.

ਗੁਰਬਾਣੀ ਵਿੱਚ ਭੱਖ ਅਭੱਖ ਦਾ ਸੰਕਲਪ

ਭੱਖ ਦਾ ਅਰਥ ਹੈ ਖਾਣ ਯੋਗ ਅਤੇ ਅਭੱਖ ਦਾ ਅਰਥ ਹੈ ਨਾ ਖਾਣ ਯੋਗ; ਜਿਸ ਦਾ ਧਰਮ ਅਨੁਸਾਰ ਖਾਣਾ ਵਿਧਾਣ ਨਹੀਂ ਹੈ। ਆਮ ਤੌਰ `ਤੇ, ਗੁਰਬਾਣੀ ਵਿੱਚ ਆਏ ਭੱਖ ਅਭੱਖ ਤੋਂ ਭਾਵ ਖਾਣ ਯੋਗ ਪਦਾਰਥਾਂ, ਵਿਸ਼ੇਸ਼ ਕਰ ਕੇ ਭੱਖ ਤੋਂ ਭਾਵ ਸ਼ਾਕਾਹਾਰੀ ਭੋਜਣ ਤੋਂ ਅਤੇ ਅਭੱਖ ਤੋਂ ਮਾਸਾਹਾਰੀ ਭੋਜਣ ਤੋਂ ਲਿਆ ਜਾਂਦਾ ਹੈ। ਪਰੰਤੂ ਗੁਰਬਾਣੀ ਵਿੱਚ ਇਸ ਸ਼ਬਦ ਨੂੰ ਕਿਸੇ ਵਸਤੂ ਅਥਵਾ ਪਦਾਰਥ ਦੇ ਖਾਣ ਜਾਂ ਨਾ ਖਾਣ ਦੇ ਭਾਵਾਰਥ ਵਿੱਚ ਨਹੀਂ ਵਰਤਿਆ ਗਿਆ ਹੈ। ਗੁਰਬਾਣੀ ਵਿੱਚ ਭੱਖ ਅਭੱਖ ਤੋਂ ਭਾਵ ਦੂਜਿਆਂ ਦਾ ਹੱਕ ਮਾਰ ਕੇ, ਵੱਢੀ ਲੈ ਕੇ, ਪਾਖੰਡ ਕਰਕੇ ਜਾਂ ਕਿਸੇ ਹੋਰ ਅਜਿਹੇ ਢੰਗ ਨਾਲ ਕਮਾਏ ਹੋਏ ਧਨ ਨਾਲ ਆਪਣੀਆਂ ਜਾਂ ਪਰਵਾਰ ਆਦਿ ਦੀ ਲੋੜਾਂ ਨੂੰ ਪੂਰਿਆਂ ਕਰਨ ਤੋਂ ਹੈ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
(ੳ) ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ॥ ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ॥ ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ॥ (ਪੰਨਾ ੫੦) ਅਰਥ: ਜਿਵੇਂ ਹਲਕਾਇਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵਲ ਭੱਜਦਾ ਹੈ, (ਤਿਵੇਂ) ਲੋਭੀ ਜੀਵ ਨੂੰ ਭੀ ਕੁੱਝ ਨਹੀਂ ਸੁੱਝਦਾ, ਚੰਗੀ ਮੰਦੀ ਹਰੇਕ ਚੀਜ਼ ਖਾ ਲੈਂਦਾ ਹੈ। ਕਾਮ ਦੇ ਤੇ ਕ੍ਰੋਧ ਦੇ ਨਸ਼ੇ ਵਿੱਚ ਫਸਿਆ ਹੋਇਆ ਮਨੁੱਖ ਮੁੜ ਮੁੜ ਜੂਨਾਂ ਵਿੱਚ ਪੈਂਦਾ ਰਹਿੰਦਾ ਹੈ।
(ੲ) ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ॥ (ਪੰਨਾ ੧੨੯੦)
ਅਰਥ: ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਅੰਨ੍ਹਾ ਹੈ ਉਹ ਨਾਹ ਖਾਣ-ਜੋਗ ਚੀਜ਼ (ਭਾਵ, ਪਰਾਇਆ ਹੱਕ) ਤਾਂ ਖਾਂਦੇ ਹਨ ਤੇ ਖਾਣ-ਜੋਗ ਚੀਜ਼ (ਭਾਵ ਜਿਸ ਚੀਜ਼ ਤੋਂ ਜ਼ਿੰਦਗੀ ਦਾ ਹੀ ਮੁੱਢ ਬੱਝਾ ਤਿਆਗਦੇ ਹਨ।
