.

ੴਸਤਿਨਾਮ

ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮੀੑਐ॥

ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ॥ ੨॥

“ਸੱਭ” ਦਾ ਮਤਲਬ ਹੁੰਦਾ ਹੈ “ਸਾਰੇ ਹੀ”, ਅਸੀਂ ਸਾਰੇ ਵੀ ਇਸੇ ਹੀ (ਸੱਭ ਵਾਲੀ) ਗਿਣਤੀ ਵਿੱਚ ਹਾਂ, ਜੇ ਗੁਰੂ ਜੀ ਇੱਕ ਇਕ ਦਾ ਨਾਂ ਲਿਖਕੇ ਸਮਝਾਉਂਦੇ, ਤਾਂ ਪਤਾ ਨਹੀਂ ਕਿੱਡਾ ਵੱਡਾ ਗ੍ਰੰਥ ਹੋਰ ਬਨ ਜਾਂਦਾ। ਪਰ ਸਿੱਖਿਆ ਦੇ ਅਜੇਹੇ ਮੌਕੇ ਤੇ, ਅਸੀਂ ਬੜੀ ਚਲਾਕੀ ਨਾਲ ਆਪਣਾਂ ਨਾਮ, ਅਜੇਹੀ ਕਤਾਰ ਵਿਚੋਂ ਕੱਢ ਲੈਂਦੇ ਹਾਂ। ਅਤੇ ਗੁਰਬਾਣੀਂ ਦੀ ਹਰ ਸਿੱਖਿਆ, ਅਸੀਂ ਦੂਸਰਿਆਂ ਵਾਸਤੇ ਮੁਕਰਰ ਕਰ ਦੇਂਦੇ ਹਾਂ। ਅਤੇ ਆਪਣੇਂ ਵਾਸਤੇ ਅਸੀਂ ਵੱਧ ਤੋਂ ਵੱਧ ਫੂਕ ਇਕੱਠੀ ਕਰਦੇ ਹਾਂ, ਅਤੇ ਇਸ ਫੂਕ ਦਾ ਅਸੀਂ ਨਾਂ ਰੱਖ ਲੈਂਦੇ ਹਾਂ ਗੁਰਮਤਿ। ਸਿੱਖਿਆ ਤੇ ਦੂਸਰਿਆਂ ਦਾ ਹੱਕ ਹੈ, ਫੂਕ ਤੇ ਸਾਡਾ ਆਪਣਾਂ ਹੱਕ ਹੈ।

ਅੱਜ ਦੇ ਹਾਲਾਤ ਤੇ ਨਿਗਾਹ ਮਾਰ ਕੇ ਵੇਖ ਲਵੋ ਕਿਹੜਾ ਹੈ, ਜੋ ਫੂਕ ਨਾਲ ਭਰਿਆ ਹੋਇਆ ਨਹੀਂ ਹੈ। ਜਿੱਧਰ ਵੇਖੋ ਫੂਕ ਹੀ ਫੂਕ ਹੈ। ਸੱਭ ਹੰਕਾਰ ਦੀ ਫੂਕ ਨਾਲ ਆਫਰੇ ਹੋਇ ਹਨ।

ਫੂਕ ਦੇ ਦੋ ਅਰਥ ਹਨ, ਇੱਕ ਹੈ ਹੰਕਾਰ, ਹੰਕਾਰ ਨਾਲ ਆਫਰੇ ਹੋਣਾਂ, ਦੂਜਾ ਹੈ, ਮੌਤ, ਜਦ ਪਰਾਣਾਂ ਦੀ ਫੂਕ ਨਿਕਲ ਜਾਂਦੀ ਹੈ ਤਾਂ, ਇਹ ਵੱਡੇ ਤੋਂ ਵੱਡਾ ਹੰਕਾਰੀ ਬੰਦਾ ਵੀ ਸਵਾਹ ਦੀ ਚੁਟਕੀ ਬਣ ਜਾਂਦਾ ਹੈ। ਨਿਕਸਿਆ ਫੂਕ ਤ ਹੋਇ ਗਇਓ ਸੁਆਹਾ॥ ੨॥ ਇੱਕ ਦਿਨ ਸਾਰਿਆਂ ਦੀ ਫੂਕ ਨਿਕਲ ਜਾਣੀਂ ਹੈ। ਉਸ ਤੋਂ ਬਾਦ ਕੀ ਹੋਵੇ ਗਾ, ਕਿਸੇ ਨੂੰ ਵੀ ਕੋਈ ਪਤਾ ਨਹੀਂ, ਕਿਸੇ ਨੂੰ ਵੀ ਰਤੀ ਭਰ ਵੀ ਫਿਕਰ ਨਹੀਂ ਹੈ। ਅਤੇ ਜਿਹੜੀ ਫੂਕ ਦਾ ਬੰਦਾ ਮਾਨ ਕਰਦਾ ਹੈ, ਉਹ ਫੂਕ ਤਾਂ ਇਥੇ ਹੀ ਰਹਿ ਜਾਣੀਂ ਹੈ। ਸਵਾਹ ਵੀ ਨਾਲ ਨਹੀਂ ਜਾਣੀਂ। ਅਸੀਂ ਦੂਸਰਿਆਂ ਨੂੰ ਕਹਿੰਦੇ ਹਾਂ, ਗੁਰਬਾਣੀਂ ਦੀ ਵਿਚਾਰ ਕਰੋ, ਗੁਰਬਾਣੀਂ ਦੀ ਵਿਚਾਰ ਕਰੋ। ਗੁਰਬਾਣੀਂ ਦੀ ਵਿਚਾਰ ਕਰ ਕੇ, ਕੀ ਅੱਜ ਤੱਕ ਸਾਡਾ ਸਿਰਫ ਇਹ ਭੁਲੇਖਾ ਵੀ ਦੂਰ ਨਹੀਂ ਹੋਇਆ? । ਇਹ ਵੀ ਕੋਈ ਸਮਝਾਉਣ ਵਾਲੀ ਗੱਲ ਹੈ। ਪਰ ਕੋਈ ਵੀ ਮੰਨਣ ਨੂੰ ਤਿਆਰ ਹੀ ਨਹੀਂ, ਕਿ ਇੱਕ ਦਿਨ ਸਾਡੀ ਫੂਕ ਸੱਚਮੁਚ ਹੀ ਨਿਕਲ ਜਾਣੀਂ ਹੈ। ਬਾਣੀਂ ਤੇ ਵਿਸ਼ਵਾਸ ਹੀ ਨਹੀਂ ਹੈ ਕਿਸੇ ਨੂੰ! ! ! ! ! ।

ਕੀ ਕਿਸੇ ਨੂੰ ਵਿਸ਼ਵਾਸ ਹੈ ਕੇ ਜਿੰਨ੍ਹਾਂ ਚੀਜਾਂ ਪਿੱਛੇ ਅਸੀਂ ਲੱੜ ਰਹੇ ਹਾਂ, ਇਹਨਾਂ ਵਿਚੋਂ ਕੋਈ ਵੀ ਚੀਜ ਸਾਡੇ ਨਾਲ ਜਾਵੇ ਗੀ? ।

ਨਿਰਭਉ ਹੋਇਓ ਭਇਆ ਨਿਹੰਗਾ॥ ਚੀਤਿ ਨ ਆਇਓ ਕਰਤਾ ਸੰਗਾ॥ ਲਸਕਰ ਜੋੜੇ ਕੀਆ ਸੰਬਾਹਾ॥ ਨਿਕਸਿਆ ਫੂਕ ਤ ਹੋਇ ਗਇਓ ਸੁਆਹਾ॥ ੨॥ ਊਚੇ ਮੰਦਰ ਮਹਲ ਅਰੁ ਰਾਨੀ॥ ਹਸਤਿ ਘੋੜੇ ਜੋੜੇ ਮਨਿ ਭਾਨੀ॥ ਵਡ ਪਰਵਾਰੁ ਪੂਤ ਅਰੁ ਧੀਆ॥ ਮੋਹਿ ਪਚੇ ਪਚਿ ਅੰਧਾ ਮੂਆ॥ ੩॥ ਜਿਨਹਿ ਉਪਾਹਾ ਤਿਨਹਿ ਬਿਨਾਹਾ॥ ਰੰਗ ਰਸਾ ਜੈਸੇ ਸੁਪਨਾਹਾ॥ ਸੋਈ ਮੁਕਤਾ ਤਿਸੁ ਰਾਜੁ ਮਾਲੁ॥ ਨਾਨਕ ਦਾਸ ਜਿਸੁ ਖਸਮੁ ਦਇਆਲੁ॥ ੪॥ ੩੫॥ ੮੬॥ (੩੯੧)

