.

ਸਚੁ ਸਭਨਾ ਹੋਇ ਦਾਰੂ

ਪਰੀ ਪੂਰਨ ਪ੍ਰਮਾਤਮਾ ਸੱਚ ਹੈ ਅਤੇ ਇਸ ਦੀ ਸਾਜੀ ਹੋਈ ਰਚਨਾ ਦਾ ਕੋਈ ਵੀ ਅੰਤ ਨਹੀਂ ਪਾ ਸਕਿਆ ਅਤੇ ਨਾ ਹੀ ਪਾ ਸਕਦਾ ਹੈ। ਜਿਸ ਦੀ ਸਾਜੀ ਹੋਈ ਰਚਨਾ ਦੀ ਕੋਈ ਅੰਤ ਨਹੀਂ ਪਾ ਸਕਿਆ ਤਾਂ ਫਿਰ ਜਿਸ ਨੇ ਇਹ ਸਾਜੀ ਹੈ ਉਹ ਆਪ ਵੀ ਕਿਤਨਾ ਵੱਡਾ ਹੋਵੇਗਾ ਅਤੇ ਫਿਰ ਉਸ ਦਾ ਅੰਤ ਕੋਈ ਕਿਵੇਂ ਪਾ ਸਕਦਾ ਹੈ। ਹਾਂ, ਇੱਕ ਗੱਲ ਸਾਡੇ ਅਭੁੱਲ ਗੁਰੂ ਨੇ ਸਾਨੂੰ ਸਮਝਾ ਦਿੱਤੀ ਹੈ ਕਿ ਜਿਸ ਤਰ੍ਹਾਂ ਅਸੀਂ ਆਪਣੇ ਰਹਿਣ ਲਈ ਕੋਈ ਮਕਾਨ ਬਣਾਉਂਦੇ ਹਾਂ ਇਸੇ ਤਰ੍ਹਾਂ ਅਕਾਲ ਪੁਰਖ ਨੇ ਰਹਿਣ ਲਈ ਵੀ ਆਪਣਾ ਮਕਾਨ ਬਣਾਇਆ ਹੈ ਅਤੇ ਆਪ ਉਹ ਇਸ ਵਿੱਚ ਰਹਿੰਦਾ ਹੈ:

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ ਪੰਨਾ 463॥

ਜਿਹਨਾ ਨੇ ਇਸ ਸੱਚ ਨੂੰ ਪਛਾਣ ਕੇ ਆਪਣੇ ਜੀਵਨ ਵਿੱਚ ਅਪਣਾਇਆ ਫਿਰ ਉਹਨਾ ਨੇ ਇਸ ਸਚਾਈ ਨੂੰ ਆਮ ਲੋਕਾਈ ਤੱਕ ਪਹੁੰਚਾਉਂਣ ਲਈ ਮੌਜੂਦਾ ਸਾਧਨ ਅਪਣਾਏ। ਅਜਿਹੇ ਵਿਆਕਤੀਆਂ ਨੂੰ ਅਸੀਂ ਗੁਰੂ-ਭਗਤ ਕਹਿੰਦੇ ਹਾਂ ਅਤੇ ਉਹਨਾ ਵਲੋਂ ਦਿੱਤੇ ਇਸ ਸਚਾਈ ਵਾਲੇ ਸੰਦੇਸ਼ ਨੂੰ ਗੁਰਬਾਣੀ। ਜੇ ਕਰ ਸਾਰੀ ਦੁਨੀਆਂ ਦੇ ਵਿਆਕਤੀ ਇਸ ਸਚਾਈ ਨੂੰ ਸਮਝ ਕੇ ਕਿਣਕਾ ਮਾਤਰ ਵੀ ਅਪਣਾਉਣ ਦਾ ਯਤਨ ਕਰਨ ਤਾਂ ਸਾਰੀ ਦੁਨੀਆਂ ਦੇ ਲੜਾਈ ਝਗੜੇ ਕਾਫੀ ਘੱਟ ਹੋ ਸਕਦੇ ਹਨ। ਸਾਰੀ ਦੁਨੀਆਂ ਦੀ ਗੱਲ ਤਾਂ ਛੱਡੇ ਜੇ ਕਰ ਸਾਰੇ ਸਿੱਖ ਹੀ ਇਸ ਤੇ ਭੋਰਾ ਕੁ ਅਮਲ ਕਰ ਲੈਣ ਤਾਂ ਇਹ ਆਪਸੀ ਝਗੜੇ ਕਾਫੀ ਘੱਟ ਸਕਦੇ ਹਨ। ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਿੱਖਾਂ ਅੰਦਰ ਸਚਾਈ ਬਿੱਲਕੁੱਲ ਮਨਫੀ ਹੁੰਦੀ ਜਾ ਰਹੀ ਹੈ। ਕਹਿਣ ਨੂੰ ਭਾਵੇਂ ਕੋਈ ਜੋ ਮਰਜੀ ਕਹੇ ਕਿ ਮੈਂ ਇਤਨਾ ਵੱਡਾ ਵਿਦਵਾਨ ਲਿਖਾਰੀ ਹਾਂ ਅਤੇ ਮੈਂ ਹੁਣ ਤੱਕ ਇਤਨੇ ਲੇਖ ਜਾਂ ਕਿਤਾਬਾਂ ਲਿਖ ਚੁੱਕਾ ਹਾਂ ਪਰ ਅੰਦਰੋਂ ਖਾਲੀ ਹੈ। ਖਾਲੀ ਭਾਂਡੇ ਜ਼ਿਆਦਾ ਖੜਕਦੇ ਹੁੰਦੇ ਹਨ:

ਕਹੁ ਕਬੀਰੁ ਛੂਛਾ ਘਟੁ ਬੋਲੈ॥ ਭਰਿਆ ਹੋਇ ਸੁ ਕਬਹੁ ਨ ਡੋਲੈ॥ ਪੰਨਾ 870॥

ਜੇ ਕਰ ਭਾਂਡਾ ਛੋਟਾ ਹੋਵੇ ਅਤੇ ਵਸਤੂ ਉਸ ਵਿੱਚ ਵੱਡੀ ਪਾ ਦਿੱਤੀ ਜਾਵੇ ਤਾਂ ਫਿਰ ਉਹ ਉਸ ਵਿਚੋਂ ਨਿਕਲ ਕੇ ਬਾਹਰ ਆ ਜਾਂਦੀ ਹੈ ਅਤੇ ਉਹ ਭਾਂਡਾ ਉਸ ਨੂੰ ਚੰਗੀ ਤਰ੍ਹਾਂ ਸਾਂਭ ਨਹੀਂ ਸਕਦਾ। ਇਹ ਉਦਾਹਣ ਕੁੱਝ ਮੇਰੇ ਤੇ ਵੀ ਢੁਕਦੀ ਹੈ। ਮੇਰੇ ਮਨ ਦਾ ਭਾਂਡਾ ਕੁੱਝ ਛੋਟਾ ਸੀ ਪਰ ਇਸ ਵਿੱਚ ਗੁਰਬਾਣੀ ਦੇ ਸੱਚ ਦੀ ਵਸਤੂ ਪਾਈ ਤਾਂ ਉਹ ਵੱਡੀ ਸੀ। ਮੈਂ ਇੰਡੀਆ ਵਿਚੋਂ ਹਲ ਵਾਹੁੰਦਾ, ਨੱਕੇ ਮੋੜਦਾ ਅਤੇ ਪਸ਼ੂ ਚਾਰਦਾ ਆਇਆ ਸੀ। ਇੱਥੇ ਕਨੇਡਾ ਵਿੱਚ ਆ ਕੇ ਆਪੇ ਹੀ ਪੜ੍ਹ-ਪੜ੍ਹ ਕੇ ਗੁਰਬਾਣੀ ਦਾ ਸੱਚ ਸਮਝ ਲਿਆ। ਫਿਰ ਕੰਪਿਊਟਰ ਚਲਾਉਣਾ ਅਤੇ ਕਾਫੀ ਹੱਦ ਤੱਕ ਆਪੇ ਹੀ ਠੀਕ ਕਰ ਲੈਣਾ ਵੀ ਸਮਝ ਲਿਆ। ਉਸ ਤੋਂ ਬਾਅਦ ਇੰਟਰਨੈੱਟ ਵਰਤਣਾ, ਈ-ਮੇਲ ਕਰਨਾ ਅਤੇ ਵੈੱਬ ਸਾਈਟ ਬਣਾਉਣਾ ਵੀ ਆਪੇ ਹੀ ਪੜ੍ਹ-ਪੜ੍ਹ ਕੇ ਸਮਝ ਲਿਆ। ਇਹ ਸਾਰਾ ਕੁੱਝ ਸਮਝ ਕੇ ਕਈ ਵਾਰੀ ਸੋਚ ਕੇ ਕੁੱਝ ਗੁੱਸਾ ਵੀ ਆ ਜਾਂਦਾ ਹੈ ਅਤੇ ਫਿਰ ਇਹ ਕਈ ਵਾਰੀ ਸਖਤ ਸ਼ਬਦਵਲੀ ਵਿੱਚ ਬਾਹਰ ਵੀ ਨਿਕਲ ਜਾਂਦਾ ਹੈ ਕਿ ਜੇ ਕਰ ਇੱਕ ਸਾਧਾਰਨ ਪੇਂਡੂ ਮੁੰਡਾ ਆਪ ਹੀ ਇਤਨਾ ਕੁੱਝ ਸਮਝ ਸਕਦਾ ਹੈ ਤਾਂ ਫਿਰ ਸਾਰੀ ਉਮਰ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਅਤੇ ਇਤਨੇ ਸਾਲ ਸਕੂਲਾਂ ਕਾਲਜ਼ਾਂ ਅਤੇ ਯੂਨੀਵਰਸਿਟੀਆਂ ਵਿੱਚ ਗੁਜਾਰਨ ਵਾਲੇ ਸਚਾਈ ਦਾ ਸਾਹਮਣਾ ਕਿਉਂ ਨਹੀਂ ਕਰ ਪਉਂਦੇ।

