.

ਇਹੁ ਵਾਪਾਰੁ ਵਿਰਲਾ ਵਾਪਾਰੈ

ਵਾਪਾਰ ਇੱਕ ਲੈਣ ਦੇਣ ਜਾਂ ਖਰੀਦਣ ਤੇ ਵੇਚਣ ਦੀ ਕਿਰਿਆ ਹੈ ਜੋ ਜ਼ਿੰਦਗੀ ਵਿੱਚ ਵਿਚਰਦਿਆਂ ਹਰ ਮਨੁੱਖ ਕਿਸੇ ਨਾ ਕਿਸੇ ਰੂਪ ਵਿੱਚ ਕਰਦਾ ਹੈ (ਸਭੁ ਕੋ ਵਣਜੁ ਕਰੇ ਵਾਪਾਰਾ॥ 1064. ਜੇਤੇ ਜੀਅ ਤੇਤੇ ਵਣਜਾਰੇ॥ 789.)। ਮਨੁੱਖ ਦੀ ਜ਼ਰੂਰਤ ਹੀ ਵਾਪਾਰ ਦੀ ਕਾਢ ਹੈ ਇਸ ਲਈ ਸਰੀਰਕ ਲੋੜਾਂ ਦੀ ਜ਼ਰੂਰਤ ਲਈ ਦੁਨਿਆਵੀ ਵਾਪਾਰ ਹੋਂਦ ਵਿੱਚ ਆਇਆ ਅਤੇ ਮਨ ਦੀ ਸ਼ਾਤੀ (ਅਨੰਦ) ਦੀ ਜ਼ਰੂਰਤ ਲਈ ਆਤਮਕ ਵਾਪਾਰ। ਦੁਨਿਆਵੀ ਵਾਪਾਰ ਸ਼ੁਰੂ ਕਰਨ ਲਈ ਪਹਿਲਾਂ ਸਰਮਾਏ (ਰਾਸ) ਦੀ ਜ਼ਰੂਰਤ ਪੈਂਦੀ ਹੈ, ਜਿਸਦੀ ਸਮਰੱਥਾ ਹਰ ਕਿਸੇ ਕੋਲ ਨਹੀ ਹੁੰਦੀ ਪਰ ਆਤਮਕ ਵਾਪਾਰ ਦਾ ਸਰਮਾਇਆ ਸਭਨਾਂ ਦੇ ਅੰਦਰ ਪਹਿਲਾਂ ਹੀ ਮੌਜੂਦ ਹੈ।

ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ॥ ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ॥ (22)। ਭਾਵ: ਪ੍ਰਭੂ ਦਾ ਨਾਮ, ਮਾਣਕ ਲਾਲ, ਰਤਨ, ਹੀਰੇ ਹਨ, ਜੋ ਹਰ ਮਨੁਖ ਦੇ ਮਨ ਅੰਦਰ ਵਸਦਾ ਹੈ। ਉਸਦਾ ਨਾਮ ਹੀ ਸੱਚੀ ਰਾਸ (ਧਨ, ਸਰਮਾਇਆ) ਹੈ ਜੋ ਹਰ ਸਰੀਰ ਵਿੱਚ ਮੌਜੂਦ ਤਾਂ ਹੈ ਪਰ ਅਗਿਆਨਤਾ ਕਾਰਨ ਮਨੁੱਖ ਉਸ ਤੋਂ ਸਾਰੀ ਉਮਰ ਬੇਖਬਰ ਹੀ ਰਹਿੰਦਾ ਹੈ। ਦੁਨਿਆਵੀ ਵਾਪਾਰ ਵਿੱਚ ਆਕਾਰ ਵਾਲੀਆਂ ਵਸਤੂਆਂ ਦਾ ਲੈਣ ਦੇਣ ਹੁੰਦਾ ਹੈ ਅਤੇ ਆਤਮਕ ਵਾਪਾਰ ਵਿੱਚ ਨਿਰਆਕਾਰ ਨਾਮ, ਗਿਆਨ ਜਾਂ ਸ਼ੁਭ ਗੁਣਾਂ (ਤਿੰਨਾਂ ਦਾ ਭਾਵ ਇਕੋ ਹੀ ਹੈ) ਦਾ ਲੈਣ ਦੇਣ ਹੁੰਦਾ ਹੈ। ਇਹ ਲੇਣ ਦੇਣ ਦੀ ਕਿਰਿਆ ਵੀ ਮਨੁੱਖ ਦੇ ਮਨ ਵਿੱਚ ਹੀ ਹੁੰਦੀ ਹੈ ਤੇ ਬਾਹਰੋਂ ਕਿਸੇ ਦਾ ਕੋਈ ਦਖਲ ਨਹੀ ਹੁੰਦਾ। ਇਸ ਵਾਪਾਰ ਵਿੱਚ ਕੇਵਲ ਮਨ ਦੀ ਸੋਚ ਦਾ ਹੀ ਬਦਲਾਉ ਹੁੰਦਾ ਹੈ। ਆਪਣੀ ਮਤਿ ਨੂੰ ਛੱਡ ਕੇ ਗੁਰਮਤਿ (ਗੁਰਬਾਣੀ) ਨੂੰ ਅਪਨਾਉਣਾ ਹੀ ਆਤਮਕ ਵਾਪਾਰ ਹੈ ਜਿਸ ਨਾਲ ਅਨੰਦ ਦਾ ਲਾਹਾ ਖੱਟਿਆ ਜਾ ਸਕਦਾ ਹੈ। ਦੁਨਿਆਵੀ ਵਾਪਾਰ ਦਾ ਲਾਹਾ ਤਾਂ ਵੇਖਿਆ ਤੇ ਛੋਹਿਆ ਵੀ ਜਾ ਸਕਦਾ ਹੈ ਪਰ ਆਤਮਕ ਵਾਪਾਰ ਦਾ ਲਾਹਾ ਨਾ ਵੇਖਿਆ ਤੇ ਨਾ ਹੀ ਛੋਹਿਆ ਜਾ ਸਕਦਾ ਹੈ। ਇਹਨਾਂ ਦੋਹਾਂ ਵਾਪਾਰਾਂ ਵਿੱਚ ਇੱਕ ਵੱਡਾ ਵਿਰੋਧਭਾਸ ਇਹ ਹੈ ਕਿ ਦੁਨਿਆਵੀ ਵਾਪਾਰ ਵਿੱਚ ਲਾਹਾ ਲੈਣ ਵਿੱਚ ਹੈ ਪਰ ਆਤਮਕ ਵਾਪਾਰ ਦਾ ਲਾਹਾ ਦੇਣ ਵਿੱਚ ਹੈ। ਦੁਨਿਆਵੀ ਵਾਪਾਰ ਲੈਣ ਦੀ ਖੱਟੀ ਤੇ ਖੜਾ ਹੈ ਪਰ ਆਤਮਕ ਵਾਪਾਰ ਦੇਣ ਦੀ ਖੱਟੀ ਤੇ ਖੜਾ ਹੈ। ਜਿਸ ਕਿਸੇ ਨੇ ਵੀ ਨਾਮ ਧਨ ਰਾਹੀਂ ਅਨੰਦ ਨੂੰ ਪ੍ਰਾਪਤ ਕੀਤਾ ਹੈ ਉਹ (ਦਇਆਵਾਨ) ਇਸ ਨੂੰ, ਬਿਨਾ ਕਿਸੇ ਕੀਮਤ, ਅੱਗੇ ਦੁੱਖੀਏ ਸੰਸਾਰ ਵਿੱਚ ਵੰਡਣ ਤੋਂ ਰਹਿ ਨਾ ਸਕਿਆ ਭਾਵੇਂ ਇਸ ਕਾਰਨ ਉਸਨੂੰ ਬੇਅੰਤ ਔਕੜਾਂ ਦਾ ਸਾਹਮਣਾ ਹੀ ਕਿਉਂ ਨਾ ਕਰਨਾ ਪਿਆ ਹੋਵੇ। ਦੁਨੀਆਂ ਨੇ ਇਹਨਾਂ ਨਾਮ ਦੇ ਵਿਰਲੇ ਵਾਪਾਰੀਆਂ ਦਾ ਵਿਰੋਧ ਕਰਨ ਵਿੱਚ ਕੋਈ ਕਸਰ ਬਾਕੀ ਨਾਂ ਛੱਡੀ। ਕਿਸੇ ਨੂੰ ਪਾਗਲ ਕਿਹਾ, ਕੁਰਾਹੀਆ ਕਿਹਾ, ਸੂਲੀ ਚਾੜ੍ਹ ਦਿੱਤਾ, ਤਸੀਹੇ ਦਿੱਤੇ, ਕਤਲ ਕੀਤਾ, ਪਰ ਉਹਨਾਂ ਨੇ ਇਹ ਵਣਜ ਨਾਂ ਛਡਿਆ ਕਿਉਂਕਿ ਇਸ ਵਾਪਾਰ ਦਾ ਲਾਹਾ ਦੇਣ ਤੇ ਖੜਾ ਹੈ ਲੈਣ ਤੇ ਨਹੀ। ਇਸ ਲਈ ਦੁਨਿਆਵੀ ਵਾਪਾਰ ਤਾਂ ਹਰ ਕੋਈ ਕਰਦਾ ਹੈ ਕਿਉਂਕਿ ਇਸਦਾ ਲਾਹਾ, ਲੈਣ ਵਿਚ, ਤੇ ਪ੍ਰਤੱਖ ਦਿਸਦਾ ਹੈ ਪਰ ਆਤਮਕ ਵਾਪਾਰ ਕੋਈ ਵਿਰਲਾ ਹੀ ਕਰਦਾ ਹੈ ਕਿਉਂਕਿ ਇਸ ਦਾ ਲਾਹਾ ਦੇਣ ਵਿੱਚ ਤੇ ਅਦ੍ਰਿਸ਼ਟ ਹੈ। ਮੋਹ ਮਾਇਆ ਵਿੱਚ ਅੰਨ੍ਹੇ ਹੋਏ ਧਰਮ ਦੇ ਅਗਿਆਨੀ ਆਗੁਆਂ ਨੇ ਅੱਜ ਧਰਮ (ਜੋ ਆਤਮਕ ਵਾਪਾਰ ਹੈ) ਨੂੰ ਵੀ ਬਦਲ ਕੇ ਇੱਕ ਦੁਨਿਆਵੀ ਵਾਪਾਰ ਹੀ ਬਣਾ ਛੱਡਿਆ ਹੈ। ਧਰਮ ਨੂੰ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਵਿੱਚ ਬਦਲ ਕੇ (ਦੁਨਿਆਵੀ ਵਾਪਾਰ ਦੀ ਤਰਾਂ) ਇਹਨਾਂ ਦੀ ਕੀਮਤ ਵਸੂਲੀ ਜਾਂਦੀ ਹੈ। ਧਰਮ ਨੂੰ ਦੁਨਿਆਵੀ ਵਾਪਾਰ ਦੀ ਮੰਡੀ ਬਣਾ ਕੇ ਰੱਖ ਦਿੱਤਾ। ਮਾਇਆ ਵੱਟੇ ਸਿਰੋਪਾਉ, ਪਾਠ, ਅਰਦਾਸ, ਲੰਗਰ ਤੇ ਕਥਾ ਕੀਰਤਨ ਦੇ ਦੁਨਿਆਵੀ ਵਾਪਾਰ ਨੂੰ ਕੀ ਧਰਮ ਆਖਿਆ ਜਾ ਸਕਦਾ ਹੈ? ਇਹ ਸੰਸਾਰ ਕਿਉਂਕਿ ਤਿੰਨਾਂ ਗੁਣਾਂ ਵਿੱਚ ਵਿਚਰਦਾ ਹੈ:

(ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ॥ 389) ਭਾਵ: ਸੰਸਾਰ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੀ ਦੌੜ ਭੱਜ ਰਿਹਾ ਹੈ) ਇਸ ਲਈ ਦੁਨਿਆਵੀ ਵਸਤੂਆਂ ਦੇ ਵਾਪਾਰ ਵਿੱਚ ਵਿਕਾਰਾਂ ਦਾ ਪੈਦਾ ਹੋ ਜਾਣਾ ਸੁਭਾਵਕ ਹੀ ਹੈ ਪਰ ਆਤਮਕ ਵਾਪਾਰ ਵਿੱਚ ਅਦ੍ਰਿਸ਼ਟ ਗਿਆਨ ਜਾਂ ਸ਼ੁਭ ਗੁਣਾਂ ਵਿੱਚ ਵਿਕਾਰਾਂ ਦਾ ਪੈਦਾ ਹੋਣਾ ਅਸੰਭਵ ਹੈ ਕਿਉਂਕਿ ਇਹ ਦੋਨੋ ਵਾਪਾਰ ਆਪਾ ਵਿਰੋਧੀ ਹਨ। ਦੁਨਿਆਵੀ ਤੇ ਦ੍ਰਿਸ਼ਟਮਾਨ ਵਸਤੂਆਂ ਦੀ ਪ੍ਰਾਪਤੀ ਲਈ ਮਨੁੱਖ ਦੀ ਰੁੱਚੀ ਬੜੀ ਪ੍ਰਬਲ ਹੈ ਪਰ ਅਦ੍ਰਿਸ਼ਟ ਗਿਆਨ ਪਦਾਰਥ ਵਲੋਂ ਇਹ ਸਦਾ ਕੰਨ ਕਤਰਾਉਂਦਾ ਹੈ ਤੇ ਇਹੀ ਕਾਰਨ ਹੈ ਕਿ ਦੁਨਿਆਵੀ ਵਾਪਾਰ ਵਿੱਚ ਤਾਂ ਇਹ ਮਾਹਰ ਹੋ ਗਿਆ ਪਰ ਆਤਮਕ ਵਾਪਾਰ ਵਿਸਰ ਗਿਆ। ਗੁਰੂ ਯਾਦ ਦਿਲਾਂਦਾ ਹੈ:

ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ॥ ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ॥ (165)। ਭਾਵ: ਜਿਹੜੇ ਵਣਜਾਰੇ ਦੁਨਿਆਵੀ ਵਾਪਾਰ ਵਿੱਚ ਪੈ ਜਾਂਦੇ ਹਨ ਉਹ ਮੋਹ ਮਾਇਆ ਦੀਆਂ ਬੇਅੰਤ ਲਹਿਰਾਂ ਵਿੱਚ ਫੱਸ ਕੇ ਦੁਖ ਸਹਾਰਦੇ ਹਨ। ਜਿਹੋ ਜਿਹੇ ਵਣਜ (ਵਾਪਾਰ) ਵਿੱਚ ਪਰਮਾਤਮਾ ਨੇ ਉਹਨਾਂ ਨੂੰ ਲਾ ਦਿੱਤਾ, ਓਹੋ ਜਿਹਾ ਵੀ ਫਲ ਉਨਾਂ ਨੇ ਪਾ ਲਿਆ। ਦੁਨਿਆਵੀ ਵਾਪਾਰ ਵਿੱਚ ਵਿਕਾਰਾਂ ਦਾ ਖਤਰਾ ਸਦਾ ਬਣਿਆ ਰਹਿੰਦਾ ਹੈ। ਕੋਈ ਵੀ ਵਣਜ ਕਰਨ ਤੋਂ ਪਹਿਲਾਂ ਇਹ ਵੀਚਾਰ ਕਰਨੀ ਬਣਦੀ ਹੈ ਕਿ ਕਿਹੋ ਜੇਹੇ ਵਣਜ ਦਾ ਲਾਹਾ ਸਦੀਵੀਂ ਸੁਖਦਾਇਕ ਹੋ ਸਕਦਾ ਹੈ ਕਿਉਂਕਿ ਆਖਿਰ ਮਨੁੱਖ ਵਾਪਾਰ ਤਾਂ ਸੁੱਖਾਂ ਦੀ ਖਾਤਰ ਹੀ ਕਰਦਾ ਹੈ। ਦੁਨਿਆਵੀ ਵਾਪਾਰ ਦਾ ਸੁੱਖ ਤਾਂ ਵਕਤੀ ਸੁੱਖ (ਥੋੜੇ ਸਮੇ ਲਈ) ਹੀ ਹੈ ਪਰ ਮਾਨਸਕ ਵਾਪਾਰ ਦਾ ਸੁੱਖ (ਅਨੰਦ) ਸਦੀਵੀ ਹੈ ਇਸ ਲਈ ਗੁਰੂ ਸੂਚਤ ਕਰਦਾ ਹੈ ਕਿ ਵਾਪਾਰ ਕਰਨ ਤੋਂ ਪਹਿਲਾਂ ਲੈਣ ਵਾਲੀ ਵਸਤੂ ਦੀ ਪਰਖ ਕਰ ਲੈਣੀ ਚਾਹੀਦੀ ਹੈ।

ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ (1410)। ਭਾਵ: ਹੇ ਸੁੰਦਰ ਨੇਤ੍ਰਾਂ ਵਾਲੀਏ ਭੋਲੀਏ ਜੀਵ ਇਸਤ੍ਰੀਏ, ਮੇਰੀ ਇੱਕ ਬਹੁਤ ਡੂੰਗੇ ਭੇਤ ਦੀ ਗਲ ਸੁਣ, ਪਹਿਲਾਂ ਖਰੀਦਣ ਵਾਲੀ ਵਸਤੂ ਨੂੰ ਪਰਖ ਕੇ ਤਦੋਂ ਉਸ ਦਾ ਵਾਪਾਰ ਕਰਨਾ ਚਾਹੀਦਾ ਹੈ। ਇਸ ਲਈ ਅਗਰ ਮਨੋਰਥ ਸਦੀਵੀ ਸੁੱਖ (ਅਨੰਦ) ਹੀ ਹੈ ਤਾਂ ਫਿਰ ਇਹ ਪਰਖ (ਜਾਣ) ਲੈਣਾ ਜ਼ਰੂਰੀ ਹੈ ਕਿ ਸੁੱਖ ਵਕਤੀ ਹੈ ਜਾਂ ਸਦੀਵੀ ਕਿਉਂਕਿ ਗੁਰੂ ਦਾ ਆਦੇਸ਼ ਹੈ ਕਿ:

ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲ॥ (23)। ਭਾਵ: ਹੇ ਵਣਜ ਕਰਨ ਆਏ ਜੀਵ ਵਣਜਾਰਿਓ, ਵਣਜ ਕਰ ਕੇ ਸੌਦਾ ਸੰਭਾਲ ਲਵੋ। ਉਹੋ ਜਿਹਾ ਸੌਦਾ ਹੀ ਖਰੀਦਣਾ ਚਾਹੀਦਾ ਹੈ ਜਿਹੜਾ ਸਦਾ ਲਈ ਸਾਥ ਨਿਭਦਾ ਹੋਵੇ। ਸੋ ਗੁਰੂ ਦੀ ਸਿਖਿਆ ਤੇ ਚਲਣ ਵਾਲਾ ਸਦਾ ਉਸੇ ਵਸਤੂ ਦਾ ਵਾਪਾਰ ਕਰੇਗਾ ਜਿਸਦਾ ਲਾਹਾ ਸਦਾ ਉਸਦੇ ਨਾਲ ਨਿਭਣ ਵਾਲਾ ਹੋਵੇ:

ਅੰਦਰਿ ਮਹਲ ਰਤਨੀ ਭਰੇ ਭੰਡਾਰਾ॥ ਗੁਰਮੁਖਿ ਪਾਏ ਨਾਮੁ ਅਪਾਰਾ॥ ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ॥ (126)। ਭਾਵ: ਮਨੁੱਖ ਦੇ ਸਰੀਰ ਵਿੱਚ (ਪਰਮਾਤਮਾ ਦੇ ਗੁਣ ਰੂਪ) ਰਤਨਾਂ ਦੇ ਖਜ਼ਾਨੇ ਭਰੇ ਪਏ ਹਨ, (ਪਰ ਇਹ ਉਸੇ ਮਨੁੱਖ ਨੂੰ ਹੀ ਲਭਦੇ ਹਨ) ਜਿਹੜਾ ਗੁਰੂ ਦੀ ਸ਼ਰਨ ਪੈ ਕੇ (ਗੁਰਸਿਖਿਆ ਤੇ ਚਲ ਕੇ) ਬੇਅੰਤ ਪ੍ਰਭੂ ਦਾ ਨਾਮ (ਹੁਕਮ) ਪ੍ਰਾਪਤ ਕਰਦਾ ਹੈ। ਗੁਰੂ ਦੀ ਸਿਖਿਆ ਤੇ ਚਲਣ ਵਾਲਾ (ਪ੍ਰਭੂ ਦੇ ਨਾਮ ਦਾ) ਵਾਪਾਰੀ ਆਤਮਕ ਗੁਣਾਂ ਦੇ ਰਤਨਾਂ ਦਾ ਵਾਪਾਰ ਕਰਦਾ ਹੈ ਤੇ ਪ੍ਰਭੂ ਨਾਮ (ਦੇ ਅਨੰਦ) ਦੀ ਖੱਟੀ ਖੱਟਦਾ ਹੈ। ਦੁਨਿਆਵੀ ਵਾਪਾਰ ਦੇ ਸੁੱਖ ਦੀ ਖੱਟੀ, ਵਕਤੀ ਹੈ ਪਰ ਮਾਨਸਕ ਵਾਪਾਰ ਦੇ ਅਨੰਦ ਦੀ ਖੱਟੀ, ਸਦੀਵੀ ਹੈ ਤੇ ਇਸੇ ਲਈ ਗੁਰੂ ਉਹਨਾਂ ਵਿਰਲੇ ਆਤਮਕ ਵਾਪਾਰੀਆਂ ਤੋਂ ਬਲਿਹਾਰੀ ਜਾਂਦਾ ਹੈ ਜੋ ਇਹ ਅਨੋਖਾ ਵਾਪਾਰ ਕਰਦੇ ਹਨ।