ਮਨ ਵਿੱਚ ਮੌਤ ਦਾ (ਫੂਕ ਨਿਕਲਣ ਦਾ) ਰਤੀ ਵੀ ਖੌਫ ਨਹੀਂ, ਦੂਜਾ ਸਾਹ ਪਤਾ ਨਹੀਂ ਆਉਣਾਂ ਹੈ, ਜਾਂ ਨਹੀਂ, ਨਿਹੰਗ ਹੋ ਗਿਆ, ਭਾਵ ਢੀਠ ਹੋ ਗਿਆ ਲਾਪ੍ਰਵਾਹ ਹੋ ਗਿਆ, (ਗਾਫਲ ਹੋ ਗਿਆ)। ਕਰਤਾ ਪੁਰਖ ਤਾਂ ਸਦਾ ਨਾਲ ਹੈ, ਪਰ ਉਸਦਾ ਕਦੇ ਚੇਤਾ ਹੀ ਨਹੀਂ ਆਇਆ। (ਆਪ ਹੀ ਸਾਰਿਆਂ ਦਾ ਕਰਤਾ ਧਰਤਾ ਬਨਿਆ ਹੋਇਆ ਹੈ, ਆਪਣੀਂ ਆਪਣੀਂ ਥਾਂ ਸਾਰੇ ਹੀ ਇੱਕ ਦੂਜੇ ਤੋਂ ਵੱਡੇ ਕਰਤਾ ਧਰਤਾ ਹਨ। ਸਾਰਿਆਂ ਨੂੰ ਹੀ ਟਟੀਹਰੀ ਵਾਂਗ ਭੁਲੇਖਾ ਪਿਆ ਹੋਇਆ ਹੈ)

ਲਸਕਰ ਜੋੜੇ ਕੀਆ ਸੰਬਾਹਾ॥ ਨਿਕਸਿਆ ਫੂਕ ਤ ਹੋਇ ਗਇਓ ਸੁਆਹਾ॥ ੨॥ (ਇਸ ਸ਼ਬਦ ਵਿੱਚ ਫੂਕ ਦੀਆਂ ਥੋੜੀਆਂ ਜਿਹੀਆਂ ਕਿਸਮਾਂ ਦਾ ਹਵਾਲਾ ਗੁਰੂ ਜੀ ਨੇਂ ਦਿੱਤਾ ਹੈ। ਸਾਰੀ ਬਾਣੀਂ ਵਿੱਚ ਬਹੁਤ ਸਾਰੇ ਸ਼ਬਦਾਂ ਵਿੱਚ ਅਜੇਹੀ ਚਿਤਾਵਨੀਂ ਗੁਰੂ ਜੀ ਨੇਂ ਦਿੱਤੀ ਹੈ, ਪਰ ਕੌਣ ਮੰਨਦਾ ਹੈ ਬਾਣੀਂ ਨੂੰ।) ਰਾਜਾ ਬਨ ਗਿਆ, ਰਾਜਾ ਬਨ ਕੇ ਭੂਪਤਿ ਹੋਇ ਕੈ ਰਾਜੁ ਕਮਾਇਆ॥ (ਇਹ ਵੀ ਫੂਕ) ਕਰਿ ਕਰਿ ਅਨਰਥ ਵਿਹਾਝੀ ਮਾਇਆ॥ (ਇਹ ਵੀ ਫੂਕ) ਸੰਚਤ ਸੰਚਤ ਥੈਲੀ ਕੀਨੀੑ॥ (ਇਹ ਵੀ ਫੂਕ) ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨੀੑ॥ ੧॥ (ਪ੍ਰਮਾਤਮਾਂ ਨੇਂ ਇਹ ਫੂਕ ਅੱਜ ਤੈਨੂੰ ਦਿੱਤੀ, ਕੱਲ ਤੇਰੇ ਪਾਸੋਂ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤੀ) ਕਾਚ ਗਗਰੀਆ ਅੰਭ ਮਝਰੀਆ॥ (ਮਿੱਟੀ ਦੀ ਕੱਚੀ ਗਾਗਰ ਵਿੱਚ ਪਾਣੀਂ ਕਿਨਾਂ ਕੂ ਚਿਰ ਟਿਕ ਸਕੇਗਾ) ਗਰਬਿ ਗਰਬਿ ਉਆਹੂ ਮਹਿ ਪਰੀਆ॥ ੧॥ ਰਹਾਉ॥ (ਹੰਕਾਰ ਹੰਕਾਰ ਹੰਕਾਰ ਫੂਕ ਫੂਕ ਫੂਕ ਸੱਭ ਫੂਕ ਹੀ ਫੂਕ, ਸੱਭ ਇਥੇ ਦਾ ਇਥੇ ਹੀ ਧਰਿਆ ਰਹਿ ਜਾਣਾ ਹੈ।)

ਊਚੇ ਮੰਦਰ ਮਹਲ ਅਰੁ ਰਾਨੀ॥ (ਇਹ ਊਚੇ ਮੰਦਰ, ਮਹਿਲ, ਧਨ ਦੌਲਤ, ਰਾਣੀਂ (ਔਰਤ) ਇਸੇ ਦਾ ਹੀ ਸਾਰਾ ਝਗੜਾ/ਫੂਕ ਹੈ। ਸਾਰੇ ਹੀ ਕੋਈ ਨਾਂ ਕੋਈ ਝਗੜਾ ਪਾਈ ਬੈਠੇ ਹਨ) ਹਸਤਿ ਘੋੜੇ ਜੋੜੇ ਮਨਿ ਭਾਨੀ॥ ਵਡ ਪਰਵਾਰੁ ਪੂਤ ਅਰੁ ਧੀਆ॥ ਮੋਹਿ ਪਚੇ ਪਚਿ ਅੰਧਾ ਮੂਆ॥ ੩॥ ਜਿਨਹਿ ਉਪਾਹਾ ਤਿਨਹਿ ਬਿਨਾਹਾ॥ ਰੰਗ ਰਸਾ ਜੈਸੇ ਸੁਪਨਾਹਾ॥ ਗੁਰੂ ਜੀ ਦੱਸਦੇ ਹਨ, ਇਹ ਊਪਰ ਦੱਸੀਆਂ, ਸੱਭ ਕਿਸਮ ਦੀਆਂ ਫੂਕਾਂ ਸੁਪਣੇਂ ਸਮਾਣ ਹਨ। ਜਿਸ ਕਰਤੇ ਨੇਂ ਸਾਰਿਆਂ ਵਿੱਚ ਇਹ ਫੂਕ ਭਰੀ ਹੈ, ਉਸ ਨੇਂ ਹੀ ਇੱਕ ਦਿਨ ਸਾਰਿਆਂ ਦੀ ਫੂਕ ਕੱਢ ਦੇਣੀਂ ਹੈ। “ਜਿਨਹਿ ਉਪਾਹਾ ਤਿਨਹਿ ਬਿਨਾਹਾ” ਉਸ ਕਰਤੇ ਨੇਂ ਇੱਕ ਦਿਨ ਸਾਰਿਆਂ ਦਾ ਨਾਸ ਕਰ ਦੇਣਾਂ ਹੈ। (ਪਰ ਨਾਂ ਕਿਸੇ ਨੂੰ ਆਪਣੀਂ ਫੂਕ ਦਾ ਡਰ ਹੈ ਨਾਂ ਚੇਤਾ, ਜਿਸ ਦਿਨ ਫੂਕ ਨਿਕਲੀ ਕੀ ਕਰੋ ਗੇ? ਸਾਰੇ ਦੂਜਿਆਂ ਦੀਆਂ ਫੂਕਾਂ ਕੱਢਣ ਲੱਗੇ ਹੋਇ ਹਾਂ। ਇਹ ਵਿਦਵਾਨੀਂ ਦੇ ਹੰਕਾਰ ਦੀ ਫੂਕ ਕਿੰਨਾਂ ਚਿਰ ਟਿਕੇ ਗੀ। ਪ੍ਰਭੂ ਨੇ ਫੂਕ ਕੱਢਣ ਲੱਗੇ ਕਿਸੇ ਨੂੰ ਪੁਛਣਾਂ ਵੀ ਨਹੀਂ) ਮਃ ੧॥ ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ॥ ਇਕਨੀੑ ਲਦਿਆ ਇਕਿ ਲਦਿ ਚਲੇ ਇਕਨੀੑ ਬਧੇ ਭਾਰ॥ ਇਕਨਾੑ ਹੋਈ ਸਾਖਤੀ ਇਕਨਾੑ ਹੋਈ ਸਾਰ॥ ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ॥ ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ॥ ੧॥ (ਸਵਾਹ ਸੀ ਅਤੇ ਸਵਾਹ ਹੀ ਹੋ ਜਾਂਦੀਂ ਹੈ। ਜਦ ਕਿਸੇ ਦੀ ਸਵਾਹ, ਸਵਾਹ ਹੋ ਜਾਂਦੀ ਹੈ, ਤਾਂ ਅਸੀਂ ਝੂਠੇ ਸ਼ਿਸਟਾਚਾਰ ਦੀ ਮਿੱਟੀ ਪਲੀਤ ਕਰਦੇ ਹੋਇ ਕਹਿੰਦੇ ਹਾਂ, ਕਿ ਉਹ ਬਹੁਤ ਗੁਰਮੁਖ ਸੀ, ਉਹ ਤਾਂ ਪ੍ਰਭੂ ਦੇ ਅਸਲ ਦੇ ਵਿਚ, ਅਸਲ ਸਮਾ ਗਿਆ ਹੈ, ਅਤੇ ਕਿਸੇ ਦਾ ਮਨ ਰੱਖਣ ਵਾਸਤੇ ਹੋਰ ਵੀ ਸੌ ਝੂਠ ਬੋਲਦੇ ਹਾਂ)

