.

ਗੁਰਬਾਣੀ ਇੱਕ ਪੱਖੀ ਨਹੀਂ, ਸਰਬ ਪੱਖੀ ਹੈ

ਸਿੱਖ ਧਰਮ ਬਨਾਮ

ਕਮਿਉਨਿਜ਼ਮ ਅਥਵਾ ਸਾਮਵਾਦ (ਭਾਗ-੨)

‘ਸਿੱਖ ਧਰਮ’ ਤੇ ‘ਗੁਰੂ ਗ੍ਰੰਥ ਸਾਹਿਬ ਜੀ’ ਸਬੰਧੀ ਸ੍ਰੀ ਬਰਟਰਡ ਰਸਲ ਦੇ ਵਿਚਾਰਾਂ ਸਹਿਤ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਇਸ ਗੁਰਮੱਤ ਪਾਠ ਦਾ ਭਾਗ-੧ ਜ਼ਰੂਰ ਪੜੋ ਜੀ)

ਇਸ ਤਰ੍ਹਾਂ ਗੁਰੂ ਨਾਨਕ ਦਰ ਦਾ ਸਾਮਵਾਦ ਜਿਸ ਦਾ ਮੂਲ਼ ਹੀ “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ” (ਪੰ: ੧੫) ਵਾਲੇ ਗੁਰਬਾਣੀ ਸਿਧਾਂਤ ਹਨ ਤੇ ਜਿਸ ਦਾ ਅਰੰਭ ਹੀ ਮਰਾਸੀ ਕੁਲ `ਚ ਜਨਮੇ ਭਾਈ ਮਰਦਾਨਾ ਤੇ ਕਿੱਲੇ ਘੜਣ ਵਾਲੇ ਭਾਈ ਲਾਲੋ ਬੜ੍ਹਈ ਤੋਂ ਹੋਇਆ ਹੈ। ਇਸ ਤੋਂ ਬਾਅਦ ਦੂਜੇ ਪਾਸੇ ਅਜੋਕੇ ਸਾਮਵਾਦੀਆਂ (ਕਮਿਉਨਿਸਟਾਂ) ਦਾ ਸਾਮਵਾਦ ਜੇਕਰ ਦੋਵੇਂ ਆਹਮਣੇ ਸਾਹਮਣੇ ਰਖੀਏ ਤਾਂ ਅਨੇਕਾਂ ਵਿਰੋਧੀ ਤੱਥ ਉਭਰ ਕੇ ਆਪਣੇ ਆਪ ਸਾਹਮਣੇ ਆਉਂਦੇ ਹਨ ਫ਼ਿਰ ਵੀ ਮਨੁੱਖੀ ਸਮਾਨਤਾ ਪੱਖੋਂ, ਸੰਸਾਰ ਦੇ ਵੱਡੇ ਹਿਤਾਂ `ਚ ਆਪਸੀ ਸਾਂਝ ਸੰਭਵ ਹੈ। ਇਹ ਕੁੱਝ ਵਿਰੋਧੀ ਤੱਤ ਹਨ ਜਿਵੇਂ:

“ਅਨਿਕ ਜਨਮ ਬਹੁ ਜੋਨੀ ਭ੍ਰਮਿਆ” - ਇੱਕ ਪਾਸੇ ਗੁਰਬਾਣੀ ਅਨੁਸਾਰ ਸੰਪੂਰਨ ਰਚਨਾ ਦਾ ਕਰਤਾ ਧਰਤਾ ਕੇਵਲ ਤੇ ਕੇਵਲ ਇਕੋ ਇੱਕ ਅਕਾਲਪੁਰਖ ਹੈ। ਦੂਜੇ ਪਾਸੇ ਅਜੋਕਾ ਸਾਮਵਾਦ ਅਥਵਾ ਕਮਿਉਨਿਜ਼ਮ ਜੋ ਪ੍ਰਭੂ ਦੀ ਹੋਂਦ ਤੋਂ ਹੀ ਇਨਕਾਰੀ ਹੈ। ਦਰਅਸਲ ਇਹੀ ਮੂਲ ਫ਼ਰਕ ਹੈ ਜਿਸ ਤੋਂ ਗੁਰਮੱਤ ਤੇ ਅਜੋਕੇ ਸਾਮਵਾਦ ਅਥਵਾ ਕਮਿਉਨਿਜ਼ਮ ਵਿਚਾਰਧਾਰਾ ਵਿਚਕਾਰ, ਮਨੁੱਖੀ ਸਮਾਨਤਾ ਨਾਲ ਸਬੰਧਤ ਹੋਰ ਬਹੁਤੇਰੇ ਪਾੜੇ ਤੇ ਫ਼ਰਕ ਖੜੇ ਹੋ ਜਾਂਦੇ ਹਨ। ਉਨ੍ਹਾਂ ਪਾੜਿਆਂ ਵਿੱਚੋਂ ਵੀ ਸਭ ਤੋਂ ਵੱਡਾ ਤੇ ਜ਼ਾਹਿਰਾ ਅੰਤਰ ਜੋ ਉਭਰ ਕੇ ਜੋ ਸਾਹਮਣੇ ਆਉਂਦਾ ਹੈ, ਉਹ ਹੈ ਜੀਵਾਂ ਦੇ ਜਨਮ ਮਰਣ ਤੇ ਜੂਨੀਆਂ ਵਾਲੇ ਗੇੜ ਸਬੰਧੀ ਗੁਰਮੱਤ ਸਿਧਾਂਤ।

ਗੁਰਬਾਣੀ ਅਨੁਸਾਰ ਮਨੁੱਖਾ ਜੂਨ ਸਮੇਤ ਭਿੰਨ ਭਿੰਨ ਜੂਨਾਂ ਦੀ ਹੋਂਦ ਬਾਰੇ ਸਦੀਵੀ ਸੱਚ ਇਹ ਹੈ ਕਿ “ਅਨਿਕ ਜਨਮ ਬਹੁ ਜੋਨੀ ਭ੍ਰਮਿਆ, ਬਹੁਰਿ ਬਹੁਰਿ ਦੁਖੁ ਪਾਇਆ” (ਪੰ: ੨੦੭)। ਇਸ ਦੇ ਨਾਲ ਹੀ ਖਾਸਕਰ ਮਨੁੱਖਾ ਜਨਮ ਸਮੇਂ ਪ੍ਰਭੂ ਦੇ ਚਰਨਾਂ `ਚ ਅਰਦਾਸਾਂ ਵੀ ਹਨ ਕਿ ਹੇ ਪ੍ਰਭੂ! “ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ, ਦੇਹੁ ਦਰਸੁ ਹਰਿ ਰਾਇਆ” (ਉਹੀ ਪੰ: ੨੦੭)। ਜਿਸ ਦਾ ਅਰਥ ਹੈ ਕਿ ਹੇ ਪ੍ਰਭੂ! ਇਹ ਤੇਰੀ ਬਖ਼ਸ਼ਿਸ਼ ਹੋਈ ਹੈ ਕਿ ਪਤਾ ਨਹੀਂ ਕਿਤਨੀਆਂ ਜੂਨਾਂ ਭੁਗਤਾਉਣ ਤੌਂ ਬਾਅਦ ਤੂੰ ਮੈਨੂੰ ਇਹ ਮਨੁੱਖਾ ਜਨਮ ਬਖ਼ਸ਼ਿਆ ਹੈ। ਇਸ ਲਈ ਪ੍ਰਭੂ! ਇਹ ਬਖ਼ਸ਼ਿਸ਼ ਵੀ ਕਰੋ ਕਿ ਮੇਰਾ ਇਹ ਜਨਮ ਬਿਰਥਾ ਨਾ ਜਾਵੇ। ਮੈਂ ਤੇਰੇ ਬਖ਼ਸੇ ਹੋਏ ਇਸ ਜਨਮ ਸਮੇਂ ਤੇਰੇ ਮਿਲਾਪ ਦਾ ਸੁਖ ਮਾਨ ਸਕਾਂ। ਮੈਨੂੰ ਪਹਿਲਾਂ ਦੀ ਤਰ੍ਹਾਂ ਫ਼ਿਰ ਤੋਂ ਜਨਮਾਂ-ਜੂਨਾਂ-ਗਰਭਾਂ ਦੇ ਗੇੜ੍ਹ `ਚ ਨਾ ਭਟਕਣਾ ਪਵੇ ਤੇ ਜੀਊਂਦੇ ਜੀਅ ਤੇਰੇ `ਚ ਹੀ ਅਭੇਦ ਹੋ ਜਾਂਵਾਂ, ਜੀਵਨ ਮੁੱਕਤ ਹੋ ਜਾਵਾਂ, ਤੇਰੇ `ਚ ਸਮਾਅ ਜਾਵਾਂ।

ਜਦਕਿ ਅਜੋਕੇ ਲੈਨਿਨ ਤੇ ਕਾਰਲਮਾਰਕਸ ਵਾਲਾ ਕਮਿਉਨਿਜ਼ਮ ਤੇ ਸਾਮਵਾਦ, ਇਸ ਜਨਮ ਮਰਣ ਦੇ ਵਿਸ਼ੇ ਤੋਂ ਹੀ ਉਹ ਲੋਕ ਪੂਰੀ ਤਰ੍ਹਾਂ ਅਨਜਾਣ ਹਨ। ਉਹ ਲੋਕ ਇਸ ਮਨੁਖਾ ਸਰੀਰ ਨੂੰ ਹੀ ਸਭਕੁਝ ਮੰਨਦੇ ਹਨ। ਉਨ੍ਹਾਂ ਮੁਤਾਬਕ, ਮਨੁੱਖਾ ਸਰੀਰ ਦਾ ਨਾ ਅੱਗਾ ਹੈ ਨਾ ਇਸ ਦਾ ਕੁੱਝ ਪਿਛੋਕੜ ਹੀ ਸੀ। ਇਸ ਲਈ ਉਨ੍ਹਾਂ ਦੀ ਸੋਚਣੀ ਮੁਤਾਬਕ ਅਜਿਹੀਆਂ ਅਰਦਾਸਾਂ ਵੀ ਕਿਸ ਲਈ ਤੇ ਕਿਸ ਅੱਗੇ? ਕਿਉਂਕਿ ਉਨ੍ਹਾਂ ਮੁਤਾਬਕ ਤਾਂ ਰੱਬ ਦੀ ਵੀ ਕੋਈ ਹੋਂਦ ਨਹੀਂ?

ਖਾਸ ਧਿਆਨ ਦੇਣਾ ਹੈ ਕਿ ਜਨਮ ਮਰਣ ਵਾਲੇ ਵਿਸ਼ੇ `ਤੇ ਬ੍ਰਾਹਮਣੀ ਤੇ ਹੋਰ ਅਣਮੱਤਾਂ ਰਾਹੀਂ ਦਿੱਤੇ ਅਨੇਕਾਂ ਵਿਸ਼ਵਾਸ ਤੇ ਕੀਤੇ ਕਰਵਾਏ ਜਾਂਦੇ ਕਰਮਕਾਂਡ, ਜਿਨ੍ਹਾਂ ਨੂੰ ਖ਼ੁਦ ਗੁਰਮੱਤ ਵੀ ਨਕਾਰਦੀ ਹੈ। ਅਸੀਂ ਵੀ ਇਥੇ ਉਨ੍ਹਾਂ ਦੀ ਉੱਕਾ ਗੱਲ ਨਹੀਂ ਕਰ ਰਹੇ। ਅਸੀ ਕੇਵਲ ਗੁਰਬਾਣੀ ਰਾਹੀਂ ਪ੍ਰਗਟਾਏ ਜਨਮ ਮਰਣ ਵਾਲੇ ਦਲੀਲ ਭਰਪੂਰ ਨਿਵੇਕਲੇ ਵਿਸ਼ੇ ਦੇ ਆਧਾਰ `ਤੇ ਹੀ ਗੱਲ ਕਰ ਰਹੇ ਹਾਂ। ਇਸ ਲਈ ਹੱਥਲੇ ਗੁਰਮੱਤ ਪਾਠ `ਚ ਇਸ ਵਿਸ਼ੇ `ਤੇ ਸਾਨੂੰ ਜਿਤਨੀ ਵੀ ਗੱਲ ਕਰਣੀ ਪਵੇਗੀ ਜਾਂ ਹੁਣ ਤੱਕ ਕੀਤੀ ਹੈ ਉਹ ਨਿਰੋਲ ਗੁਰਮੱਤ ਆਧਾਰਤ ਹੈ ਤੇ ਹੋਵੇਗੀ ਵੀ, ਗੁਰਮੱਤ ਤੋਂ ਬਾਹਿਰ ਨਹੀਂ। ਜਦਕਿ ਸਾਮਵਾਦੀ ਭਾਵ ਕਮਿਉਨਿਸਟ ਤਾਂ ਇਸ ਗੁਰਬਾਣੀ ਵਾਲੇ ਉਸ ਸੱਚ ਤੋਂ ਵੀ ਅਨਜਾਣ ਤੇ ਇਨਕਾਰੀ ਹਨ।

“ਸਭ ਮਹਿ ਜੋਤਿ ਜੋਤਿ ਹੈ ਸੋਇ” - ਚੂੰਕਿ ਅਜੋਕੇ ਸਾਮਵਾਦੀਆਂ ਅਨੁਸਾਰ ਇਹ ਮਨੁੱਖਾ ਸਰੀਰ ਹੀ ਸਭਕੁਝ ਹੈ ਅਤੇ ਇਸ ਦਾ ਕੁੱਝ ਅੱਗਾ ਹੈ ਨਾ ਇਸ ਦਾ ਪਿਛੋਕੜ। ਇਸ ਲਈ ਵੀ ਕਿ ਸਾਮਵਾਦੀਆਂ ਦਾ ਜਨਮ ਹੀ ਬਦਲੇ ਤੇ ਵਿਰੋਧ ਦੀ ਭਾਵਨਾ `ਚੋ ਹੋਇਆ ਹੈ। ਉਸੇ ਦਾ ਨਤੀਜਾ, ਇਹ ਲੋਕ ਮਨੁੱਖੀ ਸਮਾਨਤਾ ਦੀ ਗੱਲ ਤਾਂ ਜ਼ਰੂਰ ਕਰਦੇ ਹਨ ਪਰ ਉਹ ਸੱਜਨ, ਉਹ ਸਮਾਨਤਾ ਵੀ ਜ਼ੋਰ ਜ਼ਬਰਦਸਤੀ, ਖੂਨ ਖਰਾਬੇ ਤੇ ਲੁੱਟ ਖੋਹ ਆਦਿ ਦੇ ਢੰਗਾਂ ਨਾਲ ਲਿਆਉਣਾ ਚਾਹੁੰਦੇ ਹਨ, ਇਨਸਾਨੀ ਕਦਰਾਂ ਕੀਮਤਾਂ ਰਸਤੇ ਨਹੀਂ।

ਦੂਜਾ, ਇਹ ਵੀ ਕਿ ਉਹ ਲੋਕ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ” (ਪੰ: ੧੩) ਵਾਲੇ ਸਦੀਵੀ ਸੱਚ ਤੋਂ ਅਨਜਾਣ ਅਤੇ ਆਪਣੇ ਤੋਂ ਉਪਰ ਪ੍ਰਭੂ ਦੀ ਹੋਂਦ ਤੋਂ ਵੀ ਇਨਕਾਰੀ ਹਨ। ਉਹ ਲੋਕ ਨਾਸਤਿਕਤਾ `ਚ ਵਿਸ਼ਵਾਸ ਰਖਦੇ ਹਨ। ਇਸੇ ਤੋਂ ਇਨ੍ਹਾਂ ਦੇ ਮਨੁੱਖੀ ਸਮਾਨਤਾ ਦੇ ਪ੍ਰਾਪਤੀ ਵਾਲੇ ਢੰਗ ਵਿੱਚੋਂ ਮਨੁੱਖ ਮਾਤ੍ਰ ਲਈ ਦਇਆ, ਅਪਣਾ ਪਣ, ਪਿਆਰ, ਹਮਦਰਦੀ ਆਦਿ ਵਾਲੇ ਇਲਾਹੀ ਗੁਣ ਵੀ ਅਲੋਪ ਹੁੰਦੇ ਹਨ।

ਇਸ ਲਈ ਗੁਰਮੱਤ ਅਨੁਸਾਰ ਇਨ੍ਹਾਂ ਦੇ ਮਨੁੱਖੀ ਸਮਾਨਤਾ ਲਿਆਉਣ ਵਾਲੇ ਉਦਮ ਤੇ ਢੰਗ ਇਸ ਤਰ੍ਹਾਂ ਹਨ ਜਿਵੇਂ “ਉਦਮ ਕਰਹਿ ਅਨੇਕ, ਹਰਿ ਨਾਮੁ ਨ ਗਾਵਹੀ॥ ਭਰਮਹਿ ਜੋਨਿ ਅਸੰਖ, ਮਰਿ ਜਨਮਹਿ ਆਵਹੀ॥ ਪਸੂ, ਪੰਖੀ, ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜੁ ਬੋਵਸਿ ਭੋਗ ਭੋਗਹਿ, ਕੀਆ ਅਪਣਾ ਪਾਵਏਰਤਨ ਜਨਮੁ ਹਾਰੰਤ ਜੂਐ, ਪ੍ਰਭੂ ਆਪਿ ਨ ਭਾਵਹੀ॥ ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ(ਪੰ: ੭੦੫) ਇਸੇ ਅਗਿਆਨਤਾ ਵੱਸ ਪ੍ਰਾਪਤ ਅਮੁਲੇ ਮਨੁੱਖਾ ਜਨਮ ਨੂੰ ਵੀ ਉਹ ਲੋਕ ਭਰਮਾ ਭੁਲੇਖਿਆਂ, ਵੈਰ-ਵਿਰੋਧ ਤੇ ਬਦਲੇ ਆਦਿ ਦੀਆਂ ਭਾਵਨਾਵਾਂ `ਚ ਜੀਅ ਕੇ ਬਰਬਾਦ ਤੇ ਬਤੀਤ ਕਰ ਰਹੇ ਹੁੰਦੇ ਹਨ।

ਜਦਕਿ, ਗੁਰੂ ਨਾਨਕ ਪਾਤਸ਼ਾਹ ਦੇ ਦਰ `ਤੇ ਸੱਚੇ ਤੇ ਸਦੀਵੀ ਸਾਮਵਾਦ (ਕਮਿਉਨਿਜ਼ਮ) ਭਾਵ ਮਨੁੱਖੀ ਸਮਾਨਤਾ ਦਾ ਆਧਾਰ ਹੀ “ਸਚੈ ਤਖਤਿ ਨਿਵਾਸੁ, ਹੋਰ ਆਵਣ ਜਾਣਿਆ” (ਪੰ: ੧੨੭੯) ਵਰਗੇ ਸੱਚੇ ਤੇ, ਗੁਰਬਾਣੀ ਰਾਹੀਂ ਪ੍ਰਗਟ ਸਦੀਵੀ, ਇਲਾਹੀ ਸਿਧਾਂਤਾਂ ਤੋਂ ਤਿਆਰ ਹੋਣ ਵਾਲੇ ਮਨੁੱਖੀ ਸੁਭਾਅ ਤੇ ਜੀਵਨ `ਤੇ ਖੜਾ ਹੈ। ਕਿਉਂਕਿ ਇਥੇ ਸਾਰੇ ਸੰਸਾਰ ਦਾ ਕਰਤਾ ਤੇ ਸਦਾ ਥਿਰ “ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ” (ਪੰ: ੭੮੪) ਭਾਵ ਕੇਵਲ ਇੱਕੋ ਪ੍ਰਭੂ ਹੀ ਹੈ ਜੋ ਆਪ ਅੰਸ਼ ਰੂਪ ਹੋ ਕੇ ਸਾਰਿਆਂ ਅੰਦਰ ਵੱਸ ਰਿਹਾ ਹੈ ਜਦਕਿ “ਹੋਰ ਆਵਣ ਜਾਣਿਆ” ਬਾਕੀ ਸਾਰੀ ਰਚਨਾ ਉਸ ਦੀ ਆਉਣ ਜਾਣ ਵਾਲੀ ਖੇਡ `ਚ ਹੀ ਬੱਝੀ ਹੋਈ ਹੈ।

ਮਨੁੱਖੀ ਸਮਾਨਤਾ ਤੇ ਗੁਰਬਾਣੀ- ਗੁਰਬਾਣੀ ਅਨੁਸਾਰ, ਮਨੁੱਖਾ ਜੂਨ ਸਮੇਂ ਪ੍ਰਭੂ ਦੇ ਨਿਆਂ `ਚ, ਮਨੁੱਖ ਦੇ ਦੋ ਭਾਵ ਇੱਕ ਗੁਰਮੁਖ ਤੇ ਦੂਜਾ ਮਨਮੁਖ, ਦੋ ਵਿਰੋਧੀ ਜੀਵਨ ਤਿਆਰ ਹੁੰਦੇ ਹਨ ਹਨ। ਇਨ੍ਹਾਂ ਨੂੰ ਹੀ ਸਫ਼ਲ ਤੇ ਅਸਫ਼ਲ, ਵਡਭਾਗੀ ਤੇ ਭਾਗਹੀਨ ਆਦਿ ਜੀਵਨ ਵੀ ਕਿਹਾ ਹੈ ਅਤੇ ਰੱਬੀ ਸੱਚ ਵੀ ਇਹੀ ਹੈ। ਉਪ੍ਰੰਤ ਗੁਰਬਾਣੀ ਅਨੁਸਾਰ ਇਨ੍ਹਾਂ ਦੋ ਵਿਰੋਧੀ ਜੀਵਨੀਆਂ ਦਾ ਆਧਾਰ ਹੈ “ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ” (ਪੰ: ੧੩੪) ਅਥਵਾ “ਜੇਹੇ ਕਰਮ ਕਮਾਇ, ਤੇਹਾ ਹੋਇਸੀ” (ਪੰ: ੭੩੦) ਅਥਵਾ “ਬੀਜੁ ਬੋਵਸਿ ਭੋਗ ਭੋਗਹਿ, ਕੀਆ ਅਪਣਾ ਪਾਵਏ” (ਪੰ: ੭੦੫) ਆਦਿ ਇਸ ਵਿਸ਼ੇ `ਤੇ ਅਨੇਕਾਂ ਹੋਰ ਗੁਰਬਾਣੀ ਪ੍ਰਮਾਣ ਦਿੱਤੇ ਜਾ ਸਕਦੇ ਹਨ।

ਇਸ ਦੇ ਬਾਵਜੂਦ, ਗੁਰਮੱਤ ਅਨੁਸਾਰ ਮਨੁੱਖੀ ਸਮਾਨਤਾ ਵਾਲੇ ਨਿਯਮ `ਚ ਮਨੁੱਖ ਦੀਆਂ ਮੂਲ ਸਾਮਾਜਿਕ ਲੋੜਾਂ ਦਾ ਪੱਧਰ ਗੁਰਦੇਵ ਨੇ ਮਨਮੁਖ ਤੇ ਗੁਰਮੁਖ ਭਾਵ ਕਿਸੇ ਦੇ ਚੰਗੇ ਜਾਂ ਮਾੜੇ ਜੀਵਨ ਨੂੰ ਨਹੀਂ ਬਨਾਇਆ। ਬਲਕਿ ਇਥੇ ਮਨੁੱਖੀ ਸਮਾਨਤਾ ਦਾ ਆਧਾਰ ਵੀ “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ” (ਪੰ: ੧੨੪੫) ਵਾਲਾ ਹਰੇਕ ਮਨੁੱਖ ਲਈ, ਸਦੀਵਕਾਲੀ ਤੇ ਗੁਰਬਾਣੀ ਸਿਧਾਂਤ ਇਕੋ ਹੀ ਬਖ਼ਸ਼ਿਆ ਹੈ। ਉਹ ਇਲਾਹੀ ਸਿਧਾਂਤ, ਜਿਸ ਦੇ ਮੂਲ `ਚ “ਅਕਿਰਤਘਣਾ ਨੋ ਪਾਲਦਾ, ਪ੍ਰਭ ਨਾਨਕ ਸਦ ਬਖਸਿੰਦੁ” (ਪੰ: ੪੭) ਅਰਥ ਹਨ ਕਿ ਗੁਰੂ ਦਰ ਤੋਂ ਪ੍ਰਗਟ ਹੋਣ ਵਾਲੇ ਸੱਚੇ ਸਾਮਵਾਦ ਅਥਵਾ ਕਮਿਉਨਿਜ਼ਮ ਤੇ ਮਨੁੱਖੀ ਸਮਾਨਤਾ ਵਾਲੇ ਰੱਬੀ ਨਿਯਮ `ਚ, ਪ੍ਰਭੂ ਕੇਵਲ ਗੁਰਮੁਖਾਂ ਨੂੰ ਹੀ ਨਹੀਂ ਬਲਕਿ ਅਕ੍ਰਿਤਘਣਾ ਦੀਆਂ ਮੂਲ ਲੋੜਾਂ ਵੀ, ਪੂਰੀਆਂ ਕਰਦਾ ਹੈ।

ਫ਼ਿਰ ਇਤਨਾ ਹੀ ਨਹੀਂ ਬਲਕਿ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਮਨੁੱਖੀ ਸਮਾਨਤਾ ਵਾਲੇ ਨਿਯਮ `ਚ ਤਾਂ ਕਰਤਾ ਜੇ ਕਰ ਬਖਸ਼ਿਸ਼ਾਂ ਦੇ ਘਰ `ਚ ਆ ਜਾਵੇ ਤਾਂ “ਅਕਿਰਤਘਣਾ ਕਾ ਕਰੇ ਉਧਾਰੁ॥ ਪ੍ਰਭੁ ਮੇਰਾ ਹੈ ਸਦਾ ਦਇਆਰੁ” (ਪੰ: ੮੯੮) ਉਹ ਤਾਂ ਮਨਮੁਖਾਂ ਦੇ ਜੀਵਨ ਨੂੰ ਵੀ ਗੁਰਮੁਖ ਜੀਵਨ `ਚ ਬਦਲ ਕੇ; ਅਸਫ਼ਲ ਰਹਿ ਰਹੇ ਜੀਵਨ ਨੂੰ ਵੀ ਸਫ਼ਲ, ਸਚਿਆਰਾ ਤੇ ਵਡਭਾਗੀ ਬਣਾ ਦਿੰਦਾ ਹੈ।

“ਏਕੁ ਪਿਤਾ ਏਕਸ ਕੇ ਹਮ ਬਾਰਿਕ” - ਇਹ ਵੀ ਦੇਖ ਚੁੱਕੇ ਹਾਂ ਕਿ ਅਜੋਕੇ ਮਾਰਕਸ ਅਥਵਾ ਲੈਨਿਨ ਵਾਦੀ ਸਾਮਵਾਦ ਅਥਵਾ ਕਮਿਊਨਿਜ਼ਮ ਦੇ ਮੂਲ `ਚ, ਕਿਸੇ ਲਈ ਦਇਆ, ਧਰਮ, ਹਮਦਰਦੀ ਆਦਿ ਵਾਲੇ ਰੱਬੀ ਗੁਣ ਹੈਣ ਹੀ ਨਹੀਂ। ਕਿਉਂਕਿ ਉਨ੍ਹਾਂ ਦੀ ਜੜ੍ਹ `ਚ ਹੀ ਬਦਲੇ ਦੀ ਭਾਵਨਾ ਤੇ ਵਿਰੋਧਾ ਭਾਵ ਹੋਣ ਕਾਰਨ, ਮਨੁੱਖ ਮਾਤ੍ਰ ਲਈ ਨਿਰਦਿਅਤਾ, ਕਰੂਰਤਾ, ਲੁੱਟ-ਖੋਹ, ਕਤਲੋਗ਼ਾਰਤ ਆਦਿ ਮਨੁੱਖੀ ਅਉਗੁਣ ਹੀ ਉਪਰ ਹੁੰਦੇ ਹਨ। ਇਸੇ ਦਾ ਨਤੀਜਾ ਹੁੰਦਾ ਹੈ ਕਿ ਜਦੋਂ ਉਨ੍ਹਾਂ `ਚੋਂ ਵੀ ਕੁੱਝ ਲੋਕ ਸਮਾਜਕ ਤੱਲ `ਤੇ ਸਮੇਂ ਨਾਲ ਪੁਰਾਤਨ ਧਨਾਢਾਂ, ਮਿਲਮਾਲਿਕਾਂ ਤੇ ਜਾਗੀਰਦਾਰਾਂ (ਬੇਸ਼ੱਕ ਨਾਮ ਬਦਲ ਕੇ) ਵਾਲੀ ਅਵਸਥਾ ਨੂੰ ਹਾਸਿਲ ਕਰ ਲੈਂਦੇ ਹਨ ਤਾਂ ਰਬੜ ਦੇ ਗੇਂਦ ਦੀ ਤਰ੍ਹਾਂ ਉਥੇ ਬਾਰ ਬਾਰ ਉਹੀ ਲੁੱਟ ਖੋਹ, ਉਹੀ ਤੱਬਾਹੀਆਂ, ਉਹੀ ਕਤਲੋਗ਼ਾਰਤ ਤੇ ਉਹੀ ਸਾੜਫੂਕ ਤੇ ਉਥਲ-ਪੁਥਲ ਵਾਲੇ ਅਉਗੁਣ ਤੇ ਬਰਬਾਦੀਆਂ ਜਨਮ ਲੈ ਲੈਂਦੀਆਂ ਹਨ।