ਇਨ੍ਹਾਂ ਉਪਰੋਕਤ ਪੰਗਤੀਆਂ ਵਿੱਚ ਅਭੱਖ ਭੱਖ ਸ਼ਬਦ ਸ਼ਾਕਾਹਾਰੀ ਜਾਂ ਮਾਸਾਹਾਰੀ ਭੋਜਨ ਲਈ ਨਹੀਂ ਸਗੋਂ ਪਰਾਏ ਹੱਕ ਲਈ ਆਇਆ ਹੈ। ਗੁਰੂ ਸਾਹਿਬਾਨ ਕਿਸੇ ਵੀ ਅਜਿਹੇ ਵਿਅਕਤੀ ਦੀ ਭੇਟਾ ਪਰਵਾਨ ਨਹੀਂ ਸਨ ਕਰਦੇ ਜਿਸ ਦੀ ਕਮਾਈ ਹਰਾਮ ਦੀ ਹੁੰਦੀ ਸੀ। ਇੱਥੋਂ ਤੀਕ ਕਿ ਦੂਜਿਆਂ ਦਾ ਹੱਕ ਮਾਰਨ ਵਾਲੇ ਕਿਸੇ ਮਨੁੱਖ ਦੇ ਘਰੋਂ ਪ੍ਰਸ਼ਾਦਾ ਵੀ ਨਹੀਂ ਸਨ ਛੱਕਦੇ। ਜੇਕਰ ਅਜਿਹਾ ਕੋਈ ਪ੍ਰਾਣੀ ਗੁਰਦੇਵ ਦੀ ਚਰਨ ਸ਼ਰਨ ਵਿੱਚ ਆਇਆ ਤਾਂ ਗੁਰਦੇਵ ਨੇ ਉਸ ਵਲੋਂ ਪਾਪ ਦੀ ਕਮਾਈ ਤੋਂ ਤੋਬਾ ਕਰਨ ਉਪਰੰਤ ਹੀ ਉਸ ਨੂੰ ਚਰਨੀ ਲਾਇਆ ਸੀ।
ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਦੇ ਬ੍ਰਹਮ ਭੋਜ ਨੂੰ ਛੱਕਣ ਤੋਂ ਇਨਕਾਰ ਇਸ ਲਈ ਕੀਤਾ ਸੀ ਕਿ ਉਸ ਦੀ ਕਮਾਈ ਹੱਕ-ਹਲਾਲ ਦੀ ਨਹੀਂ ਸੀ। ਗਰੀਬਾਂ ਦਾ ਹੱਕ ਮਾਰ ਕੇ ਇਕੱਤਰ ਕੀਤੇ ਹੋਏ ਧਨ ਨਾਲ ਤਿਆਰ ਕੀਤੇ ਹੋਏ ਭੋਜਨ ਨੂੰ ਗੁਰਦੇਵ ਨੇ ਛੱਕਣ ਤੋਂ ਇਨਕਾਰ ਕਰ ਦਿੱਤਾ ਸੀ। ਮਲਕ ਭਾਗੋ ਵਲੋਂ ਇਨਕਾਰ ਕਰਨ ਦਾ ਕਾਰਨ ਪੁਛਣ `ਤੇ ਸਤਿਗੁਰੂ ਜੀ ਨੇ ਉੱਤਰ ਵਿੱਚ ਕਿਹਾ ਸੀ ਕਿ ਇਨ੍ਹਾਂ ਮਾਲ ਪੂੜਿਆਂ ਵਿੱਚ ਗਰੀਬਾਂ ਦਾ ਲਹੂ ਨਿਚੋੜਿਆ ਖੂਨ ਹੈ, ਇਸ ਲਈ ਉਹ ਇਹ ਭੋਜਨ ਨਹੀਂ ਛੱਕ ਛੱਕਦੇ। ਸਤਿਗੁਰੂ ਜੀ ਨੇ ਮਲਕ ਭਾਗੋ ਦੇ ਨਾਨਾ ਪ੍ਰਕਾਰ ਦੇ ਸੁਆਦਿਸ਼ਟ ਭੋਜਨ ਛੱਕਣ ਦੀ ਥਾਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾਣ ਨੂੰ ਤਰਜੀਹ ਦਿੱਤੀ ਸੀ। ਸਤਿਗੁਰੂ ਜੀ ਆਪਣੀ ਚਰਨ ਸ਼ਰਨ ਵਿੱਚ ਆਉਣ ਵਾਲੇ ਹਰੇਕ ਪ੍ਰਾਣੀ ਨੂੰ ‘ਕਿਰਤ ਵਿਰਤ ਕਰਿ ਧਰਮ ਦੀ ਹਥਹੁੰ ਦੇ ਕੈ ਭਲਾ ਮਨਾਵੈ’ ਦਾ ਹੀ ਉਪਦੇਸ਼ ਦ੍ਰਿੜ ਕਰਾਉਂਦੇ ਸਨ।
ਗੁਰਬਾਣੀ ਵਿੱਚ ਭੱਖ ਅਭੱਖ ਨੂੰ ਮੁਰਦਾਰ ਖਾਣਾ, ਮਨੁੱਖਾਂ ਦੀ ਰੱਤ ਪੀਣਾ, ਮੈਲ ਖਾਣਾ, ਅਖਾਧਿ ਖਾਹਿ, ਸਿੰਘਚ ਭੋਜਨ/ਨਿਰਦਇਤਾ ਵਾਲਾ ਭੋਜਨ ਅਤੇ ਮਾਣਸ ਖਾਣੇ ਵੀ ਕਿਹਾ ਗਿਆ ਹੈ। ਗੁਰਬਾਣੀ ਦੀਆਂ ਨਿਮਨ ਲਿਖਤ ਪੰਗਤੀਆਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:
