.

ਪ੍ਰੋ: ਗੁਰਬਚਨ ਸਿੰਘ ਪੰਨੂਵਾਂ , ਥਾਈਲੈਂਡ ਵਾਲੇ

ਵੱਡੇ ਗੁਰਦੁਆਰਿਆਂ ਵਲੋਂ ਸਿੱਖ ਸਿਧਾਂਤ ਨੂੰ ਖੋਰਾ


‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਪੁਸਤਕ ਵਿੱਚ ਪੰਨਾ ਨੰ: ੪ `ਤੇ ਸ੍ਰ. ਅਜਮੇਰ ਸਿੰਘ ਜੀ ਲਿਖਦੇ ਹਨ—
ਅਠਾਰਵੀਂ ਸਦੀ `ਚ ਜਦ ‘ਅਕਾਲ ਪੁਰਖ ਕੀ ਫੌਜ’ ਉੱਤੇ ਮੁਗਲਸ਼ਾਹੀ ਦੇ ਜ਼ੁਲਮਾਂ ਦਾ ਤੇਜ਼ ਝੱਖੜ ਝੁੱਲਣ ਲੱਗਾ ਅਤੇ ਸਿੰਘਾਂ ਨੂੰ ਜੰਗਲ਼ਾਂ ਬੇਲਿਆਂ ਵਿੱਚ ਰਹਿ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਗਿਆ ਤਾਂ ਸਿੱਖੀ ਪਰਚਾਰ ਤੇ ਗੁਰਧਾਮਾਂ ਦਾ ਪ੍ਰਬੰਧ, ਗੁਰਮਤਿ ਵਿਚਾਰਧਾਰਾ ਤੋਂ ਇੱਕ ਦੂਰੀ ਬਣਾ ਕੇ ਚਲ ਰਹੀਆਂ ਇਹਨਾਂ ਸੰਪਰਦਾਵਾਂ ਦੇ ਹੱਥਾਂ ਵਿੱਚ ਚਲਾ ਗਿਆ। ਖ਼ੁਦ ਹਿੰਦੂਵਾਦ ਦੇ ਵਿਚਾਰਧਾਰਕ ਪ੍ਰਭਾਵ ਹੇਠ ਹੋਣ ਕਰਕੇ, ਇਹ ਸੰਪਰਦਾਵਾਂ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਅੰਦਰ ਹਿੰਦੂਵਾਦੀ ਖੋਟ ਮਿਲਾਉਣ ਦੀਆਂ ਵਾਹਕ ਹੋ ਨਿਬੜੀਆਂ। ਸਿੱਟਾ ਇਹ ਹੋਇਆ ਕਿ ਸਿੱਖ ਜੀਵਨ `ਤੇ ਚਿੰਤਨ ਅੰਦਰ ਹਿੰਦੂਵਾਦ ਮੁੜ ਘੁਸਪੈਠ ਕਰ ਗਿਆ। ਗੁਦੁਆਰਿਆਂ ਅੰਦਰ ਖੁਲ੍ਹੇਆਮ ਗਰਮਤਿ ਵਿਰੋਧੀ ਅਮਲ ਚੱਲ ਪਏ। ਸਿੱਖ ਇਤਿਹਾਸ ਤੇ ਪ੍ਰੰਪਰਾਵਾਂ ਦੇ ‘ਬ੍ਰਹਾਮਣੀਕਰਨ’ ਦਾ ਸਿਲਸਲਾ ਜ਼ੋਰ ਫੜ ਗਿਆ। ਗੁਰੂ ਸਾਹਿਬਾਨ ਦੀਆਂ ਜੀਵਨੀਆਂ ਅਤੇ ਉਹਨਾਂ ਵਿਚਾਰਾਂ ਤੇ ਕਾਰਨਾਮਿਆਂ ਨੂੰ ਹਿੰਦੂਵਾਦੀ ਨਜ਼ਰੀਏ ਤੋਂ ਪੇਸ਼ ਕਰਨ ਦੀ ਗੁਰਮਤਿ ਵਿਰੋਧੀ ਰੀਤ ਪ੍ਰਚੱਲਤ ਹੋ ਗਈ। ਸਿੱਖ ਰਹੁ-ਰੀਤਾਂ ਦੇ ਉਲਟ ਹਿੰਦੂ ਰਸਮਾਂ ਨੂੰ ਖੁਲ੍ਹੀ ਮਾਨਤਾ ਦੇ ਦਿੱਤੀ ਗਈ। ਹਿੰਦੂਆਂ ਦੀ ਰੀਸੇ, ਸਿੱਖਾਂ ਨੇ ਵੀ ‘ਸ਼ਬਦ ਗੁਰੂ’ ਦੇ ਅਦੁੱਤੀ ਸਿਧਾਂਤ ਦੀ ਅਵੱਗਿਆ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਮੂਰਤੀ ਪੂਜਾ ਦਾ ਅਮਲ ਆਰੰਭ ਦਿੱਤਾ। ਜਾਤ-ਪਾਤ, ਬੁੱਤ ਪੂਜਾ, ਅੰਧਵਿਸ਼ਵਾਸ ਅਤੇ ਵਹਿਮਪ੍ਰਸਤੀ ਵਰਗੀਆਂ ਬ੍ਰਹਾਮਣੀ ਲਾਹਨਤਾਂ ਨੇ ਸਿੱਖ ਸਮਾਜ ਨੂੰ ਮੁੜ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ। ਜੋਤਸ਼, ਟੂਣੇ, ਮੰਤਰ, ਨਰਾਤੇ, ਵਰਤ, ਸ਼ਰਾਧ, ਗੁੱਗੇ, ਮੜੀਆਂ ਆਦਿ ਹਿੰਦੂ ਅਮਲ ਫਿਰ ਤੋਂ ਸਿੱਖ ਜੀਵਨ ਦਾ ਆਮ ਅੰਗ ਬਣ ਗਏ। ਪ੍ਰੋ. ਪ੍ਰੀਤਮ ਸਿੰਘ ਦੀ ਹੇਠ ਲਿਖੀ ਟੂਕ ਸਿੱਖ ਚਿੰਤਨ ਤੇ ਜੀਵਨ ਅਮਲ ਅੰਦਰ ਹਿੰਦੂਵਾਦੀ ਘੁਸਪੈਠ ਦੀ ਢੁੱਕਵੀਂ ਤਸਵੀਰ ਮੁਹੱਈਆ ਕਰਦੀ ਹੈ: “ਘੋਰ ਸੰਕਟ ਵੇਲੇ ਜਿਹੜੇ ਮੀਣੇ, ਧੀਰਮੱਲੀਏ, ਰਾਮਰਾਈਏ ਤੇ ਉਦਾਸੀ ਜਾਂ ਬੇਦੀ ਤੇ ਸੋਢੀ ਧਰਮਸਾਲੀਏ, ਕ੍ਰਾਂਤੀਕਾਰੀ ਸਿੱਖਾਂ ਵਾਂਗ ਘਰੋਂ ਬੇ ਘਰ ਨਹੀਂ ਸਨ ਹੋਏ, ਉਹਨਾਂ ਨੇ ਆਪਣਾ ਬਚਾਓ ਗੁਰਮਤਿ ਦੇ ਉਦਾਸ ਤੇ ਵੈਰਾਗੀ ਰੰਗ ਵਿੱਚ ਉਜਾਗਰ ਕਰਨ, ਇਸ ਦੀ ਵੇਦਾਂਤ-ਅਨੁਕੂਲ ਵਿਆਖਿਆ ਕਰਨ ਤੇ ਇਸ ਨੂੰ ਵੇਦ ਤੋਂ ਗੀਤਾ ਤਕ ਅਨੁਸਾਰੀ ਦੱਸਣ ਵਿੱਚ ਸਮਝਿਆ ਜਿਸ ਵਿਆਪਕ ਦੇਸੀ ਸੰਸਕ੍ਰਿਤੀ ਦੇ ਅੰਦਰ ਰਹਿੰਦਿਆਂ ਗੁਰੂ ਸਾਹਿਬਾਨ ਨੇ ਆਪਣੇ ਨਵੇਂ ਧਾਰਮਿਕ ਸਮਾਜਕ ਤਜਰਬੇ ਨੂੰ ਸਿਰੇ ਚਾੜ੍ਹਨ ਦਾ ਸੰਕਲਪ ਕੀਤਾ ਸੀ, ਉਹੋ ਸੰਸਕ੍ਰਿਤੀ, ਕੌੜੀ ਵੇਲ ਵਾਂਗ, ਨਵੇਂ ਧਰਮ ਦੇ ਉੱਤੇ ਫੈਲਣ ਲੱਗ ਪਈ।
