.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਦੇਸ-ਵਿਦੇਸ ਵਲੋਂ ਮਿਸ਼ਨਰੀ ਕਾਲਜ ਨੂੰ ਮਿਲਿਆ ਹੁੰਗਾਰਾ


ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਅਗੰਮੀ ਵਾਕ ਹੈ ਕਿ ਸਫਲਤਾ ਓਸੇ ਬੰਦੇ ਨੂੰ ਹੀ ਮਿਲਦੀ ਹੈ ਜਿਸ ਦੀ ਨੀਅਤ ਸਾਫ਼ ਹੈ—
ਚਉਥੀ ਨੀਅਤਿ ਰਾਸਿ ਮਨੁ, ਪੰਜਵੀ ਸਿਫਤਿ ਸਨਾਇ।।
ਸਲੋਕ ਮ: ੧ ਪੰਨਾ ੧੪੧
ਵਰਨਾ ਮਿਹਨਤ ਤਾਂ ਬਹੁਤ ਲੋਕ ਕਰਦੇ ਹਨ ਪਰ ਜ਼ਿੰਦਗੀ ਦੇ ਮੰਤਵਾਂ ਵਿੱਚ ਹਮੇਸ਼ਾਂ ਫੇਲ੍ਹ ਹੀ ਹੁੰਦੇ ਹਨ। ਸਿੱਖ ਭਾਈਚਾਰੇ ਦੀਆਂ ਬਹੁਤ ਜ਼ਿਆਦਾ ਖੂਬੀਆਂ ਹਨ। ਮੱਲਾਂ ਵੀ ਬਹੁਤ ਮਾਰੀਆਂ ਪਰ ਕਈ ਫੈਸਲੇ ਲੈਣ ਲੱਗਿਆਂ ਫੇਲ੍ਹ ਹੀ ਸਾਬਤ ਹੁੰਦੇ ਆਏ ਹਾਂ। ਸਾਡੀ ਕੌਮ ਬਾਰੇ ਇਹ ਵੀ ਕਿਹਾ ਜਾਂਦਾ ਹੈ, ਕਿ ਇਹ ਕਿਸੇ ਵੀ ਕੰਮ ਨੂੰ ਬਹੁਤ ਜ਼ੋਰ ਸ਼ੋਰ ਨਾਲ ਸ਼ੁਰੂ ਕਰਦੇ ਹਨ, ਪਰ ਥੋੜ੍ਹੀ ਦੇਰ ਬਆਦ ਉਹ ਜੋਸ਼ ਠੰਡਾ ਹੋ ਜਾਂਦਾ ਹੈ। ਕਈ ਦਫ਼ਾ ਹੋਸ਼ੋ ਹਵਾਸ਼ ਵੀ ਗਵਾਚ ਜਾਂਦੀ ਹੈ। ਸਾਡੇ ਪ੍ਰਤੀ ਹੋਰ ਵੀ ਧਾਰਨਾਂਵਾਂ ਬਣੀਆਂ ਹੋਈਆਂ ਹਨ ਕਿ ਇਹਨਾਂ ਦੀਆਂ ਮੀਟਿੰਗਾਂ ਕਦੇ ਵੀ ਸਿਰੇ ਨਹੀਂ ਚੜ੍ਹੀਆਂ। ਖਾਸ ਤੌਰ `ਤੇ ਜਦੋਂ ਧਾਰਮਕ ਮੁਆਮਲਿਆਂ ਦੀ ਕੋਈ ਇਕੱਤਰਤਾ ਹੋਵੇ ਤਾਂ ਇਹ ਫੈਸਲਾ ਕਰਨ ਦੀ ਬਜਾਏ ਆਪਸ ਵਿੱਚ ਤਾਣਿਓਂ ਮੇਣੀ ਹੋ ਕੇ ਉੱਠ ਕੇ ਚਲੇ ਜਾਂਦੇ ਹਨ। ਸਿੱਖਾਂ ਦੇ ਬਹੁਤ ਸਾਰੇ ਅਜੇਹੇ ਮਸਲੇ ਹਨ ਜਿੰਨ੍ਹਾ ਨੂੰ ਫੌਰੀ ਤੌਰ `ਤੇ ਕਮੇਟੀਆਂ ਬਣਾ ਕੇ ਹੱਲ ਕਰਨਾ ਚਹੀਦਾ ਸੀ ਪਰ ਅਜੇਹਾ ਨਹੀਂ ਹੋ ਸਕਿਆ। ਸਿਰ ਇਕੱਠੇ ਤਾਂ ਹੋ ਜਾਂਦੇ ਪਰ ਸਿਰ ਜੋੜ ਕੇ ਬੈਠਣ ਲਈ ਤਿਆਰ ਨਹੀਂ ਹੁੰਦੇ।