ਮੁਰਦਾਰ ਖਾਣਾ: (ੳ) ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥ (ਪੰਨਾ ੧੪੧)
ਅਰਥ: ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ। ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ। ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿੱਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿੱਚ ਵਰਤਿਆਂ ਹੀ ਨਜਾਤ ਮਿਲਦੀ ਹੈ। (ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿੱਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ। ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ।
(ਅ) ਬੰਦੇ ਚਸਮ ਦੀਦੰ ਫਨਾਇ॥ ਦੁਨੀਂਆ ਮੁਰਦਾਰ ਖੁਰਦਨੀ ਗਾਫਲ ਹਵਾਇ॥ ਰਹਾਉ॥ (ਪੰਨਾ ੭੨੩) ਅਰਥ: ਹੇ ਮਨੁੱਖ! ਜੋ ਕੁੱਝ ਤੂੰ ਅੱਖੀਂ ਵੇਖਦਾ ਹੈਂ ਨਾਸਵੰਤ ਹੈ। ਪਰ ਦੁਨੀਆਂ (ਮਾਇਆ ਦੇ) ਲਾਲਚ ਵਿੱਚ (ਪਰਮਾਤਮਾ ਵਲੋਂ) ਭੁੱਲੀ ਹੋਈ ਹੈ, ਤੇ, ਹਰਾਮ ਖਾਂਦੀ ਰਹਿੰਦੀ ਹੈ (ਪਰਾਇਆ ਹੱਕ ਖੋਂਹਦੀ ਰਹਿੰਦੀ ਹੈ)
(ੲ) ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥ (ਪੰਨਾ ੧੫) ਅਰਥ: ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ—ਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ, ਭੌਂਕਦਾ ਹੈ), ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ), (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ (ਜੋ ਸੁਆਰਥ ਦੀ ਬਦਬੂ ਵਧਾ ਰਿਹਾ ਹੈ)।