ਇਸੇ ਕਾਰਨ, ਮੀਡੀਏ ਤੋਂ ਪ੍ਰਾਪਤ ਖਬਰਾਂ ਅਨੁਸਾਰ ਅਜੋਕੇ ਸਾਮਵਾਦੀ ਤੇ ਕਮਿਉਨਿਸਟ ਦੇਸ਼ਾਂ `ਚ ਅਜਿਹੇ ਵਾਧੇ-ਘਾਟੇ ਤੇ ਉਤਾਰ-ਚੜਾਵ ਆਮ ਹੁੰਦੇ ਰਹਿੰਦੇ ਹਨ। ਕਿਉਂਕਿ ਅਕਾਲਪੁਰਖ ਦੀ ਸੋਝੀ ਤੋਂ ਬਿਨਾ ਅਜਿਹੇ ਘਾਟਿਆਂ-ਕਮਜ਼ੋਰੀਆਂ, ਤੱਬਾਹੀਆਂ, ਬਰਬਾਦੀਆਂ ਤੇ ਉਥਲ ਪੁਥਲ ਆਦਿ ਨੂੰ ਰੋਕਿਆ ਹੀ ਨਹੀਂ ਜਾ ਸਕਦਾ। ਅਜਿਹੀਆਂ ਮਨੁੱਖੀ ਕਮਜ਼ੋਰੀਆਂ “ਏਕੁ ਪਿਤਾ ਏਕਸ ਕੇ ਹਮ ਬਾਰਿਕ” (ਪੰ: ੬੧੧) ਵਾਲੇ ਰੱਬੀ ਗਿਆਨ ਤੋਂ ਬਿਨਾ ਜੀਵਨ `ਚੋਂ ਨਿਕਲ ਹੀ ਨਹੀਂ ਸਕਦੀਆਂ।

“ਸਭੇ ਸਾਝੀਵਾਲ ਸਦਾਇਨਿ” - ਤਾਂ ਤੇ ਸਮਝਣ ਦਾ ਵਿਸ਼ਾ ਹੈ ਅਜੋਕੀਆਂ ਕਮਿਉਨਿਸਟ ਅਥਵਾ ਸਾਮਵਾਦੀ ਪਾਰਟੀਆਂ ਦੀ ਇਹ ਸੋਚਣੀ ਕਿ ਸਾਰੇ ਮਨੁੱਖ ਬਰਾਬਰ ਹਨ; ਹਰੇਕ ਸਮਾਜ-ਵਰਗ ਤੇ ਹਰੇਕ ਦੇਸ਼ ਅੰਦਰ ਮਨੁੱਖੀ ਸਮਾਨਤਾ ਹੋਣੀ ਚਾਹੀਦੀ ਹੈ। ਇਥੋਂ ਤੱਕ ਉਨ੍ਹਾਂ ਦੀ ਭਾਵਨਾ ਤੇ ਸੋਚਣੀ ਨੂੰ ਗ਼ਲਤ ਵੀ ਨਹੀਂ ਕਿਹਾ ਜਾ ਸਕਦਾ। ਇਸ ਦੇ ਨਾਲ ਨਾਲ, ਜੇਕਰ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਸੇਧ ਲਵੀਏ ਤਾਂ ਹੋਣਾ ਵੀ ਐਸਾ ਹੀ ਚਾਹੀਦਾ ਹੈ। ਜਦਕਿ ਗ਼ਲਤ ਹੈ ਤਾਂ ਇਸ ਵਧੀਆ ਨਿਸ਼ਾਨੇ ਦੀ ਪ੍ਰਾਪਤੀ ਲਈ ਉਨ੍ਹਾਂ ਲੋਕਾਂ ਰਾਹੀਂ, ਰੱਬ ਜੀ ਦੀ ਹੋਂਦ ਬਾਰੇ ਅਗਿਆਨਤਾ ਕਾਰਨ, ਵਰਤਿਆ ਗਿਆ ਤੇ ਸਮੇਂ ਸਮੇਂ ਨਾਲ ਵਰਤਿਆ ਜਾਂਦਾ ਢੰਗ।

ਇਸ ਲਈ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਜੇ ਕਰ ਸਚਮੁਚ ਉਹ ਲੋਕ ਹਿਰਦੇ ਤੱਲ ਤੋਂ ਮਨੁੱਖੀ ਸਮਾਨਤਾ ਚਾਹੁੰਦੇ ਹਨ ਤਾਂ ਇਸ ਵਧੀਆ ਨਿਸ਼ਾਨੇ ਦੀ ਪ੍ਰਾਪਤੀ ਲਈ ਉਨ੍ਹਾਂ ਨੂੰ ਢੰਗ ਵੀ ਗੁਰੂ ਨਾਨਕ ਪਾਤਸ਼ਾਹ, ਗੁਰੂ ਦਰ ਤੇ ਗੁਰਬਾਣੀ ‘ਤੋਂ ਹੀ ਲੈਣਾ ਪਵੇਗਾ। ਦੂਜਾ, ਕੇਵਲ ਉਹ ਲੋਕ ਹੀ ਨਹੀਂ, ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆਂ ਲਈ ਵੀ ਜ਼ਰੂਰੀ ਹੈ ਕਿ ਉਹ ਆਪਣੇ ਕਿਰਦਾਰ ਤੇ ਵਿਹਾਰ `ਚੋਂ ਵੀ ਨਿਰੋਲ ਗੁਰਬਾਣੀ ਜੀਵਨ ਤੇ ਭਰਾਤ੍ਰੀਭਾਵ ਨੂੰ ਉਜਾਗਰ ਕਰਣ। ਤਾ ਕਿ ਕੇਵਲ ਉਨ੍ਹਾਂ ਨੂੰ ਹੀ ਨਹੀਂ ਬਲਕਿ ਸੰਸਾਰ ਨੂੰ ਵੀ ਸਪਸ਼ਟ ਹੋਵੇ ਕਿ ਅਜਿਹੇ ਉੱਚੇ ਨਿਸ਼ਾਨੇ ਦੀ ਪ੍ਰਾਪਤੀ ਲਈ ਜੇਕਰ ਅਸਲ ਰਸਤਾ ਹੈ ਤਾਂ ਉਹ ਕੇਵਲ ਗੁਰਬਾਣੀ ਆਦੇਸ਼ਾਂ `ਤੇ ਚੱਲ ਕੇ ਹੀ ਮਿਲੇਗਾ। ਗੁਰਬਾਣੀ ਆਦੇਸ਼ਾਂ `ਤੇ ਚਲੇ ਬਿਨਾਂ ਸੰਸਾਰ `ਚ ਮਨੁੱਖੀ ਸਮਾਨਤਾ ਪੈਦਾ ਹੀ ਨਹੀਂ ਕੀਤੀ ਜਾ ਸਕਦੀ।

