.

ੴਸਤਿਨਾਮ

ਹਮ ਨਹੀ ਚੰਗੇ ਬੁਰਾ ਨਹੀ ਕੋਇ

ਦਾਸ ਨੇ ਹਮੇਸ਼ਾਂ ਹੀ ਕੋਈ ਨਾਂ ਕੋਈ ਉਲਟ ਗੱਲ ਹੀ ਕੀਤੀ ਹੈ। ਆਮ ਕਰਕੇ ਵਿਦਵਾਨਾਂ ਦੇ ਉਲਟ ਹੀ ਲਿਖਿਆ ਹੈ। ਵਿਦਵਾਨਾਂ ਨੂੰ ਵੀ ਬਹੁਤ ਬੁਰਾ ਲੱਗਦਾ ਹੋਵੇ ਗਾ। ਅੱਜ ਮੈਂ ਪਹਿਲੇ ਸਿਰਫ ਦੋ ਕੂ ਲਫਜ਼ ਲਿਖਣਾਂ ਚਾਹੁੰਦਾ ਹਾਂ, ਜਿਸ ਨੂੰ ਪੜ੍ਹ ਕੇ ਵਿਦਵਾਨਾਂ ਦਾ ਸਾਰਾ ਤਾਂ ਅਜੇ ਨਹੀਂ, ਪਰ ਹੋ ਸੱਕਦਾ ਹੈ ਕੁੱਝ ਗਿਲਾ ਦੂਰ ਹੋ ਜਾਵੇ।

ਮੈਂ ਆਪਣੇ ਮਨ ਦੀ ਗੱਲ ਸੱਚੋ ਸੱਚ ਕਹਿਣ ਲੱਗਾ ਹਾਂ। ਬਿਨਾਂ ਕਿਸੇ ਦਾ ਨਾਂ ਲਏ, ਮੈਂ ਸਾਰੇ ਹੀ ਵਿਦਵਾਨਾਂ ਨੂੰ ਇਹ ਬੇਨਤੀ ਕਰਦਾ ਹਾਂ, ਕਿ ਅਸਲ ਵਿੱਚ ਸਾਰੇ ਦੇ ਸਾਰੇ ਵਿਦਵਾਨ, ਲਿਖਾਰੀ, ਪ੍ਰਚਾਰਕ, ਆਗੂ, ਇਹਨਾਂ ਸਾਰਿਆਂ ਵਿਚੋਂ ਕੋਈ ਵੀ ਮਾੜਾ ਨਹੀਂ, ਕੋਈ ਬੁਰਾ ਨਹੀਂ, ਸਾਰੇ ਹੀ ਚੰਗੇ, ਬਹੁਤ ਹੀ ਚੰਗੇ ਹਨ, ਬਹੁਤ ਸਿਆਣੇਂ ਵੀ ਹਨ, (ਮੇਰੇ ਨਾਲੋਂ ਤਾਂ ਸਾਰੇ ਹੀ ਸਿਆਣੇਂ ਤੇ ਚੰਗੇ ਹਨ, ਇਸ ਗੱਲ ਦਾ ਪਤਾ, ਮੈਨੂੰ ਬਾਣੀਂ ਨੂੰ ਪੜ੍ਹ ਕੇ ਕੇ ਲੱਗਾ ਹੈ। ਆਪਾਂ ਸਾਰੇ ਵੀ, ਅਤੇ ਹੋਰ ਵੀ ਵਿਦਵਾਨ ਸਿਰਫ ਭੁੱਲੇ ਹੋਇ ਹਨ, (ਇਹ ਵੀ ਬਾਣੀਂ ਹੀ ਦੱਸਦੀ ਹੈ)। ਇਸ ਵਿੱਚ ਕਿਸੇ ਦਾ ਵੀ ਦੋਸ਼ ਨਹੀਂ ਹੈ। ਭੁੱਲ ਜਾਣਾਂ ਜਾਂ ਭੁਲੇ ਹੋਣਾਂ ਕੋਈ ਬੁਰਾਈ ਨਹੀਂ ਹੈ। ਭੁੱਲ ਨੂੰ ਨਾਂ ਮੰਨਣਾਂ ਬੁਰਾਈ ਜਰੂਰ ਕਹੀ ਜਾ ਸਕਦੀ ਹੈ। ਇਸ ਵਾਸਤੇ ਬੁਰਾਈ ਤੋਂ ਬਚਨ ਦੀ ਲੋੜ ਹੈ। ਮੈਂ ਬੁਰਾਈ ਦੇ ਖਿਲਾਫ ਜਰੂਰ ਲਿਖਦਾ ਹਾਂ, ਕਿਸੇ ਬੁਰੇ ਦੇ ਖਿਲਾਫ ਨਹੀਂ।

ਇਹ ਵੀ ਸੱਚ ਹੈ, ਕਿ ਸਾਰੇ ਸੰਸਾਰ ਵਿੱਚ ਇੱਕ ਵੀ ਬੁਰਾ ਇਨਸਾਨ ਨਹੀਂ ਹੈ। ਇਹ ਵੀ ਬਾਣੀਂ ਦੱਸਦੀ ਹੈ। (ਜੇ ਤਾਂ ਮੈਂ ਬਾਣੀਂ ਨੂੰ ਮੰਨਦਾ ਹਾਂ) ਤਾਂ ਫਿਰ ਮੈਂ ਕਿਸੇ ਨੂੰ ਬੁਰਾ ਕਿਵੇਂ ਕਹਿ ਸੱਕਦਾ ਹਾਂ। (ਜੇ ਮੈਂ ਇਹ ਗੱਲ ਊਪਰੋਂ ਊਪਰੋਂ ਮੂੰਹ ਨਾਲ ਕਹਿੰਦਾ ਹਾਂ, ਪਰ ਅਮਲ ਨਹੀਂ ਕਰਦਾ, ਤਾਂ ਮੈਂ ਪਖੰਡੀ ਹਾਂ, ਤੇ ਦੁਨੀਆਂ ਦਾ ਸੱਭ ਤੋਂ ਝੂਠਾ ਇਨਸਾਨ ਹਾਂ। ਮੈਂ ਗੁਰਬਾਣੀਂ ਦੇ ਇੱਕ ਇੱਕ ਅੱਖਰ ਨੂੰ ਗੁਰੂ ਨਾਨਕ ਦਾ ਹੁਕਮ ਸਮਝ ਕੇ ਮੰਨਦਾ ਹਾਂ, ਅਤੇ ਮੈਂ ਚਾਹੁੰਦਾ ਹਾਂ, ਕੇ ਤੁਸੀਂ ਸਾਰੇ ਵੀ ਗੁਰਬਾਣੀਂ ਨੂੰ, ਗੁਰੂ ਨਾਨਕ ਦਾ ਹੁਕਮ ਸਮਝ ਕੇ ਮੰਨੋਂ, ਤਾਂ ਜੋ ਤੁਹਾਨੂੰ ਵੀ ਕੋਈ ਬੁਰਾ ਨਾਂ ਦਿੱਸੇ।) ਦਾਸ ਨੂੰ ਤਾਂ ਸਾਰੇ ਸੰਸਾਰ ਵਿੱਚ ਇੱਕ ਵੀ ਬੁਰਾ ਇਨਸਾਨ ਨਹੀਂ ਦਿੱਸਦਾ। ਇਸ ਵਾਸਤੇ ਕੋਈ ਵਿਦਵਾਨ ਵੀਰ ਗੁੱਸਾ ਨਾਂ ਕਰੇ, ਜਿਨਾਂ ਹੋ ਸਕੇ ਸਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਜੇ ਮੈਂ ਕੋਈ ਗਲਤੀ ਕਰਾਂ, ਜਾਂ ਬਾਣੀਂ ਤੋਂ ਉਲਟ ਜਾਵਾਂ, ਤਾਂ ਕੋਈ ਵੀ ਵੀਰ, ਮੈਨੂੰ ਜਨਾ ਦੇਵੇ, ਉਸ ਦਾ ਬਹੁਤ ਉਪਕਾਰ ਹੋਵੇ ਗਾ ਜੀ ਇਸ ਦਾਸ ਤੇ। ਅੱਗੇ ਆਪਾਂ ਇਸ ਗੱਲ ਦੀ ਵਿਚਾਰ ਗੁਰਬਾਣੀਂ ਦੁਆਰਾ ਕਰਦੇ ਹਾਂ।

ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ॥ ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ॥ ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ॥ ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ॥ ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ॥ ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ॥ ੯॥ (੪੪੧) ਆਸਾ ਮਹਲਾ ੩

ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ॥ ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ॥ ਸਾਰੇ ਜੀਵ, ਭੁਲੇ ਹੋਇ ਹਨ, ਹਰੀ, ਵਾਹਿਗੁਰੂ ਨੇਂ ਆਪ ਹੀ ਇਹਨਾਂ ਨੂੰ ਭੁਲਾਇਆ ਹੋਇਆ ਹੈ। ਦੂਜੇ (ਉਲਟੇ) ਪਾਸੇ ਲੱਗ ਕੇ, ਹਾਉਮੈ ਵਿੱਚ ਹੰਕਾਰ ਵਿਚ, ਕਰਮ ਕਰਦੇ ਹਨ। ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ॥ ਉਹਨਾਂ ਵਿਚਾਰੇ ਜੀਵਾਂ ਦੇ ਕੁੱਝ ਵੀ ਵੱਸ ਨਹੀਂ ਹੈ। ਜਿੰਨ੍ਹਾਂ ਨੂੰ ਅਸੀਂ ਬੁਰਾ ਸਮਝਦੇ ਹਾਂ, ਉਹਨਾਂ ਵਿਚਾਰਿਆਂ ਨੂੰ ਤਾਂ ਹਰੀ ਨੇਂ ਆਪ ਹੀ ਭੁਲਾਇਆ ਹੋਇਆ ਹੈ, ਉਹਨਾਂ ਨੂੰ ਸਹੁ (ਖਸਮ) ਨੇਂ ਆਪ ਹੀ (ਕੁਮਾਰਗਿ) ਪਾਇਆ ਹੋਇਆ ਹੈ। ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ॥ ਐਸੇ ਭੁੱਲੇ ਹੋਇ ਜੀਵਾਂ ਦੀ ਕੀ ਹਾਲਤ, ਕੈਸੀ ਕੈਸੀ ਅਵਗਤਿ ਹੋਵੇ ਗੀ, ਹੇ ਵਾਹਿਗੁਰੂ ਤੂੰ ਆਪ ਹੀ ਜਾਣਦਾ ਹੈ, ਕਰਨ ਵਾਲਾ ਤੂੰਹੈ ਹੈਂ, ਤੇ ਭੁਗਤਦੇ ਜੀਵ ਹਨ, ਤੇਰੀ ਰਚਨਾਂ ਤੂੰਹੈ ਜਾਣੇਂ। ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ॥ ਤੇਰਾ ਜੋ ਅਸਲ, ਖਰਾ, ਸੱਭ ਤੋਂ ਵੱਡਾ, ਸੱਚਾ ਹੁਕਮ ਹੈ, ਉਹ ਤੂੰ ਕਿਸੇ ਕਿਸੇ ਵਿਰਲੇ ਗੁਰਮੁਖ ਨੂੰ ਹੀ ਬੁਝਾਉਂਦਾ (ਦੱਸਦਾ) ਹੈਂ, (ਹੇ ਮੇਰੇ ਸਹੁ ਤੂੰ ਆਪਣਾਂ ਸੱਚਾ ਹੁਕਮ ਸਾਰਿਆਂ ਨੂੰ ਹੀ ਕਿਉਂ ਨਹੀਂ ਦੱਸ ਦੇਂਦਾ, ਤਾਂ ਜੋ ਸਾਰੇ ਹੀ ਸੁਖੀ ਹੋ ਜਾਣ)। ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ॥ ੯॥ ਹੇ ਹਰੀ, ਹੇ ਵਾਹਿਗੁਰੂ, ਨਾਨਕ ਤੈਨੂੰ ਇਹ ਕਹਿੰਦਾ ਹੈ, ਇਹ ਬੇਨਤੀ ਕਰਦਾ ਹੈ, ਕਿ ਇਹ ਵਿਚਾਰੇ ਜੀਵ ਕੀ ਕਰਨ, ਹੇ ਵਾਹਿਗੁਰੂ ਆਪ ਹੀ ਤਾਂ ਤੂੰ ਇਹਨਾਂ ਵਿਚਾਰੇ ਜੀਵਾਂ ਨੂੰ ਭੁਲਾਇਆ ਹੋਇਆ ਹੈ। ਅਤੇ ਭਰਮਾਂ ਵਿੱਚ ਪਾਇਆ ਹੋਇਆ ਹੈ। ਇਹਨਾਂ ਦੀ ਸਦਗਤੀ ਜਾਂ ਦੁਰਗਤੀ ਵੀ ਤੇਰੇ ਹੀ ਹੱਥ ਵਿੱਚ ਹੈ। (ਸਵਾਲ:- ਕਿਉਂ ਕਰਦਾ ਹੈ ਹਰੀ ਐਸਾ, ਕੀ ਕੋਈ ਦੱਸ ਸੱਕਦਾ ਹੈ?)

