.

ੴਸਤਿਨਾਮ

ਗਿਆਨ ਬਨਾਮ ਨਫਰਤ ਈਰਖਾ ਨਿੰਦਾ ਹੰਕਾਰ ਕ੍ਰੋਧ ਝੂਠ

ਪਹਿਲੇ ਇੱਕ ਦੋ ਗੱਲਾਂ, ਪਿਛਲੇ ਹਫਤੇ ਵਾਲੇ ਲੇਖ ਦੇ ਵਿਸ਼ੇ ਨਾਲ ਸਬੰਧਿਤ ਕਰ ਲਈਏ, ਜੋ ਸਾਡੀ ਬਣ ਚੁੱਕੀ ਸੋਚ ਦੇ ਉਲਟ ਹਨ।

ਗੁਰੂ ਨਾਨਕ ਦੀ ਉਸਤਤ ਕੌਣ ਨਹੀਂ ਕਰਦਾ, ਜਾਂ ਕੌਣ ਨਹੀਂ ਕਰਨਾਂ ਚਾਹੁੰਦਾ, ਪਰ ਕਸੇ ਨੂੰ ਵੀ ਗੁਰੂ ਨਾਨਕ ਦੀ ਉਸਤਤ ਕਰਨੀਂ ਨਹੀਂ ਆਉਂਦੀ। ਕੋਈ ਵੀ ਗੁਰੂ ਨਾਨਕ ਦੀ ਉਸਤਤ ਨੂੰ ਨਹੀਂ ਜਾਣਦਾ।

ਗੁਰੂ ਨਾਨਕ ਜੀ, ਦੁਨੀਆਂ ਦੇ ਦੁੱਖ ਦੂਰ ਕਰਨ ਵਾਸਤੇ ਆਏ ਸਨ, ਸਾਨੂੰ ਭੁੱਲਿਆਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਆਏ ਸਨ, ਰੱਬ ਨਾਲ ਮਿਲਾਉਣ ਵਾਸਤੇ ਆਏ ਸਨ। ਇਥੋਂ ਤੱਕ ਜਾਂ ਅਜੇਹੀਆਂ ਗੱਲਾਂ ਤਾਂ ਸਾਰੇ ਹੀ ਠੀਕ ਲਿਖਦੇ ਹਨ। ਪਰ ਇਸ ਤੋਂ ਅਗੇ, ਕੋਈ ਲਿਖਦਾ ਹੈ, ਉਹ ਇਸ ਸੰਸਾਰ ਨੂੰ ਬੇਗਮ ਪੁਰਾ ਬਨਾਉਣ ਵਾਸਤੇ ਆਏ ਸਨ, ਸਾਨੂੰ ਜੀਵਨ ਜਾਚ ਸਖਾਉਣ ਵਾਸਤੇ ਆਏ ਸਨ, ਗਰੀਬਾਂ ਮਜਲੂਮਾਂ ਦੇ ਹੱਕਾਂ ਦੀ ਰਾਖੀ ਵਾਸਤੇ ਆਏ ਸਨ, ਉਹਨਾਂ ਨੇਂ ਫਲਾਣੇਂ ਫਲਾਣੇਂ ਦੇ ਵਰੁੱਧ ਆਵਾਜ਼ ਉਠਾਈ, ਜਾਂ ਗੁਰੂ ਜੀ ਫਲਾਣੇਂ ਦੇ ਵਰੁੱਧ ਆਵਾਜ ਉਠਾਉਣ ਵਾਸਤੇ ਆਏ ਸਨ। ਇਹ ਸੱਭ ਗੱਲਾਂ ਗਲਤ ਹਨ।

ਉਹਨਾਂ ਦਾ ਕੋਈ ਵਿਰੋਧੀ ਨਹੀਂ ਸੀ, ਅਤੇ ਨਾਂ ਹੀ ਉਹ ਕਿਸੇ ਦੇ ਵਰੁੱਧ ਸਨ। ਅਤੇ ਨਾਂ ਹੀ ਉਹ ਕੋਈ ਐਸਾ ਦੁਨਿਆਵੀ ਇਨਕਲਾਬ ਲਿਆਉਣ ਵਾਸਤੇ ਆਏ ਸਨ, ਜੈਸਾ ਕੇ ਅਸੀਂ ਸਮਝਦੇ ਹਾਂ। (ਹਾਂ ਗਿਆਨ ਦਾ ਇੱਕ ਅਨੋਖਾ ਦੀਪਕ ਜਰੂਰ ਜਗਾਇਆ ਹੈ ਉਹਨਾਂ ਨੇਂ, ਜਿਸ ਦੇ ਸਾਹਮਣੇਂ ਅਸੰਖਾਂ ਸੂਰਜ ਵੀ ਸ਼ਰਮਿੰਦਾ ਹਨ। ਪਰ ਦੀਪਕ ਦਾ ਕੀ ਦੋਸ਼, ਅਸੀਂ ਚਮਗਿੱਦੜ ਗਿਆਨੀਂ ਹਾਂ) ਅਜੇਹਾ ਲਿਖ ਕੇ ਕੋਈ ਵੀ ਲਿਖਾਰੀ, ਸੱਭ ਗਲਤ ਅਤੇ ਝੂਠ ਲਿਖ ਰਿਹਾ ਹੁੰਦਾ ਹੈ। ਗੁਰੂ ਨਾਨਕ ਦੀ ਤਾਰੀਫ ਕੋਈ ਨਹੀਂ ਜਾਣਦਾ।

ਜੇ ਉਹ ਕੋਈ ਇਨਕਲਾਬ ਲਿਆਉਣ ਵਾਸਤੇ ਆਏ ਸਨ, ਤਾਂ ਕਿਥੇ ਹੈ ਉਹ ਇਨਕਲਾਬ? ਜੇ ਉਹ ਇਸ ਸੰਸਾਰ ਨੂੰ ਬੇਗਮ ਪੁਰਾ ਬਨਾਉਣ ਵਾਸਤੇ ਆਏ ਸਨ, ਤਾਂ ਕਿਥੇ ਹੈ ਉਹ ਬੇਗਮ ਪੁਰਾ? ਸਾਨੂੰ ਦਿਖਾਈ ਕਿਉਂ ਨਹੀਂ ਦੇਂਦਾ, ਜਾਂ ਸਾਨੂੰ ਮਹਿਸੂਸ ਕਿਉਂ ਨਹੀਂ ਹੁੰਦਾ। ਉਹ ਕਿਹੜਾ ਸਥਾਨ ਹੈ ਜਿੱਥੇ ਉਹਨਾਂ ਨੇਂ ਬੇਗਮ ਪੁਰੇ ਦੀ ਨੀਂਹ ਰੱਖੀ ਸੀ। (ਜੋ ਕੁੱਝ ਇਸ ਵੇਲੇ ਸਾਰੀ ਸਿੱਖ ਕੌਮ ਵਿੱਚ ਵਾਪਰ ਰਿਹਾ ਹੈ, ਕੀ ਇਸ ਨੂੰ ਬੇਗਮ ਪੁਰਾ ਜਾਂ ਇਨਕਾਬ ਮੰਨ ਲਈਏ?) ਖੰਡ ਬ੍ਰਹਿਮਮੰਡ ਪਲਟ ਜਾਣ ਗੇ, ਪਰ ਗੁਰੂ ਨਾਨਕ ਦਾ ਹੁਕਮ, ਕਦੇ ਵੀ ਪਲਟ ਨਹੀਂ ਸੱਕਦਾ। ਜਾਂ ਗੁਰੂ ਨਾਨਕ ਦਾ ਕੀਤਾ ਹੋਇਆ ਕਦੇ ਮਿਟ ਨਹੀਂ ਸੱਕਦਾ। ਜੇ ਸੱਚਮੁਚ ਗੁਰੂ ਨਾਨਕ ਜੀ ਨੇਂ ਕਿਤੇ ਬੇਗਮ ਪੁਰਾ ਵਸਾਇਆ ਹੈ, ਤਾਂ ਉਹਨਾਂ ਦਾ ਵਸਾਇਆ ਹੋਇਆ ਬੇਗਮ ਪੁਰਾ ਕਦੇ ਢਹਿ ਨਹੀਂ ਸੱਕਦਾ। ਪਰ ਇਸ ਦੇ ਉਲਟ ਪ੍ਰਮਾਤਮਾਂ ਦੀ ਸਾਰੀ ਰਚਨਾਂ ਮਿਟ ਸੱਕਦੀ ਹੈ। ਵੈਸੇ ਵੀ ਪ੍ਰਮਾਤਮਾਂ ਦੀ ਸਾਰੀ ਰਚਨਾਂ ਝੂਠ ਹੈ। (ਬਾਣੀਂ ਇਸ ਨੂੰ ਝੂਠ ਕਹਿੰਦੀ ਹੈ, ਬੇਸ਼ੱਕ ਬਾਣੀਂ ਪੱੜ੍ਹ ਕੇ ਦਖ ਲਵੋ)। ਗੁਰੂ ਨਾਨਕ ਜੀ ਇਸ ਸੰਸਾਰ ਨੂੰ ਬੇਗਮ ਪੁਰਾ ਬਨਾਉਣ ਵਾਸਤੇ ਨਹੀਂ ਆਏ ਸਨ, ਪਰ ਸਾਨੂੰ ਬੇਗਮ ਪੁਰੇ ਲਿਜਾਣ ਵਾਸਤੇ ਜਰੂਰ ਆਏ ਸਨ। ਜਿਥੇ ਕਿ ਜਾਣ ਵਾਸਤੇ ਕੋਈ ਵੀ ਤਿਆਰ ਨਹੀਂ ਹੈ।