ਧੱਕੇਸ਼ਾਹੀ ਵਿਰੁੱਧ ਅਵਾਜ਼ ਉਠਾਉਣੀ:- ਜਦੋਂ ਗੁਰਬਾਣੀ ਦੇ ਸੱਚ ਦੀ ਕੁੱਝ ਸਮਝ ਪੈ ਗਈ ਤਾਂ ਮੇਰੇ ਖਿਆਲ ਆਮ ਸਿੱਖਾਂ ਨਾਲੋਂ ਬਿੱਲਕੁੱਲ ਬਦਲ ਗਏ। ਹੁਣ ਵੀ ਮੇਰੇ ਖਿਆਲ ਬਹੁਤ ਘੱਟ ਸਿੱਖਾਂ ਨਾਲ ਮਿਲਦੇ ਹਨ। ਜਦੋਂ ਕੁੱਝ ਸਿੱਖ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਕਿਸੇ ਹੋਰ ਸਿੱਖ ਵਿਦਵਾਨ ਨਾਲ ਧੱਕੇਸ਼ਾਹੀ ਸ਼ੁਰੂ ਕਰ ਦੇਣ ਤਾਂ ਫਿਰ ਜਿੱਥੋਂ ਤੱਕ ਹੋ ਸਕੇ ਤਾਂ ਇਸ ਅਨਿਆਏਂ ਵਿਰੁੱਧ ਮੈਂ ਕੁੱਝ ਅਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਹੜੀ ਕਿ ਬਹੁਤਿਆਂ ਨੂੰ ਰਾਸ ਨਹੀਂ ਆਉਂਦੀ ਅਤੇ ਨਾ ਹੀ ਸਮਝ ਆਉਂਦੀ ਹੈ ਕਿ ਮੈਂ ਇਸ ਤਰ੍ਹਾਂ ਕਿਉਂ ਕਰਦਾ ਹਾਂ? ਜੇ ਕਰ ਕਿਸੇ ਦੀ ਸਮਝ ਪੈ ਜਾਵੇ ਤਾਂ ਮੈਂ ਇਸ ਨੂੰ ਸਮਝਾਉਣ ਦਾ ਯਤਨ ਕਰਦਾ ਹਾਂ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ। ਪਰ ਕਿਸ ਦੀ ਖਾਤਰ? ਹਿੰਦੂਆਂ ਤੇ ਤਿਲਕ ਜੰਝੂ ਲਈ ਜਾਂ ਮਨੁੱਖੀ ਹੱਕਾਂ ਦੀ ਅਜ਼ਾਦੀ ਲਈ? ਜੇ ਕਰ ਸਾਰੇ ਨਹੀਂ ਤਾਂ ਕਈ ਤਾਂ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਇਹ ਸ਼ਹੀਦੀ ਮਨੁੱਖੀ ਹੱਕਾਂ ਦੀ ਅਜ਼ਾਦੀ ਲਈ ਸੀ ਕਿ ਹਰ ਇੱਕ ਨੂੰ ਆਪਣੀ ਮਰਜ਼ੀ ਦਾ ਧਰਮ ਅਪਣਾਉਣ ਦਾ ਹੱਕ ਹੈ ਅਤੇ ਆਪਣੇ ਖਿਆਲ ਪ੍ਰਗਟ ਕਰਨ ਦੀ ਅਜ਼ਾਦੀ ਹੋਣੀ ਚਾਹੀਦੀ ਹੈ ਜਿਹੜੀ ਕਿ ਇਸ ਵੇਲੇ ਤਕਰੀਬਨ ਸਾਰੇ ਹੀ ਸਭਿਅਕ ਪੱਛਵੀਂ ਦੇਸ਼ਾਂ ਵਿੱਚ ਮਿਲੀ ਹੋਈ ਹੈ। ਇਹ ਅਜ਼ਾਦੀ ਜਾਣਬੁੱਝ ਕੇ ਕਿਸੇ ਦੇ ਮਾਨ ਸਨਮਾਨ ਨੂੰ ਸੱਟ ਮਾਰਨ ਲਈ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਹੈ। ਇਹ ਹੈ ਕਿ ਕਿਸੇ ਵੀ ਮੁੱਦੇ ਬਾਰੇ ਆਪਣੇ ਖਿਆਲ ਸਭਿਅਕ ਭਾਸ਼ਾ ਵਿੱਚ ਪ੍ਰਗਟ ਕਰਨਾ। ਇਸ ਤਰ੍ਹਾਂ ਦੇ ਵਿਚਾਰ ਹਰ ਇੱਕ ਸ਼ਹਿਰੀ ਪ੍ਰਗਟ ਕਰ ਸਕਦਾ ਹੈ ਅਤੇ ਕਰਦੇ ਵੀ ਹਨ।

ਆਓ ਹੁਣ ਮੈਂ ਤੁਹਾਡੇ ਨਾਲ ਪਿਛਲੇ 28 ਕੁ ਸਾਲਾਂ ਦੇ ਵਾਕਿਆਤ ਸਾਂਝੇ ਕਰਦਾ ਹਾਂ। ਕੋਈ 28 ਕੁ ਸਾਲ ਪਹਿਲਾਂ ਪ੍ਰਿੰ: ਹਰਿਭਜਨ ਸਿੰਘ ਜੀ ਚੰਡੀਗੜ੍ਹ ਵਾਲੇ ਇੱਥੇ ਕਨੇਡਾ ਵਿੱਚ ਆਏ ਸਨ। ਉਹ ਨਾ ਤਾਂ ਮੇਰੇ ਕੋਈ ਰਿਸ਼ਤੇਦਾਰ ਸਨ ਅਤੇ ਨਾ ਹੀ ਮੈਂ ਕਦੀ ਉਹਨਾ ਨੂੰ ਮਿਲਿਆ ਸੀ, ਸਿਰਫ ਉਹਨਾਂ ਦੀਆਂ ਕੁੱਝ ਕਿਤਾਬਾਂ ਹੀ ਪੜ੍ਹੀਆਂ ਸਨ। ਉਸ ਵੇਲੇ ਆਮ ਸਿੱਖਾਂ ਤੇ ਬਹੁਤਾ ਮਸਕੀਨ ਦਾ ਪ੍ਰਭਾਵ ਸੀ ਜੋ ਕਿ ਦਸਮ ਗ੍ਰੰਥ ਦੇ ਹਮਾਇਤੀ ਸਨ। ਮਸਕੀਨ ਜੀ ਦਸਮ ਗ੍ਰੰਥ ਦੇ ਵਿਰੋਧੀਆਂ ਤੇ ਤਵਾ ਲਉਂਦੇ ਹੀ ਰਹਿੰਦੇ ਸਨ। ਪਰ ਪਿ: ਹਰਿਭਜਨ ਸਿੰਘ ਜੀ ਦਸਮ ਗ੍ਰੰਥ ਦੀਆਂ ਬਹੁਤੀਆਂ ਰਚਨਾਵਾਂ ਨੂੰ ਰੱਦ ਕਰਦੇ ਸਨ। ਉਸ ਵੇਲੇ ਆਮ ਸਿੱਖਾਂ ਨੂੰ ਦਸਮ ਗ੍ਰੰਥ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ਇਸ ਕਰਕੇ ਉਹ ਪ੍ਰਿੰ: ਹਰਿਭਜਨ ਸਿੰਘ ਨਾਲੋਂ ਮਸਕੀਨ ਨੂੰ ਚੰਗਾ ਸਮਝਦੇ ਸਨ ਅਤੇ ਜਾਂ ਫਿਰ ਰਾਗੀਆਂ ਢਾਡੀਆਂ ਨੂੰ। ਇਸ ਨੂੰ ਮੱਠੀ ਜਿਹੀ ਵਿਰੋਧਤਾ ਕਹਿ ਸਕਦੇ ਹਾਂ ਪਰ ਧੱਕੇਸ਼ਾਹੀ ਨਹੀਂ। ਪਰ ਉਸ ਵੇਲੇ ਮੈਂ ਪ੍ਰਿੰ: ਹਰਿਭਜਨ ਸਿੰਘ ਨੂੰ ਆਪਣੇ ਕੋਲ ਸੱਦ ਕੇ ਇੱਕ ਹਫਤਾ ਰੱਖਿਆ ਅਤੇ ਉਹਨਾ ਕੋਲੋਂ ਦਸਮ ਗ੍ਰੰਥ ਬਾਰੇ ਗੁਰਦੁਆਰੇ ਵਿੱਚ ਕੁੱਝ ਲੈਕਚਰ ਵੀ ਕਰਵਾਏ। ਕਿਉਂਕਿ ਉਹ ਪ੍ਰੋ: ਸਾਹਿਬ ਸਿੰਘ ਤੋਂ ਬਾਅਦ ਸ਼ਹੀਦ ਸਿੱਖ ਮਿਸ਼ਨਰੀ ਕਾਲਜ਼ ਦੇ ਪ੍ਰਿੰ: ਬਣੇ ਅਤੇ ਸ਼੍ਰੋਮਣੀ ਕਮੇਟੀ ਵਿੱਚ ਵੀ ਰਹੇ ਇਸ ਕਰਕੇ ਉਹਨਾ ਨੇ ਹੱਥ ਲਿਖਤ ਬੀੜਾਂ ਦੀ ਕਾਫੀ ਖੋਜ ਵੀ ਕੀਤੀ ਸੀ ਅਤੇ ਉਹ ਰਾਗਮਾਲਾ ਨੂੰ ਵੀ ਨਹੀਂ ਸਨ ਮੰਨਦੇ। ਇੱਥੇ ਜਦੋਂ ਕਈਆਂ ਨੇ ਰਾਗਮਾਲਾ ਬਾਰੇ ਸਵਾਲ ਕੀਤੇ ਸਨ ਤਾਂ ਉਹਨਾ ਨੇ ਕਹੀਆਂ ਜਾਂਦੀਆਂ ਬਾਬਾ ਦੀਪ ਸਿੰਘ ਵਾਲੀਆਂ ਬੀੜਾਂ ਅਤੇ ਕਿਸੇ ਸੁਨਹਿਰੀ ਜ਼ਿਲਦ ਵਾਲੀ ਬੀੜ ਬਾਰੇ ਜਾਣਕਾਰੀ ਦੇ ਕੇ ਸਾਰਿਆਂ ਦੀ ਤਸੱਲੀ ਕਰਵਾਈ ਸੀ ਕਿ ਆਪਸ ਵਿੱਚ ਵੀ ਨਹੀਂ ਮਿਲਦੀਆਂ ਅਤੇ ਇਹਨਾ ਵਿੱਚ ਕੀ ਫਰਕ ਹੈ। ਇਹਨਾ ਦੀ ਇੱਕ ਕਿਤਾਬ, ‘ਗੁਰਬਾਣੀ ਸੰਪਾਦਨ ਨਿਰਣੇ’ ਵੀ ਪਾਠਕਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।