ਕਿਉਂਕਿ ਸੰਸਾਰ ਭਰ ਦੇ ਲੋਕਾਂ ਦੀ ਭਲਾਈ ਤੇ ਉਨ੍ਹਾਂ ਵਿਚਕਾਰ ਸਦੀਵ ਕਾਲੀਨ ਸਮਾਨਤਾ ਲਿਆਉਣ ਤੇ ਭਰਾਤ੍ਰੀਭਾਵ ਪੈਦਾ ਕਰਣ ਦਾ ਇੱਕ ਮਾਤ੍ਰ ਢੰਗ ਗੁਰਬਾਣੀ ਆਧਾਰਤ ਜੀਵਨ ਹੀ ਹੈ ਤੇ ਹੋਵੇਗਾ ਵੀ, ਦੂਜਾ ਨਹੀਂ। ਇਸ ਤਰ੍ਹਾਂ ਇਸ ਦਾ ਵੱਡਾ ਲਾਭ ਵੀ ਦੋਵੇਂ ਪਾਸੇ ਹੋਵੇਗਾ। ਇਸ ਦਾ ਪਹਿਲਾਂ ਵੱਡਾ ਲਾਭ ਹੋਵੇਗਾ, ਸਮਾਜ `ਚ ਅਜੋਕੇ ਦੱਬੇ, ਕੁਚਲੇ, ਬੇਬਸ, ਦਲਿਤਾਂ, ਪਛੜੇ ਤੇ ਨਰਕ ਦੀ ਜ਼ਿੰਦਗੀ ਭੋਗ ਰਹੇ ਲੋਕਾਂ ਨੂੰ। ਫ਼ਿਰ ਇਸ ਦੇ ਨਾਲ ਮੌਜੂਦਾ ਸਿੱਖ ਕੌਮ ਤੇ ਸਮੂਚੇ ਸੰਸਾਰ ਨੂੰ ਵੀ ਇਸ ਦਾ ਲਾਭ ਹੋਵੇਗਾ। ਇਸ ਤਰ੍ਹਾਂ ਸੰਸਾਰ ਭਰ `ਚ ਜੇ ਕਰ ਮੌਜੂਦਾ ਸਾਮਵਾਦੀ (ਕਮਿਉਨਿਸਟ) ਤੇ ਦੂਜਾ ਸਿੱਖ ਭਾਈਚਾਰਾ, ਦੋਵੇਂ ਧਿਰਾਂ, ਰੱਲ ਕੇ ਗੁਰਬਾਣੀ ਆਸ਼ੇ ਅਨੁਸਾਰ ਮਨੁੱਖੀ ਸਮਾਨਤਾ ਦੇ ਖੇਤ੍ਰ `ਚ ਮਿਲ ਕੇ ਸਾਹਮਣੇ ਆਉਣ ਤਾਂ ਇਹ ਮਨੁੱਖਤਾ ਦੇ ਵੱਡੇ ਲਾਭ `ਚ ਹੋਵੇਗਾ ਅਤੇ ਇਹ ਸੰਸਾਰ ਦੀ ਬਹੁਤ ਵੱਡੀ ਤਾਕਤ ਬਣ ਕੇ ਵੀ ਉਭਰਣ ਗੇ।

ਇਸ ਦੇ ਉਲਟ, ਅਜੋਕੇ ਹਾਲਾਤ `ਚ ਤਾਂ ਇਹ ਵੀ ਸੰਭਵ ਹੈ ਕਿ ਹੱਥਲੇ ਸਿਰਲੇਖ “ਸਿੱਖ ਧਰਮ ਬਨਾਮ ਕਮਿਉਨਿਜ਼ਮ” ਨੂੰ ਪੜ੍ਹ ਕੇ ਹੀ ਕੁੱਝ ਸੱਜਨ ਇਸ ਨੂੰ ਅਟਪਟਾ ਸਿਰਲੇਖ ਵੀ ਮਿੱਥ ਬੈਠਣ। ਕਿਉਂਕਿ ਉਨ੍ਹਾਂ ਅਨੁਸਾਰ ਕਿੱਥੇ ਗੁਰਬਾਣੀ ਵਾਲਾ ਸਰਬਉੱਤਮ ਜੀਵਨ ਜਿਸ ਦਾ ਆਦਿ ਤੇ ਅੰਤ ਪੂਰੀ ਤਰ੍ਹਾਂ ‘ਦੀ ਵਿਚਾਰਧਾਰਾ `ਤੇ ਆਧਾਰਤ ਹੈ ਤੇ ਕਿੱਥੇ ਕਮਿਉਨਿਸਟ ਵਿਚਾਰਧਾਰਾ, ਜੋ ਰੱਬ ਦੀ ਹੋਂਦ ਤੋਂ ਹੀ ਮੁਨਕਰ ਹਨ।

ਜਦਕਿ ਲੋੜ ਹੈ ਤਾਂ ਅਜੋਕੇ ਕਮਿਉਨਿਸਟਾਂ (ਸਾਮਵਾਦੀਆਂ) ਤੇ ਦੂਜੇ ਪਾਸੇ ਸਿੱਖਾਂ ਵਿਚਕਾਰ ਗੁਰਬਾਣੀ ਵਾਲੇ ਸਦੀਵੀ ਸੱਚ ਨੂੰ ਪੁੱਲ ਤੇ ਆਧਾਰ ਬਣਾ ਕੇ, ਲੋਕਾਈ ਦੇ ਜੀਵਨ ਅੰਦਰ ਗੁਰਬਾਣੀ ਵਾਲੀ ਠੰਡਕ ਪੈਦਾ ਕਰਣ ਦੀ। ਇਸ ਤਰ੍ਹਾਂ ਅਜੋਕੇ ਕਮਿਉਨਿਸਟਾਂ (ਸਾਮਵਾਦੀਆਂ) ਜਿਨ੍ਹਾਂ ਦੀ ਕਿ ਇਸ ਪੱਖੋਂ ਮੂਲ ਭਾਵਨਾ ਵੀ ਗ਼ਲਤ ਨਹੀਂ ਅਤੇ ਹੈ ਵੀ ਗੁਰਮੱਤ ਅਨੁਸਾਰੀ; ਉਹ ਵੀ ਜੀਵਨ ਦਾ ਸੱਚਾ ਅਨੰਦ ਮਾਨ ਸਕਣਗੇ ਤੇ ਇਸਤੋਂ ਦੂਜੇ ਲੋਕ ਵੀ। ਇਸ ਤੋਂ ਬਿਨਾ, ਜਿਸ ਮਨੁੱਖੀ ਸਮਾਨਤਾ ਲਈ, ਸਾਡੇ ਅਜੋਕੇ ਸਾਮਵਾਦੀ ਸਭਕੁਝ ਕਰ ਰਹੇ ਹਨ; ਉਨ੍ਹਾਂ ਦਾ ਆਸ਼ਾ ਠੀਕ ਹੋਣ ਦੇ ਬਾਵਜੂਦ, ਗੁਰਬਾਣੀ ਗਿਆਨ ਤੋਂ ਵਾਂਝੇ ਹੋਣ ਕਾਰਨ, ਲੰਮੇ ਸਮੇਂ ਲਈ ਤੇ ਕਿਧਰੇ ਵੀ ਅਜਿਹੀ ਮਨੁੱਖੀ ਸਮਾਨਤਾ, ਕਦੇ ਵੀ ਪੈਦਾ ਨਹੀਂ ਕਰ ਸਕਣਗੇ ਤੇ ਇਹ ਸਮਾਨਤਾ ਸਦਾ ਰਬੜ ਦੀ ਗੇਂਦ ਹੀ ਬਣੀ ਰਵੇਗੀ। ਕਿਧਰੇ ਉਭਰ ਪਈ ਤੇ ਕਿਧਰੇ ਨਾਲ ਹੀ ਤੱਬਾਹ ਵੀ ਹੋ ਗਈ।

“ਤੂੰ ਸਾਝਾ ਸਾਹਿਬੁ ਬਾਪੁ ਹਮਾਰਾ” -ਕਿਉਂਕਿ ਇਸ ਸਮੇਂ ਸਾਮਵਾਦੀਆਂ ਅਥਵਾ ਕਮਿਉਨਿਸਟਾਂ ਅਤੇ ਇਸ ਪਾਸੇ ਗੁਰੂ ਦਰ ਵਿਚਕਾਰ ਜੇ ਕਰ ਕੋਈ ਕੜੀ ਜੁੜ ਰਹੀ ਤਾਂ ਉਹ ਦੋਵੇਂ ਪਾਸੇ ਕੇਵਲ ਮਨੁੱਖੀ ਸਮਾਨਤਾ ਵਾਲੀ ਮੂਲ ਭਾਵਨਾ ਹੀ ਹੈ ਅਤੇ ਉਹ ਵੀ ਸਚਾਈ ਦੀ ਕਿਸੇ ਤਹਿ ਤੱਕ ਪਹੁੰਚੇ ਬਿਨਾ।

ਫ਼ਿਰ ਵੀ ਜੇ ਕਰ ਉਸ ਕੜੀ ਨੂੰ ਹੀ ਗੁਰਬਾਣੀ ਆਧਾਰ `ਤੇ ਸਿਦਕਦਿਲੀ ਨਾਲ ਦੋਵੇਂ ਪਾਸੇ ਸੰਭਾਲਿਆਂ ਜਾਵੇ ਤਾਂ ਉਹ ਵੀ ਆਪਣੇ ਆਪ `ਚ ਛੋਟੀ ਜਹੀ ਸਾਂਝ ਨਹੀਂ। ਵੱਡਾ ਫ਼ਰਕ ਹੈ ਕਿ ਇੱਕ ਪਾਸੇ ਕਮਿਉਨਿਸਟਾਂ ਦੀ ਇਹ ਮਨੁੱਖੀ ਸਮਾਨਤਾ ਜ਼ੋਰ, ਜ਼ਬਰਦਸਤੀ, ਖੂਨ ਖ਼ਰਾਬੇ ਤੇ ਲੁੱਟ ਖੋਹ `ਤੇ ਖੜੀ ਹੈ। ਜਦਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚੋਂ ਗੁਰਬਾਣੀ ਰਸਤੇ ਇਹ ਮਨੁੱਖੀ ਸਮਾਨਤਾ “ਸਭ ਮਹਿ ਏਕੋ ਰਵਿ ਰਹਿਆ” (ਪੰ: ੧੧੩੨) ਵਾਲੀ ਸੋਝੀ ਕਾਰਨ, ਮਨੁੱਖੀ ਸਮਾਨਤਾ ਤੱਕ ਸੀਮਿਤ ਨਾ ਰਹਿਕੇ ਮਨੁੱਖੀ ਭਾਈਚਾਰੇ, ਭਰਾਤ੍ਰੀਭਾਵ ਦੀ ਸੀਮਾਂ ਤੱਕ ਫੈਲ ਜਾਂਦੀ ਹੈ।

