.

ਗੁਰਬਾਣੀ ਇੱਕ ਪੱਖੀ ਨਹੀਂ, ਸਰਬ ਪੱਖੀ ਹੈ

ਸਿੱਖ ਧਰਮ ਬਨਾਮ

ਕਮਿਉਨਿਜ਼ਮ ਅਥਵਾ ਸਾਮਵਾਦ (ਭਾਗ-੩)

‘ਸਿੱਖ ਧਰਮ’ ਤੇ ‘ਗੁਰੂ ਗ੍ਰੰਥ ਸਾਹਿਬ ਜੀ’ ਸਬੰਧੀ ਸ੍ਰੀ ਬਰਟਰਡ ਰਸਲ ਦੇ ਵਿਚਾਰਾਂ ਸਹਿਤ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਇਸ ਗੁਰਮੱਤ ਪਾਠ ਦੇ ਇਸ ਤੋਂ ਪਹਿਲੇ ਦੋ ਭਾਗ ਜ਼ਰੂਰ ਪੜੋ ਜੀ).

ਸੋ ਪ੍ਰਤੀਸ਼ਤ ਵਿਰੋਧੀ ਵਿਚਾਰਧਾਰਾ ਤੇ ਫ਼ਿਰ ਵੀ- ਮਨੁੱਖੀ ਸਮਾਨਤਾ ਦੇ ਵਿਸ਼ੇ ਨੂੰ ਛੱਡ ਕੇ ੧੦੦% ਵਿਰੋਧੀ ਵਿਚਾਰਧਾਰਾ ਦੇ ਲੋਕ ਭਾਵ ਅਜੋਕੇ ਕਮਿਉਨਿਸਟ ਵੀ ਜੇਕਰ ਉਸੇ ਪਲੇਟਫ਼ਾਰਮ `ਤੇ ਬੈਠ ਕੇ ਗੁਰਬਾਣੀ ਪ੍ਰਚਾਰ ਕਰ ਰਹੇ ਹੋਣ, ਜਿਸ ਤਰ੍ਹਾਂ ਗੁਰੂ ਕੇ ਸਿੱਖ ਗੁਰਬਾਣੀ ਦਾ ਪ੍ਰਚਾਰ ਕਰਦੇ ਹਨ ਤਾਂ ਵਿਸ਼ਾ ਮੂਲੋਂ ਹੀ ਬੇਜੋੜ ਜਿਹਾ ਨਜ਼ਰ ਆਉਂਦਾ ਹੈ। ਜਦਕਿ ਅਕੱਟ ਸਚਾਈ ਇਹੀ ਹੈ ਕਿ ਅੱਜ ਅਜਿਹਾ ਦਿਨ ਦੀਵੀਂ ਹੋ ਰਿਹਾ ਹੈ। ਸਿੱਖ ਵਿਰੋਧੀ ਅਥਵਾ ਅਕਾਲਪੁਰਖ ਦੀ ਹੋਂਦ ਤੋਂ ਮਨੁਕਰ ਭਾਵ ਕਮਿਉਨਿਸਟ ਤੇ ਅਜੋਕੀ ਸਾਮਵਾਦੀ ਲਾਬੀ ਵੀ ਅੱਜ ਧੜੱਲੇ ਨਾਲ ਗੁਰਬਾਣੀ ਦਾ ਪ੍ਰਚਾਰ ਕਰ ਰਹੀ ਹੇ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਰਾਹੀਂ ਕੀਤਾ ਜਾ ਰਿਹਾ ਗੁਰਬਾਣੀ ਦਾ ਪ੍ਰਚਾਰ ਗੁਰਬਾਣੀ ਦੇ ਮੂਲ ਅਰਥਾਂ ਤੋਂ ਦੁਰੇਡੇ ਜਾ ਕੇ ਅਤੇ ਇਸਦੇ ਨਾਲ ਗੁਰਬਾਣੀ ਦੇ ਨਿਰੋਲ ਆਪਣੇ ਕਿਸਮ ਦੇ ਕੀਤੇ ਜਾ ਰਹੇ ਅਰਥ ਘੜ ਕੇ ਹੀ ਹੋ ਰਿਹਾ ਹੈ। ਫ਼ਿਰ ਵੀ ਉਨ੍ਹਾਂ ਰਾਹੀਂ ਛੱਪ ਰਹੀਆਂ ਗੁਰਬਾਣੀ ਦੀਆਂ ਸਟੀਕਾਂ ਤੇ ਉਹ ਵੀ ਖਾਸਕਰ ਪੰਜਾਬ `ਚ ਇਸ ਪਾਸੇ ਗੁਰੂ ਕੇ ਸਿੱਖਾਂ ਤੋਂ ਸੁਚੇਤਤਾ ਦੀ ਮੰਗ ਕਰਦੀਆਂ ਹਨ।

ਇਹ ਤਾਂ ਅਕਾਲਪੁਰਖ ਹੀ ਜਾਣਦਾ ਹੈ ਕਿ ਉਹ ਲੋਕ ਅਜਿਹਾ ਗੁਰਬਾਣੀ ਵਿਚਲੇ ਇਲਾਹੀ ਸਾਮਵਾਦ ਤੋਂ ਪ੍ਰਭਾਵਤ ਹੋ ਕੇ ਮਿਸਟਰ ਬਰਲਡ ਰਸਲ ਦੀਆਂ ਲੀਹਾਂ `ਤੇ ਗੁਰਬਾਣੀ ਦੇ ਸਤਿਕਾਰ `ਚ ਅਜਿਹਾ ਕਰ ਰਹੇ ਹਨ ਜਾਂ ਗੁਰਬਾਣੀ ਗਿਆਨ ਤੇ ਗੁਰਬਾਣੀ ਜੀਵਨ ਤੋਂ ਦੁਰੇਡੇ ਜਾ ਚੁੱਕੀਆਂ ਸਿੱਖ ਸੰਗਤਾਂ ਨੂੰ, ਗੁਰਬਾਣੀ ਦੀ ਚਾਸ਼ਨੀ ਚੜ੍ਹਾ ਕੇ, ਆਪਣੀ ਬੁੱਕਲ `ਚ ਲੈਣ ਲਈ ਅਜਿਹਾ ਕਰ ਰਹੇ ਹਨ? ਉਪ੍ਰੰਤ ਉਨ੍ਹਾਂ ਰਾਹੀਂ ਕੀਤੇ ਜਾ ਰਹੇ ਗੁਰਬਾਣੀ ਪ੍ਰਚਾਰ ਵਾਲੇ ਢੰਗ ਤੋਂ, ਸਿੱਖ ਧਰਮ ਦੇ ਜਿਸ ਪੱਖ ਦੀ ਵੱਧ ਚੜ੍ਹ ਕੇ ਅੱਜ ਅਵਹੇਲਣਾ ਹੋ ਰਹੀ ਹੈ ਉਹ ਹੈ ਸਿੱਖ ਧਰਮ ਵਿਚਲਾ ਜਨਮ-ਮਰਣ ਤੇ ਜੂਨੀਆਂ ਵਾਲਾ ਵਿਸ਼ਾ। ਕਿਉਂਕਿ ਇਹੀ ਮੂਲ ਵਿਸ਼ਾ ਹੈ ਜਿਥੋਂ ਮਨੁੱਖਾ ਜਨਮ ਬਾਰੇ ਇਨਸਾਨੀ ਸੋਚ ਦੋ ਵਿਰੋਧੀ ਪਾਸਿਆਂ ਵੱਲ ਫੈਲ ਸਕਦੀ ਹੈ ਤੇ ਫੈਲ ਵੀ ਰਹੀ ਹੈ।

ਇੱਕ ਪਾਸੇ “ਪ੍ਰਾਣੀ, ਤੂੰ ਆਇਆ ਲਾਹਾ ਲੈਣਿ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ” (ਪੰ: ੪੩) ਗੁਰਬਾਣੀ ਅਨੁਸਾਰ ਮਨੁੱਖ ਇਥੇ ਜੀਵਨ ਰੂਪੀ ਰਾਤ ਕਟੱਣ ਲਈ ਹੀ ਆਉਂਦਾ ਹੈ ਤੇ ਇਸ ਦੀ ਮੰਜ਼ਿਲ, ਮਨੁੱਖਾ ਜਨਮ ਮਿਲਣ ਤੋਂ ਬਾਅਦ ਪ੍ਰਭੂ `ਚ ਅਭੇਦ ਹੋਣਾ ਤੇ ਜਨਮ ਮਰਣ ਦੇ ਗੇੜ ਚੋਂ ਨਿਕਲਨਾ ਹੈ। ਗੁਰਬਾਣੀ `ਚ ਮਨੁੱਖ ਦੇ ਜੀਵਨ ਨੂੰ ਜੀਵ ਇਸਤ੍ਰੀ ਰੂਪੀ ਬੱਚੀ ਦਾ ਪੇਕਾ ਘਰ ਵੀ ਕਿਹਾ ਹੈ, ਜਿੱਥੇ ਇਸਨੇ ਸਦਾ ਲਈ ਨਹੀਂ ਰਹਿਣਾ। ਇਸ ਦੇ ਜੀਵਨ ਦੀ ਸਫ਼ਲਤਾ ਤੇ ਮਕਸਦ, ਇਸ ਦਾ ਸਦੀਵ ਕਾਲ ਲਈ ਆਪਣੇ ਸਹੁਰੇ ਘਰ ਜਾਣਾ ਭਾਵ ਪ੍ਰਭੂ ਮਿਲਾਪ ਹੀ ਹੈ ਜਿਵੇਂ “ਪੇਈਅੜੈ ਸਹੁ ਸੇਵਿ ਤੂੰ, ਸਾਹੁਰੜੈ ਸੁਖਿ ਵਸੁ॥ ਗੁਰ ਮਿਲਿ ਚਜੁ ਅਚਾਰੁ ਸਿਖੁ, ਤੁਧੁ ਕਦੇ ਨ ਲਗੈ ਦੁਖੁ॥ ੩ ॥ ਸਭਨਾ ਸਾਹੁਰੈ, ਵੰਞਣਾ ਸਭਿ ਮੁਕਲਾਵਣਹਾਰ॥ ਨਾਨਕ ਧੰਨੁ ਸੋਹਾਗਣੀ, ਜਿਨ ਸਹ ਨਾਲਿ ਪਿਆਰੁ” (ਪੰ: ੫੦) ਅਥਵਾ ਮਨੁਖਾ ਜਨਮ ਦਾ ਮਕਸਦ “ਆਗੈ ਗਇਆ, ਨ ਬਾਜੀ ਹਾਰੀ” (ਪੰ: ੪੭੬) ਵਾਲੇ ਜੀਵਨ ਦੀ ਅਵਸਥਾ ਨੂੰ ਪ੍ਰਾਪਤ ਕਰਣਾ ਅਤੇ ਇਸ ਵਰਗੀਆਂ ਗੁਰਬਾਣੀ `ਚ ਇਸ ਮਨੁੱਖਾ ਜਨਮ ਲਈ ਅਨੇਕਾਂ ਚੇਤਾਵਣੀਆਂ ਹਨ। ਜਦਕਿ ਦੂਜੇ ਪਾਸੇ, ਅਜੋਕੇ ਕਮਿਉਨਿਜ਼ਮ ਅਥਵਾ ਸਾਮਵਾਦ ਅਨੁਸਾਰ ਇਸ ਮਨੁੱਖਾ ਜਨਮ ਦਾ ਅੱਗਾ-ਪਿਛਾ ਹੈ ਹੀ ਨਹੀਂ, ਬੱਸ ਇਹ ਸਰੀਰ ਹੀ ਸਭਕੁਝ ਹੈ; ਸੰਸਾਰ `ਚ ਆਏ ਤੇ ਮਰ ਗਏ ਜਾਂ ਚਲੇ ਗਏ ਤੇ ਇਸ ਤੋਂ ਵਧ ਕੁੱਝ ਨਹੀਂ।

ਗੁਰਬਾਣੀ ਸੰਬੰਧੀ ਸਾਮਵਾਦੀ ਲਿਟ੍ਰੇਚਰ? - ਗੁਰਬਾਣੀ ਜਿਸ ਦੇ ਕਿ ਮੁੱਖ ਪੱਖ ਹੀ ਇਹ ਹਨ ਕਿ (੧) ਪ੍ਰਭੂ ਆਪਣੀ ਰਚਨਾ, ਦੇ ਜ਼ਰੇ ਜ਼ਰੇ ਅਤੇ ਹਰੇਕ ਜੀਵ `ਚ ਅੰਸ਼ ਰੂਪ ਹੋ ਕੇ ਵੱਸ ਰਿਹਾ ਤੇ ਵਿਆਪਕ ਹੈ। (੨) ਮਨੁੱਖਾ ਜਨਮ ਸਮੇਂ ਜੀਉਂਦੇ ਜੀਅ ਪ੍ਰਭੂ ਦੇ ਦਰਸ਼ਨਾ ਲਈ ਚਾਹ ਤੇ ਬੇਹਬਲਤਾ। (੩) ਪ੍ਰਭੂ ਦੀ ਸਿਫ਼ਤ ਸਲਾਹ (ਨਾਮ) ਰਾਹੀਂ, ਇਸ ਜੀਵਨ ਨੂੰ ਉਚੇਰਾ ਤੇ ਗੁਣਵਾਣ ਬਨਾਉਣਾ। (੪) ਅਕਾਲਪੁਰਖ ਦੀ ਬਖ਼ਸ਼ਿਸ਼, ਕ੍ਰਿਪਾਲਤਾ ਤੇ ਉਸ ਦੀ ਨਦਰਿ ਕਰਮ ਨੂੰ ਹਾਸਿਲ ਕਰਣ ਲਈ ਉਸਦੇ ਚਰਨਾਂ `ਚ ਅਰਦਾਸਾਂ ਤੇ ਜੋਦੜੀਆਂ। (੫) ਅਜਿਹੀ ਸੋਚਣੀ ਕਿ ਪ੍ਰਭੂ ਦੀ ਬਖ਼ਸ਼ਿਸ਼ ਬਿਨਾ ਮਨੁੱਖਾ ਜਨਮ ਦੀ ਸੰਭਾਲ ਹੀ ਸੰਭਵ ਨਹੀਂ (੬) ਅਜਿਹੀ ਸੂਝ ਹੋਣੀ ਕਿ ਕਰਣ ਕਰਾਵਣ ਅਤੇ ਸਭਕੁਝ ਪ੍ਰਭੂ ਆਪ ਹੀ ਆਪ ਹੈ ਤੇ ਉਸ ਤੋਂ ਬਿਨਾ ਮਨੁੱਖ ਆਪਣੇ ਆਪ `ਚ ਕੁੱਝ ਵੀ ਨਹੀਂ। (੭) ਇਹ ਸੰਪੂਰਣ ਰਚਨਾ ਹੀ ਪ੍ਰਭੂ ਦੀ ਖੇਡ ਮਾਤ੍ਰ ਹੈ ਆਦਿ ਅਜਿਹੇ ਅਨੇਕਾਂ ਤੇ ਅਨੰਤ ਵਿਸ਼ੇ ਜੋ ਗੁਰਬਾਣੀ ਸਿਖਿਆ ਤੋਂ ਪ੍ਰਗਟ ਹੁੰਦੇ ਹਨ ਤੇ ਗੁਰਬਾਣੀ ਸੋਝੀ ਬਿਨਾ ਸਮਝ `ਚ ਵੀ ਨਹੀਂ ਆ ਸਕਦੇ।