ਗੁਰੂ ਨਾਨਕ ਜੀ ਕਿਸ ਕੰਮ ਵਾਸਤੇ ਇਸ ਸੰਸਾਰ ਵਿੱਚ ਆਏ ਸਨ, ਇਹ ਕੋਈ ਨਹੀਂ ਜਾਣਦਾ। ਗੁਰੂ ਨਾਨਕ ਜੀ ਇਸ ਸੰਸਾਰ ਨੂੰ ਵਸਾਉਣ ਵਾਸਤੇ ਨਹੀਂ ਆਏ ਸਨ। ਅਸਲ ਵਿੱਚ ਉਹ ਤਾਂ ਇੱਕ ਤਰਾਂ ਨਾਲ, ਇਸ ਸੰਸਾਰ ਨੂੰ ਉਜਾੜਨ ਵਾਸਤੇ ਆਏ ਸਨ। ਜਿਉਂਦਿਆਂ ਨੂੰ ਮਾਰਨ ਆਏ ਸਨ। ਉਹ ਸਾਨੂੰ ਇਥੇ ਮਹਿਲਾਂ ਵਿੱਚ ਵਸਾਉਣ ਵਾਸਤੇ ਨਹੀਂ ਆਏ ਸਨ, ਕਬੀਰ ਕੋਠੇ ਮੰਡਪ ਹੇਤੁ ਕਰਿ ਕਾਹੇ ਮਰਹੁ ਸਵਾਰਿ॥ ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ॥ ਉਹ ਤਾਂ ਸਗੋਂ ਇਥੋਂ ਸਾਡੀਆਂ ਜੜਾਂ ਪੁੱਟਣ ਵਾਸਤੇ ਆਏ ਸਨ। (ਸਾਡੀਆਂ ਜੜਾਂ ਕਿੱਥੇ ਕਿੱਥੇ ਲਗੀਆਂ ਹੋਈਆਂ ਹਨ, ਏਨੀਂ ਕੂ ਗੱਲ ਤਾਂ ਸਾਰੇ ਸਮਝ ਹੀ ਸੱਕਦੇ ਹਨ) ਸੱਭ ਲਿਖਾਰੀ ਆਪਣੀਂ ਮਾਨ ਵਡਿਆਈ ਵਾਸਤੇ, ਗੁਰੂ ਨਾਨਕ ਦੀਆਂ ਤਰੀਫਾਂ ਦੇ ਉਲਟੇ ਪੁਲ ਬੰਨਦੇ ਹਨ।

ਅਸੀਂ ਸਾਰਾ ਕੁੱਝ ਹੀ ਗੁਰੂ ਨਾਨਕ ਦੇ ਉਪਦੇਸ਼ ਦੇ ਉਲਟ ਕਰ ਰਹੇ ਹਾਂ। ਸਾਡੀ ਮੱਤ ਉਲਟੀ ਹੈ, (ਹਰੀ ਨੇਂ ਕੀਤੀ ਹੈ) ਅਤੇ ਅਸੀਂ ਸਾਰੇ ਹੀ ਦੂਸਰਿਆਂ ਨੂੰ ਵੀ ਉਲਟੀ ਮੱਤ ਦੇ ਰਹੇ ਹਾਂ।

ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ ਅਲਕਾਇਆ॥ ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ॥ ੨॥ ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ॥ ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ॥ ੩॥ (੪੦੨)

ਗੁਰਬਾਣੀਂ ਪੱੜ੍ਹ ਕੇ ਦੇਖੀਏ ਤਾਂ ਪਤਾ ਲੱਗਦਾ ਹੈ ਗੁਰੂ ਨਾਨਕ ਦਾ ਉਪਦੇਸ਼ ਸਿਰਫ ਨਾਮ ਸ਼ਬਦ ਵਾਸਤੇ ਸੀ। ਗੁਰੂ ਅਰਜਨ ਦੇਵ ਜੀ ਮਹਾਂਰਾਜ ਫਰਮਾਉਂਦੇ ਹਨ, ਕਿ ਮਨੁੱਖ ਗੰਦ ਮੰਦ ਸੁਣ ਬਹੁਤ ਰੀਝਦਾ ਹੈ, ਪਰ ਨਾਮ ਲੈਣ ਲੱਗਿਆਂ ਇਸ ਨੂੰ ਬਹੁਤ ਅਲਕਤ ਆਉਂਦੀ ਹੈ। ਨਿੰਦਾ ਸੁਣ ਕੇ ਬਹੁਤ ਹੀ ਚਾਉ ਚੜ੍ਹਦਾ ਹੈ, ਉਲਟੀ ਗੱਲ ਬਹੁਤ ਹੀ ਚੰਗੀ ਲੱਗਦੀ ਹੈ, ਜੋ ਕੰਮ ਵਰਜਿਤ ਹਨ, ਪਰ ਧਨ ਪਰ ਤਨ ਪਰ ਤੀ ਨਿੰਦਾ ਆਦੀ ਉਹ ਕਰ ਕਰ ਕੇ, ਜਾਂ ਖਾ ਖਾ ਕੇ ਹਲਕਾ ਹੋਇਆ ਪਿਆ ਹੈ ਅਖਾਧਿ ਖਾਹਿ ਹਰਕਾਇਆ। ਝੂਠੇ ਧਰਮ ਕਮਾਉਂਦਾ ਹੈ, ਗੁਰੂ ਨਾਨਕ ਦੇ ਸੱਚ ਧਰਮ (ਸੱਚ ਉਪਦੇਸ਼) ਵਿੱਚ ਜਰਾ ਵੀ ਰੁਚੀ ਨਹੀਂ ਹੈ, ਕਿਉ ਕੇ ਸੱਚ ਇਸ ਨੂੰ ਇੱਕ ਤਰਾਂ ਨਾਲ ਛੁਤ ਦੀ ਬਿਮਾਰੀ ਲੱਗਦੀ ਹੈ, ਸੱਚ ਸੁਣ ਕੇ ਭਿੱਟਿਆ ਜਾਂਦਾ ਹੈ। ਸਤਿ ਸੁਨਤ ਛੋਹਾਇਆ।