(ਸ) ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ॥ (ਪੰਨਾ ੧੩੯) ਅਰਥ: (ਜੋ ਮਨੁੱਖ) ਝੂਠ ਬੋਲ ਕੇ (ਆਪ ਤਾਂ) ਦੂਜਿਆਂ ਦਾ ਹੱਕ ਖਾਂਦਾ ਹੈ ਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ ਨਾਹ ਬੋਲੋ), ਹੇ ਨਾਨਕ! ਅਜਿਹਾ ਆਗੂ (ਅੰਤ ਇਉਂ) ਉੱਘੜਦਾ ਹੈ ਕਿ ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲੁਟਾਂਦਾ ਹੈ।
ਭਾਈ ਗੁਰਦਾਸ ਜੀ ਨੇ ਵੀ ਮੁਰਦਾਰ ਸ਼ਬਦ ਨੂੰ ਇਸ ਹੀ ਭਾਵਾਰਥ ਵਿੱਚ ਵਰਤਿਆ ਹੈ:-ਕਲਿ ਆਈ ਕੁਤੇ ਮੁਹੀ ਹੋਇਆ ਮੁਰਦਾਰੁ ਗੁਸਾਈ। (ਵਾਰ ੧, ਪਉੜੀ ੩੦) ਅਰਥ: ਹੇ ਗੁਸਾਈਂ! ਖਲਜੁਗ ਦੀ ਸ੍ਰਿਸ਼ਟੀ ਕੁੱਤੇ ਮੁਹੀਂ ਹੋ ਗਈ ਹੈ (ਹੱਕ ਬੇਹੱਕ ਨਹੀਂ ਦੇਖਦੀ) ਤੇ ਖਾਣਾ ਇਸ ਦਾ ਮੁਰਦਿਆਂ ਦਾ ਮਾਸ ਭਾਵ ਅਣਹੱਕ ਹੋ ਗਿਆ ਹੈ।
ਮਨੁੱਖਾਂ ਦੀ ਰੱਤ ਪੀਣਾ: (ੳ) ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥ ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ॥ ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ॥ (ਪੰਨਾ ੧੪੦) ਅਰਥ: ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ), (ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ)? ਹੇ ਨਾਨਕ! ਰੱਬ ਦਾ ਨਾਮ ਮੂੰਹੋਂ ਸਾਫ਼ ਦਿਲ ਨਾਲ ਲੈ, (ਇਸ ਤੋਂ ਬਿਨਾ) ਹੋਰ ਕੰਮ ਦੁਨੀਆ ਵਾਲੇ ਵਿਖਾਵੇ ਹਨ। ਇਹ ਤਾਂ ਤੁਸੀ ਕੂੜੇ ਕੰਮ ਹੀ ਕਰਦੇ ਹੋ।
(ਅ) ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ॥ ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ॥ (ਪੰਨਾ ੧੪੨) ਅਰਥ: ਜੇ (ਮੇਰੇ) ਸਰੀਰ ਨੂੰ ਦੁੱਖ ਲੱਗ ਜਾਏ, ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ (ਮੇਰੇ ਲਾਗੂ ਹੋ ਜਾਣ), ਜ਼ਾਲਮ ਰਾਜੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਇਸੇ ਤਰ੍ਹਾਂ (ਭਾਵ, ਇਹਨਾਂ ਦੁੱਖਾਂ ਦੀ ਸ਼ਕਲ ਵਿੱਚ ਹੀ ਮੇਰੇ ਉੱਤੇ) ਪਰਗਟ ਹੋਵੇ, ਤਾਂ ਭੀ (ਹੇ ਪ੍ਰਭੂ! ਮੈਂ ਇਸ ਤੋਂ ਘਾਬਰ ਕੇ ਤੈਨੂੰ ਵਿਸਾਰ ਨਾ ਦਿਆਂ) ਤੇਰੀ ਹੀ ਸਿਫ਼ਤਿ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾਹ ਮੁੱਕ ਜਾਏ।