ਦੂਜੇ ਪਾਸੇ ਕਮਿਉਨਿਜ਼ਮ ਜਾਂ ਸਾਮਵਾਦ ਜਿਸ ਦਾ ਕਿ ਆਧਾਰ ਹੀ ਨਾਸਤਿਕਤਾ ਤੇ ਪ੍ਰਭੂ ਦੀ ਹੋਂਦ ਤੋਂ ਇਨਕਾਰੀ ਹੋਣਾ ਹੈ, ਉਥੇ ਅਜਿਹੇ ਸਾਰੇ ਵਿਸ਼ਵਾਸਾਂ ਦਾ ਕੋਈ ਮਹਤਵ ਹੀ ਨਹੀਂ ਰਹਿ ਜਾਂਦਾ। ਇਸ ਤਰ੍ਹਾਂ ਕਮਿਉਨਿਜ਼ਮ ਤੇ ਗੁਰਮੱਤ ਦੋਵੇਂ, ਮੂਲੋਂ ਹੀ ਵਿਰੋਧੀ ਵਿਚਾਰਧਾਰਾਵਾਂ ਹਨ। ਇਸ ਦੇ ਬਾਵਜੂਦ ਇਸ ਸਬੰਧ `ਚ ਇਸ ਸਮੇਂ ਮੇਰੇ ਸਾਹਮਣੇ ਪ੍ਰੌਫ਼ੈਸਰ ਕਿਸ਼ਨ ਸਿੰਘ ਆਦਿ ਕੁੱਝ ਕਮਿਉਨਿਸਟ ਲਿਖਾਰੀਆਂ ਦੀਆਂ ਗੁਰਬਾਣੀ ਸਟੀਕਾਂ ਜਿਵੇਂ “ਨੌਵੇਂ ਮਹਲੇ ਦੇ ਸਲੋਕਾਂ ਦੀ ਸਟੀਕ” ਆਦਿ ਪਈਆਂ ਹਨ ਤੇ ਜਿਨ੍ਹਾਂ `ਚੋਂ ਕੁੱਝ ਨੂੰ ਦਾਸ ਨੇ ਖੁਦ ਵੀ ਵਾਚਿਆ ਹੈ। ਇਹ ਗੁਰਬਾਣੀ ਸੰਬੰਧੀ ਸਾਮਵਾਦੀ ਲਿਟ੍ਰੇਚਰ ਕੇਵਲ ਗੁਰਮੁਖੀ `ਚ ਹੀ ਨਹੀਂ ਬਲਕਿ ਹਿੰਦੀ ਤੇ ਅੰਗ੍ਰੇਜ਼ੀ ਆਦਿ ਭਾਸ਼ਾਵਾਂ `ਚ ਵੀ ਪ੍ਰਾਪਤ ਹੈ।

ਇਸ `ਚ ਸ਼ੱਕ ਨਹੀਂ ਕਿ ਗੁਰਬਾਣੀ ਸਬੰਧਤ ਇਸ ਸਾਮਵਾਦੀ ਲਿਟ੍ਰੇਚਰ ਦੀ ਲਿਖਿਤ, ਇਸ ਦੀ ਛਪਾਈ, ਛਪਾਈ ਲਈ ਵਰਤਿਆ ਜਾ ਰਿਹਾ ਕਾਗਜ਼, ਇਸ ਦੀ ਜਿਲਦਸਾਜ਼ੀ ਅਦਿ ਲਈ ਅਜਿਹੇ ਸਤਿਕਾਰ ਭਰਪੂਰ ਢੰਗ ਵਰਤੇ ਜਾ ਰਹੇ ਹਨ ਕਿ ਇਸ ਦੇ ਦਰਸ਼ਨ ਕਰ ਕੇ ਹੀ ਮਨ ਨੂੰ ਖਿੱਚ ਪੈਂਦੀ ਹੈ। ਹੋਰ ਤਾਂ ਹੋਰ, ਗੁਰਬਾਣੀ ਦੇ ਅਰਥ ਕਰਣ ਸਮੇਂ ਜੋ ਇਥੇ ਸ਼ਬਦਾਵਲੀ ਵਰਤੀ ਹੁੰਦੀ ਹੈ ਉਸ `ਚ ਵੀ ਗੁਰਬਾਣੀ ਦੇ ਸਤਿਕਾਰ ਪ੍ਰਤੀ ਲੇਸ਼ ਮਾਤ੍ਰ ਘਾਟਾ ਨਹੀਂ ਹੁੰਦਾ। ਜੇ ਇਹ ਕਿਹਾ ਜਾਵੇ ਕਿ ਉਨ੍ਹਾਂ ਦੀ ਗੁਰਬਾਣੀ ਅਰਥਾਂ ਲਈ ਵਰਤੀ ਸ਼ਬਦਾਵਲੀ ਵੀ ਹਰ ਪੱਖੋਂ ਗੁਰਬਾਣੀ ਸਤਿਕਾਰ ਨਾਲ ਉਤ-ਪ੍ਰੋਤ ਹੁੰਦੀ ਹੈ ਤਾਂ ਇਸ `ਚ ਵੀ ਅਤਕਥਨੀ ਨਹੀਂ। ਸ਼ਾਇਦ ਇਹ ਵੀ ਉਨ੍ਹਾਂ ਰਾਹੀਂ ਗੁਰਬਾਣੀ ਵਿਚਲੇ ਮਨੁੱਖੀ ਸਮਾਨਤਾ ਵਾਲੇ ਪੱਖ ਤੋਂ ਪ੍ਰਭਾਵਤ ਹੋ ਕੇ ਹੀ ਹੋ ਰਿਹਾ ਹੋਵੇ।

ਤਸਵੀਰ ਦਾ ਦੂਜਾ ਪਾਸਾ ਵੀ- ਇਸ ਦੇ ਨਾਲ ਤਸਵੀਰ ਦਾ ਦੂਜਾ ਪਾਸਾ ਵੀ ਹੈ। ਇਥੇ ਇਹ ਵੀ ਦਿਨ ਦੀਵੀਂ ਸੱਚ ਹੈ ਕਿ ਅੱਜ ਗੁਰਬਾਣੀ ਆਧਾਰਿਤ ਇਹ ਕਮਿਉਨਿਸਟ (ਸਾਮਵਾਦੀ) ਲਿਟ੍ਰੇਚਰ ਅਥਵਾ ਲਿਖਤਾਂ ਧੜਾਧੜ ਬਾਜ਼ਾਰ `ਚ ਆ ਵੀ ਰਹੀਆਂ ਹਨ ਅਤੇ ਉਹ ਵੀ ਖਾਸਕਰ ਪੰਜਾਬ `ਚ ਹੀ ਕਿਉਂ? ਫ਼ਿਰ ਇਨ੍ਹਾਂ ਲਿਖਤਾਂ `ਚ ਗੁਰਬਾਣੀ ਦੇ ਅਰਥ ਵੀ, ਗੁਰਬਾਣੀ ਵਿਚਲੇ ਰੱਬੀ ਸੱਚ ਵਾਲੇ ਪੱਖ ਤੋਂ ਅਣਜਾਣ ਰਹਿ ਕੇ ਹੀ ਕੀਤੇ ਜਾਂ ਹੋਏ ਹੁੰਦੇ ਹਨ। ਫ਼ਰਕ ਹੁੰਦਾ ਹੈ ਕਿ ਉਥੇ ਅਰਥ ਕਰਣ ਵਾਲੇ ਜਿਹੜੇ ਵੀ ਸੱਜਨ ਹੁੰਦੇ ਹਣ ਉਨ੍ਹਾਂ ਦੀ ਸ਼ਬਦਾਵਲੀ `ਚੋਂ, ਗੁਰਬਾਣੀ ਦਾ ਮੂਲ, ਅਕਾਲਪੁਰਖ ਦੀ ਹੋਂਦ ਹੀ ਅਲੋਪ ਹੁੰਦੀ ਹੈ। ਬਲਕਿ ਉਹ ਸੱਜਨ ਇਸ ਨੂੰ ਇਸ ਤਰ੍ਹਾਂ ਵੀ ਬਿਆਣਦੇ ਹਨ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਇੱਕ ਚੰਗਾ ਤੇ ਗੁਣਵਾਣ ਇਨਸਾਨ ਬਣਾਉਣ ਲਈ ਰੱਬ ਨੂੰ ਕੇਵਲ ਪਲਾਟ ਜਾਂ ਪ੍ਰਤੀਕ ਬਣਾ ਕੇ ਹੀ ਵਰਤਿਆ ਹੈ। ਉਨ੍ਹਾਂ ਅਨੁਸਾਰ, ਗੁਰੂ ਸਾਹਿਬ ਨੇ ਉਹ ਵੀ ਇਸ ਲਈ ਵਰਤਿਆ ਹੈ ਕਿ ਮਨੁੱਖ ਦਾ ਜੀਵਨ ਸੁਲਝਿਆ ਤੇ ਗੁਣਾਂ ਨਾਲ ਭਰਪੂਰ ਹੋ ਜਾਵੇ। ਮਨੁੱਖ, ਅਉਗੁਣਾਂ ਤੋਂ ਬੱਚੇ ਤੇ ਵਧੀਆ ਗੁਣਵਾਣ ਇਨਸਾਨ ਬਣੇ।

ਉਨ੍ਹਾਂ ਅਨੁਸਾਰ ਕੁਦਰਤ ਦਾ ਕਰਤਾ, ਕਾਦਿਰ ਅਕਾਲਪੁਰਖ ਨਹੀਂ ਬਲਕਿ ਕੁਦਰਤ ਤਾਂ ਇੱਕ ਬਣੀ ਬਨਾਈ ਨਿਯਮਾਵਲੀ ਹੈ ਜੋ ਆਪਣੇ ਆਪ ਚਲਦੀ ਹੈ ਤੇ ਇਸ `ਚ ਵਾਧਾ ਘਾਟਾ ਨਹੀਂ ਹੁੰਦਾ। ਉਹ ਵਿਚਾਰੇ ਇਹ ਨਹੀਂ ਜਾਣਦੇ ਕਿ ਕੁਦਰਤ ਤਾਂ ਕਰਤੇ ਅਕਾਪੁਰਖ ਦੇ ਹੁਕਮ ਦੀ ਖੇਡ ਹੈ। ਕਰਤਾ ਜਦੋਂ ਚਾਹੇ ਇਸ `ਚ ਜੋ ਵੀ ਵਾਧੇ ਘਾਟੇ ਚਾਹੇ ਕਰ ਸਕਦਾ ਹੈ ਅਤੇ ਕਰਦਾ ਵੀ ਹੈ। ਜਦਕਿ ਪ੍ਰਭੂ ਤੇ ਕੁਦਰਤ ਬਾਰੇ ਗੁਰਬਾਣੀ ਦਾ ਸੱਚ ਇਹੀ ਹੈ ਕਿ ਕੁਦਰਤ ਦੀ ਆਪਣੀ ਕੋਈ ਹੋਂਦ, ਹਸਤੀ ਜਾਂ ਵਜੂਦ ਹੈ ਹੀ ਨਹੀਂ, ਫ਼ਿਰ ਭਾਵੇਂ ਉਸ ਨੂੰ ਕੁਦਰਤ ਕਹਿ ਲਵੋ ਜਾਂ ਨਿਯਮਾਵਲੀ ਜਾਂ ਕਲ ਨੂੰ ਇਸ ਦੇ ਲਈ ਹੋਰ ਲਫ਼ਜ਼ ਇਜਾਦ ਕਰ ਲਵੋ, ਪਰ ਸਚਾਈ ਇਹੀ ਹੈ ਕਿ ਇਹ ਸਾਰੀ ਰਚਨਾ ਤਾਂ ਕਰਤਾਰ ਦੀ ਕੇਵਲ ਇੱਕ ਖੇਡ ਮਾਤ੍ਰ ਹੀ ਹੈ ਜਿਸਦਾ ਆਪਣਾ ਕੋਈ ਵਜੂਦ ਹੈ ਹੀ ਨਹੀਂ।

ਇਹ ਤਾਂ ਕੇਵਲ ਇਕੋ ਇੱਕ ਅਕਾਲਪੁਰਖ ਅਜਿਹੀ ਖੇਡ ਹੈ ਜਿਸ ਦੇ ਲਈ ਗੁਰਬਾਣੀ `ਚ ਫ਼ੁਰਮਾਇਆ ਹੈ ਕਿ “ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ” (ਪੰ: ੨੯੪) ਅਥਵਾ “ਹਰਨ ਭਰਨ ਜਾ ਕਾ ਨੇਤ੍ਰ ਫੋਰੁ॥ ਤਿਸ ਕਾ ਮੰਤ੍ਰੁ ਨ ਜਾਨੈ ਹ+ਰ” (ਪ: ੨੮੪)। ਇਸ ਤਰ੍ਹਾਂ ਇਸ ਨੂੰ ਚਾਹੇ ਤੁਸੀਂ ਕੁਦਰਤ ਕਹੋ ਜਾਂ ਕੁੱਝ ਸੱਜਨਾ ਨੇ ਇਸ ਨੂੰ ਨਿਯਮਾਵਲੀ ਆਦਿ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਜੇ ਕਰ ਪ੍ਰਭੂ ਚਾਹੇ ਤਾਂ ਇਹ ਸਾਰੀ ਕਰਤੇ ਲਈ ਇਸ ਤਰ੍ਹਾਂ ਹੈ ਜਿਵੇਂ “ਸੀਹਾ ਬਾਜਾ ਚਰਗਾ ਕੁਹੀਆ, ਏਨਾ ਖਵਾਲੇ ਘਾਹ॥ ਘਾਹੁ ਖਾਨਿ ਤਿਨਾ ਮਾਸੁ ਖਵਾਲੇ, ਏਹਿ ਚਲਾਏ ਰਾਹ॥ ਨਦੀਆ ਵਿਚਿ ਟਿਬੇ ਦੇਖਾਲੇ, ਥਲੀ ਕਰੇ ਅਸਗਾਹ॥ ਕੀੜਾ ਥਾਪਿ ਦੇਇ ਪਾਤਿਸਾਹੀ, ਲਸਕਰ ਕਰੇ ਸੁਆਹ॥ ਜੇਤੇ ਜੀਅ ਜੀਵਹਿ ਲੈ ਸਾਹਾ, ਜੀਵਾਲੇ ਤਾ ਕਿ ਅਸਾਹ॥ ਨਾਨਕ ਜਿਉ ਜਿਉ ਸਚੇ ਭਾਵੈ, ਤਿਉ ਤਿਉ ਦੇਇ ਗਿਰਾਹ” (ਪੰ: ੧੪੪) ਇਤਨਾ ਹੀ ਨਹੀਂ ਬਲਕਿ “ਹਸਤੋ ਜਾਇ ਸੁ ਰੋਵਤੁ ਆਵੈ, ਰੋਵਤੁ ਜਾਇ ਸੁ ਹਸੈ॥ ਬਸਤੋ ਹੋਇ ਹੋਇ ਸ+ ਊਜਰੁ, ਊਜਰੁ ਹੋਇ ਸੁ ਬਸੈ॥ ੧ ॥ ਜਲ ਤੇ ਥਲ ਕਰਿ, ਥਲ ਤੇ ਕੂਆ, ਕੂਪ ਤੇ ਮੇਰੁ ਕਰਾਵੈ॥ ਧਰਤੀ ਤੇ ਆਕਾਸਿ ਚਢਾਵੈ, ਚਢੇ ਆਕਾਸਿ ਗਿਰਾਵੈ॥ ੨ ॥ ਭੇਖਾਰੀ ਤੇ ਰਾਜੁ ਕਰਾਵੈ, ਰਾਜਾ ਤੇ ਭੇਖਾਰੀ॥ ਖਲ ਮੂਰਖ ਤੇ ਪੰਡਿਤੁ ਕਰਿਬੋ, ਪੰਡਿਤ ਤੇ ਮੁਗਧਾਰੀ॥ ੩ ॥ ਨਾਰੀ ਤੇ ਜੋ ਪੁਰਖੁ ਕਰਾਵੈ, ਪੁਰਖਨ ਤੇ ਜੋ ਨਾਰੀ॥ ਕਹੁ ਕਬੀਰ ਸਾਧੂ ਕੋ ਪ੍ਰੀਤਮੁ, ਤਿਸੁ ਮੂਰਤਿ ਬਲਿਹਾਰੀ” (ਪੰ: ੧੨੫੨) ਅਤੇ ਇਸ ਤਰਾਂ ਜਿਸਨੂੰ ਅਸੀਂ ਕੁਦਰਤ ਜਾਂ ਨਿਯਮਾਵਲੀ ਕਹਿੰਦੇ ਹਾਂ ਇਸ ਦਾ ਇਸ ਤੋਂ ਵਧ ਆਪਣਾ ਕੁੱਝ ਵਜੂਦ ਹੈ ਹੀ ਨਹੀਂ। ਇਹ ਸਭ ਤਾਂ ਕਰਤੇ ਦੇ ਹੁਕਮ ਵਾਲੀ ਖੇਡ ਤੇ ਸੱਚੇ ਦੇ ਨਿਆਂ `ਚ ਮਨੁੱਖਾ ਜੂਨ ਸਮੇਂ ਤਾਂ “ਬੀਜੁ ਬੋਵਸਿ ਭੋਗ ਭੋਗਹਿ, ਕੀਆ ਅਪਣਾ ਪਾਵਏ” (ਪੰ: ੭੦੫) ਅਨੁਸਾਰ –ਮਨੁੱਖਾ ਜੂਨ ਸਮੇਂ, ਜੀਵਨ ਦਾ ਵਾਧਾ-ਘਾਟਾ ਵੀ ਨਾਲੋ ਨਾਲ ਤੇ ਪਲ ਪਲ ਚੱਲ ਰਿਹਾ ਹੁੰਦਾ ਹੈ। ਇਸ ਤਰ੍ਹਾਂ ਇਸ ਸਮੂਚੀ ਰਚਨਾਂ `ਚ ਕਰਤਾਰ ਤੋਂ ਸਿਵਾ ਕੁੱਝ ਵੀ ਸਦੀਵੀ ਤੇ ਆਪਣੇ ਆਪ `ਚ ਆਜ਼ਾਦ ਨਹੀਂ।

ਇਹ ਤੇ ਅਜਿਹੇ ਇਲਾਹੀ ਸੱਚ ਸਬੰਧੀ ਮੂਲ ਅਗਿਆਨਤਾ ਕਾਰਨ, ਗੁਰਬਾਣੀ ਦੇ ਅਰਥਾਂ ਸਮੇਂ ਉਨ੍ਹਾਂ ਸਾਮਵਦੀਆਂ ਅਥਵਾ ਕਮਿਉਨਿਸਟਾਂ ਦੀਆਂ ਲਿਖਤਾਂ `ਚੋਂ ਅਕਾਲਪੁਰਖ ਦੇ ਨਾਲ ਨਾਲ ਜੋ ਗੁਰਮੱਤ ਦੇ ਖਾਸ ਵਿਸ਼ੇ ਅਲੋਪ ਮਿਲਣਗੇ ਉਹ ਹੁੰਦੇ ਹਨ (੧) ਪ੍ਰਭੂ ਚਰਨਾਂ `ਚ ਅਰਦਾਸ (੨) ਪ੍ਰਭੂ ਦੀ ਮਿਹਰ ਤੇ ਨਦਰਿ ਕਰਮ, ਬਖ਼ਸ਼ਿਸ਼ ਵਾਲਾ ਪੱਖ। (੩) ਗੁਰਮੱਤ ਅਨੁਸਾਰ ਕਰਤਾ ਕੇਵਲ ਤੇ ਕੇਵਲ ਪ੍ਰਭੂ ਆਪ ਹੈ।

ਜਦਕਿ ਉਥੇ ਹਰ ਕਦਮ `ਤੇ ਅਕਾਲਪੁਰਖ ਨੂੰ ਨਹੀਂ ਬਲਕਿ ਮਨੁੱਖ ਨੂੰ ਹੀ ਕਰਤਾ ਮੰਨਿਆ ਤੇ ਪ੍ਰਗਟਾਇਆ ਹੁੰਦਾ ਹੈ। ਦੂਜੇ ਪਾਸੇ ਇਹ ਵੀ ਦੇਖ ਚੁੱਕੇ ਹਾਂ ਕਿ ਗੁਰਬਾਣੀ ਅਨੁਸਾਰ ਪ੍ਰਭੂ ਦੀ ਹਸਤੀ ਤੋਂ ਬਿਨਾ ਮਨੁੱਖ ਸਮੇਤ ਸੰਪੂਰਣ ਰਚਨਾ ਦਾ ਹੀ ਆਪਣਾ ਕੋਈ ਵਜੂਦ ਨਹੀਂ। ਇਹ ਸਾਰੀ ਰਚਨਾ ਤਾਂ ਪ੍ਰਭੂ ਦੀ ਕੇਵਲ ਖੇਡ ਮਾਤ੍ਰ ਹੈ ਜਿਸ ਨੂੰ “ਖਿਨ ਮਹਿ ਥਾਪਿ ਉਥਾਪਨਹਾਰਾ॥ ਆਪਿ ਇਕੰਤੀ ਆਪਿ ਪਸਾਰਾ” (ਪੰ: ੧੦੮) ਅਨੁਸਾਰ ਪ੍ਰਭੂ ਚਾਹੇ ਤਾਂ ਦੇਖਦੇ ਦੇਖਦੇ ਸਮਾਪਤ ਕਰ ਦੇਵੇ ਜਾਂ ਇਸ ਨੂੰ ਫ਼ਿਰ ਤੋਂ ਬਣਾ ਦੇਵੇ।

ਇਸ ਲਈ ਹੋ ਸਕਦਾ ਹੈ ਕਿ ਗੁਰਬਾਣੀ ਦੇ ਕੁੱਝ ਹੋਰ ਗੁਣਾਂ ਤੋਂ ਇਲਾਵਾ ਉਹ ਸੱਜਨ ਬਹੁਤਾ ਕਰਕੇ ਗੁਰਬਾਣੀ ਵਿਚਲੇ ਸਾਮਵਾਦ ਦੇ ਪੱਖ ਤੋਂ ਹੀ ਬਹੁਤ ਜ਼ਿਆਦਾ ਪ੍ਰਭਾਵਤ ਹੋ ਰਹੇ ਹੋਣ। ਜੇਕਰ ਕਰਤਾ ਕਰੇ ਤੇ ਇਹੀ ਸੱਚ ਹੋਵੇ ਤਾਂ ਵੀ ਇਸ `ਚ ਸ਼ੱਕ ਨਹੀਂ ਕਿ ਜੇ ਕਰ ਉਨ੍ਹਾਂ ਦੇ ਅਖੌਤੀ ਸਾਮਵਾਦ ਨਾਲ, ਗੁਰੂ ਪਾਤਸ਼ਾਹ ਰਾਹੀਂ ਪ੍ਰਗਟ ਅਕਾਲਪੁਰਖੀ ਸੱਚ ਤੇ ਆਧਾਰਤ ਸਾਮਵਾਦ ਵਾਲੀ ਅਸਲੀਅਤ ਵੀ ਜੁੜ ਜਾਵੇ ਤਾਂ ਯਕੀਨਣ ਇਸ ਦੇ ਸੰਸਾਰ ਨੂੰ ਵੱਡੇ ਲਾਭ ਹੋਣਗੇ। (੧) ਪਹਿਲਾ, ਉਨ੍ਹਾਂ ਅੰਦਰੋਂ ਵੀ ਅਮੀਰਾਂ, ਮਿਲ ਮਾਲਿਕਾਂ, ਜਾਗੀਰਦਾਰਾਂ ਆਦਿ ਦੇ ਖੂਨ-ਖਰਾਬੇ, ਜਾਇਦਾਦਾਂ ਦੀ ਸਾੜ ਫੂਕ, ਤੱਬਾਹੀਆਂ ਤੇ ਲੁਟ-ਖੋਹ ਵਾਲੀ ਬਿਰਤੀ ਖ਼ਤਮ ਹੋ ਜਾਵੇਗੀ। (੨) ਦੂਜਾ, ਉਹ ਲੋਕ ਵੀ ਸਿੱਖ ਧਰਮ ਭਾਵ ਗੁਰੂ ਨਾਨਕ ਵਿਚਾਰਧਾਰਾ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਸੰਸਾਰ `ਚ ਉਭਰਣਗੇ ਤੇ ਗੁਰਬਾਣੀ ਤੋਂ ਪ੍ਰਾਪਤ ਅਨੇਕਾਂ ਇਲਾਹੀ ਗੁਣਾਂ ਦੇ ਵਾਰਿਸ ਬਨ ਜਾਣਗੇ।

ਕਾਸ਼, ਇਧਰ ਭਾਵ ਸਿੱਖ ਕੌਮ ਵੱਲੋਂ ਵੀ ਜੇਕਰ ਕੁੱਝ ਨਿਰੋਲ ਗੁਰਬਾਣੀ ਸੋਝੀ ਤੇ ਗੁਰਬਾਣੀ ਜੀਵਨ ਵਾਲੇ ਗੁਰੂ ਕੇ ਲਾਲ, ਉਨ੍ਹਾਂ ਦੇ ਜੀਵਨ ਤੇ ਸੋਚ ਅੰਦਰ ਪੈਦਾ ਹੋਏ ਲੋੜੀਂਦੇ ਸਾਮਵਾਦ ਨੂੰ, ਗੁਰੂ ਨਾਨਕ ਪਾਤਸ਼ਾਹ ਦੇ ਅਦੁਤੀ, ਇਕੋ ਇੱਕ ਤੇ ਸਚੇ ਸੁਚੇ ਇਲਾਹੀ ਸਾਮਵਾਦ ਵੱਲ ਮੋੜ ਸਕਣ ਤੇ ਉਨ੍ਹਾਂ ਨੂੰ ਇਸ ਪਾਸੇ ਪ੍ਰੇਰ ਸਕਣ! ਕਿਉਂਕਿ ਗੁਰਬਾਣੀ ਸਬੰਧਤ ਉਨ੍ਹਾਂ ਦੀਆਂ ਲਿਖਤਾਂ ਤੇ ਉਨ੍ਹਾਂ ਲਿਖਤਾਂ ਦੇ ਢੰਗ ਤੇ ਬੋਲੀ ਆਦਿ ਚੋਂ ਉਭਰ ਕੇ ਬਾਹਰ ਆ ਰਿਹਾ ਗੁਰਬਾਣੀ ਦੇ ਸੱਚ ਪ੍ਰਤੀ ਸਤਿਕਾਰ, ਉਨ੍ਹਾਂ ਦੇ ਮਨ ਦੀ ਇਸੇ ਭਾਵਨਾ ਦੀ ਤਾਈਦ ਵੀ ਕਰਦਾ ਹੈ ਤੇ ਪ੍ਰਤੀਕ ਵੀ ਹੈ। ਫ਼ਿਰ ਵੀ ਕਮਿਉਨਿਸਟ ਅਥਵਾ ਸਾਮਵਾਦੀ ਪਾਰਟੀ ਸਬੰਧੀ ਇਸ ਸਚਾਈ ਦਾ ਦੂਜਾ ਪੱਖ ਵੀ ਹੈ ਜਿਸ ਦਾ ਜ਼ਿਕਰ ਵੀ ਅਸੀਂ ਨਾਲ ਨਾਲ ਕਰਦੇ ਆ ਰਹੇ ਹਾਂ। ਇਸ ਲਈ ਜਦ ਤੱਕ ਅਸਲੀਅਤ ਹੀ ਉਘੜ ਕੇ ਸਾਹਮਣੇ ਨਾ ਆ ਜਾਵੇ, ਉਸ ਪੱਖੋਂ ਵੀ ਲਾਪਰਵਾਹ ਨਹੀਂ ਹੋਇਆ ਜਾ ਸਕਦਾ।

ਮੰਨਿਆਂ ਪ੍ਰਮੰਨਿਆਂ ਸੱਚ- ਸੰਸਾਰ ਤੱਲ `ਤੇ ਮੰਨਿਆਂ ਪ੍ਰਮੰਨਿਆਂ ਸੱਚ ਹੈ ਕਿ ਕੋਈ ਵੀ ਸ਼ਿਕਾਰੀ ਜਦੋਂ ਸ਼ਿਕਾਰ ਨੂੰ ਕਾਬੂ ਕਰਣ ਲਈ ਚੋਗਪਾਉਂਦਾ ਹੈ ਤਾਂ ਉਹ ਆਪਣੀ ਪਸੰਦ ਨੂੰ ਦੇਖ ਕੇ ਕਦੇ ਵੀ ਚੋਗਾ ਨਹੀਂ ਪਾਉਂਦਾ। ਉਹ ਪਸੰਦ ਵੀ ਉਸ ਦੀ ਦੇਖਦਾ ਹੈ, ਜਿਸ ਨੂੰ ਕਿ ਉਸ ਨੇ ਕਾਬੂ ਕਰਣਾ ਹੁੰਦਾ ਹੈ, ਜਿਸ ਨੂੰ ਉਸ ਨੇ ਆਪਣੇ ਜਾਲ `ਚ ਫ਼ਸਾਉਣਾ ਤੇ ਜਿਸ ਦਾ ਉਸ ਨੇ ਸ਼ਿਕਾਰ ਕਰਣਾ ਹੁੰਦਾ ਹੈ। ਨਾ ਕਿ ਉਹ ਇਹ ਦੇਖਦਾ ਹੈ ਕਿ ਉਸ ਦੀ ਆਪਣੀ ਪਸੰਦ ਕੀ ਹੈ? ਮਿਸਾਲ ਵਜੋਂ ਘੰਡੇ ਹੇੜੇ ਦੀ ਆਵਾਜ਼ ਖੁਦ ਹੀ ਹਿਰਨਾ ਨੂੰ ਜਾਲ `ਚ ਫ਼ਸਾਉਣ ਵਾਲੇ ਕੋਲ ਖਿੱਚ ਲਿਆਉਂਦੀ ਹੈ। ਬੀਨ ਦੀ ਆਵਾਜ਼ `ਚ ਮਸਤ ਹੋ ਕੇ ਸਪ ਖੁਦ ਸਪੇਰੇ ਕੋਲ ਚਲੇ ਆਉਂਦੇ ਹਨ। ਖੁੱਲੇ ਪਾਣੀ `ਚ ਤਾਰੀਆਂ ਮਾਰ ਰਹੀਆਂ ਮੱਛੀਆਂ, ਬਦੋ ਬਦੀ ਮਛੇਰੇ ਦੇ ਜਾਲ `ਚ ਆ ਫ਼ਸਦੀਆਂ ਹਨ, ਇਸੇ ਤਰ੍ਹਾਂ ਚਿੜੀਆਂ, ਤੋਤੇ, ਕਬੂਤਰ ਆਦਿ। ਜਦਕਿ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਘੰਡੇ ਹੇੜੇ ਦੀ ਆਵਾਜ਼ ਪੈਦਾ ਕਰਣ ਵਾਲੇ ਦਾ ਸਿਵਾਏ ਹਿਰਨਾਂ ਨੂੰ ਕਾਬੂ ਕਰਣ ਦੇ, ਇਸ ਆਵਾਜ਼ ਨਾਲ ਉਸਦਾ ਆਪਣਾ ਹੋਰ ਕੁੱਝ ਲੈਣਾ ਦੇਣਾ ਨਹੀਂ ਹੁੰਦਾ ਤੇ ਇਸੇ ਤਰਾਂ ਬਾਕੀ ਵੀ।