ਮਹਲਾ ੫॥ ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ॥ ੧॥ ਮੇਰੇ ਰਾਮ ਰਾਇ ਮੁਝ ਤੇ ਕਛੂ ਨ ਹੋਈ॥ ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ॥ ੧॥ ਰਹਾਉ॥ ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ॥ ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ॥ ੨॥ ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਈਐ॥ ਤੇਰੀ

ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ॥ ੩॥ ਨਿਰਗੁਣੁ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ॥ ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ॥ ੪॥ (੭੪੮)

ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ॥ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ॥ ੧॥ ਇਹ ਗੱਲ (ਜਾਂ ਸਵਾਲ) ਵੀ ਸਿਰਫ ਸਤਿਗੁਰ (ਪੰਜਵੇਂ ਨਾਨਕ) ਹੀ ਕਹਿ ਸੱਕਦੇ ਹਨ, ਵਾਹਿਗੁਰੂ ਜਾਂ ਪ੍ਰਮਾਤਮਾਂ ਨੂੰ। ਪ੍ਰਮਾਤਮਾਂ ਵਾਸਤੇ ਤਾਂ ਇਹ ਇੱਕ ਖੇਡ ਹੀ ਹੈ। ਊਪਰ ਵਾਲੇ ਸ਼ਬਦ ਵਾਂਗ, ਇਸ ਸ਼ਬਦ ਵਿੱਚ ਵੀ ਸੱਭ ਕੁੱਝ (ਬਹੁਤ ਕੁੱਝ) ਕਹਿ ਕੇ, ਅਖੀਰ ਤੇ ਗੁਰੂ ਜੀ ਬੇਨਤੀ ਕਰਦੇ ਹਨ, ਹੇ ਹਰੀ ਨਾਨਕ ਦੀ ਬੇਨਤੀ ਹੈ, ਤੂੰ ਦਇਆ ਕਰ, ਤੇਰਾ ਇਹ ਭਾਣਾਂ ਮੈਨੂੰ ਮਿਠਾ ਲੱਗੇ, (ਤੇਰੀ ਇਹ ਖੇਡ) ਮੈਨੂੰ ਪਿਆਰੀ ਲੱਗੇ, ਅਤੇ ਮੈਂ ਤੇਰੇ ਗੁਣ ਗਾਉਂਦਾ ਰਹਾਂ। (ਇਸ ਸਾਰੇ ਸ਼ਬਦ ਨੂੰ ਖੁਦ ਹੀ ਧਿਆਨ ਨਾਲ ਵਿਚਾਰ ਲੈਣਾਂ ਜੀ, ਇਸ ਸ਼ਬਦ ਦਾ ਭਾਵ ਵੀ ਊਪਰ ਵਾਲੇ ਸ਼ਬਦ ਵਰਗਾ ਹੀ ਹੈ)

ਸਾਰੀ ਬਾਣੀਂ ਬਾਰ ਬਾਰ ਇਹੀ ਗੱਲ ਦੁਹਰਾਉਂਦੀ ਹੈ, ਕਿ ਕਿਸੇ ਜੀਵ ਦਾ ਕੋਈ ਕਸੂਰ ਨਹੀਂ ਹੈ, ਕੋਈ ਜੀਵ ਬੁਰਾ ਨਹੀਂ ਹੈ, ਖੁਦ ਵਾਹਿਗੁਰੂ ਨੇਂ ਸਾਰੇ ਜੀਵਾਂ ਨੂੰ ਭੁਲਾਇਆ ਹੋਇਆ ਹੈ। ਐਸਾ ਕੰਮ (ਜੈਸੇ ਕੰਮ ਵਾਹਿਗੁਰੂ ਕਰਦਾ ਹੈ, ਜੋ ਕਿ ਬਾਣੀਂ ਵਿੱਚ ਲਿਖਿਆ ਹੋਇਆ ਹੈ) ਜੇ ਕੋਈ ਬੰਦਾ ਕਰੇ, ਤਾਂ ਤੁਸੀਂ ਉਸ ਨੂੰ ਕੀ ਕਹੋ ਗੇ? ? । ਗੁਰੂ ਨਾਨਕ ਦੇਵ ਜੀ ਨੇਂ ਜੇ ਕਿਸੇ ਦੇ ਖਿਲਾਫ ਅਵਾਜ ਉਠਾਈ ਹੈ, ਜਾਂ ਕਿਸੇ ਤੇ ਜੇ ਸਵਾਲੀਆ ਚਿੰਨ ਲਗਾਇਆ ਹੈ, ਤਾਂ ਉਹ ਹੈ ਵਾਹਿਗੁਰੂ, ਪ੍ਰਮਾਤਮਾਂ, ਹਰੀ ਜਾਂ ਪ੍ਰਭੂ। ਪਰ ਗੁਰੂ ਨਾਨਕ ਜੀ ਨੇਂ ਹਰੀ ਦੀ ਉਸਤਤ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ, ਅਜੇਹਾ ਕਿਉਂ ਕਿਉਂ? ? (ਇਹ ਵੀ ਇੱਕ ਨਵਾਂ ਸਵਾਲ ਹੈ ਜੀ, ਕੀ ਇਸ ਦਾ ਵੀ ਉੱਤਰ ਹੈ ਕਿਸੇ ਪਾਸ। ਵੈਸੇ ਤਾਂ ਸਾਰੀ ਬਾਣੀਂ ਹੀ ਆਪਣੇਂ ਆਪ ਵਿੱਚ ਇੱਕ ਵੱਡਾ ਅਤੇ ਅਨ ਸੁਲਝਿਆ ਸਵਾਲ ਹੈ, ਪਰ ਸਿਰਫ ਸਾਡੇ ਵਾਸਤੇ, ਗੁਰਮੁਖਾਂ ਵਾਸਤੇ ਨਹੀਂ) ਅਸੀਂ ਦੂਸਰੇ ਵਿਦਵਾਨਾਂ ਦੇ ਲੇਖਾਂ ਵਿਚੋਂ ਆਪਾ ਵਿਰੋਧੀ ਬਿਆਨ ਪੜ੍ਹ ਕੇ ਮੇਹਣੇਂ ਮਾਰਦੇ ਹਾਂ। ਕੀ ਗੁਰੂ ਨਾਨਕ ਦੇ ਤਰਕ ਜਾਂ ਬਿਆਨਾਂ ਨੂੰ ਵੀ ਅਸੀਂ ਆਪਾ ਵਿਰੋਧੀ ਕਹਾਂ ਗੇ? ? । ਕਿਸੇ ਪਾਸ ਹੈ ਅਜੇਹੇ ਸਵਾਲਾਂ ਦੇ ਉੱਤਰ? । ਅਤੇ ਜੇ ਹਰੀ ਸੱਚਮੁਚ ਹੀ ਐਸਾ ਹੈ, ਜੈਸਾ ਕਿ ਬਾਣੀਂ ਦੱਸ ਰਹੀ ਹੈ, ਤਾਂ ਐਸੇ ਹਰੀ ਜਾਂ ਵਾਹਿਗੁਰੂ ਦਾ ਜਾਪ ਕਰ ਕੇ ਸਾਡੀ ਕੀ ਗਤ ਹੋਵੇ ਗੀ, ਕੀ ਕੋਈ ਇਹ ਜਾਣ ਸੱਕਦਾ ਹੈ, ? ਜਾਂ ਦੱਸ ਸੱਕਦਾ ਹੈ? ? ।

ਗੁਰੂ ਨਾਨਕ ਜੀ ਨੇਂ ਸਾਰੀ ਬਾਣੀਂ ਵਿੱਚ ਹੀ ਅਜੇਹੇ ਹਜਾਰਾਂ ਹੀ ਤਰਕ, ਜਾਂ ਸਵਾਲ ਵਾਹਿਗੁਰੂ ਨੂੰ ਕੀਤੇ ਹਨ। (ਐਥੇ ਜੇ ਅਸੀਂ ਇੱਕ ਵੀ ਸਵਾਲ ਕਿਸੇ ਨੂੰ ਪੁੱਛੀਏ, ਤਾਂ ਉਹ ਅੱਗੋਂ ਸਾਡਾ ਕੀ ਹਾਲ ਕਰਦਾ ਹੈ, ਦੱਸਣ ਦੀ ਲੋੜ ਨਹੀਂ ਹੈ) ਗੁਰੂ ਨਾਨਕ ਦੇਵ ਜੀ ਨੇਂ ਤਾਂ ਸਾਰਾ ਕੁੱਝ ਹੀ, ਕੁੱਲ (ਚੰਗਾ ਜਾਂ ਮਾੜਾ) ਵਾਹਿਗੁਰੂ ਦੇ ਜੁੰਮੇਂ ਲਾ ਦਿੱਤਾ ਹੈ। ਬਾਬਰ ਦੇ ਹਮਲੇ ਤੱਕ ਨੂੰ ਵੀ ਗੁਰੂ ਜੀ ਨੇਂ ਕਰਤੇ ਦੇ ਜ਼ਿਮੇਂ ਲਾ ਦਿੱਤਾ ਹੈ। (ਇਹੀ ਰਾਜ਼ ਜਾਂ ਕਾਰਨ ਹੈ, ਸੰਤਾਂ ਦੀਆਂ ਤਕਲੀਫਾਂ ਵੇਲੇ, ਹਰੀ ਦਾ ਸੰਤਾਂ ਦੀ ਮਦਦ ਤੇ ਨਾਂ ਆਉਣ ਦਾ।) ਐਸਾ ਕਿਉਂ ਕਹਿਣਾਂ/ਕਰਨਾਂ ਪਿਆ, ਗੁਰੂ ਨਾਨਕ ਜੀ ਨੂੰ। ਐਸਾ ਕੀ ਕਾਰਨ ਹੈ, ਕਿ ਗੁਰੂ ਜੀ ਨੇਂ ਹਰੀ ਜਾਂ ਪ੍ਰਮਾਤਮਾਂ ਦਾ ਕੋਈ ਪਰਦਾ ਹੀ ਨਹੀਂ ਰਹਿਣ ਦਿੱਤਾ। ਕਿਉਂ! ਕਿਉਂ! ! (ਅਜੇਹੇ ਸਵਾਲ ਹੀ ਸਵਾਲ ਹਨ, ਜੋ ਹੈਰਾਨੀ ਪੈਦਾ ਕਰਦੇ ਹਨ, ਪਰ ਉੱਤਰ ਨਹੀਂ ਹੈ ਕਿਸੇ ਪਾਸ ਇਹਨਾਂ ਸਵਾਲਾਂ ਦਾ)

ਜਿਸ ਤਰਾਂ ਅਸੀਂ ਸੰਤਾਂ ਦੇ ਕਉਤਕ ਜ਼ਾਹਰ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਨੇਂ ਤਾਂ, ਵਾਹਿਗੁਰੂ ਜਾਂ ਪ੍ਰਮਾਤਮਾਂ ਦੇ ਸਾਰੇ ਹੀ ਕਉਤਕ ਜ਼ਾਹਰ ਕਰ ਦਿੱਤੇ ਹਨ, ਤਾਂ ਕਿਉਂ! ਕਿਉਂ? ।

ਕਬੀਰ ਸਾਹਿਬ ਜੀ ਵੀ ਆਪਣੀਂ ਬਾਣੀਂ ਵਿੱਚ ਲਿਖਦੇ ਹਨ।

ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ॥ ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ॥ ੧੯੦॥ ੧੩੭੪

ਕਬੀਰ ਸਾਹਿਬ ਜੀ ਕਹਿੰਦੇ ਹਨ, ਜਿਸ ਨੂੰ ਅਸੀਂ ਸਾਰੇ ਹੀ, ਰਾਮ ਪ੍ਰਭੂ ਹਰੀ ਪ੍ਰਮਾਤਮਾਂ ਵਾਹਿਗੁਰੂ ਕਰਤਾ ਅਕਾਲ ਪੁਰਖ ਸਮਝੀ ਫਿਰਦੇ ਹਾਂ। ਉਸ ਵਿੱਚ ਤਾਂ ਇੱਕ ਭੇਦ ਹੈ, ਇੱਕ ਰਾਜ਼ ਹੈ, ਇੱਕ ਵਿਚਾਰ ਹੈ, ਉਹ ਤਾਂ ਇੱਕ ਕਉਤਕਹਾਰਾ ਹੈ। (ਇਸ ਦਾ ਕੀ ਮਤਲਬ ਹੋਇਆ?) (ਅਸਲ ਵਿੱਚ ਪ੍ਰਮਾਤਮਾਂ ਐਸਾ ਨਹੀਂ ਹੈ, ਜੈਸਾ ਕੇ ਅਸੀਂ ਸਮਝੀ ਬੈਠੇ ਹਾਂ)

(ਬੇਨਤੀ:-ਸਾਰੀ ਦੁਨੀਆਂ ਦੇ ਵਿਦਵਾਨਾਂ ਪ੍ਰਚਾਰਕਾਂ ਵਿਚੋਂ ਜਿਹੜਾ ਵੀ ਇਸ ਕੌਤਕਹਾਰੇ “ਰਾਮ” ਦੇ ਇਸ ਭੇਦ ਰਾਜ਼ ਨੂੰ ਜਾਣਦਾ ਹੋਵੇ, ਕਿਰਪਾ ਕਰਕੇ ਜਰੂਰ ਦੱਸੇ ਜੀ, ਕਿਤੇ ਬਾਹਰ ਜਾਣ ਦੀ ਵੀ ਲੋੜ ਨਹੀਂ ਹੈ, ਸੱਭ ਕੁੱਝ ਬਾਣੀਂ ਦੇ ਅੰਦਰ ਹੀ ਲਿਖਿਆ ਹੋਇਆ ਹੈ)

ਆਪਹਿ ਕਉਤਕ ਕਰੈ ਅਨਦ ਚੋਜ॥ ਆਪਹਿ ਰਸ ਭੋਗਨ ਨਿਰਜੋਗ॥ ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ॥ ਜਿਸੁ ਭਾਵੈ ਤਿਸੁ ਖੇਲ ਖਿਲਾਵੈ॥ ਬੇਸੁਮਾਰ ਅਥਾਹ ਅਗਨਤ ਅਤੋਲੈ॥ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ॥ ੮॥ ੨੯੨

ਆਪ ਹੀ ਉਹ ਪ੍ਰਮਾਤਮਾਂ ਇਹ ਕੌਤਕ ਕਰਦਾ ਹੈ। ਇਹ ਉਸ ਉਸ ਪ੍ਰਮਾਤਮਾਂ ਦੇ ਚੋਜ (ਕੌਤਕ, ਤਮਾਸ਼ਾ, ਖੇਲ, ਲੀਲਾ) ਹਨ। ਅਜੇਹੇ ਚੋਜ ਕਰਕੇ ਉਹ ਅਨੰਦ ਕਰਦਾ ਹੈ। ਸਾਰੇ ਰਸ ਭੋਗ ਕੇ ਵੀ ਉਹ ਨਿਰਲੇਪ ਦਾ ਨਿਰਲੇਪ ਹੈ। (ਪਰ ਅਸੀਂ ਬਿਨਾਂ ਦੋਸ਼ ਤੋਂ ਵੀ ਦੋਸ਼ੀ ਹਾਂ) ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ॥ ਜਿਸੁ ਭਾਵੈ ਤਿਸੁ ਖੇਲ ਖਿਲਾਵੈ ਜੇ ਕਿਤੇ ਕਿਸੇ ਜੀਵ ਦੇ ਭਾਗਾਂ ਨਾਲ, ਕਿਸੇ ਜੀਵ ਤੇ ਉਸ (ਪ੍ਰਭੂ) ਨੂੰ ਭੋਰਾ ਦਇਆ ਆ ਜਾਵੇ, ਤਾਂ ਉਸ ਨੂੰ ਹਰੀ ਆਪਣੇਂ ਨਾਮ ਨਾਲ ਲਾ ਵੀ ਲੈਂਦਾ ਹੈ। ਪਰ ਕਿਸੇ ਕਿਸੇ ਨੂੰ, ਕਰੋੜਾਂ ਵਿਚੋਂ ਕਿਸੇ ਇੱਕ ਨੂੰ, ਸਾਰਿਆਂ ਨੂੰ ਨਹੀਂ। ਬਾਕੀਆਂ ਨੂੰ ਤਾਂ ਬਸ ਖੇਲ ਹੀ ਖਿਲਾਈ ਜਾਂਦਾ ਹੈ, ਅਤੇ ਉਹਨਾਂ ਨਾਲ ਕਉਤਕ ਹੀ ਕਰੀ ਜਾਂਦਾ ਹੈ। ਦਾਸ ਨਾਨਕ ਨੂੰ ਤਾਂ ਜਿਵੇਂ ਤੂੰ ਬੁਲਾਉਂਦਾ ਹੈਂ, ਉਵੇ ਹੀ ਬੋਲੀ ਜਾਂਦਾ ਹੈ। (ਮਿੱਠਾ ਜਿਹਾ ਰੋਸਾ ਕਰਦੇ ਹੋਇ ਕਹਿੰਦੇ ਹਨ) ਤੇਰੇ ਡਾਢੇ ਦੇ ਵੱਸ ਪੈ ਗਏ ਹਾਂ ਕੀ ਕਰੀਏ ਹਮ ਚੇਰੀ ਤੂ ਅਗਮ ਗੁਸਾਈ ਕਿਆ ਹਮ ਕਰਹ ਤੇਰੈ ਵਸਿ ਪਈਆ॥ ਦਇਆ ਦੀਨ ਕਰਹੁ ਰਖਿ ਲੇਵਹੁ ਨਾਨਕ ਹਰਿ ਗੁਰ ਸਰਣਿ ਸਮਈਆ॥ (ਵੀਰੋ ਜਿਵੇਂ ਹਰੀ ਕਰਦਾ ਹੈ, ਭਲਾ ਜੇ ਕੋਈ ਬੰਦਾ ਇਸ ਤਰਾਂ ਕਰੇ ਤਾਂ …?)

ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ॥ ੨॥ ਜੀਅ ਜੰਤ ਸਭਿ ਤੁਧੁ ਉਪਾਏ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ॥ ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ॥ ੩॥ (੧੦੩

ਇਸ ਬਣੀਂ ਦੇ ਅਰਥ ਕੀ ਕਰਨੇਂ ਹਨ, ਪਹਿਲੇ ਹੀ ਬਥੇਰੇ ਟੀਕੇ ਕੀਤੇ ਪਏ ਹਨ, ਕੀ ਸਿੱਖਿਆ ਹੈ ਅਸੀਂ ਉਹਨਾਂ ਟੀਕਿਆਂ ਵਿਚੋਂ। ਆਪਾਂ ਅਸਲ ਸਵਾਲ ਵੱਲ ਆਉਂਦੇ ਹਾਂ।

ਬਾਣੀਂ ਦੱਸ ਰਹੀ ਹੈ, ਇਹ ਜੋ ਖੇਲ ਅਖਾੜਾ ਹੈ ਇਹ ਸੱਭ ਹਰੀ ਕੇ ਬਨਾਇਆ ਹੈ। (ਅਸੀਂ ਇਸ ਨੂੰ ਜਿੱਤਣਾਂ ਹੈ, ਪਰ ਕਿਵੇਂ ਜਿਤਣਾਂ ਹੈ?) ਅਗਲੀ ਬਾਣੀਂ ਵੀ ਇਹੋ ਹੀ ਦੱਸ ਰਹੀ ਹੈ ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ॥ ਦੇਖੋ ਭਾਈ ਹਰੀ ਦਾ ਇਹ ਅਖਾੜਾ! ਹਰੀ ਨੇਂ (ਮਹਾਂਬਲੀ ਨੇਂ) ਆਪਣੇਂ ਜੋਰ ਨਾਲ ਸਾਰਿਆਂ ਨੂੰ ਨਿਵਾਇਆ ਹੋਇਆ ਹੈ। (ਜਕੜਿਆ ਹੋਇਆ ਹੈ) ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ॥ ੬੦੬ ਬਾਣੀਂ ਦੱਸ ਰਹੀ ਹੈ ਹਰੀ ਨੇਂ ਇਹ ਅਖਾੜਾ ਆਪਣੇਂ ਚੋਜਾਂ ਵਾਸਤੇ ਬਨਾਇਆ ਹੈ। (ਠੀਕ ਹੈ ਉਹ ਚੋਜ ਕਰੇ, ਪਰ ਸਾਡੀਆਂ ਲਾਸ਼ਾਂ ਤੇ ਤਾਂ ਇਹ ਚੋਜ ਨਾਂ ਕਰੇ, ਇਹ ਗੱਲ ਉਸ ਨੂੰ ਕੌਣ ਕਹੇ?)

ਇਕ ਪਾਸੇ ਹਰਿ ਪ੍ਰੀਤਮ ਹੈ, ਜਿਸ ਨੇਂ ਇਹ ਅਖਾੜਾ ਬਨਾਇਆ ਹੈ, ਅੱਗੇ ਗੁਰੂ ਜੀ ਇੱਕ ਅਚੰਭੇ ਦੀ ਗੱਲ ਦੱਸਦੇ ਹਨ। ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ॥ ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ (੫੪੧) ਸਾਰੀ ਦੁਨੀਆਂ ਇਸ ਅਖਾੜੇ ਵਿੱਚ ਆਵਣ ਜਾਣੁ ਦੇ ਚੱਕਰਾਂ ਵਿੱਚ ਪਈ ਹੋਈ ਹੈ। ਗੁਰੂ ਜੀ ਕਹਿ ਰਹੇ ਹਨ, ਕਿੰਨੀ ਹੈਰਾਨੀ ਦੀ ਗੱਲ ਹੈ, ਕਿੰਨੀ ਅਚੰਭੇ ਦੀ ਗੱਲ ਹੈ, ਕਿ ਹਰੀ ਜੋ ਵੀ ਕਰੇ (ਗਲਤ ਜਾਂ ਠੀਕ) ਸੱਭ ਧਰਮ ਜਾਂ ਨਿਆਏ ਗਿਣਿਆਂ ਜਾਂਦਾ ਹੈ। ਕਿਉ? ਕਿਉ? (ਕਿਉਂ ਕੇ ਸਮਰੱਥ ਕੋ ਨਹੀਂ ਦੋਸ਼ ਗੋਸਾਈ, ਤਗੜੇ ਦਾ ਸੱਤੀਂ ਵੀਹੀ ਸੌ ਹੁੰਦਾ ਹੈ, ਅਖੇ ਤਗੜੇ ਦਾ ਸਲਾਹੁਣਾਂ ਕੀ ਅਤੇ ਮਾੜੇ ਦਾ ਨਿੰਦਣਾਂ ਕੀ)

ਹੁਣ ਇਸ ਅਖਾੜੇ ਵਿਚ, ਇੱਕ ਪਾਸੇ ਹਰਿ ਹੈ, ਦੂਜੇ ਪਾਸੇ ਹੈ ਸਤਿਗੁਰੂ। ਹਰਿ ਨੇਂ ਸਾਨੂੰ ਆਪਣੇਂ ਆਨੰਦ ਚੋਜ (ਰੰਗ ਤਮਾਸ਼ਾ ਖੇਲ, ਲੀਲਾ) ਵੇਖਣ/ਕਰਣ ਵਾਸਤੇ ਇਸ ਅਖਾੜੇ ਵਿੱਚ ਸੁੱਟ ਦਿੱਤਾ, ਵਾੜ ਦਿਤਾ, ਜਾਂ ਕਹਿ ਲਵੋ ਕੇ ਕੈਦ ਕਰ ਲਿਆ। ਅਤੇ ਸਤਿਗੁਰੂ ਸਾਨੂੰ ਇਸ ਅਖਾੜੇ ਵਿਚੋਂ ਕੱਢਣ ਵਾਸਤੇ, ਸਾਡੀ ਮਦਦ ਵਾਸਤੇ ਆ ਗਿਆ। ਹੁਣ ਦੋਹਾਂ ਵਿੱਚ ਘੋਲ (ਮੁਕਾਬਲਾ) ਛੁਰੂ ਹੋ ਗਿਆ (ਘੋਲ ਤਾਂ ਬਰਾਬਰ ਦਿਆਂ ਵਿੱਚ ਹੁੰਦਾ ਹੈ, ਹੋਰ ਅਸੀਂ ਕੀ ਘੁਲ ਸਕਦੇ ਹਾਂ ਪ੍ਰਭੂ ਨਾਲ। ਭਾਵ ਅਸੀਂ ਪ੍ਰਭੂ ਨੂੰ ਕਿਵੇਂ ਕਹਿ ਸੱਕਦੇ ਹਾਂ, ਕਿ ਤੂੰ ਇੰਜ ਨਹੀਂ ਇੰਜ ਕਰ) ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ॥ ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ॥ (੪੫੩) ਹਰੀ ਦਾ ਬਨਾਇਆਂ ਹੋਇਆ, ਹਰੀ ਦਾ ਪਾਇਆ ਹੋਇਆ ਇਹ ਬਿਖਮੁ ਅਖਾੜਾ, (ਔਖੇ ਤੋਂ ਔਖਾ, ਡਰਾਵਣਾਂ, ਭਿਆਨਕ, ਦੁਖਦਾਈ ਅਖਾੜਾ) ਮੈਂ ਗੁਰੂ ਨਾਲ ਮਿਲ ਕੇ ਜਿੱਤ ਲਿਆ ਹੈ। ਗੁਰੂ ਨਾਲ ਮਿਲ ਕੇ, ਗੁਰੂ ਦੇ ਹੁਕਮ ਨਾਲ, ਮੈਂ ਹਰਿ ਹਰਿ ਕੀਤਾ, (ਗੁਰੂ ਨੇਂ ਮੈਨੂੰ ਹਰਿ ਨਾਲ ਲੜਨ ਦਾ ਘੁਲਣ ਦਾ ਦਾਅ ਦਸਿਆ, ਤਾਕਤ ਦਿੱਤੀ) ਗੁਰੂ ਦੇ ਬਲ ਨਾਲ ਹਰਿ ਹਰਿ ਕਰ ਕੇ, ਮੈਂ ਹਰਿ ਵਲੋਂ ਖੜਾ ਕੀਤਾ/ਬਨਾਇਆ ਇਹ, ਭਰਮਾਂ ਦਾ ਕਿਲਾ ਫਤਿਹ ਕਰ ਲਿਆ। ਸਿਰਫ ਫਤਿਹ ਹੀ ਨਹੀਂ ਕੀਤਾ, ਜਿਸ ਕਿਲੇ ਵਿੱਚ ਹਰੀ ਨੇਂ ਮੈਨੂੰ ਜੁਗਾਂ ਜੁਗਾਂਤਰਾਂ ਤੋਂ ਕੈਦ ਕੀਤਾ ਹੋਇਆ ਸੀ, ਗੁਰੂ ਨਾਲ ਮਿਲ ਕੇ ੳਸ ਕਿਲੇ ਦੀਆਂ ਕੰਧਾਂ “ਤੂਟੀ ਭੀਤਾ” ਹੀ ਢਾਹ ਦਿੱਤੀਆਂ। (ਨਾਂ ਰਹੇ ਗਾ ਬਾਂਸ ਨਾਂ ਬਜੇ ਗੀ ਬਾਂਸੁਰੀ। ਵੀਰੋ ਐਨੀਂ ਤਾਕਤ ਹੁੰਦੀ ਹੈ ਸਤਿਗੁਰੂ ਵਿਚ) (ਜਿਸ ਦਾ ਅਖਾੜਾ ਉਜੜਦਾ ਹੋਵੇ, ਜਿਸ ਦੇ ਚੋਜਾਂ ਵਿੱਚ ਵਿਘਨ ਪੈਂਦਾ ਹੋਵੇ, ਉਹ ਕੀ ਕਰੇ ਗਾ? । ਆਪਣਾਂ ਹੀ ਅੰਦਾਜਾ ਲਾ ਲਵੋ, ਜੇ ਕੋਈ ਸਾਡੀ ਗੱਲ ਨੂੰ ਹੀ ਭੋਰਾ ਕੱਟ ਦੇਵੇ, ਤਾਂ ਅਸੀਂ ਕੀ ਕਰਦੇ ਹਾਂ)

ਵੀਰੋ ਹੋਰ ਕੀ ਕੀ ਪਰਮਾਣ ਦੇਵਾਂ, ਇਸ ਹਰੀ ਅਤੇ ਸਤਿਗੁਰੂ ਦੀ ਟੱਕਰ ਦਾ! । ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ, ਐਸੀ ਟੱਕਰ ਵਿੱਚ ਹਰੀ ਸੰਤਾਂ ਦੀ ਮਦਦ ਕਿਉਂ ਕਰੇਗਾ? ।

ਬਾਣੀਂ ਸਾਬਤ ਕਰ ਰਹੀ ਹੈ, ਕਿ ਗੁਰੂ ਵੱਡਾ ਹੁੰਦਾ ਹੈ ਹਰੀ ਨਾਲੋ, ਪਰ ਗੁਰੂ ਹਰੀ ਨੂੰ ਮਾਣ ਦੇਂਦਾ ਹੈ, ਅਤੇ ਆਪ ਨਿਮਾਣਾਂ ਰਹਿੰਦਾ ਹੈ, ਅਤੇ ਸਾਨੂੰ ਵੀ ਨਿਮਰਤਾ ਸਿਖਾਉਂਦਾ ਹੈ, ਮਃ ੪॥ ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ॥ ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ॥ ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ਜਿਹੜਾ ਗੁਰਸਿੱਖ ਹੁੰਦਾ ਹੈ, ਉਸ ਦੇ ਮਨ ਵਿੱਚ ਆਪਣੇਂ ਗੁਰੂ ਦੀ ਵਡਿਆਂਈ ਹੁੰਦੀ ਹੈ। (ਉਹ ਹਰੀ ਦੀ ਵੀ ਪ੍ਰਵਾਹ ਨਹੀਂ ਕਰਦਾ, ਹਰਿ ਦੇ ਰੁੱਠੇ ਤੇ ਗੁਜ਼ਾਰਾ ਹੋ ਜਾਂਦਾ ਹੈ, ਪਰ ਗੁਰੂ ਦੇ ਰੁੱਠੇ ਤੇ ਕੋਈ ਟਿਕਾਣਾਂ ਨਹੀਂ ਹੈ) ਅਤੇ ਜੋ ਸਤਿਗੁਰੂ ਹੁੰਦਾ ਹੈ, ਉਸ ਦੇ ਮਨ ਵਿੱਚ ਪਾਰਬ੍ਰਹਮ ਦੀ ਵਡਿਆਈ ਹੁੰਦੀ ਹੈ। ਪਾਰ ਬ੍ਰਹਮ ਹੀ ਛਡਾਉਣ ਵਾਲਾ ਹੈ। (ਇਹ ਪਾਰਬ੍ਰਹਮ ਕੌਣ ਹੈ! ! ਇਸ “ਰਾਜ਼” ਨੂੰ ਸਿਰਫ ਸਤਿਗੁਰੂ ਦਾ ਸਿੱਖ, ਜਿਸ ਨੂੰ ਗੁਰਸਿੱਖ ਕਹਿੰਦੇ ਹਾਂ, ਉਹ ਹੀ ਸਮਝ ਸੱਕਦਾ ਹੈ, ਕਹਿਣ ਨੂੰ ਤਾਂ ਸਾਰੇ ਹੀ ਬ੍ਰਹਮ ਬ੍ਰਹਮ ਪਾਰਬ੍ਰਹਮ ਕਹੀ ਜਾਂਦੇ ਹਨ)

ਅਤੇ ਜੋ ਮੈਂ ਪਿਛਲੇ ਲੇਖ ਲਿਖਿਆ ਸੀ, ਕਿ ਗੁਰੂ ਨਾਨਕ ਜੀ ਤਾਂ ਇਸ ਦੇਸ ਨੂੰ ਵਸਾਉਣ ਵਾਸਤੇ ਨਹੀਂ, ਸਗੋਂ ਉਜਾੜਨ ਵਾਸਤੇ ਆਇ ਸਨ। ਉਸ ਦਾ ਉੱਤਰ ਵੀ ਇਹੋ ਹੀ ਹੈ, ਕਿ ਗੁਰੂ ਹਰੀ ਦੇ ਇਸ ਕਿਲੇ ਨੂੰ ਢਾਹ ਕੇ, ਇਸ ਵਿਚੋਂ ਸਾਨੂੰ ਕੈਦੀਆਂ ਨੂੰ ਛੁਡਾ ਕੇ, ਆਪਣੇਂ ਨਾਲ ਬੇਗਮਪੁਰੇ ਲੈ ਜਾਂਦਾ ਹੈ। ਇਹ ਹੁਣ ਸਾਡੀ ਮਰਜੀ ਹੈ, ਅਸੀਂ ਹਰੀ ਦੇ ਕਿਲੇ ਵਿੱਚ ਰਹਿਣਾਂ ਹੈ, ਜਾਂ ਸਤਿਗੁਰੂ ਦੇ ਬੇਗਮ ਪੁਰੇ ਸ਼ਹਿਰ ਜਾਣਾਂ ਚਾਹੁੰਦੇ ਹਾਂ। (ਬੇਗਮ ਪੁਰਾ ਲਫਜ ਵੈਸੇ ਤਾਂ ਰਵੀਦਾਸ ਜੀ ਦੀ ਬਾਣੀਂ ਵਿਚੋਂ ਹੈ, ਪਰ ਬੇਗਮ ਪੁਰਾ ਦੇਸ, ਸਾਰੇ ਸੰਤਾ ਦਾ ਇਕੋ ਹੀ ਦੇਸ ਹੈ। ਗੁਰੂ ਨਾਨਕ ਦਾ ਦੇਸ ਵੀ ਬੇਗਮ ਪੁਰਾ ਹੀ ਹੈ, ਬੇਗਮ ਪੁਰਾ ਦਾ ਮਤਲਬ ਹੈ, ਜਿੱਥੇ ਕੋਈ ਗਮ ਜਾਂ ਦੁਖ ਨਾਂ ਹੋਵੇ) ਉਥੇ ਹਲੇਮੀਂ ਰਾਜ ਹੈ। ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰਞਾਣਦਾ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥

ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ॥ ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ॥

ਅਸੀਂ ਇਸ ਸੰਸਾਰ ਨੂੰ ਆਪਣਾਂ ਘਰ ਸਮਝੀ ਬੈਠੇ ਹਾਂ। ਆਪਣਾਂ ਘਰ ਤਾਂ ਬੇਗਮ ਪੁਰੇ ਵਿੱਚ ਹੈ। ਗੁਰੂ ਸਾਨੂੰ ਭਗਤੀ ਕਰਾ ਕੇ, ਹਰੀ ਦੇ ਇਸ ਦੇਸ ਵਿਚੋਂ ਕੱਢ ਕੇ ਆਪਣੇਂ (ਸਾਡੇ ਅਸਲ ਘਰ) ਘਰੀਂ ਵਸਾ ਦੇਂਦਾ ਹੈ, ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ਵੱਡਾ ਕਰਤਾ ਤਾਂ ਸਤਿਗੁਰ ਹੀ ਹੈ। ਸਤਿਗੁਰੂ ਦੀ ਵਡਿਆਈ ਦਾ ਅੰਤ ਨਹੀਂ ਹੈ। ਐਸੇ ਸਤਿਗੁਰ ਦੀ ਵਡਿਆਈ ਕੋਈ ਕੀ ਕਰੇ ਗਾ, ਇਹ ਤਾਂ ਹਰ ਦਿਨ ਸਵਾਈ ਹੁੰਦੀ ਜਾਂਦੀ ਹੈ।

ਜਨ ਕੀ ਮਹਿਮਾ ਕੇਤਕ ਬਰਨਉ ਜੋ ਪ੍ਰਭ ਅਪਨੇ ਭਾਣੇ॥ ਕਹੁ ਨਾਨਕ ਜਿਨ ਸਤਿਗੁਰੁ ਭੇਟਿਆ ਸੇ ਸਭ ਤੇ ਭਏ ਨਿਕਾਣੇ॥

ਜਿੰਨਾਂ ਨੂੰ ਐਸਾ ਸਤਿਗੁਰੂ ਮਿਲ ਜਾਂਦਾ ਹੈ, ਉਹ ਸਾਰੇ ਹੀ, ਇਸ ਦੇਸ ਵਿਚੋਂ ਨਿਕਲ (ਉਜੜ) ਕੇ, ਸਹੀ ਟਿਕਾਣੇਂ ਲੱਗ ਜਾਂਦੇ ਹਨ। ਕੀ ਕੋਈ ਇਸ ਦੇਸ ਵਿਚੋਂ ਉਜੜਨ (ਦੇਸ ਨੂੰ ਛੱਡਣ ਵਾਸਤੇ) ਅਤੇ ਆਪਣੇਂ ਅਸਲੀ ਘਰ ਜਾਣ ਵਾਸਤੇ ਤਿਆਰ ਹੈ?

ਸਿਰਫ ਟਿਕਾਣੇਂ ਹੀ ਨਹੀਂ ਲੱਗਦੇ, ਫਿਰ ਇਹ ਹਰੀ ਵੀ (ਜਿਹੜਾ ਕਿ ਸ਼ੇਰ ਹੈ) ਉਹਨਾਂ ਗੁਰਸਿੱਖਾਂ ਦੇ ਸਾਹਮਣੇਂ ਭੀਗੀ ਬਿੱਲੀ ਬਣ ਜਾਂਦਾ ਹੈ, ਵਡੇ ਤੋਂ ਵੱਡਾ ਪਹਾੜ ਵੀ, ਉਹਨਾਂ ਗੁਰਸਿੱਖਾਂ ਦੇ ਸਾਹਮਣੇਂ ਇੱਕ ਤਿਨਕੇ ਬਰਾਬਰ ਹੁੰਦਾ ਹੈ। ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ਕੀੜੀ ਹਾਥੀ ਨੂੰ ਹਰਾ ਦੇਂਦੀ ਹੈ। ਉਹੀ ਸ਼ੇਰ ਫਿਰ ਗਉਆਂ ਨੂੰ ਚਰਦਾ ਹੈ, ਉਸੇ ਸ਼ੇਰ (ਹਰੀ) ਨੂੰ ਫਿਰ ਸਤਿਗੁਰੂ ਆਪਣੀਆਂ ਗਉਆਂ ਦੀ ਰਾਖੀ ਸੌਂਪ ਦੇਂਦਾ ਹੈ।

ਨੋਟ:- ਜਦ ਸਤਿਗੁਰੂ ਸਾਨੂੰ ਆਪਣਾਂ ਬਨਾਕੇ, ਅਖਾੜਾ ਜਿਤਾ ਕੇ, ਸਾਡੀ ਹਿਫਾਜ਼ਤ (ਰੱਖਿਆ) ਦੀ ਜਿਮੇਂਦਾਰੀ, ਹਰੀ ਨੂੰ ਸੌਂਪ ਦੇਂਦਾ ਹੈ। ਤਾਂ ਫਿਰ ਹਰੀ, ਪ੍ਰਮਾਤਮਾਂ, ਵਾਹਿਗੁਰੂ, ਪ੍ਰਭੂ, ਜਾਂ ਕਰਤਾ, ਸਾਡੇ ਵਾਸਤੇ ਵੈਸੀ ਹੀ ਸਿੱਫਤ ਵਾਲਾ ਹੋ ਜਾਂਦਾ ਹੈ, ਜੈਸੀ ਸਿਫਤ ਹਰੀ ਦੀ, ਕਿ ਬਾਣੀਂ ਵਿੱਚ ਲਿਖੀ ਹੋਈ ਹੈ। ਅਸਲ ਵਿੱਚ ਹਰੀ ਦੇ ਦੋ ਰੂਪ ਹਨ। ਫਿਰ ਹਰੀ ਦਾ ਦੂਜਾ ਰੂਪ, ਸਾਡੇ ਪਿੱਛੇ ਪਿੱਛੇ ਇਸ ਤਰਾਂ ਫਿਰਦਾ ਹੈ, ਜਿਵੇਂ ਗਾਂ ਬਛੜੇ ਦੇ ਪਿੱਛੇ ਫਿਰਦੀ ਹੈ। ਫਿਰ ਉਹ ਸ਼ੇਰ ਗਾਂ ਨੂੰ ਚਰਾਉਦਾ ਹੈ। ਪਰ ਪਹਿਲੇ ਅਖਾੜੇ ਵਿੱਚ ਉਸ ਨੂੰ (ਹਰੀ ਨੂੰ) ਜਿੱਤਣਾਂ ਪੈਂਦਾ ਹੈ। ਨਹੀਂ ਤਾਂ ਸਾਡੀ ਹਾਰ ਹੀ ਹਾਰ ਹੈ, ਅਤੇ ਜਮਾਂ ਦੀ ਜਿੱਤ। ਅੱਗੇ ਪੜ੍ਹਦੇ ਹਾਂ।

ਬਿਲਾਵਲੁ ਮਹਲਾ ੫॥ ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ॥ ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ॥ ੧॥ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ॥ ੧॥ ਰਹਾਉ॥ ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ॥ ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ॥ ੨॥ ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ॥ ੮੦੯

ਸਤਿਗੁਰੂ ਸਾਨੂੰ ਐਸੀ ਭਗਤੀ ਸਿਖਾ ਦੇਂਦਾ ਹੈ। ਕਿ ਜੋ ਜੀਵ ਜਨਮਾਂ ਜਨਮਾਂ ਮੂਰਖ ਬਨਿਆਂ ਹੋਇਆ ਸੀ, ਉਹ ਬਕੀਤਾ (ਵੱਡਾ ਵਿਆਖਿਆਨ ਕਾਰ) ਬਣ ਜਾਂਦਾ ਹੈ। ਪਿੰਗਲਾ ਪਰਵਤ ਨੂੰ ਪਾਰ ਕਰ ਜਾਂਦਾ ਹੈ। ਗੁਰੂ ਨੂੰ ਮਿਲ ਕੇ ਪਵਿਤ੍ਰ ਹੋ ਗਿਆ, ਅੰਧਲੇ ਨੂੰ ਤਿਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ॥ ੧॥ ਰਹਾਉ॥

ਸੰਤ ਬਾਣੀਂ ਕਿਉਂ ਰਚਦੇ ਹਨ। ਸੰਤ ਜਦ ਸੰਸਾਰ ਵਿੱਚ ਆਉਂਦੇ ਹਨ, ਤਾਂ ਜਿਹੜੇ ਜੀਵ ਉਹਨਾਂ ਦੇ ਸੰਪਰਕ ਵਿੱਚ ਆ ਜਾਂਦੇ ਹਨ, ਉਹਨਾਂ ਨੂੰ ਉਹ ਆਪਣੇਂ ਸੰਗ ਤਾਰ ਲੈਂਦੇ ਹਨ। ਆਖਰ ਗੁਰੂ ਨੇਂ ਵੀ ਇੱਕ ਦਿਨ ਇਸ ਸੰਸਾਰ ਨੂੰ ਤਿਆਗ ਦੇਣਾਂ ਹੁੰਦਾ ਹੈ। ਇਸ ਕਰਕੇ ਸਾਡੇ ਵਾਸਤੇ ਉਹ ਬਾਣੀਂ ਲਿਖ ਕੇ ਰੱਖ ਜਾਂਦੇ ਹਨ, ਕਿ ਆਉਣ ਵਾਲੀਆਂ ਨਸਲਾਂ ਜਾਂ ਪੀੜ੍ਹੀਆਂ ਬਾਣੀਂ ਪੜ੍ਹ ਕੇ ਸਿੱਖਿਆ ਲੈ ਸਕਣ। ਇਹ ਬਾਣੀਂ ਸਾਡੇ ਸਿੱਖਣ ਵਾਸਤੇ ਹੈ। ਪਰ ਕੀ ਸਿੱਖਿਆ ਹੈ ਅਸੀਂ ਤਿੰਨ ਸੌ ਸਾਲਾਂ ਵਿਚ, ਇਸ ਬਾਣੀਂ ਨੂੰ ਵਿਚਾਰ ਵਿਚਾਰ ਕੇ, ਪੜ੍ਹ ਪੜ੍ਹ ਕੇ। ਬਾਣੀਂ ਦੀ ਤਾਂ ਇੱਕ ਕੜੀ ਹੀ ਕਾਫੀ ਹੁੰਦੀ ਹੈ, ਇੱਕ ਅੱਖਰ ਹੀ ਕਾਫੀ ਹੁੰਦਾ ਹੈ। ਬਾਕੀ ਕੌਮਾਂ ਨੂੰ ਤਾਂ ਕੋਈ ਦੋਸ਼ ਨਹੀਂ, ਪਰ ਅਸੀਂ ਤਾਂ ਆਪਣੇਂ ਆਪ ਨੂੰ ਗੁਰਸਿੱਖ, ਗੁਰਮੁਖ, ਗੁਰੂ ਨਾਨਕ ਦੇ ਸਿੱਖ, ਅਤੇ ਹੋਰ ਪਤਾ ਨਹੀਂ ਕੀ ਕੀ ਸਮਝਦੇ ਹਾਂ। ਸੱਭ ਖਾਲੀ ਹੰਕਾਰ ਹੈ, ਕੀ ਸਿੱਖਿਆ ਹੈ ਅਸੀਂ ਬਾਣੀਂ ਵਿਚੋਂ?