ਊਚ-ਨੀਚ ਤੇ ਜਾਤ-ਪਾਤ ਦਾ ਵਰਤਾਰਾ ਆਮ ਹੋ ਗਿਆ, ਸਮਾਧੀਆਂ ਦੀ ਮਹਾਨਤਾ ਹੋਣ ਲੱਗੀ, ਹਰਿਦੁਆਰ ਨੂੰ ਮੋਖ-ਦੁਆਰ ਸਮਝਿਆ ਜਾਣ ਲੱਗਾ, ‘ਸ੍ਰੀ ਗੁਰੂ ਗ੍ਰੰਥ’ ਤੇ ਉਸ ਨਾਲ ਸਬੰਧਤ ਵਿਸ਼ਿਆਂ ਦੇ ਅਧਿਐਨ ਦੀ ਥਾਂ, ਜਾਂ ਇਸ ਦੇ ਨਾਲ-ਨਾਲ ‘ਗੀਤਾ’, ‘ਹਨੂਮਾਨ ਨਾਟਕ’ ਤੇ ‘ਏਕਾਦਸ਼ੀ ਮਹਾਤਮ’ ਆਦਿ ਦਾ ਅੀਧਐਨ ਹੋਣ ਲੱਗ ਪਿਆ। ‘ਗੁਰੂ ਗ੍ਰੰਥ ਸਾਹਿਬ’ ਦੀਆਂ ਲਿਖਤੀ ਬੀੜਾਂ ਦੇ ਮੁੱਢਲੇ ਪੰਨਿਆਂ ਤੇ ਅੰਤਲੇ ਪੰਨਿਆਂ ਉਤੇ ਸਵਾਸਤਿਕ ਦਾ ਚਿੰਨ੍ਹ ਆ ਟਿਕਿਆ ਅਤੇ ਘਰਾਂ ਤੇ ਮੰਦਰਾਂ ਦੀਆਂ ਕੰਧਾਂ ਤੇ ਪੋਥੀਆਂ ਦੇ ਪੰਨਿਆਂ ਉੱਤੇ ਦੇਵੀ-ਦੇਵਤਿਆਂ ਦੇ ਚਿੱਤਰ ਆਮ ਹੋ ਗਏ। ਹਲਾਤ ਏੱਥੋਂ ਤਕ ਆ ਪਹੁੰਚੀ ਕਿ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਰਿ ਮੰਦਰ ਦੀ ਜੂਹ ਵਿੱਚ ਆਣ ਵੜੀਆਂ ਅਤੇ ਅਕਾਲ ਤੱਖਤ ਦੀਆਂ ਕੰਧਾਂ ਉੱਤੇ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਜੀ ਦੀ ਲੀਲ੍ਹਾ ਚਿੱਤਰੀ ਗਈ (ਜੋ ‘ਨੀਲਾ ਤਾਰਾ’ ਸਾਕੇ ਤਕ ਜਿਉਂ ਦੀ ਤਿਉਂ ਮੌਜੂਦ ਸੀ)। ਜੋ ਸਿੱਖੀ ਸਰੂਪ ਕਦੀ ਸਿੱਖੀ ਦੀ ਵੱਖਰਤਾ ਦਾ ਸੂਚਕ, ਉਸ ਦੀ ਪਛਾਣ ਦਾ ਚਿੰਨ੍ਹ ਤੇ ਉਸ ਦੇ ਆਪੇ ਦੇ ਪ੍ਰਗਟਾਵੇ ਦਾ ਸਾਧਨ ਹੁੰਦਾ ਸੀ, ਉਹ ਇੱਕ ਰਸਮ ਬਣ ਕੇ ਰਹਿ ਗਿਆ, ਸਨਾਤਨ ਮਰਯਾਦਾ ਤੇ ਸਿੱਖ ਮਰਯਾਦਾ ਵਿੱਚ ਕੋਈ ਭੇਦ ਨਾ ਰਿਹਾ ਤੇ ਪੰਜਾਬ ਦੇ ਸਨਾਤਵਾਦ ਨੇ ਗੁਰੂ ਸਹਿਬਾਨ ਨੂੰ ਹੋਰਨਾਂ ਦੇਵੀ-ਦੇਵਤਿਆਂ ਵਾਂਗ ਭਾਰਤੀ ਦੇਵ ਮਾਲਾ ਦੇ ਮਣਕੇ ਬਣਾ ਦਿੱਤਾ।
(ਪੁਸਤਕ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ’ ਲੇਖਕ ਸ੍ਰ. ਅਜਮੇਰ ਸਿੰਘ ਪੰਨਾ ੪-੫)
ਭਾਵੇਂ ਦੇਖਣ ਨੂੰ ਸਾਰੇ ਗੁਰਦੁਆਰੇ ਸਿੱਖੀ ਦੇ ਪਰਚਾਰ ਕੇਂਦਰ ਜਾਪਦੇ ਹਨ ਪਰ ਜਦੋਂ ਇਹਨਾਂ ਗੁਦੁਆਰਿਆਂ ਵਿੱਚ ਸਨਾਤਨੀ ਮਤ ਵਾਲੀਆਂ ਸਾਖੀਆਂ ਜਾਂ ਹਿੰਦੂ ਮਤ ਵਾਲੀ ਮਰਯਾਦਾ ਦੇਖੀਦੀ ਹੈ ਤਾਂ ਸਮਝਣ ਵਿੱਚ ਦੇਰ ਨਹੀਂ ਲੱਗਦੀ ਕਿ ਗੁਰਦੁਆਰੇ ਭਾਵੇਂ ਅਜ਼ਾਦ ਕਰਾ ਲਏ ਹਨ ਪਰ ਉਹਨਾਂ ਵਿਚਲੀ ਬ੍ਰਾਹਮਣੀ ਸੋਚ ਵਾਲੀ ਪੁਜਾਰੀ ਤੇ ਪ੍ਰਬੰਧਕੀ ਮਾਨਸਕਤਾ ਨੂੰ ਤਬਦੀਲ ਨਹੀਂ ਕੀਤਾ ਜਾ ਸਕਿਆ। ਉਪਰੋਕਤ ਲਿਖੀਆਂ ਸਚਾਈਆਂ ਭਾਂਵੇਂ ਕੁੱਝ ਪੁਰਾਣੀਆਂ ਹਨ ਪਰ ਹਲਾਤ ਅੱਜ ਵੀ ਓਸੇ ਤਰ੍ਹਾਂ ਦੇ ਹੀ ਬਣੇ ਹੋਏ ਹਨ।
ਮੁਬਾਰਕ ਹੈ ਉਹਨਾਂ ਸਾਰਿਆਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਪੰਥਖ ਸੰਸਥਾਵਾਂ ਨੂੰ ਜੋ ਸੁਹਿਰਦਤਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਰਾਧਾਰਾ ਤੇ ਪੰਥਕ ਰਹਿਤ ਮਰਯਾਦਾ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖ ਕੇ ਸੇਵਾ ਨਿਭਾਅ ਰਹੇ ਹਨ।
ਗੱਲ ਉਹਨਾਂ ਵੱਡੇ ਗੁਰਦੁਆਰਿਆਂ ਤੇ ਉਹਨਾਂ ਪ੍ਰਬੰਧਕਾਂ ਦੀ ਕੀਤੀ ਜਾ ਰਹੀ ਹੈ ਜਿਨ੍ਹਾਂ ਤੇ ਸਿੱਖ ਧਰਮ ਦੇ ਪਰਚਾਰ ਸੰਚਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ। ਪਰ ਇਹ ਵੱਡੀਆਂ ਸੰਸਥਾਵਾਂ ਸਿੱਖ ਸਿਧਾਂਤ ਨੂੰ ਛੱਡ ਕੇ ਵੋਟਾਂ ਦੀ ਰਾਜਨੀਤੀ ਕਰਦਿਆਂ ਸਿੱਖ ਸਿਧਾਂਤ ਦੀ ਜੜ੍ਹੀਂ ਤੇਲ ਦੇ ਰਹੀਆਂ ਹਨ। ਹੁਣ ਵੇਖਣ ਨੂੰ ਇਕੋ ਹੀ ਗੱਲ ਪ੍ਰਗਟ ਹੁੰਦੀ ਲੱਗਦੀ ਹੈ ਕਿ ਪੰਜਾਬ ਵਿੱਚ ਗੁਰਦੁਆਰੇ ਕੇਵਲ ਰਾਜਨੀਤੀ ਦੀ ਪਉੜੀ `ਤੇ ਚੜ੍ਹਨ ਲਈ ਹੀ ਬਣੇ ਹੋਏ ਹੋਣ। ਇਹਨਾਂ ਕੱਚ ਘਰੜ ਨੇਤਾਵਾਂ ਦੇ ਭਾਸ਼ਨਾਂ ਵਿਚੋਂ ਗੁਰਬਾਣੀ ਦਾ ਸਿਧਾਂਤ ਰੰਚਕ ਮਾਤਰ ਵੀ ਨਹੀਂ ਹੁੰਦਾ। ਇਹਨਾਂ ਆਪੇ ਬਣੇ ਲੀਡਰਾਂ ਨੂੰ ਦੂਰੋਂ ਦੇਖਿਆਂ ਏਹੀ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਇਹ ਗੁਰਮਤ ਦਾ ਪਰਚਾਰ ਕਰ ਰਹੇ ਹੋਣ। ਪਰ ਇਨ੍ਹਾਂ ਲੀਡਰਾਂ ਦਾ ਗੁਰਮਤ ਨਾਲ ਕੀ ਵਾਸਤਾ?