ਮਃ ੧॥ ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ॥ ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ॥ ੨॥ ਪਉੜੀ॥ ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ॥ ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ॥ ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ॥ ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ (ਹੇ ਹਰੀ ਸਾਡੇ ਤੇ ਕਿਰਪਾ ਦਾ ਹੱਥ ਰਖੋ, ਸਾਨੂੰ ਅਜੇਹੇ ਬੰਦਿਆਂ ਨਾਲ ਮੇਲਾ ਨਾਂ ਕਰਾਇਆ ਜੇ, ਹੇ ਹਰੀ ਸਾਨੂੰ ਅਜੇਹੇ ਦੁਸ਼ਟ, (ਨੱਕ ਵਡੇ) ਬੇ ਸ਼ਰਮ, ਦੂਜਿਆਂ ਦੀ ਨਿੰਦਾ ਕਰਨ ਵਾਲੇ, ਮਨਮੁਖ ਗਿਆਨੀਆਂ ਦੇ ਗਿਆਨ ਤੋਂ ਬਚਾ ਲਵੋ) ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ॥ ੧੭॥

ਨੋਟ:- ਕੋਈ ਵੀ ਸੱਜਨ ਇਹ ਬਾਣੀਂ ਪੱੜ੍ਹ ਕੇ ਚਿੰਤਾ ਨਾਂ ਕਰੇ, ਕੋਈ ਵੀ ਸੱਜਣ ਭੁੱਲ ਕੇ ਵੀ ਇਸ ਬਾਣੀਂ ਨੂੰ ਆਪਣੇਂ ਤੇ ਨਾਂ ਘਟਾਵੇ, ਬੇਨਤੀ ਹੈ ਜੀ, ਕੇ ਇਹ ਬਾਣੀਂ, ਆਪਣੇਂ ਵਾਸਤੇ ਨਹੀਂ ਹੈ ਜੀ, ਮਾਫ ਕਰਨਾਂ ਕੋਈ ਵੀਰ ਇਸ ਬਾਣੀਂ ਦਾ ਗੁੱਸਾ ਨਾਂ ਕਰੇ, ਇਹ ਬਾਣੀਂ ਤਾਂ ਸਿਰਫ ਆਪਣੇਂ ਵਿਰੋਧੀਆਂ ਵਾਸਤੇ ਹੈ ਜੀ।

ਸਲੋਕ ਮਃ ੪॥ ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ॥ ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ॥ ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ॥ ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ॥ ੧॥

ਡੌਲੇ ਫੁਲਾ ਫੁਲਾ ਕੇ ਅਤੇ ਫੁੰਕਾਰੇ ਮਾਰ ਮਾਰ ਕੇ, ਜਿੰਨਾਂ ਦੀ ਅਸੀਂ ਨਿੰਦਾ ਕਰਦੇ ਹਾਂ। ਪਰ ਬਾਣੀਂ ਕਹਿੰਦੀ ਹੈ, ਉਹ “ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ” ਜਿਸ ਖਸਮ ਨੇਂ ਸਾਨੂੰ ਬਨਾਇਆ ਹੈ, ਉਹਨਾਂ ਨੂੰ ਵੀ ਉਸੇ ਹੀ ਖਸਮ ਨੇਂ ਬਨਾਇਆ ਹੈ। ਮੁੰਹ ਨਾਲ ਤਾਂ ਇਹ ਗੱਲ ਸਾਰੇ ਹੀ ਕਹਿੰਦੇ ਹਨ, ਪਰ ਮੰਨਦਾ ਕੋਈ ਨਹੀਂ। ਇਸ ਸੱਚ ਦਾ ਸਿਰਫ ਉਹਨਾਂ ਨੂੰ ਪਤਾ ਲੱਗੇ ਗਾ, ਜਿੰਨ੍ਹਾਂ ਨੇਂ ਖਸਮ ਦੇ ਹੁਕਮ ਨੂੰ ਬੁੱਝ ਲਿਆ ਹੈ। ਉਸ ਨੂੰ ਗੁਰਮੁਖ ਕਹਿੰਦੇ ਹਨ, ਗੁਰਮੁੱਖ ਆਪਣੇਂ ਆਪ ਨੂੰ ਵੀ ਪਛਾਣ ਲੈਦੇ ਹਨ, ਅਤੇ ਦੂਸਰਿਆਂ ਨੂੰ ਵੀ ਪਹਿਚਾਣ ਲੈਂਦੇ ਹਨ। ਫਿਰ ਉਸ ਨੂੰ ਆਪਣੇਂ ਅਤੇ ਪਰਾਏ ਵਿੱਚ ਕੋਈ ਫਰਕ ਨਹੀਂ ਦਿੱਸਦਾ, ਫਿਰ ਉਸ ਨੂੰ ਕੋਈ ਬੁਰਾ ਨਹੀਂ ਦਿੱਸਦਾ। ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ॥ (ਇਸ ਤੋਂ ਅਗਲੀ ਕੜੀ ਵਿੱਚ ਬਾਣੀਂ ਨਾਮ ਧਿਆਉਣ ਦੀ ਮੱਤ ਦੇ ਰਹੀ ਹੈ। ਇਸ ਕੜੀ ਦੇ ਅਰਥ ਮੈਂ ਇਥੇ ਨਹੀਂ ਦੱਸ ਰਿਹਾ/ਸਕਦਾ, ਕਿਉਂ ਕੇ ਨਾਮੁ ਦਾ ਜਿਕਰ ਸੁਣ ਕੇ ਗੁਰਬਾਣੀਂ ਨੂੰ ਮੰਨਣ ਵਾਲੇ ਕਈਆਂ ਨੂੰ ਜਾਂ ਬਹੁਤਿਆਂ ਪ੍ਰੇਮੀਆਂ ਨੂੰ ਕਰੋਧ ਚੱੜ ਜਾਂਦਾ ਹੈ। ਇਸ ਗੱਲ ਦੀ ਗਵਾਹੀ ਗੁਰਬਾਣੀਂ ਵੀ ਦੇ ਰਹੀ ਹੈ। “ਨਾਮੁ ਸੁਨਤ ਜਨੁ ਬਿਛੂਅ ਡਸਾਨਾ” ਜੇ ਕਿਸੇ ਗੁਰਮੁਖ ਨੂੰ ਨਾਮ ਦੀ ਗੱਲ ਸੁਣ ਕੇ ਬਿੱਛੂ ਦੇ ਡੰਗ ਜਿਨੀਂ ਤਕਲੀਫ ਹੋਵੇ, ਤਾਂ ਐਸੀ ਗੱਲ ਨਹੀਂ ਕਰਨੀ ਚਾਹੀਦੀ, ਇਸੇ ਹੀ ਕਰਕੇ ਆਮ ਕਰਕੇ ਹੁਣ ਮੈਂ ਬਾਣੀਂ ਵਿੱਚ ਜਿਥੇ ਵੀ ਨਾਮ ਦੀ ਗੱਲ ਆਉਂਦੀ ਹੈ, ਤਾਂ ਮੈਂ ਨਜ਼ਰ ਅੰਦਾਜ਼ ਕਰ ਜਾਂਦਾ ਹਾਂ। ਨਾਮ ਦੀ ਗੱਲ ਸੁਣ ਕੇ, ਗੁਰਬਾਣੀਂ ਨੂੰ ਮੰਨਣ ਵਾਲੇ, ਕਈ ਗੁਰਬਾਣੀਂ ਪ੍ਰੇਮੀਆਂ ਨੂੰ, ਕਿਨੀਂ ਤਕਲੀਫ ਹੁੰਦੀ ਹੋਵੇ ਗੀ, ਗੁਰਬਾਣੀਂ ਦੀਆਂ ਅਗਲੀਆਂ ਪੰਗਤੀਆਂ ਪੱੜ੍ਹ ਕੇ ਤੁਸੀਂ ਆਪ ਹੀ ਅੰਦਾਜ਼ਾ ਲਾ ਸੱਕਦੇ ਹੋ।