ਪਾਖੰਡੀ ਬਾਬੇ `ਤੇ ਦੰਭੀ ਗੁਰੂ-ਅੱਜ ਪੰਜਾਬ `ਚ ਪਾਖੰਡੀ ਬਾਬੇ `ਤੇ ਦੰਭੀ ਗੁਰੂ ਵੀ ਕੀ ਕਰ ਰਹੇ ਹਨ। ਇੱਕ ਅੰਦਾਜ਼ੇ ਮੁਤਾਬਕ ਪੰਜਾਬ `ਚ ਅੱਜ ੧੨ ਹਜ਼ਾਰ ਪਿੰਡ ਹਨ ਤੇ ਉਥੇ ਉਨ੍ਹਾਂ ੧੨ ਹਜ਼ਾਰ ਪਿੰਡਾਂ `ਚ ਘਟੋਘਟ ਸੋਲ੍ਹਾਂ ਹਜ਼ਾਰ ਤੋਂ ਵੱਧ ਅਜਿਹੇ ਬਾਬੇ ਡੇਰਾ ਜਮਈ ਬੈਠੇ ਹਨ। ਇਨ੍ਹਾਂ ਵਿੱਚੋਂ ਸਾਰਿਆਂ ਨੂੰ ਨਹੀਂ ਪਰ ਬਹੁਤਿਆਂ ਨੂੰ ਤਾਂ ‘ਵਾਹਿਗੁਰੂ’ ਲਫ਼ਜ਼ ਤੇ ‘ਜਪੁ, ਸੁਖਮਨੀ’ ਆਦਿ ਕੁੱਝ ਬਾਣੀਆਂ ਦੇ ਖਾਲੀ ਨਾਂਵਾਂ ਤੋਂ ਬਿਨਾ ਗੁਰਬਾਣੀ ਦਾ ਇੱਕ ਸ਼ਬਦ ਵੀ ਨਹੀਂ ਆਉਂਦਾ। ਜਦਕਿ ਇਧਰ ਗੁਰਬਾਣੀ ਗਿਆਨ ਤੇ ਗੁਰਬਾਣੀ ਜੀਵਨ ਤੋਂ ਕੋਹਾਂ ਦੂਰ ਜਾ ਚੁੱਕੀਆਂ ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਵਾਲਾ ਚੋਗਾ ਪਾ ਕੇ ਹੀ ਅਜਿਹੇ ਸਾਰੇ ਲੋਕ ਆਪਣੇ-ਆਪਣੇ ਜਾਲ `ਚ ਫ਼ਸਾ ਰਹੇ ਹਨ। ਜੇ ਸੰਗਤਾਂ ਅੰਦਰ ਗੁਰਬਾਣੀ ਸਤਿਕਾਰ ਦੇ ਨਾਲ ਨਾਲ, ਗੁਰਬਾਣੀ ਸੋਝੀ ਵੀ ਹੁੰਦੀ ਤਾਂ ਦੰਭੀ ਗੁਰੂਆਂ ਤੇ ਇਨ੍ਹਾਂ ਪਾਖੰਡੀ ਡੇਰਿਆਂ ਲਈ ਅਜਿਹਾ ਕਰਣਾ ਕਦੇ ਵੀ ਸੰਭਵ ਨਹੀਂ ਸੀ। ਕਾਰਨ ਇਕੋ ਹੈ ਕਿ ਉਥੇ ਚੋਗਾ ਗੁਰਬਾਣੀ ਦਾ ਹੀ ਪਾਇਆ ਜਾ ਰਿਹਾ ਹੁੰਦਾ ਹੈ, ਜਿਸ ਦੀ ਖਿੱਚ `ਚ ਸੰਗਤਾਂ ਵੀ ਕੱਤਾਰਾਂ ਲਗਾ ਕੇ ਆਪਣੇ ਆਪ ਉਥੇ ਪੁੱਜ ਰਹੀਆਂ ਹੁੰਦੀਆਂ ਹਨ।

ਆਖਿਰ ਦਸਾਂ ਪਾਤਸ਼ਾਹੀਆਂ ਦੇ ਜੀਵਨ ਕਾਲ `ਚ ਵੀ ਅਜਿਹੇ ਸ਼ਿਕਾਰੀ ਬਹੁਤ ਪੈਦਾ ਹੋਏ। ਜਦਕਿ ਉਹ ਸ਼ਿਕਾਰੀ ਕਿਧਰੋਂ ਬਾਹਰੋਂ ਨਹੀਂ ਬਲਕਿ ਗੁਰੂ ਪ੍ਰਵਾਰਾਂ ਚੋਂ ਹੀ ਸਨ। ਸ੍ਰੀ ਚੰਦ, ਦਾਤੂ ਜੀ, ਪ੍ਰਿਥੀਚੰਦ, ਮੇਹਰਬਾਨ, ਰਾਮਰਾਇ, ਧੀਰਮਲ, ਨੌਵੇਂ ਪਾਤਸ਼ਾਹ ਸਮੇਂ ਬਾਈ ਮੰਜੀਦਾਰ ਆਦਿ; ਚੋਗਾ ਤਾਂ ਉਨ੍ਹਾਂ ਲੋਕਾਂ ਨੇ ਵੀ ਗੁਰਬਾਣੀ ਦਾ ਹੀ ਪਾਇਆ ਸੀ। ਫ਼ਿਰ ਵੀ ਹਰੇਕ ਦੁਕਾਨ ਬੁਰੀ ਤਰ੍ਹਾਂ ਅਸਫ਼ਲ ਹੋਈ ਤਾਂ ਕਿਉਂ? ਕਿਉਂਕਿ ਉਸ ਸਮੇਂ ਸੰਗਤਾਂ ਗੁਰਬਾਣੀ ਜੀਵਨ ਪੱਖੋਂ ਜਾਗਦੀਆਂ ਸਨ, ਅੱਜ ਵਾਂਙ ਸੁੱਤੀਆਂ ਹੋਈਆਂ ਨਹੀਂ ਸਨ।

ਅੱਜ ਕੀ ਹੋ ਰਿਹਾ ਹੈ? ਦਰ ਅਸਲ ਅੱਜ ਸਿੱਖਾਂ ਨਾਲ ਵੀ ਬਹੁਤੇ ਪਾਸਿਓਂ ਇਹੀ ਖੇਡ, ਖੇਡੀ ਜਾ ਰਹੀ ਹੈ। ਕੇਵਲ ਉਨ੍ਹਾਂ ਦੰਭੀ ਪਾਖੰਡੀ ਗੁਰੂਆਂ ਤੇ ਡੇਰੇਦਾਰਾਂ ਵੱਲੋਂ ਹੀ ਨਹੀਂ। ਬਲਕਿ ਬਚਿਤ੍ਰ ਨਾਟਕ (ਅਜੋਕਾ ਦਸਮ ਗ੍ਰੰਥ), ਗੁਰਬਿਲਾਸ ਪਾ: ਛੇਵੀਂ, ਸੂਰਜ ਪ੍ਰਕਾਸ਼ ਤੇ ਹੋਰ ਅਜਿਹੀਆਂ ਰਚਨਾਵਾਂ ਰਸਤੇ ਵੀ। ਬਲਕਿ ਇਨ੍ਹਾਂ ਤੋਂ ਇਲਾਵਾ ਜੇਕਰ ਸਚਾਈ ਕੁੱਝ ਹੋਰ ਹੋਵੇ ਤਾਂ ਵੱਖਰੀ ਗੱਲ ਹੈ, ਨਹੀਂ ਤਾਂ ਇੱਕ ਤਰੀਕੇ ਅਜੋਕੇ ਸਾਮਵਾਦੀਆਂ ਭਾਵ ਕਮਿਉਨਿਸਟਾਂ ਵਲੋਂ ਵੀ ਇਹੀ ਹੋ ਰਿਹਾ ਹੈ। ਇਸ ਦੇ ਲਈ ਕਮਿਉਨਿਸਟਾਂ ਨੇ ਜੇਕਰ ਬਹੁਤਾ ਕਰਕੇ ਵਿਸ਼ਾ ਵੀ ਚੁੰਨਿਆ ਹੈ ਤਾਂ ਜਨਮ-ਮਰਣ ਵਾਲਾ। ਉਹ ਵਿਸ਼ਾ, ਜਿੱਥੋਂ ਮਨੁੱਖਾ ਜੀਵਨ ਆਪਣੇ ਆਪ ਦੋ ਵਿਰੋਧੀ ਪਾਸਿਆਂ ਵੱਲ ਵਧ ਜਾਂਦਾ ਹੈ। ਇੱਕ ਪਾਸਾ ਉਹ, ਜਿੱਥੇ ਇਸ ਸਰੀਰ ਦਾ ਅੱਗਾ ਪਿਛਾ ਹੀ ਕੁੱਝ ਨਹੀਂ। ਜਿਸ ਦੇ ਨਾਲ ਹੀ ਮਨੁੱਖ ਦੀ ਸੋਚਨੀ ਅੰਦਰੋਂ ਅਕਾਲਪੁਰਖ ਦੀ ਹੋਂਦ, ਉਸ ਦੇ ਚਰਨਾਂ `ਚ ਅਰਦਾਸਾਂ, ਉਸ ਦੀ ਮਿਹਰ ਤੇ ਬਖ਼ਸ਼ਿਸ਼ਾਂ ਆਦਿ ਵਾਲੀ ਬਿਰਤੀ ਤੇ ਗੁਰਬਾਣੀ ਅਨੁਸਾਰ ਜੀਵਨ ਸੰਭਾਲ ਦੇ ਅਜਿਹੇ ਮੁਖ ਅਨੇਕਾਂ ਵਿਸ਼ੇ, ਆਪਣੇ ਆਪ ਹੀ ਆਪਣੀ ਹੋਂਦ ਗੁਆ ਲੈਂਦੇ ਹਨ।

ਉਪ੍ਰੰਤ ਇਸੇ ਮੂਲ ਵਿਚਾਰਧਾਰਾ ਦਾ ਦੂਜਾ ਤੇ ਗੁਰਬਾਣੀ ਪੱਖ ਹੈ ਜਦੋਂ ਗੁਰਮੱਤ ਅਨੁਸਾਰ ਇਸ ਸਰੀਰ ਦਾ ਅੱਗਾ ਵੀ ਹੈ ਤੇ ਪਿਛੌਕੜ ਵੀ। ਜਿਸ ਤੋਂ ਬਾਅਦ ਜੀਵਨ ਦੀ ਸਫ਼ਲਤਾ ਵੀ ਹੈ ਤੇ ਅਸਫ਼ਲਤਾ ਵੀ। ਮਨਮੁਖ ਦੀਆਂ ਮੌਤ ਤੋਂ ਬਾਅਦ ਵੀ ਜੂਨਾਂ ਤੇ ਗਰਭ ਵੀ ਹਨ। ਜਦਕਿ ਗੁਰਮੁਖ ਦਾ ਜੀਵਨਮੁਕਤ ਹੋਕੇ ਮੌਤ ਤੋਂ ਬਾਅਦ ਵਾਲੇ ਜਨਮ ਮਰਣ ਦੇ ਗੇੜ ਤੋਂ ਛੁਟਕਾਰਾ ਤੇ ਪ੍ਰਭੂ `ਚ ਅਭੇਦ ਹੋਣਾ ਵੀ ਹੈ। ਇਸ ਤਰ੍ਹ੍ਰਾਂ ਇਹ ਉਹ ਵਿਸ਼ਾ ਹੈ ਜਿਸ ਸਬੰਧੀ ਖੁਦ ਸਿੱਖ, ਆਪ ਹੀ ਕਾਫ਼ੀ ਸਮੇਂ ਤੋਂ ਗੁਰਬਾਣੀ ਸੇਧ `ਚ ਨਹੀਂ ਚੱਲ ਰਹੇ। ਖਾਸ ਤੌਰ `ਤੇ ਇਸ ਜਨਮ ਮਰਣ ਵਾਲੇ ਵਿਸ਼ੇ `ਤੇ ਤਾਂ ਅੱਜ ਸਿੱਖ ਖੁਦ ਵੀ ਗੁਰੂ ਦੀ ਨਿਘੀ ਗੋਦ ਨੂੰ ਛੱਡ ਕੇ ਬ੍ਰਾਹਮਣ ਦੀ ਝੋਲੀ `ਚ ਬੈਠੇ ਹੋਏ, ਗਰੁੜ ਪੁਰਾਣ ਦੇ ਗੀਤ ਗਾ ਰਹੇ ਹਨ, ਜਿਸ ਲਈ ਉਨ੍ਹਾ ਨੂੰ ਅਜੋਕੇ ਸਮੇਂ ਸਿੱਖ ਵਿਦਵਾਨਾਂ ਰਾਹੀਂ, ਖਾਸ ਤੌਰ `ਤੇ ਇਸ ਪੱਖੋਂ ਸੁਚੇਤ ਕਰਣ ਦੀ ਲੋੜ ਵੀ ਹੈ।

ਅਜੋਕਾ ਸਿੱਖ, ਵਿਸ਼ਾ ਜਨਮ ਮਰਣ ਤੇ ਬ੍ਰਾਹਮਣ- ਉਂਗਲੀਆਂ `ਤੇ ਗਿਣੇ ਜਾ ਸਕਦੇ ਹਨ ਅਜਿਹੇ ਸਿਖ ਪ੍ਰਵਾਰ ਤੇ ਉਨ੍ਹਾਂ ਵਿਰਲਿਆਂ ਨੂੰ ਛੱਡ ਕੇ, ਜਦੋਂ ਵੀ ਕੋਈ ਚਲਾਣਾ ਕਰਦਾ ਹੈ ਤਾਂ ਕਿਸੇ ਵੀ ਸਿੱਖ ਪ੍ਰਵਾਰ ਚ ਜਾ ਕੇ ਦੇਖ ਲਵੋ! ਲਗਭਗ ਹਰੇਕ ਸਿੱਖ ਪ੍ਰਵਾਰ `ਚ ਕੇਵਲ ਪ੍ਰਕਾਸ਼ ਹੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦਾ ਬਾਕੀ ਰਹਿ ਚੁੱਕਾ ਹੈ, ਨਹੀਂ ਤਾਂ ਬਾਕੀ ੧੦੦% ਕਾਰਜ ਬ੍ਰਾਹਮਣ ਮੱਤ ਤੇ ਗਰੁੜ ਪੁਰਾਣ ਅਨੁਸਾਰ ਹੀ ਹੋ ਰਹੇ ਹੁੰਦੇ ਹਨ।