ਮੈਲ ਖਾਣਾ: (ੳ) ਕਾਦੀ ਕੂੜੁ ਬੋਲਿ ਮਲੁ ਖਾਇ॥ (ਪੰਨਾ ੬੬੨) ਅਰਥ: ਕਾਜ਼ੀ (ਜੇ ਇੱਕ ਪਾਸੇ ਤਾਂ ਇਸਲਾਮੀ ਧਰਮ ਦਾ ਨੇਤਾ ਹੈ ਤੇ ਦੂਜੇ ਪਾਸੇ ਹਾਕਮ ਭੀ ਹੈ, ਰਿਸ਼ਵਤ ਦੀ ਖ਼ਾਤਰ ਸ਼ਰਈ ਕਾਨੂੰਨ ਬਾਰੇ) ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ।
(ਅ) ਅਸੰਖ ਮਲੇਛ ਮਲੁ ਭਖਿ ਖਾਹਿ॥ (ਪੰਨਾ ੪) ਅਰਥ: ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ।
ਅਖਾਧਿ ਖਾਹਿ: (ੳ) ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ॥ ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ॥ (ਪੰਨਾ ੪੦੨) ਅਰਥ:-ਹੇ ਮੂਰਖ! ਤੂੰ ਪਰਾਇਆ ਧਨ (ਚੁਰਾਂਦਾ ਹੈਂ), ਪਰਾਇਆ ਰੂਪ (ਮੰਦੀ ਨਿਗਾਹ ਨਾਲ ਤੱਕਦਾ ਹੈਂ), ਪਰਾਈ ਨਿੰਦਾ (ਕਰਦਾ ਹੈਂ, ਤੂੰ ਲੋਭ ਨਾਲ) ਹਲਕਾ ਹੋਇਆ ਪਿਆ ਹੈਂ। ਉਹੀ ਚੀਜ਼ਾਂ ਖਾਂਦਾ ਹੈਂ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ। ਹੇ ਮੂਰਖ! ਸਦਾ ਨਾਲ ਨਿਭਣ-ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ, ਸੱਚ-ਉਪਦੇਸ਼ ਸੁਣਨ ਤੋਂ ਤੈਨੂੰ ਖਿੱਝ ਲੱਗਦੀ ਹੈ।
(ਅ) ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ॥ ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ॥ ਨਚ ਮਿਤ੍ਰੰ ਨਚ ਇਸਟੰ ਨਚ ਬਾਧਵ ਨਚ ਮਾਤ ਪਿਤਾ ਤਵ ਲਜਯਾ॥ ਅਕਰਣੰ ਕਰੋਤਿ ਅਖਾਦਿ੍ਯ੍ਯ ਖਾਦ੍ਯ੍ਯੰ ਅਸਾਜ੍ਯ੍ਯੰ ਸਾਜਿ ਸਮਜਯਾ॥ ਤ੍ਰਾਹਿ ਤ੍ਰਾਹਿ ਸਰਣਿ ਸੁਆਮੀ ਬਿਗ੍ਯ੍ਯਾਪਿ੍ਤ ਨਾਨਕ ਹਰਿ ਨਰਹਰਹ॥ (ਪੰਨਾ ੧੩੫੮) ਅਰਥ: ਹੇ ਲੋਭ! ਮੁਖੀ ਬੰਦੇ (ਭੀ) ਤੇਰੀ ਸੰਗਤਿ ਵਿੱਚ (ਰਹਿ ਕੇ ਵਿਕਾਰਾਂ ਵਿਚ) ਡੁੱਬ ਜਾਂਦੇ ਹਨ, ਤੇਰੀਆਂ ਲਹਿਰਾਂ ਵਿੱਚ (ਫਸ ਕੇ) ਅਨੇਕਾਂ ਕਲੋਲ ਕਰਦੇ ਹਨ। ਤੇਰੇ ਵੱਸ ਵਿੱਚ ਆਏ ਹੋਏ ਜੀਵ ਕਈ ਤਰ੍ਹਾਂ ਭਟਕਦੇ ਫਿਰਦੇ ਹਨ, ਅਨੇਕਾਂ ਤਰੀਕਿਆਂ ਨਾਲ ਡੋਲਦੇ ਹਨ। ਤੇਰੇ ਅਸਰ ਹੇਠ ਰਹਿਣ ਕਰਕੇ ਉਹਨਾਂ ਨੂੰ ਨਾ ਕਿਸੇ ਮਿਤ੍ਰ ਦੀ, ਨਾ ਗੁਰੂ-ਪੀਰ ਦੀ, ਨਾ ਸਨਬੰਧੀਆਂ ਦੀ, ਅਤੇ ਨਾ ਹੀ ਮਾਂ ਪਿਉ ਦੀ ਕੋਈ ਸ਼ਰਮ ਰਹਿੰਦੀ ਹੈ। ਤੇਰੇ ਪ੍ਰਭਾਵ ਨਾਲ ਜੀਵ ਖੁਲ੍ਹੇ ਤੌਰ ਤੇ ਸਮਾਜ ਵਿੱਚ ਉਹ ਕੰਮ ਕਰਦਾ ਹੈ ਜੋ ਨਹੀਂ ਕਰਨੇ ਚਾਹੀਦੇ, ਉਹ ਚੀਜ਼ਾਂ ਖਾਂਦਾ ਹੈ ਜੋ ਨਹੀਂ ਖਾਣੀਆਂ ਚਾਹੀਦੀਆਂ, ਉਹ ਗੱਲਾਂ ਸ਼ੁਰੂ ਕਰ ਦੇਂਦਾ ਹੈ ਜੋ ਨਹੀਂ ਕਰਨੀਆਂ ਚਾਹੀਦੀਆਂ। ਹੇ ਨਾਨਕ! (ਲੋਭ ਤੋਂ ਬਚਣ ਲਈ) ਇਉਂ ਅਰਦਾਸ ਕਰ—ਹੇ ਪ੍ਰਭੂ! ਹੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੈਨੂੰ ਇਸ ਤੋਂ ਬਚਾ ਲੈ, ਬਚਾ ਲੈ।
ਸਿੰਘਚ ਭੋਜਨ/ਨਿਰਦਇਤਾ ਵਾਲਾ ਭੋਜਨ:
ਸਿੰਘਚ ਭੋਜਨੁ ਜੋ ਨਰੁ ਜਾਨੈ॥ ਐਸੇ ਹੀ ਠਗਦੇਉ ਬਖਾਨੈ॥ (ਪੰਨਾ ੪੮੫) ਅਰਥ: ਜੋ ਮਨੁੱਖ ਜ਼ੁਲਮ ਵਾਲੀ ਰੋਜ਼ੀ ਹੀ ਕਮਾਉਣੀ ਜਾਣਦਾ ਹੈ, (ਤੇ ਬਾਹਰੋਂ ਅੱਖਾਂ ਮੀਟਦਾ ਹੈ, ਜਿਵੇਂ ਸਮਾਧੀ ਲਾਈ ਬੈਠਾ ਹੈ) ਜਗਤ ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ।
ਮਾਣਸ ਖਾਣੇ:
(ੳ) ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥ (ਪੰਨਾ ੪੭੧) ਅਰਥ: (ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਵੱਢੀ-ਖ਼ੋਰੇ, ਪਰ ਪੜ੍ਹਦੇ ਹਨ ਨਮਾਜ਼ਾਂ। (ਇਹਨਾਂ ਹਾਕਮਾਂ ਦੇ ਅੱਗੇ ਮੁਨਸ਼ੀ ਉਹ ਖੱਤ੍ਰੀ ਹਨ ਜੋ) ਛੁਰੀ ਚਲਾਂਦੇ ਹਨ (ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ), ਪਰ ਉਹਨਾਂ ਦੇ ਗਲ ਵਿੱਚ ਜਨੇਊ ਹਨ।
(ਅ) ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ॥ ਬਸੁਧਾ ਖੋਦਿ ਕਰਹਿ ਦੁਇ ਚੂਲੇੑ ਸਾਰੇ ਮਾਣਸ ਖਾਵਹਿ॥ (ਪੰਨਾ ੪੭੬) ਅਰਥ: (ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ (ਚੁੱਲ੍ਹਿਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ।