ਇਥੇ ਤਾਂ ਇਹ ਸਭਕੁਝ “ਏਕੁ ਪਿਤਾ ਏਕਸ ਕੇ ਹਮ ਬਾਰਿਕ, ਤੂ ਮੇਰਾ ਗੁਰ ਹਾਈ” (ਪੰ: ੬੧੧) ਅਥਵਾ “ਤੂੰ ਸਾਝਾ ਸਾਹਿਬੁ ਬਾਪੁ ਹਮਾਰਾ” (ਪੰ: ੯੭) ਪੁਨਾ “ਘਟ ਘਟ ਅੰਤਰਿ ਤੂੰ ਹੈ ਵੁਠਾ” (ਪੰ: ੯੭) ਜਾਂ “ਸਭੇ ਸਾਝੀਵਾਲ ਸਦਾਇਨਿ, ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭) ਅਦਿ ਗੁਰਬਾਣੀ ਉਪਦੇਸ਼ਾਂ ਰਾਹੀਂ ਸਾਹਿਬ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਪ੍ਰਗਟ ਇਲਾਹੀ ਸੱਚ `ਤੇ ਆਧਾਰਤ ਹੈ। ਇਹ ਗੁਰਬਾਣੀ ਦੀਆਂ ਅਜਿਹੀਆਂ ਸਿਖਿਆਂਵਾਂ ਹਨ, ਜਿੱਥੇ ਜ਼ੁਲਮ, ਧੱਕੇ, ਮਾਰ ਕਾਟ, ਲੁਟ ਖੌਹ, ਅਨਿਯਾਯ ਆਦਿ ਨੂੰ ਕੋਈ ਥਾਂ ਹੀ ਨਹੀਂ ਬਲਕਿ ਨਿਰੋਲ ਮਨੁੱਖੀ ਸਾਂਝ, ਪਿਆਰ ਤੇ ਮਿਲਵਰਤਨ, ਹਮਦਰਦੀ ਤੇ ਭਾਈਚਾਰੇ ਦੀ ਭਾਵਨਾ `ਤੇ ਆਧਾਰਤ ਹੈ।

ਗੁਰਮੱਤ ਤੇ ਅਜੋਕੇ ਕਮਿਉਨਿਜ਼ਮ ਵਿਚਕਾਰ ਪਾੜੇ- ਸ਼ੱਕ ਨਹੀਂ, ਜੇ ਕਰ ਸਿੱਖ ਧਰਮ ਅਤੇ ਅਜੋਕੇ ਕਮਿਉਨਿਜ਼ਮ (ਸਾਮਵਾਦ) ਵਿਚਕਾਰਲੇ ਮਨੁੱਖੀ ਸਮਾਨਤਾ ਵਾਲੇ ਵਿਸ਼ੇ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਵੇ ਤਾਂ ਗੁਰਮੱਤ ਭਾਵ ਸਿੱਖ ਧਰਮ ਅਤੇ ਦੂਜੇ ਪਾਸੇ ਅਜੋਕੇ ਸਾਮਵਾਦ (ਕਮਿਉਨਿਜ਼ਮ) ਦੋਨਾਂ ਵਿਚਕਾਰ ਹੋਰ ਕੋਈ ਸਾਂਝੀ ਕੜੀ ਨਜ਼ਰ ਹੀ ਨਹੀਂ ਆਵੇਗੀ। ਫ਼ਿਰ ਵੀ ਦੋਨਾਂ ਵਿਚਕਾਰ, ਇਸ ਇਕੋ ਇੱਕ ਮਨੁੱਖੀ ਸਮਾਨਤਾ ਵਾਲੀ ਸਾਂਝੀ ਕੜੀ ਨੂੰ ਹੀ, ਗੁਰਬਾਣੀ ਦੇ ਬੀਜ ਨਾਲ ਵਿਕਸਤ ਕਰਣ ਦੀ ਲੋੜ ਹੈ, ਸਮੂਚੀ ਮਾਨਵਤਾ ਨੂੰ ਇਸ ਦੇ ਵੱਡੇ ਲਾਭ ਹੋਣਗੇ।

ਪਹਿਲਾਂ ਤਾਂ ਅਜਿਹੀ ਹਾਲਤ `ਚ ਗੁਰਬਾਣੀ ਵਿਚਲੇ ਇਸ ਇਕੱਲੇ ਬੀਜ ਦੀ ਵਰਤੋਂ ਕਰਕੇ, ਅਜੋਕੇ ਸਾਮਵਾਦ (ਕਮਿਉਨਿਜ਼ਮ) ਅੰਦਰਲੇ ਮਨੁੱਖ ਸਮਾਜ ਦੀ ਲੁੱਟ-ਖੋਹ, ਖੂਨ ਖ਼ਰਾਬੇ, ਕਤਲੋਗ਼ਾਰਤ ਵਾਲੇ ਅਉਗੁਣਾਂ ਨੂੰ ਵੀ ਖ਼ਤਮ ਕੀਤਾ ਜਾ ਸਕਦਾ ਹੈ। ਉਸ ਦੇ ਬਦਲੇ ਗੁਰਬਾਣੀ ਤੋਂ ਪ੍ਰਗਟ ਮਨੁੱਖੀ ਸਮਾਨਤਾ ਵਾਲੇ ਬੀਜ ਦੇ ਵਿਕਾਸ ਕਾਰਨ ਉਨ੍ਹਾਂ ਅੰਦਰ ਵੀ ਕੇਵਲ ਮਨੁੱਖੀ ਸਮਾਨਤਾ ਹੀ ਨਹੀਂ ਬਲਕਿ ਇਸਦੇ ਨਾਲ ਮਨੁੱਖੀ ਭਾਈਚਾਰਾ ਤੇ ਭਰਾਤ੍ਰੀਭਾਵ ਵੀ ਪੱਕੀਆਂ ਲੀਹਾਂ `ਤੇ ਜਨਮ ਲੈ ਸਕਦੇ ਹਨ। ਇਸ ਤਰ੍ਹਾਂ ਦੋਵੇਂ ਪਾਸੇ ਜੇਕਰ ਗੁਰਬਾਣੀ ਆਦੇਸ਼ਾਂ ਨੂੰ ਆਧਾਰ ਬਣਾ ਕੇ ਤਨੋ-ਮਨੋ ਸਾਂਝੇ ਕਦਮ ਚੁੱਕੇ ਜਾਣ ਤਾਂ ਸਮੂਚੀ ਮਾਨਵਤਾ ਨੂੰ ਇਸਦੇ ਵੱਡੇ ਲਾਭ ਹੋ ਸਕਦੇ ਹਨ। ਇਸ ਲਈ ਜੇਕਰ ਇਸ ਆਪਸੀ ਸਾਂਝ ਵੱਲ ਕੁੱਝ ਸਾਰਥਕ ਕਦਮ ਚੁੱਕਣੇ ਵੀ ਹੋਣ ਤਾਂ ਅਜੋਕੇ ਸਮੇਂ ਦੋਨਾਂ ਵਿਚਕਾਰ ਕੁੱਝ ਕੁਦਰਤੀ ਤੇ ਵੱਡੇ ਪਾੜਿਆਂ ਨੂੰ ਵੀ ਖੁੱਲੇ ਦਿੱਲ ਪਹਿਚਾਨਣ ਦੀ ਲੋੜ ਹੈ, ਜਿਵੇਂ:

(ੳ) ਅਕਾਲਪੁਰਖ ਦੀ ਬਖ਼ਸ਼ਿਸ਼-ਦੇਖਣਾ ਹੈ ਕਿ ਕਰਤਾਰ ਦੀ ਬਖ਼ਸ਼ਿਸ਼ ਵਾਲਾ ਪੱਖ ਜਿਵੇਂ ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ” (ਬਾਣੀ ਜਪੁ)। ਗੁਰਬਾਣੀ `ਚ ਪ੍ਰਭੂ ਦੀ ਬਖ਼ਸ਼ਿਸ਼ ਵਾਲਾ ਪੱਖ ਹੀ ਸੰਪੂਰਣ ਗੁਰਮੱਤ ਦਾ ਧੁਰਾ ਤੇ ਗੁਰਬਾਣੀ ਵਿਚਲਾ ਪ੍ਰਮੁੱਖ ਵਿਸ਼ਾ ਹੈ। ਮਨੁੱਖਾ ਸਰੀਰ ਸਮੇਤ, ਸੰਪੂਰਨ ਗੁਰਬਾਣੀ, ਅਕਾਲਪੁਰਖ ਦੀਆਂ ਬਖ਼ਸ਼ਿਸ਼ਾਂ ਤੇ ਦਾਤਾਂ ਦੀ ਹੀ ਪਛਾਣ ਕਰਵਾ ਰਹੀ ਹੈ। ਕਾਦਿਰ ਦੀਆਂ ਬਖ਼ਸ਼ਿਸ਼ਾਂ ਦਾ ਪਾਤਰ ਬਣ ਕੇ, ਗੁਰਬਾਣੀ ਮਨੁੱਖਾ ਜਨਮ ਦੀ ਸਫ਼ਲਤਾ ਲਈ ਪ੍ਰੇਰ ਰਹੀ ਹੈ। ਗੁਰਬਾਣੀ `ਚ ਅਕਾਲਪੁਰਖ ਦੀ ਇਸੇ ਬਖ਼ਸ਼ਿਸ਼ ਲਈ ਕਾਦਿਰ ਦਾ ਰਹਿਮ, ਕਰਮ, ਨਦਰਿ, ਪ੍ਰਸਾਦਿ ਆਦਿ ਬਹੁਤੇਰੇ ਹੋਰ ਲਫ਼ਜ਼ ਵੀ ਆਏ ਹਨ।