ਪ੍ਰਿੰ: ਹਰਿਭਜਨ ਸਿੰਘ ਤੋਂ ਕੁੱਝ ਮਹੀਨੇ ਬਾਅਦ ਡਾ: ਗੁਰਬਖਸ਼ ਸਿੰਘ ਡੀਨ, ਐਗਰੀਕਰਚਲ ਯੂਨੀਵਰਸਿਟੀ ਲੁਧਿਆਣੇ ਵਾਲੇ ਇੱਥੇ ਕਨੇਡਾ ਵਿੱਚ ਆਏ ਸਨ। ਮੇਰੀ ਉਹਨਾ ਨਾਲ ਵੀ ਪਹਿਲਾਂ ਕੋਈ ਜਾਣ ਪਛਾਣ ਨਹੀਂ ਸੀ। ਮੈਂ ਨਗਰ ਕੀਰਤਨ ਤੇ ਵੈਨਕੂਵਰ ਗਿਆ ਹੋਇਆ ਸੀ ਅਤੇ ਜਦੋਂ ਉਹਨਾ ਨੂੰ ਗੁਰਦੁਆਰੇ ਵਿੱਚ ਸੁਣਿਆਂ ਤਾਂ ਵਿਚਾਰ ਚੰਗੇ ਲੱਗੇ। ਉਹਨਾ ਨੂੰ ਵੀ ਆਪਣੇ ਕੋਲ ਸੱਦਿਆ ਅਤੇ ਉਹ ਕਈ ਸਾਲ ਇੱਥੇ ਆਉਂਦੇ ਰਹੇ ਅਤੇ ਬੱਚਿਆਂ ਦੇ ਕੈਂਪ ਵੀ ਲਉਂਦੇ ਰਹੇ। ਥੋੜੇ ਕੁ ਚਿਰ ਬਾਅਦ ਉਹਨਾ ਨਾਲ ਪ੍ਰੰਪਰਾਵਾਦੀ ਕਰਮਕਾਂਡੀਆਂ ਵਲੋਂ ਧੱਕੇਸ਼ਾਹੀ ਸ਼ੁਰੂ ਹੋ ਗਈ ਅਤੇ ਬੀ. ਸੀ. ਦੇ ਸਭ ਤੋਂ ਵੱਡੇ ਗੁਰਦੁਆਰੇ ਵਿੱਚ ਬੋਲਣ ਤੇ ਪਬੰਦੀ ਲਗਾ ਦਿੱਤੀ ਗਈ। ਕਸੂਰ ਕੀ ਸੀ? ਇਹੀ ਕਿ ਇਹ ਕਈ ਪੁਰਾਤਨ ਗੱਲਾਂ ਨੂੰ ਰੱਦ ਕਰਦਾ ਹੈ ਇਹ ਗੁਰਬਾਣੀ ਵਿੱਚ ਕਹੀਆਂ 84 ਲੱਖ ਜੂਨਾਂ ਨੂੰ ਗੁਰਮਤਿ ਦਾ ਸਿਧਾਂਤ ਨਹੀਂ ਮੰਨਦਾ। ਇਸ ਨੇ ਤਾਂ ਆਪਣੀਆਂ ਕਿਤਾਬਾਂ ਵਿੱਚ ਖਾਸ ਕਰਕੇ, ‘ਅੰਡਰ ਦਾ ਬ੍ਰਾਹਮਣੀਕਲ ਸ਼ੀਜ’ ਵਿੱਚ ਦਸਮ ਗ੍ਰੰਥ ਦੀਆਂ ਕਈਆਂ ਮਨੌਤਾਂ ਦਾ ਖੰਡਣ ਕਰ ਦਿੱਤਾ ਹੈ। ਇਹ ਤਾਂ ਹੇਮਕੁੰਟ ਨੂੰ ਵੀ ਕੋਈ ਮਹਾਨਤਾ ਨਹੀਂ ਦਿੰਦਾ ਅਤੇ ਆਪਣੀਆਂ ਕਿਤਾਬਾਂ ਵਿੱਚ ਕਮਿਊਨਿਜ਼ਮ ਵਾੜ ਰਿਹਾ ਹੈ। ਇਸ ਨੂੰ ਸਰਕਾਰ ਨੇ ਭੇਜਿਆ ਹੈ ਆਦਿਕ ਬੇਹੂਦਾ ਦੂਸ਼ਣ ਲਾਏ ਗਏ। ਮੈਂ ਇਸ ਧੱਕੇਸ਼ਾਹੀ ਵਿਰੁੱਧ ਜੋ ਕੁੱਝ ਕਰ ਸਕਦਾ ਸੀ ਕਰਦਾ ਰਿਹਾ। ਜਦੋਂ ਮੈਂ ਵੈੱਬ ਸਾਈਟ ਸ਼ੁਰੂ ਕੀਤੀ ਤਾਂ ਪਹਿਲਾਂ ਇਹਨਾ ਦੀਆਂ ਕੁੱਝ ਕਿਤਾਬਾਂ ਹੀ ਪਾਈਆ ਸਨ ਕਿਉਂਕਿ ਉਸ ਵੇਲੇ ਪੰਜਾਬੀ ਤਾਂ ਇੰਟਰਨੈੱਟ ਤੇ ਚਲਦੀ ਹੀ ਨਹੀਂ ਸੀ। ਇਹ ਅੰਗਰੇਜ਼ੀ ਵਾਲੀਆਂ ਕੁੱਝ ਕਿਤਾਬਾਂ ਤੁਸੀਂ ਹਾਲੇ ਵੀ ਇੱਥੇ ਪੜ੍ਹ ਸਕਦੇ ਹੋ। ਇਹਨਾ ਦੇ 28 ਸਾਲ ਪਹਿਲਾਂ ਨਿੱਤਨੇਮ ਦੀਆਂ ਬਾਣੀਆਂ ਬਾਰੇ ਉਹੀ ਖਿਆਲ ਸਨ ਜੋ ਕਿ ਕੁੱਝ ਸਮਾਂ ਪਹਿਲਾਂ ਜਾਂ ਸ਼ਾਇਦ ਹਾਲੇ ਵੀ ਜੋ ਪ੍ਰੋ: ਦਰਸ਼ਨ ਸਿੰਘ ਦੇ ਹਨ।

ਡਾ: ਗੁਰਬਖਸ਼ ਸਿੰਘ ਤੋਂ ਬਾਅਦ ਗਿਆਨੀ ਹਰਿਭਜਨ ਸਿੰਘ ਜਿਹੜੇ ਕੇ ਪ੍ਰੋ: ਸਾਹਿਬ ਸਿੰਘ ਦੇ ਵਿਦਿਆਰਥੀ ਸਨ ਉਹ ਗੁਰਦੁਆਰੇ ਵਿੱਚ ਗ੍ਰੰਥੀ ਆਏ ਤਾਂ ਉਹਨਾ ਨਾਲ ਵੀ ਉਹੀ ਧੱਕੇ ਸ਼ਾਹੀ ਕਰਕੇ ਇੱਥੋਂ ਜਾਣ ਲਈ ਮਜ਼ਬੂਰ ਕਰ ਦਿੱਤਾ ਅਤੇ ਉਹ ਅਮਰੀਕਾ ਨਿਊਯਾਰਕ ਕੋਲ ਇੱਕ ਥਾਂ ਤੇ ਚਲੇ ਗਏ ਜਿੱਥੇ ਕਾਫੀ ਪੜ੍ਹੇ ਲਿਖੇ ਸਿੱਖ ਰਹਿੰਦੇ ਸਨ ਅਤੇ ਹੁਣ ਕਈ ਸਾਲਾਂ ਦੇ ਉਹ ਪਰਲੋਕ ਸਿਧਾਰ ਚੁੱਕੇ ਹਨ।

ਇਸ ਤੋਂ ਬਾਅਦ ਵਾਰੀ ਆ ਗਈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀ। ਜਦੋਂ ਉਹਨਾ ਨੇ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਤਾਂ ਉਹਨਾ ਨਾਲ ਵੀ ਧੱਕੇਸ਼ਾਹੀ ਅਤੇ ਮੇਰਾ ਫਿਰ ਇਸ ਧੱਕੇਸ਼ਾਹੀ ਵਿਰੁੱਧ ਖੜਨਾ ਵੀ ਸੁਭਾਵਿਕ ਸੀ। ਜਦੋਂ ਇਸ ਦੀਆਂ ਲਿਖਤਾਂ ‘ਸਿੱਖ ਮਾਰਗ’ ਤੇ ਛਪਣ ਲੱਗੀਆਂ ਤਾਂ ‘ਸਿੱਖ ਮਾਰਗ’ ਨੂੰ ਕਾਲੇ ਅਫਗਾਨੇ ਦੀ ਸਾਈਟ ਪ੍ਰਚਾਰਿਆ ਜਾਣ ਲੱਗਾ। ਤਰ੍ਹਾਂ-ਤਰ੍ਹਾਂ ਦੇ ਇਲਜਾਮ ਲਗਾਏ ਗਏ। ਮੈਂ ਸਮੇਂ ਮੁਤਾਬਕ ਥੋੜੇ ਜਿਹੇ ਜਵਾਬ ਦਿੰਦਾ ਗਿਆ।