ਪਰ ਧਨ, ਪਰ ਤਨ, ਪਰ ਤੀ ਨਿੰਦਾ, ਵੀਰੋ ਪਰਾਈ ਨਿੰਦਾ ਵੀ, ਪਰ ਤਨ ਅਤੇ ਪਰ ਧੰਨ, ਦੇ ਬਰਾਬਰ ਹੀ ਹੈ। ਬਲਕਿ ਨਿੰਦਾ ਨੂੰ ਤਾਂ ਬਾਣੀਂ ਵਿਚ, ਪਰ ਤਨ ਅਤੇ ਪਰ ਧੰਨ, ਨਾਲੋਂ ਵੀ, ਬੁਰਾ ਕਿਹਾ ਹੈ। ਅਤੇ ਨਿੰਦਕ ਬਾਰੇ ਤਾਂ ਬਾਣੀਂ ਬਹੁਤ ਹੀ ਸਖਤ ਤੋਂ ਸਖਤ ਭਾਸ਼ਾ ਵਿੱਚ ਚਿਤਾਵਨੀਂ ਦੇਂਦੀ ਹੈ। ਨਿੰਦਕ ਕੀ ਗਤਿ ਕਤਹੂ ਨਾਹਿ॥ ਆਪਿ ਬੀਜਿ ਆਪੇ ਹੀ ਖਾਹਿ॥ ਚੋਰ ਜਾਰ ਜੂਆਰ ਤੇ ਬੁਰਾ॥ ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ॥ ੩॥ ਪਾਰਬ੍ਰਹਮ ਕੇ ਭਗਤ ਨਿਰਵੈਰ॥ ਸੋ ਨਿਸਤਰੈ ਜੋ ਪੂਜੈ ਪੈਰ॥ ਆਦਿ ਪੁਰਖਿ ਨਿੰਦਕੁ ਭੋਲਾਇਆ॥ ਨਾਨਕ ਕਿਰਤੁ ਨ ਜਾਇ ਮਿਟਾਇਆ॥ ੪॥ ੧੧੪੫ ਕੀ ਇਹ ਗੁਰੂ ਨਾਨਕ ਦਾ ਉਪਦੇਸ਼ ਨਹੀਂ ਹੈ। ਜੇ ਸਿਰਫ ਗੁਰੂ ਦੀ ਏਨੀ ਗੱਲ ਹੀ ਮੰਨ ਲਈਏ ਤਾਂ, ਸਾਡੇ ਪੱਚੀ ਤੀਹ ਪ੍ਰਤੀਸ਼ਤ ਤੋਂ ਵੀ ਜਿਆਦਾ ਮਸਲੇ (ਝਗੜੇ) ਆਪੇ ਹੀ ਹੱਲ ਹੋ ਜਾਣ ਗੇ।

ਵੀਰੋ ਨਾਮ ਦਾ ਤਾਂ ਚਲੋ ਆਪਾਂ ਨੂੰ ਪਤਾ ਨਹੀਂ, ਅਤੇ ਚਲੋ ਮੰਨ ਲਿਆ ਕਿ ਸ਼ਬਦ ਦਾ ਵੀ ਆਪਾਂ ਨੂੰ ਪਤਾ ਨਹੀਂ, ਕੀ ਸਾਨੂੰ ਏਨੀਂ ਵੀ ਸਮਝ ਨਹੀਂ, ਕਿ ਨਿੰਦਾ ਕਿਸ ਨੂੰ ਕਹਿੰਦੇ ਹਨ? ? । ਕੀ ਨਿੰਦਾ ਦਾ ਮਾਇਣਾਂ ਵੀ ਕੋਈ ਨਹੀਂ ਜਾਨਦਾ? । ਅਤੇ ਮੰਨ ਲਵੋ ਕਿ ਨਾਮ ਬਾਰੇ, ਜਾਂ ਸ਼ਬਦ ਬਾਰੇ, ਗੁਰਬਾਣੀਂ (ਗੁਰੂ) ਦਾ ਕੀ ਹੁਕਮ ਹੈ, ਇਹ ਵੀ ਸਾਨੂੰ ਪਤਾ ਨਹੀਂ।

ਪਰ ਨਿੰਦਾ ਬਾਰੇ ਗੁਰਬਾਣੀਂ ਦਾ ਕੀ ਹੁਕਮ ਹੈ, ਕੀ ਸਾਨੂੰ ਇਹ ਵੀ ਨਹੀਂ ਪਤਾ? ? । ਉਂਜ ਤਾਂ ਅਸੀਂ ਆਪਣੇਂ ਆਪ ਨੂੰ ਮਹਾਂ ਗਿਆਨੀਂ ਅਤੇ ਮਹਾਂ ਪ੍ਰਚਾਰਕ ਸਮਝਦੇ ਹਾਂ। ਅਸੀਂ ਕਸਵੱਟੀ ਦੀਆਂ ਕਈ ਤਰਾਂ ਦੀਆਂ ਮਿਸਾਲਾਂ ਦੇਂਦੇ ਹਾਂ। ਹੋਰ ਹੋਰ ਗੱਲਾਂ ਨੂੰ ਗੁਰਬਾਣੀਂ ਦੀ ਕਸਵੱਟੀ ਤੇ ਪਰਖਣ ਦੀ ਗੱਲ ਕਰਦੇ ਹਾਂ, ਕੀ ਨਿੰਦਿਆ ਜਾਂ ਨਿੰਦਕ ਨੂੰ ਗੁਰਬਾਣੀਂ ਦੀ ਕਸਵੱਟੀ ਨਾਲ ਨਹੀਂ ਪਰਖਣਾਂ ਚਾਹੀਦਾ। ੯੫% ਪਰਚਾਰਕਾਂ ਦਾ ਧੰਦਾ ਨਿੰਦਾ ਦੇ ਆਸਰੇ ਟਿਕਿਆ ਹੋਇਆ ਹੈ। ਬਹੁਤੇ ਲਿਖਾਰੀਆਂ ਦੇ ਲੇਖ ਵੀ ਨਿੰਦਾ ਤੋਂ ਬਿਨਾਂ ਅਧੂਰੇ ਰਹਿ ਜਾਣ ਗੇ।

ਨੋਟ:- ਗੁਰੂਆਂ ਨੂੰ ਤਕਲੀਫਾਂ ਕਿਉਂ ਆਈਆਂ…, ਇਸ ਸਵਾਲ ਦਾ ਵਿਸ਼ਾ ਅਜੇ ਚੱਲਦਾ ਹੈ, ਅਤੇ ਚੱਲਦਾ ਹੀ ਰਹੇ ਗਾ। ਪਾਠਕ ਵੀਰ ਇਹ ਨਾਂ ਸਮਝਣ ਕੇ ਗੱਲਬਾਤ ਦਾ ਵਿਸ਼ਾ ਬਦਲ ਗਿਆ ਜਾਂ ਜਾਂਦਾ ਹੈ। ਚਾਹੇ ਲੇਖ ਦਾ ਸਿਰਲੇਖ ਵੀ ਬਦਲ ਜਾਵੇ, ਪਰ ਸਾਰੇ ਲੇਖਾਂ ਦੀ ਕੜੀ ਅਖੀਰ ਜਾਕੇ ਉਸੇ ਸਵਾਲ ਨਾਲ ਹੀ ਜੁੜੇ ਗੀ। ਇਸ ਸਾਰੇ ਗਿਆਨ ਜਾਂ ਗੁਰਬਾਣੀਂ ਦੀਆਂ ਕੜੀਆਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ। ਇਸ ਵਾਸਤੇ ਬਾਣੀਂ ਜਿੱਧਰ ਨੂੰ ਤੁਰੀ ਜਾਂਦੀ ਹੈ, ਮੈਂ ਵੀ ਪਿੱਛੇ ਪਿਛੇ ਤੁਰਿਆ ਜਾਂਦਾ ਹਾਂ। ਮੈਨੂੰ ਗੁਰਬਾਣੀਂ ਦੇ ਕਿਸੇ ਵੀ ਅੱਖਰ ਤੋਂ ਝਿਜਕ ਨਹੀਂ ਹੈ, ਜਿਵੇਂ ਕੇ ਆਮ ਲਿਖਾਰੀ ਜਾਂ ਵਿਦਵਾਨ ਪ੍ਰਚਾਰਕ ਵੀਰ ਗੁਰਬਾਣੀਂ ਤੋਂ ਝਿਜਕਦੇ ਸੰਗਦੇ ਜਾਂ ਡਰਦੇ ਹਨ। ਅਜੇਹਾ ਕਈ ਵਾਰ ਸਵਾਲ ਦੀ ਭੂਮਿਕਾ ਬੰਨਣ ਵਾਸਤੇ ਵੀ ਹੁੰਦਾ ਹੈ। ਸਵਾਲ ਜਿੰਨਾਂ ਅਹਿਮ ਜਾਂ ਵੱਡਾ ਹੋਵੇ ਗਾ, ਉਸ ਦੀ ਤਹਿ ਤੱਕ ਪਹੁੰਚਣ (ਸਮਝਣ) ਵਾਸਤੇ ਕਈ ਵਾਰ, ਬਹੁਤ ਵੱਡੀ ਭੁਮਿਕਾ ਦੀ ਲੋੜ ਹੁੰਦੀ ਹੈ। ਜਿਵੇਂ ਕਿ ਪਹਿਲੇ ਵੀ ਇੱਕ ਵਾਰ, ਦੇਦਾ ਦੇ ਲੈਦੇ ਥਕਿ ਪਾਹਿ ਦੇ ਸਹੀ ਅਰਥ ਸਮਝਣ ਵਾਸਤੇ ਕਾਫੀ ਵੱਡੀ ਭੁਮਿਕਾ ਬਨਣੀਂ ਪਈ ਸੀ। ਤੁਸੀਂ ਦੇਖੋ ਗੇ ਕਿ ਸਵਾਲ ਵਾਲਾ ਵਿਸ਼ਾ, ਅਖੀਰ ਤੱਕ ਚੱਲਦਾ ਰਹੇ ਗਾ, ਅਤੇ ਇਹ ਬਹੁਤ ਲੰਬਾ ਵਿਸ਼ਾ ਹੈ।