ਫ਼ਰਕ ਹੁੰਦਾ ਹੈ ਤਾਂ ਕੇਵਲ ਇਨਾਂ ਕਿ ਗ਼ੈਰ ਸਿੱਖ ਦੇ ਚਲਾਣੇ ਸਮੇਂ ਉਥੇ ਉਨ੍ਹਾਂ ਦੀ ਰਸਮ ਪਗੜੀ `ਤੇ ਸਾਰੇ ਬ੍ਰਾਹਮਣੀ ਕਰਮ ਖ਼ੁਦ ਪੰਡਿਤ ਜੀ ਕਰਵਾਉਂਦੇ ਹਨ। ਜਦਕਿ ਇਥੇ ਰਸਮ ਭੋਗ ਸਮੇਂ ਉਹੀ ਸਾਰੇ ਕਰਮਕਾਂਡ ਬੜੀ ਸ਼ਾਨ ਤੇ ਧੜੱਲੇ ਨਾਲ ਸਾਡੇ ਭਾਈ ਸਾਹਿਬਾਨ, ਪ੍ਰਚਾਰਕ, ਰਾਗੀ ਸਿੰਘ ਤੇ ਪ੍ਰਬੰਧਕ ਸੱਜਨ ਕਰਵਾ ਰਹੇ ਹੁੰਦੇ ਹਨ। ਸ਼ਾਇਦ ਇਸ ਵਿਗੜੇ ਹੋਏ ਵਾਤਾਵਰਣ ਦਾ ਨਤੀਜਾ ਹੈ ਜਾਂ ਕੁੱਝ ਹੋਰ…, ਪਰ ਇਹ ਸੱਚ ਹੈ ਕਿ ਅੱਜ ਸਾਡੇ ਕੁੱਝ ਸੁਲਝੇ ਪ੍ਰਚਾਰਕ ਵੀ, ਖਾਸ ਕਰ ਇਸ ਜਨਮ ਮਰਣ ਵਾਲੇ ਪੱਖ ਤੋਂ ਕਮਿਉਨਿਸਟਾਂ ਦੇ ਇਸ ਜਾਲ `ਚ ਫ਼ਸਦੇ ਨਜ਼ਰ ਆ ਰਹੇ ਹਨ। ਸਾਡੇ ਅਜਿਹੇ ਕੁੱਝ ਪ੍ਰਚਾਰਕ ਤਾਂ ਅੱਜ ਸੰਗਤਾਂ ਦੇ ਵੱਡੇ ਵੱਡੇ ਇਕੱਠਾਂ `ਚ ਵੀ, ਖੁੱਲ ਕੇ ਪ੍ਰਚਾਰੀ ਜਾ ਰਹੇ ਹਨ ਕਿ ਸਿੱਖ ਧਰਮ `ਚ ਗੁਰਬਾਣੀ ਅਨੁਸਾਰ ਜਨਮ ਮਰਣ ਦਾ ਵਿਸ਼ਾ ਅਤੇ ਇਸ ਸਰੀਰ ਦਾ ਅੱਗਾ ਪਿੱਛਾ ਹੈ ਹੀ ਨਹੀਂ। ਜਦਕਿ ਗੁਰਬਾਣੀ ਆਧਾਰ `ਤੇ ਅਜਿਹਾ ਕਹਿਣਾ ਇਤਨਾ ਹੀ ਗ਼ਲਤ ਹੈ ਜਿਤਨਾ ਕਿ ਦਿਨ ਦੀ ਰੋਸ਼ਨੀ ਨੂੰ ਰਾਤ ਦਾ ਹਨੇਰਾ ਕਹਿੰਦੇ ਜਾਣਾ। ਸ਼ਾਇਦ ਉਹ ਸੱਜਨ ਵੀ ਇਸ ਪੱਖੋਂ ਗੁਰਬਾਣੀ ਵਿਚਾਰਧਾਰਾ ਤੇ ਗਰੁੜ ਪੁਰਾਨ ਨੂੰ ਨਿਖੇੜ ਨਹੀਂ ਪਾ ਰਹੇ ਤੇ ਉਸ ਦਾ ਵੱਡਾ ਨੁਕਸਾਨ ਵੀ ਕੌਮ ਨੂੰ ਹੀ ਪੁੱਜ ਰਿਹਾ ਹੈ।

ਗੁਰਬਾਣੀ `ਚ ਜਨਮ ਮਰਣ ਦਾ ਵਿਸ਼ਾ, ਓਪਰਲੀ ਝਾਤ- ਬਾਰ ਬਾਰ ਦੇਖ ਚੁੱਕੇ ਹਾਂ ਇੱਕ ਪਾਸੇ ਅਜੋਕੇ ਸਾਮਵਾਦੀ ਇਸ ਮਨੁੱਖਾ ਸਰੀਰ ਦਾ ਅੱਗਾ ਜਾਂ ਇਸੇ ਪਿਛੌਕੜ ਨੂੰ ਮਣਦੇ ਹੀ ਨਹੀਂ। ਉਨ੍ਹਾਂ ਅਨੁਸਾਰ ਇਸ ਮਨੁੱਖਾ ਸਰੀਰ ਦੀ ਕੇਵਲ ਇਤਨੀ ਹੀ ਕਹਾਣੀ ਹੈ ਕਿ ਪੈਦਾ ਹੋਏ ਤੇ ਇੱਕ ਦਿਨ ਚੱਲ ਵੱਸੇ। ਜਦਕਿ ਗੁਰਬਾਣੀ `ਚ ਬੜਾ ਸਪਸ਼ਟ ਤੇ ਪੂਰੇ ਵਿਸਤਾਰ ਨਾਲ ਸਪਸ਼ਟ ਕੀਤਾ ਹੋਇਆ ਹੈ ਕਿ ਇਸ ਮਨੁੱਖਾ ਜਨਮ ਦਾ ਅੱਗਾ ਵੀ ਹੈ ਤੇ ਪਿਛਾ ਵੀ। ਮਨੁੱਖ ਸੰਸਾਰ ਦੇ ਰਚਨਹਾਰ ਇਕੋ ਇੱਕ ਪ੍ਰਭੂ ਦਾ ਅੰਸ਼ ਹੈ ਤੇ ਇਸ ਦਾ ਅੰਤਮ ਪੜਾਅ ਵੀ ਪ੍ਰਭੂ `ਚ ਲੀਨ ਹੋਣਾ ਹੀ ਹੈ। ਉਪ੍ਰੰਤ ਇਸ ਸਫ਼ਲਤਾ ਲਈ ਉਸ ਕੋਲ ਸਮਾਂ ਤੇ ਅਵਸਰ ਵੀ ਇਕੋ ਇੱਕ ਹੀ ਹੈ ਤੇ ਉਹ ਹੈ ਮਨੁੱਖਾ ਜੂਨ, ਬਾਕੀ ਜੂਨਾ ਸਮੇਂ ਅਜਿਹਾ ਹੋਣਾ ਉਸ ਲਈ ਸੰਭਵ ਹੀ ਨਹੀਂ। ਜਦਕਿ ਗੁਰਬਾਣੀ `ਚ ਅਸਫ਼ਲ ਤੇ ਬਿਰਥਾ ਮਨੁੱਖਾ ਜਨਮ ਲਈ, ਸਰੀਰਕ ਮੌਤ ਤੋਂ ਬਾਅਦ ਵੀ, ਫ਼ਿਰ ਤੋਂ ਬੇਅੰਤ ਜੂਨਾ ਤੇ ਗਰਭਾਂ ਦੀ ਗੱਲ ਵੀ ਬੇਅੰਤ ਵਾਰੀ ਪੱਕੀ ਕੀਤੀ ਗਈ ਹੈ। ਇਸ ਤਰ੍ਹਾਂ ਅਸਫ਼ਲ਼ ਜੀਵਨ ਲਈ ਮਨਮੁਖ, ਅਭਾਗਾ ਆਦਿ ਅਤੇ ਸਫ਼ਲ ਜੀਵਨ ਲਈ ਗੁਰਮੁਖ, ਸਚਿਆਰਾ ਤੇ ਵਡਭਾਗੀ ਆਦਿ ਸ਼ਬਦਾਵਲੀ ਵੀ ਆਈ ਹੈ। ਅਸਫ਼ਲ ਜੀਵਨ ਲਈ ਬਾਰ ਬਾਰ ਦੀਆਂ ਜੂਨਾ ਤੇ ਗਰਭ ਵੀ ਉਦੋਂ ਤੱਕ ਚਲਦੇ ਹਨ ਜਦੋਂ ਤੱਕ ਫ਼ਿਰ ਤੋਂ ਪ੍ਰਾਪਤ ਕਿਸੇ ਮਨੁੱਖਾ ਜਨਮ ਸਮੇ ਇਹ ਜੀਵ “ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ” (ਪੰ: ੬੮੭) ਅਨੁਸਾਰ ਸ਼ਬਦ ਗੁਰੂ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸਫ਼ਲ ਹੀ ਨਹੀਂ ਕਰ ਲੈਂਦਾ।

ਗੁਰਬਾਣੀ `ਚ ਮਨੁੱਖਾ ਜਨਮ ਨੂੰ ਜੀਵ ਇਸਤ੍ਰੀ ਦਾ ਪੇਕਾ ਘਰ ਰਹਿਕੇ ਵੀ ਸਮਝਾਇਆ ਹੈ। ਬੱਚੀ ਆਪਣੇ ਸਹੁਰੇ ਘਰ ਸੁਖੀ ਵੱਸੇ, ਇਸ ਦੇ ਲਈ ਉਸ ਨੇ ਸਾਰੇ ਚੱਜ ਆਚਾਰ ਤੇ ਤਿਆਰੀ ਪੇਕੇ ਘਰ ਹੀ ਕਰਣੀ ਹੁੰਦੀ ਹੈ। ਉਸੇ ਤਰ੍ਹਾਂ ਪ੍ਰਭੂ ਨਾਲ ਸਦੀਵੀ ਮਿਲਾਪ ਲਈ ਇਸ ਜੀਵ ਇਸਤ੍ਰੀ ਦਾ ਪੇਕਾ ਘਰ, ਇਹ ਮਨੁੱਖਾ ਜਨਮ ਹੀ ਹੈ ਜਿੱਥੇ ਇਸਨੇ ਸਫ਼ਲ ਜੀਵਨ ਲਈ ਤਿਆਰੀ ਕਰਣੀ ਤੇ ਸਾਰੇ ਚੱਜ ਆਚਾਰ ਸਿਖਣੇ ਹਨ। ਭਾਵ ਸ਼ਬਦ ਗੁਰੂ ਦੀ ਕਮਾਈ ਕਰਕੇ ਇਸ ਜਨਮ ਨੂੰ ਸੁਆਰਣਾ ਹੈ ਤਾ ਕਿ ਉਸ ਨੂੰ ਫ਼ਿਰ ਤੋਂ ਜੂਨਾਂ, ਜਨਮਾਂ, ਗਰਭਾਂ ਦੇ ਚੱਕਰ `ਚ ਨਾ ਪੈਣਾ ਪਵੇ। ਗੁਰਬਾਣੀ `ਚ ਇਸ ਸੰਸਾਰ ਨੂੰ ਜੀਵ ਦਾ ਰੈਣ ਬਸੇਰਾ, ਜੀਵਨ ਸਫ਼ਰ `ਚੇ ਪੜਾਅ ਲਈ ਧਰਮਸਾਲ ਵੀ ਕਿਹਾ ਹੈ। ਇਸੇ ਤਰ੍ਹਾਂ ਇਸ ਦੇ ਲਈ ਜੀਵਨ ਰੂਪੀ ਰਾਤ ਜਿਵੇਂ “ਪ੍ਰਾਣੀ, ਤੂੰ ਆਇਆ ਲਾਹਾ ਲੈਣਿ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ” (ਪੰ: ੪੩) ਆਦਿ ਸ਼ਬਦਾਵਲੀ ਵੀ ਵਰਤੀ ਹੈ ਤੇ ਹੋਰ ਬਹੁਤੇਰੇ ਢੰਗ ਵੀ।

ਅਸਲ ਨਰਕ ਕੀ ਹੈ? -ਇਥੋਂ ਤੱਕ ਕਿ ਵਿਰਲੀਆਂ ਹਸਤੀਆਂ ਨੂੰ ਛਡ ਕੇ, ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦਾ ਮੂਲ ਕਾਰਨ ਹੀ ਪਿਛਲੇ ਮਨੁੱਖਾ ਜਨਮ ਦਾ ਅਸਫ਼ਲ ਰਹਿ ਜਾਣਾ ਹੈ। ਉਸੇ ਦਾ ਨਤੀਜਾ ਕਿ ਬੇਅੰਤ ਜੂਨਾਂ-ਗਰਭਾਂ ਤੋਂ ਬਾਅਦ ਇਸ ਦੁਰਲਭ ਤੇ ਅਮੋਲਕ ਮਨੁੱਖਾ ਜਨਮ ਵਾਲੀ ਵਾਰੀ ਆਉਂਦੀ ਤੇ ਇਹ ਸਮਾਂ ਭਾਵ ਮਨੁੱਖਾ ਜਨਮ ਮਿਲਦਾ ਹੈ। ਗੁਰਬਾਣੀ ਅਨੁਸਾਰ ਜੀਵ ਦਾ ਜਨਮ ਮਰਣ ਦੇ ਗੇੜ `ਚ ਫ਼ਸੇ ਹੋਣਾ ਹੀ ਇਸ ਦਾ ਨਰਕ ਦਾ ਵਾਸੀ ਹੋਣਾ ਹੈ।

ਉਪ੍ਰੰਤ ਇਸ ਜਨਮ ਦੌਰਾਨ ਹੀ ਇਸੇ ਦਾ ਅਉਖੇ ਤੇ ਸਉਖੇ ਜਾਂ ਸਰੀਰ ਪੱਖੋਂ ਸੁਅਸਥ ਜਾਂ ਦੁਖਾਂ-ਤਕਲੀਫ਼ਾਂ ਭਰੇ ਜੀਵਨ ਤੇ ਭਿੰਨ ਭਿੰਨ ਜੂਨੀਆਂ ਦਾ ਭੁਗਤਾਉਣਾ ਹੀ ਇਸ ਦਾ “ਹਉ ਵਿਚਿ ਨਰਕਿ ਸੁਰਗਿ ਅਵਤਾਰੁ” (ਪੰ: ੪੬੬) ਹੁੰਦਾ ਹੈ। ਇਸ ਵਿਸ਼ੇ `ਤੇ ਹੋਰ ਫੁਰਮਾਣ “ਹੋਮ ਜਗ ਤੀਰਥ ਕੀਏ, ਬਿਚਿ ਹਉਮੈ ਬਧੇ ਬਿਕਾਰ॥ ਨਰਕੁ ਸੁਰਗੁ ਦੁਇ ਭੁੰਚਨਾ, ਹੋਇ ਬਹੁਰਿ ਬਹੁਰਿ ਅਵਤਾਰ” (ਪੰ: ੨੬੧) ਹੀ ਪ੍ਰਭੂ ਤੋਂ ਵਿਛੜੇ ਹੋਏ ਜੀਵ ਰਾਹੀਂ ਬਾਰ ਬਾਰ ਸੁਰਗ ਅਥਵਾ ਨਰਕ `ਚ ਜਨਮ ਲੈਣਾ ਹੁੰਦਾ ਹੈ। ਇਸ ਵਿਸ਼ੇ ਨਾਲ ਸੰਬੰਧਤ ਗੁਰਮੱਤ ਪਾਠ ਨੰ: ੮੧ “ਸਰੀਰਾਂ ਵਾਲੀ ਖੇਡ ਤੇ ਦੁਖ-ਸੁਖ” ਪ੍ਰਾਪਤ ਹੈ ਜੀ। ਜਦਕਿ ਦੂਜੇ ਪਾਸੇ ਗੁਰਬਾਣੀ ਕਿਸੇ ਬ੍ਰਾਹਮਣੀ ਸੁਰਗ ਅਥਵਾ ਨਰਕ ਆਦਿ ਦੀ ਹੋਂਦ ਸਮੇਤ ਸੰਪੂਰਣ ਗਰੁੜ ਪੁਰਾਨ ਦੀ ਵਿਚਾਰਧਾਰਾ ਨੂੰ ਹੀ ਪ੍ਰਵਾਣ ਹੀ ਨਹਂੀਂ ਕਰਦੀ।