ਲਓ ਜੀ ਹੁਣ ਵਾਰੀ ਆ ਗਈ ਹੈ ਡਾ: ਇਕਬਾਲ ਸਿੰਘ ਢਿੱਲੋਂ ਦੀ। ਹੁਣ ਇਹ ਧੱਕੇਸ਼ਹੀ ਇਸ ਦੇ ਵਿਰੁੱਧ ਸ਼ੁਰੂ ਹੋ ਚੁੱਕੀ ਹੈ। ਹੁਣ ਵਾਲੇ ਪਾਤਰਾਂ ਦਾ ਪਹਿਲਿਆਂ ਨਾਲੋਂ ਇਹ ਫਰਕ ਹੈ ਕਿ ਪਹਿਲਾਂ ਬਹੁਤੇ ਕਰਮਕਾਂਡੀ ਅਤੇ ਡੇਰਿਆਂ ਨਾਲ ਸੰਬੰਧਿਤ ਸਨ ਅਤੇ ਹੁਣ ਵਾਲੇ ਬਹੁਤੇ ਆਪਣੇ ਆਪ ਨੂੰ ਵਿਦਵਾਨ ਸਮਝਦੇ ਹਨ ਅਤੇ ਉਹ ਇਹ ਸਮਝਦੇ ਹਨ ਕਿ ਸ਼ਾਇਦ ਸਿੱਖੀ ਦਾ ਅਸਮਾਨ ਅਸੀਂ ਹੀ ਥੰਮਿਆ ਹੋਇਆ ਹੈ ਨਹੀਂ ਤਾਂ ਪਤਾ ਨਹੀਂ ਕੀ ਹੋ ਜਾਵੇ। ਡਾ: ਢਿੱਲੋਂ ਦਾ ਕਸੂਰ ਕੀ ਹੈ? ਬਸ ਇਹੀ ਕਿ ਇਸ ਦੇ ਵਿਚਾਰ ਸਾਡੇ ਨਾਲੋਂ ਭਿੰਨ ਕਿਉਂ ਹਨ। ਇਹ ਕਰਤਾਰਪੁਰੀ ਬੀੜ ਨੂੰ ਨਕਲ ਦੱਸ ਕੇ ਰੱਦ ਕਿਉਂ ਕਰਦਾ ਹੈ, ਹਾਲਾਂ ਕਿ ਪਹਿਲਾਂ ਵੀ ਅਨੇਕਾਂ ਹੀ ਇਸ ਨੂੰ ਰੱਦ ਕਰ ਚੁੱਕੇ ਹਨ। ਇਸ ਬਾਰੇ ਹਾਲੇ ਮੈਂ ਬਹੁਤਾ ਕੁੱਝ ਨਹੀਂ ਲਿਖਦਾ ਕਿਉਂਕਿ ਵਿਚਾਰ ਚਰਚਾ ਜਾਰੀ ਹੈ। ਜੇ ਕਰ ਅਕਾਲ ਤਖ਼ਤ ਦੇ ਨਾਮ ਤੇ ਸਿੱਖੀ ਨੂੰ ਨੁਕਸਾਨ ਪਹੁੰਚਾਲ ਵਾਲੀਆਂ ਕਾਰਵਾਈਆਂ ਹੋ ਰਹੀਆਂ ਹਨ ਤਾਂ ਇਸ ਨੇ ਕਹਿ ਦਿੱਤਾ ਕਿ ਇਹ ਵਿਵਸਥਾ ਬੰਦ ਕਰ ਦੇਣੀ ਚਾਹੀਦੀ ਹੈ ਤਾਂ ਤੁਫਾਨ ਖੜਾ ਹੋ ਜਾਂਦਾ ਹੈ ਕਿ ਇਹ ਕੌਣ ਹੁੰਦਾ ਹੈ ਸਾਡੇ ਗੁਰੂਆਂ ਦੇ ਬਣੇ ਅਕਾਲ ਤਖਤ ਵਿਰੁੱਧ ਬੋਲਣ ਵਾਲਾ। ਭਾਂਵੇਂ ਕਿ ਗੁਰਬਾਣੀ ਦੀ ਮਾੜੀ ਜਿਹੀ ਵੀ ਸੂਝ ਰੱਖਣ ਵਾਲਾ ਇਹ ਜਾਣਦਾ ਹੈ ਕਿ ਗੁਰਬਾਣੀ ਅਨੁਸਾਰ ਕੋਈ ਵੀ ਬਿੱਲਡਿੰਗ ਅਕਾਲ ਪੁਰਖ ਤਾ ਤਖਤ ਨਹੀਂ ਬਣ ਸਕਦੀ। ਇਸ ਦੀ ਵਿਰੋਧਤਾ ਕਰਨ ਵਾਲੇ ਕਈ ਖੁਦ ਵੀ ਆਪਣੀਆਂ ਲਿਖਤਾਂ ਵਿੱਚ ਮੰਨ ਚੁੱਕੇ ਹਨ ਕਿ ਅਕਾਲ ਪੁਰਖ ਦਾ ਤਖਤ ਕੋਈ ਬਿੱਲਡਿੰਗ ਨਹੀਂ ਹੋ ਸਕਦੀ। ਕੋਈ 11 ਸਾਲ ਪਹਿਲਾਂ ਕਾਲਾ ਅਫਗਾਨਾ ਗੁਰਬਾਣੀ ਦੇ ਅਧਾਰ ਤੇ ਇਸ ਬਾਰੇ ਲਿਖ ਚੁੱਕਾ ਹੈ। ਭਾਈ ਜਸਬੀਰ ਸਿੰਘ ਜੀ ਵੈਨਕੂਵਰ ਵਾਲੇ ਜਿਹੜੇ ਕਿ ਬਹੁਤ ਹੀ ਸੁਲਝੇ ਹੋਏ ਸਿੱਖ ਹਨ ਅਤੇ ਇਹ ਇਕੋ ਗੁਰਦੁਆਰੇ ਵਿੱਚ ਕਾਫੀ ਦੇਰ ਤੋਂ ਸੇਵਾ ਕਰ ਰਹੇ ਹਨ। ਇਹਨਾ ਦਾ ਵੈਨਕੂਵਰ ਦੇ ਇਲਾਕੇ ਵਿੱਚ ਕਾਫੀ ਸਤਿਕਾਰ ਹੈ। ਇਹ ਵੀ ਗੁਰਬਾਣੀ ਦੇ ਅਧਾਰ ਤੇ ਅਕਾਲ ਤਖ਼ਤ ਬਾਰੇ ਫਰਵਰੀ 2010 ਵਿੱਚ ਲਿਖ ਚੁੱਕੇ ਹਨ ਜੋ ਕਿ ‘ਸਿੱਖ ਮਾਰਗ’ ਤੇ ਪੜ੍ਹਿਆ ਜਾ ਸਕਦਾ ਹੈ। ਫਿਰ ਡਾ: ਢਿੱਲੋਂ ਦੇ ਲੇਖ ਬਾਰੇ ਹੀ ਐਸੀ ਵਿਰੋਧਤਾ ਕਿਉਂ? ਇਸ ਦੇ ਹੋਰ ਕਾਰਨਾ ਦੇ ਨਾਲ ਇੱਕ ਕਾਰਨ ਇਹ ਵੀ ਹੈ ਕਿ ਇਹਨਾ ਨੇ ਗੁਰਬਾਣੀ ਦੇ ਅਧਾਰ ਨੂੰ ਛੱਡ ਕੇ ਸਿਰਫ ਇਤਿਹਾਸ ਦੇ ਅਧਾਰ ਤੇ ਹੀ ਇਸ ਨੂੰ ਰੱਦ ਕਰਨਾ ਚਾਹਿਆ ਜਿਸ ਵਿੱਚ ਕਿ ਇਹ ਪੂਰੇ ਸਬੂਤ ਪੇਸ਼ ਕਰਕੇ ਸਾਰਿਆਂ ਨੂੰ ਕਾਇਲ ਨਹੀਂ ਕਰ ਸਕੇ।