ਪਰ ਹਰੀ ਤਾਂ ਸੰਤਾਂ ਦੀ ਬਾਣੀਂ ਨੂੰ ਵੀ ਖੁਰਦ ਬੁਰਦ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। (ਜਿਵੇਂ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੋਇਆ ਹੈ।) ਤਾਂ ਜੋ ਸਾਨੂੰ ਸਚਾਈ ਦਾ ਪਤਾ ਨਾਂ ਲੱਗ ਸਕੇ। ਪਰ ਧੰਨ ਭਾਗ ਸਾਡੇ, ਕਿ ਇਹ ਬਾਣੀਂ ਕਿਸੇ ਵੀ ਤਰਾਂ ਸਾਡੇ ਪਾਸ ਮੌਜ਼ੂਦ ਹੈ। ਅਤੇ ਅੱਜ ਵੀ ਸੁਧਾਰ ਦੇ ਨਾਂ ਤੇ, ਉਹ (ਹਰੀ) ਸਾਡੇ ਪਾਸੋਂ ਇਹੋ ਕੁੱਝ ਹੀ ਕਰਵਾ ਰਿਹਾ ਹੈ, ਤਾਂ ਕਿ ਗੁਰਬਾਣੀਂ ਤੋਂ ਸਾਡਾ ਬਚਿਆ ਖੁਚਿਆ ਭਰੋਸਾ ਵੀ ਉੱਡ ਜਾਵੇ।

ਹਾਰ ਤਾਂ ਹਾਰ ਹੈ, ਅਤੇ ਜਿੱਤ ਜਿਤ ਹੀ ਹੁੰਦੀ ਹੈ। ਕਰਤੇ (ਹਰੀ) ਦਾ ਨਿਆਂ ਸੱਚਮੁਚ ਸੱਚਾ ਹੈ, (ਗਰੂ ਨਾਨਕ ਜੀ ਝੂਠ ਨਹੀਂ ਕਹਿੰਦੇ) ਜਦ ਤੱਕ ਅਸੀਂ ਹਾਰੇ ਹੋਏ ਹਾਂ, ਸਾਡੇ ਨਾਲ ਉਹ (ਹਰੀ) ਹਾਰਿਆਂ ਵਾਲਾ ਸਲੂਕ ਕਰਦਾ ਹੈ। ਤਿਲ ਤਿਲ ਦਾ ਹਿਸਾਬ ਲੈਂਦਾ ਹੈ। ਇੱਕ ਤਿਲ ਭਰ ਦੀ ਵੀ ਰਿਆਇਤ ਨਹੀਂ ਕਰਦਾ। ਪਰ ਜਦੋਂ, ਅਸੀਂ ਗੁਰੂ ਦੀ ਮਦਦ ਨਾਲ, ਉਸ ਤੇ ਜਿੱਤ ਹਾਸਲ ਕਰ ਲੈਂਦੇ ਹਾਂ। ਤਾਂ ਉਹ (ਹਰੀ) ਸਾਡਾ ਜਿਤਿਆਂ ਹੋਇਆਂ ਵਾਲਾ ਸਨਮਾਨ ਕਰਦਾ ਹੈ। ਫਿਰ ਉਹ ਸਾਡੇ ਵਾਸਤੇ ਸਾਰੇ ਹੀ ਸੁਖ ਦੇ ਸਾਧਨ ਮੁਹਈਆ ਕਰਵਾਉਂਦਾ ਹੈ। ਸਾਡੇ ਨਾਲ ਚੋਜ ਕਰਦਾ ਹੈ, ਸਾਨੂੰ ਗੋਦ ਵਿੱਚ ਬਿਠਾ ਕੇ, ਸਾਡੇ ਨਾਲ ਪਿਉ ਵਾਂਗ ਲਾਡ ਲਡਾਉਂਦਾ ਹੈ। ਕੀ ਸਿਫਤ ਕਰਾਂ, ਕੀ ਬਿਆਨ ਕਰਾਂ, ਉਸ ਦੇ ਪਿਆਰ ਨੂੰ, ਉਸ ਦੇ ਲਾਡਾਂ ਨੂੰ, ਉਸ ਦੀ ਮਹਿਮਾਂ ਨੂੰ, ਕੀ ਬਿਆਨ ਕਰਾਂ ਉਸ ਦੀ ਦਇਆ ਨੂੰ, ਕਥਨ ਤੋਂ, ਤੇ ਬਿਆਨ ਤੋਂ ਬਾਹਰ ਹੈ। (ਕੀ ਕੋਈ ਹਰੀ ਨੂੰ ਜਿੱਤਣ ਦਾ ਤਰੀਕਾ ਜਾਣਦਾ ਹੈ? ਆਪਸ ਵਿੱਚ ਲੜਨਾਂ ਤਾਂ ਸਾਰੇ ਹੀ ਜਾਣਦੇ ਹਨ)

ਪਾਠਕ ਵੀਰੋ ਪ੍ਰਮਾਤਮਾਂ ਅਤੇ ਗੁਰੂ ਦੀ ਉਸਤਤ ਨਾਲ ਤਾਂ, ਸਾਰਾ ਗੁਰੂ ਗ੍ਰੰਥ ਸਾਹਿਬ ਭਰਿਆ ਪਿਆ ਹੈ। ਆਉ ਹੁਣ ਆਪਾਂ ਭਲੇ ਅਤੇ ਬੁਰੇ ਦੇ ਵਿਸ਼ੇ ਤੇ ਵਿਚਾਰ ਕਰਦੇ ਹਾਂ, ਜੋ ਗੁਰਬਾਣੀਂ ਦੀ ਸਿੱਖਿਆ ਹੈ। ਅਤੇ ਜੋ ਇਸ ਲੇਖ ਦਾ ਸਿਰਲੇਖ ਵੀ ਹੈ।

ਗੁਰੂ ਸੱਭ ਦਾ ਭਲਾ ਚਾਹੁੰਦਾ ਹੈ। ਜੇ ਕੋਈ ਭੁੱਲ ਜਾਂਦਾ ਹੈ, ਜਾਂ ਕੋਈ ਬੁਰੇ (ਉਲਟੇ) ਪਾਸੇ ਲੱਗ ਜਾਂਦਾ ਹੈ, ਫਿਰ ਵੀ ਉਹ ਉਸੇ ਪ੍ਰਭੂ ਦਾ ਹੀ ਰਹਿੰਦਾ ਹੈ। ਇਸ ਵਾਸਤੇ ਗੁਰੂ ਸੱਭ ਦਾ ਭਲਾ ਚਾਹੁੰਦਾ ਹੈ। ਬਾਣੀਂ ਦੱਸਦੀ ਹੈ, ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮਾੑਰੇ॥ ੧॥ ਰਹਾਉ

ਜੇ ਆਪਾਂ ਕਿਸੇ ਅਜੇਹੇ ਵਿਚਾਰੇ ਮਜਬੂਰ ਮਨੁੱਖ ਦਾ ਮਜਾਕ ਉਡਾਵਾਂ ਗੇ, (ਜਿਸ ਨੂੰ ਵਾਹਿਗੁਰੂ ਨੇਂ ਆਪ ਹੀ ਭੁਲਾਇਆ ਹੋਇਆ ਹੋਵੇ) ਉਸ ਨਾਲ ਨਫਰਤ ਕਰਾਂ ਗੇ, ਉਸ ਦੀ ਨਿੰਦਾ ਕਰਾਂ ਗੇ, ਉਸ ਨਾਲ ਝਗੜਾ ਕਰਾਂ ਗੇ, ਤਾਂ ਅਸੀਂ ਉਸ ਭੁੱਲੇ ਹੋਇ (ਬੁਰੇ) ਮਨੁੱਖ ਨਾਲੋਂ ਵੀ, ਲੱਖਾਂ ਗੁਣਾਂ ਨੀਚ ਹਾਂ। , ਗੁਰੂ ਨਾਨਕ ਜੀ ਅਜੇਹੇ ਨੀਚਾਂ ਨੂੰ ਅਜੇਹੇ ਨਿਮਾਣਿਆਂ ਨੂੰ, ਅਜੇਹੇ ਭੁਲਿਆਂ ਹੋਇਆਂ ਨੂੰ ਤਾਰਨ ਆਏ ਸਨ, ਭਾਗੋ (ਸਾਡੇ) ਵਰਗੇ ਹੰਕਾਰੀਆਂ ਨੂੰ ਨਹੀਂ, ਜੇ ਅਸੀਂ ਆਪਣੇਂ ਆਪ ਨੂੰ ਗੁਰੂ ਨਾਨਕ ਦੇ ਸੱਚੇ ਸਿੱਖ ਸਮਝਦੇ ਹਾਂ, ਤਾਂ ਸਾਨੂੰ ਵੀ ਅਜੇਹੇ ਭੁੱਲਿਆਂ ਹੋਇਆਂ ਦੀ ਮਦਦ ਕਰਨੀਂ ਚਾਹੀਦੀ ਹੈ, ਨਿੰਦਾ ਨਹੀਂ। ਕੀ ਕਿਸੇ ਨੂੰ ਵੱਲ ਹੈ, ਕਿਸੇ ਅਜੇਹੇ ਮਨੁੱਖ ਦੀ ਮਦਦ ਕਰਨ ਦਾ (ਜਿਹੜੇ ਆਪ ਹੀ ਪੁੱਠੇ ਰਾਹ ਪਏ ਹੋਣ, ਉਹ ਦੂਸਰਿਆਂ ਨੂੰ ਰਾਹ ਕੀ ਦਿਖਾਉਣ ਗੇ)

ਅਤੇ ਇਹ ਵੀ ਸੱਚ ਹੈ, ਕਿ ਜੇ ਉਹ ਪ੍ਰਭੂ ਚਾਹੇ ਤਾਂ ਇੱਕ ਛਿਨ ਵਿੱਚ ਬੁਰੇ ਤੋਂ ਬੁਰੇ ਮਨੁੱਖ ਨੂੰ ਵੀ, ਸਿੱਧੇ ਰਾਹ ਪਾ ਸੱਕਦਾ ਹੈ, ਜਿੰਨਾਂ ਨੂੰ ਅੱਜ ਅਸੀਂ ਬੁਰੇ ਸਮਝਦੇ ਹਾਂ, ਹੋ ਸੱਕਦਾ ਹੈ ਉਹ (ਬੁਰਾ) ਇੱਕ ਦਿਨ ਵਿੱਚ ਹੀ (ਗੁਰੂ ਕ੍ਰਿਪਾ ਨਾਲ) ਤਰ ਜਾਵੇ। ਅਤੇ ਸਾਡੇ ਵਰਗੇ ਹੰਕਾਰੀ ਜਿਹੜੇ ਆਪਣੇਂ ਆਪ ਨੂੰ ਵੱਡੇ ਗਿਆਨੀ, ਪ੍ਰਚਾਰਕ, ਗੁਰ ਸਿੱਖ ਅਤੇ ਗੁਰਮੁਖ ਸਮਝਦੇ ਹਨ, ਉਹ ਜੁਗਾਂ ਜੁਗਾਂਤਰਾਂ ਤੱਕ ਇਥੇ ਹੀ ਜਮਾਂ ਦੇ ਧੱਕੇ ਖਾਂਦੇ ਫਿਰਨ। ਅਸੀਂ ਕਿਸ ਗੱਲ ਦਾ ਹੰਕਾਰ ਕਰਦੇ ਹਾਂ? ਵੀਰੋ ਜੇ ਤੁਸੀਂ ਸੱਚਮੁਚ ਚੰਗੇ ਹੋ, ਅਤੇ ਦੂਸਰੇ ਬੁਰੇ ਹਨ। ਤਾਂ ਉਹਨਾਂ ਨਾਲ ਝਗੜਾ ਨਾਂ ਕਰੋ, ਉਹਨਾਂ ਦੀ ਮਦਦ ਕਰੋ, ਅਤੇ ਚੰਗੇ ਬਣਨ ਵਿੱਚ ਉਹਨਾਂ ਦੀ ਸਹਾਇਤਾ ਕਰੋ।

ਵੀਰੋ ਇੱਕ ਗੱਲ ਦੀ ਵਿਚਾਰ ਜਰੂਰ ਕਰਿਆ ਜੇ, ਜਿਹੜੀ ਬਾਣੀਂ ਦਾਸ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਹੈ, ਕੀ ਇਹ ਉਹੀ ਬਾਣੀਂ ਹੈ, ਜਿਸ ਨੂੰ ਆਪਾਂ ਤਿੰਨ ਸੌ ਸਾਲਾਂ ਤੋਂ ਪੜ੍ਹਦੇ ਵਿਚਾਰਦੇ ਆ ਰਹੇ ਹਾਂ। ਜਾਂ ਕਿਤੇ ਇਹ ਗੱਲਾਂ ਮੈਂ ਕਿਸੇ ਹੋਰ ਬਾਣੀਂ ਵਿਚੋਂ ਤਾਂ ਨਹੀਂ ਪੜ੍ਹੀ ਜਾ ਰਿਹਾ।

ਜੇ ਅਸੀਂ ਕਿਸੇ ਦੀ ਨਿੰਦਾ ਕਰਦੇ ਹਾਂ ਤਾਂ ਕਿਉਂ? ਅਸੀਂ ਕਿਸੇ ਨੂੰ ਵੀ ਬੁਰਾ ਸਮਝ ਕੇ ਹੀ ਨਿੰਦਾ ਕਰਦੇ ਹਾਂ ਨਾਂ! ਅਸੀਂ ਕਿਸੇ ਨੂੰ ਬੁਰਾ ਕਿਉਂ ਸਮਝਦੇ ਹਾਂ? ਗੁਰਬਾਣੀਂ ਤਾਂ ਕਹਿੰਦੀ ਹੈ, ਕੋਈ ਵੀ ਇਨਸਾਨ ਬੁਰਾ ਨਹੀਂ ਹੁੰਦਾ। ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ਅਗਰ ਸਾਨੂੰ ਕਿਸੇ ਵਿੱਚ ਕੋਈ ਬੁਰਾਈ ਦਿੱਸਦੀ ਹੈ, (ਜੇ ਤਾਂ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ) ਤਾਂ ਅਸੀਂ ਉਸ ਦੀ ਬੁਰਾਈ ਲੈ ਕੇ, ਬਦਲੇ ਵਿੱਚ ਉਸ ਨੂੰ ਚੰਗਿਆਈ ਕਿਉਂ ਨਹੀਂ ਦੇ ਦੇਂਦੇ? ? । ਪਰ ਦੇ ਤਾਂ ਅਸੀਂ ਉਹ ਚੀਜ ਹੀ ਸੱਕਦੇ ਹਾਂ ਨਾਂ, ਜਿਹੜੀ ਚੀਜ ਸਾਡੇ ਪਾਸ ਹੋਵੇ ਗੀ। ਜਿਹੜੀ ਚੀਜ ਸਾਡੇ ਪਾਸ ਹੀ ਨਹੀਂ, ਉਹ ਅਸੀਂ ਕਿਸੇ ਨੂੰ ਕਿਵੇਂ ਦੇ ਸਕਦੇ ਹਾਂ। (ਪ੍ਰਭੂ ਦੀ ਮੌਜ ਨਾਲ ਦੂਜੇ ਪਾਸੇ ਵੀ, ਚੰਗਿਆਈ ਲੈਣ ਵਾਲਾ, ਗਾਹਕ ਕੋਈ ਨਹੀਂ ਹੈ। ਦੇਵੇ ਕੌਣ ਤੇ ਲੇਵੇ ਕੌਣ, ਬਸ ਗੁਰੂ ਹੀ ਜਾਣੇਂ ਕੇ ਕੀ ਹੋਵੇ ਗਾ) ਦੱਸੋ ਕਿਸ ਦੇ ਪਾਸ ਚੰਗਿਆਈ ਹੈ? ਦਾਸ ਉਸ ਪਾਸੋਂ ਚੰਗਿਆਈ ਲੈਣਾਂ ਚਾਹੁੰਦਾ ਹੈ, ਕਿਉਂ ਕੇ ਇਸ ਧਰਤੀ ਤੇ ਇਸ ਵੇਲੇ ਸੱਭ ਤੋਂ ਬੁਰਾ ਇਨਸਾਨ ਮੈਂ ਹੀ ਹਾਂ।

ਜਦ ਗੁਰੂ ਨਾਨਕ ਜੀ ਕਹਿੰਦੇ ਹਨ, ਕਿ ਮੇਰੇ ਤੋਂ ਵੱਧ ਬੁਰਾ ਇਨਸਾਨ ਇਸ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੈ। ਤਾਂ ਸਾਨੂੰ ਆਪਣੇਂ ਤੋਂ ਸਿਵਾ ਸਾਰੇ ਹੀ ਬੁਰੇ ਕਿਉਂ ਦਿਸਦੇ ਹਨ? ਕਿਉਂ?