“ਅੰਤਿ ਗਇਆ ਪਛੁਤਾਈ” -ਇਹੀ ਨਹੀਂ, ਪ੍ਰਾਪਤ ਮਨੁੱਖਾ ਜਨਮ ਦੇ ਅਸਫ਼ਲ ਹੋਣ ਦੀ ਸੂਰਤ `ਚ ਇਸ ਸਰੀਰ ਦੇ ਬਿਨਸਨ ਤੋਂ ਬਾਅਦ ਪਛਤਾਉਣ ਦੀ ਗੱਲ ਵੀ ਗੁਰਬਾਣੀ `ਚ ਬਹੁਤ ਵਾਰੀ ਪੱਕੀ ਕੀਤੀ ਗਈ ਹੈ। ਸਪਸ਼ਟ ਹੈ ਕਿ ਜਦੋਂ ਸਰੀਰ ਹੀ ਬਿਨਸ ਕੇ ਚਿਤਾ ਦੀ ਰਾਖ ਜਾਂ ਕਬਰ `ਚ ਮਿੱਟੀ ਦਾ ਢੇਰ ਬਣ ਗਿਆ ਤਾਂ ਫ਼ਿਰ ਉਹ ਕਿਹੜੀ ਚੀਜ਼ ਹੈ ਜਿਸ ਨੂੰ ਪਛਤਾਉਣਾ ਤੇ ਕਰਮਾਂ ਦਾ ਫਲ ਭੁਗਤਾਉਣਾ ਪੈਂਦਾ ਹੈ। ਗੁਰਬਾਣੀ ਅਨੁਸਾਰ ਉਹ ਹਨ ਮਨ ਦੇ ਰੂਪ `ਚ ਮਨੁੱਖਾ ਜਨਮ ਸਮੇਂ ਹਉਮੈ ਅਧੀਨ ਕੀਤੇ ਚੰਗੇ ਜਾਂ ਮੰਦੇ ਕਰਮ ਤੇ ਸੰਸਕਾਰ, ਜਿਸ ਤੋਂ ਇਸ ਜੀਵ ਨੂੰ ਬਾਰ ਬਾਰ ਦੀਆਂ ਜੂਨਾਂ ਤੇ ਭਿੰਨ ਭਿੰਨ ਸਰੀਰ ਭੁਗਤਾਉਣੇ ਪੈਂਦੇ ਹਨ। ਫ਼ੁਰਮਾਨ ਹੈ “ਉਠਿ ਚਲਿਆ ਪਛੁਤਾਇਆ, ਪਰਿਆ ਵਸਿ ਜੰਦਾਰ” (ਪੰ: ੪੩) ਜੰਦਾਰ ਦੇ ਅਰਥ ਹਨ ਫ਼ਿਰ ਤੋਂ ‘ਜਨਮ ਮਰਣ’ ਦਾ ਗੇੜ। ਇਸੇ ਤਰ੍ਹਾਂ “ਹਰਿ ਸੁਖਦਾਤਾ ਮਨਿ ਨਹੀ ਵਸਿਆ, ਅੰਤਿ ਗਇਆ ਪਛੁਤਾਈ” (ਪੰ: ੬੫) ਭਾਵ ਜੀਵਨ ਭਰ ਆਪਣੇ ਅਸਲੇ ਪ੍ਰਭੂ ਨਾਲ ਤਾਂ ਜੁੜਿਆ ਨਹੀਂ, ਸਾਂਝ ਨਹੀਂ ਪਾਈ, ਫ਼ਿਰ ਅੰਤ ਜਦੋਂ ਸਰੀਰ ਹੀ ਬਿਨਸ ਗਿਆ ਤਾਂ ਪਛਤਾਉਣਾ ਪਿਆ। ਤਾਂ ਫ਼ਿਰ ਸਰੀਰ ਬਿਨਸਨ ਤੋਂ ਬਾਅਦ ਪਛੁਤਾਉਣਾ ਕੀ ਹੈ? ਇਸ ਵਿਸ਼ੇ `ਤੇ ਅਨੇਕਾਂ ਗੁਰਬਾਣੀ ਪ੍ਰਮਾਣ ਹਨ ਜਦੋਂ ਸਰੀਰ ਦੇ ਬਿਨਸਨ ਤੋਂ ਬਾਅਦ ਪਛਤਾਉਣ ਦੀ ਗੱਲ ਕਹੀ ਤੇ ਪੱਕੀ ਕੀਤੀ ਗਈ ਹੈ।

ਗੁਰਬਾਣੀ ਇੱਕ ਪੱਖੀ ਨਹੀਂ ਬਲਕਿ ਸਰਬਪੱਖੀ ਹੈ। ਇਸ ਤਰ੍ਹਾਂ ਗੁਰਬਾਣੀ ਕੇਵਲ ਸਫ਼ਲ ਜੀਵਨ ਦੀ ਗੱਲ ਹੀ ਨਹੀਂ ਅਸਫ਼ਲ ਜੀਵਨ ਦੇ ਨਤੀਜਿਆਂ ਨੂੰ ਵੀ ਪੂਰੀ ਤਰ੍ਹਾਂ ਸਪਸ਼ਟ ਕਰ ਰਹੀ ਹੈ। ਲੋੜ ਹੈ ਤਾਂ ਅਜੋਕੀਆਂ ਸਿੱਖ ਸੰਗਤਾਂ ਨੂੰ ਖਾਸ ਕਰਕੇ ਇਸ ਪੱਖੋਂ ਬ੍ਰਾਹਮਣ ਦੀ ਝੋਲੀ `ਚੋਂ ਕੱਢ ਕੇ ਗੁਰਬਾਣੀ ਦੇ ਦਲੀਲ਼ ਭਰਪੂਰ, ਸਰਬਪੱਖੀ ਸੱਚ ਨੂੰ ਸਪਸ਼ਟ ਕਰਣ ਦੀ। ਬਲਕਿ ਇਸ ਦੇ ਨਾਲ, ਸੰਗਤਾਂ ਵਿਚਾਲੇ, ਗੁਰਬਾਣੀ ਰਾਹੀਂ ਪ੍ਰਗਟ, ਜਨਮ-ਮਰਣ ਦੇ ਨਿਵੇਕਲੇ, ਦਲੀਲ ਭਰਪੂਰ ਤੇ ਅਕੱਟ ਸਿਧਾਂਤ ਨੂੰ ਧੜੱਲੇ ਨਾਲ ਸਪਸ਼ਟ ਕਰਣ ਤੇ ਪ੍ਰਚਾਰਣ ਦੀ। ਸੰਗਤਾਂ ਨੂੰ ਸਪਸ਼ਟ ਕੀਤਾ ਜਾਵੇ ਕਿ ਸਫ਼ਲ ਤੇ ਅਸਫ਼ਲ ਜੀਵਨ, ਦੋਨਾਂ ਹਾਲਤਾਂ `ਚ ਜੀਉਂਦੇ ਜੀਅ ਵੀ ਅਤੇ ਸਰੀਰ ਬਿਨਸਨ ਬਾਅਦ ਇਨ੍ਹਾਂ ਲਈ ਗੁਰਬਾਣੀ ਦਾ ਵੱਖ ਵੱਖ ਫ਼ੈਸਲਾ ਕੀ ਹੈ? ਇਸ ਤਰ੍ਹਾਂ ਸਫ਼ਲ ਜੀਵਨ ਦੇ ਕੀ ਲਾਭ ਹਨ ਤੇ ਅਸਫ਼ਲ ਜੀਵਨ ਦੇ ਲੰਮੇ ਸਮੇਂ ਤੱਖ ਕੀ ਨੁਕਸਾਨ ਭੁਗਤਣੇ ਪੈਂਦੇ ਹਨ? ਗੁਰਬਾਣੀ ਇਨ੍ਹਾਂ ਦੋਨਾਂ ਪੱਖਾਂ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਰਹੀ ਹੈ ਅਧੂਰੀ ਜਾਂ ਇੱਕ ਪੱਖੀ ਗੱਲ ਨਹੀਂ ਕਰ ਰਹੀ।

“ਜਨਮ ਮਰਣ ਦੁਹਹੂ ਤੇ ਛੂਟਹਿ” -ਲੋੜ ਹੈ ਕਿ ਸੰਗਤਾਂ ਨੂੰ ਗੁਰਬਾਣੀ ਆਧਾਰ `ਤੇ ਚੇਤਾਇਆ ਜਾਵੇ ਕਿ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਮਿਲਿਆ ਹੀ, ਆਦਰਸ਼ਕ ਤੇ ਆਤਮਕ ਜੀਵਨ ਦੀ ਪ੍ਰਾਪਤੀ ਕਰ ਕੇ ਜੀਊਂਦੇ ਜੀਅ ਪ੍ਰਭੂ `ਚ ਅਭੇਦ ਹੋਣ ਲਈ ਹੈ। ਸੰਗਤਾਂ ਨੂੰ ਸਪਸ਼ਟ ਕੀਤਾ ਜਾਵੇ ਕਿ ਗੁਰੂ ਦਰ `ਤੇ ਬ੍ਰਾਹਮਣੀ ਸੁਰਗ-ਨਰਕ ਦੇ ਜਨਮਦਾਤਾ ਗਰੁੜ ਪੁਰਾਨ ਸਮੇਤ ਇਸ ਪੱਖੋਂ ਸੰਪੂਰਣ ਬ੍ਰਾਹਮਣੀ ਵਿਚਾਰਧਾਰਾ ਨੂੰ ਹੀ ਗੁਰੂ ਪਾਤਸ਼ਾਹ ਨੇ ਪ੍ਰਵਾਣ ਨਹੀਂ ਕੀਤਾ ਤਾਂ ਫ਼ਿਰ ਅਜੋਕੇ ਬਹੁਤੇ ਸਿੱਖਾਂ ਰਾਹੀਂ ਕੀਤੇ ਜਾ ਰਹੇ ਉਨ੍ਹਾਂ ਬ੍ਰਾਹਮਣੀ ਕਰਮਕਾਂਡਾਂ ਦਾ ਕੀ ਮੁੱਲ? ਗੁਰਸਿੱਖ ਨੇ ਤਾਂ ਆਪਣੇ ਜਨਮ ਨੂੰ ਗੁਰਬਾਣੀ ਆਦੇਸ਼ਾਂ ਦੀ ਕਮਾਈ ਕਰਕੇ ਅਤੇ ਪ੍ਰਭੂ ਚਰਨਾਂ `ਚ ਜੀਊਂ ਕੇ ਜੀਊਂਦੇ ਜੀਅ ਅਸਲੀ ਸੁਰਗ ਤੇ ਅਸਲੀ ਬੈਕੁੰਠ ਬਨਾਉਣਾ ਹੈ। “ਜਨਮ ਮਰਣ ਦੁਹਹੂ ਤੇ ਛੂਟਹਿ, ਭਵਜਲੁ ਜਗਤੁ ਤਰਾਇਣ” (ਪੰ: ੭੧੪) ਅਨੁਸਾਰ ਜੀਉਂਦੇ ਜੀਅ ਗੁਰਬਾਣੀ ਸਿਖਿਆ `ਤੇ ਅਮਲ ਕਰਕੇ ਵਿਕਾਰ ਰਹਿਤ, ਜੀਵਨਮੁਕਤ ਅਵਸਥਾ ਨੂੰ ਪ੍ਰਾਪਤ ਕਰਣਾ ਹੈ। ਇਸ ਤਰ੍ਹਾਂ ਮਨੁੱਖਾ ਜਨਮ ਦਾ ਲਾਭ ਲੈ ਕੇ, ਜਨਮ-ਮਰਣ ਤੇ ਜੂਨਾਂ-ਗਰਭਾਂ ਵਾਲੇ ਨਰਕ ਤੋਂ ਸਦਾ ਲਈ ਮੁਕਤ ਹੋਣਾ ਹੁੰਦਾ ਹੈ।

ਵੱਡਾ ਦੁਖ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਸਾਡੇ ਹੀ ਕੁੱਝ ਵਿਦਵਾਨ, ਕਈ ਵਾਰੀ ਆਪਣੀ ਸੋਚਣੀ ਨੂੰ ਗੁਰਬਾਣੀ ਸੇਧ ਤੋਂ ਵੀ ਉਪਰ ਲਿਜਾਅ ਰਹੇ ਮਹਿਸੂਸ ਹੁੰਦੇ ਹਨ। ਇਥੋਂ ਤੱਕ ਕਿ ਕਈ ਵਾਰੀ ਜੂਨਾਂ ਨਾਲ ਸਬੰਧਤ ਹਰੇਕ ਸ਼ਬਦ ਦੇ ਮਨ ਮਰਜ਼ੀ ਦੇ ਅਰਥ ਕੀਤੇ ਜਾ ਰਹੇ ਹੁੰਦੇ ਹਨ, ਜੋ ਕਿ ਗੁਰਬਾਣੀ ਦੀ ਸਰਾਸਰ ਬੇਅਦਬੀ ਹੁੰਦੀ ਹੈ। ਹੋਰ ਤਾਂ ਹੋਰ, ਉਨ੍ਹਾਂ ਦੀਆਂ ਲਿਖਤਾਂ ਜਾਂ ਕਥਾਵਾਂ ਨੂੰ ਗਹੁ ਨਾਲ ਸੁਣਿਆ ਤੇ ਵਿਚਾਰਿਆ ਜਾਵੇ ਤਾਂ ਉਥੇ ਗੁਰਬਾਣੀ ਵਿਚਲਾ ਪ੍ਰਭੂ ਦੇ ਚਰਨਾਂ `ਚ ਅਰਦਾਸ ਵਾਲਾ ਵਿਸ਼ਾ ਹੀ ਅਲੋਪ ਹੋ ਚੁੱਕਾ ਹੁੰਦਾ ਹੈ। ਨਾ ਉੇਥੇ ਪ੍ਰਭੂ ਦੀ ਬਖ਼ਸ਼ਿਸ਼ ਵਾਲੀ ਗੱਲ, ਨਾ ਨਦਰਿ-ਕਰਮ ਤੇ ਮਿਹਰ ਵਾਲਾ ਵਿਸ਼ਾ, ਨਾ ਉਥੇ ਪ੍ਰਭੂ ਵੱਲੋਂ ਬਹੁੜੀ ਕਰਣ ਵਾਲਾ ਤੇ ਨਾ ਗੁਰਬਾਣੀ ਤੋਂ ਪ੍ਰਾਪਤ ਆਤਮ ਵਿਸ਼ਵਾਸ ਵਾਲਾ ਵਿਸ਼ਾ ਹੀ ਰਹਿ ਚੁੱਕਾ ਹੁੰਦਾ ਹੈ।

ਉਨ੍ਹਾਂ ਦੀਆਂ ਕਥਾਵਾਂ ਤੇ ਲਿਖਤਾਂ `ਚ ਮਨੁੱਖਾ ਮਨ ਦਾ ਤੂੰ ਭਾਵ ਪ੍ਰਭੂ ਵਾਲਾ ਵਿਸ਼ਾ ਜਿਵੇਂ “ਕਬੀਰ ਨਾ ਹਮ ਕੀਆ ਨ ਕਰਹਿਗੇ, ਨਾ ਕਰਿ ਸਕੈ ਸਰੀਰੁ॥ ਕਿਆ ਜਾਨਉ ਕਿਛੁ ਹਰਿ ਕੀਆ, ਭਇਓ ਕਬੀਰੁ ਕਬੀਰੁ” (ਪੰ: ੧੩੬੭) ਅਥਵਾ “ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ” (ਪੰ: ੪੬੯) ਅਥਵਾ “ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ” (ਪ: ੮੫੮) ਹੀ ਵਿੱਚੋਂ ਅਲੋਪ ਹੁੰਦਾ ਹੈ। ਬਲਕਿ ਉਥੇ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ” (ਪੰ: ੨੭੮) ਵਾਲੀ ਹਾਲਤ ਹੀ ਬਣੀ ਪਈ ਹੁੰਦੀ ਹੈ।

ਉਥੇ ਤਾਂ `ਤੇ ਮਨੁੱਖ ਨੇ ਜੇ ਆਪਣੇ ਵਿਕਾਰਾਂ ਕਾਬੂ ਪਾਊਣਾ ਤਾਂ ਉਸ ਨੇ ਆਪ ਪਾਉਣਾ ਹੈ ਜੇ ਗੁਰੂ ਤੇ ਗੁਰਬਾਣੀ ਉਪਦੇਸ਼ਾਂ ਨਾਲ ਜੁੜਣਾ ਤੇ ਅਮਲ ਕਰਣਾ ਹੈ ਤਾਂ ਵੀ ਮਨੁੱਖ ਨੇ ਆਪ ਹੀ ਕਰਣਾ ਹੈ। ਇਸ ਤਰ੍ਹਾਂ ਮਾਨੋ ਜੋ ਕੁੱਝ ਮਨੁੱਖ ਨੇ ਕਰਣਾ ਹੈ ਆਪ ਕਰਣਾ ਤੇ ਇਸ ਸਾਰੇ `ਚ ਪ੍ਰਭੂ ਦਾ ਕੋਈ ਦਖ਼ਲ ਹੀ ਨਹੀਂ। ਕੈਸੀ ਅਜੀਬ ਹਾਲਤ ਬਣ ਚੁੱਕੀ ਹੈ ਸਾਡੀਆਂ ਇਨ੍ਹਾਂ ਗੁਰਬਾਣੀ ਕਥਾਵਾਂ ਤੇ ਗੁਰਮੱਤ ਲਿਖਤਾਂ ਦੀ?