ਗੁਰੂ ਨਾਨਕ ਸਾਹਿਬ ਦੇ ਸਮੇਂ ਜਿੱਥੇ ਬੈਠ ਕੇ ਗੁਰਮਤ ਦੀ ਗੱਲ ਕੀਤੀ ਜਾਂਦੀ ਸੀ ਉਸ ਨੂੰ ਧਰਮਸਾਲ ਕਿਹਾ ਜਾਂਦਾ ਸੀ। ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇਂ ਤੀਕ ਧਰਮਸਾਲ ਹੀ ਸ਼ਬਦ ਪ੍ਰਚੱਲਤ ਸੀ। ਫਿਰ ਧਰਮਸਾਲ ਦਾ ਨਾਂ ਗੁਰਦੁਆਰੇ ਵਿੱਚ ਤਬਦੀਲ ਹੋ ਗਿਆ। ਅੱਜ ਕਲ੍ਹ ਗੁਰਦੁਆਰੇ ਨੂੰ ਗੁਰੂ ਘਰ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਅਸਰ ਇਹ ਹੋਇਆ ਹੈ ਕਿ ਅਸਾਂ ਘਰਾਂ ਦੀ ਵੰਡ ਵਿਹਾਰ ਵਾਂਗ ਗੁਰਦੁਆਰਿਆਂ ਵਿੱਚ ਵੀ ਵੰਡ ਵਿਹਾਰ ਸ਼ੁਰੂ ਕਰ ਦਿੱਤੀ ਹੈ। ਗੁਰਦੁਆਰੇ ਦੇ ਮੋਟੇ ਤੌਰ `ਤੇ ਅਰਥ ਏਹੀ ਬਣਦੇ ਹਨ ਕਿ ਗੁਰੂ ਜੀ ਦੀ ਸਿੱਖਿਆ ਦੁਆਰਾ ਭਾਵ ਇਸ ਦੁਆਰ ਰਾਂਹੀ ਅਕਾਲ ਪੁਰਖ ਤੀਕ ਪਹੁੰਚਣਾ ਜੋ ਜੀਵਨ ਜਾਚ ਦੇ ਖ਼ਜ਼ਾਨੇ ਰਾਂਹੀ ਪ੍ਰਗਟ ਹੁੰਦਾ ਹੈ। ‘ਘਰ’ ਦਾ ਅਰਥ ਹੈ ਇੱਕ ਜਗ੍ਹਾ ਟਿਕਣਾ। ਗੁਰਦੁਆਰੇ ਨੂੰ ਗੁਰੂ ਘਰ ਕਹਿਣ ਨਾਲ ਅਸਾਂ ਆਪਣੇ ਅਚੇਤ ਮਨ ਵਿੱਚ ਕਬਜ਼ੇ ਦੀ ਭਾਵਨਾ ਨੂੰ ਪੱਕਾ ਕਰ ਲਿਆ ਹੈ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਉਪਰੰਤ, ਸਿੱਖ ਕੌਮ ਨੂੰ ਇੱਕ ਲੰਬੇ ਸੰਘਰਸ਼ੀ ਦੌਰ ਵਿਚਦੀ ਗੁਜ਼ਰਨਾ ਪਿਆ। ਘੋੜਿਆਂ ਦੀਆਂ ਕਾਠੀਆਂ, ਜੰਗਲ਼ਾਂ ਬੇਲਿਆਂ ਤੇ ਬਿਖੜਿਆਂ ਰਸਤਿਆਂ ਦੀ ਲੰਘਦਿਆਂ ਹੋਇਆਂ ਮਨੁੱਖਤਾ ਦੀ ਅਜ਼ਾਦੀ ਦਾ ਰਾਹ ਪੱਧਰਾ ਕਰਦੇ ਗਏ। ਹਕੂਮਤ ਦੀ ਤਿੱਖੀਆਂ ਰੰਬੀਆਂ, ਆਰੇ ਦੇ ਦੰਦਿਆਂ, ਉਬਲ਼ਦੀਆਂ ਦੇਗਾਂ ਦਾ ਲੰਬਾ ਸਫ਼ਰ ਤਹਿ ਕਰਦਿਆਂ ਹੋਇਆਂ ਗੋਰੀ ਚਮੜੀ ਵਾਲਿਆਂ ਵਲੋਂ ਦਿਨ ਦਿਹਾੜੇ ਦਿੱਤੀਆਂ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆਂ। ਇਹਨਾਂ ਸਮਿਆਂ ਵਿੱਚ ਗੁਰਦੁਆਰਿਆਂ ਦਾ ਆਮ ਪ੍ਰਬੰਧ ਨਿਰਮਲਿਆਂ ਤੇ ਉਦਾਸੀਆਂ ਦਿਆਂ ਹੱਥਾਂ ਵਿੱਚ ਚਲਾ ਗਿਆ। ਇਹਨਾਂ ਮਹਾਂ ਪੁਰਸ਼ਾਂ ਨੇ ਆਪਣੀ ਨੀਅਤ ਅਨੁਸਾਰ ਜਾਣੇ ਜਾਂ ਅਣਜਾਣੇ ਵਿੱਚ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਨੂੰ ਮਿਥਹਾਸ ਵਿੱਚ ਬਦਲਣ ਦਾ ਪੁੱਠਾ ਗੇੜਾ ਦਿੱਤਾ। ਗੁਰ ਬਿਾਲਸ ਪਾਤਸ਼ਾਹੀ ਛੇਵੀਂ ਤੇ ਬਚਿੱਤ੍ਰ ਨਾਟਕ ਵਰਗੇ ਗ੍ਰੰਥਾਂ ਨੂੰ ਤਿਆਰ ਕਰਾ ਕੇ ਨਵੀਂ ਕਾਂਜੀ ਘੋਲ਼ੀ।
ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਸੰਤ ਸਿੰਘ ਨਿਰਮਲੇ ਸਨ ਤੇ ਇਹਨਾਂ ਪਾਸੋਂ ਵਿਦਿਆ ਹਾਸਲ ਕੀਤੀ ਭਾਈ ਸੰਤੋਖ ਸਿੰਘ ਜੀ ਨੇ। ਇਸ ਲਈ ਭਾਈ ਸੰਤੋਖ ਸਿੰਘ ਜੀ ਦੇ ਰਚਿੱਤ ਗੁਰਪ੍ਰਤਾਪ ਸੂਰਜ ਗ੍ਰੰਥ ਵਿਚੋਂ ਵੱਡੇ ਪੱਧਰ `ਤੇ ਹਿੰਦੂ ਮਿਥਿਹਾਸ ਦੀਆਂ ਕਥਾ ਕਹਾਣੀਆਂ ਥਾਂ-ਪੁਰ-ਥਾਂ ਮਿਲਦੀਆਂ ਹਨ। ਲਗ-ਪਗ ਸਾਰਿਆਂ ਗੁਰਦੁਆਰਿਆਂ ਵਿੱਚ ਏਸੇ ਹੀ ਗ੍ਰੰਥ ਦੀ ਲੜੀ ਵਾਰ ਕਥਾ ਅਰੰਭ ਹੋ ਗਈ। ਮੋਟੇ ਤੌਰ ਤੇ ਜੋ ਕੁੱਝ ਗ੍ਰੰਥ ਵਿੱਚ ਲਿਖਿਆ ਸੀ ਉਹ ਸਾਡੀ ਗੁਰਮਤ ਬਣ ਗਈ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਗੁਰਬਾਣੀ ਦੀ ਗੱਲ ਨਾ ਕੀਤੀ ਗਈ ਸਗੋਂ ਹਿੰਦੂ ਮਤ ਅਨੁਸਾਰ ਲਿਖੇ ਗ੍ਰੰਥ ਦੀ ਕਥਾ ਹੋਣ ਕਰਕੇ ਗੁਰਦੁਆਰਿਆਂ ਵਿੱਚ ਮੂਰਤੀਆਂ ਵੀ ਸਥਾਪਤ ਹੋਣੀਆਂ ਸ਼ੁਰੂ ਹੋ ਗਈਆਂ। ਫਿਰ ਦਰਬਾਰ ਸਾਹਿਬ ਵਿਚੋਂ ਇਹਨਾਂ ਮੂਰਤੀਆਂ ਨੂੰ ਚੁਕਾਉਣ ਲਈ ਸਿੱਖ ਕੌਮ ਦੇ ਵਿਦਵਾਨਾਂ ਨੂੰ ਬਹੁਤ ਜਦੋਜਹਿਦ ਕਰਨੀ ਪਈ ਤੇ ਪੁਜਾਰੀਆਂ ਦੀ ਨਫ਼ਰਤ ਦਾ ਸ਼ਿਕਾਰ ਵੀ ਹੋਣਾ ਪਿਆ। ਅੱਜ ਦੇਸ-ਪ੍ਰਦੇਸ ਦੇ ਆਮ ਗੁਰਦੁਆਰਿਆਂ ਵਿੱਚ ਗੁਰਪ੍ਰਤਾਪ ਸੂਰਜ ਦੀ ਹੀ ਕਥਾ ਹੋ ਰਹੀ ਹੈ। ਸਿਆਣਾ ਕਥਾਕਾਰ ਤਾਂ ਮਿਥਿਹਾਸ ਨੂੰ ਨਖੇੜ ਕੇ ਦੱਸਦਾ ਹੈ ਪਰ ਪ੍ਰੰਪਰਾਵਾਦੀ ਕਥਾਕਾਰ ਹੂ-ਬਹੂ ਪੇਸ਼ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਦਸ ਰਿਹਾ ਹੈ। ਇੰਜ ਕਹੀਏ ਕਿ ਸੁੱਤੇ ਸਿੱਧ ਹੀ ਮਹਾਂਭਾਰਤ ਤੇ ਰਮਾਇਣ ਸੁਣਾਈ ਜਾ ਰਿਹਾ ਹੈ।
ਰੋਜ਼ੀ ਰੋਟੀ ਲਈ ਸਿੱਖ ਜਿੱਥੇ ਵੀ ਵੱਸਿਆ ਹੈ ਇਸ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਬਣਾਉਣ ਦਾ ਯਤਨ ਕੀਤਾ ਹੈ ਤਾਂ ਕਿ ਮੈਂ ਅਤੇ ਮੇਰੇ ਬੱਚੇ ਗੁਰ-ਸਿਧਾਂਤ ਨਾਲ ਜੁੜੇ ਰਹਿਣ। ਦੇਸ-ਪ੍ਰਦੇਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਨੂੰ ਸਮਝਣ ਲਈ, ਆਪਸ ਵਿੱਚ ਮਿਲ ਬੈਠਣ ਲਈ, ਭਾਈਚਾਰਕ ਸਾਂਝਾਂ ਮਜ਼ਬੂਤ ਕਰਨ ਲਈ, ਕੌਮ ਦੇ ਹੱਕਾਂ ਦੀ ਪ੍ਰਾਪਤੀ ਲਈ ਤੇ ਆਪਣੀ ਹੋਂਦ ਦਾ ਅਹਿਸਾਸ ਹਮੇਸ਼ਾਂ ਰਹੇ ਦੀ ਲੋੜ ਨੂੰ ਮਹਿਸੂਸ ਕਰਦਿਆਂ ਗੁਰਦੁਆਰੇ ਸਥਾਪਤ ਹੁੰਦੇ ਰਹੇ ਤੇ ਕੌਮ ਲਈ ਅਵਾਜ਼ ਵੀ ਉੱਠਦੀ ਰਹੀ।
ਜਿਵੇਂ ਜਿਵੇਂ ਸੰਸਾਰ ਵਿੱਚ ਸਾਡੀ ਵਸੋਂ ਦਾ ਵਾਧਾ ਹੁੰਦਾ ਗਿਆ ਤਿਵੇਂ ਤਿਵੇਂ ਲੋੜ ਅਨੁਸਾਰ ਵੱਡੇ ਛੋਟੇ ਗੁਰਦੁਆਰੇ ਸਥਾਪਤ ਹੁੰਦੇ ਗਏ। ਜਿਵੇਂ ਜਿਵੇਂ ਗੁਰਦੁਆਰਿਆਂ ਦੀ ਆਮਦਨ ਵਿੱਚ ਵਾਧਾ ਹੁੰਦਾ ਗਿਆ ਤਿਵੇਂ ਤਿਵੇਂ ਧੜ੍ਹੇ-ਬੰਧੀਆਂ ਵੀ ਜਨਮ ਲੈਂਦੀਆਂ ਗਈਆਂ। ਆਪਸੀ ਪਾਟੋਧਾੜ ਵਿਚੋਂ ਕੁੱਝ ਗੁਰਦੁਆਰੇ ਚੌਧਰ ਦੀ ਖ਼ਾਤਰ ਤੇ ਕੁੱਝ ਗੁਰਦੁਆਰੇ ਬਰਾਦਰੀ ਦੇ ਨਾਂ `ਤੇ ਸਥਾਪਤ ਹੁੰਦੇ ਗਏ।
ਏਸੇ ਸਮੇਂ ਵਿੱਚ ਹੀ ਦੇਖਣ ਨੂੰ ਮਸੂਮ ਜੇਹੇ ਚਿਹਰੇ, ਖਾਸ ਕਿਸਮ ਦੇ ਪਹਿਰਾਵੇ ਪਹਿਨਣ ਵਾਲਿਆਂ ਨੇ ਗੁਰਦੁਆਰਿਆਂ ਦੀ ਕੌਮੀ ਭਾਵਨਾ ਨੂੰ ਖਤਮ ਕਰਦਿਆਂ ਮੰਦਰਾਂ ਦੀ ਤਰਜ਼ `ਤੇ ਡੇਰੇ ਤੇ ਠਾਠ ਕਾਇਮ ਕਰ ਲਏ ਹਨ। ਜਿੰਨਾਂ ਵਿੱਚ ਗੁਰਮਤ ਨਹੀਂ ਬਲ ਕੇ ਮਰ-ਖਪ ਗਏ ਸਾਧੜਿਆਂ ਦੇ ਅਲ-ਵਲੱਲੇ ਗਪੌੜਿਆਂ ਨੂੰ ਗੁਰਮਤ ਕਹਿ ਕੇ ਸੁਣਾਇਆ ਜਾ ਰਿਹਾ ਹੈ। ਇਹਨਾਂ ਡੇਰਿਆਂ ਤੇ ਠਾਠਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਮਰਿਆਂ ਬੁੜਿਆਂ ਦੀਆਂ ਤਸਵੀਰਾਂ ਵੀ ਸਥਾਪਤ ਕਰ ਦਿੱਤੀਆਂ ਹਨ।
ਜੇ ਅਸੀਂ ਲੁਧਿਆਣੇ ਸ਼ਹਿਰ ਦੇ ਪ੍ਰਮੁੱਖ ਗੁਰਦੁਆਰਿਆਂ ਦੀ ਹੀ ਗੱਲ ਕਰੀਏ ਤਾਂ ਇੰਜ ਮਹਿਸੂਸ ਹੁੰਦਾ ਹੈ, ਕਿ ਜਿੰਨਾਂ ਗੁਰਦੁਆਰਿਆਂ ਵਿਚੋਂ ਕਦੇ ਆਪਣੀ ਕੌਮ ਦੇ ਕੌਮੀ ਮਸਲਿਆਂ ਦੀਆਂ ਗੱਲਾਂ ਹੁੰਦੀਆਂ ਸਨ ਅੱਜ ਉਹਨਾਂ ਗੁਰਦੁਆਰਿਆਂ ਵਿਚੋਂ ਜੋੜਿਆਂ ਦੀ ਗੰਦੀ ਮਿੱਟੀ ਨੂੰ ਪੂੜੀਆਂ ਵਿੱਚ ਬੰਨ੍ਹ ਕੇ ਚਰਨ ਧੂੜ ਕਹਿ ਕੇ ਸੰਗਤ ਨੂੰ ਦਿੱਤੀ ਜਾ ਰਹੀ ਹੈ। ਕੈਨੀਆਂ ਤੇ ਬੋਤਲਾਂ ਵਿੱਚ ਪਾਣੀ ਭਰ ਕੇ ਦੇਣ ਨੂੰ ਅੰਮ੍ਰਿਤ ਤੇ ਜਲ ਕਹਿ ਕੇ ਦਿੱਤਾ ਜਾ ਰਿਹਾ ਹੈ। ਅੱਜ ਇਹਨਾਂ ਵੱਡਿਆਂ ਗੁਰਦੁਆਰਿਆਂ ਵਿੱਚ ਸਿੱਖ ਸਿਧਾਂਤ ਦੀ ਗੱਲ ਕਰਨ ਦੀ ਥਾਂ ਤੇ ਜੋਗ ਮਤ ਵਾਂਗ ਜਪ ਤਪ ਦੇ ਸਮਾਗਮ ਕੀਤੇ ਜਾ ਰਹੇ ਹਨ। ਹੈਰਾਨਗੀ ਹੁੰਦੀ ਹੈ ਜਦੋਂ ਕੰਧਾਂ ਤੇ ਲੱਗੇ ਇਸ਼ਤਿਹਾਰ ਦੇਖਦੇ ਹਾਂ ਕਿ ਅੱਜ ਤੋਂ ਇਸ ਗੁਰਦੁਆਰੇ ਵਿੱਚ ਦੁਪਹਿਰੇ ਤੇ ਚੁਪਹਿਰੇ ਜਪ ਤਪ ਦੇ ਸਮਾਗਮ ਸ਼ੁਰੂ ਕੀਤੇ ਜਾ ਰਹੇ ਹਨ।
