.

ਪ੍ਰੋ: ਹਰਿੰਦਰ ਸਿੰਘ “ਮਹਿਬੂਬ”
(੧੯੩੭ – ੨੦੧੦)
(ਪੰਜ ਦਰਿਆਵਾਂ ਦਾ ਲਾਡਲਾ ਪੁੱਤਰ)

ਪ੍ਰੋ: ਮਹਿਬੂਬ ਦਾ ਜਨਮ ੦੧/੧੦/੧੯੩੭ ਨੂੰ ਚਕ ਨੰ: ੨੩੩, ਨਨਕਾਣਾਂ ਸਾਹਿਬ ਤੋਂ ੧੦ ਮੀਲ ਦੂਰ, ਜ਼ਿਲ੍ਹਾ ਲਾਇਲਪੁਰ ਵਿਖੇ ਮਾਤਾ, ਬੀਬੀ ਜਗੀਰ ਕੌਰ ਦੀ ਕੁਖੋਂ ਹੋਇਆ। ੧੪ ਫਰਬਰੀ ੨੦੧੦ ਨੂੰ ਆਪ ਜੀ ਆਪਣਾ ਪੰਜ ਭੌਤਿਕ ਚੋਲ਼ਾ ਤਿਆਗ ਕੇ ਅਕਾਲ ਚਲਾਣਾਂ ਕਰ ਗਏ।
ਆਪ ਜੀ ਦੇ ਪਿਤਾ ਸਰਦਾਰ ਉਜਾਗਰ ਸਿੰਘ “ਵੈਦ” ਜੀ ਡਾਕਟਰੀ ਦਾ ਕਿੱਤਾ ਕਰਦੇ ਸਨ। ਸੁਘੜ ਮਾਤਾ ਜਗੀਰ ਕੌਰ ਜੀ, ਕਰਤਾਰ ਸਿੰਘ ‘ਕਲਾਸਵਾਲੀਆ’ ਦੁਆਰਾ ਰਚਿਤ ਕਾਵਿਕ ਸਿੱਖ ਇਤਿਹਾਸ ਪੜ੍ਹਿਆ ਕਰਦੇ ਸਨ, ਅਤੇ ਸਾਰੇ ਪਰਵਾਰ ਨੂੰ ਸੁਣਾਇਆ ਕਰਦੇ ਸਨ। ਉੱਚ-ਆਤਮਾ ਮਾਤਾ ਜੀ ਨੂੰ ਜਿਥੇ ਗੁਰਬਾਣੀ ਹਿਫਜ਼ ਸੀ ਉਥੇ ਉਨ੍ਹਾਂ ਨੂੰ ਤੁਲਸੀ ਰਮਾਇਣ ਵੀ ਯਾਦ ਸੀ।
ਪ੍ਰੋ: ਮਹਿਬੂਬ ਦੀਆਂ ਚਾਰ ਭੈਣਾਂ ਅਤੇ ਆਪ ਤਿੰਨ ਭਰਾ ਸਨ। ਇੱਕ ਭਰਾ, ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਵਿਖੇ ਪੀ. ਐੱਚ. ਡੀ. ਕਰਕੇ ਪ੍ਰੋਫੈਸਰੀ ਤੋਂ ਰੀਟਾਇਰ ਹੋ ਚੁਕੇ ਹਨ। ਦੂਜੇ ਭਰਾ ਨੇ ਖੇਤੀ ਕੀਤੀ। ਆਪ ਜੀ ਦੀਆਂ ਭੈਣਾਂ ਵੀ ਪੜ੍ਹੀਆਂ ਲਿਖੀਆਂ ਹਨ। ਆਪ ਜੀ ਦੀ ਸੰਤਾਨ, ਇੱਕ ਲੜਕਾ ਅਤੇ ਇੱਕ ਪੀ. ਐੱਚ. ਡੀ. ਪੜ੍ਹੀ ਲਿਖੀ ਪ੍ਰੋਫੈੱਸਰ ਲੜਕੀ ਹੈ।