ਇਹੁ ਵਾਪਾਰੁ ਵਿਰਲਾ ਵਾਪਾਰੈ॥ ਨਾਨਕ ਤਾ ਕੈ ਸਦ ਬਲਿਹਾਰੈ॥ (283) ਭਾਵ: ਇਹ (ਮਾਨਸਕ) ਵਾਪਾਰ ਕੋਈ ਵਿਰਲਾ ਹੀ ਕਰਦਾ ਹੈ। ਹੇ ਨਾਨਕ, ਅਜੇਹੇ ਵਾਪਾਰ ਤੋਂ ਸਦਾ ਸਦਕੇ ਜਾਈਏ। ਇਹ ਦੋਵੇਂ ਵਾਪਾਰ ਆਪਾ-ਵਿਰੋਧੀ ਹੋਣ ਦੇ ਕਾਰਨ ਦੁਨਿਆਵੀ ਵਣਜਾਰਿਆਂ ਦੀ, ਆਤਮਕ ਵਣਜਾਰਿਆਂ ਨਾਲ ਕਦੇ ਨਹੀ ਨਿਭਦੀ ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥ (145)। ਮਨੁੱਖ ਸਦਾ ਇਹੀ ਸਮਝਦਾ ਹੈ ਕਿ ਕੇਵਲ ਦੁਨਿਆਵੀ ਪਦਾਰਥਾਂ ਨਾਲ ਹੀ ਸਦੀਵੀ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਲਈ ਉਸ ਦੀ ਰਾਤ ਦਿਨ ਦੀ ਦੌੜ ਇਹਨਾਂ ਪਦਾਰਥਾਂ ਲਈ ਹੀ ਹੈ ਪਰ ਗੁਰੂ ਸਦਾ ਹੀ ਸੁਚੇਤ ਕਰਦਾ ਹੈ ਕਿ:

ਸੁਖੁ ਨਾਹੀ ਬਹੁਤੈ ਧਨਿ ਖਾਟੇ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ॥ ਸੁਖੁ ਨਾਹੀ ਬਹੁ ਦੇਸ ਕਮਾਏ॥ ਸਰਬ ਸੁਖਾ ਹਰਿ ਹਰਿ ਗੁਣ ਗਾਏ॥ (1147)। ਭਾਵ: ਹੇ ਭਾਈ, ਬਹੁਤਾ ਧਨ ਖੱਟਣ ਨਾਲ ਸਦੀਵੀ ਸੁੱਖ (ਆਤਮਕ ਅਨੰਦ) ਨਹੀ ਮਿਲਦਾ, ਨਾਟਕਾਂ ਦੇ ਨਾਚ ਵੇਖਿਆਂ ਵੀ ਅਨੰਦ ਨਹੀ ਮਿਲਦਾ, ਬਹੁਤੇ ਦੇਸਾਂ ਨੂੰ ਜਿੱਤ ਲੈਣ ਵਿੱਚ ਵੀ ਅਨੰਦ ਪਰਾਪਤ ਨਹੀ ਹੁੰਦਾ ਪਰ ਪਰਮਾਤਮਾ ਦੀ ਸਿਫਤਿ ਸਾਲਾਹ ਕੀਤਿਆਂ ਸਾਰੇ ਸੁੱਖ (ਅਨੰਦ) ਪ੍ਰਾਪਤ ਹੋ ਜਾਂਦੇ ਹਨ। ਪ੍ਰਭੂ ਦੀ ਸਿਫਤਿ ਸਾਲਾਹ ਉਸਦੇ ਭਾਣੇ ਵਿੱਚ ਚੱਲਣਾ ਹੀ ਹੈ “ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ॥” (100)। ਇਸ ਲਈ, ਸੁੱਖ (ਅਨੰਦ) ਦੀ ਪ੍ਰਾਪਤੀ ਲਈ ਦੁਨਿਆਵੀ ਵਾਪਾਰ ਵਿੱਚ ਰੁੱਝ ਜਾਣਾ ਇਸ ਦੀ ਵੱਡ੍ਹੀ ਭੁੱਲ ਹੈ। ਇਸ ਤੋਂ ਇਹ ਭਾਵ ਬਿਲਕੁਲ ਨਹੀ ਕਿ ਦੁਨਿਆਵੀ ਵਾਪਾਰ ਕਰਨਾ ਕੋਈ ਬੁਰਾ ਕਰਮ ਹੈ ਪਰ, ਇਸਨੂੰ ਜ਼ਿੰਦਗੀ ਦਾ ਇਕੋ ਇੱਕ ਮਨੋਰਥ ਬਣਾ ਕੇ, ਇਸ ਦੇ ਲੋਭ ਮੋਹ ਜਾਂ ਹੰਕਾਰ ਵਿੱਚ ਪੈ ਜਾਣਾ ਮੋਹ ਮਾਇਆ ਦੇ ਜਾਲ ਵਿੱਚ ਫਸਣਾ ਹੀ ਹੈ।

ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ॥ ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ॥ (570)। ਭਾਵ: ਹੇ ਭਾਈ, ਮਾਇਆ ਦਾ ਮੋਹ ਨਿਰਾ ਦੁਖ ਹੀ (ਪੈਦਾ ਕਰਦਾ) ਹੈ, (ਨਿਰੀ ਮਾਇਆ ਦੀ ਖਾਤਰ ਦੌੜ ਭੱਜ) ਆਤਮਕ ਜੀਵਨ ਵਿੱਚ ਘਾਟਾ ਪਾਉਣ ਵਾਲਾ ਵਾਪਾਰ ਹੈ। ਝੂਠ ਬੋਲਣ ਦੀ ਜ਼ਹਿਰ ਖਾਣ ਨਾਲ ਮਨ ਅੰਦਰ ਵਿਕਾਰ ਹੋਰ ਜ਼ਿਆਦਾ ਹੋ ਜਾਂਦੇ ਹਨ। ਹੁਣ ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਬਿਨਾ ਸਮਝੇ ਕੀਤੇ ਅਖੰਡ ਪਾਠ, ਸੰਪਟ ਪਾਠ, ਮੋਨ ਪਾਠ, ਸੁਖਮਣੀ ਪਾਠ, ਜਪੁਜੀ ਪਾਠ ਆਦਿਕ ਦੁਆਰਾ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਦਾ ਝੂਠਾ ਦਿਲਾਸਾ ਦੇ ਕੇ (ਝੂਠ ਬੋਲਣ ਦੀ ਜ਼ਹਿਰ ਖਾ ਕੇ) ਮਾਇਆ ਦਾ ਖੋਟਾ ਵਾਪਾਰ ਹੀ ਕੀਤਾ ਜਾ ਰਿਹਾ ਹੈ ਜਿਸ ਨਾਲ ਵਿਕਾਰਾਂ ਵਿੱਚ ਨਿੱਤ ਹੋਰ ਵਾਧਾ ਹੋ ਰਿਹਾ ਹੈ।