ਮਹੰਤ ਨਰਾਇਣ ਦਾਸ ਆਪ ਤੇ ਉਹਦੇ ਪਾਲ਼ੇ ਹੋਏ ਗੁੰਡਿਆਂ ਵਲੋਂ ਸ਼ਰੇਆਮ ਗੁਰਦੁਆਰਾ ਨਾਨਕਾਣਾ ਸਾਹਿਬ ਵਿਖੇ ਬੀਬੀਆਂ ਦੀ ਪਤ ਲਾਹੀ ਜਾਂਦੀ ਸੀ। ਸ਼ਰਾਬਾਂ ਦੇ ਦੌਰ ਚਲਦੇ, ਨਾਚ ਮੁਜਰੇ ਹੁੰਦੇ ਜਨੀ ਦੁਨੀਆਂ ਦਾ ਹਰ ਕੁਕਰਮ ਏੱਥੇ ਕੀਤਾ ਜਾਂਦਾ ਸੀ। ਸਿੱਖ ਕੌਮ ਦੇ ਧਿਆਨ ਵਿੱਚ ਕੁੱਝ ਮਸਲੇ ਆਏ ਉਹਨਾਂ ਨੇ ਇਸ ਪਾਸੇ ਸੋਚਿਆ ਕਿ ਇਹਨਾਂ ਮਹੰਤਾਂ ਨੇ ਗੁਰਦੁਆਰਿਆਂ ਨੂੰ ਆਪਣੀ ਨਿਜੀ ਮਲਕੀਅਤ ਬਣਾਇਆ ਹੋਇਆ ਹੈ। ਧਰਮ ਪਰਚਾਰ ਦੀ ਥਾਂ `ਤੇ ਨਿਜੀ ਐਸ਼ ਪ੍ਰਸਤੀ ਵਲ ਲੱਗੇ ਹੋਏ ਹਨ, ਕਿਉਂ ਨਾ ਗੁਰਦੁਆਰਿਆਂ ਨੂੰ ਅਜ਼ਾਦ ਕਰਾ ਕੇ ਪ੍ਰਬੰਧ ਸੰਗਤ ਦੇ ਹਵਾਲੇ ਕੀਤਾ ਜਾਏ। ਜਿਹੜੇ ਲੰਬੇ ਸਮੇਂ ਤੋਂ ਵਿਹਲੇ ਬੈਠੇ ਕੇ ਬਦਫੈਲੀਆਂ ਕਰਦੇ ਹੋਣ ਉਹਨਾਂ ਨੂੰ ਅਜੇਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਉਲੂ ਨੂੰ ਦਿਨ ਦਾ ਚਾਨਣ ਕਦੇ ਵੀ ਚੰਗਾ ਨਹੀਂ ਲੱਗਦਾ।
ਪੰਥ ਹਿਤੂਆਂ ਨੇ ਇੱਕ ਭਰਵਾਂ ਫੈਸਲਾ ਲਿਆ ਕਿ ਗੁਰਦੁਆਰਿਆਂ ਨੂੰ ਅਜ਼ਾਦ ਕਰਾ ਕੇ ਨਿਰੋਲ ਗੁਰਮਤ ਦੀ ਗੱਲ ਸੰਗਤਾਂ ਨੂੰ ਸਮਝਾਈ ਜਾਏ, ਪਰ ਮਹੰਤ ਕਦਾ ਚਿਤ ਗੁਰਦੁਅਰਿਆਂ ਤੋਂ ਆਪਣੀ ਨਿਜੀ ਮਲਕੀਅਤ ਛੱਡਣੀ ਨਹੀਂ ਚਾਹੁੰਦੇ ਸਨ। ਅੰਗਰੇਜ਼ੀ ਹਕੂਮਤ ਨੂੰ ਇਹ ਮਹੰਤ ਸਾਹ ਦੇਂਦੇ ਸਨ ਇਸ ਲਈ ਸਰਕਾਰੀ ਤੰਤਰ ਇਹਨਾਂ ਦੀਆਂ ਆਪ ਹੁਦਰੀਆਂ ਸਬੰਧੀ ਕੋਈ ਬਹੁਤਾ ਧਿਆਨ ਨਹੀਂ ਦੇਂਦਾ ਸੀ। ਸਿੰਧੀ ਪਰਵਾਰ ਨਾਲ ਵਾਪਰੀ ਘਟਨਾ ਨੇ ਸਾਰੇ ਪੰਥ ਨੂੰ ਝੰਜੋੜ ਕੇ ਰੱਖ ਦਿੱਤਾ। ਖੈਰ ਅਣਖੀ ਸੂਰਮਿਆਂ ਨੇ ਇੱਕ ਤਹੱਈਆਂ ਕਰ ਲਿਆ ਕਿ ਗੁਰਧਾਮ ਇਹਨਾਂ ਮਹੰਤਾ ਪਾਸੋਂ ਅਜ਼ਾਦ ਕਰਾਉਣੇ ਹਨ।
੨੧ ਫਰਵਰੀ ੧੯੨੧ ਨੂੰ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਦੀ ਅਗਵਾਈ ਹੇਠ ਗੁਰਦੁਆਰਾ ਨਾਨਕਾਣਾ ਸਾਹਿਬ ਨੂੰ ਮਹੰਤ ਤੋਂ ਅਜ਼ਾਦ ਕਰਾਉਣ ਲਈ ਇੱਕ ਜੱਥਾ ਤਿਆਰ ਹੋਇਆ ਦੂਸਰੇ ਪਾਸੇ ਮਹੰਤ ਨੂੰ ਇਸ ਸਾਰੇ ਕੁੱਝ ਦਾ ਪਤਾ ਸੀ ਇਸ ਲਈ ਉਸ ਨੇ ਅੰਦਰ ਖਾਤੇ ਇਲਾਕੇ ਦੇ ਹੋਰ ਬਦਮਾਸ਼ਾਂ ਨੂੰ ਇਕੱਠਿਆਂ ਕਰ ਲਿਆ। ਗੁਰਦੁਆਰਾ ਛੱਡਣ ਦੀ ਬਜਾਏ ਮਾਰਨ ਮਾਰਣ ਲਈ ਉੱਤਰ ਆਇਆ। ਦੇਖਦਿਆਂ ਦੇਖਦਿਆਂ ਇਸ ਜੱਥੇ ਨੂੰ ਮਹੰਤ ਨਰਾਇਣ ਦਾਸ ਦੇ ਗੁੰਡਿਆਂ ਨੇ ਸ਼ਹੀਦ ਕਰ ਦਿੱਤਾ। ਉਸ ਸਮੇਂ ਦੇ ਊਘੇ ਪੰਥ ਹਤੈਸ਼ੀ ਭਾਈ ਦਲੀਪ ਸਿੰਘ ਜੀ ਨੂੰ ਵੀ ਬਲਦੀ ਭੱਠੀ ਵਿੱਚ ਝੋਕ ਦਿੱਤਾ ਗਿਆ। ਭਾਈ ਲਛਮਣ ਸਿੰਘ ਜੀ ਧਾਰੋਵਾਲੀ ਨੂੰ ਜੰਡ ਨਾਲ ਬੰਨ੍ਹ ਕੇ ਜ਼ਿਉਂਦਿਆਂ ਸ਼ਹੀਦ ਕੀਤਾ ਗਿਆ। ਗੁਰਦੁਆਰਾ ਨਾਨਕਾਣਾ ਸਾਹਿਬ ਮਹੰਤ ਦੇ ਕਬਜ਼ੇ ਵਿਚੋਂ ਅਜ਼ਾਦ ਤਾਂ ਹੋ ਗਿਆ ਪਰ ਕੌਮ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ੨੩ ਫਰਵਰੀ ੧੯੨੧ ਨੂੰ ਸ਼ਹੀਦ ਹੋਏ ਵੀਰਾਂ ਦੇ ਸੜੇ ਅੱਧ ਸੜੇ ਸਰੀਰਾਂ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਸਾਰਿਆਂ ਦਾ ਸਾਂਝੇ ਤੌਰ `ਤੇ ਸਸਕਾਰ ਕੀਤਾ ਗਿਆ। ਇਸ ਬਲ਼ ਰਹੀ ਚਿਤਾ ਦੇ ਕੋਲ ਬੈਠ ਕੇ ਕੌਮ ਦੇ ਆਗੂਆਂ ਨੇ ਲੰਬੀ ਸੋਚ ਵਿਚਾਰ ਉਪਰੰਤ ਇੱਕ ਫੈਸਲਾ ਲਿਆ ਕਿ ਸਾਨੂੰ ਪੜ੍ਹੇ ਲਿਖੇ ਪਰਚਾਰਕ ਤਿਆਰ ਕਰਕੇ ਕੌਮ ਦੀ ਝੋਲ਼ੀ ਪਾਉਣੇ ਚਾਹੀਦੇ ਹਨ। ਨਾਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਪੁਤਲੀ ਘਰ ਦੇ ਨੇੜੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਹੋਂਦ ਵਿੱਚ ਆਇਆ। ਬੇਸ਼ੱਕ ਇਸ ਕਾਲਜ ਵਿਚੋਂ ਬਹੁਤ ਹੀ ਉੱਚ ਪਾਏ ਦੇ ਨਾਮਵਰ ਕਥਾ ਵਾਚਕ, ਕੀਰਤਨੀਏ ਅਤੇ ਵਿਦਵਾਨ ਪੈਦਾ ਹੋਏ ਹਨ। ਪਰ ਸਮੁੱਚੀ ਕੌਮ ਦੀ ਲੋੜ ਨੂੰ ਇਹ ਪੂਰਾ ਨਹੀਂ ਕਰ ਸਕੇ। ਸਿਖਾਂਦਰੂਆਂ ਦੀ ਗਣਤੀ ਬਹੁਤ ਘੱਟ ਸੀ ਪਰ ਮੰਗ ਬਹੁਤ ਜ਼ਿਆਦਾ ਹੋਣ ਕਰਕੇ ਕੌਮ ਦੇ ਆਗੂਆਂ ਦਾ ਕਦੇ ਇਸ ਪਾਸੇ ਖ਼ਿਆਲ ਵੀ ਨਹੀਂ ਗਿਆ ਸੀ।
ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ। ਲੁਧਿਆਣਾ ਸ਼ਹਿਰ ਆਪਣੇ ਵਿੱਚ ਬਹੁਤ ਕੁੱਝ ਸਮਾਈ ਬੈਠਾ ਹੈ। ਸਿਰੀ ਮਾਨ ਗਿਆਨੀ ਜਗਜੀਤ ਸਿੰਘ ਜੀ ਸਿਦਕੀ ਰਾਣਾ ਇੰਦਰਜੀਤ ਸਿੰਘ ਜੀ ਹੁਰਾਂ ਨੇ ਕੁੱਝ ਸਿਆਣੇ ਵੀਰਾਂ ਨਾਲ ਸਲਾਹ ਮਸ਼ਵਰਾ ਕਰਕੇ, ਇੱਕ ਯੋਜਨਾ ਤਿਆਰ ਕੀਤੀ, ਕਿ ਸਿੱਖ ਕੌਮ ਪਾਸ ਸਿਖਾਂਦਰੂ ਪ੍ਰਚਾਰਕਾਂ ਦੀ ਬਹੁਤ ਵੱਡੀ ਘਾਟ ਹੈ, ਘੁੱਗ ਵੱਸਦਾ ਲੁਧਿਆਣਾ ਸ਼ਹਿਰ ਹੈ, ਜਿੱਥੇ ਪੈਸੇ ਦੀ ਕਮੀ ਕੋਈ ਨਹੀਂ ਹੈ, ਕਿਉਂ ਨਾ ਕੋਈ ਅਜੇਹਾ ਉਦਮ ਅਰੰਭ ਕੀਤਾ ਜਾਏ, ਜੋ ਸੰਗਤਾਂ ਦੀ ਲੋੜ ਨੂੰ ਪੂਰਾ ਕਰੇ। ਲੰਬੀ ਸੋਚ ਵਿਚਾਰ ਦੇ ਉਪਰੰਤ ਸਿਰੜੀ ਵੀਰਾਂ ਨੇ ਸਿਰ ਜੋੜ ਕੇ ਇੱਕ ਫੈਸਲਾ ਕੀਤਾ ਕਿ ਗੁਰਬਾਣੀ ਨੂੰ ਸਿਧਾਂਤਕ ਢੰਗ ਨਾਲ ਸਮਝਣ ਵਾਲਾ ਗੁਰਮਤ ਦਾ ਨਿਵੇਕਲਾ ਮਿਸ਼ਨਰੀ ਕਾਲਜ ਖੋਲ੍ਹਿਆ ਜਾਏ। ਸਿਰੀ ਮਾਨ ਗਿਆਨੀ ਹਰਭਜਨ ਸਿੰਘ ਜੀ ਯੂ. ਐਸ. ਏ ਵਾਲਿਆਂ ਦੇ ਸਹਿਯੋਗ ਨਾਲ ਇੱਕ ਟ੍ਰਸੱਟ ਕਾਇਮ ਹੋ ਗਿਆ। ਕੰਮ ਕਰਨ ਵਾਲੇ ਤੇ ਪਿਆਰ ਵਾਲੇ ਟ੍ਰੱਸਟੀ ਵੀਰਾਂ ਦੇ ਉਦਮ ਸਦਕਾ ਇਮਾਰਤ ਦਾ ਕੰਮ ਸ੍ਰ. ਅਤਰ ਸਿੰਘ ਜੀ ਗਾਰਡ ਸਾਹਿਬ ਜੀ ਨੂੰ ਸੌਂਪ ਦਿੱਤਾ ਪੈਸੇ ਦੀ ਉਗਰਾਈ ਟ੍ਰੱਸਟੀਆਂ ਰਲ ਮਿਲ ਕੇ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਮੈਂ ਅਰੰਭ ਵਿੱਚ ਲਿਖਿਆ ਹੈ ਕਿ ਨੀਤਾਂ ਨੂੰ ਮੁਰਦਾਂ ਹੁੰਦੀਆਂ ਹਨ ਦਸ ਕੁ ਬੱਚਿਆਂ ਨਾਲ ਇਸ ਕਾਲਜ ਦੀ ਅਰੰਭਾ ਵੱਖ ਵੱਖ ਥਾਵਾਂ ਦੀ ਹੁੰਦੀ ਹੋਈ, ਦੇਖਦਿਆਂ ਹੀ ਦੇਖਦਿਆਂ ਇੱਕ ਵੱਡਅਕਾਰੀ ਇਮਾਰਤ ਦਾ ਰੁਪ ਧਾਰਨ ਕਰ ਗਿਆ। ਇਸ ਸਮੇਂ ਇਸ ਕਾਲਜ ਵਿੱਚ ੧੨੫ ਦੇ ਕਰੀਬ ਬੱਚੇ ਵਿਦਿਆ ਹਾਸਲ ਕਰ ਰਹੇ ਹਨ। ੧੯੯੬ ਨੂੰ ਸ਼ੁਰੂ ਹੋਏ ਕਾਲਜ ਨੇ ਹੁਣ ਤੀਕ ਬਹੁਤ ਹੀ ਮਿਆਰੀ ਪਰਚਾਰਕ ਪੈਦਾ ਕਰਕੇ ਕੌਮ ਦੀ ਝੋਲ਼ੀ ਪਾਏ ਹਨ। ਕਾਲਜ ਨੇ ਤਿੰਨ ਗੱਲਾਂ ਨੂੰ ਮੁੱਖ ਰੱਖਿਆ ਹੈ ਇੱਕ ਤਾਂ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਉਚੱਤਾ ਤੇ ਦੂਸਰਾ ਪੰਥ ਪਰਵਾਨਤ ਰਹਿਤ ਮਰਯਾਦਾ ਤੀਸਰਾ ਸਿੱਖ ਇਤਿਹਾਸ ਵਿਚੋਂ ਗੈਰ ਕੁਦਰਤੀ ਸਾਖੀਆਂ ਨੂੰ ਬਾਹਰ ਕੱਢ ਕੇ ਨਿਰੋਲ ਗੁਰਬਾਣੀ ਅਧਾਰਤ ਗੁਰੂਆਂ ਦਾ ਜੀਵਨ ਪੇਸ਼ ਕਰਨਾ।
ਕਾਲਜ ਵਿਚੋਂ ਪੜ੍ਹ ਕੇ ਪ੍ਰਚਾਰਕ ਜਦੋਂ ਬਾਹਰ ਨਿਕਲੇ ਤਾਂ ਸੰਗਤਾਂ ਵਲੋਂ ਉਹ ਪਿਆਰ ਮਿਲਿਆ ਜੋ ਲਿਖਣ ਦੇ ਘੇਰੇ ਵਿੱਚ ਨਹੀਂ ਆਉਂਦਾ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਕਾਲਜ ਦੀ ਸਹੀ ਅਰਥਾਂ ਵਿੱਚ ਜਾਣਕਾਰੀ, ਗੁਰਦੁਆਰਾ ਬੰਗਲਾ ਸਾਹਿਬ ਤੋਂ ਚਲ ਰਹੀ ਕਥਾ ਜੋ ਟਾਈਮ ਟੀ ਵੀ ਤੋਂ ਸਿੱਧੀ ਦੁਨੀਆਂ ਵਿੱਚ ਸੁਣੀ ਜਾਂਦੀ ਸੀ, ਤੇ ਏੱਥੋਂ ਕਾਲਜ ਦਾ ਘੇਰਾ ਸਾਰੀ ਦੁਨੀਆਂ ਵਿੱਚ ਫੈਲ਼ਿਆ। ਸਭ ਤੋਂ ਪਹਿਲਾਂ ਪ੍ਰੋ. ਸਰਬਜੀਤ ਸਿੰਘ ਜੀ ‘ਧੂੰਦਾ` ਤੇ ਪ੍ਰੋ. ਹਰਜਿੰਦਰ ਸਿੰਘ ਜੀ ‘ਸਭਰਾ` ਕਾਲਜ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕਥਾ ਕਰਨ ਲਈ ਗਏ। ਇਸ ਤੋਂ ਇਲਾਵਾ ਕਾਲਜ ਦੀ ਵੈਬਸਾਈਟ, ਸਿੰਘ ਸਭਾ ਕਨੇਡਾ ਇੰਟਰਨੈਸ਼ਨਲ ਤੇ ਯੂ ਟਿਊਬ ਰਾਂਹੀ ਜਦੋਂ ਸੰਗਤਾਂ ਵਿੱਚ ਗੁਰਬਾਣੀ ਦਾ ਸੁਨੇਹਾ ਗਿਆ, ਤਾਂ ਸੰਗਤਾਂ ਵਲੋਂ ਬਹੁਤ ਜ਼ਿਆਦਾ ਮੰਗ ਆਉਣ ਲੱਗੀ, ਕਿ ਹੋਰ ਪ੍ਰਚਾਰਕ ਤਿਆਰ ਕਰਕੇ ਦਿਓ, ਅਹਿਸਾਸ ਹੁੰਦਾ ਹੈ ਕਿ ਸਹੀ ਸਮੇਂ ਪੁਟਿਆ ਕਦਮ ਸਹੀ ਦਿਸ਼ਾ ਵਲ ਲੈ ਜਾਂਦਾ ਹੈ। ਪ੍ਰਿੰਸੀਪਲ ਜਗਜੀਤ ਸਿੰਘ ਜੀ ਸਿਦਕੀ ਤੇ ਪ੍ਰਿੰਸੀਪਲ ਕੰਵਰ ਮਹਿੰਦਰਪ੍ਰਤਾਪ ਸਿੰਘ ਜੀ ਵਲੋਂ ਤਿਆਰ ਕੀਤੀ ਪਰਚਾਰਕਾਂ ਦੀ ਪਨੀਰੀ ਇੱਕ ਖੁਸ਼ਬੂਦਾਰ ਫੁੱਲਾਂ ਦਾ ਰੂਪ ਧਾਰਨ ਕਰ ਗਈ। ਪ੍ਰੋ. ਇੰਦਰ ਸਿੰਘ ਜੀ ਘੱਗਾ, ਪ੍ਰੋ. ਜਸਵਿੰਦਰ ਸਿੰਘ ਜੀ ਪ੍ਰੋ. ਜਸਵੰਤ ਸਿੰਘ ਜੀ ਪ੍ਰੋ. ਜੋਗਿੰਦਰ ਸਿੰਘ ਜੀ ਹੁਰਾਂ ਦੀ ਸਮੁੱਚੀ ਟੀਮ ਨੇ ਜਾਨ ਮਾਰ ਕੇ ਮਿਹਨਤ ਕਰਾਈ।