ਇਹ ਕੁੱਝ ਕੁ ਉਪਰ ਲਿਖੀਆਂ ਉਦਾਹਰਣਾ ਦੇ ਕੇ ਮੇਰਾ ਦੱਸਣ ਦਾ ਮਤਲਬ ਸਿਰਫ ਇਤਨਾ ਹੀ ਹੈ ਕਿ ਜਦੋਂ ਕਿਸੇ ਸਿੱਖ ਵਿਦਵਾਨ ਨਾਲ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਬਦਨਾਮੀ ਕਰਕੇ ਧੱਕੇ ਸ਼ਾਹੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਮੈਂ ਉਸ ਦੇ ਹੱਕ ਵਿੱਚ ਥੋੜਾ ਜਿਹਾ ਹਾਂ ਦਾ ਨਾਹਰਾ ਮਾਰਨਾ ਆਪਣਾ ਫਰਜ ਸਮਝਦਾ ਹਾਂ। ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਉਸ ਦੀਆਂ ਲਿਖਤਾਂ ਨਾਲ 100% ਸਹਿਮਤ ਹਾਂ ਜਾਂ ਮੈਨੂੰ ਉਸ ਦੇ ਤਾਂਈ ਕੋਈ ਮਤਲਬ ਹੈ। ਇਸ ਨੂੰ ਹੋਰ ਸੌਖਾਂ ਸਮਝਣ ਲਈ ਮੈਂ ਕੁੱਝ ਉਦਾਹਰਣਾ ਹੋਰ ਦਿੰਦਾ ਹਾਂ। ਪ੍ਰਿੰ: ਗਿਆਨੀ ਸੁਰਜੀਤ ਸਿੰਘ ਅਤੇ ਪ੍ਰਿੰ: ਗੁਰਬਚਨ ਸਿੰਘ ਜੀ ਦਾ ਗੁਰਬਾਣੀ ਦੇ ਅਰਥਾਂ ਬਾਰੇ ਅਤੇ ਭਾਵ ਅਰਥਾਂ ਬਾਰੇ ਕਈ ਥਾਈਂ ਮੱਤਭੇਦ ਹਨ। ਹੁਣ ਮੇਰੇ ਲਈ ਇਹ ਦੋਵੇਂ ਇਕੋ ਜਿਹੇ ਹਨ। ਇਸੇ ਤਰ੍ਹਾਂ ਬਾਕੀ ਸਾਰੇ ਪਾਠਕ/ਲੇਖਕ ਹਨ। ਪਰ ਜਦੋਂ ਕੋਈ ਹੱਦ ਤੋਂ ਲੰਘ ਕੇ ਜ਼ਿਆਦਤੀ ਕਰਨੀ ਚਾਹੇ ਤਾਂ ਫਿਰ ਮੈਂਨੂੰ ਵੀ ਥੋੜਾ ਜਿਹਾ ਫਰਜ ਨਿਭਾਉਣਾ ਪੈਂਦਾ ਹੈ। ਇੱਕ ਗੱਲ ਮੈਂ ਅਨੇਕਾਂ ਵਾਰੀ ਲਿਖ ਚੁੱਕਾ ਹਾਂ ਅਤੇ ਹੁਣ ਫਿਰ ਦੁਹਰਾ ਦਿੰਦਾ ਹਾਂ ਕਿ ਮੈਂ ਕਿਸੇ ਵੀ ਪਾਠਕ/ਲੇਖਕ ਦਾ ਪਿੱਛਲੱਗ ਨਹੀਂ ਹਾਂ ਅਤੇ ਨਾ ਹੀ ਮੈਂ ਆਪਣੇ ਪਿੱਛੇ ਕਿਸੇ ਨੂੰ ਲਉਂਦਾ ਹਾਂ। ਪਰ ਗੱਲ ਜਦੋਂ ਹੱਦ ਤੋਂ ਟੱਪ ਜਾਵੇ ਤਾਂ ਫਿਰ ਇੱਥੇ ਕਿਸੇ ਨਾਲ ਵੀ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਇਹ ਸਾਰੇ ਪਾਠਕਾਂ ਦੇ ਸਾਹਮਣੇ ਅਨੇਕਾਂ ਵਾਰੀ ਹੋ ਚੁੱਕਾ ਹੈ। ਕੁੱਝ ਸਮਾ ਪਹਿਲਾਂ ਕਾਲਾ ਅਫਗਾਨਾ ਨੇ ਗੁਰਤੇਜ ਸਿੰਘ ਚੰਡੀਗੜ੍ਹ ਦੇ ਵਿਰੁੱਧ ਇੱਕ ਲੰਮੀ ਚੌੜੀ ਚਿੱਠੀ ਲਿਖ ਕੇ ਮੈਨੂੰ ਛਾਪਣ ਲਈ ਭੇਜ ਦਿੱਤੀ। ਹਾਲਾਂ ਕਿ ਗੁਰਤੇਜ ਸਿੰਘ ਉਸ ਦੀਆਂ ਕਿਤਾਬਾਂ ਵੀ ਛਪਵਾਉਂਦਾ ਸੀ ਅਤੇ ਇਸ ਦੀ ਥਾਂ ਤੇ ਅਕਾਲ ਤਖਤ ਤੇ ਪੇਸ਼ ਹੋਣ ਵੀ ਗਿਆ ਸੀ। ਪਰ ਕਿਸੇ ਗੱਲੋਂ ਇਹ ਆਪਸ ਵਿੱਚ ਨਿਰਾਜ਼ ਹੋ ਗਏ। ਜਦੋਂ ਮੈਂ ਚਿੱਠੀ ਪੜ੍ਹੀ ਅਤੇ ਪੜ੍ਹ ਕੇ ਉਸ ਨੂੰ ਦੱਸ ਦਿੱਤਾ ਕਿ ਜੇ ਕਰ ਉਸ ਦਾ ਜਵਾਬ ਆਇਆ ਤਾਂ ਉਹ ਵੀ ਛਾਪਣਾ ਪੈਣਾ ਹੈ। ਇਹ ਛਾਪਣ ਤੋਂ ਪਹਿਲਾਂ ਮੈਂ ਕਿਸੇ ਰਾਹੀ ਜੋ ਕਿ ਗੁਰਤੇਜ ਸਿੰਘ ਨੂੰ ਜੋ ਨਿੱਜੀ ਤੌਰ ਤੇ ਜਾਣਦਾ ਸੀ ਉਸ ਨੂੰ ਕਿਹਾ ਕਿ ਉਹ ਪੁੱਛ ਕੇ ਦੱਸੇ ਅਤੇ ਜੇ ਕਰ ਉਹ ਜਵਾਬ ਦੇਣਾ ਚਾਹੇ ਤਾਂ ਲਿਖ ਦੇਵੇ। ਉਸ ਨੇ ਜਵਾਬ ਪਹਿਲਾਂ ਹੀ ਲਿਖਿਆ ਹੋਇਆ ਸੀ ਅਤੇ ਮੈਂਨੂੰ ਭੇਜ ਦਿੱਤਾ। ਮੈਂ ਆਪਣੇ ਤੌਰ ਤੇ ਦੋਹਾਂ ਦੀਆਂ ਲਿਖਤਾਂ ਵਿਚਲੇ ਦੂਸ਼ਣਾ ਦੀ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਚੱਲਿਆ ਕਿ ਦੋਹਾਂ ਨੇ ਇੱਕ ਦੂਜੇ ਤੇ ਕੁੱਝ ਝੂਠੇ ਇਲਜ਼ਾਮ ਲਾਏ ਸਨ। ਪਰ ਪਹਿਲਾਂ ਮੈਨੂੰ ਕਾਲਾ ਅਫਗਾਨਾ ਕੁੱਝ ਜ਼ਿਆਦਾ ਗਲਤ ਲੱਗਿਆ ਸੀ ਇਸ ਕਰਕੇ ਮੈਂ ਉਸ ਦੀ ਫੋਟੋ ਵੀ ਸਿੱਖ ਮਾਰਗ ਤੋਂ ਲਾਹ ਦਿੱਤੀ ਸੀ ਜਿਹੜੀ ਕਿ ਦੁਬਾਰਾ ਪਾਠਕਾਂ ਦੇ ਕਹਿਣ ਤੇ ਅਤੇ ਇਸ ਵਲੋਂ ਹੋਰ ਜਾਣਕਾਰੀ ਦੇਣ ਤੇ ਕਿ ਗੁਰਤੇਜ ਸਿੰਘ ਵੀ ਕਾਫੀ ਗਲਤ ਸੀ, ਦੁਬਾਰਾ ਪਾਈ ਸੀ। ਇਹ ਦੱਸਣ ਤੋਂ ਮਤਲਬ ਇਹ ਹੈ ਕਿ ਇੱਥੇ ਨਾ ਤਾਂ ਕਿਸੇ ਨਾਲ ਧੱਕਾ ਹੋਣ ਦਿੱਤਾ ਜਾਂਦਾ ਹੈ ਅਤੇ ਨਾ ਹੀ ਕਿਸੇ ਨਾਲ ਕੋਈ ਲਿਹਾਜ ਕੀਤਾ ਜਾਂਦਾ ਹੈ ਭਾਵੇਂ ਕੋਈ ਵੀ ਕਿੱਡਾ ਵੱਡਾ ਵਿਦਵਾਨ ਲੇਖਕ ਹੋਵੇ।