ਮਹਲਾ ੫॥ ਲਾਜ ਮਰੈ ਜੋ ਨਾਮੁ ਨ ਲੇਵੈ॥ ਨਾਮ ਬਿਹੂਨ ਸੁਖੀ ਕਿਉ ਸੋਵੈ॥ ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ॥ ਮੂਲ ਬਿਨਾ ਸਾਖਾ ਕਤ ਆਹੈ॥ ੧॥ ਨਾਮ ਦੀ ਗੱਲ ਸੁਣ ਕੇ ਗੁਰਬਾਣੀਂ ਦਾ ਸੱਚਾ ਪ੍ਰੇਮੀ (ਲਾਜ) ਸ਼ਰਮ ਨਾਲ ਇਸ ਤਰਾਂ ਮਰ ਜਾਂਦਾ ਹੈ, ਜਿਵੇਂ ਕੋਈ ਭਲਾ ਪੁਰਸ਼, ਕਿਸੇ ਵੇਸਵਾ ਦੇ ਘਰ ਨੂੰ ਮੁੰਹ ਕਰਨ ਦੀ ਗੱਲ ਸੋਚ ਕੇ ਹੀ, ਸ਼ਰਮ ਨਾਲ ਪਾਣੀਂ ਪਾਣੀਂ ਹੋ ਜਾਂਦਾ ਹੈ। ਸਾਨੂੰ ਏਨੀ ਆਉਂਦੀ ਹੈ ਨਾਮ ਪਾਸੋਂ।

ਅੰਮ੍ਰਿਤੁ ਕਉਰਾ ਬਿਖਿਆ ਮੀਠੀ॥ ਸਾਕਤ ਕੀ ਬਿਧਿ ਨੈਨਹੁ ਡੀਠੀ॥ ਕੂੜਿ ਕਪਟਿ ਅਹੰਕਾਰਿ ਰੀਝਾਨਾ॥ ਨਾਮੁ ਸੁਨਤ ਜਨੁ ਬਿਛੂਅ ਡਸਾਨਾ॥ ੨॥ ਮਾਇਆ ਕਾਰਣਿ ਸਦ ਹੀ ਝੂਰੈ॥ ਮਾਇਆ ਕਾਰਨ ਹਮੇਸ਼ਾਂ ਕੁੜਦਾ ਰਹਿੰਦਾ ਹੈ, ਜੇ ਨਾਂ ਮਿਲੇ ਤਾਂ ਵੀ ਦੁਖ ਜੇ ਕੋਈ ਹੋਰ, ਮਾਇਆ ਤੇ ਕਬਜ਼ਾ ਕਰੇ ਤਾਂ ਵੀ ਦੁੱਖ। ਮਨਿ ਮੁਖਿ ਕਬਹਿ ਨ ਉਸਤਤਿ ਕਰੈ॥ ੮੯੨ ਜਿਹਨਾਂ ਨੂੰ ਕਿਸੇ ਦੀ ਨਿੰਦਾ ਕਰ ਕੇ, ਸਕੂਨ ਮਿਲਦਾ ਹੋਵੇ, ਨਿੰਦਾ ਕਰਕੇ ਸ਼ਾਤੀ ਮਿਲਦੀ ਹੋਵੇ, ਬੁਰੇ ਜਾਂ ਭਲੇ ਪੁਰਸ਼ਾਂ ਦੀ, ਜਾਂ ਕਿਸੇ ਦੀ ਵੀ ਨਿੰਦਾ ਕਰਕੇ ਜੇ ਗਿਆਨੀਂ ਜਾਂ ਪ੍ਰਚਾਰਕ ਦੀ ਪਦਵੀ ਮਿਲਦੀ ਹੋਵੇ। ਨਿੰਦਾ ਕਰਨ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਸਨਮਾਣ ਮਿਲਦਾ ਹੋਵੇ, ਨਿੰਦਾ ਕਰਕੇ, ਲੀਡਰ ਬਣ ਕੇ, ਜੇ ਕੱਖ ਪਤੀ ਤੋਂ ਕਰੋੜ ਪਤੀ ਬਣ ਸੱਕਦਾ ਹੋਵੇ, ਤਾਂ ਉਹ ਗੁਰਮੁਖ ਕਿਸੇ ਦੀ ਉਸਤਤ ਕਿਉਂ ਕਰੇ ਗਾ। “ਮਨਿ ਮੁਖਿ ਕਬਹਿ ਨ ਉਸਤਤਿ ਕਰੈ”

ਇਸੇ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਂਰਾਜ ਪ੍ਰਭੂ ਅੱਗੇ ਬੇਨਤੀ ਕਰਦੇ ਹਨ, ਹੇ ਪ੍ਰਭੂ ਸਾਨੂੰ ਅਜੇਹਿਆਂ ਦੀ ਸੰਗਤ ਤੋਂ ਦੂਰ ਹੀ ਰੱਖੀਂ॥ ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ॥ ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ॥ ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ॥ ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ॥ ਪਰ ਇਥੇ ਤਾਂ ਸੱਭ ਉਲਟਾ ਹੀ ਹੈ, ਅਜੇਹੇ ਗੁਣਾਂ ਵਾਲੇ ਲੋਕ ਆਪਣੇਂ ਆਪ ਨੂੰ ਗੁਰੂ ਨਾਨਕ ਦੇ ਉਪਾਸ਼ਕ ਅਤੇ ਗੁਰੂ ਨਾਨਕ ਦੇ ਗਿਆਨ ਜਾਂ ਉਪਦੇਸ਼ ਦੇ ਪ੍ਰਚਾਰਕ ਕਹਿੰਦੇ ਹਨ।

ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥ ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ॥ ੬॥ ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ॥ ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ॥ ੭॥ ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ॥ ੭੫੫