ਕਾਲਜ ਨੇ ਇੱਕ ਮਿਆਰ ਕਾਇਮ ਕੀਤਾ ਕਿ ਪ੍ਰੰਪਰਾਗਤ ਕਥਾ ਤੋਂ ਹੱਟ ਕੇ ਕੇਵਲ ਸ਼ਬਦ ਦੀਆਂ ਗਹਿਰਾਈਆਂ ਦੀ ਹੀ ਵਿਚਾਰ ਕੀਤੀ ਜਾਏ ਜੋ ਸਾਡੇ ਆਪਣੇ ਜੀਵਨ, ਪਰਵਾਰ ਤੇ ਸਮਾਜ ਨੂੰ ਨਵੀਂ ਸੇਧ ਦੇਵੇ ਤੇ ਸਾਡੇ ਆਪਣੇ ਜੀਵਨ ਵਿਚੋਂ ਕੜਵਾਹਟ ਖਤਮ ਹੋਵੇ, ਗੁਰੂ ਨਾਨਕ ਸਾਹਿਬ ਜੀ ਦੇ ਹਲੇਮੀ ਰਾਜ ਦੀ ਸਥਾਪਨ ਵਲ ਨੂੰ ਵਧਿਆ ਜਾਏ। ਦੂਸਰਾ ਇਤਿਹਾਸ ਨੂੰ ਮਿਥਿਹਾਸ ਤੋਂ ਬਚਾਇਆ ਜਾਏ ਤੀਜਾ ਪੰਥਕ ਰਹਿਤ ਮਰਯਾਦਾ ਨੂੰ ਸਾਹਮਣੇ ਰੱਖ ਤੁਰਿਆ ਜਾਏਗਾ। ਇਹਨਾਂ ਤਿੰਨਾਂ ਚੀਜ਼ਾਂ ਤੇ ਕਾਲਜ ਨੇ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕੀਤਾ।
ਜਿੱਥੇ ਦੇਸ ਵਿਚੋਂ ਇਸ ਕਾਲਜ ਦੇ ਪੜ੍ਹੇ ਲਿਖੇ ਪਰਾਚਰਾਕਾਂ ਦੀ ਮੰਗ ਆਉਣ ਲੱਗੀ ਓੱਥੇ ਸਾਨੂੰ ਪਰਦੇਸਾਂ ਵਿਚੋਂ ਵੀ ਬਹਤ ਜ਼ਿਆਦਾ ਮੰਗ ਆਉਣ ਲੱਗੀ ਹੈ। ਜੇ ਮੈਂ ਸੂਚੀ ਲਿਖਣ ਲੱਗਾ ਤਾਂ ਬਹੁਤ ਲੰਬੀ ਹੋ ਜਾਏਗੀ ਪਰ ਫਿਰ ਵੀ ਮੋਟੇ ਤੌਰ `ਤੇ ਪ੍ਰੋ. ਸੁਖਵਿੰਦਰ ਸਿੰਘ ਦਦੇਹਰ, ਪ੍ਰੋ. ਸਰਬਜੀਤ ਸਿੰਘ ਜੀ ਧੂੰਦਾ, ਪ੍ਰੋ. ਹਰਜਿੰਦਰ ਸਿੰਘ ਜੀ ਸਭਰਾ, ਬੀਬੀ ਮਨਰਾਜ ਕੌਰ ਸਿਦਕੀ. ਪ੍ਰੋ. ਗੁਰਜੰਟ ਸਿੰਘ ਰੂਪੋਵਾਲੀ. ਪ੍ਰੋ. ਬ੍ਰਹਮਜੀਤ ਸਿੰਘ ਸਰਹਾਲੀ, ਵੀਰ ਨਛੱਤਰ ਸਿੰਘ, ਵੀਰ ਗੁਰਜੀਤ ਸਿੰਘ, ਵੀਰ ਸੰਦੀਪ ਸਿੰਘ ਖਾਲੜਾ ਅਜੇਹੇ ਪ੍ਰਚਾਰਕ ਹਨ ਜਿੰਨਾਂ ਸਬੰਧੀ ਹਰ ਰੋਜ਼ ਬਾਹਰਲੇ ਮੁਲਕਾਂ ਵਿਚੋਂ ਮੰਗ ਆ ਰਹੀ ਹੈ ਕਿ ਜਲਦੀ ਤੋਂ ਜਲਦੀ ਸਾਨੂੰ ਪਰਚਾਰਕ ਦਿਓ।
