.

ਕਿਹੜਾ ਪ੍ਰਧਾਨ ਬਣਨ ਲੱਗੈ

ਮਾਹੌਲ ਬੜਾ ਸੋਗਮਈ ਸੀ। ਤੇ ਉਪਰੋਂ ਹੋਈ ਗ਼ਲਤ ਫ਼ਹਿਮੀ ਨੇ ਇਸ ਨੂੰ ਹੋਰ ਵੀ ਸੋਗਮਈ ਬਣਾ ਦਿੱਤਾ ਸੀ।
ਗੱਲ ਅਸਲ ਵਿੱਚ ਇਹ ਹੋਈ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਦੇ ਵਾਰਸਾਂ ਨੇ ਆਪਣੀ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਨਾਲ ਗੱਲ ਕੀਤੀ ਕਿ ਉਹ ਸੰਸਕਾਰ ਵਾਲੇ ਦਿਨ ਮ੍ਰਿਤਕ ਸਰੀਰ ਨੂੰ ਸ਼ਮਸ਼ਾਨਘਾਟ ਵਿੱਚ ਲਿਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਉਸ ਦਾ ਮੱਥਾ ਟਿਕਾ ਕੇ ਅਰਦਾਸ ਕਰਵਾਉਣਾ ਚਾਹੁੰਦੇ ਸਨ।
ਇਹ ਅੱਖੜ ਜਿਹੇ ਸੁਭਾਅ ਦਾ ਵਿਅਕਤੀ ਪਹਿਲੀ ਵਾਰੀ ਹੀ ਪ੍ਰਬੰਧਕ ਕਮੇਟੀ ਵਿੱਚ ਆਇਆ ਸੀ। ਉਸ ਨੇ ਪ੍ਰਧਾਨ ਜਾਂ ਕਿਸੇ ਹੋਰ ਸੀਨੀਅਰ ਅਹੁੱਦੇਦਾਰ ਨਾਲ ਗੱਲ ਕੀਤੇ ਬਿਨਾਂ ਹੀ ਪਰਿਵਾਰ ਵਾਲਿਆਂ ਨੂੰ ਹਾਮੀ ਭਰ ਦਿੱਤੀ।
ਸੰਸਕਾਰ ਵਾਲੇ ਦਿਨ ਜਦੋਂ ਮ੍ਰਿਤਕ ਸਰੀਰ ਵਾਲੀ ਕਾਰ ਗੁਰਦੁਆਰੇ ਦੇ ਬਾਹਰਲੇ ਗੇਟ `ਤੇ ਪਹੁੰਚ ਗਈ ਤਾਂ ਘਰ ਵਾਲਿਆਂ `ਚੋਂ ਇੱਕ ਬੰਦੇ ਨੇ ਅੰਦਰ ਜਾ ਕੇ ਗ੍ਰੰਥੀ ਨੂੰ ਵੱਡਾ ਗੇਟ ਖੋਲ੍ਹਣ ਅਤੇ ਮ੍ਰਿਤਕ ਪ੍ਰਾਣੀ ਲਈ ਅਰਦਾਸ ਕਰਨ ਲਈ ਕਿਹਾ ਤਾਂ ਗ੍ਰੰਥੀ ਨੇ ਗੇਟ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਵਿਅਕਤੀ ਨੂੰ ਦੱਸਿਆ ਕਿ ਇਸ ਗੁਰੂ-ਘਰ ਵਿੱਚ ਮੁਰਦੇ ਨੂੰ ਅੰਦਰ ਲਿਆਉਣ ਦੀ ਮਨਾਹੀ ਸੀ। ਉਸ ਆਦਮੀ ਨੇ ਗ੍ਰੰਥੀ ਨੂੰ ਦੱਸਿਆ ਕਿ ਪਰਿਵਾਰ ਨੇ ਫਲਾਣੇ ਕਮੇਟੀ ਮੈਂਬਰ ਨਾਲ ਗੱਲ ਕਰ ਲਈ ਸੀ ਤੇ ਉਹ ਗੇਟ ਖੋਲ੍ਹਣ ਲਈ ਗ੍ਰੰਥੀ ਉੱਪਰ ਜ਼ੋਰ ਪਾਉਣ ਲੱਗਾ ਕਿਉਂਕਿ ਦੇਰ ਹੋਣ ਨਾਲ਼ ਉਹਨਾਂ ਸ਼ਮਸ਼ਾਨ ਘਾਟ ਪਹੁੰਚਣ ਲਈ ਲੇਟ ਹੋ ਜਾਣਾ ਸੀ।
ਉਧਰ ਦੂਸਰਾ ਗ੍ਰੰਥੀ ਅੰਦਰੋਂ ਸਾਰਾ ਕੁੱਝ ਦੇਖ ਰਿਹਾ ਸੀ, ਉਸ ਨੇ ਗੁਰਦੁਆਰੇ ਦੇ ਪ੍ਰਧਾਨ ਅਤੇ ਹੋਰ ਦੋ ਕੁ ਮੈਂਬਰਾਂ ਨੂੰ ਸਾਰੀ ਸਥਿਤੀ ਬਾਰੇ ਮੋਬਾਈਲ ਫ਼ੂਨ `ਤੇ ਸੂਚਿਤ ਕਰ ਦਿੱਤਾ ਤੇ ਦੋ ਕੁ ਮਿੰਟਾਂ ਬਾਅਦ ਹੀ ਪ੍ਰਧਾਨ ਅਤੇ ਦੋ ਤਿੰਨ ਹੋਰ ਕਮੇਟੀ ਵੀ ਮੈਂਬਰ ਉੱਥੇ ਪਹੁੰਚ ਗਏ। ਜਿਸ ਕਮੇਟੀ ਮੈਂਬਰ ਨੇ ਮ੍ਰਿਤਕ ਸਰੀਰ ਗੁਰਦੁਆਰੇ ਦੇ ਅੰਦਰ ਲਿਆਉਣ ਲਈ ਕਹਿ ਦਿੱਤਾ ਸੀ ਉਹ ਖ਼ੁਦ ਸ਼ਹਿਰ ਵਿੱਚ ਹਾਜ਼ਰ ਨਹੀਂ ਸੀ।
ਪ੍ਰਧਾਨ ਨੇ ਘਰ ਵਾਲਿਆਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਗੁਰੂ-ਘਰ ਵਿੱਚ ਅਜਿਹੀ ਇਜਾਜ਼ਤ ਅੱਜ ਤੱਕ ਕਿਸੇ ਨੂੰ ਵੀ ਨਹੀਂ ਦਿੱਤੀ ਗਈ ਪਰ ਘਰ ਵਾਲੇ ਬਜ਼ਿਦ ਸਨ ਕਿ ਉਨ੍ਹਾਂ ਨੇ ਕਮੇਟੀ ਨੂੰ ਪਹਿਲਾਂ ਸੂਚਿਤ ਕਰ ਕੇ ਇਜਾਜ਼ਤ ਲੈ ਲਈ ਸੀ। ਫਿਊਨਰਲ ਸਰਵਿਸ ਦੇ ਗੋਰੇ ਸਾਰਾ ਕੁੱਝ ਬਿਟਰ ਬਿਟਰ ਵੇਖ਼ ਰਹੇ ਸਨ ਪਰ ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਹੋ ਰਿਹਾ ਸੀ। ਉਨ੍ਹਾਂ ਨੂੰ ਚਿੰਤਾ ਸੀ ਵਕਤ ਸਿਰ ਸ਼ਮਸ਼ਾਨਘਾਟ ਪਹੁੰਚਣ ਦੀ।