ਮਹਲਾ ੫॥ ਅਰੜਾਵੈ ਬਿਲਲਾਵੈ ਨਿੰਦਕੁ॥ ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ॥ ੧॥ ਰਹਾਉ॥ ਜੇ ਕੋਈ ਉਸ ਕਾ ਸੰਗੀ ਹੋਵੈ ਨਾਲੇ ਲਏ ਸਿਧਾਵੈ॥ ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ॥ ੧॥ (੩੭੩)

ਵੀਰੋ ਦੇਖ ਲਵੋ ਕਹਿਣ ਵੱਲੋਂ ਤਾਂ ਕੋਈ ਕਸਰ ਬਾਕੀ ਨਹੀਂ ਹੈ। ਕੀ ਕਿਸੇ ਦੀ ਨਿੰਦਾ ਕਰਨ ਵਾਲਾ ਅਜੇ ਵੀ ਆਪਣੇਂ ਆਪ ਨੂੰ ਗੁਰਮੁਖ ਅਤੇ ਗੁਰੂ ਨਾਨਕ ਦੇ ਉਪਦੇਸ਼ ਦਾ ਪਰਚਾਰਕ ਕਹਿ ਸੱਕਦਾ ਹੈ। ਬਾਣੀਂ ਕਹਿ ਰਹੀ ਹੈ, ਸਿਰਫ ਨਿੰਦਾ ਕਰਨ ਵਾਲੇ ਦੀ ਹੀ ਇਹ ਹਾਲਤ ਨਹੀਂ ਹੋਵੇ ਗੀ, ਜਿਹੜਾ ਵੀ ਕੋਈ ਨਿੰਦਾ ਕਰਨ ਵਾਲੇ ਦਾ ਸੰਗ (ਅਜੇਹੇ ਪ੍ਰਚਾਰਕ ਦੇ ਪ੍ਰਵਚਨ ਸੁਣੇਂ ਗਾ) ਵੀ ਕਰੇ ਗਾ, ਸੰਤਸੰਗਿ ਕਰਹਿ ਜੋ ਬਾਦੁ॥ ਤਿਨ ਨਿੰਦਕ ਨਾਹੀ ਕਿਛੁ ਸਾਦੁ॥ ੧॥ ਰਹਾਉ॥ ਉਸ ਦੀ ਵੀ ਇਹੋ ਜਿਹੀ ਹੀ ਹਾਲਤ ਹੋਵੇ ਗੀ, ਉਹ ਵੀ ਉਸ ਨਿੰਦਕ ਦੇ ਨਾਲ ਹੀ, ਫਾਹ ਮਿਲੇ ਕੱਟੇ ਵਾਂਗ ਅੜਾਵੇ ਗਾ, ਬਿਲਲਵੇ ਗਾ ਰੋਵੇ ਗਾ। ਅਤੇ ਹੋਰ ਵੀ ਅਜਗਰ ਭਾਰ ਬੇਅੰਤ ਭਾਰ ਉਸ ਦੇ ਸਿਰ ਤੇ ਚੱੜ ਜਾਂਦਾ ਹੈ, ਉਹ ਜਿਉਂਦੇ ਅੱਗ ਵਿੱਚ ਸਾੜਿਆ ਜਾਵੇ ਗਾ। ਨਿੰਦਕ ਕੀ ਗਤਿ ਕਤਹੂ ਨਾਹਿ॥ ਆਪਿ ਬੀਜਿ ਆਪੇ ਹੀ ਖਾਹਿ॥ ਨਿੰਦਕ ਦੀ ਕਿਤੇ ਵੀ ਗਤੀ ਨਹੀਂ ਹੈ, ਜੇਹੁ ਜਿਹਾ ਉਹ ਬੀਜਦਾ ਹੈ, ਉਹੋ ਜਿਹਾ ਹੀ ਉਹ ਫਲ ਪਾ ਲੈਦਾ ਹੈ। (ਅੱਜ ਤਾਂ ਭਾਵੇਂ ਉਹ ਸਮਝਦਾ ਹੈ, ਕੇ ਉਸ ਨੇਂ ਆਪਣੀਂ ਪ੍ਰਚਾਰ ਫੇਰੀ ਨੂੰ ਸਫਲ ਬਨਾਉਣ ਵਾਸਤੇ, ਜੇ ਕਿਸੇ ਦੀ ਥੋੜੀ ਜਿਹੀ ਨਿੰਦਾ ਕਰ ਵੀ ਲਈ, ਤਾਂ ਕੀ ਹੋ ਗਿਆ, ਪ੍ਰਮਾਤਮਾਂ ਬਖਸ਼ ਲਵੇ ਗਾ। ਪਰ ਪ੍ਰਮਾਤਮਾਂ ਤਾਂ ਤਿਲ ਤਿਲ ਦਾ ਹਿਸਾਬ ਲੈਂਦਾ ਹੈ। ਜਿਨਾਂ ਸਰੋਤਿਆਂ ਦੀ ਮਨ/ਹਿਰਦੇ ਰੂਪੀ ਧਰਤੀ ਵਿਚ, ਉਸ ਪ੍ਰਚਾਰਕ ਨੇਂ ਨਫਰਤ ਅਤੇ ਨਿੰਦਾ ਦਾ ਬੀ ਬੀਜਿਆ ਹੈ, ਉਹ ਬੀਜ ਅਮਰੀਕਨ ਘਾਹ ਵਾਂਗ ਫੈਲਦਾ ਹੈ, ਅਤੇ ਅੱਗੇ ਤੋਂ ਅੱਗੇ ਫੈਲਦਾ ਜਾਂਦਾ ਹੈ। ਉਸ ਦਾ ਭਾਰ ਜਾਂ ਫਲ ਵੀ ਉਸੇ ਪ੍ਰਚਾਰਕ ਨੂੰ ਮਿਲਦਾ ਹੈ।)

ਸਾਡਾ ਇੱਕ ਗਵਾਂਢੀ ਮੁਲਕ ਹੈ “ਪਾਕਿਸਤਾਨ” ਜੋ ਭਾਰਤ ਦਾ ਰਵਾਇਤੀ ਵਿਰੋਧੀ (ਦੁਸ਼ਮਣ) ਹੈ। ਉਥੇ ਜਿਆਦਾ ਤਰ ਫੋਜੀ ਹਕੂਮਤ ਜਾਂ ਡਿਟੇਟਰੀ ਰਾਜ ਰਿਹਾ ਹੈ। ਫੋਜੀ ਜਰਨੈਲਾਂ ਨੇਂ ਉਥੋਂ (ਪਾਕਿਸਤਾਨ) ਦੇ ਅਵਾਮ ਨੂੰ ਭਾਰਤ ਦੇ ਖਤਰੇ ਅਤੇ ਦੁਸ਼ਮਨੀਂ ਦਾ ਹਉਆ ਖੜਾ ਕਰ ਕੇ, ਡਰਾ ਕੇ ਅਤੇ ਗਰਮਾਂ ਗਰਮ ਬਿਆਨ ਦੇ ਕੇ, ਅਤੇ ਕਸ਼ਮੀਰ ਦਾ ਰਾਗ ਅਲਾਪ ਕੇ ਬਹੁਤ ਦੇਰ ਤੱਕ ਬੇਵਕੂਫ ਬਨਾ ਕੇ ਹਕੂਮਤ ਕੀਤੀ ਸੀ। ਜੇ ਕਦੇ ਕੋਈ ਸਿਵਲੀਆਨ ਹਕੂਮਤ ਆਈ ਵੀ ਤਾਂ ਫੋਜ ਤੋਂ ਡਰਦਿਆਂ ਉਸ ਹਕੂਮਤ ਨੇਂ ਵੀ ਫੋਜੀ ਜਰਨੈਲਾਂ ਦੀ ਭਾਸ਼ਾ ਹੀ ਬੋਲੀ ਸੀ।