ਪੰਡਿਤ ਜੋਤਕੀ ਸਭਿ ਪੜਿ ਪੜਿ ਕੂਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮ॥ ਮਾਇਆ ਮੋਹੁ ਅੰਤਰਿ ਮਲੁ ਲਾਗੈ ਮਾਇਆ ਕੇ ਵਾਪਾਰਾ ਰਾਮ॥ (571)। ਭਾਵ: ਪੰਡਤ ਅਤੇ ਜੋਤਸ਼ੀ ਇਹ ਸਾਰੇ (ਜੋਤਸ਼ ਅਤੇ ਧਰਮ ਦੀਆਂ ਪੁਸਤਕਾਂ) ਪੜ੍ਹ ਪੜ੍ਹ ਕੇ ਉੱਚੀ ਉੱਚੀ ਉਪਦੇਸ਼ ਕਰਦੇ ਹਨ ਪਰ ਇਹ ਕਿਸਨੂੰ ਉੱਚੀ ਉੱਚੀ ਸੁਣਾਂਦੇ ਹਨ? ਇਹਨਾਂ ਦੇ ਆਪਣੇ ਅੰਦਰ ਤਾਂ ਮਾਇਆ ਦਾ ਮੋਹ (ਪ੍ਰਬਲ) ਹੈ ਤੇ ਮਨ ਨੂੰ ਮਾਇਆ ਦੀ ਮੈਲ ਲੱਗੀ ਰਹਿੰਦੀ ਹੈ। ਇਹਨਾਂ ਦੇ ਸਾਰੇ ਉਪਦੇਸ਼ ਮਾਇਆ ਦਾ ਹੀ ਵਾਪਾਰ ਹਨ। ਇਹ ਤਾੜਨਾ ਕੇਵਲ ਪੰਡਤਾਂ ਜਾਂ ਜੋਤਸ਼ੀਆਂ ਨੂੰ ਹੀ ਨਹੀ ਬਲਿਕੇ ਸਾਰੇ ਧਰਮੀ ਅਖਵਾਉਣ ਵਾਲੇ ਅਗੂਆਂ ਲਈ ਵੀ ਹੈ ਜੋ ਅੱਜ ਝੂਠ ਬੋਲ ਬੋਲ ਕੇ ਧਰਮ ਦੇ ਨਾਮ ਤੇ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੁਆਰਾ ਜਨਤਾ ਨੂੰ ਲੁੱਟੀ ਜਾ ਰਹੇ ਹਨ। ਇਹ ਸਭ ਮਾਇਆ ਦਾ ਹੀ ਵਾਪਾਰ ਹੈ।

ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ॥ ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ॥ ਕਥਨੀ ਝੂਠੀ ਜਗੁ ਭਵੈ ਰਹਿਣੀ ਸਬਦੁ ਸੁ ਸਾਰੁ॥ (56)। ਭਾਵ: ਪੰਡਿਤ ਲੋਕ (ਧਾਰਮਕ ਆਗੂ) ਧਾਰਮਿਕ ਪੁਸਤਕਾਂ ਪੜ੍ਹਦੇ ਹਨ (ਪਰ ਅੰਦਰੋਂ ਗੁਣ-ਹੀਨ ਹੋਣ ਕਰਕੇ ਉਹਨਾਂ ਪੁਸਤਕਾਂ ਦੀ) ਵੀਚਾਰ ਨਹੀ ਸਮਝਦੇ ਤੇ ਹੋਰਨਾਂ ਨੂੰ ਹੀ ਮੱਤਾਂ ਦੇ ਕੇ ਸੰਸਾਰ ਤੋਂ ਚਲੇ ਜਾਂਦੇ ਹਨ। ਉਹਨਾਂ ਦਾ ਇਹ ਸਾਰਾ ਕਰਮ ਮਾਇਆ ਦਾ ਹੀ ਵਾਪਾਰ ਹੈ। ਸਾਰਾ ਜਗਤ ਝੂਠੀ ਕਥਨੀ ਵਿੱਚ ਹੀ ਭਟਕਦਾ ਰਹਿੰਦਾ ਹੈ (ਭਾਵ ਅੰਦਰ ਝੂਠ ਫਰੇਬ ਤੇ ਬਾਹਰ ਗਿਆਨ ਦੀਆਂ ਗੱਲਾਂ)। ਗੁਰੂ ਦੀ ਸਿਖਿਆ ਤੇ ਚੱਲਣਾ ਹੀ ਸ੍ਰੇਸ਼ਟ ਰਹਿਣੀ ਹੈ ਤੇ ਇਹੀ ਸੱਚਾ ਆਤਮਕ ਵਾਪਾਰ ਹੈ ਜੋ ਅੱਜ ਅਲੋਪ ਹੋ ਰਿਹਾ ਹੈ ਕਿਉਂਕਿ ਇਸ ਦਾ ਗਾਹਕ ਕੋਈ ਵਿਰਲਾ ਹੀ ਹੈ ਅਤੇ ਗਾਹਕ ਤੋਂ ਬਿਨਾ ਵਾਪਾਰ ਨਹੀ ਚਲ ਸਕਦਾ। ਕਬੀਰ ਜੀ ਠੀਕ ਹੀ ਕਹਿ ਰਹੇ ਹਨ:

ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲ॥ ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ॥ (1365)। ਭਾਵ: (ਜਿਧਰ ਦੇਖੋ ਦੁਨਿਆਵੀ ਵਾਪਾਰ ਲਈ ਹੀ ਭੱਜ ਦੌੜ ਹੈ, ਸੋ) ਹੇ ਕਬੀਰ, ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ (ਆਤਮਕ ਪਦਾਰਥ, ਸੱਚੀ ਰਾਸ) ਮਿਲ ਗਈ ਹੈ ਤਾਂ ਇਹ ਗੱਠੜੀ ਹੋਰਨਾਂ ਅੱਗੇ ਨਾ ਖੋਲਦਾ ਫਿਰ, ਕਿਉਂਕਿ ਨਾ ਹੀ ਇਸ ਆਤਮਕ ਵਾਪਾਰ ਦੀ ਕੋਈ ਮੰਡੀ ਹੈ, ਨਾ ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ, ਨਾ ਇਹ ਵਸਤ ਕੋਈ ਖਰੀਦਣੀ ਚਹੁੰਦਾ ਹੈ ਤੇ ਨਾ ਕੋਈ ਇਤਨੀ (ਆਪਾ ਸੌਂਪਣ ਦੀ) ਕੀਮਤ ਹੀ ਦੇਣ ਨੂੰ ਤਿਆਰ ਹੈ। ਇਸੇ ਲਈ ਹੀ ਗੁਰੂ ਨੂੰ ਕਹਿਣਾ ਪੈ ਰਿਹਾ ਹੈ:

ਲੋਕੁ ਅਵਗਣਾ ਕੀ ਬੰਨੈ ਗੰਠੜੀ ਗੁਣ ਨ ਵਿਹਾਝੈ ਕੋਇ॥ ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ॥ (1092)। ਭਾਵ: ਜਗ ਔਗੁਣਾਂ ਦੀ ਪੋਟਲੀ ਬੰਨ੍ਹੀ ਜਾ ਰਿਹਾ ਹੈ, ਕੋਈ ਬੰਦਾ ਗੁਣਾਂ ਦਾ ਸੌਦਾ ਨਹੀ ਕਰਦਾ। ਹੇ ਨਾਨਕ, ਗੁਣ ਖਰੀਦਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਕਹਿਣ ਦਾ ਭਾਵ ਫਿਰ ਉਹੀ ਹੈ ਕਿ ਸੰਸਾਰ ਦੁਨਿਆਵੀ ਵਾਪਾਰ ਦਾ ਲਾਹਾ ਇਕੱਠਾ ਕਰਨ ਵਿੱਚ ਰੁੱਝਾ ਹੋਇਆ ਹੈ ਤੇ ਆਤਮਕ (ਗੁਣਾਂ ਦਾ) ਵਾਪਾਰ ਕੋਈ ਨਹੀ ਕਰਦਾ। ਆਤਮਕ ਵਾਪਾਰੀ ਕੋਈ ਵਿਰਲਾ ਹੀ ਹੁੰਦਾ ਹੈ “ਇਹੁ ਵਾਪਾਰੁ ਵਿਰਲਾ ਵਾਪਾਰੈ”। ਕਿਤਨੀ ਤਰਸਯੋਗ ਹਾਲਤ ਹੈ ਮਨੁੱਖ ਦੀ ਕਿ ਜਿਸ ਸਦੀਵੀ ਸੁੱਖ (ਅਨੰਦ) ਦੀ ਭਾਲ ਵਿੱਚ ਇਹ ਦਿਨ ਰਾਤ (ਦੁਨਿਆਵੀ ਵਾਪਾਰ ਵਿਚ) ਟੱਕਰਾਂ ਖਾਂਦਾ ਫਿਰਦਾ ਹੈ ਉਹ ਅਨੰਦ (ਆਤਮਕ ਵਸਤੂ) ਅਸਲ ਵਿੱਚ ਇਸਦੇ ਅੰਦਰ ਹੀ ਪਿਆ ਹੈ, ਜਿਵੇਂ ਕਸਤੂਰੀ ਮਿਰਗ ਦੇ ਅੰਦਰ ਹੀ ਹੁੰਦੀ ਹੈ ਪਰ ਉਹ ਉਸਦੀ ਭਾਲ ਵਿੱਚ ਬਾਹਰ ਭੱਟਕਦਾ ਫਿਰਦਾ ਹੈ।

ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ॥ ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ॥ ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ॥ (62)। ਭਾਵ: (ਮਨੁੱਖ ਧਨ ਨੂੰ ਸੁੱਖ ਦਾ ਮੂਲ ਸਮਝਦਾ ਹੈ, ਜਦੋਂ) ਧਨ ਜਾਣ ਲਗਦਾ ਹੈ ਤਾਂ ਸਾਕਤ ਦਾ ਮਨ ਡੋਲਦਾ ਹੈ। (ਸੁੱਖ ਨੂੰ) ਬਾਹਰੋਂ ਢੂੰਢਿਆਂ ਖੁਆਰ ਹੀ ਹੋਈਦਾ ਹੈ। (ਸਾਕਤ ਮਨੁੱਖ ਇਹ ਨਹੀ ਸਮਝਦਾ ਕਿ ਸੁੱਖ ਦਾ ਮੂਲ) ਪਰਮਾਤਮਾ ਦਾ ਨਾਮ-ਧਨ (ਆਤਮਕ ਪਦਾਰਥ) ਘਰ ਵਿੱਚ ਹੀ ਹੈ, ਹਿਰਦੇ ਵਿੱਚ ਹੀ ਹੈ। ਆਪਣੇ ਮਨ ਦੇ ਪਿਛੇ ਤੁਰਨ ਵਾਲੀ ਜੀਵ-ਇਸਤ੍ਰੀ ਹਉਮੈ ਕਰਕੇ ਲੁੱਟੀ ਜਾਂਦੀ ਹੈ ਪਰ ਗੁਰੂ ਦੀ ਸਿਖਿਆ ਤੇ ਤੁਰਨ ਵਾਲੀ ਇਹ ਧਨ ਹਾਸਲ ਕਰਿ ਲੈਂਦੀ ਹੈ। ਭਾਵ ਫਿਰ ਉਹੀ ਹੈ ਕਿ ਦੁਨਿਆਵੀ ਵਾਪਾਰ ਨਾਲ ਸਦੀਵੀ ਸੁੱਖ ਹਾਸਲ ਨਹੀ ਹੋ ਸਕਦਾ ਪਰ ਆਤਮਕ ਵਾਪਾਰ ਦੁਆਰਾ ਮਨੁੱਖ ਅਨੰਦ ਨੂੰ ਹਾਸਲ ਕਰ ਸਕਦਾ ਹੈ ਤੇ ਉਹ ਆਤਮਕ ਵਾਪਾਰ ਕਰਨ ਦਾ ਹੀ ਗੁਰਉਪਦੇਸ਼ ਹੈ:

ਸਚਾ ਸਉਦਾ ਹਰਿ ਨਾਮੁ ਹੈ ਸਚਾ ਵਾਪਾਰਾ ਰਾਮ॥ ਗੁਰਮਤੀ ਹਰਿ ਨਾਮੁ ਵਣਜੀਐ ਅਤਿ ਮੋਲੁ ਅਫਾਰਾ ਰਾਮ॥ (570)। ਭਾਵ: ਹੇ ਭਾਈ, ਪਰਮਾਤਮਾ ਦਾ ਨਾਮ ਹੀ ਸਦਾ ਨਾਲ ਨਿਭਣ ਵਾਲਾ ਸੌਦਾ ਹੈ, ਵਾਪਾਰ ਹੈ। ਇਹ ਹਰਿ-ਨਾਮ ਗੁਰੂ ਦੀ ਮਤਿ ਉਤੇ ਤੁਰਕੇ ਹੀ ਵਣਜਿਆ ਜਾ ਸਕਦਾ ਹੈ। ਇਸਦਾ ਮੁੱਲ ਇਤਨਾ ਜ਼ਿਆਦਾ ਹੈ ਕਿ ਦੁਨੀਆਂ ਦਾ ਕੋਈ ਵੀ ਪਦਾਰਥ ਇਸਦੀ ਬਰਾਬਰੀ ਨਹੀ ਕਰ ਸਕਦਾ। ਜਿਥੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਆਤਮਕ ਵਾਪਾਰ ਹੈ ਉਥੇ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਹ ਨਾਮ (ਦਾ ਵਾਪਾਰ) ਕਿਸੇ “ਵਾਹਿਗੁਰੂ” ਸ਼ਬਦ ਦੇ ਰਟਣ ਨਾਲ ਨਹੀ ਬਲਿਕੇ ਗੁਰੂ ਦੀ ਮਤਿ (ਗੁਰਬਾਣੀ) ਤੇ ਚਲਿਆਂ ਹੀ ਪ੍ਰਾਪਤ ਹੋ ਸਕਦਾ ਹੈ। ਇੱਕ ਆਤਮਕ ਵਣਜਾਰਾ ਹੀ ਇੱਕ ਤੋਂ ਪੈਦਾ ਹੋਈ ਸ੍ਰਿਸ਼ਟੀ ਵਿੱਚ ਉਸਨੂੰ ਵਸਦਾ ਜਾਣ ਕੇ ਸਭਨਾਂ ਨੂੰ ਪਿਆਰ ਕਰ ਸਕਦਾ ਹੈ, ਉਹੀ ਸਦਾ-ਥਿਰ ਪਰਮਾਤਮਾ ਦਾ ਪੁਜਾਰੀ ਹੋ ਸਕਦਾ ਹੈ, ਉਹੀ ਨਿਰਭਉ ਨਾਲ ਜੁੜਕੇ “ਬਾਬਰ” (ਜ਼ਾਲਮ) ਨੂੰ “ਜਾਬਰ” (ਜ਼ਾਲਮ) ਕਹਿ ਸਕਦਾ ਹੈ, ਉਹੀ ਨਿਰਵੈਰ ਹੋ ਕੇ ਸਭਨਾਂ ਨੂੰ ਆਪਣਾ ਮੀਤ ਬਣਾ ਸਕਦਾ ਹੈ, ਉਹੀ ਆਕਾਰਾਂ ਦੀ ਪਕੜ ਤੋਂ ਰਹਿਤ ਹੋ ਕੇ “ਨਿਰੰਕਾਰੀ” ਅਖਵਾ ਸਕਦਾ ਹੈ ਤੇ ਉਹੀ ਆਤਮਕ ਰਾਸ ਨੂੰ ਗੁਰੂ ਦੀ ਬਖਸ਼ਿਸ਼ ਕਹਿ ਸਕਦਾ ਹੈ ਪਰ …. ਇਹੁ ਵਾਪਾਰੁ ਵਿਰਲਾ ਵਾਪਾਰੈ॥

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.