ਦਿਨ ਵਰਗੇ ਸੱਚ ਨਾਲੋਂ ਵੀ ਵੱਡਾ ਸੱਚ ਕਹਿ ਰਹੀ ਹੈ ਗੁਰਬਾਣੀਂ। ਸੋ ਇਹ ਗੱਲ ਧਿਆਨ ਨਾਲ ਵਿਚਾਰ ਕਰਕੇ ਦੇਖ ਲਵੋ, ਜਿਹੜਾ ਸੱਜਣ ਕਿਸੇ ਵੀ ਬੁਰੇ ਤੋਂ ਬੁਰੇ ਮਨੁੱਖ ਦੀ ਵੀ ਨਿੰਦਾ ਕਰਦਾ ਹੈ। ਉਹ ਬੰਦਾ ਗੁਰਬਾਣੀਂ ਦਾ ਵਰੋਧੀ ਹੈ। (ਅਤੇ ਉਹ ਗੁਰਬਾਣੀਂ ਦੇ ਉਲਟ ਪ੍ਰਚਾਰ ਕਰ ਰਿਹਾ ਹੈ) ਅਤੇ ਦੂਜਿਆਂ ਦੇ ਦੋਸ਼ ਦੱਸਣ ਵਾਲੇ, ਪਹਿਲੇ ਆਪਣੇ ਅੰਦਰ ਵੀ ਇੱਕ ਵਾਰ ਝਾਕ ਕੇ ਵੇਖ ਲੈਣ ਕੇ ਉਹ ਗੁਰਬਾਣੀਂ ਨੂੰ ਮੰਨਦੇ ਹਨ ਜਾਂ ਨਹੀਂ। ਵੀਰੋ ਇੱਕ ਹੋਰ ਗੱਲ ਦੀ ਵਿਚਾਰ ਵੀ ਜਰੂਰ ਕਰ ਕੇ ਦੇਖਣਾਂ ਜੀ, ਜਿਵੇਂ ਅਸੀਂ ਦੂਜਿਆਂ ਨੂੰ ਕਹਿੰਦੇ ਹਾਂ, ਕੇ ਉਹ ਸਿੱਖੀ ਦੇ ਸਰੂਪ ਵਾਲੇ ਬ੍ਰਾਹਮਣ ਹਨ। ਤਾਂ ਉਸੇ ਤਰਾਂ ਕਿਤੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਸਿੱਖ ਹੋਣ ਦਾ ਪਖੰਡ ਤਾਂ ਨਹੀਂ ਕਰ ਰਹੇ? ਕੀ ਅਸੀਂ ਗੁਰਬਾਣੀਂ ਨੂੰ ਮੰਨਦੇ ਹਾਂ, ਕੀ ਅਸੀਂ ਗੁਰਬਾਣੀਂ ਨੂੰ ਮੰਨਦੇ ਹਾਂ? , ਅਤੇ ਕੀ ਅਸੀਂ ਗੁਰਬਾਣੀਂ ਨੂੰ ਪ੍ਰਚਾਰਦੇ ਹਾਂ ਹਾਂ, ਜਾਂ ਆਪਣੀਂ ਫੂਕ ਦਾ ਪ੍ਰਚਾਰ ਕਰ ਰਹੇ ਹਾਂ? ਅਤੇ ਕੀ ਅਸੀਂ ਦੂਸਰਿਆਂ ਵਿੱਚ ਵੀ, ਗੁਰਬਾਣੀਂ ਦੀ ਥਾਂ, ਆਪਣੀਂ ਫੂਕ ਤਾਂ ਨਹੀਂ ਭਰੀ ਜਾ ਰਹੇ ਹਾਂ। ਜਿਹੜਾ ਵੀਰ ਗੁਰਬਾਣੀਂ ਨੂੰ ਮੰਨਦਾ ਹੈ, ਜਾਂ ਗੁਰਬਾਣੀਂ ਦਾ ਪ੍ਰਚਾਰ ਕਰਦਾ ਹੈ, ਉਹ ਇਹ ਚਾਨਣ ਜਰੂਰ ਪਾਵੇ ਜੀ।

ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥ ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ॥ ੭॥

ਮਃ ੧॥ ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ॥ ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ॥ ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮੀੑਐ॥ ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ॥ ੨॥ ਪਉੜੀ॥ ੧੨੪੪

ਸੂਰਜ ਚੱੜਦਾ ਹੈ, ਤੇ ਅਸਤ ਹੁੰਦਾ ਹੈ। ਉਮਰ ਘਟਦੀ ਜਾਂਦੀ ਹੈ। ਤਨੋਂ ਮਨੋਂ ਮਾਇਆ ਦੇ ਹਰ ਤਰਾਂ ਦੇ ਭੋਗਾਂ ਦਾ ਰਸੀਆ ਗੁਲਾਮ ਹੋਇਆ ਪਿਆ ਜੀਵਨ ਜੂਏ ਵਿੱਚ ਹਾਰ ਜਾਂਦਾ ਹੈ। ਕੋਈ ਵਿਰਲਾ ਹੀ ਜਿੱਤਦਾ ਹੈ। (ਜਿੱਤ ਹਾਰ ਕੀ ਹੈ, ਅਤੇ ਹਾਰਨ ਦਾ ਦੁੱਖ ਕੀ ਹੁੰਦਾ ਹੈ, ਇਹ ਉਹਨਾਂ ਵੀਰਾਂ ਨੂੰ ਪੁੱਛਿਆ ਸੱਕਦਾ ਹੈ, ਜੋ ਇਸ ਵੇਲੇ ਵਿਚਾਰ ਚਰਚਾ ਵਿੱਚ ਜਿੱਤ ਹਾਰ ਵਾਸਤੇ ਜੂਝ ਰਹੇ ਹਨ। ਹਾਲਾਂ ਕਿ ਇਹ ਝੂਠੀ ਜਿੱਤ ਹਾਰ ਹੈ, ਇਹ ਇੱਕ ਸੁਪਣੇ ਵਾਲੀ ਜਿੱਤ ਹਾਰ ਹੈ। ਕਈਆਂ ਦੀ ਇਸ ਜਿੱਤ ਹਾਰ ਦੇ ਖੇਲ ਦੇ ਵਿੱਚ ਫੂਕ ਨਿਕਲ ਚੁੱਕੀ ਹੈ, ਅਤੇ ਕਈਆਂ ਦੀ ਨਿਕਲ ਜਾਣੀਂ ਹੈ। ਕਈ ਤੁਰ ਗਏ ਹਨ, ਬਕੀਆਂ ਨੇਂ ਵੀ ਤੁਰ ਜਾਣਾਂ ਹੈ। ਇਹ ਜਿੱਤ ਹਾਰ ਦਾ ਖੇਲ ਫਿਰ ਵੀ ਚੱਲਦਾ ਰਹਿਣਾਂ ਹੈ। ਇਹ ਖੇਲ ਖੇਲ ਵਾਲੀ ਹਾਰ ਦਾ ਏਨਾਂ ਦੁਖ ਹੈ, ਤਾਂ ਅਸਲੀ ਹਾਰ ਦਾ ਦੁੱਖ ਕਿੰਨਾਂ ਹੁੰਦਾ ਹੋਵੇ ਗਾ, ਇਹ ਤਾਂ ਉਦੋਂ ਪਤਾ ਲੱਗੇ ਗਾ, ਜਦੋਂ ਹਰੀ ਨੇਂ ਸਾਰਿਆਂ ਦੀ ਫੂਕ ਕੱਢ ਦਿੱਤੀ ਅਤੇ ਅਸਲੀ ਹਾਰ ਹੋ ਗਈ। ਜੇ ਇਸ ਤੱਥ ਨੂੰ ਵਿਦਵਾਨ ਹੀ ਨਾਂ ਸਮਝਣ ਤਾਂ…. ?) ਸਾਰੇ ਹੰਕਾਰ ਨਾਲ ਆਫਰੇ ਪਏ ਹਨ, ਕਹਿਣ ਸਮਝਾਉਣ ਨਾਲ ਕੋਈ ਵੀ ਨਹੀਂ ਮੰਨਦਾ, ਕੋਈ ਵੀ ਨਹੀਂ ਰੁਕਦਾ। ਪਰ ਪ੍ਰਭੂ ਸੱਭ ਤਮਾਸ਼ਾ ਦੇਖ ਰਿਹਾ ਹੈ, ਕੋਈ ਪਤਾ ਨਹੀਂ ਉਸ ਨੇਂ ਕਦ ਕਿਸੇ ਦੀ ਫੂਕ ਕੱਢ ਦੇਣੀਂ ਹੈ। (ਪਤਾ ਨਹੀਂ ਬਾਣੀਂ ਸੱਚ ਕਹਿ ਰਹੀ ਹੈ ਜਾਂ ਝੂਠ, ਇਹ ਤਾਂ ਵਿਦਵਾਨ ਹੀ ਦੱਸ ਸੱਕਦੇ ਹਨ। ਮੇਰੇ ਵਰਗੇ ਨੂੰ ਕੀ ਪਤਾ, ਮੈਂ ਤਾਂ ਅੱਖਰ ਹੀ ਪੜ੍ਹੀ ਜਾ ਰਿਹਾ ਹਾਂ। ਪਤਾ ਨਹੀਂ ਬਾਣੀਂ ਝੂਠੀ ਹੈ, ਜਾਂ ਅਸੀਂ ਝੂਠੇ ਹਾਂ, ਜਿਹੜੇ ਕਿ ਬਾਣੀਂ ਨੂੰ ਮੰਨਦੇ ਹੀ ਨਹੀਂ ਹਾਂ)

