.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 34)

‘ਅਖੌਤੀ ਸ਼ਰਧਾ ਪੂਰਨ ਗ੍ਰੰਥ’ ਦੇ ਕਰਤਾ ਵਲੋਂ ਜਪੁਜੀ ਦੀ ਤੇਤਵੀਂ ਪਉੜੀ ਨੂੰ ਪੜ੍ਹਨ ਦੀ ਵਿਧੀ, ਗਿਣਤੀ ਦੇ ਪਾਠ ਅਤੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ, ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ। ਪਾਠਕ ਜਨ ਇਸ ਪਉੜੀ ਦੇ ਅਰਥ ਅਤੇ ਭਾਵਾਰਥ ਨੂੰ ਪੜ੍ਹ ਕੇ ਖ਼ੁਦ ਹੀ ਅੰਦਾਜ਼ਾ ਲਗਾ ਲੈਣ ਕਿ ਗੁਰੂ ਨਾਨਕ ਸਾਹਿਬ ਨੇ ਇਸ ਪਉੜੀ ਵਿੱਚ ਕੀ ਕਿਹਾ ਹੈ ਅਤੇ ਲੇਖਕ ਹੁਰੀਂ ਇਸ ਬਾਰੇ ਕੀ ਕਹਿੰਦੇ ਹਨ।
ਆਖਣਿ ਜੋਰੁ ਚੁਪੈ ਨਹ ਜੋਰੁ॥ ਜੋਰੁ ਨ ਮੰਗਣਿ ਦੇਣਿ ਨ ਜੋਰੁ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ॥
ਅਰਥ:- ਬੋਲਣ ਵਿੱਚ ਤੇ ਚੁੱਪ ਰਹਿਣ ਵਿੱਚ ਭੀ ਸਾਡਾ ਕੋਈ ਆਪਣਾ ਇਖ਼ਤਿਆਰ ਨਹੀਂ ਹੈ। ਨਾ ਹੀ ਮੰਗਣ ਵਿੱਚ ਸਾਡੀ ਮਨ-ਮਰਜ਼ੀ ਚੱਲਦੀ ਹੈ ਅਤੇ ਨਾ ਹੀ ਦੇਣ ਵਿਚ। ਜੀਵਨ ਵਿੱਚ ਤੇ ਮਰਨ ਵਿੱਚ ਭੀ ਸਾਡੀ ਕੋਈ ਸਮਰਥਾ (ਕੰਮ ਨਹੀਂ ਦੇਂਦੀ)। ਇਸ ਰਾਜ ਤੇ ਮਾਲ ਦੇ ਪ੍ਰਾਪਤ ਕਰਨ ਵਿੱਚ ਭੀ ਸਾਡਾ ਕੋਈ ਜ਼ੋਰ ਨਹੀਂ ਚੱਲਦਾ (ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ) ਮਨ ਵਿੱਚ ਫੂੰ-ਫਾਂ ਹੁੰਦੀ ਹੈ।
ਜੋਰੁ ਨ ਸੁਰਤੀ ਗਿਆਨਿ ਵੀਚਾਰਿ॥ ਜੋਰੁ ਨ ਜੁਗਤੀ ਛੁਟੈ ਸੰਸਾਰੁ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥ ੩੩॥