ਨਾ ਹਮ ਚੰਗੇ ਆਖੀਅਹ ਬੁਰਾ ਨ ਦਿਸੈ ਕੋਇ॥ ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ॥ ੧੦੧੫ ਮ: ੧

ਸ੍ਰੀ ਗੁਰੂ ਰਾਮ ਦਾਸ ਜੀ ਮਹਾਂਰਾਜ ਅਗੇ ਫਰਮਾਉਂਦੇ ਹਨ, (ਇਹ ਹਰੀ ਅੱਗੇ ਬੇਨਤੀ ਹੈ)

ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ॥ ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ॥ ੩॥ ਤੇਰੀ ਵਡਿਆਈ ਤੂੰਹੈ ਜਾਣਹਿ ਸਭ ਤੁਧਨੋ ਨਿਤ ਧਿਆਏ॥ ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ ਜਨ ਨਾਨਕ ਸੋ ਥਾਇ ਪਾਏ॥ ੪॥ (੭੩੫) ਮਹਲਾ ੪

ਹੇ ਵਾਹਿਗੁਰੂ ਕੋਈ ਬੁਰਾ ਹੈ ਜਾਂ ਭਲਾ ਹੈ, ਜਿਹੋ ਜਿਹੀ ਤੂੰ ਕਿਸੇ ਤੇ ਨਦਰ (ਹੁਕਮ) ਕਰਦਾ ਹੈਂ, ਉਹੋ ਜਿਹਾ ਹੀ ਉਹ ਹੋ ਜਾਂਦਾ ਹੈ। ਸਾਰੇ ਜੀਵ ਤੇਰੇ ਹਨ, ਤੂੰ ਹੀ ਸਭਨਾਂ ਦੇ ਮੱਥੇ ਵਿੱਚ ਲੇਖ ਲਿਖੇ ਹਨ। ਸਾਰੇ ਜੀਵ ਤੈਨੂੰ ਧਿਆਉਂਦੇ ਵਡਿਆਉਂਦੇ ਹਨ (ਮਿਲਨ ਵਾਸਤੇ), ਪਰ ਤੂੰ ਕਿਸ ਵਡਿਆਈ ਨਾਲ ਰੀਝਦਾ ਹੈਂ, ਇਹ ਤੂੰ ਹੀ ਜਾਣਦਾ ਹੈਂ (ਹੋਰ ਕੋਈ ਨਹੀਂ ਜਾਣਦਾ)। ਬੇਸ਼ੱਕ ਸੱਭ ਤੈਨੂੰ ਧਿਆਉਂਦੇ ਹਨ, ਪਰ ਆਪਣੇਂ ਨਾਲ ਤੂੰ ਸਿਰਫ ਉਸ ਨੂੰ ਮੇਲਦਾ ਹੈਂ, ਜੋ ਤੈਨੂੰ ਭਾਉਂਦਾ ਹੈ। ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ ਜਨ ਨਾਨਕ ਸੋ ਥਾਇ ਪਾਏ॥

ਨੋਟ:- ਪਰ ਅਸੀਂ ਆਪਣੇਂ ਆਪ ਨੂੰ (ਗੁਰੂ ਨਾਨਕ ਦੇ ਜਹਾਜ ਤੇ ਚੜ੍ਹਨ ਵਾਸਤੇ) ਲਾਈਨ ਵਿੱਚ ਸੱਭ ਤੋਂ ਅੱਗੇ ਸਮਝਦੇ ਹਾਂ। (ਦੱਸੋ ਕੌਣ ਘੱਟ ਸਮਝਦਾ ਹੈ ਆਪਣੇਂ ਆਪ ਨੂੰ) ਅਸੀਂ ਚੰਗਿਆਈ ਦੀ ਟਿਕਟ, ਸਿਰਫ ਆਪਣੇਂ ਵਾਸਤੇ ਰਿਜ਼ਰਵ ਸਮਝਦੇ ਹਾਂ, (ਸਾਡੇ ਤੋਂ ਬਿਨਾਂ ਸੱਭ ਬੁਰੇ ਹਨ)। ਪਰ ਹਰੀ ਤਾਂ, ਉਸ ਨੂੰ (ਹਰੀ ਨੂੰ) ਧਿਆਉਣ ਵਾਲਿਆਂ ਨੂੰ ਵੀ, ਚੜ੍ਹਨ ਦੇਵੇ ਜਾਂ ਨਾਂ ਚੜਨ ਦੇਵੇ, ਇਹ ਉਸ ਦੀ ਮਰਜੀ ਹੈ। (ਸਿਰਫ ਉਹ ਚੜ੍ਹੇ ਗਾ ਜੋ ਆਪਣੇਂ ਆਪ ਨੂੰ ਸੱਭ ਤੋਂ ਨੀਚ ਸਮਝੇ ਗਾ) ਉਂਜ ਵੀ ਅਸੀਂ ਤਾਂ ਉਸ ਨੂੰ ਕਦੇ ਧਿਆਇਆ ਹੀ ਨਹੀਂ, ਕਿਉਂ ਕੇ ਸਾਨੂੰ ਤਾਂ ਕਿਸੇ ਦੀਆਂ ਬੁਰਾਈਆਂ ਵੇਖਣ ਅਤੇ ਨਿੰਦਾ ਕਰਨ ਵਿਚੋਂ ਹੀ ਵੇਹਲ ਨਹੀਂ ਹੈ। ਜੇ ਕੁੱਝ ਵਕਤ ਮਿਲਦਾ ਵੀ ਹੈ ਤਾਂ, ਉਹ ਤਾਂ ਝਗੜਾ ਕਰਨ ਵਾਸਤੇ ਵੀ ਥੋੜਾ ਹੈ। ਆਪ ਤਾਂ ਅਸੀਂ ਕੀ ਧਿਆਉਣਾਂ ਹੈ, ਸਾਡਾ ਵੱਸ ਚੱਲੇ ਤਾਂ ਅਸੀਂ (ਜਾਗਰੂਕ) ਤਾਂ, ਧਿਆਉਣ ਵਾਲਿਆਂ ਨੂੰ ਵੀ ਉਲਟਾ ਲਟਕਾ ਦੇਈਏ। (ਦੱਸੋ ਕਿਹੜੀ ਕਰਤੂਤ ਜਾਂ ਕਰਮ ਨਾਲ ਅਸੀਂ ਹਰੀ ਨਾਲ ਮਿਲਾਂ ਗੇ? ਇਹ ਸਵਾਲ ਜਾਂ ਬੇਨਤੀ ਸਿਰਫ ਜਾਗਰੂਕ ਲਿਖਾਰੀਆਂ ਜਾਂ ਵਿਦਵਾਨਾਂ ਵਾਸਤੇ ਹੈ ਜੀ, ਦੱਸੋ? ਜਲਦੀ ਦਸੋ ਜੀ, ਪਤਾ ਨਹੀਂ ਬਾਕੀ ਸਵਾਸ ਕਿਸੇ ਦਾ ਇੱਕ ਬਚਿਆ ਹੈ, ਜਾਂ ਦੋ, ਜਾਂ ਇੱਕ ਵੀ ਨਹੀਂ, ਇਹ ਕੀ ਪਤਾ)

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ॥ ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ॥ ਬੁਰਾ ਭਲਾ ਨ ਪਛਾਣੈ ਪ੍ਰਾਣੀ ਆਗੈ ਪੰਥੁ ਕਰਾਰਾ॥ ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ॥ ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ॥ ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ॥ ੨॥ (੭੭)

ਪਹਿਲੇ ਬੱਚਾ ਸੀ (ਜਿਵੇਂ ਕੇ ਅਸੀਂ ਪਿਛਲੇ ਲੇਖ ਵਿੱਚ ਪੜ੍ਹ ਚੁਕੇ ਹਾਂ ਬਚਪਨ ਤੋਂ ਹੀ ਸਾਡੇ ਟੀਚਰਾਂ ਨੇਂ ਸਾਨੂੰ ਸੰਤਰੇ ਨੂੰ ਐਪਲ ਕਹਿਣਾਂ ਸਿਖਾਇਆ ਹੈ) ਹੁਣ ਭਰ ਜਵਾਨ ਹੋ ਗਿਆ, ਜਵਾਨੀਂ ਲਹਿਰਾਂ ਦੇਂਦੀ ਹੈ, ਭਲੇ ਬੁਰੇ ਦੀ ਕੋਈ ਸਮਝ ਨਹੀਂ, ਜੋਸ਼ ਵਿੱਚ ਆਪਣੇਂ ਆਪ ਨੂੰ ਹਾਥੀ ਸਮਝਦਾ ਹੈ, ਮਨ ਵਿੱਚ ਤਾਕਤ ਦਾ ਹੰਕਾਰ ਹੈ, ਮੈਂ ਹੀ ਮੈਂ, ਫੂੰ ਫੂੰ ਕਰਦਾ ਫਿਰਦਾ ਹੈ। ਬਚਪਨ ਤੋਂ ਅੱਜ ਤੱਕ ਜੈਸੀ ਸਿੱਖਿਆ ਮਿਲੀ। ਉਸ ਸਦਕਾ (ਜੈਸੀ ਸਾਡੇ ਵਿੱਚ ਜਾਗਰੂਕਤਾ ਆਈ, ਜਾਗਰੂਕਤਾ ਕੀ ਆਈ, ਹੰਕਾਰ ਅਇਆ, ਕੇ ਅਸੀਂ ਬਹੁਤ ਸਿਆਣੇਂ ਹੋ ਗਏ ਹਾਂ) ਆਪਣੇਂ ਭਲੇ ਜਾਂ ਬੁਰੇ ਨੂੰ ਪਹਿਚਾਨ ਨਹੀਂ ਸੱਕਦਾ, ਜਵਾਨੀਂ ਵਿੱਚ ਸੱਭ ਨਾਲ ਟੱਕਰਾਂ ਲੈਂਦਾ ਹੈ। ਜਦ ਆਪ ਬੁਢਾਪੇ ਦੀ ਦਹਿਲੀਜ਼ ਤੇ ਪੈਰ ਰੱਖਦਾ ਹੈ, ਤਾਂ ਇਹੀ ਐਪਲ ਵਾਲੀ ਮੱਤ ਆਪਣੀਂ ਨਵੀਂ ਪੀੜ੍ਹੀ ਨੂੰ ਦੇ ਜਾਂਦਾ ਹੈ। ਪ੍ਰਾਣੀ ਆਗੈ ਪੰਥੁ ਕਰਾਰਾ ਅਤੇ ਆਪ ਕਰਾਰੇ (ਜਮਾਂ ਦੇ ਪੰਥ) ਪੰਥੁ ਪੈ ਜਾਂਦਾ ਹੈ। ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ॥ ਜਾਲਮ ਜਮ ਸਿਰ ਤੇ ਆਣ ਖਲੋਤੇ ਹਨ, ਜਿੰਦਗੀ ਵਿੱਚ ਪੂਰੇ ਗੁਰੂ ਦੀ ਕਦੇ ਸੇਵਾ ਨਹੀਂ ਕੀਤੀ, ਤੈਨੂੰ ਜਮਾਂ ਤੋਂ ਕੌਣ ਬਚਾਵੇ। ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ॥ ਹੇ ਸਿਅਣੇਂ ਬੰਦੇ, ਗੁਰੂ ਤੈਨੂੰ ਸਵਾਲ ਪੁਛਦਾ ਹੈ, ਕਿ ਪਹਿਲੇ ਤਾਂ ਜਾਲਮ ਜਮਾਂ ਨੇਂ ਤੈਨੂੰ ਤਸੀਹੇ ਦਿੱਤੇ, ਅਤੇ ਬਾਦ ਵਿੱਚ ਜਦ ਲੇਖੇ ਵਾਸਤੇ ਤੈਨੂੰ ਧਰਮਰਾਜ ਨੇਂ ਪਕੜ ਲਿਆ, ਤਾਂ ਉਸ ਵੇਲੇ ਕੀ ਜਵਾਬ ਦੇਵੇਂ ਗਾ? । (ਇਹ ਬੇਨਤੀ ਜਾਂ ਸਵਾਲ ਵੀ ਉਹਨਾਂ ਜਾਗਰੂਕ ਲਿਖਾਰੀਆਂ ਵਾਸਤੇ ਹੈ, ਜਿਹੜੇ ਸ਼ੁਰੂ ਤੋਂ ਹੀ ਕਹਿੰਦੇ ਹਨ, ਕਿ ਜਮ ਤਾਂ ਹੁੰਦੇ ਹੀ ਨਹੀਂ)

ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ॥ ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ॥ ੭॥ (੭੫੭

ਅਸੀਂ ਇਹ ਭਲੇ ਜਾਂ ਬੁਰੇ ਦੇ ਚੱਕਰ ਵਿੱਚ ਕਿਉਂ ਪਏ ਹੋਇ ਹਾਂ, ਅਤੇ ਕਦ ਤੱਕ ਪਏ ਰਹਾਂ ਗੇ? । (ਦੁਹੁ ਦਾ ਅਰਥ ਹੈ, ਹਰੀ ਦੇ ਦੂਜੇ ਰੂਪ ਦੇ ਹਵਾਲੇ ਹੋਣਾਂ/ਰਹਿਣਾਂ)

ਅਸੀਂ ਇਸ ਚੱਕਰ ਵਿੱਚ ਉਦੋਂ ਤੱਕ ਪਏ ਰਹਾਂ ਗੇ, ਜਦ ਤੱਕ ਅਸੀਂ ਦੁਹੁ (ਦਵੈਤ, ਦੂਜੇ ਭਾਉ) (ਏਕੋ ਤੋਂ ਦੂਰ) (ਦੂਸਰੇ ਰਸਤੇ, ਉਲਟ ਮਾਰਗ) ਵਿੱਚ ਹਾਂ। ਜਿੰਨ੍ਹਾਂ ਨੇਂ ਏਕੋ (ਇਕ ਪ੍ਰਮਾਤਮਾਂ) ਨੂੰ ਬੁੱਝ ਲਿਆ, ਫਿਰ ਉਹ ਕਿਸੇ ਨੂੰ ਬੁਰਾ ਨਹੀਂ ਕਹਿ ਸਕਦੇ। ਅਗਰ ਸਾਡੇ ਮੂੰਹੋ ਕਿਸੇ ਬੁਰੇ ਤੋਂ ਬੁਰੇ (ਦੁਨੀਆਂ ਦੇ ਸੱਭ ਤੋਂ ਬੁਰੇ) ਮਨੁੱਖ ਦੀ ਇੱਕ ਰਤੀ ਭਰ ਵੀ ਬੁਰਾਈ ਨਿਕਲ ਜਾਂਦੀ ਹੈ, ਤਾਂ ਸਮਝ ਲਵੋ, ਅਸੀਂ ਦੁਹੁ ਵਿੱਚ ਹਾਂ।