ਔਰੰਗਜ਼ੇਬੀ, ਖੁਮੀਨੀ ਅਤੇ ਤਾਲਬਾਨੀ ਸੋਚ:- ਇਹ ਸੋਚ ਵੀ ਸਿੱਖ ਧਰਮ ਵਿੱਚ ਪ੍ਰਵੇਸ਼ ਕਰਦੀ ਜਾ ਰਹੀ ਹੈ ਜੋ ਕਿ ਸਿੱਖੀ ਦਾ ਹਾਲੇ ਹੋਰ ਨੁਕਸਾਨ ਕਰੇਗੀ। ਡੇਰਾਵਾਦੀਆਂ ਵਿੱਚ ਤਾਂ ਇਹ ਪਹਿਲਾਂ ਹੀ ਕਾਫੀ ਸੀ ਪਰ ਹੁਣ ਹੌਲੀ ਹੌਲੀ ਇਹ ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲਿਆਂ ਵਿੱਚ ਵੀ ਆ ਰਹੀ ਹੈ ਜੋ ਕਿ ਇਹ ਸੋਚਦੇ ਹਨ ਕਿ ਸਾਡੀ ਸੋਚ ਹੀ ਠੀਕ ਹੈ ਉਸ ਦੇ ਉਲਟ ਸੋਚਣੀ ਵਾਲੇ ਉਹਨਾ ਨੂੰ ਬਰਦਾਸ਼ਤ ਕਰਨੇ ਔਖੇ ਹੋਏ ਪਏ ਹਨ। ਡੇਰਾਵਾਦੀ ਸਾਧ ਜਿਤਨਾ ਮਰਜੀ ਧਰਮ ਦੇ ਨਾਮ ਤੇ ਝੂਠ ਬੋਲ ਕੇ ਗੁਮਰਾਹ ਕਰਨ ਉਹ ਸਾਰੇ ਠੀਕ ਹਨ ਕਿਉਂਕਿ ਉਹਨਾ ਤੋਂ ਸਿੱਖੇ ਹੋਏ ਹੀ ਬਹੁਤੇ ਕਰਕੇ ਅਖੌਤੀ ਸਿੰਘ ਸਾਹਿਬਾਨ ਬਣਦੇ ਹਨ ਅਤੇ ਫਿਰ ਇਹ ਅੱਗੇ ਫਤਵੇ ਜਾਰੀ ਕਰਦੇ ਹਨ ਕਿ ਕੌਣ ਕੀ ਲਿਖ ਬੋਲ ਸਕਦਾ ਹੈ। ਇਹ ਟਕਸਾਲੀਏ ਸਾਧ ਝੂਠ ਬੋਲ ਕੇ ਆਪਣੇ ਆਪ ਨੂੰ ਗੁਰੂ ਸਾਹਿਬਾਂ ਵਲੋਂ ਥਾਪੇ ਹੋਏ ਧਰਮ ਦੇ ਠੇਕੇਦਾਰ ਦੱਸਦੇ ਹਨ ਤਾਂ ਕਿ ਆਮ ਸਿੱਖਾਂ ਤੇ ਪ੍ਰਭਾਵ ਪਾਇਆ ਜਾ ਸਕੇ ਕਿ ਜੋ ਅਸੀਂ ਕਰਦੇ ਹਾਂ ਉਹ ਸਾਰਾ ਠੀਕ ਹੈ। ਇਹਨਾ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਹੈ। ਕਈ ਵਾਰੀ ਸ਼ਰਧਾ ਵੱਸ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਕਿ ਜਿਸ ਨਾਲ ਗੁਰੂ ਦੀ ਰੱਜ ਕੇ ਬੇਇਜ਼ਤੀ ਹੁੰਦੀ ਹੋਵੇ। ਵੈਨਕੂਵਰ ਦੇ ਇਲਾਕੇ ਵਿੱਚ ਇੱਕ ਅਖੌਤੀ ਟਕਸਾਲੀਆਂ ਨਾਲ ਸੰਬੰਧਿਤ ਇੱਕ ਗੁਰਦੁਆਰਾ ਹੈ ਜਿਥੇ ਕੇ ਪਹਿਲਾਂ ਸਿੱਖੀ ਸਰੂਪ ਵਾਲੇ ਯੂਥ ਨੇ ਕਬਜਾ ਕੀਤਾ ਸੀ। ਉਥੇ ਬਹੁਤੇ ਪ੍ਰਚਾਰਕ ਉਸ ਡੇਰੇ ਵਿਚੋਂ ਹੀ ਆਉਂਦੇ ਹਨ। ਮੇਰੇ ਨਾਲ ਕੰਮ ਕਰਦਾ ਇੱਕ ਦੋਸਤ ਇੱਕ ਵਿਆਹ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਥੇ ਗਿਆ ਤਾ ਉਥੇ ਇੱਕ ਟਕਸਾਲੀ ਪ੍ਰਚਾਰਕ ਆਇਆ ਹੋਇਆ ਸੀ। ਇੱਕ ਦਿਨ ਉਸ ਨੇ ਕਥਾ ਕਰਦਿਆਂ ਕਿਹਾ ਕਿ ਗੁਰੂ ਅਮਰ ਦਾਸ ਜੀ ਨੇ ਬਾਰ੍ਹਾਂ ਸਾਲ ਸੇਵਾ ਕਰਦਿਆਂ ਸਿਰ ਤੋਂ ਪਰਨੇ ਨਹੀਂ ਸੀ ਲਾਹੇ। ਜਦੋਂ ਲਾਹੇ ਤਾਂ ਸਿਰ ਵਿੱਚ ----- (ਖਾਲੀ ਤਾਂ ਇਸ ਕਰਕੇ ਛੱਡੀ ਹੈ ਕਿ ਉਹ ਲਫਜ਼ ਦੁਹਰਾਉਣੇ ਮੇਰੇ ਲਈ ਮੁਸ਼ਕਲ ਹਨ) ਪਏ ਹੋਏ ਸਨ। ਅਤੇ ਉਹਨਾ ਨੂੰ ਪਿਛਲੇ ਸਮੇਂ ਦੇ ਸਿੱਖ ਗਰਦਾਨ ਕੇ ਉਹਨਾ ਦੀ ਮੁਕਤੀ ਦੀ ਗੱਲ ਕੀਤੀ। ਇਸ ਤਰ੍ਹਾਂ ਦਾ ਪ੍ਰਚਾਰ ਉਥੇ ਹੋ ਰਿਹਾ ਹੈ ਜਿਸ ਬਾਰੇ ਮੀਡੀਏ ਵਾਲੇ ਮਿਰਾਸੀ ਅਤੇ ਹੋਰ ਕਈ ਇਹ ਕਹਿੰਦੇ ਹਨ ਕਿ ਇਹਨਾ ਯੂਥ ਵਾਲਿਆਂ ਨੇ ਸਿੱਖੀ ਦਾ ਸੁਧਾਰ ਕਰਨਾ ਹੈ। ਕਈ ਪਖੰਡੀ ਸਾਧ ਅਤੇ ਉਹਨਾ ਦੇ ਚੇਲੇ ਤਾਲਬਾਨੀ ਸੋਚ ਅਨੁਸਾਰ ਕਹਿੰਦੇ ਹਨ ਕਿ ਬੀਬੀਆਂ ਪਾਠ ਦੀ ਰੌਲ ਨਹੀਂ ਲਾ ਸਕਦੀਆਂ, ਇਹ ਦਰਬਾਰ ਸਾਹਿਬ ਕੀਰਤਨ ਨਹੀਂ ਕਰ ਸਕਦੀਆਂ, ਇਹ ਪੰਚਾਂ ਵਿੱਚ ਸ਼ਾਮਲ ਨਹੀਂ ਹੋ ਸਕਦੀਆਂ ਅਤੇ ਹੋਰ ਕਈ ਪਬੰਦੀਆਂ। ਇਹਨਾ ਨੂੰ ਕੋਈ ਪੁੱਛੇ ਕਿ ਜੇ ਕਰ ਇਹ ਮਾੜੀਆਂ ਜਾਂ ਅਪਵਿੱਤਰ ਹਨ ਤਾਂ ਤੁਸੀਂ ਪਵਿੱਤਰ ਕਿਵੇਂ ਹੋ ਗਏ? ਕੀ ਤੁਸੀਂ ਖੇਤਾਂ ਵਿੱਚ ਜੰਮੇ ਹੋ, ਦਰਖਤਾਂ ਨੂੰ ਲੱਗੇ ਹੋ ਜਾਂ ਅਸਮਾਨ ਵਿਚੋਂ ਡਿੱਗੇ ਹੋ? ਕੀ ਤੁਸੀਂ ਆਪਣੀਆਂ ਮਾਵਾਂ ਨੂੰ ਨਹੀਂ ਜੰਮੇ? ਕੀ ਉਹਨਾ ਨੂੰ ਮਾਹਮਰੀ ਨਹੀਂ ਸੀ ਆਉਂਦੀ? ਕੀ ਉਹਨਾ ਨੇ ਤੁਹਾਨੂੰ ਆਪਣੇ ਢਿੱਡ ਵਿੱਚ ਨਹੀਂ ਸੀ ਰੱਖਿਆ?