ਅਰਥ:- ਆਤਮਾਕ ਜਾਗ ਵਿਚ, ਗਿਆਨ ਵਿੱਚ ਅਤੇ ਵਿਚਾਰ ਵਿੱਚ ਰਹਿਣ ਦੀ ਭੀ ਸਾਡੀ ਸਮਰਥਾ ਨਹੀਂ ਹੈ। ਉਸ ਜੁਗਤੀ ਵਿੱਚ ਰਹਿਣ ਲਈ ਭੀ ਸਾਡਾ ਇਖ਼ਤਿਆਰ ਨਹੀਂ ਹੈ, ਜਿਸ ਕਰ ਕੇ ਜਨਮ ਮਰਨ ਮੁੱਕ ਜਾਂਦਾ ਹੈ। ਉਹੀ ਅਕਾਲ-ਪੁਰਖ ਰਚਨਾ ਰਚ ਕੇ (ਉਸ ਦੀ ਹਰ ਪਰਕਾਰ) ਸੰਭਾਲ ਕਰਦਾ ਹੈ, ਜਿਸ ਦੇ ਹੱਥ ਵਿੱਚ ਸਮਰੱਥਾ ਹੈ। ਹੇ ਨਾਨਕ! ਆਪਣੇ ਆਪ ਵਿੱਚ ਨਾਹ ਕੋਈ ਮਨੁੱਖ ਉੱਤਮ ਹੈ ਅਤੇ ਨਾਹ ਹੀ ਨੀਚ (ਭਾਵ, ਜੀਵਾਂ ਨੂੰ ਸਦਾਚਾਰੀ ਜਾਂ ਦੁਰਾਚਾਰੀ ਬਣਾਣ ਵਾਲਾ ਉਹ ਪ੍ਰਭੂ ਆਪ ਹੀ ਹੈ) (ਜੇ ਸਿਮਰਨ ਦੀ ਬਰਕਤਿ ਨਾਲ ਇਹ ਨਿਸਚਾ ਬਣ ਜਾਏ ਤਾਂ ਹੀ ਪਰਮਾਤਮਾਂ ਨਾਲੋਂ ਜੀਵ ਦੀ ਵਿੱਥ ਦੂਰ ਹੁੰਦੀ ਹੈ)। ੩੩।
ਭਾਵ:- ਭਲੇ ਪਾਸੇ ਤੁਰਨਾ ਜਾਂ ਕੁਰਾਹੇ ਪੈ ਜਾਣਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ, ਜਿਸ ਪ੍ਰਭੂ ਨੇ ਪੈਦਾ ਕੀਤੇ ਹਨ ਉਹੀ ਇਹਨਾਂ ਪੁਤਲੀਆਂ ਨੂੰ ਖਿਡਾ ਰਿਹਾ ਹੈ। ਸੋ, ਜੇ ਕੋਈ ਜੀਵ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਿਹਾ ਹੈ ਤਾਂ ਇਹ ਪ੍ਰਭੂ ਦੀ ਆਪਣੀ ਮਿਹਰ ਹੈ; ਜੇ ਕੋਈ ਇਸ ਪਾਸੇ ਵਲੋਂ ਖੁੰਝਾ ਪਿਆ ਹੈ ਤਾਂ ਭੀ ਇਹ ਮਾਲਕ ਦੀ ਰਜ਼ਾ ਹੈ। ਜੇ ਅਸੀ ਉਸ ਦੇ ਦਰ ਤੋਂ ਦਾਤਾਂ ਮੰਗਦੇ ਹਾਂ ਤਾਂ ਇਹ ਪ੍ਰੇਰਨਾ ਭੀ ਉਹ ਆਪ ਹੀ ਕਰਨ ਵਾਲਾ ਹੈ, ਤੇ ਫਿਰ, ਦਾਤਾਂ ਦੇਂਦਾ ਭੀ ਆਪ ਹੀ ਹੈ। ਜੇ ਕੋਈ ਜੀਵ ਰਾਜ ਤੇ ਧਨ ਦੇ ਮਦ ਵਿੱਚ ਮੱਤਾ ਪਿਆ ਹੈ, ਇਹ ਭੀ ਰਜ਼ਾ ਪ੍ਰਭੂ ਦੀ ਹੀ ਹੈ; ਜੇ ਕਿਸੇ ਦੀ ਸੁਰਤ ਪ੍ਰਭੂ-ਚਰਨਾਂ ਵਿੱਚ ਹੈ ਤੇ ਜੀਵਨ-ਜੁਗਤਿ ਸੁਥਰੀ ਹੈ ਤਾਂ ਇਹ ਮਿਹਰ ਭੀ ਪ੍ਰਭੂ ਦੀ ਹੀ ਹੈ। ੩੩। (ਪੰਨਾ ੭)