ਸਾਡੇ ਧਰਮ ਆਗੂ (ਲੀਡਰ) ਅਤੇ ਬਹੁਤੇ ਵਿਦਵਾਨ ਵੀ, ਸਾਨੂੰ ਸਾਡੀ ਕੌਮ ਨੂੰ ਕੁੱਝ ਇਸ ਤਰਾਂ ਦੇ ਖਤਰਿਆਂ ਤੋਂ ਡਰਾ ਕੇ, ਮੂਰਖ ਬਨਾ ਰਹੇ ਹਨ। ਜੇ ਕੋਈ ਸੁਹਿਰਦ ਵਿਦਵਾਨ ਸੱਚ ਦੀ ਗੱਲ ਕਰਦਾ ਵੀ ਹੈ। ਤਾਂ, ਬਾਕੀ ਸਾਰੇ ਵਿਦਵਾਨ ਪਾਕਿਸਤਾਨ ਦੇ ਫੋਜੀ ਜਰਨੈਲਾਂ ਦੀ ਤਰਾਂ ਆਪਣੇਂ ਮੋਰਚੇ ਖ੍ਹੋਲ ਲੈਂਦੇ ਹਨ। ਭੜਕਾਉ ਬਿਆਨ, ਲਲਕਾਰੇ, ਨਿੰਦਾ ਅਤੇ ਦੂਸ਼ਣਬਾਜੀ ਦੇ ਆਸਰੇ ਗੁਰਮਤਿ ਨੂੰ ਬਚਾਉਣ ਵਾਸਤੇ ਸਾਰਾ ਜੋਰ ਲਾ ਦੇਂਦੇ ਹਨ।

ਵਪਾਰੀ ਟਾਈਪ ਪ੍ਰਚਾਰਕਾਂ ਨੇਂ ਸਾਡੀ ਨਬਜ ਪਛਾਣ ਲਈ ਹੋਈ ਹੈ, ਕਿ ਆਮ ਸਰੋਤਾ ਗੰਦ ਮੰਦ ਜਾਂ ਨਿੰਦਾ ਸੁਣ ਕੇ ਬਹੁਤ ਰੀਝਦਾ ਹੈ। ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ ਉਲਟੀ ਅਤੇ ਭੜਕਾਉ ਗੱਲ ਇਹਨਾਂ ਨੂੰ ਬਹੁਤ ਚੰਗੀ ਲੱਗਦੀ ਹੈ। ਜੈਸਾ ਗਾਹਕ ਹੁੰਦਾ ਹੈ, ਸਿਆਣਾਂ ਵਪਾਰੀ ਉਹੋ ਜਿਹਾ ਮਾਲ ਵੇਚ/ਵਿਖਾ ਦੇਂਦਾ ਹੈ।

ਜਿਹੜਾ ਵਿਦਵਾਨ ਜਾਂ ਪ੍ਰਚਾਰਕ ਨਿੰਦਾ ਦੀ ਪਰੀਭਾਸ਼ਾ ਹੀ ਨਹੀਂ ਜਾਣਦਾ, ਠੇਠ ਪੰਜਾਬੀ ਵਿੱਚ ਨਿੰਦਾ ਬਾਰੇ ਗੁਰਬਾਣੀਂ ਦਾ ਫੈਸਲਾ ਜਾਂ ਹੁਕਮ ਹੀ ਨਹੀਂ ਸਮਝ ਸੱਕਦਾ ਜਾਂ ਨਹੀਂ ਮੰਨ ਸਕਦਾ। ਉਹ ਚਮਗਿੱਦੜ ਵਾਂਗ ਸੱਚ ਦੇ ਦੀਪਕ ਨੂੰ ਨਹੀਂ ਵੇਖ ਸੱਕਦਾ। ਉਸ ਨੂੰ ਗੁਰੂ ਨਾਨਕ ਦੇ ਸੱਚ ਦਾ ਹੋਰ ਕੀ ਗਿਆਨ ਹੋਵੇ ਗਾ। ਅਤੇ ਉਹ ਦੂਸਰਿਆਂ ਨੂੰ ਕੀ ਗਿਆਨ ਦੇਵੇ ਗਾ।

ਕਿਸੇ ਇੱਕ ਛੋਟੇ ਬੱਚੇ ਨੂੰ ਜਦ ਸਕੂਲ ਵਿੱਚ ਦਾਖਲ ਕਰਵਾਇਆ ਗਿਆ, ਤਾਂ ਟੀਚਰ ਨੇਂ ਬੱਚੇ ਨੂੰ ਫਲਾਂ ਦੇ ਅੰਗਰੇਜੀ ਵਿੱਚ ਨਾਮ ਸਿਖਾਉਣੇਂ ਛੁਰੂ ਕੀਤੇ। ਟੀਚਰ ਨੇਂ (ਤਜਰਬੇ ਦੇ ਤੌਰ ਵੀ ਕਹਿ ਸੱਕਦੇ ਹਾਂ) ਸੰਤਰੇ ਦੇ ਫਲ ਨੂੰ ਐਪਲ ਕਹਿਣਾਂ ਸਿਖਾਇਆ, ਅਤੇ ਸੇਬ ਨੂੰ ਔਰੇਂਜ ਕਹਿਣਾਂ ਸਿਖਾਇਆ। ਬਚਾ ਜਦ ਪੜ੍ਹ ਕੇ ਘਰ ਆਇਆ ਤਾਂ ਮਾਤਾ ਨੇਂ ਬੱਚੇ ਨੂੰ ਕਿਹਾ, “ਜਾਉ ਬੇਟਾ ਰਸੋਈ ਵਿਚੋਂ ਐਪਲ ਲੈ ਕੇ ਆਉ” ਤਾਂ ਬੱਚਾ ਰਸੋਈ ਵਿਚੋਂ ਸੰਤਰਾ ਚੁੱਕ ਕੇ ਲੈ ਆਇਆ। ਕਿਉਂ ਕੇ ਉਸਨੂੰ ਸੰਤਰੇ ਦਾ ਨਾਮ ਐਪਲ ਪੜ੍ਹਾਇਆ ਗਿਆ ਸੀ। (ਜਿਵੇਂ ਕੇ ਅੱਜ ਅਸੀਂ ਗੁਰਮਤਿ, ਸਿੱਖ ਅਤੇ ਸਿਖਾ ਰਹੇ ਹਾਂ)

ਅਸੀਂ ਵੀ ਕਦੇ ਬੱਚੇ ਸੀ, ਸਾਡੇ ਵਢੇ ਵਢੇਰੇ ਵੀ ਕਦੇ ਬੱਚੇ ਸਨ। ਅੱਜ ਦਾ ਉੱਘਾ ਵਿਦਵਾਨ ਵੀ ਕਦੇ ਬੱਚਾ ਸੀ, ਅਤੇ ਅੱਜ ਦਾ ਇਹ ਉੱਘਾ ਵਿਦਵਾਨ, ਜਿੰਨ੍ਹਾਂ ਵਿਦਵਾਨਾਂ ਦੀਆਂ ਖੋਜਾਂ ਅਤੇ ਕਿਤਾਬਾਂ ਪੜ੍ਹ ਕੇ ਵਿਦਵਾਨ ਬਣਿਆਂ ਹੈ, ਉਹ ਵਿਦਵਾਨ ਵੀ ਕਦੇ ਬੱਚੇ ਸਨ।