ਬਾਣੀਂ ਕੀ ਨਹੀਂ ਸਮਝਾਉਂਦੀ। ਬਾਣੀਂ ਤਾਂ ਪਰਮਾਤਮਾਂ ਦਾ ਵੀ ਲਿਹਾਜ ਨਹੀਂ ਰੱਖਦੀ, (ਮੇਰੇ ਪਹਿਲੇ ਲਿਖੇ ਲੇਖ ਪੜ੍ਹ ਕੇ ਦੇਖ ਲਵੋ) ਗੁਰੁ ਦੀ ਬਾਣੀਂ ਪ੍ਰਮਾਤਮਾਂ ਤੋਂ ਵੀ ਊਪਰ ਹੈ। ਬਾਣੀਂ ਸਿੱਧਾ ਰਾਹ ਵੀ ਦਿਖਾਉਂਦੀ ਹੈ। ਬਾਣੀਂ ਹਰ ਸਵਾਲ ਦਾ ਉੱਤਰ ਵੀ ਦੇਦੀਂ ਹੈ, ਬਾਣੀਂ ਹਰ ਝਗੜੇ ਦਾ ਹੱਲ ਵੀ ਕਰਦੀ ਹੈ, ਮੈਨੂੰ ਤਾਂ ਪੂਰਾ ਵਿਸ਼ਵਾਸ ਹੈ, ਕਿ ਬਾਣੀਂ ਕੋਈ ਵੀ ਭੁਲੇਖਾ ਨਹੀਂ ਰਹਿਣ ਦੇਂਦੀ। ਅਗੇ ਆਪਾਂ ਇੱਕ ਬਹੁਤ ਹੀ ਅਹਿਮ ਸਵਾਲ ਦਾ ਉੱਤਰ ਬਾਣੀਂ ਰਾਹੀ ਖੋਜਣ ਦਾ ਯਤਨ ਕਰਦੇ ਹਾਂ। ਇਹ ਉਹ ਸਵਾਲ ਹੈ, ਜੋ ਕਿ ਕਾਫੀ ਸਮੇਂ ਪਹਿਲੇ ਮੇਰੇ ਇੱਕ ਵੀਰ ਨੇ, ਨੌਂ ਨੁਕਤਿਆਂ ਵਾਲੇ ਇੱਕ ਸਵਾਲ, ਦੇ ਰੂਪ ਵਿੱਚ ਮੇਰੇ ਕਿਸੇ ਲੇਖ ਦੇ ਜਵਾਬ ਵਿਚ, ਬੜੇ ਗੁੱਸੇ ਜਿਹੇ ਨਾਲ ਮੈਨੂੰ ਕੀਤਾ ਸੀ।

ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ॥ ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ॥ ੩॥

ਬਾਣੀਂ ਦੱਸਦੀ ਹੈ, ਉਸ ਪੁਰਖ ਬਿਧਾਤੇ ਨੇਂ ਹੀ ਸਾਰਿਆਂ ਨੂੰ ਪੁੱਠੀ ਭਵਾਲੀ, ਪੁੱਠੀ ਮੱਤ ਦਿੱਤੀ ਹੋਈ ਹੈ, ਵਿਧਾਤੇ ਨੇਂ ਜਨਮਾਂ ਜਨਮਾਂ ਤੋਂ ਹੀ ਸਾਰਿਆਂ ਨੂੰ ਉਲਟੇ ਪਾਸੇ ਲਾਇਆ ਹੋਇਆ ਹੈ। ਜਿਸ ਨੂੰ “ਪੁਰਖ ਬਿਧਾਤੇ” ਨੇਂ ਹੀ ਉਲਟੇ ਪਾਸੇ ਲਾਇਆ ਹੋਇਆ ਹੋਵੇ, ਉਸ ਨੂੰ ਸਿੱਧੇ ਰਾਹੇ ਕੌਣ ਪਾ ਸੱਕਦਾ ਹੈ? । ਕੀ ਕਿਸੇ ਦੀ ਇਹ ਤਾਕਤ ਹੈ, ਜੋ ਪ੍ਰਮਾਤਮਾਂ ਦੇ ਉਲਟ ਚੱਲ ਕੇ, ਉਸ ਦੇ ਖੇਲ ਨੂੰ ਪਲਟ ਸਕੇ। ਸਾਨੂੰ ਉਸ ਵਿਧਾਤੇ ਦੇ ਬਨਾਇ ਜਾਂ ਚਲਾਇ ਹੋਏ, ਉਲਟੇ ਰਾਹ ਤੋਂ ਵਰਜ ਕੇ, ਸਿੱਧੇ ਰਾਹ ਪਾਉਣ ਵਾਸਤੇ ਗੁਰੂ ਨਾਨਕ ਜੀ ਆਏ ਸਨ/ਹਨ।

ਸਵਾਲ:- ਸੰਤਾਂ ਭਗਤਾਂ ਅਤੇ ਸਿੱਖਾਂ ਨੂੰ ਜੋ ਤਕਲੀਫਾਂ ਆਈਆਂ, ਉਹ ਕਿਉਂ ਆਈਆਂ ਹਨ/ਸਨ, ਪ੍ਰਮਾਤਮਾਂ ਇਹਨਾਂ ਦੀ ਮਦਦ ਵਾਸਤੇ ਕਿਉਂ ਨਹੀਂ ਆਇਆ? ? ? ? ਜਿਸ ਦਾ ਉੱਤਰ ਸਾਰੇ ਜਾਨਣਾਂ ਚਾਹੁੰਦੇ ਹਨ, ਪਰ ਉੱਤਰ ਕਿਸੇ ਪਾਸ ਵੀ ਨਹੀਂ ਹੈ।

ਸਾਰਾ ਸੰਸਾਰ ਉਲਟੇ ਰਾਹ ਪਿਆ ਹੋਇਆ ਹੈ, ਉਸ ਦਾ ਸਬੂਤ ਇਹ ਹੈ, ਕੇ ਆਪਾਂ ਸਾਰਿਆਂ ਨੂੰ ਹੀ, ਆਪਣੇਂ ਤੋਂ ਸਿਵਾਏ, ਬਾਕੀ ਸਾਰੇ ਹੀ ਉਲਟੇ ਦਿਸਦੇ ਹਨ। ਇੱਕ ਅਖਾਣ ਮੁਤਾਬਿਕ, ਜੁਲਾਹਿਆਂ ਦੇ ਗਿਣਤੀ ਕਰਨ ਵਾਂਗ, ਅਸੀਂ ਆਪਣੇਂ ਆਪ ਨੂੰ (ਉਲਟਿਆਂ ਦੀ ਗਿਣਤੀ ਵਿਚ) ਗਿਣਨਾਂ ਭੁੱਲ ਜਾਂਦੇ ਹਾਂ। ਅਤੇ ਪ੍ਰਮਾਤਮਾਂ ਨੇਂ ਆਪ ਹੀ ਇਹਨਾਂ/ਸਾਨੂੰ ਸਾਰਿਆਂ ਨੂੰ ਉਲਟੇ ਰਾਹ ਪਾਇਆ ਹੋਇਆ ਹੈ। ਹੁਣ ਗੁਰੂ ਨਾਨਕ ਜੀ ਪ੍ਰਮਾਤਮਾਂ ਤੋਂ ਉਲਟ, ਦਇਆ ਕਰਕੇ ਸਾਨੂੰ ਸਿੱਧੇ ਰਾਹ ਪਾਉਣ ਵਾਸਤੇ ਇਸ ਸੰਸਾਰ ਵਿੱਚ ਆਏ ਸਨ। ਜੇ ਸਾਰੇ ਹੀ ਗੁਰੂ ਨਾਨਕ ਦੇ ਉਪਦੇਸ਼ ਨੂੰ ਸਮਝ ਜਾਣ ਤਾਂ ਪ੍ਰਮਾਤਮਾਂ ਦਾ ਵੱਸਿਆ ਵਸਾਇਆ ਦੇਸ ਉੱਜੜ ਜਾਵੇ,