ਪ੍ਰੋ: ਮਹਿਬੂਬ ਨੇ ਮੁੱਢਲੀ ਵਿਦਿਆ ਨਨਕਾਣਾਂ ਸਾਹਿਬ ਦੇ ਇਲਾਕੇ’ ਚ ਰਹਿੰਦਿਆਂ ਪ੍ਰਾਪਤ ਕੀਤੀ, ਜਿੱਥੇ ਉਨ੍ਹਾਂ ਦੇ ਬਚਪਨ ਦੇ ਸਾਹਾਂ ਵਿੱਚ ਗੁਰੁ ਨਾਨਕ ਯਾਦ ਘੁਲ਼ ਮਿਲ ਗਈ। ਫਲਸਰੂਪ, ਆਪ ਜੀ ਦੀ ਕਾਇਆਂ ਕਲਪ ਹੁੰਦੀ ਰਹੀ। ਉਨ੍ਹਾਂ ਦੀ ਰੂਹ ਨੂੰ ਮੁੱਢਲੇ ਜੀਵਨ ਵਿੱਚ ਆਤਮਿਕ ਹੁਲਾਰਾ ਮਿਲਦਾ ਰਿਹਾ। ਦਸ ਸਾਲ ਦੀ ਉਮਰੇ, ੧੯੪੭ ਈ. ਦੀ ਜੁਗ-ਗਰਦੀ ਤੋਂ ਬਾਦ ਆਪ ਦੇ ਪਿਤਾ ਜੀ ਨੂੰ ਪਿੰਡ ਝੂੰਦਾਂ ਵਿਖੇ ਜ਼ਮੀਨ ਅਲਾਟ ਹੋਈ ਤਾਂ ਪਰਵਾਰ ਦੀ ਪੱਕੀ ਰਹਾਇਸ਼ ਉਥੇ ਬਣੀ। ਤਾਂ ਹੀ ‘ਕਵੀ’ ਮਹਿਬੂਬ ਜੀ ਨੇ ਅਮਰ ਗੜ੍ਹ ਜ਼ਿਲ੍ਹਾ ਸੰਗਰੂਰ ਤੋਂ ਹਾਈ ਸਕੂਲ ਦੀ ਵਿਦਿਆ ਹਾਸਿਲ ਕੀਤੀ। ਚੇਤਾ ਰਹੇ, ਕਵੀ ਜੀ ਨੇ ਇਸ ਅਰਸੇ ਦੌਰਾਨ ਹੀ ਤਰਨਾ ਸਿਖਿਆ ਅਤੇ ਆਪ ਜੀ ਉਚਕੋਟੀ ਦੇ ਤੈਰਾਕ ਬਣੇ। ਆਪ ਜੀ ਦੀ ਇਸ ਮੁਹਾਰਤ ਦੇ ਚਿੱਠੇ ਉਨ੍ਹਾਂ ਦੇ ਹਮਰਾਜ਼ ਲੋਕਾਂ ਨੂੰ ਅੱਜ ਵੀ ਉਵੇਂ ਕਿਵੇਂ ਯਾਦ ਹਨ ਜਿਵੇਂ ਕਲ੍ਹ ਦੀ ਗੱਲ ਹੋਵੇ। ਉਨ੍ਹੀ ਸੌ ਸੱਠਵਿਆਂ ਦੌਰਾਨ ਆਪ ਜੀ ਨੇ ਕਈ ਵਾਰ ਦੋਰਾਹਾ ਨਹਿਰ ਤਰ ਕੇ ਪਾਰ ਕੀਤੀ। ਇੱਕ ਵਾਰ ਸਤਲੁਜ ਦਰਿਆ ਭਾਖੜਾ ਡੈਮ ਅਤੇ ਨੰਗਲ਼ ਡੈਮ ਦੇ ਵਿਚਕਾਰੋਂ ਤਰ ਕੇ ਪਾਰ ਕੀਤਾ। ਮੁੱਢਲੀ ਪੜ੍ਹਾਈ ਤੋਂ ਬਾਦ ਆਪ ਜੀ ਦੋ ਤਿੰਨ ਸਾਲ ਸਕੂਲਾਂ ਵਿੱਚ ਅਧਿਆਪਕ ਵਜੋਂ ਬਚਿੱਆਂ ਨੂੰ ਪੜ੍ਹਾਉਣ ਦੇ ਰੁਤਬੇ ਉੱਪਰ ਫਾਇਜ਼ ਰਹੇ।
ਆਪ ਜੀ ਨੇ ਮਹਿੰਦਰਾ ਕਾਲਿਜ ਪਟਅਿਾਲਾ ਤੋਂ ਬੀ. ਏ. ਅਤੇ ਐੱਮ. ਏ. ਦੀਆਂ ਡਿਗਰੀਆਂ ਦੀ ਉਚ ਵਿਦਿਆ ਹਾਸਿਲ ਕੀਤੀ। ਉਦੋਂ ਉਥੇ ਪਿੰ: ਪ੍ਰੀਤਮ ਸਿੰਘ ਜੀ, ਕਾਲਿਜ ਦੇ ਪ੍ਰਿੰਸੀਪਲ ਸਨ। ਡਾ: ਦਲੀਪ ਕੌਰ ਟਿਵਾਣਾਂ ਅਤੇ ਡਾ: ਗੁਰਭਗਤ ਸਿੰਘ ਆਦਿ ਲੋਕ ਕਾਲਿਜ ਵਿੱਚ ਕਵੀ ਮਹਿਬੂਬ ਦੇ ਸਮਕਾਲੀ ਸਨ। ਡਾ: ਗੁਰਤਰਨ ਸਿੰਘ ਕਵੀ ਦਾ ਬਚਪਨ ਦਾ ਸਾਥੀ ਸੀ ਜਿਹੜਾ ਕਵੀ ਜੀ ਨਾਲ਼ ਉਮਰ ਪ੍ਰਯੰਤ ਇੱਕ ਜਾਨ ਜੁੜਿਆ ਰਿਹਾ, ਉੱਧਰ ਲਾਇਲ ਪੁਰ ਦੀ ਬਾਰ ਵਿਖੇ ਵੀ ਅਤੇ ਇੱਧਰ ਭਾਰਤੀ ਪੰਜਾਬ ਦੇ ਝੂੰਦਾਂ ਪਿੰਡ ਵਿਖੇ ਵੀ। ਡਾ: ਗੁਰਤਰਨ ਸਿੰਘ ਜੀ ਦਸਦੇ ਹਨ ਕਿ ਇੱਕ ਦਿਨ ਕਵੀ ਜੀ ਵਰ੍ਹਦੇ ਮੀਂਹ ਵਿੱਚ, ਲਾਇਲਪੁਰ ਦੇ ਬਚਪਨ ਦੌਰਾਨ, ਲੰਬੀ ਸਾਰੀ ਜੀਭ ਕੱਢੀ ਮੀਂਹ ਵਿੱਚ ਤੁਰੇ ਫਿਰਨ। ਪੁੱਛਣ ਤੇ ਕਵੀ ਜੀ ਨੇ ਦਸਿਆ ਕਿ ਜਦ ਮੀਂਹ ਦੀਆਂ ਸਵਾਂਤੀ ਬੂੰਦਾਂ ਉਨ੍ਹਾਂ ਦੀ ਜੀਭ ਉਪਰ ਡਿਗਦੀਆਂ ਹਨ ਤਾਂ ਉਨ੍ਹਾਂ ਨੂੰ ਬਹੁਤ ਸੁਆਦ ਆਉਂਦੈ।
ਕਵੀ ਜੀ ਨੇ ਅੰਗਰੇਜ਼ੀ ਤੇ ਪੰਜਾਬੀ ਦੋ ਮਜ਼ਮੂਨਾਂ ਵਿੱਚ ਐੱਮ. ਏ. ਕਰਨ ਤੋਂ ਬਾਦ ਪੂਰਬ ਅਤੇ ਪੱਛਮ ਦੇ ਫਲਸਫੇ, ਸਾੱਿਤ ਤੇ ਹੋਰ ਕਈ ਇਲਮਾਂ ਦਾ ਡੂੰਘਾ ਅਧਿਐਨ ਕੀਤਾ। ਮਿਸਾਲ ਵਜੋਂ, ਉਨ੍ਹਾਂ ਉਰਦੂ, ਅਰਬੀ ਅਤੇ ਫਾਰਸੀ ਜ਼ੁਬਾਨਾਂ ਤੇ ਚੋਖਾ ਅਬੂਰ ਹਾਸਿਲ ਕੀਤਾ। ਦੂਜਾ, ਇਹ ਕਵੀ ਮਹਿਬੂਬ ਹੀ ਪਹਿਲੇ ਸਿੱਖ ਲਿਖਾਰੀ ਹਨ, ਜਿਨ੍ਹਾਂ ਨੇ ਚੀਨ ਦਾ ਫਲਸਫਾ ਆਪਣੀਆਂ ਕਿਤਾਬਾਂ ਵਿੱਚ ਬਖੂਬੀ ਵਿਸਥਾਰ ਸਹਿਤ ਬਿਆਨ ਕੀਤਾ ਹੈ। ਡਾ. ਸੰਗਤ ਸਿੰਘ ਨੇ ਆਪ ਜੀ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ। ਡਾ. ਹਰਭਜਨ ਸਿੰਘ (ਸਵਰਗੀ) ਦਿੱਲੀ ਵਾਲਿਆਂ, “ਸਹਿਜੇ ਰਚਿਓ ਖਾਲਸਾ” ਪੜ੍ਹ ਕੇ ਪ੍ਰੋ. ਮਹਿਬੂਬ ਦੁਆਰਾ ਕੀਤੇ ਅਧਿਐਨ ਅਤੇ ਉਚਪਾਏ ਦੇ ਵਿਸ਼ਲੇਸ਼ਣ ਦੀ ਗਵਾਹੀ ਦਿੱਤੀ ਹੈ। ਇਹ ਡੂੰਘਾ ਅਧਿਐਨ ਅਤੇ ਵਿਸ਼ਲੇਸ਼ਣ “ਸਹਿਜੇ ਰਚਿਓ ਖਾਲਸਾ” ਦੀਆਂ ਅੱਠਾਂ ਕਿਤਾਬਾਂ, “ਝਨਾਂ ਦੀ ਰਾਤ” ਵਿਚਲੀਆਂ ਅਨੇਕਾਂ ਕਵਿਤਾਵਾਂ ਦੀਆਂ ਵੰਨਗੀਆਂ ਚੋਂ ਬਜ਼ਾਤੇ ਖੁਦ ਜ਼ਾਹਰ ਹਨ। “ਇਲਾਹੀ ਨਦਰ ਦੇ ਪੈਂਡੇ” ਮਹਾਂਕਾਵਿ ਦੀਆਂ ਤਿੰਨੋ ਹੀ ਜਿਲਦਾਂ, ਪਹਿਲੀ, ਦੂਜੀ ਅਤੇ ਚੌਥੀ ਚੋਂ ਆਪ ਜੀ ਦੀ ਦੀਰਘ ਦ੍ਰਿਸ਼ਟੀ ਤੇ ਆਸਤਿਕਤਾ, ਸ਼ਰਧਾ, ਭਾਵਨਾ ਸਾਰਾ ਕੁੱਝ ਇਸ ਪਵਿੱਤਰ ਗੁਰ-ਇਤਿਹਾਸ ਦੀ ਉਚੀ ਕਵਿਤਾ ਵਿਚੋਂ ਸੂਰਜ ਦੀ ਤਰ੍ਹਾਂ ਝਲਕਦਾ ਹੈ।
ਕਵੀ ਜੀ ਦੀ ਕਾਵਿਕ ਸਾਧਨਾ ਉਨ੍ਹਾਂ ਦੇ ਕਾਲਜੀ ਦਿਨਾਂ ਦੇ ਜੀਵਨ ਕਾਲ ਤੋਂ ਕਾਫੀ ਚਿਰ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਮਹਿੰਦਰਾ ਕਾਲਿਜ ਪਟਿਆਲਾ ਵਿਖੇ ਉਦੋਂ ਪੜ੍ਹਨ ਅਤੇ ਪੜ੍ਹਾਉਣ ਵਾਲਿਆਂ ਕਾਵਿ ਸਿਰਜਣਾਂ ਤੇ ਸ਼ਿਅਰੋ-ਸ਼ਾਇਰੀ ਦਾ ਬੁਲੰਦ ਮਹੌਲ ਰਚਾ ਰੱਖਿਆ ਸੀ, ਜਿੱਥੇ ਕਾਵਿ ਰਚਨਾ ਦਾ ਉਨ੍ਹਾਂ ਦਾ ਸ਼ੌਕ ਹੋਰ ਵਿਕਸਤ ਹੋਇਆ। ੧੯੭੧-੭੨ ਈ. ਦੌਰਾਨ ਖਾਲਸਾ ਕਾਲਿਜ ਗੜ੍ਹਦੀਵਾਲਾ, (ਹੋਸ਼ਿਆਰ ਪੁਰ ਜ਼ਿਲ੍ਹਾ) ਦੇ ਮੈਗਜ਼ੀਨ ਵਿੱਚ ਮੈਂ ਪਹਿਲੀ ਵਾਰ ਉਨ੍ਹਾਂ ਦੀ ਇੱਕ ਕਵਿਤਾ ਪੜ੍ਹੀ ਸੀ। ਉਹ ਆਪ ਜੀ ਨੇ ਗੁਰਬਾਣੀ ਦੀ ਇੱਕ ਤੁਕ: “ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ”॥ ਸੁਕੇ ਸਰਵਰਾਂ ਦਾ ਕਿਨ ਨੀਰ ਸੁਕਾਇਆ। ਨਾਲ ਸ਼ੂਰੁ ਕੀਤੀ ਸੀ। ਮੈਂ ਉਨ੍ਹਾਂ ਦੇ ਬ੍ਰਿਹਾ, ਧੁਰ ਅੰਦਰ ਦੀ ਤੜਪਣ, ਵੈਰਾਗ ਤੇ ਤਿਆਗ ਦੇ ਭਾਵਾਂ ਦਾ ਸਿੱਧਾ ਅਸਰ ਕਬੂਲਣ ਤੋਂ ਅਭਿਜ ਨਾ ਰਹਿ ਸਕਿਆ। ਇਸ ਲਈ ਜ਼ਾਹਿਰ ਹੈ ਕਿ ਪ੍ਰੋ. ਮਹਿਬੂਬ ਚਿਰੋਕੇ ਸਫਲ ਕਵੀ ਹਨ। ਪ੍ਰੋ. ਮਹਿਬੂਬ ਸੰਨ ੧੯੬੮ ਈ. ਤੋਂ ੧੯੯੭ ਈ. ਤੱਕ ਖਾਲਸਾ ਕਾਲਿਜ ਗੜ੍ਹਦੀਵਾਲਾ ਵਿਖੇ ਅੰਗਰੇਜ਼ੀ ਪੜ੍ਹਾਈ। ਇਸ ਦੌਰਾਨ ਆਪ ਜੀ ਢੇਰ ਕਵਿਤਾ ਰਚਦੇ ਰਹੇ।
੧੯੮੮ ਈ. ਵਿੱਚ ਉਨ੍ਹਾਂ ਦੀ ਜਗਤ ਪ੍ਰਸਿੱਧ ਕਿਤਾਬ “ਸਹਿਜੇ ਰਚਿਓ ਖਾਲਸਾ” ਪਹਿਲੀ ਵਾਰ ਪ੍ਰਕਾਸ਼ਤ ਹੋਈ। ਸੰਨ ੧੯੯੦ ਈ. ਵਿੱਚ ਸੱਤ ਕਿਤਾਬਾਂ ਦੇ ਸੰਗ੍ਰਹਿ ਵਾਲੀ ਕਿਤਾਬ “ਝਨਾਂ ਦੀ ਰਾਤ” ਛਪੀ। ਇਸ ਵਿਚਲੀ ਸੱਤਵੀਂ ਕਿਤਾਬ “ਸ਼ਹੀਦ ਦੀ ਅਰਦਾਸ” ੧੯੮੪ ਈ. ਦੇ ਘੱਲੂਘਾਰੇ ਤੋਂ ਬਾਦ ਕਵੀ ਜੀ ਨੇ ਰਚੀ ਜਿਸ ਵਿੱਚ ਸ਼ਹਾਦਤ ਉਪਰ ਬੜੀਆਂ ਭਾਵਪੂਰਤ ਕਵਿਤਾਵਾਂ ਹਨ। ਚੇਤਾ ਰਹੇ, ਉਦੋਂ ਲੱਗ ਭੱਗ ਸਾਰੇ ਕਵੀ ਅਤੇ ਲਿਖਾਰੀ ਹਿੰਦੂ ਸਾਮਰਾਜੀਆਂ ਤੋਂ ਯਰਕੇ ਪਏ ਸਨ ਤੇ ਸੱਚ ਲਿਖਣ ਬੋਲਣ ਤੋਂ ਕੰਨੀ ਕਤਰਾਉਂਦੇ ਸਨ। ਬਹਾਦਰ ਕਵੀ ‘ਮਹਿਬੂਬ’ ਦੀ ਇਸ ਕਿਤਾਬ ਨੂੰ ੧੯੯੧ ਈ: ਵਿੱਚ ਸਾਹਿੱਤ ਅਕਾਡਮੀ ਦਾ ਇਨਾਮ ਮਿਲਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪ ਜੀ ਨੂੰ ਗਿਆਨੀ ਦਿੱਤ ਸਿੰਘ ਅਵਾਰਡ ਮਿਲਿਆ।
ਪੁਲਸ ਦੀ ਚੜ੍ਹਤਲ ਤੇ ਕਹਿਰ ਵੇਲੇ ਆਪ ਜੀ ਨੂੰ ਪੁਲ਼ਸ ਦੇ ਜ਼ੁਲਮ ਤਸ਼ੱਦਦ ਤੇ ਤੰਗੀਆਂ ਤੁਰਸ਼ੀਆਂ ਵੀ ਜਰਨੀਆਂ ਪਈਆਂ। ਪਰ ਆਪ ਦੇ ਸੱਚ ਨਾਲ਼ ਖੜੋਣ ਦੀ ਅਤੇ ਦ੍ਰਿੜ੍ਹ ਸੰਕਲਪ ਦੀ ਰੱਬ ਨੇ ਲਾਜ ਪਾਲੀ। ਆਪ ਜੀ ਅਗਨੀ ਪ੍ਰੀਖਿਆ ਚੋਂ ਸਾਬਤ-ਕਦਮੀ ਪਾਸ ਹੋਏ।
ਪ੍ਰੋ. ਹਰਿੰਦਰ ਸਿੰਘ ‘ਮਹਿਬੂਬ’ ਦਾ ਜੀਵਨ ਇੱਕ ਅਸਲੀ ਗੁਰਸਿੱਖ ਤੇ ਮਿਹਨਤੀ ਮੁਸ਼ੱਕਤੀ ਬੰਦੇ ਦਾ ਮੁਜੱਸਮਾ ਅਮਲੀ ਜੀਵਨ ਸੀ। ਜਿੱਥੇ ਆਪ ਸਫਲ ਅਧਿਆਪਕ ਸਨ ਉਥੇ ਆਪ ਉਚਕੋਟੀ ਦੇ ਵਿਦਵਾਨ, ਫਿਲਾਸਫਰ ਤੇ ਕਵੀ ਸਨ। ਆਪ ਜੀ ਦੇ ਮਹਾਂਕਾਵਿ ਦੀਆਂ ਦੋ ਜਿਲਦਾਂ, ਪਹਿਲੀ (ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ), ਅਤੇ ਚੌਥੀ (ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਜੀਵਨ) ਉਨ੍ਹਾਂ ਦੀ ਹਯਾਤੀ ਦੇ ਹੁੰਦਿਆਂ ਛਪ ਗਈਆਂ ਸਨ, ਜਦ ਕਿ ਦੂਜੀ ਜਿਲਦ (ਸ੍ਰੀ ਗੁਰੁ ਅੰਗਦ ਦੇਵ ਜੀ ਦਾ ਜੀਵਨ) ਅਤੇ ਡਾ. ਗੁਰਤਰਨ ਸਿੰਘ ਦੁਆਰਾ ਰਚਿਤ “ਗੁੱਝੀਆਂ ਇਲਾਹੀ ਅਧਿਆਤਮਕ ਰਮਜ਼ਾਂ” ਪ੍ਰੋ. ਚੇਤਨ ਸਿੰਘ, ਜਾਇੰਟ ਡਾਇਰੱਕਟਰ ਭਾਸ਼ਾ ਵਿਭਾਗ, ਪਟਿਆਲ਼ਾ ਦੇ ਉਦਮ ਨਾਲ ਹੁਣੇ ਹੁਣੇ ਛਪ ਚੁਕੀਆਂ ਹਨ।
ਨਮੂਨੇ ਵਜੋਂ ਉਨ੍ਹਾਂ ਦੀ ਕਵਿਤਾ ਵਿਚੋਂ ਤਿੰਨ ਵੰਨਗੀਆਂ ਹਾਜ਼ਿਰ ਹਨ:
(1) ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੋ ਦੀਵਾਨਿਆਂ ਦੀ ਸੱਚੇ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨਾਲ਼ ਲੱਖੀ ਜੰਗਲ ਵਿਖੇ ਹੋਈ ਵਾਰਤਾਲਾਪ ਨੂੰ ਕਵਿਤਾ ਵਿੱਚ ਇਉਂ ਕਹਿੰਦੇ ਹਨ:
ਕਚਾ ਕੋਠਾ ਵਿੱਚ ਵਸਦਾ ਜਾਨੀ
ਸਦਾ ਨਾ ਮਾਪੇ ਨਿੱਤ ਨਹੀਂ ਜਵਾਨੀ
ਚੱਲਣਾਂ ਅੱਗੇ, ਕਿਉਂ ਭਯੋ ਗੁਮਾਨੀ
ਹੁਣ ਹੋਹੁ ਸਿਆਣਾ, ਨਹੀਂ ਪੁਗੂ ਨਿਦਾਨੀ।
(ਦੋ ਦੀਵਾਨੇ)
ਸੁਰ ਲਟਕੰਦੜੇ ਜੁੜਨ ਬਹੁ, ਮਾਹੀ ਦੇ ਦਰਬਾਰ
ਲੱਖੀ ਜੰਗਲ ਕੂਕਿਆ: “ਹਰ ਪਾਸੇ ਦਿਲਦਾਰ”।
ਤੋੜੀ ਚੁਪ ਦੀਵਾਨਿਆਂ ਰੂਪ ਜਮਾਲੀ ਘਿੰਨ
ਕੱਚਾ ਕੋਠਾ ਦੇਹ ਦਾ, ਵਿੱਚ ਪਿਰ ਦੀ ਰਿੰਮ ਝਿੰਮ