ਪਰੰਤੂ ਪੁਸਤਕ ਕਰਤਾ ਇਸ ਪਉੜੀ ਦੇ ਮਹਾਤਮ ਬਾਰੇ ਇਉਂ ਲਿਖਦਾ ਹੈ, “ਇਸ ਪਉੜੀ ਦਾ ਪਾਠ ਛਨਿਛਰਵਾਰ ਤੋਂ ਆਰੰਭ ਕਰਕੇ ਮਧਯਾਨ (ਦੁਪਹਿਰ) ਸਮੇਂ ਇੱਕੀ ਹਜ਼ਾਰ ਪੰਜਤਾਲੀ ਦਿਨਾਂ ਵਿੱਚ ਕਰਨਾ, ਨਗਰ ਗ੍ਰਾਮ ਵਿੱਚ ਰਹਿਣ ਨੂੰ ਥਾਂ ਮਿਲੇ, ਰਾਜ ਦਰਬਾਰ ਤੋਂ ਇਜ਼ਤ ਪਾਵੇ। ਪਰੰਤੂ ਜੇਕਰ ਇਸ ਨੂੰ ਸ਼ੁਕਰਵਾਰ ਸਾਯੰਕਾਲ ਗੁਪਤ ਜਪੇ ਤਾਂ ਸ਼ਤਰੂ ਅੰਨ੍ਹਾ ਹੋਵੇ। ਉਪਰੰਤ ਜੇਕਰ ਇਸ ਨੂੰ ਪ੍ਰਗਟ ਜਪੇ ਤਾਂ ਫਿਰ ਸੁਜਾਖਾ ਹੋਵੇ।”
ਲੇਖਕ ਇਸ ਪਉੜੀ ਦੇ ਪੰਜਤਾਲੀ ਦਿਨ ਇੱਕੀ ਹਜ਼ਾਰ ਪਾਠ ਕਰਨ ਨਾਲ ਨਗਰ ਗ੍ਰਾਮ ਵਿੱਚ ਰਹਿਣ ਲਈ ਥਾਂ ਅਤੇ ਰਾਜ ਦਰਬਾਰ ਤੋਂ ਇੱਜ਼ਤ ਪਾਉਣ ਦੀ ਗੱਲ ਕਰ ਰਿਹਾ ਹੈ। ਸਾਡੇ ਇਤਿਹਾਸ ਵਿੱਚ ਭਾਵੇਂ ਇਤਿਹਾਸ ਵਿਰੁੱਧ, ਅਸੂਲ ਵਿਰੁੱਧ ਅਤੇ ਯੁਕਤੀ ਦੇ ਵਿਰੁੱਧ ਬਹੁਤ ਕੁਛ ਲਿਖਿਆ ਹੋਇਆ ਹੈ, ਪਰੰਤੂ ਫਿਰ ਵੀ, ਕਿਸੇ ਵੀ ਲੇਖਕ ਨੇ ਨਗਰ ਗ੍ਰਾਮ ਵਿੱਚ ਥਾਂ ਹਾਸਲ ਕਰਨ ਲਈ, ਇਸ ਤਰ੍ਹਾਂ ਦੀ ਵਿਧੀ ਦਾ ਵਰਣਨ ਨਹੀਂ ਕੀਤਾ ਹੈ। ਰਾਜ ਦਰਬਾਰ ਵਿਚੋਂ ਵੀ ਇੱਜ਼ਤ ਹਾਸਲ ਕਰਨ ਲਈ ਕਿਸੇ ਨੇ ਇਸ ਤਰ੍ਹਾਂ ਦੀ ਵਿਧੀ ਨੂੰ ਅਪਣਾਉਣ ਦੀ ਪ੍ਰੇਰਨਾ ਨਹੀਂ ਕੀਤੀ ਹੋਈ ਹੈ।
ਇਹ ਠੀਕ ਹੈ ਕਿ ਆਮ ਤੌਰ `ਤੇ ਆਪਣੀਆਂ ਜ਼ੁੰਮੇਵਾਰੀਆਂ ਤੋਂ ਭਗੌੜੇ ਹੋਏ ਨਖੱਟੂਆਂ ਦਾ (ਖ਼ਾਸ ਤੌਰ `ਤੇ ਧਾਰਮਕ ਲਿਬਾਸ ਵਿੱਚ ਵਿਚਰਣ ਵਾਲੇ ਸਾਧੂ ਮਹਾਤਮਾਂ) ਆਮ ਨਗਰ ਨਿਵਾਸੀਆਂ ਵਲੋਂ ਜ਼ਰੂਰ ਮਾਨ-ਸਤਿਕਾਰ ਕੀਤਾ ਜਾਂਦਾ ਹੈ। ਸ਼ਰਧਾਲੂਆਂ ਵਲੋਂ ਕੇਵਲ ਮਾਨ-ਸਤਿਕਾਰ ਹੀ ਨਹੀਂ ਸਗੋਂ ਇਨ੍ਹਾਂ ਸਮਾਜ ਤੋਂ ਭਗੌੜਿਆਂ ਨੂੰ ਆਲੀਸ਼ਾਨ ਮਹੱਲ-ਨੁਮਾ ਡੇਰਾ (ਕੋਠੀ) ਜ਼ਰੂਰ ਬਣਾ ਦੇਂਦੇ ਹਨ। ਸ਼ਰਧਾਲੂਆਂ ਦੀ ਬਦੌਲਤ ਹੀ ਅਜਿਹੇ ਪ੍ਰਾਣੀ ਐਸ਼ਪ੍ਰਸਤੀ ਦਾ ਜੀਵਨ ਗੁਜ਼ਾਰ ਰਹੇ ਹਨ। ਅਜਿਹੇ ਵਿਅਕਤੀ ਕੇਵਲ ਐਸ਼ਪਸੰਦ ਦੀ ਜ਼ਿੰਦਗੀ ਹੀ ਨਹੀਂ ਬਿਤਾ ਰਹੇ ਸਗੋਂ ਗੁਰਬਾਣੀ ਦੇ ਇਸ ਫ਼ਰਮਾਨ ‘ਖਾਇ ਖਾਇ ਕਰੇ ਬਦਫੈਲੀ’ ਅਨੁਸਾਰ ਕਈ ਤਰ੍ਹਾਂ ਬਦਫੈਲੀਆਂ ਵੀ ਕਰਦੇ ਹਨ। ਮੀਡੀਏ ਵਿੱਚ ਆਏ ਦਿਨ ਇਨ੍ਹਾਂ ਦੀਆਂ ਅਜਿਹੀਆਂ ਕਰਤੂਤਾਂ ਦੀ ਚਰਚਾ ਹੁੰਦੀ ਹੀ ਰਹਿੰਦੀ ਹੈ। ਪਰ ਆਮ ਮਨੁੱਖ ਨੂੰ ਸਾਧਾਰਨ ਕੁਟੀਆ ਵੀ ਬਣਾ ਕੇ ਦੇਣ ਲਈ ਕੋਈ ਰਾਜ਼ੀ ਨਹੀਂ ਹੁੰਦਾ।
ਜਿੱਥੋਂ ਤੱਕ ਰਾਜ ਦਰਬਾਰ ਵਿੱਚ ਇੱਜ਼ਤ ਮਿਲਣ ਦਾ ਸਵਾਲ ਹੈ, ਇਹ ਗੱਲ ਜੱਗ ਜ਼ਾਹਰ ਹੈ ਕਿ ਆਮ ਤੌਰ `ਤੇ ਰਾਜ ਦਰਬਾਰ ਵਿੱਚ ਕਿਨ੍ਹਾਂ ਲੋਕਾਂ ਨੂੰ ਮਾਨ-ਸਤਿਕਾਰ ਮਿਲਦਾ ਹੈ। ਚੌਗਿਰਦੇ ਵਲ ਨਜ਼ਰ ਮਾਰਿਆਂ ਇਸ ਦੀਆਂ ਅਨੇਕਾਂ ਉਦਾਹਰਣਾਂ ਮਿਲ ਜਾਂਦੀਆਂ ਹਨ। ਗੁਰਬਾਣੀ ਦਾ ਸੱਚ ਮਨੁੱਖ ਨੂੰ ਇਹੋ ਜਿਹੇ ਰਾਜ ਦਰਬਾਰਾਂ ਵਿਚੋਂ ਕਿਸੇ ਤਰ੍ਹਾਂ ਦੀ ਇੱਜ਼ਤ ਆਦਿ ਹਾਸਲ ਕਰਨ ਲਈ ਉਤਸ਼ਾਹਤ ਜਾਂ ਮਦਦ ਨਹੀਂ ਕਰਦਾ। ਗੁਰਬਾਣੀ ਦਾ ਸੱਚ ਤਾਂ ਮਨੁੱਖ ਨੂੰ ਇਸ ਤਰ੍ਹਾਂ ਦੀ ਧਾਰਨਾ ਤੋਂ ਬਹੁਤ ਉਪਰ ਉਠਾਉਂਦਾ ਹੈ।
ਪੁਸਤਕ ਕਰਤਾ ਇਸ ਪਉੜੀ ਨੂੰ ਤਾਂਤਿਰਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਨਾਲ ਸ਼ਤਰੂ ਅੰਨ੍ਹਾ ਹੋਣ ਦੀ ਗੱਲ ਕਰ ਰਿਹਾ ਹੈ। ਜੇਕਰ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਮਨੁੱਖ ਨੂੰ ਸਫਲਤਾ ਮਿਲਦੀ ਹੁੰਦੀ ਤਾਂ ਤਾਂਤਿਰਕਾਂ ਨੇ ਕਿਸੇ ਵੀ ਸਿਆਣੇ ਮਨੁੱਖ ਨੂੰ ਸੁਜਾਖਾ ਨਹੀਂ ਸੀ ਰਹਿਣ ਦੇਣਾ। ਚੂੰਕਿ ਜਾਗਰੂਕ ਮਨੁੱਖਾਂ ਨੇ ਹਰੇਕ ਸਮੇਂ ਲੋਕਾਈ ਨੂੰ ਗੁਮਰਾਹ ਕਰਨ ਵਾਲਿਆਂ ਦਾ ਵਿਰੋਧ ਕੀਤਾ ਹੈ। ਹਾਂ, ਇਹ ਤਾਂ ਜ਼ਰੂਰ ਦੇਖਣ ਸੁਣਨ ਨੂੰ ਮਿਲਦਾ ਹੈ ਕਿ ਅਜਿਹੇ ਲੋਕਾਂ ਦਾ ਰਾਜਨੀਤਕ ਲੋਕਾਂ ਨਾਲ ਬਹੁਤ ਗੂੜ੍ਹਾ ਸਬੰਧ ਹੁੰਦਾ ਹੈ। ਦੋਹਾਂ ਧਿਰਾਂ ਨੂੰ ਇੱਕ ਦੂਜੇ ਦੀ ਸਹਾਇਤਾ ਦੀ ਲੋੜ ਪੈਂਦੀ ਹੈ। ਹਾਂ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਦੀ ਸਹਾਇਤਾ ਨਾਲ ਇਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕਈ ਵਾਰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ। ਪਰੰਤੂ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਕੋਈ ਵਿਅਕਤੀ ਅੰਨ੍ਹਾਂ ਨਹੀਂ ਹੁੰਦਾ ਹੈ। ਹਾਂ, ਇਹੋ ਜਿਹੀਆਂ ਵਿਧੀਆਂ ਨੂੰ ਅਪਣਾ ਕੇ, ਦੰਭ ਦਾ ਆਸਰਾ ਲੈ ਕੇ, ਆਮ ਮਨੁੱਖ ਨੂੰ ਆਤਮਕ ਤੌਰ `ਤੇ ਅੰਨ੍ਹਾ ਕਰਨ ਵਿੱਚ ਜ਼ਰੂਰ ਸਫਲ ਹੋ ਸਕੀਦਾ ਹੈ।
ਗੁਰਬਾਣੀ ਤਾਂ ਮਨੁੱਖ ਨੂੰ ਇਸ ਤਰ੍ਹਾਂ ਦੀ ਸੋਚ ਤੋਂ ਉਪਰ ਉਠਾਉਂਦੀ ਹੈ ਅਤੇ ਪ੍ਰਾਣੀ ਨੂੰ ਸਚਿਆਰ ਹੋਣ ਦੀ ਜੁਗਤੀ ਦ੍ਰਿੜ ਕਰਾਉਂਦੀ ਹੈ। ਹਾਂ, ਇਹ ਠੀਕ ਹੈ ਕਿ ਇਹੋ ਜਿਹੇ ਲੋਕਾਂ ਦੇ ਮਗਰ ਲਗਣ ਵਾਲੇ ਆਤਮਕ ਤੌਰ `ਤੇ ਜ਼ਰੂਰ ਅੰਧੇ ਹੋ ਜਾਂਦੇ ਹਨ। ਇਸ ਅੰਧੇ ਪਣ ਦਾ ਸ਼ਿਕਾਰ ਹੋਣ ਕਾਰਨ ਹੀ ਉਨ੍ਹਾਂ ਨੂੰ ਅਜਿਹੇ ਢੌਂਗੀਆਂ ਦਾ ਢੌਂਗ ਨਜ਼ਰ ਨਹੀਂ ਆਉਂਦਾ ਹੈ।
ਗੁਰੂ ਨਾਨਕ ਸਾਹਿਬ ਦਾ ਨਿਮਨ ਲਿਖਤ ਫ਼ਰਮਾਨ ਇਸ ਸੱਚ ਨੂੰ ਹੀ ਰੂਪਮਾਨ ਕਰਦਾ ਹੈ:-
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ॥ ੨॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ ੩॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ॥ ੪॥ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ॥ ੫॥ ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ॥ ੬॥ (ਪੰਨਾ ੨੨੯)
