਾਂ ਸੰਸਾਰ ਦੇ ਬਾਕੀ ਸੱਭ ਕਰਮ ਡੱਡ ਹਨ।

ਮਃ ੫॥ ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ॥ ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ॥ ਅੰਦਰਿ ਮੈਲੁ ਨ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ॥ ਨੀਂਦ ਵਿਆਪਿਆ ਕਾਮਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ॥ ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ॥ ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ॥ ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ॥ ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ॥ ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ॥ ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਨ ਆਵੈ॥ ਸਰਵਰ ਹੰਸੁ ਦੂਰਿ ਨ ਹੋਈ ਕਰਤੇ ਏਵੈ ਭਾਵੈ॥ ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ॥ ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ॥ ੧॥

ਸ਼ਬਦ ਦੇ ਦੂਸਰੇ ਪਹਿਲੂ ਵਿੱਚ ਗੁਰੂ ਜੀ ਲਿਖਦੇ ਹਨ, ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ॥ ਸਤਿਗੁਰੂ ਸਰੋਵਰ ਹੈ, ਬਾਕੀ ਸੱਭ ਧਰਮ ਕਰਮ ਛੱਪੜੀਆਂ ਹਨ। ਇਹ ਸਰਵਰ ਮੋਤੀਆਂ ਰਤਨਾਂ ਨਾਲ ਭਰਪੂਰ ਹੈ। ਜਿਸ ਨੂੰ ਸਤਿਗੁਰੂ ਮਿਲੇ, ਉਹ ਇਹ ਦੌਲਤ ਪਾ ਲੈਂਦਾ ਹੈ। ਸਿੱਖ ਹੰਸ ਸਤਿਗੁਰੂ ਦੇ ਹੁਕਮ ਨਾਲ ਹੀ ਸਤਿਗੁਰੂ ਸਰਵਰ ਵਿੱਚ ਇਕੱਠੇ ਹੁੰਦੇ ਹਨ। ਸਤਿਗੁਰੂ ਸਰਵਰ ਰਤਨਾਂ ਨਾਲ, ਮਾਨਕ ਮੋਤੀਆਂ ਨਾਲ ਭਰਪੂਰ ਹੁੰਦਾ ਹੈ। ਖਾਧਿਆਂ ਖਰਚਿਆਂ ਤੋਟ ਨਹੀਂ ਆਉਂਦੀ ਸਰਵਰ ਹੰਸੁ ਦੂਰਿ ਨ ਹੋਈ ਕਰਤੇ ਏਵੈ ਭਾਵੈ॥ ਹੰਸ ਸਰਵਰ ਤੋਂ ਜਰਾ ਵੀ ਦੂਰ ਨਹੀਂ ਰਹਿ ਸੱਕਦੇ, ਇਹ ਵੀ ਹਰੀ ਦਾ ਹੀ ਭਾਣਾਂ ਹੈ। ਜਿਸ ਸਿੱਖ ਦੇ ਮਸਤਕ ਵਿੱਚ ਧੁਰੋਂ ਹੀ ਪ੍ਰਭੂ ਨੇਂ ਲਿਖਿਆ ਹੋਵੇ, ਉਹ ਸਿੱਖ ਹੀ ਗੁਰੂ ਦੇ ਪਾਸ ਆਉਂਦਾ ਹੈ। ਅਤੇ ਉਹ ਆਪ ਵੀ ਤਰ ਜਾਂਦਾ ਹੈ, ਕੁਟੰਬ ਅਤੇ ਸੱਭ ਸ੍ਰਿਸਟ ਨੂੰ ਵੀ ਤਾਰ ਲੈਂਦਾ ਹੈ। ਆਪਿ ਤਰਿਆ ਕੁਟੰਬ ਸਭਿ ਤਾਰੇ ਸਭਾ ਸ੍ਰਿਸਟਿ ਛਡਾਵੈ॥ ੧॥

ਗੁਰੂ ਲੱਖ ਸਮਝਾ ਲਵੇ, ਪਰ ਵਿਦਵਾਨ ਪੰਡਿਤ ਨਹੀਂ ਸਮਝ ਸੱਕਦਾ. .

ਮਃ ੫॥ ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ॥ ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ॥ ਕੂੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ॥ ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ॥ ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ॥ ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ॥ ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ॥ ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ॥ ਸਤਿਗੁਰ ਕੀ ਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ॥ ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ॥ ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ॥ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ॥ ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ॥ ੨॥ ੯੬੦

…ਜੋ ਪੰਡਿਤ (ਵਿਦਿਆ ਵਾਨ ਹੈ) ਹੈ, ਜੋ ਵਿਦਿਆ ਪੜ੍ਹ ਪੜ੍ਹ ਕੇ, ਆਪਣੇਂ ਆਪ ਨੂੰ ਬਹੁਤ ਸਿਆਣਾਂ ਸਮਝਦਾ ਹੈ, ਉਹ ਕੋੜਕੂ ਮੋਠ ਵਰਗਾ ਹੁੰਦਾ ਹੈ, ਜੋ ਰਿੰਨਿਆਂ ਗਲਦਾ ਨਹੀ ਹੈ, ਤੇ ਸਮਝਾਇਆਂ ਸਮਝਦਾ ਨਹੀਂ ਹੈ। ਸਾਰੀ ਦੁਨੀਆਂ ਬੇਸ਼ੱਕ ਸਮਝ ਜਾਵੇ, ਪਰ ਪੰਡਿਤ (ਪੜ੍ਹੇ ਦਾ) ਦਾ ਸਮਝਣਾਂ ਬਹੁਤ ਔਖਾ ਹੈ। ਉਸ ਦੇ ਅੰਦਰੋਂ ਭਰਮ ਨਹੀਂ ਨਿਕਲ ਸੱਕਦੇ। ਕਿਉਂ ਕੇ ਉਹ ਹਰ ਗੱਲ ਨੂੰ ਅੱਖਰਾਂ ਦੀ ਅਤੇ ਲਗਾਂ ਮਾਤਰਾਂ ਦੀ ਕਸਵੱਟੀ ਨਾਲ ਪਰਖਦਾ ਹੈ। ਕੀ ਹਰੀ ਦੀ ਤਸਵੀਰ ਅੱਖਰਾਂ ਨਾਲ ਬਣ ਸੱਕਦੀ ਹੈ। ਤਸਵੀਰ ਬਨਾਉਣ ਵਾਸਤੇ ਰੰਗ ਚਾਹੀਦੇ ਹਨ। ਰੰਗਾਂ ਦੀ ਕੋਈ ਭਾਸ਼ਾ ਨਹੀਂ ਹੁੰਦੀ। ਅਤੇ ਤਸਵੀਰ ਵਿਚੋਂ ਵੀ, ਕਿਸੇ ਦੇ ਪੂਰੇ ਗੁਣ ਨਹੀਂ ਵੇਖੇ ਜਾ ਸੱਕਦੇ, ਮਿਲ ਕੇ ਹੀ ਅਸਲੀ ਸੱਚ ਦਾ ਪਤਾ ਲੱਗਦਾ ਹੈ।

ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ॥ ਸਿਆਣਿਆਂ ਨੂੰ ਸੱਚ ਤੋਂ ਭਿੱਟ ਲੱਗਦੀ ਹੈ, ਸੱਚ ਛੂਤ ਵਰਗਾ ਲੱਗਦਾ ਹੈ, ਸੱਚ ਸੁਣ ਕੇ ਬਹੁਤ ਗੁੱਸਾ ਚੜਦਾ ਹੈ। ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ॥ ਗੁਰੂ ਜੀ ਦੱਸਦੇ ਹਨ, ਇਹੋ ਜਿਹਾ ਪੜ੍ਹਿਆ ਲਿਖਿਆ ਵਿਦਵਾਨ ਪੰਡਿਤ, ਪੰਡਿਤ ਨਹੀਂ। ਉਹ (ਕੁਬੁਧਿ) ਕੋਝੀ ਮਤ ਵਾਲਾ (ਦੁਰਮਤਿ) ਭੈੜੀ ਮੱਤ ਵਾਲਾ, (ਕੁਮੂੜਾ) ਮਹਾਂਮੂਰਖ ਹੈ। ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ॥ ਠੇਠ ਪੰਜਾਬੀ ਵਿੱਚ ਲਿਖਿਆ ਹੋਇਆ ਹੈ, ਗੁਰੂ ਦੀ ਗੱਲ ਫਿਰ ਵੀ ਸਮਝ ਨਹੀਂ ਪੈਦੀ। (ਇਹ ਸਾਰਾ ਸ਼ਬਦ ਪੜ੍ਹੇ ਲਿਖੇ ਵਿਦਵਾਨਾਂ ਦੇ ਪਰਥਾਇ ਹੈ)

ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ॥ ਸਤਿਗੁਰੂ ਤਾਂ ਐਸਾ (ਸਰਾਫੁ) ਪਾਰਖੂ ਹੈ, ਉਹ ਤਾਂ ਇੱਕ ਨਜਰ ਨਾਲ ਹੀ ਪਰਖ ਲੈਂਦਾ ਹੈ, ਕਿ ਵਿਦਿਆ ਦੀ ਸੋਨੇ ਵਰਗੀ ਝੂਠੀ ਚਮਕ ਦੇ ਥੱਲੇ ਲੁਕਿਆ ਹੋਇਆ ਤਾਂ ਲੋਹਾ ਹੈ। ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘੜਿਆ ਪੜਦਾ ਅਗੈ ਆਇ ਖਲੋਹਾ॥ ਵੀਰੋ ਜੇ ਅਜੇ ਵੀ ਸਮਝ ਨਹੀਂ ਲੱਗਦੀ ਤਾਂ, ਇਸ ਤੋਂ ਵੱਧ ਠੇਠ ਪੰਜਾਬੀ ਵਿੱਚ ਗੁਰੂ ਸਾਨੂੰ ਹੋਰ ਕਿਵੇਂ ਸਮਝਾਇ।

ਸਤਿਗੁਰ ਕੀ ਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ॥ ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ॥ ਸਤਿਗੁਰੂ ਤਾਂ ਨਿਰਵੈਰ ਹੁੰਦਾ ਹੈ, ਜੇ ਐਸੀ ਮੱਤ (ਜੈਸੀ ਕੇ ਊਪਰ ਦੱਸੀ ਹੈ) ਵਾਲਾ ਮਨੁੱਖ ਵੀ, ਸਤਿਗੁਰੂ ਦੀ ਸਰਨ ਪਕੜ ਲਵੇ ਤਾਂ, ਸਤਿਗੁਰੂ ਐਸੇ (ਮਨੂਹਰੁ) ਲੋਹੇ ਦੇ ਜੰਗਾਲ ਵਰਗੇ ਮਨੁੱਖ ਨੂੰ ਵੀ ਸੋਨਾਂ ਬਨਾ ਦੇਂਦਾ ਹੈ। (ਪਰ ਆਪਣੀਂ ਮੱਤਿ ਛੱਡਣੀਂ ਅਤੇ ਗੁਰੂ ਦੀ ਸਰਨ ਲੈਣੀਂ ਅਤਿ ਕਠਿਨ ਤੋਂ ਕਠਿਨ ਹੈ)

ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ॥ ਸਤਿਗੁਰੂ ਜੀ ਕਹਿੰਦੇ ਹਨ, ਨਾਨਕ ਜੀ ਕਹਿੰਦੇ ਹਨ, ਭਾਈ ਸਤਿਗੁਰੂ ਨਾਲ ਪਿਆਰ ਤਾਂ ਉਹ ਦਾ ਲੱਗੇ ਗਾ, ਜਿਸ ਦੇ ਮਸਤਕ ਵਿੱਚ (ਭਾਗਾਂ ਵਿਚ) ਧੁਰੋਂ ਹੀ ਹਰੀ ਨੇਂ ਲਿਖਿਆ ਹੋਵੇ ਗਾ। ਫਿਰ ਸਾਰੇ ਹਾਲਾਤ ਆਪਣੇਂ ਆਪ ਹੀ ਢੁਕਵੇਂ ਬਣ ਜਾਂਦੇ ਹਨ, ਗੁਰੂ ਦੀ ਸਰਨ ਵਿੱਚ ਜਾਣ ਦੇ।

ਅਤੇ ਜੇ ਭਾਗਾਂ ਵਿਚ, ਧੁਰੋਂ ਹਰੀ ਨੇਂ ਹੀ ਨਹੀਂ ਲਿਖਿਆਂ, ਤਾਂ ਗੁਰੂ ਭਾਵੇਂ ਘਰ ਵਿੱਚ ਵੱਸਦਾ ਹੋਵੇ, ਗੁਰੂ ਨਾਲ ਮੇਲਾ ਨਹੀਂ ਹੁੰਦਾ ਹੈ। ਗੁਰੂ ਨਾਨਕ ਜੀ ਦੇ ਪਿਤਾ ਅਤੇ ਰਾਇਬੁਲਾਰ ਦੀ ਹੀ ਮਿਸਾਲ ਲੈ ਲਵੋ।

ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ॥ ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ॥ ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ॥ ੩॥ (੪੦)

ਇਹ ਕਿਨੀਂ ਹੈਰਾਨੀ ਦੀ ਗੱਲ ਹੈ! ! ਜੋ ਇਸ ਤਰਾਂ ਹੁੰਦਾ ਹੈ। ਗੁਰੂ ਘਰ ਵਿੱਚ ਰਹਿੰਦਾ ਹੋਵੇ ਤੇ ਪਤਾ ਨਾਂ ਲੱਗੇ, ਕੀ ਇਹ ਗੱਲ ਮੰਨਣੀਂ ਕਿਤੇ ਸੌਖੀ ਜਿਹੀ ਗੱਲ ਹੈ, (ਪਰ ਬਾਣੀਂ ਤਾਂ ਇੰਜ ਹੀ ਕਹਿ ਰਹੀ ਹੈ) ਜਦਿ ਕੇ ਅਸੀਂ ਤਾਂ ਧੱਕੇ ਨਾਲ ਹੀ ਗੁਰੂ ਦੇ ਸਿੱਖ ਬਣੇਂ ਫਿਰਦੇ ਹਾਂ, ਅਤੇ ਵਿਰੋਧੀ ਖਿਆਲਾਂ ਵਾਲਿਆਂ ਨੂੰ ਅਸੀਂ ਨਾਸਤਕ ਸਮਝਦੇ ਹਾਂ।