ਭਾਈ ਗੁਰਦਾਸ ਜੀ ਨੇ ਗੁਰਮਤਿ ਦੀ ਜੀਵਨ-ਜੁਗਤ ਦੇ ਪਹਿਲੂਆਂ ਦਾ ਪਾਲਣ ਕਰਨ ਵਾਲੇ ਗੁਰਸਿੱਖਾਂ ਤੋਂ ਕੁਰਬਾਨ ਹੋਣ ਦੀ ਗੱਲ ਕੀਤੀ ਹੈ, ਉੱਥੇ ਨਾਲ ਹੀ ਪਰਾਏ ਮਾਲ ਨੂੰ ਛੱਕਣਾਂ ਤਾਂ ਕਿਧਰੇ ਰਿਹਾ, ਹੱਥ ਲਾਉਣ ਤੋਂ ਵੀ ਸੰਕੋਚ ਕਰਨ ਵਾਲਿਆਂ ਤੋਂ ਬਲਿਹਾਰ ਹੁੰਦੇ ਹੋਏ ਕਿਹਾ ਹੈ: ਹਉਂ ਤਿਸ ਘੋਲ ਘੁਮਾਇਆ ਪਰ ਦਰਬੈ ਨੋ ਹਥ ਨ ਲਾਵੈ। (ਵਾਰ ੧੨, ਪਉੜੀ ੪)
ਗੁਰਬਾਣੀ ਵਿੱਚ ਅਭੱਖ ਭੱਖਣ ਦੇ ਪ੍ਰਸੰਗ ਵਿੱਚ ਅਕਾਲ ਪੁਰਖ ਤੋਂ ਬੇਮੁਖ ਹੋ ਕੇ ਜੀਵਨ ਗੁਜ਼ਾਰਨ ਵਾਲਿਆਂ ਨੂੰ ਵੀ ਅਭੱਖ ਭੱਖਣਾ ਆਖਿਆ ਹੈ:
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥ ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ ਰਾਜਿ ਰੰਗੁ ਮਾਲਿ ਰੰਗੁ॥ ਰੰਗਿ ਰਤਾ ਨਚੈ ਨੰਗੁ॥ ਨਾਨਕ ਠਗਿਆ ਮੁਠਾ ਜਾਇ॥ ਵਿਣੁ ਨਾਵੈ ਪਤਿ ਗਇਆ ਗਵਾਇ॥ (ਪੰਨਾ ੧੪੨) ਅਰਥ: (ਅਸਲ ਵਿਚ) ਉਹ ਮਨੁੱਖ ਜੀਊਂਦਾ ਹੈ, ਜਿਸ ਦੇ ਮਨ ਵਿੱਚ ਪਰਮਾਤਮਾ ਵੱਸ ਰਿਹਾ ਹੈ। ਹੇ ਨਾਨਕ! (ਬੰਦਗੀ ਵਾਲੇ ਤੋਂ ਬਿਨਾ) ਕੋਈ ਹੋਰ ਜੀਊਂਦਾ ਨਹੀਂ ਹੈ। ਜੇ ਨਾਮ-ਵਿਹੂਣਾ (ਵੇਖਣ ਨੂੰ) ਜੀਊਂਦਾ (ਭੀ) ਹੈ ਤਾਂ ਉਹ ਇੱਜ਼ਤ ਗਵਾ ਕੇ (ਏਥੋਂ) ਜਾਂਦਾ ਹੈ, ਜੋ ਕੁੱਝ (ਏਥੇ) ਖਾਂਦਾ ਪੀਂਦਾ ਹੈ, ਹਰਾਮ ਹੀ ਖਾਂਦਾ ਹੈ। ਜਿਸ ਮਨੁੱਖ ਦਾ ਰਾਜ ਵਿੱਚ ਪਿਆਰ ਹੈ, ਮਾਲ ਵਿੱਚ ਮੋਹ ਹੈ, ਉਹ ਇਸ ਮੋਹ ਵਿੱਚ ਮਸਤਿਆ ਹੋਇਆ ਬੇ-ਸ਼ਰਮ ਹੋ ਕੇ ਨੱਚਦਾ ਹੈ (ਭਾਵ, ਮੱਚਦਾ ਹੈ, ਆਕੜਦਾ ਹੈ)। ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਸੱਖਣਾ ਮਨੁੱਖ ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ, ਇੱਜ਼ਤ ਗਵਾ ਕੇ (ਇਥੋਂ) ਜਾਂਦਾ ਹੈ।