ਅਰਥ: ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਕਰ ਦਿੱਤਾ ਹੈ ਤੇ ਅਕਲ-ਹੀਣ ਕਰ ਦਿੱਤਾ ਹੈ, ਉਹਨਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ। ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਭੀ ਸਾਥ ਨਹੀਂ ਨਿਭ ਸਕਦਾ। ੨।
ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿੱਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ, ਪਰ (ਜੇਹੜਾ ਨਾਮ-ਧਨ) ਅਸਲ ਧਨ (ਹੈ ਉਸ) ਦੀ ਕਦਰ ਹੀ ਨਹੀਂ ਸਮਝਦਾ। ਮਾਇਆ ਵਿੱਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ—ਇਹ ਅਸਚਰਜ ਚਾਲ ਹੈ ਦੁਨੀਆ ਦੀ ਸਮੇ ਦੀ। ੩।
ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਪਏ ਨੂੰ ਜਗਤ ਆਖਦਾ ਹੈ ਕਿ ਇਹ ਜਾਗਦਾ ਹੈ ਸੁਚੇਤ ਹੈ, ਪਰ ਜੇਹੜਾ ਮਨੁੱਖ (ਪਰਮਾਤਮਾ ਦੀ ਯਾਦ ਵਿਚ) ਜਾਗਦਾ ਹੈ ਸੁਚੇਤ ਹੈ, ਉਸ ਨੂੰ ਆਖਦਾ ਹੈ ਕਿ ਸੁੱਤਾ ਪਿਆ ਹੈ। ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਜੀਊਂਦੇ ਆਤਮਕ ਜੀਵਨ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਸਾਡੇ ਭਾ ਦਾ ਮੋਇਆ ਹੋਇਆ ਹੈ। ਪਰ ਆਤਮਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫ਼ਸੋਸ ਨਹੀਂ ਕਰਦਾ। ੪।