ਦੂਜੇ ਲਫ਼ਜ਼ਾਂ `ਚ ਗੁਰਬਾਣੀ ਆਧਾਰਿਤ ਆਤਮ ਵਿਸ਼ਵਾਸ ਦੇ ਬਦਲੇ ਵੀ ਮਨ ਦੀ ਸਾਰੀ ਵਰਤੋਂ ਮੈਂ, ਮੇਰਾ ਤੇ ਹਉਮੈ `ਚ ਹੀ ਬੱਝੀ ਤੇ ਖੜੀ ਹੁੰਦੀ ਹੈ ਅਤੇ ਇਹੀ ਸੋਚ ਸੰਗਤਾਂ `ਚ ਵੀ ਪੁੱਜ ਰਹੀ ਹੁੰਦੀ ਹੈ ਕਿ ਜੋ ਕਰਣਾ ਹੈ ਮਨੁੱਖ ਨੇ ਖ਼ੁਦ ਹੀ ਕਰਣਾ ਹੈ ਅਤੇ ਕਰਤਾਰ ਦਾ ਇਸ `ਚ ਕੁੱਝ ਵੀ ਲੈਣਾ ਦੇਣਾ ਨਹੀਂ। ਦੂਜਾ ਉਥੇ ਗੁਰਬਾਣੀ ਵਿਚਲਾ ਅਸਫ਼ਲ ਜੀਵਨ (ਮਨਮੁਖ) ਵਾਲਾ ਪੱਖ ਵੀ ਅਲੋਪ ਮਿਲਦਾ ਹੈ ਕੇਵਲ ਸਫ਼ਲ ਜੀਵਨ ਦੀ ਗੱਲ ਹੀ ਕੀਤੀ ਜਾ ਰਹੀਂ ਹੁੰਦੀ ਹੈ। ਸਾਨੂੰ ਇਸ ਸਾਰੇ ਵਿਸ਼ੇ ਵੱਲ ਵਿਸ਼ੇਸ਼ ਧਿਆਣ ਦੇਣ ਦੀ ਲੋੜ ਹੈ।

ਗੁਰਬਾਣੀ `ਚ ਜੂਨਾਂ ਵਾਲਾ ਵਿਸ਼ਾ (ਸਰਸਰੀ ਨਜ਼ਰ `ਚ) ? - ਗੁਰਬਾਣੀ `ਚ ਜੂਨਾਂ ਵਾਲਾ ਵਿਸ਼ਾ ਇੱਕ ਨਹੀਂ, ਅਨੇਕਾਂ ਰੂਪਾਂ `ਚ ਆਇਆ ਹੈ। ਗੁਰਬਾਣੀ `ਚ ਜੂਨਾਂ ਵਾਲਾ ਵਿਸ਼ਾ, ਇਸ ਮਹੁੱਖਾ ਜਨਮ ਤੋਂ ਪਹਿਲੀਆਂ ਭੁਗਤਾਈਆਂ ਜਾ ਚੁੱਕੀਆਂ ਜੂਨਾਂ ਦੀ ਗੱਲ ਵੀ ਕਰ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਜੂਨਾਂ ਦੌਰਾਨ ਹੀ ਸਾਨੂੰ ਇਹ ਮਨੁਖਾਂ ਜੂਨ ਵਾਲੀ ਵਾਰੀ (ਬਰੀਆ) ਤੇ ਅਵਸਰ ਮਿਲਣ ਦੀ ਗੱਲ ਵੀ ਹਜ਼ਾਰਾਂ ਵਾਰੀ ਸਪਸ਼ਟ ਕੀਤੀ ਹੋਈ ਸਪਸ਼ਟ ਮਿਲਦੀ ਹੈ। ਗੁਰਬਾਣੀ `ਚ, ਇਸ ਜਨਮ ਦੇ ਬਿਰਥਾ ਤੇ ਅਸਫ਼ਲ ਹੋਣ ਦੀ ਸੂਰਤ `ਚ ਫ਼ਿਰ ਤੋਂ ਜੂਨਾਂ ਦੇ ਚੱਕਰ `ਚ ਪੈਣ ਦੀ ਗੱਲ ਤੇ ਇਸ ਤੋਂ ਬਚਣ ਲਈ, ਕਦਮ ਕਦਮ `ਤੇ ਚੇਤਾਵਣੀ ਵੀ ਬੇਅੰਤ ਵਾਰੀ ਹੈ। ਇਥੇ ਜੀਉਂਦੇ ਜੀਅ, ਮਨੁੱਖਾ ਸਰੀਰ `ਚ ਹੁੰਦਿਆਂ ਸੁਭਾਉੇ ਕਰਕੇ ਵੀ ਭਿੰਨ ਭਿੰਨ ਜੂਨਾਂ ਬਤੀਤ ਕਰਣਾ ਵੀ ਸਪਸ਼ਟ ਹੈ ਜਿਵੇਂ “ਫੀਲੁ ਰਬਾਬੀ ਬਲਦੁ ਪਖਾਵਜ. .” (ਪੰ: ੪੭੭)। ਇਸੇ ਤਰ੍ਹਾਂ “ਕੂਕਰ ਕੂੜੁ ਕਮਾਈਐ, ਗੁਰ ਨਿੰਦਾ ਪਚੈ ਪਚਾਨੁ” (ਪੰ: ੨੧) ਜਾਂ “ਜਿਉ ਕੂਕਰੁ ਹਰਕਾਇਆ, ਧਾਵੈ ਦਹ ਦਿਸ ਜਾਇ” (ਪੰ: ੫੦) ਭਾਵ ਸਿਧੇ ਤੌਰ `ਤੇ ਦੂਜੀਆਂ ਜੂਨਾਂ ਦੀਆਂ ਮਿਸਾਲਾਂ ਦੇਣ ਵਾਲੇ ਵੀ ਬੇਅੰਤ ਗੁਰਬਾਣੀ ਫ਼ੁਰਮਾਨ ਹਨ।

ਇਸ ਤਰ੍ਹਾਂ ਜਦੋਂ ਗੁਰਦੇਵ ਨੇ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਜੂਨਾਂ ਤੇ ਉਸ ਦੇ ਨਰਕਾਂ-ਸੁਰਗਾਂ ਦੀ ਗੱਲ ਕੀਤੀ ਹੈ ਤਾਂ ਉਸ ਦੇ ਖੰਡਣ ਲਈ ਵੀ ਬਹੁਤੇਰੇ ਸ਼ਬਦ ਹਨ। ਇਸ ਦੇ ਨਾਲ ਬ੍ਰਾਹਮਣੀ ਤੇ ਅਨਮੱਤੀ ਵਿਚਾਰਧਾਰਾ ਨੂੰ ਮਿਸਾਲ ਬਣਾ ਕੇ ਮਨੁੱਖ ਨੂੰ ਸੱਚ ਧਰਮ ਵੱਲ ਵੀ ਮੋੜਿਆ ਹੈ ਜਿਵੇਂ “ਅੰਤਿ ਕਾਲਿ ਜੋ. .” (ਪੰ: ੫੨੬)।

ਸ਼ਬਦਾਵਲੀ ਉਹੀ ਤੇ ਜੂਨਾਂ ਸਬੰਧੀ ਗੁਰਪ੍ਰਮਾਣ-ਉਪ੍ਰੰਤ ਦੂਜੀਆਂ ਜੂਨਾਂ ਦਾ ਬਹੁਤ ਵਾਰੀ ਜ਼ਿਕਰ ਚੱਲ ਰਹੇ ਮਨੁੱਖਾ ਜਨਮ ਸਮੇਂ, ਮਨੁੱਖ ਦੀਆਂ ਖੋਟਾਂ ਤੇ ਅਉਗੁਣਾਂ ਨੂੰ ਪ੍ਰਗਟ ਕਰਣ ਲਈ ਵੀ ਆਇਆ ਹੈ ਜਿਵੇਂ “ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ, ਧ੍ਰਿਗੰਤ ਜਨਮ ਭ੍ਰਸਟਣਹ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ” (ਪੰ: ੧੩੫੬)।

ਖ਼ੂਬੀ ਇਹ ਕਿ ਇਹੀ ਲਗਗ ਸ਼ਬਦਾਵਲੀ, ਪਰ “ਤਊ ਲਾਜ ਨ ਆਈ” ਵਾਲੀ ਚੇਤਾਵਣੀ ਦੇ ਕੇ ਪਿਛਲੇ ਜਨਮਾਂ ਸਮੇਂ ਭੂਗਤਾਈਆਂ ਜਾ ਚੁੱਕੀਆਂ ਜੂਨਾਂ ਨਾਲ ਸੰਬੰਧਤ ਕਰਕੇ ਵੀ ਆਈ ਹੈ ਜਿਵੇਂ “ਰਾਮ ਨਾਮ ਸਿਮਰਨ ਬਿਨੁ, ਬੂਡਤੇ ਅਧਿਕਾਈ …. ਸੂਕਰ ਕੂਕਰ ਜੋਨਿ ਭ੍ਰਮੇ, ਤਊ ਲਾਜ ਨ ਆਈ॥ ਰਾਮ ਨਾਮ ਛਾਡਿ ਅੰਮ੍ਰਿਤ, ਕਾਹੇ ਬਿਖੁ ਖਾਈ” (ਪੰ: ੬੯੨)।

ਬਲਕਿ ਜੂਨਾਂ ਸਬੰਧੀ ਸ਼ਬਦਾਵਲੀ ਲਗਭਗ ਫ਼ਿਰ ਵੀ ਇਹੀ ਪਰ ਇਸ ਤਰ੍ਹਾਂ ਦੀ ਚੇਤਾਵਣੀ ਕਿ ਹੁਣ ਤਾਂ ਸੰਭਲ ਜਾ। ਭਾਵ ਇਹ ਐ ਮਨੁੱਖ! ਜੇਕਰ ਤੂੰ ਇਸ ਜਨਮ ਦੀ ਸੰਭਾਲ ਵੀ ਨਾ ਕੀਤੀ ਤਾਂ “ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ, ਤੇ ਭਾਗਹੀਣ ਜਮਿ ਮਾਰੇ॥ ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ, ਦਯਿ ਮਾਰੇ ਮਹਾ ਹਤਿਆਰੇ” (ਪੰ: ੪੯੩)। ਅਰਥ ਭਾਵ ਹਨ ਕਿ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਕਰਤੇ ਦੀ ਸਿਫ਼ਿਤ ਸਲਾਹ ਨਾਲ ਨਹੀਂ ਜੁੜਦੇ ਤੇ ਅਮੋਲਕ ਜਨਮ ਦੀ ਸੰਭਾਲ ਨਹੀਂ ਕਰਦੇ। ਇਸ ਤਰ੍ਹਾਂ ਉਹ ਲੋਕ ਕਰਤੇ ਦੀ ਬਖ਼ਸ਼ਿਸ਼ ਦੇ ਪਾਤ੍ਰ ਨਹੀਂ ਬਣ ਸਕਦੇ ਅਤੇ ਭਾਗਹੀਨ ਭਾਵ ਪ੍ਰਭੂ ਦੀ ਬਖ਼ਸ਼ਿਸ਼ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਅਜਿਹੇ ਮਨੁੱਖ ਜਨਮ ਵਿਹਾਜਣ ਬਾਅਦ ਫ਼ਿਰ ਤੋਂ ‘ਜਮਿ ਮਾਰੇ’ ਭਾਵ ਫ਼ਿਰ ਤੋਂ ਜਨਮਾਂ ਦੇ ਗੇੜ `ਚ ਹੀ ਪੈਂਦੇ ਹਨ। ਉਨ੍ਹਾਂ ਨੂੰ ਫ਼ਿਰ ਤੋਂ ਕੁਤਿਆਂ, ਸੂਰਾਂ, ਗਧਿਆਂ ਆਦਿ ਵਾਲੇ ਗਰਭਾਂ ਤੇ ਜੂਨੀਆਂ `ਚ ਹੀ ਪੈਣਾ ਪੈਂਦੇ ਹਨ। (ਨੋਟ-ਦੇਖਣਾ ਹੈ ਕਿ ਇਨ੍ਹਾਂ ਤਿੰਨਾਂ ਗੁਰਬਾਣੀ ਪ੍ਰਮਾਣਾ `ਚ ਜੂਨਾਂ ਲਈ ਸ਼ਬਦਾਵਲੀ ਲਗਭਗ ਇਕੋ ਜਿਹੀ ਹੈ ਵਰਤਮਾਨ, ਭੂਤ ਕਾਲ ਤੇ ਭਵਿਖਤ ਕਾਲ ਅਨੁਸਾਰ ਕਾਲ ਦੀ ਵਰਤੋਂ ਤਿੰਨਾਂ `ਚ ਵੱਖ ਵੱਖ ਕੀਤੀ ਗਈ ਹੈ)।

ਖਾਸ ਧਿਆਨ ਦੇਣਾ ਹੈ ਕਿ ਇਨ੍ਹਾਂ ਤਿੰਨਾਂ ਗੁਰਬਾਣੀ ਫ਼ੁਰਮਾਨਾਂ `ਚ ਸ਼ਬਦਾਵਲੀ ਲਗਭਗ ਇਕੋ ਜਹੀ ਹੈ ਪਰ ਇੱਕ ਵਾਰੀ ਵਰਤਮਾਨ ਕਾਲ ਭਾਵ ਬਿਤਾਈ ਜਾ ਰਹੀ ਮਨੁੱਖਾ ਜੂਨ ਨਾਲ ਸਬੰਧਤ ਹੈ। ਉਪ੍ਰੰਤ ਇੱਕ ਵਾਰੀ ਭੂਤ ਕਾਲ ਭਾਵ ਇਸ ਮਨੁੱਖਾ ਜਨਮ ਤੋਂ ਪਹਿਲਾਂ ਬਿਤਾਈਆਂ ਜਾ ਚੁੱਕੀਆਂ ਜੂਨੀਆਂ ਨਾਲ ਸਬੰਸ਼ਤ ਹੈ ਤੇ ਤੀਜੀ ਵਾਰੀ ਭਵਿਖਤ ਕਾਲ ਨਾਲ। ਭਾਵ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਇਸ ਅਮੋਲਕ ਜਨਮ ਦੀ ਸੰਭਾਲ ਨਹੀਂ ਕਰਦੇ। ਇਸ ਤਰ੍ਹਾਂ ਉਹ ਲੋਕ ਕਰਤੇ ਦੀ ਬਖ਼ਸ਼ਿਸ਼ ਦੇ ਪਾਤ੍ਰ ਨਹੀਂ ਬਣ ਸਕਦੇ। ਅਜਿਹੇ ਮਨੁੱਖ ਜਨਮ ਵਿਹਾਜਣ ਬਾਅਦ ਫ਼ਿਰ ਤੋਂ ਜਮਿ ਮਾਰੇ’ ਫ਼ਿਰ ਤੋਂ ਜਨਮਾਂ ਦੇ ਗੇੜ `ਚ ਹੀ ਪੈਂਦੇ ਹਨ।