ਕਿਉਂ ਕੇ ਗੁਰੂ ਨਾਨਕ ਦਾ ਉਪਦੇਸ਼ ਪ੍ਰਮਾਤਮਾਂ ਦੇ ਚਲਾਏ ਰਾਹ (ਰਵਾਇਤ, ਜਾਂ ਸੰਸਾਰਕ ਰਚਨਾਂ) ਤੋਂ ਉਲਟ ਹੈ। ਗੁਰਬਾਣੀਂ ਸਾਬਤ ਕਰ ਰਹੀ ਹੈ। ਪ੍ਰਮਾਤਮਾਂ ਸਾਰੇ ਸੰਸਾਰ ਨੂੰ ਪੁੱਠੇ ਪਾਸੇ ਲਾਉਂਦਾ ਹੈ, ਸਜਾਵਾਂ ਦੇਂਦਾ ਹੈ, ਤਿਲ ਤਿਲ ਦਾ ਹਿਸਾਬ ਲੈਂਦਾ ਹੈ, ਜਮਾਂ ਦੀ ਮਾਰ ਪਵਾਉਂਦਾ ਹੈ, ਨਰਕਾਂ ਵਿੱਚ ਸੁੱਟਦਾ ਹੈ, ਉਹ ਵਹੀ ਕੱਢ ਕੇ ਬੈਠਾ ਹੋਇਆ ਹੈ, ਉਸ ਦਾ ਇਹ ਲੇਖਾ ਗਿਣਤੀ ਤੋਂ ਬਾਹਰ ਹੈ। ਪਰ ਗੁਰੂ ਨਾਨਕ ਜੀ (ਤੇ ਸਾਰੇ ਸੰਤ ਗੁਰੂ ਤੇ ਭਗਤ) ਸੰਸਾਰ ਨੂੰ ਸਿੱਧੇ ਪਾਸੇ ਲਾਉਂਦੇ ਹਨ, ਅਤੇ ਪ੍ਰਮਾਤਮਾਂ ਵੱਲੋਂ ਦਿੱਤੀਆਂ ਸਾਰੀਆਂ (ਕਰੋੜਾਂ ਹੀ) ਸਜਾਵਾਂ ਮਾਫ ਕਰ ਦੇਂਦੇ ਹਨ। ਇਸ ਵਾਸਤੇ ਪ੍ਰਮਾਤਮਾਂ ਨੂੰ ਸੰਤਾਂ ਦੀ ਇਹ ਗੱਲ ਖਟਕਦੀ ਹੈ, ਤੇ ਕੁਛ ਥੋੜੀ ਜਿਹੀ ਭਾਉਂਦੀ ਵੀ ਨਹੀਂ ਹੈ। ਅਸਲ ਵਿੱਚ ਹਰੀ ਨੂੰ ਕੀ ਭਾਉਂਦਾ ਹੈ! ਬਾਣੀਂ ਅਗੇ ਦੱਸਦੀ ਹੈ,

ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ॥ ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ॥ ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ॥ ੨੧॥ ਮ: ੧

ਇਸ ਦੁਨੀਆਂ ਦਾ ਸੱਭ ਤੋਂ ਮਿੱਠਾ ਮੇਵਾ ਪੁੱਤਰ ਅਤੇ ਇਸਤਰੀ ਹਨ। ਅਸੀਂ ਇਹਨਾਂ ਨੂੰ ਪ੍ਰਮਾਤਮਾਂ ਦੀ ਦਾਤ ਕਹਿੰਦੇ ਹਾਂ, ਪ੍ਰਮਾਤਮਾਂ ਸਾਨੂੰ ਇਹਨਾਂ ਦਾਤਾਂ ਦੇ ਮੋਹ ਪਿਆਰ ਵਿੱਚ ਜਕੜ ਦੇਂਦਾ ਹੈ, ਅਤੇ ਫਿਰ ਸਾਨੂੰ ਤਕਲੀਫ ਦੇਣ ਵਾਸਤੇ ਸਾਨੂੰ ਇਹਨਾਂ ਤੋਂ ਵਿਛੋੜ ਦੇਂਦਾ ਹੈ। ਸਾਡੇ ਵੇਖਦਿਆਂ ਹੀ ਵੇਖਦਿਆਂ ਸਾਡੇ ਪਾਸੋਂ ਇਹਨਾਂ ਨੂੰ ਧੂਹ ਕੇ ਖੋਹ ਕੇ ਲੈ ਜਾਂਦਾ ਹੈ। ਜਿਉਂਦਿਆ ਵੀ ਤਰਾਂ ਤਰਾਂ ਦੁੱਖ ਅਤੇ ਮਰਨ ਤੋਂ ਬਾਦ, ਪ੍ਰਮਾਤਮਾਂ ਸਾਨੂੰ ਜਮਾਂ ਦੇ ਹਵਾਲੇ ਕਰ ਦੇਂਦਾ ਹੈ। ਨਾਨਕ ਹਰਿ ਭਾਇਆ ਹਰੀ ਨੂੰ ਤਾਂ ਇਸ ਤਰਾਂ ਭਾਉਂਦਾ ਹੈ। (ਇਹ ਤਾਂ ਬਹੁਤ ਛੋਟੀ ਜਿਹੀ ਮਿਸਾਲ ਹੈ)

ਪਰ ਗੁਰੂ ਨੂੰ ਕੁੱਛ ਪ੍ਰਮਾਤਮਾਂ ਦੇ ਉਲਟ ਭਾਉਂਦਾ ਹੈ। ਗੁਰੂ ਧੀਆਂ ਪੁਤਾਂ ਅਤੇ ਇਸਤਰੀ ਦੇ ਮੋਹ ਤੋਂ, ਸਾਨੂੰ ਜਿਉਂਦੇ ਜੀ ਵੀ ਆਜ਼ਾਦ ਕਰ ਦੇਂਦਾ ਹੈ, ਅਤੇ ਮਰਨ ਤੋਂ ਬਾਦ ਵੀ ਜਮਾਂ ਦੇ ਹਵਾਲੇ ਨਹੀਂ ਹੋਣ ਦੇਂਦਾ। ਉਹ ਉਸ ਮਹਾਂਬਲੀ ਪ੍ਰਮਾਤਮਾਂ ਦੇ ਪੰਜੇ ਵਿਚੋਂ ਛੁਡਾ ਲੈਂਦਾ ਹੈ, ਛਡਾਇ ਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ॥ ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ॥ ੧॥