(ਹਰੀ ਅਤੇ ਸੱਤਿਗੁਰੂ ਦਾ ਆਪਸ ਵਿੱਚ ਇੱਕ ਤਰਾਂ ਨਾਲ ਇਹ ਸਮਝੌਤਾ ਹੈ, ਕਿ ਜਿਸ ਨੂੰ ਹਰੀ ਨਾਂ ਕਹੇ, ਆਮ ਕਰਕੇ ਸਤਿਗੁਰੂ ਉਸ ਨੂੰ ਆਪਣੀਂ ਸਰਨ ਵਿੱਚ ਨਹੀਂ ਲੈਂਦਾ, ਇਹ ਹੁਕਮ ਧੁਰੋਂ ਹੀ ਹੁੰਦਾ ਹੈ, ਅਤੇ ਜਿਸ ਨੂੰ ਸਤਿਗੁਰੂ ਇੱਕ ਵਾਰ ਆਪਣੀਂ ਸਰਨ ਵਿੱਚ ਲੈ ਲਵੇ, ਫਿਰ ਹਰੀ ਉਸ ਨੂੰ ਆਪਣੇਂ ਅਖਾੜੇ ਦਾ ਹਿਸਾ ਨਹੀਂ ਬਨਾ ਸੱਕਦਾ, ਇਹ ਕੰਡੀਸ਼ਨ ਹੈ) ਮੈ ਜੁਗਿ ਜੁਗਿ ਦਯੈ ਸੇਵੜੀ॥ ਗੁਰਿ ਕਟੀ ਮਿਹਡੀ ਜੇਵੜੀ॥ ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ਗੁਰੂ ਨੇਂ ਮੇਰੀ ਗੱਲ ਦੀ ਫਾਹੀ ਕੱਟ ਦਿੱਤੀ, ਹੁਣ ਮੈਂ ਆਜ਼ਾਦ ਹਾਂ, ਹੁਣ ਮੈਂ ਦੁਬਾਰਾ ਕਦੇ ਵੀ ਇਸ ਅਖਾੜੇ (ਛਿੰਜ) ਵਿੱਚ ਨਹੀਂ ਨਚਾਂ ਗਾ। (ਦੂਜੀ ਇੱਕ ਸਚਾਈ ਹੋਰ ਵੀ ਹੈ, ਬੇਸ਼ੱਕ ਧੁਰੋਂ ਹੁਕਮ ਵੀ ਹੋ ਜਾਵੇ, ਸਤਿਗੁਰੂ ਸਿੱਖ ਨੂੰ ਆਪਣੀਂ ਸਰਨ ਵਿੱਚ ਵੀ ਲੈ ਲਵੇ, ਪਰ ਪ੍ਰਮਾਤਮਾਂ (ਹਰੀ) ਇਸ ਜੀਵ ਨੂੰ ਉਦੋਂ ਤੱਕ ਝਪਟਾਂ ਮਾਰਦਾ ਰਹਿੰਦਾ ਹੈ, ਜਦ ਤਕਿ ਕੇ ਗੁਰੂ ਆਪਣੇਂ ਸਿੱਖ ਨੂੰ ਧੁਰ ਆਪਣੇਂ ਘਰ ਨਹੀਂ ਪਹੁੰਚਾ ਦੇਂਦਾ।

ਜੇ ਹਰੀ ਦਾ ਹੁਕਮ ਵੀ ਹੋ ਜਾਵੇ, ਸਤਿਗੁਰੂ ਦੀ ਸਰਨ ਵੀ ਮਿਲ ਜਾਵੇ, ਪਰ ਜਦ ਤੱਕ ਧੁਰ ਘਰ ਨਹੀਂ ਪਹੁੰਚ ਜਾਂਦਾ, ਇੱਕ ਤਰਾਂ ਨਾਲ ਕਿਸ਼ਤੀ ਅਜੇ ਸਮੁੰਦਰ ਵਿੱਚ ਹੀ ਸਮਝੋ, ਕਬੀਰ ਸਾਹਿਬ ਜੀ ਕਹਿੰਦੇ ਹਨ। ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ॥ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ॥ ਇਹ ਬੜਾ ਹੀ ਅਜੀਬ ਗੋਰਖ ਧੰਦਾ ਹੈ) ਜੇ ਤਾਂ ਆਪਣੀਂ ਅਕਲ ਨਾਲ ਸੋਚੀਏ ਤਾਂ, ਇਹ ਐਡਾ ਔਖਾ ਕੰਮ ਹੈ ਕਿ ਬਿਆਨ ਤੋਂ ਬਾਹਰ ਹੈ, ਪਰ ਜੇ ਆਪਣੀਂ ਅਕਲ ਛੱਡ ਦੇਈਏ, ਤਾਂ ਕੋਈ ਔਖਾ ਕੰਮ ਨਹੀਂ ਵੀ ਹੈ, ਅਕਲ ਹੀ ਸੱਭ ਤੋਂ ਵੱਡੀ ਰੁਕਾਵਟ ਹੈ। ਬੱਸ ਸਮਝ ਲਵੋ ਇਧਰੋਂ ਪੱਟਣਾਂ (ਅਕਲ ਜਾਂ ਮਨ ਨੂੰ) ਤੇ ਉਧਰ ਲਾਉਣਾਂ ਹੈ। (ਆਪਣੀਂ ਅਕਲ ਛੱਡਣ ਨਾਲ ਹੋਰ ਕੋਈ ਫਾਇਦਾ ਹੋਵੇ ਜਾਂ ਨਾਂ ਹੋਵੇ, ਘਟੋ ਘਟ ਆਪਸੀ ਲੜਾਈ ਝਗੜਾ ਤਾਂ ਮੁੱਕ ਹੀ ਜਾਵੇ ਗਾ) ਅਸੀਂ ਪੜ੍ਹਾਈ ਲਿਖਾਈ ਨੂੰ ਅਕਲ ਕਹਿੰਦੇ ਹਾਂ, ਅਤੇ ਬਾਣੀਂ ਦੀ ਇਸ ਅਗਲੀ ਤੁਕ ਨੂੰ ਅਸੀਂ ਆਪਣੀਂ ਗਲ ਨੂੰ ਸਹੀ ਸਾਬਤ ਕਰਨ ਵਾਸਤੇ ਪ੍ਰਮਾਣ ਦੇ ਤੌਰ ਤੇ ਆਮ ਵਰਤਦੇ ਹਾਂ, ਪਰ ਇਸ ਤੁਕ ਦੀ ਅਗਲੀ ਪਿਛਲੀ ਬਾਕੀ ਦੀ ਬਾਣੀਂ ਨਹੀਂ ਪੜ੍ਹਦੇ ਹਾਂ। ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ। ਅਸੀਂ ਸਮਝਦੇ ਹਾਂ, ਕਿ ਜਿਹੜੇ ਬਹੁਤ ਪੜੇ ਲਿਖੇ ਹਨ, ਉਹਨਾਂ ਨੂੰ ਹੀ ਅਕਲ ਹੈ, ਅਤੇ ਸਾਹਿਬ ਦੀ ਸੇਵਨਾਂ ਸਿਰਫ ਪੜ੍ਹੇ ਲਿਖੇ ਹੀ ਕਰ ਸੱਕਦੇ ਹਨ। ਦੇਖਿਆ ਜਾਵੇ ਤਾਂ ਗੁਰੂ ਸਾਹਿਬਾਂ ਦੀ ਬਾਣੀਂ ਨੂੰ/ਗੁਰਬਾਣੀਂ ਨੂੰ ਆਪਣੀਂ ਗੁਰਮੱਤ ਦੇ ਰੂਪ ਵਿਚ, ਉਲਝਾਇਆ ਵੀ ਸਿਰਫ ਪੜ੍ਹੇ ਲਿਖੇ ਲੋਕਾਂ ਨੇਂ ਹੀ ਹੈ।