(ਕਈ ਕਹਿਣ ਗੇ ਇਹ ਤਾਂ ਬਹੁਤ ਔਖਾ ਕੰਮ ਹੈ, ਤਾਂ ਉੱਤਰ ਹੈ, ਭਾਵੇਂ ਇਹ ਔਖਾ ਹੈ ਜਾਂ ਸੌਖਾ, ਜੇ ਹਰੀ ਨੂੰ ਮਿਲਣਾਂ ਹੈ ਤਾਂ, ਇਸ ਤੋਂ ਘੱਟ ਕੋਈ ਵੀ ਸ਼ਰਤ ਹਰੀ ਨੂੰ ਮਨਜੂਰ ਨਹੀਂ। ਵੀਰੋ ਇਹ ਕੋਈ ਵੀ ਔਖਾ ਕੰਮ ਨਹੀਂ ਹੈ, ਜਿਹੜੇ ਗੁਰਮੁਖ ਬਣ ਜਾਂਦੇ ਹਨ, ਜਾਂ ਜਿਨਾਂ ਨੂੰ ਗੁਰਬਾਣੀਂ ਦੇ ਸੱਚ ਦਾ ਪਤਾ ਲੱਗ ਜਾਂਦਾ ਹੈ, ਜਾਂ ਜਿਨ੍ਹਾਂ ਨੂੰ ਹਰੀ ਗੁਰਮੁਖ ਬਨਾ ਲੈਂਦਾ ਹੈ। ਤਾਂ ਇਹ ਗੁਣ ਤਾਂ ਸਹਿਜ ਸੁਭਾ ਹੀ, ਉਹਨਾਂ ਦੇ ਖੂਨ ਵਿੱਚ ਇਸ ਤਰਾਂ ਰਚ ਜਾਂਦਾ ਹੈ, ਜਿਸ ਤਰਾਂ ਇਸ ਵੇਲੇ ਸਾਡੇ ਖੂਨ ਵਿੱਚ ਨਿੰਦਾ, ਜਾਂ ਦੂਜਿਆਂ ਦੀ ਬੁਰਾਈ ਰਚੀ ਹੋਈ ਹੈ। ਫਿਰ ਲੱਖ ਵਾਰੀਂ ਚਾਹ ਕੇ ਵੀ, ਕਦੇ ਕਿਸੇ ਦੀ ਬੁਰਾਈ ਜਾਂ ਨਿੰਦਾ ਉਹਨਾਂ ਦੇ ਮੂਹੋਂ ਨਹੀਂ ਨਿਕਲ ਸੱਕਦੀ। ਗੁਰਬਾਣੀਂ ਨੂੰ ਕਿਤੇ ਭੋਰਾ ਮੰਨ ਕੇ ਤਾਂ ਵੇਖੋ।

ਭਲੇ ਅਤੇ ਬੁਰੇ ਦਾ ਤਾਂ ਕੋਈ ਚੱਕਰ ਹੀ ਨਹੀਂ ਹੈ। ਇਹ ਸਾਰਾ ਚੱਕਰ ਤਾਂ ਸਾਡੀ ਅਗਿਆਨਤਾ ਦਾ ਹੈ। ਆਪਣੀਂ ਅਗਿਆਨਤਾ ਕਾਰਨ ਹੀ ਅਸੀਂ ਇਸ ਹਨੇਰੇ ਨੂੰ ਢੋ ਰਹੇ ਹਾਂ, (ਜਿਵੇਂ ਕਿਸੇ ਸ਼ਹਿਰ ਦੇ ਮੂਰਖ ਲੋਕ, ਜਦ ਰਾਤ ਪੈ ਜਾਂਦੀ ਸੀ ਤਾਂ, ਛੱਜਾਂ ਨਾਲ ਸਾਰੀ ਰਾਤ ਸ਼ਹਿਰ ਵਿਚੋਂ ਹਨੇਰਾ ਬਾਹਰ ਕੱਢਦੇ ਰਹਿੰਦੇ ਸਨ) ਅਤੇ ਢੋਂਦੇ ਢੋਂਦੇ, ਅਖੀਰ ਮਰ ਖੱਪ ਜਾਂਦੇ ਹਾਂ। ਹਨੇਰਾ ਨਾਂ ਮਿਟਿਆ ਹੈ ਨਾਂ ਮਿਟਨਾਂ ਹੈ।

ਮਹਲਾ ੫॥ ਕਹਨ ਕਹਾਵਨ ਕਉ ਕਈ ਕੇਤੈ॥ ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ॥ ੧॥ ਰਹਾਉ॥ ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ॥ ੧॥ (੧੩੦੨)

ਕਹਿਣ ਕਹਾਉਣ ਵਾਲੇ ਕੇਤੇ ਹੀ ਹਨ, ਸੱਭ ਆਪਣੀਂ ਆਪਣੀਂ ਮੱਤ ਦੀ ਗੱਲ ਕਰਦੇ ਹਨ। ਪਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਦੱਸਦੇ ਹਨ, ਕਿ ਕੋਈ ਵਿਰਲਾ ਹੀ ਹਰੀ ਦਾ ਜਨ, ਹਰੀ ਦਾ ਸੇਵਕ ਹੋਵੇ ਗਾ, ਜੋ ਇਸ ਤੱਤ ਨੂੰ ਜਾਣਦਾ ਹੈ। ਦੁੱਖ ਅਤੇ ਸੁਖ ਨੂੰ ਭਾਣਾਂ ਮੰਨ ਕੇ (ਸਮਝ ਕੇ, ਭਾਣਾਂ ਬੁੱਝ ਕੇ) ਅਤੇ ਏਕੇ ਹੀ ਏਕੇ ਨੂੰ ਵੇਖਦਾ ਹੈ, ਉਸ ਨੂੰ ਸਿਰਫ ਇੱਕ ਹੀ ਨਜ਼ਰ ਆਉਂਦਾ ਹੈ। ਉਹ ਸੁਖੀ ਹੀ ਸੁਖੀ ਰਹਿੰਦਾ ਹੈ। (ਇਥੇ ਗੁਰੂ ਜੀ ਕਿਹੜੇ ਏਕੇ ਦੀ ਗੱਲ ਕਰ ਰਹੇ ਹਨ, ਇਸ ਨੂੰ ਵੀ ਕੋਈ ਨਹੀਂ ਜਾਣਦਾ, ਆਪਣੀਂ ਮੱਤ ਨਾਲ ਏਕੋ ਏਕੋ ਕਹਿਣ ਵਾਲੇ ਕੇਤੇ ਹੀ ਹਨ, ਪਰ ਤੱਤ ਕੋਈ ਨਹੀਂ ਜਾਣਦਾ, ਜਿਸ ਨੇਂ ਜਾਣ ਲਿਆ, ਉਹ ਤਾਂ ਸੁਖੀ ਹੈ) ਬੁਰਾ ਨਹੀ ਸਭੁ ਭਲਾ ਹੀ ਹੈ ਰੇ ਜਿਨ੍ਹਾਂ ਨੇਂ ਏਕੇ ਨੂੰ ਜਾਣ ਲਿਆ, ਉਸ ਦੇ ਵਾਸਤੇ ਤਾਂ ਸਾਰੇ ਹੀ ਭਲੇ ਹਨ, ਉਹਨਾਂ ਵਾਸਤੇ ਤਾਂ ਕੋਈ ਵੀ ਬੁਰਾ ਨਹੀਂ ਹੈ। ਐਸੇ ਗੁਰਮੁਖਾਂ ਦੀ ਫਿਰ ਜਿੱਤ ਹੀ ਜਿੱਤ ਹੈ, ਉਹ ਕਦੇ ਵੀ ਹਾਰਦੇ ਨਹੀਂ। (ਪਰ ਸਾਨੂੰ ਬੁਰੇ ਤੋਂ ਬਿਨਾਂ ਹੋਰ ਕੁੱਝ ਦਿਸਦਾ ਹੀ ਨਹੀਂ)

ਅਸੀਂ ਜਿਸ ਨੂੰ ਬੁਰਾ ਕਹਿੰਦੇ ਹਾਂ, ਕੀ ਉਹ ਸੱਚਮੁਚ ਹੀ ਬੁਰਾ ਹੈ! ! (ਜਾਂ ਸਾਡੇ ਤੋਂ ਵੀ ਬੁਰਾ ਹੈ) ਭਲਾ ਕੀ ਹੈ, ਅਤੇ ਬੁਰਾ ਕੀ ਹੈ, ਇਹ ਤਾਂ ਸਾਨੂੰ ਪਤਾ ਹੀ ਨਹੀਂ ਹੈ, ਭਲਾਈ ਨੂੰ ਅਸੀਂ ਬੁਰਾ ਸਮਝਦੇ ਹਾਂ, ਅਤੇ ਸੱਚ ਸਾਨੂੰ ਜ਼ਹਿਰ ਦੇ ਸਮਾਨ ਲੱਗਦਾ ਹੈ ਜੋ ਭਲਾਈ ਸੋ ਬੁਰਾ ਜਾਨੈ॥ ਸਾਚੁ ਕਹੈ ਸੋ ਬਿਖੈ ਸਮਾਨੈ॥

ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ॥ ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ॥ ੨॥ ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ॥ ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ॥ ੩॥ (੯੯੩)

ਕੋਈ ਕਿਸੇ ਨੂੰ ਬੁਰਾ ਕਹਿੰਦਾ ਹੈ, ਕੋਈ ਭਲਾ ਕਹਿੰਦਾ ਹੈ। ਇਹ ਸੱਭ ਅਸੀਂ ਇੱਕ ਦੂਜੇ ਕੋਲੋਂ ਸਿੱਖਿਆ ਹੈ। (ਅਤੇ ਇਸ ਨੂੰ ਅਸੀਂ ਗੁਰਮਤਿ ਕਹਿੰਦੇ ਹਾਂ) ਪਰ ਇਹ ਮੱਤ ਸਾਨੂੰ ਗੁਰੂ ਨੇਂ ਨਹੀਂ ਸਿਖਾਈ ਹੈ। ਜੋ ਗੁਰੂ ਨੇਂ ਸਿਖਾਇਆ ਹੋਵੇ, ਉਸ ਨੂੰ ਗੁਰਮਤਿ ਕਹਿੰਦੇ ਹਨ। ਅਸੀਂ ਇੱਕ ਦੂਜੇ ਕੋਲੋਂ ਸੁਣੇਂ ਸੁਣਾਏ ਨੂੰ ਗੁਰਮਤਿ ਕਹਿ ਕੇ, ਅਤੇ ਇਸ ਗੁਰਮਤਿ ਦੇ ਬਹਾਨੇਂ, ਦੂਜਿਆਂ ਦੀ ਨਿੰਦਾ ਅਤੇ ਬੁਰਾਈਆਂ ਤੇ ਜੋਰ ਦਿੱਤਾ ਹੋਇਆ ਹੈ। (ਗੁਰਬਾਣੀਂ) ਗੁਰੂ ਤਾਂ ਸਾਨੂੰ ਆਹ ਐਸੀਆਂ ਗੱਲਾਂ ਸਮਝਾ ਰਿਹਾ ਹੈ, ਪਰ ਕੌਣ ਮੰਨਦਾ ਹੈ ਗੁਰੂ ਨੂੰ! ਜਿੰਨਾਂ ਹੀ ਅਸੀਂ ਜਿਆਦਾ ਗੁਰਮਤਿ ਤੇ ਚੱਲਦੇ ਹਾਂ, ਜਾਂ ਦੂਜਿਆਂ ਨੂੰ ਗੁਰਮਤਿ ਤੇ ਚਲਾਉਣਾਂ ਚਾਹੁੰਦੇ ਹਾਂ, ਤਾਂ ਉਨੇਂ ਹੀ ਵੱਧ ਝਗੜੇ ਸਾਡੇ ਗਲ ਪੈ ਰਹੇ ਹਨ। ਕੀ ਇਹ ਨਿਸ਼ਾਨੀਂ, ਜਾਂ ਇਹ ਫਾਇਦਾ ਹੈ ਗੁਰਮਤਿ ਦਾ। ਆਪਣੇਂ ਹੱਥ ਵਿੱਚ ਫੜੀ ਡਾਂਗ ਨੂੰ ਅਸੀਂ ਗੁਰਮਤਿ ਕਹਿੰਦੇ ਹਾਂ। ਅਸਲੀ ਗੁਰਮਤਿ ਗੁਰਬਾਣੀਂ ਹੈ, ਪਰ ਨਾਂ ਤਾਂ ਗੁਰਬਾਣੀਂ ਨੂੰ ਕੋਈ ਮੰਨਦਾ ਹੈ, ਅਤੇ ਨਾਂ ਹੀ ਗੁਰਬਾਣੀਂ ਦੀ ਕਿਸੇ ਨੂੰ ਸਮਝ ਹੈ।