ਪੀੜੀ ਦਰ ਪੀੜੀ ਸੱਭ ਨੇਂ ਹੀ ਸੰਤਰੇ ਨੂੰ ਐਪਲ ਕਹਿਣਾਂ ਸਿੱਖਿਆ ਹੋਇਆ ਹੈ। ਅਤੇ ਅਗੋਂ ਹੁਣ ਅਸੀਂ ਵੀ ਆਪਣੇਂ ਬੱਚਿਆਂ ਅਤੇ ਵਿਦਿਆਰਥੀਆਂ ਨੂੰ ਵੀ, ਸੰਤਰੇ ਨੂੰ ਐਪਲ ਕਹਿਣਾਂ ਹੀ ਸਿਖਾ ਰਹੇ ਹਾਂ। ਭਾਵ ਸੱਭ ਕੁੱਝ ਬਾਣੀਂ ਦੇ ਉਲਟ, ਸਿੱਖ ਵੀ ਰਹੇ ਹਾਂ, ਸਿਖਾ ਵੀ ਰਹੇ ਹਾਂ, ਤੇ ਕਰ ਵੀ ਰਹੇ ਹਾਂ, । ਪੀੜੀ ਦਰ ਪੀੜੀ ਗਿਆਨ ਦਾ ਇਹ ਉਲਟਾ ਬ੍ਰਿਛ ਹੋਰ ਵੀ ਵੱਡਾ ਹੋ ਰਿਹਾ ਹੈ।

ਬਾਕੀ ਸੱਭ ਗੱਲਾਂ (ਪਰ ਧਨ, ਜਾਂ ਪਰ ਤਨ, ਅਤੇ ਹੋਰ ਵੀ) ਤਾਂ ਛੱਡੋ, ਕੀ ਕਦੇ ਕਿਸੇ ਨੇਂ, (ਪਰਚਾਰਕ ਨੇਂ) ਪਰਾਈ ਨਿੰਦਾ ਨੂੰ ਤਿਆਗਣ ਦੀ ਗੱਲ ਕੀਤੀ, ਸੋਚੀ ਜਾਂ ਮੰਨੀਂ ਹੈ? ? । ਬਾਕੀ ਗੁਨਾਹਾਂ ਵਿੱਚ ਤਾਂ ਕੋਈ ਸੁਖ ਸਵਾਦ ਮਿਲਦਾ ਹੋਵੇ ਗਾ, ਨਿੰਦਾ ਵਿਚੋਂ ਕੀ ਮਿਲਦਾ ਹੈ, ਨਿੰਦਾ ਇੱਕ ਬੇ ਲੱਜਤ ਗੁਨਾਹ, ਅਤੇ ਸੱਭ ਤੋਂ ਬੱਜਰ ਪਾਪ ਹੈ। ਫਿਰ ਵੀ (ਪਰ ਤਨ, ਨਾਲੋ ਵੀ ਬੁਰੇ) ਇਸ ਗੁਨਾਹ ਨੂੰ, ਸਾਰੇ ਹੀ ਬਹੁਤ ਉਤਸ਼ਾਹ ਨਾਲ ਕਰਦੇ ਹਨ।

ਆਮ ਕਰਕੇ ਜੇ ਸਾਰੇ ਨਹੀਂ ਤਾਂ, ਬਹੁਤੇ ਵਿਦਵਾਨਾਂ ਤੇ ਪ੍ਰਚਾਰਕਾਂ ਦੇ ਪੱਤਰਾਂ/ਲੇਖਾਂ ਦਾ ਵਿਸ਼ਲੇਸ਼ਣ ਕਰ ਕੇ, ਇੱਕ ਸਾਂਝਾ ਵਿਚਾਰ, ਜਾਂ ਗਿਆਨ ਜਾਂ ਕੋਈ ਸਿੱਟਾ ਕੱਢਿਆ ਜਾਵੇ, ਤਾਂ ਗੁਰਮਤਿ ਗਿਆਨ ਦੇ ਨਵੇਂ ਸਿਖਿਆਰਥੀਆਂ ਨੂੰ ਕੀ ਮਿਲੇ ਗਾ, ਮਿਲੇਗਾ ਸਿਰਫ ਨਫਰਤ, ਈਰਖਾ, ਕਰੋਧ, ਹੰਕਾਰ, ਨਿੰਦਾ, ਅਤੇ ਝੂਠ ਦੇ ਗਿਆਨ ਦੇ ਫੁੱਲਾਂ ਦੀ ਸੌਗਾਤ।

ਨਿੰਦਕੁ ਐਸੇ ਹੀ ਝਰਿ ਪਰੀਐ॥ ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ॥ ੧॥ ਰਹਾਉ॥ ਜਉ ਦੇਖੈ ਛਿਦ੍ਰੁ ਤਉ ਨਿੰਦਕੁ ਉਮਾਹੈ ਭਲੋ ਦੇਖਿ ਦੁਖ ਭਰੀਐ॥ ਆਠ ਪਹਰ ਚਿਤਵੈ ਨਹੀ ਪਹੁਚੈ ਬੁਰਾ ਚਿਤਵਤ ਚਿਤਵਤ ਮਰੀਐ॥ ੧॥ ਨਿੰਦਕੁ ਪ੍ਰਭੂ ਭੁਲਾਇਆ ਕਾਲੁ ਨੇਰੈ ਆਇਆ ਹਰਿ ਜਨ ਸਿਉ ਬਾਦੁ ਉਠਰੀਐ॥ ੮੨੩

ਵਿਦਵਾਨ ਗਿਆਨੀਆਂ ਦੀ ਅੱਖ ਇੱਲ ਵਾਂਗ ਬਹੁਤ ਬਹੁਤ ਤੇਜ ਹੈ। ਉਹ ਛੋਟੀ ਤੋਂ ਛੋਟੀ ਮੋਰੀ ਵਿਚੋਂ ਵੀ ਨਿੰਦਾ ਵਾਸਤੇ ਸਮਗਰੀ ਕੱਢ/ਭਾਲ ਲੈਂਦਾ ਹੈ। ਜਉ ਦੇਖੈ ਛਿਦ੍ਰੁ ਤਉ ਨਿੰਦਕੁ ਉਮਾਹੈ (ਪਰ ਭਲਾ ਦੇਖ ਕੇ ਚਮਗਿੱਦੜ ਵਾਂਗ ਅੱਖਾਂ ਚੁੰਧਿਆ ਜਾਂਦੀਆਂ ਹਨ) ਭਲੋ ਦੇਖਿ ਦੁਖ ਭਰੀਐ। ਬਹੁਤ ਦੁਖੀ ਹੁੰਦਾ ਹੈ। ਅੱਠੇ ਪਹਿਰ ਬੁਰਾ ਹੀ ਬੁਰਾ ਸੋਚਦਾ ਸੋਚਦਾ ਹੈ। ਸੁਤਾ ਪਿਆ ਵੀ ਇਹੋ ਹੀ ਵਿਚਾਰਾਂ ਕਰਦਾ ਰਹਿੰਦਾ ਹੈ, ਕਿ ਵਿਰੋਧੀ ਨੂੰ ਕਿਵੇਂ ਪਟਕਾ ਮਾਰਿਆ ਜਾਵੇ, ਇਸੇ ਹੀ ਦੁੱਖ ਵਿੱਚ ਦਿਨ ਰਾਤ ਮਰ ਰਿਹਾ ਹੈ। ਪੁਰਖਿ ਨਿੰਦਕੁ ਭੋਲਾਇਆ॥ ਨਾਨਕ ਕਿਰਤੁ ਨ ਜਾਇ ਮਿਟਾਇਆ ਨਿੰਦਕ ਨੂੰ ਪ੍ਰਭੂ ਨੇਂ ਆਪ ਭੁਲਾਇਆ ਹੋਇਆ ਹੈ, (ਇਸੇ ਵਾਸਤੇ ਨਿੰਦਕ ਸਮਝਦਾ ਹੈ, ਕਿ ਉਸ ਤੋਂ ਬਿਨਾਂ ਬਾਕੀ ਸਾਰੇ ਹੀ ਭੁੱਲੇ ਹੋਇ ਹਨ)। ਹਰੀ ਦੇ ਪਿਆਰਿਆਂ ਨਾਲ ਝਗੜਾ ਕਰਦਾ ਹੈ, ਮੂਰਖ ਇਹ ਗੱਲ ਨਹੀਂ ਸੋਚਦਾ ਕਿ ਕਾਲ ਤਾਂ ਸਿਰ ਤੇ ਖਲੋਤਾ ਹੋਇਆ ਹੈ। ਨਿੰਦਕੁ ਐਸੇ ਹੀ ਝਰਿ ਪਰੀਐ॥ ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ॥ ੧॥ ਰਹਾਉ॥ ਹੇ ਭਾਈ ਨਿੰਦਕ ਦੇ ਇਹ ਲੱਛਣ ਹਨ, ਨਿੰਦਕ ਤਾਂ ਕੱਲਰ ਦੀ ਕੰਧ ਵਾਗ ਹੈ, ਕੱਲਰ ਨੂੰ ਤਾਂ ਹਵਾ ਵੀ ਉਡਾ ਲਿਜਾਂਦੀ ਹੈ। ਕੱਲਰ ਫੂਕ ਮਾਰਿਆਂ ਉੱਡ ਜਾਂਦਾ ਹੈ, ਇਸੇ ਤਰਾਂ ਨਿੰਦਕ ਕੱਲਰ ਵਾਂਗ ਝੜ ਜਾਵੇ ਗਾ।