ਜਿਹੜੀ ਅਕਲ ਨਾਲ ਪ੍ਰਮਾਤਮਾਂ ਦੀ ਸੇਵਨਾਂ ਕਰਨੀਂ ਹੈ, ਉਹ ਵਿਦਵਾਨਾਂ ਪਾਸੋਂ ਨਹੀਂ, ਗੁਰੂ ਪਾਸੋਂ ਮਿਲਦੀ ਹੈ। ਅਤੇ ਉਹ ਅਕਲ ਸਾਡੀਆਂ ਕਿਤਾਬਾਂ ਜਾਂ ਲੇਖਾਂ ਵਿਚੋਂ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਮਿਲਦੀ ਹੈ।

ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥ ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ ੧॥ (੧੨੪੫

ਪੜ੍ਹਾਈ ਲਿਖਾਈ ਵਿੱਚ ਤਾਂ ਕੋਈ ਵੀ ਕਿਸੇ ਤੋਂ ਨਹੀਂ ਹਾਰਦਾ। ਜਿਨੀਂ ਪੜ੍ਹਾਈ ਜਿਆਦਾ ਉਨਾਂ ਬਾਦਿ ਵਿਵਾਦ ਜਿਆਦਾ। ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥ ਪੜ੍ਹ ਕੇ ਬਾਦਿ ਕੀਤਾ, ਤਾਂ ਉੱਕਾ ਹੀ ਅਕਲ ਹੀ ਮਾਰੀ ਗਈ, ਆਪਣੀਂ ਵੀ ਮਾਰੀ ਗਈ, ਤੇ ਦੂਜਿਆਂ ਦੀ ਵੀ ਮਾਰ ਦਿੱਤੀ। (ਇਸ ਨੂੰ ਅਕਲ ਨਹੀਂ ਕਿਹਾ ਜਾ ਸੱਕਦਾ) ਅਸਲੀ ਅਕਲ ਉਹ ਹੈ, ਅਕਲੀ ਪੜਿੑ ਕੈ ਬੁਝੀਐ ਜਿਸ ਨੇਂ ਅਕਲ ਨਾਲ ਪੜ੍ਹ ਕੇ ਬੁਝਿਆ ਹੈ। ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ ੧॥ ਨਾਨਕ ਕਹਿੰਦਾ ਹੈ, ਸਿਰਫ ਇਹ (ਪੜ੍ਹ ਕੇ ਬੁੱਝਣ ਵਾਲੀ) ਅਕਲ ਸੱਚੀ ਹੈ। ਬਾਕੀ ਸੱਭ ਛੈਤਾਨ ਦੀ ਕਾਰਵਾਈ ਹੈ, ਛੈਤਾਨ ਸੱਭ ਦੇ ਅੰਦਰ ਵੜਿਆ ਹੋਇਆ ਹੈ, ਉਸ ਨੂੰ (ਸ਼ੈਤਾਨ ਨੂੰ) ਵੀ ਬਾਣੀਂ ਪੜ੍ਹ ਕੇ ਹੀ ਬੁੱਝਣਾਂ ਹੈ। (ਜਿਵੇਂ ਅਸੀਂ ਝਗੜਦੇ ਹਾਂ, ਕੀ ਇਹ ਸ਼ੈਤਾਨੀਂ ਕਾਰਵਾਈ ਹੈ ਜਾਂ ਗੁਰਮਤਿ ਸਾਨੂੰ ਇਹ ਸਿਖਾਉਂਦੀ ਹੈ? ।) ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਅਕਲ ਨਾਲ ਪੜ੍ਹ ਕੇ ਆਪ ਵੀ ਬੁਝਣਾਂ ਹੈ (ਬਾਦ ਨਹੀਂ ਕਰਨਾਂ), ਅਤੇ ਦੂਸਰਿਆਂ ਨੂੰ ਵੀ ਇਸ ਬੂਝ (ਸਮਝ) ਦਾ ਦਾਨ ਦੇਣਾਂ ਹੈ। ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥ ਸੱਚ ਨੂੰ ਜਾਣੇਂ ਬਿਨਾਂ, ਸੱਚ ਨੂੰ ਬੁੱਝੇ ਬਿਨਾਂ, ਬਾਕੀ ਸਭ ਮੇਹਨਤ (ਕੰਮ) ਬੇਕਾਰ ਹਨ, ਸੱਚ ਨੂੰ ਬੁੱਝੇ ਬਿਨਾਂ ਅਗੇ (ਦਰਗਾਹ) ਵਿੱਚ ਸ਼ਾਬਾਸ਼ੀ (ਦਾਦ) ਨਹੀਂ ਮਿਲਣੀਂ।

ਨੋਟ:- ਬਾਣੀਂ ਬਾਰ ਬਾਰ ਬੁੱਝਣ ਤੇ ਹੀ ਜੋਰ ਦੇਂਦੀ ਹੈ, (ਇਹ ਬੁੱਝੋ ਔਹ ਬੁੱਝੋ) ਕਿਉ? ਕਿਉਂ ਕਿ ਜੋ ਗੱਲ ਬੁਝਣੀਂ ਹੈ, ਉਹ ਗੱਲ ਕਿਸੇ ਵੀ ਗ੍ਰੰਥ ਜਾਂ ਪੋਥੀ ਵਿੱਚ ਨਹੀਂ ਲਿਖੀ ਜਾ ਸੱਕਦੀ, ਜਿਥੋਂ ਕਿ ਪੜ੍ਹੀ ਜਾ ਸਕੇ। ਸਿਰਫ ਬੁਝਣ ਦਾ ਤਰੀਕਾ ਲਿਖਿਆ ਹੁੰਦਾ ਹੈ, ਉਹ ਵੀ ਗ੍ਰੰਥ ਪੋਥੀਆਂ ਵਿੱਚ (ਕਿਤਾਬਾਂ ਵਿੱਚ ਨਹੀਂ)। ਗੁਰੂ ਦੀ ਮੱਤ ਹੀ ਗੁਰਮਤਿ ਹੈ (ਗੁਰਮਤਿ ਹੀ ਅਕਲ ਹੈ,) (ਸਿਰਫ ਗੁਰੂ ਦੀ ਮਤਿ ਹੀ ਅਕਲ ਕਹੀ ਜਾ ਸੱਕਦੀ ਹੈ, ਗੁਰਬਾਣੀਂ ਵਾਲੀ ਅਕਲ, ਪੜ੍ਹਾਈ ਕਰਨ ਨਾਲ ਨਹੀਂ ਆਉਂਦੀ) ਗੁਰੂ ਦੀ ਮੱਤ ਲੈ ਕੇ ਖੋਜ ਕਰਨੀਂ ਹੈ, ਗੁਰੂ ਦੀ ਮੱਤ ਲੈ ਕੇ ਬੁਝਣਾਂ ਹੈ, ਅਤੇ ਉਸ ਬੁੱਝੇ ਹੋਇ ਨੂੰ ਫਿਰ ਅੱਗੇ ਦੂਸਰਿਆਂ ਨੂੰ ਸਮਝਾਉਣਾਂ ਹੁੰਦਾ ਹੈ। ਜੇ ਉਹ ਬੁੱਝਣ ਵਾਲੀ ਗੱਲ ਲਿਖੀ ਜਾ ਸੱਕਦੀ ਹੁੰਦੀ ਤਾਂ ਫਿਰ ਝਗੜਾ ਹੀ ਕਾਹਦਾ ਸੀ। ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖ ਲਵੋ, ਉਸ ਵਿੱਚ ਤਾਂ ਇਹ ਹੀ ਨਹੀਂ ਦਸਿਆ, ਕਿ ਨਾਮ ਕੀ ਹੈ। ਉਹ ਵੀ ਬੁੱਝਣਾਂ ਹੀ ਪੈਣਾਂ ਹੈ। ਜੇ ਐਸੀ ਗੱਲ ਨਾਂ ਹੁੰਦੀ, ਤਾਂ ਨੌਵੇਂ ਗੁਰੂ ਜੀ ਇਹ ਗੱਲ ਨਾਂ ਕਹਿੰਦੇ, ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ।

ਕਿਉਂ ਕੇ ਉਹਨਾਂ ਤੋਂ (ਗੁਰੂ ਤੇਗ ਬਹਾਦਰ ਜੀ ਤੋਂ) ਪਹਿਲੇ ਸਾਰੀ ਬਾਣੀਂ ਲਿਖੀ ਜਾ ਚੁਕੀ ਸੀ। ਜੇ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੁੰਦਾ, ਤਾਂ ਉਹਨਾਂ ਨੂੰ ਇਹ ਗਲ ਲਿਖਣ ਦੀ ਕੀ ਜਰੂਰਤ ਸੀ, ਕਿ ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ। ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਹੀਂ ਪਤਾ ਸੀ, ਕੇ ਨਾਮ ਕੀ ਹੈ? । ਜਰੂਰ ਪਤਾ ਸੀ! ਪਰ ਉਹਨਾਂ ਨੇਂ ਵੀ ਲਿਖ ਕੇ ਕਿਉ ਨਹੀਂ ਦੱਸ ਦਿੱਤਾ ਕੇ ਨਾਮ ਇਹ ਹੈ? । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਂਰਾਜ ਦੀ ਬਾਣੀਂ ਵਿਚਲੇ ਅਗਲੇ ਦੋ ਸ਼ਬਦਾਂ ਦੀ ਵਿਚਾਰ ਕਰੀਏ ਤਾਂ, ਜਿਨ੍ਹਾਂ ਗੱਲਾਂ ਨੂੰ ਲੈ ਕੇ ਅਸੀਂ ਝਗੜਾ ਪਾਈ ਬੈਠੇ ਹਾਂ, ਉਹ ਸਾਰੀਆਂ ਗੱਲਾਂ ਤਾਂ, ਗੁਰੂ ਜੀ ਸਾਨੂੰ ਬੁੱਝਣ ਦਾ ਉਪਦੇਸ਼ ਦੇ ਰਹੇ ਹਨ। ਕੀ ਆਪਾਂ ਸਾਰਿਆਂ ਨੇਂ ਇਹਨਾਂ ਗੱਲਾਂ ਨੂੰ ਬੁੱਝ ਲਿਆ ਹੈ? ਜੋ ਅਗੇ ਦਾਨ (ਉਪਦੇਸ਼) ਦੇਣ ਲੱਗੇ ਹੋਇ ਹਾਂ। ਅਗਲੇ ਸ਼ਬਦਾਂ ਦੇ ਅਰਥ ਕਰਨ ਦੀ ਦਾਸ ਜਰੂਰਤ ਨਹੀਂ ਸਮਝਦਾ। ਕਿਉਂ ਕੇ ਇੱਕ ਤਾਂ ਇਹ ਬਹੁਤ ਹੀ, ਸਪਸ਼ਟ ਹਨ, ਅਤੇ ਦੂਜੇ ਇਸ ਦੇ ਅਰਥ ਸਾਰੇ ਹੀ ਜਾਣਦੇ ਹਨ। ਆਪਾਂ ਸਿਰਫ ਇਹਨਾਂ ਸ਼ਬਦਾਂ ਵਿਚਲੀ ਸਿਖਿਆ ਤੇ ਵਿਚਾਰ ਕਰਾਂ ਗੇ। ਜਿਵੇਂ ਕਿ ਗੁਰੂ ਜੀ ਕਹਿ ਰਹੇ ਹਨ, ਪ੍ਰਾਨੀ ਕਉਨੁ ਉਪਾਉ ਕਰੈ॥ ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ॥ ੧॥ ਰਹਾੳ॥ ਪਰ ਅਸੀਂ ਪੜ੍ਹੀ ਤਾਂ ਜਾਂਦੇ ਹਾਂ, ਪ੍ਰਾਨੀ ਕਉਨੁ ਉਪਾਉ ਕਰੈ, ਪ੍ਰਾਨੀ ਕਉਨੁ ਉਪਾਉ ਕਰੈ, ਪ੍ਰਾਨੀ ਕਉਨੁ ਉਪਾਉ ਕਰੈ, ਪ੍ਰਾਨੀ ਕਉਨੁ ਉਪਾਉ ਕਰੈ, ਪ੍ਰਾਨੀ ਕਉਨੁ ਉਪਾਉ ਕਰੈ………। ਪਰ ਉਪਾਉ ਕਰਨ ਦੀ ਕੋਸ਼ਿਸ਼ ਕੋਈ ਵੀ ਨਹੀਂ ਕਰਦਾ। ਅਤੇ ਨਾਂ ਹੀ ਕੋਈ ਜਰੂਰਤ ਸਮਝਦਾ ਹੈ।

ਸੋਰਠਿ ਮਹਲਾ ੯॥

ਪ੍ਰਾਨੀ ਕਉਨੁ ਉਪਾਉ ਕਰੈ॥ ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ॥ ੧॥ ਰਹਾਉ॥ ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ॥ ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ॥ ੧॥ ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ॥ ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ॥ ੨॥ ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ॥ ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ॥ ੩

ਮਹਲਾ ੯॥ ਅਬ ਮੈ ਕਉਨੁ ਉਪਾਉ ਕਰਉ॥ ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ॥ ੧॥ ਰਹਾਉ॥ ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ॥ ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ॥ ੧॥ ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥ ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ॥ ੨॥ ੪ (੬੮੫