ਇਹ ਜੋ ਅਸੀਂ ਇੱਕ ਦੂਜੇ ਕੋਲੋਂ ਸਿਖਿਆ ਹੈ, ਇਹੀ ਵਿਕਾਰ ਹਨ, ਬੁਰਾ ਭਲਾ ਕਿਛੁ ਆਪਸ ਤੇ ਜਾਨਿਆ ਏਈ ਸਗਲ ਵਿਕਾਰਾ॥ ਅੱਗੇ ਗੁਰੂ ਜੀ ਕਹਿੰਦੇ ਹਨ, ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ ਇਹ ਹਰੀ ਦਾ ਹੁਕਮ ਹੈ, ਹਰੀ (ਖਸਮ) ਦਾ ਹੁਕਮ ਹੀ ਐਸਾ ਹੈ, ਕਿ ਇਹ ਵਿਕਾਰ ਕਰੀ ਜਾਉ, ਕਰੀ ਜਾਉ ਕਰੀ ਜਾਉ…. । ਬੰਦਾ ਕੋਈ ਵੀ ਬੁਰਾ ਨਹੀਂ ਹੁੰਦਾ, ਸਿਰਫ ਗੁਣ ਬੁਰੇ ਜਾਂ ਭਲੇ ਹੁੰਦੇ ਹਨ। ਅਤੇ ਇਹ ਗੁਣ ਪ੍ਰਮਾਤਮਾਂ ਨੇਂ ਸਾਡੇ ਮੱਥੇ ਵਿੱਚ ਲਿਖੇ ਹਨ। ਅੱਗੇ ਗੁਰੂ ਜੀ ਕਹਿੰਦੇ ਹਨ, ਕਿ ਜੇ ਸਾਡੀ ਗੱਲ ਤੇ ਯਕੀਨ ਨਹੀਂ, ਕਿ ਹਰੀ ਐਸਾ ਨਹੀਂ ਹੋ ਸੱਕਦਾ, ਅਤੇ ਪ੍ਰਮਾਤਮਾਂ ਸਾਨੂੰ ਵਿਕਾਰਾਂ ਵਿੱਚ ਨਹੀਂ ਧੱਕ ਸੱਕਦਾ, ਤਾਂ ਦੱਸੋ! ਵਿਕਾਰਾਂ ਦੀ ਮੂਲ, ਇੰਦਰੀ ਕਿਸ ਨੇਂ ਬਨਾਈ ਹੈ? ? ? ? ? । ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ॥ ਇੰਦਰੀ ਦਾ ਅਸਲਾ (ਧਾਤੁ) ਬੜਾ ਜਬਰ (ਸਬਲ) ਤਾਕਤਵਰ ਹੈ ਪ੍ਰਬਲ ਹੈ, ਇਸ ਨੂੰ ਕੋਈ ਨਹੀਂ ਜਿੱਤ ਸਕਦਾ। ਹੇ ਭਾਈ ਇਹ ਵੀ ਹਰੀ ਨੇਂ ਹੀ ਬਨਾਈ ਹੈ। ਹੇ ਭਾਈ ਇਹ ਸੱਭ ਕਰਤੇ ਦਾ ਖੇਲ ਹੈ, ਕਰਤੇ ਦਾ ਤਮਾਸ਼ਾ ਹੈ (ਅਤੇ ਸਾਡਾ ਨਉਂਣ ਹੋ ਰਿਹਾ ਹੈ)। ਸਾਈਂ ਬੁੱਲ੍ਹੇ ਸ਼ਾਹ ਲਿਖਦੇ ਹਨ, “ਚਿੜੀਆਂ ਮੌਤ ਗਵਾਰਾਂ ਹਾਸਾ, ਤੇ ਪਿਛੋਂ ਹਸ ਹਸ ਤਾੜੀ ਮਾਰੀ, ਕੀ ਬੇਦਰਦਾਂ ਸੰਗ ਯਾਰੀ, ਕੀ ਬੇਦਰਦਾਂ ਸੰਗ ਯਾਰੀ” ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ॥ ੩॥ ਕੋਈ ਵਿਰਲਾ ਹੀ ਕਰਤੇ ਦੇ ਇਸ ਖੇਲ ਨੂੰ ਬੁੱਝੇ ਗਾ।

ਇਹੋ ਜਿਹੇ ਪ੍ਰਮਾਤਮਾਂ ਤੋਂ ਸਾਨੂੰ ਕੌਣ ਬਚਾਵੇ? । ਸਿੱਖ ਪੰਥ ਵਿੱਚ ਇੱਕ ਤੋਂ ਇੱਕ ਵੱਧ ਕੇ ਮਹਾਨ ਤੋਂ ਮਹਾਨ ਪ੍ਰਚਾਰਕ ਤੇ ਆਗੂ ਪਏ ਹਨ। ਜਿੰਨ੍ਹਾਂ ਦੇ ਮੁੱਖੋਂ ਨਿਕਲਿਆ ਇੱਕ ਇੱਕ ਲਫਜ਼ ਸਾਰੀ ਕੌਮ ਨੂੰ ਪ੍ਰਭਾਵਤ ਕਰਦਾ ਹੈ। (ਮੇਰੇ ਵਰਗਾ ਤਾਂ ਉਹਨਾਂ ਦੇ ਸਾਹਮਣੇਂ ਜਾਣ ਤੋਂ ਵੀ ਝਿਜਕਦਾ ਹੈ) ਉਹਨਾਂ ਪ੍ਰਚਾਰਕਾਂ ਜਾਂ ਆਗੁਆਂ ਵਿਚੋਂ, ਕੀ ਕੋਈਂ ਸਾਨੂੰ ਸਾਡੇ ਬਚਾਉ ਦਾ ਮਾਰਗ ਦੱਸ ਸੱਕਦਾ ਹੈ? ।

ਸਿਰਫ ਗੁਰਮੁਖ ਹੀ ਇਸ ਸਾਰੇ ਭੇਦ ਨੂੰ ਜਾਣਦੇ ਹਨ, ਕਿ ਕਿਸੇ ਵੀ ਬੰਦੇ ਦਾ ਕੋਈ ਦੋਸ਼ ਨਹੀਂ ਹੈ, ਇਸ ਵਾਸਤੇ ਹੀ ਉਹਨਾਂ ਨੂੰ ਕੋਈ ਵੀ ਬੁਰਾ ਨਹੀਂ ਦਿੱਸਦਾ। ਜੇ ਸਾਨੂੰ ਕੋਈ ਬੁਰਾ ਦਿੱਸੇ ਗਾ ਹੀ ਨਹੀਂ, ਤਾਂ ਫਿਰ ਅਸੀਂ ਝਗੜਾ ਕਿਸ ਨਾਲ ਕਰਾਂ ਗੇ? । ਐਸਾ ਤਾਂ ਤਦ ਹੀ ਹੋਏ ਗਾ, ਜੇ ਅਸੀਂ ਆਪਣੀਂ ਗੁਰਮਤਿ ਛੱਡ ਕੇ ਬਾਣੀਂ ਨੂੰ ਗੁਰਮਤਿ ਮੰਨਾਂ ਗੇ।

ਬਾਕੀ ਸੱਭ ਐਵੇਂ ਕਹਿਣ ਕਹਾਉਣ ਵਾਲੇ ਹੀ ਹਨ। ਅਤੇ ਆਪਣੀਂ ਗੁਰਮਤਿ ਦੀ ਡਾਂਗ ਦੂਜਿਆ ਦੇ ਸਿਰ ਵਿੱਚ ਮਾਰਨ ਵਾਲੇ ਹੀ ਹਨ। ਇਸੇ ਵਾਸਤੇ ਹੀ ਐਸੇ ਆਗੂਆਂ ਨੂੰ ਅਗੋਂ ਵੀ ਡਾਗਾਂ (ਧਮਕੀਆਂ) ਹੀ ਪੈਂਦੀਆਂ ਹਨ। ਡਾਂਗਾਂ ਦੇ ਭੇੜ ਨੂੰ ਅਸੀਂ ਗੁਰਮਤਿ ਕਹਿੰਦੇ ਹਾਂ। ਗੁਰਮਤਿ ਦੀ ਖਾਤਰ (ਗੁਰਮਤਿ ਨੂੰ ਬਚਾਉਣ ਵਾਸਤੇ) ਅਸੀਂ ਡਾਗਾਂ ਚੁਕੀਆਂ ਹੋਈਆਂ ਹਨ। ਹਰ ਬੰਦਾ ਆਗੂ ਬਣਨਾਂ ਚਾਹੁੰਦਾ ਹੈ।

ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ॥ ੭੬੭

ਮਃ ੧॥ ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ॥ ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ॥ ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ॥ ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ॥ ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ॥ ੨॥ (੧੪੦)

ਅਗੇ ਸ੍ਰੀ ਗੁਰੂ ਅਰਜਨ ਅਰਜਨ ਦੇਵ ਜੀ ਬੜੇ ਪਿਆਰ ਨਾਲ ਬੀਰਾ ਕਹਿ ਕੇ ਸਾਨੂੰ ਸਮਝਾਉਂਦੇ ਹਨ। ਬੀਰਾ ਆਪਨ ਬੁਰਾ ਮਿਟਾਵੈ॥ ਤਾਹੂ ਬੁਰਾ ਨਿਕਟਿ ਨਹੀ ਆਵੈ

ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ॥ ਬੈਸਨੋ ਤੇ ਗੁਰਮੁਖਿ ਸੁਚ ਧਰਮਾ॥ ਬੀਰਾ ਆਪਨ ਬੁਰਾ ਮਿਟਾਵੈ॥ ਤਾਹੂ ਬੁਰਾ ਨਿਕਟਿ ਨਹੀ ਆਵੈ॥ ਬਾਧਿਓ ਆਪਨ ਹਉ ਹਉ ਬੰਧਾ॥ ਦੋਸੁ ਦੇਤ ਆਗਹ ਕਉ ਅੰਧਾ॥ ਬਾਤ ਚੀਤ ਸਭ ਰਹੀ ਸਿਆਨਪ॥ ਜਿਸਹਿ ਜਨਾਵਹੁ ਸੋ ਜਾਨੈ ਨਾਨਕ॥

ਬ੍ਰਹਮ ਗਿਆਨੀਂ ਉਹ ਹੈ ਜਿਸ ਨੇਂ ਬ੍ਰਹਮ ਨੂੰ ਜਾਣ ਲਿਆ। ਉਹ ਵੈਸਨੋ ਸੁੱਚਾ ਹੈ, ਜਿਸਨੇਂ ਗੁਰੂ ਦੀ ਮੱਤ ਲਈ, ਖਾਲੀ ਵੈਸਨੋ ਹੋਣ ਦਾ ਵੀ ਕੋਈ ਫਾਇਦਾ ਨਹੀਂ ਹੈ। ਸੁਣ ਵੀਰਾ ਬੁਰਾਈ ਤਾਂ ਤੇਰੇ ਆਪਣੇਂ ਅੰਦਰ ਹੈ, ਤਾਹੀਂ ਤੈਨੂੰ ਸਾਰੇ ਬੁਰੇ ਦਿੱਸਦੇ ਹਨ। ਤੂੰ ਆਪਣੇਂ ਅੰਦਰੋਂ ਬੁਰਾਈ (ਦੇ ਸ਼ੀਸ਼ੇ ਨੂੰ) ਨੂੰ ਬਾਹਰ ਕੱਢ ਦੇ, ਫਿਰ ਤੈਨੂੰ ਕੋਈ ਵੀ ਬੁਰਾ ਨਹੀਂ ਦਿੱਸੇ ਗਾ। ਜੋ ਬੁਰਾਈ ਤੂੰ ਦੂਸਰਿਆਂ ਵਿੱਚ ਵੇਖਦਾ ਹੈ, ਅਸਲ ਵਿੱਚ ਸੀਸੇ ਵਿੱਚ ਆਪਣਾਂ ਹੀ ਮੂੰਹ ਵੇਖਣ ਵਾਂਗ, ਸਾਨੂੰ ਇਹ ਆਪਣੀਂ ਹੀ ਬੁਰਾਈ, ਦੂਸਰਿਆਂ ਵਿੱਚ ਨਜਰ ਆਉਂਦੀ ਹੈ। ਤੂੰ ਤਾਂ ਆਪਣੇਂ ਹੀ ਹੰਕਾਰ ਵਿੱਚ ਬੱਝਾ ਹੋਇਆ ਹੈਂ। ਅਤੇ ਦੋਸ਼ ਸਾਰਾ ਤੂੰ ਦੂਜਿਆਂ ਨੂੰ ਦੇਂਦਾ ਹੈਂ। ਤੂੰ ਕੀ ਮੁੰਹ ਐਹ ਨਾਲ ਗੱਲਾਂ ਕਰਦਾ ਹੈ, ਤੇਰੀ ਇੱਕ ਵੀ ਸਿਆਣਪ ਕੰਮ ਨਹੀਂ ਆਉਣੀਂ। ਤੂੰ ਆਪਣੀਆਂ ਅਕਲਾਂ ਦੇ ਲੱਖ ਘੋੜੇ ਭਜਾ ਲੈ, ਤੂੰ ਅਕਾਲ ਪੁਰਖ ਦਾ ਭੇਦ ਨਹੀਂ ਜਾਣ ਸੱਕਦਾ, ਉਸ ਦੇ ਭੇਦ ਨੂੰ ਸਿਰਫ ਉਹ ਹੀ ਜਾਣੇਂ ਗਾ, ਜਿਸ ਨੂੰ ਉਹ ਆਪ ਜਣਾਇ ਗਾ।

ਮਃ ੪॥ ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ॥ ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ॥ ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ॥

ਗੁਰਮੁਖ ਬਣ, ਆਪਣੀਂ ਪਹਿਚਾਣ ਕਰ, ਆਪਣੇਂ ਅੰਦਰ ਦੇ ਸ਼ੀਸ਼ੇ ਵਿਚ, ਆਪਣੇਂ ਆਪ ਨੂੰ ਵੇਖ, ਫਿਰ ਤੈਨੂੰ ਕੋਈ ਵੀ ਆਪਣੇਂ ਤੋਂ ਬੁਰਾ ਨਹੀਂ ਦਿੱਸੇ ਗਾ। ਆਪਣੀ, ਪਹਿਚਾਨ ਕਰ, ਫਿਰ ਤੂੰ ਵੇਖੈ ਗਾ ਕੇ ਤੇਰੇ ਤੋਂ ਬੁਰਾ ਹੋਰ ਕੋਈ ਵੀ ਨਹੀਂ ਹੈ। ਜੇ ਇਸ ਸੱਚ ਨੂੰ ਜਾਨਣਾਂ ਚਾਹੁੰਦਾ ਹੈਂ, ਤਾਂ ਖਸਮ ਦਾ ਹੁਕਮ ਪਛਾਨਣਾਂ ਪਵੇ ਗਾ, ਮੰਨਣਾਂ ਪਵੇ ਗਾ। ਅਤੇ ਇਹ ਮੰਨਣਾਂ ਪਵੇ ਗਾ, ਕਿ ਬੁਰੇ ਭਲੇ ਸਾਰੇ ਹੀ ਖਸਮ ਦੇ ਹਨ, ਸਾਰਿਆਂ ਨੂੰ ਹੀ ਇਕੋ ਹੀ ਖਸਮ ਨੇਂ ਬਨਾਇਆ ਹੈ। ਹੇ ਮੇਰੇ ਭਰਾ, ਹੇ ਮੇਰੇ ਮਿੱਤਰ, ਫਿਰ ਤੇਰੇ ਸਾਰੇ ਦੁਖ ਝਗੜੇ ਆਪੇ ਹੀ ਖਤਮ ਹੋ ਜਾਣ ਗੇ।

ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ ੩॥ (੩੮੬

ਅਸੀਂ ਦੁਖੀ ਤਾਂ ਹੀ ਹੁੰਦੇ ਹਾਂ, ਜਦ ਅਸੀਂ ਕਿਸੇ ਦਾ ਬੁਰਾ ਚਿਤਵਦੇ ਹਾਂ। ਸੋ ਵੀਰੋ ਗੁਰੂ ਦੀ ਬੇਨਤੀ ਮੰਨੋਂ, ਜੇ ਸੁਖੀ ਹੋਣਾਂ ਚਾਹੁੰਦੇ ਹੋ, ਤਾਂ ਕਿਸੇ ਦਾ ਵੀ ਬੁਰਾ ਚਿਤਵਨਾਂ ਅਤੇ ਨਿੰਦਾ ਕਰਨੀਂ ਛੱਡ ਦੇਵੋ।

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾੑ ਨ ਮਾਰੇ ਘੁੰਮਿ॥ ਆਪਨੜੈ ਘਰਿ ਜਾਈਐ ਪੈਰ ਤਿਨਾੑ ਦੇ ਚੁੰਮਿ॥ ੭॥

ਬਲਦੇਵ ਸਿੰਘ “ਚਾਕਰ”
.