.

ਏਕੋ ਧਰਮੁ ਦ੍ਰਿੜੈ ਸਚੁ ਕੋਈ॥

ਸਦੀਆਂ ਪਹਿਲਾਂ ਬਾਬੇ ਨਾਨਕ ਨੇ ਇੱਕ ਸਦ ਲਾਈ ਸੀ “ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ” ਕਿ ਕਲਜੁਗੀ ਸੁਭਾਉ ਅਨੁਸਾਰ ਰਾਜ ਸਤਾ ਜ਼ਾਲਮ ਹੋ ਗਈ ਹੈ ਇਸ ਲਈ ਧਰਮ (ਮਾਨੋ) ਖੰਭ ਲਾ ਕੇ ਉੱਡ ਗਿਆ। ਉਹਨਾ ਸਮਿਆਂ ਵਿੱਚ ਰਾਜ ਸਤਾ ਉਤੇ ਕੱਟੜਵਾਦੀ ਮਜ਼੍ਹਬ ਹਾਵੀ ਸੀ ਇਸ ਲਈ ਜਿਵੇਂ ਉਦੋਂ ਕੱਟੜਵਾਦੀ ਅਧਰਮੀਆਂ ਕਾਰਨ ਧਰਮ ਖੰਭ ਲਾਕੇ ਉੱਡ ਗਿਆ ਸੀ ਤਿਵੇ ਅੱਜ ਵੀ ਉਸੇ ਤਰਾਂ ਦੇ ਕੱਟੜਵਾਦੀਆਂ ਕਾਰਨ ਧਰਮ ਅਲੋਪ ਹੁੰਦਾ ਜਾ ਰਿਹਾ ਹੈ ਤੇ ਉਸ ਦੀ ਜਗ੍ਹਾ ਮਜ਼੍ਹਬ ਦੀਆਂ ਫੋਕੀਆਂ (ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੀਆਂ) ਛਿੱਲੜਾਂ (ਸੰਪਰਦਾਵਾਂ ਤੇ ਧੜੇਬੰਦੀਆਂ ਦੇ ਰੂਪ) ਨੇ ਮਲ ਲਈ। ਮਜ਼੍ਹਬ ਇੱਕ ਕੱਟੜਵਾਦੀ ਸੰਪ੍ਰਦਾ ਹੈ ਜੋ ਮਨੁੱਖਤਾ ਵਿੱਚ ਵੰਡੀਆਂ ਪਾਉਂਦੀ ਹੈ ਤੇ ਧਰਮ ਮਨ ਦੀ ਸਾਧਨਾ ਹੈ ਜੋ ਮਨੁੱਖਤਾ ਨੂੰ ਇਕੋ ਭਾਈਚਾਰੇ ਵਿੱਚ ਪਰੋਣ ਦੀ ਸਮਰੱਥਾ ਰੱਖਦਾ ਹੈ। ਜਿਵੇਂ ਕਾਗਜ਼ ਦੇ ਨਕਲੀ ਫੁੱਲਾਂ ਦਾ ਰੰਗ ਰੂਪ ਤਾਂ ਅਸਲੀ ਫੁੱਲਾਂ ਵਾਂਗ ਹੀ ਹੁੰਦਾ ਹੈ ਪਰ ਉਹਨਾਂ ਵਿੱਚ ਕੋਈ ਖੁਸ਼ਬੂ ਨਹੀ ਹੁੰਦੀ ਤਿਵੇਂ ਕਹਿਣ ਵੇਖਣ ਨੂੰ ਤਾਂ ਮੌਜੂਦਾ ਧਰਮਾਂ ਦੇ ਨਾਮ ਤੇ ਚਲ ਰਹੇ ਮਜ਼੍ਹਬਾਂ ਦੀਆਂ ਰੀਤਾਂ ਰਸਮਾਂ ਤੇ ਕਰਮ ਕਾਂਡ ਧਰਮ ਦਾ ਪ੍ਰਭਾਵ ਪਾਉਂਦੇ ਹਨ ਪਰ ਵਿਚੋਂ ਧਰਮ ਵਾਂਗ ਗੁਣਾਂ ਦੀ ਖੁਸ਼ਬੂ ਕੋਈ ਨਹੀ। ਗੁਰਦੁਆਰਿਆਂ, ਡੇਰਿਆਂ, ਠਾਠਾਂ ਤੇ ਟਕਸਾਲਾਂ ਦਾ ਸਾਰਾ ਜ਼ੋਰ ਇਹਨਾਂ ਕਰਮ ਕਾਂਡਾਂ ਦੀਆਂ ਫੋਕੀਆਂ ਛਿੱਲੜਾਂ ਨੂੰ ਹੀ ਸਵਾਰਨ ਵਿੱਚ ਲੱਗਾ ਹੋਇਆ ਹੈ। ਅਸਲੀ ਫੁੱਲ ਦੀ ਖੁਸ਼ਬੂ ਨੂੰ ਛੱਡ ਕੇ ਨਕਲੀ (ਮਹਿਕ ਰਹਿਤ ਕਾਗਜ਼ ਦੇ) ਫੁੱਲਾਂ ਨੂੰ ਹੀ ਸੁੰਘੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੇ ਮਹਿਕਦੇ ਪੰਥ (ਰਾਹ) ਨੂੰ ਛੱਡ ਕੇ ਅਸ਼ਲੀਲਤਾ ਭਰੇ ਗ੍ਰੰਥ ਦੇ ਮਗਰ ਲੱਗ ਗਏ ਹਨ। ਅਸਲੀ ਫੁੱਲ (ਗੁਰੂ) ਨੂੰ ਛੱਡ ਕੇ ਨਕਲੀ ਤੇ ਬੁਸੇ ਫੁੱਲ (ਧਰਮ ਤੋਂ ਅੰਨ੍ਹੇ ਆਗੂਆਂ, ਅਖੌਤੀ ਸਾਧਾਂ, ਸੰਤਾਂ, ਬ੍ਰਹਿਮ ਗਿਆਨੀਆਂ ਤੇ ਬਾਬਿਆਂ) ਦੇ ਢਹੇ ਚੜ੍ਹ ਕੇ ਆਪਣੀ ਮਿਹਨਤ ਦੀ ਕਮਾਈ ਨੂੰ ਅਜਾਈਂ ਫੁਕੀ ਜਾਂਦੇ ਹਨ ਤੇ ਆਪਣੇ ਜੀਵਨ ਨੂੰ ਨਰਕ ਬਣਾਈ ਜਾਂਦੇ ਹਨ। ਧਰਮ ਦੀ ਵਿਆਖਿਆ ਨੂੰ ਬਦਲ ਕੇ ਬਾਹਰਲੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੇ ਹੀ ਨਿਰਭਰ ਕਰ ਦਿੱਤਾ ਗਿਆ ਹੈ ਤੇ ਇਹਨਾਂ ਦੀ ਕੱਟੜਤਾ ਹੀ ਆਪਸ ਵਿੱਚ ਦਰਾੜਾਂ ਦਾ ਕਾਰਨ ਬਣ ਰਹੀ ਹੈ। ਉਹ ਧਰਮ ਹੀ ਕੀ ਜਿਸ ਵਿੱਚ ਪਰਾਏ ਤਾਂ ਕੀ, ਆਪਣੇ ਹੀ ਵੈਰੀ ਲੱਗਣ ਲੱਗ ਜਾਂਦੇ ਹਨ। ਅਵੱਸ਼ ਹੀ ਧਰਮ ਦੇ ਸਿਧਾਂਤ ਭੁਲਾ ਦਿੱਤੇ ਗਏ ਹਨ। ਗੁਰਬਾਣੀ ਦਾ ਕਥਨ ਹੈ ਕਿ:

ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ॥ ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਆਚਾਰੁ। (405)। ਭਾਵ: ਹੇ ਭਾਈ, ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਲੋਕ ਵੇਦਾਂ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ (ਅਤੇ ਉਹਨਾਂ ਦੇ ਦੱਸੇ ਅਨੁਸਾਰ ਮਿਥੇ ਹੋਏ) ਅਨੇਕਾਂ ਧਾਰਮਕ ਕੰਮ ਤੇ ਹੋਰ ਸਾਧਨ ਕਰਦੇ ਹਨ ਪਰ ਪਰਮਾਤਮਾ ਦਾ ਨਾਮ ਸਿਮਰਣ ਇੱਕ ਐਸਾ ਉਦਮ ਹੈ ਜੋ ਸਭਨਾਂ ਮਿਥੇ ਹੋਏ ਧਾਰਮਕ ਕਰਮ ਕਾਂਡਾਂ ਤੋਂ ਸ੍ਰੇਸ਼ਟ ਹੈ। ਥੋੜੀ ਜਿਹੀ ਸਮਝ ਰੱਖਣ ਵਾਲਾ ਵੀ ਇਹ ਸਮਝ ਸਕਦਾ ਹੈ ਕਿ ਇਕੱਲਾ ਇਕੋ ਗੁਰ ਪ੍ਰਮਾਣ ਹੀ ਧਰਮ ਦੀਆਂ ਸਭ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਖੰਡਨ ਕਰਕੇ ਨਾਮ ਸਿਮਰਨ ਦੇ ਉਦਮ ਨੂੰ ਹੀ ਸ੍ਰੇਸ਼ਟ ਧਰਮ ਕਹਿ ਰਿਹਾ ਹੈ। ਹੁਣ ਨਾਮ ਸਿਮਰਨ ਅਗਰ ਕੋਈ (ਮੂੰਹ ਨਾਲ ਕਰਨ ਵਾਲਾ) ਕਰਮ ਕਾਂਡ ਹੁੰਦਾ ਤਾਂ ਅਜੇਹੇ ਜਪਣ ਜਪਾਣ ਦੇ ਕਰਮ ਕਾਂਡ ਤਾਂ ਪਹਿਲਾਂ ਹੀ ਬਹੁਤ ਮੌਜੂਦ ਸਨ ਜਿਨ੍ਹਾਂ ਨੂੰ ਗੁਰ ਪ੍ਰਮਾਣ ਖੰਡਨ ਕਰਦੇ ਹਨ।

1) ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ॥ ਐਥੈ ਸੁਖਦਾਤਾ ਮਨਿ ਵਸੈ ਅੰਤਿ ਹੋਇ ਸਖਾਈ॥ (1087)। ਗੁਰੂ ਦੀ ਸੱਚੀ ਸਿਖਿਆ ਨੂੰ ਕਮਾਉਣਾ ਹੀ ਨਾਮ ਸਿਮਰਨ ਹੈ ਜਿਸ ਨਾਲ ਤੇਰੀ ਪ੍ਰਭੂ ਨਾਲ ਬਣਿ ਆਵੇਗੀ ਤੇ ਇਸ ਜੀਵਨ ਵਿੱਚ ਸੁਖਦਾਤਾ (ਪ੍ਰਭੂ) ਮਨ ਵਿੱਚ ਵਸੇਗਾ ਤੇ ਅੰਤ ਵੇਲੇ ਵੀ ਸਾਥੀ ਬਣੇਗਾ।

2) ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ॥ ਗੁਰਮੁਖਿ ਨਾਮੁ ਪਦਾਰਥੁ ਪਾਏ॥ (222) ਗੁਰੂ ਦੀ ਸਿਖਿਆ ਤੇ ਚੱਲ ਕੇ ਗੁਣਾਂ ਨੂੰ ਧਾਰਨ ਕਰਨਾ ਤੇ ਅਉਗਣਾਂ ਨੂੰ ਤਿਆਗਣਾ ਹੀ ਨਾਮ ਦੀ ਪ੍ਰਾਪਤੀ (ਨਾਮ ਸਿਮਰਨ) ਹੈ ਜੋ ਕੋਈ ਕਰਮ ਕਾਂਡ ਨਹੀ।

3) ਸਾਚੁ ਨਾਮੁ ਗੁਰ ਸਬਦਿ ਵੀਚਾਰਿ॥ ਗੁਰਮੁਖਿ ਸਾਚੇ ਸਾਚੈ ਦਰਬਾਰਿ॥ (355)। ਗੁਰੂ ਦੇ ਸਬਦ ਦੀ ਵੀਚਾਰ ਹੀ ਸੱਚਾ ਨਾਮ ਹੈ ਤੇ ਇਸ ਨੂੰ ਕਮਾਉਣ ਵਾਲੇ (ਗੁਰਮੁਖਿ) ਸਦਾ ਅਟੱਲ ਪ੍ਰਭੂ ਦੇ ਦਰਬਾਰ ਵਿੱਚ ਸੁਰਖਰੂ ਹੁੰਦੇ ਹਨ।

ਉਪਰੋਕਤ (ਅਤੇ ਹੋਰ ਅਨੇਕਾਂ) ਗੁਰ ਪ੍ਰਮਾਣ ਸਪਸ਼ਟ ਕਰਦੇ ਹਨ ਕਿ ਗੁਰੂ ਦੀ ਸਿਖਿਆ ਹੀ ਨਾਮ ਹੈ ਤੇ ਇਸ ਤੇ ਚੱਲਣਾ ਹੀ ਨਾਮ ਸਿਮਰਨ ਹੈ ਜੋ ਕੇ ਸਭ ਤੋਂ ਸ੍ਰੇਸ਼ਟ ਧਰਮ ਹੈ। ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮ॥ (266)। ਭਾਵ: ਸਾਰੇ ਧਰਮਾਂ ਨਾਲੋਂ ਉਤਮ ਧਰਮ ਹਰੀ ਦਾ ਨਾਮ (ਹੁਕਮ, ਗੁਰਮਤਿ, ਗੁਰਗਿਆਨ) ਜਪਣਾ (ਜਾਨਣਾ) ਤੇ ਇਸ ਨਾਲ ਉੱਚਾ ਆਚਰਨ ਬਨਾਉਣਾ ਹੈ। ਚੰਗੀ ਸਿਖਿਆ ਤੋਂ ਅਪਨਾਏ ਚੰਗੇ ਗੁਣਾਂ ਨਾਲ ਹੀ ਉੱਚਾ ਆਚਰਨ ਬਣ ਸਕਦਾ ਹੈ। ਸਗਲ ਧਰਮ ਮਹਿ ਊਤਮ ਧਰਮ॥ ਕਰਮ ਕਰਤੂਤਿ ਕੈ ਊਪਰਿ ਕਰਮ॥ (1182) ਭਾਵ: ਸਾਰੇ ਧਰਮਾਂ ਵਿਚੋਂ (ਨਾਮ ਸਿਮਰਨ ਹੀ) ਸਭ ਤੋਂ ਸ੍ਰੇਸ਼ਟ ਧਰਮ ਹੈ। ਇਹੀ ਸਭ ਤੋਂ ਉਤਮ ਕਰਮ ਹੈ। ਨਾਮ ਸਿਮਰਨ ਤੋਂ ਭਾਵ ਫਿਰ ਗੁਰੂ ਦੀ ਸਿਖਿਆ ਤੇ ਚਲਣਾ ਹੀ ਹੈ। ਗੁਰਮਤਿ ਧਰਮੁ ਧੀਰਜੁ ਹਰਿ ਨਾਇ॥ ਨਾਨਕ ਨਾਮੁ ਮਿਲੈ ਗੁਣ ਗਾਇ॥ (225)। ਭਾਵ: ਜਿਹੜਾ ਮਨੁੱਖ ਗੁਰੂ ਦੀ ਸਿਖਿਆ ਧਾਰਨ ਕਰਦਾ ਹੈ, ਉਹ ਬੜੇ ਧੀਰਜ ਵਾਲਾ ਹੋ ਜਾਂਦਾ ਹੈ ਤੇ ਇਹੀ ੳੱਚਾ ਧਰਮ ਹੈ। ਹੇ ਨਾਨਕ, ਗੁਰੂ ਦੀ ਸਿਖਿਆ ਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਤੇ ਜੀਵ ਪਰਮਾਤਮਾ ਦੀ ਸਿਫਤਿ ਸਾਲਾਹ ਕਰਦਾ ਹੈ। ਗੁਰੂ ਦੀ ਸਿਖਿਆ ਨੂੰ ਮਨ ਨੇ ਧਾਰਨ ਕਰਨਾ ਹੈ ਇਸ ਲਈ ਧਰਮ ਕੋਈ ਬਾਹਰਲਾ ਕਰਮ ਕਾਂਡ ਨਹੀ ਹੋ ਸਕਦਾ, ਇਹ ਗੁਰਬਾਣੀ ਦੁਆਰਾ ਮਨ ਦੀ ਸਾਧਨਾ ਹੀ ਹੈ। ਮਨ ਦੀ ਸਾਧਨਾ ਕਿਉਂਕਿ ਕਠਨ ਹੁੰਦੀ ਹੈ ਇਸ ਲਈ ਧਰਮ ਨੂੰ ਕਮਾਉਣ ਦੀ ਸੌਖੀ ਕਾਢ ਕੱਢ ਲਈ ਗਈ। ਧਰਮ ਨੂੰ ਬਾਹਰਲੀਆਂ ਫਜ਼ੂਲ ਰੀਤਾਂ ਰਸਮਾ, ਕਰਮ ਕਾਂਡਾਂ ਤੇ ਬਿਨਸਨਹਾਰ ਆਕਾਰਾਂ ਤੇ ਨਿਰਭਰ ਕਰਕੇ ਧਰਮ ਕਮਾਉਣ ਦਾ ਸੌਖਾ ਰਾਹ ਲੱਭ ਲਿਆ। ਜਿੱਥੇ ਪਹਿਲਾਂ ਆਪਣੇ ਆਪ ਨੂੰ ਧਰਮੀ ਅਖਵਾਉਣ ਤੋਂ ਹਰ ਕੋਈ ਸੰਕੋਚ ਕਰਿਆ ਕਰਦਾ ਸੀ ਕਿਉਂਕਿ ਇਹ ਹਉਮੈ ਦਾ ਪ੍ਰਗਟਾਵਾ ਸਮਝਿਆ ਜਾਂਦਾ ਸੀ, ਉਥੇ ਅੱਜ ਹਰ ਕੋਈ ਆਪਣੇ ਆਪ ਤੇ ਧਰਮ ਦਾ ਲੇਬਲ ਲਾਈ ਬੈਠਾ ਹੈ ਕਿਉਂਕਿ ਇਸ ਨਾਲੋਂ ਸੌਖਾ ਕੰਮ ਹੋਰ ਕੋਈ ਹੈ ਹੀ ਨਹੀ। ਸਬੂਤ ਵਜੋਂ, ਧਰਮ ਦੀ ਵਾਂਗ ਡੋਰ ਵੀ ਅੱਜ ਉਹ ਅਧਰਮੀ ਲੋਕ ਸੰਭਾਲੀ ਬੈਠੇ ਹਨ ਜਿਨ੍ਹਾਂ ਨੂੰ ਆਪਣੇ ਗੁਰੂ ਦੀ ਵੀ ਸੂਝ ਨਹੀ, ਗੁਰੂ ਦੀ ਸਿਖਿਆ ਜਾਂ ਧਰਮ ਦੀ ਗਲ ਤਾਂ ਇੱਕ ਪਾਸੇ ਰਹੀ। ਧਰਮ ਅੰਦਰੂਨੀ ਮਨ ਦੀ ਸਾਧਨਾ ਤੇ ਨਿਰਭਰ ਹੋਣ ਦੇ ਨਾਤੇ ਨਿਜੀ ਹੈ ਤੇ ਇਹ ਸੰਗਠਨ ਨਹੀ ਹੋ ਸਕਦਾ ਪਰ ਅਜ ਇਸਨੂੰ ਕਿਉਂਕਿ ਬਾਹਰਲੀਆਂ ਰੀਤਾਂ, ਰਸਮਾਂ, ਕਰਮ ਕਾਂਡਾਂ ਤੇ ਆਕਾਰਾਂ ਤੇ ਨਿਰਭਰ ਕਰ ਦਿੱਤਾ ਹੈ ਇਸ ਲਈ ਇਹ ਵੀ (ਦੂਜੇ ਮਜ਼ਬੀ ਧੜਿਆਂ ਵਾਂਗ) ਇੱਕ ਸੰਪਰਦਾ ਦਾ ਰੂਪ ਧਾਰਨ ਕਰ ਚੁੱਕਾ ਹੈ। ਗੁਰ ਫੁਰਮਾਨ ਸੁਚੇਤ ਕਰਦਾ ਹੈ: ਮੰਨੈ ਮਾਰਗਿ ਠਾਕ ਨ ਪਾਇ॥ ਮੰਨੈ ਪਤਿ ਸਿਉ ਪਰਗਟ ਜਾਇ॥ ਮੰਨੈ ਮਗੁ ਨ ਚਲੈ ਪੰਥੁ॥ ਮੰਨੈ ਧਰਮ ਸੇਤੀ ਸਨਬੰਧੁ॥ (3)। ਭਾਵ: ਜੇ ਮਨੁੱਖ ਦਾ ਮਨ ਨਾਮ ਵਿੱਚ ਪਤੀਜ ਜਾਏ ਤਾਂ ਜ਼ਿੰਦਗੀ ਦੇ ਸਫਰ ਵਿੱਚ ਵਿਚਾਰ ਆਦਿਕ ਦੀ ਕੋਈ ਰੋਕ ਨਹੀ ਪੈਂਦੀ, ਉਹ ਸੰਸਾਰ ਵਿੱਚ ਸੋਭਾ ਖੱਟ ਕੇ ਇਜ਼ਤ ਨਾਲ ਜਾਂਦਾ ਹੈ। ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ, ਉਹ ਫਿਰ (ਦੁਨੀਆਂ ਦੇ ਵਖੋ ਵੱਖਰੇ ਮਜ਼ਬਾਂ ਦੇ ਦੱਸੇ) ਰਸਤਿਆਂ ਤੇ ਨਹੀ ਤੁਰਦਾ। ਇਸ ਲਈ ਗੁਰਬਾਣੀ ਤੇ ਚੱਲੇ ਬਿਨਾ ਧਰਮ ਨਾਲ ਸਿੱਧਾ ਨਾਤਾ ਨਹੀ ਜੁੜ ਸਕਦਾ। ੜਾੜਾ ੜਾੜਿ ਮਿਟੈ ਸੰਗਿ ਸਾਧੂ॥ ਕਰਮ ਧਰਮ ਤਤੁ ਨਾਮ ਆਰਾਧੂ॥ (260)। ਭਾਵ: (ਮਨੁੱਖ ਦੇ ਅੰਦਰੋਂ ਹਉਮੈ ਦੇ ਕੰਡੇ ਦੀ) ਚੋਭ ਗੁਰੂ (ਗੁਰਬਾਣੀ) ਦੀ ਸੰਗਤ ਨਾਲ ਹੀ ਮਿਟਦੀ ਹੈ ਤੇ ਇਹੀ ਹਰੀ ਨਾਮ ਦਾ ਸਿਮਰਨ ਹੈ ਜੋ ਸਾਰੇ ਧਾਰਮਿਕ ਕਰਮਾਂ ਦਾ ਨਿਚੋੜ ਹੈ। ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ॥ ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ॥ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ॥ (379)। ਭਾਵ: ਜੇ ਕੋਈ ਮਨੁੱਖ (ਹੋਰਨਾ ਨੂੰ ਵਖਾਉਣ ਲਈ) ਅਨੇਕਾਂ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕਰਮ ਕਰਦਾ ਹੋਵੇ ਪਰ ਸਿਰਜਣਹਾਰ ਪ੍ਰਭੂ ਨਾਲ ਸਾਂਝ ਨਾਂ ਪਾਏ, ਜੇ ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ਼ ਕਰਦਾ ਰਹੇ ਪਰ ਆਪਣਾ ਧਾਰਮਿਕ ਜੀਵਨ ਨਾ ਬਣਾਏ ਤੇ ਪਰਮਾਤਮਾ ਦੀ ਸਿਫਤਿ ਸਾਲਾਹ ਦੀ ਬਾਣੀ ਦੀ ਸਾਰ ਨਾ ਸਮਝੇ ਤਾਂ ਉਹ ਖਾਲੀ ਹੱਥ ਜਗਤ ਵਿੱਚ ਆਉਂਦਾ ਹੈ ਤੇ ਖਾਲੀ ਹੱਥ ਹੀ ਤੁਰ ਜਾਂਦਾ ਹੈ (ਉਸਦੇ ਇਹ ਵਖਾਵੇ ਦੇ ਧਾਰਮਿਕ ਕਰਮ ਵਿਅਰਥ ਹੀ ਜਾਂਦੇ ਹਨ, ਜਿਵੇਂ ਹਾਥੀ (ਇਸ਼ਨਾਨ ਕਰਕੇ ਫਿਰ ਆਪਣੇ ਉਤੇ) ਮਿੱਟੀ ਪਾ ਲੈਂਦਾ ਹੈ। ਗੁਰੂ ਤਾਂ ਇਹ ਕਹਿ ਰਿਹਾ ਹੈ ਕਿ ਵਖਾਵੇ ਦੇ ਧਰਮ ਕਰਮ ਵਿਅਰਥ ਹਨ ਤੇ ਕਿਸੇ ਕੰਮ ਨਹੀ ਆਉਣ ਵਾਲੇ ਪਰ ਮੌਜੂਦਾ ਧਰਮ, ਲੋਕ ਪਚਾਰੇ (ਵਖਾਵੇ) ਤੋਂ ਬਿਨਾ ਹੋਰ ਹੈ ਹੀ ਕੁਛ ਨਹੀ। ਜਿਸ ਚਰਾਗ (ਗੁਰਬਾਣੀ) ਨੇ ਅਗਿਆਨਤਾ ਦੇ ਅੰਧੇਰੇ ਵਿੱਚ ਗਿਆਨ ਦਾ ਚਾਨਣ ਕਰ ਕੇ ਧਰਮ ਨੂੰ ਉਜਾਗਰ ਕਰਨਾ ਸੀ ਉਸ ਨੂੰ ਤਾਂ ਨਿਕਾਲਾ ਦੇ ਦਿੱਤਾ ਹੈ। ਭੁੱਲ ਗਏ ਉਹ ਕਬੀਰ ਜੀ ਦੇ ਬਚਨ:

ਕਬੀਰ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪ॥ (1372)। ਜਿਥੇ ਗੁਰ-ਗਿਆਨ (ਗੁਰਬਾਣੀ ਵੀਚਾਰ) ਹੀ ਨਹੀ ਉਥੇ ਧਰਮ ਕਿਵੇਂ ਹੋ ਸਕਦਾ ਹੈ? ਜਿਥੇ ਮੋਹ ਮਾਇਆ ਤੇ ਲੋਭ ਦਾ ਵਾਸਾ ਹੋਵੇ ਉਥੇ ਆਤਮਕ ਮੌਤ ਅਵੱਸ਼ ਹੋਵੇਗੀ ਤੇ ਜਿਥੇ ਮਨ ਦਾ ਆਨੰਦ ਹੈ ਉਥੇ ਪਰਮਾਤਮਾ ਆਪ ਵਸਦਾ ਹੈ। ਧਰਮ ਅਸਥਾਨਾਂ ਦੀ ਵਿਸ਼ੇਸ਼ਤਾ ਹੀ ਗੁਰਬਾਣੀ ਕਾਰਨ ਹੈ ਕਿਉਂਕਿ ਗੁਰਬਾਣੀ ਤੇ ਚਲ ਕੇ ਗੁਣਾਂ ਨੂੰ ਧਾਰਨ ਕਰਨਾ ਹੀ ਅਸਲ ਧਰਮ ਹੈ ਪਰ ਜਿੱਥੇ ਰੀਤਾਂ ਰਸਮਾ ਤੇ ਕਰਮ ਕਾਂਡਾਂ ਤੇ ਵਿਕਾਰਾਂ ਦਾ ਵਾਸਾ ਹੋ ਜਾਵੇ, ਉਥੋਂ ਧਰਮ ਪਰ ਲਾ ਕੇ ਉਡੇਗਾ ਨਹੀ ਤਾਂ ਵਿਚਾਰਾ ਕੀ ਕਰੇਗਾ? ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੇ ਪਰਧਾਨ ਵੇ ਲਾਲੋ॥ (722)। ਜਿਨ੍ਹਾ ਧਰਮ ਅਸਥਾਨਾਂ ਵਿੱਚ ਕੂੜ ਪਰਧਾਨ ਬਣ ਬੈਠੇ ਹੋਵੇ ਉਥੇ ਵਿਚਾਰੇ ਧਰਮ ਦਾ ਕੀ ਕੰਮ? ਆਪਣੀ ਪ੍ਰਤਿੱਸ਼ਟਾ ਲਈ ਬਾਹਰਲੇ ਧਰਮ ਵਖਾਵਿਆਂ ਤੇ ਲੋਕਾ-ਚਾਰੀ ਲਈ ਕੀਤੇ ਧਾਰਮਿਕ ਕਰਮ ਕਾਂਡਾਂ ਨੇ ਨਾ ਕਿਸੇ ਦਾ ਕੁੱਝ ਸਵਾਰਿਆ ਹੈ ਤੇ ਨਾ ਹੀ ਸਵਾਰਨਾ ਹੈ। ਗੁਰ ਫੁਰਮਾਨ ਹੈ: ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ (747)। ਵਖਾਵੇ ਦੇ ਧਰਮ ਕਰਮ ਜੋ ਵੀ ਲੋਕ ਕਰਦੇ ਦਿਸਦੇ ਹਨ ਉਹਨਾਂ ਨੂੰ ਮਸੂਲੀਆ ਜਮ ਲੁਟ ਲੈਂਦਾ ਹੈ, ਭਾਵ ਫਜ਼ੂਲ ਹਨ। ਅੰਨ੍ਹੇ ਅਗਿਆਨੀ ਆਗੂਆਂ ਦਾ ਹੱਥ ਫੜ ਕੇ ਚੱਲਣ ਨਾਲ ਰਸਤੇ ਵਿੱਚ ਆਏ ਖੂਹ ਵਿੱਚ ਡਿੱਗਣਾਂ ਤਾਂ ਅਵੱਸ਼ ਹੋਵੇਗਾ। ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਿਗ ਸੋਈ॥ (1188) ਭਾਵ: ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਇਕੋ ਧਰਮ, ਪ੍ਰਭੂ ਦਾ ਨਾਮ ਸਿਮਰਨ (ਗੁਰਬਾਣੀ ਤੇ ਚਲਣਾ) ਪੱਕਾ ਕਰ ਲੈਂਦਾ ਹੈ ਉਹ ਗੁਰੂ ਦੀ ਸਿਖਿਆ ਤੇ ਚਲਦਿਆਂ ਸਦਾ ਲਈ ਅਡੋਲ ਹੋ ਜਾਂਦਾ ਹੈ। ਹਰ ਧਰਮ ਵਿੱਚ ਮਨੁੱਖ ਧਰਮੀ ਹੋਣ ਦੇ ਦਿਖਾਵੇ ਲਈ ਕਿਸੇ ਨਾ ਕਿਸੇ ਮਿਥੇ ਬਾਹਰਲੇ ਧਾਰਮਿਕ ਚਿੰਨਾਂ (ਨਿਸ਼ਾਨੀਆਂ) ਦਾ ਪ੍ਰਗਟਾਵਾ ਕਰਦਾ ਹੈ ਜੋ ਗੁਰਮਤਿ ਅਨੁਸਾਰ ਪ੍ਰਵਾਨ ਨਹੀ ਅਤੇ ਜੋ ਚਿੰਨ (ਸ਼ਿੰਗਾਰ) ਗੁਰਮਤਿ ਅਨੁਸਾਰ ਕਬੂਲ ਹਨ ਉਹ ਇਸ ਨੂੰ ਪਹਿਨਣੇ ਬੜੇ ਕਠਨ ਲਗਦੇ ਹਨ। ਗੁਰ ਫੁਰਮਾਨ ਹੈ:

ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ॥ ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ॥ (812)। ਹੁਣ ਇਹ ਤਿੰਨੇ ਚਿੰਨ, ਗੁਣ, ਨਿਸ਼ਾਨੀਆਂ ਜਾਂ ਸ਼ਿੰਗਾਰ ਅੰਦਰੂਨੀ ਹੋਣ ਕਾਰਨ ਇਹਨਾਂ ਦਾ ਪ੍ਰਗਟਾਵਾ ਨਹੀ ਹੋ ਸਕਦਾ ਇਸ ਲਈ ਇਹਨਾਂ ਦੀ ਵਰਤੋਂ ਹੀ ਤਿਆਗ ਦਿੱਤੀ ਗਈ। ਦਿਖਾਵੇ ਦੀ ਦੁਨੀਆਂ ਵਿੱਚ ਜੋ ਧਾਰਮਿਕ ਚਿੰਨ ਦਿਖਾਏ ਹੀ ਨਹੀ ਜਾ ਸਕਦੇ, ਭਲਾ ਉਹਨਾ ਦੇ ਪਹਿਨਣ ਦਾ ਕੀ ਲਾਭ? ਇਹ ਕਦ ਸਮਝ ਆਵੇਗੀ ਕਿ ਦਿਖਾਵਾ ਹਉਮੈ ਦਾ ਪ੍ਰਗਟਾਵਾ ਹੈ। ਗੁਰੂ ਨੂੰ ਤਾਂ ਧਰਮ ਦੇ ਕੇਵਲ ਅੰਦਰੂਨੀ ਚਿੰਨ (ਗੁਣ) ਹੀ ਪ੍ਰਵਾਨ ਹਨ। ਸੋਚਣਾ ਪਵੇਗਾ ਕਿ ਗੁਰੂ ਸਾਹਿਬਾਨ ਤੇ ਭਗਤਾਂ ਨੂੰ ਕਿਹੜੇ ਧਰਮ ਦੇ ਚਿੰਨਾਂ ਕਾਰਨ (ਧਰਮੀ) ਗੁਰੂ ਪ੍ਰਵਾਨ ਕੀਤਾ ਗਿਆ ਹੈ? ਗੁਰੂ ਨੇ ਆਦੇਸ਼ ਦਿੱਤਾ ਹੈ ਕਿ ਜੇ ਧਰਮ ਦਾ ਚਿੰਨ (ਸ਼ਿੰਗਾਰ) ਪਾਉਣਾ ਹੀ ਹੈ ਤਾਂ ਫੇਰ ਇਸ ਹਲਕੇ ਜਿਹੇ ਚਿੰਨ ਬਾਰੇ ਤੇਰਾ ਕੀ ਖਿਆਲ ਹੈ? ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ॥ ਭਾਣੈ ਚਲੈ ਸਤਿਗੁਰੂ ਕੈ ਅੇਸਾ ਸੀਗਾਰੁ ਕਰੇਇ॥ (311) ਭਾਵ: (ਜੀਵ ਇਸਤ੍ਰੀ) ਗਉੜੀ ਰਾਗਣੀ ਦੁਆਰਾ ਤਾਂ ਹੀ ਚੰਗੇ ਲੱਛਣਾਂ ਵਾਲੀ ਹੋ ਸਕਦੀ ਹੈ ਜੇ ਪ੍ਰਭੂ ਪਤੀ ਨੂੰ ਹਿਰਦੇ ਵਿੱਚ ਵਸਾਏ, ਸਤਿਗੁਰੂ ਦੇ ਭਾਣੇ ਵਿੱਚ ਤੁਰੇ, ਇਹੋ ਜਿਹਾ ਸ਼ਿੰਗਾਰ (ਚਿੰਨ) ਪਹਿਨੇ। ਮਨੁੱਖ ਆਪਣੀਆਂ ਦਲੀਲਾਂ ਨਾਲ ਭਾਵੇਂ ਲੱਖ ਹੁੱਜਤਾਂ ਡਾਹ ਲਵੇ ਪਰ ਗੁਰੂ ਦਾ ਫੈਸਲਾ ਅਟੱਲ ਹੈ: ਸਗਲ ਸੀਗਾਰ ਕਰੇ ਨਹੀ ਪਾਵੈ॥ ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ॥ (801) ਭਾਵ: (ਮਾਇਆ ਵੇੜਿਆ ਜੀਵ ਭਾਵੇਂ ਬਾਹਰਲੇ ਧਾਰਮਿਕ ਭੇਖ ਆਦਿਕ ਦੇ) ਸਾਰੇ ਸ਼ਿੰਗਾਰ ਕਰਦਾ ਫਿਰੇ, ਚਿੰਨ ਪਹਿਨਦਾ ਫਿਰੇ, ਫਿਰ ਭੀ ਉਹ ਪਰਮਾਤਮਾ ਨੂੰ ਨਹੀ ਮਿਲ ਸਕਦਾ। ਜਦੋਂ ਪਰਮਾਤਮਾ ਆਪ ਜੀਵ ਉੱਤੇ ਦਇਆਵਾਨ ਹੁੰਦਾ ਹੈ ਤਾਂ (ਉਸਨੂੰ) ਗੁਰੂ (ਗੁਰਬਾਣੀ, ਗੁਰਗਿਆਨ, ਗੁਰਸਿਖਿਆ) ਮਿਲਾਂਦਾ ਹੈ। ਮਨੁੱਖ ਤੇ ਪਰਮਾਤਮਾ ਦੀ ਦਇਆਲਤਾ ਉਦੋਂ ਹੀ ਮੰਨੀ ਜਾਂਦੀ ਹੈ ਜਦੋ ਮਨੁੱਖ ਪ੍ਰਭੂ ਮਿਲਾਪ ਲਈ ਉਦਮ ਕਰਦਾ ਹੈ। ਸੋ, ਧਰਮ ਕੋਈ ਬਾਹਰਲੇ ਕਰਮ ਕਾਂਡਾਂ, ਵੇਸਾਂ ਜਾਂ ਚਿੰਨਾਂ ਦਾ ਵਿਖਾਵਾ ਨਹੀ ਬਲਿਕੇ ਗੁਰਮਤਿ ਦੁਆਰਾ ਗੁਣਾਂ ਨੂੰ ਧਾਰਨ ਕਰਕੇ ਜੀਵਨ ਜਿਉਣ ਦੀ ਸਹੀ ਜੁਗਤ ਹੈ। ਨਿਰੰਕਾਰ ਨਾਲ ਨਾਤਾ ਜੋੜਨ ਲਈ ਆਕਾਰਾਂ ਨਾਲੋਂ ਨਾਤਾ ਤੋੜਨਾ ਹੀ ਪਵੇਗਾ, ਭਾਵ ਆਕਾਰਾਂ ਦੀ ਪਕੜ ਛੱਡਣੀ ਹੀ ਪਵੇਗੀ। ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ॥ ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਾਵਾਰੁ॥ (1091)। ਭਾਵ: (ਅਸਲ ਗਲ ਇਹ ਹੈ ਕਿ) ਨਾਮ ਸਿਮਰਨਾ (ਗੁਰਮਤਿ ਅਨੁਸਾਰ ਚੱਲਣਾ) ਹੀ ਜਗਤ ਵਿੱਚ ਪਵਿੱਤ੍ਰ ਕੰਮ ਹੈ, ਹੋਰ ਜੋ ਕੁੱਝ ਦਿਸ ਰਿਹਾ ਹੈ (ਇਸਦਾ ਆਹਰ) ਮੈਲ ਹੀ ਪੈਦਾ ਕਰਦਾ ਹੈ। ਹੇ ਨਾਨਕ, ਜੋ ਨਾਮ ਨਹੀ ਸਿਮਰਦੇ ਉਹ ਮੂਰਖ ਨੀਵੇਂ ਜੀਵਨ ਵਾਲੇ ਹੋ ਕੇ ਆਤਮਕ ਮੌਤ ਸਹੇੜਦੇ ਹਨ। ਪਰ ਮਨੁੱਖ ਨੇ ਤਾਂ ਆਪਣੀ ਅਗਿਆਨਤਾ ਕਾਰਨ ਧਰਮ ਨੂੰ ਇੱਕ ਗੋਰਖ ਧੰਧਾ ਹੀ ਬਣਾ ਦਿੱਤਾ ਹੈ। ਧਰਮ ਨੂੰ ਇੱਕ ਵਾਪਾਰ ਦਾ ਅੱਡਾ ਹੀ ਬਣਾ ਲਿਆ ਹੈ। ਕੈਸੀ ਅਗਿਆਨਤਾ ਹੈ ਕਿ ਮਾਇਆ ਬਦਲੇ (ਬਿਨਾ ਸਮਝੇ) ਕਰਾਏ ਰਸਮੀ ਪਾਠ, ਕਥਾ, ਕੀਰਤਨ, ਅਰਦਾਸਾਂ ਆਦਿਕ, ਜਿਨ੍ਹਾ ਦਾ ਧਰਮ ਨਾਲ ਕੋਈ ਵਾਸਤਾ ਹੀ ਨਹੀ, ਨਾਲ ਨਾਂ ਤਾਂ ਦੁਨਿਆਵੀ ਕਾਰਜ ਹੀ ਰਾਸ ਹੋ ਸਕਦੇ ਹਨ ਤੇ ਨਾ ਹੀ ਆਤਮਕ ਪਰ ਫੇਰ ਵੀ ਇਹਨਾਂ ਤੇ ਬੇਅੰਤ ਮਾਇਆ ਪਾਣੀ ਵਾਙੂੰ ਰ੍ਹੋੜੀ ਜਾ ਰਹੀ ਹੈ। ਗੁਰੂ ਤਾਂ ਇਸ ਲੁੱਟ ਤੋਂ ਬਚਾਉਣਾ ਚਹੁੰਦਾ ਹੈ:

ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ॥ ਪੂਰੈ ਗੁਰਿ ਸਭ ਸੋਝੀ ਪਾਈ॥ ਐਥੈ ਅਗੈ ਹਰਿ ਨਾਮੁ ਸਖਾਈ॥ (230)। ਭਾਵ: ਹੇ ਭਾਈ, ਇਸ ਮਨੁੱਖਾ ਜਨਮ ਨੂੰ ਸਫਲ ਕਰਨ ਵਾਸਤੇ ਧਰਮ ਨੂੰ ਜਾਣੋ। ਗੁਰੂ ਦੀ ਸ਼ਰਨ ਪਿਆਂ ਇਹ ਸੂਝ ਮਿਲਦੀ ਹੈ ਕਿ ਲੋਕ ਤੇ ਪ੍ਰਲੋਕ ਵਿੱਚ ਪਰਮਾਤਮਾ ਦਾ ਨਾਮ ਹੀ ਅਸਲ ਸਾਥੀ ਹੈ। ਸਪਸ਼ਟ ਹੈ ਕਿ ਜਿਸਨੁੰ ਰੀਤਾਂ ਰਸਮਾਂ, ਕਰਮ ਕਾਂਡਾਂ, ਬਾਹਰਲੇ ਵੇਸਾਂ ਤੇ ਚਿੰਨਾਂ ਤੇ ਨਿਰਭਰ ਕਰਕੇ ਮਨੁੱਖ ਧਰਮ ਸਮਝੀ ਬੈਠਾ ਹੈ ਉਹ ਅਸਲ ਵਿੱਚ ਗੁਰਮਤਿ ਅਨੁਸਾਰ ਧਰਮ ਨਹੀ, ਬਲਿਕੇ ਮਜ਼ਬੀ ਧੜਾ ਜਾਂ ਸੰਪਰਦਾ ਹੈ॥ ਗੁਰੂ ਦੀ ਸਿਖਿਆ (ਗੁਰਬਾਣੀ, ਗੁਰਗਿਆਨ) ਦੁਆਰਾ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਆਪਣੇ ਤੇ ਹੋਰਨਾਂ ਦੇ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਤ ਬਨਾਉਣ ਦੀ ਜਾਚ ਹੀ ਅਸਲ ਇਕੋ ਵਿਸ਼ਵ ਧਰਮ ਹੈ ਜਿਸ ਦੇ ਕਲਾਵੇ ਵਿੱਚ ਸਮੂਹ ਮਨੁੱਖਤਾ ਆ ਜਾਂਦੀ ਹੈ। ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ॥ (366)। ਪਰਮਾਤਮਾ ਦਾ ਆਸਰਾ ਹੀ ਨਾਨਕ ਦਾ ਪੱਖ ਤੇ ਧਰਮ ਹੈ ਜਿਸਦੀ ਬਰਕਤ ਨਾਲ ਸਾਰੀ ਸ੍ਰਿਸਟੀ ਨੂੰ ਜਿਤਿਆ ਜਾ ਸਕਦਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.