ਕਈਆਂ ਨੇਂ ਆਮ ਹੀ ਕੰਧਾਂ ਨੂੰ ਕੱਲਰ ਲੱਗਾ ਦੇਖਿਆ ਹੋਵੇਗਾ (ਨਵੀਂ ਜਨਰੇਸ਼ਨ ਵਿਚੋਂ ਸ਼ਾਇਦ ਕਈਆਂ ਨੇਂ ਕੱਲਰ ਵਾਲੀ ਕੰਧ ਨਾਂ ਵੇਖੀ ਹੋਵੇ) ਉਸ (ਕੱਲਰ) ਨੂੰ ਤਾਂ ਛੇੜਨ ਦੀ ਵੀ ਲੋੜ ਨਹੀਂ ਪੈਂਦੀ, ਉਹ ਤਾਂ ਆਪੇ ਹੀ ਝੜ ਜਾਂਦਾ ਹੈ। ਗੁਰਬਾਣੀਂ ਦੱਸਦੀ ਹੈ, ਨਿੰਦਕ ਵੀ ਐਸਾ ਹੀ ਹੁੰਦਾ ਹੈ। ਪਿਛਲੇ ਲੇਖ ਵਿੱਚ ਆਪਾਂ ਪੜ੍ਹ ਚੁਕੇ ਹਾਂ, ਕਿ ਗੁਰੂ ਨਾਨਕ ਦੇਵ ਜੀ ਆਪਣੀਂ ਬਾਣੀਂ ਵਿੱਚ ਹਰੀ ਅਗੇ ਅਰਦਾਸ ਕਰਦੇ ਹਨ, ਕਿਹੇ ਹਰੀ ਸਾਡੇ ਤੇ ਕਿਰਪਾ ਦਾ ਹੱਥ ਰਖੋ, ਸਾਨੂੰ ਅਜੇਹੇ ਨਿੰਦਕ ਬੰਦਿਆਂ ਨਾਲ ਮੇਲਾ ਨਾਂ ਕਰਾਇਆ ਜੇ,

ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ॥ ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ॥ ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ॥ ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ॥

ਮਹਲਾ ੫॥ ਨਿੰਦਕ ਕਉ ਫਿਟਕੇ ਸੰਸਾਰੁ॥ ਨਿੰਦਕ ਕਾ ਝੂਠਾ ਬਿਉਹਾਰੁ॥ ਨਿੰਦਕ ਕਾ ਮੈਲਾ ਆਚਾਰੁ॥ ਦਾਸ ਅਪੁਨੇ ਕਉ ਰਾਖਨਹਾਰੁ॥ ੧॥ ਨਿੰਦਕੁ ਮੁਆ ਨਿੰਦਕ ਕੈ ਨਾਲਿ॥ ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ॥ ੧॥ ਰਹਾਉ॥ ਨਿੰਦਕ ਕਾ ਕਹਿਆ ਕੋਇ ਨ ਮਾਨੈ॥ ਨਿੰਦਕ ਝੂਠੁ ਬੋਲਿ ਪਛੁਤਾਨੇ॥ ਹਾਥ ਪਛੋਰਹਿ ਸਿਰੁ ਧਰਨਿ ਲਗਾਹਿ॥ ਨਿੰਦਕ ਕਉ ਦਈ ਛੋਡੈ ਨਾਹਿ॥ ੨॥ ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ॥ ਨਿੰਦਕ ਕਉ ਲਾਗੈ ਦੁਖ ਸਾਂਗੈ॥ ਬਗੁਲੇ ਜਿਉ ਰਹਿਆ ਪੰਖ ਪਸਾਰਿ॥ ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ॥ ੩॥ ਅੰਤਰਜਾਮੀ ਕਰਤਾ ਸੋਇ॥ ਹਰਿ ਜਨੁ ਕਰੈ ਸੁ ਨਿਹਚਲੁ ਹੋਇ॥ ਹਰਿ ਕਾ ਦਾਸੁ ਸਾਚਾ ਦਰਬਾਰਿ॥ ਜਨ ਨਾਨਕ ਕਹਿਆ ਤਤੁ ਬੀਚਾਰਿ॥ (੧੧੫੧)

ਨਿੰਦਕ ਨੂੰ ਸਾਰਾ ਸੰਸਾਰ ਹੀ ਬੁਰਾ ਕਹਿੰਦਾ ਹੈ, ਫਟਕਾਰਾਂ ਪਾਉਂਦਾ ਹੈ। ਨਿੰਦਕ ਖੁਦ ਵੀ ਇਸ ਗੱਲ ਨੂੰ ਮੰਨਦਾ ਹੈ, ਕਿ ਇਹ ਬੁਰਾ ਕੰਮ ਹੈ, ਪਰ ਆਦਤ ਤੋਂ ਮਜਬੂਰ ਹੈ। ਕਿਉਂ ਕੇ ਇਸ (ਨਿੰਦਾ) ਤੋਂ ਬਿਨਾਂ ਉਸ ਦਾ ਕੰਮ ਹੀ ਨਹੀਂ ਚੱਲਦਾ। ਉਹ ਨਿੰਦਾ ਦਾ ਖੱਟਿਆ ਹੀ ਖਾ ਰਿਹਾ ਹੈ। ਉਸ ਨੂੰ ਗਿਆਨ ਤਾਂ ਕੋਈ ਹੈ ਨਹੀਂ ਹੈ, ਫਿਰ ਉਹ ਹੋਰ ਕਰੇ ਵੀ ਕੀ, (ਮੋਟੀ ਜਿਹੀ ਗੱਲ ਹੈ, ਕਿ ਜੇ ਗੁਰੂ ਦੇ ਏਨਾਂ ਸਮਝਾਉਣ ਦੇ ਬਾਵਜ਼ੂਦ ਵੀ, ਇੱਕ ਪੜ੍ਹਿਆ ਲਿਖਿਆ ਪ੍ਰਚਾਰਕ, ਦੇਸ਼ਾਂ ਵਿਦੇਸ਼ਾਂ ਵਿੱਚ ਘੁਮਿਆਂ ਹੋਇਆ ਪ੍ਰਚਾਰਕ ਹੋਵੇ, ਅਤੇ ਉਸਦੇ ਦਿਮਾਗ ਵਿੱਚ ਗੁਰੂ ਦੀ ਇਹ ਏਨੀਂ ਕੂ ਗੱਲ ਵੀ ਨਾਂ ਪਵੇ। ਤਾਂ ਉਸ ਦਾ ਆਚਾਰ ਬਿਉਹਾਰ ਬੁਧ ਮੱਤ ਗਿਆਨ ਕੈਸਾ ਹੋਵੇ ਗਾ? ।) ਨਿੰਦਕ ਕਾ ਝੂਠਾ ਬਿਉਹਾਰੁ॥ ਨਿੰਦਕ ਕਾ ਮੈਲਾ ਆਚਾਰੁ