ਬਾਹਰਲੇ ਮੁਲਕਾਂ ਵਿੱਚ ਚੱਲ ਰਹੇ ਰੇਡੀਓ, ਟੀ ਵੀ ਤੋਂ ਅਕਸਰ ਇਹਨਾਂ ਵੀਰਾਂ ਦੀਆਂ ਕੈਸਟਾਂ ਸੁਣਾਈਆਂ ਜਾਂਦੀਆਂ ਹਨ। ਮੈਨੂੰ ਦਿੱਲੀ ਇੱਕ ਗੁਰਦੁਆਰਾ ਸਾਹਿਬ ਕਥਾ ਕਰਨ ਦਾ ਮੌਕਾ ਮਿਲਿਆ ਓੱਥੇ ਇੱਕ ਵੀਰ ਜੀ ਜੋ ਵਕਕਾਲਤ ਨਾਲ ਸਬੰਧ ਰੱਖਦੇ ਸਨ ਉਹ ਕਹਿਣ ਲੱਗੇ ਮੈਂ ਦੋ ਮਹੀਨੇ ਕਨੇਡਾ ਰਿਹਾ ਹਾਂ ਇਹ ਦੋ ਮਹੀਨੇ ਹਰ ਰੋਜ਼ ਹੀ ਟੀ ਵੀ ਅਤੇ ਰੇਡੀਓ ਤੋਂ ਧੂੰਦਾ ਜੀ ਸਭਰਾ ਜੀ ਬਾਪੂ ਥਾਈਲੈਂਡ ਤੇ ਦਦੇਹਰ ਹੁਰਾਂ ਦੀਆਂ ਹੀ ਕੈਸਟਾਂ ਸੁਣਦਾ ਰਿਹਾ ਹਾਂ। ਇਸ ਗੱਲ ਦਾ ਮੈਂ ਬਹੁਤ ਮਾਣ ਮਹਿਸੂਸ ਕੀਤਾ।
ਹੁਣੇ ਹੀ ਰਾਣਾ ਜੀ ਅਮਰੀਕਾ ਦੀ ਪਰਚਾਰ ਫੇਰੀ `ਤੇ ਗਏ ਸਨ। ਉਹਨਾਂ ਨੇ ਓੱਥੇ ਜਾ ਕੇ ਕਾਲਜ ਦੀਆਂ ਤਿਆਰ ਕੀਤੀਆਂ ਕਥਾ ਦੀਆਂ ਹੋਰ ਕੈਸਟਾਂ ਮੰਗਵਾਈਆਂ। ਮੈਨੂੰ ਨਿਜੀ ਤੌਰ `ਤੇ ਦੁਨੀਆਂ ਦੇ ਵੱਧ ਤੋਂ ਵੱਧ ਮੁਲਕਾਂ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਮਹਿਸੂਸ ਕੀਤਾ ਹੈ ਕਿ ਇਸ ਕਾਲਜ ਵਲੋਂ ਗੁਰਮਤ ਦੀ ਜੋ ਪੜ੍ਹਾਈ ਕਰਾਈ ਜਾਂਦੀ ਹੈ ਉਹ ਸਾਡੇ ਜੀਵਨ ਨਾਲ ਸਬੰਧ ਰੱਖਦੀ ਹੈ, ਪਰਵਾਰਾਂ ਨੂੰ ਆਪਸ ਵਿੱਚ ਜੋੜਦੀ ਹੈ। ਸਮਾਜਕ ਕੁਰੀਤੀਆਂ ਤੇ ਧਰਮ ਵਿੱਚ ਆਏ ਅੰਧਵਿਸ਼ਵਾਸ ਦੇ ਬਖੀਏ ਉਧੇੜਦੀ ਹੈ। ਗੁਰਬਾਣੀ ਦੇ ਅਰਥਾਂ ਨੂੰ ਬਹੁਤ ਹੀ ਸੁਖੈਨ ਢੰਗ ਨਾਲ ਸਮਝਾਇਆ ਜਾਂਦਾ ਹੈ। ਇਸ ਕਾਲਜ ਦੇ ਪੜ੍ਹੇ ਲਿਖੇ ਪ੍ਰਚਾਰਕਾਂ ਵਿੱਚ ਇੱਕ ਹੋਰ ਵਾਧਾ ਹੈ ਕਿ ਇਹ ਜਿੱਥੇ ਵੀ ਜਾਂਦੇ ਹਨ ਓੱਥੇ ਜਾ ਕੇ ਵਿਹਲੇ ਨਹੀਂ ਬੈਠਦੇ। ਬੱਚਿਆਂ ਦੀ ਭਰਪੂਰ ਕਲਾਸਾਂ ਲਗਾਉਂਦੇ ਹਨ। ਦੂਜਾ ਜਦੋਂ ਵੀ ਸਮਾਂ ਮਿਲਦਾ ਹੈ ਜਾਂ ਜਦੋਂ ਕੋਈ ਮਿਲਣ ਲਈ ਆਉਂਦਾ ਹੈ ਤਾਂ ਇਹ ਓਸੇ ਵੇਲੇ ਹੀ ਕਿਸੇ ਨਾ ਕਿਸੇ ਸ਼ਬਦ ਦੀ ਵਿਚਾਰ ਕਰਨ ਲੱਗ ਜਾਂਦੇ ਹਨ। ਆਏ ਸਜਣ ਦੇ ਜੋ ਸ਼ੰਕੇ ਹੁੰਦੇ ਹਨ ਉਹ ਓਸੇ ਵੇਲੇ ਹੀ ਨਿਵਰਤ ਹੋ ਜਾਂਦੇ।