ਇਕ ਸਮਾਂ ਸੀ ਜਦੋਂ ਹਰ ਵੱਡਾ ਗੁਰਦੁਆਰਾ ਸਿੱਖ ਰਹਿਤ ਮਰਯਾਦਾ ਨੂੰ ਤਰਜੀਹ ਦੇ ਕੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਨੂੰ ਪਹਿਲ ਦੇਂਦੇ ਸਨ। ਅੱਜ ਉਹਨਾਂ ਹੀ ਗੁਰਦੁਆਰਿਆਂ ਵਿਚੋਂ ਵੰਨ ਸੁਵੰਨੀਆਂ ਰਹਿਤ ਮਰਯਾਦਾਵਾਂ ਦੇਖਣ ਨੂੰ ਮਿਲਦੀਆਂ ਹਨ। ਵਿਹਲੜ ਸੰਤ ਜਿੰਨ੍ਹਾਂ ਦੀ ਚੇੰਤਤਾ ਵਿੱਚ ਦੇਹਧਾਰੀ ਗੁਰੂ ਦੀ ਭਾਵਨਾ ਲੁਕੀ ਹੋਈ ਹੈ, ਉਹਨਾਂ ਨੂੰ ਵੱਡਿਆਂ ਗੁਰਦੁਆਰਿਆਂ ਵਿੱਚ ਕਥਾ ਕੀਰਤਨ ਦਾ ਸਮਾਂ ਇਸ ਲਈ ਦਿੱਤਾ ਜਾ ਰਿਹਾ ਹੈ ਕਿ ਗੁਰਦੁਆਰੇ ਦੀ ਗੋਲਕ ਵਿੱਚ ਵਾਧਾ ਹੋਏਗਾ।
ਬਾਹਰਲੇ ਮੁਲਕਾਂ ਦੇ ਗੁਰਦੁਆਰਿਆਂ ਵਿੱਚ ਜਦੋਂ ਨਿਗਾਹ ਮਾਰਕੇ ਦੇਖਦੇ ਹਾਂ ਤਾਂ ਉਹਨਾਂ ਗੁਰਦੁਆਰਿਆਂ ਵਿੱਚ ਗੁਰਬਾਣੀ ਕੀਰਤਨ ਤੇ ਕਥਾ ਦੀ ਮਰਯਾਦਾ ਨੂੰ ਛੇਤੀ ਛੇਤੀ ਪੂਰਾ ਕਰਕੇ ਮੁੜ ਨਾਮ ਅਭਿਆਸ ਦੇ ਨਾਂ `ਤੇ ਜਪ ਤਪ ਦੇ ਦੁਪਹਿਰੇ ਤੇ ਚੁਪਹਿਰੇ ਸ਼ੂਰੂ ਕੀਤੇ ਜਾਂਦੇ ਹਨ। ਦੇਖਣ ਵਿੱਚ ਆਇਆ ਹੈ ਕਥਾ ਕੀਰਤਨ ਨਾਲੋਂ ਜਪ ਤਪ ਸਮਾਗਮਾਂ ਵਿੱਚ ਰੌਣਕ ਨੂੰ ਵਧਾਉਣ ਲਈ ਆਲਮਾਨਾ ਭਾਸ਼ਨ ਦੇ ਕੇ ਵੱਧ ਤੋਂ ਵੱਧ ਭੀੜਾਂ ਨੂੰ ਇਕੱਠਾ ਕੀਤਾ ਜਾਂਦਾ ਹੈ। ਵੱਡਿਆਂ ਗੁਰਦੁਆਰਿਆਂ ਨੂੰ ਛੋਟੇ ਗੁਰਦੁਆਰੇ ਦੇਖ ਕੇ ਚੱਲਦੇ ਹਨ। ਕਿਉਂਕਿ ਜੋ ਕੁੱਝ ਵੱਡਿਆਂ ਗੁਰਦੁਰਿਆਂ ਵਿੱਚ ਹੁੰਦਾ ਹੈ ਉਹ ਕੁੱਝ ਹੀ ਛੋਟੇ ਗੁਰਦੁਆਰੇ ਵਾਲੇ ਕਰਦੇ ਹਨ।
ਦੇਖਣ ਵਿੱਚ ਆਇਆ ਹੈ ਕਿ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਸ਼ਹੀਦੀਆਂ ਮਨਾਉਣ ਦੀ ਥਾਂ `ਤੇ ਮਰ ਚੁੱਕੇ ਵਿਹਲੜ ਸਾਧਿਆਂ ਦੀਆਂ ਬਰਸੀਆਂ ਮਨਾਉਣ ਨੂੰ ਵੱਡੇ ਗੁਰਦੁਆਰੇ ਪਹਿਲ ਦੇ ਰਹੇ ਹਨ। ਇਹਨਾਂ ਗੁਰਦੁਆਰਿਆਂ ਵਿੱਚ ਆਪੋ ਆਪਣੇ ਇਲਾਕੇ ਦੇ ਗਏ ਗੁਜ਼ਰੇ ਸਾਧਾਂ ਨੂੰ ਗੁਰੂਆਂ ਦੇ ਗੁਰਪੁਰਬਾਂ ਨਾਲੋਂ ਵੀ ਵੱਧ ਦਰਜਾ ਦੇ ਕੇ ਉਹਨਾਂ ਦੀ ਪੂਜਾ ਕੀਤੀ ਜਾ ਰਹੀ ਹੈ। ਇਹਨਾਂ ਘੋਗੜ ਕੰਨਿਆਂ ਦੀਆਂ ਬਰਸੀਆਂ ਤੇ ਸਪੈਸ਼ਲ਼ ਜਲੇਬੀਆਂ ਪਕੌੜਿਆਂ ਵਾਲੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਅਜੇਹੇ ਪ੍ਰਬੰਧਕਾਂ ਦੀ ਮਸੂਮੀਅਤ ਦੇਖ ਕੇ ਦੁੱਖ ਹੁੰਦਾ ਹੈ ਜਦੋਂ ਮਰ ਚੁੱਕੇ ਸਾਧਾਂ ਦੀਆਂ ਤਸਵੀਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਲਿਆ ਕੇ ਰੱਖਿਆ ਜਾਂਦਾ ਹੈ। ਇਹਨਾਂ ਪ੍ਰਬੰਧਕਾਂ ਦੀ ਹੋਰ ਵੀ ਤਰਾਸਦੀ ਹੁੰਦੀ ਹੈ ਜਦੋਂ ਅਜੇਹੀਆਂ ਬਰਸੀਆਂ ਮਨਾਉਂਦਿਆ ਸਾਰੀ ਸ਼ਰਮ-ਹਯਾ ਲਾਹ ਕੇ ਸਿਧਾਂਤਕ ਪਰਚਾਰਕ ਜਾਂ ਰਾਗੀ ਦੀ ਥਾਂ `ਤੇ ਇਹਨਾਂ ਦੇ ਡੇਰੇ ਵਿਚੋਂ ਹੀ ਆਪੇ ਬਣੇ ਪਰਚਾਰਕ ਦੀਆਂ ਪੂਰੀਆਂ ਜਬਲ਼ੀਆਂ ਸੰਗਤਾਂ ਨੂੰ ਪਰੋਸ ਪਰੋਸ ਕੇ ਦਿੱਤੀਆਂ ਜਾਂਦੀਆਂ ਹਨ। ਇਹਨਾਂ ਸਾਧਾਂ ਨੇ ਮਾਂ ਭਾਨੀ ਜੀ ਦੀ ਕਥਾ ਕਰਨ ਜਾਂ ਮਾਤਾ ਗੂਜਰੀ ਜੀ ਦੇ ਠੰਡੇ ਬੁਰਜ ਵਾਲੀ ਘਟਨਾ ਜਾਂ ਕਿਸੇ ਸ਼ਬਦ ਦੀ ਵਿਚਾਰ ਕਰਨ ਨੂੰ ਕਦੇ ਤਰਜੀਹ ਨਹੀਂ ਦਿੱਤੀ ਸਗੋਂ ਇਹੋ ਹੀ ਕਹਿੰਦੇ ਸੁਣਾਈ ਦੇਂਦੇ ਹਨ ਕਿ ਵੱਡੇ ਮਹਾਂਰਾਜ ਜੀ ਕਿਹਾ ਕਰਤੇ ਤੀ ਭਈ ਕਲਜੁਗ ਦਾ ਘੋਰ ਜ਼ਮਾਨਾ ਆਗਿਆ ਹੈ ਨਾਮ ਜੱਪਿਆ ਕਰੋ। ਵੱਡੇ ਮਹਾਂਰਾਜ ਜੀ ਨੂੰ ਫਲਾਣਾ ਕਾਰ ਭੇਟ ਕਰ ਗਿਆ ਸੀ। ਇਹ ਮੂੰਹ ਸੜੇ ਸਾਧ ਮਨਘੜਤ ਕਰਾਮਾਤੀ ਕਥਾ ਕਹਾਣੀਆਂ ਨੂੰ ਆਪਣੇ ਬੜੇ ਮਹਾਂਰਾਜ ਦੇ ਨਾਲ ਜੋੜ ਜੋੜ ਕੇ ਗੁਰ-ਇਤਿਹਾਸ ਵਾਂਗ ਸਣਾਉਂਦਿਆਂ ਭੋਰਾ ਸ਼ਰਮ ਮਹਿਸੂਸ ਨਹੀਂ ਕਰਦੇ ਹਨ।
ਕੀ ਵੱਡੇ ਤੇ ਕੀ ਛੋਟੇ ਲਗ-ਪਗ ਆਮ ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਾਇਆ ਜਾ ਰਿਹਾ ਹੈ। ਜ਼ਰਾ ਸੋਚੋ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਸੁਨੇਹਾਂ ਦੇ ਰਹੇ ਹਾਂ। ਮੰਦਰਾਂ ਵਿੱਚ ਸ਼ਿਵ ਲਿੰਗ ਨੂੰ ਇਸ਼ਨਾਨ ਕਰਾਇਆ ਜਾ ਰਿਹਾ ਹੈ ਤੇ ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਨੂੰ, ਫਿਰ ਸਿੱਖਾਂ ਦੇ ਗੁਰਦੁਆਰਾ ਤੇ ਮੰਦਰ ਵਿੱਚ ਕੀ ਫਰਕ ਰਹਿ ਗਿਆ ਹੈ।
ਵੱਡਿਆਂ ਗੁਰਦੁਆਰਿਆਂ ਵਿੱਚ ਦੀਵਾਨ ਵੱਡੀ ਪੱਧਰ ਤੇ ਲਗਾਏ ਜਾਂਦੇ ਹਨ ਪਰ ਵੀ ਕਿਸੇ ਪ੍ਰਬੰਧਕ ਨੇ ਧਿਆਨ ਹੀ ਨਹੀਂ ਦਿੱਤਾ ਕਿ ਰਾਗੀ, ਢਾਢੀ ਜਾਂ ਪਰਚਾਰਕ ਕੀ ਸੁਣਾ ਕੇ ਗਿਆ ਹੈ। ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੀ ਲੈ ਲੈਂਦੇ ਹਾਂ। ਗੁਰਮਤਿ ਸਿਧਾਂਤ ਤੋਂ ਅਣਜਾਣ ਪਰਚਾਰਕ ਸ਼੍ਰੇਣੀ ਜਾਂ ਸਾਧ ਲਾਣੇ ਨੇ ਬਚਿੱਤ੍ਰ ਨਾਟਕ ਦੀ ਕਥਾ ਨੂੰ ਬਾਰ ਬਾਰ ਸੁਣਾਇਆ ਕਿ ਗੁਰੂ ਤੇਗ ਬਹਾਦਰ ਜੀ ਨੇ ਪੁੱਤਰ ਦੀ ਪ੍ਰਾਪਤੀ ਲਈ ਤ੍ਰਿਬੇਣੀ `ਤੇ ਜਾ ਕੇ ਇਸ਼ਨਾਨ ਕੀਤਾ ਤੇ ਬ੍ਰਹਾਮਣਾਂ ਨੂੰ ਦਾਨ ਪੁੰਨ ਦਿੱਤਾ ਸੀ। ਫਿਰ ਗੁਰੂ ਤੇਗ ਬਹਾਦਰ ਜੀ ਦੇ ਘਰ ਗੁਰ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ। ਹੁਣ ਤੇ ਨਿਘਾਰ ਏੱਥੋਂ ਤੀਕ ਆ ਗਿਆ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਵੀ ਹੁਕਮ ਨਾਮੇ ਤੋਂ ਪਹਿਲਾਂ ਲੰਬਾ ਸਮਾਂ ਏਹੀ ਪੜ੍ਹਦੇ ਸੁਣਾਈ ਦੇਂਦੇ ਹਨ—ਜਬ ਹੀ ਜਾਤ ਤ੍ਰਿਬੇਣੀ ਭਏ। ਪੁੰਨ ਦਾਨ ਦਿਨ ਕਰਤ ਬਤਏ।
ਤਹੀਂ ਪ੍ਰਕਾਸ਼ ਹਮਾਰਾ ਭਇਓ। ਪਟਨਾ ਸ਼ਹਿਰ ਵਿਖੇ ਭਵ ਲਇਓ।
ਸੁਆਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਨਹੀਂ ਪੜ੍ਹੇ ਜਾ ਸਕਦੇ? ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਕੀਰਤਨ ਕੇਵਕ ਗੁਰਬਾਣੀ, ਭਾਈ ਗੁਰਦਾਸ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਦਾ ਹੀ ਹੋ ਸਕਦਾ ਹੈ। ਕੀ ਵੱਡੇ ਕੀ ਛੋਟੇ ਗੁਰਦੁਆਰਿਆਂ ਵਿੱਚ ਕੀਰਤਨ ਦੀ ਸਮਾਪਤੀ ‘ਦੇਹ ਸ਼ਿਵਾ ਬਰ ਮੋਹਿ’ ਦੇ ਨਾਲ ਸਮਾਪਤੀ ਕੀਤੀ ਜਾਂਦੀ ਹੈ। ਅਜੇਹੀਆਂ ਰਚਨਾਵਾਂ ਪੜ੍ਹਨ ਨਾਲ ਗੁਰਬਾਣੀ ਸਿਧਾਂਤ ਨੂੰ ਅਸੀਂ ਖੋਰਾ ਲਗਾ ਰਹੇ ਹੁੰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਸਭ ਤੋਂ ਵੱਡਾ ਖੋਰਾ ਬਚਿੱਤ੍ਰ ਨਾਟਕ ਰਾਂਹੀ ਲਗਾਇਆ ਜਾ ਰਿਹਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਧੂਪ ਬੱਤੀ ਤੇ ਇਸ਼ਨਾਨ ਕਰਾ ਕੇ ਸ਼ਾਸ਼ਤਰਾਂ ਦੀ ਪੂਜਾ ਕੀਤੀ ਜਾ ਰਹੀ ਹੈ।