ਇਥੇ ਮਨੁੱਖ ਨੂੰ “ਤੂੰ ਕਰਤਾ ਕਰਣਾ ਮੈ ਨਾਹੀ, ਜਾ ਹਉ ਕਰੀ ਨ ਹੋਈ” (ਪੰ: ੪੬੯) ਵਾਲੀ ਬਿਰਤੀ ਤਿਆਰ ਕਰਣ ਲਈ ਆਦਿ ਤੋਂ ਅੰਤ ਤੱਕ ਹਿਦਾਇਤਾਂ ਹਨ। ਸੰਪੂਰਣ ਗੁਰਬਾਣੀ ਦਾ ਆਧਾਰ ਹੀ ਹਉਮੈ, ਮੈਂ, ਮੇਰਾ, ਅਪਣਤ ਦਾ ਵਿਨਾਸ ਕਰਣਾ ਅਤੇ ਪ੍ਰਭੂ `ਚ ਅਭੇਦ ਹੋ ਕੇ ਜੀਵਨ ਜੀਊਣ ਲਈ ਪ੍ਰੇਰਣਾ ਹੈ ਜੋ ਕਿ ਮਨੁੱਖਾ ਜੀਵਨ ਦਾ ਮੂਲ ਸੱਚ ਵੀ ਹੈ। ਉਸ ਦਾ ਕਾਰਨ ਇਹ ਹੈ ਕਿ ਗੁਰਬਾਣੀ ਅਨੁਸਾਰ ਮਨੁੱਖ ਤਾਂ ਹੈ ਹੀ ਪ੍ਰਭੂ ਦਾ ਅੰਸ਼, ਨਹੀਂ ਤਾਂ ਇਸ ਦਾ ਆਪਣੇ ਆਪ `ਚ ਕੋਈ ਵਜੂਦ ਹੀ ਨਹੀਂ ਜਿਸਦੇ ਲਈ ਕਿ ਇਸ ਅੰਦਰ ਮੈਂ ਹਉਮੈ ਆਦਿ ਹਾਵੀ ਹੋਵੇ।

ਜਦਕਿ ਦੂਜੇ ਪਾਸੇ ਕਮਿਉਨਿਜ਼ਮ ਅਥਵਾ ਅਜੋਕੇ ਸਾਮਵਾਦ `ਚ ਬਖ਼ਸ਼ਿਸ਼ ਵਾਲੇ ਵਿਸ਼ੇ ਦਾ ਵਜੂਦ ਹੀ ਨਹੀਂ। ਉਥੇ ਤਾਂ ਹਰੇਕ ਕਰਣੀ ਤੇ ਸੋਚਣੀ ਮਨੁੱਖ ਦੀ ਮੈਂ, ਹਉਮੈ `ਤੇ ਹੀ ਖੜੀ ਹੈ। ਕਿਉਂਕਿ ਉਥੇ ਜਦੋਂ ਰੱਬ ਜੀ ਬਾਰੇ ਹੀ ਅਗਿਆਨਤਾ ਕਾਰਨ ਨਾਸਤਿਕਤਾ ਪ੍ਰਧਾਨ ਹੈ ਤਾਂ ਉਥੇ ਪ੍ਰਭੂ ਦੀ ਬਖ਼ਸ਼ਿਸ਼ ਦਾ ਅਰਥ ਹੀ ਕੀ ਰਹਿ ਜਾਂਦਾ ਹੈ?

(ਅ) ਪ੍ਰਭੂ ਚਰਨਾਂ `ਚ ਅਰਦਾਸਾਂ ਤੇ ਜੋਦੜੀਆਂ- ਗੁਰਬਾਣੀ ਜੀਵਨ ਦਾ ਦੂਜਾ ਪ੍ਰਮੁਖ ਵਿਸ਼ਾ ਹੈ ਪ੍ਰਭੂ ਚਰਨਾਂ `ਚ ਅਰਦਾਸਾਂ ਤੇ ਜੋਦੜੀਆਂ। ਦਰਅਸਲ ਗੁਰਬਾਣੀ ਦਾ ਵੱਡਾ ਹਿੱਸਾ ਪ੍ਰਭੂ ਚਰਨਾਂ `ਚ ਅਰਦਾਸਾਂ ਦੇ ਰੂਪ `ਚ ਹੀ ਹੈ। ਇਥੇ ਹਜ਼ਾਰਾਂ ਪ੍ਰਮਾਣ ਤੇ ਸ਼ਬਦ ਹਨ ਜੋ ਮਨੁੱਖ ਨੂੰ ਮੈਂ-ਹਉਮੈ ਵਾਲੇ ਦੀਰਘ ਰੋਗ ਚੋਂ ਕੱਢ ਕੇ ਕਰਤਾਰ ਦੇ ਚਰਨਾਂ `ਚ ਅਰਦਾਸਾਂ ਤੇ ਜੋਦੜੀਆਂ ਕਰਣ ਦਾ ਢੰਗ ਸਿਖਾਅ ਰਹੇ ਹਨ। ਗੁਰਦੇਵ ਇਸੇ ਅਰਦਾਸ ਵਾਲੀ ਬਿਰਤੀ ਨੂੰ ਹੀ ਪ੍ਰਭੂ ਦਰ `ਤੇ ਪ੍ਰਵਾਣ ਹੋਣ ਵਾਲਾ ਇਕੋ ਇੱਕ ਜੀਵਨ ਰਾਹ ਵੀ ਦੱਸ ਰਹੇ ਹਨ ਜਿਵੇਂ “ਹੋਇ ਨਿਮਾਣੀ ਢਹਿ ਪਈ, ਮਿਲਿਆ ਸਹਜਿ ਸੁਭਾਇ” (ਪੰ: ੭੬੧) ਜਾਂ “ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਇ॥ ਨਾਨਕ ਕੀ ਪ੍ਰਭ ਬੇਨਤੀ, ਅਪਨੀ ਭਗਤੀ ਲਾਇ” (ਪੰ: ੨੮੯) ਪੁਨਾ “ਕਹੁ ਨਾਨਕ ਹਮ ਨੀਚ ਕਰੰਮਾ॥ ਸਰਣਿ ਪਰੇ ਕੀ ਰਾਖਹੁ ਸਰਮਾ” (ਪੰ: ੧੨) ਇਸ ਤਰ੍ਹਾਂ ਇਸ ਵਿਸ਼ੇ `ਤੇ ਅਜਿਹੇ ਬੇਅੰਤ ਸ਼ਬਦ ਤੇ ਪ੍ਰਮਾਣ ਗੁਰਬਾਣੀ `ਚ ਪ੍ਰਾਪਤ ਹਨ।

ਸਿੱਖ ਦੇ ਤਾਂ ਜੀਵਨ ਦਾ ਅਰੰਭ ਹੀ “ਸੁਨਹੁ ਬਿਨੰਤੀ ਠਾਕੁਰੁ ਮੇਰੇ, ਜੀਅ ਜੰਤ ਤੇਰੇ ਧਾਰੇ॥ ਰਾਖੁ ਪੈਜ ਨਾਮ ਅਪੁਨੇ ਕੀ, ਕਰਨ ਕਰਾਵਨਹਾਰੇ” (ਪ: ੬੩੧) ਭਾਵ ਪ੍ਰਭੂ ਚਰਨਾਂ `ਚ ਅਰਦਾਸਾਂ, ਬੇਨਤੀਆਂ ਤੇ ਜੋਦੜੀਆਂ ਤੋਂ ਸੂਰੂ ਹੁੰਦਾ ਹੈ। ਗੁਰਬਾਣੀ ਅਨੁਸਾਰ ਮਨੁੱਖ ਦਾ ਜੀਵਨ ਹੀ “ਘਰਿ ਬਾਹਰਿ ਤੇਰਾ ਭਰਵਾਸਾ, ਤੂ ਜਨ ਕੈ ਹੈ ਸੰਗਿ” (ਪੰ: ੬੭੭) ਪ੍ਰਭੂ ਦੇ ਓਟ-ਆਸਰੇ `ਤੇ ਖੜਾ ਹੈ। ਇਸ ਤਰ੍ਹਾਂ ਪ੍ਰਭੂ ਵਲੋਂ ਮਨੁੱਖ ਮਾਤ੍ਰ `ਤੇ ਦਇਆ, ਬਹੁੜੀ ਕਰਣੀ ਆਦਿ ਪ੍ਰਭੂ ਦੇ ਅਜਿਹੇ ਬੇਅੰਤ ਗੁਣ, ਪ੍ਰਭੂ ਪਿਆਰ ਵਾਲੇ ਜੀਵਨ ਦੇ ਆਪਣੇ ਆਪ ਜ਼ਰੂਰੀ ਅੰਗ ਬਣਦੇ ਜਾਂਦੇ ਹਨ।