ਇਹਨਾਂ ਦੋਹਾਂ ਸ਼ਬਦਾਂ ਵਿੱਚ ਸਾਰੇ ਸਵਾਲ ਹੀ ਪੁੱਛੇ ਗਏ ਹਨ, ਅਬ ਮੈ ਕਉਨੁ ਉਪਾਉ ਕਰਉ॥ ਜੇ ਤਾਂ ਸਾਨੂੰ ਪਤਾ ਹੈ, ਤਾਂ ਉਪਾਉ ਦਸੋ, ਜੇ ਨਹੀਂ ਪਤਾ ਤਾਂ ਪਹਿਲੇ ਬੁੱਝੋ? ਅਤੇ ਬੁੱਝ ਕੇ ਫਿਰ ਦੂਸਰਿਆਂ ਨੂੰ ਵੀ ਇਸ “ਉਪਾਉ” ਦਾ ਦਾਨ ਕਰੋ।

ਆਪਾਂ ਸਾਰੇ ਹੀ ਦਾਨ ਦੇਣ ਵਾਲੇ ਹਾਂ, ਲੈਣ ਵਾਲਾ ਕੋਈ ਵੀ ਨਹੀਂ ਹੈ। ਪਰ ਦਾਨ ਤਾਂ ਉਹੀ ਦੇਣਾਂ ਹੈ, ਜੋ ਸਾਡੇ ਪਾਸ ਹੋਵੇ ਗਾ। ਕੋਈ ਹੰਕਾਰ ਦਾ ਦਾਨ ਦੇ ਰਿਹਾ ਹੈ। ਕੋਈ ਨਿੰਦਾ ਚੁਗਲੀ ਦਾ ਦਾਨ ਦੇ ਰਿਹਾ ਹੈ। ਕੋਈ ਬੁਰਾਈ ਦਾ ਦਾਨ ਦੇ ਰਿਹਾ ਹੈ। ਕੋਈ ਨਫਰਤ ਦਾ ਦਾਨ ਦੇ ਰਿਹਾ ਹੈ। ਕੋਈ ਝਗੜੇ ਦਾ ਦਾਨ ਦੇ ਰਿਹਾ ਹੈ। ਕੋਈ ਈਰਖਾ ਦਾ ਦਾਨ ਦੇ ਰਿਹਾ ਹੈ। ਕੋਈ ਆਪਣੀ ਗੁਰਮੱਤ ਦਾ ਦਾਨ ਦੇ ਰਿਹਾ ਹੈ। ਕੋਈ ਆਪਣੀਂ ਵਿਦਿਆ ਦਾ ਦਾਨ ਦੇ ਰਿਹਾ ਹੈ। ਕੋਈ ਇਤਿਹਾਸ ਦਾ ਦਾਨ ਦੇ ਰਿਹਾ ਹੈ। ਕੋਈ ਕ੍ਰੋਧ ਉਕਸਾਹਟ ਦਾ ਦਾਨ ਦੇ ਰਿਹਾ ਹੈ। ਸਭ ਦਾਨੀ ਹੀ ਦਾਨੀ ਇੱਕ ਥਾਂ ਇਕੱਠੇ ਹੋ ਗਏ ਹਾਂ। ਦਾਨ ਲੈਣ ਵਾਲਾ ਇੱਕ ਵੀ ਨਹੀਂ ਹੈ, ਦਾਨ ਲੈਣ ਦੀ ਜਰੂਰਤ ਤਾਂ ਕੋਈ ਗੁਰੂ ਤੋਂ ਵੀ ਨਹੀਂ ਸਮਝਦਾ। ਆਪਾਂ ਸਾਰਿਆਂ ਨੇਂ ਹੀ ਬੁੱਝਿਆ ਵੀ ਹੋਇਆ ਹੈ। ਆਪਾਂ ਸਾਰੇ ਹੀ ਭਰੇ ਭਾਂਡੇ ਹਾਂ, ਤੇ ਆਪਣਾਂ ਆਪਣਾਂ ਦਾਨ ਦੇਣ ਵਾਸਤੇ ਉੱਛਲਦੇ ਫਿਰਦੇ ਹਾਂ।