ਜਗਤ ਅਤੇ ਬ੍ਰਹਿਮੰਡ ਵੀ, ਕੱਚਾ ਕੋਠਾ ਕੂੜ
ਜੇ ਜਾਨੀ ਦੇ ਇਸ਼ਕ ਦੀ, ਪਵੇ ਨ ਉਸ ਤੇ ਭੂਰ।
ਜੇ ਮਾਪੇ ਨ ਸਦਾ ਨੇ, ਸਦਾ ਨ ਕਾਲੜੇ ਕੇਸ
ਕਿਉਂ ਤੂੰ ਕਰੇਂ ਗੁਮਾਨ ਓਏ, ਭੁੱਲਕੇ ਸੂਖਮ ਦੇਸ।
ਸੱਦ ਇਹ ਸੁਣ ਦਸ਼ਮੇਸ਼ ਨੇ, ਕਿਹਾ: “ਪ੍ਰੇਮ ਉਹ ਸਾਹ
ਛੋਹ ਜਿਨੂੰ ਬੁੱਤ ਜੀਵਣੇ, ਕਰਨਗੇ ਵਸਲ ਖੁਦਾ।
ਕੱਚਾ ਕੋਠਾ ਖਾਲਸਾ, ਭੁਰ ਭੁਰ ਗਿਰੇਗਾ ਹੰਭ
ਦੀਮਕ ਕੀੜੇ ਸੱਪ ਦਾ, ਜੇ ਇਹ ਕਰੇਗਾ ਸੰਗ।
ਦੀਵਾ ਜਗੇ ਜੇ ਏਸ ਘਰ, ਪੌਣ ਰਸਿਕ ਲਾ ਅੰਗ
ਆਂਗਨ ਰਹਿਸਨ ਪੁੰਗਰਦੇ, ਵਿੱਛੜ ਲਾਸਾਨੀ ਰੰਗ।
ਫਲਦੀ ਫੁੱਲਦੀ ਰਹੇਗੀ, ਰੂਹ ਹਰੀ ਹਰ ਵੇਸ
ਜਿਸਨੂੰ ਤਕ ਤਕ ਕਰਨਗੇ, ਅੰਕਰ ਅਮਰ ਅਦੇਸ”।
ਲੱਖੀ ਜੰਗਲ ਲਿਸ਼ਕਦੀ, ਤੇਗ਼ ਨਾਲ ਅਰਮਾਨ
ਹੜ੍ਹ ਵਿਸਮਾਦ ਦੇ ਰੁਕਣ ਨਾ, ਹਰ ਪਲ ਸਿਰ ਕੁਰਬਾਨ।
ਗੁਰ ਦਸ਼ਮੇਸ਼ ਦੀ ਵੇਦਨਾ, ਤੁਰ ਕੰਡਿਆਲੇ ਪੰਧ
ਹੋ ਅਰਦਾਸ ਹੈ ਵਗਦੀ, ਲੱਖੀ ਜੰਗਲ ਮੰਝ।
ਖਿਦਰਾਣੇ ਦੇ ਸੀਸ ਤੇ, ਧਰਣ ਪਾਕ ਗੁਰ ਹੱਥ
ਰਹਿਮਤ-ਤੇਗ਼ ਨੇ ਲਿਸ਼ਕ ਕੇ, ਬਖਸ਼ੀ ਉਸਨੂੰ ਪੱਤ।
ਲੱਖੀ ਜੰਗਲ ਵਰ੍ਹ ਰਹੀ, ਉਹੀਓ ਅਮਿਉ ਬੂੰਦ
ਪਈ ਨਿਵਾਜੇ ਖਾਲਸਾ, ਝਾਂਜਿਆਂ ਦੀ ਵਿੱਚ ਗੂੰਜ।
(ਇਲਾਹੀ ਨਦਰ ਦੇ ਪੈਂਡੇ ਜਿਲਦ ਚੌਥੀ, ਸਫਾ ੩੮੪)
(੨)
ਮਹਿਰਾਜੋਂ ਸੁੱਤ ਫੂਲ ਬੰਸ ਦੇ, ਵਲ ਦਮਦਮੇ ਆਵਣ
ਰਾਮਾ ਅਤੇ ਤਿਲੋਕਾ ਡੂੰਘੇ, ਦਰਦ ਮਾਸੂਮ ਜਗਾਵਣ।
ਟੋਡਰ ਦੇ ਦਰ ਤੇ ਸਨ ਆਏ, ਨਵੇਂ ਭੇਸ ਵਿੱਚ ਦਰਦੀ
ਛੁਪ ਕੇ ਮੁਹਰਾਂ ਦੇਣ ਚਿਖਾ ਲਈ, ਪਤ ਸਾਂਭੀ ਗੁਰ-ਘਰ ਦੀ।
ਨੈਣ ਭਰਣ: ਕੂਣ ਫਿਰ ਦੋਵੇਂ, “ਹੇ ਦਰਿਆ ਦਿਲ ਪਾਵਨ