ਸਿੱਖਾਂ ਦਾ ਗੁਰੂ ਅਕਾਰ ਜਾਂ ਵਿਚਾਰ:- ਸਿੱਖਾਂ ਦਾ ਗੁਰੂ ਗਿਆਨ ਜਾਂ ਵਿਚਾਰ ਹੈ ਅਕਾਰ ਨਹੀਂ। ਜਦੋਂ ਗੁਰੂ ਸਾਹਿਬਾਨ ਸਰੀਰ ਕਰਕੇ ਇਸ ਸੰਸਾਰ ਵਿੱਚ ਸਨ ਤਾਂ ਸਰੀਰ ਤਾਂ ਉਹਨਾ ਦਾ ਵੀ ਬਾਕੀ ਆਮ ਬੰਦਿਆਂ ਵਰਗਾ ਹੀ ਸੀ ਅਤੇ ਸਾਰੇ ਕੁਦਰਤੀ ਨਿਯਮ ਵੀ ਲਾਗੂ ਹੁੰਦੇ ਸਨ। ਪਰ ਜੋ ਉਹਨਾ ਦੇ ਸਰੀਰ ਵਿਚੋਂ ਗਿਆਨ ਜਾਂ ਵਿਚਾਰ ਨਿਕਲਦਾ ਸੀ ਉਸ ਨੂੰ ਸਿੱਖ ਅਪਣਾਉਂਦੇ ਸਨ। ਉਸ ਗਿਆਨ ਦੇ ਲਈ ਸਰੀਰ ਇੱਕ ਸਾਧਨ ਸੀ ਅਤੇ ਉਸ ਦਾ ਸਤਿਕਾਰ ਵੀ ਸੀ। ਇਸੇ ਤਰ੍ਹਾਂ ਹੁਣ ਵੀ ਸਿੱਖਾਂ ਦਾ ਗੁਰੂ ਵਿਚਾਰ ਜਾਂ ਗਿਆਨ ਹੈ ਅਤੇ ਇਸ ਨੂੰ ਲਿਖ ਕੇ ਸਾਂਭਣ ਦਾ ਸਾਧਨ ਕਾਗਜ਼ ਅਤੇ ਸ਼ਿਆਹੀ ਹੈ। ਪਰ ਹੁਣ ਤਾਂ ਸਾਰਾ ਕੁੱਝ ਡਿਜ਼ਟਿਲ ਵੀ ਹੋ ਰਿਹਾ ਹੈ। ਇਸ ਕਾਗਜ਼ ਸ਼ਿਆਹੀ ਜਾਂ ਡਿਜ਼ਟਿਲ ਵਿੱਚ ਗਲਤ ਗੰਦਾ ਲਿਟਰੇਚਰ ਵੀ ਬਹੁਤ ਕੁੱਝ ਆ ਰਿਹਾ ਹੈ। ਸੋ ਸਾਡਾ ਗੁਰੂ ਤਾਂ ਗਿਆਨ ਹੈ ਪਰ ਜਿਸ ਸਾਧਨ ਰਾਹੀਂ ਇਹ ਗਿਆਨ ਸਾਡੇ ਤੱਕ ਪਹੁੰਚਦਾ ਹੈ ਉਹ ਸਾਧਨ ਵੀ ਸਤਿਕਾਰ ਦਾ ਪਾਤਰ ਬਣ ਜਾਂਦਾ ਹੈ। ਪਰ ਇਸ ਸਤਿਕਾਰ ਦੀ ਵੀ ਕੋਈ ਹੱਦ ਹੁੰਦੀ ਹੈ ਅਤੇ ਹੱਦ ਤੋਂ ਅਗਾਂਹ ਜਾ ਕੇ ਇਹ ਇੱਕ ਕਰਮਕਾਂਡ ਜਾਂ ਅੰਧਵਿਸ਼ਵਾਸ਼ ਬਣ ਜਾਂਦਾ ਹੈ। ਇਸ ਅੰਧਵਿਸ਼ਵਾਸ਼ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਈ ਗਰਮੀਆਂ ਵਿੱਚ ਪੱਖੇ ਅਤੇ ਸਰਦੀਆਂ ਵਿੱਚ ਹੀਟਰ ਲਗਾਏ ਜਾਂਦੇ ਹਨ ਅਤੇ ਕਈ ਪਰਸ਼ਾਦਾ ਪਾਣੀ ਵੀ ਛਕਾਉਂਦੇ ਹਨ। ਕਈਆਂ ਨੂੰ ਇਹ ਵੀ ਯਕੀਨ ਹੈ ਕਿ ਗੁਰੂ ਜੀ ਕੜਾਹ ਪ੍ਰਸ਼ਾਦ ਵੀ ਛਕਦੇ ਹਨ। ਜੇ ਕੋਈ ਪੁੱਛ ਬੈਠੇ ਕਿ ਜੇ ਕਰ ਗੁਰੂ ਨੂੰ ਗਰਮੀ ਲਗਦੀ ਹੈ ਤਾਂ ਠੰਡੇ ਪਾਣੀ ਨਾਲ ਨਹਾ ਦਿਓ ਅਤੇ ਜੇ ਕਰ ਗੁਰੂ ਜੀ ਪ੍ਰਸ਼ਾਦ ਵੀ ਛਕਦੇ ਹਨ, ਹੋਰ ਭੋਜਨ ਦਾ ਭੋਗ ਵੀ ਲਉਂਦੇ ਹਨ ਤਾਂ ਫਿਰ ਕੁਰਦਤੀ ਨਿਯਮਾ ਮੁਤਾਬਕ ਮਲ-ਮੂਤਰ ਵੀ ਆਵੇਗਾ, ਉਸ ਦਾ ਕੀ ਕਰਦੇ ਹੋ? ਇਹ ਸੁਣ ਕੇ ਉਹ ਕਈ ਕੁੱਝ ਅਵਾ-ਤਵਾ ਬੋਲ ਕੇ ਮਾਰਨ ਨੂੰ ਪੈਣਗੇ। ਕੁੱਝ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਆਮ ਦੁਕਾਨਾ ਤੇ ਮੁੱਲ ਵਿਕਦੀਆਂ ਸਨ। ਕੀ ਉਸ ਨੂੰ ਸਮਝਿਆ ਜਾਵੇ ਕਿ ਸਿੱਖਾਂ ਦਾ ਗੁਰੂ ਦੁਕਾਨਾ ਤੇ ਵਿਕਦਾ ਸੀ? ਭਾਈ ਗੁਰਦਾਸ ਜੀ ਅਨੁਸਾਰ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਆਪ ਲਿਖ ਕੇ ਕੱਛ ਵਿੱਚ ਲਟਕਾਈ ਫਿਰਦੇ ਸਨ ਅਤੇ ਇਸ ਨੂੰ ਕਿਤਾਬ ਕਿਹਾ ਜਾਂਦਾ ਸੀ। ਗੁਰੂ ਅਰਜਨ ਪਾਤਸ਼ਾਹ ਨੇ ਸਾਰੀਆਂ ਕਿਤਾਬਾਂ ਪੋਥੀਆਂ ਤੋਂ ਬਾਣੀ ਲੈ ਕੇ ਇੱਕ ਹੋਰ ਪੋਥੀ ਤਿਆਰ ਕਰਵਾਈ। ਫਿਰ ਇਸ ਪੋਥੀ ਤੋਂ ਅਗਾਂਹ ਹੋਰ ਉਤਾਰੇ ਹੁੰਦੇ ਗਏ ਤੇ ਅਖੀਰ ਤੇ ਦਸਵੇਂ ਪਾਤਸ਼ਾਹ ਨੇ ਨੌਵੇਂ ਗੁਰੂ ਦੀ ਬਾਣੀ ਵਿੱਚ ਸ਼ਾਮਲ ਕਰਕੇ ਇਸ ਪੋਥੀ ਨੂੰ ਗੁਰੂ ਦਾ ਦਰਜਾ ਦੇ ਦਿੱਤਾ ਅਤੇ ਇਹ ਗੁਰੂ ਗ੍ਰੰਥ ਸਾਹਿਬ ਅਖਵਾਉਣ ਲੱਗੇ। ਮੌਜੂਦਾ ਬੀੜ ਉਹਨਾ ਸਾਰੀਆਂ ਹੱਥ ਲਿਖਤ ਬੀੜਾਂ ਦਾ ਅਧਾਰ ਹੈ ਜਿਹੜੀਆਂ ਕਿ ਇਸ ਨੂੰ ਤਿਆਰ ਕਰਨ ਵੇਲੇ ਉਪਲਵੱਧ ਸਨ ਨਾ ਕਿ ਇਕੱਲੀ ਕਰਤਾਰਪੁਰੀ ਬੀੜ। ਕਿਉਂਕਿ ਉਸ ਵਿੱਚ ਤਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ਼ ਹੀ ਨਹੀਂ ਹੈ।

ਸਿੱਖ ਮਾਰਗ ਬਨਾਮ ਸਪੋਕਸਮੈਨ:- ਸਿੱਖ ਮਾਰਗ ਨਿਰੋਲ ਧਾਰਮਿਕ ਸਾਈਟ ਹੈ ਇਸ ਦਾ ਨਾ ਤਾਂ ਕਿਸੇ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਹੈ ਅਤੇ ਨਾ ਹੀ ਇਹ ਕਿਸੇ ਕੋਈ ਖਾਸ ਵਿਦਵਾਨ ਦਾ ਪਿੱਛਲੱਗ ਹੈ। ਕਿਉਂਕਿ ਨਾ ਤਾਂ ਅਸੀਂ ਕਿਸੇ ਤੋਂ ਕੋਈ ਪੈਸਾ ਜਾਂ ਐਡ ਲਈ ਹੈ ਅਤੇ ਨਾ ਹੀ ਲੈਣੀ ਹੈ ਕਿਉਂਕਿ ਇਹ ਸਾਡਾ ਕੋਈ ਬਿਜਨਸ ਨਹੀਂ ਹੈ। ਇਹ ਨਿਰੋਲ ਸੱਚ ਦੇ ਅਧਾਰ ਤੇ ਚਲਦੀ ਹੈ ਅਤੇ ਜਿਤਨਾ ਚਿਰ ਚੱਲੇਗੀ ਇਸੇ ਤਰ੍ਹਾਂ ਸੱਚ ਦੇ ਅਧਾਰ ਤੇ ਹੀ ਚੱਲੇਗੀ। ਇਸ ਤੇ ਉਲਟ ਸਪੋਕਸਮੈਨ ਇੱਕ ਬਿਜਨਸ ਅਦਾਰਾ ਹੈ ਅਤੇ ਉਹ ਉਸ ਨੂੰ ਇੱਕ ਬਿਸਨਸ ਦੀ ਤਰ੍ਹਾਂ ਚਲਾਉਂਦਾ ਹੈ। ਉਸ ਵਿੱਚ ਠੀਕ ਅਤੇ ਗਲਤ ਸਾਰਾ ਕੁੱਝ ਹੀ ਛਪਦਾ ਹੈ ਅਤੇ ਉਹ ਕਿਸੇ ਵਿਰੋਧੀ ਵਿਚਾਰਾਂ ਵਾਲੇ ਨੂੰ ਘੱਟ ਹੀ ਥਾਂ ਦਿੰਦਾ ਹੈ। ਇਸ ਲਈ ਉਸ ਦੀਆਂ ਗਲਤ ਗੱਲਾਂ ਵਿਰੁਧ ਸਿੱਖ ਮਾਰਗ ਤੇ ਕਾਫੀ ਕੁੱਝ ਛਪਦਾ ਰਹਿੰਦਾ ਹੈ ਅਤੇ ਅਸੀਂ ਉਸ ਦਾ ਪੱਖ ਵੀ ਜੇ ਕਰ ਕੋਈ ਦਲੀਲ ਨਾਲ ਭੇਜੇ ਤਾਂ ਛਾਪਦੇ ਰਹਿੰਦੇ ਹਾਂ। ਸਾਡਾ ਮਨੋਰਥ ਸਪੋਕਸਮੈਂਨ ਦਾ ਵਿਰੋਧ ਕਰਨਾ ਨਹੀਂ ਸਿਰਫ ਗਲਤ ਗੱਲਾਂ ਦਾ ਵਿਰੋਧ ਕਰਨਾ ਹੈ। ਜੋ ਕੁੱਝ ਉਸ ਨੇ ਗਲਤ ਕੀਤਾ ਹੈ ਉਸ ਨੂੰ ਛਾਪਣ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੋ ਅਜੇ ਕੀਤਾ ਹੀ ਨਹੀਂ ਉਸ ਬਾਰੇ ਅੰਦਾਜ਼ੇ ਲਾ ਕੇ ਕਹਿਣਾ ਕਿ ਉਹ ਆ ਕਰੇਗਾ ਜਾਂ ਔਹ ਕਰੇਗਾ ਇਸ ਨਾਲ ਅਸੀਂ ਸਹਿਮਤ ਨਹੀਂ ਹਾਂ, ਹੋ ਸਕਦਾ ਹੈ ਕਿ ਉਸ ਤਰ੍ਹਾਂ ਕਰੇ ਅਤੇ ਹੋ ਸਕਦਾ ਹੈ ਕਿ ਨਾ ਹੀ ਕਰੇ, ਇਹ ਇੱਕ ਹੱਦ ਤੋਂ ਅਗਾਂਹ ਜਾ ਕੇ ਲਿਖਣ ਵਾਲੀ ਕਾਰਵਾਈ ਹੈ। ਇਸ ਬਾਰੇ ਪਹਿਲਾਂ ਕਿਰਪਾਲ ਸਿੰਘ ਬਠਿੰਡਾ ਅਤੇ ਰਘਬੀਰ ਸਿੰਘ ਢਿੱਲੋਂ ਕਾਫੀ ਦੇਰ ਤੋਂ ਲਿਖਦੇ ਆ ਰਹੇ ਹਨ ਅਤੇ ਹੁਣ ਉਸੇ ਤਰ੍ਹਾਂ ਡਾ: ਇਕਬਾਲ ਸਿੰਘ ਢਿੱਲੋਂ ਨੇ ਵੀ ਲਿਖਿਆ ਹੈ।

ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਸ ਸਾਈਟ ਨੂੰ ਮੈਂ ਨਿਰੋਲ ਸੱਚ ਦੇ ਅਧਾਰ ਤੇ ਚਲਾਉਣ ਦੀ ਕੋਸ਼ਿਸ਼ ਕਰ ਰਿਹਾਂ ਹਾਂ। ਇਸ ਲਈ ਮੇਰਾ ਕਿਸੇ ਵੀ ਵਿਦਵਾਨ/ਲੇਖਕ/ਪਾਠਕ ਨਾਲ ਨਾ ਤਾਂ ਕੋਈ ਦਿਲੋਂ ਵਿਰੋਧ ਹੈ ਅਤੇ ਨਾ ਹੀ ਮੈਂ ਕਿਸੇ ਨਾਲ ਕੋਈ ਖਾਸ ਰਿਆਇਤ ਕਰਦਾ ਹਾਂ ਅਤੇ ਨਾ ਹੀ ਮੈਂ ਚਾਹੁੰਦਾ ਹਾਂ ਕਿ ਕੋਈ ਕਿਸੇ ਨਾਲ ਜ਼ਿਆਦਤੀ ਕਰੇ। ਡਾ: ਢਿੱਲੋਂ ਨੇ ਕਦੀ ਵੀ ਮੌਜੂਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਨਕਲੀ ਨਹੀਂ ਕਿਹਾ ਅਤੇ ਇਸ ਹਫਤੇ ਦੇ ਲੇਖ ਵਿੱਚ ਤਾਂ ਗੱਲ ਹੋਰ ਵੀ ਸਪਸ਼ਟ ਕਰ ਦਿੱਤੀ ਹੈ। ਕਰਤਾਰਪੁਰੀ ਬੀੜ ਜੇ ਉਤਾਰਾ/ਨਕਲ ਹੈ ਤਾਂ ਉਸ ਬਾਰੇ ਸੱਚ ਬੋਲ ਕੇ ਕੋਈ ਗੁਨਾਹ ਨਹੀਂ ਕੀਤਾ। ਅਕਾਲ ਤਖ਼ਤ ਵੀ ਗੁਰਬਾਣੀ ਅਨੁਸਾਰ ਕੋਈ ਇੱਕ ਥਾਂ ਦੀ ਬਿੱਲਡਿੰਗ ਨਹੀਂ ਹੋ ਸਕਦੀ, ਇਸ ਬਾਰੇ ਵਿਸਥਾਰ ਨਾਲ ਮੈਂ ਉਪਰ ਪਹਿਲਾਂ ਲਿਖ ਚੁੱਕਾ ਹਾਂ। ਤਖਤ ਦੀ ਹੋਂਦ ਨੂੰ ਉਹ ਮੰਨਦਾ ਹੈ। ਇਸ ਲਈ ਇਹਨਾ ਦੋ ਗੱਲਾਂ ਬਾਰੇ ਮੈਂ ਉਸ ਤੇ ਕੋਈ ਸਖ਼ਤ ਸਟੈਂਡ ਨਹੀਂ ਲੈ ਸਕਦਾ। ਹਾਂ, ਜੇ ਕਰ ਕੱਲ ਨੂੰ ਕੋਈ ਐਸੀ ਗੱਲ ਸਾਹਮਣੇ ਆ ਜਾਵੇ ਤਾਂ ਉਸ ਨਾਲ ਵੀ ਉਹੀ ਸਲੂਕ ਕਤਿਾਂ ਜਾਵੇਗਾ ਜੋ ਬਾਕੀਆਂ ਨਾਲ ਹੁੰਦਾ ਹੈ। ਹੁਣ ਤੁਸੀਂ ਸਾਰੇ ਜਾਣੇ ਜੋ ਉਸ ਦੀ ਵਿਰੋਧਤਾ ਕਰਦੇ ਹਨ ਆਪਣੀ ਜ਼ਮੀਰ ਨੂੰ ਪੁੱਛੋ ਕਿ ਤੁਸੀਂ ਇਕੱਠੇ ਹੋ ਕੇ ਝੂਠ ਬੋਲ ਕੇ ਉਸ ਨੂੰ ਪ੍ਰੇਸ਼ਾਨ ਕਿਉਂ ਕਰਦੇ ਹੋ ਅਤੇ ਆਮ ਲੋਕਾਈ ਨੂੰ ਗੁਮਰਾਹ ਕਿਉਂ ਕਰਦੇ ਹੋ? ਉਸ ਦੀ ਵਿਰੋਧਤਾ ਵਾਲੇ ਇੱਕ ਸੱਜਣ ਨੇ ਝੂਠ ਬੋਲ ਕੇ ਅਨੇਕਾਂ ਹੀ ਝੂਠੇ ਇਲਜ਼ਾਮ ਉਸ ਤੇ ਲਾਏ ਸਨ ਅਤੇ ਇੱਕ ਗੱਲ ਕਈ ਵਾਰੀ ਦੁਹਰਾਈ ਸੀ ਕਿ ਡਾ: ਢਿੱਲੋਂ ਨੇ ਕਦੀ ਵੀ ਇੱਕ ਅੱਖਰ ਦਸਮ ਗ੍ਰੰਥ ਬਾਰੇ ਨਹੀਂ ਲਿਖਿਆ। ਮੈਂ ਸਾਰਾ ਕੁੱਝ ਜਾਣਦੇ ਹੋਏ ਵੀ ਕਿ ਇਹ ਝੂਠ ਲਿਖ ਰਿਹਾ ਹੈ ਉਸ ਦੀਆਂ ਚਿੱਠੀਆਂ ਪਉਂਦਾ ਰਿਹਾ ਤਾਂ ਕਿ ਉਹ ਇਹ ਨਾ ਸਮਝੇ ਕਿ ਮੈਂ ਕੋਈ ਪੱਖਪਾਤ ਕਰ ਰਿਹਾ ਹਾਂ। ਹੇਠਾਂ ਡਾ: ਢਿੱਲੋਂ ਦੇ ਲੇਖਾਂ ਵਿਚੋਂ ਕੁੱਝ ਕਾਪੀ ਪੇਸਟ ਕਰ ਰਿਹਾ ਹਾਂ, ਹੁਣ ਤੁਸੀਂ ਆਪ ਹੀ ਸੋਚੋ ਕਿ ਇਹ ਕਿਤਨੇ ਅੱਖਰ ਬਣਦੇ ਹਨ ਅਤੇ ਇਹ ਦਸਮ ਗ੍ਰੰਥ ਦੇ ਵਿਰੋਧ ਵਿੱਚ ਜਾਂਦੇ ਹਨ ਜਾਂ ਹੱਕ ਵਿਚ:

“ਦਸਮ ਗ੍ਰੰਥ ਨੂੰ ਹਟਾਉਣ ਸਬੰਧੀ ਕਦਮ - ਇੱਥੋਂ ਤਕ ਕਿ ਅਕਾਲ ਬੁੰਗਾ ਇਮਾਰਤ ਵਿੱਚ ਪੰਜਵੀਂ ਮੰਜ਼ਿਲ ਉੱਤੇ ਅਖੌਤੀ ਦਸਮ ਗ੍ਰੰਥ ਦਾ ‘ਪਰਕਾਸ਼’ ਵੀ ਹੁੰਦਾ ਦਸਿੱਆ ਜਾਂਦਾ ਹੈ - ਅਜਿਹਾ ਅਖੌਤੀ ਦਸਮ ਗ੍ਰੰਥ, ਨਾਨਕਸ਼ਾਹੀ ਕੈਲੰਡਰ, ਡੇਰੇਦਾਰਾਂ/ਬਾਬਿਆਂ ਦੀ ਭੂਮਿਕਾ ਵਰਗੇ ਮਸਲਿਆਂ ਸਬੰਧੀ ਉਹਨਾਂ ਦੀ ਪਹੁੰਚ ਵਿੱਚੋਂ ਭਲੀ-ਭਾਂਤ ਸਾਬਤ ਹੋ ਰਿਹਾ ਹੈ - ਐਨ ਉਸੇ ਤਰ੍ਹਾਂ ਜਿਵੇਂ ਪਹਿਲਾਂ ‘ਬਚਿੱਤਰ ਨਾਟਕ’ ਦੀ ਕਾਢ, ਫਿਰ ਇਸ ਤੋਂ ‘ਦਸਮ ਗ੍ਰੰਥ’ ਅਤੇ ਫਿਰ ‘ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ’ ਦੇ ਨਾਮ ਪਰਚਲਤ ਕਰਦੇ ਹੋਏ ਸ੍ਰੀ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕਰਨ ਦਾ ਯਤਨ ਕੀਤਾ ਗਿਆ ਹੈ - ਐਨ ਉਸੇ ਤਰ੍ਹਾਂ ਪਰਗਟ ਕਰ ਦਿੱਤਾ ਗਿਆ ਜਿਸ ਤਰ੍ਹਾਂ ਦੁਖ-ਭੰਜਨੀ ਬੇਰੀ, ਹੇਮ ਕੁੰਟ ਅਤੇ ਦਸਮ ਗ੍ਰੰਥ ਹੋਂਦ ਵਿੱਚ ਆਏ ਹਨ”

ਮੈਂ ਤਕਰੀਬਨ ਸਾਰੀਆਂ ਗੱਲਾਂ ਸਪਸ਼ਟ ਕਰ ਦਿੱਤੀਆਂ ਹਨ ਅਤੇ ਜੇ ਕਰ ਕੋਈ ਗੱਲ ਕਿਸੇ ਦੇ ਸਮਝ ਵਿੱਚ ਨਹੀਂ ਆਈ ਤਾਂ ਉਹ ਸੰਖੇਪ ਵਿੱਚ ਦੋ ਟੁਕ ਲਿਖ ਕੇ ਦੋ ਟੁਕ ਜਵਾਬ ਲੈ ਸਕਦਾ ਹੈ। ਸੱਚ ਹੀ ਸਭ ਗੱਲਾਂ ਦਾ ਠੀਕ ਇਲਾਜ਼ ਹੈ ਇਸ ਲਈ ਜਿੱਥੋਂ ਤੱਕ ਹੋ ਸਕੇ ਸੱਚ ਲਿਖਣ ਦੀ ਕੋਸ਼ਿਸ਼ ਕਰੀਏ।

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥ ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥ ਪੰਨਾ 468॥

ਮੱਖਣ ਸਿੰਘ ਪੁਰੇਵਾਲ।

ਜੁਲਾਈ 31, 2011
.