ਸਤਿਗੁਰੂ ਦਾ ਦਰਜਾ ਪ੍ਰਮਾਤਮਾਂ ਤੋਂ ਵੱਡਾ ਹੁੰਦਾ ਹੈ, ਸਤਿਗੁਰੂ ਪ੍ਰਮਾਤਮਾਂ ਦੇ ਕੀਤੇ ਨੂੰ ਪਲਟ ਸੱਕਦਾ ਹੈ, ਪਰ ਪ੍ਰਮਾਤਮਾਂ ਸਤਿਗੁਰੂ ਦੇ ਕੀਤੇ ਨੂੰ ਕਦੇ ਵੀ ਪਲਟ ਨਹੀਂ ਸੱਕਦਾ। ਪਰ ਪ੍ਰਮਾਤਮਾਂ ਆਪਣੇਂ ਦੇਸ ਨੂੰ (ਸੰਸਾਰ ਨੂੰ) ਸੰਤਾਂ ਪਾਸੋਂ ਬਚਾਉਣ (ਵੱਸਦਾ ਰੱਖਣ) ਵਾਸਤੇ, ਹੱਥ ਪੈਰ ਜਰੂਰ ਮਾਰਦਾ ਰਹਿੰਦਾ ਹੈ। ਇਸੇ ਵਾਸਤੇ ਉਹ ਸੰਤਾਂ ਭਗਤਾਂ ਨੂੰ ਤਕਲੀਫਾਂ ਦੇਂਦਾ ਰਹਿੰਦਾ ਹੈ। ਸੰਤਾਂ ਨੂੰ ਤਕਲੀਫਾਂ ਵੀ ਉਹ (ਪ੍ਰਮਾਤਮਾਂ) ਸਾਡੇ ਪਾਸੋਂ ਹੀ ਦਿਵਾਉਂਦਾ ਹੈ, ਪਰ ਆਪਣਾਂ ਨਾਂ ਨਹੀਂ ਹੋਣ ਦੇਂਦਾ। (ਇਥੇ ਲੀਡਰ ਕੁਛ ਦਾ ਕੁੱਛ ਕਰੀ ਜਾਂਦੇ ਹਨ, ਪਰ ਇਲਜ਼ਾਮ ਤੋਂ ਸਾਫ ਬਰੀ ਹੋ ਜਾਂਦੇ ਹਨ। ਉਹ ਤਾਂ ਫਿਰ ਵੀ ਮਹਾਂਬਲੀ ਪ੍ਰਮਾਤਮਾਂ ਹੈ, ਉਸ ਨੂੰ ਕੌਣ ਪਕੜ ਸੱਕਦਾ ਹੈ)

ਜਦ ਗੁਰੂ ਨਾਨਕ ਦੇਵ ਜੀ, ਇਸ ਸੰਸਾਰ ਦੇ ਜੀਵਾਂ ਨੂੰ ਦੁਖੀ (ਨਾਨਕ ਦੁਖੀਆ ਸਭੁ ਸੰਸਾਰ) ਵੇਖ ਕੇ, ਤੇ ਜੀਵਾਂ ਨੂੰ ਦੁੱਖਾਂ ਤੋਂ ਆਜ਼ਾਦ ਕਰਵਾਉਣ ਵਾਸਤੇ, ਇਸ ਸੰਸਾਰ ਵਿੱਚ ਆਏ ਸਨ, ਤਾਂ ਪ੍ਰਮਾਤਮਾਂ ਨੇਂ ਉਸੇ ਦਿਨ ਤੋਂ ਹੀ, ਆਪਣੇਂ ਬਚਾਉ ਵਾਸਤੇ ਹੱਥ-ਪੈਰ ਮਾਰਨੇਂ ਸ਼ੁਰੂ ਕਰ ਦਿੱਤੇ ਸਨ। ਪ੍ਰਮਾਤਮਾਂ ਨੇਂ ਸੱਭ ਤੋਂ ਪਹਿਲੇ ਆਪਣੇਂ ਦੋ ਅਵਤਾਰਾਂ ਨੂੰ (ਗਦੀ ਹਥਿਆਣ ਵਾਸਤੇ ਕਹਿ ਲਵੋ, ਜਾਂ ਉਲਟ ਪ੍ਰਚਾਰ ਵਾਸਤੇ ਕਹਿ ਲਵੋ) ਗੁਰੂ ਨਾਨਕ ਦੇ ਘਰ ਪੁੱਤਰ ਬਨਾ ਕੇ ਭੇਜਿਆ ਸੀ। (ਕਈ ਵਿਦਵਾਨ ਵੀਰ, ਬਾਬੇ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਦਾ ਵੀ ਝਗੜਾ ਪਾਈ ਬੈਠੇ ਹਨ, ਉਹ ਵਿਦਵਾਨ ਵੀਰ, ਇਸ ਵਿੱਚ ਗੁਰੂ ਨਾਨਕ ਜੀ ਦੇ, ਕਈ ਤਰਾਂ ਦੇ ਦੋਸ਼ ਕੱਢਦੇ ਹਨ। ਪਰ ਇਹ ਤਾਂ ਪ੍ਰਮਾਤਮਾਂ ਦਾ ਛਲ ਸੀ, ਜਿਸਨੂੰ ਗੁਰੂ ਨਾਨਕ ਤੋਂ ਬਿਨਾਂ ਹੋਰ ਕੌਣ ਬੁੱਝ ਸੱਕਦਾ ਸੀ) ਪਰ ਗੁਰੂ ਨਾਨਕ ਜੀ ਦੇ ਸਾਹਮਣੇਂ ਪ੍ਰਮਾਤਮਾਂ ਦਾ ਇਹ ਛਲ ਕਾਮਯਾਬ ਨਾਂ ਹੋਇਆ, ਉਹਨਾਂ ਨੇਂ (ਗੁਰੂ ਜੀ ਨੇਂ) ਗੁਰ ਗੱਦੀ ਭਾਈ ਲਹਿਣਾਂ ਜੀ ਨੂੰ ਦੇ ਦਿੱਤੀ।

ਇਸ ਤੋਂ ਅੱਗੇ ਗੁਰ ਗੱਦੀ ਹਥਿਆਉਣ ਵਾਸਤੇ ਕੀ ਕੀ ਝਗੜੇ ਚੱਲੇ, ਜਾਂ ਗੁਰੂਆਂ ਨੂੰ ਕੀ ਕੀ ਤਕਲੀਫਾਂ ਆਈਆਂ, ਇਹ ਸੱਭ ਵਿਦਵਾਨ ਵੀਰ ਮੇਰੇ ਨਾਲੋਂ ਜਿਆਦਾ ਜਾਣਦੇ ਹਨ, ਅਤੇ ਬਹੁਤ ਕੁੱਝ ਲਿਖ ਚੁੱਕੇ ਹਨ। ਪਰ ਇਹਨਾਂ ਝਗੜਿਆ ਦਾ ਸੂਤਰ ਕਿਥੇ ਜੁੜਿਆ ਹੋਇਆ ਹੈ/ਸੀ, ਇਹ ਤਕਲੀਫਾਂ ਕਿਉਂ ਆਈਆਂ, ਅਤੇ ਪ੍ਰਮਾਤਮਾਂ ਇਹਨਾਂ ਦੀ ਮਦਦ ਤੇ ਕਿਉਂ ਨਹੀਂ ਆਇਆ, ਇਹ ਕੋਈ ਨਹੀਂ ਜਾਣਦਾ ਸੀ। (ਇਹ ਤਾਂ ਇਸ ਸਵਾਲ ਦੀ ਇੱਕ ਛੋਟੀ ਜਿਹੀ ਉਧਾਰਨ ਹੈ। ਪ੍ਰਮਾਤਮਾਂ ਬਾਰੇ ਜਾਂ ਅਜੇਹੇ ਰਾਜ਼ਾਂ ਬਾਰੇ, ਦਾਸ ਆਪਣੇਂ ਲੇਖਾਂ ਵਿੱਚ ਪਹਿਲੇ ਵੀ ਕਾਫੀ ਲਿਖ ਚੁਕਾ ਹੈ, ਅਤੇ ਜੇ ਵਕਤ ਮਿਲਿਆ ਤਾਂ ਹੋਰ ਵੀ ਬਹੁਤ ਕੁੱਝ ਲਿਖੇ ਗਾ)

ਕਿਸੇ ਵੀ ਮੁੱਦੇ ਤੇ ਜੇ ਦੋ ਧਿਰਾਂ ਇੱਕ ਦੂਸਰੇ ਦੇ ਉਲਟ ਹੋ ਜਾਣ, ਤਾਂ ਉਹਨਾਂ ਵਿੱਚ ਸਿਰਫ ਟਕਰਾ ਹੋਵੇ ਗਾ, ਕੋਈ ਮਦਦ ਨਹੀਂ ਕਰੇ ਗਾ, (ਚਲਦਾ)

ਬਲਦੇਵ ਸਿੰਘ “ਚਾਕਰ”
.