ਇਹ ਬਾਣੀਂ ਜੋ ਕਹਿ ਰਹੀ ਹੈ, ਕੀ ਇਹ ਸਾਰਾ ਗੁਰੂ ਨਾਨਕ ਦਾ ਉਪਦੇਸ਼ ਨਹੀਂ ਹੈ? । ਜਿਹੜੇ ਵੀਰ ਇਹ ਕਹਿੰਦੇ ਹਨ, ਕਿ ਉਹ ਗੁਰੂ ਨਾਨਕ ਦੇ ਉਪਦੇਸ਼ ਦਾ ਪ੍ਰਚਾਰ ਕਰ ਰਹੇ ਹਨ, ਕੀ ਉਹਨਾਂ ਦਾ ਪ੍ਰਚਾਰ (ਗਿਆਨ) ਗੁਰਬਾਣੀਂ ਤੋਂ ਉੱਚਾ ਹੈ? ? । ਕਿਉਂ ਕੇ ਉਹ ਸਾਰਾ ਹੀ ਪ੍ਰਚਾਰ ਬਾਣੀਂ ਤੋਂ ਉਲਟ ਕਰ ਰਹੇ ਹਨ। ਉਹ ਗੁਰਬਾਣੀਂ ਦਾ ਨਹੀਂ ਨਿੰਦਾ ਦਾ ਪ੍ਰਚਾਰ ਕਰ ਰਹੇ ਹਨ।) ਨਿੰਦਕੁ ਮੁਆ ਨਿੰਦਕ ਕੈ ਨਾਲਿ॥ ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ॥ ੧॥ ਰਹਾਉ॥ ਨਿੰਦਕਦੇ ਨਾਲ ਹੀ ਨਿੰਦਕ ਦਾ ਬੀ (ਜਿਹੜੇ ਨਿੰਦਕ ਦਾ ਸੰਗ ਕਰਨ ਗੇ) ਵੀ ਡੁੱਬ ਕੇ ਮਰ ਜਾਂਦਾ ਹੈ। ਪ੍ਰਮੇਸ਼ਰ ਆਪਣੇਂ ਪਿਆਰਿਆ ਨੂੰ ਆਪਣੇਂ ਪਾਸ ਰੱਖਦਾ ਹੈ, ਅਤੇ ਨਿੰਦਕ ਨੂੰ ਜਮਕਾਲ ਦੇ ਹਵਾਲੇ ਕਰ ਦੇਂਦਾ ਹੈ। (ਦੇਖਿਆ ਜਾਵੇ ਤਾਂ ਨੀਚ ਤੋਂ ਨੀਚ ਬੁਰੇ ਤੋਂ ਬੁਰਾ ਦਿੱਸਣ ਵਾਲਾ ਵੀ ਪ੍ਰਮੇਸ਼ਰ ਦਾ ਪਿਆਰਾ ਹੋ ਸੱਕਦਾ ਹੈ, ਪਰ ਨਿੰਦਕ ਨਿੰਦਕ ਹੀ ਰਹੇ ਗਾ) ਬਾਣੀਂ ਅੱਗੇ ਦੱਸਦੀ ਹੈ, ਨਿੰਦਕ ਕਾ ਕਹਿਆ ਕੋਇ ਨ ਮਾਨੈ॥ ਨਿੰਦਕ ਝੂਠੁ ਬੋਲਿ ਪਛੁਤਾਨੇ॥ ਹਾਥ ਪਛੋਰਹਿ ਸਿਰੁ ਧਰਨਿ ਲਗਾਹਿ॥ ਨਿੰਦਕ ਕਉ ਦਈ ਛੋਡੈ ਨਾਹਿ॥ ੨॥ ਕੋਈ ਵੀ ਨਿੰਦਕ ਦੇ ਕਹੇ ਨਾਂ ਲੱਗੋ, ਨਿੰਦਕ ਝੂਠਾ ਹੈ, ਇਸ ਦੀ ਸਜਾ ਅਵੱਸ਼ ਮਿਲੇ ਗੀ। ਫਿਰ ਇਹ ਮੱਥੇ ਨੂੰ ਹੱਥ ਮਾਰ ਮਾਰ ਕੇ ਪਛਤਾਵੇ ਗਾ, ਜਮੀਨ ਨੂੰ ਸਿਰ ਲਗਾ ਲਗਾ ਕੇ ਮਾਫੀਆ ਮੰਗੇ ਗਾ, ਪਰ ਨਿੰਦਕ ਨੂੰ ਪ੍ਰਮਾਤਮਾਂ ਕਦੇ ਮਾਫ ਨਹੀਂ ਕਰੇ ਗਾ, ਕਦੇ ਵੀ ਛੱਡੇ ਗਾ ਨਹੀਂ। ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ॥ ਨਿੰਦਕ ਕਉ ਲਾਗੈ ਦੁਖ ਸਾਂਗੈ॥ ਬਗੁਲੇ ਜਿਉ ਰਹਿਆ ਪੰਖ ਪਸਾਰਿ॥ ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ॥ ੩॥ ਹਰੀ ਦਾ ਦਾਸ ਆਪਣੇਂ ਨਿੰਦਕ ਦਾ ਵੀ ਭਲਾ ਹੀ ਮੰਗਦਾ ਹੈ, ਉਹ ਕਿਸੇ ਦਾ ਵੀ ਬੁਰਾ ਨਹੀਂ ਮੰਗਦਾ। ਪਰ ਨਿੰਦਕ ਨੂੰ ਐਸੇ ਐਸੇ ਦੁੱਖ ਲੱਗਣ ਗੇ, ਜਿਵੇਂ ਬਰਛੀਆਂ (ਸਾਂਗੈ) ਚੁਭਦੀਆਂ ਹਨ। ਗਿਆਨੀ ਦੇ ਚੋਲੇ ਵਾਲੇ ਨਿੰਦਕ ਦਾ ਪਾਜ, ਬਗਲੇ ਵਾਂਗ ਉਦੋਂ ਹੀ ਖੁੱਲ ਜਾਵੇ ਗਾ, ਜਦੋਂ ਉਹ (ਪ੍ਰਚਾਰ ਵਾਸਤੇ) ਕੁੱਝ ਵੀ ਬੋਲਣ ਵਾਸਤੇ ਆਪਣਾਂ ਮੁੰਹ ਖੋਲੇ ਗਾ।

ਗੁਰਬਾਣੀਂ ਵਿੱਚ ਨਿੰਦਕ ਦੇ ਪ੍ਰਥਾਇ ਅਜੇਹੇ ਹੋਰ ਵੀ ਅਨੇਕਾਂ ਹੀ ਪੂਰੇ ਦੇ ਪੂਰੇ ਸ਼ਬਦ ਹਨ। ਜਾਂ ਤਾਂ ਸਾਨੂੰ ਨਿੰਦਾ ਦੇ ਮਾਹਣੇਂ ਦਾ ਪਤਾ ਨਹੀਂ ਹੈ, ਇਸ ਵਾਸਤੇ ਅਸੀਂ ਨਿੰਦਾ ਨੂੰ ਗੁਰਮੁਖਤਾ ਸਮਝਦੇ ਹਾਂ। ਦੂਜਿਆਂ ਦੀ ਨਿੰਦਾ ਕਰਨਾਂ ਗੁਰਮੁਖ ਦਾ ਅਧਿਕਾਰ ਸਮਝਦੇ ਹਾਂ। ਅਤੇ ਜਾਂ ਫਿਰ ਅਸੀਂ ਬਾਣੀਂ ਨੂੰ ਟਿੱਚ ਸਮਝ ਕੇ, ਇਸ ਦੀ ਅਸੀਂ ਪਰਵਾਹ ਨਹੀਂ ਕਰਦੇ। ਅਤੇ ਸਮਝਦੇ ਹਾਂ ਕਿ ਗੁਰਬਾਣੀਂ ਤਾਂ ਕਿਸੇ ਸਵਾਲ ਜਾਂ ਝਗੜੇ ਦਾ ਹੱਲ ਹੀ ਨਹੀਂ ਕਰ ਸਕਦੀ, ਸ਼ਾਇਦ ਇਸ ਵਾਸਤੇ ਸਾਨੂੰ ਇਸ ਦੀ ਪ੍ਰਵਾਹ ਜਾਂ ਡਰ ਨਹੀਂ ਹੈ। ਜੇ ਗੁਰੂ ਨਾਨਕ ਦੀ ਬਾਣੀਂ ਨੂੰ ਮੰਨ ਕੇ ਝਗੜਾ ਖਤਮ ਨਹੀਂ ਹੋਣਾਂ, ਤਾਂ ਕੀ ਸਾਡੇ ਲੇਖ ਪੜ੍ਹ ਕੇ, ਜਾਂ ਸਾਡੇ ਸੁਝਾਉ ਮੰਨ ਕੇ ਝਗੜਾ ਹੱਲ ਹੋਵੇ ਗਾ? । (ਚਲਦਾ)

ਬਲਦੇਵ ਸਿੰਘ “ਚਾਕਰ”
.