ਪੜਿ ਪੜਿ ਭੂਲਹਿ ਚੋਟਾ ਖਾਹਿ॥ ਬਹੁਤੁ ਸਿਆਣਪ ਆਵਹਿ ਜਾਹਿ॥ ੯ (੬੮੬

ਅਸੀਂ ਸਾਰੇ ਹੀ ਸਿਰਫ ਪੜ੍ਹਨ ਪੜ੍ਹਾਉਣ ਵਿੱਚ ਲੱਗੇ ਹੋਇ ਹਾਂ। ਜਿੰਨੀਂ ਸਿਆਣਪ ਵਰਤਦੇ ਹਾਂ, ਉਨਾਂ ਹੀ ਆਉਣ ਜਾਣ (ਚੌਰਾਸੀ) ਦ ਚੱਕਰ ਵਿੱਚ ਪੈ ਜਾਂਦੇ ਹਾਂ। ਗੁਰੂ ਜੀ ਸਾਨੂੰ ਅੰਧੇ ਕਹਿੰਦੇ ਹਨ। ਅਤੇ ਨਾਲ ਹੀ ਦੱਸਦੇ ਵੀ ਹਨ, ਸਮਝਾਉਂਦੇ ਵੀ ਹਨ ਕਿ ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ॥ ਕੀ ਕੋਈ ਦੱਸੇ ਗਾ, ਕਿ ਕੋਈ ਗੁਰੂ ਦੀ ਕਿਸੇ ਇੱਕ ਵੀ ਗੱਲ ਨੂੰ ਮੰਨਦਾ ਹੈ? ਫਿਰ ਬੂਝੇ ਗਾ ਕਿਵੇਂ? ਗੁਰੂ ਜੀ ਸਾਰਾ ਜੋਰ ਬੁੱਝਣ ਤੇ ਹੀ ਲਾਈ ਜਾਂਦੇ ਹਨ। ਅਗਲੇ ਸ਼ਬਦ ਵਿੱਚ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਹੈ। ਕਿ ਜਿਹੜਾ ਇਸ ਪਦੇ (ਸ਼ਬਦ) ਦੇ ਸਾਨੂੰ ਅਰਥ ਦੱਸੇ ਗਾ, ਉਸ ਨੂੰ ਅਸੀਂ ਆਪਣਾਂ ਗੁਰੂ ਮੰਨ ਲਵਾਂ ਗੇ। ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ॥ ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ॥ ੮॥ ਕੀ ਇਹ ਐਵੇਂ ਕੋਈ ਛੋਟੀ ਜਿਹੀ ਮਮੂਲੀ ਜਿਹੀ ਗੱਲ ਹੈ, ਜੋ ਗੁਰੂ ਨਾਨਕ ਜੀ ਨੇਂ ਕਹਿ ਦਿੱਤੀ ਹੈ। ਕੀ ਸਾਨੂੰ ਕੋਈ ਕਦਰ ਹੈ ਗੁਰੂ ਦੀ ਇਸ ਗੱਲ ਦੀ। ਗੁਰੂ ਜੀ ਤਾਂ ਇਹ ਗੱਲ ਚੰਗੀ ਤਰਾਂ ਜਾਣਦੇ ਹਨ, ਕਿ ਸਾਨੂੰ ਅਰਥਾਂ ਦਾ ਨਹੀਂ ਪਤਾ, ਇਸੇ ਵਸਤੇ ਹੀ ਤਾਂ ਉਹਨਾਂ ਨੇਂ ਸਾਡੇ ਨਾਲ ਐਡੀ ਵਡੀ ਸ਼ਰਤ ਲਾ ਲਈ ਹੈ। ਪਰ ਅਸੀਂ ਕਹਿੰਦੇ ਹਾਂ, ਨਹੀਂ, , ਅਸੀਂ ਤਾਂ ਬਾਣੀਂ ਦੇ ਅਰਥ ਜਾਣਦੇ ਹਾਂ। ਕੌਣ ਹੈ ਜੋ ਇਸ ਗੱਲ ਨੂੰ ਮੰਨਦਾ ਹੈ, ਕੇ ਉਹ ਬਾਣੀਂ ਦੇ ਅਰਥ ਨਹੀਂ ਜਾਣਦਾ। ਅਸੀਂ ਤਾਂ ਗੁਰੂ ਦੀਆਂ ਅਜੇਹੀਆਂ ਹਜਾਰਾਂ ਹੀ ਗੱਲਾਂ, ਕੰਡ ਨਾਲ ਮਲ ਕੇ ਤੁਰੇ ਫਿਰਦੇ ਹਾਂ। ਤਾਂ ਹੀ ਤੇ ਸਾਡੀ ਅਜੇਹੀ ਹਾਲਤ ਹੈ। ਅਸੀਂ ਗੁਰੂ ਨੂੰ ਝੂਠਾ ਕਹਿੰਦੇ ਹਾਂ, ਇਸੇ ਵਾਸਤੇ ਹੀ ਅਸੀਂ ਗੁਰੂ ਦੀ ਹਰ ਗੱਲ ਕੱਟ ਕੇ, ਆਪਣੀਂ ਗੱਲ, ਮੂਹਰੇ ਰੱਖਦੇ ਹਾਂ। ਅਗੇ ਆਪਣੇਂ ਆਪ ਦੀ ਪਹਿਚਾਨ ਕਿਵੇਂ ਕਰਨੀ ਹੈ, ਕੀ ਇਹ ਗੱਲ ਕੋਈ ਜਾਣਦਾ ਹੈ? । ਬਾਕੀ ਸਾਰੀਆਂ ਗੱਲਾਂ ਤਾਂ ਛੱਡੋ, ਜਿਹੜਾ ਆਪਣੇਂ ਆਪ ਦੀ ਹੀ ਪਹਿਚਾਨ ਕਰ ਲਵੇ, ਗੁਰੂ ਜੀ ਤਾਂ ਉਸ ਨੂੰ ਵੀ ਅਪਰ ਅਪਾਰ ਕਹਿ ਰਹੇ ਹਨ। (ਜਰਾ ਸੋਚੋ ਇਹ ਅਪਰ ਅਪਾਰ ਲਫਜ ਕਿਸ ਵਾਸਤੇ ਵਰਤਿਆ ਜਾਂਦਾ ਹੈ) ਜਿਸ ਨੇਂ ਆਪਣੇਂ ਆਪ ਨੂੰ ਪਹਿਚਾਣ ਲਿਆ ਸਮਝੋ ਪ੍ਰਭੂ ਨੂੰ ਪਹਿਚਾਣ ਲਿਆ। ਆਪੁ ਪਛਾਣੈ ਬੂਝੈ ਸੋਇ॥ ਇਸ ਵਾਸਤੇ ਪਹਿਲੇ ਆਪਣੇਂ ਆਪ ਨੂੰ ਪਹਿਚਾਨੋਂ।

ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ॥ ਆਪੁ ਪਛਾਣੈ ਬੂਝੈ ਸੋਇ॥ ਗੁਰ ਪਰਸਾਦਿ ਕਰੇ ਬੀਚਾਰੁ॥ ਸੋ ਗਿਆਨੀ ਦਰਗਹ ਪਰਵਾਣੁ॥ ੪॥ ਮ: ੧

ਮਹਲਾ ੧॥ ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ॥ ੧॥ ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ॥ ੧॥ ਰਹਾਉ॥ ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ॥ ੨॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ ੩॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ॥ ੪॥ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ॥ ੫॥ ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ॥ ੬॥ ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ॥ ੭॥ ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ॥ ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ॥ ੮॥ ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ॥ ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ॥ ੯॥ ੨ (੨੨੯)

ਇਹ ਊਪਰ ਵਾਲਾ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਦਾ ਹੈ। ਜਿਸ ਵਿੱਚ ਉਹ ਦੱਸਦੇ ਹਨ, ਕਿ ਅਸੀਂ (ਆਪਾਂ) ਸਾਰਾ ਕੁੱਝ ਹੀ ਗੁਰਮਤਿ ਦੇ ਉਲਟ ਕਰ ਰਹੇ ਹਾਂ। ਅਸੀਂ ਅੰਨ੍ਹੇਂ ਹਾਂ, ਖੋਟੇ ਖਰੇ ਦਾ ਪਤਾ ਨਹੀਂ, ਪਰ ਅਸੀਂ ਸੱਭ ਤੋਂ ਵਢੇ ਪਾਰਖੂ ਕਹਿੰਦੇ ਹਾਂ ਆਪਣੇਂ ਆਪ ਨੂੰ। ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ ੩॥