ਉਪ੍ਰੰਤ ਜਦੋਂ ਅਜੋਕੇ ਸਾਮਵਾਦੀਆਂ ਅਥਵਾ ਕਮਿਉਨਿਸਟਾਂ ਅੰਦਰ ਕਾਦਿਰ ਦੀ ਹੋਂਦ ਬਾਰੇ ਹੀ ਅਗਿਆਨਤਾ ਹੈ ਤਾਂ ਉਨ੍ਹਾਂ ਨੇ ਅਰਦਾਸ ਕਿਸ ਅੱਗੇ ਕਰਣੀ ਹੈ? ਅਕਾਲਪੁਰਖ ਦੀਆਂ ਬਖ਼ਸ਼ਿਸ਼ਾ ਤੇ ਬਾਕੀ ਅਜਿਹੇ ਮਨੁੱਖਾ ਜੀਵਨ ਦੇ ਮੂਲ ਪੱਖਾਂ ਨਾਲ ਵੀ ਉਨ੍ਹਾਂ ਦਾ ਸਰੋਕਾਰ ਹੀ ਕੀ ਰਹਿ ਜਾਂਦਾ? ਉਥੇ ਤਾਂ ਇਹ ਸਭ ਆਪਣੇ ਆਪ ਹੀ ਮੁੱਕ ਜਾਂਦੇ ਹਨ। ਇਸ ਤਰ੍ਹਾਂ ਜਦੋਂ ਕਮਿਉਨਿਸਟਾਂ `ਚ ਅਜਿਹੀ ਉੱਤਮ ਤੇ ਸੱਚ ਵਾਲੀ ਸੋਚਣੀ ਦੀ ਬੁਨਿਆਦ ਹੀ ਨਹੀਂ ਤਾਂ ਇਨ੍ਹਾਂ ਬਾਰੇ, ਉਨ੍ਹਾਂ ਕੋਲ ਇਸ ਪੱਖੋਂ ਬਚਿਆ ਹੀ ਕੀ? ਭਾਵ ਕੁੱਝ ਵੀ ਨਹੀਂ।

ਉਨ੍ਹਾਂ ਦੀ ਹਰੇਕ ਸੋਚਣੀ ਤਾਂ ਮੈਂ, ਹਉਮੈ `ਤੇ ਹੀ ਖੜੀ ਹੁੰਦੀ ਹੈ। ਉਥੇ ਕਰਤਾ ਅਕਾਲਪੁਰਖ ਨਹੀਂ ਬਲਿਕ ਖੁਦ ਮਨੁੱਖ ਹੀ ਹੈ। ਜਦਕਿ ਗੁਰਮੱਤ ਵਾਲੇ ਜੀਵਨ ਦਾ ਤਾਂ ਅਰੰਭ ਹੀ “ਮੈ ਨਾਹੀ, ਕਛੁ ਆਹਿ ਨ ਮੋਰਾ॥ ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ” (ਪੰ: ੩੩੬) ਅਥਵਾ “ਕਰਣ ਕਾਰਣ ਪ੍ਰਭੁ ਏਕੁ ਹੈ, ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ, ਜਲਿ ਥਲਿ ਮਹੀਅਲਿ ਸੋਇ” (ਪੰ: ੨੭੬) ਜਾਂ “ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ॥ ਅਉਸਰ (ਇਹ ਮਨੁੱਖਾ ਜਨਮ) ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ” (ਪੰ: ੮੫੮) ਵਾਲੀ ਗੁਰਬਾਣੀ ਸੇਧ `ਤੇ ਖੜਾ ਹੈ।

ਕਮਿਉਨਿਸਟ ਅਤੇ ਗੁਰਬਾਣੀ ਦਾ ਪ੍ਰਚਾਰ- ਫ਼ਿਰ ਵੀ ਅਜੋਕੇ ਸੰਦਰਭ `ਚ ਜੇ ਕਰ ਸਿੱਖ ਧਰਮ ਤੇ ਕਮਿਉਨਿਸਟਾਂ ਵਿਚਕਾਰ, ਹੱਥਲੇ ਗੁਰਮੱਤ ਪਾਠ ਰਾਹੀਂ ਹੁਣ ਤੱਕ ਉਘਾੜੇ ਜਾ ਚੁੱਕੇ ਮਨੁੱਖੀ ਸਮਾਨਤਾ ਵਾਲੇ ਵਿਸ਼ੇ ਤੋਂ ਲਾਂਭੇ ਹੋ ਕੇ ਦੇਖਿਆ ਜਾਵੇ ਤਾਂ ਗੱਲ ਕਿਸੇ ਦੂਜੇ ਪਾਸੇ ਵੀ ਟੁਰ ਪੈਂਦੀ ਹੈ। ਵਿਚਾਰਣਾ ਪੈਂਦਾ ਹੈ ਕਿ ਕਿੱਥੇ ਗੁਰਬਾਣੀ ਵਾਲਾ ਸਦੀਵੀ ਸੱਚ ਜਿਸ ਦਾ ਅਰੰਭ ਹੀ ਤੋਂ ਹੁੰਦਾ ਹੈ। ਇਸ ਤੋਂ ਬਾਅਦ ਦੂਜੇ ਪਾਸੇ ਉਹ ਲੋਕ ਜੋ ਖੁੱਲੇਆਮ ਭਾਵ ਰੱਬ ਦੀ ਹੋਂਦ ਤੋਂ ਹੀ ਮਨੁਕਰ ਹਨ। ਤਾਂ ਦੋਨਾਂ ਦਾ ਆਪਸ `ਚ ਵਿਚਾਰਧਾਰਕ ਮੇਲ ਕਾਹਦਾ?

ਇਸ ਸਾਰੇ ਦੇ ਬਾਵਜੂਦ, ਜਦੋਂ ਸਾਡੇ ਕਮਿਉਨਿਸਟ ਭਾਈ, ਗੁਰਬਾਣੀ ਨੂੰ ਆਧਾਰ ਬਣਾ ਕੇ ਗੱਲ ਕਰਣੀ ਚਾਹੁਣ ਜਾਂ ਗੁਰਬਾਣੀ ਦਾ ਪ੍ਰਚਾਰ ਕਰਣ, ਤਾਂ ਇਹ ਇੱਕ ਅਜੀਬ ਜਿਹਾ ਵਿਸ਼ਾ ਹੀ ਸਾਬਤ ਹੁੰਦਾ ਹੈ। ਪਰ ਸਚਾਈ ਇਹੀ ਹੈ ਕਿ ਅੱਜ ਇਹ ਸਭਕੁਝ ਹੋ ਰਿਹਾ ਹੈ। ਇਸ ਤਰ੍ਹਾਂ, ਦਿੱਤੇ ਜਾ ਚੁੱਕੇ ਵੇਰਵੇ ਅਨੁਸਾਰ, ਹੋ ਸਕਦਾ ਹੈ ਜੇਕਰ ਮਿ: ਬਰਟਰਡ ਰਸਲ ਵਾਂਙ ਅਸਲੀਅਤ ਕੁੱਝ ਹੋਰ ਹੀ ਹੋਵੇ, ਤਾਂ ਤੇ ਦੂਜੀ ਗੱਲ ਹੈ। ਇਸ ਲਈ ਅਕਾਲਪੁਰਖ ਦੇ ਚਰਨਾਂ `ਚ ਅਰਦਾਸ ਹੈ ਕਿ ਪ੍ਰਭੂ ਮਿਹਰ ਕਰੇ ਤੇ ਮਿ: ਬਰਟਰਡ ਰਸਲ ਵਾਲੀ ਭਾਵ ਇਹ ਦੂਜੀ ਗੱਲ ਹੀ ਸਾਬਤ ਹੋਵੇ। ਨਹੀਂ ਤਾਂ ਸਿਧੇ ਲਫ਼ਜ਼ਾਂ `ਚ ਅੱਜ ਕਮਿਉਨਿਸਟਾਂ ਅਥਵਾ ਸਾਮਵਾਦੀਆਂ ਵੱਲੋਂ ਗੁਰਬਾਣੀ ਦਾ ਪ੍ਰਚਾਰ, ਸਪਸ਼ਟ ਤੌਰ `ਤੇ ਸਿੱਖ ਕੌਮ ਨਾਲ ਹੇਰਾਫ਼ੇਰੀ, ਧੋਖਾਧੜੀ ਤੇ ਠੱਗੀ ਹੀ ਸਾਬਤ ਹੁੰਦਾ ਹੈ, ਜਿਸ ਤੋਂ ਕਿ ਸੰਭਵ ਹੀ ਨਹੀਂ ਕਿ ਕਿਸੇ ਗੁਰਮੱਤ ਪ੍ਰੇਮੀ ਦੇ ਕੰਨ ਹੀ ਖੜੇ ਨਾ ਹੋ ਜਾਣ। #197 IIs.06s11#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ `ਚ ਅਰਥਾਂ ਸਹਿਤ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰੀਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਤੇ ਜੀਵਨ-ਜਾਚ ਵਾਲਾ ਬਨਾਈਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ। (ਚਲਦਾ)

Including this Self Learning Gurmat Lesson No 197-II

ਸਿੱਖ ਧਰਮ ਬਨਾਮ

ਕਮਿਉਨਿਜ਼ਮ ਅਥਵਾ ਸਾਮਵਾਦ (ਭਾਗ-੨)

‘ਸਿੱਖ ਧਰਮ’ ਤੇ ‘ਗੁਰੂ ਗ੍ਰੰਥ ਸਾਹਿਬ ਜੀ’ ਸਬੰਧੀ ਸ੍ਰੀ ਬਰਟਰਡ ਰਸਲ ਦੇ ਵਿਚਾਰਾਂ ਸਹਿਤ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.