ਜਦੋਂ ਬਹਿਸ ਜ਼ਿਆਦਾ ਹੀ ਗਰਮ ਹੋਣ ਲੱਗ ਪਈ ਤਾਂ ਇੱਕ ਆਦਮੀ ਪ੍ਰਧਾਨ ਨੂੰ ਮੁਖ਼ਾਤਿਬ ਹੋ ਕੇ ਕਹਿਣ ਲੱਗਾ, “ਪ੍ਰਧਾਨ ਜੀ, ਗ਼ਲਤ ਫ਼ਹਿਮੀਆਂ ਕਈ ਵਾਰੀ ਹੋ ਹੀ ਜਾਂਦੀਆਂ ਨੇ ਤੇ ਗ਼ਲਤੀ ਤੁਹਾਡੇ ਕਮੇਟੀ ਮੈਂਬਰ ਤੋਂ ਹੋਈ ਹੈ, ਘਰ ਵਾਲ਼ਿਆਂ ਦਾ ਕੋਈ ਕਸੂਰ ਨਹੀਂ, ਬੰਦਾ ਤਾਂ ਹੈ ਹੀ ਭੁੱਲਣਹਾਰ” ਤੇ ਉਹਨੇ ਮ੍ਰਿਤਕ ਸਰੀਰ ਦੇ ਬਕਸੇ ਵਲ ਇਸ਼ਾਰਾ ਕਰ ਕੇ ਕਿਹਾ, “ਟੇਕ ਲੈਣ ਦਿਉ ਜੀ ਇਹਨੂੰ ਮੱਥਾ ਵਿਚਾਰ ਨੂੰ ਅਖ਼ੀਰਲੀ ਵਾਰੀ, ਨਾਲੇ ਇਹਨੇ ਕਿਹੜਾ ਉੱਠ ਕੇ ਕਿਸੇ ਦੀ ਚੌਧਰ ਸਾਂਭ ਲੈਣੀਂ ਐ”।
ਉਸ ਵਿਅਕਤੀ ਦੀ ਤਨਜ਼ ਸੁਣ ਕੇ ਇਸ ਸੋਗਮਈ ਮਾਹੌਲ ਵਿੱਚ ਵੀ ਕਈ ਲੋਕ ਹੱਸਣੋਂ ਨਾ ਰਹਿ ਸਕੇ।
ਕਮੇਟੀ ਦੀ ਚੋਣ ਹੋਇਆਂ ਅਜੇ ਥੋੜ੍ਹਾ ਚਿਰ ਹੀ ਹੋਇਆ ਸੀ। ਦੋਨਾਂ ਪਾਰਟੀਆਂ ਵਿੱਚ ਮੁਕਾਬਲਾ ਬੜਾ ਸਖ਼ਤ ਸੀ। ਇਹ ਵੀ ਅਫ਼ਵਾਹ ਸੀ ਕਿ ਇਹ ਪ੍ਰਧਾਨ ਹੇਰਾ ਫੇਰੀ ਨਾਲ਼ ਜਿੱਤਿਆ ਸੀ ਤੇ ਵਿਰੋਧੀ ਪਾਰਟੀ ਵਾਲ਼ੇ ਇਸ ਦੀ ਚੋਣ ਨੂੰ ਚੁਣੌਤੀ ਦੇਣ ਲਈ ਵਕੀਲਾਂ ਨਾਲ਼ ਸਲਾਹ ਮਸ਼ਵਰਾ ਕਰ ਰਹੇ ਸਨ।
ਪ੍ਰਧਾਨ ਦਾ ਗਲ਼ਾ ਖ਼ੁਸ਼ਕ ਹੋ ਚੁੱਕਾ ਸੀ ਤੇ ਉਹ ਕੁੱਝ ਬੋਲ ਵੀ ਨਾ ਸਕਿਆ ਤੇ ਉਹਨੇ ਗ੍ਰੰਥੀ ਨੂੰ ਇਸ਼ਾਰੇ ਨਾਲ ਹੀ ਗੇਟ ਖੋਲ੍ਹਣ ਲਈ ਕਹਿ ਦਿੱਤਾ।
ਨਿਰਮਲ ਸਿੰਘ ਕੰਧਾਲਵੀ




.