ਗੁਰਬਾਣੀਂ ਦੀਆਂ ਝਿੜਕਾਂ ਦਾ ਸਾਡੇ ਤੇ ਕੋਈ ਅਸਰ ਨਹੀਂ। ਗੁਰਬਾਣੀਂ ਦੀ ਸਿਖਿਆ ਸਾਡੀ ਪਿੱਠ ਸੁਣਦੀ ਹੈ। ਆਪਣੀਂ ਹੀ ਅਕਲ ਦੇ ਹੰਕਾਰ ਵਿੱਚ ਅਸੀਂ ਏਨੇ ਗਾਫਲ ਹੋਇ ਬੈਠੇ ਹਾਂ, ਕੇ ਦੂਜਿਆਂ ਵਾਸਤੇ ਨਿੰਦਾ ਚੁਗਲੀ ਦੇ ਚਾਰ ਕੂ ਲੇਖ ਲਿਖ ਕੇ, ਜਾਂ ਆਪਣੇਂ ਮਨ ਦੇ ਕਹੇ, ਧਰਮ ਸਬੰਧੀ ਮਾੜਾ ਮੋਟਾ ਕੋਈ ਕੰਮ ਕਰਕੇ, (ਉਹ ਵੀ ਝਗੜੇ ਵਾਲਾ) ਜਾਂ ਕੋਈ ਭੜਕਾਉ ਕਾਰਵਾਈ ਕਰਕੇ, ਅਸੀਂ ਸਮਝਦੇ ਹਾਂ ਕੇ ਅਸੀਂ ਕੌਮ ਦੀ, ਬਹੁਤ ਵਡੀ ਸੇਵਾ ਕਰ ਲਈ ਹੈ ਬਸ ਅਸੀਂ ਤਾਂ ਹੁਣ ਗੁਰਮੁਖ ਬਣ ਗਏ ਹਾਂ, ਅਤੇ ਅਸੀਂ ਹੁਣ ਬਸ ਹਰੀ ਦੇ ਘਰ ਪਹੁੰਚਣ ਹੀ ਵਾਲੇ ਹਾਂ, ਅਤੇ ਸਾਡੇ ਤੋਂ ਬਿਨਾਂ ਤਾਂ ਬਾਕੀ ਸਾਰੇ ਹੀ ਰਹਿ ਜਾਣ ਗੇ। ਕਿਸ ਗੱਲ ਦਾ ਮਾਨ ਕਰਦੇ ਹਾਂ, ਸੇਵਾ ਥੋਰੀ ਮਾਗਨੁ ਬਹੁਤਾ॥ ਮਹਲੁ ਨ ਪਾਵੈ ਕਹਤੋ ਪਹੁਤਾ॥ ੧॥ ਜੋ ਪ੍ਰਿਅ ਮਾਨੇ ਤਿਨ ਕੀ ਰੀਸਾ॥ ਕੂੜੇ ਮੂਰਖ ਕੀ ਹਾਠੀਸਾ॥ ੧॥ ਰਹਾਉ॥ ਭੇਖ ਦਿਖਾਵੈ ਸਚੁ ਨ ਕਮਾਵੈ॥ ਕਹਤੋ ਮਹਲੀ ਨਿਕਟਿ ਨ ਆਵੈ॥ ੨॥ ਇਹ ਹਰੀ ਦਾ ਮਹਿਲ ਹੈ, ਖਾਲਾ ਦਾ ਘਰ ਨਹੀਂ ਹੈ, ਕਿ ਜਾ ਕੇ ਚੌਕੜਾ ਮਾਰ ਕੇ ਬਹਿ ਜਾਵਾਂ ਗੇ, ਅਤੇ ਭੂਆ ਖੀਰ ਦੀ ਥਾਲੀ ਅੱਗੇ ਲਿਆ ਧਰੇ ਗੀ। ਉਥੇ ਤਾਂ ਸਿਰਫ ਸੱਚੇ ਹੀ ਪਹੁੰਚ ਸਕਦੇ ਹਨ ਕੂੜੇ ਉਥੇ ਨਹੀਂ ਟਿਕ ਸੱਕਦੇ। ਸਚਾ ਸਾਹੁ ਸਚੇ ਵਣਜਾਰੇ ਓਥੈ ਕੂੜੇ ਨ ਟਿਕੰਨਿ॥ ਓਨਾ ਸਚੁ ਨ ਭਾਵਈ ਦੁਖ ਹੀ ਮਾਹਿ ਪਚੰਨਿ॥ ਸੱਚ ਸਾਨੂੰ ਭਾਉਂਦਾ ਨਹੀਂ, ਅਤੇ ਜਾਣਾਂ ਚਾਹੁਂਦੇ ਹਾਂ ਅਸੀਂ ਸੱਚੇ ਘਰ, ਇਹ ਗੱਲ ਕਿਵੇਂ ਬਨੇ।

ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ॥ ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ॥ ੨॥ ਇਹ ਪੂਰੇ ਸਤਿਗੁਰੂ ਦੀ ਬਾਣੀਂ ਹੈ, ਇਹ ਅੰਮ੍ਰਿਤ ਹੈ, ਇਹ ਸੱਚ ਹੈ, ਬਾਣੀਂ ਝੂਠ ਨਹੀਂ ਕਹਿੰਦੀ। ਪੂਰਾ ਸਤਿਗੁਰੂ ਜਿਸ ਤੇ ਕਿਰਪਾਲ ਹੋ ਜਾਂਦਾ ਹੈ, ਫਿਰ ਉਹ ਉਸ ਦੇ ਹਿਰਦੇ ਵਿੱਚ ਵੱਸ ਜਾਂਦਾ ਹੈ। ਫਿਰ ਉਸ ਦਾ ਇਸ ਅਖਾੜੇ ਵਿੱਚ ਆਉਣਾਂ ਜਾਣਾਂ ਮੁੱਕ ਜਾਂਦਾ ਹੈ।

ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ ਉਚ ਦੁਮਾਲੜਾ॥ ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ॥ ੧੭॥ ਵਾਤ ਵਜਨਿ ਟੰਮਕ ਭੇਰੀਆ॥ ਮਲ ਲਥੇ ਲੈਦੇ ਫੇਰੀਆ॥ ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ॥ ੧੮॥

ਜਦ ਛਿੰਜ ਪੈਂਦੀ ਹੈ, ਭਾਵ ਅਖਾੜਾ ਲੱਗਦਾ ਹੈ, ਤਾਂ ਮੱਲ (ਪਹਿਲਵਾਨ) ਘੋਲ ਕਰਨ ਵਾਸਤੇ ਵਾਜਿਆਂ ਗਾਜਿਆਂ ਅਤੇ ਝੰਡੀਆਂ ਨਾਲ, ਅਖਾੜੇ ਵਿੱਚ ਫੇਰੀਆਂ ਪਾਉਂਦੇ ਹਨ। ਦਯੁ (ਖਸਮ) ਕੋਲ ਬੈਠ ਕੇ ਇਸ ਘੋਲ ਨੂੰ ਵੇਖਦਾ ਹੈ। (ਗੁਰੂ ਅਰਜਨ ਦੇਵ ਜੀ ਕਹਿੰਦੇ ਹਨ) ਮੈਂ ਵੀ ਆਪਣੇਂ ਗੋਸਾਈਂ ਦਾ ਇੱਕ ਛੋਟਾ ਜਿਹਾ (ਲਾਡਲਾ) ਪਹਿਲਵਾਨੜਾ ਹਾਂ, ਪਰ ਗੁਰੂ ਨਾਲ ਮਿਲ ਕੇ ਮੈਂ ਉੱਚੇ ਤੁਰਲੇ ਵਾਲਾ, ਵਾਲਾ, ਉੱਚੇ ਦੁਮਾਲੇ ਵਾਲਾ ਪਹਿਲਵਾਨ ਬਣ ਗਿਆ। ਗੁਰੂ ਨੇਂ ਮੇਰੀ ਕੰਡ ਤੇ ਥਾਪੀ ਦਿੱਤੀ ਤਾਂ, ਮੈਂ ਵੱਡੇ ਵੱਡੇ ਪਹਿਲਵਾਨਾਂ ਦੇ ਹਥਿਆਰ ਸੁਟਾ ਦਿੱਤੇ, ਉਹਨਾਂ ਨੂੰ ਨਿਹੱਤੇ ਕਰ ਦਿੱਤਾ, ਅਤੇ ਮੈਂ ਗੁਰੂ ਦੀ ਕ੍ਰਿਪਾ (ਤਾਕਤ) ਨਾਲ ਇਹ ਅਖਾੜਾ ਜਿੱਤ ਲਿਆ। ਹੁਣ ਮੈਂ ਦੁਬਾਰਾ ਇਸ ਅਖਾੜੇ (ਛਿੰਜ) ਵਿੱਚ ਕਦੇ ਵੀ ਨਹੀਂ ਕੁੱਦਾਂ ਗਾ।

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥

ਬਲਦੇਵ ਸਿੰਘ “ਚਾਕਰ”
.