ਗੁਰਬਾਣੀ `ਚ ਜੂਨਾਂ ਵਾਲਾ ਵਿਸ਼ਾ ਇਸ ਤਰ੍ਹਾਂ ਵੀ ਆਇਆ ਹੈ ਜਿਵੇਂ “ਕਿਆ ਹੰਸੁ ਕਿਆ ਬਗੁਲਾ, ਜਾ ਕਉ ਨਦਰਿ ਕਰੇਇ॥ ਜੋ ਤਿਸੁ ਭਾਵੈ ਨਾਨਕਾ, ਕਾਗਹੁ ਹੰਸੁ ਕਰੇਇ” (ਪੰ: ੯੧) ਜਾਂ “ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ” (ਪੰ: ੧੪੩) ਭਾਵ ਜਦੋਂ ਦੂਜੀਆਂ ਜੂਨਾਂ ਦੇ ਗੁਣ ਦੋਸ਼ ਜਾਂ ਖ਼ੂਬੀਆਂ ਨੂੰ ਆਧਾਰ ਤੇ ਮਿਸਾਲ ਬਨਾ ਕੇ ਵੀ ਵਰਤਿਆ ਹੈ ਤਾਂ ਵੀ ਜੂਨਾਂ ਦਾ ਹੀ ਜ਼ਿਕਰ ਆਇਆ ਹੈ। ਹੋਰ ਤਾਂ ਹੋਰ ਪਿਛਲੇ ਜਨਮਾ ਦੇ ਗੇੜ੍ਹੇ ਦਰਸਾ ਕੇ ਪ੍ਰਾਪਤ ਮਨੁੱਖਾ ਜਨਮ ਦੀ ਸੰਭਾਲ ਕਰਣ ਸਬੰਧੀ ਚੇਤਾਵਣੀ ਵਜੋਂ ਵੀ ਬਹੁਤੇਰ ਸ਼ਬਦ ਹਨ ਜਿਵੇਂ “ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥  ॥ ਰਹਾਉ॥ (ਪੰ: ੧੭੬)। ਇਸ ਤਰ੍ਹਾਂ ਇਹੀ ਨਹੀਂ ਗੁਰਬਾਣੀ `ਚ ਦੂਜੀਆਂ ਜੂਨਾਂ ਦਾ ਜ਼ਿਕਰ ਹੋਰ ਵੀ ਅਨੇਕਾਂ ਢੰਗਾਂ ਨਾਲ ਆਇਆ ਹੈ। ਮੁਕਦੀ ਗੱਲ ਕਿ ਗੁਰਬਾਣੀ ਅਨੁਸਾਰ ਇਸ ਮਨੁੱਖਾ ਜਨਮ ਦਾ ਅੱਗਾ ਵੀ ਹੈ ਤੇ ਪਿਛੌਕੜ ਵੀ। ਇਹ ਸਰੀਰ ਹੀ ਸਭਕੁਝ ਨਹੀਂ ਪਰ ਜਨਮ ਮਰਣ ਦੇ ਗੇੜ `ਚੋਂ ਨਿਕਲਣ ਵਾਸਤੇ ਕੇਵਲ ਮਨੁੱਖਾ ਜਨਮ ਹੀ ਹੈ, ਉਹ ਵੀ ਜੇਕਰ ਗੁਰੂ ਗੁਰਬਾਣੀ ਦੀ ਕਮਾਈ ਕਦਕੇ ਇਸ ਜਨਮ ਨੂੰ ਸਫ਼ਲ ਕਰ ਲਿਆ ਜਾਵੇ ਤਾਂ, ਉਂਝ ਨਹੀਂ।

ਅਕਾਲਪੁਰਖ ਦੀ ਸਰਵਵਿਅਪਕਤਾ- ਬੇਸ਼ੱਕ ਗੁਰਬਾਣੀ ਅਨੁਸਾਰ ਇਹ ਬਹੁਤ ਵੱਡਾ ਤੇ ਵਿਸਤਾਰ ਵਾਲਾ ਵਿਸ਼ਾ ਹੈ ਜਿਸਦਾ ਕਿ ਅੰਤ ਹੈ ਹੀ ਨਹੀਂ। ਫ਼ਿਰ ਵੀ ਗੁਰਮੱਤ ਅਨੁਸਾਰ ਕੇਵਲ ਵਿਸ਼ੇ ਨੂੰ ਸਪਸ਼ਟ ਕਰਣ ਲਈ ਇਥੇ ਅਸੀਂ ਇੱਕ ਸੰਸਾਰਕ ਮਿਸਾਲ ਲੈ ਰਹੇ ਹਾਂ। ਮਿਸਾਲ ਵੱਜੋਂ ਜਿਵੇਂ ਅੱਜ ਬਿਜਲੀ ਦਾ ਯੁਗ ਹੈ। ਇੱਕ ਦਫ਼ਤਰ `ਚ ਪੱਖੇ, ਲਾਈਟਾਂ, ਕੂਲਰ, ਏ. ਸੀ, ਕੰਪਿਊਟਰ ਤੇ ਕਈ ਵਾਰੀ ਵੱਡੀਆਂ ਵੱਡੀਆਂ ਮਸ਼ੀਨਾ ਵੀ ਚੱਲ ਰਹੀਆਂ ਹੁੰਦੀਆਂ ਹਨ। ਕਿਸੇ ਕਾਰਨ ਜਦੋਂ ਅਚਾਨਕ ਪਿਛੋਂ ਮੇਨ ਸਵਿੱਚ ਤੋਂ ਜਾਂ ਪਾਵਰ ਆਉਣੀ ਬੰਦ ਹੋ ਜਾਏ ਜਾਂ ਉੇਸ `ਚ ਕੁੱਝ ਖ਼ਰਾਬੀ ਆ ਜਾਵੇ ਤਾਂ ਦੇਖਦੇ ਦੇਖਦੇ, ਹਨੇਰਾ ਛਾ ਜਾਂਦਾ ਹੈ। ਮਸ਼ੀਨਾਂ, ਏ. ਸੀ, ਪੱਖੇ, ਲਾਈਟਾਂ, ਕੰਪਿਊਟਰ ਸਭ ਬੰਦ ਹੋ ਜਾਂਦੇ ਹਨ, ਕਿਉਂ? ਕਿਉਂਕਿ ਕਿਸੇ ਵੀ ਚੀਜ਼ ਅੰਦਰ ਇਹ ਬਿਜਲੀ ਵਾਲੀ ਤਾਕਤ ਆਪਣੀ ਨਹੀਂ ਸੀ ਬਲਕਿ ਸਾਰਿਆਂ ਨੂੰ ਸਪਲਾਈ ਮੇਨ ਸਵਿੱਚ ਜਾਂ ਪਾਵਰ ਪਲਾਂਟ ਤੋਂ ਹੀ ਆ ਰਹੀ ਸੀ।

ਇਹ ਤਾਂ ਰਹੀ ਇੱਕ ਦਫ਼ਤਰ ਦੀ ਮਿਸਾਲ, ਕਈ ਵਾਰੀ ਪਲਾਂਟ `ਚ ਹੀ ਕੁੱਝ ਗੜਬੜ ਹੋ ਜਾਣ ਕਾਰਨ ਪੂਰੇ ਪੂਰੇ ਸ਼ਹਿਰ ਤੇ ਕਈ ਵਾਰੀ ਪੂਰੇ ਪ੍ਰਾਂਤ ਦੀ ਸਪਲਾਈ ਵੀ ਕੁੱਝ ਸਮੇਂ ਲਈ ਅਚਾਨਕ ਬੰਦ ਹੋ ਜਾਂਦੀ ਹੈ। ਜਦਕਿ ਇਹ ਵਸਤ ਅਥਵਾ ਬਿਜਲੀ ਤਾਂ ਕਰਤੇ ਦੀ ਘੜੀ ਹੋਈ ਬੇਅੰਤ ਰਚਨਾ `ਚੋਂ ਕੇਵਲ ਇੱਕ ਮਨੁੱਖੀ ਤੇ ਤੁਛ ਜਹੀ ਕਾਢ ਹੈ। ਇਥੇ ਕੇਵਲ ਵਿਸ਼ੇ ਨੂੰ ਸਪਸ਼ਟ ਕਰਣ ਲਈ ਅਸਾਂ ਇਸ ਨੂੰ ਇੱਕ ਮਿਸਾਲ ਵੱਜੋ ਹੀ ਲਿਆ ਹੈ ਅਤੇ ਇਸ ਤੋਂ ਵਧ ਨਹੀਂ।

ਇਸ ਮਿਸਾਲ ਰਸਤੇ ਅਸਾਂ ਇਸ ਇਲਾਹੀ ਸੱਚ ਨੂੰ ਸਮਝਣਾ ਹੈ ਕਿ ਇਸੇ ਤਰ੍ਹਾਂ ਇਸ ਬੇਅੰਤ ਰਚਨਾ `ਚ ਕਰਤੇ ਦਾ ਆਪਣਾ ਵਜੂਦ, ਉਸ ਦੀ ਸਤਿਆ ਤੇ ਨੂਰ ਮੌਜੂਦ ਹੈ। ਅੰਦਾਜ਼ਾ ਲਗਾਉਂਦੇ ਦੇਰ ਨਹੀਂ ਲਗਦੀ ਕਿ ਇਸ ਮਨੁੱਖਾ ਸਰੀਰ ਵਿਚਲੀ ਪ੍ਰਭੂ ਦੀ ਆਤਮਕ ਸੱਤਾ ਨੂੰ ਵਿਸਾਰ ਕੇ ਕੇਵਲ ਇਸ ਨੂੰ ਹੀ ਸਭ ਕੁੱਝ ਮੰਨ ਲੈਣਾ। ਇਹ ਵੱਡੀ ਅਗਿਆਨਤਾ ਹੈ। ਇਸ ਤਰ੍ਹਾਂ ਜਦੋਂ ਅਜੋਕੇ ਸਾਮਵਾਦੀਆਂ ਅਥਵਾ ਕਮਿਉਨਿਸਟਾਂ ਵੱਲੋਂ ਪ੍ਰਚਾਰਿਆ ਤੇ ਮੰਨਿਆ ਹੀ ਇਹੀ ਜਾ ਰਿਹਾ ਹੁੰਦਾ ਹੈ ਕਿ ਜਨਮ-ਮਰਣ ਦੇ ਵਿਸ਼ੇ `ਤੇ ਇਸ ਸਰੀਰ ਦਾ ਅੱਗਾ ਪਿਛਾ ਹੈ ਹੀ ਕੁੱਝ ਨਹੀਂ। ਮਨੁੱਖ ਦਾ ਇਸ ਸੰਸਾਰ `ਚ ਆਉਣਾ ਤੇ ਚਲੇ ਜਾਣਾ, ਬੱਸ ਇਹੀ ਹੈ ਇਸ ਦੀ ਸਾਰੀ ਕਹਾਣੀ। ਇਥੇ ਇਸ ਤਰ੍ਹਾਂ ਉਨ੍ਹਾਂ ਵੱਲੋਂ ਗੁਰਬਾਣੀ ਰਾਹੀਂ ਮਨੁੱਖੀ ਸਮਾਨਤਾ ਤੇ ਜੀਵਨ ਨੂੰ ਸੁਆਰਣ ਦੀ ਗੱਲ ਤਾਂ ਸਮਝੀ ਜਾ ਸਕਦੀ ਹੈ ਪਰ ਉਹ ਵੀ ਮੈਂ-ਹਉਮੈ ਆਧਾਰਤ ਹੋ ਕੇ ਹੁੰਦੀ ਹੈ। ਪ੍ਰਭੂ ਦੀ ਬਖ਼ਸ਼ਿਸ਼ ਸਦਕਾ ਅਤੇ ਗੁਰਬਾਣੀ ਤੋਂ ਪ੍ਰਾਪਤ ਆਤਮਕ ਵਿਸ਼ਵਾਸ ਆਧਾਰਿਤ ਨਹੀਂ। ਇਸ ਤਰ੍ਹਾਂ ਕਿਸੇ ਗੁਰਬਾਣੀ ਗਿਆਤਾ ਨੂੰ ਸਮਝਦੇ ਦੇਰ ਨਹੀਂ ਲਗਦੀ ਕਿ ਆਖਿਰ ਉਸ ਅਜੋਕੇ ਸਾਮਵਾਦ ਤੇ ਗੁਰੂ ਦਰ ਤੋਂ ਗੁਰਬਾਣੀ ਰਾਹੀਂ ਪ੍ਰਗਟਾਏ ਸਾਮਵਾਦ `ਚ ਇਸ ਸਮੇਂ ਵੱਡਾ ਪਾੜਾ ਜਾਂ ਅੰਤਰ ਕਿੱਥੈ ਹੈ?

ਅੰਤ `ਚ ਵਾਇਦੇ ਮੁਤਾਬਕ ਸੰਗਤਾਂ ਦੇ ਗਿਆਤ ਲਈ ਇਥੇ ਅਸੀਂ “ਸਿੱਖ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਸਬੰਧੀ ਸ੍ਰੀ ਬਰਲਡ ਰਸਲ ਦੇ ਵਿਚਾਰਾਂ ਨੂੰ ਉਸ ਦੇ ਮੂਲ, ਅੰਗ੍ਰੇਜ਼ੀ ਭਾਸ਼ਾ `ਚ ਵੀ ਦੇ ਰਹੇ ਹਾਂ। ਜੋ ਇਸ ਪ੍ਰਕਾਰ ਹੈ। “We were doing great with knocking out Christianity, Judaism, Islam, Hinduism, Baha’i, even Buddhism but we have gotten very stuck with Sikhism.

........ Look instead in service to humanity. You will find “meaning” in your love for other human beings. You can experience God when you help someone who needs your help.

Why is this interesting? Because we found this religion of Sikhism to be in agreement with this! This is why we have a problem. We tried to look at their holy text (Adi Granth) but didn’t find the usual absurdities we found in the other religious books. In fact its refreshingly inspiring and very good!

Did you know that they believed in Democracy, freedom of speech, choice, expression, freedom of religion, pluralism, human rights, equality between men and women, equality of all people regardless of race, religion, caste, creed, status etc. 300 years before the existence of the USA! Theirs is the only religion which says in their religious scriptures that women are equal in every respect to men. They even had women soldiers leading armies in to battle against “you know who” (The usual suspects – Muslims!) Their history is a proud one, they fought in both World Wars. Even Hitler praised them for their bravery and Aryan heritage!

Please bear in mind that Bertrand Russell was a great philosopher and free thinker. We have been trying for weeks now to find a way to fairly and rationally criticize and find fault with this religion but have failed. We even found out that there are many people converting to this religion in the USA and Europe as well as Russia (Mostly well educated and affluent white people)”

Bertrand Russell was a great philosopher and free thinker and is said to have given Christianity (same applies to Islam and Judaism) a body blow and exposed its absurdities; but even this great man got stuck when it came to Sikhism! In fact he gave up and said “that if some lucky men survive the onslaught of the third world war of atomic and hydrogen bombs, then the Sikh religion will be the only means of guiding them.” Russell was asked that he was talking about the third world war, but isn’t this religion capable of guiding mankind before the third world war? In reply, Russell said, “Yes, it has this capability, but the Sikhs have not brought out in the broad daylight, the splendid doctrines of this religion which has come into existence for the benefit of the entire mankind. This is their greatest sin and the Sikhs cannot be freed of it.

What Bertrand was most impressed with was that Sikhism does not have a doctrine of evangelism, that it does not go out to try to subvert and convert. In some ways he thought that Sikhs should go out and propagate their great faith.

ਇਸ ਦਾ ਪੰਜਾਬੀ ਅਨੁਵਾਦ ਇਸ ਗੁਰਮੱਤ ਪਾਠ ਦੇ ਪਹਿਲੇ ਭਾਗ `ਚ ਦੇ ਚੁੱਕੇ ਹਾਂ, ਸੰਗਤਾਂ ਚਾਹੁਣ ਤਾਂ ਇਨ੍ਹਾਂ ਦਾ ਆਪਸੀ ਮਿਲਾਣ ਕਰ ਸਕਦੀਆਂ ਹਨ। #197@ IIs.06s11#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ। (ਸਮਾਪਤ)

Including this Self Learning Gurmat Lesson No 197-III

ਸਿੱਖ ਧਰਮ ਬਨਾਮ

ਕਮਿਉਨਿਜ਼ਮ ਅਥਵਾ ਸਾਮਵਾਦ (ਭਾਗ-੩)

‘ਸਿੱਖ ਧਰਮ’ ਤੇ ‘ਗੁਰੂ ਗ੍ਰੰਥ ਸਾਹਿਬ ਜੀ’ ਸਬੰਧੀ ਸ੍ਰੀ ਬਰਟਰਡ ਰਸਲ ਦੇ ਵਿਚਾਰਾਂ ਸਹਿਤ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.