ਕਿਹੜਾ ਗੁਰਦੁਆਰਾ ਹੈ ਜਿੱਥੇ ਦੇਸੀ ਘਿਓ ਦੀ ਜੋਤ ਨਹੀਂ ਜਗ੍ਹ ਰਹੀ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਖ਼ੁਦ ਜੋਤ ਜਗਾ ਰਹੀ ਹੋਵੇ ਤਾਂ ਹੋਰਨਾ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ।
ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਦੇ ਕੋਲ ਗੋਲਕ ਰੱਖ ਕੇ ਨਿਸ਼ਾਨ ਸਾਹਿਬ ਨੂੰ ਮੱਥਾ ਇਸ ਲਈ ਟਿਕਾਇਆ ਜਾ ਰਿਹਾ ਹੈ ਕਿ ਚਾਰ ਪੈਸੇ ਗੋਲਕ ਵਿੱਚ ਹੋਰ ਆ ਜਾਣ। ਜਦ ਕਿ ਨਿਸ਼ਾਨ ਸਾਹਿਬ ਤਾਂ ਇਹ ਦੱਸ ਰਿਹਾ ਹੈ ਕਿ ਭਲ਼ਿਆ ਅੰਦਰ ਜਾ ਕੇ ਮੱਥਾ ਟੇਕ।
ਬਾਹਰਲੇ ਮੁਲਕਾਂ ਦਿਆਂ ਕੁੱਝ ਗੁਰਦੁਆਰਿਆਂ ਵਿੱਚ ਦਰਬਾਰ ਹਾਲ ਦੇ ਨੇੜੇ ਇੱਕ ਛੋਟਾ ਜੇਹਾ ਥੜਾ ਬਣਾਇਆ ਹੁੰਦਾ ਹੈ ਜਿੱਥੇ ਮਿਰਤਕ ਸਰੀਰ ਨੂੰ ਰੱਖ ਕੇ ਮੱਥਾ ਟਿਕਾਇਆ ਜਾ ਰਿਹਾ ਹੈ ਜੋ ਪੂਰੀ ਤਰ੍ਹਾਂ ਮਨਮਤ ਹੈ।
ਵੱਡੇ ਗੁਰਦੁਆਰਿਆਂ ਵਿੱਚ ਸਿਆਸਤ ਨੂੰ ਮੁੱਖ ਰੱਖਦਿਆਂ, ਆਪਣੀ ਪਾਰਟੀ ਨਾਲ ਜਿਸ ਪਾਰਟੀ ਦਾ ਵੋਟਾਂ ਦੀ ਖਾਤਰ ਗੈਰ ਕੁਦਰਤੀ ਗੱਠਜੋੜ ਹੋਇਆ ਹੁੰਦਾ ਹੈ, ਉਸ ਪਾਰਟੀ ਦੇ ਵੱਡੇ ਨੇਤਾਵਾਂ ਨੂੰ ਆਪਣੀ ਸਟੇਜ ਤੇ ਖੜਾ ਕਰ ਕੇ ਅਸੀਂ ਖ਼ੁਦ ਇਹ ਸੁਣ ਰਹੇ ਹੁੰਦੇ ਹਾਂ ਕਿ ਚੰਦੂ ਤਾਂ ਬਹੁਤ ਵਧੀਆ ਬੰਦਾ ਸੀ। ਰਾਗੀ ਢਾਡੀ ਤਾਂ ਐਵੈਂ ਹੀ ਵਿਚਾਰੇ ਨੂੰ ਕੋਸੀ ਜਾ ਰਹੇ ਹਨ। ਦੂਸਰਾ ਸਿੱਖ ਤਾਂ ਹਿੰਦੂਆਂ ਤੇ ਗਊ ਗਰੀਬ ਦੀ ਰਖਿਆ ਲਈ ਹੀ ਬਣੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਨੂੰ ਵੈਰਾਗ-ਮਤ ਵਿੱਚ ਪੇਸ਼ ਕਰਨਗੇ ਪਰ ਪ੍ਰਬੰਧਕ ਖੁਸ਼ ਹੋਣਗੇ ਤੇ ਜਾਣ ਲੱਗਿਆਂ ਉਸ ਨੂੰ ਸਿਰਪਾਓ ਵੀ ਦੇਣਗੇ। ਵੋਟਾਂ ਦੀ ਨੀਤੀ ਨੇ ਹਰ ਵੱਡੇ ਛੋਟੇ ਆਕਾਲੀ ਆਗੂ ਦੇ ਗੁੱਟ `ਤੇ ਮੌਲ਼ੀ ਬਨਾ ਦਿੱਤੀ ਹੈ।
ਗੱਲ ਕੀ ਗੁਰਦੁਆਰਿਆਂ ਵਿੱਚ ਵੱਖ ਵੱਖ ਸਾਧਾਂ ਦੀਆਂ ਤਸਵੀਰਾਂ, ਉਹਨਾਂ ਦੀਆਂ ਬਰਸੀਆਂ, ਗੁਰਦੁਆਰਿਆਂ ਵਿੱਚ ਮੱਸਿਆ-ਸੰਗਰਾਂਦ ਤੇ ਪੂਰਨਮਾਸ਼ੀ ਦੀ ਕਥਾ ਆਦਿ ਹੋ ਰਹੀ ਹੈ। ਵੱਡੇ ਗੁਰਦੁਆਰਿਆਂ ਵਿੱਚ ਸੰਕਟ ਮੋਚਨ ਦੀਆਂ ਪੁਸਤਕਾਂ, ਹਨੂੰਮਾਨ ਚਲੀਏ ਜਨਮ ਸਾਖੀਆਂ ਭਗਤ ਮਾਲਾ ਨਾਮੀ ਗੁਰਮਤ ਵਿਰੋਧੀ ਸਾਹਿਤ ਖੁਲ੍ਹੇ ਆਮ ਵਿਕ ਰਿਹਾ ਹੈ। ਰੰਗ ਬਰੰਗੀਆਂ ਤਸਵੀਰਾਂ ਤੇ ਲੋਹੇ-ਸੂਤਰ ਦੀਆਂ ਮਾਲ਼ਾ ਆਮ ਵਿਕ ਰਹੀਆਂ ਹਨ। ਜੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਬਾਹਰ ਗੁਰਮਤ ਵਿਰੋਧੀ ਸਾਹਿਤ ਵਿਕ ਰਿਹਾ ਹੈ ਤਾਂ ਬਾਹਰਲੇ ਗੁਰਦੁਆਰਿਆਂ ਵਿੱਚ ਵੀ ਅਜੇਹਾ ਸਮਾਨ ਵਿਕੇਗਾ ਹੀ ਵਿਕੇਗਾ।
ਬਹੁਤ ਸਾਰੇ ਗੁਰਦੁਆਰਿਆਂ ਵਿੱਚ ਯੋਗਾ ਦੀਆਂ ਕਲਾਸਾਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਦੇਖਣ ਵਿੱਚ ਤਾਂ ਏਹੀ ਆ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਨਾ ਸਮਝਣ ਕਰਕੇ ਗੁਰਮਤ ਵਿਰੋਧੀ ਵਿਚਾਰ ਧਾਰਾ ਨੂੰ ਅਸੀਂ ਆਪਣਾ ਸਿਧਾਂਤ ਸਮਝ ਲਿਆ ਹੈ। ਕੀ ਵੱਡਾ ਤੇ ਕੀ ਛੋਟਾ ਹਰ ਗੁਰਦੁਆਰੇ ਵਿਚੋਂ ਹੇਮਕੁੰਟ ਮਨੀ ਕਰਨ ਨੂੰ ਜਾਣ ਦੀਆਂ ਅਪੀਲਾਂ ਹੋ ਰਹੀਆਂ ਹਨ। ਸਾਧਾਂ ਦੇ ਦੀਵਾਨਾਂ ਦੇ ਗੁਰਦੁਆਰਿਆਂ ਵਿੱਚ ਪੋਸਟਰ ਆਮ ਲੱਗੇ ਹੋਏ ਦੇਖੇ ਜਾ ਸਕਦੇ ਹਨ ਤੇ ਉਸ ਦੀਵਾਨ ਦੀਆਂ ਹਾਜ਼ਰੀਆਂ ਭਰਨ ਦੀਆਂ ਅਪੀਲਾਂ ਵੀ ਹੋ ਰਹੀਆਂ ਹਨ।
ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਸਿੱਖ ਰਹਿਤ ਮਰਯਾਦਾ ਸਬੰਧੀ ਸੈਮੀਨਾਰ ਹੋਣੇ ਚਾਹੀਦੇ ਹਨ। ਹਰ ਪ੍ਰਬੰਧਕ ਨੂੰ ਸਿੱਖ ਰਹਿਤ ਮਰਯਾਦਾ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ। ਹਰ ਪ੍ਰਬੰਧਕ ਨੂੰ ਆਪਣੀ ਪੰਥਕ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਉਹਨਾਂ ਪਰਚਾਰਕਾਂ ਨੂੰ ਹੀ ਬਲਾਉਣਾ ਚਾਹੀਦਾ ਹੈ ਸੋ ਗੁਰੂ ਗ੍ਰੰਥ ਤੇ ਸਿੱਖ ਰਹਿਤ ਮਰਯਾਦਾ ਦੇ ਨੂੰ ਸਮਰਪਤ ਹੋਣ।
੧ ਬੰਧੀ ਛੋੜ ਦਿਵਸ ਤੇ ਦੀਵਾਲੀ ਕੀ ਰਾਤ ਦੀਵੇ ਬਾਲੀਆਹਿ ਦਾ ਆਹਿਸਾਸ ਕਰਾਉਂਦਾ ਹੈ ਕਿ ਸਿੱਖ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ਼ ਕੇ ਲਛਮੀ ਦੀ ਪੂਜਾ ਕਰ ਰਿਹਾ ਹੈ।
੨ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਕਿ ਗੁਰਦੁਆਰਿਆਂ ਵਿੱਚ ਕਿਸੇ ਅਨਮਤੀ ਤਿਉਹਾਰ ਨੂੰ ਨਾ ਮਨਾਇਆ ਜਾਏ ਪਰ ਅੱਜ ਸਾਡੇ ਗੁਰਦੁਆਰੇ ਵਿੱਚ ਨਾਨਕੀ ਸ਼ਾਹੀ ਕੈਡੰਲਰ ਨੂੰ ਛੱਡ ਕੇ ਈਸਈ ਕੈਡੰਲਰ ਦੇ ਅਧਾਰਤ ਇਕੱਤੀ ਦਸੰਬਰ ਨੂੰ ਨਵੇਂ ਸਾਲ ਦੇ ਉਚੇਚੇ ਦੀਵਾਨ ਸੱਜ ਰਹੇ ਹਨ। ਜਦ ਕਿ ਨਾਨਕ ਸ਼ਾਹੀ ਕੈਡੰਲਰ ਦਾ ਅਸਾਂ ਭੋਗ ਪਾ ਦਿੱਤਾ ਹੈ।
੩ ਉਚੇਚੇ ਤੌਰ `ਤੇ ਪੂਰਮਾਸ਼ੀ ਦੇ ਦੀਵਾਨ ਸਜਾਉਣੇ ਤੇ ਫਿਰ ਪੂਰਨਮਾਸ਼ੀ ਦੀ ਹੀ ਕਥਾ ਕਰਨੀ।
੪ ਮੰਗਲ਼ਵਾਰ, ਵੀਰਵਾਰ ਨੂੰ ਬਦਾਨੇ ਦਾ ਪ੍ਰਸ਼ਾਦ ਤੇ ਸ਼ਨੀਚਰਵਾਰ ਨੂੰ ਕਾਲੇ ਛੋਲੇ ਤੇ ਕਾਲੇ ਮਾਂਹਾਂ ਦਾ ਚੜ੍ਹਨਾ ਸਾਬਤ ਕਰਦਾ ਹੈ ਸਿੱਖਾਂ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੋ ਰਹੀ ਹੈ।
੫ ਨਾਰੀਅਲ, ਜੋਤ. ਕੁੰਭ ਆਦਿ ਰੱਖ ਕੇ ਸਿੱਖ ਰਹਿਤ ਮਰਯਾਦਾ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ।
੬ ਗੁਰੂਆਂ ਦੇ ਆਗਮਨ ਪੁਰਬ `ਤੇ ਗੁਰਦੁਆਰਿਆਂ ਵਿੱਚ ਕੇਕ ਕੱਟਣੇ ਪੂਰੀ ਮਨਮਤ ਹੈ।
੭ ਗੈਰ ਕੁਦਰਤੀ ਕਥਾ ਕਹਾਣੀਆਂ ਤੇ ਮਿੱਥਹਾਸ ਨੂੰ ਇਤਿਹਾਸ ਦੱਸ ਕੇ ਸਣਾਉਣਾ ਸਿੱਖ ਸਿਧਾਂਥ ਨਾਲ ਖਿਲਵਾੜ ਹੈ।
੮ ਗੁਰੂਆਂ ਦੇ ਸਤਿਕਾਰ ਵਾਂਗ ਮਰ ਚੁੱਕੇ ਸਾਧਾਂ ਸੰਤਾਂ ਦੀਆਂ ਬਰਸੀਆਂ ਤੇ ਉਹਨਾਂ ਦੇ ਜਨਮ ਦਿਨ ਮਨਾੳਣੇ ਮਨਮਤ ਹੈ।
੯ ਆਪੋ-ਆਪਣੇ ਇਲਾਕੇ ਦੇ ਅਨਪੜ੍ਹ, ਅੱਧਪੜ੍ਹ ਤੇ ਆਪੇ ਬਣੇ ਪਰਚਾਰਕਾਂ ਨੂੰ ਸਿੱਖ ਸਟੇਜ ਤੋਂ ਸਮਾਂ ਦੇ ਕੇ ਸਿੱਖ ਸਿਧਾਂਤ ਨਾਲ ਧ੍ਰੋ ਕਮਾਇਆ ਜਾ ਰਿਹਾ ਹੈ।
੧੦ ਗੁਰਬਾਣੀ ਕਥਾ-ਕੀਰਤਨ ਛੱਡ ਕੇ ਦੁਪਹਿਰੇ ਤੇ ਚੁਪਹਿਰਿਆਂ ਦੇ ਜਪ-ਤਪ ਸਮਾਗਮ ਕਰਾਉਣੇ ਗੁਰਬਾਣੀ ਦੀ ਬੇਅਦਬੀ ਹੈ।
੧੧ ਸੁੱਖਣਾਂ ਦੀ ਪੂਰਤੀ ਲਈ ਅਖੰਡਪਾਠਾਂ ਦੀਆਂ ਲੜੀਆਂ ਚਲਾਉਣੀਆਂ ਤੇ ਸੰਪਟ ਪਾਠ ਕਰਨ ਨੂੰ ਤਰਜੀਹ ਦੇਣ ਨਾਲ ਸਰਬ ਸਾਂਝੇ ਧਰਮ ਨੂੰ ਗੈਰ ਕੁਦਰਤੀ ਧਰਮ ਬਣਾਇਆ ਜਾ ਰਿਹਾ ਹੈ।
ਜੇ ਮਾਂ ਹੀ ਆਪਣੇ ਪੁੱਤ ਨੂੰ ਜ਼ਹਿਰ ਦੇਣ `ਤੇ ਤੁਲੀ ਹੋਵੇ ਤਾਂ ਬਚੇ ਨੂੰ ਕੌਣ ਬਚਾਏਗਾ?




.