ਪਰਮਾਤਮਾ ਦੇ ਰਸਤੇ ਉਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ-ਗੁਜ਼ਰਿਆ ਹੈ, ਪਰ ਪ੍ਰਭੂ ਵਲੋਂ ਗਏ-ਗੁਜ਼ਰੇ ਨੂੰ ਜਗਤ ਸਮਝਦਾ ਹੈ ਕਿ ਇਸੇ ਦਾ ਜਗਤ ਵਿੱਚ ਆਉਣਾ ਸਫਲ ਹੋਇਆ ਹੈ। ਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ, ਪਰ ਜੇਹੜਾ ਨਾਮ-ਧਨ ਅਸਲ ਵਿੱਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ। ੫।
ਨਾਮ-ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ, ਇਸ ਨੂੰ ਜਗਤ ਕੌੜਾ ਆਖਦਾ ਹੈ। ਵਿਸ਼ਿਆਂ ਦਾ ਰਸ (ਅੰਤ ਨੂੰ) ਕੌੜਾ (ਦੁਖਦਾਈ ਸਾਬਤ ਹੁੰਦਾ) ਹੈ, ਇਸ ਨੂੰ ਜਗਤ ਸੁਆਦਲਾ ਕਹਿ ਰਿਹਾ ਹੈ। ਪ੍ਰਭੂ ਦੇ ਨਾਮ-ਰੰਗ ਵਿੱਚ ਰੰਗੇ ਹੋਏ ਦੀ ਲੋਕ-ਨਿੰਦਾ ਕਰਦੇ ਹਨ। ਜਗਤ ਵਿੱਚ ਇਹ ਅਚਰਜ ਤਮਾਸ਼ਾ ਵੇਖਣ ਵਿੱਚ ਆ ਰਿਹਾ ਹੈ। ੬।
ਸੋ, ਗੱਲ ਕੀ, ਇਸ ਤਰ੍ਹਾਂ ਵਿਧੀਆਂ ਨਾਲ ਨਾ ਤਾਂ ਕੋਈ ਅੰਨ੍ਹਾ ਹੁੰਦਾ ਹੈ ਅਤੇ ਨਾ ਹੀ ਕਿਸੇ ਨੂੰ ਸੁਜਾਖਾ ਕਰ ਸਕੀਦਾ ਹੈ। ਗੁਰਬਾਣੀ ਪ੍ਰਤੀ ਇਹੋ ਜਿਹੀ ਧਾਰਨਾ ਦਾ ਪ੍ਰਗਟਾਵਾ ਕਰਨ ਵਾਲੇ ਬਾਣੀ ਦਾ ਸਤਿਕਾਰ ਨਹੀਂ ਸਗੋਂ ਨਿਰਾਦਰ ਕਰ ਰਹੇ ਹਨ। ਗੁਰਬਾਣੀ ਤਾਂ ਮਨੁੱਖ ਨੂੰ ਸੱਚੇ-ਸੁੱਚੇ ਆਚਰਣ ਦਾ ਧਾਰਨੀ ਬਣਨ ਦੀ ਪ੍ਰੇਰਨਾ ਦੇਂਦੀ ਹੈ। ਇਸ ਲਈ ਗੁਰਬਾਣੀ ਪੜ੍ਹ ਕੇ ਸਾਡੇ ਮਨ ਵਿੱਚ ਸਦਾਚਾਰਕ ਗੁਣ ਹੀ ਪੈਦਾ ਹੋਣੇ ਚਾਹੀਦੇ ਹਨ ਨਾ ਕਿ ਕਿਸੇ ਨੂੰ ਅੰਨ੍ਹਾ ਆਦਿ ਕਰਨ ਦਾ ਖ਼ਿਆਲ।
ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ ਨਾਲ ਮਨੁੱਖ ਦਾ ਆਪਣਾ ਅੰਨ੍ਹਾਪਣ ਜ਼ਰੂਰ ਦੂਰ ਹੋ ਜਾਂਦਾ ਹੈ। ਗੁਰਬਾਣੀ ਦੇ ਚਾਣਨ ਨਾਲ ਸੁਜਾਖਾ ਹੋਇਆ ਮਨੁੱਖ ਦੂਜਿਆਂ ਨੂੰ ਵੀ ਸੁਜਾਖਾ ਬਣਨ ਵਿੱਚ ਸਹਾਇਤਾ ਕਰ ਸਕਦਾ ਹੈ।
ਜਸਬੀਰ ਸਿੰਘ ਵੈਨਕੂਵਰ




.