ਸੋ, ਗੁਰਬਾਣੀ ਵਿੱਚ ਭੱਖ ਅਭੱਖ ਤੋਂ ਭਾਵ ਉਸ ਪਦਾਰਥ, ਮਾਇਆ ਆਦਿ ਤੋਂ ਹੈ, ਜਿਸ ਨੂੰ ਮਨੁੱਖ ਪਾਖੰਡ, ਬੇਈਮਾਨੀ, ਹੇਰਾ-ਫੇਰੀ, ਚੋਰੀ, ਠੱਗੀ ਮਾਰ ਕੇ, ਵੱਢੀ ਲੈ ਕੇ, ਨਕਲੀ ਦਵਾਈਆਂ ਵੇਚ ਕੇ, ਮਜ਼ਦੂਰਾਂ ਦਾ ਹੱਕ ਮਾਰ ਕੇ, ਮਜ਼ਦੂਰੀ ਪੂਰੀ ਲੈ ਕੇ ਕੰਮ ਪੂਰਾ ਨਾ ਕਰਕੇ, ਮਨੁੱਖਤਾ ਦਾ ਘਾਣ ਕਰਨ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਕਰਕੇ, ਨਸ਼ੀਲੀਆਂ ਵਸਤਾਂ ਦਾ ਧੰਧਾ ਕਰਕੇ, ਨਕਲੀ ਵਸਤੂਆਂ ਨੂੰ ਅਸਲੀ ਦੱਸ ਕੇ ਵੇਚਣਾਂ, ਕੋਈ ਅਜਿਹਾ ਹੀ ਇਨਸਾਨੀਅਤ ਨੂੰ ਕਲੰਕਤ ਕਰਨ ਵਾਲਾ ਕਾਰਾ ਕਰ ਕੇ ਕਮਾਈ ਹੋਈ ਕਮਾਈ ਨਾਲ ਆਪਣੀਆਂ ਲੋੜਾਂ ਨੂੰ ਪੂਰਿਆਂ ਕਰਨਾ ਅਭੱਖ ਖਾਣਾ ਹੈ। ਖਾਣ ਤੋਂ ਭਾਵ ਕੇਵਲ ਖਾਣ ਵਾਲੇ ਪਦਾਰਥਾਂ ਤੋਂ ਹੀ ਨਹੀਂ ਹੈ। ਖਾਣ ਤੋਂ ਭਾਵ ਹਰੇਕ ਉਸ ਸ਼ੈ ਤੋਂ ਹੈ ਜੋ ਮਨੁੱਖ ਦੀ ਵਰਤੋਂ ਵਿੱਚ ਆਉਂਦੀ ਹੈ ਜਾਂ ਮਨੁੱਖ ਵਰਤਦਾ ਹੈ। ਭਾਵ ਸਰੀਰ `ਤੇ ਪਹਿਣਨ ਵਾਲੇ ਕਪੜੇ ਗਹਿਣੇ ਆਦਿ ਤੋਂ ਲੈ ਕੇ ਘਰ, ਘਰ ਵਿੱਚ ਵਰਤਿਆ ਜਾਣ ਵਾਲਾ ਸਾਜੋ-ਸਮਾਨ, ਕਾਰ ਆਦਿ। ਆਪ ਹੀ ਨਹੀਂ ਬਲਕਿ ਆਪਣੇ ਪਰਵਾਰ ਦੀ ਸੁਖ-ਸੁਵਿਧਾ ਜਾਂ ਅਰਾਮ ਲਈ ਵਰਤਦਾ ਹੈ, ਉਹ ਭੱਖ ਅਭੱਖ ਹੀ ਹੈ। ਇਸ ਭੱਖ ਅਭੱਖ ਨੂੰ ਜ਼ਹਿਰ ਆਖਿਆ ਹੈ। ਇਸ ਜ਼ਹਿਰ ਨੂੰ ਖਾਧਿਆਂ ਮਨੁੱਖ ਆਪਣੀ ਆਤਮਕ ਜ਼ਿੰਦਗੀ ਤਬਾਹ ਕਰ ਲੈਂਦਾ ਹੈ। ਇਹ ਜ਼ਹਿਰ ਮਨੁੱਖ ਆਪ ਹੀ ਨਹੀਂ ਖਾਂਦਾ ਸਗੋਂ ਆਪਣੇ ਪਰਵਾਰ ਨੂੰ ਵੀ ਖੁਆਉਂਦਾ ਹੈ। ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਇਸ ਲਈ ਇਸ ਜ਼ਹਿਰ ਭਾਵ ਅਭੱਖ ਭੱਖ/ਹਰਾਮ ਦੇ ਮਾਲ ਨੂੰ ਖਾਣ ਅਥਵਾ ਵਰਤੋਂ ਕਰਨ ਤੋਂ ਹਰੇਕ ਮਨੁੱਖ ਨੂੰ ਵਰਜਿਆ ਹੈ।
ਗੁਰ ਉਪਦੇਸ ਮਨ ਧਾਵਤ ਬਰਜਿ, ਪਰ ਧਨ ਪਰ ਤਨ ਪਰ ਦੂਖਨਾ ਨਿਵਾਰੀਐ। (ਭਾਈ ਗੁਰਦਾਸ ਜੀ) ਅਰਥ: ਪਰਾਏ ਧਨ ਦੀ ਤੱਕ ਨੂੰ ਹਿਰਦੇ ਵਿੱਚ ਗਊ ਮਾਸ ਦੇ ਬਰਾਬਰ ਜਾਣ ਕੇ ਉਸ ਨੂੰ ਛੁਹਣਾ ਨਾ ਕਰੀਏ ਅਤੇ ਅਣ-ਛੁਹੇ ਹੀ ਉਸ ਤੋਂ ਦੂਰ ਰਹੀਏ।
ਜਸਬੀਰ ਸਿੰਘ ਵੈਨਕੂਵਰ




.