ਇਕ ਗੱਲ ਹੋਰ ਕਿ ਸੰਗਤ ਅੱਜ ਬਹੁਤ ਜਾਗੁਰਕ ਹੋ ਚੁੱਕੀ ਹੈ। ਹੁਣ ਕਰਾਮਾਤੀ ਗਪੌੜ ਜਾਂ ਕਰਮ-ਕਾਂਡ ਵਾਲੇ ਕਿੱਸਿਆਂ ਨੂੰ ਸੁਣਨ ਲਈ ਤਿਆਰ ਨਹੀਂ ਹੈ। ਸਿੱਖ ਧਰਮ ਵਿੱਚ ਆਏ ਭਰਮਾਂ ਵਹਿਮਾਂ ਨੂੰ ਕਾਲਜ ਦੇ ਪ੍ਰੋਸਫਰ ਵੀਰਾਂ ਨੇ ਆਪਸੀ ਗਲਬਾਤ ਰਾਂਹੀ ਰਿਕਾਰਡ ਕਰਾ ਕੇ ਕਾਲਜ ਦੀ ਵੈਬਸਾਈਟ `ਤੇ ਪਾਏ ਜਾਣ ਨਾਲ ਵਿਦੇਸਾਂ ਵਿਚੋਂ ਬਹੁਤ ਹੀ ਜ਼ਿਆਦਾ ਸੁਨੇਹੇ ਆਏ ਹਨ। ਅਸੀਂ ਉਹਨਾਂ ਸਾਰੇ ਦੇਸ-ਵਿਦੇਸ ਵਿੱਚ ਰਹਿ ਰਹੇ ਵੀਰਾਂ, ਗੁਰਦੁਆਰਾ ਪਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ਤੇ ਪੰਥ ਹਤੈਸ਼ੀਆਂ ਦੇ ਸਦਾ ਰਿਣੀ ਹਾਂ ਜੋ ਸਾਨੂੰ ਹਰ ਪ੍ਰਕਾਰ ਦਾ ਆਪਣਾ ਸਹਿਯੋਗ ਦੇ ਰਹੇ ਹਨ।
ਬੇਨਤੀ—
ਇਸ ਕਾਲਜ ਵਿੱਚ ਜਿੱਥੇ ਪੰਜਾਬ ਦੇ ਬੱਚੇ ਵਿਦਿਆ ਹਾਸਲ ਕਰ ਰਹੇ ਹਨ ਓੱਥੇ ਨਾਗਪੁਰ ਤੋਂ ਸਿਕਲੀਗਰ ਵਣਜਾਰੇ ਬੱਚਿਆਂ ਨੂੰ ਦੋ ਸਾਲ ਦਾ ਕੋਰਸ ਕਰਾ ਕੇ ਨਾਗਪੁਰ ਲਈ ਹੀ ਪ੍ਰਚਾਰ ਲਈ ਭੇਜ ਦਿੱਤਾ ਜਾਂਦਾ ਹੈ।
ਦੇਸ-ਵਿਦੇਸ ਦੇ ਸਨੇਹੀ ਵੀਰਾਂ ਭੈਣਾਂ, ਪੰਥ ਹਤੈਸ਼ੀਆਂ, ਸਮੂਹ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਨੂੰ ਬੇਨਤੀ ਹੈ ਇੱਕ ਮਹੀਨੇ ਵਿੱਚ ਇੱਕ ਬੱਚੇ ਦਾ ਲਗ-ਪਗ ਸਾਡੇ ਕੁ ਚਾਰ ਹਜ਼ਾਰ ਰੁਪਿਆ ਖਰਚ ਆ ਜਾਂਦਾ ਹੈ ਜਨੀ ਕੇ ਸਾਲ ਦਾ ਪੰਜਾਹ ਕੁ ਹਜ਼ਾਰ ਰੁਪਇਆ ਬਣਦਾ ਹੈ। ਇਸ ਲਈ ਕ੍ਰਿਪਾ ਕਰਕੇ ਆਪਣਾ ਬਣਦਾ ਸਾਨੂੰ ਸਹਿਯੋਗ ਦਿਓ ਤਾਂ ਕਿ ਅਸੀਂ ਹੋਰ ਉਦਮ ਨਾਲ ਸੰਗਤਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰ ਸਕੀਏ। ਆਪਣੇ ਕੀਮਤੀ ਸੁਝਾਅ ਵੀ ਦਿਓ ਤਾਂ ਕਿ ਸਾਡੇ ਕੰਮ ਵਿੱਚ ਹੋਰ ਨਿਖਾਰ ਆ ਸਕੇ। ਕੌਮ ਦੀ ਹੋਰ ਨਿਗਰ ਸੇਵਾ ਕਰ ਸਕੀਏ।
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।।
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ।। ੧।।
ਸਲੋਕ ਮ: ੫ ਪੰਨਾ ੫੨੨
.