ਬਾਲ ਤਿਰੇ ਹਰ ਰੂਹ ਤੋਂ ਡੂੰਘੇ, ਹਰ ਸ਼ਹੀਦ ਦੇ ਜ਼ਾਮਨ
ਉਹ ਸ਼ਹੀਦ ਹਰ ਮਾਂ ਦੇ ਦਿਲ ਦੇ, ਪਾਰ ਹੰਝੂਆਂ ਰਹਿੰਦੇ
ਊੱਡ ਸਿਰੰਦੋਂ ਲੰਘਕੇ ਤਾਰੇ, ਆ ਮਰ੍ਹਾਜ ਤੇ ਲਹਿੰਦੇ
ਤਿਖ ਦਸਮੇਸ਼ ਉਹ ਦੀਦ ਤਿਰੀ ਦੀ, ਲੋਅ ਕਿਵੇਂ ਨਭ ਜਗਦੀ
ਕਿਵੇਂ ਬਾਲਪਨ ਦੇ ਮੱਥੇ ਤੇ, ਚੀਸ ਸਿਰੰਦ ਦੀ ਮਘਦੀ।
“ਧੁਖੇ ਚਿਖਾ ਚਮਕੌਰ ਚ ਰਾਤੀਂ, ਵੱਲ ਮਰ੍ਹਾਜ ਦੇ ਆਵੇ
ਤੇਗ਼ ਅਜੀਤ ਜੂਝਾਰ ਦੀ ਪਾਰੋਂ, ਨਵ ਧਰਵਾਸ ਲਿਆਵੇ।
ਬਾਲ ਚਿਖਾ ਅਸੀਂ ਫਿਰ ਸੁੱਤੇ, ਦਰ ਚਮਕੌਰ ਦੇ ਮਾਹੀ
ਜਿਹੜਾ ਹੌਲ ਪਿਆ ਉਸ ਰਾਤੀਂ, ਬਣਿਆ ਦਰਦ ਇਲਾਹੀ”।
(ਇਲਾਹੀ ਨਦਰ ਦੇ ਪੈਂਡੇ, ਜਿਲਦ ਚੌਥੀ, ਸਫਾ ੩੯੫)
(੩)
ਵਗ ਰਿਹਾ ਦਰਿਆ ਚੁੰਮਦੇ,
ਕਾਲ ਕਾਲ ਦੀ ਧੰਮੀ।
ਹੋਈ ਜਦ ਅਣਦਿਸ ਬ੍ਰਹਿਮੰਡੀ,
ਨਾਨਕ-ਜੋਤ ਅਗੰਮੀ।
ਨੈਣ ਛੁਹਣ ਅੰਗਦ ਦੇ ਆ ਕੇ
ਕਿਤੋਂ ਅਗੰਮ ਰਬਾਬਾਂ,
ਨਾਨਕ ਨੂੰ ਗਲਵਕੜੀ ਪਾਈ
ਕੁਲ ਧਰਤੀ ਦੇ ਖਾਬਾਂ।
ਨੂਰ ਅਲੇਪ ਦੀ ਮੰਜ਼ਿਲ ਸੁੱਚੀ
ਮਾਤ ਵਿਰਾਈ ਜਾਣੇ,
ਮਹਾਂ ਦਰਦ ਅੰਗਦ ਦਾ ਤਬਕੀਂ
ਨਾਨਕ-ਪੈੜ ਪਛਾਣੇ।
ਨਾਨਕ-ਵਸਲ ਵਿਛੋੜੇ ਅੰਦਰ
ਕਾਮਲ ਜਦ ਵੀ ਹੋਣਾ,
ਕਰਮ ਇਲਾਹੀ ਵਿੱਚ ਵਰਭੰਡਾਂ
ਅੰਗਦ ਨਾਲ ਖਲੋਣਾ।
(ਇਲਾਹੀ ਨਦਰ ਦੇ ਪੈਂਡੇ, ਜਿਲਦ ਦੂਜੀ, ਸਫਾ ੩੯)
ਅਤੇ,
ਪਾਵਨ ਅੱਖਰ ਗੁਰਮੁਖੀ,
ਹੋ ਅੰਗਦ ਦੇ ਲੇਖ,
ਬਨਣ ਹਕੀਕਤ-ਮੰਡਲੀਂ,
ਅਣਛੋਹ ਦੈਵੀ ਰੇਖ।
ਗੁਰ ਅੰਗਦ-ਅਵੇਸ਼ ਨੇ,
ਲਾਏ ਨਵੇਂ ਨਿਸ਼ਾਨ
ਅੱਖਰ-ਰੇਖ `ਚ ਮਉਲ ਪਏ,
ਨਭ-ਵਿਗਾਸ ਸੁਬਹਾਣ।
(ਇਲਾਹੀ ਨਦਰ ਦੇ ਪੈਂਡੇ, ਜਿਲਦ ਦੂਜੀ, ਸਫਾ ੪੦-੧)
(ਲਿਖਾਰੀ: ਅਮਰੀਕ ਸਿੰਘ ਧੌਲ਼)
.